Monday, June 28, 2010

ਭੋਲਿਆ ਤੂੰ ਜੱਗ ਦਾ ਅੰਨਦਾਤਾ -ਫੈਜ਼

ਫੈਜ਼ ਕਹਿੰਦਾ ਹੁੰਦਾ ਸੀ ਕਿ ਉਹ ਖਰੀ ਲੋਕਰਾਜੀ ਕਵਿਤਾ ਸਿਰਫ ਪੰਜਾਬੀ ਵਿੱਚ ਲਿਖ ਸਕਦਾ ਹੈ .ਪੇਸ਼ ਹੈ  ਕਿਸਾਨ ਨੂੰ ਆਪਣੀ ਗੂੜ੍ਹੀ ਨੀਂਦ ਤੋਂ ਜਾਗਣ ਦਾ ਸੱਦਾ ਦਿੰਦੀ ਫੈਜ਼ ਦੀ ਪੰਜਾਬੀ ਕਵਿਤਾ :


ਉੱਠ ਉਤਾਂਹ ਨੂੰ ਜੱਟਾ


ਮਰਦਾ ਕਿਉਂ ਜਾਏਂ


ਭੋਲਿਆ! ਤੂੰ ਜੱਗ ਦਾ ਅੰਨਦਾਤਾ


ਤੇਰੀ ਬੰਦੀ ਧਰਤੀ ਮਾਤਾ


ਤੂੰ ਜੱਗ ਦਾ ਪਾਲਣਹਾਰ


ਤੇ ਮਰਦਾ ਕਿਉਂ ਜਾਏਂ


ਉੱਠ ਉਤਾਂਹ ਨੂੰ ਜੱਟਾ


ਮਰਦਾ ਕਿਉਂ ਜਾਏਂ


ਜਰਨਲ ਕਰਨਲ ਸੂਬੇਦਾਰ


ਡਿਪਟੀ ਡੀ ਸੀ ਠਾਣੇਦਾਰ


ਸਾਰੇ ਤੇਰਾ ਦਿੱਤਾ ਖਾਵਣ


ਤੂੰ ਜੇ ਨਾ ਬੀਜੇਂ


ਤੂੰ ਜੇ ਨਾ ਗਾਹੇਂ


ਭੁੱਖੇ ਭਾਣੇ ਸਭ ਮਰ ਜਾਵਣ


ਐਹ ਚਾਕਰ ਤੂੰ ਸਰਕਾਰ


ਤੇ ਮਰਦਾ ਕਿਉਂ ਜਾਏਂ


ਉੱਠ ਉਤਾਂਹ ਨੂੰ ਜੱਟਾ


ਮਰਦਾ ਕਿਉਂ ਜਾਏਂ


ਵਿੱਚ ਕਚਹਿਰੀ ਚੌਂਕੀ ਥਾਣੇ


ਕੀ ਅਨਭੋਲ ਤੇ ਕੀ ਸਿਆਣੇ


ਕੀ ਅਸਰਾਫ਼ ਤੇ ਕੀ ਨਿਮਾਣੇ


ਸਾਰੇ ਖੱਜਲ ਖੁਆਰ


ਤੇ ਮਰਦਾ ਕਿਉਂ ਜਾਏਂ


ਉੱਠ ਉਤਾਂਹ ਨੂੰ ਜੱਟਾ


ਮਰਦਾ ਕਿਉਂ ਜਾਏਂ


ਏਕਾ ਕਰ ਲਓ ਹੋ ਜੋ 'ਕੱਠੇ


ਭੁੱਲ ਜਾਓ ਰੰਘੜ ਚੀਮੇ ਚੱਠੇ


ਸੱਭੇ ਦਾ ਇੱਕ ਪਰਵਾਰ


ਤੇ ਮਰਦਾ ਕਿਉਂ ਜਾਏਂ


ਉੱਠ ਉਤਾਂਹ ਨੂੰ ਜੱਟਾ


ਮਰਦਾ ਕਿਉਂ ਜਾਏਂ


ਜੇ ਚੜ੍ਹ ਆਵਣ ਫੌਜਾਂ ਵਾਲੇ


ਤੂੰ ਵੀ ਛਵੀਆਂ ਲੰਬ ਕਰਾ  ਲੇ


ਤੇਰਾ ਹੱਕ ਤੇਰੀ ਤਲਵਾਰ


ਤੇ ਮਰਦਾ ਕਿਉਂ ਜਾਏਂ


ਉੱਠ ਉਤਾਂਹ ਨੂੰ ਜੱਟਾ


ਮਰਦਾ ਕਿਉਂ ਜਾਏਂ



Monday, June 21, 2010

ਮੇਰੀ ਡੋਲੀ ਸ਼ੋਹ ਦਰਿਆ --ਫੈਜ਼ میری ڈولی شوہ دریا- فیض

(ਪਾਕਿਸਤਾਨ ਵਿੱਚ 1974 ਦੇ ਹੜ੍ਹ ਪੀੜਿਤਾਂ ਲਈ ਇਮਦਾਦੀ ਫ਼ੰਡ ਦੇ ਲਈ ਲਿਖੀ  ਗਈ)

