Wednesday, September 30, 2009

ਚੇਤੁ ਬਸੰਤੁ ਭਲਾ - ਗੁਰੂ ਨਾਨਕ ਦੇਵ

Guru Nanak Dev

Saturday, September 26, 2009

ਤੇਰੇ ਕੌਲ ਤੇ ਅਸਾਂ ਵਿਸਾਹ ਕਰਕੇ - ਫੈਜ਼

ਮੁੱਕੀ ਰਾਤ ਸੀ ਦਰਦ ਫਿਰਾਕ ਵਾਲੀ


ਤੇਰੇ ਕੌਲ  ਤੇ ਅਸਾਂ ਵਿਸਾਹ ਕਰਕੇ


ਕੌੜਾ ਘੁੱਟ ਕੀਤੀ ਮਿੱਠੜੇ ਯਾਰ ਮੇਰੇ


ਮਿੱਠੜੇ ਯਾਰ ਮੇਰੇ ਜਾਨੀ ਯਾਰ ਮੇਰੇ


ਤੇਰੇ ਕੌਲ  ਤੇ ਅਸਾਂ ਵਿਸਾਹ ਕਰਕੇ


ਝਾਂਜਰਾਂ ਵਾਂਗ ਜੰਜੀਰਾਂ  ਛਣਕਾਈਆਂ ਨੇ


ਕਦੀ ਕੰਨੀ ਮੁੰਦਰਾਂ ਪਾਈਆਂ ਨੇ


ਕਦੀ ਪੈਰੀਂ ਬੇੜੀਆਂ  ਚਾਈਆਂ  ਨੇ


ਤੇਰੀ ਤਾਂਘ ਵਿਚ ਪੱਟ ਦਾ ਮਾਸ ਦੇ ਕੇ


ਅਸਾਂ ਕਾਗ ਸੱਦੇ ਅਸਾਂ ਸੁਨੇਹੇ ਘੱਲੇ


ਰਾਤ ਮੁਕਦੀ ਏ ਯਾਰ ਆਂਵਦਾ ਏ


ਅਸਾਂ ਤੱਕਦੇ ਰਹੇ ਹਜਾਰ ਵੱਲੇ


ਕੋਈ ਆਇਆ ਨਾ ਬਿਨਾ ਖੁਨਾਮੀਆਂ ਦੇ


ਕੋਈ ਪੁੱਜਾ ਨਾ ਸਿਵਾ ਉਲਾਹਮਿਆਂ ਦੇ


ਅੱਜ ਲਾਹ ਉਲਾਹਮੇ  ਮਿੱਠੜੇ ਯਾਰ ਮੇਰੇ


ਅੱਜ ਆ ਵਿਹੜੇ ਵਿਛੜੇ ਯਾਰ ਮਿਰੇ


ਫਜਰ ਹੋਵੇ ਤੇ ਆਖੀਏ ਬਿਸਮਿਲਾ


ਅੱਜ ਦੌਲਤਾਂ ਸਾਡੇ ਘਰ ਆਈਆਂ ਨੇ


ਜੀਹਦੇ ਕੌਲ ਤੇ ਅਸਾਂ ਵਿਸਾਹ ਕੀਤਾ


ਉਹਨੇ ਓੜਕ ਤੋੜ ਨਿਭਾਹੀਆਂ ਨੇ

Friday, September 25, 2009

ਮਾਂ - ਸ਼ਮੀਲ

ਮਾਂ

ਬੀਬੀ ਮੈਨੂੰ ਅਕਾਸ਼ ਚੋਂ ਦੇਖਦੀ ਹੈ
ਮੈਨੂੰ ਥਿੜ੍ਹਕਣ ਤੋਂ ਬਚਾਈ ਰੱਖਦੀ ਹੈ

ਮੈਂ ਡੋਲ ਜਾਂਦਾ ਕਦੇ
ਜੀਵਨ ਦੀਆਂ ਬੇਯਕੀਨੀਆਂ ਤੋਂ
ਮਨ ਦੇ ਵੇਗਾਂ ਤੋਂ
ਜੀਅ ਕਰਦਾ ਹੈ ਗਰਕ ਜਾਵਾਂ
ਗਰਕਣ ਲੱਗਦਾਂ
ਤਾਂ ਉਹ ਮੈਨੂੰ ਰੋਕ ਲੈਂਦੀ ਹੈ
ਉਹ ਮੈਨੂੰ ਦੇਖਦੀ ਰਹਿੰਦੀ ਹੈ

ਜਿਊਂਦੀ ਸੀ ਤਾਂ ਚੋਰੀ ਕਰ ਸਕਦਾ ਸਾਂ
ਮਰਕੇ ਤਾਂ ਉਹ ਦੇਖ ਸਕਦੀ ਹੈ
ਅਕਾਸ਼ ਤੋਂ
ਹੁਣ ਮੈਂ ਉਸ ਤੋਂ ਚੋਰੀ ਨਹੀਂ ਕਰ ਸਕਦਾ
ਹਮੇਸ਼ਾ ਦੇਖਦੀ ਰਹਿੰਦੀ ਹੈ

