Sunday, December 20, 2009

ਪੰਜਾਬੀ ਭਾਈਚਾਰੇ ਵਿਚ ਲੜਕੀਆਂ ਦੀ ਵਧ ਰਹੀ ਭਰੂਣ ਹੱਤਿਆ-ਅਮਰਜੀਤ ਗਰੇਵਾਲ

ਜਦੋਂ ਚਰਨਜੀਤ ਨੇਂ ਮੈਨੂੰ ਪੰਜਾਬੀ ਭਾਈਚਾਰੇ ਵਿਚ ਲੜਕੀਆਂ ਦੀ ਵਧ ਰਹੀ ਭਰੂਣ ਹੱਤਿਆ ਬਾਰੇ ਪਰਚਾ ਲਿਖਣ ਲਈ ਕਿਹਾ,  ਤਾਂ ਮੈਨੂੰ ਆਪਣੇ ਦੋਹਤਰੇ 'ਅਬੀਰ'  ਦੇ ਜਨਮ ਵੇਲੇ ਹਰ ਪਾਸਿਓਂ ਮਿਲਣ ਵਾਲੀਆਂ ਵਧਾਈਆਂ, ਸਾਡੇ ਘਰ ਦੇ ਗੇਟ ਉਪਰ ਟੰਗੇ ਸ਼ਰੀਂਹ ਦੇ ਪੱਤੇ,  ਖੁਸਰਿਆਂ/ ਭੰਡਾਂ ਦੇ ਨਾਚ ਗਾਣੇ ਅਤੇ ਮੇਰੀ ਮਾਂ ਦਾ ਖਿੜਿਆ ਚਿਹਰਾ, ਉਹ ਸਭ ਕੁਝ ਯਾਦ ਆਇਆ ਜੋ ਉਸਦੀ ਮਾਂ 'ਰਚਨਾ' ਦੇ ਜੰਮਣ ਵੇਲੇ ਬਿਲਕੁਲ ਨਹੀਂ ਸੀ ਵਾਪਰਿਆ। ਗਿੱਧੇ ਦੀਆਂ ਬੋਲੀਆਂ ਵੀ ਯਾਦ ਆਈਆਂ:


ਜੇਕਰ ਜਨਮੀ ਧੀਅ ਵੇ ਬਾਬਲਾ/ ਸੋਚੀਂ ਪੈ ਗਏ ਜੀਅ ਵੇ ਬਾਬਲਾ।


ਜੇ ਘਰ ਜਨਮਿਆ ਪੁਤ ਵੇ ਬਾਬਲਾ/ ਠੇਕੇ ਬਹਿ ਕੇ ਬੁਕ ਵੇ ਬਾਬਲਾ।



ਇਹ ਸੋਚ ਕੇ ਡੁਬ ਮਰਨ ਵਾਲੀ ਗੱਲ ਵੀ ਹੋ ਗਈ ਕਿ ਸਾਡੇ ਕਈ ਪਰਿਵਾਰਾਂ ਵਿਚ, ਕਿਸੇ ਵੇਲੇ ਨਵ-ਜਨਮੀ ਲੜਕੀ ਨੂੰ ਮਾਰ ਕੇ ਦੱਬ ਦੇਣ ਦੀ ਪਰੰਪਰਾ ਵੀ ਰਹੀ ਹੈ।ਸਭਿਆਚਾਰਕ ਯਾਦ ਦੱਸਦੀ ਹੈ ਕਿ ਉਸ ਨੂੰ ਦੱਬਣ ਵੇਲੇ ਗੁੜ ਅਤੇ ਪੂਣੀ ਉਸ ਦੇ ਸਰਾਹਣੇ ਰੁੱਖ ਇਹ ਉਚਾਰਨ ਵਾਰ ਵਾਰ ਕੀਤਾ ਜਾਂਦਾ ਸੀ:


ਗੁੜ  ਖਾਈਂ ਪੂਣੀ ਕੱਤੀਂ/ ਆਪ ਨਾ ਆਈਂ ਵੀਰਾ ਘੱਤੀਂ।



ਕਨੇਡਾ ਵਿਚ ਰਹਿੰਦੇ ਪੰਜਾਬੀ ਲੇਖਕ ਅਜਮੇਰ ਰੋਡੇ ਨੇ ਇਸ ਸਮੱਸਿਆ ਬਾਰੇ ਇਕ ਨਾਟਕ 'ਨਿਰਲੱਜ' (੨੦੦੮) ਲਿਖਿਆ ਹੈ। ਉਸਦੇ ਆਪਣੇ ਸ਼ਬਦਾਂ ਵਿਚ, ਉਸਨੇ ਇਹ ਨਾਟਕ ਲਿੰਗ ਚੋਣ ਵਿਚ ਉਲਝੇ ਕਨੇਡਾ ਦੇ ਪੰਜਾਬੀ ਭਾਈਚਾਰੇ ਦੀ ਮਾਨਸਿਕ ਅਤੇ ਪਰਿਵਾਰਕ ਟੁਟ ਭੱਜ ਪੇਸ਼ ਕਰਨ ਲਈ ਲਿਖਿਆ ਹੈ।ਇਸ ਤੋਂ ਸਾਬਤ ਹੋ ਜਾਂਦਾ ਹੈ ਕਿ ਇਹ ਸਮੱਸਿਆ ਕੇਵਲ ਭਾਰਤੀ ਪੰਜਾਬ ਵਿਚ ਹੀ ਨਹੀਂ, ਕਨੇਡਾ ਵਿਚ ਵਸਦੇ ਪੰਜਾਬੀ ਭਾਈਚਾਰੇ ਤੱਕ ਵੀ ਫੈਲੀ ਹੋਈ ਹੈ।
ਇਸ ਨਾਟਕ ਦੀ ਭੂਮਿਕਾ (ਪਹਿਲੇ ਸ਼ਬਦ) ਵਿਚ ਲੇਖਕ ਦੁਆਰਾ ਕਨੇਡਾ ਦੀ ਜਨਸੰਖਿਆ ਸਬੰਧੀ ਪੇਸ਼ ਕੀਤੇ ਗਏ ਅੰਕੜੇ  ਇਹ ਸਾਬਤ ਕਰਦੇ ਹਨ ਕਿ ਲਿੰਗੀ ਅਸਮਾਨਤਾ ਦੀ ਇਹ ਸਮੱਸਿਆ ਕਨੇਡਾ ਦੀ ਸਮੱਸਿਆ ਨਹੀਂ, ਕੇਵਲ ਕਨੇਡਾ ਵਿਚ ਵਸਦੇ ਪੰਜਾਬੀ ਭਾਈਚਾਰੇ ਦੀ ਹੀ ਸਮੱਸਿਆ ਹੈ।ਇਸੇ ਤਰ੍ਹਾਂ ਭਾਰਤੀ ਰਾਜਾਂ ਵਿਚੋਂ ਵੀ ਇਹ ਸਮੱਸਿਆ ਪੰਜਾਬ ਵਿਚ ਹੀ ਵਧੇਰੇ ਗੰਭੀਰ ਹੈ, ਜਿਥੋਂ ਇਹ ਸਾਬਤ ਹੋ ਜਾਂਦਾ ਹੈ ਕਿ ਇਹ ਸਟੇਟ ਜਾਂ ਸਟੇਟ ਦੇ ਕਾਨੂੰਨ ਦੀ ਸਮੱਸਿਆ ਨਹੀਂ, ਸਮਾਜ-ਸਭਿਆਚਾਰਕ-ਰਾਜਨੀਤਕ ਸਮੱਸਿਆ ਹੈ।
ਕਿਉਂਕਿ ਪਾਕਿਸਤਾਨੀ ਪੰਜਾਬ ਅਤੇ ਕਨੇਡਾ ਵਿਚ ਵਸਦੇ ਪਾਕਿਸਤਾਨੀ ਪੰਜਾਬੀ ਭਾਈਚਾਰੇ ਵਿਚ ਵੀ ਲੜਕੀਆਂ ਦੀ ਭਰੂਣ ਹੱਤਿਆ ਦੀ ਕੋਈ ਸ਼ਿਕਾਇਤ ਨਹੀਂ, ਇਸ ਲਈ ਇਹ ਵੀ ਮੰਨਣਾ ਪਵੇਗਾ ਕਿ ਇਹ ਸਮੁਚੇ ਪੰਜਾਬੀ ਭਾਈਚਾਰੇ ਦੀ ਨਹੀਂ, ਹਿੰਦੂ ਸਿਖ ਭਾਈਚਾਰੇ ਦੀ ਹੀ ਸਮੱਸਿਆ ਹੈ। ਭਾਵੇਂ 'ਨਿਰਲੱਜ' ਦੇ ਪਾਠ ਬਾਅਦ ਤਾਂ ਇਹ ਵੀ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਜਿਵੇਂ ਅੱੱਜ ਕੱਲ੍ਹ ਤਾਂ ਇਹ ਕੇਵਲ ਜੱਟ-ਸਿਖ ਪੰਜਾਬੀ ਭਾਈਚਾਰੇ ਦੀ ਹੀ ਸਮੱਸਿਆ ਰਹਿ ਗਈ ਹੋਵੇ। ਮੈਂ ਨਹੀਂ ਕਹਿੰਦਾ ਕਿ ਇਹ ਕੇਵਲ ਜੱਟ-ਸਿਖ ਪੰਜਾਬੀ ਭਾਈਚਾਰੇ ਦੀ ਹੀ ਸਮੱਸਿਆ ਹੈ, ਕਈ ਹੋਰਨਾ ਪੰਜਾਬੀ ਅਤੇ ਗੈਰ-ਪੰਜਾਬੀ ਭਾਈਚਾਰਿਆ ਦੀ ਵੀ ਸਮੱਸਿਆ ਰਹੀ ਹੈ, ਹਾਲੇ ਵੀ ਹੋਵੇਗੀ। ਪਰ ਇਸ ਵਕਤ ਇਹ ਜੱਟ-ਸਿਖ ਪੰਜਾਬੀ ਭਾਈਚਾਰੇ ਦੀ ਅਤੀ ਗੰਭੀਰ ਸਮੱਸਿਆ ਹੈ, ਇਹ ਤਾਂ ਸਾਨੂੰ ਮੰਨਣਾ ਹੀ ਪਵੇਗਾ। ਅਸੀਂ ਦੁਨੀਆਂ ਦੇ ਸਭ ਤੋਂ ਵੱਡੇ ਕੁੜੀਮਾਰ ਸਾਬਤ ਹੋ ਚੁਕੇ ਹਾਂ- ਇਹ ਤਾਂ ਸਾਨੂੰ ਕਬੂਲਣਾ ਪੈਣਾ ਹੈ।
ਸ਼ੰਮੀ, ਇਸ ਨਾਟਕ ਦੀ ਨਾਇਕਾ, ਜੋ ਲਿੰਗ ਚੋਣ ਵਿਰੁਧ ਮੁਹਿੰਮ ਦਾ ਨਿਰਮਾਣ ਕਰਦੀ ਹੈ, ਪਹਿਲੇ ਅੰਕ ਦੇ ਪਹਿਲੇ ਦ੍ਰਿਸ਼ ਵਿਚ ਹੀ ਆਖਦੀ ਹੈ:


" ਸੋਫੀ: ਸ਼ੰਮੀ ਦੀਦੀ, ਤੁਸੀਂ ਕੈਲੇਫੋਰਨੀਆਂ ਹੌਲੀਡੇ ਕਰਨ ਚਲੇਨ ਐਂ? ਬਹੁਤ ਸਾਰੀਆਂ ਪਿਕਚਰਾਂ ਲਾਹ ਕੇ ਲਿਆਇਓ।


ਸ਼ੰਮੀ: ਨਹੀਂ, ਇਸ ਵਾਰ ਅਸੀਂ ਇਕ ਡਾਕਟਰ ਨੂੰ ਮਿਲਣ ਜਾਣਾ ਹੈ, ਜਿਹੜਾ ਬੱਚਿਆਂ ਦੇ ਲਿੰਗ ਟੈਸਟ ਕਰਦਾ। ਉਹ ਆਪਣੇ ਪੰਜਾਬੀ ਦੇ ਅਖਬਾਰਾਂ ਵਿਚ ਇਸ਼ਤਿਹਾਰ ਵੀ ਦਿੰਦਾ। ਵਾਪਸ ਆ ਕੇ ਲਿੰਗ  ਚੋਣ ਦੇ ਅਗੇਨਸਟ ਡੈਮਮਸਟਰੇਸ਼ਨਾਂ ਵੀ ਕਰਨੀਆਂ। ਤੂੰਹ ਵੀ ਤਿਆਰ ਰਹੀਂ। ਓ ਕੇ।"