ਕਲ ਤਾਈਂ ਸਾਨੂੰ ਬਾਬਲਾ
ਤੂ  ਰੱਖਿਆ ਹਿੱਕ ਨਾਲ ਲਾ
ਸੱਤ ਖ਼ੈਰਾਂ ਸਾਡੀਆਂ ਮੰਗੀਆਂ
ਜਦ ਝੁੱਲੀ ਤੱਤੀ 'ਵਾ
ਅੱਜ  ਕੀਕਣ ਵਿਹੜਿਉਂ  ਤੋਰਿਆ
ਕਿਵੇਂ ਲਾਹੇ ਨੇ ਮੇਰੇ ਚਾਅ
ਮੇਰੇ ਗਹਿਣੇ ਨੀਲ ਹੱਥ ਪੈਰ ਦੇ
ਮੇਰੀ ਡੋਲੀ ਸ਼ੋਹ ਦਰਿਆ
ਅੱਜ ਲੱਥੇ ਸਾਰੇ ਚਾਅ
ਮੇਰੀ ਡੋਲੀ ਸ਼ੋਹ ਦਰਿਆ
ਨਾਲ ਰੁੜ੍ਹਦੀਆਂ ਰੁੜ੍ਹ ਗਈਆਂ  ਸੱਧਰਾਂ
ਨਾਲ ਰੋਂਦਿਆਂ ਰੁਲ ਗਏ ਨੀਰ
ਨਾਲ ਹੂੰਝ  ਹੂੰਝ  ਕੇ ਲੈ  ਗਏ
ਮੇਰੇ ਹੱਥ ਦੀ ਲਿਖ ਲਕੀਰ
ਮੇਰੀ ਚੁੰਨੀ ਬੁੱਕ ਸਵਾਹ  ਦੀ
ਮੇਰਾ ਚੋਲਾ ਲੀਰੋ  ਲੀਰ
ਲੱਜ ਪਾਲਣ ਬਹੁੜੇ ਭੈਣ ਦੀ
ਕੋਈ ਕਰਮਾਂ ਵਾਲੇ ਵੀਰ
ਮੇਰੇ ਕਰਮਾਂ ਵਾਲੇ ਵੀਰ
ਮੇਰਾ ਚੋਲਾ ਲੀਰੋ  ਲੀਰ
ਮੇਰੇ ਲੱਥੇ ਸਾਰੇ ਚਾਅ
ਮੇਰੀ ਡੋਲੀ ਸ਼ੋਹ ਦਰਿਆ
ਸੱਸੀ ਮਰ ਕੇ ਜਨਤਨ ਹੋ ਗਈ
ਮੈਂ ਤੁਰ ਕੇ ਔਤਰ ਹਾਲ
ਸੁਣ ਹਾੜੇ ਇਸ ਮਸਕੀਨ ਦੇ
ਰੱਬਾ ਪੂਰਾ ਕਰ ਸਵਾਲ
ਮੇਰੀ ਝੋਕ ਵੱਸੇ, ਮੇਰਾ ਵੀਰ ਵੱਸੇ
ਫਿਰ ਤੇਰੀ ਰਹਿਮਤ ਨਾਲ
ਕੋਈ ਪੂਰਾ ਕਰੇ ਸਵਾਲ ਰੱਬਾ
ਤੇਰੀ ਰਹਿਮਤ ਨਾਲ
ਮੇਰੇ ਲੱਥੇ ਸਾਰੇ ਚਾਅ
ਮੇਰੀ ਡੋਲੀ ਸ਼ੋਹ ਦਰਿਆ


(74ء کے سیلاب زدوں کے امدادی فنڈ کے لیے لکھے گئی)


کل تائیں سانوں بابلا
تو رکھّیا ہِک نال لا
سَت خیراں ساڈیاں منگیاں
جد جُھلّی تتّی وا
اَج کیکن ویہڑیوں ٹوریا
کویں لاہے نی میرے چاء
میرے گہنے نیل ہتھ پیر دے
میری ڈولی شوہ دریا
اَج لتھّے سارے چاء
میری ڈولی شوہ دریا
نال رُہڑدیاں رُڑھ گیاں سدّھراں
نال روندیاں رُل گئے نیر
نال ہُونج ہُونج کے لَے گئے
میرے ہتھ دی لیکھ لکیر
میری چُنّی بک سواہ دی
میرا چولا لِیر و لِیر
لج پالن بَوہڑے بھین دی
کوئی کرماں والے وِیر
میرے کرماں والے وِیر
میرا چولا لِیر و لِیر
میرے لتّھے سارے چاء
میری ڈولی شوہ دریا
سسّی مر کے جنتن ہوگئی
میں تر کے اَوتر حال
سُن ہاڑے اِس مسکین دے
ربّا پورا کر سوال
میری جھوک وَسّے، میرا ویر وَسّے
فیر تیری رحمت نال
کوئی پُورا کرے سوال ربّا
تیری رحمت نال
میرے لتّھے سارے چاء
میری ڈولی شوہ دریا