ਦੇਖਦੇ ਤਾਂ ਦੇਵਤੇ ਵੀ ਹਨ
ਰੱਬ ਵੀ
ਪਰ ਉਨ੍ਹਾਂ ਨੂੰ ਮੈਂ ਪਛਾਣਦਾ ਨਹੀਂ
ਉਨ੍ਹਾਂ ਤੋਂ ਮੈਂ ਸੰਗਦਾ ਨਹੀਂ
ਅਸਮਾਨ ਵਿੱਚ
ਮੈਂ ਇਕੱਲੀ ਬੀਬੀ ਨੂੰ ਹੀ ਜਾਣਦਾਂ

ਪੂਰਾ ਅਸਮਾਨ ਮਾਵਾਂ ਨਾਲ ਭਰਿਆ ਹੈ
ਮਾਂ
ਮਾਂ ਦੀ ਮਾਂ
ਫੇਰ ਉਸ ਦੀ ਮਾਂ
ਅਨੰਤ ਤੱਕ ਮਾਵਾਂ ਹੀ ਮਾਵਾਂ ਹਨ
ਬੱਚਿਆਂ ਨੂੰ ਦੇਖ ਰਹੀਆਂ ਹਨ

ਪੁੱਤਰ ਗੁਨਾਹ ਕਰਦੇ ਹਨ
ਤਾਂ ਤੜਫਦੀਆਂ ਹਨ
ਦੁਖੀ ਹੁੰਦੀਆਂ ਹਨ
ਪੂਰਾ ਅਸਮਾਨ ਤੜਫਦਾ ਹੈ
ਅਨੰਤ ਤੱਕ

ਪੁੱਤਰ ਦੁਖੀ ਹੁੰਦੇ ਹਨ
ਤਾਂ ਦੁਖੀ ਹੁੰਦੀਆਂ ਹਨ
ਪੂਰਾ ਅਸਮਾਨ ਦੁਖ ਨਾਲ ਭਰ ਜਾਂਦਾ ਹੈ

ਦੁਖ ਉਹ ਸਾਰੇ ਨਾਲ ਲੈ ਗਈਆਂ
ਸਬਰ ਵਿੱਚ ਬੰਨ੍ਹ ਕੇ
ਤੰਗੀਆਂ ਦੇ
ਪਿਓਆਂ ਦੇ
ਘਰਾਂ ਦੇ
ਬੱਚਿਆਂ ਦੇ

ਪਿੱਛੇ ਅਰਦਾਸਾਂ ਛੱਡ ਗਈਆਂ
ਸੁਖਾਂ ਬਹੁਤ ਸਾਰੀਆਂ
ਜੋਤ ਵਾਲੇ ਆਲੇ
ਪਾਠ ਦੀਆਂ ਧੁਨਾਂ
ਧੂਫ, ਜੋ ਹਵਾ ਵਿੱਚ ਘੁਲ ਗਈ

ਮਾਵਾਂ ਵੀ ਅਜੀਬ ਦੇਵੀਆਂ ਨੇ
ਮੈਂ ਹੁਣ ਕੋਈ
ਹੇਰਾਫੇਰੀ ਨਹੀਂ ਕਰ ਸਕਦਾ
ਆਪਣੇ ਆਪ ਨਾਲ ਵੀ ਨਹੀਂ
ਸਭ ਦੇਖਦੀਆਂ ਹਨ

ਮੁੜ ਆਉਂਦਾ ਗੁਨਾਹਾਂ ਤੋਂ
ਗਲਤੀਆਂ ਠੀਕ ਕਰਦਾਂ
ਡਿਗਣ ਤੋਂ ਬਚਾਕੇ ਰੱਖਦਾਂ ਖੁਦ ਨੂੰ
ਬੀਬੀ ਮੈਨੂੰ ਦੇਖੀ ਜਾ ਰਹੀ ਹੈ
ਅਕਾਸ਼ ਤੋਂ
ਉਹ ਮੈਨੂੰ ਬਚਾਈ ਰੱਖਦੀ ਹੈ

