Sunday, December 13, 2009

ਮਾਰਕਸ ਦੀ ਫਿਲਾਸਫੀ ਦਾ ਬਹੁਤ ਅਹਿਮ ਪੱਖ











ਮਾਰਕਸ ਦੀ ਫਿਲਾਸਫੀ ਦਾ ਬਹੁਤ ਅਹਿਮ ਪੱਖ


ਮਨੁੱਖ  ਅਤੇ ਕੁਦਰਤ ਦਾ  ਸੰਬੰਧ


ਗੁਰਬਚਨ ਸਿੰਘ



ਸੰਸਾਰ ਭਰ ’ਚ ਫੈਲਿਆ ਆਰਥਕ ਸੰਕਟ ਜਿਵੇਂ ਜਿਵੇਂ ਲੰਮਾ ਅਤੇ ਗਹਿਰਾ ਹੁੰਦਾ ਜਾ ਰਿਹਾ ਹੈ ਤਿਵੇਂ-ਤਿਵੇਂ ਦੁਨੀਆ ਭਰ ਦੇ ਲੋਕਾਂ ਦੇ ਮਨਾਂ ਵਿਚ ਇਕ ਵਾਰ ਫਿਰ ਕਾਰਲ ਮਾਰਕਸ ਦੀਆਂ ਲਿਖਤਾਂ ਪੜ੍ਹਨ ਦੀ ਰੁਚੀ ਪੈਦਾ ਹੋ ਰਹੀ ਹੈ। ਅਖ਼ਬਾਰਾਂ ਵਿਚ ਛਪ ਰਹੀਆਂ ਖ਼ਬਰਾਂ ਅਨੁਸਾਰ ਮਾਰਕਸ ਦੀ ਤਿੰਨ ਜਿਲਦਾਂ ’ਚ ਛਪੀ ਸਭ ਤੋਂ ਚਰਚਿਤ ਕਿਤਾਬ ‘ਕੈਪੀਟਲ’ (ਸਰਮਾਇਆ) ਦੁਨੀਆ ਭਰ ਵਿਚ ਸਭ ਤੋਂ ਵੱਧ ਵਿਕਣ ਵਾਲੀਆਂ ਕਿਤਾਬਾਂ ’ਚ ਸ਼ਾਮਲ ਹੋ ਗਈ ਹੈ। ਆਪਣੀ ਇਸ ਅਹਿਮ ਲਿਖਤ ਵਿਚ ਹੀ ਮਾਰਕਸ ਨੇ ਆਪਣੇ ਸਾਰੇ ਇਕੱਠੇ ਕੀਤੇ ਗਿਆਨ ਦੇ ਜ਼ੋਰ ਨਾਲ ਇਹ ਸਿੱਧ ਕੀਤਾ ਸੀ ਕਿ ਜਿੰਨਾ ਚਿਰ ਸਰਮਾਏਦਾਰੀ ਆਰਥਕ ਪ੍ਰਬੰਧ ਕਾਇਮ ਹੈ, ਓਨਾ ਚਿਰ ਸਮੇਂ-ਸਮੇਂ ਇਹੋ ਜਿਹੇ ਸੰਕਟ ਇਸਨੂੰ ਝੰਜੋੜਦੇ ਹੀ ਰਹਿਣਗੇ ਤੇ ਇਸਦਾ ਇਕੋ-ਇਕ ਹੱਲ ਸਰਮਾਏਦਾਰੀ ਪ੍ਰਬੰਧ ਦੀ ਥਾਂ ਕਮਿਊਨਿਸਟ ਸਮਾਜ ਦੀ ਸਿਰਜਣਾ ਹੈ। ਜਦੋਂ-ਜਦੋਂ ਵੀ ਸਰਮਾਏਦਾਰੀ ਪ੍ਰਬੰਧ, ਜਿਹੜਾ ਹੁਣ ਸਾਮਰਾਜੀ ਅਵਸਥਾ ਵਿਚ ਵਿਚਰ ਰਿਹਾ ਹੈ, ਇਕ ਇਹੋ ਜਿਹੇ ਸੰਕਟ ਦਾ ਸ਼ਿਕਾਰ ਹੁੰਦਾ ਹੈ, ਉਦੋਂ ਹੀ ਮਾਰਕਸ ਦੀ ਕੀਤੀ ਇਸ ਭਵਿੱਖਬਾਣੀ ਕਾਰਨ; ਉਸਦੀਆਂ ਲਿਖਤਾਂ ਪੜਨ ’ਚ ਰੁਚੀ ਪੈਦਾ ਹੁੰਦੀ ਹੈ।