Saturday, June 19, 2010

ਤਿੰਨ ਗ਼ਜ਼ਲਾਂ ---ਬਲਬੀਰ ਆਤਸ਼

1
ਖਿੰਡਰੇ ਪੁੰਡਰੇ ਉੱਜੜੇ ਘਰ 'ਚੋਂ ਕੀ ਉੱਭਰੇਗਾ ਆਖ਼ਰ ਨੂੰ।
ਇਹੋ ਸੋਚ ਹੈ ਖਾਈ ਜਾਂਦੀ ਦਿਲ ਵਿਚ ਬੈਠੇ ਸ਼ਾਇਰ ਨੂੰ।
ਬੀਜ ਗਏ ਹੋ ਚੁੱਪ ਚੁਪੀਤੇ ਸਾਡੇ ਪਿੰਡਿਆਂ 'ਤੇ ਕੰਡਿਆਈ,
ਖ਼ਬਰ ਹੋਈ ਨਾ ਮਾਸ ਨੂੰ  ਸਾਡੇ, ਨਾ ਦਿਲ ਨੂੰ, ਨਾ ਆਂਦਰ ਨੂੰ।
ਆਪਣੀ ਮਿੱਟੀ 'ਚੋਂ ਜੜ੍ਹ  ਉੱਖੜੀ ਜਾਂਦੀ ਹੈ ਕਿਉਂ ਬਿਰਖਾਂ  ਦੀ,
ਕਿਸ ਨੂੰ ਦੇਈਏ ਦੋਸ਼  ਏਸ ਦਾ, ਧਰਤੀ ਨੂੰ ਜਾਂ ਅੰਬਰ ਨੂੰ?
ਤਾਰਾਂ ਦੇ ਵਿਚ ਉਲਝੀ  ਤਿੱਤਲੀ ਤੜਪਾ ਰਹੀ ਹੈ ਫੁੱਲਾਂ ਨੂੰ,
ਬੂਟਾਂ ਥੱਲੇ ਮਿੱਧੇ  ਫੁੱਲ ਹਨ ਘੂਰ ਰਹੇ ਇਕ ਅੰਬਰ ਨੂੰ।
ਬਿਜੜਿਆਂ ਵਤ ਤਿਣਕਾ  ਤਿਣਕਾ ਚੁੱਗ ਕੇ ਘਰ ਤਾਂ ਛੱਤ ਲਈਏ,
ਬਾਲਾਂਗੇ ਪਰ ਇਸ ਵਿਚ  ਕਿੱਥੋਂ ਧੁੱਪ ਦੀ ਗੋਰੀ ਕਾਤਰ ਨੂੰ।
0
2
ਤੇਰੇ ਰੇਤ ਹੋਏ ਦਰਿਆਵਾਂ  ਵਿਚ ਨਾ ਡੁੱਬ ਹੋਏ ਨਾ ਤਰ ਹੋਵੇ।
ਤੇਰੀ ਮਿੱਟੀ ਹੋਈ ਮਤਰੇਈ ਦਾ ਕੀ ਦੋਸ਼ ਕਿਸੇ ਸਿਰ ਧਰ ਹੋਵੇ।
ਹੱਥਾਂ 'ਤੇ ਕੰਡੇ ਉੱਗ ਆਏ ਛਾਂ ਪਿੰਡਿਆਂ ਦੀ ਅੱਗ ਲਾਉਂਦੀ  ਹੈ,
ਹੁਣ ਬੰਦਿਆਂ ਅਤੇ ਦਰਖ਼ਤਾਂ  ਵਿਚ ਕੋਈ ਭੇਤ ਨਾ ਸਾਥੋਂ ਕਰ ਹੋਵੇ।
ਉਸ ਰਿਸ਼ਤੇ ਦਾ ਕੀ ਨਾਂ ਰੱਖੀਏ, ਉਸ ਬਸਤੀ ਨੂੰ ਕੀ ਕਹਿ ਸੱਦੀਏ,
ਜਿੱਥੇ ਰੋਜ਼ ਤਿੜਕਦੇ  ਹਨ ਰਿਸ਼ਤੇ ਤੇ ਨਿੱਤ ਉੱਜੜਦਾ ਘਰ ਹੋਵੇ।
ਕਿਉਂ ਚੀਖ਼ਾਂ ਦੇ ਇਸ ਜੰਗਲ ਵਿਚ ਸਾਰਾ ਕੁਝ ਰਲਗੱਡ ਹੋਇਆ ਹੈ,
ਨਾ ਆਪਣੀ ਚੀਖ਼  ਪਛਾਣ ਹੋਵੇ, ਨਾ ਜੰਗਲ ਦਾ ਭੈਅ ਹਰ ਹੋਵੇ।
ਇਹ ਪੀੜ ਕੇਹੀ ਜੋ ਹੱਥਾਂ 'ਤੇ ਲਿਖ ਹੋਣੀ ਕਿਧਰੇ ਖਿਸਕ ਗਈ,
ਇਸ ਪੀੜ ਦੀ ਹੈ ਤਾਸੀਰ  ਕੇਹੀ, ਨਾ ਮਰ ਹੋਵੇ ਨਾ ਜਰ ਹੋਵੇ।
ਹਰ ਬੂਹੇ ਚਿੱਪਰਾਂ ਲੱਥੀਆਂ ਹਨ ਉੱਕਰੇ ਹਨ ਜ਼ਖ਼ਮ ਹਾਲਾਤਾਂ ਨੇ,
ਜੀਹਦੀ ਸਰਦਲ ਨਹੀਂ ਧੁਆਂਖ ਹੋਈ ਕੋਈ ਇਕ ਤਾਂ ਐਸਾ ਘਰ ਹੋਵੇ।
ਕੀ ਗਾਲ੍ਹ ਦਿਆਂ ਉਨ੍ਹਾਂ  ਪਿੱਪਲਾਂ ਨੂੰ, ਬੋਹੜਾਂ ਨੂੰ, ਬੁੱਢਿਆਂ ਰੁੱਖਾਂ  ਨੂੰ,
ਜਿਨ੍ਹਾਂ  ਕੋਲੋਂ ਮਰਦੀਆਂ ਚਿੜੀਆਂ ਲਈ ਇਕ ਹੌਕਾ ਤੱਕ ਨਾ ਭਰ ਹੋਵੇ।
ਇਨ੍ਹਾਂ  ਆਪ ਬਣਾਈਆਂ  ਛੱਤਾਂ ਦੀ ਹੁਣ ਮਿੱਟੀ ਸਿਰ ਵਿਚ ਕਿਰਦੀ  ਹੈ,
ਨਾ ਭੇਤ ਲੁਕਾਇਆਂ  ਲੁਕ ਹੋਵੇ, ਨਾ ਚੁੱਪ ਕੀਤਿਆਂ ਸਰ ਹੋਵੇ।
0