ਕਾਮਰੇਡ ਵਧਾਵਾ ਰਾਮ

ਕਾਮਰੇਡ ਵਧਾਵਾ ਰਾਮ ਨੇ ੧੯੮੯ ਵਿਚ ਪੰਜਾਬ ਵਿਚ ਯੂ ਸੀ ਪੀ ਆਈ ਦੀ ਨੀਂਹ ਰੱਖੀ ਸੀ ਅਤੇ ਬੁਢਾਪੇ ਦੀ ਭਾਰੀ ਕਮਜੋਰੀ ਦੇ ਬਾਵਜੂਦ ਵੱਡਾ ਜੋਖਮ ਲੈ ਕੇ ਕਾਮਰੇਡ ਮੋਹਿਤ ਸੇਨ ,ਰਮੇਸ਼ ਸਿਨ੍ਹਾ ,ਸੁਖਿੰਦਰ ਧਾਲੀਵਾਲ ਅਤੇ ਹੋਰ ਅਨੇਕ ਸਾਥੀਆਂ ਨਾਲ ਮਿਲ ਕੇ ਇੱਕ ਨਵੀਂ ਪਾਰਟੀ ਬਣਾਉਣ ਲਈ ਤਮਿਲਨਾਡੂ ਨੂੰ ਤੁਰ ਪਏ ਜਿੱਥੇ ਸੇਲਮ ਵਿਚ ਕਾਨਫਰੰਸ ਰੱਖੀ ਗਈ ਸੀ (ਮਈ ੧੯੮੯)  । ਜਿਆਦਾ ਥਕਾਵਟ ਕਾਰਨ ਦਿਲ ਦੇ ਦੌਰੇ ਨਾਲ ਉਥੇ ਕਾਨਫਰੰਸ ਦੇ ਆਖਰੀ ਦਿਨ ਉਹਨਾ ਦੀ ਮੌਤ ਹੋ ਗਈ ਸੀ ਅਤੇ ਸੇਲਮ ਵਿਚ ਹੀ ਉਹਨਾ ਦਾ ਅੰਤਿਮ ਸਸਕਾਰ ਕਰ ਦਿਤਾ ਗਿਆ ਸੀ।ਅੱਜ ਵੀਹ ਸਾਲ ਬਾਅਦ ਉਹਨਾਂ ਦੀ ਸਮਝ ਦੀ ਤਾਰੀਫ਼ ਕਰਨੀ ਬਣਦੀ ਹੈ ਜਦੋਂ ਸੀ ਪੀ ਆਈ ਅਤੇ ਸੀ ਪੀ ਐਮ ਦੋਵੇਂ ਬੁਰੀ ਤਰ੍ਹਾਂ ਨਾਕਾਮ ਹੋ ਕੇ ਖਤਮ ਹੋਣ ਦੀ ਕਗਾਰ ਤੇ ਨਜਰ ਆ ਰਹੀਆਂ ਹਨ ।ਮਰਦੇ ਦਮ ਤੱਕ ਹਾਰ ਨਾ ਮੰਨਣ ਦੀ ਉਹਨਾਂ ਦੀ ਸਿਫਤ ਅੱਜ ਦੀ ਪੁੰਗਰਦੀ ਜਵਾਨੀ ਲਈ ਅਰਥਮਈ ਮਿਸਾਲ ਹੈ ਜਿਸ ਨੂੰ ਉਹਨਾਂ ਨੇ ਜੀਵਨ ਭਰ ਖੰਡੇ ਦੀ ਧਾਰ ਤੇ ਚਲਕੇ ਲਿਖਿਆ ਹੈ। ----