ਲਿੰਗ ਟੈਸਟਾਂ ਬਾਰੇ, ਨਾਟਕ ਦੀ ਭੂਮਿਕਾ ਵਿਚ ਲੇਖਕ ਦਾ ਕਹਿਣਾ ਹੈ: " ਇਸ ਵਿਚ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਦੁਨੀਆਂ ਦਾ ਲਿੰਗ ਟੈਸਟ ਕਰਨ ਵਾਲਾ ਸਭ ਤੋਂ ਪਹਿਲਾ ਕਮਰਸ਼ਲ ਹਸਪਤਾਲ ੧੯੭੯ ਵਿਚ ਅੰਮ੍ਰਿਤਸਰ ਖੁੱਲਿਆ, ਜਿਸਦਾ ਪਹਿਲਾ ਇਸ਼ਤਿਹਾਰ "ਨਿਊ ਭੰਡਾਰੀ ਐਂਟੀ ਨੇਟਲ ਸੈਕਸ ਡਟਰਮੀਨੇਸ਼ਨ ਕਲਿਨਕ" ਨਾਮ ਹੇਠ ਕਈ ਅਖਬਾਰਾਂ ਵਿਚ ਛਪਿਆ। ਇਸ਼ਤਿਹਾਰ ਵਿਚ ਖੁਲ੍ਹਮ ਖੁੱਲਾ ਕੁੜੀਆਂ ਨੂੰ ਪਰਿਵਾਰ ਉਤੇ ਬੋਝ ਦੱਸਿਆ ਗਿਆ ਸੀ।"
ਇਹ ਮੈਂ ਇਸ ਲਈ ਕੋਟ ਕਰ ਰਿਹਾ ਹਾਂ ਤਾਂ ਜੋ ਇਹ ਸਪਸ਼ਟ ਕੀਤਾ ਜਾ ਸਕੇ ਕਿ ਸਟੇਟ, ਸਟੇਟ ਦੇ ਕਾਨੂੰਨ ਅਤੇ ਸਟੇਟ ਦੀਆਂ ਸੰਸਥਾਵਾਂ ਦੇ ਭਰੂਣ ਹੱਤਿਆ ਨਾਲ ਰਿਸ਼ਤੇ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਪਰ ਇਸਦੇ ਨਾਲ ਨਾਲ ਇਹ ਵੀ ਸਮਝਣਾ ਪਵੇਗਾ ਕਿ ਗਰਭਪਾਤ ਸਬੰਧੀ ਨਰਮ ਕਾਨੂੰਨ ਅਤੇ ਸੈਕਸ ਡਟਰਮੀਨੇਸਨ ਕਲਿਨਕਾਂ ਲਿੰਗੀ ਪੱਖਪਾਤ ਨੂੰ ਜਨਮ ਨਹੀਂ ਦਿੰਦੀਆਂ, ਲਿੰਗੀ ਪੱਖਪਾਤ ਨੂੰ ਭਰੂਣ ਹੱਤਿਆ ਵਿਚ ਟਰਾਂਸਲੇਟ ਕਰਦੀਆਂ ਹਨ। ਕਨੇਡਾ ਦੇ ਬੌਰਡਰ ਤੇ ਅਮਰੀਕਾ ਵਿਚ ਖੁੱਲੀ ਕਲਿਨਕ ਅਮਰੀਕਨਾਂ ਜਾਂ ਕਨੇਡੀਅਨਾਂ ਲਈ ਨਹੀਂ, ਅਮਰੀਕਾ ਜਾਂ ਕਨੇਡਾ ਦੇ ਉਸ ਜੱਟ-ਸਿਖ ਪੰਜਾਬੀ ਭਾਈਚਾਰੇ ਲਈ ਸੀ ਜਿਸ ਵਿਚ ਇਹ ਲਿੰਗੀ ਪੱਖਪਾਤ ਪਹਿਲਾਂ ਤੋਂ ਹੀ ਮੌਜੂਦ ਹੈ।
ਇਹ ਪ੍ਰਵਾਨ ਕਰ ਲੈਣ ਬਾਅਦ ਕਿ ਪੰਜਾਬੀ ਭਾਈਚਾਰਾ, ਖਾਸ ਕਰਕੇ ਜੱਟ ਸਿਖ ਭਾਈਚਾਰਾ, ਕੁੜੀਆਂ ਦਾ ਸੰਘਾਰ ਕਰਨ ਵਿਚ ਦੁਨੀਆਂ ਵਿਚ ਸਭ ਤੋਂ ਅੱਗੇ ਹੈ, ਇਸ ਸੁਆਲ ਦਾ ਸਾਹਮਣਾ ਤਾਂ ਕਰਨਾ ਹੀ ਪਵੇਗਾ ਕਿ ਜਦੋਂ ਸਿਖ ਪਰੰਪਰਾ ਅਤੇ ਗੁਰਬਾਣੀ ਵਿਚ ਔਰਤ ਨੂੰ ਮਰਦ ਦੇ ਬਰਾਬਰ ਸਥਾਨ ਦਿੱਤਾ ਗਿਆ ਹੈ ਅਤੇ ਰਹਿਤਨਾਮਿਆਂ ਵਿਚ ਵੀ ਕੁੜੀਮਾਰਾਂ ਨਾਲ ਵਰਤਣ ਦੀ ਪੂਰੀ ਮਨਾਹੀ ਕੀਤੀ ਗਈ ਹੈ ਤਾਂ ਫੇਰ ਅੱਜ ਦਾ ਪੰਜਾਬੀ ਸਿਖ/ ਪੰਜਾਬੀ ਜੱਟ-ਸਿਖ ਭਾਈਚਾਰਾ ਆਪਣੀਆਂ ਹੀ ਧੀਆਂ ਦਾ ਸਭ ਤੋਂ ਵੱਡਾ ਕਾਤਲ ਕਿਵੇਂ ਬਣਿਆ ਬੈਠਾ ਹੈ। ਪੰਜਾਬੀ ਸਿਖ ਜਾਂ ਪੰਜਾਬੀ ਜੱਟ ਸਿਖ ਸਬਦ ਮੈਂ ਇਸ ਲਈ ਵਰਤ ਰਿਹਾ ਹਾਂ ਕਿਉਂਕਿ ਇਹ ਦੁਖਾਂਤ ਕੇਵਲ ਪੰਜਾਬੀ ਮੂਲ ਦੇ ਸਿੱਖਾਂ/ ਜੱਟ-ਸਿੱਖਾਂ ਦਾ ਹੀ ਹੈ, ਗੋਰੇ ਸਿੱਖਾਂ ਜਾਂ ਦੱਖਣੀ ਸਿੱਖਾ ਵਰਗੇ ਗੈਰ ਪੰਜਾਬੀ ਮੂਲ ਦੇ ਸਿਖ ਭਾਈਚਾਰਿਆ ਦਾ ਨਹੀਂ।
ਇਸ ਲਈ ਇਹ ਓਨਾ ਸਿੱਖੀ ਦਾ ਮਸਲਾ ਨਹੀਂ, ਜਿੰਨਾ ਪੰਜਾਬੀ ਸਭਿਆਚਾਰ, ਖਾਸ ਕਰਕੇ ਪੰਜਾਬੀ ਜੱਟ ਸਿੱਖ ਸਭਿਆਚਾਰ ਦਾ ਮਸਲਾ ਹੈ।ਸਿੱਖੀ ਦਾ ਮਸਲਾ ਇਸ ਸੁਆਲ ਨਾਲ ਬਣ ਜਾਂਦਾ ਹੈ ਕਿ ਕੀ ਪੰਜਾਬੀ ਸਿੱਖ ਭਾਈਚਾਰੇ ਉਪਰ ਸਿੱਖ ਸਿਧਾਂਤਾਂ ਦਾ ਪ੍ਰਭਾਵ ਅਤੇ ਸਿੱਖ ਰਹਿਤਲ ਵਿਚੋਂ ਸਿਖੀ ਜੀਵਨ ਜਾਚ ਬਿਲਕੁਲ ਹੀ ਖਤਮ ਹੋ ਗਏ ਹਨ? ਕੀ ਸਿੱਖ ਭਾਈਚਾਰੇ ਨੇ, ਖਾਸ ਕਰਕੇ ਜੱਟ ਸਿੱਖ ਭਾਈਚਾਰੇ ਨੇ ਸਿੱਖ ਸਿਧਾਂਤਾਂ ਨਾਲੋਂ ਆਪਣਾ ਰਿਸ਼ਤਾ ਤੋੜ ਲਿਆ ਹੈ? ਜੇਕਰ ਤੋੜ ਲਿਆ ਹੈ, ਤਾਂ ਕਿਉਂ ਤੋੜ ਲਿਆ ਹੈ? ਕੀ ਅਸੀਂ ਸਿੱਖੀ ਨੂੰ ਆਪਣੀਆਂ ਵਿਅਕਤੀਗਤ ਲਾਲਸਾਵਾਂ ਮੁਤਾਬਕ ਤਰੋੜਨਾ ਮਰੋੜਨਾ ਤਾਂ ਸ਼ੁਰੂ ਨਹੀਂ ਕਰ ਲਿਆ?
ਇਸ ਸੁਆਲ ਨੂੰ ਦੋ ਦਸਤਾਵੇਜ਼ਾਂ ਦੇ ਪ੍ਰਸੰਗ ਵਿਚ ਰੱਖ ਕੇ ਦੇਖਣਾ ਹੋਵੇਗਾ। ਪਹਿਲੀ ਦਸਤਾਵੇਜ਼ ਹੈ, ਅਠਾਰਵੀਂ ਸਦੀ ਵਿਚ ੧੭੫੦ ਤੋਂ ੧੭੬੫ ਵਿਚਕਾਰ ਕਿਤੇ ਤਿਆਰ ਕੀਤਾ ਗਿਆ 'ਰਹਿਤਨਾਮਾ ਹਜ਼ੂਰੀ ਭਾਈ ਚਉਪਾ ਸਿੰਘ ਛਿਬਰ'। ਇਸ ਰਹਿਤਨਾਮੇ ਵਿਚ ਬੜੇ ਜ਼ੋਰਦਾਰ ਸ਼ਬਦਾਂ ਨਾਲ ਸਿੱਖਾਂ ਨੂੰ ਤਾੜਨਾ ਕੀਤੀ ਗਈ ਹੈ:


"ਜੋ ਗੁਰੂ ਕਾ ਸਿੱਖ ਹੋਇ ਸੋ ਕੰਨਿਆ ਨਾ ਮਾਰੇ। ਅਤੇ ਕੁੜੀ ਮਾਰ ਨਾਲ ਨਾ ਵਰਤੇ।"



ਦੂਸਰੀ ਦਸਤਾਵੇਜ਼ ਹੈ ਭਾਰਤ ਸਰਕਾਰ ਦੁਆਰਾ ਤਿਆਰ ਕੀਤੀ ਗਈ ਸਨ ੨੦੦੧ ਦੀ ਜਨਗਣਨਾ ਦਾ ਛੇਵਾਂ ਅਧਿਆਏ, 'ਭਾਰਤੀ ਜਨਸੰਖਿਆ ਦੀ ਲਿੰਗੀ ਬਣਤਰ'। ਸਾਡੀ ਦਿਲਚਸਪੀ ਇਸ ਦਸਤਾਵੇਜ਼ ਅੰਦਰ ਦਰਜ਼ ਉਸ ਸਾਰਣੀ ਵਿਚ ਹੈ ਜਿਸ ਅੰਦਰ ਭਾਰਤ ਦੇ ਵੱਖ ਵੱਖ ਸੂਬਿਆਂ ਦੇ ਛੇ ਸਾਲ ਤੱਕ ਦੇ ਬੱਚਿਆਂ ਦੀ ਲਿੰਗੀ ਅਨੁਪਾਤ ਦਿੱਤੀ ਗਈ ਹੈ। ਇਹ ਦੱਸਿਆ ਗਿਆ ਹੈ ਕਿ ਵੱਖ ਵੱਖ ਸੂਬਿਆਂ ਵਿਚ ਛੇ ਸਾਲ ਦੀ ਉਮਰ ਤੱਕ ਦੇ ਇਕ ਹਜ਼ਾਰ ਲੜਕਿਆਂ ਪਿਛੇ ਏਨੀ ਹੀ ਉਮਰ ਦੀਆਂ ਕਿੰਨੀਆਂ ਲੜਕੀਆਂ ਸਨ।
ਸੂਬਾ              ਲਿੰਗੀ ਅਨੁਪਾਤ (੧੯੯੧)               ਲਿੰਗੀ ਅਨੁਪਾਤ (੨੦੦੧)
ਪੰਜਾਬ                   ੮੭੫                                                           ੭੯੩
ਹਰਿਆਣਾ               ੮੭੯                                                        ੮੨੦
ਹਿਮਾਚਲ                ੯੫੧                                                         ੮੯੭
ਯੂ ਪੀ                     ੯੨੭                                                        ੯੧੬
ਬਿਹਾਰ                    ੯੫੩                                                        ੯੩੮
- - -
ਭਾਰਤ (ਔਸਤ)         ੯੪੫                                                        ੯੨੭


ਉਪ੍ਰੋਕਤ ਸਾਰਣੀ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਭਾਰਤ ਦੇ ਦੂਸਰੇ ਸੂਬਿਆਂ ਦੇ ਮੁਕਾਬਲੇ ਪੰਜਾਬ ਵਿਚ ਲੜਕੀਆਂ ਦੀ ਗਿਣਤੀ ਕੇਵਲ ਸਭ ਤੋਂ ਘੱਟ ਹੀ ਨਹੀਂ, ਘਟਣ ਦੀ ਦਰ ਵੀ ਸਭ ਤੋਂ ਵਧੇਰੇ ਹੈ। ਜਦੋਂ ਕਿ ਸਮੁਚੇ ਭਾਰਤ ਅੰਦਰ ਲੜਕੀਆਂ ਦੀ ਗਿਣਤੀ ਵਿਚ ੧.੫੩ ਪ੍ਰਤੀਸ਼ਤ ਦੀ ਗਿਰਾਵਟ ਦੇਖੀ ਗਈ, ਓਥੇ ਪੰਜਾਬ ਵਿਚ ਇਹ ਗਿਰਾਵਟ ੯.੩੭ ਪ੍ਰਤੀਸ਼ਤ ਰਹੀ। ਇਸੇ ਤਰ੍ਹਾਂ ਇਕ ਹੋਰ ਸਾਰਣੀ ਵਿਚ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਇਕ ਹਜ਼ਾਰ ਲੜਕਿਆਂ ਦੇ ਮੁਕਾਬਲੇ ਜਦੋਂ ਕਿ ਅਮਰੀਕਾ, ਰੂਸ, ਜਪਾਨ, ਚੀਨ, ਬੰਗਲਾਦੇਸ਼ ਅਤੇ ਪਾਕਿਸਤਾਨ ਲੜਕੀਆਂ ਦੀ ਗਿਣਤੀ ਕ੍ਰਮਵਾਰ ੧੦੨੯, ੧੧੪੦, ੧੦੪੧, ੯੪੪ ਅਤੇ੯੩੮ ਹੈ, ਤਾਂ ਪੰਜਾਬ ਵਿਚ ਲੜਕੀਆਂ ਦੀ ਏਨੀ ਘੱਟ ਗਿਣਤੀ (੭੯੩) ਦੇਖ ਕੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਕਿ ਅਸੀਂ ਦੁਨੀਆਂ ਦੇ ਸਭ ਤੋਂ ਵੱਡੇ ਕੁੜੀਮਾਰ ਹਾਂ।
ਗੁਰੂ ਸਾਹਿਬਾਨ ਦੀ ਸਿਖਿਆ ਅਤੇ ਪੰਥਕ/ ਇਤਿਹਾਸਕ ਰਵਾਇਤਾਂ ਦੇ ਵਿਪਰੀਤ ਗੁਰਾਂ ਦੇ ਨਾਮ ਤੇ ਜੀਣ ਵਾਲੇ ਪੰਜਾਬ ਵਿਚ ਲਿੰਗੀ ਪੱਖਪਾਤ ਦੀ ਇਹ ਇੰਤਹਾਅ ਪੰਜਾਬੀ ਸ਼ਾਇਰ ਜਸਵੰਤ ਜ਼ਫਰ ਦੇ ਸ਼ਬਦਾਂ ਵਿਚ ਸਾਨੂੰ ਇਹ ਸੋਚਣ ਲਈ ਮਜਬੂਰ ਕਰ ਦਿੰਦੀ ਹੈ ਕਿ " ਅਸੀਂ ਨਾਨਕ ਦੇ ਕੀ ਲਗਦੇ ਹਾਂ? "
ਅਸੀਂ ਇਹ ਵੀ ਨਹੀਂ ਆਖ ਸਕਦੇ ਕਿ ਸਿਖਿਆ ਜਾਂ ਪਰਚਾਰ ਦੀ ਕਮੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿਖ ਗੁਰਦੁਆਰਾ ਪਬੰਧਕ ਕਮੇਟੀ, ਸਿੰਘ ਸਭਾਵਾਂ, ਕੀਰਤਨੀ ਜਥਿਆਂ, ਕਥਾਕਾਰਾਂ, ਸਰਕਾਰੀ ਸੰਸਥਾਵਾਂ, ਸਮਾਜ-ਸਭਿਆਚਾਰਕ ਸੰਗਠਨਾਂ ਅਤੇ ਮੀਡੀਆ ਦੇ ਇਸ ਦਿਸ਼ਾ ਵਿਚ ਕੀਤੇ ਜਾ ਰਹੇ ਪਰਚਾਰ ਅਤੇ ਖਰਚਿਆਂ ਤੇ ਜ਼ਰਾ ਝਾਤ ਮਾਰ ਕੇ ਤਾਂ ਦੇਖੋ, ਤੁਸੀਂ ਹੈਰਾਨ ਰਹਿ ਜਾਵੋਗੇ। ਜਿਥੋਂ ਤੱਕ ਸਰਕਾਰੀ ਕਰੜਾਈ ਦਾ ਸੁਆਲ ਹੈ, ਇਹ ਵੀ ਲੋੜ ਅਨੁਸਾਰ ਵਧ ਹੀ ਰਹੀ ਹੈ।
ਦੂਸਰੇ ਪਾਸੇ ਵਿਦਵਾਨਾਂ ਅਤੇ ਖੋਜਾਰਥੀਆਂ ਦੁਆਰਾ ਕੀਤੇ ਗਏ ਅਧਿਐਨ ਇਹ ਦੱਸਦੇ ਹਨ ਕਿ ਅਸੀਂ ਲੋਕ ਆਪਣੇ ਭਾਈਚਾਰੇ ਅੰਦਰ ਕੁੜੀਆਂ ਦੀ ਘਟ ਰਹੀ ਗਿਣਤੀ ਦੇ ਦੁਰ-ਪ੍ਰਭਾਵਾਂ ਪ੍ਰਤੀ ਵੀ ਸੁਚੇਤ ਹਾਂ। ਪੰਜਾਬ ਵਿਚ ਮਾਦਾ ਭਰੂਣ ਹੱਤਿਆ ਦੇ ਸਮਾਜ-ਆਰਥਕ ਅਤੇ ਸਭਿਆਚਾਰਕ ਪਰਿਣਾਮਾਂ ਬਾਰੇ ਹੋਈ ਖੋਜ ਇਹ ਦੱਸਦੀ ਹੈ ਕਿ ਪੰਜਾਬ ਦੇ ਲੋਕ ਇਹ ਭਲੀਭਾਂਤ ਜਾਣਦੇ ਹਨ ਕਿ ਆਉਣ ਵਾਲੇ ਸਾਲਾਂ ਵਿਚ ਉਹਨਾ ਨੂੰ ਆਪਣੇ ਲੜਕਿਆਂ ਲਈ ਯੋਗ ਵਰ ਲੱਭਣੇ ਬਹੁਤ ਹੀ ਮੁਸ਼ਕਲ ਹੋ ਜਾਣਗੇ। ਕੁੜੀਆਂ ਦੀ ਇਕ ਕਿਸਮ ਦੀ ਬੋਲੀ ਲੱਗਿਆ ਕਰੇਗੀ।ਵੇਸ਼ਵਾਗਮਨ ਅਤੇ ਬਲਾਤਕਾਰ ਦੇ ਕੇਸਾਂ ਵਿਚ ਵਾਧਾ ਹੋਵੇਗਾ। ਲੋਕ ਬਾਹਰਲੇ ਸੂਬਿਆ ਵਿਚੋਂ ਲੜਕੀਆਂ ਖਰੀਦ ਕੇ ਲਿਆਇਆ ਕਰਨਗੇ। ਸਮਾਜ ਸਭਿਆਚਾਰਕ ਅਤੇ ਨੈਤਿਕ ਕਦਰਾਂ ਕੀਮਤਾਂ ਵਿਚ ਗਿਰਾਵਟ ਆਏਗੀ। ਮਨੁਖੀ ਵਸੀਲਿਆਂ ਦੇ ਵਿਕਾਸ ਉਪਰ ਉਲਟ ਪ੍ਰਭਾਵ ਪੈਣਗੇ।
ਪੰਜਾਬੀ ਲੋਕਾਂ ਨੂੰ ਪੰਜਾਬੀ ਸਮਾਜ ਉਪਰ ਪੈਣ ਵਾਲੇ ਇਹ ਦੁਰ-ਪ੍ਰਭਾਵ ਇਸ ਲਈ ਡਿਸਟਰਬ ਨਹੀਂ ਕਰਦੇ ਕਿਉਂਕਿ ਉਹਨਾ ਨੂੰ ਲਗਦਾ ਹੈ ਕਿ ਇਹ ਉਹਨਾ ਦੀਆਂ ਵਿਅਕਤੀਗਤ ਸਮੱਸਿਆਵਾਂ ਨਹੀਂ ਹਨ। ਸਾਂਝੀਆਂ ਸਮਾਜ-ਸੰਸਕ੍ਰਿਤਕ ਅਤੇ ਭਾਈਚਾਰਕ ਸਮੱਸਿਆਵਾਂ ਦਾ ਫਿਕਰ ਕਰਨਾ ਤਾਂ ਅਸੀਂ ਕਦੋਂ ਦੇ ਭੁੱਲ ਚੁੱਕੇ ਹਾਂ। ਦਰਅਸਲ ਪੰਜਾਬੀ ਸੰਸਕ੍ਰਿਤੀ ਅਤੇ ਪੰਜਾਬੀ ਭਾਈਚਾਰੇ ਵਰਗੀ ਕੋਈ ਚੀਜ਼ ਤਾਂ ਬਚੀ ਹੀ ਨਹੀਂ। ਆਪਣੀ ਜੱਟ ਹਉਮੈ ਦੀ ਬੱਲੇ ਬੱਲੇ ਦੇ ਗੀਤ ਗਾਉਣੇ ਅਤੇ ਵਿਆਹ ਸ਼ਾਦੀਆ ਤੇ ਆਪਣੇ ਖੋਖਲੇਪਣ ਦਾ ਖਰੂਦੀ ਪ੍ਰਗਟਾ ਕਰਨਾ ਕੋਈ ਸੰਸਕ੍ਰਿਤੀ ਨਹੀਂ, ਕੋਈ ਭਾਈਚਾਰਕਤਾ ਨਹੀਂ।ਪੰਜਾਬ ਸਰਕਾਰਾਂ ਨੂੰ ਤਾਂ ਹਾਲੇ ਤੱਕ ਇਹ ਵੀ ਸਮਝ ਨਹੀਂ ਪਈ ਕਿ ਇਨਫਰਾਸਟਰਕਚਰ ਕੇਵਲ ਫਿਜ਼ੀਕਲ ਇਨਫਰਾਸਟਰਕਚਰ ਹੀ ਨਹੀਂ ਹੁੰਦਾ। ਕਲਚਰਲ ਇਨਫਰਾਸਟਰਕਚਰ ਵੀ ਹੁੰਦਾ ਹੈ ਜੋ ਪਹਿਲੇ ਨਾਲੋਂ ਵਧੇਰੇ ਮਹੱਤਵਪੂਰਨ ਹੁੰਦਾ ਹੈ। ਕਲਚਰਲ ਕੈਪੀਟਲ ਅਸੀਂ ਗੁਆ ਚੁਕੇ ਹਾਂ, ਭਾਸ਼ਾ ਗੁਆ ਰਹੇ ਹਾਂ।
ਇਹ ਕਲਚਰਲ ਇਨਫਰਾਸਟਰਕਚਰ ਦੀ ਗੈਰਹਾਜ਼ਰੀ ਵਿਚ ਫਿਜ਼ੀਕਲ ਇਨਫਰਾਸਟਰਕਚਰ ਦਾ ਵਿਕਾਸ ਹੀ ਹੈ ਜੋ ਸਾਨੂੰ ਆਤਮਘਾਤ, ਭਰੂਣ ਹੱਤਿਆ, ਅਤੇ ਨਸ਼ਿਆਂ ਵੱਲ ਧਕੇਲ ਰਿਹਾ ਹੈ।ਕਹਿਣ ਤੋਂ ਭਾਵ ਹੈ ਕਿ ਜੇ ਅਸੀਂ ਮਾਦਾ ਭਰੂਣ ਹੱਤਿਆ ਰੋਕਣੀ ਹੈ, ਤਾਂ ਸਾਨੂੰ ਆਪਣੇ ਆਪ ਨੂੰ ਬਦਲਣਾ ਪਵੇਗਾ। ਆਪਣੇ ਸਵੈ ਨੂੰ ਬਦਲਨਾ ਹੋਵੇਗਾ। ਇਹ ਤਦ ਹੀ ਸੰਭਵ ਹੈ, ਜੇ ਅਸੀਂ ਉਹ ਕਥਾ ਕਹਾਣੀਆਂ ਅਤੇ ਸੋਚ ਵਿਚਾਰ ਬਦਲਾਂਗੇ, ਜੋ ਸਾਡੀ ਭਰੂਣ ਹੱਤਿਆ ਕਰਨ ਵਾਲੀ ਅਜੋਕੀ ਮਾਨਸਿਕਤਾ ਦਾ ਨਿਰਮਾਣ ਕਰਦੀ ਹੈ। ਪਰ ਇਹ ਕੰਮ ਓਨੀ ਦੇਰ ਤੱਕ ਸੰਭਵ ਨਹੀਂ, ਜਿੰਨੀ ਦੇਰ ਤੱਕ ਅਸੀਂ ਆਪਣੇ ਕਲਚਰਲ ਇਨਫਰਾਸਟਰਕਚਰ ਦਾ ਨਿਰਮਾਣ ਨਹੀਂ ਕਰਦੇ।
ਇਹ ਗੱਲ ਸਾਨੂੰ ਉਦੋਂ ਸਮਝ ਪਵੇਗੀ, ਜਦੋਂ ਅਸੀਂ ਇਹ ਜਾਨਣ ਦੀ ਕੋਸ਼ਿਸ਼ ਕਰਾਂਗੇ ਕਿ ਉਹ ਕਿਹੜੇ ਦਬਾਉ ਅਤੇ ਮਜਬੂਰੀਆਂ ਹਨ, ਜਿਹਨਾ ਕਾਰਨ ਅਸੀਂ ਆਪਣੀਆਂ ਹੀ ਧੀਆਂ ਦਾ ਲਗਾਤਾਰ ਕਤਲ ਕਰੀ ਜਾ ਰਹੇ ਹਾਂ।
ਆਮ ਲੋਕਾਂ ਨਾਲ ਗੱਲਬਾਤ ਕਰਿਆਂ ਪਤਾ ਚੱਲਦਾ ਹੈ ਕਿ ਸਭ ਤੋਂ ਵੱਡੀ ਮਜਬੂਰੀ ਹੈ ਦਾਜ ਦੀ, ਲੈਣ ਦੇਣ ਦੀ ਅਤੇ ਕੁੜੀਆਂ ਦੇ ਵਿਆਹਾਂ ਤੇ ਦਿਨੋ ਦਿਨ ਵਧ ਰਹੇ ਖਰਚਿਆਂ ਦੀ: "ਜੇਕਰ ਜ਼ਿੰਦਗੀ ਦੀ ਸਾਰੀ ਕਮਾਈ ਕੁੜੀਆਂ ਦੇ ਵਿਆਹਾਂ ਤੇ ਹੀ ਲੁਟਾ ਦੇਣੀ ਐ, ਤਾਂ ਫੇਰ ਕੀ ਪੁਤ ਪੋਤਿਆਂ ਨੂੰ ਗੁਰਦੁਆਰਿਆਂ ਵਿਚ ਵਿਠਾਵਾਂਗੇ?" ਲੋਕ ਸੁਆਲ ਕਰਦੇ ਹਨ। ਇਹ ਵੀ ਸੁਣਨ ਨੂੰ ਮਿਲਦਾ ਹੈ: "ਕੁੜੀ ਨੰਗੀ ਤਾਂ ਤੋਰ ਨਹੀਂ ਸਕਦੇ। ਜੇਕਰ ਬਰਾਤ ਦੀ ਸੇਵਾ ਨਾ ਕੀਤੀ, ਜੁਆਈ ਨੂੰ ਵਿੱਤ ਅਨੁਸਾਰ ਕਾਰ/ ਸਕੂਟਰ ਨਾ ਦਿੱਤਾ, ਸਹੁਰਿਆਂ ਦਾ ਘਰ ਨਾ ਭਰਿਆ, ਰਿਸ਼ਤੇਦਾਰਾਂ ਦੀ ਮਾਨਤਾ ਨਾ ਕੀਤੀ, ਗਾਉਣ ਵਾਲੇ ਨਾ ਬੁਲਾਏ, ਤਾਂ ਫੇਰ  ਭਾਈਚਾਰੇ ਸਾਹਮਣੇ ਕੀ ਮੂੰਹ ਲੈ ਕੇ ਜਾਵਾਂਗੇ। ਜੇਕਰ ਕੁੜੀ ਜੰਮੀ ਆ ਤਾਂ ਕੁੜੀ ਨੂੰ ਵਸਾਉਣ ਲਈ ਸਭ ਕੁਝ ਕਰਨਾ ਹੀ ਪੈਣੈ।" ਇਸ ਦਲੀਲ ਮੁਤਾਬਕ ਇਸ ਸੰਕਟ ਤੋਂ ਬਚਣ ਦਾ ਕੇਵਲ  ਇੱਕੋ ਇੱਕ ਰਸਤਾ ਹੈ ਕਿ ਕੁੜੀ ਨੂੰ ਜੰਮਣ ਤੋਂ ਹੀ ਰੋਕਿਆ ਜਾਵੇ। ਇਸੇ ਲਈ ਤਾਂ ਕਲਿਨਕਾਂ ਦੇ ਮਾਲਕ ਅਤੇ ਉਹਨਾ ਦੇ ਡਾਕਟਰ ਇਹ ਪ੍ਰਚਾਰ ਕਰਦੇ ਹਨ ਕਿ " ਬਾਅਦ ਵਿਚ ਕੁੜੀ ਦੇ ਵਿਆਹ ਤੇ ਵੀਹ ਲੱਖ ਕਰਚਣ ਨਾਲੋਂ ਤਾਂ ਹੁਣ ਇੱਕ ਹਜ਼ਾਰ ਖਰਚਣ ਵਿਚ ਹੀ ਭਲਾਈ ਹੈ।" ਉਹ ਇਹ ਵੀ ਆਖਦੇ ਨੇ ਕਿ "ਵਿਆਹ ਤੇ ਦਸ ਵੀਹ ਲੱਖ ਖਰਚ ਕਰਕੇ ਕਿਹੜਾ ਖਹਿੜਾ ਛੁਟ ਜਾਣੈ, ਸਾਰੀ ਉਮਰ ਦੇ ਖਰਚੇ ਨੇ। ਕੁੜੀ ਦਾ ਘਰ ਵਸਾਉਣ ਲਈ ਉਸ ਨੂੰ ਤਾਂ ਸਾਰੀ ਉਮਰ ਦੇਣਾ ਹੀ ਪੈਂਦੈ। ਵਿਆਹ ਹੀ ਕਿਉਂ, ਵਿਆਹ ਤੋਂ ਪਹਿਲਾਂ ਉਸ ਦੀ ਸਕਿਉਰਟੀ ਦੀ ਕਿਹੜਾ ਕੋਈ ਛੋਟੀ ਸਮੱਸਿਆ।"
"ਮੁੰਡੇ ਨੂੰ ਪੜ੍ਹਾਉਗੇ ਲਿਖਾਉਗੇ, ਪਾਲੋਗੇ  ਪੋਸੋਗੇ, ਇਹ ਤੁਹਾਡੀ ਇਨਵੈਸਟਮੈਂਟ ਆ। ਉਹ ਤੁਹਾਡਾ ਘਰ ਬਾਰ ਸੰਭਾਲੇਗਾ, ਤੁਹਾਡੀ ਕੁਲ ਨੂੰ ਅੱਗੇ ਤੋਰੇਗਾ, ਤੁਹਾਡੀ ਸੰਸਾਰ ਨਾਲ ਗੰਢ ਪਾਏਗਾ, ਬੁਢੇਪੇ ਵਿਚ ਤੁਹਾਡਾ ਆਸਰਾ ਬਣੇਗਾ, ਤੁਹਾਡੀ ਅਰਥੀ ਨੂੰ ਮੋਢਾ ਦੇਵੇਗਾ; ਤੁਸੀਂ ਆਪਣੇ ਬੇਟਿਆਂ ਤੇ ਖਰਚ ਕਰਕੇ ਆਪਣੇ ਭਵਿਖ ਨੂੰ ਹੀ ਸੁਰੱਖਿਅਤ ਕਰਦੇ ਹੋ। ਪਰ ਇਸ ਦੇ ਉਲਟ ਬੇਟੀ ਨੇ ਤਾਂ ਸਭ ਕੁਝ ਲੈ ਕੇ ਪਰਾਏ ਘਰ ਹੀ ਚਲੇ ਜਾਣਾ ਹੁੰਦਾ ਹੈ। ਕੁੜੀ ਨੂੰ ਡਾਕਟਰ, ਇੰਜੀਨੀਅਰ ਜਾਂ ਅਧਿਆਪਕ ਬਨਾਉਣ ਲਈ ਕਰਜ਼ੇ ਤਾਂ ਤੁਸੀਂ ਚੁੱਕੋਗੇ, ਪਰ ਆਪਣੀ ਕਮਾਈ ਨਾਲ ਉਹ ਘਰ ਆਪਣੇ ਸਹੁਰਿਆ ਦਾ ਹੀ ਭਰੇਗੀ।"
ਖੇਵਲ ਇਹ ਹੀ ਨਹੀਂ, ਇਸ ਤਰ੍ਹਾਂ ਦੀਆਂ ਅਣਗਿਣਤ ਕਥਾ, ਕਹਾਣੀਆਂ, ਕਹਾਵਤਾ, ਮਿੱਥਾਂ ਅਤੇ ਬੋਲੀਆਂ ਹਨ, ਜੋ ਸਾਡੇ ਭਾਈਚਾਰੇ ਵਿਚ ਲਗਾਤਾਰ ਸਰਕੂਲੇਟ ਹੋ ਕੇ ਸਾਡੀ ਮਾਨਸਿਕਤਾ ਦਾ ਨਿਰਮਾਣ ਕਰ ਰਹੀਆਂ ਹਨ। ਇਹ ਛੋਟੀਆਂ ਛੋਟੀਆਂ ਕਹਾਵਤਾਂ ਨਹੀਂ, ਪੰਜਾਬੀ ਸਭਿਆਚਾਰ ਦੇ ਨਿਰਮਾਣਕਾਰੀ ਬਿਰਤਾਂਤ ਹਨ ਜੋ ਉਸ ਦੀ ਮਾਨਸਿਕਤਾ ਨੂੰ ਸ਼ੇਪ ਕਰਦੇ ਹਨ। ਉਸਦੇ ਸਵੈ ਦਾ ਨਿਰਮਾਣ ਕਰਦੇ ਹਨ। ਪੰਜਾਬੀ ਬੰਦੇ ਦੀ ਉਸ ਮਾਨਸਿਕਤਾ ਨੂੰ ਘੜਦੀਆਂ ਹਨ, ਜੋ ਮਾਨਸਿਕਤਾ ਆਪਣੀ ਲੜਕੀ ਦੀ ਉਸਦੇ ਜਨਮ ਤੋਂ ਪਹਿਲਾਂ ਹੀ ਹੱਤਿਆ ਕਰ ਦਿੰਦੀ ਹੈ।
ਜੇਕਰ ਅਸੀਂ ਲੜਕੀ ਦੀ ਹੱਤਿਆ ਨੂੰ ਰੋਕਣਾ ਹੈ ਤਾਂ ਸਾਨੂੰ ਆਪਣੀ ਉਹ ਮਾਨਸਿਕਤਾ ਬਦਲਨੀ ਹੋਵੇਗੀ, ਜਿਹੜੀ ਮਾਨਸਿਕਤਾ ਆਪਣੀ ਧੀਅ ਧਿਆਣੀ ਦਾ ਕਤਲ ਕਰਕੇ ਆਖਦੀ ਹੈ: " ਗੁੜ ਖਾਈਂ, ਪੂਣੀ ਕੱਤੀਂ/ ਆਪ ਨਾ ਆਈਂ, ਵੀਰੇ ਨੂੰ ਘੱਤੀਂ।"
ਇਸ ਮਾਨਸਿਕਤਾ ਨੂੰ ਬਦਲਣ ਲਈ ਉਪ੍ਰੋਕਤ ਕਿਸਮ ਦੀਆਂ ਉਹ ਸਾਰੀਆਂ ਕਥਾ ਕਹਾਣੀਆਂ, ਕਹਾਵਤਾਂ, ਮਿੱਥਾਂ, ਮਨੌਤਾਂ, ਸੋਚਾਂ ਅਤੇ ਸਮਾਜ-ਸਭਿਆਚਾਰ ਪ੍ਰੈਕਟਸਾਂ ਬਦਲਨੀਆਂ ਪੈਣਗੀਆਂ, ਜੋ ਧੀਅ ਦਾ ਕਤਲ ਕਰਨ ਵਾਲੀ ਮਾਨਸਿਕਤਾ ਦਾ ਨਿਰਮਾਣ ਕਰਦੀਆਂ ਹਨ। ਇਹ ਸਭਿਆਚਾਰਕ ਪ੍ਰੈਕਟਿਸ, ਸਭਿਆਚਾਰਕ ਉਤਪਾਦਨ, ਸਭਿਆਚਾਰਕ ਖਪਤ, ਸਭਿਆਚਾਰਕ ਰੂਪਾਂਤਰਣ ਅਤੇ ਸਭਿਆਚਾਰਕ ਇੰਜੀਨੀਅਰਿੰਗ ਦਾ ਵਿਸ਼ਾ ਹੈ। ਪੰਜਾਬ ਦੇ ਸਮਕਾਲੀ ਸਭਿਆਚਾਰ ਦੀ ਡਾਈਨੇਮਿਕਸ ਦੇ ਅਧਿਐਨ ਦਾ ਵਿਸ਼ਾ ਹੈ। ਇਸ ਤੋਂ ਵੀ ਵੱਧ ਸਮਕਾਲੀ ਚਨੌਤੀਆ ਦਾ ਟਾਕਰਾ ਕਰਨ ਲਈ ਪੰਜਾਬੀ ਸਾਹਿਤ, ਕਲਾ ਅਤੇ ਸੰਸਕ੍ਰਿਤੀ ਦੀ ਸਿਰਜਣਾ ਦਾ ਮਸਲਾ ਹੈ। ਪੰਜਾਬੀ ਭਾਸ਼ਾ ਅਤੇ ਪੰਜਾਬੀ ਸੰਸਕ੍ਰਿਤੀ ਵਿਚ ਆਈ ਖੜੋਤ ਦਾ ਮਸਲਾ ਹੈ। ਪੰਜਾਬੀ ਸੋਚ ਵਿਚਾਰ ਅਤੇ ਅਕਾਦਮਿਕਤਾ ਉਪਰ ਅੰਗਰੇਜ਼ੀ ਜ਼ੁਬਾਨ ਦੀ ਹਕੂਮਤ ਕਾਰਨ ਸਾਨੂੰ ਆਪਣੇ ਆਪੇ ਦੇ ਭੁਲ ਜਾਣ ਦਾ ਮਸਲਾ ਹੈ। ਇਕੱਲੀ ਭਰੂਣ ਹੱਤਿਆ ਦੀ ਗੱਲ ਨਹੀਂ, ਪੰਜਾਬ ਦੀ ਕੋਈ ਵੀ ਸਮੱਸਿਆ, ਭਾਵੇਂ ਉਹ ਆਰਥਕ ਰਾਜਨੀਤਕ ਜਾਂ ਸੰਸਕ੍ਰਿਤਕ ਕੋਈ ਵੀ ਸਮੱਸਿਆ ਹੋਵੇ, ਓਨੀ ਦੇਰ ਤੱਕ ਹੱਲ ਨਹੀਂ ਹੋ ਸਕਦੀ, ਜਿੰਨੀ ਦੇਰ ਤੱਕ ਅਸੀਂ ਉਹਨਾ ਸਮੱਸਿਆਵਾ ਨੂੰ ਵਿਸ਼ਵ ਪੱਧਰ ਤੇ ਪੈਦਾ ਹੋ ਰਹੇ ਗਿਆਨ ਵਿਗਿਆਨ ਦੀ ਸਹਾਇਤਾ ਨਾਲ ਆਪਣੇ ਦਿਲ ਦਿਮਾਗ ਅਤੇ ਆਤਮਾਂ ਨਾਲ ਆਪਣੀ ਮਾਂ ਬੋਲੀ ਵਿਚ ਨਹੀਂ ਸੋਚਾਂਗੇ।



ਪੰਜਾਬ ਦੀਆਂ ਇਹਨਾ ਸਮੱਸਿਆਵਾਂ ਦੇ ਸਮਾਧਾਨ ਲਈ ਪੰਜਾਬ ਦੀਆਂ ਯੂਨੀਵਰਸਟੀਆ, ਖੋਜ ਸੰਸਥਾਵਾਂ ( ਜੇ ਕੋਈ ਹੈਨ ਤਾਂ) ਅਤੇ ਸਰਕਾਰੀ ਵਿਭਾਗਾਂ ਅੰਦਰ ਕੇਵਲ ਅੰਗਰੇਜ਼ੀ ਵਿਚ ਹੀ ਚੱਲ ਰਹੀਆਂ ਅਕਾਦਮਿਕ ਗਤੀ ਵਿਧੀਆਂ ਅਤੇ ਸੋਚ ਵਿਚਾਰਾਂ, ਵਿਦੇਸ਼ੀ ਗਿਆਨ ਦੀ ਇਮਪੋਰਟ ਕਰਕੇ ਕੇਵਲ ਨੌਕਰੀਆਂ ਅਤੇ ਗਰਾਂਟਾਂ ਖਾਣ ਦਾ ਹੀ ਮਸਲਾ ਹੈ। ਇਸ ਤੋਂ ਵੱਧ ਹੋਰ ਕੁਝ ਨਹੀਂ।ਜੇਕਰ ਅਸੀਂ ਆਪਣੀ ਭਾਸ਼ਾ ਵਿਚ ਸੋਚ ਨਹੀਂ ਸਕਦੇ, ਸੰਚਾਰ ਨਹੀਂ ਕਰ ਸਕਦੇ, ਆਪਣੇ ਲੋਕਾਂ ਦਾ ਭਲਾ ਕੀ ਸੁਆਹ ਕਰਾਂਗੇ।ਇਹ ਸਭ ਕੁਝ ਕਰਨ ਲਈ ਕਲਚਰਲ ਇਨਫਰਾਸਟਰਕਚਰ ਦੀ ਹੀ ਨਹੀਂ, ਕਲਚਰਲ ਮੂਵਮੈਂਟ ਦੀ ਲੋੜ ਹੈ। ਕਲਚਰਲ ਇਨਕਲਾਬ ਦੀ ਲੋੜ ਹੈ। ਦੁਨੀਆਂ ਵਿਚ ਪੈਦਾ ਹੋ ਰਿਹਾ ਗਿਆਨ ਵਿਗਿਆਨ ਕਿਸੇ ਵਿਅਕਤੀ, ਕੌਮ ਜਾਂ ਮੁਲਕ ਦੀ ਨਿੱਜੀ ਜਾਇਦਾਦ ਨਹੀਂ। ਦੁਨੀਆਂ ਦੀ ਸਾਂਝੀ ਵਿਰਾਸਤ ਹੈ। ਅੰਗਰੇਜ਼ੀ ਪੰਜਾਬੀ ਦਾ ਇਸ ਉਪਰ ਬਰਾਬਰ ਅਧਿਕਾਰ ਹੈ। ਇਸ ਲਈ ਜਿੰਨੀ ਦੇਰ ਤੱਕ ਅਸੀਂ ਇਸ ਗਿਆਨ ਵਿਗਿਆਨ ਨੂੰ, ਆਪਣੀਆਂ ਸਮੱਸਿਆਵਾ/ਚੁਨੌਤੀਆਂ ਦੇ ਸਮਾਧਾਨ ਲਈ,  ਆਪਣੇ ਆਰਥਕ-ਰਾਜਨੀਤਕ-ਸੰਸਕ੍ਰਿਤਕ ਪਰਿਪੇਖ ਵਿਚ ਰੱਖ ਕੇ, ਆਪਣੀ ਮਾਤ ਭਾਸ਼ਾ ਵਿਚ ਨਹੀਂ ਵਿਚਾਰਾਂਗੇ, ਓਨੀ ਦੇਰ ਤੱਕ ਅਸੀਂ ਕੇਵਲ ਅਕਾਦਮਿਕਤਾ ਦਾ ਡਰਾਮਾ ਹੀ ਕਰ ਰਹੇ ਹੋਵਾਂਗੇ। ਸਭ ਕੁਝ ਉਸੇ ਤਰ੍ਹਾਂ ਚਲਦਾ ਰਹੇਗਾ। ਕਿਸਾਨ ਖੁਦਕਸ਼ੀਆਂ ਕਰਦੇ ਰਹਿਣਗੇ, ਧੀਆਂ ਮਾਵਾਂ ਦੇ ਪੇਟ ਵਿਚ ਮਰਦੀਆਂ ਰਹਿਣਗੀਆਂ, ਨੌਜੁਆਨ ਨਸ਼ਿਆਂ ਵਿਚ ਗਰਕਦੇ ਰਹਿਣਗੇ ਅਤੇ ਸਾਨੂੰ ਆਪਣੇ ਗਰੇਡਾਂ, ਤਰੱਕੀਆਂ ਆਦਿ ਦਾ ਫਿਕਰ ਸਤਾਉਂਦਾ ਰਹੇਗਾ।



ਇਕ ਹੋਰ ਵੀ ਸੁਆਲ ਹੈ ਕਿ ਅਸੀਂ ਕਥਾ ਕਹਾਣੀਆਂ ਦੇ ਮਗਰ ਤਾਂ ਲੱਗ ਗਏ, ਪਰ ਗੁਰੂ ਦੀ ਸਿਖਿਆ ਮਗਰ ਨਹੀਂ ਲੱਗੇ, ਅਜੇਹਾ ਕਿਉਂ? ਜਿਵੇਂ ਕਿ ਆਪਾਂ ਪਹਿਲਾਂ ਦੇਖ ਆਏ ਹਾਂ, ਅੱਜ ਗੁਰੂ ਦਾ ਪਰਚਾਰ ਸਿਖਰ ਤੇ ਹੈ। ਜੇ ਗੁਰੂ ਦਾ ਪਰਚਾਰ ਸਿਖਰ ਤੇ ਹੈ ਤਾਂ ਸਾਡੀ ਬਿਮਾਰੀ ਵੀ ਸਿਖਰ ਤੇ ਹੀ ਹੈ।


ਸਾਡੇ ਤੇ ਗੁਰੂ ਦੀ ਸਿਖਿਆ ਦਾ ਅਸਰ ਕਿਉਂ ਨਹੀਂ ਹੋ ਰਿਹਾ?