ਰੇਜ਼ਾ ਰੇਜ਼ਾ ਹੋ ਗਈ  ਪੱਤੀ ਗ਼ੁਲਾਬ ਦੀ।
ਉੱਡਦੀ ਹੈ ਮਿੱਟੀ  ਦੂਰ ਤੱਕ ਖ਼ਾਨਾ ਖ਼ਰਾਬ ਦੀ।
ਕਿਸ 'ਤੇ ਗਿਲਾ ਕਰਾਂ  ਮੈਂ ਕਿਸ 'ਤੇ ਉਜਰ ਕਰਾਂ
ਹਰਫ਼ਾਂ ਦੇ ਹੱਥੋਂ ਹੋ ਰਹੀ ਦੁਰਮਤ ਕਿਤਾਬ ਦੀ।
ਲੱਕੜ ਹੈ ਚਿੱਟੇ ਮਹਿਲ ਦੀ ਸਰਦਲ ਦੇ ਨਾਲ ਦੀ,
ਕੱਟੀ ਹੈ ਜਿਸ 'ਤੇ  ਰੱਖ ਕੇ ਗਰਦਨ ਉਕਾਬ ਦੀ।
ਭੁੱਲਿਆ ਸਲੀਕਾ ਸ਼ਹਿਰ ਨੂੰ ਪੀਵਣ ਪਿਆਣ ਦਾ,
ਤੋੜੀ ਪਈ ਹੈ ਚੌਂਕ ਵਿਚ ਬੋਤਲ ਸ਼ਰਾਬ ਦੀ।
ਬਲਦੇ ਸਿਵੇ ਦੇ ਬੁਝਣ ਤੱਕ ਸੂਰਜ ਦੇ ਚੜ੍ਹਨ ਤੱਕ
ਛੇੜਾਂਗਾ ਮੈਂ ਹੀ ਦੇਖਣਾ  ਸਰਗਮ ਰਬਾਬ ਦੀ।

Thursday, June 17, 2010

ਕਿਸਦਾ ਕਸੂਰ ?

ਉਜਬੇਕਸਤਾਨ ਵਿੱਚ ਦਾਖਲ ਹੋਣ ਲਈ ਇੰਤਜ਼ਾਰ ਕਰ ਰਹੇ ਉਜਬੇਕ ਲੋਕ


ਉਜਬੇਕ ਸ਼ਰਨਾਰਥੀ ਸਰਹਦ ਪਾਰ ਕਰ ਰਹੇ ਹਨ -ਫੋਟੋ ਓਕਸਾਨਾ ਓਨਿਪਕੋ


ਅਦੀਨਾ ਹੈਦ੍ਰੋਵਾ ਨੂੰ ਜਲਾਲਾਬਾਅਦ ਤੋਂ ਨਿਕਲ ਕੇ ਆਉਣ ਲਈ ੧੪ ਘੰਟੇ ਲੱਗੇ.ਭੂਖੇ,ਥੱਕੇ ,ਸੁੱਜੇ ਪੈਰ ਤੇ ਇਹ ਇਹ ਖੌਫਨਾਕ ਦੇਸ਼ਨਿਕਾਲਾ. ਉਹਦੇ ਕੋਲ ਕੁਝ ਕੁ ਗਠੜੀਆਂ  ਹਨ ,ਦੋ ਪੋਤਰੀਆਂ ਤੇ ਬੀਮਾਰ ਪਤੀ ਹੈ.ਪਿਛੇ ਰਹਿ ਗਈ ਹੈ ਉਹ ਕਿਰਗੀਜ਼ ਫਸਾਦੀ ਭੀੜ ਜਿਸਨੇ ਚਾਰ ਲੈਨਿਨ ਸਟ੍ਰੀਟ ਵਿੱਚ ਉਸਦਾ ਘੁੱਗ ਵੱਸਦਾ ਘਰ ਜਲਾ ਦਿੱਤਾ. ਚਾਰ ਰਾਤਾਂ ਉਹਨਾਂ ਨੇ ਖੁਲ੍ਹੇ ਆਸਮਾਂ ਹੇਠ ਭੁੰਜੇ ਸਾਉਣ ਕੇ ਕਟੀਆਂ ਹਨ .ਅੱਗੇ ਚਲਦੀ ਰਹਿਣੀ ਹੈ ਉਜਾੜੇ ਦੀ ਇਹ ਲੰਮੀ ਦਾਸਤਾਨ ਜਿਸਦੇ ਵੇਰਵਿਆਂ ਤੋਂ ਪੰਜਾਬੀ ਲੋਕ ਭਲੀਭਾਂਤ ਵਾਕਫ ਹਾਂ .

