Sunday, September 5, 2010

ਪ੍ਰੋ: ਮੋਹਨ ਸਿੰਘ ਦੀ ਜਿੰਦਗੀ ਦੀ ਸ਼ਾਮ -ਸੁਰਜੀਤ ਪਾਤਰ

ਪ੍ਰੋ: ਮੋਹਨ ਸਿੰਘ ਹੋਰਾਂ ਦੀ ਕਵਿਤਾ ਵਿੱਚ ਵੇਲਿਆਂ ਦਾ ਬਹੁਤ ਖ਼ੂਬਸੂਰਤ ਜ਼ਿਕਰ ਹੈ, ਸਵੇਰ ਦਾ, ਸ਼ਾਮ ਦਾ, ਰਾਤ ਦਾ। ਸਵੇਰ ਨੂੰ ਉਹ ਪੂਰਬ ਦੀ ਗੁਜਰੀ ਆਖਦੇ ਹਨ, ਜੋ ਚਾਨਣ ਦਾ ਦੁੱਧ ਰਿੜਕਦੀ ਹੈ ਜਿਸ ਦੀਆਂ ਛਿੱਟਾਂ ਦਰ ਦਰ ਉੱਡਦੀਆਂ ਹਨ। ਰਾਤ ਉਹਨਾਂ ਲਈ ਮੋਤੀਆਂ ਜੜੀ ਅਟਾਰੀ ਹੈ ਅਤੇ ਸ਼ਾਮ……। ਸ਼ਾਮ ਦਾ ਜ਼ਿਕਰ ਖ਼ਾਸ ਕਰਕੇ ਉਹਨਾਂ ਦੀ ਕਵਿਤਾ ਵਿੱਚ ਬਹੁਤ ਦਿਲ-ਟੁੰਬਵਾਂ ਹੈ। ਸ਼ਾਮ ਜਿਸ ਨੂੰ ਤਰਕਾਲਾਂ ਕਿਹਾ ਜਾਂਦਾ ਹੈ, ਜਦੋਂ ਤਿੰਨ ਕਾਲ ਮਿਲਦੇ ਹਨ, ਮਾਵਾਂ ਕਹਿੰਦੀਆਂ ਸਨ ਤਿੰਨ ਵੇਲਿਆਂ ਦਾ ਇੱਕ ਵੇਲਾ। ਪ੍ਰੋ: ਮੋਹਨ ਸਿੰਘ ਮਨ ਦੀਆਂ ਇਹਨਾਂ ਸਥਿਤੀਆਂ ਦਾ ਕਵੀ ਹੈ ਜਿੱਥੇ ਦਿਨ ਦਾ ਤਰਕ ਹੈ, ਰਾਤ ਦਾ ਰਹੱਸ ਹੈ, ਸ਼ਾਮ ਦੀ ਉਦਾਸੀ ਹੈ।


ਸ਼ਾਮ ਦੇ ਪਲਾਂ ਨੂੰ ਕਵੀ ,ਮੋਹਨ ਸਿੰਘ ਨੇ ਅਨੇਕਾਂ ਅਲੰਕਾਰਾਂ ਨਾਲ ਚਿਤਰਿਆ ਹੈ। ਕਿਸੇ ਕਵਿਤਾ ਵਿੱਚ ਰੱਬ ਘੁਮਿਆਰ ਸ਼ਾਮ ਵੇਲੇ ਧਰਤੀ ਤੇ ਘੁੰਮਦੇ ਚੱਕ ਉੱਤੋਂ ਸੂਰਜ ਦਾ ਭਾਂਡਾ ਉਤਾਰਦਾ ਹੈ, ਕਿਤੇ ਢਲਦਾ ਸੂਰਜ ਘਰਕਦੇ ਘੋੜੇ ਵਾਂਗ ਆਪਣੇ ਪੌੜਾਂ ਨਾਲ ਧੂੜ ਉਡਾਉਂਦਾ ਪੱਛਮ ਦੇ ਪੱਤਣਾਂ ਤੇ ਪਹੁੰਚਦਾ ਹੈ। ਕਿਸੇ ਕਵਿਤਾ ਵਿੱਚ ਸੂਰਜ ਸ਼ਿਵ ਦੇ ਪੁਜਾਰੀ ਵਾਂਗ ਠੀਕਰ ਵਿੱਚ ਦਘਦੇ ਅੰਗਿਆਰੇ ਪਾਈ ਲਿਜਾ ਰਿਹਾ ਹੈ। ਗੁਰੂ ਨਾਨਕ ਜੀ ਬਾਰੇ ਲਿਖੇ ਆਪਣੇ ਮਹਾਂਕਾਵਿ ਦਾ ਆਰੰਭ ਵੀ ਉਹ ਤਲਵੰਡੀ ਦੀ ਸ਼ਾਮ ਤੋਂ ਕਰਦੇ ਹਨ:
ਮੋੜਿਆ ਸੂਰਜ ਰੱਥ ਨੇ ਲਹਿੰਦੇ ਵੱਲ ਮੁਹਾਣ
ਰੰਗਲੀ ਆਥਣ ਉੱਤਰੀ ਤਲਵੰਡੀ ਤੇ ਆਣ
ਅੱਥਰੇ ਘੋੜੇ ਰੱਥ ਤੇ ਗੁਲਨਾਰੀ ਤੇ ਸੇਤ
ਮਹਿੰਦੀ ਰੰਗੇ, ਹੁਰਮਚੀ, ਮੁਸ਼ਕੀ ਅਤੇ ਕੁਮੇਤ




ਨਾਸਾਂ ਵਿੱਚੋਂ ਅੱਗ ਦੇ ਸ਼ੁਅਲੇ ਛੱਡਦੇ ਜਾਣ
ਮਾਰ ਮਾਰ ਕੇ ਪੈਖੜਾਂ ਰੰਗਲੀ ਧੂੜ ਉਡਾਣ

ਪੁੱਜੇ ਘੋੜੇ ਘਰਕਦੇ ਜਦ ਧਰਤੀ ਦੇ ਛੋਰ
ਮੱਠੀ ਪੈ ਗਈ ਉਹਨਾਂ ਦੀ ਪਰਲੋ-ਪੈਰੀ ਤੋਰ

ਲਹਿ ਕੇ ਸੂਰਜ ਰੱਥ ਤੋਂ ਗੋਡਿਆਂ ਪਰਨੇ ਝੁਕ
ਰੰਗਾਂ ਦੇ ਦਰਿਆ 'ਚੋਂ ਸੂਰਜ ਪੀਤਾ ਬੁੱਕ

ਵੱਡਾ ਗੋਲਾ ਓਸਦਾ ਜਿਓਂ ਆਤਸ਼ ਦੀ ਵੰਗ
ਅੰਤਮ ਕੰਢਾ ਧਰਤ ਦਾ ਦਿੱਤਾ ਜਿਸ ਨੇ ਰੰਗ

ਅੱਧਾ ਗੋਲਾ ਡੁੱਿਬਆ ਅੱਧਾ ਰਹਿ ਗਿਆ ਬਾਹਰ
ਦਾਰੂ ਵਿੱਚ ਨਚੋੜਿਆ ਜਾਣੋਂ ਕਿਸੇ ਅਨਾਰ

ਚਮਕੇ ਪੀਲੂ ਵਣਾਂ ਦੇ ਸੋਨ-ਦਾਣਿਆਂ ਹਾਰ
ਦਿੱਤਾ ਕਿਰਨਾਂ ਟੇਢੀਆਂ ਅੰਤਿਮ ਜਦੋਂ ਪਿਆਰ

ਆਪਣੀ ਜ਼ਿੰਦਗੀ ਦੇ ਆਖ਼ਰੀ ਸਾਲ ਪ੍ਰੋ: ਮੋਹਨ ਸਿੰਘ ਹੁਰਾਂ ਨੇ ਮਾਲਵੇ ਵਿੱਚ ਗੁਜ਼ਾਰੇ, ਉਹਨਾਂ ਪਹਿਲੀ ਵਾਰ ਸ਼ਾਮ ਨੂੰ ਆਥਣ ਕਿਹਾ। ਉਹ ਲਿਖਦੇ ਹਨ:

ਗੱਲ ਸੁਣ ਆਥਣੇ ਨੀ
ਮੇਰੀਏ ਸਾਥਣੇ ਨੀ
ਵਰਕੇ ਜ਼ਿੰਦਗੀ ਦੇ ਚਿੱਟੇ
ਪਾ ਜਾ ਰੰਗ ਦੇ ਦੋ ਛਿੱਟੇ

ਇਹ ਮੋਹਨ ਸਿੰਘ ਹੁਰਾਂ ਦੀ ਜ਼ਿੰਦਗੀ ਦੀ ਸ਼ਾਮ ਸੀ, ਜਿਸ ਦੌਰਾਨ ਪੰਜ ਵਰ੍ਹੇ ਮੈਂ ਉਹਨਾਂ ਨੂੰ ਕਦੇ ਸੂਹੇ, ਕਦੀ ਕਿਰਮਚੀ, ਕਦੀ ਕਲਭਰਮੇ, ਕਦੀ ਜਗਦੇ ਅਤੇ ਕਦੀ ਬੁਝਦੇ ਰੰਗਾਂ ਵਿੱਚ ਵੇਖਿਆ। ਰੰਗਾਂ ਦਾ ਮੋਹਨ ਸਿੰਘ ਬਹੁਤ ਸਨਾਸ਼ ਸੀ। ਕਿਸੇ ਹੋਰ ਪੰਜਾਬੀ ਕਵੀ ਨੇ ਰੰਗਾਂ ਦੇ ਏਨੇ ਨਾਮ ਆਪਣੀ ਸ਼ਾਇਰੀ ਵਿੱਚ ਨਹੀਂ ਲਿਖੇ। ਇੱਕ ਵਾਰ ਮੋਹਨ ਸਿੰਘ ਕਹਿਣ ਲੱਗੇ: ਮਨਜੀਤ ਟਿਵਾਣਾ ਦਾ ਰੰਗ ਇਹੋ ਜਿਹਾ, ਜਿਵੇਂ ਰੰਗ ਵਿੱਚ ਅਫ਼ੀਮ ਘੋਲੀ ਹੋਵੇ। ਦੇਖੋ ਇਸ ਬਿਆਨ ਵਿੱਚ ਕੀ ਕੁਝ ਘੁਲਿਆ ਹੋਇਆ ਹੈ।
ਪਹਿਲੀ ਵਾਰ ਮੈਂ ਮੋਹਨ ਸਿੰਘ ਹੁਰਾਂ ਨੁੰ 1963 ਵਿੱਚ ਦੇਖਿਆ, ਜਦੋਂ ਮੈਂ 18 ਕੁ ਸਾਲਾਂ ਦਾ ਸੀ। ਉਹ ਕੰਪਨੀ ਬਾਗ਼ ਵਿੱਚ ਸ਼ਤਰੰਜ ਖੇਡ ਰਹੇ ਸਨ। ਮੈਂ ਆਪਣੇ ਪਿੰਡੋਂ ਸਾਈਕਲ ਤੇ ਆਇਆ ਸਾਂ। ਖ਼ਾਸ ਤੌਰ ਤੇ ਉਹਨਾਂ ਨੂੰ ਮਿਲਣ ਪਰ ਦੂਰੋਂ ਦੇਖ ਕੇ ਮੁੜ ਗਿਆ। ਕੁਝ ਮਹੀਨਿਆਂ ਮਗਰੋਂ ਫ਼ੇਰ ਹੌਸਲਾ ਕਰ ਕੇ ਉਹਨਾਂ ਦੇ ਘਰ ਗਿਆ, ਉਹ ਘਰ ਹੀ ਸਨ। ਮੈਂ ਉਹਨਾਂ ਨੂੰ ਦੱਸਿਆ ਮੈਂ ਕਵਿਤਾ ਲਿਖਦਾ ਹਾਂ। ਉਹ ਕਹਿਣ ਲੱਗੇ: ਸੁਣਾ। ਮੈਂ ਜਿਹੜੀ ਕਵਿਤਾ ਉਹਨਾਂ ਨੂੰ ਸੁਣਾਈ, ਉਸਦਾ ਨਾਮ ਸੀ: ਸ਼ੀਸ਼ੇ ਦੀ ਸਿਖਰ ਦੁਪਹਿਰ ਵਿੱਚ। ਕਵਿਤਾ ਕੁਝ ਇਸ ਤਰ੍ਹਾਂ ਸੀ:
ਇੱਕ ਬਦਸੂਰਤ ਕੁੜੀ
ਧੁਖ ਰਹੀ ਸ਼ੀਸ਼ੇ ਦੀ ਸਿਖ਼ਰ ਦੁਪਹਿਰ ਵਿੱਚ
ਭਾਲਦੀ ਬੇਅਰਥ ਹੀ
ਸ਼ੀਸ਼ੇ ਦੇ ਰੇਗਿਸਤਾਨ ਚੋਂ
ਦਿਲ ਦਾ ਕੰਵਲ……

ਬੜੇ ਗੌਰ ਨਾਲ ਮੇਰੀ ਕਵਿਤਾ ਸੁਣ ਕੇ ਕਹਿਣ ਲੱਗੇ: ਦੇਖ ਜਿਹੜੀ ਕਵਿਤਾ ਮੈਨੂੰ ਏਨੀ ਮੁਸ਼ਕਿਲ ਨਾਲ ਸਮਝ ਆਈ ਹੈ, ਉਹ ਆਮ ਲੋਕਾਂ ਨੂੰ ਕਿਵੇਂ ਆਵੇਗੀ? ਤੇਰੇ ਕੋਲ ਕਵਿਤਾ ਦੇ ਸਾਰੇ ਔਜ਼ਾਰ ਹਨ, ਪਰ ਤੂੰ ਵਿਸ਼ੇ ਹੋਰ ਚੁਣ। ਕੁਝ ਮਹੀਨਿਆਂ ਬਾਅਦ ਮੈਂ 'ਪੰਜ ਦਰਿਆ' ਲਈ ਦੋ ਕਵਿਤਾਵਾਂ ਭੇਜੀਆਂ। ਕਾਰਡ ਤੇ ਜਵਾਬ ਲਿਖਿਆ ਆਇਆ: ਤੁਹਾਡੀਆਂ ਕਵਿਤਾਵਾਂ ਪਸੰਦ ਆਈਆਂ। ਪੰਜ ਦਰਿਆ ਦੇ ਕਿਸੇ ਅਗਲੇ ਅੰਕ ਵਿੱਚ ਛਾਪਾਂਗਾ। ਹੇਠਾਂ ਇੱਕ ਨੋਟ ਸੀ: ਆਪਣੇ ਪਿੰਡ ਵਿੱਚ ਪੰਜ ਦਰਿਆ ਦੇ ਕੁਝ ਗਾਹਕ ਬਣਾਓ। ਕਵਿਤਾਵਾਂ ਪਸੰਦ ਆਉਣ ਦੀ ਖ਼ੁਸ਼ੀ ਇਸ ਵਾਕ ਨਾਲ ਕੁਝ ਕਿਰਕਿਰੀ ਹੋ ਗਈ। ਕਵਿਤਾਵਾਂ ਦੋ ਕੁ ਮਹੀਨਿਆਂ ਬਾਅਦ ਛਪ ਗਈਆਂ, ਪਰ ਫ਼ਿਰ ਬਹੁਤ ਸਾਲ ਤੱਕ ਮੈਂ ਪ੍ਰੋ: ਸਾਹਿਬ ਨੂੰ ਮਿਲ ਨਾ ਸਕਿਆ।
ਕਈ ਸਾਲਾਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਮਿਲੇ। 'ਪੰਜ ਦਰਿਆ' ਕਦੋਂ ਦਾ ਬੰਦ ਹੋ ਚੁੱਕਾ ਸੀ। ਮੋਹਨ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਅਮੈਰੇਟਸ ਸਨ। ਮੈਂ ਐਮ:ਏ ਕਰ ਚੁੱਕਾ ਸਾਂ ਅਤੇ ਪੰਜਾਬੀ ਵਿਭਾਗ ਵਿੱਚ ਰਿਸਰਚ ਸਕਾਲਰ ਸਾਂ। ਉਨ੍ਹੀਂ ਦਿਨੀਂ ਸ਼ੁਗਲ ਸ਼ੁਗਲ ਵਿੱਚ ਹੀ ਮੈਂ ਪੰਜਾਬੀ ਕਵੀਆਂ ਦੀ ਪੈਰੋਡੀ ਬਣਾਈ ਹੋਈ ਸੀ। ਸ਼ਿਵ ਬਾਰੇ ਮੈਂ ਲਿਖਿਆ ਸੀ:
ਮਾਏਂ ਨੀ ਮਾਏਂ
ਮੈਨੂੰ ਸੋਗ ਦਾ ਸੂਟ ਸੰਵਾ ਦੇ
ਹੰਝੂਆਂ ਦੀ ਝਾਲਰ
ਤੇ ਆਹਾਂ ਦਾ ਕਾਲਰ
ਵਿੱਚ ਬਟਨ ਬਿਰਹੋਂ ਦੇ ਲਾ ਦੇ

ਮੀਸ਼ੇ ਦੀ ਕੁਝ ਇਸ ਤਰ੍ਹਾਂ ਸੀ:
ਬੋਝੇ ਦੇ ਵਿੱਚ
ਦੁੱਖ ਦੇ ਸਿੱਕੇ
ਚਿਤਵਣੀਆਂ ਦੇ ਘੋਗੇ ਸਿੱਪੀਆਂ
ਕੋਕੇ ਕੌਡੀਆਂ ਬੰਟੇ ਪਾ ਕੇ
ਉੱਤੋਂ ਦੀ ਬਕਸੂਆ ਲਾਈ ਫ਼ਿਰਦੇ

ਪ੍ਰੋ: ਸਾਹਿਬ ਸੁਣ ਸੁਣ ਕੇ ਹੱਸਦੇ ਰਹੇ ਅਤੇ ਮੈਨੂੰ ਕਹਿਣ ਲੱਗੇ: ਤੂੰ ਮੇਰੇ ਕੋਲ ਲੁਧਿਆਣੇ ਆ ਜਾ, ਮੇਰੇ ਕੋਲ ਰੀਸਰਚ ਅਸਿਸਟੈਂਟ ਦੀ ਨੌਕਰੀ ਹੈ। ਮੈਂ ਕਿਹਾ: ਜੀ ਮੈਂ ਓਥੇ ਕੀ ਕਰਾਂਗਾ ਐਗਰੀਕਲਚਰਚਲ ਯੂਨੀਵਰਸਿਟੀ ਵਿੱਚ? ਪ੍ਰੋਫ਼ੈਸਰ ਸਾਹਿਬ ਕਹਿਣ ਲੱਗੇ: ਜੋ ਮੈਂ ਕਰਦਾਂ, ਓਹੀ ਤੂੰ ਕਰੀ ਚੱਲੀਂ। ਪਰ ਮੇਰਾ ਜੀਅ ਲੈਕਚਰਾਰ ਲੱਗਣ ਨੂੰ ਕਰਦਾ ਸੀ, ਮੈਂ ਜੋਗਿੰਦਰ ਕੈਰੋਂ ਦੇ ਨਾਲ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਜੌਇਨ ਕਰ ਲਿਆ ਪਰ ਸਾਲ ਕੁ ਬਾਅਦ ਮੇਰਾ ਚਾਅ ਲੱਥ ਗਿਆ। ਖ਼ਾਲਸਾ ਕਾਲਜ ਜਲੰਧਰ ਦੇ ਇੱਕ ਕਵੀ ਦਰਬਾਰ ਵਿੱਚ ਪ੍ਰੋਫ਼ੈਸਰ ਸਾਹਿਬ ਮੈਨੂੰ ਮਿਲੇ। ਕਹਿਣ ਲੱਗੇ: ਅਜੇ ਵੀ ਆ ਜਾ, ਯੂਨੀਵਰਸਿਟੀ, ਯੂਨੀਵਰਸਿਟੀ ਹੁੰਦੀ ਐ। ਮੈਂ ਮਹੀਨੇ ਕੁ ਬਾਅਦ ਚਲਾ ਗਿਆ। ਪ੍ਰੋਫ਼ੈਸਰ ਸਾਹਿਬ ਨੇ ਆਪਣੇ ਵੱਡੇ ਕਮਰੇ ਦੇ ਇੱਕ ਪਾਸੇ ਮੇਰਾ ਟੇਬਲ ਲਗਵਾ ਦਿੱਤਾ, ਇਹ 16 ਸਤੰਬਰ, 1972 ਦੀ ਗੱਲ ਹੈ। ਉਸ ਦਿਨ ਤੋਂ ਲੈ ਕੇ 3 ਮਈ 1977 ਤੱਕ, ਜਿਸ ਦਿਨ Aਹੁ ਮੂੰਹ-ਹਨੇਰੇ ਦੀ ਬੁੱਕਲ ਮਾਰ ਕੇ ਅਨੰਤ ਹਨੇਰੇ ਵਿੱਚ ਗੁਆਚ ਗਏ, ਮੈਂ ਇਸ ਯੁਗ ਕਵੀ ਨੂੰ ਅਨੇਕਾਂ ਰੰਗਾਂ ਵਿੱਚ ਦੇਖਿਆ, ਕਵਿਤਾ ਲਿਖਦਿਆਂ, ਜਾਮ ਪੀ ਕੇ ਨੱਚਦਿਆਂ, ਉਦਾਸੀ ਵਿੱਚ ਡੁੱਬਿਆਂ, ਗੁੱਸੇ ਨਾਲ ਲੋਹੇ ਲਾਖੇ ਹੁੰਦਿਆਂ, ਸ਼ਤਰੰਜ ਦੀ ਦੁਨੀਆਂ ਵਿੱਚ ਗੁਆਚਿਆਂ, ਢਲਦੇ ਸੂਰਜ ਨੂੰ ਆਈਨੇ ਵਾਂਗ ਵੇਖਦਿਆਂ, ਅੰਮ੍ਰਿਤਾ ਪ੍ਰੀਤਮ ਨੂੰ ਯਾਦ ਕਰਦਿਆਂ।
ਪੀ:ਏ:ਯੂ ਵਿੱਚ ਪ੍ਰੋਫ਼ੈਸਰ ਸਾਹਿਬ ਕੋਲ ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦਾ ਪ੍ਰੋਜੈਕਟ ਸੀ। ਇਸ ਪ੍ਰੋਜੈਕਟ ਵਿੱਚ ਸਾਧੂ ਭਾ ਜੀ ਅਤੇ ਮੈਂ ਉਹਨਾਂ ਦੇ ਸਹਾਇਕ ਸਾਂ। ਹਿੰਮਤ ਸਿੰਘ ਸੋਢੀ, ਮੋਹਨਜੀਤ, ਡਾ:ਰਣਧੀਰ ਸਿੰਘ ਚੰਦ ਅਤੇ ਡਾ: ਆਤਮ ਹਮਰਾਹੀ ਵੀ ਵਾਰੋ ਵਾਰ ਇਸ ਸ਼ਾਖ਼ ਤੇ ਆਏ ਤੇ ਉੱਡ ਗਏ। ਅਸਾਂ ਉੱਡਣਹਾਰਾਂ ਲਈ ਤਾੜੀ ਵੱਜਣ ਹੀ ਵਾਲੀ ਸੀ, ਉਹ ਤਾਂ ਸ਼ੁਕਰ ਹੈ ਕਿ ਡਾ: ਦਲੀਪ ਸਿੰਘ ਦੀਪ ਵੇਲੇ ਸਿਰ ਬਹੁੜ ਪਏ ਅਤੇ ਸਾਨੂੰ ਵੱਖੋ-ਵੱਖਰੇ ਪ੍ਰੋਜੈਕਟ ਮਿਲ ਗਏ। ਖ਼ੈਰ ਚਾਹੀਦਾ ਤਾਂ ਇਹ ਸੀ ਕਿ ਪ੍ਰੋਫ਼ੈਸਰ ਸਾਹਿਬ ਨੂੰ ਕੋਈ ਇਹੋ ਜਿਹਾ ਕੰਮ ਦਿੱਤਾ ਜਾਂਦਾ ਜਿਸ ਦਾ ਸੰਬੰਧ ਉਹਨਾਂ ਦੀ ਸਿਰਜਣਾ ਨਾਲ ਹੁੰਦਾ। ਉਹ ਆਪਣੀਆਂ ਯਾਦਾਂ ਲਿਖਦੇ ਜਾਂ ਸੂਫ਼ੀਵਾਦ ਬਾਰੇ ਕੁਝ ਲਿਖਦੇ ਜਾਂ ਕਿਸੇ ਮਹਾਂਕਾਵਿ ਜਾਂ ਕਾਵਿ-ਨਾਟ ਦਾ ਅਨੁਵਾਦ ਕਰਦੇ। ਪਰ ਇਹ ਗੱਲ ਸਮੇਂ ਸਿਰ ਕਿਸੇ ਨੂੰ ਸੁੱਝੀ ਨਾ। ਸੋ ਖੋਜ ਸਹਾਇਕਾਂ ਨੇ ਕੁਝ ਅਧਿਆਇ ਲਿਖਣੇ ਜਿਨ੍ਹਾਂ ਨੂੰ ਪ੍ਰੋਫ਼ੈਸਰ ਸਾਹਿਬ ਨੇ ਸੋਧ ਕੇ ਅੰਤਿਮ ਰੂਪ ਦੇਣਾ ਹੁੰਦਾ। ਇਹ ਕੰਮ ਉਹਨਾਂ ਨੂੰ ਬੜਾ ਅਕੇਵੇਂ ਭਰਿਆ ਲੱਗਦਾ। ਉਹ ਬੜੀ ਵਾਰ ਸ਼ੁਰੂ ਕਰਦੇ, ਬੜੀ ਵਾਰ ਛੱਡਦੇ। ਪਰ ਕੰਮ ਤਾਂ ਆਖ਼ਰ ਮੁਕਾਉਣਾ ਹੀ ਸੀ। ਇਸ ਲਈ ਕਈ ਵਾਰ ਤਹੱਈਏ ਹੁੰਦੇ ਤੇ ਹਰ ਮਹੀਨੇ ਦੇ ਅੰਤ ਤੇ ਸਾਡੇ ਵਿਚਕਾਰ ਅਕਸਰ ਇਹ ਵਾਰਤਾਲਾਪ ਹੁੰਦਾ। ਪ੍ਰੋ ਸਾਹਿਬ ਪੁੱਛਦੇ, ਅੱਜ ਕਿੰਨੀ ਤਰੀਕ ਐ? ਮੈਂ ਤਰੀਕ ਦੱਸਦਾ, ਜਿਹੜੀ ਆਮ ਤੌਰ 'ਤੇ 24 ਤੇ 31 ਦੇ ਵਿਚਕਾਰ ਹੁੰਦੀ। ਪ੍ਰੋ: ਸਾਹਿਬ ਕਹਿੰਦੇ: ਇਹ ਮਹੀਨਾ ਤਾਂ ਗਿਆ। ਹੁਣ ਆਪਾਂ ਅਗਲੇ ਮਹੀਨੇ ਤੋਂ ਕੰਮ ਨੂੰ ਅੱਗੇ ਲਾ ਲੈਣਾ, ਰੋਜ਼ ਸਵੇਰੇ ਤਿੰਨ ਘੰਟੇ ਝੁੱਟੀ ਲਾਇਆ ਕਰਾਂਗੇ। ਦੇਖ, ਝੁੱਟੀ ਲਫ਼ਜ਼ ਕਿੰਨਾ ਸੁਹਣਾ। ਉਹ ਝੁੱਟੀ ਲਫ਼ਜ਼ ਦੀ ਠੇਠਤਾ ਵਿੱਚ ਗੁਆਚ ਜਾਂਦੇ। ਇਹਦਾ ਕਾਫ਼ੀਆ ਛੁੱਟੀ ਨਾਲ ਮਿਲਦਾ। ਝੁੱਟੀ ਬਿਨਾਂ ਕਾਹਦੀ ਛੁੱਟੀ? ਨਵੇਂ ਲਫ਼ਜ਼ ਨੂੰ ਟੁਣਕਾ ਕੇ ਦੇਖਣਾ, ਉਸਦਾ ਮੁੱਲ ਅੰਕਣਾ, ਉਸ ਦਾ ਇਸਤੇਮਾਲ ਕਰਨਾ ਉਹਨਾਂ ਨੂੰ ਬਹੁਤ ਚੰਗਾ ਲੱਗਦਾ। ਉਹਨਾਂ ਦੀ ਗ਼ਜ਼ਲ ਦਾ ਮਤਲਾ ਇਸ ਤਰ੍ਹਾਂ ਹੈ:
ਚਿਰਾਂ ਦਾ ਭੇੜਿਆ ਹੋਇਆ ਹੈ
ਦਿਲ ਦਾ ਭਿੱਤ ਖੁੱਲ੍ਹਿਆ
ਉਹਨਾਂ ਦੀ ਯਾਦ ਨੂੰ ਖ਼ਬਰੇ ਹੈ
ਕਿਧਰੋਂ ਰਾਹ ਭੁੱਲਿਆ।
ਉਹਨਾਂ ਦੀ ਥਾਵੇਂ ਕੋਈ ਹੋਰ ਸ਼ਾਇਰ ਹੁੰਦਾ ਉਹ ਦਿਲ ਦਾ ਦਰਦ ਲਿਖਦਾ ਕਿਉਂਕਿ ਇੱਕ ਤਾਂ ਉਹਨੂੰ ਸ਼ਾਇਦ ਭਿੱਤ ਦਾ ਪਤਾ ਹੀ ਨਾ ਹੁੰਦਾ ਤੇ ਦੂਸਰੇ ਉਹਨੂੰ ਦਰ ਵਧੇਰੇ ਸੌਖਾ, ਮੁਲਾਇਮ, ਪ੍ਰਚਲਿਤ ਤੇ ਗ਼ਜ਼ਲ ਦੇ ਮਿਜ਼ਾਜ਼ ਲਈ ਵਧੇਰੇ ਮਾਫ਼ਕ ਲੱਗਣਾ ਸੀ। ਪਰ ਭਿੱਤ ਲਫ਼ਜ਼ 'ਚੋਂ ਐਂਟੀਕ ਜਿਹੀ ਮਹਿਕ ਆਉਂਦੀ ਹੈ। ਪ੍ਰੋ: ਮੋਹਨ ਸਿੰਘ ਖ਼ੁਦ, ਜਦੋਂ ਮੈਂ ਉਹਨਾਂ ਨੂੰ ਮਿਲਿਆ, ਅਂੈਟੀਕ ਚੀਜ਼ ਵਰਗੀ ਸ਼ਖ਼ਸੀਅਤ ਹੋ ਚੁੱਕੇ ਸਨ, ਜਿਵੇਂ ਕੋਈ ਇਤਿਹਾਸ ਦੀ ਕਿਤਾਬ ਚੋਂ ਨਿਕਲ ਕੇ ਵਰਤਮਾਨ ਦੀਆਂ ਗਲੀਆਂ ਵਿੱਚ ਫ਼ਿਰਦਾ ਹੋਵੇ।
ਸ਼ਬਦਾਂ ਦੀ ਦੁਨੀਆਂ ਵਿੱਚ ਗੁਆਚਿਆਂ ਅਗਲਾ ਮਹੀਨਾ ਚੜ੍ਹ ਆਉਂਦਾ। '31 ਫ਼ਰਵਰੀ' ਆ ਜਾਂਦੀ, ਜੋ ਦਿੱਲੀ ਤੋਂ ਡਾ: ਨੂਰ ਕੱਢਦੇ ਸਨ। ਉਸ ਵਿੱਚ ਉਨੀ੍ਹਂ ਦਿਨੀਂ ਡਾ: ਹਰਿਭਜਨ ਸਿੰਘ ਪ੍ਰੋ: ਮੋਹਨ ਸਿੰਘ ਦੀਆਂ ਮਸ਼ਹੂਰ ਕਵਿਤਾਵਾਂ ਨੂੰ ਇੱਕ ਇੱਕ ਕਰਕੇ ਮਿਸਮਾਰ ਕਰ ਰਹੇ ਸਨ। ਕਦੀ ਜਾਇਦਾਦ, ਕਦੀ ਕੁੜੀ ਪੋਠੋਹਾਰ ਦੀ, ਕਦੀ ਤਾਜ ਮਹਿਲ ਡਾ: ਸਾਹਿਬ ਦੇ ਗਿਆਨ ਗੁਰਜ ਦੀ ਭੇਂਟ ਚੜ੍ਹ ਜਾਂਦਾ। ਪ੍ਰੋ: ਮੋਹਨ ਸਿੰਘ ਗੁੱਸੇ ਨਾਲ ਭਰ ਜਾਂਦੇ: ਇਹ ਓਹੀ ਹਰਿਭਜਨ ਸਿੰਘ ਹੈ ਜਿਸ ਨੇ ਮੈਨੂੰ ਆਪਣੀ 'ਅੱਧਰੈਣੀ' ਸਮਰਪਿਤ ਕੀਤੀ ਸੀ ਅਤੇ ਕਿਹਾ ਸੀ: ਇੱਕ ਚਿਣਗ ਸਾਨੂੰ ਵੀ ਚਾਹੀਦੀ। ਅੱਜ ਇਹ ਮੈਨੂੰ ਮਿਟਾ ਕੇ ਵੱਡਾ ਕਵੀ ਬਣਨਾ ਚਾਹੁੰਦਾ। ਕਹਿ ਦੇਈਂ ਆਪਣੇ ਦੋਸਤ ਨੂਰ ਨੂੰ, ਕਹਿ ਦੇਵੇ ਹਰਿਭਜਨ ਸਿੰਘ ਨੂੰ ਵੱਡੇ ਕਵੀ ਇਓਂ ਨਹੀਂ ਬਣਦੇ। ਪ੍ਰੋ: ਸਾਹਿਬ ਇਕੱਤੀ ਫ਼ਰਵਰੀ ਦਾ ਨਵਾਂ ਅੰਕ ਮੇਰੇ ਮੇਜ਼ ਤੇ ਪਲਟਾ ਕੇ ਮਾਰਦੇ: ਮੈਂ ਵੀ ਹਰਿਭਜਨ ਸਿੰਘ ਦੇ ਖ਼ਿਲਾਫ਼ ਲਿਖ ਸਕਦਾਂ, ਪਰ ਮੈਂ ਆਪਣਾ ਵਕਤ ਕਿਉਂ ਜ਼ਾਇਆ ਕਰਾਂ? ਇਹ ਹਰਿਭਜਨ ਸਿੰਘ ਦੀ ਇਨਸਕਿਓਰਿਟੀ ਐ ਮੇਰੇ ਸਾਹਮਣੇ। ਫ਼ਾਰਸੀ ਵਾਲੇ ਕਹਿੰਦੇ ਨੇ ਜੋ ਖ਼ਾਹਮਖ਼ਾਹ ਤੇਰੀ ਬੁਰਾਈ ਕਰੇ, ਉਸਨੂੰ ਆਪਣੀ ਚੰਗਿਆਈ ਨਾਲ ਸ਼ਰਮਿੰਦਾ ਕਰ ਦੇਹ। ਫ਼ਾਰਸੀ ਵਾਲੇ ਕਹਿੰਦੇ ਨੇ…ਇਹ ਵਾਕੰਸ਼ ਉਹਨਾਂ ਦੀ ਗੱਲਬਾਤ ਵਿੱਚ ਅਕਸਰ ਆ ਜਾਂਦਾ, ਜਿਵੇਂ ਸੇਖੋਂ ਸਾਹਿਬ ਦੀ ਗੱਲਬਾਤ ਵਿੱਚ : ਮੈਂ ਕਹਿੰਦਾ ਹੁੰਨਾਂ।
ਅਰਬੀ ਫ਼ਾਰਸੀ ਪ੍ਰੋ: ਮੋਹਨ ਸਿੰਘ ਹੁਰਾਂ ਲਈ ਬਹੁਤ ਵੱਡਾ ਸੋਮਾ ਸੀ। ਅਕਸਰ ਸਿਆਣਪ ਅਤੇ ਦ੍ਰਿਸ਼ਟਾਂਤ ਲਈ ਉਹ ਇਸ ਵੱਲ ਪਰਤਦੇ। ਇੱਕ ਵਾਰ ਅਸੀਂ ਐਮ:ਏ ਦੇ ਕੁਝ ਵਿਦਿਆਰਥੀ ਪਟਿਆਲੇ ਡਾ: ਦਲੀਪ ਕੌਰ ਟਿਵਾਣਾ ਦੇ ਘਰ ਦੀਆਂ ਪੌੜੀਆਂ ਉੱਤਰ ਰਹੇ ਸਾਂ। ਪ੍ਰੋ: ਸਾਹਿਬ ਉਹਨਾਂ ਨੂੰ ਮਿਲਣ ਜਾ ਰਹੇ ਸਨ। ਸਾਨੂੰ ਦੇਖ ਕੇ ਕਹਿਣ ਲੱਗੇ: ਰੇਗਿਸਤਾਨ ਵਿੱਚ ਜਦੋਂ ਕਿਸੇ ਨੂੰ ਨਮਾਜ਼ ਪੜ੍ਹਨ ਤੋਂ ਪਹਿਲਾਂ ਵੁਜ਼ੂ ਕਰਨ ਲਈ ਪਾਣੀ ਨਾ ਮਿਲਦਾ ਤੇ ਉਹ ਰੇਤ ਉੱਤੇ ਪਰਨਾ ਵਿਛਾ ਕੇ ਉਸਨੁੰ ਥਪਥਪਾਉਂਦਾ। ਜਿਹੜੀ ਰੇਤ ਛਣ ਕੇ ਪਰਨੇ ਉੱਤੇ ਆ ਜਾਂਦੀ ਉਸ ਨਾਲ ਵੁਜ਼ੂ ਕਰ ਲੇਂਦਾ। ਇਸ ਨੂੰ ਅਰਬੀ ਵਿੱਚ ਤਯੱਮਮ ਕਹਿੰਦੇ ਹਨ। ਤੁਹਾਡੀ ਪ੍ਰੋਫ਼ੈਸਰ ਕੋਲ ਹੁਣ ਤੱਕ ਤਾਂ ਪਾਣੀ ਸੀ। ਹੁਣ ,ਮੇਰੇ ਗਿਆਂ ਉਸਨੂੰ ਤਯੱਮਮ ਕਰਨਾ ਪੈ ਗਿਆ। ਮੈਂ ਤਾਂ ਅਰਬ ਦੀ ਰੇਤ ਆਂ।
ਇੱਕਤੀ ਫ਼ਰਵਰੀ ਦੇ ਦਿਨੀਂ ਰਹਿ ਰਹਿ ਕੇ ਪ੍ਰੋ: ਸਾਹਿਬ ਦੇ ਮਨ ਵਿੱਚ ਦੁੱਖ ਅਤੇ ਰੋਸ ਸੁਲਗ ਉੱਠਦਾ। ਉਹ ਕਦੇ ਕਦੇ ਇਕੱਲੇ ਮਹਿਸੂਸ ਕਰਦੇ। ਉਹਨਾਂ ਨੂੰ ਲੱਗਦਾ ਜਿਵੇਂ ਕੋਈ ਉਹਨਾਂ ਦਾ ਦੋਸਤ ਨਹੀਂ। ਉਹ ਕਹਿੰਦੇ; ਮੇਰੇ ਹੱਕ ਵਿੱਚ ਕੋਈ ਕਿਓਂ ਲਿਖੇ? ਮੈਂ ਕਿਸੇ ਨੂੰ ਕੀ ਫ਼ਾਇਦਾ ਪਹੁੰਚਾ ਸਕਦਾਂ? ਕੋਈ ਇੰਟਰਵਿਊਆਂ ਦਾ ਐਕਸਪਰਟ ਹੈ, ਕੋਈ ਥੀਸਿਸਾਂ ਦਾ ਐਗਜ਼ਾਮੀਨਰ। ਮੈਂ ਕੀ ਹਾਂ?
ਪ੍ਰੋ: ਮੋਹਨ ਸਿੰਘ ਉਹਨੀਂ ਦਿਨੀਂ ਬੁਰੀ ਤਰ੍ਹਾਂ ਆਹਤ ਅਤੇ ਇਕੱਲੇ ਮਹਿਸੂਸ ਕਰ ਰਹੇ ਸਨ। ਇੱਕ ਸਵੇਰ ਉਹ ਦਫ਼ਤਰ ਆਏ ਤਾਂ ਕਹਿਣ ਲੱਗੇ: ਪਾਤਰ ਇੱਕ ਕਵਿਤਾ ਸੁਣ:
ਬਿਰਖ਼ ਦੀ ਸ਼ਕਤੀ ਹੈ ਉਸਦੇ ਪੱਤਰਾਂ ਵਿੱਚ
ਪਰ ਜਦੋਂ ਪੱਤਰ ਝੜਨ
ਛੱਡ ਕੇ ਰਾਹੀ ਤੁਰਨ
ਪੰਛੀ ਉੜਨ

ਬੰਦੇ ਦੀ ਸ਼ਕਤੀ ਹੈ ਉਸਦੀ
ਲਾਭਦਾਇਕਤਾ ਦੇ ਵਿੱਚ
ਪਰ ਜਦੋਂ ਇਹ ਖ਼ਤਮ ਹੋਵੇ
ਮੁੱਕ ਜਾਵਣ ਮਹਿਫ਼ਿਲਾਂ
ਛੱਡ ਕੇ ਤੁਰ ਜਾਣ ਮਿੱਤਰ
ਗੱਲ ਵਚਿੱਤਰ

ਮੁੱਕਣ ਰਿਸ਼ਤੇ ਅਤਿ ਪਵਿੱਤਰ
ਪਿੱਛੇ ਰਹਿ ਜਾਵਣ ਸਿਰਫ਼
ਖੋਲ ਟੁੱਟੇ ਵਾਅਦਿਆਂ ਦੇ
ਗੂੰਜ ਝੂਠੇ ਹਾਸਿਆਂ ਦੀ
ਕਾਰਵਾਂ ਦੇ ਤੁਰਨ ਮਗਰੋਂ ਜਿਸ ਤਰ੍ਹਾਂ
ਚੁੱਲ੍ਹਿਆਂ ਵਿੱਚ ਸਹਿਮੇ ਹੋਏ
ਸੁਲਗਦੇ ਅੰਗਿਆਰ ਕੁਝ
ਹੌਲੀ ਹੌਲੀ ਜਾਣ ਬੁਝ

ਮੈਂ ਕਿਹਾ: ਪ੍ਰੋਫ਼ੈਸਰ ਸਾਹਿਬ, ਇਹ ਬਹੁਤ ਖ਼ੂਬਸੂਰਤ ਕਵਿਤਾ ਹੈ, ਕੌੜੇ ਸੱਚ ਦੀ ਸ਼ਕਤੀ ਨਾਲ ਦਘ ਰਹੀ।
ਪ੍ਰੋ: ਮੋਹਨ ਸਿੰਘ ਹੁਰਾਂ ਦਾ ਚਿਹਰਾ ਵੀ ਦਘਣ ਲੱਗਾ, ਕਹਿਣ ਲੱਗੇ: ਸ਼ੁਹਰਤ ਕੀ ਚੀਜ਼ ਹੈ, ਕੁਝ ਵੀ ਨਹੀਂ। ਮੈਂ ਲਿਖਿਆ ਸੀ:

ਪੰਛੀ ਹਵਾ ਨੂੰ ਕੱਟ ਕੇ ਜਾਵੇ ਅਗੇਰੇ ਲੰਘ
ਮਿਲ ਜਾਵੇ ਟੁੱਟਣ ਸਾਰ ਹੀ ਕੱਟੀ ਹਵਾ ਦਾ ਚੀਰ
ਕਿਸ਼ਤੀ ਦੀ ਨੋਕ ਤਿੱਖੜੀ ਪਾਣੀ ਤੇ ਕੱਢ ਸਿਆੜ
ਜਦ ਵਧਦੀ ਅਗਾਂਹ ਨੂੰ ਜੁੜ ਜਾਵੇ ਮੁੜ ਕੇ ਨੀਰ

ਜ਼ਿੰਦਗੀ ਸ਼ੁਹਰਤ ਨਾਲੋਂ ਵੱਡੀ ਚੀਜ਼ ਹੈ। ਮੈਂ ਮਨ ਦੀ ਸਲੇਟ ਨੂੰ ਨਿੱਕੇ ਮੋਟੇ ਕਲੇਸ਼ਾਂ ਤੋਂ ਸਾਫ਼ ਰੱਖਦਾ ਹਾਂ।
ਪ੍ਰੋ: ਮੋਹਨ ਸਿੰਘ ਦੀ ਕਵਿਤਾ ਦੀ ਵਡਿਆਈ ਉਸ ਦੇ ਠੋਸ ਧਰਾਤਲ ਵਿੱਚ ਹੈ। ਊਹਨਾਂ ਦੀ ਸ਼ਬਦਾਵਲੀ ਵਿੱਚ ਭਾਰੀ ਗਉਰੀ ਧਾਤ ਦੀ ਆਵਾਜ਼ ਹੈ। ਇਸ ਵਿੱਚ ਹੋਛੀ ਟੁਣਕਾਰ ਨਹੀਂ। ਹਰ ਸ਼ਬਦ ਆਪਣੀ ਫ਼ੇਸ ਵੈਲਿਊ ਤੋਂ ਵੱਧ ਮੁੱਲ ਦਾ ਹੈ। ਇਹ ਉਸ ਦੇਸ਼ ਦੀ ਕਰੰਸੀ ਵਾਂਗ ਨਹੀਂ ਜੋ ਆਪਣੇ ਵਿੱਤ ਤੋਂ ਵੱਧ ਨੋਟ ਛਾਪੀ ਜਾਂਦਾ ਹੈ। ਹਰ ਸ਼ਬਦ ਪਿੱਛੇ ਦਿਲ ਦੀ ਅੱਗ ਦਾ ਸੇਕ ਹੈ ਜਾਂ ਉਸ ਸੇਕ ਦੀ ਭੱਠੀ ਵਿੱਚ ਤਪੀ ਸਿਆਣਪ। ਉਹ ਕਵਿਤਾਵਾਂ ਜਿਨ੍ਹਾਂ ਵਿੱੱਚ ਉਹਨਾਂ ਨੇ ਵਾਦ ਨੂੰ ਕਵਿਤਾਇਆ ਹੈ ਬੇਸ਼ੱਕ ਵੱਖਰੀ ਕੋਟੀ ਵਿੱਚ ਆਉਂਦੀਆਂ ਹਨ, ਪਰ ਉਹਨਾਂ ਦੀ ਭਾਸ਼ਾ ਦਾ ਇੱਕ ਵੱਖਰਾ ਜਲੌਅ ਹੈ।
ਪ੍ਰੋ: ਮੋਹਨ ਸਿੰਘ ਦੀ ਕਵਿਤਾ ਦੀ ਇੱਕ ਹੋਰ ਵਡਿਆਈ ਉਸ ਦੇ ਕਾਵਿ ਰੂਪਾਂ ਅਤੇ ਵਿਸ਼ਿਆਂ ਦੀ ਰੇਂਜ ਵਿੱਚ ਹੈ ਜੋ ਬੈਂਤ ਤੋਂ ਲੈ ਕੇ ਬਲੈਂਕ ਵਰਸ ਤੱਕ, ਦੋਹੇ ਤੋਂ ਲੈ ਕੇ ਮਹਾਂਕਾਵਿ ਤੱਕ , ਮੰਗਲੀ ਤੋਂ ਮਾਓ ਜ਼ੇ ਤੁੰਗ ਤੱਕ, ਗੱਜਣ ਸਿੰਘ ਤੋਂ ਯੂਰੀ ਗਾਗਰਿਨ ਤੱਕ, ਸੁਹਾਂ ਦੇ ਕੰਢੇ ਤੇ ਟਿਮਕਦੇ ਟਟਹਿਣੇ ਤੋਂ ਲੈ ਕੇ ਚੰਦ ਤੇ ਉੱਤਰਣ ਵਾਲੇ ਲੋਹ-ਗਰੁੜ ਤੱਕ, ਕੁਦਰਤ ਦੇ ਸਾਵੇ ਪੱਤਰਾਂ ਤੋਂ ਲੈ ਕੇ ਸੱਭਿਆਚਾਰ ਦੇ ਬੂਹੇ ਤੱਕ ਫ਼ੈਲਿਆ ਹੋਇਆ ਹੈ।
ਜਿਹੜੇ ਦਿਨ ਦੀ ਸਵੇਰ ਨੂੰ ਮੈਨੂੰ ਪ੍ਰੋ: ਸਾਹਿਬ ਨੇ ਆਪਣੀ ਕਵਿਤਾ ਸੁਣਾਈ, ਉਸ ਦਿਨ ਦੀ ਸ਼ਾਮ ਨੂੰ ਪ੍ਰੋ: ਸਾਹਿਬ ਦੇ ਘਰ ਮਹਿਫ਼ਿਲ ਜੁੜੀ। ਪ੍ਰੋ: ਸਾਹਿਬ ਜ਼ਿੰਦਗੀ, ਖ਼ੁਸ਼ੀ ਅਤੇ ਖਿਲੰਦੜੇਪਨ ਨਾਲ ਭਰ ਗਏ। ਅਸੀਂ ਕਿਹਾ: ਪ੍ਰੋ ਸਾਹਿਬ ਆਪਣੀ ਨਵੀਂ ਲਿਖੀ ਕਵਿਤਾ ਸੁਣਾਓ। ਕਹਿਣ ਲੱਗੇ: ਨਹੀਂ ਕਵਿਤਾ ਨਹੀਂ, ਤੁਹਾਨੂੰ ਕਿਸੇ ਰਕਾਨ ਦਾ ਲਿਖਿਆ ਦੋਹਾ ਸੁਣਾਉਂਦਾ ਹਾਂ। ਉਹ ਕੰਨ ਤੇ ਹੱਥ ਰੱਖ ਕੇ ਗਾਉਣ ਲੱਗ ਪਏ:
ਕੰਬਲ ਫ਼ਟੇ ਤਾਂ ਟਾਂਕਾ ਲਾਵਾਂ
ਬੱਦਲ ਫ਼ਟੇ ਕਿੰਜ ਸੀਵਾਂ
ਖ਼ਸਮ ਮਰੇ ਤਾਂ ਕਰਾਂ ਗੁਜ਼ਾਰਾ
ਯਾਰ ਮਰੇ ਕਿੰਜ ਜੀਵਾਂ

ਭਾਵੇ ਮਹਿਫ਼ਿਲਾਂ ਵਿੱਚ ਅਜੇ ਵੀ ਮੋਹਨ ਸਿੰਘ ਚਹਿਕ ਉੱਠਦੇ ਸਨ, ਉਂਜ ਇਹ ਉਹਨਾਂ ਦੇ ਬਹੁਤ ਹੀ ਉਦਾਸ ਦਿਨ ਸਨ। ਕਈ ਕੰਬਲ ਅਤੇ ਕਈ ਬੱਦਲ ਫ਼ਟ ਚੁੱਕੇ ਸਨ। ਉਹਨਾਂ ਦਾ ਸ਼ਹਿਨਸ਼ਾਹ ਦੋਸਤ ਮਹਿੰਦਰ ਸਿੰਘ ਰੰਧਾਵਾ ਉਹਨਾਂ ਦੇ ਨਾਲ ਨਾਰਾਜ਼ ਹੋ ਚੁੱਕਿਆ ਸੀ। ਇੱਕ ਮਿੰਨੀ ਮੈਗ਼ਜ਼ੀਨ ਵਿਚ ਸੋਲਨ ਨੰਬਰ ਵੰਨ ਦੇ ਨਾਂ ਹੇਠ ਛਪੀ ਉਹਨਾਂ ਦੀ ਇੰਟਰਵਿਊ ਵਿੱਚ ਕਹੀਆਂ ਗੱਲਾਂ ਕਾਰਨ ਅੰਮ੍ਰਿਤਾ ਪ੍ਰੀਤਮ ਦਾ ਮਨ ਪ੍ਰੋ ਸਾਹਿਬ ਲਈ ਜ਼ਹਿਰ ਨਾਲ ਭਰ ਗਿਆ ਸੀ, ਯੂਨੀਵਰਸਿਟੀ ਦੀ ਨੌਕਰੀ ਖ਼ਤਮ ਹੋ ਚੁੱਕੀ ਸੀ,ਹੁਣੇ ਹੁਣੇ ਹਟੀ ਐਮਰਜੈਂਸੀ ਦੌਰਾਨ ਲਿਖੇ ਇੰਦਰਾ ਗਾਂਧੀ ਦੇ ਕਸੀਦੇ ਕਾਰਨ ਜੋਸ਼ੀਲੇ ਨੌਜਵਾਨ ਉਹਨਾਂ ਨੂੰ ਕੋਸ ਰਹੇ ਸਨ, ਨਨਕਾਇਣ ਨੂੰ ਸਾਈ ਤੇ ਲਿਖੀ ਕਵਿਤਾ ਕਿਹਾ ਜਾ ਰਿਹਾ ਸੀ।
ਉਹ ਅਨੇਕਾਂ ਤੀਰਾਂ ਨਾਲ ਵਿੰਨ੍ਹੇ ਪਏ ਸਨ। ਉਹ ਇਕੱਲੇ ਅਤੇ ਉਦਾਸ ਸਨ, ਪਰ ਉਹਨਾਂ ਦੀ ਕਵਿਤਾ ਤੇ ਉਹਨਾਂ ਦੀ ਪਤਨੀ ਸੁਰਜੀਤ ਉਹਨਾਂ ਦੇ ਨਾਲ ਸੀ। ਆਪਣੇ ਦਿਲ ਦੇ ਸਭ ਤੋਂ ਡੂੰਘੇ ਦੁੱਖ ਉਹਨਾਂ ਨੇ ਆਪਣੀ ਕਵਿਤਾ ਨੂੰ ਹੀ ਦੱਸੇ। ਮੀਰ ਵਿੱਚ ਮੇਰੀ ਇੱਕ ਗ਼ਜ਼ਲ ਛਪੀ ਸੀ:

ਜਿਸ ਦੇਹੀ ਵਿੱਚ ਸੂਰਜ ਅੰਬਰ ਚੰਦ ਸੀ
ਸਾਡੀ ਖ਼ਾਤਰ ਉਸਦਾ ਬੂਹਾ ਬੰਦ ਸੀ

ਇੱਕ ਸਵੇਰ ਪ੍ਰੋ: ਸਾਹਿਬ ਆਏ ਕਹਿਣ ਲੱਗੇ: ਪਾਤਰ ਤੇਰੀ ਗ਼ਜ਼ਲ ਦੀ ਜ਼ਮੀਨ ਵਿੱਚ ਇੱਕ ਗ਼ਜ਼ਲ ਲਿਖੀ ਐ, ਸੁਣ:
ਜਿੱਧਰ ਕਦਮ ਉਠਾਏ ਓਧਰ ਕੰਧ ਸੀ
ਜੋ ਬੂਹਾ ਖੜਕਾਇਆ ਓਹੀ ਬੰਦ ਸੀ

ਭਾਵੇਂ ਮੇਰੇ ਅੰਦਰ ਸੂਰਜ ਚੰਦ ਸੀ
ਫ਼ਿਰ ਵੀ ਬੜਾ ਹਨੇਰ੍ਹਾ ਜੀਵਨ ਪੰਧ ਸੀ

ਆਪਣੀ ਕਵਿਤਾ ਕੋਲ ਆਪਣੇ ਸਾਰੇ ਭੇਤ ਅਮਾਨਤ ਰੱਖ ਕੇ, ਇੱਕ ਭਰੀ ਮਹਿਫ਼ਿਲ ਦੀ ਸਵੇਰ ਨੂੰ ਉਹ ਹੈ ਤੋਂ ਸੀ ਹੋ ਗਏ। ਬਿਗਲਾਂ ਦੀ ਧੁਨ ਵਿੱਚ ਉਹਨਾਂ ਦਾ ਸਸਕਾਰ ਹੋਇਆ। ਦੂਜੇ ਦਿਨ ਦਿਨ ਸਵੇਰੇ ਅਖ਼ਬਾਰ ਵਿੱਚ ਬਹੁਤ ਵੱਡੀ ਖ਼ਬਰ ਸੀ। ਉਹਨਾਂ ਦੇ ਇੱਕ ਗੁਆਂਢੀ ਲੈਕਚਰਾਰ ਨੂੰ ਉਸ ਦਿਨ ਹੀ ਪਤਾ ਲੱਗਾ ਕਿ ਉਹ ਏਡਾ ਵੱਡਾ ਬੰਦਾ ਉਹਦੇ ਗੁਆਾਂਢ ਵਿੱਚ ਰਹਿੰਦਾ ਸੀ।

ਸ੍ਰੋਤ:-ਸੀਰਤ

Thursday, September 2, 2010

ਮਹਿੰਗਾਈ ਦੀ ਆੜ ਵਿਚ ਕਿਸਾਨੀ ਤਬਾਹ ਕਰਨ ਦੀ ਤਿਆਰੀ?-ਬਲਬੀਰ ਸਿੰਘ ਰਾਜੇਵਾਲ

ਮਹਿੰਗਾਈ ਸੱਚਮੁੱਚ ਬਹੁਤ ਬੁਰੀ ਚੀਜ਼ ਹੈ। ਪਰ ਇਸ ਦੀ ਚਿੰਤਾ ਜਾਂ ਤਾਂ ਰਾਜਨੇਤਾਵਾਂ ਨੂੰ ਹੈ ਤਾਂ ਜੋ ਉਹ ਇਸ ਤੋਂ ਸਿਆਸੀ ਲਾਹਾ ਲੈਣ ਤੋਂ ਪਿੱਛੇ ਨਾ ਰਹਿ ਜਾਣ ਜਾਂ ਫਿਰ ਸ਼ਹਿਰਾਂ ਵਿਚ ਵਸਦੇ ਅਜਿਹੇ ਲੋਕਾਂ ਨੂੰ, ਜਿਨ੍ਹਾਂ ਕੋਲ ਪੈਸਾ ਬਹੁਤ ਹੈ। ਗਰੀਬ, ਜਿਸ ਦੀ ਜੇਬ ਵਿਚ ਕੁਝ ਨਹੀਂ, ਉਸ ਕੋਲ ਤਾਂ ਮਹਿੰਗਾਈ ਵਿਰੁਧ ਸ਼ੋਰ ਮਚਾਉਣ ਦੀ ਵਿਹਲ ਹੀ ਨਹੀਂ। ਉਹ ਤਾਂ ਸਿਆਸੀ ਪਾਰਟੀਆਂ ਵਲੋਂ ਮਹਿੰਗਾਈ ਵਿਰੋਧੀ ਜਲੂਸਾਂ ਵਿਚ ਵੀ ਦਿਹਾੜੀ ਲੈ ਕੇ ਉਨ੍ਹਾਂ ਦੇ ਇਕੱਠਾਂ ਦੀ ਰੌਣਕ ਵਧਾਉਣ ਜਾਂਦੇ ਹਨ। ਅੱਜ ਦੀ ਇਸ ਮਹਿੰਗਾਈ ਵਿਰੋਧੀ ਮੁਹਿੰਮ ਵਿਚ ਮਹਿੰਗਾਈ ਕਿੱਥੋਂ ਤੱਕ ਸੀਮਤ ਹੈ? ਕੇਵਲ ਕਣਕ, ਚਾਵਲ, ਸਬਜ਼ੀਆਂ, ਫਲਾਂ, ਚੀਨੀ ਅਤੇ ਹਰ ਉਸ ਚੀਜ਼ ਤੱਕ ਜੋ ਕਿਸਾਨ ਆਪਣੇ ਅਤੇ ਆਪਣੇ ਬੱਚਿਆਂ ਦੇ ਪਾਲਣ-ਪੋਸ਼ਣ ਲਈ ਆਪਣੇ ਖੇਤ ਵਿਚ ਪੈਦਾ ਕਰਦਾ ਹੈ, ਨਤੀਜੇ ਵਜੋਂ ਮਹਿੰਗਾਈ ਵਿਰੋਧੀਆਂ ਦੀ ਕਾਵਾਂਰੌਲੀ ਕਾਰਨ ਸਰਕਾਰ ਮਹਿੰਗਾਈ ਨੂੰ ਨੱਥ ਪਾਉਣ ਲਈ ਕੁਹਾੜਾ ਕਿਸਾਨ ਉਤੇ ਚਲਾ ਦਿੰਦੀ ਹੈ। ਉਸ ਦੀਆਂ ਇਹ ਜਿਣਸਾਂ ਸਸਤੀਆਂ ਰੱਖਣ ਲਈ ਇਨ੍ਹਾਂ ਦੇ ਭਾਅ ਖਰਚਿਆਂ ਨਾਲੋਂ ਕਿਤੇ ਘੱਟ ਮਿਥ ਦਿੱਤੇ ਜਾਂਦੇ ਹਨ। ਇੰਜ ਪੈਂਦੇ ਘਾਟੇ ਕਾਰਨ ਕਿਸਾਨ ਕਰਜ਼ੇ ਦੇ ਜਾਲ ਵਿਚ ਫਸ ਕੇ ਖੁਦਕੁਸ਼ੀਆਂ ਕਰਨ ਲੱਗੇ ਹਨ।


ਮੈਨੂੰ ਮੇਰੇ ਪੁੱਤਰ ਦੀ ਇਕ ਗੱਲ ਹਰ ਸਮੇਂ ਪ੍ਰੇਸ਼ਾਨ ਕਰਦੀ ਹੈ, ਜੋ ਹੈ ਬਿਲਕੁਲ ਸੱਚ। ਉਸ ਦਾ ਕਹਿਣਾ ਹੈ ਕਿ ਜੋ ਲੋਕ ਪੱਖੇ ਹੇਠ ਬੈਠ ਕੇ ਕੰਮ ਕਰਦੇ ਹਨ, ਪੈਸੇ ਉਨ੍ਹਾਂ ਦੀ ਜੇਬ ਵਲ ਹੀ ਜਾਂਦੇ ਹਨ। ਜੋ ਲੋਕ ਏਅਰਕੰਡੀਸ਼ਨ ਕਮਰਿਆਂ ਵਿਚ ਬੈਠ ਕੇ ਕੰਮ ਕਰਦੇ ਹਨ, ਮਾਇਆ ਧੱਕੇ ਨਾਲ ਉਨ੍ਹਾਂ ਦੀਆਂ ਤਿਜੌਰੀਆਂ ਵਲ ਭੱਜੀ ਜਾਂਦੀ ਹੈ। ਕਿਸਾਨ ਅਤੇ ਖੇਤ ਮਜ਼ਦੂਰ ਵਿਚਾਰੇ ਕੜਕਦੀ ਧੁੱਪ ਅਤੇ ਅੰਤਾਂ ਦੇ ਕੱਕਰ ਵਿਚ ਸਾਰਾ ਦਿਨ ਹੱਡ ਤੁੜਾ ਕੇ ਰਾਤ ਨੂੰ ਮਸਾਂ ਮੰਜੇ ਉਤੇ ਡਿੱਗਦੇ ਹਨ। ਉਦੋਂ ਤੱਕ ਖਜ਼ਾਨਾ ਤਾਂ ਪੱਖੇ ਅਤੇ ਏ.ਸੀ. ਵਿਚ ਕੰਮ ਕਰਨ ਵਾਲੇ ਲੁੱਟ ਕੇ ਲੈ ਜਾਂਦੇ ਹਨ। ਤਰੋਤਾਜ਼ਾ ਵੀ ਰਹਿੰਦੇ ਹਨ ਅਤੇ ਮਹਿੰਗਾਈ ਦੀ ਕਾਵਾਂਰੌਲੀ ਪਾ ਕੇ ਸਰਕਾਰੀ ਨੀਤੀਆਂ ਨੂੰ ਵੀ ਆਪਣੇ ਵਲ ਮੋੜਾ ਦੇ ਜਾਂਦੇ ਹਨ।ਮ ਇਹ ਅਸਲੀਅਤ ਹੈ ਕਿ ਅੱਜ ਕੱਲ੍ਹ ਪੈਸਾ ਸਰਕਾਰੀ ਮਸ਼ੀਨਰੀ, ਰਾਜਨੇਤਾਵਾਂ ਅਤੇ ਖੇਤੀ ਜਾਂ ਮਜ਼ਦੂਰੀ ਤੋਂ ਬਿਨਾਂ ਹਰ ਤਰ੍ਹਾਂ ਦੇ ਵਪਾਰ ਜਾਂ ਸਨਅਤ ਵਿਚ ਲੱਗੇ ਲੋਕਾਂ ਕੋਲ ਹੈ। ਇਨ੍ਹਾਂ ਲੋਕਾਂ ਦੇ ਘਰੀਂ ਜਾਓ ਤਾਂ ਹਰ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਦੇਖਣ ਨੂੰ ਮਿਲਣਗੀਆਂ। ਲੇਅਜ਼ ਕੰਪਨੀ ਦਾ 70 ਗ੍ਰਾਮ ਦਾ ਆਲੂ ਦੇ ਚਿਪਸ ਦਾ ਪੈਕਟ 20 ਰੁਪਏ ਵਿਚ ਖਰੀਦਦੇ ਸਮੇਂ ਇਨ੍ਹਾਂ ਨੂੰ ਕੋਈ ਮਹਿੰਗਾਈ ਨਜ਼ਰ ਨਹੀਂ ਆਉਂਦੀ। ਪਰ ਜਦੋਂ ਕਿਸਾਨ ਨੂੰ ਆਲੂਆਂ ਦਾ ਭਾਅ 5 ਰੁਪਏ ਪ੍ਰਤੀ ਕਿਲੋਗ੍ਰਾਮ ਮਿਲਣ ਲਗਦਾ ਹੈ ਤਾਂ ਅਸਮਾਨ ਸਿਰ 'ਤੇ ਚੁੱਕ ਲਿਆ। ਹੁਣ ਕਿਸਾਨ ਦਾ ਆਲੂ ਰੁਲਣ ਲੱਗਾ ਹੈ ਪਰ ਕਿਸੇ ਨੂੰ ਇਸ ਦੀ ਚਿੰਤਾ ਨਹੀਂ। ਸਰਕਾਰ ਨੇ ਕਿਸਾਨ ਲਈ ਕਣਕ ਦੇ ਭਾਅ ਵਿਚ ਕੇਵਲ 20 ਰੁਪਏ ਕੁਇੰਟਲ ਦਾ ਵਾਧਾ ਕਰਕੇ ਇਸ ਦਾ ਭਾਅ 1100 ਰੁਪਏ ਪ੍ਰਤੀ ਕੁਇੰਟਲ ਮਿਥ ਦਿੱਤਾ। ਹਾਏ ਰੱਬਾ, ਮਹਿੰਗਾਈ ਹੋ ਗਈ। ਪਰ ਇਨ੍ਹਾਂ ਲੋਕਾਂ ਦੇ ਘਰ 35 ਰੁਪਏ ਤੋਂ 50 ਰੁਪਏ ਤੱਕ ਦੇ 400 ਗ੍ਰਾਮ ਦੇ ਬਿਸਕੁਟਾਂ ਦੇ ਪੈਕਟਾਂ ਦੀ ਕੋਈ ਕਮੀ ਨਹੀਂ ਜੋ 80 ਰੁਪਏ ਤੋਂ 150 ਰੁਪਏ ਕਿਲੋ ਵਿਕਦੇ ਹਨ। 390 ਗਰਾਮ ਦੀ ਬ੍ਰੈਡ 15 ਰੁਪਏ ਅਰਥਾਤ 3800 ਰੁਪਏ ਕੁਇੰਟਲ ਤਾਂ ਕੋਈ ਮਹਿੰਗੀ ਨਹੀਂ, ਕਿਸਾਨ ਨੂੰ  ਕੁਇੰਟਲ ਕਣਕ 1100 ਰੁਪਏ ਦੇਵੇ ਤਾਂ ਬਹੁਤ ਮਹਿੰਗੀ ਹੈ। ਇਨ੍ਹਾਂ 'ਭਲੇਮਾਣਸਾਂ' ਦੀ ਸਨਅਤ ਸਾਡੇ ਪਾਣੀ ਨੂੰ ਦੂਸ਼ਿਤ ਭਾਵੇਂ ਕਰੀ ਜਾਵੇ ਅਤੇ ਕਿਸਾਨ ਕੈਂਸਰ ਦੀ ਮਾਰ ਹੇਠ ਆ ਜਾਣ ਪਰ ਇਨ੍ਹਾਂ ਨੂੰ 15 ਰੁਪਏ ਦੀ ਬਿਸਲੇਰੀ ਦੇ ਪਾਣੀ ਦੀ ਬੋਤਲ ਖਰੀਦਣ ਵਿਚ ਕੋਈ ਮਹਿੰਗਾਈ ਨਜ਼ਰ ਨਹੀਂ ਆਉਂਦੀ। ਪੈਸੇ ਵਾਲੇ ਇਨ੍ਹਾਂ ਲੋਕਾਂ ਦੇ ਘਰਾਂ ਵਿਚ ਜਾਓ ਤਾਂ ਮਾਜ਼ਾ, ਸੇਬ ਜਾਂ ਲੀਚੀ ਦਾ ਜੂਸ ਆਮ ਮਹਿਮਾਨ ਨਿਵਾਜ਼ੀ ਲਈ ਵਰਤਿਆ ਜਾਂਦਾ ਹੈ ਜੋ 50 ਤੋਂ 80 ਰੁਪਏ ਲਿਟਰ ਵਿਕਦਾ ਹੈ। ਹਾਲਾਂ ਕਿ ਇਸ ਵਿਚ ਜੂਸ ਵੀ 25 ਫੀਸਦੀ ਤੋਂ ਵਧ ਨਹੀਂ ਹੁੰਦਾ। ਮਹਿੰਗਾਈ ਨਹੀਂ ਹੋਣੀ ਚਾਹੀਦੀ, ਅਜਿਹਾ ਕਿਹਾ ਜਾਂਦਾ ਹੈ। ਪਰ ਸਾਨੂੰ ਸਾਰੀ ਸਥਿਤੀ ਨੂੰ ਸਮਝਣਾ ਪਏਗਾ ਕਿ ਅਸਲੀਅਤ ਕੀ ਹੈ। ਚੀਨੀ ਮਹਿੰਗੀ ਕਿਉਂ ਹੋਈ? ਪੰਜ ਕੁ ਸਾਲ ਪਹਿਲਾਂ ਪੰਜਾਬ ਵਿਚ ਗੰਨੇ ਦੀ ਫਸਲ ਹੇਠ 2 ਲੱਖ 40 ਹਜ਼ਾਰ ਹੈਕਟੇਅਰ ਰਕਬਾ ਸੀ। ਇਕ ਪਾਸੇ ਗੰਨੇ ਦਾ ਭਾਅ ਘਾਟੇਵੰਦਾ, ਦੂਜੇ ਪਾਸੇ ਖੰਡ ਮਿੱਲਾਂ ਦੀ ਅੰਨ੍ਹੀ ਲੁੱਟ ਨੇ ਕਿਸਾਨਾਂ ਦਾ ਗੰਨੇ ਵਲੋਂ ਮੂੰਹ ਮੋੜ ਦਿੱਤਾ। ਕਿਸਾਨਾਂ ਨੇ ਗੰਨਾ ਪੁੱਟ ਦਿੱਤਾ ਅਤੇ ਪਿਛਲੇ ਸਾਲ ਇਸ ਦਾ ਰਕਬਾ ਘਟ ਕੇ ਕੇਵਲ 40 ਹਜ਼ਾਰ ਹੈਕਟੇਅਰ ਰਹਿ ਗਿਆ। ਇਸ ਸਾਲ ਪੂਰੇ ਜ਼ੋਰ ਨਾਲ ਮੁਹਿੰਮ ਚਲਾ ਕੇ ਸਰਕਾਰ ਨੇ ਗੰਨਾ ਬਿਜਾਇਆ ਹੈ ਜੋ 60 ਕੁ ਹਜ਼ਾਰ ਹੈਕਟੇਅਰ ਵਿਚ ਹੀ ਲੱਗਾ ਹੈ। ਇਹੋ ਹਾਲ ਦੇਸ਼ ਦੇ ਬਾਕੀ ਰਾਜਾਂ ਦਾ ਹੋਇਆ। ਜੇ ਗੰਨਾ ਹੀ ਨਹੀਂ ਤਾਂ ਚੀਨੀ ਕਿੱਥੋਂ ਆਵੇਗੀ? ਸਬਜ਼ੀਆਂ ਦੀ ਖੇਤੀ ਬਹੁਤ ਮਹਿੰਗੀ ਅਤੇ ਸਖਤ ਮਿਹਨਤ ਵਾਲੀ ਹੁੰਦੀ ਹੈ। 2007-08 ਤੋਂ ਕਿਸਾਨ ਨੂੰ ਇਨ੍ਹਾਂ ਦਾ ਭਾਅ ਘੱਟ ਮਿਲਣ ਕਾਰਨ ਸਬਜ਼ੀਆਂ ਹੇਠ ਵੀ ਰਕਬਾ ਘਟਣ ਲੱਗਾ ਹੈ। ਇਹ 2008-09 ਵਿਚ ਦਸ ਹਜ਼ਾਰ ਹੈਕਟੇਅਰ ਘਟਿਆ ਅਤੇ ਇਸ ਵੇਲੇ ਵੀ ਕਿਸਾਨਾਂ ਦਾ ਸਬਜ਼ੀਆਂ ਤੋਂ ਮੋਹ ਭੰਗ ਹੋਇਆ ਪਿਆ ਹੈ। ਨਰੇਗਾ ਯੋਜਨਾ ਕਾਰਨ ਮਜ਼ਦੂਰੀ ਦੇ ਰੇਟ ਦੁੱਗਣੇ-ਤਿੱਗਣੇ ਹੋ ਗਏ ਹਨ। ਸਬਜ਼ੀਆਂ ਦੀ ਮਹਿੰਗਾਈ ਦੇ ਰਾਮਰੌਲੇ ਕਾਰਨ ਕਿਸਾਨ ਇਧਰੋਂ ਮੂੰਹ ਮੋੜ ਰਹੇ ਹਨ। ਖਰਚੇ ਲਗਾਤਾਰ ਵਧ ਰਹੇ ਹਨ। ਖਾਦਾਂ, ਕੀੜੇਮਾਰ ਦਵਾਈਆਂ, ਡੀਜ਼ਲ, ਮਸ਼ੀਨਰੀ ਅਤੇ ਮਜ਼ਦੂਰੀ ਵੀ ਲਗਾਤਾਰ ਵਧੀ ਜਾ ਰਹੀ ਹੈ।
ਖੇਤੀ ਇਕ ਵਪਾਰਕ ਕਿੱਤਾ ਬਣ ਗਿਆ ਹੈ, ਜਿਸ ਨੂੰ ਹੁਣ ਬਹੁਤੀ ਦੇਰ ਘਾਟੇ ਵਿਚ ਨਹੀਂ ਚਲਾਇਆ ਜਾ ਸਕਦਾ। ਜੇ ਕੁਝ ਖਾਣਾ ਹੈ ਤਾਂ ਖਾਣ ਵਾਲੀਆਂ ਵਸਤਾਂ ਦਾ ਵਾਜਬ ਮੁੱਲ ਦੇਣਾ ਹੀ ਪਵੇਗਾ। ਸਰਕਾਰ ਸਸਤਾ ਅਨਾਜ ਦੇਣ ਲਈ ਇਕ ਲੱਖ ਕਰੋੜ ਤੋਂ ਵਧ ਦੀ ਸਬਸਿਡੀ ਦੇ ਰਹੀ ਹੈ। ਪਰ ਕਿਸਾਨਾਂ ਨੂੰ ਖਾਦਾਂ ਉਤੇ ਮਿਲਦੀ ਸਬਸਿਡੀ ਬਿਲਕੁਲ ਬੰਦ ਕਰਕੇ ਕੇਂਦਰ ਸਰਕਾਰ ਨੇ ਇਸ ਖਾਤੇ ਵਿਚ ਆਪਣਾ ਇਕ ਲੱਖ ਸਤਾਰਾਂ ਹਜ਼ਾਰ ਕਰੋੜ ਬਚਾ ਲਿਆ ਹੈ। ਕਿਸਾਨਾਂ ਨੂੰ ਖਾਦਾਂ ਆਦਿ ਖਰੀਦਣ ਲਈ ਖਾਦ ਸਨਅਤ ਦੇ ਰਹਿਮ ਉਤੇ ਛੱਡ ਦਿੱਤਾ ਗਿਆ ਹੈ। ਮਹੀਨਾ ਪਹਿਲਾਂ ਡੀ.ਏ.ਪੀ. ਖਾਦ 60 ਰੁਪਏ ਅਤੇ ਯੂਰੀਆ 53 ਰੁਪਏ ਪ੍ਰਤੀ ਕੁਇੰਟਲ ਮਹਿੰਗੀ ਹੋ ਗਈ ਹੈ ਅਤੇ ਇਸ ਦੀਆਂ ਕੀਮਤਾਂ ਹੋਰ ਵੀ ਵਧਣ ਦੀ ਆਸ ਹੈ। ਪਿਛਲੇ ਸਾਲ ਤਿੰਨ ਵਾਰ ਸਰਕਾਰ ਨੇ ਡੀਜ਼ਲ ਦੇ ਰੇਟ ਵਧਾਏ ਅਤੇ ਹੁਣ ਫਿਰ ਵਧਾਉਣ ਦੀ ਤਿਆਰੀ 'ਚ ਹੈ। ਮੋਬਲ ਆਇਲ 15 ਦਿਨ ਪਹਿਲਾਂ 12 ਰੁਪਏ ਲਿਟਰ ਮਹਿੰਗਾ ਹੋ ਗਿਆ ਹੈ। ਝੋਨਾ ਲਾਉਣ ਦੀ ਮਜ਼ਦੂਰੀ ਜੋ ਪਿਛਲੇ ਸਾਲ 700 ਰੁਪਏ ਪ੍ਰਤੀ ਏਕੜ ਸੀ, ਇਸ ਸਾਲ ਵਧ ਕੇ 1500 ਰੁਪਏ ਤੋਂ 2500 ਰੁਪਏ ਤੱਕ ਹੋ ਗਈ ਹੈ। ਕੇਂਦਰ ਸਰਕਾਰ ਨੇ ਝੋਨੇ ਦਾ ਭਾਅ ਜੋ ਪਿਛਲੇ ਸਾਲ ਸਮੇਤ ਬੋਨਸ ਦਿੱਤਾ ਗਿਆ ਸੀ, 'ਮਹਿੰਗਾਈ ਵਿਰੋਧੀਆਂ' ਤੋਂ ਡਰ ਕੇ ਇਸ ਸਾਲ ਵੀ ਉਹੋ ਭਾਅ ਮਿਥ ਦਿੱਤਾ। ਕਿੰਨੀ ਦੇਰ ਕਿਸਾਨਾਂ ਕੋਲੋਂ ਉਨ੍ਹਾਂ ਦੀਆਂ ਜਿਣਸਾਂ ਲੁੱਟੋਗੇ? ਹਰ ਕੋਈ ਜਾਣਦਾ ਹੈ ਕਿ ਇਸ ਸਾਲ ਵਾਂਗ ਪਿਛਲੇ ਸਾਲ ਵੀ ਬਹੁਤ ਗਰਮੀ ਪਈ ਸੀ ਤੇ ਮੀਂਹ ਘੱਟ ਪਿਆ ਸੀ। ਪੰਜਾਬ ਵਿਚ ਸਰਕਾਰ ਝੋਨੇ ਦੀ ਫਸਲ ਪਾਲਣ ਲਈ ਪੰਜ ਜਾਂ ਛੇ ਘੰਟੇ ਤੋਂ ਵਧ ਬਿਲਕੁਲ ਬਿਜਲੀ ਨਾ ਦੇ ਸਕੀ। ਕਿਸਾਨਾਂ ਨੇ ਝੋਨੇ ਨੂੰ ਬਚਾਉਣ ਲਈ ਕੁੱਲ 1800 ਕਰੋੜ ਰੁਪਏ ਦਾ ਵਾਧੂ ਡੀਜ਼ਲ ਫੂਕਿਆ, ਵਾਧੂ ਮਜ਼ਦੂਰੀ ਦਾ ਖਰਚਾ ਝੱਲਿਆ ਅਤੇ ਦੇਸ਼ ਦੇ ਅੰਨ ਭੰਡਾਰ ਵਿਚ ਪੰਜਾਬ ਦਾ ਹਿੱਸਾ ਘਟਣ ਦੀ ਬਜਾਏ ਵਧਾ ਦਿੱਤਾ। ਪੰਜਾਬ ਸਰਕਾਰ ਦੀ ਮਾਰਕੀਟ ਫੀਸ, ਪੇਂਡੂ ਵਿਕਾਸ ਫੰਡ ਅਤੇ ਖਰੀਦ ਟੈਕਸ ਵਿਚ ਅਰਬਾਂ ਰੁਪਏ ਆਮਦਨ ਵਧੀ। ਕਿਸਾਨਾਂ ਨੇ ਇਸ ਵਾਧੂ ਖਰਚੇ ਲਈ ਕੇਂਦਰ ਸਰਕਾਰ ਤੋਂ ਵਿਸ਼ੇਸ਼ ਪੈਕੇਜ ਦੀ ਮੰਗ ਰੱਖੀ। ਹੁਣ ਕੇਂਦਰ ਨੇ ਤਾਂ 800 ਕਰੋੜ
ਰੁਪਏ ਮਨਜ਼ੂਰ ਕਰਕੇ ਪੰਜਾਬ ਸਰਕਾਰ ਨੂੰ ਅਦਾ ਵੀ ਕਰ ਦਿੱਤੇ ਪਰ ਪੰਜਾਬ ਸਰਕਾਰ ਕਿਸਾਨਾਂ ਦੀ ਹੱਕੀ ਮਿਹਨਤ ਦਾ ਇਹ ਪੈਸਾ ਕਿਸਾਨਾਂ ਵਿਚ ਵੰਡਣ ਲਈ ਤਿਆਰ ਨਹੀਂ ਜੋ ਪਿਛਲੇ ਸਾਲ ਦੀ ਝੋਨੇ ਦੀ ਫਸਲ ਉਤੇ 57 ਰੁਪਏ ਪ੍ਰਤੀ ਕੁਇੰਟਲ ਬਣਦਾ ਹੈ। ਸਾਡੇ ਕੋਲ ਇਸ ਦੇ ਸਬੂਤ ਮੌਜੂਦ ਹਨ। ਕਿਧਰ ਜਾਏ ਕਿਸਾਨ, ਜਿਸ ਨੂੰ ਹਰ ਕੋਈ ਮੂੰਹ ਮਾਰਨਾ ਚਾਹੁੰਦਾ ਹੈ। ਅੱਜ ਦੇਸ਼ ਦੀ ਵਿਕਾਸ ਦਰ 7.8 ਫੀਸਦੀ
ਹੈ, ਜਦ ਕਿ ਸਨਅਤ ਅਤੇ ਸੇਵਾਵਾਂ ਦੇ ਖੇਤਰ ਵਿਚ ਇਹ 10 ਫੀਸਦੀ ਤੋਂ ਵਧ ਗਈ ਹੈ ਜਦ ਕਿ ਖੇਤੀ ਦੀ ਵਿਕਾਸ ਦਰ ਕੇਵਲ 0.2 ਫੀਸਦੀ ਹੀ ਹੈ। ਖੇਤੀ ਵਿਚੋਂ ਸਾਡੀ ਕੁੱਲ ਆਬਾਦੀ ਦਾ 70 ਫੀਸਦੀ ਤੋਂ ਵਧ ਹਿੱਸਾ ਰੋਟੀ-ਰੋਜ਼ੀ ਕਮਾਉਂਦਾ ਹੈ। ਇਸ ਵੇਲੇ ਮੁੱਠੀ ਭਰ ਰਾਜਨੇਤਾ,
ਅਫਸਰਸ਼ਾਹੀ, ਸਨਅਤਕਾਰ ਅਤੇ ਅਮੀਰ ਲੋਕਾਂ ਵਲ ਸੇਧਤ ਨੀਤੀਆਂ ਹੀ ਘੜੀਆਂ ਜਾ ਰਹੀਆਂ ਹਨ। ਅਮੀਰ ਹੋਰ ਅਮੀਰ ਅਤੇ ਗਰੀਬ ਹੋਰ ਗਰੀਬ ਹੋ ਰਿਹਾ ਹੈ। ਦੇਸ਼ ਦੀ ਆਬਾਦੀ ਦਾ 90 ਫੀਸਦੀ ਭਾਗ, ਜੋ ਅੱਜ ਵੀ ਗੁਰਬਤ ਨਾਲ ਲੜ ਰਿਹਾ ਹੈ, ਸਰਕਾਰ ਦਾ ਉਸ ਵਲ ਕੋਈ ਧਿਆਨ ਨਹੀਂ। ਜਿਵੇਂ ਧਨਾਢ ਲੋਕ ਹਰ ਕਿੱਤੇ ਉਤੇ ਕਾਬਜ਼ ਹੋ ਰਹੇ ਹਨ ਅਤੇ ਆਮ ਆਦਮੀ ਮਾਯੂਸ ਹੈ, ਇਸ ਤਰ੍ਹਾਂ ਦੀ ਸਥਿਤੀ ਬਹੁਤੀ ਦੇਰ ਨਹੀਂ ਚੱਲਣੀ। ਮਹਿੰਗਾਈ ਨਹੀਂ ਹੋਣੀ ਚਾਹੀਦੀ। ਪਰ ਮਹਿੰਗਾਈ ਵਿਰੋਧੀਆਂ ਨੂੰ ਸਮਝਣਾ ਪਏਗਾ ਕਿ ਜੇਕਰ ਸਰਕਾਰ ਦੀਆਂ ਨੀਤੀਆਂ ਲੋਕਪੱਖੀ ਨਾ ਰਹੀਆਂ, ਜੋ ਅੱਜ ਨਹੀਂ ਹਨ, ਤਾਂ ਦੇਸ਼ ਦਾ ਵਿਕਾਸ ਨਹੀਂ ਵਿਨਾਸ਼ ਹੀ ਹੋਵੇਗਾ। ਕੀਮਤਾਂ ਦਾ ਭਾਂਡਾ ਕੇਵਲ ਕਿਸਾਨਾਂ ਸਿਰ ਨਾ ਭੰਨੋ। ਵਿਗਿਆਨਕ ਸੋਚ ਅਪਣਾਓ। ਦੇਸ਼ ਤਰੱਕੀ ਤਾਂ ਹੀ ਕਰੇਗਾ, ਜੇਕਰ ਦੇਸ਼ ਦੀ ਵੱਡੀ ਗਿਣਤੀ ਆਬਾਦੀ, ਕਿਸਾਨ ਅਤੇ ਮਜ਼ਦੂਰ ਰੱਜ ਕੇ ਰੋਟੀ ਖਾਣਗੇ। ਇਸ ਮਹਿੰਗਾਈ ਲਈ ਸਰਕਾਰੀ ਨੀਤੀਆਂ ਜ਼ਿੰਮੇਵਾਰ ਹਨ। ਪਰ ਇਸ ਰਾਮਰੌਲੇ ਦੀ ਸਜ਼ਾ, ਘੱਟ ਭਾਅ ਮਿਥ ਕੇ ਮਹਿੰਗਾਈ ਉਤੇ ਕਾਬੂ ਪਾਉਣ ਲਈ, ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ। ਅਜਿਹੀ ਸਥਿਤੀ ਵਿਚ ਕਿਸਾਨੀ ਨੂੰ ਬਚਾਉਣਾ ਅਤੀ ਜ਼ਰੂਰੀ ਹੈ।


Wednesday, September 1, 2010

ਖੂਨ ਦੀ ਖਿਚ ਦੀ ਪੁਕਾਰ -ਸ਼ੀਬਾ ਚੀਮਾ

ਅੱਜ ਮੈਨੂੰ ਕਈ ਸਾਲਾਂ ਮਗਰੋਂ ਮੇਰੇ ਆਪਣੇ ਖ਼ੂਨ ਵਾਜ ਮਾਰੀ ਏ .ਅੱਜ ਮੇਰੀ ਤਾਇਆ ਜੀ ਹਰਕੀਰਤ ਸਿੰਘ ਜੀ ਜੋ ਅਮਰੀਕਾ ਕੈਲੀਫ਼ੋਰਨੀਆ ਰਹਿੰਦੇ ਨੇ ਉਨ੍ਹਾਂ ਨਾਲ਼ ਟੈਲੀਫ਼ੋਨ ਤੇ ਗੱਲ ਹੋਈ .ਮੇਰੀ ਖ਼ੁਸ਼ੀ ਦੀ ਕੋਈ ਹੱਦ ਨਹੀਂ ਸੀ .ਮੇਰੇ ਪੈਰ ਜ਼ਮੀਨ ਤੇ ਨਹੀਂ ਸਨ ਲੱਗ ਰਹੇ. ਮੈਂ ਚਾਈਂ ਚਾਈਂ ਸਾਰੇ ਘਰ ਵਾਲਿਆਂ ਨੂੰ ਦੱਸਿਆ ਕਿ ਅੱਜ ਮੈਨੂੰ ਤਾਇਆ ਜੀ ਦਾ ਫ਼ੋਨ ਆਇਆ ਏ. ਖ਼ੁਸ਼ੀ ਦੇ ਮਾਰੇ ਮੇਰੀ ਮਾਂ ਦੇ ਅੱਥਰੂ ਨਿਕਲ ਆਏ .ਮੇਰਾ ਇਹ ਹਾਲ ਸੀ ਕਿ ਮੇਰੇ ਸਰੀਰ ਦੇ ਸਾਰੇ ਲੂੰ ਖੜੇ ਹੋ ਗਏ ਤੇ ਆਪਣੀ ਇਹ ਹਾਲਤ ਦੱਸਣ ਲਈ ਮੇਰੇ ਕੋਲ਼ ਲਫ਼ਜ਼ ਅੱਖਰ ਨਹੀਂ ਸਨ. ਮੇਰੇ ਦਿਲ ਚੋਂ ਮੁੜ ਮੁੜ ਕੇ ਇਕ ਈ ਦੁਆ ਨਿਕਲਦੀ ਸੀ ਕਿ ਸਭ ਦੇ ਵਿਛੜੇ ਮਿਲ ਜਾਣ. ਮੈਂ ਇਹ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰੀ ਆਵਾਜ਼ ਤੇ ਕੋਈ ਮੈਨੂੰ ਪੁੱਛੇਗਾ ਤੇ ਮੇਰੇ ਲਿਖੇ ਲਫ਼ਜ਼ਾਂ ਵਿਚ ਏਨੀ ਤਾਕਤ ਹੋਵੇਗੀ ਕਿ ਇਹ ਮੈਨੂੰ ਮੁੱਦਤਾਂ ਦੇ ਵਿਛੜੇ ਸੱਜਣ ਮਿਲਾ ਦੇਣਗੇ. ਮੇਰੇ ਪੜ੍ਹਨ ਵਾਲੇ ਹੈਰਾਨ ਹੋਣਗੇ ਕਿ ਇਹ ਕਿਹੜਾ  ਖ਼ਾਸ ਫ਼ੋਨ ਸੀ ਜਿਹਦੇ ਨਾਲ਼ ਮੈਨੂੰ ਏਨੀ ਖ਼ੁਸ਼ੀ ਹੋਈ ਕਿ ਮੈਂ ਦੱਸ ਨਹੀਂ ਸਕਦੀ।ਅਸਲ ਵਿਚ ਇਹਦੇ ਪਿੱਛੇ ਇਕ ਪੂਰੀ ਕਹਾਣੀ ਏ । ਤਾਇਆ ਜੀ ਹਰਕੀਰਤ  ਸਿੰਘ ਮੇਰੇ ਪਿਓ ਦੇ ਸਕੇ ਮਾਮੇ ਦੇ ਪੁੱਤਰ ਨੇਂ । ਵੰਡ ਨਾਲ਼ ਸਾਡਾ ਖ਼ਾਨਦਾਨ ਵੀ ਵੰਡਿਆ ਗਿਆ. ਅਸੀਂ ਮੁਸਲਮਾਨ ਹੋਣ ਪਾਰੋਂ ਪਾਕਿਸਤਾਨ ਰਹਿ ਗਏ ਤੇ ਮੇਰੇ ਅੱਬਾ ਜੀ ਦੇ ਬਾਕੀ ਰਿਸ਼ਤੇਦਾਰ ਜੋ ਸਿੱਖ  ਸਨ ਉਨ੍ਹਾਂ ਨੂੰ ਉਜੜ ਪੁੱਜੜ ਕੇ ਹਿੰਦੁਸਤਾਨ ਜਾਣਾ ਪਿਆ . ਇਨ੍ਹਾਂ ਵਿਚ ਹਰਕੀਰਤ ਸਿੰਘ ਦੇ ਪਿਤਾ ਜੀ ਤੇ ਮੇਰੇ ਅੱਬਾ ਜੀ ਦੇ ਸਕੇ ਮਾਮਾ ਜੀ ਵੀ ਸਨ ।


ਮੇਰੀ ਤਾਇਆ ਜੀ ਨਾਲ਼ ਏਸ ਗੱਲਬਾਤ ਹੋਣ ਦਾ ਸਫ਼ਰ ਬਹੁਤ ਲੰਮਾ ਏ । ਇਹਦੇ ਵਿਚ ਮੇਰੇ ਆਪਣੇ ਲਿਖੇ ਲਫ਼ਜ਼ਾਂ ਤੋਂ ਵੱਖ ਇੰਟਰਨੈੱਟ, ਸਾਂਝਾ ਪੰਜਾਬ , ਅਜੀਤ ਵੀਕਲੀ ਅਮਰੀਕਾ, ਗੁਲਸ਼ਨ ਦਿਆਲ ਤੇ ਹਰਿੰਦਰ ਅਟਵਾਲ ਦਾ ਬਹੁਤ ਹਿੱਸਾ ਏ । ਹੋਇਆ ਇੰਜ ਜੇ ਇੰਟਰਨੈੱਟ ਰਾਹੀਂ ਮੇਰਾ ਸਾਂਝਾ ਪੰਜਾਬ ਨਾਲ਼ ਮੇਲ਼ ਹੋਇਆ. ਮੈਂ ਸਾਂਝਾ ਪੰਜਾਬ ਵਿਚ ਲੋਕਾਂ ਦੀਆਂ ਲਿਖਤਾਂ ਪੜ੍ਹੀਆਂ ਤੇ ਮੇਰਾ ਦਿਲ ਵੀ ਕੀਤਾ ਕਿ ਮੈਂ ਸਾਂਝਾ ਪੰਜਾਬ ਵਿਚ ਕੁਝ ਲਿਖਾਂ . ਮੈਂ ਇਕ ਲੇਖ ਲਿਖਿਆ ਜੋ ਮੇਰੀ ਮਾਂ ਬੋਲੀ ਪੰਜਾਬੀ ਬਾਰੇ ਸੀ .ਇਹ ਲੇਖ ਸਾਂਝਾ ਪੰਜਾਬ ਵਿਚ ਛਪ ਗਿਆ ਤੇ ਲੋਕਾਂ ਬਹੁਤ ਪਸੰਦ ਕੀਤਾ ਏਸ ਮਗਰੋਂ ਮੇਰਾ ਇਹ ਲੇਖ ਅਜੀਤ ਵੀਕਲੀ ਵਿਚ ਵੀ ਛਪ ਗਿਆ ਤੇ ਅਜੀਤ ਵੀਕਲੀ ਦੇ ਪੜ੍ਹਨ ਵਾਲਿਆਂ ਵੀ ਇਹਨੂੰ ਬਹੁਤ ਪਸੰਦ ਕੀਤਾ । ਮਾਂ ਬੋਲੀ ਨਾਲ਼ ਪਿਆਰ ਤੇ ਮੇਰੇ ਪੜ੍ਹਨ ਵਾਲਿਆਂ ਦੇ ਨਿੱਘੇ ਪਿਆਰ ਰਾਹੀਂ ਮੈਨੂੰ ਬਹੁਤ ਹਿੰਮਤ ਮਿਲੀ ਤੇ ਮੈਂ ਇਕ ਹੋਰ ਲੇਖ '' ਬੂਹੇ ਕਦੇ ਤੇ ਖੁੱਲਣਗੇ '' ਲਿਖਿਆ.ਏਸ ਵਿਚ ਮੈਂ ਮਜ਼ਹਬ ਦੀ ਬੁਨਿਆਦ ਉੱਤੇ ਵੰਡੇ ਆਪਣੇ ਖ਼ਾਨਦਾਨ ਦੀ ਗੱਲ ਕੀਤੀ. ਏਸ ਲੇਖ ਵਿਚ ਮੈਂ ਆਪਣੇ ਹਿੰਦੁਸਤਾਨ ਰਹਿੰਦੇ ਰਿਸ਼ਤੇਦਾਰਾਂ ਦੇ ਨਾਲ ਨਾਲ ਤਾਇਆ ਜੀ ਹਰਕੀਰਤ ਸਿੰਘ ਦਾ ਵੀ ਜ਼ਿਕਰ ਕੀਤਾ ਪਈ ਉਹ ਅਮਰੀਕਾ ਰਹਿੰਦੇ ਨੇਂ ਤੇ ਮੇਰਾ ਉਨ੍ਹਾਂ ਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਪਰ ਮੈਨੂੰ ਉਨ੍ਹਾਂ ਦੇ ਅਤੇ ਪੱਤੇ ਦਾ ਇਲਮ ਨਹੀਂ ਏ .ਮੇਰਾ ਇਹ ਲੇਖ ਇੰਟਰਨੈੱਟ ਤੇ ਸਾਂਝਾ ਪੰਜਾਬ ਵਿਚ ਛਪਣ ਮਗਰੋਂ ਅਜੀਤ ਵੀਕਲੀ ਵਿਚ ਵੀ ਛਪ ਗਿਆ । ਅਜੀਤ ਵੀਕਲੀ ਦੇ ਅਮਰੀਕਾ ਦੇ ਐਡੀਸ਼ਨਾ ਵਿਚੋਂ ਇਕ ਐਡੀਸ਼ਨ ਕੈਲੀਫ਼ੋਰਨਿਆ  ਤੋਂ ਵੀ ਛਪਦਾ ਏ. ਏਸ ਐਡੀਸ਼ਨ ਵਿਚ ਮੇਰਾ ਇਹ ਲੇਖ ਮੇਰੀ ਇੰਟਰਨੈੱਟ ਦੀ ਦੋਸਤ ਤੇ ਸਾਂਝਾ ਪੰਜਾਬ ਬਰਾਦਰੀ ਦੀ ਪੱਕੀ ਮੈਂਬਰ ਤੇ ਲਿਖਾਰੀ ਗੁਲਸ਼ਨ ਦਿਆਲ ਨੇ ਵੀ ਪੜ੍ਹਿਆ. ਉਹਨੂੰ ਮੇਰਾ ਇਹ ਲੇਖ ਬਹੁਤ ਚੰਗਾ ਲੱਗਾ ਤੇ ਉਹਨੇ ਆਪਣਿਆਂ  ਦੋਸਤਾਂ ਨੂੰ ਇਹ ਲੇਖ ਪੜ੍ਹਨ ਲਈ ਕਿਹਾ. ਉਹਦੀਆਂ ਦੋਸਤਾਂ ਵਿਚੋਂ ਉਹਦੀ ਇਕ ਬਹੁਤ ਪੱਕੀ ਸਹੇਲੀ ਹਰਿੰਦਰ ਅਟਵਾਲ ਵੀ ਏ ਜੋ ਲਾਸ ਐਂਜਲਸ ਰਹਿੰਦੀ ਏ .ਜਦੋਂ ਹਰਿੰਦਰ ਅਟਵਾਲ ਮੇਰੇ ਲੇਖ ਵਿਚ ਤਾਇਆ ਜੀ ਹਰਕੀਰਤ ਸਿੰਘ ਦਾ ਜ਼ਿਕਰ ਪੜ੍ਹਿਆ ਤੇ ਉਹਦੇ ਕੰਨ  ਖੜੇ ਹੋਏ. ਉਹ ਤਾਇਆ ਜੀ ਹਰਕੀਰਤ ਸਿੰਘ ਨੂੰ ਜਾਣਦੀ ਸੀ। ਅਸਲ ਵਿਚ ਹਰਿੰਦਰ ਅਟਵਾਲ ਜੀ ਮੇਰੇ ਤਾਇਆ ਜੀ ਦੀ ਧੀ ਤੇ ਮੇਰੀ ਕਜ਼ਨ ਦੀ ਮਾਸੀ ਸੱਸ ਏ.ਹਰਿੰਦਰ ਇਹ ਗੱਲ ਗੁਲਸ਼ਨ ਦਿਆਲ ਨਾਲ਼ ਕੀਤੀ ਤੇ ਗੁਲਸ਼ਨ ਮੈਨੂੰ ਦੱਸਿਆ ਇਹ ਸੁਣ ਕੇ ਤੇ ਖ਼ੁਸ਼ੀ ਨਾਲ਼ ਮੇਰਾ ਬੁਰਾ ਹਾਲ ਹੋ ਗਿਆ ਤੇ ਸਾਰੀ ਰਾਤ ਨੀਂਦ ਨਾ ਆਈ. ਹੁਣ ਮੇਰਾ ਹਰਿੰਦਰ ਦੀ ਦੋਸਤ ਬਣਨ ਨੂੰ ਦਿਲ ਕੀਤਾ ਤੇ ਮੇਰੀ ਇਹ ਖ਼ਵਾਹਿਸ਼ ਛੇਤੀ ਈ ਪੂਰੀ ਹੋ ਗਈ ਤੇ ਗੁਲਸ਼ਨ ਦਿਆਲ ਰਾਹੀਂ ਮੇਰੀ ਹਰਿੰਦਰ ਨਾਲ਼ ਪੱਕੀ ਦੋਸਤੀ ਹੋ ਗਈ. ਹੁਣ ਮੇਰਾ ਛੇਤੀ ਤੋਂ ਛੇਤੀ ਤਾਇਆ ਜੀ ਨਾਲ਼ ਗੱਲ ਕਰਨ ਨੂੰ ਦਿਲ ਕਰਦਾ ਸੀ. ਮੈਂ ਹਰਿੰਦਰ ਨੂੰ ਆਪਣਾ ਟੈਲੀਫ਼ੋਨ ਨੰਬਰ ਦਿੱਤਾ ਤੇ ਬੇਨਤੀ ਕੀਤੀ ਕਿ ਉਹ ਮੇਰਾ ਨੰਬਰ ਛੇਤੀ ਤੋਂ ਛੇਤੀ ਤਾਇਆ ਜੀ ਨੂੰ ਪਹੁੰਚਾ ਦੇਣ. ਹਰਿੰਦਰ ਏਸ ਗੱਲ ਦਾ ਮੇਰੇ ਨਾਲ਼ ਵਾਅਦਾ ਕੀਤਾ ਫੇਰ ਹਰਿੰਦਰ ਨਾ ਸਿਰਫ਼ ਉਨ੍ਹਾਂ ਨੂੰ ਮੇਰਾ ਨੰਬਰ ਦਿੱਤਾ ਸਗੋਂ ਨਾਲ਼ ਅਜੀਤ ਦੇ ਉਹ ਸਾਰੇ ਅਖ਼ਬਾਰ ਜਿੰਨਾਂ ਵਿਚ ਮੇਰੇ ਲੇਖ ਛਪੇ ਸਨ ਲੱਭ ਕੇ ਉਨ੍ਹਾਂ ਨੂੰ ਪਹੁੰਚਾ ਦਿੱਤੇ। ਜਦ ਮੈਂ ਹਰਿੰਦਰ ਨੂੰ ਫ਼ੋਨ ਨੰਬਰ ਦਿੱਤਾ ਤੇ ਏਸ ਮਗਰੋਂ ਮੇਰੇ ਦੋ ਹਫ਼ਤੇ ਬੜੇ ਔਖੇ ਤੇ ਡਾਢੇ ਇੰਤਜ਼ਾਰ ਵਿਚ ਲੰਘੇ । ਫਿਰ ਉਹ ਦਿਨ ਵੀ ਆ ਗਿਆ । ਇਕ ਦਿਨ ਟੈਲੀਫ਼ੋਨ ਦੀ ਘੰਟੀ ਵੱਜੀ ਤੇ ਮੈਂ ਬੜੇ ਧੁੜਕੂ ਨਾਲ਼ ਫ਼ੋਨ ਚੁੱਕਿਆ ਤੇ ਅੱਗੋਂ ਤਾਇਆ ਜੀ ਦੀ ਆਵਾਜ਼ ਸੀ : ''ਸ਼ੀਬਾ ਪੁੱਤਰ ਕੀ ਹਾਲ ਏ '' ਖ਼ੁਸ਼ੀ ਨਾਲ਼ ਮੇਰੇ ਕੋਲੋਂ ਗੱਲ ਵੀ ਨਹੀਂ ਸੀ ਹੋ ਰਹੀ। ਫੇਰ ਅਸੀਂ ਇਕ ਦੂਜੇ ਦਾ ਹਾਲ ਚਾਲ ਪੁੱਛਿਆ ਕਈ ਗੱਲਾਂ ਐਸੀਆਂ ਸਨ ਜਿਹੜੀਆਂ ਮੈਂ ਕਿਸੇ ਹੋਰ ਨਾਲ਼ ਨਹੀਂ ਸੀ ਕਰ ਸਕਦੀ ਮੈਂ ਉਨ੍ਹਾਂ ਨਾਲ਼ ਕੀਤੀਆਂ ਤੇ ਮੇਰੇ ਦਿਲ ਨੂੰ ਬਹੁਤ ਸਕੂਨ ਮਿਲਿਆ. ਤਾਇਆ ਜੀ ਮੇਰੀਆਂ ਲਿਖਤਾਂ ਦੀ ਬਹੁਤ ਤਾਰੀਫ਼ ਕੀਤੀ ਤੇ ਮੇਰਾ ਹੌਸਲਾ ਵਧਾਇਆ ਤੇ ਮੈਨੂੰ ਕਿਹਾ : '' ਪੁੱਤਰ ਤੂੰ  ਲਿਖਣਾ ਜਾਰੀ ਰੱਖਣਾ ਏ '' ਮੈਂ ਉਨ੍ਹਾਂ ਦੀ ਗੱਲ ਸੁਣ ਕੇ ਕਿਹਾ : '' ਤਾਇਆ ਜੀ ਮੈਂ ਲਿਖਣਾ ਕਿਵੇਂ ਛੱਡ ਸਕਦੀ ਆਂ ਇਸੇ ਲਿਖਾਈ ਤੇ ਮੈਨੂੰ ਤੁਹਾਡੇ ਨਾਲ਼ ਮਿਲਾਇਆ ਏ'' ਫਿਰ ਮੈਂ ਉਨ੍ਹਾਂ ਦੇ ਬੱਚਿਆਂ ਦੇ ਬਾਰੇ ਪੁੱਛਿਆ ਤੇ ਕਈ ਹੋਰ ਗੱਲਾਂ ਵੀ ਕੀਤੀਆਂ।


.ਤਾਇਆ ਜੀ ਪਹਿਲੇ ਹਿੰਦੁਸਤਾਨ ਰਹਿੰਦੇ ਸਨ ਫਿਰ ਉਹ ਬਹੁਤ ਵਰ੍ਹੇ ਪਹਿਲਾਂ ਅਮਰੀਕਾ ਜਾ ਕੇ ਵੱਸ ਗਏ । ਜਦੋਂ ਮੇਰੇ ਦਾਦਾ ਜੀ ਜੀਂਦੇ ਸਨ ਤੇ ਤਾਇਆ ਜੀ ਇਕ ਦੋ ਵਾਰ ਸਾਡੇ ਘਰ ਆਏ ਤੇ ਸਭ ਨੂੰ ਚਾਮਲ ਚੜ੍ਹ ਗਏ ਘਰ ਵਿਚ ਹਰ ਵੇਲੇ ਇੰਝ ਲਗਦਾ ਹੀ ਜਿਵੇਂ ਮੇਲਾ ਲੱਗਾ ਹੋਵੇ । ਮੈਨੂੰ ਯਾਦ ਏ ਪਈ ਜਦੋਂ ਤਾਇਆ ਜੀ ਦੇ ਵਾਪਸ ਜਾਣ ਦਾ ਵੇਲ਼ਾ ਆਉਂਦਾ ਸੀ ਤੇ ਮੇਰੇ ਦਾਦਾ ਜੀ ਉਨ੍ਹਾਂ ਨੂੰ ਅੱਥਰੂਆਂ ਨਾਲ਼ ਵਿਦਾ ਕਰਦੇ ਸਨ । ਇਹੋ ਜਿਹੇ ਸਾਡੇ ਕਈ ਹੋਰ ਵੀ ਰਿਸ਼ਤੇਦਾਰ ਸਨ ਜਿਨ੍ਹਾਂ ਬਾਰੇ ਅਸੀਂ ਸਿਰਫ਼ ਸੁਣਿਆ ਹੋਇਆ ਸੀ ਪਰ ਦੇਖ ਨਹੀਂ ਸਕੇ। ਮੇਰੇ ਦਾਦਾ ਦਾਦੀ ਨੂੰ ਉਹ ਸਾਰੇ ਲੋਗ ਬਹੁਤ ਯਾਦ ਆਂਦੇ ਸਨ ਪਰ ਉਨ੍ਹਾਂ ਨੂੰ ਮਿਲ ਨਹੀਂ ਸਨ ਸਕਦੇ । ਜਦੋਂ ਕੋਈ ਸਾਡਾ ਸਿੱਖ  ਰਿਸ਼ਤੇਦਾਰ ਹਿੰਦੁਸਤਾਨ ਤੋਂ ਮਿਲਣ ਲਈ ਸਾਡੇ ਘਰ ਆਉਂਦਾ ਸੀ ਤੇ ਫਿਰ ਉਹ ਸਾਡੇ ਘਰੋਂ ਇੰਜ ਵਾਪਸ ਜਾਂਦਾ ਸੀ ਜਿਵੇਂ ਪ੍ਰਦੇਸ ਜਾ ਰਿਹਾ ਹੋਵੇ ਤੇ ਸਾਡੇ ਦਿਲ ਤੇ ਜੋ ਗੁਜ਼ਰਦੀ ਸੀ ਇਹਨੂੰ ਲਫ਼ਜ਼ਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ. ਇੰਝ ਲਗਦਾ ਸੀ ਕਿ ਜਿਵੇਂ ਕਿਸੇ ਨੇ ਜਿਸਮ ਚੋਂ ਸਾਰਾ ਖ਼ੂਨ ਕੱਢ ਲਿਆ ਹੋਵੇ । ਮੈਂ ਉਨ੍ਹਾਂ ਨੂੰ ਪਰਦੇਸੀ ਵੀ ਨਹੀਂ ਕਹਿ ਸਕਦੀ ਕਿ ਇਹ ਉਨ੍ਹਾਂ ਦਾ ਆਪਣਾ ਪੰਜਾਬ ਸੀ ਤੇ ਉਹ ਪੰਜਾਬ ਦੀ ਵੰਡ ਵੇਲੇ ਇਥੋਂ ਜਾਣ ਤੇ ਮਜਬੂਰ ਹੋ ਗਏ ਸਨ । ਪਰ ਜਾਣ ਵਾਲਿਆਂ ਨੇ ਤੇ ਵਾਪਸ ਆਪਣੇ ਕਬੀਲੇ ਵਿਚ ਜਾਣਾ ਈ ਹੁੰਦਾ ਏ ਤੇ ਸਾਡੇ ਇਹ ਰਿਸ਼ਤੇਦਾਰ ਜਦੋਂ ਵਾਪਸ ਜਾਂਦੇ ਸਨ ਤੇ ਅਸੀਂ ਫਿਰ ਮਿਲਣ ਦੀ ਆਸ ਨਾਲ਼ ਉਨ੍ਹਾਂ ਨੂੰ ਵਿਦਾ ਕਰਦੇ ਸਾਂ ਜਦੋਂ ਮੇਰੇ ਬਾਪੂ ਜ਼ਿੰਦਾ ਸਨ ਤੇ ਆਪਣੇ ਇਨ੍ਹਾਂ ਸਿੱਖ  ਰਿਸ਼ਤੇਦਾਰਾਂ ਦੀ ਯਾਦ ਵਿਚ ਠੰਢੇ ਸਾਹ ਭਰਦੇ ਨਾਲੇ ਅੱਥਰੂ ਵਹਾਂਦੇ ਸਨ । ਫਿਰ ਮੇਰੇ ਅੱਬਾ ਜੀ ਨੂੰ ਕੈਂਸਰ ਹੋ ਗਿਆ ਤੇ ਉਨ੍ਹਾਂ ਦੀ ਹਾਲਤ ਦਿਨਾਂ ਵਿਚ ਚੋਖੀ ਵਿਗੜ ਗਈ ਮੈਨੂੰ ਅੱਜ ਵੀ ਯਾਦ ਏ ਪਈ ਜਦੋਂ ਅੱਬਾ ਜੀ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਤੇ ਉਨ੍ਹਾਂ ਨੂੰ ਆਪਣੇ ਵੀਰ ਬਹੁਤ ਯਾਦ ਆਏ ਮੈਨੂੰ ਅੱਜ ਵੀ ਉਨ੍ਹਾਂ ਦੇ ਲਫ਼ਜ਼ ਯਾਦ ਨੇ  : '' ਮੇਰਾ ਦਿਲ ਕਰਦਾ ਏ ਮੈਂ ਹਰਕੀਰਤ  ਦੇ ਕੋਲ਼ ਚਲਾ ਜਾਵਾਂ ਓਥੇ ਮੇਰਾ ਇਲਾਜ ਵੀ ਸਹੀ ਹੋ ਜਾਵੇਗਾ ਨਾਲ਼ ਉਹਨੂੰ ਮਿਲ ਵੀ ਲਵਾਂਗਾ'' ਮੇਰੇ ਅੱਬਾ ਜੀ ਆਪਣੀ ਇਹ ਖ਼ਵਾਹਿਸ਼ ਆਪਣੇ ਨਾਲ਼ ਈ ਲੈ ਕੇ ਤੁਰ ਗਏ । ਮੈਂ ਹੁਣ ਸੋਚਦੀ ਹਾਂ ਪਈ ਇਨਸਾਨ ਭਾਂਵੇਂ ਕਿੱਥੇ ਵੀ ਰਹਿੰਦਾ ਹੋਵੇ ਔਖੇ ਵੇਲੇ ਆਪਣੇ ਈ ਯਾਦ ਆਉਂਦੇ ਨੇ ।


ਅੱਜ ਤਾਇਆ ਜੀ ਹਰਕੀਰਤ  ਸਿੰਘ ਨਾਲ਼ ਗੱਲ ਕਰ ਕੇ ਮੈਨੂੰ ਇਸੇ ਤਰਾਂ ਦੀ ਖ਼ੁਸ਼ੀ ਹੋ ਰਹੀ ਏ ਜਿਵੇਂ ਮੈਂ ਆਪਣੇ ਅੱਬਾ ਜੀ ਨਾਲ਼ ਗੱਲ ਕੀਤੀ ਹੋਵੇ ਤੇ ਕਦੇ ਮੈਨੂੰ ਇਹ ਖ਼ੁਸ਼ੀ ਇੰਜ ਲਗਦੀ ਏ ਜਿਵੇਂ ਮੇਰੇ ਅੱਬਾ ਜੀ ਨੂੰ ਆਪਣੇ ਭਰਾਵਾਂ ਨੂੰ ਮਿਲ ਕੇ ਹੁੰਦੀ ਸੀ ਤੇ ਉਨ੍ਹਾਂ ਨੂੰ ਸਕੂਨ ਮਿਲਦਾ ਸੀ .ਤਾਇਆ ਜੀ ਨਾਲ਼ ਗੱਲ ਕਰ ਕੇ ਮੈਨੂੰ ਇੰਜ ਲੱਗਾ ਜਿਵੇਂ ਮੇਰੇ ਅੰਦਰ ਮੇਰੇ ਅੱਬਾ ਜੀ ਦੀ ਰੂਹ ਆ ਗਈ ਹੋਵੇ ਤੇ ਮੇਰੇ ਦਿਲ ਤੇ ਰੂਹ ਨੂੰ ਉਸੇ ਤਰਾਂ ਸਕੂਨ ਮਿਲਿਆ ਜਿਵੇਂ ਉਨ੍ਹਾਂ ਨੂੰ ਮਿਲਦਾ ਸੀ । ਭਾਵੇਂ ਬੰਦੇ ਨੂੰ ਸੌ ਮਜ਼ਹਬਾਂ ਤੇ ਦੇਸਾਂ ਵਿਚ ਵੰਡ ਦਿੱਤਾ ਜਾਵੇ ਪਰ ਖ਼ੂਨ ਖ਼ੂਨ ਈ ਰਹਿੰਦਾ ਏ .ਇਹ ਸੋਚ ਕੇ ਮੇਰੇ ਦਿਲ ਚੋਂ ਆਵਾਜ਼ ਆ ਰਹੀ ਏ ਤੇ ਨਾਲ਼ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਇਹ ਆਵਾਜ਼ ਸਿਰਫ਼ ਮੇਰੇ ਇਕੱਲੇ ਦਿਲ ਚੋਂ ਨਹੀਂ ਨਿਕਲ ਰਹੀ ਸਗੋਂ ਹੋਰ ਵੀ ਬਹੁਤ ਸਾਰੇ ਲੋਕਾਂ ਦੇ ਦਿਲਾਂ ਵਿਚੋਂ ਆ ਰਹੀ ਏ ਕਿ ਜ਼ਮੀਨ ਦੇ ਫ਼ਾਸਲੇ ਦਿਲਾਂ ਵਿਚ ਫ਼ਾਸਲੇ ਨਹੀਂ ਪਾ ਸਕਦੇ । ਖ਼ੂਨ ਦੇ ਮਿਲਾਪ ਦੀ ਏਸ ਕਹਾਣੀ ਵਿਚ ਦੋ ਗੱਲਾਂ ਉੱਘੜ ਕੇ ਸਾਮ੍ਹਣੇ ਆਈਆਂ ਨੇ. ਪਹਿਲੀ ਗੱਲ ਏ ਖ਼ੂਨ ਦੇ ਏਸ ਮਿਲਾਪ ਵਿਚ ਗੁਲਸ਼ਨ ਦਿਆਲ ਤੇ ਹਰਿੰਦਰ ਅਟਵਾਲ ਦਾ ਹਿੱਸਾ । ਏਸ ਗੱਲ ਤੋਂ ਵੱਖ ਕਿ ਮੈਂ ਸਾਰੀ ਜ਼ਿੰਦਗੀ ਉਨ੍ਹਾਂ ਦੀ ਅਹਿਸਾਨਮੰਦ ਰਵਾਂਗੀ ਮੈਂ ਉਨ੍ਹਾਂ ਨੂੰ ਪੰਜਾਬੀਆਂ ਦਾ ਹੀਰੋ ਸਮਝਦੀ ਆਂ। ਅਸੀਂ ਪੰਜਾਬੀ ਵਿਛੋੜਿਆਂ ਦੇ ਮਾਰੇ ਹੋਏ ਆਂ. ਜੋ ਪੰਜਾਬੀ ਵੀ ਦੋ ਵਿਛੜੇ ਪੰਜਾਬੀਆਂ ਨੂੰ ਮਿਲਾਉਂਦਾ ਏ ਉਹ ਹੀਰੋ ਏ . ਨਾਲ਼ ਇਨ੍ਹਾਂ ਤੇ ਕੋਈ ਦੋ ਆਮ ਪੰਜਾਬੀਆਂ ਨੂੰ ਨਹੀਂ ਮਿਲਾਇਆ ਸਗੋਂ ਇਨ੍ਹਾਂ ਤੇ ਵਿਛੜੇ ਖ਼ੂਨ ਦਾ ਮਿਲਾਪ ਕਰਵਾਇਆ ਏ. ਗੁਲਸ਼ਨ ਦਿਆਲ ਤੇ ਹਰਿੰਦਰ ਅਟਵਾਲ ਤਰਾਂ ਜੇ ਹਰ ਪੰਜਾਬੀ ਵਿਛੜੇ ਪੰਜਾਬੀਆਂ ਨੂੰ ਮਿਲਾਉਣ ਲਈ ਥੋੜਾ ਜਿਹਾ ਜਤਨ ਵੀ ਕਰੇ ਤੇ ਪੰਜਾਬੀਆਂ ਵਿਚਕਾਰ ਨਫ਼ਰਤ ਦਾ ਕੋਈ ਵਾਹਗਾ ਬਾਡਰ ਨਹੀਂ ਰਹੇਗਾ। ਦੂਜੀ ਗਲ ਲਫ਼ਜਾਂ  ਦੀ ਸਚਾਈ ਦਾ ਜਾਦੂ ਏ ਮੈਂ ਆਪਣੇ ਲੇਖ ਵਿਚ ਸੱਚੇ ਦਿਲ ਨਾਲ਼ ਆਪਣੇ ਵਿਛੜੇ ਰਿਸ਼ਤੇਦਾਰਾਂ ਤੇ ਪਿਆਰਿਆਂ ਨੂੰ ਮਿਲਣ ਦੀ ਖ਼ਵਾਹਿਸ਼ ਕੀਤੀ ਅਸਲ ਵਿਚ ਇਹ ਖ਼ੂਨ ਦੀ ਖਿੱਚ ਤੇ ਪਿਆਰ ਦੀ ਪੁਕਾਰ ਸੀ । ਪਿਆਰ ਦੀ ਪੁਕਾਰ ਵਿਚ ਇਕ ਤਾਕਤ( ਸ਼ਕਤੀ )ਤੇ ਜਾਦੂ ਹੁੰਦਾ ਏ ਇਹ ਪੁਕਾਰ ਤੇ


ਸੱਤ ਅਸਮਾਨਾਂ ਨੂੰ ਵੀ ਚੀਰ ਕੇ ਲੰਘ ਜਾਂਦੀ ਏ ਵਾਹਗੇ ਬਾਡਰ ਇਹਦੇ ਸਾਮ੍ਹਣੇ ਕੀ ਨੇਂ। ਅਸੀਂ ਪੰਜਾਬੀ ਇਕੋ ਤਾਂ ਖ਼ੂਨ ਆਂ.