ਲੜਕੇ ਦੀ ਤਾਂਘ ਪੂਰੀ ਕਰਨ ਲਈ ਕੇਵਲ ਟੂਣੇ ਟਾਮਣਾਂ ਅਤੇ ਬ੍ਰਾਹਮਣਾਂ ਪਿਛੇ ਹੀ ਨਹੀਂ ਲੱਗੇ ਫਿਰਦੇ, ਗੁਰੂ ਗ੍ਰੰਥ ਸਾਹਿਬ ਦੇ ਪਾਠ ਨੂੰ ਵੀ ਆਪਣੀਆਂ ਅਜੇਹੀਆਂ ਖਾਹਿਸ਼ਾਂ ਦੀ ਪੂਰਤੀ ਲਈ ਟੂਣੇ ਟਾਮਣਾਂ ਵਾਗ ਹੀ ਉਪਯੋਗ ਕਰਨਾ ਸ਼ੁਰੂ ਕਰ ਦਿੱਤਾ ਹੈ।
ਅਜਮੇਰ ਰੋਡੇ ਦੇ ਨਾਟਕ ਨਿਰਲੱਜ ਵਿਚ ਜਦੋਂ ਹੈਰੀ ਨੂੰ ਪਤਾ ਚੱਲਦਾ ਹੈ ਕਿ ਉਸਦੀ ਪਤਨੀ ਦੇ ਪੇਟ ਵਿਚ ਲੜਕੀ ਹੈ, ਲੜਕਾ ਨਹੀਂ, ਤਾਂ ਉਹ ਤਵੀਤ ਵਾਲੀ ਡੱਬੀ ਪੰਡਿਤ ਵੱਲ ਵਗਾਹ ਮਾਰਦਾ ਹੈ ਅਤੇ ਕਹਿੰਦਾ ਹੈ ਕਿ ਉਹ ਮੁੰਡੇ ਦੇ ਝੂਠੇ ਸੁਪਨੇ ਦਿਖਾ ਕੇ ਲੋਕਾਂ ਨਾਲ ਠੱਗੀਆਂ ਮਾਰ ਰਿਹਾ ਹੈ। ਪੰਡਿਤ ਇਸਦੇ ਜੁਆਬ ਵਿਚਕਹਿੰਦਾ ਹੈ; " ਅਰੇ ਭਈ ਹਰਦੇਵ ਸਿੰਘ ਮੈਂ ਤੋ ਲੋਗੋਂ ਸੇ ਠੱਗੀ ਮਾਰਤਾ ਹੂੰ, ਆਪ ਤੋ ਭਗਵਾਨ ਸੇ ਹੀ ਠੱਗੀ ਮਾਰੇ ਜਾ ਰਹੇ ਹੋ। ਯੇ ਹਜ਼ਾਰ ਡਾਲਰ ਮੁਝੇ ਆਪ ਨੇ ਕੌਨ ਸਾ ਪੁੰਨ ਕਰਨੇ ਕੇ ਲੀਏ ਦੀਆ ਥਾ? ਯੇ ਭਗਵਾਨ ਸੇ ਹੇਰਾ ਫੇਰੀ ਕਰਨੇ ਕੇ ਲੀਏ ਹੀ ਤੋ ਦੀਆ ਥਾ।"
ਅਠਾਰਵੀਂ ਸਦੀ ਵਿਚ ਜਦੋਂ ਰਹਿਤਨਾਮੇ ਲਿਖੇ ਗਏ, ਉਦੋਂ ਕੁੜੀਆਂ ਨੂੰ ਮਾਰਨ ਦੇ ਹੋਰ ਕਾਰਨ ਸਨ, ਅੱਜ ਹੋਰ ਕਾਰਨ ਹਨ। ਉਦੋਂ ਕੁੜੀਆਂ ਨੂੰ ਇਕ ਹੋਰ ਕਿਸਮ ਦੀ ਮਾਨਸਿਕਤਾ (ਬਿਮਾਰੀ) ਮਾਰ ਰਹੀ ਸੀ, ਅੱਜ ਹੋਰ ਕਿਸਮ ਦੀ ਮਾਨਸਿਕਤਾ (ਬਿਮਾਰੀ) ਮਾਰ ਰਹੀ ਹੈ। ਬਿਮਾਰੀ ਬਦਲ ਗਈ ਹੈ, ਪਰ ਇਲਾਜ ਨਹੀਂ ਬਦਲਿਆ। ਅਸੀਂ ਉਸੇ ਬਿਮਾਰੀ ਦਾ ਇਲਾਜ ਕਰੀ ਜਾ ਰਹੇ ਹਾਂ, ਜੋ ਬਿਮਾਰੀ ਅੱਜ ਹੈ ਹੀ ਨਹੀਂ। ਜੋ ਬਿਮਾਰੀ ਹੈ, ਉਸ ਬਿਮਾਰੀ ਦੀ ਤਾਂ ਹਾਲੇ ਅਸੀਂ ਪਹਿਚਾਣ ਵੀ ਨਹੀਂ ਕੀਤੀ।
ਸਨ ੧੮੫੨ ਵਿਚ ਅੰਗਰੇਜ਼ ਸਰਕਾਰ ਨੇ ਗੁਰਦਾਸਪੁਰ ਜਿਲ੍ਹੇ ਦੇ ਡੇਰਾ ਬਾਬਾ ਨਾਨਕ ਇਲਾਕੇ ਦਾ ਸਰਵੇਖਣ ਕਰਵਾ ਕੇ ਦੇਖਿਆਂ ਕਿ ਬੇਦੀਆਂ ਦੇ ਗੜ੍ਹ ਮੰਨੇ ਜਾਣ ਵਾਲੇ ਇਸ ਇਲਾਕੇ ਵਿਚ ਬੇਦੀ ਪਰਿਵਾਰਾਂ ਅੰਦਰ ਪੈਦਾ ਹੋਣ ਵਾਲੇ ੪੫੦ ਲੜਕਿਆਂ ਦੇ ਮੁਕਾਬਲੇ ਕੇਵਲ ੬੧ ਲੜਕੀਆਂ ਹੀ ਬਚੀਆਂ ਸਨ। ਐਮ ਐਨ ਦਾਸ ਦੇ ਕੁੜੀਆਂ ਨੂੰ ਜੰਮਦੇ ਸਾਰ ਹੀ ਮਾਰ ਦੇਣ ਬਾਰੇ ਕੀਤੇ ਗਏ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਅੰਗਰੇਜ਼ੀ ਰਾਜ ਤੋਂ ਪਹਿਲਾਂ, ਅਠਾਰਵੀਂ ਅਤੇ ਉਨੀਵੀਂ ਸਦੀ ਦੇ ਪੰਜਾਬ ਵਿਚ ਜੰਮਦੀਆਂ ਲੜਕੀਆਂ ਦੀਆਂ ਹੱਤਿਆਵਾਂ ਦਾ ਇਹ ਰੁਝਾਨ ਕੇਵਲ ਬਹੁਤ ਹੀ ਉੱਚੇ ਰੁਤਬੇ ਵਾਲੇ ਹੁਸ਼ਿਆਰਪੁਰ ਦੇ ਬੇਦੀਆਂ, ਫੀਰੋਜ਼ਪੁਰ ਦੇ ਬਰਾੜ ਜੱਟਾਂ, ਗੁੱਜਰਾਂਵਾਲਾ ਦੇ ਖੱਤਰੀਆਂ ਅਤੇ ਸ਼ਾਹਪੁਰ ਦੇ ਸੋਢੀਆਂ ਵਿਚ ਹੀ ਪਾਇਆ ਜਾਂਦਾ ਸੀ ਜੋ ਆਪਣੇ ਤੋਂ ਛੋਟੇ ਰੁਤਬੇ ਵਾਲੀਆਂ ਬਿਰਾਦਰੀਆਂ ਵਿਚ ਆਪਣੀਆਂ ਕੁੜੀਆਂ ਵਿਆਹੁਣਾ ਬਹੁਤ ਵੱਡੀ ਹੇਠੀ ਸਮਝਦੇ ਸਨ। ਨਾਲੇ ਫੇਰ ਬੇਦੀ ਉਸ ਸਮੇ ਆਪਣੇ ਆਪ ਨੂੰ ਸਿੱਖਾਂ ਦੇ ਗੁਰੂ ਸਮਝਦੇ ਸਨ, ਇਸ ਲਈ ਉਹਨਾ ਦਾ ਕਹਿਣਾ ਸੀ ਕਿ ਗੁਰੂ ਆਪਣੀਆਂ ਲੜਕੀਆਂ ਨੂੰ ਆਪਣੇ ਸੇਵਕਾਂ ਦੇ ਘਰੇ ਕਿਵੇਂ ਵਿਆਹ ਸਕਦੇ ਸਨ। ਇਸ ਸਮੱਸਿਆ ਦੇ ਹੱਲ ਲਈ, ਇਹਨਾ ਸਰਵਸ੍ਰੇਸ਼ਟ ਰੁਤਬੇ ਵਾਲੇ ਸਿੱਖਾਂ ਨੇ ਰਾਜਪੂਤ ਰਜਵਾੜਿਆਂ ਦੀ ਨਕਲੇ ਆਪਣੀਆਂ ਧੀਆਂ ਨੂੰ ਵੀ ਜੰਮਦਿਆਂ ਹੀ ਮਰਵਾਉਣਾ ਸ਼ੁਰੂ ਕਰ ਦਿੱਤਾ ਸੀ।
ਆਪਣੀਆਂ ਲੜਕੀਆਂ ਨੂੰ ਆਪਣੇ ਤੋਂ ਛੋਟੇ ਰੁਤਬੇ ਵਾਲੇ ਘਰਾਂ ਵਿਚ ਵਿਆਹ ਕੇ ਆਪਣੀ ਚੌਧਰ ਅਤੇ ਰੁਤਬੇ ਨੂੰ ਦਾਅ ਤੇ ਲਗਾਉਣ ਨਾਲੋਂ ਉਹਨਾ ਨੂੰ ਜਨਮ ਲੈਂਦਿਆਂ ਹੀ ਮਾਰ ਦੇਣਾ ਉਹਨਾ ਨੂੰ ਇਸ ਲਈ ਜਾਇਜ਼ ਲਗਦਾ ਸੀ ਕਿਉਂਕਿ ਉਸ ਜਗੀਰੂ ਮਹੌਲ ਵਿਚ ਬਿਰਾਦਰੀ, ਚੌਧਰ ਅਤੇ ਰੁਤਬਾ ਹੀ ਪ੍ਰਮੁਖ ਕਦਰਾਂ ਕੀਮਤਾਂ ਸਨ।
ਸਨ ੧੮੪੯ ਵਿਚ ਜਦੋਂ ਅੰਗਰੇਜ਼ ਆਏ ਤਾਂ ਉਹ ਆਧੁਨਿਕਤਾਵਾਦ ਦੀ ਵਿਚਾਰਧਾਰਾ ਅਤੇ ਰਾਜਨੀਤੀ ਵੀ ਨਾਲ ਹੀ ਲੈ ਕੇ ਆਏ। ਸਿੰਘ ਸਭਾ ਲਹਿਰ ਨੇ ਜਦੋਂ ਸਮਾਜਕ ਬਰਾਬਰੀ ਅਤੇ ਨਿਆਂ ਵਰਗੇ ਗੁਰਮਤਿ ਸਿਧਾਂਤਾਂ ਨੂੰ ਆਧੁਨਿਕਤਾਵਾਦੀ ਪ੍ਰਵਚਨਾਂ ਵਿਚ ਅਨੁਵਾਦ ਕਰਨਾ ਸ਼ੁਰੂ ਕੀਤਾ ਤਾਂ ਪੰਜਾਬ ਵਿਚ ਸਤੀ ਦੀ ਰਸਮ ਅਤੇ ਕੁੜੀਆਂ ਮਾਰਨ ਦੀ ਪ੍ਰੰਪਰਾ ਇਸਦਾ ਪਹਿਲਾ ਨਿਸ਼ਾਨਾ ਬਣੀ। ਨਤੀਜਾ ਇਹ ਹੋਇਆ ਕਿ ਸਨ ੧੯੦੧ ਤੋਂ ੧੯੯੧ ਤੱਕ, ਜਦੋਂ ਕਿ ਸਮੁੱਚੇ ਭਾਰਤ ਵਿਚ ਔਰਤਾਂ ਦੀ ਗਿਣਤੀ ੪.੭ ਪ੍ਰਤੀਸ਼ਤ ਘਟੀ, ਓਥੇ ਪੰਜਾਬ (ਕੇਰਲ ਵੀ) ਹੀ ਇਕ ਅਜੇਹਾ ਰਾਜ ਸੀ, ਜਿਥੇ ਔਰਤਾਂ ਦੀ ਗਿਣਤੀ ਵਿਚ ੧੪.੮ ਪ੍ਰਤੀਸ਼ਤ ਦਾ ਵਾਧਾ ਹੋਇਆ।
ਕਿਉਂਕਿ ਆਧੁਨਿਕਤਾਵਾਦੀ ਨਵ-ਜਾਗ੍ਰਿਤੀ ਦੀ ਇਹ ਲਹਿਰ ਸਿਖ ਸਿਧਾਂਤਾਂ ਦੇ ਨਾਲ ਨਾਲ ਅੰਗਰੇਜ਼ੀ ਹਕੂਮਤ, ਅੰਗਰੇਜ਼ੀ ਜ਼ੁਬਾਨ ਅਤੇ ਅੰਗਰੇਜ਼ੀ ਵਿਦਿਅਕ ਪ੍ਰਬੰਧ ਰਾਹੀਂ ਵਿਅਕਤੀਗਤ ਆਜ਼ਾਦੀ ਅਤੇ ਵਿਅਕਤੀਗਤ ਪ੍ਰਾਪਤੀਆਂ ਦੀ ਉਦਾਰਵਾਦੀ ਲਹਿਰ ਨਾਲ ਵੀ ਜੁੜੀ ਹੋਈ ਸੀ, ਜਿਸ ਨੇ ਪੰਜਾਬੀ ਸਿਖ ਮਨ ਨੂੰ ਇਕ ਅਸਲੋਂ ਹੀ ਨਵੀਂ ਕਿਸਮ ਦੀ ਜੈਂਡਰ ਬਾਇਸ (ਲਿੰਗੀ ਪੱਖਪਾਤ) ਨਾਲ ਭਰ ਦਿੱਤਾ।
ਇਹ ਲਿੰਗੀ ਪੱਖਪਾਤ ਸੀ, ਆਧੁਨਿਕਤਾਵਾਦ ਦਾ ਮਰਦ ਅਤੇ ਔਰਤ ਨੂੰ ਦੋ ਵੱਖੋ ਵੱਖਰੀਆਂ ਸਥਿਰ, ਸਥਾਈ, ਸੁਭਾਵਕ ਅਤੇ ਸਦੀਵੀ ਇਕਾਈਆਂ ਮੰਨ ਕੇ ਉਹਨ ਨੂੰ ਵਿਰੋਧੀ ਕਦਰਾਂ ਕੀਮਤਾਂ ਨਾਲ ਜੋੜਨਾ। ਜਿਵੇਂ ਕਿ ਔਰਤ ਨੂੰ ਪੈਦਾਵਾਰੀ ਕੰਮ ਦੀ ਥਾਂ ਘਰੇਲੂ ਕਾਰ ਵਿਹਾਰ ਨਾਲ ਜੋੜ ਕੇ ਪਰੋਡਿਊਸਰ ਦੀ ਥਾਂ ਕੰਜ਼ਿਊਮਰ ਬਣਾ ਦੇਣਾ। ਇਸੇ ਤਰ੍ਹਾਂ ਔਰਤ ਨੂੰ ਬਰੇਨ ਦੀ ਥਾਂ ਬਿਊਟੀ, ਮਾਈਂਡ ਦੀ ਥਾਂ ਬੌਡੀ, ਪਰੋਡਕਸ਼ਨ ਦੀ ਥਾਂ ਰੀਪਰੋਡਕਸ਼ਨ, ਮੰਡੀ ਦੀ ਥਾਂ ਮੰਮਤਾ ਅਤੇ ਤਰਕਸ਼ੀਲ ਸੋਚ ਦੀ ਥਾਂ ਭਾਵੁਕਤਾ ਨਾਲ ਜੋੜ ਕੇ ਉਸ ਨੂੰ ਆਪਣੇ ਉਪਰ ਨਿਰਭਰ ਬਣਾ ਲੈਣਾ।
ਆਪਣੀ ਬਸਤੀਵਾਦੀ ਹਕੂਮਤ ਨੂੰ ਪੱਕਿਆਂ ਕਰਨ ਲਈ ਬਰਤਾਨਵੀ ਸਾਮਰਾਜ ਨੇ ਭਾਰਤ ਦੀ ਸਮੁੱਚੀ ਆਰਥਕ ਅਤੇ ਰਾਜਨੀਤਕ ਵਿਵਸਥਾ ਨੂੰ ਤਾਂ ਇੱਕ ਆਧੁਨਿਕ ਕਿਸਮ ਦੇ ਸਰਬਸਾਂਝੇ ਕਾਨੂੰਨ ਅਧੀਨ ਲੈ ਆਂਦਾ, ਪਰ ਪਰਿਵਾਰ ਨੂੰ ਇਸ ਸਰਬਸਾਂਝੇ ਕਾਨੂੰਨ ਤੋਂ ਬਾਹਰ ਹੀ ਰੱਖਿਆ। ਪਰਿਵਾਰ ਨਾਲ ਸਬੰਧਤ ਸ਼ਾਦੀ, ਤਲਾਕ, ਵਿਰਾਸਤ, ਹੱਕ ਜਾਨਸ਼ੀਨੀ, ਜਾਇਦਾਦ ਦੀ ਵੰਡ ਆਦਿ ਦੇ ਆਪੋ ਆਪਣੇ ਕਾਨੂੰਨ ਬਨਾਉਣ ਲਈ ਧਾਰਮਿਕ ਫਿਰਕਿਆਂ ਨੂੰ ਆਜ਼ਾਦ ਕਰ ਦਿੱਤਾ ਗਿਆ, ਤਾਂ ਜੋ ਹਿੰਦੂ, ਮੁਸਲਮਾਨ, ਇਸਾਈ ਆਦਿ ਫਿਰਕੇ ਆਪੋ ਆਪਣੀਆਂ ਰਵਾਇਤਾਂ ਅਨੁਸਾਰ ਆਪੋ ਆਪਣੇ ਵੱਖਰੇ ਕਾਨੂੰਨ ਬਣਾ ਸਕਣ।
ਸਮਾਜਕ ਖੇਤਰ ਨੂੰ, ਪਬਲਿਕ ਅਤੇ ਪਰਾਈਵੇਟ, ਦੋ ਵੱਖੋ ਵੱਖਰੇ ਖੇਤਰਾਂ ਵਿਚ ਵੰਡ ਕੇ ਅੰਗਰੇਜ਼ੀ ਹਕੂਮਤ ਨੇ ਇਕ ਬਹੁਤ ਗਹਿਰੀ ਚਾਲ ਚੱਲੀ। ਅਜੇਹਾ ਕਰਕੇ ਜਿਥੇ ਅੰਗਰੇਜ਼ ਹਕੂਮਤ ਨੇ ਦੇਸ਼ ਦੀ ਆਰਥਕਤਾ ਅਤੇ ਰਾਜਨੀਤੀ ਉਪਰ ਆਪਣਾ ਸੰਪੂਰਨ ਕੰਟਰੋਲ ਸਥਾਪਤ ਕਰ ਲਿਆ, ਓਥੇ ਦੇਸ਼ ਦੀ ਮਰਦ  ਜਾਤ ਨੂੰ ਆਪੋ ਆਪਣੇ ਅਕੀਦਿਆਂ ਮੁਤਾਬਕ ਆਪਣੀ ਮਨ ਮਰਜ਼ੀ ਦੀ ਹਕੂਮਤ ਕਰਨ ਲਈ ਘਰ ਪਰਿਵਾਰ ਦਾ ਖੇਤਰ ਸੌਪ ਦਿੱਤਾ ਗਿਆ, ਜਿਸ ਨਾਲ ਉਹ ਚੁਪ ਹੋ ਗਏ। ਜਿਸ ਆਦਮੀ ਨੂੰ ਦੇਸ਼ ਦੇ ਆਰਥਕ ਅਤੇ ਰਾਜਨੀਤਕ ਮਸਲਿਆਂ ਵਿਚ ਦਖਲ ਦੇਣ ਦਾ ਰੱਤੀ ਭਰ ਵੀ ਅਧਿਕਾਰ ਨਹੀਂ ਸੀ, ਘਰ ਵਿਚ ਉਹ ਇਕ ਪੂਰਾ ਤਾਨਾਸ਼ਾਹ ਬਣ ਗਿਆ:



ਮੈਨੂੰ ਹੁਣ ਵੀ ਯਾਦ ਹੈ-

ਸਾਡੇ ਘਰ ਵਿਚ ਇਕ ਦਿਉ ਦਾ ਰਾਜ ਸੀ



ਸ਼ਾਮੀਂ ਉਹ ਆਦਮ ਬੋ ਆਦਮ ਬੋ ਕਰਦਾ


ਆਉਂਦਾ ਸੀ

ਲੋਕੀਂ ਉਸ ਨੂੰ ਮੇਰਾ ਬਾਪੂ ਕਹਿੰਦੇ ਸਨ

ਉਸ ਨੇ ਮੇਰੀ ਮਾਂ ਦੀਆਂ ਗੋਲ ਗੁਲਾਬੀ ਅੱਖਾਂ

ਦਾਰੂ ਦੇ ਪੈੱਗ ਵਿਚ ਪਾ ਕੇ
ਪੱਥਰ ਦੀਆਂ ਬਣਾ ਦਿੱਤੀਆਂ ਸਨ
ਉਸ ਪਤਲੀ ਪਤੰਗ ਕੁੜੀ ਦੀ ਜ਼ਿੰਦਗੀ



ਰੋਟੀ, ਤਨ ਢਕਣ ਅਤੇ ਹੰਝੂਆਂ ਦੀ ਕਥਾ


ਬਣਾ ਦਿੱਤੀ ਸੀ



ਹਰ ਰਾਤ ਉਹ ਭਿਆਨਕ ਠਹਾਕੇ ਲਾਉਂਦਾ




ਤੇ ਆਖਦਾ: ਦੇਖ! ਮੈਂ ਤੇਰਾ ਬਚਪਨ ਖਾ ਰਿਹਾ ਹਾਂ।


(ਸੁਖਚੈਨ)