ਰੌਸ਼ਨ ਜਮਾਲ-ਏ-ਯਾਰ ਸੇ ਹੈ ਅੰਜੁਮਨ ਤਮਾਮ-ਹਸਰਤ ਮੋਹਾਨੀ

ਰੌਸ਼ਨ ਜਮਾਲ-ਏ-ਯਾਰ ਸੇ ਹੈ ਅੰਜੁਮਨ ਤਮਾਮ
ਦਹਕਾ ਹੁਆ ਹੈ ਆਤਿਸ਼-ਏ-ਗੁਲ ਸੇ ਚਮਨ ਤਮਾਮ

ਹੈਰਤ ਗੁਰੂਰ-ਏ-ਹੁਸਨ ਸੇ ਸ਼ੋਖ਼ੀ ਸੇ ਇਜ਼ਤਰਾਬ

ਦਿਲ ਨੇ ਭੀ ਤੇਰੇ ਸੀਖ ਲਿਏ ਹੈਂ ਚਲਨ ਤਮਾਮ

ਅੱਲਾਹ ਹੁਸਨ -ਏ-ਯਾਰ ਕੀ ਖ਼ੂਬੀ ਕੇ ਖ਼ੁਦ-ਬ-ਖ਼ੁਦ

ਰੰਗੀਨੀਉਂ   ਮੇਂ ਡੂਬ ਗਯਾ ਪੈਰਹਨ ਤਮਾਮ

ਦੇਖੋ ਤੋ ਹੁਸਨ -ਏ-ਯਾਰ ਕੀ ਜਾਦੂ ਨਿਗਾਹਾਂ

ਬੇਹੋਸ਼ ਇਕ ਨਜ਼ਰ ਮੇਂ ਹੁਈ ਅੰਜੁਮਨ ਤਮਾਮ

Wednesday, June 16, 2010

ਅੰਮ੍ਰਿਤਸਰ ਆ ਗਿਆ ਹੈ–ਭੀਸ਼ਮ ਸਾਹਨੀ ਦੀ ਕਹਾਣੀ




ਗੱਡੀ ਦੇ ਡਿੱਬੇ ਵਿੱਚ ਬਹੁਤ ਮੁਸਾਫਿਰ ਨਹੀਂ ਸਨ । ਮੇਰੇ ਸਾਹਮਣੇ ਵਾਲੀ ਸੀਟ ਤੇ ਬੈਠੇ ਸਰਦਾਰ ਜੀ ਦੇਰ ਤੋਂ ਮੈਨੂੰ ਲਾਮ ਦੇ ਕਿੱਸੇ ਸੁਣਾਉਂਦੇ ਰਹੇ ਸਨ ਉਹ ਲਾਮ ਦੇ ਦਿਨਾਂ ਵਿੱਚ ਬਰਮਾ ਦੀ ਲੜਾਈ ਵਿੱਚ ਭਾਗ ਲੈ ਚੁੱਕੇ ਸਨ ਅਤੇ ਗੱਲ – ਗੱਲ ਤੇ ਖੀ – ਖੀ ਕਰਕੇ ਹੱਸਦੇ ਅਤੇ ਗੋਰੇ ਫੌਂਜੀਆਂ ਦੀ ਖਿੱਲੀ ਉੜਾਉਂਦੇ ਰਹੇ ਸਨ । ਡਿੱਬੇ ਵਿੱਚ ਤਿੰਨ ਪਠਾਨ ਵਪਾਰੀ ਵੀ ਸਨ , ਉਨ੍ਹਾਂ ਵਿਚੋਂ ਇੱਕ ਹਰੇ ਰੰਗ ਦੀ ਪੋਸ਼ਾਕ ਪਹਿਨੀਂ ਉੱਤੇ ਵਾਲੀ ਬਰਥ ਤੇ ਲਿਟਿਆ ਹੋਇਆ ਸੀ । ਉਹ ਆਦਮੀ ਬਹੁਤ ਹੱਸਮੁਖ ਸੀ ਅਤੇ ਬੜੀ ਦੇਰ ਤੋਂ ਮੇਰੇ ਨਾਲ ਵਾਲੀ ਸੀਟ ਤੇ ਬੈਠੇ ਇੱਕ ਦੁਬਲੇ – ਜਿਹੇ ਬਾਬੂ ਦੇ ਨਾਲ ਉਸਦਾ ਮਜਾਕ ਚੱਲ ਰਿਹਾ ਸੀ । ਉਹ ਦੁਬਲਾ ਬਾਬੂ ਪੇਸ਼ਾਵਰ ਦਾ ਰਹਿਣ ਵਾਲਾ ਲਗਦਾ ਸੀ ਕਿਉਂਕਿ ਕਿਸੇ – ਕਿਸੇ ਵਕਤ ਉਹ ਆਪਸ ਵਿੱਚ ਪਸ਼ਤੋ ਵਿੱਚ ਗੱਲਾਂ ਕਰਨ ਲੱਗਦੇ ਸਨ । ਮੇਰੇ ਸਾਹਮਣੇ ਸੱਜੇ ਕੋਨੇ ਵਿੱਚ , ਇੱਕ ਬੁੱਢੀ ਮੂੰਹ – ਸਿਰ ਢਕੀ ਬੈਠੀ ਸੀ ਅਤੇ ਦੇਰ ਤੋਂ ਮਾਲਾ ਜਪ ਰਹੀ ਸੀ । ਇਹੀ ਕੁਝ ਲੋਕ ਹੋਣਗੇ ਸੰਭਵ ਹੈ ਦੋ – ਇੱਕ ਹੋਰ ਮੁਸਾਫਿਰ ਵੀ ਰਹੇ ਹੋਣ , ਪਰ ਉਹ ਸਾਫ਼ ਸਾਫ਼ ਮੈਨੂੰ ਯਾਦ ਨਹੀਂ ।