ਕਾਮਰੇਡ ਵਧਾਵਾ ਰਾਮ ਪੱਛਮੀ ਪੰਜਾਬ ਦੇ ਉਘੇ ਕਿਸਾਨ ਲੀਡਰ ਸਨ ।ਪੱਛਮੀ ਪੰਜਾਬ ਦੇ ਜਿਲਿਆਂ ਵਿਚ ਕਿਸਾਨ ਸਭਾ ਵਲੋਂ ਬਾਬਾ ਜਵਾਲਾ ਸਿੰਘ ਦੀ ਅਗਵਾਈ ਵਿਚ ਲੜੇ ਕਿਸਾਨ ਸੰਘਰਸ ਸਮੇ ਉਹ ਉਭਰ ਕੇ ਸਾਹਮਣੇ ਆਏ ਤੇ ਪਟਵਾਰ ਛੱਡ ਕੇ ਸਘੰਰਸ ਵਿਚ ਕੁਦ ਪਏ।ਵੰਡ ੳਪਰੰਤ ਉਧਰਲੇ ਕਿਸਾਨ ਮੁਜਾਰੇ ਜਿਲਾ ਫਿਰੋਜਪੁਰ ਅਤੇ ਫਾਜਲਿਕਾ ਇਲਾਕੇ ਵਿਚ ਆ ਆਬਾਦ ਹੋਏ।ਕਾਮਰੇਡ ਵਧਾਵਾ ਰਾਮ ਉਨ੍ਹਾਂ ਦੇ ਸਿਰਕੱਢ ਆਗੂ ਸਨ।ਲਾਲ ਕਮਿਊਨਿਸਟ ਪਾਰਟੀ ਬਣਨ ਸਮੇ ਉਹ ਇਸ ਦੇ ਆਗੂਆ ਵਿਚੋਂ ਸਨ।ਜਦੋਂ ਹੋਰਨਾ ਲੀਡਰਾ ਦੇ ਵਰੰਟ ਨਿਕਲੇ ਉਹ ਗ੍ਰਿਫਤਾਰ ਕਰਕੇ ਲੁਧਿਆਣਾ ਜੇਲ ਭੇਜ ਦਿਤੇ। ੳਥੇ ਪਹਿਲਾ ਹੀ ਕਈ ਕਮਿਊਨਿਸਟ ਤੇ ਲਾਲ ਕਮਿਊਨਿਸਟ ਨਜਰਬੰਦ ਸਨ।ਉਸ ਸਮੇ ਸਮੁਚੀ ਕਮਿਊਨਿਸਟ ਲਹਿਰ ਖੱਬੇ ਪੱਖ ਵਲ ਉਲਾਰ ਸੀ।ਕਮਿਊਨਿਸਟ ਲੀਡਰਾਂ ਨੂੰ ਗਲਤ ਫਹਿਮੀ ਸੀ ਕਿ ਇਨਕਲਾਬ ਕਿਤੇ ਨੇੜੇ ਹੀ ਹੈ।ਉਸ ਨੂੰ ਧੂਹ ਕੇ ਲਿਆਉਣ ਦੀ ਲੋੜ ਹੈ।ਇਸ ਲਈ ਜੇਲ੍ਹਾਂ ਵਿਚ ਰਹਿਣ ਦੇ ਕੋਈ ਅਰਥ ਨਹੀ। ਇਸ ਲਈ ਜੇਲ੍ਹ ਤੋੜ ਕੇ ਬਾਹਰ ਨਿਕਲਣ ਦਾ ਮਤਾ ਪਕਾ ਲਿਆ।ਸੋਚ ਵਿਚਾਰ ਪਿਛੋ ਇਹ ਫੈਸਲਾ ਹੋਇਆ ਕਿ ਜਿਨਾ ਸਾਥੀਆਂ ਦੇ ਨਾ ਕੋਈ ਜਮੀਨ ਜਾਇਦਾਦ ਨਹੀ ਉਹ ਜੇਲ ਤੋੜ ਕੇ ਬਾਹਰ ਚਲੇ ਜਾਣ। ਅਜਿਹੇ ਤਿੰਨ ਸਾਥੀ ਕਾਮਰੇਡ ਗੁਰਚਰਨ ਸਿੰਘ ਰੰਧਾਵਾ,ਕਾਮਰੇਡ ਵਧਾਵਾ ਰਾਮ,ਕਾਮਰੇਡ ਰਾਜਿੰਦਰ ਸਿੰਘ ਸਰੀਂਹ ਸਨ। ਇਨ੍ਹਾਂ ਨੇ ਭਜਣ ਦਾ ਫੈਸਲਾ ਕਰ ਲਿਆ।ਇਨਾ ਨੇ ਇਸ ਕੰਮ ਲਈ ਆਪਣੀ ਕੋਠੜੀ ਵਿਚੋ ਸੁਰੰਗ ਪੁੱਟਣ ਦਾ ਫੈਸਲਾ ਕੀਤਾ। ਇਸ ਕੰਮ ਲਈ ਔਜਾਰ ਪ੍ਰਾਪਤ ਕਰਨ ਲਈ ਉਨਾ ਨੇ ਭਲਵਾਨੀ ਕਰਨ ਦਾ ਢੌਗ ਰਚਿਆ ਅਤੇ ਅਖਾੜਾ ਪੁਟਣ ਲਈ ਰੰਬੇ ਤੇ ਖੁਰਪੀਆਂ ਇਕਠੇ ਕਰ ਲਏ।ਦਿਖਾਵੇ ਲਈ ਕੋਠੜੀ ਦੇ ਬਾਹਰ ਅਖਾੜਾ ਪੁੱਟ ਲਿਆ।ਇਹ ਸਾਥੀ ਦਿਨ ਸਮੇ ਸੌਦੇ ਸਨ ਤੇ ਰਾਤ ਸਮੇ ਜਾਗਦੇ।ਪਹਿਰੇਦਰਾਂ ਤੋ ਬਚਣ ਲਈ ਦੋ ਜਣੇ ਸੀਖਾਂ ਮੁਹਰੇ ਖੜਦੇ ਤੇ ਇਕ ਸੁਰੰਗ ਵਿਚ ਵੜ ਕੇ ਸੁਰੰਗ ਪੁਟਦਾ।ਪਹਿਰੇਦਰਾਂ ਦੇ ਜਾਣ ਉਪਰੰਤ ਸੁਰੰਗ ਵਿਚੋ ਕੱਢੀ ਮਿੱਟੀ ਸੀਖਾਂ ਰਾਹੀਂ ਅਖਾੜੇ ਵਿਚ ਸੁਟ ਦਿੰਦੇ ।ਇਕ ਤਪਾਈ ਉਪਰ ਕਪੜਾ ਰੱਖ ਕੇ ਉਤੋਂ ਮਿੱਟੀ ਜਮਾ ਕੇ ਕੰਮ ਖਤਮ ਕਰ ਦਿੰਦੇ ।