ਦਿਲਚਸਪ ਗੱਲ ਇਹ ਹੈ ਕਿ ਮਾਰਕਸ ਦੀ ਸਰਮਾਏਦਾਰੀ ਅਰਥਚਾਰੇ ਬਾਰੇ ਕੀਤੀ ਗਈ ਖੋਜ ਨਾਲੋਂ ਵੱਧ ਮਹੱਤਵਪੂਰਨ ਉਸਦੀ ਫਿਲਾਸਫੀ ਦੇ ਖੇਤਰ ਵਿਚ ਕੀਤੀ ਗਈ ਖੋਜ ਹੈ। ਹੋਰ ਮਜੇਦਾਰ ਗੱਲ ਇਹ ਹੈ ਕਿ ਮਾਰਕਸ ਦੀ ਸਰਮਾਏਦਾਰੀ ਆਰਥਿਕਤਾ ਬਾਰੇ ਕੀਤੀ ਗਈ ਖੋਜ ਵੀ ਉਸਦੀ ਫਿਲਾਸਫੀ ਦੇ ਖੇਤਰ ਵਿਚ ਕੀਤੀ ਗਈ ਖੋਜ ਦੀ ਪੁਸ਼ਟੀ ਲਈ ਹੀ ਸੀ। ਪਰ ਇਸਦੇ ਬਾਵਜੂਦ ਉਸਦੀ ਫਿਲਾਸਫੀ ਦੇ ਅਹਿਮ ਪੱਖ ਅਣਗੌਲੇ ਹੀ ਰਹਿ ਗਏ ਹਨ। ਉਸਦੀ ਫਿਲਾਸਫੀ ਦਾ ਸਭ ਤੋਂ ਅਣਗੌਲਿਆ ਪੱਖ ਉਸਦੀ ਮਨੁੱਖ ਤੇ ਕੁਦਰਤ ਨਾਲ ਰਿਸ਼ਤੇ ਬਾਰੇ ਕੀਤੀ ਗਈ ਵਿਆਖਿਆ ਹੈ।
ਮਾਰਕਸ ਦਾ ਕਥਨ ਹੈ;  ‘‘ਜਦੋਂ ਤੁਸੀਂ ਮੈਨੂੰ ਕੁਦਰਤ ਅਤੇ ਮਨੁੱਖ ਦੀ ਰਚਨਾ ਬਾਰੇ
ਪੁੱਛਦੇ ਹੋ ਤਾਂ ਤੁਸੀਂ ਮਨੁੱਖ ਅਤੇ ਕੁਦਰਤ ਦੇ ਰਿਸ਼ਤੇ ਨੂੰ ਤੋੜ ਦੇਂਦੇ ਹੋ। ਤੁਸੀਂ ਉਨ੍ਹਾਂ ਦੀ ਨਿਰਜੀਵ ਹੋਂਦ ਵਜੋਂ ਧਾਰਨਾ ਬਣਾਉਂਦੇ ਹੋ ਤੇ ਫਿਰ ਵੀ ਚਾਹੁੰਦੇ ਹੋ ਕਿ ਮੈਂ ਉਨ੍ਹਾਂ ਦੀ ਸਜੀਵ ਹੋਂਦ ਸਾਬਤ ਕਰਾਂ। ਹੁਣ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਤੁਸੀਂ ਇਨ੍ਹਾਂ ਨੂੰ ਇਕ-ਦੂਜੇ ਤੋਂ ਤੋੜ ਕੇ ਵੇਖਣ ਦੀ ਧਾਰਨਾ ਛੱਡ ਦਿਉ ਤਾਂ ਤੁਸੀਂ ਆਪਣਾ ਸੁਆਲ ਵੀ ਛੱਡ ਦਿਉਗੇ। ਫਿਰ ਵੀ ਜੇ ਤੁਸੀਂ ਸਮੁੱਚੇ ਵਰਤਾਰੇ ਨੂੰ ਇੱਕ-ਦੂਜੇ ਤੋਂ ਤੋੜ ਕੇ ਵੇਖਣ ਦੀ ਆਪਣੀ ਖਿਆਲੀ ਸੋਚ ਨੂੰ ਫੜੀ ਰੱਖਦੇ  ਹੋ ਅਤੇ ਆਪਣੇ ਸੁਆਲ ਲਈ ਬਜ਼ਿਦ ਹੋ ਤੇ ਫਿਰ ਵੀ ਜੇ ਤੁਸੀਂ ਮਨੁੱਖ ਅਤੇ ਕੁਦਰਤ ਦੇ ਨਿਰਜੀਵ ਰਿਸ਼ਤੇ ਬਾਰੇ ਸੋਚਦੇ ਹੋ ਤਾਂ ਫਿਰ ਤੁਸੀਂ ਆਪਣੀ ਵੀ ਨਿਰਜੀਵ ਹੋਂਦ ਬਾਰੇ ਸੋਚੋ। ਕਿਉਂਕਿ  ਯਕੀਨੀ ਤੌਰ ’ਤੇ ਤੁਸੀਂ ਵੀ ਤਾਂ ਕੁਦਰਤ ਅਤੇ ਮਨੁੱਖ ਹੀ ਹੋ। ਫਿਰ ਤੁਸੀਂ ਨਾ ਸੋਚੋ ਨਾ ਮੈਨੂੰ ਪੁੱਛੋ । ਕਿਉਂਕਿ ਜਦੋਂ ਹੀ ਤੁਸੀਂ ਸੋਚਦੇ ਹੋ ਅਤੇ ਪੁੱਛਦੇ ਹੋ ਤਾਂ ਕੁਦਰਤ ਅਤੇ ਮਨੁੱਖ ਦੇ ਰਿਸ਼ਤੇ ਬਾਰੇ ਤੁਹਾਡੀ ਖਿਆਲੀ ਸੋਚ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਜਾਂ ਫਿਰ ਤੁਸੀਂ ਏਨੇ ਹੰਕਾਰੀ ਹੋ ਕਿ ਤੁਸੀਂ ਸਰਬੱਤ ਨੂੰ ਕੁਝ ਨਹੀਂ ਸਮਝਦੇ ਅਤੇ ਫਿਰ ਵੀ ਆਪਣੀ ਹੋਂਦ ਮੰਨਣਾ ਚਾਹੁੰਦੇ ਹੋ।
ਤੁਸੀਂ ਇਸ ਦਾ ਜੁਆਬ ਦੇ ਸਕਦੇ ਹੋ ਕਿ ਮੈਂ ਕੁਦਰਤ ਦੀ ਅਣਹੋਂਦ ਆਦਿ ਬਾਰੇ ਧਾਰਨਾ ਨਹੀਂ ਬਣਾਉਣੀ ਚਾਹੁੰਦਾ, ਮੈਂ ਤਾਂ ਤੁਹਾਨੂੰ ਉਸ ਦੀ ਉਤਪਤੀ ਬਾਰੇ ਪੁੱਛ ਰਿਹਾ ਹਾਂ, ਜਿਵੇਂ ਮੈਂ ਕਿਸੇ ਡਾਕਟਰ ਤੋਂ ਹੱਡੀਆਂ ਦੀ ਬਣਤਰ ਆਦਿ ਬਾਰੇ ਪੁੱਛਦਾ ਹਾਂ।
ਪਰ ਕਮਿਊਨਿਸਟ (ਸਮਾਜਵਾਦੀ) ਮਨੁੱਖ ਲਈ ਸੰਸਾਰ ਦਾ ਸਮੁੱਚਾ ਅਖੌਤੀ ਇਤਿਹਾਸ ਹੋਰ ਕੁਝ ਨਹੀਂ ਸਗੋਂ ਮਨੁੱਖੀ ਕਿਰਤ ਰਾਹੀਂ ਮਨੁੱਖ ਦੀ ਸਿਰਜਣਾ ਹੀ ਹੈ, ਹੋਰ ਕੁਝ ਨਹੀਂ ਸਗੋਂ ਮਨੁੱਖ ਲਈ ਕੁਦਰਤ ਦਾ ਪ੍ਰਗਟ ਹੋਣਾ ਹੀ ਹੈ। ਇਸ ਲਈ ਉਸ ਦੇ ਕੋਲ ਖੁਦ ਰਾਹੀਂ ਆਪਣੇ ਜਨਮ ਦਾ, ਆਪਣੀ ਉਤਪਤੀ ਦਾ ਨਾ ਝੁਠਲਾਇਆ ਜਾ ਸਕਣ ਵਾਲਾ ਸਬੂਤ ਹੈ। ਕਿਉਂਕਿ ਮਨੁੱਖ ਅਤੇ ਕੁਦਰਤ ਦੀ ਅਸਲ ਹੋਂਦ ਇੰਦ੍ਰਿਆਵੀ ਅਨੁਭਵ ਰਾਹੀਂ ਅਮਲੀ ਰੂਪ ਵਿੱਚ ਪ੍ਰਗਟ ਹੋ ਰਹੀ ਹੈ। ਇਸ ਤਰ੍ਹਾਂ ਮਨੁੱਖ ਲਈ ਕੁਦਰਤ ਦੀ ਹੋਂਦ ਵਜੋਂ ਮਨੁੱਖ ਅਤੇ ਮਨੁੱਖ ਦੀ ਹੋਂਦ ਵਜੋਂ ਕੁਦਰਤ ਪ੍ਰਤੱਖ ਹੋ ਰਹੀ ਹੈ। ਪ੍ਰਤੱਖ ਹੋ ਰਿਹਾ ਹੈ ਕਿ ਮਨੁੱਖ ਕੁਦਰਤ ਦੀ ਹੋਂਦ ਵਜੋਂ ਹੀ ਹੈ ਅਤੇ ਕੁਦਰਤ ਮਨੁੱਖ ਦੀ ਹੋਂਦ ਵਜੋਂ ਹੀ ਹੈ। ਦੋਹਾਂ ਤੋਂ ਕਿਸੇ ਵੱਖਰੀ ਹੋਂਦ ਦਾ ਸੁਆਲ, ਕੁਦਰਤ ਅਤੇ ਮਨੁੱਖ ਤੋਂ ਪਰਾਂ ਕਿਸੇ ਵੱਖਰੀ ਹੋਂਦ ਦੇ ਸੁਆਲ ਦਾ ਮਤਲਬ-ਮਨੁੱਖ ਦੀ ਅਤੇ ਕੁਦਰਤ ਦੀ ਕਾਲਪਨਿਕ ਹੋਂਦ ਨੂੰ ਮੰਨਣਾ-ਅਮਲ ਵਿੱਚ  ਹੀ ਅਸੰਭਵ ਹੋ ਗਿਆ ਹੈ।’’ (1844 ਦੇ ਆਰਥਕ ਤੇ ਦ੍ਰਾਸ਼ਨਿਕ ਖਰੜੇ ’ਚੋਂ, ਸਫਾ 107-08)
‘‘ਕੁਦਰਤ ਮਨੁੱਖ ਦਾ ਅਜੀਵ ਸਰੀਰ ਹੈ। ਕੁਦਰਤ ਖੁਦ ਮਨੁੱਖੀ ਸਰੀਰ ਹੀ ਨਹੀਂ ਸਗੋਂ ਮਨੁੱਖ ਕੁਦਰਤ ’ਤੇ ਜਿਉਂਦਾ ਹੈ ਭਾਵ ਕੁਦਰਤ ਉਸ ਦੇ ਸਰੀਰ ਦੇ ਅੰਦਰ ਹੈ। ਜਿਉਂਦੇ ਰਹਿਣ ਲਈ ਜਿਸ ਨਾਲ ਮਨੁੱਖ ਨਿਰੰਤਰ ਲੈਣ-ਦੇਣ ਕਰਦਾ ਹੈ। ਮਨੁੱਖ ਦੀ ਪਦਾਰਥਕ ਤੇ ਰੂਹਾਨੀ ਜ਼ਿੰਦਗੀ ਕੁਦਰਤ ਨਾਲ ਸੰਬੰਧਤ ਹੈ, ਦਾ ਭਾਵ ਅਰਥ ਵੀ ਇਹੀ ਹੈ ਕਿ ਕੁਦਰਤ ਦਾ ਖੁਦ ਨਾਲ ਰਿਸ਼ਤਾ ਹੈ। ਕਿਉਂਕਿ ਮਨੁੱਖ ਕੁਦਰਤ ਦਾ ਹੀ ਇੱਕ ਅੰਗ ਹੈ।’’ (ਓਹੀ, ਸਫਾ 72-73)
ਮਾਰਕਸ ਨੇ ਫਿਲਾਸਫੀ ਨੂੰ ਪਰਖਣ ਲਈ ਦੋ ‘ਸੰਦ’ ਖੋਜੇ ਹਨ : ਦਵੰਦਵਾਦੀ ਪਦਾਰਥਵਾਦ ਤੇ ਇਤਿਹਾਸਕ ਪਦਾਰਥਵਾਦ। ਪਦਾਰਥਵਾਦੀ ਕੌਣ ਹੈ? ਇਸ ਦੀ ਵਿਆਖਿਆ ਕਰਦਿਆਂ ਮਾਰਕਸ ਦੇ ਸਾਥੀ ਏਂਗਲਜ ਨੇ ਦੱਸਿਆ ਹੈ :  ‘‘ਸਾਰੀਆਂ ਫਿਲਾਸਫੀਆਂ ਅਤੇ ਖਾਸ ਕਰਕੇ ਅਜੋਕੀ ਫਿਲਾਸਫੀ ਦਾ ਬੁਨਿਆਦੀ ਸੁਆਲ ਸੋਚ ਅਤੇ ਹੋਂਦ ਦੇ ਰਿਸ਼ਤੇ ਦਾ ਹੈ ਅਤੇ ਜੇ ਇਸ ਨੂੰ ਹੋਰ ਸਪੱਸ਼ਟ ਕੀਤਾ ਜਾਵੇ ਤਾਂ ਚੇਤਨਾ ਅਤੇ ਮਾਦੇ ਦਾ ਹੈ। ਇਸ ਸੁਆਲ ਦਾ ਜੁਆਬ ਸਾਰੇ ਫਿਲਾਸਫਰਾਂ ਨੂੰ ਦੋ ਹਿੱਸਿਆਂ ਵਿਚ ਵੰਡ ਦੇਂਦਾ ਹੈ। ਜਿਹੜੇ ਕੁਦਰਤ ਦੇ ਮੁਕਾਬਲੇ ਚੇਤਨਾ (ਸਪਿਰਟ) ਨੂੰ ਪਹਿਲ ਦੇਂਦੇ ਹਨ ਅਤੇ ਇਕ ਜਾਂ ਦੂਜੇ ਢੰਗ ਨਾਲ ਸੰਸਾਰ ਨੂੰ ਇਸ (ਵਿਚਾਰ ਜਾਂ ਸੋਚ) ਦੀ ਰਚਨਾ ਸਮਝਦੇ ਹਨ ਉਹ ਸਾਰੇ ਆਦਰਸ਼ਵਾਦ ਦੇ ਘੇਰੇ ਵਿਚ ਆਉਂਦੇ ਹਨ ਅਤੇ ਦੂਜੇ ਜਿਹੜੇ ਕੁਦਰਤ ਨੂੰ ਪਹਿਲ ਦੇਂਦੇ ਹਨ, ਉਹ ਸਾਰੇ ਅੱਡ-ਅੱਡ ਪਦਾਰਥਵਾਦੀ ਘੇਰਿਆਂ ਵਿਚ ਸ਼ੁਮਾਰ ਹੁੰਦੇ ਹਨ।’’ ਦਵੰਦਵਾਦੀ ਪਦਾਰਥਵਾਦ ਦਾ ਕੁਦਰਤ ਨਾਲ ਰਿਸ਼ਤਾ ਸਪੱਸ਼ਟ ਕਰਦਿਆਂ ਏਂਗਲਜ਼ ਨੇ ਲਿਖਿਆ ਹੈ, ‘‘ਮੇਰੇ ਲਈ ਦਵੰਦਵਾਦੀ ਨੇਮਾ ਨੂੰ ਕੁਦਰਤ ਉ¤ਤੇ ਠੋਸਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ ਸਗੋਂ ਇਨ੍ਹਾਂ ਨੂੰ ਕੁਦਰਤ ’ਚੋਂ ਲੱਭਣਾ ਅਤੇ ਵਿਕਸਤ ਕਰਨਾ ਹੀ ਮੇਰਾ ਮੰਤਵ ਹੈ।’’
ਗੁਰਬਾਣੀ ‘ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ’, ‘ਜੋ ਬ੍ਰਹਮੰਡਿ ਖੰਡਿ ਸੋ ਜਾਣਹੁ’ ਅਤੇ ‘ਅੰਤਰਿ ਬਸੇ ਬਾਹਰਿ ਭੀ ਓਹੀ’, ਕਹਿ ਕੇ ਮਾਰਕਸਵਾਦ ਦੇ ਇਨ੍ਹਾਂ ਕਥਨਾਂ ਦੀ ਪੁਸ਼ਟੀ ਕਰਦੀ ਹੈ ਜਾਂ ਮਾਰਕਸਵਾਦ ਗੁਰਬਾਣੀ ਰਾਹੀਂ ਖੋਜੇ ਇਸ ਕੁਦਰਤੀ ਸੱਚ ਨੂੰ ਦੁਹਰਾਉਂਦਾ ਹੈ। ਮਨੁੱਖ ਦੀ ਪਦਾਰਥਵਾਦੀ ਸੋਚ ਵਿਚ ਆਉਣ ਵਾਲਾ ਇਹ ਪਹਿਲਾ ਸੱਚ ਹੈ, ਜਿਹੜਾ ਆਪਣੀ ਹੋਂਦ ਪਛਾਣਨ ਲਈ ਮਨੁੱਖ ਦੇ ਮਨ ਵਿੱਚ ਸਥਾਪਤ ਹੋ ਜਾਣਾ ਚਾਹੀਦਾ ਹੈ। ਇਸ ਸੱਚ ਨੂੰ ਜਾਣੇ ਬਿਨਾ ਮਨੁੱਖ ਦੀ ਕੋਈ ਮਨੁੱਖੀ ਹੋਂਦ ਨਹੀਂ। ‘ੴ’ ਤੇ ‘ਹੁਕਮ ਰਜਾਈ’ ਚੱਲਣਾ ਦਾ ਵਿਸਥਾਰ ਵੀ ਇਹੀ ਹੈ ਭਾਵ ਦਿਸਦਾ ਅਤੇ ਅਣਦਿਸਦਾ ਅੰਤਹੀਣ ਬ੍ਰਹਿਮੰਡੀ ਪਸਾਰ ਇਕ ਹੈ ਤੇ ਇਸ ਬ੍ਰਹਿਮੰਡੀ ਕੁਦਰਤ ਦੇ ਹੁਕਮ ’ਚ ਰਹਿ ਕੇ ਹੀ ਝੂਠ ਦੀ ਪਾਲ ਤੋੜੀ ਜਾ ਸਕਦੀ ਹੈ ਭਾਵ ਸੱਚ ਗ੍ਰਹਿਣ ਕੀਤਾ ਜਾ ਸਕਦਾ ਹੈ।
ਮਾਰਕਸ ਨੇ ਆਪਣੀ ਸਭ ਤੋਂ ਅਹਿਮ ਕਿਰਤ ਸਰਮਾਇਆ ਦੀ ਤੀਜੀ ਜਿਲਦ ਦੇ ਪੰਨਾ 820 ਉਤੇ ਮਨੁੱਖ ਤੇ ਕੁਦਰਤ ਦੇ ਰਿਸ਼ਤੇ ਨੂੰ ਬਹੁਤ ਹੀ ਸਪੱਸ਼ਟ ਅਤੇ ਖੂਬਸੂਰਤ ਢੰਗ ਨਾਲ ਬਿਆਨ ਕੀਤਾ ਹੈ। ਮਾਰਕਸ ਦਾ ਕਥਨ ਹੈ, ਮਨੁੱਖ ਦੀ ‘‘ਅਸਲੀ  ਅਜ਼ਾਦੀ ਦਾ ਦੌਰ ਸਿਰਫ ਉਦੋਂ ਹੀ ਆਰੰਭ ਹੋਵੇਗਾ ਜਦੋਂ ਕਿਰਤ ਦਾ ਫੈਸਲਾ ਮਨੁੱਖੀ ਲੋੜਾਂ ਅਤੇ ਪਦਾਰਥਕ ਥੁੜਾਂ ਨਹੀਂ ਕਰਨਗੀਆਂ ਅਤੇ ਇਸ ਤਰ੍ਹਾਂ ਵਸਤੂਆਂ ਦਾ ਖਾਸਾ ਜਿਨਸੀ ਪੈਦਾਵਾਰ ਦੇ ਘੇਰੋਂ ਵਿਚੋਂ ਬਾਹਰ ਨਿਕਲ ਜਾਵੇਗਾ ਭਾਵ ਜਦੋਂ ਵਸਤਾਂ ਦੀ ਪੈਦਾਵਾਰ ਵੇਚਣ ਅਤੇ ਖਰੀਦਣ ਲਈ ਨਹੀਂ ਸਗੋਂ ਮਨੁੱਖੀ ਲੋੜਾਂ ਦੀ ਪੂਰਤੀ ਲਈ ਹੋਵੇਗੀ ਅਤੇ ਜਿਵੇਂ ਜਾਂਗਲੀ ਮਨੁੱਖ ਆਪਣੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਅਤੇ ਨਸਲ ਚੱਲਦੀ ਰੱਖਣ ਲਈ ਸਿੱਧਾ ਕੁਦਰਤ ਨਾਲ ਸੰਘਰਸ਼ ਕਰਦਾ ਸੀ ਉਵੇਂ ਹੀ ਆਪਣੀਆਂ ਸਾਰੀਆਂ ਸਮਾਜੀ ਬਣਤਰਾਂ ਤੇ ਪੈਦਾਵਾਰੀ ਦੇ ਸਾਰੇ ਢੰਗਾਂ ਸਮੇਤ ਸੱਭਿਆ ਮਨੁੱਖ ਕਰੇਗਾ (ਜਿਸ ਦਾ ਅਮਲੀ ਅਰਥ ਇਹ ਹੀ ਨਿਕਲਦਾ ਹੈ ਕਿ ਪੈਦਾਵਾਰੀ ਦੇ ਸਾਰੇ ਸਾਧਨ ਅਤੇ ਕੁਦਰਤੀ ਸੋਮੇ ਮੁੱਠੀ ਭਰ ਸਾਮਰਾਜੀ ਸਰਮਾਏਦਾਰਾਂ ਦੀ ਨਹੀਂ ਸਗੋਂ ਸਮੁੱਚੀ ਮਨੁੱਖ ਜਾਤੀ ਦੀ ਸਮੂਹਿਕ ਮਲਕੀਅਤ ਹੋਣਗੇ)।…ਇਹ ਅਜ਼ਾਦੀ ਪੈਦਾਵਾਰ ਨਾਲ ਜੁੜਿਆ ਹੋਇਆ ਸਮਾਜੀ ਮਨੁੱਖ ਹੀ ਮਾਣ ਸਕੇਗਾ, ਜਿਹੜਾ ਕੁਦਰਤ ਨਾਲ ਆਪਣੇ ਤਾਲਮੇਲ ਨੂੰ ਤਰਕਸ਼ੀਲ ਢੰਗ ਨਾਲ ਇਕਸੁਰ ਕਰਦਾ ਹੋਇਆ ਕੁਦਰਤ ਦੀਆਂ ਅਣਦਿਸਦੀਆਂ ਸ਼ਕਤੀਆਂ ਅੱਗੇ ਲਿਫਣ ਦੀ ਬਜਾਏ ਉਨ੍ਹਾਂ ਨੂੰ ਸਾਂਝੇ ਕੰਟਰੋਲ ਹੇਠ ਲਿਆਵੇਗਾ ਅਤੇ ਇਸ ਦੀ ਪ੍ਰਾਪਤੀ ਮਨੁੱਖੀ ਸੁਭਾਅ ਦੇ ਅਨੁਕੂਲ ਘੱਟ ਤੋਂ ਘੱਟ ਸ਼ਕਤੀ ਖਰਚ ਕੇ ਕਰੇਗਾ।’’
ਮਾਰਕਸ ਅਨੁਸਾਰ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਇਹੋ ਜਿਹੀਆਂ ਬਾਹਰਮੁਖੀ ਹਾਲਤਾਂ ਪੈਦਾ ਹੋਈਆਂ ਹਨ ਜਦੋਂ ਮਨੁੱਖ ਸੁਚੇਤ ਰੂਪ ’ਚ ਜ਼ਿੰਦਗੀ ਜਿਉਣ ਦੇ ਕਾਬਲ ਹੋਇਆ ਹੈ। ਹੁਣ ਤੱਕ ਮਨੁੱਖ ਕੁਦਰਤ ਅਤੇ ਆਪਣੇ ਆਲੇ-ਦੁਆਲੇ ਦੀਆਂ ਤਾਕਤਾਂ ਦਾ ਗੁਲਾਮ ਬਣ ਕੇ ਅਚੇਤ ਰੂਪ ਵਿਚ ਹੀ ਜਿਉਂਦਾ ਆ ਰਿਹਾ ਹੈ। ਕਿਉਂਕਿ ਉਸਦੇ ਆਲੇ-ਦੁਆਲੇ ਨੂੰ ਘੜਣ-ਤਰਾਸ਼ਣ ਵਾਲੀਆਂ ਤਾਕਤਾਂ ਉਸ ਤੋਂ ਪਰਾਈਆਂ ਹਨ। ਇਨ੍ਹਾਂ ਨੇ ਮਨੁੱਖ ਦੀ ਸਾਲਮ ਮਨੁੱਖੀ ਤੇ ਸਮਾਜੀ ਹਸਤੀ ਨੂੰ ਗ੍ਰਹਿਣਿਆ ਹੋਇਆ ਹੈ। ਹੁਣ ਮਨੁੱਖ ਸੁਚੇਤ ਤੌਰ ਉਤੇ ਅਤੇ ਸਮੂਹਿਕ ਰੂਪ ਵਿਚ ਇਨ੍ਹਾਂ ਹਾਲਤਾਂ ਨੂੰ ਬਦਲ ਕੇ ਕੁਦਰਤ ਨਾਲ ਆਪਣੇ ਸਿੱਧੇ ਰਿਸ਼ਤੇ ਅਤੇ ਆਪਣੀਆਂ ਕੁਦਰਤੀ (ਪਦਾਰਥਕ ਤੇ ਰੂਹਾਨੀ ਦੋਵੇਂ ਤਰ੍ਹਾਂ ਦੀਆਂ) ਲੋੜਾਂ ਅਤੇ ਸਮੱਰਥਾਵਾਂ ਤੋਂ ਜਾਣੂ ਹੋ ਕੇ ਸਾਲਮ ਮਨੁੱਖੀ ਤੇ ਸਮਾਜੀ ਹਸਤੀ ਬਣ ਕੇ ਜ਼ਿੰਦਗੀ ਦੀ ਖੂਬਸੂਰਤੀ ਨੂੰ ਮਾਣਨ ਦੇ ਯੋਗ ਹੋਵੇਗਾ। ਹਜ਼ਾਰਾਂ ਸਾਲਾਂ ’ਚ ਅਰਜਿਤ ਕੀਤੀ ਮਨੁੱਖੀ ਸਿਆਣਪ ਦੇ ਗਿਆਨ ਨਾਲ ਆਪਣੇ ਇੰਦ੍ਰਿਆਵੀ ਜਜ਼ਬਿਆਂ ਨੂੰ ਕਾਬੂ ਵਿਚ ਰੱਖ ਕੇ (ਦਬਾਅ ਕੇ ਨਹੀਂ) ਜੀਵਨ ਜਿਉਣ ਦੀ ਜਾਂਚ ਸਿਖੇਗਾ ਅਤੇ ਇਕ ਪੂਰਨ ਸਮਾਜੀ ਹਸਤੀ ਹੋਣ ਕਰਕੇ ਕੁਦਰਤੀ ਆਫਤਾਂ ਦਾ ਟਾਕਰਾ ਸਮੂਹਿਕ ਰੂਪ ’ਚ ਕਰਨ ਦੇ ਯੋਗ ਬਣੇਗਾ। ਸਾਮਰਾਜੀ ਸਰਮਾਏਦਾਰੀ ਪ੍ਰਬੰਧ ਨੇ ਮਨੁੱਖ ਨੂੰ ਕੁਦਰਤ ਨਾਲੋਂ ਤੋੜ ਕੇ ਕਿਵੇਂ ਮਨੁੱਖ ਅਤੇ ਉਸ ਦੀ ਚੇਤਨਾ ਵਿਚ ਇਕ ਦੁਫੇੜ ਪੈਦਾ ਕਰ ਦਿੱਤੀ ਹੈ ਅਤੇ ਇਸ ਦੁਫੇੜ ਕਾਰਨ ਕਮਿਊਨਿਸਟ ਲਹਿਰ ਨੇ ਮਾਰਕਸ ਦੀ ਫਿਲਾਸਫੀ ਨੂੰ ਕਿਵੇਂ ਭੁਲਾ ਦਿੱਤਾ ਹੈ, ਇਹ ਇਕ ਵੱਖਰੀ ਲਿਖਤ ਦਾ ਮਸਲਾ ਹੈ।


67,ਸ਼ਕਤੀ ਨਗਰ, ਜਲੰਧਰ।

(ਅੱਜ ਦੀ ਆਵਾਜ਼ ਵਿਚੋਂ ਧੰਨਵਾਦ ਸਹਿਤ )


No comments:

Post a Comment