ਗੱਡੀ ਹੌਲੀ ਰਫਤਾਰ ਨਾਲ ਜਾ ਰਹੀ ਸੀ , ਅਤੇ ਗੱਡੀ ਵਿੱਚ ਬੈਠੇ ਮੁਸਾਫਿਰ ਗੱਲਾਂ ਕਰ ਰਹੇ ਸਨ ਅਤੇ ਬਾਹਰ ਕਣਕ ਦੇ ਖੇਤਾਂ ਵਿੱਚ ਹਲਕੀਆਂ – ਹਲਕੀਆਂ ਲਹਿਰੀਆਂ ਉਠ ਰਹੀਆਂ ਸਨ , ਅਤੇ ਮੈਂ ਮਨ – ਹੀ – ਮਨ ਬਹੁਤ ਖੁਸ਼ ਸੀ ਕਿਉਂਕਿ ਮੈਂ ਦਿੱਲੀ ਵਿੱਚ ਹੋਣ ਵਾਲੇ ਸੁਤੰਤਰਤਾ – ਦਿਵਸ ਸਮਾਰੋਹ ਦੇਖਣ ਜਾ ਰਿਹਾ ਸੀ ।


ਉਨ੍ਹਾਂ ਦਿਨਾਂ ਬਾਰੇ ਵਿੱਚ ਸੋਚਦਾ ਹਾਂ , ਤਾਂ ਲੱਗਦਾ ਹੈ , ਅਸੀ ਕਿਸੇ ਝੁਟਪੁਟੇ ਵਿੱਚ ਜੀ ਰਹੇ ਹਾਂ । ਸ਼ਾਇਦ ਸਮਾਂ ਗੁਜ਼ਰ ਜਾਣ ਪਰ ਅਤੀਤ ਦਾ ਸਾਰਾ ਵਪਾਰ ਹੀ ਝੁਟਪੁਟੇ ਵਿੱਚ ਗੁਜ਼ਰਿਆ ਲੱਗਣ ਲੱਗ ਪੈਂਦਾ ਹੈ । ਜਿਵੇਂ – ਜਿਵੇਂ ਭਵਿੱਖ ਦੇ ਪਟ ਖੁਲਦੇ ਜਾਂਦੇ ਹਨ , ਇਹ  ਝੁਟਪੁਟਾ ਹੋਰ ਵੀ ਗਹਿਰਾ ਹੁੰਦਾ ਜਾਂਦਾ ਹੈ ।


ਉਨ੍ਹਾਂ ਦਿਨਾਂ ਵਿੱਚ ਪਾਕਿਸਤਾਨ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਹੋਰ ਲੋਕ ਤਰ੍ਹਾਂ – ਤਰ੍ਹਾਂ ਦੇ ਅਨੁਮਾਨ ਲਗਾਉਣ ਲੱਗੇ ਸਨ ਕਿ ਭਵਿੱਖ ਵਿੱਚ ਜੀਵਨ ਦੀ ਰੂਪ ਰੇਖਾ ਕਿਵੇਂ ਦੀ ਹੋਵੇਗੀ । ਪਰ ਕਿਸੇ ਦੀ ਵੀ ਕਲਪਨਾ ਬਹੁਤ ਦੂਰ ਤੱਕ ਨਹੀਂ ਜਾਂਦੀ ਸੀ । ਮੇਰੇ ਸਾਹਮਣੇ ਬੈਠੇ ਸਰਦਾਰ ਜੀ ਵਾਰ – ਵਾਰ ਮੇਰੇ ਤੋਂ ਪੁੱਛ ਰਹੇ ਸਨ ਕਿ ਪਾਕਿਸਤਾਨ ਬਣ ਜਾਣ ਤੇ ਜਿਨਾਹ ਸਾਹਿਬ ਬੰਬਈ ਵਿੱਚ ਹੀ ਰਹਿਣਗੇ ਜਾਂ ਪਾਕਿਸਤਾਨ ਵਿੱਚ ਜਾਕੇ ਬਸ ਜਾਣਗੇ , ਅਤੇ ਮੇਰਾ ਹਰ ਵਾਰ ਇਹੀ ਜਵਾਬ ਹੁੰਦਾ ਬੰਬਈ ਕਿਉਂ ਛੱਡਣਗੇ , ਪਾਕਿਸਤਾਨ ਵਿੱਚ ਆਉਂਦੇ – ਜਾਂਦੇ ਰਹਿਣਗੇ , ਬੰਬਈ ਛੱਡ ਦੇਣ ਵਿੱਚ ਕੀ ਤੁਕ ਹੈ ! ਲਾਹੌਰ ਅਤੇ ਗੁਰਦਾਸਪੁਰ ਦੇ ਬਾਰੇ ਵਿੱਚ ਵੀ ਅਨੁਮਾਨ ਲਗਾਏ ਜਾ ਰਹੇ ਸਨ ਕਿ ਕਿਹੜਾ ਸ਼ਹਿਰ ਕਿਸ ਵੱਲ ਜਾਵੇਗਾ । ਮਿਲ ਬੈਠਣ ਦੇ ਢੰਗ ਵਿੱਚ , ਗਪ – ਸ਼ਪ ਵਿੱਚ , ਹਾਸੇ – ਮਜਾਕ ਵਿੱਚ ਕੋਈ ਵਿਸ਼ੇਸ਼ ਫਰਕ ਨਹੀਂ ਆਇਆ ਸੀ । ਕੁੱਝ ਲੋਕ ਆਪਣੇ ਘਰ ਛੱਡਕੇ ਜਾ ਰਹੇ ਸਨ , ਜਦੋਂ ਕਿ ਹੋਰ ਲੋਕ ਉਨ੍ਹਾਂ ਦਾ ਮਜਾਕ ਉੱਡਾ ਰਹੇ ਸਨ । ਕੋਈ ਨਹੀਂ ਜਾਣਦਾ ਸੀ ਕਿ ਕਿਹੜਾ ਕਦਮ ਠੀਕ ਹੋਵੇਗਾ ਅਤੇ ਕਿਹੜਾ ਗਲਤ ਇੱਕ ਤਰਫ ਪਾਕਿਸਤਾਨ ਬਣ ਜਾਣ ਦਾ ਜੋਸ਼ ਸੀ ਤਾਂ ਦੂਜੇ ਪਾਸੇ ਹਿੰਦੁਸਤਾਨ ਦੇ ਆਜਾਦ ਹੋ ਜਾਣ ਦਾ ਜੋਸ਼ । ਜਗ੍ਹਾ – ਜਗ੍ਹਾ ਦੰਗੇ ਵੀ ਹੋ ਰਹੇ ਸਨ , ਅਤੇ ਆਜ਼ਾਦੀ ਦਿਵਸ਼ ਦੀਆਂ ਤਿਆਰੀਆਂ ਵੀ ਚੱਲ ਰਹੀਆਂ ਸਨ । ਇਸ ਪਿਠਭੂਮੀ ਵਿੱਚ ਲੱਗਦਾ , ਦੇਸ਼ ਆਜਾਦ ਹੋ ਜਾਣ ਤੇ ਦੰਗੇ ਆਪਣੇ – ਆਪ ਬੰਦ ਹੋ ਜਾਣਗੇ । ਮਾਹੌਲ ਦੇ  ਇਸ ਝੁਟਪੁਟੇ   ਵਿੱਚ ਆਜ਼ਾਦੀ ਦੀ ਸੁਨਹਰੀ ਧੂਲ – ਜਿਹੀ ਉੱਡ ਰਹੀ ਸੀ ਅਤੇ ਨਾਲ – ਹੀ – ਨਾਲ ਨਿਸ਼ਚਾ ਵੀ ਡੋਲ ਰਿਹਾ ਸੀ , ਅਤੇ ਇਸ ਅਨਿਸ਼ਚੇ ਦੀ ਹਾਲਤ ਵਿੱਚ ਕਿਸੇ – ਕਿਸੇ ਵਕਤ ਭਾਵੀ ਰਿਸ਼ਤਿਆਂ ਦੀ ਰੂਪ ਰੇਖਾ ਝਲਕ ਦੇ ਜਾਂਦੀ ਸੀ


ਪੂਰੀ ਪੜ੍ਹੋ

Saturday, June 12, 2010

ਅੱਕ ਬੀਜਣ ਦੀ ਪਾਗਲ ਰੁੱਤੇ-ਮਦਨ ਲਾਲ ਦੀਦੀ

ਅੱਕ ਬੀਜਣ ਦੀ ਪਾਗਲ ਰੁੱਤੇ
ਏਸ ਦੇਸ਼ ਨੂੰ ਕੀ ਕਹੀਏ
ਜ਼ਾਤ ਜ਼ਾਤ ਦੀ ਵੈਰਨ ਇਥੇ
ਧਰਮ ਧਰਮ ਨੂੰ ਜਰ ਨਹੀਂ ਸਕਦਾ
ਉਹਨਾਂ ਲੋਕਾਂ ਨੂੰ ਅਸੀਂ ਕੀ ਕਹੀਏ
ਜਿਹਨਾਂ ਨੂੰ ਵੈਰੀ ਆਪਣੇ ਲੱਗਣ
ਆਪਣੇ ਜਿਹਨਾਂ ਨੂੰ ਦੁਸ਼ਮਣ ਜਾਪਣ
ਇਹ ਸੱਚ ਹੈ ਕਿ ਵੈਰੀਆਂ ਸਾਹਵੇਂ
ਇਕ ਬਾਂਹ ਨਾਲ ਵੀ ਲੜ ਸਕਦੇ ਹਾਂ
ਕਿੰਤੂ ਸਾਡੇ ਆਪਣੇ ਮਨ ਵਿੱਚ
ਇਹ ਪਛਤਾਵਾ ਕਦੇ ਨਹੀਂ ਜਾਣਾ
ਕੇਸ ਨਸ਼ੇ ਵਿੱਚ
ਪਾਗਲਪਣ ਵਿੱਚ
ਆਪ ਅਸਾਂ ਨੇ
ਆਪਣੀ ਸੱਜੀ ਬਾਂਹ ਵਢ ਸੁੱਟੀ
ਬਾਂਹ ਦਾ ਦੁੱਖ
ਫਿਰ ਸੱਜੀ ਬਾਂਹ ਦਾ
ਧੁਰ ਅੰਦਰ ਤਕ ਰੱਚ ਜਾਏਗਾ
ਕੋਈ ਨਾ ਇਸ ਤੋਂ ਬਚ ਪਾਏਗਾ
ਬਦਲਾ ਫਿਰ ਬਦਲੇ ਦਾ ਬਦਲਾ
ਬਦਲਾ ਫਿਰ ਬਦਲੇ ਦਾ ਬਦਲਾ
ਬਦਲਾ ਫਿਰ ਬਦਲੇ ਦਾ ਬਦਲਾ
ਇਸਦਾ ਕੋਈ ਅੰਤ ਨਹੀਂ ਹੈ
ਅੱਕ ਬੀਜੋ ਤਾਂ ਅੱਕ ਉਗਦੇ ਹਨ
ਫੁੱਲ ਗੁਲਾਬੀ ਖਿੜ ਨਹੀਂ ਸਕਦੇ

Saturday, June 5, 2010

ਵਾਤਾਵਰਨ ਦਿਵਸ ਤੇ -ਸੰਤ ਬਲਬੀਰ ਸਿੰਘ ਸੀਚੇਵਾਲ

(ਭਗਤ ਪੂਰਨ ਸਿੰਘ ਪਿੰਗਲਵਾੜਾ ਤੋਂ ਬਾਅਦ ਸੰਤ ਬਲਬੀਰ ਸਿੰਘ ਸੀਚੇਵਾਲ ਐਸੀ ਹਸਤੀ ਹਨ ਜਿਹਨਾਂ ਨੇ ਨਹਾਇਤ ਸਾਦਗੀ ਨਾਲ ਸਾਧੂ ਪਰੰਪਰਾਵਾਂ ਨੂੰ ਅਪਣਾਉਂਦੇ ਹੋਏ ਧਰਤੀ ਬਚਾਉਣ ਦਾ ਬੀੜਾ ਚੁੱਕਿਆ ਹੈ.ਉਹਨਾਂ ਦੇ ਸੰਪਰਕ ਵਿੱਚ ਆਉਣ ਵਾਲਾ ਹਰੇਕ ਵਿਅਕਤੀ ਇੱਕ ਨਵੀਂ ਆਸ ਨਾਲ  ਜਗਮਗਾਉਣ ਲਗਦਾ ਹੈ .ਅਸੀਂ ਪੂਰੀ ਆਸ ਕਰ ਸਕਦੇ ਹਾਂ ਕਿ ਉਹਨਾਂ ਦੀ ਅਗਵਾਈ ਵਿੱਚ ਪੰਜਾਬ ਦੀ ਧਰਤੀ ਤੇ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਸਮਰਥ ਲਹਿਰ ਉਸਰੇਗੀ.-ਸੰਪਾਦਕ)




ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਧਰਤੀ ਹੁਣ ਇੱਕ ਛੋਟਾ ਜਿਹਾ ਪਿੰਡ ਲੱਗਣ ਲੱਗ ਪਈ ਹੈ। ਪਿੰਡ ‘ਚ ਜਦੋਂ ਵੀ ਕੋਈ ਚੰਗੀ ਜਾਂ ਮਾੜੀ ਘਟਨਾ ਵਾਪਰਦੀ ਹੈ ਤਾਂ ਉਸ ਨਾਲ ਸਾਰੇ ਪਿੰਡ ਵਾਸੀ ਪ੍ਰਭਾਵਿਤ ਹੁੰਦੇ ਹਨ। ਵਾਤਾਵਰਣ ‘ਚ ਆਏ ਵਿਗਾੜ ਕਾਰਨ ਵੱਧੀ ਤਪਸ਼ ਨੇ ਧਰਤੀ ਵਰਗੇ ਪਿੰਡ ਦਾ ਪਿੰਡਾਂ ਲੂਹ ਸੁੱਟਿਆ ਹੈ। ਪਿਛਲੇ ਸਾਲ ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ ‘ਚ ਧਾਰਮਿਕ ਆਗੂਆਂ ਦੇ ਸ਼ਿਖਰ ਸੰਮੇਲਨ ‘ਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਸੀ। ਇਸ ਸੰਮੇਲਨ ਵਿਚ ਵੀ ਧਰਤੀ ਦੀ ਵੱਧ ਰਹੀ ਤਪਸ਼ ਬਾਰੇ ਡੂੰਘੀ ਵਿਚਾਰ-ਚਰਚਾ ਹੋਈ ਸੀ। ਇਸ ਸੰਮੇਲਨ ਦੇ ਸਮਾਨ ਅੰਤਰ ਵੱਖ-ਵੱਖ ਦੇਸ਼ਾਂ ਦੇ ਮੁੱਖੀਆਂ ਦੇ ਸ਼ਿਖਰ ਸੰਮੇਲਨ ਭਾਵੇ ਉਦੋਂ ਕਿਸੇ ਨਤੀਜੇ ‘ਤੇ ਨਹੀਂ ਸੀ ਪਹੁੰਚਿਆਂ ਸਕਿਆ। ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਦੇਸ਼ਾਂ ਦੇ ਮੁੱਖੀਆਂ ਦੀ ਕੋਈ ਸੰਧੀ ਨਹੀਂ ਹੁੰਦੀ ਤਾਂ ਕਿ ਧਰਤੀ ਦੇ ਵੱਸਣ ਵਾਲੇ ਲੋਕਾਂ ਨੂੰ ਵਿਗੜ ਰਹੇ ਵਾਤਾਵਰਣ ‘ਚ ਮਰਨ ਲਈ ਛੱਡ ਦਿੱਤਾ ਜਾਣੇ? ਦੇਸ਼ਾਂ ਦੇ ਮੁੱਖੀਆਂ ਦੀਆਂ ਤਾਂ ਰਾਜਨੀਤਿਕ ਮਜ਼ਬੂਰੀਆਂ ਹੋ ਸਕਦੀਆਂ ਹਨ ਪਰ ