Saturday, October 30, 2010

ਇੱਕ ਸੱਚੀ ਕਹਾਣੀ-ਇਕ ਵੀਰਾਂਗਣਾ - ਸੰਤੋਖ ਸਿੰਘ ਧੀਰ

(ਇਸ ਕਹਾਣੀ ਦੀ ਨਾਇਕਾ ਪ੍ਰਸਿੱਧ ਲੇਖਕ ਗੁਰਮੁਖ ਸਿੰਘ ਮੁਸਾਫ਼ਰ ਦੀ ਧੀ ਸੀ, ਜਥੇਦਾਰਾਂ ਬਾਰੇ ਤੁਸੀਂ ਜਾਣਦੇ ਹੀ ਹੋ)


ਇਤਿਹਾਸ ਵਿਚ ਇਹੋ ਜਿਹੀਆਂ ਵੀਰਾਂਗਣਾਂ 'ਚ ਵੀ ਹੋਈਆਂ ਹਨ ਜੋ ਘੋੜਿਆਂ ਉਤੇ ਚੜ੍ਹੀਆਂ ਤੇ ਜੰਗ ਦੇ ਮੈਦਾਨ ਵਿੱਚ ਤਲਵਾਰਾਂ ਫੜਕੇ ਲੜੀਆਂ ਹਨ। ਪਰ ਉਹ ਇਕ ਇਹੋ ਜਿਹੀ ਸੂਰਬੀਰ ਵੀਰਾਂਗਣਾ ਸੀ ਜੋ ਯੁੱਧ ਦੇ ਮੈਦਾਨ ਵਿੱਚ ਤਲਵਾਰਾਂ ਫੜਕੇ ਨਹੀਂ ਸੀ ਲੜੀ, ਕੇਵਲ ਆਪਣੀ ਨੈਤਿਕਤਾ ਦੇ ਸ਼ਸਤਰ ਨਾਲ ਹੀ ਲੜੀ ਸੀ। ਲੜੀ ਕਿਸਦੇ ਨਾਲ ਸੀ? ਗ਼ੁੰਡਿਆਂ-ਮੁਸ਼ਟੰਡਿਆਂ ਦੀ ਬਰਛਿਆਂ-ਗੰਡਾਸਿਆਂ ਵਾਲੀ ਉਸ ਬੇਮੁਹਾਰ ਭੀੜ ਨਾਲ ਜੋ ਧਰਮ ਦੇ ਜਨੂੰਨ ਵਿੱਚ ਅੰਨ੍ਹੀ ਹੋਈ ਪਈ ਸੀ ਤੇ ਧਰਮ ਤੇ ਕੁਕਰਮ ਵਿੱਚ ਕੋਈ ਫ਼ਰਕ ਨਹੀਂ ਸੀ ਸਮਝਦੀ। ਲੋਕੀ ਵੀ ਹੈਰਾਨ ਸਨ-'ਕੌਣ ਹੈ ਇਹ ਦੈਵ-ਕੁੜੀ? ਬੜੀ ਦਲੇਰ ਲੜਕੀ ਹੈ-ਜਿਵੇਂ ਝਾਂਸੀ ਦੀ ਰਾਣੀ ਹੋਵੇ!' ਗ਼ੁੰਡੇ ਅਤੇ ਮੁਸ਼ਟੰਡੇ ਆਦਿ ਵੀ ਉਹਦੀ ਇਸ ਦਲੇਰੀ ਨੂੰ ਦੇਖ, ਚੁੱਪ ਜਿਹੇ ਹੋ ਗਏ ਸਨ। ਜਿਵੇਂ ਇਹ ਕੋਈ ਬੜੀ ਅਨੋਖੀ ਤੇ ਉੱਕਾ ਹੀ ਗ਼ੈਰ-ਕੁਦਰਤੀ ਜਿਹੀ ਘਟਨਾ ਵਾਪਰ ਗਈ ਹੋਵੇ। ਕਿਉਂਕਿ ਇਹ ਕੁਝ ਜਾਂ ਤਾਂ ਸਾਡੀਆਂ ਫ਼ਿਲਮਾਂ ਵਿੱਚ ਹੋ ਸਕਦਾ ਸੀ, ਜਾਂ ਜਾਸੂਸੀ ਨਾਵਲਾਂ ਵਿਚ। ਜੀਵਨ ਵਿੱਚ ਇਉਂ ਵਾਪਰ ਜਾਣਾ ਅਲੋਕਾਰ ਜਿਹੀ ਗੱਲ ਹੀ ਸੀ।
ਉਸਦਾ ਨਾਂ ਜਸਵੰਤ ਕੌਰ ਸੀ। ਵੀਹ ਕੁ ਵਰ੍ਹੇ ਦੀ ਉਮਰ ਸੀ ਉਹਦੀ। ਮੈਟਰਿਕ ਪਾਸ ਕਰਕੇ ਉਹ ਅੱਜਕਲ੍ਹ ਕਾਲਜ ਦੀਆਂ ਜਮਾਤਾਂ ਵਿੱਚ ਪੜ੍ਹ ਰਹੀ ਸੀ। ਉਸਦਾ ਪਿਤਾ ਅਕਾਲੀ ਸੀ ਜੋ ਕਿਸੇ ਸਮੇਂ ਅਕਾਲ ਤਖ਼ਤ ਦਾ ਜਥੇਦਾਰ ਵੀ ਰਿਹਾ ਸੀ ਤੇ ਫੇਰ ਮਗਰੋਂ ਨਹਿਰੂ-ਗਾਂਧੀ ਦੀ ਕਾਂਗਰਸ ਵਿੱਚ ਸ਼ਾਮਿਲ ਹੋ ਕੇ ਦੇਸ਼ ਦੀ ਆਜ਼ਾਦੀ ਲਈ ਸੰਗਰਾਮ ਕਰਨ ਲੱਗ ਪਿਆ ਸੀ। ਅੱਜ ਜਿਹਾ ਅਕਾਲੀ ਨਹੀਂ ਸੀ, ਨਾ ਹੀ ਅੱਜ ਜਿਹਾ ਕਾਂਗਰਸੀ। ਉਹ ਉਹੋ ਜਿਹਾ ਅਕਾਲੀ ਸੀ ਜਿਹੋ-ਜਿਹੇ ਅਕਾਲੀ ਉਦੋਂ, ਅਕਾਲੀ ਲਹਿਰ ਦੇ ਦਿਨਾਂ ਵਿੱਚ, ਸਿਰਾਂ ਉਤੇ ਕੱਫ਼ਣ ਬੰਨ੍ਹਕੇ ਹੱਸ ਗੋਲੀਆਂ ਖਾਂਦੇ ਤੇ 'ਸੀ' ਨਹੀਂ ਸਨ ਉਚਰਦੇ। ਉਹ ਕੁਠਾਲੀ ਵਿੱਚ ਪਏ ਹੋਏ ਸੋਨੇ ਜਿਹਾ ਅਕਾਲੀ ਸੀ ਤੇ ਨਹਿਰੂ-ਗਾਂਧੀ ਦੀ ਕਾਂਗਰਸ ਵਰਗਾ ਕੁੰਦਨ ਬਣਿਆ ਕਾਂਗਰਸੀ। ਭੁੱਖਾ ਮਰਿਆ, ਜੇਲ੍ਹਾਂ ਕੱਟੀਆਂ, ਨਾ ਉਹਨੇ ਅਕਾਲੀ ਲਹਿਰ ਦੀ ਪੱਗ ਨੂੰ ਦਾਗ਼ ਲੱਗਣ ਦਿੱਤਾ, ਨਾ ਕਾਂਗਰਸ ਦੇ ਦੁੱਧ-ਧੋਤੇ ਤੇ ਚੰਨ-ਚਿੱਟੇ ਖੱਦਰ ਨੂੰ। ਉਹ ਹੰਸ ਵਾਂਗ ਪਵਿੱਤਰ ਰਿਹਾ।
ਸ਼ਕਲ ਵੀ ਬਹੁਤ ਸੁਹਣੀ ਸੀ ਜਸਵੰਤ ਕੌਰ ਦੇ ਪਿਤਾ ਦੀ। ਗੋਰਾ ਰੰਗ, ਨੈਣ ਸੁੰਦਰ। ਪੋਠੋਹਾਰ ਸੀ ਉਹਦਾ ਵਤਨ। ਪੋਠੋਹਾਰ ਦੇ ਮਰਦ-ਔਰਤਾਂ ਹੁੰਦੇ ਹੀ ਬਹੁਤ ਸੁਹਣੇ ਹਨ। ਹਵਾ-ਪਾਣੀ ਤੇ ਫਲ-ਫਰੂਟ ਉਹਨਾਂ ਨੂੰ ਸੁਹਣੇ ਰੱਖਦੇ ਹਨ। ਬੁਢਾਪੇ ਵੇਲੇ ਜਦੋਂ ਪਿਤਾ ਦੇ ਵਾਲ ਸਫ਼ੈਦ ਹੋ ਗਏ ਸਨ ਤਾਂ ਖੁੱਲ੍ਹੀ ਤੇ ਚਿੱਟੀ ਦਾੜ੍ਹੀ ਨਾਲ ਉਹ ਇਉਂ ਜਾਪਦਾ ਹੁੰਦਾ ਸੀ ਜਿਵੇਂ ਉਹ ਕੋਈ ਫਰਿਸ਼ਤਾ ਹੋਵੇ। ਨਿਰਸੰਦੇਹ, ਉਹ ਸੋਭਾ ਸਿੰਘ ਦੀ ਗੁਰੂ ਨਾਨਕ ਦੀ ਉਸ ਤਸਵੀਰ ਵਰਗਾ ਸੀ ਜਿਹੜੀ ਉਹਨੇ ਬਹੁਤ ਮਗਰੋਂ, ਲਗਭਗ ਆਪਣੇ ਅੰਤਮ ਸਮੇਂ, ਬਿਨਾਂ ਏਕ-ਓਂਕਾਰ ਆਦਿ ਜਾਂ ਮਾਲਾ ਬਿਨਾਂ ਬਣਾਈ ਹੈ। ਆਮ ਕਲਾਕਾਰਾਂ ਵਾਂਗ, ਸੋਭਾ ਸਿੰਘ ਵੀ ਜੀਵਨ ਵਿਚੋਂ ਹੀ ਗੁਰੂ ਨਾਨਕ ਨੂੰ ਕਲਪਦਾ ਸੀ? ਕਲਾ, ਭਾਵੇਂ ਕੋਈ ਵੀ ਹੋਵੇ, ਧਰਾਤਲ ਉਸਦਾ ਸਦਾ ਹੀ ਯਥਾਰਥਕ ਜੀਵਨ ਹੁੰਦਾ ਹੈ।
ਕਵੀ ਵੀ ਸੀ ਉਸਦਾ ਪਿਤਾ। ਅਕਾਲੀ ਲਹਿਰ ਵੇਲੇ ਵੀ ਕਵਿਤਾਵਾਂ ਲਿਖਦਾ ਹੁੰਦਾ ਸੀ ਤੇ ਦੇਸ਼ ਦੀ ਆਜ਼ਾਦੀ ਲਈ ਸੰਗਰਾਮ ਕਰਨ ਵੇਲੇ ਵੀ। ਉਸਦੀਆਂ ਕਵਿਤਾਵਾਂ ਵਿੱਚ ਅੰਗਰੇਜ਼ੀ ਸਾਮਰਾਜ ਦੀ ਨਿਖੇਧੀ ਕੀਤੀ ਹੁੰਦੀ ਸੀ ਤੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਇੱਕ ਹੋ ਕੇ ਰਹਿਣ ਦਾ ਸੁਨੇਹਾ ਦਿੱਤਾ ਜਾਂਦਾ ਸੀ। ਉਦੋਂ ਵਿਸ਼ਾ ਹੀ ਇਹ ਸੀ। ਹਿੰਦੂ-ਮੁਸਲਮਾਨ ਵਾਲਾ ਵਿਸ਼ਾ ਤਾਂ ਸਗੋਂ ਪੱਕਾ ਹੀ ਸੀ। ਇਹ ਹੁਣ ਵੀ ਹੈ, ਉਦੋਂ ਵੀ ਸੀ। ਇਹ ਗੁਰੂ ਨਾਨਕ ਵੇਲੇ ਵੀ ਸੀ ਤੇ ਸੰਤ ਕਬੀਰ ਵੇਲੇ ਵੀ। ਕਬੀਰ ਸਾਹਿਬ ਰਾਮ-ਰਹੀਮ ਨੂੰ ਇਕੋ ਕਹਿੰਦੇ ਥੱਕ ਗਏ। ਗੁਰੂ ਨਾਨਕ ਨੇ ਇਸੇ ਕਾਰਨ ਆਪਣੇ ਆਪ ਨੂੰ "ਨਾ ਮੈਂ ਹਿੰਦੂ, ਨਾ ਮੁਸਲਮਾਨ" ਕਿਹਾ ਹੈ, ਪਰ ਭਾਰਤ ਮੰਨ ਹੀ ਨਹੀਂ ਰਿਹਾ। ਇਸ ਗੱਲੋਂ ਭਾਰਤ ਦਾ ਪਰਨਾਲਾ ਉਥੇ ਦਾ ਉਥੇ ਹੀ ਹੈ।
ਬੁਲਾਰਾ ਵੀ ਬਹੁਤ ਹੀ ਚੰਗਾ ਸੀ ਉਹ। ਉੱਚਾ, ਲੰਮਾ, ਸੁਹਣਾ ਕੱਦ। ਸਾਦ-ਮੁਰਾਦੀ ਬੋਲੀ ਵਿਚ ਜਦੋਂ ਬੋਲਦਾ, ਹਰ, ਕਿਸੇ ਨੂੰ ਆਪਣੇ ਨਾਲ ਜੋੜ ਲੈਂਦਾ। ਬੋਲੀ ਪੋਠੋਹਾਰੀ ਨਹੀਂ, ਰਲੀ-ਮਿਲੀ, ਲਾਹੌਰ-ਅੰਮ੍ਰਿਤਸਰ ਦੀ, ਕੇਂਦਰੀ ਹੁੰਦੀ ਸੀ। ਅਕਾਲੀ ਲਹਿਰ ਦੇ ਦਿਨਾਂ ਤੋਂ ਹੀ ਉਹ ਏਧਰ ਰਹਿਣ ਲੱਗ ਪਿਆ ਸੀ। ਅਕਾਲੀ ਲਹਿਰ ਦਾ ਕੇਂਦਰ ਕਿਉਂਕਿ ਅੰਮ੍ਰਿਤਸਰ ਹੁੰਦਾ ਸੀ ਤੇ ਰਾਜਧਾਨੀ ਹੋਣ ਕਾਰਨ, ਰਾਜਨੀਤਕ ਲਹਿਰ ਦਾ ਗੜ੍ਹ, ਪੰਜਾਬ ਦਾ, ਲਾਹੌਰ ਸੀ। ਸੋ, ਉਸਦੀ ਬੋਲੀ ਬੜੀ ਹੀ ਸੁਹਣੀ ਕੇਂਦਰੀ ਪੰਜਾਬੀ ਸੀ। ਲਿਖਣ ਦੀ ਵੀ ਤੇ ਬੋਲਣ ਦੀ ਵੀ। ਕਿਤੇ-ਕਿਤੇ ਪੋਠੋਹਾਰੀ ਦੇ ਲਫ਼ਜ਼ ਵੀ ਉਹ ਵਰਤਦਾ, ਪਰ ਉਹ ਬੜੇ ਹੀ ਸੁਹਣੇ ਲਗਦੇ ਤੇ ਕਿਤੇ-ਕਿਤੇ ਹੀ ਹੋਣ ਕਾਰਨ, ਕੇਂਦਰੀ ਪੰਜਾਬੀ ਵਿੱਚ, ਉਹ ਹੀਰਿਆਂ ਵਾਂਗੂੰ ਦਮਕਦੇ।
ਕੇਵਲ ਪਿਤਾ ਹੀ ਨਹੀਂ ਸੀ, ਮਾਤਾ ਵੀ ਜਸਵੰਤ ਕੌਰ ਦੀ ਬੜੇ ਹੀ ਉੱਚ-ਆਚਰਣ ਦੀ ਤੇ ਬੜਾ ਹੀ ਸਿਦਕੀ ਜੀਵ ਸੀ। ਜਿਵੇਂ ਪਤੀ ਨਿੱਤ-ਦਿਹਾੜੀ ਜੇਲ੍ਹੀਂ ਤੁਰਿਆ ਰਹਿੰਦਾ ਸੀ, ਸਿਦਕਵਾਨ ਨਾ ਹੁੰਦੀ ਤਾਂ ਗੁਜ਼ਰ ਕਿਵੇਂ ਹੋ ਸਕਦੀ ਸੀ? ਪਰ, ਪੁੱਤਰੀ ਨੂੰ ਪ੍ਰਭਾਵਿਤ ਬਹੁਤਾ ਪਿਤਾ ਨੇ ਹੀ ਕੀਤਾ ਸੀ। ਜਦੋਂ ਕਦੇ ਘਰ ਹੁੰਦਾ, ਪਿਤਾ, ਆਪਣੀ ਪੁੱਤਰੀ ਨੂੰ, ਗੁਰੂਆਂ ਦੇ ਹਵਾਲੇ ਦੇ-ਦੇ ਚੰਗੀ ਸਿੱਖਿਆ ਦਿੰਦਾ ਰਹਿੰਦਾ:
"ਗੁਰੂ ਅਰਜਨ ਦੇਵ ਤੱਤੀ ਤਵੀ ਉਤੇ ਬੈਠੇ ਹਨ, ਤਵੀ ਨੂੰ ਸ਼ਾਂਤ ਕਰਨ ਲਈ। ਇਹ ਤਵੀ ਜ਼ੁਲਮ ਅਤੇ ਜਬਰ ਨਾਲ ਤਪ ਰਹੀ ਹੈ। ਗੁਰੂ ਨੇ ਕੁਰਬਾਨੀ ਦਿੱਤੀ। ਤੱਤੀ ਤਵੀ ਸ਼ਾਂਤ ਹੋਈ। ਇਸੇ ਤਰ੍ਹਾਂ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਹਨ। ਦੀਨਾਂ ਅਤੇ ਦੁਖੀਆਂ ਲਈ ਸਿਰ ਕਟਵਾ ਦਿੰਦੇ ਹਨ। ਜਬਰ ਨੂੰ ਠਲ੍ਹ ਪੈ ਜਾਂਦੀ ਹੈ। ਭਾਵੇਂ ਥੋੜ੍ਹੀਂ ਬਹੁਤੀ ਹੀ।
"ਸ੍ਰੀ ਗੁਰੂ ਗੋਬਿੰਦ ਸਿੰਘ ਸਰਬੰਸ ਨੂੰ ਵਾਰ ਦਿੰਦੇ ਹਨ, ਦੇਸ਼ ਲਈ, ਕੌਮ ਲਈ, ਕੁਚਲਿਆਂ-ਲਤਾੜਿਆਂ ਲਈ। ਤੇ ਫੇਰ ਹੁਕਮ ਕਰਦੇ ਹਨ,'ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ।' ਇਸ ਲਈ, ਬੇਟਾ, ਮਾਨਸ ਕੀ ਜਾਤ ਸਾਨੂੰ ਇਕੋ ਸਮਝਣੀ ਚਾਹੀਦੀ ਹੈ। ਹਿੰਦੂ ਹੋਵੇ, ਮੁਸਲਮਾਨ, ਸਭ ਨੂੰ ਇਕ ਜਾਨਣਾ ਹੈ। ਊਚ-ਨੀਚ ਵੀ ਕੋਈ ਨਹੀਂ। ਗੁਰੂ ਜੀ ਨੇ ਭਾਈ ਜੈਤੇ ਨੂੰ ਆਪਣੇ ਗਲ ਨਾਲ ਲਾਇਆ ਹੈ । ਰੰਗ ਰੇਟੇ, ਗੁਰ ਕੇ ਬੇਟੇ। ਭਾਵੇਂ ਉਹ ਅਖਾਉਤੀ ਜਿਹੀ ਨੀਵੀਂ ਜਾਤੀ ਵਿਚੋਂ ਸੀ। ਇਹ ਉੱਚੀਆਂ ਅਤੇ ਨੀਵੀਆਂ ਜਾਤੀਆਂ ਸਾਰੀਆਂ ਹੀ ਅਖਾਉਤੀ ਹਨ। ਸਾਡੀਆਂ ਹੀ ਬਣਾਈਆਂ ਹੋਈਆਂ। ਨਾ ਇਹਨਾਂ ਨੂੰ ਗੁਰੂ ਨਾਨਕ ਦੇਵ ਮਾਨਤਾ ਦਿੰਦੇ ਹਨ, ਨਾ ਗੁਰੂ ਗੋਬਿੰਦ ਸਿੰਘ। ਸੋ ਅਸੀਂ, ਬੇਟੀ ਗੁਰੂਆਂ ਦੀ ਹੀ ਸਿੱਖਿਆ ਉਤੇ ਚੱਲਣਾ ਹੈ। ਭਾਵੇਂ ਲੋਕੀ ਕੁਝ ਪਏ ਕਹਿਣ। ਉਹ ਤਾਂ 'ਅੰਨ੍ਹੀ ਰਈਅਤ' ਹਨ। ਮੂਰਖ! ਗੰਵਾਰ।"
"ਬਾਪੂ ਜੀ, ਸਿੱਖਾਂ ਵਿੱਚ ਵੀ ਜਾਤ-ਪਾਤ ਬਹੁਤ ਹੈ। ਕੋਈ ਜੱਟ, ਕੋਈ ਚਮਾਰ। ਕੋਈ ਪਹਿਲੇ ਪੌੜੇ ਵਾਲਾ, ਕੋਈ ਚੌਥੇ ਪੌੜੇ ਵਾਲਾ...."
"ਬ੍ਰਾਹਮਣਵਾਦ ਦੀ ਘੁਸਪੈਠ ਹੈ ਸਿੱਖੀ ਵਿੱਚ ਇਹ ਧੀ ਰਾਣੀ। ਬੜਾ ਭੈੜਾ ਹੈ ਬ੍ਰਾਹਮਣਵਾਦ। ਇਹਨੇ ਤਾਂ ਮਹਾਤਮਾ ਬੁੱਧ ਨੂੰ ਉਲਟ-ਪੁਲਟ ਕਰ ਦਿੱਤਾ ਹੈ। ਮਹਾਤਮਾ ਬੁੱਧ ਵੀ ਜ਼ਾਤ-ਪਾਤ ਦੀ ਸੰਸਥਾ ਦੇ ਵਿਰੁੱਧ ਸੀ। ਪਰ ਅੱਜ ਉਹਦਾ ਵੱਖਰਾਪਣ ਕਿਸੇ ਪਾਸੇ ਰਿਹਾ ਹੀ ਨਹੀਂ। ਚਲੋ, ਭਾਵੇਂ ਕੁਝ ਵੀ ਹੋਵੇ, ਅਸੀਂ ਆਪਣੇ ਗੁਰੂਆਂ ਦੇ ਹੀ ਹੁਕਮ ਦੀ ਪਾਲਣਾ ਕਰਨੀ ਹੈ। ਉਹਨਾਂ ਦੇ ਬੋਲ ਸੋਨੇ ਵਿੱਚ ਮੜ੍ਹਾ ਕੇ ਰੱਖਣ ਵਾਲੇ ਹਨ।"
ਸਕੂਲੀ-ਕਾਲਜੀ ਵਿੱਦਿਆ ਵੀ ਉਹ ਭਾਵੇਂ ਪੜ੍ਹ ਹੀ ਰਹੀ ਸੀ, ਪਰ ਅਸਲੀ ਵਿੱਦਿਆ ਇਹ ਸੀ ਜੋ ਉਸਦੇ ਮਾਤਾ-ਪਿਤਾ ਵਲੋਂ ਉਹਨੂੰ ਦਿੱਤੀ ਜਾ ਰਹੀ ਸੀ। ਇਸ, ਅਸਲੀ ਵਿੱਦਿਆ ਨੇ ਹੀ, ਬਹੁਤਾ, ਉਹਦੇ ਚਰਿੱਤਰ ਦੇ ਨਿਰਮਾਣ ਵਿੱਚ ਹਿੱਸਾ ਪਾਇਆ ਸੀ।
ਇਸਤੋਂ ਬਿਨਾਂ ਕੁਦਰਤ ਵਲੋਂ ਬਖ਼ਸ਼ਿਆ ਉਸਦਾ ਆਪਾ ਵੀ ਸੀ ਜੋ ਉਹਨੂੰ ਉੱਚੀਆਂ ਸੋਚਾਂ ਅਤੇ ਕਰਨੀਆਂ ਵੱਲ ਲੈ ਗਿਆ ਸੀ। ਨਹੀਂ ਤਾਂ ਉਹ ਵੀ ਲੋਕ ਹਨ ਜਿਨ੍ਹਾਂ ਨੂੰ ਚੰਗੀਆਂ ਜਾਂ ਉੱਚੀਆਂ ਗੱਲਾਂ ਪੋਂਹਦੀਆਂ ਹੀ ਨਹੀਂ ਹਨ। ਪੱਥਰ ਉੱਤੇ ਪਾਣੀ ਪਿਆ ਅਰਥ ਹੀ ਕੀ ਰੱਖਦਾ ਹੈ? ਗੰਨੇ ਅਤੇ ਅੱਕ ਦੇ ਸੁਭਾ ਦੀ ਮਿਸਾਲ ਹੈ। ਧਰਤੀ ਉਹੀਓ ਹੁੰਦੀ ਹੈ, ਪਰ ਗੰਨਾ ਉਸੇ ਧਰਤੀ ਤੋਂ ਮਿਠਾਸ ਪ੍ਰਾਪਤ ਕਰਦਾ ਹੈ, ਅੱਕ ਕੁੜਿੱਤਣ। ਸੋ ਉਸਦੇ ਆਪਣੇ ਆਪੇ ਦੀ ਵੀ ਇਸ ਵਿੱਚ ਵਡਿਆਈ ਸੀ-ਉਸਦੇ ਆਪਣੇ ਬੜੇ ਹੀ ਚੰਗੇ ਗੰਗਾ ਦੇ ਨੀਰ ਜਿਹੇ ਹਿਰਦੇ ਦੀ।
ਪਾਕਿਸਤਾਨ ਬਣਨ ਵੇਲੇ ਦੇ ਕਾਲੇ ਦਿਨਾਂ ਦੀ ਗੱਲ ਹੈ ਇਹ। ਅੰਮ੍ਰਿਤਸਰ ਸ਼ਹਿਰ ਵਿੱਚ, ਮੁਸਲਮਾਨ ਨੌਜਵਾਨ ਕੁੜੀਆਂ ਅਤੇ ਔਰਤਾਂ ਨੂੰ, ਅਲਫ਼ ਨੰਗੀਆਂ ਕਰਕੇ, ਇਕ ਜਲੂਸ ਦੀ ਸ਼ਕਲ ਵਿੱਚ, ਗਲੀਆਂ ਅਤੇ ਬਾਜ਼ਾਰਾਂ ਵਿਚੋਂ ਤੋਰਿਆ ਜਾ ਰਿਹਾ ਸੀ। ਦੋ ਅਕਾਲੀ ਜਥੇਦਾਰ ਇਸ ਜਲੂਸ ਦੇ ਮੁਖੀ ਸਨ ਜੋ ਇਸ ਜਲੂਸ ਦੇ ਦੋਵੇਂ ਪਾਸੇ ਨਾਲੋ-ਨਾਲ ਚੱਲ ਰਹੇ ਸਨ ਤੇ ਦੋਹਾਂ ਦੇ ਹੀ ਹੱਥਾਂ ਵਿੱਚ ਬਰਛੇ ਫੜੇ ਹੋਏ ਸਨ। ਇਹ ਅਕਾਲੀ ਜਥੇਦਾਰ ਕਿਸੇ ਸਮੇਂ ਜਸਵੰਤ ਕੌਰ ਦੇ ਪਿਤਾ ਦੇ ਸਾਥੀ ਹੁੰਦੇ ਸਨ ਜਦੋਂ ਉਹ ਸਭ ਅਕਾਲੀ ਦਲ ਵਿੱਚ ਕੰਮ ਕਰਦੇ ਹੁੰਦੇ ਸਨ। ਬੰਦੇ ਕਾਫ਼ੀ ਚੰਗੇ ਸਨ, ਪਰ ਅੱਜ ਕੁਝ ਹਵਾਵਾਂ ਹੀ ਅਜਿਹੀਆਂ ਝੁੱਲ ਪਈਆਂ ਸਨ ਕਿ ਉਹ ਚੰਗੇ ਰਹਿ ਨਾ ਸਕੇ ਤੇ ਮਾਣਸ ਤੋਂ ਦੇਵਤੇ ਬਣਨ ਦੀ ਥਾਂ ਮਾਣਸ ਤੋਂ ਰਾਖਸ਼ ਬਣ ਗਏ। ਉਹਨਾਂ ਨੂੰ ਨਹੀਂ ਸੀ ਪਤਾ, ਉਹ ਕਿੰਨੇ ਗ਼ਲਤ ਹੋ ਚੁੱਕੇ ਹਨ। ਉਹ ਤਾਂ ਆਪਣੇ ਆਪ ਨੂੰ ਸਗੋਂ ਬੜੇ ਹੀ ਠੀਕ ਰਸਤੇ ਉਤੇ ਤੁਰਦਾ ਸਮਝ ਰਹੇ ਸਨ, ਅਤੇ ਇਸ ਜਲੂਸ ਦੇ ਉਹ ਇਉਂ ਨਾਲ ਜਾ ਰਹੇ ਸਨ ਜਿਵੇਂ ਉਹ ਕੋਈ ਬੜਾ ਹੀ ਚੰਗਾ ਤੇ ਨੇਕ ਕੰਮ ਕਰ ਰਹੇ ਹੋਣ। ਉਹਨਾਂ ਦੀ ਸਮਝ ਇਹ ਸੀ ਕਿ ਜਿਹੜੇ ਜਬਰ, ਗੁਰੂਆਂ ਉੱਤੇ, ਮੁਗ਼ਲ ਬਾਦਸ਼ਾਹਾਂ ਵਲੋਂ ਢਾਹੇ ਜਾਂਦੇ ਰਹੇ ਹਨ, ਉਹਨਾਂ ਦਾ, ਸਭ ਦਾ, ਬਦਲਾ ਉਹ ਅੱਜ ਇਉਂ ਲੈ ਰਹੇ ਹਨ। ਅਤੇ, ਉਹ ਹੱਕ-ਬਜਾਨਬ ਹਨ।
ਇਹ ਕਹਿਣ ਦੀ ਲੋੜ ਨਹੀਂ ਕਿ ਆਪਣੇ ਨਿੱਤ ਦੇ ਜੀਵਨ ਵਿੱਚ ਇਹ ਜਥੇਦਾਰ ਪੂਰੀ-ਪੂਰੀ ਮਰਿਆਦਾ ਪਾਲਣ ਵਾਲੇ ਸਨ। ਅਕਾਲੀ ਦਲ ਦੇ ਆਗੂਆਂ ਲਈ ਪੂਰੀ-ਪੂਰੀ ਰਹਿਤ-ਮਰਿਆਦਾ ਦਾ ਪਾਲਣ ਬੜਾ ਜ਼ਰੂਰੀ ਹੈ। ਰੋਜ਼ ਪਾਠ ਕਰਦੇ ਤੇ ਸਿਮਰਨਾ ਵੀ ਫੇਰਦੇ। ਪਾਠਾਂ ਦੇ ਕੁਝ ਸਮੇਂ ਹਨ। ਕਦੇ ਜਪੁਜੀ, ਕਦੇ ਰਹਿਰਾਸ, ਕਦੇ ਕੀਰਤਨ ਸੋਹਿਲਾ ਆਦਿ। ਪਰ ਇਹ ਬਿਨਾਂ ਸਮੇਂ ਦੇ ਵੀ ਪਾਠ ਕਰਦੇ ਰਹਿੰਦੇ ਸਨ। ਵਿਹਲ ਹੈ ਤਾਂ ਇਹ ਸਮਾਂ ਅਜਾਈਂ ਕਿਉਂ ਬਿਤਾਇਆ ਜਾਵੇ? ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਕਿਉਂ ਨਾ ਜਪਿਆ ਜਾਵੇ,ਜਿਸਨੂੰ ਨਾਨੂੰ ਸਾਸ-ਗ੍ਰਾਸ ਚੇਤੇ ਰੱਖਣਾ ਚਾਹੀਦਾ ਹੈ? ਸੋ ਉਹ ਬਿਨਾਂ ਸਮੇਂ ਦੇ ਵੀ ਪਾਠ ਕਰਨ ਲੱਗ ਜਾਂਦੇ ਤੇ ਆਪਣਾ ਜੀਵਨ ਸਫਲ ਕਰਦੇ। ਪੈਰੋਕਾਰਾਂ ਉੱਤੇ ਵੀ ਇਸਦਾ ਬੜਾ ਹੀ ਚੰਗਾ ਪ੍ਰਭਾਵ ਪੈਂਦਾ। ਉਹਨਾਂ ਲਈ ਉਹ ਇਕ ਨਮੂਨੇ ਦੇ ਆਗੂ ਸਿੱਧ ਹੋ ਜਾਂਦੇ ਸਨ।
ਦੋਵੇਂ, ਆਪਣੀ ਪਾਰਟੀ ਵਿੱਚ ਧੜੱਲੇਦਾਰ ਆਗੂ ਸਨ। ਇਕ ਦਾ ਨਾਂ ਉਸਦੇ ਪਿੰਡ ਦੇ ਨਾਂ ਨਾਲ ਲਿਆ ਜਾਂਦਾ ਸੀ, ਦੂਜੇ ਦਾ ਇਲਾਕੇ ਨਾਲ। ਇਲਾਕੇ ਦਾ ਨਾਂ ਮਾਝਾ ਸੀ। ਦੋਹਾਂ ਦੇ ਪਿੰਡ ਅੰਮ੍ਰਿਤਸਰ ਦੇ ਲਾਗੇ-ਚਾਗੇ ਹੀ ਪੈਂਦੇ ਸਨ।
ਦੋਵੇਂ, ਆਪਣੀ ਪਾਰਟੀ ਵਿੱਚ ਚੰਗੇ ਰੁਤਬੇ ਵਾਲੇ ਵੀ ਸਨ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੇ ਅਹੁਦੇ ਤੱਕ ਵੀ ਕਰੇ ਨਾ ਕਦੇ ਪਹੁੰਚੇ ਸਨ। ਨਹੀਂ ਤਾਂ ਦੋਵੇਂ ਇਸ ਅਹੁਦੇ ਤਕ ਪਹੁੰਚ ਸਕਣ ਦੇ ਯੋਗ ਸਨ।
ਅੱਗੇ ਜਾ ਕੇ ਇਹ ਦੋਵੇਂ ਆਗੂ ਵੀ ਕਾਂਗਰਸ ਵਿੱਚ ਮਿਲ ਗਏ ਸਨ। ਇੱਕ, ਜਿਸਦੇ ਨਾਂ ਨਾਲ ਇਲਾਕੇ ਦਾ ਨਾਂ ਲਗਦਾ ਸੀ, ਕਾਂਗਰਸ ਸਰਕਾਰ ਵੇਲੇ, ਕੁਝ ਕੁ ਸਮਾਂ, ਪੰਜਾਬ ਦੇ ਮੰਤਰੀ-ਮੰਡਲ ਵਿੱਚ ਵੀ ਰਿਹਾ ਸੀ। ਪੁਰਾਣਾ ਦਸਵੀਂ ਪਾਸ ਸੀ। ਪੁਰਾਣੀ ਦਸਵੀਂ ਅੱਜਕਲ੍ਹ ਦੀਆਂ ਵੀਹਾਂ ਵਰਗੀ ਹੁੰਦੀ ਸੀ। ਸਗੋਂ ਚਾਲੀਆਂ ਵਰਗੀ ਹੀ।
ਜਲੂਸ ਵਿੱਚ ਚੱਲ ਰਹੀਆਂ ਕੁੜੀਆਂ ਅਤੇ ਔਰਤਾਂ ਨੂੰ ਧਰਤੀ ਵਿਹਲ ਨਹੀਂ ਦਿੰਦੀ ਸੀ। ਉਹਨਾਂ ਦੇ ਨੰਗੇ ਜਿਸਮਾਂ ਵੱਲ ਮਰਦ-ਭੀੜ ਦੀਆਂ ਲਾਲਚੀ ਅੱਖਾਂ ਇਕ ਟੱਕ ਤੱਕ ਰਹੀਆਂ ਸਨ ਤੇ ਉਸ ਪਾਸਿਓਂ ਇਕ ਛਿਨ ਵੀ ਹਟਣਾ ਨਹੀਂ ਸਨ ਚਾਹੁੰਦੀਆਂ। ਨੌਜਵਾਨ ਕੁੜੀਆਂ ਅਤੇ ਔਰਤਾਂ ਦੇ ਨੰਗੇ ਅਤੇ ਗੋਰੇ-ਗੋਰੇ ਨਸੂੜੀਆਂ ਜਿਸਮ ਉਹਨਾਂ ਅੱਖਾਂ ਨੂੰ ਦੇਖ-ਦੇਖਕੇ ਰੱਜ ਨਹੀਂ ਆ ਰਿਹਾ ਸੀ। ਉਹ ਦੇਖਦੇ ਤੇ ਚਾਂਭਲਦੇ ਤੇ "ਹਾਏ-ਹਾਏ" ਵੀ ਆਖਦੇ। ਕੁੜੀਆਂ ਆਪਣੇ ਹੱਥਾਂ ਨਾਲ ਕਦੇ ਸ਼ਰਮਾਂ ਢੱਕਦੀਆਂ ਤੇ ਕਦੇ ਛਾਤੀਆਂ ਢੱਕਦੀਆਂ। ਪਰ ਬਰਛਿਆਂ ਦੀਆਂ ਨੋਕਾਂ ਨਾਲ ਉਹਨਾਂ ਦੇ ਹੱਥ ਹਟਾਏ ਜਾਂਦੇ, "ਹਾਂ, ਹੁਣ ਸ਼ਰਮ ਆਉਂਦੀ ਐ। ਪਾਕਿਸਤਾਨ ਮੰਗਿਆ ਸੀ, ਦੇਖੋ ਹੁਣ ਥੋੜਾ ਜਿਹਾ ਸੁਆਦ ਪਾਕਿਸਤਾਨ ਦਾ!"
ਜਥੇਦਾਰ, ਭੀੜ ਨੂੰ, ਜਲੂਸ ਨਾਲ ਚੱਲਣ ਦੀ ਤੇ ਰੱਜ-ਰੱਜ ਕੇ ਦੇਖਣ ਦੀ ਹੀ ਆਗਿਆ ਦੇ ਰਹੇ ਸਨ, ਜਾਂ ਮਜ਼ਾਕ ਕਰਨ ਦੀ ਵੀ, ਪਰ ਛੇੜ-ਛਾੜ ਕਰਨ ਦੀ ਜਾਂ ਕਿਸੇ ਨੂੰ ਹੱਥ ਲਾਉਣ ਦੀ ਇਜਾਜ਼ਤ ਨਹੀਂ ਸਨ ਦੇ ਰਹੇ। ਇਉਂ ਤਾਂ ਭਗਦੜ ਮਚ ਜਾਂਦੀ। ਭੀੜ ਟੁੱਟ ਪੈਂਦੀ ਤੇ ਬੋਟੀ-ਬੋਟੀ ਨੋਚ ਲੈਂਦੀ। ਹਾਂ, ਦੇਖਣਾ ਠੀਕ ਸੀ। ਲੋਕਾਂ ਦੇ ਦੇਖਣ ਲਈ ਹੀ ਤਾਂ, ਤੇ ਉਹਨਾਂ ਨੂੰ ਸ਼ਰਮਾਉਣ ਲਈ, ਉਹਨਾਂ ਨੂੰ ਨੰਗੀਆਂ ਕਰਕੇ ਜਲੂਸ ਕਢਿਆ ਗਿਆ ਸੀ।
ਚਾਰ ਮਹਾਨ ਗੁਰੂਆਂ ਦੀ ਇਹ ਵਰੋਸਾਈ ਧਰਤੀ ਸੀ ਤੇ ਚਾਰਾਂ ਦੀ ਹੀ ਚਰਨ-ਛੁਹ ਇਸ ਧਰਤੀ ਨੂੰ ਪ੍ਰਾਪਤ ਸੀ। ਸ੍ਰੀ ਗੁਰੂ ਰਾਮਦਾਸ, ਸ੍ਰੀ ਗੁਰੂ ਅਰਜਨ ਦੇਵ, ਸ੍ਰੀ ਗੁਰੂ ਹਰਿਗੋਬਿੰਦ ਤੇ ਸ੍ਰੀ ਗੁਰੂ ਤੇਗ਼ ਬਹਾਦਰ। ਪਰ, ਇਸ ਗੁਰੂ ਦੀ ਨਗਰੀ ਵਿੱਚ....
ਏਥੇ, ਅੰਮ੍ਰਿਤਸਰ ਵਿੱਚ, ਜਲ੍ਹਿਆਂਵਾਲਾ ਬਾਗ਼ ਵੀ ਸੀ ਜਿਥੇ ਹਿੰਦੂ ਤੇ ਮੁਸਲਮਾਨ ਦਾ ਸਾਂਝਾ ਖ਼ੂਨ ਡੁਲ੍ਹਿਆ ਸੀ। ਜਲ੍ਹਿਆਂਵਾਲਾ ਬਾਗ਼ ਦਾ ਹੀਰੋ ਡਾ. ਸਤਯਪਾਲ ਵੀ ਸੀ ਤੇ ਸੈਫ਼-ਉ-ਦੀਨ ਕਿਚਲੂ ਵੀ। ਜਲ੍ਹਿਆਂਵਾਲਾ ਬਾਗ਼ ਦਾ ਲਹੂ ਅਜੇ ਸੁੱਕਿਆ ਨਹੀਂ ਸੀ।
ਮੁਸਲਮਾਨ ਕੁੜੀਆਂ ਅਤੇ ਔਰਤਾਂ ਦੇ ਇਸ ਜਲੂਸ ਦਾ ਸਾਰੇ ਸ਼ਹਿਰ ਨੂੰ ਪਤਾ ਸੀ। ਬਹੁਤ ਲੋਕ ਇਹਨੂੰ ਬਹੁਤ ਮਾੜਾ ਵੀ ਕਹਿ ਰਹੇ ਸਨ, ਪਰ ਉਹ ਸਾਰੇ ਬੇਵਸ ਸਨ। ਭੂਤਰੇ ਹੋਏ ਲੋਕਾਂ ਅੱਗੇ ਕੋਈ ਵੀ ਬੋਲਦਾ ਨਹੀਂ ਸੀ। ਪੁਲਿਸ- ਫ਼ੌਜ ਵੀ ਇਹਨਾਂ ਲੋਕਾਂ ਨੂੰ ਕੁਝ ਨਹੀਂ ਸੀ ਆਖਦੀ। ਉਹ ਵੀ ਸਗੋਂ ਇਹਨਾਂ ਲੋਕਾਂ ਦੇ ਨਾਲ ਹੀ ਮਿਲੀ ਹੋਈ ਸੀ ਤੇ ਇਹਨਾਂ ਨੂੰ ਠੀਕ ਸਮਝਦੀ। ਉਧਰ, ਪਾਕਿਸਤਾਨ ਵਿੱਚ ਵੀ, ਇਹੋ ਕੁਝ ਹੋ ਰਿਹਾ ਸੀ। ਦੋਵੇਂ ਪਾਸੇ ਇਕੋ ਤਰ੍ਹਾਂ ਦੀ ਖੇਡ ਖੇਡੀ ਜਾ ਰਹੀ ਸੀ।
ਜਸਵੰਤ ਕੌਰ ਇਸ ਸਮੇਂ ਘਰ ਵਿੱਚ ਬੈਠੀ ਹੋਈ ਸੀ। ਉਹਨੂੰ ਪਤਾ ਲੱਗਾ ਤਾਂ ਉਹਨੂੰ ਬਹੁਤ ਦੁੱਖ ਹੋਇਆ। ਇਸ ਸਮੇਂ ਜਲੂਸ ਹਾਲ ਬਾਜ਼ਾਰ ਵਿੱਚ ਆ ਗਿਆ ਸੀ। ਉਹ ਸ਼ੀਹਣੀ ਵਾਂਗੂੰ ਉੱਠੀ ਤੇ ਲਪਕਦੀ, ਛਲਾਂਗਾਂ ਮਾਰਦੀ, ਹਾਲ ਬਾਜ਼ਾਰ ਵੱਲ ਚੱਲ ਪਈ,ਜਿਵੇਂ ਕਦੇ ਮਾਈ ਭਾਗੋ ਗੁੱਸਾ ਖਾ ਕੇ ਉੱਠੀ ਤੇ ਸ਼ੀਹਣੀ ਵਾਂਗੂੰ ਗਰਜਦੀ ਮੈਦਾਨ ਵੱਲ ਚੱਲ ਪਈ ਸੀ ਤੇ ਕਾਇਰਾਂ ਅਤੇ ਬੁਜ਼ਦਿਲਾਂ ਨੂੰ ਲਾਅਣਤਾਂ ਪਾ ਰਹੀ ਸੀ। ਲਗਭਗ ਉਸੇ ਤਰ੍ਹਾਂ ਹੀ ਜਸਵੰਤ ਕੌਰ ਆਈ ਸੀ ਜੋ ਅੱਜ ਦੀ ਮਾਈ ਭਾਗੋ ਵੀ ਸੀ ਤੇ ਅੱਜ ਵੀ ਰਾਣੀ ਝਾਂਸੀ ਵੀ। ਜਸਵੰਤ ਕੌਰ ਦਾ ਚਲਨ ਉਹਨਾਂ ਤੋਂ ਕਿਵੇਂ ਵੀ ਘੱਟ ਨਹੀਂ ਸੀ।
ਜਸਵੰਤ ਕੌਰ ਅਲਫ਼ ਨੰਗੀਆਂ ਕੁੜੀਆਂ ਅਤੇ ਔਰਤਾਂ ਦੇ ਜਲੂਸ ਦੇ ਅੱਗੇ ਜਾ ਖਲੋਈ ਤੇ ਮੱਥੇ ਵਿੱਚ ਵੱਟ ਪਾ ਕੇ ਦੋਵੇਂ ਜਥੇਦਾਰਾਂ ਨੂੰ ਬੋਲੀ:
"ਚਾਚਾ ਜੀ! ਗੱਲ ਸੁਣੋ!! ਯਾ ਤਾਂ ਇਹਨਾਂ ਸਾਰੀਆਂ ਨੂੰ ਕੱਪੜੇ ਪਹਿਨਾ ਦਿਓ, ਨਹੀਂ ਤਾਂ ਮੈਂ ਆਪ ਆਪਣੇ ਕੱਪੜੇ ਉਤਾਰਾਂਗੀ ਤੇ ਇਹਨਾਂ ਵਾਂਗ ਹੀ, ਨੰਗੀ ਹੋਕੇ, ਇਹਨਾਂ ਦੇ ਨਾਲ ਚੱਲਾਂਗੀ। ਤੁਸੀਂ ਮੇਰਾ ਨੰਗ ਦੇਖਣਾ। ਆਪਣੀ ਧੀ ਦਾ ਨੰਗ ਦੇਖਣਾ।"
ਜਥੇਦਾਰਾਂ ਨੂੰ ਇਸ ਗੱਲ ਦਾ ਖ਼ਾਬ-ਖ਼ਿਆਲ ਵੀ ਨਹੀਂ ਸੀ ਕਿ ਕੋਈ ਉਹਨਾਂ ਨੂੰ ਇਉਂ ਆ ਕੇ ਰੋਕ ਜਾਂ ਟੋਕ ਵੀ ਸਕਦਾ ਸੀ। ਉਹ ਥੋੜਾ ਜਿਹਾ ਹੈਰਾਨ ਹੋਏ। ਕੋਈ ਹੋਰ ਹੁੰਦਾ, ਭਾਵੇਂ ਉਹ ਕੋਈ ਵੀ ਕਿਉਂ ਨਾ ਹੁੰਦਾ, ਉਹਨਾਂ ਅੱਗੇ ਇਉਂ ਖਲੋਕੇ ਬਿਸਕ ਵੀ ਨਹੀਂ ਸਕਦਾ ਸੀ। ਮੁਲਕ ਵਿੱਚ ਨਹਿਰੂ ਵੀ ਸੀ, ਗਾਂਧੀ ਵੀ, ਜਿਨਾਹ ਵੀ। ਲਾਰਡ ਮਾਊਂਟ ਬੈਟਨ ਵੀ ਅਜੇ ਦਿੱਲੀ ਵਿੱਚ ਹੀ ਬੈਠਾ ਸੀ। ਫ਼ਸਾਦੀਆਂ ਨੂੰ ਕੋਈ ਵੀ ਪਰ ਰੋਕ ਨਹੀਂ ਸਕਦਾ ਸੀ। ਅਮਨ-ਕਾਨੂੰਨ ਸਾਰਾ ਹੀ ਫ਼ਸਾਦੀਆਂ ਨੇ ਆਪ ਆਪਣੇ ਹੱਥਾਂ ਵਿੱਚ ਲਿਆ ਹੋਇਆ ਸੀ। ਪਰ ਇਸ ਕੁੜੀ ਜਸਵੰਤ ਕੌਰ ਦੀ ਗੱਲ ਹੀ ਕੁਝ ਹੋਰ ਸੀ। ਇਹ ਉਹਨਾਂ ਦੀ ਭਤੀਜੀ ਸੀ,ਉਹਨਾਂ ਦੇ ਸਾਥੀ ਤੇ ਮਿੱਤਰ ਦੀ ਧੀ, ਜੋ ਉਹਨਾਂ ਦੀ ਵੀ ਧੀ ਹੀ ਸੀ। ਪਰ ਉਹ ਫੇਰ ਵੀ ਅੱਗੋਂ ਬੋਲੇ:
"ਕਾਕੀ, ਤੂੰ ਪਰ੍ਹੇ ਰਹਿ। ਤੇਰਾ ਨਹੀਂ ਕੋਈ ਕੰਮ ਏਥੇ। ਤੂੰ ਏਥੇ ਆਈ ਹੀ ਕਿਉਂ? ਚੱਲ ਪਰ੍ਹੇ, ਤੂੰ ਘਰ ਨੂੰ ਜਾਹ।"
"ਚਾਚਾ ਜੀ, ਤੁਸੀਂ ਰੋਜ਼ ਗੁਰੂ ਦੀ ਬਾਣੀ ਪੜ੍ਹਦੇ ਹੋ। ਗੁਰੂ ਸਾਹਿਬ ਤਾਂ ਕਹਿੰਦੇ ਹਨ, ਨਾ ਕੋਈ ਹਿੰਦੂ, ਨਾ ਮੁਸਲਮਾਨ?"
"ਕੁੜੀਏ! ਤੂੰ ਗੱਲ ਸੁਣ! ਪਤਾ ਹੈ ਪਾਕਿਸਤਾਨ ਵਿਚ ਕੀ ਕੁਝ ਹੋ ਰਿਹਾ ਹੈ? ਉਧਰ ਸਾਡੀਆਂ ਹਿੰਦੂਆਂ ਅਤੇ ਸਿੱਖਾਂ ਦੀਆਂ ਕੁੜੀਆਂ ਦੇ, ਸਾਥੋਂ ਪਹਿਲਾਂ ਦੇ, ਨੰਗੀਆਂ ਦੇ ਜਲੂਸ ਕੱਢੇ ਜਾ ਰਹੇ ਹਨ,ਰਾਵਲਪਿੰਡੀ, ਜਿਹਲਮ, ਮੁਲਤਾਨ ਤੇ ਲਾਹੌਰ ਵਿਚ। ਅਸੀਂ ਜਵਾਬ ਦੇ ਰਹੇ ਹਾਂ ਕਿ ਜੇ ਇਕੱਤੀ ਪਾਓਗੇ ਤਾਂ ਅਸੀਂ ਇਕਵੰਜਾ ਪਾਵਾਂਗੇ। ਅਸੀਂ ਚੂੜੀਆਂ ਪਹਿਨ ਲਈਏ?"
"ਚਾਚਾ ਜੀ, ਉਹ ਨੀਚ ਹਨ। ਪਰ ਉਨ੍ਹਾਂ ਨੂੰ ਨੰਗੀਆਂ ਇਨ੍ਹਾਂ ਬੇਗੁਨਾਹਾਂ ਨੇ ਤਾਂ ਨਹੀਂ ਕੀਤਾ? ਇਨ੍ਹਾਂ ਦਾ ਕਸੂਰ ਕੀ? ਉਹਨਾਂ ਨਾਲ ਲੜੋ, ਮੈਂ ਤੁਹਾਡੇ ਨਾਲ ਹੋ ਕੇ ਉਹਨਾਂ ਨਾਲ ਲੜਨ ਜਾਵਾਂਗੀ।"
ਬਾਜ਼ਾਰ ਵਿਚ ਭੀੜ ਦਾ ਜਮਘੱਟਾ ਜਿਹਾ ਹੋ ਗਿਆ ਸੀ। ਗਲੀਆਂ, ਚੁਬਾਰਿਆਂ, ਦੁਕਾਨਾਂ ਦਿਆਂ ਥੜ੍ਹਿਆਂ ਉਤੋਂ ਵੀ ਲੋਕੀ ਦੇਖਣ ਲੱਗ ਪਏ ਸਨ। ਸ਼ੁਰੂ ਤੋਂ ਹੀ, ਨਾਲੋ-ਨਾਲ, ਤੁਰੀ ਆਉਂਦੀ ਚਾਂਭਲੀ ਤੇ ਲਾਚੜੀ ਹੋਈ ਭੀੜ, ਪਿੱਛੇ ਖੜੀ, ਉੜ-ਉੜ ਕੇ ਏਧਰ ਵੱਲ ਤੱਕ ਰਹੀ ਸੀ। ਇਸ ਸਮੇਂ ਉਹ ਔਰਤਾਂ ਨੂੰ ਨੰਗੇ ਅਤੇ ਅਸ਼ਲੀਲ ਫ਼ਿਕਰੇ ਬੋਲਣੋ ਰੁਕੀ ਹੋਈ ਸੀ।
ਧਰਤੀ ਵਿੱਚ ਲਹਿ ਜਾਣ ਵਰਗੀ ਅੰਤਾਂ ਦੀ ਬੇਪਤੀ ਨਾਲ ਡੌਰ-ਭੌਰ ਹੋਈਆਂ ਤੇ ਨੰਗੀਆਂ ਖੜੀਆਂ ਮੁਸਲਮਾਨ ਕੁੜੀਆਂ ਅਤੇ ਔਰਤਾਂ ਨੂੰ ਥੋੜੀ ਜਿਹੀ ਤਸੱਲੀ ਹੋਈ। ਬੜੀ ਬਹਾਦੁਰ ਕੁੜੀ ਸੀ ਜੋ ਜਾਬਰਾਂ, ਦਰਿੰਦਿਆਂ ਦੇ ਸਾਹਮਣੇ ਡਟੀ ਖੜੀ ਸੀ। ਜਾਪਦਾ ਸੀ ਜਿਵੇਂ ਅੱਲਾ, ਇਸ ਕੁੜੀ ਦੇ ਰੂਪ ਵਿੱਚ, ਆਪ ਹੀ ਬਹੁੜ ਪਿਆ ਸੀ। ਕਈਆਂ ਦੀਆਂ ਅੱਖਾਂ ਵਿੱਚ, ਹਮਦਰਦੀ ਦੇ ਉਛਾਲੇ ਨਾਲ, ਪਾਣੀ ਵੀ ਭਰ ਆਇਆ ਸੀ।
ਜਸਵੰਤ ਕੌਰ ਫੇਰ ਬੋਲੀ:
"ਚਾਚਾ ਜੀ, ਪਹਿਨਾਓ ਕੱਪੜੇ! ਨਹੀਂ ਤਾਂ ਮੈਂ ਆਪਣੇ ਉਤਾਰਨ ਲੱਗ ਜਾਵਾਂਗੀ।"
ਜਥੇਦਾਰ ਚੁੱਪ ਸਨ।
"ਚਾਚਾ ਜੀ, ਮੈਂ ਫੇਰ ਕਹਿਨੀਆਂ....."
ਜਥੇਦਾਰ ਅਜੇ ਵੀ ਖ਼ਾਮੋਸ਼ ਹੋਏ ਖੜੇ ਸਨ।
"ਚੰਗਾ ਚਾਚਾ ਜੀ, ਠੀਕ ਹੈ..."
ਅਤੇ, ਉਹਨੇ ਚਾਕਾਂ ਵੱਲ ਨੂੰ ਆਪਣੀ ਕਮੀਜ਼ ਨੂੰ ਉਤਾਰਨ ਲਈ ਹੱਥ ਪਾਏ।
"ਬੀਬੀ! ਬੀਬੀ!! ਇਕ ਮਿੰਟ ,ਇੰਕ ਮਿੰਟ...."
ਜਥੇਦਾਰ ਉੱਚੀ ਬੋਲੇ। ਕਿਉਂਕਿ ਜੇ ਜਸਵੰਤ ਕੌਰ ਕੱਪੜੇ ਉਤਾਰ ਦਿੰਦੀ, ਇਹਨਾਂ ਜਥੇਦਾਰਾਂ ਦਾ ਉਥੇ ਕੁਝ ਵੀ ਨਹੀਂ ਰਹਿਣਾ ਸੀ। ਉਹਨਾਂ ਨੂੰ ਇਹ ਪਤਾ ਸੀ, ਜਸਵੰਤ ਕੌਰ ਕੱਪੜੇ ਉਤਾਰਨ ਲਈ ਹੀ ਆਈ ਸੀ, ਫੋਕੀਆਂ ਗੱਲਾਂ ਕਰਨ ਲਈ ਨਹੀਂ।
ਜਥੇਦਾਰਾਂ ਨੂੰ ਆਪਣੀ ਗੱਲ ਤੋਂ ਪਿੱਛੇ ਹਟਣਾ ਪੈ ਗਿਆ 'ਤੇ ਔਰਤਾਂ ਨੂੰ ਕੱਪੜੇ ਪਹਿਨਣ ਦੀ ਆਗਿਆ ਦੇ ਦਿੱਤੀ ਗਈ। "ਪੁਆ ਦਿਓ ਕੱਪੜੇ।" ਉਹ ਢਿੱਲਾ ਜਿਹਾ ਬੋਲੇ 'ਤੇ ਇੱਕ ਪਾਸੇ ਨੂੰ ਚਲੇ ਗਏ।
ਜਸਵੰਤ ਕੌਰ ਇਕ ਜਲਾਲ ਵਿੱਚ ਸੂਹੀ ਹੋਈ ਖੜੀ ਸੀ।


ਸ੍ਰੋਤ:-www.seerat.ca

Thursday, October 28, 2010

ਮੱਲ੍ਹਮ (ਕਹਾਣੀ)- ਸਾਂਵਲ ਧਾਮੀ

(ਇਹ ਕਹਾਣੀ ਸੰਤਾਲੀ ਦੀ ਤਕਸੀਮ ਦੇ ਦੁਖਾਂਤ ਦੀਆਂ ਤਮਾਮ ਤੈਹਾਂ ਵਿੱਚ ਬਿਰਾਜੀ ਸਮੁੱਚਤਾ ਨੂੰ ਉਜਾਗਰ ਕਰਨ ਦਾ ਬਹੁਤ ਕਾਮਯਾਬ ਯਤਨ ਹੈ ਅਤੇ ਨਵੀਂ ਪੀੜ੍ਹੀ ਦੇ ਪੰਜਾਬੀ ਕਹਾਣੀਕਾਰਾਂ ਦੀਆਂ ਮਾਣਯੋਗ ਪੁਲਾਂਘਾਂ ਦੀ ਤਸਦੀਕ ਹੈ।)


ਮੱਲ੍ਹਮ



ਸੰਤਾਲੀ ਤੋਂ ਪਹਿਲਾਂ ਨਾਰੂ ਨੰਗਲ ਮੈਦਾਨੀ ਇਲਾਕਿਆਂ ਤੋਂ ਪਹਾੜੀ ਲੋਕਾਂ ਨਾਲ ਹੁੰਦੇ ਵਪਾਰ ਦਾ ਕੇਂਦਰ ਸੀ।ਉਹਨਾਂ ਦਿਨਾਂ ਵਿਚ ਪਿਸ਼ਾਵਰ ਦੇ ਤੰਬਾਕੂ ਤੇ ਦੂਰ ਪਹਾੜ ਦੇ ਮਸਾਲਿਆਂ ਦੀ ਮਹਿਕ ਇਸ ਪਿੰਡ ਦੇ ਬਜ਼ਾਰ ’ਚੋਂ ਉੱਠ ਕੇ ਫਿਜ਼ਾ ’ਚ ਘੁਲ-ਮਿਲ ਜਾਂਦੀ ਸੀ।ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ’ਚ ਵਸਿਆ ਤੇ ਬੁੱਢੇ ਪਿੱਪਲਾਂ,ਅੰਬਾਂ ਤੇ ਜਾਮਣਾਂ ’ਚ ਅੱਧ-ਲੁਕਿਆ ਇਹ ਪਿੰਡ ਨਾਰੂ ਗੋਤ ਦੇ ਰਾਜਪੂਤ ਮੁਸਲਮਾਨਾਂ ਨੇ ਬੰਨ੍ਹਿਆਂ ਸੀ। ਜ਼ਮੀਨਾਂ ਦੇ ਮਾਲਕ ਰਾਜਪੂਤ ਪਰਿਆਂ ਤੇ ਹਵੇਲੀਆਂ ’ਚ ਬੈਠੇ ਹੁੱਕੇ ਗੁੜਗੁੜਾਂਦੇ,ਗੱਲਾਂ ’ਚ ਮਸਤ ਰਹਿੰਦੇ।ਜ਼ਮੀਨਾਂ ਹਿੰਦੂ ਸੈਣੀਆਂ ਤੇ ਸਿੱਖ ਲੁਬਾਣਿਆਂ ਨੂੰ ਪਟੇ ’ਤੇ ਦੇ ਦਿੰਦੇ। ਮੁਜ਼ਾਰੇ ਹੋਰਨਾਂ ਫਸਲਾਂ ਨਾਲ ਮਾਲਕਾਂ ਜੋਗਾ ਤੰਬਾਕੂ ਵੀ ਬੀਜ ਲੈਂਦੇ ।


----


ਏਸ ਪਿੰਡ ਦਾ ਸਭ ਨਾਲੋਂ ਮੋਹਤਬਾਰ ਬੰਦਾ ਸੀ,ਮੀਆਂ ਮੁਹੰਮਦ ਬਖ਼ਸ਼। ਲੋਕ ਉਸਨੂੰ ਇੱਜ਼ਤ ਨਾਲ਼ ‘ਮੀਆਂ ਜੀ’ ਆਖ ਬੁਲਾਂਦੇ ਸਨ ।ਕੁੱਲੇ ਵਾਲ਼ੀ ਪੱਗ,ਸਲਵਾਰ-ਕਮੀਜ਼ ਤੇ ਤਿੱਲੇਦਾਰ ਜੁੱਤੀ ਪਾਈ ,ਉਹ ਜਿਧਰੋਂ ਵੀ ਗੁਜ਼ਰਦਾ, ਲੋਕ ਉੱਠ ਖੜੇ ਹੁੰਦੇ ।ਉਹ ਅਕਸਰ ਮੋਢੇ ਤੇ ਬੰਦੂਕ ਲਮਕਾਈ ਘੋੜੀ ’ਤੇ ਸਵਾਰ ਹੋਇਆ ਦਿਖਾਈ ਦਿੰਦਾ। ਹਰ ਕੋਈ ਝੁਕ ਕੇ ਸਲਾਮ ਕਰਦਾ ਤੇ ਉਹ ਅੱਧ-ਪਚੱਧਾ ਜਵਾਬ ਦੇ ਕੇ ਅਗਾਂਹ ਲੰਘ ਜਾਂਦਾ। ਉਸ ਦੀ ਘੋੜੀ ਦੀ ਚਾਲ ਰਤਾ ਹੋਰ ਤਿਖੇਰੀ ਹੋ ਜਾਂਦੀ ਤੇ ਉਸਦੀ ਧੌਣ ਵੀ ਥੋੜਾ ਹੋਰ ਆਕੜ ਜਾਂਦੀ ।


ਉਹ ਪਿੰਡ ਦਾ ਚੌਧਰੀ ਸੀ।ਸਭ ਨਾਲੋਂ ਵੱਡੀ ਹਵੇਲੀ ਉਸ ਦੀ ਸੀ; ਅੱਧੇ ਕਿੱਲੇ ਦੇ ਵਗਲ਼ ’ਚ ਖੜੀ ਸ਼ਾਨਦਾਰ ਤੇ ਤਿਮੰਜ਼ਲੀ।ਸਭ ਨਾਲੋਂ ਵੱਧ ਜ਼ਮੀਨ ਉਸ ਕੋਲ਼ ਸੀ;ਅੱਸੀ ਕਿੱਲੇ ਇੱਕ-ਟੱਕ। ਪੰਜਾਂ ਖੂਹਾਂ ਦਾ ਮਾਲਕ ਸੀ ਉਹ ।ਚਾਰ ਖੂਹ ਖੇਤਾਂ ’ਚ ਤੇ ਪੰਜਵਾਂ ਘਰ ।ਏਸ ਖੂਹ ਦੀ ਮੌਣ ਨੂੰ ਹਵੇਲੀ ਦੀ ਲਹਿੰਦੀ ਗੁੱਠ ਵਾਲ਼ੀ ਕੰਧ ਦੋ ਹਿੱਸਿਆਂ ’ਚ ਵੰਡਦੀ ਸੀ ।ਅੱਧੀ ਮੌਣ ਵਿਹੜੇ ਵਲ ਸੀ ਤੇ ਅੱਧੀ ਗਲ਼ੀ ਵਲ ।ਇੱਥੋਂ ਤਕਰੀਬਨ ਸਾਰਾ ਪਿੰਡ ਪਾਣੀ ਭਰਦਾ ਸੀ।


----


ਮੀਏਂ ਦੀ ਬੇਗਮ ਤੇ ਧੀ ਨਫੀਸਾਂ ਜੇ ਕਦੇ ਘਰੋਂ ਬਾਹਰ ਆਉਂਦੀਆਂ ਤਾਂ ਬੁਰਕੇ ਪਾ ਕੇ।ਨਫੀਸਾਂ ਦੀਆਂ ਸਹੇਲੀਆਂ ਵੀ ਬਹੁਤ ਘੱਟ ਸਨ।ਹਵੇਲੀ ਦਾ ਦਰ ਟੱਪਣ ਦੀ ਇਜ਼ਾਜਤ ਗਿਣੇ-ਚੁਣੇ ਬੰਦਿਆਂ ਨੂੰ ਹੀ ਸੀ ।ਰੋਜ਼ ਸਵੇਰੇ ਮਿੱਥੇ ਸਮੇਂ ’ਤੇ ਹਕੀਮਾਂ ਦਾ ਫ਼ਜ਼ਲਾ ਮੀਏਂ ਦੀ ਦਾੜ੍ਹੀ ਦੀ ਹਜ਼ਾਮਤ ਕਰਨ ਜਾਇਆ ਕਰਦਾ ਸੀ।ਇਕ ਦਿਨ ਉਸਨੇ ਅਚਾਨਕ ਸਿਰ ਉਠਾਇਆ ਤਾਂ ਇਕ ਖ਼ੂਬਸੂਰਤ ਚਿਹਰਾ ਉਸ ਵਲ ਵੇਖ ਕੇ ਮੁਸਕਾ ਰਿਹਾ ਸੀ।ਨਫੀਸਾਂ ਦੀਆਂ ਅੱਖਾਂ ’ਚ ਪਿਆਰ ਜਿਹਾ ਕੁਝ ਸੀ।ਉਂਝ ਇਹ ਚਰਚਾ ਆਮ ਸੀ ਕਿ ਮੀਏਂ ਦੀ ਧੀ ਬਹੁਤ ਸੋਹਣੀ ਏ।ਏਸ ਗੱਲ ਦਾ ਚਸ਼ਮੇ-ਦੀਦ ਗਵਾਹ ਸਿਰਫ ਫ਼ਜ਼ਲਾ ਹੀ ਬਣਿਆ ਸੀ।


ਉਸਨੇ ਇਹ ਗੱਲ ਬੜੇ ਹੀ ਚਾਅ ਨਾਲ਼ ਕਰਮੂ ਸੈਣੀ ਨੂੰ ਸੁਣਾ ਦਿੱਤੀ ਸੀ।


“ਕਰਮੂਆਂ ਓਹ ਤਾਂ ਪੋਸਤ ਦੇ ਫੁੱਲਾਂ ਨੂੰ ਵੀ ਮਾਤ ਪਾਉਂਦੀ ਆ।” ਕਰਮੂ ਤੋਂ ਤੁਰੀ ਇਹ ਗੱਲ ,ਹੋਠਾਂ ਦਾ ਸਫਰ ਤੈਅ ਕਰਦੀ ,ਜਦੋਂ ਤਰਕਾਲਾਂ ਵੇਲੇ ਮੁੜ ਮੀਏਂ ਦੀ ਹਵੇਲੀ ਦਾ ਦਰ ਲੰਘੀ ਤਾਂ ਹਵੇਲੀ ’ਚ ਜਿਉਂ ਭੂਚਾਲ ਆ ਗਿਆ।ਮੀਏਂ ਨੂੰ ਹਰ ਸ਼ੈਅ ਕੰਬਦੀ ਹੋਈ ਵਿਖਾਈ ਦੇਣ ਲੱਗੀ।ਅਸਲਮ ਮੋਚੀ ਨੂੰ ਕਰਮਦੀਨ ਦੇ ਘਰ ਵਲ ਦੁੜਾਇਆ ਗਿਆ।


----


ਪੂਰੀ ਪੜ੍ਹੋ :-ਇੱਥੇ

Friday, October 15, 2010

‘ਨੋਬਲ’ ਲੇਖਕ ਮਾਰੀਓ ਵਰਗਾਸ ਲਯੋਸਾ


ਮਾਰਕੁਏਜ਼ ਨੇ ਆਪਣੀ ਇੱਕ ਗੱਲਬਾਤ ਵਿੱਚ ਕਿਹਾ ਹੈ ਕਿ ਕਿਊਬਾ ਦੀ ਸਾਮਵਾਦੀ ਕ੍ਰਾਂਤੀ  ਦੇ ਬਾਅਦ ਸੰਸਾਰ ਦੀ ਨਜ਼ਰ  ਲੈਟਿਨ ਅਮਰੀਕੀ ਸਾਹਿਤ  ਦੇ ਵੱਲ ਗਈ .  ਉਨ੍ਹਾਂ ਦੀ ਉਸ ਵਿੱਚ ਦਿਲਚਸਪੀ ਵਧੀ ਅਤੇ  ਇੱਕ - ਇੱਕ ਕਰਕੇ ਲੈਟਿਨ ਅਮਰੀਕਾ ਦੇ ਛੋਟੇ - ਛੋਟੇ ਦੇਸ਼ਾਂ  ਦੇ ਕਈ ਗੁੰਮਨਾਮ ਲੇਖਕ ਅੰਗਰੇਜ਼ੀ ਵਿੱਚ ਅਨੁਵਾਦ ਹੋਕੇ ਪ੍ਰਸਿੱਧੀ ਦੇ ਡੰਡੇ  ਚੜ੍ਹਨ ਲੱਗੇ .  ਸੰਸਾਰ ਸਾਹਿਤ ਵਿੱਚ ਇਸ ਘਟਨਾ ਨੂੰ ‘ਲੈਟਿਨ ਅਮਰੀਕੀ  ਬੂਮ’  ਦੇ ਮੁਹਾਵਰੇ ਨਾਲ  ਯਾਦ ਕੀਤਾ ਜਾਂਦਾ ਹੈ .  ਪੀਰੂ  ਵਰਗੇ  ਇੱਕ ਛੋਟੇ ਦੇਸ਼ ਦਾ ਲੇਖਕ ਮਾਰੀਓ ਵਰਗਾਸ ਲਯੋਸਾ ਇਸ ਬੂਮ ਨਾਲ ਚਰਚਾ ਵਿੱਚ ਆਇਆ .  ਮੈਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਈ ਸੀ ਕਿ ੬੦  ਦੇ ਦਸ਼ਕ  ਦੇ ਸ਼ੁਰੂ ਵਿੱਚ ਜਿਨ੍ਹਾਂ ਜਵਾਨ ਲੈਟਿਨ ਅਮਰੀਕੀ ਲੇਖਕਾਂ ਦੀ ਅੰਤਰਰਾਸ਼ਟਰੀ ਪਹਿਚਾਣ ਬਣੀ ਉਸ ਵਿੱਚ ਮਾਰਕੁਏਜ਼ ਨਹੀਂ ਸਨ ਸਗੋਂ ੧੯੬੭ ਵਿੱਚ ਉਨ੍ਹਾਂ  ਦੇ  ਨਾਵਲ  ‘ਵਨ ਹੰਡਰੇਡ ਈਅਰਸ ਆਫ ਸਾਲਿਟਿਊਡ’  ਦੇ ਪ੍ਰਕਾਸ਼ਨ ਅਤੇ ਉਸਦੀ ਲੋਹੜੇ ਦੀ ਹੋਈ ਚਰਚਾ ਤੋਂ ਪਹਿਲਾਂ ਮਾਰਕੁਏਜ਼ ਨੂੰ ਤਾਂ ਠੀਕ ਤਰ੍ਹਾਂ  ਕੋਈ ਲੈਟਿਨ ਅਮਰੀਕੀ ਭੂਖੰਡ ਵਿੱਚ ਵੀ ਨਹੀਂ ਜਾਣਦਾ ਸੀ .  ਲੇਕਿਨ ਅੱਜ ਮਾਰੀਓ ਵਰਗਾਸ ਲਯੋਸਾ ਦਾ ਦਿਨ ਹੈ ਕਿਉਂਕਿ ਉਨ੍ਹਾਂ ਨੂੰ ਸਾਹਿਤ ਦਾ ਸਭ ਤੋਂ ਵੱਡਾ ਇਨਾਮ ਨੋਬਲ ਇਨਾਮ ਮਿਲਿਆ ਹੈ .  ਅਤੇ ਮੈਨੂੰ ਇਹ ਜਾਣ ਕੇ ਹੈਰਾਨੀ ਹੋਈ ਸੀ ਮਾਰਕੁਏਜ਼ ਤੋਂ ਬਹੁਤ ਪਹਿਲਾਂ ਅੰਗਰੇਜ਼ੀ  ਦੇ ਪਾਠਕਾਂ ਲਈ ਮਾਰੀਓ ਵਰਗਾਸ ਲਯੋਸਾ ਇੱਕ ਜਾਣਿਆ – ਪਹਿਚਾਣਿਆ ਨਾਮ ਬਣ ਚੁੱਕੇ ਸਨ .


ਕਿਹਾ ਜਾਂਦਾ ਹੈ ਕਿ ਲੈਟਿਨ ਅਮਰੀਕੀ ਲੇਖਣੀ  ਦਾ ਇਹ ਬੂਮ ਮੇਕਸਿਕੋ  ਦੇ ਲੇਖਕ ਕਾਰਲੋਸ ਫੁਏਂਤੇਸ  ਦੇ 1958 ਵਿੱਚ ਪ੍ਰਕਾਸ਼ਿਤ ‘ਵਹੇਅਰ ਦ ਏਅਰ ਇਜ ਕਲੀਅਰ’ ਉਪਨਿਆਸ ਨਾਲ ਸ਼ੁਰੂ ਹੋਇਆ ਅਤੇ ਉਸ ਵਿੱਚ ਜਲਦੀ ਹੀ ਮਾਰਕੁਏਜ਼ ਤੋਂ  ਉਮਰ ਵਿੱਚ ੯ ਸਾਲ ਛੋਟੇ ਮਾਰੀਓ ਵਰਗਾਸ ਲਯੋਸਾ ਦਾ ਨਾਮ ਜੁੜ ਗਿਆ .  ੧੯੬੩ ਵਿੱਚ ਪ੍ਰਕਾਸ਼ਿਤ ਆਪਣੇ ਪਹਿਲਾਂ ਨਾਵਲ  ‘ਦ ਟਾਈਮ ਆਫ ਦ ਹੀਰੋ’  ਦੇ ਪ੍ਰਕਾਸ਼ਨ  ਦੇ ਨਾਲ ਉਨ੍ਹਾਂ  ਦੇ  ਨਾਵਲਾਂ ਨੇ ਆਲੋਚਕਾਂ ਦਾ ਧਿਆਨ ਖਿੱਚਿਆ ਅਤੇ ੧੯੬੫ ਵਿੱਚ ਪ੍ਰਕਾਸ਼ਿਤ ਦੂਜੇ ਨਾਵਲ  ‘ਦ ਗਰੀਨ ਹਾਉਸ’ ਤੇ  ਉਨ੍ਹਾਂ ਨੂੰ ਇਨਾਮ ਵੀ ਮਿਲਿਆ ਜਿਸਦੇ ਸਮਾਰੋਹ ਵਿੱਚ ਭਾਗ ਲੈਣ ਲਯੋਸਾ  ਦੇ ਨਾਲ ਮਾਰਕੁਏਜ਼ ਵੀ ਗਏ ਸਨ . ਮਾਰਕੁਏਜ਼  ਦੇ ਜੀਵਨੀਕਾਰ ਨੇ ਇਹ ਸੰਕੇਤ ਦਿੱਤਾ ਹੈ ਕਿ ਜਦੋਂ ਮਾਰਕੁਏਜ਼ ਫੁਏਂਤੇਸ ਅਤੇ ਲਯੋਸਾ  ਦੇ ਮਿੱਤਰ ਬਣੇ ਤੱਦ ਜਾ ਕੇ ਉਨ੍ਹਾਂ ਨੂੰ ਪ੍ਰਸਿੱਧੀ ਦੀ ਪਗਡੰਡੀ ਮਿਲੀ .


ਲਯੋਸਾ  ਦੀ ਲੇਖਣੀ  ਨੂੰ ਜੋ ਗੱਲ ਬਾਕੀ ਲੈਟਿਨ ਅਮਰੀਕੀ ਲੇਖਕਾਂ ਤੋਂ ਵਿਸ਼ੇਸ਼ ਬਣਾਉਂਦੀ ਸੀ ਉਹ ਇਹ ਕਿ ਉਨ੍ਹਾਂ ਨੇ ਸਮਕਾਲੀ ਸਮਾਜ ਨੂੰ ਕਥਾਤਮਕਤਾ ਦਿੱਤੀ ਜਦੋਂ ਕਿ ਬਾਕੀ ਜ਼ਿਆਦਾਤਰ ਲੈਟਿਨ ਲੇਖਕ ਜਾਤੀ ਕਥਾ ਦਾ ਤਾਣਾ – ਬਾਣਾ ਬੁਣਨ ਵਿੱਚ ਲੱਗੇ ਹੋਏ ਸਨ .  ਆਪਣੀ ਕਿਤਾਬ ‘ਲੇਟਰਸ ਟੁ ਏ ਯੰਗ ਨਾਵਲਿਸਟ’ ਵਿੱਚ ਮਾਰੀਓ ਵਰਗਾਸ ਲਯੋਸਾ ਨੇ ਲਿਖਿਆ ਹੈ ਕਿ ਸਭਨਾਂ ਭਾਸ਼ਾਵਾਂ ਵਿੱਚ ਦੋ ਤਰ੍ਹਾਂ  ਦੇ ਲੇਖਕ ਹੁੰਦੇ ਹਨ -  ਇੱਕ ਉਹ ਹੁੰਦੇ ਹਨ ਜੋ ਆਪਣੇ ਸਮੇਂ ਪ੍ਰਚੱਲਤ ਭਾਸ਼ਾ ਅਤੇ ਸ਼ੈਲੀ  ਦੇ ਮਾਨਕਾਂ  ਦੇ ਅਨੁਸਾਰ ਲਿਖਦੇ ਹਨ ,  ਦੂਜੀ ਤਰ੍ਹਾਂ  ਦੇ ਲੇਖਕ ਉਹ ਹੁੰਦੇ ਹਨ ਜੋ ਭਾਸ਼ਾ ਅਤੇ ਸ਼ੈਲੀ  ਦੇ ਪ੍ਰਚੱਲਤ ਮਾਨਕਾਂ ਨੂੰ ਤੋੜ ਕੇ  ਕੁੱਝ ਇੱਕ ਦਮ ਨਵਾਂ ਰਚ ਦਿੰਦੇ ਹਨ ।  ੨੮ ਮਾਰਚ ,  ੧੯੩੬ ਨੂੰ ਲੈਟਿਨ ਅਮਰੀਕਾ ਦੇ ਇੱਕ ਛੋਟੇ ਜਿਹੇ ਗਰੀਬ ਦੇਸ਼ ਪੀਰੂ  ਵਿੱਚ ਪੈਦਾ ਹੋਣ ਵਾਲੇ ਇਸ ਨਾਵਲਕਾਰ ,  ਨਿਬੰਧਕਾਰ ,  ਸੰਪਾਦਕ ਨੇ ਸਪੈਨਿਸ਼ ਭਾਸ਼ਾ  ਦੇ ਮਾਨਕਾਂ ਨੂੰ ਤੋੜਿਆ ਜਾਂ ਉਸ ਵਿੱਚ ਕੁੱਝ ਨਵਾਂ ਜੋੜਿਆ ਇਹ ਵੱਖ ਬਹਿਸ ਦਾ ਵਿਸ਼ਾ ਹੈ ।  ਲੇਕਿਨ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੰਸਾਰ ਭਰ ਵਿੱਚ ਲਯੋਸਾ ਨੂੰ ਆਪਣੀ ਭਾਸ਼ਾ  ਦੇ ਪ੍ਰਤਿਨਿੱਧੀ ਲੇਖਕ  ਦੇ ਤੌਰ ਤੇ  ਜਾਣਿਆ ਜਾਂਦਾ ਹੈ ।  ਪੀਰੂ   ਦੇ ਇੱਕ ਸੰਪਾਦਕ ਨੇ ਉਨ੍ਹਾਂ  ਦੇ  ਤਆਰਫ ਵਿੱਚ ਲਿਖਿਆ ਸੀ ,  ਸਾਡੇ ਦੇਸ਼ ਦੀਆਂ ਦੋ ਵੱਡੀਆਂ ਪਛਾਣਾ  ਹਨ  -  ਮਾੱਚੂਪਿੱਚੂ ਦੀਆਂ ਪਹਾੜੀ ਚੋਟੀਆਂ ਅਤੇ ਲੇਖਕ ਮਾਰੀਓ ਵਰਗਾਸ ਲਯੋਸਾ ।  ਇਸ ਇਨਾਮ  ਦੇ ਬਾਅਦ ਉਹ ਸਚਮੁੱਚ ਪੀਰੂ  ਦੀ ਸਭ ਤੋਂ ਵੱਡੀ ਪਹਿਚਾਣ ਬਣ ਕੇ ਮਾੱਚੂਪਿੱਚੂ  ਦੇ ਪਹਾੜੀ ਸਿਖਰਾਂ ਤੇ ਜਾ ਬਿਰਾਜੇ ਹਨ  .


ਮਾਰੀਓ ਵਰਗਾਸ ਆਪਣੀ ਲੇਖਣੀ  ,  ਆਪਣੇ ਜੀਵਨ ਵਿੱਚ ਏਡਵੇਂਚਰਿਸਟ ਮੰਨੇ ਜਾਂਦੇ ਹਨ ,  ਜੀਵਨ - ਲੇਖਣੀ  ਦੋਨਾਂ ਵਿੱਚ ਉਨ੍ਹਾਂ ਨੇ ਕਾਫ਼ੀ ਪ੍ਰਯੋਗ ਕੀਤੇ ।  ਬਗ਼ਾਵਤ ਨੂੰ ਸਾਹਿਤਕ ਲੇਖਣੀ  ਦਾ ਆਧਾਰ – ਬਿੰਦੂ ਮੰਨਣ ਵਾਲੇ ਮਾਰੀਓ ਵਰਗਾਸ ਸ਼ਾਇਦ ਹੇਮਿੰਗਵੇ ਦੀ ਇਸ ਉਕਤੀ ਨੂੰ ਆਪਣਾ ਆਦਰਸ਼ ਮੰਨਦੇ ਹਨ ਕਿ ਜੀਵਨ  ਦੇ ਬਾਰੇ ਵਿੱਚ ਲਿਖਣ ਤੋਂ ਪਹਿਲਾਂ ਉਸਨੂੰ ਜੀਣਾ ਜ਼ਰੂਰ ਚਾਹੀਦਾ ਹੈ ।  ਹਾਲਾਂਕਿ ਜਿਸ ਲੇਖਕ  ਦੇ ਉਹ ਆਪ ਨੂੰ ਜਿਆਦਾ ਕਰਜਦਾਰ ਮੰਨਦੇ ਰਹੇ ਹਨ  ਉਹ ਅਮਰੀਕੀ ਲੇਖਕ ਵਿਲਿਅਮ ਫਾਕਨਰ ਹਨ ਜਿਨ੍ਹਾਂ ਨੂੰ ਸੰਜੋਗ ਨਾਲ ਮਾਰਕੁਏਜ਼ ਵੀ ਆਪਣੇ ਲੇਖਣੀ  ਦੇ ਬੇਹੱਦ ਕਰੀਬ ਪਾਂਦੇ ਰਹੇ ਹਨ .  ਉਨ੍ਹਾਂ ਦੀਆਂ ਕਈ ਯਾਦਗਾਰ ਰਚਨਾਵਾਂ ਆਪਣੇ ਜੀਵਨ  ਦੇ ਅਨੁਭਵਾਂ ਤੋਂ ਨਿਕਲੀਆਂ ਹਨ ।  ੧੯ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਆਪਣੇ ਆਪ ਤੋਂ ੧੩ ਸਾਲ ਵੱਡੀ ਆਪਣੀ ਆਂਟੀ ਜੂਲੀਆ  ਨਾਲ ਵਿਆਹ ਕਰ ਲਿਆ ,  ਕੁੱਝ ਸਾਲ ਬਾਅਦ ਦੋਨਾਂ ਵਿੱਚ ਤਲਾਕ ਵੀ ਹੋ ਗਿਆ ।  ਬੇਹੱਦ ਪ੍ਰਸਿੱਧ ਨਾਵਲ  ‘ਆਂਟ ਜੂਲੀਆ ਐਂਡ ਦ ਸਕਰਿਪਟਰਾਇਟਰ’ ਵਿੱਚ ਉਨ੍ਹਾਂ ਨੇ ਇਸਦੀ ਕਥਾ ਕਹੀ ਹੈ ।  ਹਾਲਾਂਕਿ ਇਹ ਨਾਵਲ  ਕੇਵਲ ਪ੍ਰੇਮਕਥਾ ਨਹੀਂ ਹੈ ।  ਨਾਵਲ  ਨੂੰ ਯਾਦ ਕੀਤਾ ਜਾਂਦਾ ਹੈ ਸਕਰਿਪਟਰਾਇਟਰ ਪੇਦਰੋ ਕੋਮਾਚੋ  ਦੇ ਚਰਿੱਤਰ  ਦੇ ਕਾਰਨ ,  ਜੋ ਉਨ੍ਹਾਂ ਦਿਨਾਂ ਦੌਰਾਨ ਰੇਡੀਓ ਤੇ ਪ੍ਰਸਾਰਿਤ ਹੋਣ ਵਾਲੇ ਸੋਪ –ਆਪੇਰਿਆਂ ਦਾ ਸਟਾਰ ਲੇਖਕ ਸੀ ।  ਉਸਦੇ ਮਾਧਿਅਮ ਰਹਿਣ  ਲਯੋਸਾ ਨੇ ਰੇਡੀਓ ਤੇ ਧਾਰਾਵਾਹਿਕ ਪ੍ਰਸਾਰਿਤ ਹੋਣ ਵਾਲੇ ਨਾਟਕਾਂ  ਦੇ ਉਸ ਦੌਰ ਨੂੰ ਯਾਦ ਕੀਤਾ ਹੈ ਜੋ ਬਾਅਦ ਵਿੱਚ ਟੈਲੀਵਿਜਨ ਧਾਰਾਵਾਹਿਕਾਂ  ਦੇ ਪ੍ਰਸਾਰਣ  ਦੇ ਕਾਰਨ ਲੁਪਤ ਹੋ ਗਿਆ ।  ਮੈਨੂੰ ਯਾਦ ਹੈ ਹਿੰਦੀ  ਦੇ ਸੋਪ - ਓਪੇਰਾ ਲੇਖਕ ਸੁੰਦਰ ਸ਼ਿਆਮ ਜੋਸ਼ੀ  ਨੇ ਸਤਿਯੁਗ  ਦੇ ਅੰਤਮ ਦਿਨਾਂ ਵਿੱਚ ਪ੍ਰਕਾਸ਼ਿਤ ਇੱਕ ਗੱਲਬਾਤ ਵਿੱਚ ਇਸ ਨਾਵਲ  ਅਤੇ ਇਸਦੇ ਸੋਪ ਓਪੇਰਾ ਲੇਖਕ ਨੂੰ ਆਪਣੇ ਪਿਆਰੇ ਨਾਵਲ  - ਚਰਿੱਤਰ  ਦੇ ਰੂਪ ਵਿੱਚ ਦੱਸਿਆ ਸੀ .  ਇਹ ਇਸ ਬਹੁਰੂਪੀ ਲੇਖਕ ਨਾਲ ਮੇਰੀ ਪਹਿਲੀ  ਜਾਣ ਪਹਿਚਾਣ ਸੀ .


੧੯੭੭ ਵਿੱਚ ਪ੍ਰਕਾਸ਼ਿਤ ਇਸ ਨਾਵਲ  ਵਿੱਚ ਉਨ੍ਹਾਂ ਨੇ ਹੱਡ ਬੀਤੀ ਅਤੇ ਜੱਗ ਬੀਤੀ ਕਥਾ ਦੀ ਇੱਕ ਅਜਿਹੀ ਸ਼ੈਲੀ ਨਾਲ ਪਾਠਕਾਂ ਦੀ ਜਾਣ ਪਹਿਚਾਣ ਕਰਵਾਈ  ,  ਬਾਅਦ ਵਿੱਚ ਜਿਸਦੀ ਪਹਿਚਾਣ ਉਤਰ- ਆਧੁਨਿਕ ਕਥਾ - ਸ਼ੈਲੀ  ਦੇ ਰੂਪ ਵਿੱਚ ਕੀਤੀ ਗਈ ।  ਉਤਰ - ਆਧੁਨਿਕ ਕਥਾ - ਲੇਖਣੀ  ਦੀ ਇੱਕ ਹੋਰ ਪ੍ਰਮੁੱਖ ਸ਼ੈਲੀ  ਦੇ ਉਹ ਮਾਹਿਰ  ਕਹੇ ਜਾ ਸਕਦੇ ਹਨ -  ਹਾਸ - ਵਿਅੰਗ ਦੀ ਚੁਟੀਲੀ ਸ਼ੈਲੀ ਵਿੱਚ ਡੂੰਘੀ ਗੱਲ ਕਹਿ ਜਾਣਾ ।  ਉਨ੍ਹਾਂ  ਦੇ  ਪਹਿਲਾਂ ਨਾਵਲ  ‘ਦ ਟਾਈਮ ਆਫ ਦ ਹੀਰੋ’ ਵਿੱਚ ਫੌਜੀ ਸਕੂਲ  ਦੇ ਆਪਣੇ  ਅਨੁਭਵਾਂ ਦੀ ਕਥਾ ਕਹੀ ਹੈ ।  ਫੌਜ ਵਿੱਚ ਵਿਆਪਤ ਭ੍ਰਿਸ਼ਟਾਚਾਰ  ਦੇ ਕਥਾਨਕ ਨਾਲ ਆਪਣੇ ਪਹਿਲੇ ਹੀ ਨਾਵਲ  ਨਾਲ ਲੇਖਕ  ਦੇ ਰੂਪ ਵਿੱਚ ਉਨ੍ਹਾਂ ਦੀ ਵਿਵਾਦਾਸਪਦ ਪਹਿਚਾਣ ਬਣੀ ।  ਪ੍ਰਸੰਗਵਸ਼ ,  ਇਤਿਹਾਸਿਕ ਘਟਨਾਵਾਂ  ਦੇ ਉਲਟ ਨਿਜੀ ਪ੍ਰਸੰਗਾਂ ਦੀ ਕਥਾ ਦੀ ਸ਼ੈਲੀ ਲਯੋਸਾ ਦੀ ਪ੍ਰਮੁੱਖ ਵਿਸ਼ੇਸ਼ਤਾ ਮੰਨੀ ਜਾਂਦੀ ਹੈ ।


ਆਪਣੇ ਸਮਾਂ ਵਿੱਚ ਸਪੇਨਿਸ਼ ਭਾਸ਼ਾ  ਦੇ ਸਭ ਤੋਂ ਵੱਡੇ ਲੇਖਕ  ਦੇ ਰੂਪ ਵਿੱਚ ਜਾਣ ਜਾਣ ਵਾਲੇ ਗੈਬਰੀਅਲ ਗਾਰਸਿਆ ਮਾਰਕੁਏਜ਼ ਦੀਆਂ ਰਚਨਾਵਾਂ ਤੇ  ਸ਼ੋਧ ਕਰਨ ਵਾਲੇ ਇਸ ਲੇਖਕ ਦੀ ਤੁਲਣਾ ਅਕਸਰ ਮਾਰਕੁਏਜ਼ ਨਾਲ ਕੀਤੀ  ਜਾਂਦੀ ਹੈ ।  ਮਾਰਕੁਏਜ਼  ਦੇ ਬਾਅਦ ਨਿਰਸੰਦੇਹ ਲਯੋਸਾ ਸਪੈਨਿਸ਼ ਭਾਸ਼ਾ  ਦੇ ਸਭ ਤੋਂ ਵੱਡੇ ਲੇਖਕ ਹਨ ਜੋ ਬੂਮ  ਦੇ ਬਾਅਦ ਵੀ ਮਜਬੂਤੀ ਨਾਲ ਡਟੇ ਰਹੇ .  ਜਾਦੂਈ ਯਥਾਰਥਵਾਦ ਦੀ ਸ਼ੈਲੀ  ਨੂੰ ਬੁਲੰਦੀਆਂ ਤੱਕ ਪਹੁੰਚਾਣ ਵਾਲੇ ਮਾਰਕੁਏਜ਼ ਅਤੇ ਮੁਹਾਵਰੇਦਾਰ ਵਰਣਨਾਤਮਿਕ ਸ਼ੈਲੀ  ਦੇ ਬਹੁਤ ਵਧੀਆ ਕਿੱਸਾ ਗੋ ਲਯੋਸਾ ਦੀਆਂ ਸ਼ੈਲੀਆਂ ਭਲੇ ਵੱਖ ਹੋਣ ,  ਮਗਰ ਦੋਨਾਂ  ਦੇ ਸਰੋਕਾਰ ,  ਰਾਜਨੀਤਕ - ਸਾਮਾਜਕ ਚਿੰਤਾਵਾਂ ਕਾਫ਼ੀ ਮਿਲਦੀਆਂ - ਜੁਲਦੀਆਂ ਹਨ ।  ਸਰਵਸੱਤਾਵਾਦੀ ਵਿਅਵਸਥਾਵਾਂ ਦੇ ਪ੍ਰਤੀ ਬਗ਼ਾਵਤ ਦਾ ਭਾਵ ਦੋਨਾਂ ਦੀਆਂ ਰਚਨਾਵਾਂ ਵਿੱਚ ਵਿਖਾਈ ਦਿੰਦਾ ਹੈ ,  ਆਪਣੀ ਸੰਸਕ੍ਰਿਤੀ ਨਾਲ ਗਹਿਰਾ ਲਗਾਉ ਦੋਨਾਂ ਦੀਆਂ ਰਚਨਾਵਾਂ ਵਿੱਚ ਵਿਖਾਈ ਦਿੰਦਾ ਹੈ । ਇਹ ਵੱਖ ਗੱਲ ਹੈ ਕਿ ਬਾਅਦ ਵਿੱਚ ਦੋਨੋਂ  ਰਾਜਨੀਤਕ ਤੌਰ  ਤੇ  ਇੱਕ ਦੂਜੇ  ਦੇ ਵਿਚਾਰਾਂ  ਦੇ ਵਿਰੋਧੀ ਬਣ ਗਏ .  ਮਾਰਕੁਏਜ਼ ਦੀ ਖੱਬੇ ਪੱਖ  ਵਿੱਚ ਸ਼ਰਧਾ ਤਾਂ ਨਹੀਂ ਡਿਗੀ ਲੇਕਿਨ ਪੀਰੂ   ਦੇ ਰਾਸ਼ਟਰਪਤੀ ਦੀ ਚੋਣ ਲੜਨ ਵਾਲਾ ਇਹ ਲੇਖਕ ਸੱਜੇ ਪੱਖੀ ਉਦਾਰਵਾਦੀਆਂ ਨਾਲ ਮਿਲ ਗਿਆ .  ਜਿਸ ਤੇ ਮਾਰਕੁਏਜ਼ ਨੇ ਕਟਾਖ ਵੀ ਕੀਤਾ ਸੀ ਅਤੇ ਇਸਨੂੰ ਬਦਕਿਸਮਤੀ ਭਰਿਆ ਕਿਹਾ ਸੀ .  ਲੇਕਿਨ ਲਯੋਸਾ ਆਪਣੀ ਰਾਜਨੀਤੀ ਲਈ ਨਹੀਂ ਆਪਣੀ ਲੇਖਣੀ  ਲਈ ਜਾਣੇ  ਜਾਂਦੇ ਹਨ - ਦੇਸ਼ ਵਿੱਚ ਵੀ ਦੇਸ਼  ਦੇ ਬਾਹਰ ਵੀ .


ਲਯੋਸਾ ਨੇ ਬਾਅਦ ਵਿੱਚ ਆਪਣੇ ਨਾਵਲਾਂ ਵਿੱਚ ਸਮਕਾਲੀ ਪੀਰੂਵਿਆਈ ਸਮਾਜ ਦੀਆਂ ਵਿਡੰਬਨਾਵਾਂ ਨੂੰ ਵਿਖਾਉਣ ਲਈ ਮਾਰਕੁਏਜ਼ ਦੀ ਹੀ ਤਰ੍ਹਾਂ ਇਤਿਹਾਸਿਕ ਕਥਾਵਾਂ ,  ਮਿਥ ਨਾਲ ਜੁੜੇ  ਚਰਿਤਰਾਂ  ਦਾ ਸਹਾਰਾ ਲਿਆ .  ਲੇਟਿਨ ਅਮਰੀਕਾ ਦੇ ਇੱਕ ਅਤਿਅੰਤ ਪਛੜੇ ਦੇਸ਼ ਨਾਲ ਤਾੱਲੁਕ ਰਖਣ ਵਾਲੇ ਇਸ ਲੇਖਕ ਵਿੱਚ ਵੀ ਮਾਰਕੁਏਜ਼  ਦੇ ਨਾਵਲਾਂ ਦੀ ਤਰ੍ਹਾਂ ਨਿਜੀ – ਸਰਬੱਤ  ਦਾ ਦਵੰਦ ਵਿਖਾਈ ਦਿੰਦਾ ਹੈ ,  ਮਾਰਕੁਏਜ਼ ਨੇ ਆਪਣੇ ਨਾਵਲ  ‘ਆਟਮ ਆਫ ਦ ਪੈਟਰਿਆਰਕ’ ਵਿੱਚ ਤਾਨਾਸ਼ਾਹ  ਦੇ ਚਰਿੱਤਰ ਨੂੰ ਆਧਾਰ ਬਣਾਇਆ ਹੈ ,  ਲਯੋਸਾ  ਦੇ ਨਾਵਲ  ‘ਫੀਸਟ ਆਫ ਗੋਟ’ ਵਿੱਚ ਵੀ ਡੋਮਿਨਿਕ ਰਿਪਬਲਿਕ  ਦੇ ਇੱਕ ਤਾਨਾਸ਼ਾਹ  ਦੇ ਜੀਵਨ ਨੂੰ ਕਥਾ ਦਾ ਆਧਾਰ ਬਣਾਇਆ ਗਿਆ ਹੈ ।  ਲਯੋਸਾ  ਦੇ ਇੱਕ ਹੋਰ ਨਾਵਲ   ‘ਕਨਵਰਸੇਸ਼ਨ ਇਨ ਦ ਕੈਥੇਡਰਲ’ ਵਿੱਚ ਪੀਰੂ   ਦੇ ਇੱਕ ਤਾਨਾਸ਼ਾਹ ਤੋਂ ਬਗ਼ਾਵਤ ਕਰਨ ਵਾਲੇ ਨਾਇਕ  ਦੀ ਕਹਾਣੀ ਹੈ ।  ਮਾਰਕੁਏਜ਼ ਨੇ ‘ਲਵ ਇਨ ਦ ਟਾਇਮ ਆਫ ਕਾਲਰਾ’  ਦੇ ਰੂਪ ਵਿੱਚ ਪ੍ਰੇਮ  ਦੇ ਐਪਿਕੀ ਨਾਵਲ  ਦੀ ਰਚਨਾ ਕੀਤੀ .  ਹਾਲ ਹੀ ਵਿੱਚ ਲਯੋਸਾ ਦਾ ਨਾਵਲ  ਪ੍ਰਕਾਸ਼ਿਤ ਹੋਇਆ ‘ਬੈਡ ਗਰਲ’ ,  ਇਹ ਵੀ ਪ੍ਰੇਮ ਦੀਆਂ  ਐਪਿਕੀ ਸੰਭਾਵਨਾਵਾਂ ਵਾਲਾ ਨਾਵਲ  ਹੈ ।  ਉਂਜ ਇਸ ਤੁਲਣਾ ਦਾ ਕੋਈ ਅਰਥ  ਨਹੀਂ ਹੈ ਕਿਉਂਕਿ ਖੁਦ  ਲਯੋਸਾ ਨੇ ਮਾਰਕੁਏਜ਼  ਦੇ ਬਾਰੇ ਵਿੱਚ ਲਿਖਿਆ ਹੈ ਕਿ ਪਹਿਲਾਂ ਤੋਂ ਚੱਲੀ ਆ ਰਹੀ ਭਾਸ਼ਾ ਉਨ੍ਹਾਂ ਦਾ ਸਪਰਸ਼ ਪਾਉਂਦੇ ਹੀ ਜਾਦੂਮਈ ਹੋ ਜਾਂਦੀ ਹੈ ।  ਭਾਸ਼ਾ ਦਾ ਅਜਿਹਾ ਜਾਦੂਈ ਪ੍ਰਭਾਵ ਰਚਨ ਵਾਲਾ ਦੂਜਾ ਲੇਖਕ ਨਹੀਂ ਹੈ ।  ਯਾਦ ਰੱਖਣਾ ਚਾਹੀਦਾ ਹੈ ਕਿ ਲਯੋਸਾ ਉਨ੍ਹਾਂ ਆਰੰਭਕ ਲੋਕਾਂ ਵਿੱਚੋਂ  ਸਨ ਜਿਨ੍ਹਾਂ ਨੇ ਮਾਰਕੁਏਜ਼  ਦੀ ਲੇਖਣੀ  ਵਿੱਚ ਵੱਡੀਆਂ ਸੰਭਾਵਨਾਵਾਂ ਵੇਖੀਆਂ  ਸਨ .


ਲੈਟਿਨ ਅਮਰੀਕਾ ਦੇ ਦੋਨਾਂ ਮਹਾਨ ਲੇਖਕਾਂ ਵਿੱਚ ਇੱਕ ਸਮਾਨਤਾ ਇਹ ਜਰੂਰ ਹੈ ਕਿ ਦੋਨਾਂ ਨੇ ਕੁੱਝ ਵੀ ਘਟੀਆ  ਨਹੀਂ ਲਿਖਿਆ ।  ਲਯੋਸਾ ਅਜਿਹੇ ਲੇਖਕ  ਦੇ ਰੂਪ ਵਿੱਚ ਜਾਣ ਜਾਂਦੇ ਹਨ ਜਿਨ੍ਹਾਂ ਨੇ ਵਿਸ਼ਾ ਅਤੇ ਸ਼ੈਲੀ  ਦੇ ਪੱਧਰ ਤੇ ਕਦੇ ਆਪਣੇ ਆਪ ਨੂੰ ਦੁਹਰਾਇਆ ਨਹੀਂ ।  ਹੇਮਿੰਗਵੇ ਦੀ ਤਰ੍ਹਾਂ ਉਨ੍ਹਾਂ  ਦੇ  ਨਾਵਲਾਂ ਵਿੱਚ ਵਿਸ਼ਿਆਂ  ਦੀ ਵਿਵਿਧਤਾ ਹੈ ਅਤੇ ਜੰਗ ਦੀ ਖਿੱਚ ।  ਬਰਾਜੀਲ  ਦੇ ਇੱਕ ਇਤਿਹਾਸਿਕ ਪ੍ਰਸੰਗ ਨੂੰ ਆਧਾਰ ਬਣਾਕੇ ਲਿਖੇ ਗਏ ਉਨ੍ਹਾਂ  ਦੇ  ਨਾਵਲ  ‘ਦ ਵਾਰ ਆਫ ਦ ਐਂਡ ਆਫ ਦ ਵਰਲਡ’ ਨੂੰ ਅਨੇਕ ਆਲੋਚਕ ਉਨ੍ਹਾਂ ਦਾ ਸਭ ਤੋਂ ਉੱਤਮ ਨਾਵਲ  ਵੀ ਮੰਨਦੇ ਹਨ ।  ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਬਹੁਰੰਗਾ ਲੇਖਕ ਹੈ ।  ਹਮੇਸ਼ਾ ਪ੍ਰਯੋਗ ਲਈ ਤਤਪਰ .


ਆਪਣੀ ਇੱਕ ਭੇਂਟਵਾਰਤਾ ਵਿੱਚ ਲਯੋਸਾ ਨੇ ਕਿਹਾ ਹੈ ਕਿ ਸਾਹਿਤ - ਲੇਖਣੀ   ਦੇ ਪ੍ਰਤੀ ਉਹ ਇਸ ਲਈ ਆਕਰਸ਼ਤ ਹੋਏ ਕਿਉਂਕਿ ਇਸ ਵਿੱਚ ਝੂਠ ਲਿਖਣ ਦੀ ਆਜ਼ਾਦੀ ਹੁੰਦੀ ਹੈ । ਅਜਿਹਾ ਝੂਠ ਜੋ ਪਹਿਲਾਂ ਤੋਂ ਪ੍ਰਚੱਲਤ ਸੱਚਾਈਆਂ ਵਿੱਚ ਕੁੱਝ ਨਵੇਂ ਪਹਿਲੂ ਜੋੜ ਦਿੰਦਾ ਹੈ ,  ਕੋਈ ਨਵੇਂ ਆਯਾਮ ਜੋੜ ਦਿੰਦਾ ਹੈ ।  ਸਾਹਿਤ ਵਿੱਚ ਜੀਵਨ ਦੀ ਮਾਤਰ ਪੁਨਰ ਰਚਨਾ ਨਹੀਂ ਹੁੰਦੀ ਹੈ ,  ਉਹ ਉਸ ਵਿੱਚ ਕੁੱਝ ਨਵਾਂ ਜੋੜ ਕੇ ਉਸਨੂੰ ਰੂਪਾਂਤਰਿਤ ਕਰ ਦਿੰਦਾ ਹੈ । ਇਹੀ ਸਾਹਿਤ ਦੀ ਸਭ ਤੋਂ ਵੱਡੀ ਸ਼ਕਤੀ ਹੁੰਦੀ ਹੈ ।  ਲਯੋਸਾ  ਦੇ ਸਾਹਿਤ  ਦੇ ਵਿਆਪਕ ਪ੍ਰਭਾਵ ਦਾ ਵੀ ਸ਼ਾਇਦ ਇਹੀ ਕਾਰਨ ਹੈ ।


ਮਾਰੀਓ ਵਰਗਾਸ ਲਯੋਸਾ ਨੂੰ ਨੋਬੇਲ ਇਨਾਮ ਮਿਲਣਾ ਲੈਟਿਨ ਅਮਰੀਕੀ ਬੂਮ  ਦੇ ਪ੍ਰਭਾਵਾਂ  ਦੇ ਆਕਲਨ ਦਾ ਇੱਕ ਮੌਕਾ ਵੀ ਹੈ ਜਿਸਦੇ ਕਰੀਬ ਚਾਰ ਆਰੰਭਕ ਵੱਡੇ ਸਮਝੇ ਗਏ ਲੇਖਕਾਂ ਵਿੱਚੋਂ ਦੂਜੇ ਲੇਖਕ ਨੂੰ ਨੋਬੇਲ ਇਨਾਮ ਮਿਲਿਆ ਹੈ . ਅਜਿਹੇ ਵਿੱਚ ਮਨ ਵਿੱਚ ਉਠ ਰਹੇ ਇਸ ਸਵਾਲ ਨੂੰ ਮਨ ਵਿੱਚ ਹੀ ਦਬੇ ਰਹੇ ਦੇਣਾ ਚਾਹੀਦਾ ਹੈ ਕਿ ਅਖੀਰ ਇਸ ਸਮੇਂ ਉਨ੍ਹਾਂ ਨੂੰ ਨੋਬੇਲ ਕਿਉਂ ਜਦੋਂ ਕਿ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਨੇ ਕੁੱਝ ਖਾਸ ਉਲੇਖਣੀ ਨਹੀਂ ਲਿਖਿਆ ਹੈ .


ਇਹ ਸ਼ਾਇਦ ਉਨ੍ਹਾਂ  ਦੇ  ਲੇਖਣੀ  ਦੇ ਵਧ ਰਹੇ ਪ੍ਰਭਾਵ ਦਾ ਸਨਮਾਨ ਹੈ ਜਿਸਦੇ ਬਾਰੇ ਵਿੱਚ ਕੁੱਝ ਆਲੋਚਕਾਂ ਦਾ ਤਾਂ ਇੱਥੇ ਤੱਕ ਮੰਨਣਾ ਹੈ ਕਿ ਲੈਟਿਨ  ਅਮਰੀਕੀ ਬੂਮ  ਦੇ ਲੇਖਕਾਂ ਵਿੱਚ ਉਨ੍ਹਾਂ ਦੀ ਮਕਬੂਲੀਅਤ  ਸਭ ਤੋਂ ਜਿਆਦਾ ਰਹੀ .


ਸ੍ਰੋਤ:-ਪ੍ਰਭਾਤ ,ਜਾਨਕੀ ਪੁਲ

 

Thursday, October 7, 2010

ਮਾਮਲਾ ਸਭਿਅਤਾ ਦਾ - ਡਾ. ਜੋਗਿੰਦਰ ਸਿੰਘ ਰਾਹੀ


(ਇਸ ਸੰਗ੍ਰਹਿ ਵਿਚ ਸ਼ਾਮਲ ਲੇਖ ਤੇ ਟਿੱਪਣੀਆਂ ਉਸ ਸਮੇਂ ਦੀ ਉੱਪਜ ਹਨ, ਜਦੋਂ ਮੈਨੂੰ ਚਾਰ ਦਹਾਕੇ ਨਵਾਂ ਜ਼ਮਾਨਾ ਵਿਚ ਗੁਜ਼ਾਰਨ ਪਿਛੋਂ ਦੇਸ ਤੋਂ ਬਾਹਰ ਆਉਣਾ ਪਿਆ। ਜਿਸ ਸਮੇਂ ਮੈਨੂੰ ਪਰਵਾਸ ਅਖਤਿਆਰ ਕਰਨਾ ਪਿਆ ਉਦੋਂ ਸੰਸਾਰ ਦੇ ਹਾਲਾਤ ਉੱਕਾ ਹੀ ਬਦਲ ਚੁੱਕੇ ਸਨ। ਇਸ ਸਮੇਂ ਦੀਆਂ ਘਟਨਾਵਾਂ ਸੋਵੀਅਤ ਯੂਨੀਅਨ ਤੇ ਸੋਸ਼ਲਿਸਟ ਕੈਂਪ ਦੇ ਖ਼ਾਤਮੇ ਨਾਲ਼ ਸਿੱਧੇ ਜਾਂ ਅਸਿੱਧੇ ਤੌਰ 'ਤੇ ਸੰਬੰਧਤ ਆਖੀਆਂ ਜਾ ਸਕਦੀਆਂ ਹਨ। ਅਮਰੀਕਾ ਦੇ ਇੱਕੋ ਇਕ ਮਹਾਂਸ਼ਕਤੀ ਬਣ ਜਾਣ ਦਾ ਆਪਣਾ ਤਰਕ ਸੀ। ਹੁਣ ਜਦੋਂ ਉਸਦੇ ਮੁਕਾਬਲੇ ਦੀ ਕੋਈ ਤਾਕਤ ਨਹੀਂ ਰਹੀ, ਵਿਸ਼ਵ ਗ਼ਲਬੇ ਦੇ ਉਸਦੇ ਸ਼ੁਦਾਅ ਵਿਚ ਵਾਧਾ ਹੋਣਾ ਲਾਜ਼ਮੀ ਸੀ। ਬਦਲੇ ਹੋਏ ਇਸ ਸੰਸਾਰ ਵਿਚ ਵਿਚਾਰਾਂ, ਸੰਕਲਪਾਂ, ਸਮੁਦਾਵਾਂ, ਸੰਸਥਾਵਾਂ, ਇਤਿਹਾਸ ਅਤੇ ਇਥੋਂ ਤੱਕ ਕਿ ਸ਼ਬਦਾਂ ਤੇ ਬੋਲੀ ਵਿਚ ਵੀ ਵਿਆਪਕ ਢੰਗ ਨਾਲ਼ ਤੋੜ ਭੰਨ ਕੀਤੀ ਜਾ ਰਹੀ ਹੈ। ਮੰਤਵ ਨਵ-ਪੂੰਜਵਾਦ ਨੂੰ ਅੰਤਮ ਸੱਚ ਵਜੋਂ ਇਸਦੇ ਹਿਤਾਂ ਨੂੰ ਨਿਆਂ ਦੇ ਅੰਤਮ ਮਾਪ ਦੰਡ ਵਜੋਂ ਤੇ ਇਸ ਦੀਆਂ ਸਰਪ੍ਰਸਤ ਤਾਕਤਾਂ ਨੂੰ ਇਤਿਹਾਸ ਦੀਆਂ ਰਥਵਾਨ ਸ਼ਕਤੀਆਂ ਵਜੋਂ ਸਥਾਪਤ ਕਰਨਾ ਹੈ।
ਭਾਵੇਂ ਵਿਸ਼ਵੀਕਰਣ ਦੇ ਨਾਂਅ ਉਤੇ ਵਿਸ਼ਵ ਗ਼ਲਬੇ ਦੀਆਂ ਕੋਸ਼ਿਸ਼ਾਂ ਵਿਰੁੱਧ ਨਾਰਾਜ਼ਗੀ ਵੀ ਹੈ ਤੇ ਰੋਹ ਵੀ, ਪਰ ਕਿਸੇ ਅਜਿਹੀ ਸੰਗਠਤ ਤੇ ਕੇਂਦਰਤ ਜਨ-ਸ਼ਕਤੀ ਦੀ ਘਾਟ ਨਿਸਚੇ ਹੀ ਮਹਿਸੂਸ ਹੁੰਦੀ ਹੈ, ਜਿਹੜੀ ਇਸ ਨਾਰਾਜ਼ਗੀ ਤੇ ਰੋਹ ਨੂੰ ਆਲਮਗੀਰ ਤਹਿਰੀਕ ਦਾ ਰੂਪ ਤੇ ਸਪਸ਼ਟ ਸੇਧ ਦੇ ਸਕੇ।
ਇਹ ਹਨ ਅੱਜ ਦੇ ਦੌਰ ਦੇ ਕੁੱਝ ਉਭਰਵੇਂ ਪੱਖ। ਇਸ ਕਿਤਾਬ ਵਿਚ ਸ਼ਾਮਲ ਲੇਖ ਤੇ ਟਿੱਪਣੀਆਂ ਇਹਨਾਂ ਪੱਖਾਂ ਨੂੰ ਹੀ ਬਿਆਨ ਕਰਦੀਆਂ ਹਨ। ਦਰਅਸਲ ਵਾਤਾਵਰਣ ਵਿਚ ਆ ਰਹੀਆਂ ਤਬਦੀਲੀਆਂ ਤੋਂ ਲੈ ਕੇ ਦੁਨੀਆ ਦੇ ਕਿਸੇ ਹਿੱਸੇ ਵਿਚ ਵਾਪਰਨ ਵਾਲ਼ੀ ਨਿੱਕੀ ਤੋਂ ਨਿੱਕੀ ਘਟਨਾ ਤੱਕ, ਜੋ ਕੁੱਝ ਵੀ ਸਾਡੇ ਗ੍ਰਹਿ ਵਿਚ ਵਾਪਰ ਰਿਹਾ ਹੈ, ਅੱਜ ਦੇ ਮੁੱਖ ਸਵਾਲਾਂ ਨਾਲ਼ ਜੋੜਕੇ ਹੀ ਸਮਝਿਆ ਜਾ ਸਕਦਾ ਹੈ ਤੇ ਇਹੀ ਇਹਨਾਂ ਲਿਖਤਾਂ ਦਾ ਮੁੱਖ ਮੰਤਵ ਹੈ।
ਜੇ ਇਹ ਲਿਖਤਾਂ ਕਿਤਾਬੀ ਰੂਪ ਵਿਚ ਛਪਕੇ ਸਾਹਮਣੇ ਆਈਆਂ ਹਨ ਤਾਂ ਉਸ ਸੇਧ, ਸਹਿਯੋਗ ਤੇ ਸਹਾਇਤਾ ਦਾ ਸਦਕਾ ਹੈ ਜਿਹੜੀ ਮੈਨੂੰ ਹਰ ਪੜਾਅ ਉਤੇ ਆਪਣੇ ਕੁੱਝ ਮਿਹਰਬਾਨ ਦੋਸਤਾਂ ਤੋਂ ਹਾਸਲ ਰਹੀ। ਇਸ ਸੰਬੰਧ ਵਿਚ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾ. ਹਰੀਸ਼ ਪੁਰੀ ਤੇ ਡਾ. ਜੋਗਿੰਦਰ ਰਾਹੀ ਦਾ ਵਿਸ਼ੇਸ਼ ਤੌਰ 'ਤੇ ਰਿਣੀ ਹਾਂ ਜਿਹਨਾਂ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਸਾਰੀਆਂ ਲਿਖਤਾਂ ਪੜ੍ਹੀਆਂ ਤੇ ਇਹਨਾਂ ਨੂੰ ਤਰਤੀਬ ਦਿੱਤੀ। ਉਹਨਾਂ ਬੋਲੀ, ਸ਼ੈਲੀ ਆਦਿ ਬਾਰੇ ਅਜਿਹੇ ਕੀਮਤੀ ਸੁਝਾਅ ਵੀ ਦਿਤੇ ਜਿਨ੍ਹਾਂ ਦੇ ਸਦਕਾ ਲਿਖਤਾਂ ਵਧੇਰੇ ਪੜ੍ਹਨਯੋਗ ਬਣ ਸਕੀਆਂ। ਡਾ. ਰਾਹੀ ਦਾ ਮੈਂ ਇਸ ਗੱਲੋਂ ਵੀ ਧੰਨਵਾਦੀ ਹਾਂ ਕਿ ਉਹਨਾਂ ਮੁਖਬੰਦ ਦੇ ਰੂਪ ਵਿਚ ਆਪਣੀ ਰਾਏ ਦੇਣ ਦੀ ਖੇਚਲ ਵੀ ਕੀਤੀ।
ਮੈਂ ਆਪਣੇ ਸਹਿਯੋਗੀ ਪਵਨਜੀਤ ਸਿੰਘ ਦਾ ਵੀ ਮਸ਼ਕੂਰ ਹਾਂ ਜਿਸਨੇ ਇਹਨਾਂ ਲਿਖਤਾਂ ਨੂੰ ਕਿਤਾਬ ਦੀ ਸ਼ਕਲ ਦੇਣ ਦੇ ਮੁੱਢਲੇ ਖ਼ਿਆਲ ਤੋਂ ਲੈ ਕੇ ਇਹਨਾਂ ਨੂੰ ਇਕੱਠਾ ਕਰਨ, ਟਾਈਪ ਸੈਟ ਕਰਨ ਤੇ ਡਾ. ਹਰੀਸ਼ ਪੁਰੀ ਤੇ ਡਾ. ਰਾਹੀ ਤੱਕ ਪਹੁੰਚਾਉਣ ਤੱਕ, ਸਾਰੇ ਜ਼ਰੂਰੀ ਕਾਰਜ ਨੇਪਰੇ ਚਾੜ੍ਹੇ। ਜੇ ਪਵਨਜੀਤ ਪਿੱਛਾ ਨਾ ਕਰਦਾ ਤਾਂ ਇਹਨਾਂ ਲਿਖਤਾਂ ਨੇ ਕਿਤਾਬੀ ਸ਼ਕਲ ਵਿਚ ਸਾਹਮਣੇ ਨਹੀਂ ਸੀ ਆਉਣਾ।
ਇਸ ਸਾਰੇ ਕਾਰਜ ਵਿਚ ਜਿਹੜਾ ਹਿੱਸਾ ਅੰਮ੍ਰਿਤ ਜ਼ੀਰਵੀ ਨੇ ਪਾਇਆ, ਉਸਦਾ ਜ਼ਿਕਰ ਵੀ ਜ਼ਰੂਰੀ ਹੈ। ਉਸਨੇ ਆਪਣੀ ਪੜਚੋਲਵੀਂ ਰਾਏ ਤੇ ਕੰਪਿਊਟਰ-ਹੁਨਰ ਦੋਹਾਂ ਨਾਲ਼ ਇਹਨਾਂ ਲਿਖਤਾਂ ਦਾ ਮੂੰਹ-ਮੱਥਾ ਸਵਾਰਨ ਵਿਚ ਮੇਰਾ ਸਾਥ ਦਿੱਤਾ।
- ਸੁਰਜਨ ਜ਼ੀਰਵੀ )


ਇਹ ਹੈ ਬਾਰਬੀ ਸੰਸਾਰ ਨਾਮੀ ਇਹ ਗੱਦ-ਪੁਸਤਕ ਪੰਜਾਬੀ ਵਾਰਤਕ ਇਤਿਹਾਸ ਵਿੱਚ ਆਪਣੀ ਕਿਸਮ ਦੀ ਪਹਿਲੀ ਪੁਸਤਕ ਹੈ। ਆਧੁਨਿਕ ਪੰਜਾਬੀ ਗੱਦ ਦੀ ਸਥਿਤੀ ਪਿਛਲੇ ਕਈ ਵਰ੍ਹਿਆਂ ਤੋਂ ਖੜੋਤ ਦੀ ਅਵਸਥਾ ਵਿੱਚ ਰਹੀ ਹੈ। ਕਈ ਪਾਠਕ ਜਾਂ ਵਿੱਦਵਾਨ ਸਾਹਿਤਾਲੋਚਨਾ ਦੇ ਪ੍ਰਵਰਗ  ਵਿੱਚ ਆਉਂਦੀ ਵਾਰਤਕ ਦੇ ਹਵਾਲੇ ਨਾਲ ਸ਼ਾਇਦ ਇਸ ਖ਼ਿਆਲ ਨਾਲ ਮੁਤਫ਼ਿਕ ਹੋਣ ਵਿਚ ਔਖ ਮਹਿਸੂਸ ਕਰਨ। ਪਰ ਸਾਹਿਤਕਾਰ ਗੱਦ ਤੇ ਆਲੋਚਨਾਤਮਕ ਗੱਦ ਦੋ ਵੱਖਰੀਆਂ ਵਿਧਾਵਾਂ ਹਨ। ਇਨ੍ਹਾਂ ਨੂੰ ਇੱਕ ਕੋਟੀ ਵਿੱਚ ਰੱਖਣਾ ਤਰਕ-ਸੰਗਤ ਨਹੀਂ ਹੋਵੇਗਾ। ਸਾਹਿਤਕ ਗੱਦ ਦੀ ਸ਼੍ਰੇਣੀ ਵਿੱਚ ਇਨ੍ਹਾਂ ਵਰ੍ਹਿਆਂ ਵਿੱਚ ਜੇ ਕੁਝ ਜ਼ਿਕਰ ਕਰਨ ਯੋਗ ਨਾਵਾਂ ਦੇ ਹਵਾਲੇ ਦੇਣੇ ਹੋਣ ਤਾਂ ਉਹ ਸਿਰਫ਼ ਬਲਰਾਜ ਸਾਹਨੀ ਜਾਂ ਹਰਿਭਜਨ ਸਿੰਘ ਦੇ ਹਨ। ਇਨ੍ਹਾਂ ਵਿੱਚ ਗੁਰਬਚਨ ਦੀ ਤੇਜ਼-ਤਰਕ ਵਾਰਤਕ ਨੂੰ ਵੀ ਸ਼ਾਮਿਲ ਕੀਤਾ ਜਾ ਸਕਦਾ ਹੈ। ਪਰ ਜਿੱਥੇ ਬਲਰਾਜ ਸਾਹਨੀ ਦੀ ਵਾਰਤਕ ਗੌਲੀ ਗਈ ਹੈ, ਹਰਿਭਜਨ ਸਿੰਘ ਵਾਰਤਕ ਆਪਣੀ ਸੁਹਜਾਤਮਕਤਾ ਦੇ ਬਾਵਜੂਦ ਜਿਵੇਂ ਗੌਲੀ ਜਾ ਸਕਦੀ ਸੀ, ਤਿਵੇਂ ਗੌਲੀ ਨਹੀਂ ਗਈ। ਗੁਰਬਚਨ ਦੀ ਤੇਜ਼-ਤਰਾਰੀ ਨੇ ਉਸਨੂੰ ਵਿਵਾਦ-ਪੂਰਣ ਜ਼ਿਆਦਾ ਬਣਾਇਆ ਹੈ ਤੇ ਸੰਵਾਦ-ਪੂਰਣ ਘੱਟ। ਉਸਦੀ ਵਾਰਤਕ ਵਿੱਚ ਵਿਵਿਧਤਾ ਹੈ, ਜਿਵੇਂ ਸਾਹਿਤ ਦੇ ਸਿਕੰਦਰ, ਕਿਸ ਕਿਸ ਤਰ੍ਹਾਂ ਦੇ ਸਿਕੰਦਰ, ਏਨ੍ਹਾਂ ਮੁੰਡਿਆਂ ਜਲਦੀ ਮਰ ਜਾਣਾ ਅਤੇ ਪ੍ਰਸੰਗ ਦਰ ਪ੍ਰਸੰਗ ਆਦਿ ਪੁਸਤਕਾਂ ਵਿੱਚ। ਪਰ ਉਸਦੀ ਤੇਜ਼-ਤਰਾਰੀ ਦਾ ਬੱਦਲ ਗੜਗੜਾਉਂਦਾ ਰਿਹਾ ਤੇ ਵਿਵਿਧਤਾ ਬਸ ਕਿਣ-ਮਿਣ ਤੱਕ ਮਹਿਦੂਦ ਰਹੀ। ਏਨ੍ਹਾਂ ਮੁੰਡਿਆਂ ਜਲਦੀ ਮਰ ਜਾਣਾ ਦੇ ਪ੍ਰਸੰਗਾਂ ਨੂੰ ਪ੍ਰੇਮ ਪ੍ਰਕਾਸ਼ ਨੇ ਨਵੀਂ ਕਿਸਮ ਦੀ ਗਲਪ ਕਿਹਾ ਹੈ, ਪਰ ਕਿਸੇ ਨੇ ਬਤੌਰ ਵਿਧਾ ਦੇ ਇਸ ਅਨੁਭਵ ਨੂੰ ਪਰਿਭਾਸ਼ਿਤ ਨਹੀਂ ਕੀਤਾ। ਜਿਵੇਂ 'ਲੰਮੀ ਕਹਾਣੀ' ਦਾ ਜ਼ਿਕਰ ਤਾਂ ਬਹੁਤ ਹੋਇਆ ਹੈ, ਪਰ ਇਸਦੀ ਪਰਿਭਾਸ਼ਾ ਅੱਜ ਤੱਕ ਨਦਾਰਦ ਹੈ। ਹਰਿਭਜਨ ਸਿੰਘ ਦੀ ਚੋਲਾ ਟਾਕੀਆਂ ਵਾਲਾ ਵੀ ਕੁਝ ਇੰਜ ਹੀ ਬੇਪਛਾਣ ਰਹਿ ਗਈ, ਜਿਵੇਂ ਕਈ ਲੋਕਾਂ ਨੂੰ ਪਤਾ ਨਹੀਂ ਕਿ ਨਾਵਲਕਾਰ ਗੁਰਦਿਆਲ ਸਿੰਘ ਵਧੀਆ ਕਹਾਣੀਆਂ ਵੀ ਲਿਖਦਾ ਹੈ ਤੇ ਉਸਨੇ ਸ੍ਰੈ-ਜੀਵਨੀ ਵੀ ਲਿਖੀ ਹੈ।
ਮੇਰੇ ਕਹਿਣ ਦਾ ਭਾਵ ਇਹ ਹੈ ਕਿ ਜਿਨ੍ਹਾਂ ਵਾਰਤਕਕਾਰਾਂ ਦਾ ਉੱਪਰ ਅਸਾਂ ਜ਼ਿਕਰ ਕੀਤਾ ਹੈ, ਉਨ੍ਹਾਂ ਤੋਂ ਬਾਅਦ ਪੰਜਾਬੀ ਵਾਰਤਕ ਦਾ ਮੈਦਾਨ ਰੱਕੜ ਪਿਆ ਦਿਸਦਾ ਹੈ ਜਾਂ ਅਨਾੜੀਆਂ ਦੀ ਖੇਡ ਲਈ ਖ਼ਾਲੀ ਪਈ ਭੋਇੰ।
ਬੜੀ ਮੁੱਦਤ ਤੋਂ ਬਾਅਦ ਹੁਣ ਫੇਰ ਇਕ ਗੱਦ-ਪੁਸਤਕ ਹੋਂਦ ਵਿੱਚ ਆਈ ਹੈ ਜੋ ਵਰ੍ਹਿਆਂ ਦੇ ਜਮੂਦ ਨੂੰ ਤੋੜਦੀ ਦਿਸਦੀ ਹੈ ਅਤੇ ਪੰਜਾਬੀ ਗੱਦ ਦੇ ਇਤਿਹਾਸ ਵਿੱਚ ਐਸਾ ਵਰਕਾ ਫਰੋਲਦੀ ਹੈ ਜਿਸ ਨਾਲ ਸਾਡੇ ਵਿਸ਼ਵੀਕਰਣ ਦੇ ਮੁਦੱਈ ਆਲੋਚਕਾਂ ਦੀਆਂ ਜੜ੍ਹਾਂ ਹਿਲ ਸਕਦੀਆਂ ਹਨ। ਸਾਧਾਰਣ ਪੰਜਾਬੀ ਪਾਠਕ ਦੇ ਮਨ ਉੱਤੇ ਇਹ ਪੁਸਤਕ ਜੋ ਪ੍ਰਭਾਵ ਛੱਡੇਗੀ, ਉਸ ਬਾਰੇ ਮੈਨੂੰ ਕੋਈ ਸੰਦੇਹ ਨਹੀਂ। ਪਰ ਵਿਸ਼ਵੀਕਰਣ ਦੇ ਪਿਛਲੱਗ ਉੱਤਰ-ਆਧੁਨਿਕਤਵਾਦੀ ਆਲੋਚਕਾਂ ਨੂੰ ਜੋ ਪਰੇਸ਼ਾਨੀ ਹੋਵੇਗੀ, ਉਸ ਬਾਰੇ ਮੈਨੂੰ ਅਨੁਮਾਨ ਤਾਂ ਹੈ, ਪਰ ਮੈਂ ਭਵਿੱਖਬਾਣੀ ਨਹੀਂ ਕਰਾਂਗਾ। ਸਮਾਂ ਖੁਦ ਦੱਸੇਗਾ, ਇਸ ਨਿਸ਼ਚਿਤ ਬਦਹਾਲੀ ਦੀ ਕਥਾ। ਮੈਂ ਇਸਨੂੰ ਪੜ੍ਹਨ-ਲਿਖਣ ਵਾਲਿਆਂ ਦੀ ਕਲਪਨਾ ਉੱਤੇ ਛੱਡ ਦੇਣਾ ਬਿਹਤਰ ਸਮਝਦਾ ਹਾਂ।
ਸੁਰਜਨ ਜ਼ੀਰਵੀ ਦੀ ਇਸ ਪੁਸਤਕ ਦਾ ਨਾਂ, ਇਹ ਹੈ ਬਾਬਰੀ ਸੰਸਾਰ ਧਰਿਆ ਗਿਆ ਹੈ। ਇਹ ਨਾਮ ਖ਼ੁਦ ਜ਼ੀਰਵੀ ਨੇ ਨਹੀਂ ਧਰਿਆ। ਇਹ ਰਾਜਨੀਤੀ-ਸ਼ਾਸਤਰ ਦੇ ਵਿੱਦਵਾਨ ਪ੍ਰੋਫ਼ੈਸਰ ਹਰੀਸ਼ਪੁਰੀ ਤੇ ਖ਼ੁਦ ਮੇਰੀ ਸੰਮਤੀ ਨਾਲ ਧਰਿਆ ਗਿਆ ਹੈ, ਭਾਵੇਂ ਇਹ ਹੈ ਬਾਰਬੀ ਸੰਸਾਰ ਇਸ ਗੱਦ-ਪੁਸਤਕ ਦਾ ਪਹਿਲਾ ਲੇਖ ਨਹੀਂ ਹੈ। ਕੁੱਲ ਲੇਖ ਇੱਕੀ ਹਨ, ਜਿੰਨ੍ਹਾਂ ਦੇ ਆਪਣੇ ਆਪਣੇ ਨਾਮ ਤੇ ਥੀਮ ਹਨ।
ਇਹ ਹੈ ਬਾਰਬੀ ਸੰਸਾਰ ਇੱਕ ਗ਼ੈਰ-ਰਵਾਇਤੀ ਲੇਖ ਹੈ ਤੇ ਇਸ ਪਹਿਲੂ ਤੋਂ ਪੁਸਤਕ ਦੇ ਬਾਕੀ ਲੇਖਾਂ ਦੇ ਅਰਥ-ਸੰਸਾਰ ਨਾਲ ਸੰਬੰਧ ਦੀ ਦ੍ਰਿਸ਼ਟੀ ਤੋਂ ਰਹਸਮਈ ਵੀ। ਪਰ ਰਹਸ ਸਿਰਫ਼ ਏਨਾ ਹੀ ਹੈ ਕਿ ਪੁਸਤਕ ਦੇ ਤਕਰੀਬਨ ਤਮਾਮ ਲੇਖਾਂ ਦਾ ਬੀਜਾਰਥ ਇਸ ਲੇਖ ਵਿੱਚ ਮੌਜੂਦ ਤੇ ਸੁਲੱਭ ਹੈ।
'ਬਾਰਬੀ ਡਾਲ' ਆਮ ਲੋਕਾਂ ਲਈ ਅਜਨਬੀ ਜਿਹਾ ਨਾਮ ਹੈ। ਬਹੁਤਿਆਂ ਨੂੰ ਪਤਾ ਨਹੀਂ ਹੋਵੇਗਾ ਕਿ ਇਹ ਆਖ਼ਰ ਕੀ ਵਸਤੂ ਹੈ ਜਾਂ ਕਿਸੇ ਸ਼ੈ ਦਾ ਨਾਮ ਹੈ? ਬੇਮਾਅਨੀ ਵਿਸਥਾਰ ਤੋਂ ਡਰਦਿਆਂ ਮੈਂ ਕਿਸੇ ਦੇਰੀ ਦੇ ਦੱਸ ਦੇਣਾ ਚਾਹੁੰਦੀ ਹਾਂ ਕਿ ਇਹ ਕਥਿਤ ਗਲੋਬਲਾਈਜੇਸ਼ਨ ਦਾ ਇੱਕ ਬਹੁਤ ਵੱਡਾ ਤੇ ਭਿਅੰਕਰ ਫ਼ਰਾਡ ਹੈ। ਇਹ ਪੱਛਮ ਦੇ ਅਤਿ ਵਿਕਸਿਤ ਦੇਸ਼ਾਂ, ਜਿਨ੍ਹਾਂ ਵਿੱਚ ਅਮਰੀਕਾ ਪ੍ਰਮੁੱਖ ਹੈ, ਦੇ ਕਾਰਪੋਰਟ ਜਗਤ ਦੇ ਹੱਡ-ਤੋੜਵੇਂ ਸ਼ਿਕੰਜੇ ਦਾ ਇੱਕ ਖ਼ਾਸ ਪੇਟੰਟ ਹੈ। ਤਸ਼ਰੀਹਨ ਗੱਲ ਕਰਨੀ ਹੋਵੇ ਤਾਂ ਇਹ ਨਵਬਸਤੀਵਾਦ ਦੇ ਚੱਕਰਵਿਹੂ ਦਾ ਹਿੱਸਾ ਹੈ। ਗਲੋਬਲਾਈਜੇਸ਼ਨ ਦੇ ਭਰਮ ਵਿੱਚ ਗ੍ਰਸੇ ਪੰਜਾਬੀ ਦੇ ਪੱਛਮੀਵਾਦੀ ਉੱਤਰ-ਆਧੁਨਿਕਤਾਵਾਦੀਆਂ ਨੇ ਇਸਨੂੰ ਉੱਤਰ-ਬਸਤੀਵਾਦ ਦਾ ਨਾਮ ਦੇ ਲਿਆ ਹੈ। ਇੰਜ ਕਰਦੇ ਹੋਏ ਇਹ ਇਉਂ ਵਿਚਰਦੇ ਹਨ, ਜਿਵੇਂ ਕਿਸੇ ਮੁਤਬੱਰਕ ਸ਼ਕਤੀ ਨੂੰ ਪ੍ਰਨਾਮ ਕਰ ਰਹੇ ਹੋਣ।
'ਬਾਰਬੀ ਡਾਲ' ਕੋਈ ਅਜਿਹੀ ਮੁਤਬੱਰਕ ਤਾਕਤ ਨਹੀਂ। ਇਹ ਸਿਰਫ਼ ਕਿਸ਼ੋਰ ਅਵਸਥਾ ਦੀ ਦਹਿਲੀਜ਼ ਉੱਤੇ ਖਲੋਤੀਆਂ ਬਾਲੜੀਆਂ ਦਾ ਖਿਡੌਣਾ ਹੈ, ਪਲਾਸਿਟਕ ਦੀ ਤੇ ਸਿੰਥੈਟਿਕ ਵਾਲਾਂ ਵਾਲੀ ਗੁੱਡੀ ਦੇ ਰੂਪ ਵਿੱਚ। ਇਸਦੇ ਬਣਾਉਣ ਦੀ ਕੀਮਤ ਚੰਦ ਅਮਰੀਕੀ ਸੈਂਟਾਂ ਤੋਂ ਵੱਧ ਨਹੀਂ। ਪਰ ਇਹ ਵਿਕਦੀ ਸੈਂਕੜੇ ਡਾਲਰਾਂ ਦੇ ਭਾਅ ਹੈ ਤੇ ਇਸਨੂੰ ਬਣਾਉਣ ਵਾਲੀ ਕੰਪਨੀ ਨੇ ਇਸਦੀ ਅੰਤਰ-ਰਾਸ਼ਟਰੀ ਵਿਕਰੀ ਤੋਂ ਅਰਬਾਂ ਡਾਲਰ ਕਮਾਏ ਹਨ। ਇਸਦਾ ਪ੍ਰਸਿੱਧ ਰੰਗ ਹਲਕਾ ਗੁਲਾਬੀ ਹੈ, ਭਾਵੇਂ ਕਾਲੀ ਨਸਲ ਦੀਆਂ ਬਾਲੜੀਆਂ ਨੂੰ ਮੋਹਿਤ ਕਰਨ ਲਈ ਇਸਦੇ ਕਾਲੇ ਰੰਗ ਵੀ ਮੰਡੀ ਵਿੱਚ ਪਧਾਰ ਚੁਕੇ ਹਨ। ਇਸਦਾ ਚਿਹਰਾ-ਮੁਹਰਾ ਬਾਲੜੀਆਂ ਵਾਲਾ ਹੈ, ਪਰ ਅੰਗ ਜਵਾਨ ਕੁੜੀਆਂ ਵਾਲੇ ਹਨ। ਇਸਦੇ ਬਿਸਤਰ ਤੇ ਸ਼ਿੰਗਾਦਾਨ ਦੀ ਸ਼ਾਨੋਸ਼ੌਕਤ ਵਿੱਚ ਜਿਨ੍ਹਾਂ ਨੂੰ ਸਜਾਇਆ ਜਾਂਦਾ ਹੈ ਸ਼ਾਹੀ ਠਾਠ-ਬਾਠ ਵਾਲੀ ਟੇਪਿਸਟਰੀ, ਸਿਰਹਾਣਿਆਂ, ਚੱਦਰਾਂ ਤੇ ਹੋਰ ਸਾਜ਼ੋ-ਸਾਮਾਨ ਦੀ ਰੇਸ਼ਮੀ ਛੋਹ ਤੇ ਚਮਕ-ਦਮਕ ਨਾਲ। ਇਸਦੇ ਲਿਬਾਸ ਦੀ ਭਾਅ ਵੀ ਕੁਝ ਐਸੀ ਹੀ ਹੁੰਦੀ ਹੈ: ਸਫ਼ੈਦ, ਗੁਲਾਬੀ ਜਾਂ ਇਨ੍ਹਾਂ ਨਾਲ ਮਿਲਦੇ-ਜੁਲਦੇ ਰੰਗਾਂ ਵਿੱਚ। ਸਕਰਟ ਪਤਲੀਆਂ ਲੱਤਾਂ ਦੇ ਆਲੇ-ਦੁਆਲੇ ਫੈਲਰਵੀਂ ਹੁੰਦੀ ਹੈ, ਪੂਰੀ ਸਜਾਵਟ ਸਹਿਤ। ਬਾਲੜੀਆਂ ਇਸਦੇ ਨਵੇਂ ਰੂਪਾਂ ਉੱਤੇ ਅਲਫ਼-ਲੈਲਾ ਦੀਆਂ ਕਹਾਣੀਆਂ ਵਾਂਗ ਫ਼ਰੇਫ਼ਤਾ ਹੁੰਦੀਆਂ ਹਨ।
ਗ਼ਰੀਬ ਤਬਕੇ ਦੀਆਂ ਬਾਲੜੀਆਂ ਨੂੰ ਇਸ ਬਾਰੇ ਬਹੁਤਾ ਕੁਝ ਪਤਾ ਨਹੀਂ। ਪਰ ਜੇ ਉਹ ਉਸਨੂੰ ਕਿਧਰੇ ਵੇਖ ਲੈਣ ਤਾਂ ਹਸਰਤ ਭਰੀਆਂ ਨਿਗਾਹਾਂ ਨਾਲ ਇਸਨੂੰ ਇੰਜ ਨਿਹਾਰਦੀਆਂ ਹਨ ਜਿਵੇਂ ਦਿਨਾਂ ਤੋਂ ਭੁੱਖੀਆਂ ਰੋਟੀ ਦੀ ਤਲਾਸ਼ ਵਿੱਚ ਹੋਣ। ਮੱਧ-ਸ਼੍ਰੇਣੀ ਤੇ ਉਪਰਲੀਆਂ ਜਮਾਤਾਂ ਦੀਆਂ ਬਾਲੜੀਆਂ ਦੀ ਤਾਂ ਆਪਣੇ ਮਾਂ-ਬਾਪ ਤੋਂ ਮੰਗ ਹੀ ਬਤੌਰ ਤੁਹਫ਼ੇ ਦੇ ਬਾਰਬੀ ਡਾਲ ਦੀ ਰਹਿੰਦੀ ਹੈ। ਮਾਂ-ਬਾਪ ਨੂੰ ਜੇਬ ਕਸਵੀਂ ਹੋਣ ਦੇ ਬਾਵਜੂਦ ਇਹ ਮੰਗਾਂ ਪੂਰੀਆਂ ਕਰਨੀਆਂ ਹੀ ਪੈਂਦੀਆਂ ਹਨ। ਉਨ੍ਹਾਂ ਨੂੰ ਬਾਰਬੀ ਡਾਲ ਦੀ ਕਸ਼ਿਸ਼ ਪਿੱਛੇ ਕੰਮ ਕਰਦੀਆਂ ਤਾਕਤਾਂ ਜਾਂ ਪ੍ਰਵਿਰਤੀਆਂ ਦਾ ਨਾਂ ਪਤਾ ਹੁੰਦਾ ਹੈ ਤੇ ਨਾ ਹੀ ਛੇਤੀ ਕੀਤੇ ਚਲਦਾ ਹੈ ਕਿਉਂਕਿ ਮਾਮਲਾ ਗੁੰਝਲਦਾਰ ਹੈ।
ਬਾਰਬੀ ਡਾਲ ਅੱਜ ਤੋਂ ਤਕਰੀਬਨ ਪੰਜਾਹ ਵਰ੍ਹੇ ਪਹਿਲਾਂ ਜੰਮੀ, ਯਾਨੀ ਹੋਂਦ ਵਿੱਚ ਆਈ। ਸਮੇਂ ਦੇ ਇਸ ਲੰਮੇ ਅੰਤਰਾਲ ਦੇ ਬਾਵਜੂਦ ਉਹ ਅੱਜ ਤੱਕ ਬੁੱਢੀ ਨਹੀਂ ਹੋਈ। ਉਹ ਜਵਾਨ ਜੰਮੀ ਤੇ ਅਜੇ ਵੀ ਜਵਾਨ ਹੈ, ਬਾਲੜੀਆਂ ਵਾਲੇ ਨਕਸ਼ਾਂ ਤੇ ਰੰਗ-ਰੂਪ ਦੇ ਬਾਵਜੂਦ, ਉਹ ਹਮੇਸ਼ਾਂ ਕਿਸ਼ੋਰ-ਅਵਸਥਾ ਦੀ ਦਹਿਲੀਜ਼ ਉੱਤੇ ਖਲੋਤੀ ਨਵੇਂ ਨਵੇਂ ਪਹਿਰਾਵੇ ਤੇ ਐਸ਼ਵਰਜ ਮਾਣਦੀ ਚਲੀ ਆ ਰਹੀ ਹੈ। ਹੁਣ ਜਦੋਂ ਬਾਲੜੀਆਂ ਵਿੱਚ ਨਾਰੀ-ਚੇਤਨਾ ਵਧਣ ਲੱਗੀ ਤਾਂ ਬਾਰਬੀ ਡਾਲ ਦਾ ਇੱਕ ਨਵਾਂ ਮਾਡਲ ਮੰਡੀ ਵਿੱਚ ਪੇਲ ਦਿਤਾ ਗਿਆ ਜਿਸ ਵਿੱਚ ਉਹ ਹੈ ਪਹਿਲਾਂ ਵਰਗੀ ਹੀ ਕਿਸ਼ੋਰ, ਪਰ ਗਰਭਵਤੀ ਹੈ। ਉਸ ਵਿੱਚ ਲੱਗਾ ਇੱਕ ਬਟਨ ਦਬਾਉ, ਬੱਚਾ ਪੇਟ ਵਿੱਚੋਂ ਬਾਹਰ ਆ ਜਾਏਗਾ। ਪਿਆਰਾ ਜਿਹਾ ਬੱਚਾ ਜਿਸਨੂੰ ਬਾਲੜੀਆਂ ਨਵਜਾਤ ਬੱਚੇ ਵਾਂਗ ਚੁੰਮਦੀਆਂ-ਚਟਦੀਆਂ ਹਨ। ਇਹ ਕਿਸ ਕਿਸਮ ਦੀ ਪ੍ਰਵਿਰਤੀ ਨੂੰ ਗਰਮਾਉਣ ਦੀ ਕੋਸ਼ਿਸ਼ ਹੈ, ਪਾਠਕ ਖ਼ੁਦ ਅਨੁਮਾਨ ਲਾ ਸਕਦੇ ਹਨ। ਦੱਸਣ ਦੀ ਲੋੜ ਨਹੀਂ। ਇਹ ਕਿਸੇ ਤਾਲੀਮ ਦੀ ਜੁਗਤ ਨਹੀਂ, ਜਿਸਮ ਦੇ ਅੱਧ-ਸੁੱਤੇ ਆਵੇਗਾਂ ਨੂੰ ਜਗਾਉਣ ਦੀ ਚਤੁਰਤਾ ਹੈ। ਪਿੱਛੇ ਜਹੇ ਬਾਰਬੀ ਡਾਲ ਦਾ ਪੰਜਾਹਵਾਂ ਜਨਮ-ਦਿਨ ਮਨਾਇਆ ਗਿਆ, ਬੜੀ ਧੂਮ-ਧਾਮ ਤੇ ਉਚੇਚੇ ਮਾਡਲਾਂ ਨਾਲ। ਪਰ ਪੰਜਾਹ ਵਰ੍ਹਿਆਂ ਦੀ ਹੋ ਜਾਣ ਦੇ ਬਾਵਜੂਦ ਡਾਲ ਡਾਲ ਹੀ ਰਹੀ, ਨਿਰੰਤਰ ਕਿਸ਼ੋਰ। ਨਿਰਮਾਤਾ ਬੁੱਧੂ ਥੋੜ੍ਹੇ ਸਨ ਜੋ ਚਤੁਰਾਈ ਛੱਡ ਦੇਂਦੇ? ਆਖ਼ਰ ਅਰਬਾਂ ਡਾਲਰਾਂ ਦਾ ਮਾਮਲਾ ਸੀ।
ਮਾਂ-ਬਾਪ ਨੂੰ ਇਸ ਚਤੁਰਾਈ ਦੀ ਭਿਣਕ ਨਹੀਂ ਪੈਂਦੀ, ਭਾਵੇਂ ਉਹ ਖ਼ੁਦ ਆਪਣੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਇਸ ਅਹਿਸਾਸ ਵਿਚੋਂ ਗੁਜ਼ਰ ਚੁਕੇ ਹੁੰਦੇ ਹਨ। ਨਤੀਜਾਤਨ, ਜਦੋਂ ਉਹ ਅੱਗੋਂ ਆਪਣੇ ਬੱਚਿਆਂ ਦੀਆਂ ਖਾਹਸ਼ਾਂ ਨਾਲ ਸਨਮੁਖ ਹੁੰਦੇ ਹਨ, ਤਾਂ ਅਚੇਤ ਹੀ ਬਿਨਾਂ ਕਿਸੇ ਹਿਚਕਚਾਹਟ ਦੇ ਬੱਚਿਆਂ ਦੀਆਂ ਖ਼ਾਹਸ਼ਾਂ ਦੀ ਪੂਰਤੀ ਨੂੰ ਆਪਣੇ ਅਤੀਤ ਦੀਆਂ ਹਸਰਤਾਂ ਦੀ ਪੂਰਤੀ ਦਾ ਜ਼ਰੀਆਂ ਬਣਾ ਲੈਂਦੇ ਹਨ। ਇਹ ਸਭ ਕੁਝ ਅਚੇਤ ਹੀ ਵਾਪਰਦਾ ਰਹਿੰਦਾ ਹੈ। ਇਸ 'ਅਚੇਤ' ਨੇ ਖ਼ੂਬਸੂਰਤੀ ਦੇ ਪ੍ਰਤਿਮਾਨ ਬਦਲ ਦਿੱਤੇ ਹਨ। ਕਿਸੇ ਸਮੇਂ ਖ਼ੂਬਸੂਰਤੀ ਭਰਵੇਂ ਸਰੀਰ ਨਾਲ ਜੋੜੀ ਜਾਂਦੀ ਸੀ। ਬਾਰਬੀ ਡਾਲ ਨੇ ਪਤਲੇ ਪਤੰਗ ਸਰੀਰਾਂ ਤੇ ਘੱਟ ਖਾਣ ਨੂੰ ਸ਼ਹਿ ਦਿੱਤੀ ਜੋ ਪੇਟ ਦੀਆਂ ਤੇ ਕਈ ਹੋਰ ਬੀਮਾਰੀਆਂ ਦਾ ਕਾਰਣ ਬਣੀ ਜਿਨ੍ਹਾਂ ਨੂੰ ਚਕਿਤਸਕ ਬਿਹਤਰ ਜਾਣਦੇ ਹਨ। ਜਿਸਮ ਦੀ ਬਨਾਵਟ ਵਿੱਚ ਕਾਗਜ਼ੀ ਸਭਿਆਚਾਰ ਦਾ ਜਾਨੂੰਨ ਛਾ ਗਿਆ।
ਲੇਕਿਨ ਕਾਰਪੋਰੇਟ ਜਗਤ ਦੀਆਂ ਨੀਤੀਆਂ ਵਿੱਚ ਇਹ ਸਭ ਕੁਝ ਅਚੇਤ ਨਹੀਂ ਵਾਪਰਿਆ। ਕਾਰਪੋਰੇਟ ਜਗਤ ਤੋਂ ਸਾਡਾ ਭਾਵ ਉਨ੍ਹਾਂ ਤਾਕਤਾਂ ਤੋਂ ਹੈ ਜਿਨ੍ਹਾਂ ਦੇ ਹੱਥ ਵਿੱਚ ਕਿਸੇ ਵੀ ਸਮਾਜ, ਖ਼ਿੱਤੇ ਜਾਂ ਦੁਨੀਆਂ ਦੀ ਤਾਕਤ, ਸਰਮਾਏ ਔਰ ਸਿਆਸਤ ਦੀ ਤਾਕਤ ਵਿੱਚ ਹੁੰਦੀ ਹੈ। ਇਹ ਹੈ ਬਾਰਬੀ ਸੰਸਾਰ ਨਾਮੀ ਇਸ ਪੁਸਤਕ ਵਿਚ ਬਾਰਬੀ ਸਿਰਫ਼ ਬਾਲੜੀਆਂ ਦਾ ਖਿਡੌਣਾ ਨਹੀਂ ਹੈ। ਇਹ ਇਕ ਰੂਪਕ ਹੈ। ਰੂਪਕ ਦੀ ਪੱਧਰ ਉੱਤੇ 'ਬਾਰਬੀ' ਦੇ ਨਾਲ 'ਸੰਸਾਰ' ਦਾ ਵਾਕੰਸ਼ ਜੁੜਿਆ ਹੋਇਆ ਹੈ। ਇਹ ਵਾਕੰਸ਼ ਸਾਰੀ ਪੁਸਤਕ ਵਿੱਚ ਡੂੰਘੇ ਤੇ ਇਤਿਹਾਸਕ ਅਰਥ ਜੋੜ ਦੇਂਦਾ ਹੈ। ਇਹ ਸਿਰਫ਼ ਪਹਿਲੇ ਲੇਖ ਦੇ ਆਧਾਰ ਉੱਤੇ ਸਹੂਲਤ ਵਜੋਂ ਸਾਰੀ ਪੁਸਤਕ ਦਾ ਨਾਮ ਧਰ ਦੇਣ ਵਾਲੀ ਗੱਲ ਨਹੀਂ। ਮਸਲਾ ਸਹੂਲਤ ਦਾ ਨਹੀਂ, ਗੱਲ ਦੀ ਜੜ੍ਹ ਤੱਕ ਪੁੱਜਣ ਦਾ ਹੈ।
ਆਧੁਨਿਕ ਪੰਜਾਬੀ ਵਾਰਤਕ ਦੇ ਸਮੁੱਚੇ ਇਤਿਹਾਸ ਵਿੱਚ ਬੜੇ ਵੱਡੇ ਗੱਦਕਾਰ ਬਹੁਤ ਸੁੰਦਰ ਤੇ ਬਾਮਾਅਨੀ ਲੇਖ ਲਿਖ ਚੁਕੇ ਹਨ। ਪਰ ਮੇਰੀ ਨਜ਼ਰ ਵਿਚ ਸੁਰਜਨ ਜ਼ੀਰਵੀ ਦੀ ਇਹ ਗੱਦ-ਪੁਸਤਕ ਪਹਿਲੀ ਪੁਸਤਕ ਹੈ, ਜਿਸਦਾ ਕੋਈ ਕੇਂਦਰ-ਬਿੰਦੂ ਹੈ। ਇਸਤੋਂ ਪਹਿਲਾਂ ਦੀ ਬਹੁਤੀ ਆਧੁਨਿਕ ਪੰਜਾਬੀ ਵਾਰਤਕ ਵੱਖ ਵੱਖ ਮਜ਼ਮੂਨਾਂ ਵਾਲੇ ਲੇਖਾਂ ਦੇ ਸੰਗ੍ਰਹਿ ਰਹੀ ਹੈ। ਆਧੁਨਿਕ ਵਰਤਕ ਦਾ ਕਿਰਦਾਰ ਬਹੁਤੀਆਂ ਹਾਲਤਾਂ ਵਿੱਚ ਸੂਚਨਾ ਦੇਣ ਵਾਲਾ ਰਿਹਾ ਹੈ ਤੇ ਜੀਵਨ-ਜਾਚ ਦੇ ਇਖ਼ਲਾਕੀ ਤੇ ਸੁਹਜ-ਸ਼ਾਸਤ੍ਰੀ ਸੂਤਰ ਦੇਣ ਵਾਲਾ। ਜ਼ੀਰਵੀ ਦੀ ਇਹ ਪੁਸਤਕ ਵੀ ਕਈ ਪਾਠਕਾਂ ਨੂੰ ਸੂਚਨਾ-ਗਿਆਨ ਵੱਲ ਰੁਚਿਤ ਪ੍ਰਤੀਤੀ ਹੋ ਸਕਦੀ ਹੈ, ਪਰ ਚਾਲੀ ਸਾਲ ਦੇ ਸਾਹਿਤਾਲੋਚਨਾ ਦੇ ਤਜਰਬੇ ਦੇ ਆਧਾਰ ਉੱਤੇ ਮੈਂ ਇਹ ਗੱਲ ਯਕੀਨ ਨਾਲ ਕਹਿ ਸਕਦਾ ਹਾਂ ਕਿ ਇਸ ਗੱਦ-ਪੁਸਤਕ ਵਰਗੀ ਕੋਈ ਪੁਸਤਕ ਪਹਿਲਾਂ ਸਾਡੇ ਆਧੁਨਿਕ ਸਾਹਿਤ ਵਿੱਚ ਪੈਦਾ ਨਹੀਂ ਹੋਈ।
ਸੁਰਜਨ ਜ਼ੀਰਵੀ ਇਸ ਵੇਲੇ ਕੈਨੇਡਾ ਦਾ ਸ਼ਹਿਰੀ ਹੈ। ਪਰ ਲੰਮਾ ਅਰਸਾ ਉਹ ਨਵਾਂ ਜ਼ਮਾਨਾ ਦਾ ਸੰਪਾਦਕ ਰਿਹਾ ਹੈ। ਮੈਨੂੰ ਪਤਾ ਨਹੀਂ ਉਸਦੀ ਇਸ ਵੇਲੇ ਕਿੰਨੀ ਉਮਰ ਹੈ। ਨਾ ਹੀ ਮੈਂ ਇਹ ਜਾਣਨਾ ਜ਼ਰੂਰੀ ਸਮਝਦਾ ਹਾਂ। ਮੇਰੀ ਦਿਲਚਸਪੀ ਸਿਰਫ਼ ਇਸ ਗੱਲ ਵਿੱਚ ਹੈ ਕਿ ਉਹ ਜੋ ਵੀ ਲਿਖ ਰਿਹਾ ਹੈ। ਉਹ ਸਿਰਫ਼ ਜਜ਼ਬਾਤੀਅਤ ਦਾ ਵੇਗ ਨਹੀਂ। ਉਸ ਵਿੱਚ ਸੰਵੇਦਨਾ ਹੈ ਜੋ ਡੂੰਘੀ ਵਿਦਵਾਤ ਤੇ ਲੰਮੇ ਤਜਰਬੇ ਵਿੱਚੋਂ ਉਪਜਦੀ ਹੈ। ਇਹ ਸਿਰਫ਼ ਔਬਜ਼ਰਵੇਸ਼ਨ ਤੱਕ ਮਹਿਦੂਦ ਨਹੀਂ, ਬਲਕਿ ਚਿੰਤਨ ਦੀ ਪੈਦਾਵਾਰ ਹੈ। ਉਹ ਜੋ ਵੀ ਗੱਲ ਕਰਦਾ ਹੈ ਕਿਸੇ ਧੱਕੜ ਦਅਵੇਦਾਰੀ ਨਾਲ ਨਹੀਂ ਕਰਦਾ, ਠਰੰ੍ਹਮੇ ਨਾਲ ਕਰਦਾ ਹੈ। ਮਸਲਾ ਕਿੰਨਾ ਵੀ ਵਿਵਾਦਪੂਰਣ ਕਿਉਂ ਨਾ ਹੋਵੇ, ਤੁਹਾਡੇ ਸ੍ਰੈਮਾਨ ਨੂੰ ਖ਼ਰਾਸ਼ ਨਹੀਂ ਪੁੱਜਣ ਦੇਂਦਾ। ਉਸਦਾ ਅੰਦਾਜ਼ ਬੰਦੇ ਦੀ ਮਾਨਵਤਾ ਬਾਰੇ ਨਿਰੰਤਰ ਸਚੇਤ ਰਹਿੰਦਾ ਹੈ। ਇਸ ਰੂਪ ਵਿੱਚ ਪੂਰਨ ਸਿੰਘ ਤੇ ਬਲਰਾਜ ਸਾਹਨੀ ਵਾਂਗ ਆਪਣੀ ਹੀ ਮੁਦ੍ਰਾ ਵਿੱਚ ਸਤੰਬ ਵਾਂਗ ਖੜ੍ਹਾ ਹੈ।
ਭਾਰਤੀ ਭਾਈਚਾਰਾ ਕਿਨ੍ਹਾਂ ਸਮਾਜਕ ਗੁੰਝਲਾਂ ਵਿੱਚ ਫਸਿਆ ਹੋਇਆ ਹੈ, ਵਿਰਲੇ ਗੱਦਕਾਰ ਹਨ ਜਿਨ੍ਹਾਂ ਨੂੰ ਇਸ ਮਸਲੇ ਦਾ ਖ਼ਿਆਲ ਆਇਆ ਹੋਵੇ। ਪਰ ਸੁਰਜਨ ਜ਼ੀਰਵੀ ਨੂੰ ਅਵੱਸ਼ ਆਇਆ ਹੈ। ਇਹ ਗੁਣ ਤਿੰਨ ਲੇਖਾਂ ਵਿਚ ਖ਼ਾਸ ਕਰਕੇ ਤੇ ਕੁਝ ਹੋਰ ਲੇਖਾਂ ਵਿੱਚ ਅਸ਼ੰਕ ਰੂਪ ਵਿੱਚ ਬਹੁਤ ਨੁਮਾਂਇਆਂ ਹੈ, ਜਿਵੇਂ "ਐ ਵਤਨ ਤੁਝੇ ਅਬ ਕੇ ਸਲਾਮਤ ਦੇਖੂੰ" , "ਪ੍ਰਦੇਸਨਾਮਾ ਬਾਰੇ" , ਤੇ ਜਾਤੀ ਪ੍ਰਥਾ ਵਿਰੁੱਧ ਲੜਾਈ ਆਦਿ ਵਿੱਚ। ਐ ਵਤਨ ਤੁਝੇ ਅਬ ਕੇ ਸਲਾਮਤ ਦੇਖੂੰ ਲੇਖ ਉਸਨੇ ਉਸ ਮਾਨਸਿਕ ਅਵਸਥਾ ਵਿੱਚ ਲਿਖਿਆ ਜਦੋਂ ਉਸਨੇ ਕੈਨੇਡਾ ਦੀ ਸ਼ਹਿਰੀਅਤ ਦੀ ਸਹੁੰ ਚੁੱਕੀ। ਉਸ ਸਮੇਂ ਉਸਦੇ ਧੁਰ ਅੰਦਰਲੇ ਵਿੱਚ ਆਪਣੀ ਮਾਤ-ਭੂਮੀ ਬਾਰੇ ਸ਼ੁੱਭ-ਇੱਛਾਵਾਂ ਦੀਆਂ ਜੋ ਤਰੰਗਾਂ ਉਪਜੀਆਂ, ਉਨ੍ਹਾਂ ਤੋਂ ਪਤਾ ਚਲਦਾ ਹੈ ਕਿ ਮਾਤ-ਭੂਮੀ ਦਾ ਸੰਸਕਾਰ ਕਿਸ ਕਿਸਮ ਦੀ ਸੰਵੇਦਨਾਂ ਹੈ ਤੇ ਇਹ ਸੰਵੇਦਨਾ ਕਿਵੇਂ ਬੰਦੇ ਨੂੰ ਮਾਤ-ਭੂਮੀ ਦੀਆਂ ਅਹੁਰਾਂ ਬਾਰੇ ਅੰਦਰੋਂ-ਬਾਹਰੋਂ ਹਿਲਾ ਕੇ ਰੱਖ ਦੇਂਦੀ ਹੈ।
ਚੰਗੀ ਵਾਰਤਕ ਵਿੱਚ ਬਤੌਰ ਵਿਧਾ ਦੇ ਦੋ ਗੁਣ ਤਾਂ ਹੋਣੇ ਬਣਦੇ ਹੀ ਹਨ, ਇਕ-ਸੂਚਨਾ-ਗਿਆਨ ਦਾ ਤੇ ਦੂਜਾ ਸੰਵਦਨਸ਼ੀਲਤਾ ਦਾ। ਪਰ ਇੱਕ ਹੋਰ ਗੁਣ ਵੀ ਹੈ ਜੋ ਮਹੱਤਵਪੂਰਣ ਹੈ, ਪਰ ਘੱਟ ਮਿਲਦਾ ਹੈ। ਉਹ ਗੁਣ ਹੈ ਤਨਜ਼ ਦਾ ਜਿਸਦੇ ਮਾਅਨੀ ਵਿਡੰਬਨਾ ਦੇ ਵੀ ਹਨ ਤੇ ਵਿਅੰਗ ਦੇ ਵੀ! ਵਿਡੰਬਨਾ ਵਿੱਚ ਦੁਹਰੀ ਦ੍ਰਿਸ਼ਟੀ  ਹੁੰਦੀ ਹੈ, ਜਿਸ ਰਾਹੀਂ ਇਕ ਪਾਸੇ ਕਿਰਦਾਰਾਂ, ਵਰਤਾਰਿਆਂ ਤੇ ਸੰਸਥਾਵਾਂ ਦੀ ਦਿੱਖ  ਨੂੰ ਖੋਲ੍ਹਿਆ ਜਾਂਦਾ ਹੈ ਤੇ ਦੂਜੇ ਪਸੇ ਉਨ੍ਹਾਂ ਦੀ ਆਮ ਨਾ ਦਿਸਣ ਵਾਲੀ ਹਕੀਕਤ ਨੂੰ। ਹਕੀਕਤ ਦਾ ਬੋਧ ਲੇਖਕ ਦੀ ਸ਼ੈਲੀ ਦੇ ਕਟਾਖਸ਼ ਵਿਚ ਪਿਆ ਹੁੰਦਾ ਹੈ। ਇਹ ਗੁਣ ਜ਼ੀਰਵੀ ਦੀ ਸ਼ੈਲੀ ਵਿੱਚ ਬਹੁਤ ਤਿੱਖਾ ਹੈ। "ਬਾਰਬੀ ਹੈ ਬਾਰਬੀ ਸੰਸਾਰ" ਲੇਖ ਵਿਚ ਜਦੋਂ ਉਹ ਡੈਨਮਾਰਕ ਦੇ ਪਾਪ ਗਰੁੱਪ 'ਐਕੁਆ' ਦੇ ਇਕ ਗੀਤ ਵਿੱਚੋਂ ਬਾਰਬੀ ਪਿੱਛੇ ਕੰਮ ਕਰਦੀ ਕਾਰਪੋਰੇਟ ਮਾਨਸਿਕਤਾ ਦੀ ਝਲਕ ਵਿਖਾਉਂਦਾ ਹੈ ਤਾਂ ਉਸਦੀ ਤਨਜ਼ ਦੀ ਕਾਟ ਸੋਚਣ ਲਈ ਮਜਬੂਰ ਕਰ ਦੇਂਦੀ ਹੈ:
'ਭਾਵੇਂ ਮੇਰੀਆਂ ਜ਼ੁਲਫਾਂ ਵਾਹੋ,
ਜਿੱਥੇ ਚਾਹੋ ਕੱਪੜੇ ਲਾਹੋ,
ਬੇਸ਼ਕ ਮੈਨੂੰ ਛੇੜੋ ਛੂਹੋ,
ਚੁਕੋ, ਰੱਖੋਂ ਭਾਵੇਂ ਧੂਹੋ,
ਮੇਰੇ ਰੰਗ ਨੇ ਕਈ ਹਜ਼ਾਰ,
ਮੈਂ ਹਾਂ ਬਾਰਬੀ ਸੰਸਾਰ।'
ਜ਼ੀਰਵੀ ਦੀ ਤਨਜ਼ ਉਸਨੂੰ ਬਲਰਾਜ ਸਾਹਨੀ ਵਰਗੇ ਸੰਵੇਦਨਸ਼ੀਲ ਵਾਰਤਕਕਰਾ ਤੋਂ ਬਾਅਦ ਸਾਡਾ ਅਗਲਾ ਵਿਸ਼ੇਸ਼ ਵਾਰਤਕਕਾਰ ਬਣਾਉਂਦੀ ਹੈ। ਉਸਦੀ ਅਖ਼ਬਾਰ-ਨਵੀਸੀ ਵਿਚ ਗੁਣ ਨਹੀਂ ਸੀ। ਉਥੇ ਇਸਦੀ ਖ਼ਾਸ ਗੁੰਜਾਇਸ਼ ਵੀ ਨਹੀਂ ਹੁੰਦੀ। ਪਰ ਇਸ ਪੁਸਤਕ ਦੀ ਗੱਦ ਵਿੱਚ ਇਹ ਗੁਣ ਬਹੁਤ ਉਭਰਵਾਂ ਹੈ, ਜਿਵੇਂ "ਪਿਕਾਸੋ ਤੋਂ ਪਰਦਾ", "ਬੁਸ਼ ਦੇ ਪਾਵੇ ਨਾਲ ਬੱਝੀ ਦੁਨੀਆਂ ਦੀ ਹੋਣੀ" ਤੇ "ਆਸਕਰ ਅਵਾਰਡ" ਆਦਿ ਲੇਖਾਂ ਵਿਚ ਇਸਦੀ ਤੀਖਣਤਾ ਇੰਜ ਹੈ ਜਿਵੇਂ ਉਹ ਕਿਸੇ ਨਵੀਂ 'ਮਹਾਂਭਾਰਤ' ਵਿੱਚ ਜੂਝ ਰਿਹਾ ਹੋਵੇ, ਅਰਜਨ ਵਾਂਗ।
ਤਨਜ਼ ਤਾਂ ਗੁਰਬਚਨ ਦੀ ਵਾਰਤਕ ਵਿੱਚ ਵੀ ਮਿਲ ਜਾਵੇਗੀ। ਪਰ ਸੂਚਨਾ-ਗਿਆਨ ਤੇ ਸੰਵੇਦਨਸ਼ੀਲਤਾ ਵਿਚ ਉਸਦੀ ਵਾਰਤਕ ਕੁਝ ਢਿੱਲੀ ਹੈ। ਤਿੰਨਾਂ ਦੇ ਸੰਗਮ ਦਾ ਪ੍ਰਮਾਣ ਜ਼ੀਰਵੀ ਦੀ ਵਾਰਤਕ ਵਿੱਚ ਹੀ ਮਿਲਦਾ ਹੈ। ਗੁਰਬਚਨ ਦੀ ਤਨਜ਼ ਦੇ ਨਮੂਨੇ ਉਸ ਦੀਆਂ ਗੱਦ-ਪੁਸਤਕਾਂ ਸਿਹਤ ਦੇ ਸਿਕੰਦਰ ਤੇ ਕਿਸ ਕਿਸ ਤਰ੍ਹਾਂ ਦੇ ਸਿਕੰਦਰ ਵਿੱਚ ਮਿਲ ਜਾਣਗੇ। ਉਹ ਐਸੇ ਸਿਕੰਦਰਾਂ ਦਾ ਜ਼ਿਕਰ ਵੀ ਕਰਦਾ ਹੈ ਜੋ ਇਤਿਹਾਸ ਵਿੱਚ ਚੰਗੇਜ਼ ਖ਼ਾਂ ਜਾਂ ਈਦੀ ਆਮੀਨ ਅਨੁਰੂਪਾਂ ਵਿੱਚ ਮਿਲ ਜਾਣਗੇ ਤੇ ਦੂਜੇ ਪਾਸੇ ਐਸੇ ਸਿਕੰਦਰਾਂ ਦਾ ਵੀ ਜੋ ਮਹਾਨ ਵਿਅਕਤੀਆਂ ਦੀ ਕੋਟੀ ਵਿੱਚ ਰੱਖੇ ਜਾ ਸਕਦੇ ਹਨ। ਸੇਖੋਂ ਤੇ ਵਿਰਕ ਵਰਗੀਆਂ ਸ਼ਖ਼ਸੀਅਤਾ ਉਸ ਲਈ ਅਜਿਹੇ ਸਿਕੰਦਰ ਹਨ। ਪਰ ਗੁਰਬਚਨ ਦੇ ਸਿਕੰਦਰਾਂ ਦੇ ਤਨਜ਼ੀਆ ਚਿਤਰ ਕੁਝ ਨਿਜੀ ਰੜਕ ਵਾਲੇ ਹਨ। ਜ਼ੀਰਵੀ ਦੀ ਤਨਜ਼ ਉੱਦਾਤ ਆਲੋਚਨਾ ਵੱਲ ਰੁਚਿਤ ਹੈ। ਇਸ ਵਿੱਚ ਉਹ ਅੱਜ ਦੀ ਦੁਨੀਆ ਦੇ ਕਾਰਪੋਰੇਟ ਜਗਤ ਦੇ ਚੰਗੇਜ਼ੀ ਸਿਕੰਦਰਾਂ ਤੇ ਉਨ੍ਹਾਂ ਦੀ ਵਿਸ਼ਵ-ਦ੍ਰਿਸ਼ਟੀ ਦੇ ਕੂਟ-ਪਸਾਰ ਦੇ ਬਖ਼ੀਏ ਉਧੇੜਦਾ ਹੈ। ਪਰ ਐਸਾ ਕਰਦਾ ਹੋਇਆ ਉਹ ਕਦੇ ਸੂਚਨਾ-ਗਿਆਨ ਤੇ ਸੰਵੇਦਨਸ਼ੀਲਤਾ ਦਾ ਦਾਮਨ ਨਹੀਂ ਛੱਡਦਾ।
ਆਪਣੀ ਤਨਜ਼ ਵਿੱਚ ਉਹ ਅਕਸਰ ਇਕ ਮਾਰਕਸਵਾਦੀ ਦੇ ਰੂਪ ਵਿੱਚ ਨਜ਼ਰ ਆਏਗਾ। ਪਰ ਇਸ ਤਨਜ਼ ਦੀ ਪੁਸ਼ਟੀ ਵਿੱਚ ਉਹ ਕਮਿਊਨਿਸਟ ਰਾਜਨੀਤੀ-ਵੇਤਾਵਾਂ ਜਾਂ ਵਿਚਾਰਵਾਨਾਂ ਦੇ ਖ਼ਿਆਲਾਂ ਨੂੰ ਨਹੀਂ ਵਰਤਦਾ। ਆਪਣੀਆਂ ਧਾਰਣਾਵਾਂ ਦੀ ਪੁਸ਼ਟੀ ਜਾਂ ਵਿਆਖਿਆ ਲਈ ਉਹ ਅਕਸਰ ਦੁਨੀਆ ਦੇ ਉਦਾਰਭਾਵੀ ਵਿੱਦਵਾਨਾਂ ਜਾਂ ਅਖ਼ਬਾਰ-ਨਵੀਸਾ ਜਾਂ ਚਿੰਤਕਾਂ ਦੀਆਂ ਅੰਤਰ-ਦ੍ਰਿਸ਼ਟੀਆਂ ਨੂੰ ਵਰਤਦਾ ਹੈ। ਇਹ ਗੱਲ ਉਸਦੀ ਨਜ਼ਰ ਨੂੰ ਤਅਸੁਬ ਦੀ ਪਕੜ ਵਿੱਚ ਨਹੀਂ ਆਉਣ ਦੇਂਦੀ।
ਹਾਂ, ਇਕ ਗੱਲ ਜ਼ਰੂਰ ਰੜਕਦੀ ਹੈ ਕਿ ਅੱਜ ਦੁਨੀਆ ਜੇ ਕਾਰਪੋਰੇਟ ਜਗਤ ਦੀ ਅਸਰਾਲ ਦੇ ਸ਼ਿਕੰਜੇ ਵਿੱਚ ਜਕੜੀ ਹੋਈ ਚੁਰਮੁਚਾ ਰਹੀ ਹੈ ਤਾਂ ਉਹ ਕਿਹੜੇ ਅੰਤਰ-ਵਿਰੋਧ ਹਨ ਜਿਨ੍ਹਾਂ ਨੇ ਸਮਾਜਵਾਦੀ ਤਾਕਤਾਂ ਨੂੰ ਤ੍ਰੇੜ ਦਿਤਾ ਹੈ। ਦੁਨੀਆ ਦੋ-ਧੁਰੀ ਸੰਤੁਲਨ ਨੂੰ ਖੋਹ ਬੈਠੀ ਹੈ ਤੇ ਇਕ-ਧੁਰੀ ਤਾਕਤ ਦੇ ਰਹਿਮ ਦਾ ਸ਼ਿਕਾਰ ਬਣਕੇ ਰਹਿ ਗਈ ਹੈ ਅਤੇ ਜੇ ਕਿਸੇ ਪਹਿਚਾਣ ਦੀ ਤਲਾਸ਼ ਵਿੱਚ ਕੋਸ਼ਾਂ ਹੈ ਤੇ ਉਹ ਭਾਂਤ-ਭਾਂਤ ਦੀ ਐਥਨਿਕਤਾ ਦੀ ਪਹਿਚਾਣ ਤੋਂ ਅੱਗੇ ਨਹੀਂ ਵਧ ਪਾਉਂਦੀ। ਜ਼ੀਰਵੀ ਨੇ ਮਦਰ ਟੈਰੀਸਾ ਦੇ ਮਿਸ਼ਨ ਤੇ ਜੀਵਨ-ਦ੍ਰਿਸ਼ਟੀ ਦੀ ਵਿਰਾਸਤ ਤੇ ਨਿਰਧਨਤਾ ਦੇ ਮੋਹ ਨੂੰ ਵੀ ਕਾਰਪੋਰੇਟ ਜਗਤ ਦੀਆਂ ਨੀਤੀਆਂ ਦੇ ਛੜਯੰਤਰ ਦਾ ਹਿੱਸਾ ਦਰਸਾਇਆ ਹੈ। ਸੋਚਣ ਵਾਲਾ ਮਸਲਾ ਇਹ ਹੈ ਕਿ ਮਦਰ ਟੈਰੀਸਾ ਦਾ ਮੋਹ ਸਿਰਫ਼ ਉਸਦੇ ਮਿਸ਼ਨ ਦੀ ਕਾਢ ਨਹੀਂ, ਇਹ ਤਾਂ ਸਾਡੀ ਆਪਣੀ ਸਦੀਆਂ ਪੁਰਾਣੀ ਰੂਹਾਨੀਅਤ ਦੀ ਪਰੰਪਰਾ ਦਾ ਅੰਗ ਵੀ ਹੈ, ਜੋ ਸਬਰ-ਸੰਤੋਖ ਨੂੰ ਵਡਿਆਉਂਦੀ ਹੋਈ ਧਨੀ ਰਾਮ ਚਾਤ੍ਰਿਕ ਨੂੰ ਇਹ ਕਹਿਣ ਉੱਤੇ ਮਜਬੂਰ ਕਰ ਦੇਂਦੀ ਹੈ: 'ਵਾਹ ਗ਼ਰੀਬੀ ਨਿਆਰੇ ਤੇਰੇ, ਵਸਦੇ ਰਹਿਣ ਚੁਬਾਰੇ ਤੇਰੇ।' ਇਹ ਮਾਣਸ-ਵਿਗਿਆਨ ਦਾ ਮਸਲਾ ਹੈ। ਕਾਰਪੋਰੇਟ ਜਗਤ ਇਸਨੂੰ ਕਿਵੇਂ ਗਹਿਰਾ ਰਿਹਾ ਹੈ, ਇਸ਼ ਬਾਰੇ ਜ਼ਰਾ ਡੂੰਘੇਰੇ ਚਿੰਤਨ ਦੀ ਲੋੜ ਹੈ।
ਲੇਕਨ ਇਸ ਮਸਲੇ ਬਾਰੇ ਚਿੰਤਨ ਹਾਲ ਦੀ ਘੜੀ ਮੁਲਤਵੀ ਕੀਤਾ ਜਾ ਸਕਦਾ ਹੈ। ਅਜੇ ਇਹ ਹੈ ਬਾਰਬੀ ਸੰਸਾਰ ਦੇ ਕੁਝ ਜ਼ਰੂਰੀ ਪਹਿਲੂ ਵਾਚਣੇ ਰਹਿੰਦੇ ਹਨ। ਇਸ ਪੁਸਤਕ ਦੇ ਬਹੁਤੇ ਲੇਖ ਬੁਸ਼-ਪ੍ਰਸ਼ਾਸਨ ਦੀਆਂ ਸਾਜਸ਼ਾਂ ਬਾਰੇ ਵਿਸ਼ੇਸ਼ ਕਰਕੇ ਅਮਰੀਕਾ ਦੀਆਂ ਇਤਿਹਾਸਕ ਅਕਾਂਖਿਆਵਾਂ ਦੇ ਕਪਟ ਨਾਲ ਆਮ ਕਰਕੇ ਸੰਬੰਧਿਤ ਹਨ। ਇਸ ਗੱਲ ਦਾ ਵਧੇਰੇ ਵਿਸਥਾਰਪੂਰਵਕ ਦ੍ਰਿਸ਼ "ਬੁਸ਼ ਦੇ ਪਾਵੇ ਨਾਲ ਬੱਝੀ ਦੁਨੀਆ ਦੀ ਹੋਣੀ" ਅਤੇ ਮਹਾਂਸ਼ਕਤੀ ਦੀ ਮਹਾਂ-ਉਲਾਰ ਮਾਨਸਿਕਤਾ ਨਾਮੀ ਲੇਖਾਂ ਵਿੱਚ ਮਿਲ ਜਾਵੇਗਾ। ਇਸ ਕੋਟੀ ਦੇ ਲੇਖਾਂ ਵਿੱਚ ਅਮਰੀਕਾ ਦੀਆਂ ਨੀਤੀਆਂ ਦੇ ਫ਼ਲਸਤੀਨ, ਅਫ਼ਗ਼ਾਨਿਸਤਾਨ, ਈਰਾਨ ਅਤੇ ਯੋਗੋਸਲਾਵੀਆ ਆਦਿ ਦੇਸ਼ਾਂ ਬਾਰੇ ਨੀਤੀ ਦੇ ਦੋਗਲੇਪਨ ਦੇ ਚਿਤ੍ਰਣ ਵਿਚ ਮਿਲਦਾ ਹੈ।
ਜ਼ੀਰਵੀ ਇਸ ਦੁਖਾਂਤ ਦਾ ਚ੍ਰਿਤਣ ਅਖ਼ਬਾਰ-ਨਵੀਸੀ ਤੋਂ ਉਪਰ ਉਠਕੇ ਇਕ ਨਵੇਕਲੀ ਭਾਂਤ ਦੀ ਮਾਨਵੀ ਚਿੰਤਾ ਨਾਲ ਕਰਦਾ ਹੈ। ਬਲਕਿ ਇਸਤੋਂ ਵੀ ਅੱਗੇ ਗਹਿਰਾਈ ਵਿੱਚ ਜਾਂਦਾ ਹੋਇਆ ਹੋਰ ਭਾਵੀ ਖ਼ਤਰਿਆਂ ਵੱਲ ਵੀ ਧਿਆਨ ਖਿਚਦਾ ਹੈ ਤੇ ਦਸਦਾ ਹੈ ਕਿ ਦੁਨੀਆਂ ਦੀ ਇੱਕੋ-ਇੱਕ ਵੱਡੀ ਤਾਕਤ ਦੀ ਅਗਲੀ ਨਜ਼ਰ ਲਿਬੀਆ, ਸੀਰੀਆ, ਈਰਾਨ, ਇੰਡਨੇਸ਼ੀਆ ਅਤੇ ਚੀਨ ਤੋਂ ਇਲਾਵਾ ਰੂਸ ਆਦਿ ਉੱਤੇ ਹੈ। ਮਲਟੀਨੈਸ਼ਨਲ ਕੰਪਨੀਆਂ ਦੇ ਆਲ-ਜੰਜਾਲ ਰਾਹੀਂ ਭਾਰਤ ਉੱਤੇ ਵੀ। ਇੱਥੋਂ ਤਕ ਕਿ ਕੈਨੇਡਾ ਵਰਗੇ ਗੁਆਂਢੀ ਅਤੇ ਦੋਸਤ ਮੁਲਕ ਨੂੰ ਵੀ ਇਸ ਖ਼ਤਰੇ ਤੋਂ ਮਹਿਫ਼ੂਜ ਨਹੀਂ ਰੱਖਿਆ ਜਾ ਰਿਹਾ। ਜੇ ਇਹ ਗੱਲ ਅਜੇ ਤੱਕ ਬਹੁਤ ਅੱਗੇ ਨਹੀਂ ਵਧੀ ਤਾਂ ਇਹ ਕੇਨੈਡਾ ਦੇ ਆਮ ਲੋਕਾਂ ਦੀ ਸਚੇਤਨਤਾ ਅਤੇ ਸਾਵਧਾਨੀ ਕਰਕੇ ਨਹੀਂ ਵਧੀ, ਵਰਨਾ ਕੈਨੇਡਾ ਦਾ ਕਾਰਪੋਰੇਟ ਯਾਨੀ ਸਰਮਾਏਦਾਰੀ ਜਗਤ ਤਾਂ ਅਮਰੀਕਾ ਵਿੱਚ ਵਿਲੀਨ ਹੋਣ ਲਈ ਤਿਆਰ ਬੈਠਾ ਹੈ। ਉਸਦੀ ਇਸ ਚੇਸ਼ਟਾ ਵਿੱਚ ਅੜਿੱਕਾ ਸਿਰਫ਼ ਕੈਨੇਡਾ ਦੇ ਜਨਸਮੂਹ ਦੀ ਮਾਨਵੀ ਸੰਵੇਦਨਾ ਤੇ ਦ੍ਰਿੜ੍ਹਤਾ ਹੈ। ਇਸਦਾ ਵੇਰਵਾ "ਸੰਕਟ ਦੇ ਵਧਦੇ ਪਰਛਾਵੇਂ" , "ਇਹ ਸ਼ਰਾਰਤ ਭਰੀ ਬਹਿਸ" ਅਤੇ "ਅਣਚਾਹੀ ਬਹਿਸ, ਅਣਉਚਿਤ ਮਾਡਲ" ਆਦਿ ਲੇਖਾਂ ਵਿੱਚ ਮਿਲ ਜਾਵੇਗਾ।
ਦੁਨੀਆਂ ਵਿੱਚ ਅੱਜ ਦਹਿਸ਼ਤਗਰਦੀ ਦੇ ਖਿਲਾਫ਼ ਜੰਗ ਦਾ ਬੜਾ ਵੱਡਾ ਰੌਲਾ ਹੈ, ਜਿਸ ਵਿੱਚ ਅਮਰੀਕਾ ਮੋਹਰੀ ਬਣਿਆ ਬੈਠਾ ਹੈ, ਪਰ ਦੋਗਲੀ ਨੀਤੀ ਨਾਲ। ਈਰਾਕ ਉੱਤੇ ਬੇਜਾ ਹਮਲਾ, ਉਹ ਵੀ ਸੰਯੁਕਤ ਰਾਸ਼ਟਰ ਦੇ ਇਕਮਤ ਵਿਰੋਧ ਦੇ ਬਾਵਜੂਦ, ਇਹ ਦੋਗਲੇਪਨ ਦੀ ਭਿੰਅਕਰ ਮਿਸਾਲ ਹੈ। ਦਹਿਸ਼ਤਗਰਦੀ ਦੇ ਖ਼ਿਲਾਫ਼ ਜੰਗ ਦੇ ਇਸ ਸੋਮੇ ਦਾ ਕੇਵਲ, ਮਕਸਦ ਮੱਧ-ਏਸ਼ੀਆ ਤੱਕ ਦੇ ਤੇਲ ਤੇ ਖਣਜ ਪਦਾਰਥਾਂ ਦੇ ਸੋਮਿਆਂ ਦਾ ਵਹਿਣ ਪੱਛਮ ਵੱਲ ਮੋੜਨਾ ਹੈ। ਇਸ ਲੁੱਟ ਦੇ ਠੇਕੇ ਜਿਵੇਂ ਅਮਰੀਕਾ ਦੇ ਰਾਸ਼ਟਰਪਤੀ, ਉਪ ਰਾਸ਼ਟਰਪਤੀ ਤੇ ਹੋਰ ਸੰਬੰਧਿਤ ਕਾਰਪੋਰੇਟ ਜਗਤ ਨੇ ਆਪਸ ਵਿੱਚ ਵੰਡੇ ਹਨ ਤੇ ਹੋਰ ਦੇਸ਼ਾਂ ਨੂੰ ਇਨ੍ਹਾਂ ਠੇਕਿਆਂ ਤੋਂ ਵਿਵਰਜਿਤ ਰੱਖਿਆ ਹੈ, ਉਹ ਖੁੱਲ੍ਹੀ ਕਿਤਾਬ ਹੈ। ਜ਼ੀਰਵੀ ਇਕ ਤੋਂ ਜ਼ਿਆਦਾ ਲੇਖਾਂ ਵਿੱਚ ਇਸ ਛੜਯੰਤਰ ਨੂੰ ਬੇਨਿਕਾਬ ਕਰਦਾ ਹੈ ਤੇ ਕਥਿਤ ਗਲੋਬਾਈਜ਼ੇਸ਼ਨ ਦੀ ਸਿਆਸਤ ਦੇ ਸੂਤਰਧਾਰਾਂ ਨੂੰ ਸੰਬੋਧਿਤ ਹੁੰਦਾ ਹੈ। ਬੁਸ਼ ਦੀ ਸਥਿਤੀ ਇਹ ਹੈ ਕਿ ਜੋ ਬੁਸ਼ ਦੀਆਂ ਨੀਤੀਆਂ ਨਾਲ ਸਹਿਮਤ ਨਹੀਂ, ਉਹ ਸਭਿਅਤਾ ਤੇ ਲੋਕ-ਤੰਤ੍ਰ ਦਾ ਦੁਸ਼ਮਣ ਹੈ ਤੇ ਦੁਸ਼ਮਨ ਨੂੰ ਤਬਾਹ ਕਰਨਾ ਉਸਦਾ 'ਇਨਸਾਨੀ' ਫਰਜ਼ ਹੈ। ਇਹ ਵਾਈਟ ਮੈਨਜ਼ ਬਰਡਨ' ਦੀ ਪੁਰਾਣੀ ਫ਼ਿਲਾਸਫ਼ੀ ਦਾ ਦੂਜਾ ਕਾਲਾ ਰੂਪ ਹੈ। ਇਸ ਇਨਸਾਨੀ ਫ਼ਰਜ ਦੀ ਅਦਾਇਗੀ ਲਈ ਅਮਰੀਕਾ ਜੋ ਵੀ ਕਿਸੇ ਦੇਸ਼ ਵਿੱਚ ਕਰਨਾ ਚਾਹੇ, ਸੋ ਉਸ ਲਈ ਸਭਿਅਤਾ ਦੇ ਫ਼ਰਜ਼ ਨੂੰ ਨਿਭਾਉਣ ਦੀ ਜ਼ਿਮੇਦਾਰੀ ਹੋਵੇਗੀ। ਇਹ ਹੈ ਅਮਰੀਕਾ ਦੀ ਗਲੋਬਲਾਈਜੇਸ਼ਨ।
ਪੰਜਾਬੀ ਵਿਚ ਇਹ ਗੱਦ-ਪੁਸਤਕ ਸ਼ਾਇਦ ਪਹਿਲੀ ਰਚਨਾ ਹੈ ਜੋ ਦੁਨੀਆਂ ਦੇ ਬਹੁਤ ਮਸਲਿਆਂ ਅਤੇ ਚਿੰਤਾਵਾਂ ਨੂੰ ਆਪਣੀ ਪਕੜ ਵਿੱਚ ਲੈਂਦੀ ਹੈ। ਇਹ ਗੁਣ ਸਾਡੀ ਗੱਦ ਅਤੇ ਵਿਦਵਤਾ ਵਿਚ ਵਿਰਲਾ ਹੈ ਅਤੇ ਸਾਡੇ ਅਜਾਰੇਦਾਰੀ ਆਲੋਚਕਾਂ ਦੌ ਜਕੜ ਨੂੰ ਤੋੜਦਾ ਹੈ। ਜਗਿਆਸੂ ਬਿਰਤੀ ਵਾਲੀ ਨਵੀਂ ਪੌਦ ਲਈ ਇਹ ਪੁਸਤਕ ਸੋਚ ਅਤੇ ਸਮਝ ਦੇ ਨਵੇਂ ਦੁਆਰ ਖੋਲ੍ਹਦੀ ਹੈ ਤੇ ਉਨ੍ਹਾਂ ਨੂੰ ਅਣਜਾਤੀਆਂ ਵੰਗਾਰਾਂ ਦੇ ਸਨਮੁਖ ਖੜਾ ਕਰਦੀ ਹੈ। ਇਹ ਨਿਰਾਸ਼ਾ ਵਿੱਚ ਆਸ਼ਾ ਦੀ ਲੋੜ ਹੈ। ਇਸਨੂੰ ਜੀ- ਆਇਆ ਕਹਿਣਾ ਸਾਡੀ ਇਤਿਹਾਸਕ ਜ਼ਿੰਮੇਵਾਰੀ ਹੈ।
ਇਤਿਹਾਸਕ ਹੀ ਨਹੀਂ, ਸਾਹਿਤਕ ਵੀ। ਬਲਕਿ ਸਾਹਿਤ-ਇਤਿਹਾਸਕ।
ਜ਼ੀਰਵੀ ਨੂੰ ਲੋਕ ਅਖ਼ਬਾਰ ਨਵੀਸ ਵਜੋਂ ਜਾਣਦੇ ਹਨ। ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਉਹ ਡੂੰਘੀ ਸਾਹਿਤ-ਚੇਤਨਾ ਵਾਲਾ ਸ਼ਖ਼ਸ ਵੀ ਹੈ। ਉਸਨੇ ਰਸਮੀ ਤੌਰ ਉੱਤੇ ਸਾਹਿਤਾਲੋਚਨਾ ਵਿਚ ਕੋਈ ਉਚੇਚਾ ਕਦਮ ਨਹੀਂ ਧਰਿਆ। ਪਰ ਦੋ ਗੱਲਾਂ ਪਰਦੇਸ ਨਾਮਾ ਬਾਰੇ ਲੇਖ ਵਿੱਚ ਉਸਨੇ ਪਰਵਾਸੀ ਸਾਹਿਤ-ਚੇਤਨਾ ਬਾਰੇ ਨਿਹਾਇਤ ਹੀ ਧੀਮੀ ਸੁਰ ਵਿੱਚ ਜੋ ਟਿੱਪਣੀਆਂ ਕੀਤੀਆਂ ਹਨ, ਉਸ ਵਰਗੀ ਕੋਈ ਚੀਜ਼ ਪੰਜਾਬੀ ਆਲੋਚਨਾ ਵਿੱਚ ਮੇਰੀ ਨਜ਼ਰ ਵਿਚੋਂ ਨਹੀਂ ਗੁਜ਼ਰੀ। ਮੈਂ ਅਿਜਹੀਆਂ ਗੱਲਾਂ ਕਰਨੀਆਂ ਚਾਹੁੰਦਾ ਰਿਹਾ ਹਾਂ, ਪਰ ਪਰਦੇਸ ਵਾਲਿਆਂ ਦੀ ਨਾਰਾਜ਼ਾਗੀ ਤੋਂ ਡਰਦਾ ਹੋਇਆ ਕਦੇ ਹਿੰਮਤ ਨਹੀਂ ਜੁਟਾ ਸਕਿਆ। ਜ਼ੀਰਵੀ ਨੇ ਹਿੰਮਤ ਜੁਟਾਈ ਹੈ, ਇਸ ਲਈ ਨਹੀਂ ਕਿ ਉਹ ਖੁਦ ਪਰਦੇਸੀ ਹੈ, ਬਲਕਿ ਇਸ ਲਈ ਕਿ ਉਹ ਸ਼ੁਰੂ ਤੋਂ ਹੀ ਨਿਡਰ ਹੈ। ਉਸਦੀ ਪਹਿਲੀ ਵਫ਼ਾਦਾਰੀ 'ਅਸ਼ਰਫ਼ੁਲ ਮਖ਼ਲੂਕਾਤ' ਹੋਣ ਦੇ ਨਾਤੇ ਕੁਦਰਤ ਵੱਲੋਂ ਮਿਲੀ ਸਭ ਤੋਂ ਵੱਡੀ ਦਾਤ ਆਪਣੀ ਸਮਝ ਪ੍ਰਤੀ ਹੈ, ਕਿਸੇ ਹੋਰ ਤਾਕਤ ਪ੍ਰਤੀ ਨਹੀਂ।
ਜ਼ੀਰਵੀ ਨੂੰ ਪਤਾ ਨਹੀਂ ਯਾਦ ਹੈ ਜਾਂ ਨਹੀਂ, ਪਰ ਮੈਨੂੰ ਸਪੱਸ਼ਟ ਯਾਦ ਹੈ। ਪੰਜਾਹਵਰਿਆਂ ਦੇ ਸ਼ੁਰੂ ਵਿੱਚ ਜਦੋਂ ਮੋਹਨ ਸਿੰਘ ਮਾਈ ਹੀਰਾ ਗੇਟ, ਜਲੰਧਰ ਦੇ ਲਾਗੇ-ਚਾਗੇ ਵਿੱਚ ਰਹਿੰਦਾ ਸੀ ਤਾਂ ਉਸਦੇ ਘਰ ਹਰ ਹਫ਼ਤੇ ਜਾਂ ਹਰ ਪੰਧਰਵੇਂ ਨੂੰ ਸਾਹਿਤਕਾਰਾਂ ਦੀਆਂ ਨਿਰੋਲ ਸਾਹਿਤਕ ਮਹਿਫ਼ਲਾਂ ਲਗਦੀਆਂ ਹਨ, ਪਟਿਆਲੇ ਦੇ ਲਾਲੀ ਬਾਦਸ਼ਾਹ ਦੀਆਂ ਰਾਤ-ਭਰ ਲਗਦੀਆਂ ਸਾਹਿਤਕ ਮਹਿਫ਼ਲਾਂ ਵਾਂਗ। ਮੋਹਨ ਸਿੰਘ ਦੀਆਂ ਮਹਿਫ਼ਲਾਂ ਸਮੇਂ ਮੈਂ ਜਵਾਨ ਸਾਂ, ਉਸ ਸਮੇਂ ਦੀ ਰਵਾਇਤ ਮੁਤਾਬਕ ਕਵਿਤਾ ਲਿਖਦਾ ਸਾਂ। ਕੁਝ ਕਵਿਤਾਵਾਂ ਮੈਂ ਉਨ੍ਹਾਂ ਮਹਿਫ਼ਲਾਂ ਵਿੱਚ ਪੜੀ੍ਹਆਂ ਵੀ। ਜ਼ੀਰਵੀ ਇਨ੍ਹਾਂ ਮਹਿਫ਼ਲਾਂ ਵਿੱਚ ਆਮ ਕਰਕੇ ਮੁੱਖ ਆਲੋਚਕ ਹੁੰਦਾ ਸੀ ਤੇ ਮੋਹਨ ਸਿੰਘ ਆਲੋਚਕ ਹੋਣ ਤੋੰ ਇਲਾਵਾ ਮਹਿਮਾਨ-ਨਿਵਾਜ਼ ਵੀ। ਜ਼ੀਰਵੀ ਨੇ ਮੇਰੀਆਂ ਕਵਿਤਾਵਾਂ ਬਾਰੇ ਜੋ ਕੁਝ ਵੀ ਕਿਹਾ, ਉਸ ਵਿੱਚ ਕੁਝ ਵੀ ਮੇਰਾ ਦਿਲ ਢਾਉਣ ਵਾਲਾ ਨਹੀਂ ਸੀ। ਫਿਰ ਵੀ ਮੈਨੂੰ ਪਤਾ ਚਲ ਗਿਆ ਕਿ ਕਵਿਤਾ ਉਸ ਸਮੇਂ ਮੇਰੀ ਉਮਰ ਦੀ ਜਜ਼ਬਾਤੀਅਤ ਸੀ। ਇਹ ਮੇਰੀ ਸੰਵੇਦਨਾ ਨਹੀਂ ਸੀ, ਠੀਕ ਹੀ ਉਸ ਤਰ੍ਹਾਂ ਜਿਵੇਂ ਉਸਨੇ ਦੋ ਗੱਲਾਂ ਪਰਦੇਸ ਨਾਮਾ ਬਾਰੇ ਵਾਲੇ ਲੇਖ ਵਿੱਚ ਧੀਰ ਉਰਫ਼ ਪੰਜਾਬੀ ਪਰਵਾਸੀ ਲੇਖਕਾਂ ਨੂੰ ਹੁਣ ਸਮਝਾਉਣੀਆਂ ਚਾਹੀਆਂ ਹਨ। ਮੈਨੂੰ ਤਾਂ ਉਸ ਸਮੇਂ ਛੋਟੀ ਉਮਰ ਵਿੱਚ ਹੀ ਉਸਦੀ ਗੱਲ ਸਮਝ ਪੈ ਗਈ। ਹੁਣ ਕਿਸੇ ਨੂੰ ਪੈਂਦੀ ਹੈ ਜਾਂ ਨਹੀਂ, ਇਹ ਵੇਖਣ ਤੇ ਸਮਝਣ ਵਾਲਾ ਮਸਲਾ ਹੈ। ਮੋਹਨ ਸਿੰਘ ਦੀਆਂ ਸਾਹਿਤਕ ਮਹਿਫ਼ਲਾਂ ਦੇ ਯੁਗ ਤੇ ਅੱਜ ਦੀਆਂ ਸਾਹਿਤਕ ਮਹਿਫ਼ਲਾਂ ਦੇ ਪ੍ਰਸਾਰਵਾਦੀ ਯੁੱਗ ਦੀਆਂ ਅਕਾਂਖਿਆਵਾਂ ਤੇ ਉਨ੍ਹਾਂ ਦੀਆਂ ਮਹਿਫ਼ਲਾਂ ਵਿਚ ਬੜਾ ਫ਼ਰਕ ਹੈ। ਪਰ ਜ਼ੀਰਵੀ ਦੀ ਸਾਹਿਤ-ਸੰਵੇਦਨਾ ਉਲਟ-ਪੁਲਟ ਨਹੀਂ ਹੋਈ। ਮੈਨੂੰ ਤਾਂ ਉਸਦੀ ਖ਼ਾਮੋਸ਼ ਸਲਾਹ ਛੋਟੀ ਉਮਰ ਦੇ ਬਾਵਜੂਦ ਛੇਤੀ ਹੀ ਸਮਝ ਆ ਗਈ ਸੀ। ਹੁਣ ਤਾਂ ਮਸਲਾ ਹੈ ਪ੍ਰੌਢ ਪਰਵਾਸੀ ਲੇਖਕ ਉਸਦੇ ਸੁਝਾਅ ਕਿਵੇਂ ਪਕੜਦੇ ਹਨ। ਅੱਲਾ ਖ਼ੈਰ ਕਰੇ! ਸਿਰਜਨਾ ਵਿੱਚ ਜ਼ੀਰਵੀ ਕਿਸੇ ਨੂੰ ਬਹੁਤੀਆਂ ਸਲਾਹਾਂ ਨਹੀਂ ਦੇਂਦਾ। ਉਸਦੀ ਬਾਤ ਫੜਨ ਵਾਲੇ ਫੜ ਲੈਂਦੇ ਹਨ, ਜਿਨ੍ਹਾਂ ਨਹੀਂ ਫੜਨੀ ਉਹ ਆਪਣੀ ਬੇਢੰਗੀ ਚਾਲ ਚਲਦੇ ਰਹਿੰਦੇ ਹਨ। ਜ਼ੀਰਵੀ ਉਨ੍ਹਾਂ ਨੂੰ ਲੋੜੋਂ ਵਧੀਕ ਸੰਬੋਧਿਤ ਨਹੀਂ ਹੁੰਦਾ। ਬਸ ਆਪਣੇ ਅੰਦਾਜ਼ ਵਿਚ ਬੰਦੇ ਦੇ ਬੰਦਾ ਤੇ ਰਚਨਾਕਾਰ ਹੋਣ ਲਈ ਇਤਿਹਾਸ ਨੂੰ ਸਮਝਣ ਦੀ ਅਹਮੀਅਤ ਦਰਸਾਉਂਦਾ ਰਹਿੰਦਾ ਹੈ। ਇਹੀ ਉਸਦਾ ਧਰਮ ਹੈ ਤੇ ਇਹੀ ਉਸਦਾ ਲਖਸ਼। ਲੋਕ ਉਸਨੂੰ ਕਮਿਊਨਿਸਟ ਮੰਨਦੇ ਹਨ, ਪਰ ਮੇਰੀ ਨਜ਼ਰ ਵਿੱਚ ਉਹ ਧਾਰਮਿਕ ਹੈ। ਸਾਰੇ ਕਮਿਊਨਿਸਟ ਧਾਰਮਿਕ ਨਹੀਂ ਹੁੰਦੇ। ਕਾਸ਼ ਉਹ ਹੁੰਦੇ। ਜ਼ੀਰਵੀ ਧਾਰਮਿਕ ਹੋਣ ਕਰਕੇ ਨਵੇਕਲੀ ਸਾਹਿਤ-ਸੰਵਦੇਨਾ ਵਾਲਾ ਸ਼ਖ਼ਸ ਹੈ।
ਉਸਦੀ ਸਾਹਿਤ-ਸੰਵੇਦਨਾ ਅਨੇਕ ਮੁੱਦਿਆਂ ਨੂੰ ਛੁੰਹਦੀ ਹੋਈ ਵੀ ਆਪਣੇ ਕੇਂਦਰੀ ਮੁੱਦੇ ਇਤਿਹਾਸ ਵਿੱਚੋਂ ਉਪਜੀਆਂ ਮਾਨਵੀਂ ਚਿੰਤਾਵਾਂ ਨੂੰ ਨਹੀਂ ਤਿਆਗਦੀ। ਉਹ ਸਿਰਜਨਾ ਦੇ ਮਸਲੇ ਵਿਚ ਮੰਡੀ-ਫ਼ੈਟਿਸ਼ਿਜ਼ਮ ਦੀ ਵੇਸਵਾਚਾਰੀ ਅਧੀਨ ਇਕ ਗਲੀ ਵਿਚੋਂ ਨਿਕਲ ਕੇ ਬਿਨਾਂ ਕਿਸੇ ਜ਼ਮੀਰ ਦੇ ਦੂਜੀ ਗਲੀ ਵਿੱਚ ਵੜ ਜਾਣ ਤੇ ਉਸਦਾ ਢਾਡੀ ਬਣ ਜਾਣ ਵਾਲਾ ਵਿਅਕਤਿਤ੍ਵ ਨਹੀਂ ਹੈ। ਗਿਆਨ ਦਾ ਮਸਲਾ ਉਸ ਲਈ ਸਿਰਫ਼ ਆਪਣੇ ਆਪ ਨੂੰ ਦਿਖਾਉਣ ਦਾ ਮਸਲਾ ਨਹੀਂ ਹੈ। ਇਹ ਰੌਸ਼ਨ-ਦਿਮਾਗ਼ੀ ਦੀ ਸਾਂਝ ਦਾ ਮਸਲਾ ਹੈ ਜਿਸਨੂੰ ਉਹ ਬਖ਼ੂਬੀ ਨਿਭਾਉਂਦਾ ਹੈ। ਇਸ ਸੰਬੰਧ ਵਿੱਚ ਉਸਦਾ ਹਥਿਆਰ ਤੱਥ ਹਨ। ਉਸਦੀ ਜੀਵਨ-ਫ਼ਿਲਾਸਫ਼ੀ ਤੱਥਾਂ ਦੇ ਸਹਾਰੇ ਖੜੀ ਹੈ, ਸਿਵਾਇ 'ਫ਼ਕੀਰੀ' ਦੀ ਫ਼ਿਲਾਸਫ਼ੀ ਦੇ ਤੱਥ ਦੀ ਨਾਵਾਕਫ਼ੀ ਦੇ। ਉਹ ਖ਼ੁਦ 'ਫ਼ਕੀਰ' ਹੈ। ਪਰ ਉਸਨੂੰ ਆਪਣੀ 'ਫ਼ਕੀਰੀ' ਦਾ ਆਪ ਪਤਾ ਨਹੀਂ। ਇਹੀ ਤਾਂ ਵਿਰੋਧਭਾਸ ਹੈ ਬੰਦੇ ਦਾ ਬੰਦਾ ਹੋਣ ਦੀ ਹੋਂਦ ਦਾ।
ਸਾਡੀ ਹੁਣ ਤੱਕ ਦੀ ਬਹੁਤੀ ਪੰਜਾਬੀ ਵਾਰਤਕ ਤੱਥਾਂ ਤੋਂ ਬੇਨਿਆਜ਼ ਰਹੀ ਹੈ। ਸਿਰਫ਼ ਜਜ਼ਬਾਤ ਜਾਂ ਜਜ਼ਬਾਤ ਤੋਂ ਖ਼ਾਲੀ ਤੱਥਾਂ ਦੇ ਸਹਾਰੇ ਚਲਦੀ ਰਹੀ ਹੈ। ਜ਼ੀਰਵੀ ਦੀ ਇਹ ਗੱਦ-ਪੁਸਤਕ ਤੱਥਾਂ ਅਤੇ ਜਜ਼ਬਾਤ ਦੇ ਸਮਿਲਨ ਦਾ ਜ਼ਰੀਆ ਬਣੀ ਹੈ। ਇਸ ਲਈ ਮੈਂ ਉਸਦੀ ਗੱਦ ਨੂੰ ਪੰਜਾਬੀ ਵਾਰਤਕ ਦੇ ਇਤਿਹਾਸ ਵਿੱਚ ਵਿਸ਼ੇਸ਼ ਘਟਨਾ ਸਮਝਦਾ ਹਾਂ। ਇਹ ਪੰਜਾਬੀ ਵਾਰਤਕ ਨੂੰ ਪੰਜਾਬ ਦੇ ਘੇਰੇ ਤੋਂ ਬਾਹਰ ਦੁਨੀਆਂ ਦੇ ਘੇਰੇ ਵਿਚ ਲੈ ਜਾਂਦੀ ਹੈ। ਜਿਹੜੀ ਗੱਲ ਪੰਜਾਬੀ ਦੇ ਵਿੱਦਵਾਨਾਂ ਨੂੰ ਹੁਣ ਤਕ ਸਮਝ ਨਹੀਂ ਆਈ, ਉਹ ਗੱਲ ਇਹ ਪੁਸਤਕ ਪੜ੍ਹਕੇ ਸਮਝ ਆ ਜਾਣੀ ਚਾਹੀਦੀ ਹੈ। ਅਸੀਂ ਪਿੱਛੇ ਅਮਰੀਕਾ ਦੀ ਵਿਸਤਾਰਵਾਦੀ ਨੀਤੀ ਬਾਰੇ ਚਰਚਾ ਕਰ ਚੁਕੇ ਹਾਂ। ਇਹ ਵੀ ਦਸ ਚੁਕੇ ਹਾਂ ਕਿ ਅਮਰੀਕਾ ਸੰਯੁਕਤ ਰਾਸ਼ਟਰ ਨੂੰ ਟਿੱਚ ਜਾਣਦਾ ਹੈ ਅਤੇ ਇਹ ਵੀ ਐਲਾਨ ਕਰ ਚੁੱਕਾ ਹੈ ਕਿ ਛੋਟੇ ਵੱਡੇ ਮੁਲਕਾਂ ਵਿੱਚ ਫ਼ਰਕ ਹੁੰਦਾ ਹੈ। ਛੋਟੇ ਮੁਲਕਾਂ ਦੀ ਰਾਏ ਨੂੰ ਉਹ ਤਰਜੀਹ ਨਹੀਂ ਦਿੱਤੀ ਜਾ ਸਕਦੀ ਜੋ ਅਮਰੀਕਾ ਵਰਗੇ ਵੱਡੇ ਮੁਲਕ ਨੂੰ ਦਿੱਤੀ ਜਾਣੀ ਬਣਦੀ ਹੈ। ਵਰਲਡ ਬੈਂਕ ਉਸਦੀ ਮੁੱਠੀ ਵਿੱਚ ਹੈ। ਇਹ ਗੱਲ ਧਿਆਨ ਵਿੱਚ ਲਿਆਂਉਂਦਾ ਹੋਇਆ ਜ਼ੀਰਵੀ ਅਦੁਤੀ ਦਿਸਦਾ ਹੈ।
ਰਹਿ ਗਈ ਗੱਲ ਅਰਬ ਦੇਸ਼ਾ ਦੀ, ਜਿਨਂ੍ਹਾਂ ਵਿੱਚ ਅਮਰੀਕਾ ਦੋਗਲੀ ਨੀਤੀ ਵਰਤ ਰਿਹਾ ਹੈ। ਇਕ ਪਾਸੇ ਉਹ ਇਸਲਾਮੀ ਦਹਿਸ਼ਤਗਰਦੀ ਦਾ ਵਿਰੋਧ ਕਰ ਰਿਹਾ ਹੈ ਜੋ ਦਹਿਸ਼ਤਗਰਦੀ ਕਿ ਇਸਲਾਮੀ ਕੱਟੜਪੰਥੀਆਂ ਦੇ ਜਹਾਦ ਦੇ ਸੰਸਕਾਰ ਵਿੱਚੋਂ ਉਪਜਦੀ ਹੈ, ਭਾਵੇਂ ਉਹ ਅਮਰੀਕਾ ਦੀ ਧੱਕੜਸ਼ਾਹੀ ਦੀ ਪ੍ਰਤਿਕ੍ਰਿਆ ਵੀ ਹੈ। ਪਰ ਦੂਜੇ ਪਾਸੇ ਅਮਰੀਕਾ ਉਨ੍ਹਾਂ ਦੇ ਦਹਿਸ਼ਤਗਰਦ ਦਸਤਿਆਂ ਨੂੰ ਹੋਰ ਦੇਸ਼ਾਂ ਵਿੱਚ ਸਿਰਦਰਦੀ ਖੜ੍ਹੀ ਕਰਨ ਲਈ ਵਰਤ ਰਿਹਾ ਹੈ ਅਤੇ ਕਿਸੇ ਹੱਦ ਤਕ ਇਨ੍ਹਾਂ ਦਾ ਜਨਮਦਾਤਾ ਵੀ ਹੈ, ਜਿਵੇਂ ਚੇਚਨੀਆ, ਯੋਗੋਸਲਾਵੀਆ ਤੇ ਕਸ਼ਮੀਰ ਆਦਿ ਵਿਚ। ਚੀਨ ਬਾਰੇ ਉਹ ਚੁੱਪ ਹੈ ਹਾਲਾਂਕਿ ਉੱਥੇ ਵੀ ਕਿਸ ਕਿਸਮ ਦਾ ਮਸਲਾ ਹੈ। ਚੀਨ ਤੋਂ ਅਜੇ ਉਹ ਡਰਦਾ ਹੈ, ਪਰ ਅੰਦਰੋਂ-ਅੰਦਰ ਉਸ ਵਿਰੁੱਧ ਸਰਗਰਮ ਹੈ। ਉਸਦੀ ਸਿਕੰਦਰ ਜਾਂ ਚੰਗੇਜ਼ ਖਾਂ ਬਣਨ ਦੀ ਤਮੰਨਾ ਪੂਰੀ ਤਰ੍ਹਾਂ ਮੱਛਰੀ ਹੋਈ ਹੈ, ਭਾਵੇਂ ਮਖੌਟਾ ਬਦਲ ਗਿਆ ਹੈ। ਉਹ ਦੁਨੀਆ ਦੀ ਵਾਹਦ ਤਾਕਤ ਬਣ ਚੁੱਕਾ ਹੈ, ਪਰ ਇਸ ਨੂੰ ਪਰਿਪੱਕ ਕਰਨ ਲਈ ਤਿਲਮਿਲਾ ਰਿਹਾ ਹੈ।
ਜ਼ੀਰਵੀ ਦੀ ਗੱਦ ਇਸ ਬਾਰੇ ਦੁਨੀਆਂ ਦੀਆਂ ਅੱਖਾਂ ਖੋਲ੍ਹਦੀ ਹੈ। ਅਤੇ ਉਹ ਕਹਿੰਦਾ ਹੈ ਕਿ "ਅਮਰੀਕਾ ਸੱਭਯ ਸਮਾਜ ਲਈ ਮਾਡਲ ਨਹੀਂ" , ਜਿੱਥੇ ਕਿ ਅਮਰੀਕਾ ਆਪਣੇ ਆਪ ਨੂੰ 'ਸੱਭਯ ਸੰਸਾਰ' ਮੰਨਦਾ ਹੈ। ਜ਼ੀਰਵੀ ਦੀ ਵਾਰਤਕ ਗਲੋਬਲਾਈਜੇਸ਼ਨ ਦੇ ਉਸ਼ਟੰਡ ਦਾ ਭਰਮ ਤੋੜਦੀ ਹੈ। ਪੰਜਾਬੀ ਪਾਠਕਾਂ ਅਤੇ ਵਿਦਵਾਨਾਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ, ਜਿਵੇਂ ਪਹਿਲਾਂ ਕਦੇ ਨਹੀਂ ਸਮਝੀ ਗਈ। ਗਲੋਬਲਾਈਜੇਸ਼ਨ ਸਿਰਫ਼ ਇਨਫ਼ਰਮੇਸ਼ਨ ਤਕਨਾਲੋਜੀ ਦੀਆਂ ਕਰਾਮਤਾਂ ਦਾ ਮਸਲਾ ਜਾਂ ਪਰਿਮਾਣ ਨਹੀਂ, ਇਹ ਨਵਬਸਤੀਵਾਦ ਦਾ ਦੂਜਾ ਨਾਮ ਵੀ ਹੈ। ਦੁਖਾਂਤ ਇਹ ਹੈ ਕਿ ਪੈਸਾ ਕਮਾਉਣ ਦੀ ਹੋੜ ਵਿੱਚ ਇਸਦੇ ਪਿੱਠੂ ਵਿੱਦਵਦਨਾਂ ਨੇ ਇਸ ਨੂੰ ਉੱਤਰ ਬਸਤੀਵਾਦ ਕਹਿਣਾ ਸ਼ੁਰੂ ਕਰ ਦਿੱਤਾ ਹੈ ਜਿਨ੍ਹਾਂ ਵਿਚ ਕੁਝ 'ਖੱਬੇ ਪੱਖੀ' ਵਿਦਵਾਨ ਵੀ ਸ਼ਾਮਿਲ ਹਨ। ਉਨ੍ਹਾਂ ਲਈ ਬਸਤੀਵਾਦ ਮਰ ਚੁੱਕਾ ਹੈ, ਜਿਵੇਂ ਅਮਰੀਕਾ ਲਈ। ਆਵਾਜ਼-ਇ-ਖ਼ੁਦਾ, ਆਵਾਜ਼-ਇ-ਖ਼ਲਕ? ਅਮਰੀਕਾ ਅੱਜ ਦਾ ਖ਼ੁਦਾ ਹੈ, ਉਹ ਉਸਦੇ ਮੁਰੀਦ।
ਉਮੀਦ ਹੈ ਪੰਜਾਬੀ ਪਾਠਕਾਂ ਲਈ ਇਹ ਨੀਝ ਮਾਰਗ-ਦਰਸ਼ਨ ਦਾ ਜ਼ਰੀਆ ਬਣੇਗੀ। ਐ ਵਤਨ ਕਾਸ਼ ਤੁਝੇ ਅਬ ਕੇ ਸਲਾਮਤ ਦੇਖੂੰ।


ਸ੍ਰੋਤ:- www.nisot.com

ਆਲੋਚਕ-ਖਲੀਲ ਜਿਬਰਾਨ


ਸਮੁੰਦਰ ਵੱਲ ਸਫ਼ਰ ਉੱਤੇ ਜਾ ਰਿਹਾ ਘੋੜਸਵਾਰ ਇਕ ਰਾਤ ਸੜਕ ਦੇ ਕਿਨਾਰੇ ਇੱਕ ਸਰਾਂ ਵਿੱਚ ਪੁੱਜਾ, ਉਹਨੇ ਦਰਵਾਜ਼ੇ ਕੋਲ ਇੱਕ ਦਰੱਖ਼ਤ ਨਾਲ ਘੋੜੇ ਨੂੰ ਬੰਨ੍ਹਿਆ ਅਤੇ ਸਰਾਂ ਵਿੱਚ ਪ੍ਰਵੇਸ਼ ਕਰ ਗਿਆ ।


ਅੱਧੀ ਰਾਤ ਨੂੰ ਜਦੋਂ ਸਾਰੇ ਸੌਂ ਰਹੇ ਸਨ ਤਾਂ ਇੱਕ ਚੋਰ ਆਇਆ ਅਤੇ ਮੁਸਾਫਰ ਦਾ ਘੋੜਾ ਚੋਰੀ ਕਰ ਕੇ ਲੈ ਗਿਆ ।


ਸਵੇਰੇ ਉੱਠਣ ਉੱਤੇ ਯਾਤਰੀ ਨੂੰ ਆਪਣੇ ਘੋੜੇ ਦੇ ਚੋਰੀ ਹੋ ਜਾਣ ਦਾ ਪਤਾ ਲੱਗਾ। ਉਹ ਬਹੁਤ ਦੁਖੀ ਹੋਇਆ ਅਤੇ ਉਸ ਆਦਮੀ ਨੂੰ ਮਨ ਹੀ ਮਨ ਬੁਰਾ-ਭਲਾ ਕਹਿਣ ਲੱਗਾ, ਜਿਸ ਦੇ ਮਨ ਵਿੱਚ ਘੋੜੇ ਨੂੰ ਚੋਰੀ ਕਰਨ ਦਾ ਖਿਆਲ ਆਇਆ । ਸਰਾਂ ਵਿੱਚ ਉਸ ਨਾਲ ਠਹਿਰੇ ਦੂਜੇ ਆਦਮੀ ਵੀ ਉੱਥੇ ਇਕੱਠੇ ਹੋ ਗਏ ਤੇ ਗੱਲਾਂ ਕਰਨ ਲੱਗੇ।

ਪਹਿਲੇ ਆਦਮੀ ਨੇ ਕਿਹਾ, ‘ਘੋੜੇ ਨੂੰ ਅਸਤਬਲ ਦੇ ਬਾਹਰ ਬੰਨ੍ਹਣਾ ਕਿੰਨੀ ਵੱਡੀ ਮੂਰਖਤਾ ਹੈ।’

ਦੂਜਾ ਆਦਮੀ ਬੋਲਿਆ, ‘ਹੱਦ ਹੈ, ਘੋੜੇ ਦੇ ਅਗਲੇ ਪੈਰਾਂ ਨੂੰ ਬੰਨ੍ਹਿਆ ਜਾ ਸਕਦਾ ਸੀ।’

ਤੀਜੇ ਨੇ ਕਿਹਾ, ‘ਘੋੜੇ ਉੱਪਰ ਏਨੇ ਲੰਮੇ ਸਫਰ ‘ਤੇ ਨਿਕਲਣਾ ਹੀ ਨਾ-ਸਮਝੀ ਹੈ। ਚੌਥਾ ਬੋਲਿਆ, ‘ਕਮਜ਼ੋਰ ਤੇ ਆਲਸੀ ਲੋਕ ਹੀ ਸਵਾਰੀ ਲਈ ਘੋੜਾ ਰੱਖਦੇ ਹਨ।

ਮੁਸਾਫਰ ਨੂੰ ਬੜੀ ਹੈਰਾਨੀ ਹੋਈ, ਪ੍ਰੰਤੂ ਉਹ ਆਪਣੇ ਆਪ ਉੱਤੇ ਕਾਬੂ ਨਾ ਰੱਖ ਸਕਿਆ ਤੇ ਬੋਲਿਆ, ਭਰਾਵੋ! ਕਿਉਂਕਿ ਮੇਰਾ ਘੋੜਾ ਚੋਰੀ ਹੋ ਗਿਆ ਹੈ, ਇਸ ਲਈ ਤੁਸੀਂ ਸਾਰੇ ਮੇਰੀਆਂ ਗਲਤੀਆਂ ਤੇ ਕਮੀਆਂ ਦੱਸਣ ਲਈ ਉਤਾਵਲੇ ਹੋ। ਹੈਰਾਨੀ ਹੈ, ਘੋੜਾ ਚੁਰਾਉਣ ਵਾਲੇ ਆਦਮੀ ਦੇ ਗੈਰ-ਕਾਨੂੰਨੀ ਕੰਮ ਬਾਰੇ ਤੁਹਾਡੇ ਲੋਕਾਂ ਦੇ ਮੂੰਹੋਂ ਇਕ ਸ਼ਬਦ ਵੀ ਨਹੀਂ ਨਿਕਲਿਆ।’

ਸ੍ਰੋਤ:- ਮੇਰਾ ਆਗਾਜ਼

ਆਇਸ਼ਾ ਦੀ ਜ਼ਿੰਦਗੀ ਦਾ ਕੌੜਾ ਸੱਚ-ਹਰਸ਼ ਮੰਦਰ

ਉਸ ਘਟਨਾ ਨੂੰ ਵੀਹ ਸਾਲ ਹੋ ਗਏ ,  ਜਦੋਂ ਆਇਸ਼ਾ ਬੇਗਮ ਦਾ ਪਤੀ ਦੇਸੀ ਸ਼ਰਾਬ  ਦੇ ਨਸ਼ੇ ਵਿੱਚ ਚੂਰ ਬੇਹੋਸ਼ੀ ਦੀ ਹਾਲਤ ਵਿੱਚ ਇੱਕ ਖੁੱਲੇ ਖੂਹ ਵਿੱਚ ਡਿੱਗ ਗਿਆ ਅਤੇ ਡੁੱਬ ਗਿਆ ।  ਮੈਨੂੰ ਪਤਾ ਨਹੀਂ ਕਿ ਆਖਰੀ ਪਲਾਂ ਵਿੱਚ ਉਸਦੇ ਜੇਹਨ ਵਿੱਚ ਆਪਣੀ ਜਵਾਨ ਪਤਨੀ ਦਾ ਖਿਆਲ ਖਟਕਿਆ  ਸੀ ਜਾਂ ਨਹੀਂ ,  ਜੋ ਉਸ ਵਕਤ ਸਿਰਫ਼ 25 ਸਾਲ ਦੀ ਸੀ ,  ਜਿਸਨੂੰ ਉਹ ਪੰਜ ਛੋਟੇ – ਛੋਟੇ ਬੱਚਿਆਂ ਦੀ ਜ਼ਿੰਮੇਦਾਰੀ  ਦੇ ਸਹਿਤ  ਪਿੱਛੇ ਛੱਡ ਗਿਆ ਸੀ ।  ਇਹ ਵੀ ਅਨੁਮਾਨ ਲਗਾਉਣਾ ਓਨਾ ਹੀ ਮੁਸ਼ਕਲ ਹੈ ਕਿ ਕੀ ਉਸਦਾ ਇਸ ਤਰ੍ਹਾਂ ਚਲੇ ਜਾਣਾ ਆਇਸ਼ਾ ਲਈ ਮਾਰ ਕੁਟਾਈ  ਅਤੇ ਬੇਇੱਜ਼ਤੀ ਭਰੇ ਤਮਾਮ ਨਾਉਮੀਦ ਸਾਲਾਂ ਤੋਂ ਛੁਟਕਾਰਾ ਸੀ ਜਾਂ ਇੱਕ ਨਵੇਂ ਅਧਿਆਏ ਦੀ ਸ਼ੁਰੁਆਤ ਸੀ ,  ਜੋ ਪਹਿਲਾਂ ਤੋਂ ਵੀ ਜ਼ਿਆਦਾ ਡੂੰਘੀਆਂ ਪੀੜਾਵਾਂ,  ਮਿਹਨਤ  ਅਤੇ ਨਾਉਮੀਦੀ ਦਾ ਸਬੱਬ ਸਨ ।  ਸ਼ਾਇਦ ਦੋਨੋਂ  ਹੀ ਗੱਲਾਂ ਸੱਚ ਸਨ ।


ਆਇਸ਼ਾ ਤੱਦ ਸਿਰਫ਼ ਨੌਂ ਸਾਲ ਦੀ ਸੀ ,  ਜਦੋਂ ਉਸਦੇ ਪਿਤਾ ਨੇ ਇੱਕ ਪੰਦਰਾਂ ਸਾਲ  ਦੇ ਰਿਕਸ਼ਾ ਚਲਾਣ ਵਾਲੇ ਆਦਮੀ ਨਾਲ ਉਸਦਾ ਵਿਆਹ ਕਰ ਦਿੱਤਾ ।  ਵਿਆਹ  ਦੇ ਬਾਅਦ ਪਹਿਲੇ ਦਿਨ ਤੋਂ ਉਸਦਾ ਜੇਠ ਉਸਨੂੰ ਜਮੀਂਦਾਰ  ਦੇ ਖੇਤਾਂ ਵਿੱਚ ਕੰਮ ਕਰਨ ਲਈ ਭੇਜਣ ਲਗਾ । ਦਿਨ ਭਰ ਕੰਮ ਕਰਨ ਲਈ ਉਸਨੂੰ ਸਿਰਫ ਇੱਕ ਰੋਟੀ ਦਿੱਤੀ ਜਾਂਦੀ ।  ਖੇਤਾਂ ਵਿੱਚ ਜਾਣ ਤੋਂ ਪਹਿਲਾਂ ਉਸਨੇ ਘਰ ਦਾ ਸਾਰਾ ਕੰਮ ਨਿਪਟਾਨਾ ਹੁੰਦਾ ਸੀ ,  ਇਸ ਲਈ ਉਹ ਸੂਰਜ ਉੱਗਣ  ਦੇ ਬਹੁਤ ਪਹਿਲਾਂ ਉਠ ਜਾਂਦੀ ।  ਉਹ ਹੁਣ ਵੀ ਛੋਟੀ ਬੱਚੀ ਹੀ ਸੀ ਅਤੇ ਉਸਨੂੰ ਇੰਨੀ ਔਖੀ ਮਿਹਨਤ ਦੀ ਆਦਤ ਨਹੀਂ ਸੀ ।  ਉਸਦੀ ਪਿੱਠ ਅਤੇ ਛੋਟੀਆਂ –ਛੋਟੀਆਂ  ਉਂਗਲੀਆਂ ਵਿੱਚ ਦਰਦ ਹੁੰਦਾ ਸੀ ।  ਉਸਦਾ ਪਤੀ ਉਸਦੀ ਸਾਰੀ ਕਮਾਈ ਦਾਰੂ ਵਿੱਚ ਉੱਡਾ ਦਿੰਦਾ ।


ਆਇਸ਼ਾ ਲਈ ਵਿਆਹ ਦਾ ਮਤਲਬ ਸੀ ਕਦੇ ਨਾ ਖਤਮ ਹੋਣ ਵਾਲੇ ਅਕਾਊ ਕੰਮ ਅਤੇ ਹੱਡਭੰਨ  ਮਿਹਨਤ ,  ਰਾਤ ਦਾ ਮਤਲਬ ਸੀ ਸ਼ਰਾਬੀ ਪਤੀ  ਦੇ ਠੁਡੇ ਅਤੇ ਮਾਰ ਕੁੱਟ ।  ਇਨ੍ਹਾਂ  ਦੇ ਵਿੱਚ ਜਚਕੀ ਦੀ ਇੱਕ ਲੰਮੀ ਲੜੀ ਸੀ ।  ਅੱਜ ਦੋ ਦਹਾਕਿਆਂ ਬਾਅਦ ਵੀ ਮਾਰ ਕੁਟਾਈ   ਦੇ ਨਿਸ਼ਾਨ ਉਸਦੀ ਦੇਹ ਤੇ ਬਦਸਤੂਰ ਮੌਜੂਦ ਹਨ ।  ਜਚਕੀ  ਦੇ ਸਮੇਂ ਯਾਦ ਰੱਖਣ ਵਾਲੀ ਬਸ ਇੱਕ ਹੀ ਗੱਲ ਸੀ ਕਿ ਉਂਜ ਤਾਂ ਉਸਨੂੰ ਜਚਕੀ  ਦੇ ਇੱਕ ਦਿਨ ਪਹਿਲਾਂ ਤੱਕ ਮਜਦੂਰੀ ਲਈ ਕੰਮ ਕਰਨਾ ਪੈਂਦਾ ਸੀ ,  ਲੇਕਿਨ ਹਰ ਵਾਰ ਬੱਚਾ ਹੋਣ  ਦੇ ਬਾਅਦ ਰਿਵਾਜ  ਦੇ ਚਲਦੇ ਉਹ ਚਾਲ੍ਹੀ ਦਿਨਾਂ ਤੱਕ ਆਰਾਮ ਕਰ ਸਕਦੀ ਸੀ ।  ਇੰਜ ਹੀ ਜਵਾਨ ਵਿਧਵਾ  ਦੇ ਰੂਪ ਵਿੱਚ ਵੀ ਰਿਵਾਜ  ਦੇ ਕਾਰਨ ਸੋਗ  ਦੇ ਸਮੇਂ ਉਸਨੇ ਚਾਲ੍ਹੀ ਦਿਨਾਂ ਤੱਕ ਕੰਮ ਨਹੀਂ ਕੀਤਾ ।


ਜਿਨ੍ਹਾਂ ਯਾਦ ਆਉਂਦਾ ਹੈ ,  ਨੌਂ ਬਰਸ ਦੀ ਉਮਰ ਵਿੱਚ ਜਦੋਂ ਪਿਤਾ ਨੇ ਉਸਦਾ ਵਿਆਹ ਕਰ ਦਿੱਤਾ ਸੀ ,  ਉਸਦੇ ਬਾਅਦ ਉਸਦੀ ਜਿੰਦਗੀ ਵਿੱਚ ਆਰਾਮ  ਦੇ ਇਹੀ ਦਿਨ ਸਨ । ਸੋਗ ਦਾ ਵਕਤ ਪੂਰਾ ਹੋਣ  ਦੇ ਬਾਅਦ ਉਸਨੇ ਆਪਣੇ ਪਤੀ  ਦੇ ਭਰਾ ਨੂੰ  ਸ਼ਰਨ  ਲਈ ਹੱਥ ਜੋੜੇ  । ਉਨ੍ਹਾਂ ਨੇ ਇਸ ਨਿਰਦਈ ਤਾਹਨੇ ਦੇ ਨਾਲ ਉਸਨੂੰ ਭਜਾ ਦਿੱਤਾ ,  ‘ਜਿਸ ਤਰ੍ਹਾਂ ਤੂੰ ਇਹਨਾਂ ਬੱਚਿਆਂ ਨੂੰ ਦੁਨੀਆਂ  ਵਿੱਚ ਲੈ ਕੇ ਆਈ ,  ਉਸੇ ਤਰ੍ਹਾਂ ਹੁਣ ਪਾਲ ਵੀ ।  ਕਿਸੇ ਚੀਜ ਲਈ ਸਾਡਾ ਮੂੰਹ ਮਤ ਵੇਖਣਾ । ’ ਦਹਾਕਿਆਂ ਬਾਅਦ ਹੁਣ ਉਹ ਪਲਟਕੇ ਉਸ ਦਿਨ  ਦੇ ਬਾਅਦ ਆਪਣੀ ਸਮੁੱਚੀ ਜਿੰਦਗੀ  ਦੇ ਵੱਲ ਵੇਖਦੀ ਹੈ ,  ਨਿਰੰਤਰ ਸੰਘਰਸ਼ਾਂ ਨਾਲ ਭਰੀ ਹੋਈ ਜਿੰਦਗੀ  ਦੇ ਵੱਲ । ਉਹ ਤਾਹਨਿਆਂ, ਪਤੀ  ਦੇ ਪਰਵਾਰ ਤੋਂ ਮੁਕਤੀ ਅਤੇ ਆਪਣੀ ਤਾਕਤ ਅਤੇ ਸਮਰਥਾਵਾਂ ਨੂੰ ਲੱਭਣ ਦਾ ਰਸਤਾ ਸੀ ।


ਪਤੀ  ਦੇ ਪਰਵਾਰ ਦੁਆਰਾ ਕੱਢੇ ਜਾਣ  ਦੇ ਬਾਅਦ ਉਹ ਤਿੰਨ ਦਿਨਾਂ ਤੱਕ ਭੁੱਖੀ ਬੱਚਿਆਂ  ਦੇ ਨਾਲ ਪਿੰਡ ਦੀ ਸੜਕ ਤੇ ਬੈਠੀ ਭਿੱਛਿਆ ਮੰਗਦੀ ਰਹੀ ।  ਉਸਨੇ ਆਪਣੀਆਂ ਹਥੇਲੀਆਂ ਫੈਲਾਈਆਂ ਸਨ ,  ਇਸ ਲਈ ਦਿਲ ਨੂੰ ਕਰੜਾ ਕਰ ਲਿਆ ਸੀ । ਚਾਰ ਅਤੇ ਛੇ ਬਰਸ ਦੀਆਂ ਦੋ ਲੜਕੀਆਂ ਨੂੰ ਉਸਨੇ ਘਰੇਲੂ ਨੌਕਰ ਦੀ ਤਰ੍ਹਾਂ ਕੰਮ ਕਰਨ  ਲਈ ਹੈਦਰਾਬਾਦ ਭੇਜ ਦਿੱਤਾ ।  ਦੋਨਾਂ ਨੂੰ ਰਹਿਣ – ਖਾਣ   ਦੇ ਇਲਾਵਾ 25 ਰੁਪਏ  ਮਹੀਨਾ ਮਿਲਦਾ । ਉਸਦਾ ਵੱਡਾ ਪੁੱਤਰ ਸੜਕ ਕਿਨਾਰੇ  ਦੇ ਇੱਕ ਰੇਸਟੋਰੇਂਟ ਵਿੱਚ ਕੰਮ ਕਰਨ ਲਗਾ ।  ਉਸਨੂੰ ਪੰਜਾਹ ਰੁਪਏ  ਮਹੀਨਾ ਮਿਲਦਾ ।  ਆਇਸ਼ਾ ਦੀ ਮਾਂ ਸਿਰਫ ਇੱਕ ਬੇਟੇ ਨੂੰ ਆਪਣੇ ਨਾਲ ਰੱਖਣਾ ਚਾਹੁੰਦੀ ਸੀ ।  ਇਸ ਲਈ ਉਹੀ ਇਕਲੌਤਾ ਬੱਚਾ ਸੀ ,  ਜੋ ਸੱਤਵੀਂ ਤੱਕ ਪੜ੍ਹ ਸਕਿਆ ।


ਖੁਦ ਆਇਸ਼ਾ ਨੂੰ ਵੀ ਪਿੰਡ  ਦੇ ਕੋਲ ਸੜਕ ਉਸਾਰੀ ਮਜਦੂਰ ਦਾ ਕੰਮ ਮਿਲ ਗਿਆ ।  ਖਾਣ  ਦੀ ਛੁੱਟੀ  ਦੇ ਵਕਤ ਜਦੋਂ ਬਾਕੀ ਮਜਦੂਰ ਖਾਣਾ ਖਾ ਰਹੇ ਹੁੰਦੇ ,  ਉਹ ਪਿੱਛੇ ਝਾੜੀਆਂ  ਦੇ ਹੇਠਾਂ ਸੌਣ ਦੀ ਕੋਸ਼ਿਸ਼ ਕਰਦੀ ।  ਜਦੋਂ ਭੁੱਖ ਹੋਰ ਬੇਕਾਬੂ ਹੋ ਜਾਂਦੀ ਤਾਂ ਉਹ ਢੇਰ  ਸਾਰਾ ਪਾਣੀ ਪੀ ਲੈਂਦੀ ਅਤੇ ਕਮਰ  ਦੇ ਚਾਰੇ ਪਾਸੇ ਕਸ ਕੇ ਸਾੜ੍ਹੀ ਬੰਨ੍ਹ ਕੇ  ਉਸੀ ਦ੍ਰਿੜ  ਨਿਸ਼ਚੇ  ਦੇ ਨਾਲ ਕੰਮ ਵਿੱਚ ਲੱਗੀ ਰਹਿੰਦੀ ।  ਜੇਕਰ ਰਾਤ ਨੂੰ  ਬੱਚੇ ਰੋਂਦੇ ਅਤੇ  ਉਸਦੇ ਕੋਲ ਉਨ੍ਹਾਂ ਨੂੰ ਖਿਲਾਉਣ ਨੂੰ ਕੁੱਝ ਨਾ ਹੁੰਦਾ ਤਾਂ ਉਹ ਗੁਆਂਢ  ਦੇ ਮਜਦੂਰਾਂ  ਦੇ ਟੈਂਟ ਵਿੱਚ ਜਾਕੇ ਥੋੜ੍ਹੀ ਸੀ ਗੰਜੀ  ( ਚਾਵਲ ਦਾ ਮਾੜ )  ਦੇਣ ਲਈ ਹੱਥ ਜੋੜਦੀ ।  ਹਰ ਬੱਚਾ ਕੁੱਝ ਚੱਮਚ ਗੰਜੀ ਪੀਣ  ਦੇ ਬਾਅਦ ਸੌਂ  ਜਾਂਦਾ ।  ਉਹ ਵੱਡੇ ਦਾਰਸ਼ਨਕ ਲਹਿਜੇ ਵਿੱਚ ਕਹਿੰਦੀ ਹੈ ,  ‘ਜੇਕਰ ਗਰੀਬ ਨੇ ਜਿੰਦਾ ਰਹਿਣਾ ਹੈ ਤਾਂ ਉਸਨੇ ਰੋਟੀ ਦੀ ਭਿੱਛਿਆ ਮੰਗਣਾ ਸਿਖਣਾ ਹੋਵੇਗਾ । ’ ਕਦੇ – ਕਦਾਈਂ ਸ਼ਾਮ ਨੂੰ ਸੜਕ ਬਣਾਉਣ ਦਾ ਕੰਮ ਪੂਰਾ ਕਰਨ   ਦੇ ਬਾਅਦ ਉਸਨੂੰ ਲੋਕਾਂ  ਦੇ ਘਰਾਂ ਵਿੱਚ ਕੁੱਝ ਕੰਮ ਮਿਲ ਜਾਂਦਾ ।  ਪਰਤਣ ਵਿੱਚ ਉਹ ਲੋਕ ਉਸਨੂੰ ਕੁੱਝ ਸੁੱਕੀਆਂ  ਰੋਟੀਆਂ  ਦੇ ਦਿੰਦੇ ਅਤੇ ਪੂਰਾ ਪਰਵਾਰ ਉਨ੍ਹਾਂ ਰੋਟੀਆਂ ਦਾ ਉਤਸਵ ਮਨਾਂਦਾ ਸੀ ।


ਜਦੋਂ ਸੜਕ ਉਸਾਰੀ ਦਾ ਕੰਮ ਪੂਰਾ ਹੋ ਗਿਆ ਤਾਂ ਖੁਦ  ਆਇਸ਼ਾ ਵੀ ਹੈਦਰਾਬਾਦ ਚੱਲੀ ਆਈ ਅਤੇ ਡੇਢ  ਸੌ ਰੁਪਏ ਵਿੱਚ ਇੱਕ ਘਰ ਵਿੱਚ ਬਾਈ ਦੀ ਤਰ੍ਹਾਂ ਕੰਮ ਕਰਨ ਲੱਗੀ ।  ਵੱਡਾ ਪੁੱਤਰ ਅਤੇ ਧੀ ,  ਜਦੋਂ ਕਿਸ਼ੋਰ ਉਮਰ ਵਿੱਚ ਪੁੱਜੇ ਤਾਂ ਪਲਾਸਟਿਕ ਡੱਬੇ  ਬਣਾਉਣ ਵਾਲੀ ਇੱਕ ਫੈਕਟਰੀ ਵਿੱਚ ਕੰਮ ਕਰਨ ਲੱਗੇ ।  ਇੱਕ ਦਿਨ ਧੀ ਮਹਮੂਦਾ ਦਾ ਹੱਥ ਪਲਾਸਟਿਕ ਗਲਾਉਣ  ਵਾਲੀ ਮਸ਼ੀਨ ਵਿੱਚ ਫਸ ਗਿਆ ਅਤੇ ਉਹ ਆਪਣੀ ਉਂਗਲੀਆਂ ਖੋਹ ਬੈਠੀ ।  ਜਦੋਂ ਉਸਦੀ ਵੱਡੀ ਧੀ ਸ਼ਹਿਨਾਜ ਸਤਾਰਾਂ ਬਰਸ ਦੀ ਹੋਈ ਤਾਂ ਆਇਸ਼ਾ ਨੇ ਉਸ ਨਾਲੋਂ  ਉਮਰ ਵਿੱਚ ਦੁਗਣੇ ਇੱਕ ਆਦਮੀ ਨਾਲ ਉਸਦਾ ਵਿਆਹ ਤੈਅ ਕਰ ਦਿੱਤਾ ,  ਜਿਸਦੀ ਪਤਨੀ ਤਿੰਨ ਬੱਚਿਆਂ  ਦੇ ਸਹਿਤ  ਉਸਨੂੰ ਛੱਡ ਗਈ ਸੀ ।  ਆਇਸ਼ਾ ਨੇ ਇਹ ਰਿਸ਼ਤਾ ਕੀਤਾ ਕਿਉਂਕਿ ਉਹ ਬਿਨਾਂ ਕਿਸੇ ਦਹੇਜ  ਦੇ ਵਿਆਹ ਕਰਨ ਨੂੰ ਰਾਜੀ ਹੋ ਗਿਆ ਸੀ ।  ਲੇਕਿਨ ਨਿਕਾਹ ਦੀ ਰਾਤ ਉਸਨੇ ਮੰਗ ਕੀਤੀ ਕਿ ਵਿਆਹ  ਦੇ ਖਾਣੇ  ਵਿੱਚ ਮਟਨ ਹੋਣਾ ਚਾਹੀਦਾ ਹੈ ।  ਫਿਰ ਉਸਨੇ ਪੰਜ ਜੋੜੇ ਕੱਪੜਾ ,  ਬਰਤਨ ,  ਪਾਣੀ ਦੀ ਟੰਕੀ ,  ਇੱਕ ਘੜੀ ਅਤੇ ਬਿਸਤਰੇ ਦੀ ਮੰਗ ਕੀਤੀ ਅਤੇ ਕਿਹਾ ਕਿ ਨਿਕਾਹ ਤੋਂ  ਪਹਿਲਾਂ ਇਹ ਕੁਝ  ਉਸਦੇ ਹੱਥ ਵਿੱਚ ਹੋਣਾ ਚਾਹੀਦਾ ਹੈ ।


ਆਇਸ਼ਾ ਬਹੁਤ ਗ਼ੁੱਸੇ ਵਿੱਚ ਸੀ ,  ਲੇਕਿਨ ਉਸਦੇ ਗੁਆਂਢੀਆਂ  ਅਤੇ ਬੇਟੇ ਨੇ ਕਿਸੇ ਤਰ੍ਹਾਂ ਵਿਵਸਥਾ ਕੀਤੀ ।  ਲੇਕਿਨ ਆਪਣੇ ਪਤੀ  ਦੇ ਘਰ ਵਿੱਚ ਸ਼ਹਨਾਜ ਦੀ ਕਿਸਮਤ ਆਪਣੀ ਮਾਂ ਨਾਲੋਂ ਕਿਸੇ ਤਰ੍ਹਾਂ ਵੱਖ ਨਹੀਂ ਸੀ ।  ਉਹ ਵੀ ਸ਼ਰਾਬ ਪੀਕੇ ਉਸਨੂੰ ਕੁਟਦਾ ਅਤੇ ਆਪਣੀ ਮਾਂ  ਦੇ ਘਰ ਤੋਂ ਸੋਨਾ – ਚਾਂਦੀ ਲਿਆਉਣ ਦੀ ਮੰਗ ਕਰਦਾ । ਉਹ ਆਪਣੇ ਭਰਾ ਦੀ ਦੁਕਾਨ ਤੇ ਚਸ਼ਮਾ ਮੁਰੰਮਤ  ਦਾ ਕੰਮ ਕਰਦਾ ਸੀ ,  ਲੇਕਿਨ ਉਸਨੇ ਸ਼ਹਨਾਜ ਨੂੰ ਘਰ – ਘਰ ਕੰਮ ਕਰਨ ਲਈ ਭੇਜਿਆ । ਸ਼ਹਨਾਜ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ ਅਤੇ  ਉਸਦਾ ਪਤੀ ਉਹ ਬੱਚਾ ਆਪਣੀ ਨਿਰ ਔਲਾਦ ਭੈਣ ਨੂੰ ਦੇਣਾ ਚਾਹੁੰਦਾ ਸੀ ।  ਉਸ ਭਿਆਨਕ ਰਾਤ ਨੂੰ ,  ਜਦੋਂ ਉਸ ਆਦਮੀ ਨੇ ਨਾ ਸਿਰਫ ਆਪਣੀ ਪਤਨੀ ,  ਸਗੋਂ ਉਸਦੀ ਮਾਂ ਅਤੇ ਭਰਾ ਨੂੰ ਵੀ ਧੱਕੇ ਮਾਰਕੇ ਕੱਢ ਦਿੱਤਾ ਤੱਦ ਪੂਰਾ ਪਰਵਾਰ ਆਪਣੇ ਪਿੰਡ ਨਾਰਾਇਣਪੁਰ ਪਰਤ ਆਇਆ ।  ਵਿਧਵਾ ਅਤੇ ਉਸਦੇ ਬੱਚਿਆਂ ਲਈ ਉਸ ਪਿੰਡ ਵਿੱਚ ਇਹ ਕੋਈ ਖੁਸ਼ੀ ਭਰੀ ਵਾਪਸੀ ਨਹੀਂ ਸੀ ,  ਜਿੱਥੇ ਇੱਕ ਬੱਚੀ  ਦੇ ਰੂਪ ਵਿੱਚ ਉਹ ਬਿਆਹ ਕੇ ਆਈ ਸੀ ।  ਛੋਟੀ ਧੀ ਮਹਮੂਦਾ ਦਾ ਵਿਆਹ ਜਿਆਦਾ ਵੱਡੀ ਚੁਣੋਤੀ ਸੀ ਕਿਉਂਕਿ ਉਹ ਆਪਣੀਆਂ ਤਿੰਨ ਉਂਗਲੀਆਂ ਖੋਹ ਚੁੱਕੀ ਸੀ ।  ਉਸਦਾ ਲਾੜਾ ਵੀ ਚਾਰ ਬੱਚਿਆਂ ਵਾਲਾ ਸ਼ਾਦੀਸ਼ੁਦਾ ਆਦਮੀ ਸੀ ।  ਬੇਟੇ ਵੱਡੇ ਹੋਏ ਤਾਂ ਆਇਸ਼ਾ ਨੂੰ ਉਮੀਦ ਸੀ ਕਿ ਹੁਣ ਥੋੜ੍ਹੀ ਸ਼ਾਂਤੀ ਮਿਲੇਗੀ ,  ਲੇਕਿਨ ਉਸਦਾ ਵੱਡਾ ਪੁੱਤਰ ਬਾਪ ਦੀ ਤਰ੍ਹਾਂ ਦਾਰੂ ਪੀਂਦਾ ਸੀ ਅਤੇ ਕਦੇ ਹੀ ਪੈਸਾ ਘਰ ਲਿਆਂਦਾ ਸੀ ।  ਛੋਟਾ ਪੁੱਤਰ ਕੁੱਝ ਠੀਕ ਸੀ ,  ਲੇਕਿਨ ਇੱਕ ਦਿਨ ਉਹ ਟਰੱਕ ਤੋਂ ਹੇਠਾਂ ਡਿੱਗ ਪਿਆ ਅਤੇ ਉਸਦਾ ਮਾਨਸਿਕ ਸੰਤੁਲਨ ਵਿਗੜ ਗਿਆ ।


ਅੱਜ ਵੀ ਉਹ ਯਾਦ ਕਰਦੀ ਹੈ ,  ‘ਜਿੰਦਗੀ  ਦੇ ਬਾਰੇ ਵਿੱਚ ਇੱਕ ਹੀ ਚੀਜ ਯਾਦ ਆਉਂਦੀ ਹੈ -  ਬਸ ਦੋ ਰੋਟੀਆਂ  ਘਰ ਲਿਆਉਣ ਲਈ ਅਥਾਹ ਸੰਘਰਸ਼ ।  ਇਹ ਸੱਚ ਹੈ ਕਿ ਮੈਂ ਜਿੰਦਗੀ ਜੀਵੀ   ,  ਲੇਕਿਨ ਕੀ ਜਿੰਦਗੀ ਅਜਿਹੀ ਹੋਣੀ ਚਾਹੀਦੀ ਹੈ ,  ਹਰ ਦਿਨ ਸਿਰਫ ਜਿੰਦਾ ਰਹਿਣ ਲਈ ਸੰਘਰਸ਼ ?


ਸ੍ਰੋਤ: http://klaragill.wordpress.com/