Sunday, December 6, 2009

ਲੁਧਿਆਣੇ ਵਿੱਚ ਵਾਪਰੀਆਂ ਘਟਨਾਵਾਂ--ਬਲਰਾਮ

ਲੁਧਿਆਣੇ ਵਿੱਚ ਵਾਪਰੀਆਂ ਘਟਨਾਵਾਂ ਪਿੱਛੇ ਪ੍ਰਚਲਿਤ


ਮਾਨਸਿਕਤਾ ਦੀ ਕੈਮਿਸਟਰੀ






photo - punjab panorma


ਲੋ ਇੰਸ਼ਾ ਜੀ ਧਾਗਾ ਲੇ ਲੋ
ਲਬ ਸੀ ਲੋ ਖਾਮੋਸ਼ ਰਹੋ.



ਹਾਲਾਤ ਫਿਰ ਕੁਝ ਇਹੋ ਜਿਹੇ ਹੀ ਬਣਦੇ ਜਾ ਰਹੇ  ਹਨ.ਅੱਜ ੬ ਦਸੰਬਰ ਹੈ.੧੭ ਸਾਲ ਪਹਿਲਾਂ ਅਯੁਧਿਆ ਵਿੱਚ ਵਾਪਰੀਆਂ ਘਟਨਾਵਾਂ ਪੰਜਾਬੀ ਕਵੀ ਬਲਬੀਰ ਆਤਿਸ਼ ਦੀਆਂ ਕਾਵਿ ਪੰਕਤੀਆਂ ਦੀ ਯਾਦ ਕਰਾਉਂਦੀਆਂ ਹਨ :


" ਵਾਨਰ ਸੈਨਾ ਹੁਣ ਦੰਭੀ  ਰਾਵਣ ਦੀ
ਲੰਕਾ ਸਾੜਨ ਨਹੀਂ ਜਾਂਦੀ
ਆਪਣੇ ਹੀ ਆਸ ਪੜੋਸ
ਸਾੜ ਫੂਕ ਕਰਕੇ ਸਾਰ ਲੈਂਦੀ ਹੈ."


ਆਤਿਸ਼ ਨੇ ਇਹ ਪੰਕਤੀਆਂ ੧੯੯੨ ਦੇ ਉਸ ਮਨਹੂਸ ਦਿਨ ਤੋਂ ਢੇਰ ਚਿਰ ਪਹਿਲਾਂ ਹੀ ਲਿਖ ਦਿਤੀਆਂ ਸਨ.ਦਾਨਿਸ਼ਮੰਦ ਆਖਦੇ ਹਨ ਕਿ ਕਵੀਆਂ ਕੋਲ ਦਿੱਬ-ਦ੍ਰਿਸ਼ਟੀ ਹੁੰਦੀ ਹੈ,ਉਹ ਤ੍ਰਿਕਾਲ ਵਿੱਚ ਦੇਖ ਲੈਂਦੇ ਹਨ; ਜਿਵੇਂ ਆਦਿ ਕਵੀ ਵਾਲਮੀਕ ਨੇ ਰਾਮ ਕਥਾ ਨੂੰ ਸਦੀ ਭਰ ਪਹਿਲਾਂ ਹੀ ਦੇਖ ਲਿਆ ਸੀ;ਜਿਵੇਂ ਫੈਜ਼ ਨੂੰ ਖਬਰ ਹੋ ਗਈ ਸੀ ਕਿ ਉਸ ਦੇ ਵਤਨ ਅੰਦਰ ਕੋਈ ਇਹੋ  ਜਿਹੀ ਹਵਾ ਚਲਣ ਵਾਲੀ ਹੈ ਜੋ ਵਤਨਵਾਸੀਆਂ  ਤੋਂ ਮੰਗ ਕਰੇਗੀ ਕਿ ਕੋਈ ਉਸ ਦੀਆਂ ਗਲੀਆਂ ਵਿੱਚ 'ਸਿਰ ਉਠਾ ਕੇ ਨਾ ਚਲੇ'.
ਖਬਰੇ ਸਚ ਕੀ  ਹੈ ਪਰ ਇਸ ਕਿਸਮ ਦੀ ਹਵਾ ਤਾਂ ਹੁਣ ਚਲਦੀ ਹੀ ਰਹਿੰਦੀ ਹੈ.੧੭ ਸਾਲ ਪਹਿਲਾਂ 'ਵਾਨਰ ਸੈਨਾ' ਨੇ ਅਯੁਧਿਆ ਵਿੱਚ ਜੋ ਕੁਝ ਕੀਤਾ ਉਸ ਨੂੰ ਇੱਕ ਸਿਆਸੀ ਪਾਰਟੀ ਨੇ 'ਕੌਮੀ ਗੌਰਵ ਦਿਹਾੜੇ' ਦਾ ਨਾਂ ਦਿੱਤਾ.ਲੋਕਾਂ ਨੂੰ ਵ੍ਧਾਈਆਂ   ਦਿੰਦੇ ਬੈਨਰ ਉਸ ਪਾਰਟੀ  ਵਲੋਂ ਸ਼ਹਿਰ ਸ਼ਹਿਰ ਟੰਗੇ ਗਏ ਸਨ.ਇਹ ਬੈਨਰ, ਇਹ ਪੋਸਟਰ ਚੇਤਾਵਨੀ ਸਨ ਉਹਨਾਂ ਲੋਕਾਂ ਲਈ ਜੋ'ਸਿਰ ਉਠਾ ਕੇ ਚਲਣ' ਦੇ ਆਦੀ ਸਨ.ਉਹਨਾਂ ਨੂੰ ਇਸ ਗੁਸਤਾਖੀ ਦੇ ਅੰਜਾਮ ਤੋਂ ਖਬਰਦਾਰ ਕਰ ਦਿੱਤਾ ਗਿਆ ਸੀ.
ਮੁਖਤਲਿਫ ਆਵਾਜ਼ਾਂ ਨੂੰ ਸੰਘੀ ਅੰਦਰ ਘੁੱਟ ਦੇਣ ਦੀ ਇਜਾਰੇਦਾਰੀ ਕਿਸੇ ਇੱਕ ਪਾਰਟੀ ਕੋਲ ਨਹੀਂ ਸਗੋਂ ਇਹ ਤਾਂ ਉਹਨਾਂ ਸਾਰੇ ਗੁੱਟਾਂ ਦੀ ਸਾਂਝੀ ਪਹਿਚਾਣ ਹੈ ਜੋ ਖੁਦ ਨੂੰ ਕਿਸੇ ਮਜਹਬ, ਜ਼ਬਾਨ ਜਾਂ ਇਲਾਕੇ ਦੇ ਵਾਹਿਦ ਨੁਮਾਇੰਦੇ ਵਜੋਂ ਵੇਖਣ ਦੀ ਆਦਤ ਦੇ ਗੁਲਾਮ ਬਣ ਚੁੱਕੇ ਹਨ. ਅਜਿਹੇ ਆਪੇ ਸਜੇ ਸੁਲਤਾਨ ਆਪਣੇ ਖੇਤਰ ਵਿੱਚ ਦੂਜੇ ਦੀ ਹੋਂਦ ਨੂੰ ਬਰਦਾਸਤ ਨਹੀਂ ਕਰਦੇ ਅਤੇ  ਨਫਰਤ ਦੇ ਚੰਗਿਆੜੇ ਛੱਡਦੀਆਂ ਹਰਕਤਾਂ ਨਾਲ ਗੁਰੂਆਂ ਪੀਰਾਂ ਦੀ ਦਰਸਾਈ ਰੂਹਾਨੀਅਤ ਨੂੰ ਨਿਰੰਤਰ ਸ਼ਰਮਸਾਰ ਕਰਦੇ ਰਹਿੰਦੇ ਹਨ. ਕੱਲ ਤੇ ਅਜ  ਲੁਧਿਆਣੇ ਵਿੱਚ ਵਾਪਰੀਆਂ ਘਟਨਾਵਾਂ ਇਸੇ ਗੱਲ ਦਾ ਪ੍ਰਤਖ ਪ੍ਰਮਾਣ ਪੇਸ਼ ਕਰਦੀਆਂ ਹਨ.
ਥਾਣੇ ਵਿੱਚ ਰਿਪੋਰਟ ਲਿਖਾਉਣ ਗਏ ਯੂ ਪੀ, ਬਿਹਾਰ ਦੇ ਪ੍ਰਵਾਸੀ ਮਜਦੂਰਾਂ ਨਾਲ ਜੋ ਵਰਤਾਓ ਹੋਇਆ ਉਹ ਕੋਈ ਨਵੀਂ ਗੱਲ ਨਹੀਂ. ਨਵੀਂ ਗੱਲ ਸਿਰਫ ਏਨੀ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਥਾਣਿਆਂ ਦੇ ਕਿਰਦਾਰ ਦੇ ਕੋਹਜੇ ਰੰਗ ਕੁਝ ਜਿਆਦਾ ਹੀ ਗੂੜੇ ਹੋ ਗਏ ਹਨ. ਪੁਲਿਸ ਦੇ ਉਦਾਸੀਨ ਵਤੀਰੇ ਤੋਂ ਪ੍ਰੇਸਾਨ ਪ੍ਰਵਾਸੀਆਂ ਦੇ ਆਪਮੁਹਾਰੇ ਰੋਸ ਨੇ ਭੀੜ ਦੇ ਅਵੈੜ ਤਰਕ ਅਨੁਸਾਰ ਤੋੜ ਫੋੜਕ ਰੂਪ ਅਖਤਿਆਰ ਕਰ ਲਿਆ ਤਾਂ ਪ੍ਰਸ਼ਾਸਨ ਦੀ ਨਿਰੀ ਨਾਅਹਿਲੀਅਤ ਵੀ ਬੜੀ ਜਾਣੀ ਪਛਾਣੀ ਕਹਾਣੀ ਹੈ.


ਪਰ  ਅਸਲ ਕਹਾਣੀ ਕੁਝ ਹੋਰ ਜਾਪਦੀ ਹੈ.ਯੂ ਪੀ ਬਿਹਾਰ ਦੇ ਇਹਨਾਂ 'ਭਈਆਂ' ਨੂੰ ਸ਼ਾਇਦ ਉੱਕਾ ਪਤਾ ਨਹੀਂ ਸੀ ਕਿ 'ਪ੍ਰਦੇਸ਼ ਵਿੱਚ ਏਨਾ ਉੱਚੀ ਬੋਲਣਾ ਉਹਨਾਂ ਲਈ ਕਿੰਨਾ ਮਹਿੰਗਾ ਸੌਦਾ ਹੋ ਸਕਦਾ ਹੈ;ਕਿ ਉਹ ਰੱਬ ਦੀ ਧਰਤੀ ਨੂੰ ਆਪਣੀ  ਜੱਦੀ ਜਾਇਦਾਦ ਸਮਝਣ ਦੀ ਪ੍ਰਵਿਰਤੀ ਨਾਲ ਪੰਗਾ ਲੈ ਬੈਠੇ ਹਨ; ਕਿ ਇਸ ਜਖਮੀ ਹੰਕਾਰ ਨੇ ਉਹਨਾਂ ਖਿਲਾਫ਼  ਸਾਂਝਾ ਮੋਰਚਾ ਬਣਾ ਲੈਣਾ ਹੈ.ਸ਼ਾਇਦ ਉਹਨਾ ਨੇ ਨੇੜ ਅਤੀਤ ਵਿੱਚ ਵਾਪਰੀਆਂ ਰੋਸ ਘਟਨਾਵਾਂ ਦੇ ਰੂਪ ਦੀ ਨਕਲ ਕਰਨ ਦੀ ਗੁਸਤਾਖੀ ਕਰ ਲਈ.
ਰੋਸ ਅਪਨਾਉਣ ਦੇ ਭੰਨ ਤੋੜ ਕਰਨ ਵਾਲੇ  , ਅੱਗਾਂ ਲਾਉਣ ਅਤੇ ਹਿੰਸਕ ਰੂਪਾਂ ਦੀ ਜੋਰਦਾਰ ਨਿਖੇਧੀ ਕਰਨੀ ਚਾਹੀਦੀ ਹੈ.ਪਰ ਇਸ ਘਟਨਾ ਨੇ ਪੰਜਾਬ ਦੇ ਮਾਹੌਲ ਵਿੱਚ ਪਲ ਰਹੇ ਕੁਝ ਅਦ੍ਰਿਸਟ ਪਖਾਂ ਨੂੰ ਸਾਹਮਣੇ ਲਿਆਂਦਾ ਹੈ.ਉਹਨਾਂ ਨੂੰ ਚੰਗੀ ਤਰਾਂ ਸਮਝਣਾ ਸਮਝਾਉਣਾ ਜਰੂਰੀ ਹੈ ਜੇ ਅਸੀਂ ਸਾਡੇ ਇਸ ਖਿੱਤੇ ਨੂੰ ਇੱਕ ਵਾਰ ਫੇਰ ਕਿਸੇ ਹਿੰਸਕ ਦੌਰ ਵਿੱਚ ਗਰਕਣ ਤੋਂ ਰੋਕਣਾ ਚਾਹੁੰਦੇ ਹਾਂ ਤਾਂ. ਅੱਖਾਂ ਮੀਟਣ ਤੇ ਚੁੱਪ ਵੱਟਣ ਦੀ ਕੋਸ਼ਿਸ਼ ਮਹਿੰਗੀ ਸਾਬਤ ਹੋ ਸਕਦੀ ਹੈ.
ਸੋਚਣ ਵਾਲੀ ਗੱਲ ਇਹ ਕਿ 'ਭਈਆ' ਵਰਗਾ ਸਬਦ ਜੋ ਮੂਲ ਤੌਰ ਤੇ  ਇੱਕੋ ਮੂਲ ਤੋਂ ਪੈਦਾ ਹੋਈਆਂ ਦੋ ਹੋਂਦਾਂ ਦੀ ਬਰਾਬਰੀ ਦੇ ਬੁਲੰਦ ਰਿਸਤੇ ਦਾ ਸੂਚਕ ਹੈ ਉਹ ਪੰਜਾਬੀ  ਬੋਲੀ ਵਿੱਚ ਇੱਕ ਗਾਲ,ਹੇਠੀ ਅਤੇ ਨਫਰਤ ਜਾਂ ਗਲਾਜਤ ਦਾ ਸੂਚਕ ਕਿਵੇਂ ਬਣ ਗਿਆ. ਇਸ ਪਿਛੇ ਹਊਮੈ ਦਾ ਇੱਕ ਡੂੰਘਾ ਮਨੋਵਿਗਿਆਨ ਕੰਮ ਕਰਦਾ ਹੈ ਜਿਸ ਦਾ ਕੇਂਦਰ ਡਰ ਹੁੰਦਾ ਹੈ.ਇਹੀ ਮਾਨਸਿਕਤਾ ਕਦੇ ਰਾਜ ਠਾਕਰੇ ਦੀਆਂ ਗੈਰ ਮਰਾਠੀਆਂ ਖਿਲਾਫ਼ ਹਿੰਸਕ ਕਾਰਵਾਈਆਂ ਦਾ, ਕਦੇ ਆਸਟ੍ਰੇਲੀਆ ਵਿੱਚ ਹਿੰਦੁਸਤਾਨੀਆਂ ਦੇ ਖਿਲਾਫ਼ ਨਸਲੀ ਖਰੂਦ ਦਾ ਰੂਪ ਧਾਰ ਲੈਂਦੀ  ਹੈ. ਦੂਰ ਦੂਰ ਤੋਂ ਅਸੀਂ ਇਸ ਨੂੰ ਖੂਬ ਪਛਾਣਦੇ  ਹਾਂ ਪਰ ਜਦੋਂ ਇਹ ਸਾਡੇ ਉੱਤੇ ਸਵਾਰ ਹੁੰਦੀ  ਹੈ ਤਾਂ ਅਸੀਂ ਜਾਣੇ ਅਨਜਾਣੇ ਇਸ ਨੂੰ ਸਮਝਣ ਤੋਂ ਇਨਕਾਰੀ ਹੋ ਬੈਠਦੇ ਹਾਂ,ਹਊਮੈ ਦੀ ਪੂਰਤੀ ਲਈ ਅਨੰਦ ਦਾ ਜਰੀਆ ਬਣਾ ਬੈਠਦੇ ਹਾਂ.ਪੰਜਾਬ ਵਿੱਚ ਇਹ ਵਰਤਾਰਾ ਗੁਰੂ ਵੱਲ ਸਾਡੀ ਪਿਠ ਕੀਤੇ ਹੋਣ ਦਾ ਇੱਕ ਹੋਰ  ਪ੍ਰਮਾਣ ਨਜਰ ਆਉਂਦਾ ਹੈ.
ਲੁਧਿਆਣੇ ਵਿੱਚ ਜਿਸ ਤਰਾਂ ਦੀ ਕੁੱਟਮਾਰ ਅਤੇ ਦਹਿਸ਼ਤ ਨਾਲ ਉਹਨਾਂ ਨੇ  'ਭਈਆਂ' ਨੂੰ ਚੁੱਪ ਕਰਾਇਆ  ਹੈ ਉਹ  ਪੰਜਾਬ ਦੇ  ਇੱਕ ਵੱਡੇ ਦਾਇਰੇ ਵਿੱਚ ਚਿਰਾਂ ਤੋਂ ਪਲ ਰਹੀ ਖਿਝ ਨਾਲ ਵੀ ਜੁੜਿਆ ਹੋਇਆ ਹੈ ਅਤੇ  ਇਸ  ਵਿੱਚ ਕਈ ਦਾਨਸ਼ਮੰਦ ਤੇ ਸੰਜੀਦਾ ਲੋਕ ਵੀ ਸਾਮਲ ਹਨ. 'ਭਈਆਂ' ਪ੍ਰਤੀ ਨਫਰਤ ਦੀ ਤਰਜਮਾਨੀ ਕਰਦੇ  ਐੱਸ ਐਮ ਐੱਸ ਬੌਧਿਕ ਹਲਕਿਆਂ ਵਿੱਚ ਚਕਰ ਲਾਉਂਦੇ ਕਈ ਵਾਰ ਨਜਰ ਆਉਂਦੇ  ਹਨ.
ਪੰਜਾਬ ਵਿੱਚ 'ਵਖਰੀ ਸੁਰ' ਦੀਆਂ ਆਵਾਜ਼ਾਂ ਕੁਚਲ ਦੇਣ ਦੀ ਮਨੋਵਿਰਤੀ  ਦੀਆਂ ਕਈ  ਮਿਸਾਲਾਂ ਹਨ.ਮਸਲਾ ਪ੍ਰੇਮੀਆਂ ਦਾ ਹੋਵੇ,ਭਨਿਆਰੇ ਵਾਲਿਆਂ ਦਾ ਜਾਂ ਫੇਰ ਆਸ਼ੂਤੋਸ਼ ਦਾ -ਇਹਨਾਂ ਦੇ ਗਲਤ ਠੀਕ ਹੋਣ ਬਾਰੇ ਵਿਵਾਦ ਹੋ ਸਕਦਾ ਹੈ /ਹੋਣਾ ਚਾਹੀਦਾ ਹੈ. ਪਰ ਪਿਛਲੇ ਕੁਝ ਸਾਲਾਂ ਤੋਂ ਜਿਸ ਤਰੀਕੇ ਨਾਲ ਧਮਕੀਆਂ ਅਤੇ ਨੰਗੀਆਂ ਤਲਵਾਰਾਂ ਦੇ ਜੋਰ ਉਤੇ ਨਾਮ ਚਰਚਾ ਅਤੇ ਧਾਰਮਿਕ ਸਮਾਗਮ ਬੰਦ ਕਰਵਾਉਣ ਦੀਆਂ ਕੋਸ਼ਿਸ਼ਾਂ ਆਮ ਹੋਈਆਂ ਹਨ ਉਹ ਮਨੁਖੀ ਰੂਹ ਨੂੰ ਕੁਚਲ ਦੇਣ ਲਈ ਯਤਨਸੀਲ ਉਸ ਘਿਰਣਾ ਦੀ ਸਿਆਸਤ ਦਾ ਹੀ ਪ੍ਰਗਟਾਵਾ ਹਨ ਜੋ ਪੰਜਾਬ ਦੀ ਵੰਨ ਸੁਵੰਨਤਾ ਦੀ ਦੁਸਮਣ ਹੈ.ਇਹ ਉਹੀ ਤਾਕਤਾਂ ਹਨ ਜੋ ਹਿੰਸਾ ਦੇ ਬਲ ਪੰਜਾਬ ਦੀ ਰੂਹ  ਉੱਤੇ ਆਪਣੀ ਇਜਾਰੇਦਾਰੀ ਸਾਬਤ ਕਰਨਾ ਚਾਹੁੰਦੀਆਂ ਹਨ.ਇਹ  ਇੱਕੋ ਮਾਨਸਿਕ ਵਰਤਾਰਾ ਹੈ ਜੋ ਸਮੇ ਸਥਾਨ ਅਨੁਸਾਰ ਆਪਣਾ ਭੇਸ ਵਟਾ ਲੈਂਦਾ ਹੈ. ੬ ਦਸੰਬਰ ਦੀ ਅਯੁਧਿਆ ਹੋਵੇ ,ਪਾਕਿਸਤਾਨ ਦੇ ਇਲਾਕਿਆਂ ਵਿੱਚ ਜਜ਼ੀਆ ਥੋਪਣ ਵਾਲੇ ਗਰੋਹ ਹੋਣ ਜਾਂ ਨੰਗੀਆਂ ਕ੍ਰਿਪਾਨਾ ਦੇ ਜੋਰ ਦੂਜਿਆਂ ਨੂੰ ਚੁਪ ਕਰਾਉਣ ਵਾਲੇ ਅਖੌਤੀ ਪੰਥਿਕ ਗਰੁਪ -ਸਭਨਾਂ ਦੀ ਮਾਨਸਿਕ ਸਾਂਝ ਤਾਂ ਸਪਸ਼ਟ ਹੀ ਹੈ ਸਵਾਲ ਸਿਰਫ ਇਹ ਗੌਰ ਕਰਨ ਦਾ ਹੈ ਕਿ ਇਸ ਹਊਮੈ ਰੋਗ ਦੀ ਅਗਵਾਈ ਵਿੱਚ ਅਸੀਂ ਕਿਹੋ ਜਿਹਾ ਜੀਵਨ ਸਿਰਜਾਂਗੇ,ਕਿਹੋ ਜਿਹਾ ਸਮਾਜ ਬਣਾਵਾਂਗੇ . ਤੇ ਜੇ ਅਸੀਂ ਉਹਨਾਂ ਦੀ ਸਰਦਾਰੀ ਕਬੂਲ ਨਹੀਂ ਕਰਦੇ ਤਾਂ ਸਾਡੇ ਕੋਲ ਕਿਹੜਾ ਰਾਹ ਬਾਕੀ ਹੈ?ਅਜਿਹੀ ਸਥਿਤੀ ਵਿੱਚ ਫੈਜ਼ ਦੀਆਂ ਰੱਬ ਨਾਲ ਗੱਲਾਂ ਯਾਦ ਆ ਰਹੀਆਂ ਹਨ :


ਮੈਨੂੰ ਸ਼ਾਹੀ ਨਹੀਂ ਚਾਹੀਦੀ ਰੱਬ ਮੇਰੇ
ਮੈਂ ਤਾਂ ਇੱਜਤ ਦਾ ਟੁੱਕਰ ਮੰਗਣਾ ਹਾਂ


ਆਖਿਰਕਾਰ ਇਹ ਸਾਡੇ ਆਪਣੇ ਜੀਵਨ ਦਾ ਸਵਾਲ ਹੈ ਜਿਸ ਦਾ ਇੱਕ ਇੱਕ ਲਮਹਾ  ਬਹੁਤ ਕੀਮਤੀ ਹੈ.ਜੇ ਧਾਗੇ ਨਾਲ ਲਬ ਸੀ ਕੇ ,ਖਾਮੋਸ਼ ਰਹਿ ਕੇ  ਗੁਜਾਰਾ ਹੁੰਦਾ ਤਾਂ ਫੇਰ ਹਰਜ਼ ਹੀ ਕੀ ਸੀ, ਅਸੀਂ ਕਰ ਲੈਂਦੇ. ਪਰ ਚੁੱਪ ਧਾਰਿਆਂ ਚੁੱਪ ਨਹੀਂ ਹੁੰਦੀ,ਦੱਬਿਆ ਹੋਇਆ ਸ਼ੋਰ ਹੋਰ ਵੀ   ਵਿਸਫੋਟਕ ਰੂਪ ਧਾਰ ਲੈਂਦਾ ਹੈ.
ਮੈਂ ਜਵਾਬ ਦੇਣ ਵਾਲਾ ਕੌਣ ਹੁੰਦਾ ਹਾਂ. ਇਹ ਸਵਾਲ ਹਰੇਕ ਨੂੰ ਖੁਦ ਆਪਣੇ ਆਪ ਤੋਂ ਹੀ ਪੁਛਣਾ ਪਵੇਗਾ ਕਿ ਆਖਿਰ ਇਹ ਲੋਕ ਕੌਣ ਨੇ ਤੇ ਸਾਡੇ ਜੀਵਨ ਉੱਤੇ ਆਪਣੀ ਮਰਜ਼ੀ ਥੋਪਣ ਦਾ ਹੱਕ ਉਹਨਾਂ ਨੂੰ ਕਿਸਨੇ ਦਿੱਤਾ ਹੈ. ਕਿਤੇ ਸੰਤਾਲੀ,ਚੌਰਾਸੀ,ਬਿਆਨਵੇਂ ਅਤੇ ਦੋ ਹਜ਼ਾਰ ਦੋ (ਗੁਜਰਾਤ) ਦੇ ਪਿਛੇ ਸਾਡੀ ਖਾਮੋਸ਼ ਮਨਜੂਰੀ ਤਾਂ ਸ਼ਾਮਲ ਨਹੀਂ.ਸਾਨੂੰ ਇਹ ਵੀ ਪੁੱਛਣਾ ਪਵੇਗਾ ਕਿ ਕੀ ਇਸ ਚੱਕਰਵਿਊ ਵਿਚੋਂ ਨਿਕਲਣਾ ਸੰਭਵ ਹੈ ਜਾਂ ਨਹੀਂ ਤੇ ਉਹ ਵੀ ਵਿਚਾਰਧਾਰਕ ਤੌਰ ਤੇ  ਜਾਂ ਉਪਰੋਂ ਉਪਰੋਂ  ਨਹੀਂ ਸਗੋਂ ਆਤਮਾ ਦੀਆਂ ਗਹਿਰਾਈਆਂ ਤੀਕਰ.


No comments:

Post a Comment