Saturday, December 19, 2009

ਲਾਟ ਹੈ ਇੱਕ ਜਾ ਰਹੀ......ਗ਼ਜ਼ਲ -------- ਜਸਵਿੰਦਰ



ਗ਼ਜ਼ਲ



ਲਾਟ ਹੈ ਇਕ ਜਾ ਰਹੀ ਉਡਦੇ ਪਰਾਂ ਦੇ ਨਾਲ਼ ਨਾਲ਼
ਦਰਦ ਦੀ ਗੰਗਾ ਵਗੇ ਸਹਿਮੇ ਘਰਾਂ ਦੇ ਨਾਲ਼ ਨਾਲ਼


ਖ਼ੂਬ ਹੈ ਅੰਦਾਜ਼ ਉਹਨਾਂ ਦਾ ਅਮੀਰੀ ਦੇਣ ਦਾ
ਕਰਦ ਸੋਨੇ ਦੀ ਟਿਕਾ ਗਏ ਆਂਦਰਾਂ ਦੇ ਨਾਲ਼ ਨਾਲ਼


ਧੜਕਦੇ ਦਿਲ ਦੀ ਮਿਲਾ ਦੇ ਤਾਲ ਤੂੰ ਏਧਰ ਅਸੀਂ
ਛਾਲਿਆਂ ਦੇ ਬੋਰ ਪਹਿਨੇ ਝਾਂਜਰਾਂ ਦੇ ਨਾਲ਼ ਨਾਲ਼


ਫੇਰ ਕੀ ਜੇ ਪਹੁੰਚਿਆ ਪੰਛੀ ਨਹੀਂ ਅਸਮਾਨ ਤਕ
ਮਰ ਕੇ ਉਡਦੇ ਖੰਭ ਉਸਦੇ ਅੰਬਰਾਂ ਦੇ ਨਾਲ਼ ਨਾਲ਼


ਹੰਸ ਤੇ ਬਗਲੇ ਪਛਾਣੇ ਜਾਣਗੇ ਏਸੇ ਤਰ੍ਹਾਂ
ਮੋਤੀਆਂ ਦੀ ਚੋਗ ਪਾ ਦੇ ਕੰਕਰਾਂ ਦੇ ਨਾਲ਼ ਨਾਲ਼


ਚਮਕ ਹੈ ਕਿਸਦੀ ਜਿ਼ਆਦਾ ਫੈਸਲੇ ਹੋ ਜਾਣਗੇ
ਸੁਲਗ਼ਦੇ ਜਜ਼ਬੇ ਟਿਕਾ ਦੇ ਖ਼ੰਜਰਾਂ ਦੇ ਨਾਲ਼ ਨਾਲ਼


ਨੇਰ੍ਹੀਆਂ ਵਿਚ ਬਿਰਖ ਤੇ ਬੰਦੇ ਦਾ ਇਕੋ ਹਸ਼ਰ ਹੈ
ਆਦਮੀ ਦਾ ਦਿਲ ਤੇ ਪੱਤੇ ਥਰਥਰਾਂਦੇ ਨਾਲ਼ ਨਾਲ਼


ਇਹ ਕਦੋਂ ਚੱਲੇਗਾ ਬਣ ਕੇ ਜਿੰਦਗੀ ਦਾ ਹਮਸਫ਼ਰ
ਦੌੜਦਾ ਈਮਾਨ ਹਾਲੇ ਡਾਲਰਾਂ ਦੇ ਨਾਲ਼ ਨਾਲ਼


ਪੂਰਨਾ ਤੂੰ ਜੋਗ ਲੈ ਕੇ ਮੁਕਤ ਹੋ ਸਕਦਾ ਨਹੀਂ
ਆਤਮਾ ਤੜਪੇਗੀ ਤੇਰੀ ਸੁੰਦਰਾਂ ਦੇ ਨਾਲ਼ ਨਾਲ਼


ਸਿ਼ਅਰ 'ਤੇ ਭਾਵੇਂ ਨਾ ਦੇਈਂ ਦਾਦ ਪਰ ਅਹਿਸਾਸ ਕਰ
ਕਿਸ ਤਰ੍ਹਾਂ ਮੈਂ ਤੜਪਿਆ ਹਾਂ ਅੱਖਰਾਂ ਦੇ ਨਾਲ਼ ਨਾਲ਼



1 comment:

  1. Satdeep ਸਤਦੀਪ ستدیپDecember 19, 2009 at 9:55 PM

    ਜਸਵਿੰਦਰ ਦੀ ਗਜਲ ਬੇਹਦ ਪਸੰਦ ਆਈ.
    "ਸਿ਼ਅਰ ‘ਤੇ ਭਾਵੇਂ ਨਾ ਦੇਈਂ ਦਾਦ ਪਰ ਅਹਿਸਾਸ ਕਰ
    ਕਿਸ ਤਰ੍ਹਾਂ ਮੈਂ ਤੜਪਿਆ ਹਾਂ ਅੱਖਰਾਂ ਦੇ ਨਾਲ਼ ਨਾਲ਼" ਵਾਕਈ ਬੜੀ ਗਹਿਰੀ ਤੜਪ ਵਿਚੋਂ ਘਾੜਤ ਹੋਈ ਹੈ ਇਹਨਾਂ ਸ਼ੇਅਰਾਂ ਦੀ.

    ReplyDelete