ਸੁਖਚੈਨ ਦੀ ਇਸ ਕਵਿਤਾ ਰਾਹੀਂ ਇਹ ਗੱਲ ਸੌਖਿਆਂ ਹੀ ਸਮਝੀ ਜਾ ਸਕਦੀ ਹੈ ਕਿ ਸਮਾਜ-ਆਰਥਕ ਅਤੇ ਰਾਜਨੀਤਕ ਖੇਤਰ ਵਿਚ ਗੁਲਾਮੀ ਹੰਡਾ ਰਿਹਾ ਮਰਦ, ਘਰ ਵਿਚ ਔਰਤ ਦੀ ਦੇਹ ਉਪਰ ਆਪਣੀ ਸੰਪੂਰਨ ਸੱਤਾ ਸਥਾਪਤ ਕਰਕੇ ਕਿਵੇਂ ਸੰਤੁਸ਼ਟ ਹੋਣ ਦੀ ਕੋਸ਼ਿਸ਼ ਕਰਦਾ ਹੈ ਅਤੇ ਰੋਜ਼ ਮੱਰਾ ਦੀ ਜ਼ਿੰਦਗੀ ਵਿਚੋਂ ਪ੍ਰਾਪਤ ਹੋਣ ਵਾਲੀਆਂ ਤੰਗੀਆਂ ਤੁਰਸ਼ੀਆਂ, ਧੱਕੇ ਧੌਲੇ, ਨਿਰਾਦਰੀ ਅਤੇ ਅਪਮਾਨ ਔਰਤਾਂ ਅਤੇ ਬੱਚਿਆਂ ਉਪਰ ਹਿੰਸਾ ਵਿਚ ਕਿਵੇਂ ਅਨੁਵਾਦ ਹੋ ਜਾਂਦੇ ਹਨ।
ਕਿਉਂਕਿ ਸਾਡੇ ਦੇਸ਼ ਵਿਚ ਛੋਟੇ ਬੱਚਿਆਂ ਦੀ ਸ਼ਾਦੀ ਦਾ ਰਿਵਾਜ਼ ਆਮ ਪ੍ਰਚੱਲਤ ਸੀ, ਇਸ ਲਈ ਬਹੁਤ ਸਾਰੀਆਂ ਅਜੇਹੀਆਂ ਸ਼ਾਦੀ ਸ਼ੁਦਾ ਬੱਚੀਆਂ ਪਤੀ ਦੁਆਰਾ ਕੀਤੀ ਜਾਣ ਵਾਲੀ ਜ਼ਬਰਦਸਤੀ ਦੌਰਾਨ ਮਰ ਵੀ ਜਾਂਦੀਆਂ ਸਨ। ਜਦੋਂ ਕੁਝ ਸਮਾਜ ਸੁਧਾਰਕਾਂ ਨੇ ਘੱਟ ਉਮਰ ਦੀਆਂ ਲੜਕੀਆਂ ਦੀ ਸ਼ਾਦੀ ਅਤੇ ਬਿਨਾ ਪਤਨੀ ਦੀ ਮਰਜ਼ੀ ਦੇ ਪਤੀ ਦੁਆਰਾ ਕੀਤੀ ਜਾਣ ਵਾਲੀ ਜ਼ਬਰਦਸਤੀ ਨੂੰ ਰੋਕਣ ਵਾਸਤੇ ਕਾਨੂੰਨਾਂ ਦੀ ਮੰਗ ਕੀਤੀ, ਤਾਂ ਅੰਗਰੇਜ਼ ਸਰਕਾਰ ਨੇ ਇਹ ਕਹਿ ਕੇ ਰੱਦ ਕਰ ਦਿੱਤੀ ਕਿ ਉਹ ਲੋਕਾਂ ਦੀਆਂ ਸਥਾਨਕ/ ਧਾਰਮਿਕ ਪਰੰਪਰਾਵਾਂ ਵਿਚ ਦਖਲ ਨਹੀਂ ਦੇ ਸਕਦੇ। ਇਸ ਤਰ੍ਹਾਂ, ਵਿਰੋਧ ਦੇ ਬਾਵਜੂਦ, ਬਹੁਤ ਹੀ ਘਿਨਾਉਣੀ ਕਿਸਮ ਦੀ ਘਰੇਲੂ ਹਿੰਸਾ ਨੂੰ ਕਾਨੂੰਨੀ ਅਤੇ ਸਮਾਜਕ ਮਾਨਤਾ ਮਿਲਦੀ ਰਹੀ। ਮਰਦਾਂ ਦੀ ਮਰਦਾਨਗੀ, ਰੁਤਬਾ ਅਤੇ ਸਵੈ ਮਾਣ ਘਰ ਵਿਚ ਔਰਤਾਂ ਦੀ ਦੇਹ ਉਪਰ ਉਹਨਾ ਦੇ ਕੰਟਰੋਲ ਰਾਹੀਂ ਹੀ ਪ੍ਰੀਭਾਸ਼ਿਤ ਹੋਣ ਲੱਗੇ। ਉਹ ਨਹੀਂ ਸਨ ਚਾਹੁੰਦੇ ਕਿ ਸਰਕਾਰ ਜਾਂ ਕੋਈ ਵੀ ਉਹਨਾ ਦੀ ਘਰੇਲੂ ਸਲਤਨਤ ਵਿਚ ਕੋਈ ਦਖਲਅੰਦਾਜ਼ੀ ਕਰੇ। ਨਵੇਂ ਕਾਨੂੰਨਾ ਦੇ ਬਾਵਜੂਦ ਇਹ ਮਾਨਸਿਕਤਾ ਹਾਲੇ ਵੀ ਉਸੇ ਤਰ੍ਹਾਂ ਬਣੀ ਹੋਈ ਹੈ।ਇਸ ਸਥਿਤੀ/ ਮਾਨਸਿਕਤਾ ਕਾਰਨ ਭਾਰਤ ਦੋ ਭਾਗਾਂ ਵਿਚ ਵੰਡਿਆ ਗਿਆ: ਪਬਲਿਕ ਖੇਤਰ ਅਤੇ ਪਰਾਈਵੇਟ ਖੇਤਰ। ਪਬਲਿਕ ਖੇਤਰ ਵਿਚ ਸਰਕਾਰ ਦੀ ਹਕੂਮਤ ਚੱਲਦੀ ਹੈ ਅਤੇ ਪਰਾਈਵੇਟ ਖੇਤਰ ਵਿਚ ਸਾਡੀ ਮਰਦਾਂ ਦੀ।
ਇਕ ਗੱਲ ਹੋਰ ਵੀ ਵਾਪਰੀ, ਜਿਸ ਵੱਲ ਧਿਆਨ ਦੇਣ ਦੀ ਲੋੜ ਹੈ। ਗੁਨਾਹ ਦਾ ਉਹ ਅਹਿਸਾਸ, ਜੋ ਸਾਨੂੰ ਧੀਆਂ ਦੇ ਕਤਲ ਤੋਂ ਵਰਜਦਾ ਸੀ, ਆਧੁਨਿਕ ਡਾਕਟਰੀ ਤਕਨੀਕਾ ਦੇ ਆਉਣ ਨਾਲ ਉਹ ਵੀ ਖਤਮ ਹੋ ਗਿਆ। ਰਹਿਤਨਾਮਿਆਂ ਨੇ ਤਾਂ ਸਾਨੂੰ ਧੀਆਂ ਦੇ ਕਤਲ ਦੀ ਮਨਾਹੀ ਕੀਤੀ ਸੀ। ਭਰੂਣ ਹੱਤਿਆ ਧੀਅ ਦੇ ਜਨਮ ਤੋਂ ਪਹਿਲਾਂ ਦੀ ਕਹਾਣੀ ਹੈ। ਗਰਭਪਾਤ ਦੇ ਲੀਗਲ ਹੋ ਜਾਣ ਬਾਅਦ ਤਾਂ ਭਰੂਣ ਹੱਤਿਆ ਸਾਨੂੰ ਕਾਨੂੰਨੀ ਗੁਨਾਹ ਦੇ ਘੇਰੇ ਵਿਚਂ ਵੀ ਬਾਹਰ ਕੱਢ ਦਿੰਦੀ ਹੈ। ਇਸੇ ਲਈ ਭਰੂਣ ਹੱਤਿਆ ਬਾਰੇ ਅਜਮੇਰ ਔਲਖ ਦੇ ਨਾਟਕ 'ਕਾਲਖ ਹਨੇਰੇ' ਵਿਚ ਜਗਸੀਰ ਆਪਣੀ ਪਤਨੀ ਬਲਦੀਪ ਨੂੰ ਅਬੌਰਸ਼ਨ ਲਈ ਤਿਆਰ ਕਰਨ ਲਈੇ ਆਖਦਾ ਹੈ: " ਤਿੰਨ ਮਹੀਨਿਆਂ ਦੇ ਮਾਸ ਦੇ ਚੀਥੜੇ ਦੀ ਸਫਾਈ ਕਰਵਾਉਣ ਨੂੰ ਕਤਲ ਆਖਦੀ ਏਂ ਤੂੰ?" ਪਰ ਹੁਣ ਤਾਂ ਇਸ 'ਸਫਾਈ' ਦੀ ਵੀ ਲੋੜ ਨਹੀਂ ਰਹੀ। ਸੁਆਲ ਹੈ ਕਿ ਜੇ ਇਸ 'ਮਾਸ ਦੇ ਚੀਥੜੇ' ਨੂੰ ਵੀ ਮਾਰਨ ਦੀ ਲੋੜ ਨਾ ਪਵੇ। ਇਸ 'ਚੀਥੜੇ' ਦੀ ਸਫਾਈ ਕਰਵਾਉਣ ਤੋਂ ਬਿਨਾ ਹੀ ਧੀਅ ਦੇ ਜੰਮਣ ਉਪਰ ਰੋਕ ਲਗਾ ਦਿੱਤੀ ਜਾਵੇ? ਹੁਣ ਇਹ ਸੰਭਵ ਹੈ। ਸੰਭਵ ਹੀ ਨਹੀਂ, ਲੁਧਿਆਣੇ ਦੇ 'ਇਕਬਾਲ ਨਰਸਿੰਗ ਹੋਮ' ਵਿਚ ਇਹ ਹੋ ਵੀ ਰਿਹਾ ਹੈ। ਓਥੇ ਪਿਤਾ ਦੇ 'ਵਾਈ ਕਰੋਮੋਸੋਮ' ਅਲੱਗ ਕਰਕੇ, ਕੇਵਲ ਉਹਨਾ ਨਾਲ ਹੀ ਮਾਂ ਦਾ ਗਰਭ ਧਾਰਨ ਕਰਵਾਇਆ ਜਾਂਦਾ ਹੈ, ਤਾਂ ਜੋ ਲੜਕਾ ਹੀ ਪੈਦਾ ਹੋਵੇ। ਇਹ ਤਕਨੀਕ ਹੁਣ ਆਮ ਪ੍ਰਚੱਲਤ ਹੋ ਰਹੀ ਹੈ। ਕਤਲ ਦੀ ਗੱਲ ਤਾਂ ਦੂਰ ਰਹੀ, ਹੁਣ ਤਾਂ ਕੁੜੀ ਨੂੰ ਜਨਮ ਲੈਣ ਤੋਂ ਰੋਕਣ ਦੀ ਵੀ ਜ਼ਰੂਰਤ ਨਹੀਂ ਰਹੀ। ਤੁਹਾਨੂੰ ਲੜਕੇ ਦੀ ਜ਼ਰੂਰਤ ਹੈ, ਤੁਸੀਂ ਲੜਕਾ ਪੈਦਾ ਕਰ ਲਿਆ। ਤੁਸੀਂ ਕਾਨੂੰਨੀ ਅੜਿਛਣ ਅਤੇ ਕਤਲ ਦੇ ਗੁਨਾਹ, ਦੋਨਾ ਤੋਂ ਬਚ ਗਏ।
ਇਸ ਸਥਿਤੀ ਵਿਚ, ਜਦੋਂ ਕਿ ਕਾਨੂੰਨ ਅਤੇ ਕਤਲ ਦੇ ਗੁਨਾਹ ਦਾ ਅਹਿਸਾਸ, ਦੋਨਾ ਵਿਚੋਂ ਕੋਈ ਵੀ ਤੁਹਾਡੇ ਰਸਤੇ ਵਿਚ ਨਹੀਂ ਆਉਂਦਾ, ਤਾਂ ਲਿੰਗੀ ਚੋਣ ਅਤੇ ਲਿੰਗੀ ਪੱਖਪਾਤ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ, ਦਾ ਜੁਆਬ ਅਜਮੇਰ ਰੋਡੇ ਦੇ ਨਾਟਕ 'ਨਿਰਲੱਜ' ਦੀ ਨਾਇਕਾ ਸ਼ੰਮੀ ਵਰਗੀਆਂ ਰੂਹਾਂ ਦੁਆਰਾ ਸ਼ੁਰੂ ਕੀਤੀਆਂ ਮੂਵਮੈਂਟਾਂ ਵਿਚ ਸ਼ਾਮਲ ਹੋ ਕੇ ਅਜੇਹੀਆਂ ਕਥਾ ਕਹਾਣੀਆਂ ਅਤੇ ਸੋਚਾਂ ਪੈਦਾ ਕਰਨਾ ਹੈ ਜੋ ਸਾਡੀ ਮਾਨਸਿਕਤਾ ਨੂੰ ਹੀ ਤਬਦੀਲ ਕਰ ਦੇਣ। ਅਜੇਹੀ ਮਾਨਸਿਕਤਾ ਦਾ ਨਿਰਮਾਣ ਕੇਵਲ ਲੜਕੀਆਂ ਦੇ ਬਚਾਉ ਲਈ ਹੀ ਨਹੀਂ, ਮਾਨਵ ਜਾਤੀ ਦੇ ਬਚਾਉ ਲਈ ਵੀ ਜ਼ਰੂਰੀ ਹੈ, ਕਿਉਂਕਿ ਇਨਸਰੂਮੈਂਟਲ ਲਾਜਿਕ, ਪ੍ਰਤੀਯੋਗ, ਹਿੰਸਾ ਅਤੇ ਪੈਦਾਵਾਰ ਅਤੇ ਖਪਤ ਵਿਚ ਨਿਰੰਤਰ ਵਾਧੇ ਦੀਆਂ ਮਰਦਾਨਵੀ ਕਦਰਾਂ ਕੀਮਤਾਂ ਨੇ ਸਾਨੂੰ ਜਿਸ ਵਿਨਾਸ਼ ਦੇ ਰਾਹ ਉਪਰ ਤੋਰ ਦਿੱਤਾ ਹੈ, ਉਸ ਨੂੰ ਕੇਵਲ ਸੁਹਜ, ਸੁੰਦਰਤਾ, ਸਹਿਯੋਗ, ਮੰਮਤਾ ਅਤੇ ਮੁਹੱਬਤ ਵਰਗੀਆਂ ਨਾਰੀਵਾਦੀ ਕਦਰਾਂ ਕੀਮਤਾਂ ਹੀ ਖੂਬਸੂਰਤ ਮੋੜ ਦੇ ਸਕਦੀਆਂ ਹਨ।

No comments:

Post a Comment