ਇਹ ਕੰਮ ਕਈ ਦਿਨ ਚਲਦਾ ਰਿਹਾ ਤੇ ਅਖੀਰ ਤਿੰਨ ਜਣੇ ਇਸ ਸੁਰੰਗ ਰਾਹੀ ਜੇਲ਼ ਤੋ ਬਾਹਰ ਚਲੇ ਗਏ।ਇਨਾ ਸਾਥੀਆਂ ਦਾ ਬਾਹਰਲੇ ਸਾਥੀਆ ਨਾਲ ਪੂਰਾ ਤਾਲਮੇਲ ਸੀ।ਸਾਥੀ ਰੰਧਾਵਾ ਤੇ ਸਾਥੀ ਸਰੀਂਹ ਦੁਆਬੇ ਦੇ ਰਹਿਣ ਵਾਲੇ ਸਨ।ਇਸ ਲਈ ਫੈਸਲਾ ਹੋਇਆ ਕਿ ਇਹ ਸਾਥੀ ਦੁਆਬੇ ਦੀ ਥਾਂ ਮਾਲਵੇ ਵਲ ਭੱਜਣ ਤੇ ਕਾਮਰੇਡ ਵਧਾਵਾ ਰਾਮ ਵੀ ਉਹਨਾ ਨਾਲ ਜਾਵੇ।ਬਾਹਰਲੇ ਸਾਥੀਆਂ ਨੇ ਇਨਾ ਸਾਥੀਆਂ ਦੇ ਜੇਲ੍ਹ ਵਿਚੋ ਨਿਕਲਣ ਸਾਰ ਚੁੱਕ ਕੇ ਲਿਜਾਣ ਦਾ ਪ੍ਰਬੰਧ ਕੀਤਾ ਸੀ ਇਕ ਕਾਰ ਲਿਜਾਣ ਲਈ ਤੇ ਕੁਛ ਹਥਿਆਰਬੰਦ ਸਾਥੀ ਉਸ ਨਾਲ ਲਾਏ ਗਏ ਸਨ,ਪ੍ਰੰਤੂ ਭੱਜ ਨਠ ਕਾਰਣ ਦੋਹਾਂ ਦਾ ਆਪਸੀ ਮੇਲ ਨਾ ਹੋ ਸਕਿਆ।ਇਹ ਤਿੰਨੇ ਸਾਥੀ ਉਸ ਸਮੇ ਨੌਜਵਾਨ ਸਨ ਤੇ ਸਰੀਰ ਪੱਖੋਂ ਤਕੜੇ ਸਨ, ਪੈਦਲ ਹੀ ਮਾਲਵੇ ਵੱਲ ਭੱਜ ਤੁਰੇ ,ਦਿਨ ਚੜਨ ਤੋ ਪਹਿਲਾਂ ਜਗਰਾਵੀਂ ਪੁਜ ਗਏ।ੳਥੇ ਇਕ ਮਾਸਟਰ ਦੇ ਘਰ ਜਿਹੜਾ ਸੀ.ਪੀ .ਆਈ ਦਾ ਹਮਦਰਦ ਸੀ ਪਨਾਹ ਲੈ ਲਈ ਤੇ ਹੁਲੀਏ ਚੇਂਜ ਕੀਤੇ।ਉਸ ਸਵੇਰ ਦੇ ਅਖਬਾਰਾਂ ਵਿਚ ਇਹ ਗੱਲ ਆ ਗਈ ਤੇ ਬੱਚੇ ਬੱਚੇ ਦੀ ਮੂੰਹ ਤੇ ਜੇਲ੍ਹ ਤੋੜਣ ਦੀ ਗੱਲ ਸੀ॥ਪਾਰਟੀ ਸਾਥੀ ਤੇ ਹਮਦਰਦ ਪੂਰੇ ਉਤਸ਼ਾਹ ਤੇ ਜੋਸ਼ ਵਿਚ ਸਨ।ਰੰਧਾਵਾ ਜੀ ਦੱਸਿਆ ਕਰਦੇ ਸਨ ਕਿ ਉਸ ਘਰ ਦੀ ਬੀਬੀ ਨੇ ਉਨਾ ਦੀ ਬਹੁਤ ਉਤਸ਼ਾਹ ਨਾਲ ਸੇਵਾ ਕੀਤੀ। ਇਥੋ ਤੁਰ ਕਿ ੳਹ ਪਿੰਡ ਬੁੱਟਰ ਪੁਜ ਗਏ।ਇਥੇ ਕਾਮਰੇਡ ਰਾਜਿੰਦਰ ਸਿੰਘ ਸਰੀਂਹ ਦੇ ਨਾਨਕੇ ਸਨ ,ਇਥੇ ਇਨਾ ਦਾ ਮਾਮਾ ਜਾਂ ਮਾਮੇ ਦਾ ਪੁਤ ਲੱਠ ਮਾਰ ਤੇ ਪੁਲਿਸ ਨਾਲ ਤਾਲਮੇਲ ਰੱਖਣ ਵਾਲਾ ਸੀ।ਉਹ ਕਹਿਣ ਲੱਗਾ ਕੋਈ ਗਲ ਨੀ ਮੁੰਡਿਆਂ ਨੇ ਗਲਤੀ ਕਰ ਲਈ ਸਵੇਰੇ ਉਨਾ ਨੂੰ ਥਾਣੇ ਛੱਡ ਆਵਾਂਗੇ । ਇਹ ਸੁਣ ਕਿ ਸਾਥੀ ਘਬਰਾ ਗਏ ।ਰੋਟੀ ਖਾਣ ਉਪ੍ਰੰਤ ਉਹ ਤਰੁੰਤ ਤੁਰ ਪਏ ਤੇ ਪਿੰਡ ਬਿਲਾਸਪੁਰ ਪੁਹੰਚ ਗਏ,ਜਿਹੜਾ ਉਸ ਸਮੇ ਕਮਿਊਨਿਸਟ ਲਹਿਰ ਦਾ ਗੜ੍ਹ ਸੀ।ੳਥੇ ਕੁਝ ਸਮਾ ਕਾਮਰੇਡ ਹਰਨਾਮ ਸਿੰਘ ਦੇ ਘਰ ਰਹੇ।ਤੇ ਫਿਰ ਕਾਮਰੇਡ ਤੀਰਥ ਸਿੰਘ ਉਹਨਾ ਨੂੰ ਪੈਂਪਸੂ ਦੇ ਮੁਜਾਰੇ ਪਿੰਡਾਂ ਵਿਚ ਛੱਡ ਆਏ।ਇਥੇ ਕੁਝ ਸਮਾ ਗਜਾਰਨ ਉਪਰੰਤ ਕਾਮਰੇਡ ਵਧਾਵਾ ਰਾਮ ਤੇ ਕਾਮਰੇਡ ਸਰੀਂਹ ਨੂੰ ਹੋਰ ਥਾਂ ਕੰਮ ਲਈ ਭੇਜ ਦਿਤਾ ਗਿਆ। ਪਿੰਡ ਬੱਪੀਆਣਾ ਇਲਾਕਾ ਮਾਨਸਾ ਵਿਚ ਇਕ ਰਾਤ ਕੱਟਣ ਲਈ ਜਾ ਵੜਿਆ,ਗਰਮੀਆ ਦੇ ਮੌਸਮ ਵਿਚ ਸਾਥੀ ਦਾ ਘਰ ਭੀੜਾ ਸੀ ਉਸ ਨੇ ਗੁਪਤ ਕੰਮ ਦੀ ਉਲਘੰਣਾ ਕਰਕੇ ਕਾਮਰੇਡ ਵਧਾਵਾ ਰਾਮ ਨੂੰ ਗਲੀ ਵਿਚ ਪਾ ਦਿਤਾ।ਰਾਤ ਸਮੇ ਅਚਾਨਕ ਪੁਲਿਸ ਕਿਸੇ ਹੋਰ ਕੰਮ ਪਿੰਡ ਵਿਚ ਆਈ,ਪ੍ਰੰਤੂ ਕਾਮਰੇਡ ਨੇ ਸਮਝਿਆ ਉਹਦੇ ਲਈ ਆਈ ਹੈ।ਉਹ ਉਠ ਕਿ ਭੱਜ ਤੁਰਿਆ। ਪੁਲਿਸ ਨੂੰ ਸੱਕ ਪੈ ਗਿਆ।ਉਹਨਾ ੳਹਨੂੰ ਫੜ ਲਿਆ ਤੇ ਉਹਦੀ ਕੁੱਟ-ਮਾਰ ਕੀਤੀ। ਉਹਦੀ ਬੋਲੀ ਸੁਣ ਕਿ ਸ਼ੱਕ ਪੱਕੀ ਹੋ ਗਈ ।ਉਹਨਾ ਨੇ ਉਸ ਨੂੜ ਕਿ ਪਿੰਡ ਦੀ ਧਰਮਸ਼ਾਲਾ ਵਿਚ ਬਿਠਾ ਦਿਤਾ।ਇਥੋ ਕੁਝ ਕਿਲੋਮੀਟਰ ਦੂਰ ਪਿੰਡ ਦਲੇਲ ਸਿੰਘ ਵਾਲਾ ਵਿਖੇ ਪਾਰਟੀ ਦਾ ਪੱਕਾ ਅੱਡਾ ਸੀ ਉਥੇ ਲੀਡਰਸ਼ਿਪ ਦਾ ਕੋਈ ਨਾ ਕੋਈ ਆਗੂ ਤੇ ਵਲੰਟੀਅਰ ਸਾਥੀ ਹਰ ਸਮੇ ਰਹਿੰਦੇ ਸਨ।ਇਹ ਖਬਰ ਉਥੇ ਉਹਨਾ ਨੂੰ ਪਹੁੰਚਾਈ ਗਈ।ਉਸ ਦਿਨ ਕਾਮਰੇਡ ਤੇਜਾ ਸਿੰਘ ਸੁਤੰਤਰ ਉਥੇ ਹਾਜਰ ਸਨ।ਉਹਨਾ ਨੇ ਤੁਰੰਤ ਵਲੰਟੀਅਰਾਂ ਨੂੰ ਇਕਠੇ ਕੀਤਾ,ਆਪ ਉਹਨਾ ਦੀ ਅਗਵਾਈ ਕਰਕੇ ਬੱਪੀਆਣਾ ਵੱਲ ਤੁਰ ਪਏ।ਉਸ ਸਮੇ ਧਰਮਸ਼ਾਲਾ ਦਾ ਆਲਾ ਦੁਆਲਾ ਦੇਖਿਆ ਗਿਆ।ਪੁਲਿਸ ਵਾਲੇ ਜਾਗ ਰਹੇ ਸਨ ਤੇ ਚੌਕਸ ਸਨ।ਹਾਲਤ ਦਾ ਜਾਇਜਾ ਲਿਆ ਉਥੇ ਹਮਲਾ ਕਰਨਾ ਠੀਕ ਨਹੀਂ ਸੀ।ਗੋਲੀ ਚਲਨ ਨਾਲ ਦੋਹਾ ਧਿਰਾ ਦਾ ਨੁਕਸਾਨ ਹੋ ਸਕਦਾ ਸੀ।ਸੰਭਵ ਇਹ ਵੀ ਸੀ ਕਿ ਕੋਈ ਗੋਲੀ ਸਾਥੀ ਵਧਾਵਾ ਰਾਮ ਦੇ ਲੱਗ ਸਕਦੀ ਸੀ।ਗਰਨੇਡ ਆਦਿ ਦੀ ਵਰਤੋ ਨਾਲ ਵੀ ਸਾਥੀ ਦਾ ਨੁਕਸਾਨ ਹੋ ਸਕਦਾ ਸੀ ਇਸ ਲਈ ਹਮਲਾ ਨਾ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਮਜਬੂਰਨ ਕਾਮਰੇਡ ਤੇਜਾ ਸਿੰਘ ਸੁਤੰਤਰ ਤੇ ਵਲੰਟੀਅਰਾ ਨੂੰ ਖਾਲੀ ਹੱਥ ਮੁੜਨਾ ਪਿਆ ਤੇ ਉਹ ਪੁਹ-ਫੁਟਾਲੇ ਨਾਲ ਹੀ ਪਿੰਡ ਪੁੱਜ ਸਕੇ।ਕਾਮਰੇਡ ਵਧਾਵਾ ਰਾਮ ਨੂੰ ਜੇਲ੍ਹ ਤੋੜਨ ਕਾਰਨ ਸਜਾ ਹੋ ਗਈ । 1952 ਦੀਆ ਇਲੈਂਕਸ਼ਨਾ ਵਿਚ ਉਹ ਫਾਜਲਿਕਾ ਹਲਕੇ ਤੋਂ ਅਸੰਬਲੀ ਚੋਣ ਜਿਤ ਕਿ ਅਸੰਬਲੀ ਵਿਚ ਜਾ ਕੇ ਡਟ ਕੇ ਲੋਕਾਂ ਦੇ ਹਿਤਾਂ ਵਿਚ ਸੰਘਰਸ ਕੀਤਾ ।ਅੱਜ ਸਾਥੀ ਵਧਾਵਾ ਰਾਮ ਸਾਡੇ ਵਿਚ ਨਹੀ ,ਪ੍ਰੰਤੂ ਉਹਦੀਆ ਯਾਦਾਂ ਸਾਡੇ ਮਨਾ ਵਿਚ ਕਾਇਮ ਹਨ। ਲੇਖਕ: ਸਰਜੀਤ ਸਿੰਘ ਗਿੱਲ



Wednesday, September 23, 2009

ਵੇ ਪਰਦੇਸੀਆ - ਫੈਜ਼ ਅਹਿਮਦ ਫੈਜ਼

Faiz Ahmed Faiz

ਕਾਗ  ਉਡਾਵਾਂ
ਸ਼ਗਨ  ਮਨਾਵਾਂ
ਵਗਦੀ  ਹਵਾ  ਦੇ  ਤਰਲੇ  ਪਾਵਾਂ

 



ਕਾਗ  ਉਡਾਵਾਂ
ਸ਼ਗਨ  ਮਨਾਵਾਂ
ਵਗਦੀ  ਹਵਾ  ਦੇ  ਤਰਲੇ  ਪਾਵਾਂ
ਤੇਰੀ  ਯਾਦ  ਪਵੇ  ਤੇ  ਰੋਵਾਂ
ਤੇਰਾ  ਜਿਕਰ  ਕਰਾਂ   ਤੇ  ਹੱਸਾਂ
ਮਾਹੀਆ  ਕਿਧਰੇ  ਨਾ  ਪੈਂਦੀਆਂ  ਦੱਸਾਂ
ਵੇ  ਪਰਦੇਸੀਆ    ਵੇ  ਪਰਦੇਸੀਆ
ਤੇਰੀਆਂ  ਕਿਧਰੇ  ਨਾ  ਪੈਂਦੀਆਂ  ਦੱਸਾਂ

ਸ਼ਾਮ  ਉਡੀਕਾਂ  ਫਜਰ  ਉਡੀਕਾਂ
ਆਖੇਂ  ਤੇ  ਸਾਰੀ  ਉਮਰ  ਉਡੀਕਾਂ
ਸ਼ਾਮ  ਉਡੀਕਾਂ  ਫਜਰ  ਉਡੀਕਾਂ
ਆਖੇਂ  ਤੇ  ਸਾਰੀ  ਉਮਰ  ਉਡੀਕਾਂ
ਆਂਢ  ਗਵਾਂਢੀ  ਦੀਵੇ  ਬਲਦੇ
ਰੱਬਾ  ਸਾਡਾ  ਚਾਨਣ  ਘੱਲ  ਦੇ
ਤੇਰੀ  ਯਾਦ  ਪਵੇ  ਤੇ  ਰੋਵਾਂ
ਤੇਰਾ  ਜਿਕਰ  ਕਰਨ  ਤੇ  ਹੱਸਾਂ
ਮਾਹੀਆ  ਕਿਧਰੇ  ਨਾ  ਪੈਂਦੀਆਂ  ਦੱਸਾਂ
ਵੇ  ਪਰਦੇਸੀਆ    ਵੇ  ਪਰਦੇਸੀਆ
ਤੇਰੀਆਂ  ਕਿਧਰੇ  ਨਾ  ਪੈਂਦੀਆਂ  ਦੱਸਾਂ

ਦਰਦ  ਨਾ  ਦੱਸਾਂ  ਘੁਲਦੀ  ਜਾਵਾਂ
ਰਾਜ਼  ਨਾ  ਖੋਲ੍ਹਾਂ  ਰੁਲਦੀ  ਜਾਵਾਂ
ਦਰਦ  ਨਾ  ਦੱਸਾਂ  ਘੁਲਦੀ  ਜਾਵਾਂ
ਰਾਜ਼  ਨਾ  ਖੋਲ੍ਹਾਂ  ਰੁਲਦੀ  ਜਾਵਾਂ
ਕਿਸ  ਨੋ  ਦਿਲ  ਦੇ  ਦਾਗ  ਵਿਖਾਵਾਂ
ਕਿਸ  ਦਰ  ਅਗੇ  ਝੋਲੀ  ਡਾਹਵਾਂ
ਤੇਰੀ  ਯਾਦ  ਪਵੇ  ਤੇ  ਰੋਵਾਂ
ਤੇਰਾ  ਜਿਕਰ  ਕਰਨ  ਤੇ  ਹੱਸਾਂ
ਮਾਹੀਆ  ਕਿਧਰੇ  ਨਾ  ਪੈਂਦੀਆਂ  ਦੱਸਾਂ
ਵੇ  ਪਰਦੇਸੀਆ    ਵੇ  ਪਰਦੇਸੀਆ
ਤੇਰੀਆਂ  ਕਿਧਰੇ  ਨਾ  ਪੈਂਦੀਆਂ  ਦੱਸਾਂ

ਸ਼ਾਮ  ਉਡੀਕਾਂ  ਫਜਰ  ਉਡੀਕਾਂ
ਆਖੇਂ  ਤੇ  ਸਾਰੀ  ਉਮਰ  ਉਡੀਕਾਂ
ਸ਼ਾਮ  ਉਡੀਕਾਂ  ਫਜਰ  ਉਡੀਕਾਂ
ਆਖੇਂ  ਤੇ  ਸਾਰੀ  ਉਮਰ  ਉਡੀਕਾਂ
ਆਂਢ  ਗਵਾਂਢੀ  ਦੀਵੇ  ਬਲਦੇ
ਰੱਬਾ  ਸਾਡਾ  ਚਾਨਣ  ਘੱਲ  ਦੇ
ਤੇਰੀ  ਯਾਦ  ਪਵੇ  ਤੇ  ਰੋਵਾਂ
ਤੇਰਾ  ਜਿਕਰ  ਕਰਨ  ਤੇ  ਹੱਸਾਂ
ਮਾਹੀਆ  ਕਿਧਰੇ  ਨਾ  ਪੈਂਦੀਆਂ  ਦੱਸਾਂ
ਵੇ  ਪਰਦੇਸੀਆ    ਵੇ  ਪਰਦੇਸੀਆ
ਤੇਰੀਆਂ  ਕਿਧਰੇ  ਨਾ  ਪੈਂਦੀਆਂ  ਦੱਸਾਂ

Thursday, September 17, 2009

ਦੋ ਮਿੰਟ ਦੀ ਵੀਡਿਓ ਜਿਸਨੇ ਪਾਕਿਸਤਾਨ ਨੂੰ ਹਿਲਾ ਦਿੱਤਾ






ਪਾਕਿਸਤਾਨ ਸਵੈਟ ਘਾਟੀ ਵਿਚ ਇਕ ੧੪ ਸਾਲਾਂ ਦੀ ਕੁੜੀ ਚਾਂਦ ਨੂੰ ਆਪਣੇ ਹਾਣੀ ਨੌਜਵਾਨ ਅਦਾਲਤ ਖਾਨ ਨਾਲ ਪ੍ਰੇਮ ਸੰਬੰਧ ਹੋਣ ਦੇ ਸ਼ੱਕ ਕਾਰਨ ਸਜਾ ਦਿਤੀ ਜਾ ਰਹੀ ਹੈ ι ਕੁੜੀ ਚੀਕਾਂ ਮਾਰਦੀ ਹੋਈ ਪਸ਼ਤੋ ਵਿਚ ਕਹਿ ਰਹੀ ਹੈ " ਮੇਨੂੰ ਮਾਰ ਦਿਓ ਜਾਂ ਰੁਕ ਜਾਓ " ι ਦਸਤਾਵੇਜ਼ੀ ਫਿਲਮਾਂ ਬਣਾਉਣ ਵਾਲੀ ਇਕ ਬਹਾਦਰ ਔਰਤ ਸਮਰ ਮਿਨਾਲਾ ਨੇ ਇਹ ਵੀਡਿਓ ਸਥਾਨਕ ਮੀਡੀਏ ਨੂੰ ਜਾਰੀ ਕੀਤੀ ਪਰ ਓਹਨਾਂ ਚੁਪ ਹੀ ਭਲੀ ਸਮਝੀ ι ਫਿਰ ਉਸਨੇ ਇਸਲਾਮਾਬਾਦ ਵਿਚਲੇ ਬਦੇਸ਼ੀ ਪਤਰਕਾਰਾਂ ਨੂੰ ਵੀਡਿਓ ਭੇਜੀ ਤੇ ੨ ਅਪਰੈਲ ੨੦੦੯ ਨੂੰ ਬਦੇਸ਼ੀ ਮੀਡੀਆ ਵਿਚ ਪ੍ਰਕਾਸ਼ਿਤ ਹੋਈ ι

Tuesday, September 15, 2009

ਤੂੰ ਲਹਿਰ ਹੋਕੇ ਮਿਲ ਲੈ - ਸੁਰਜੀਤ ਪਾਤਰ



[caption id="attachment_16" align="aligncenter" width="500" caption="Surjit Patar"]Surjit Patar[/caption]


English Translation :-


Meet the river once as a wave


why are you crossing it again and again.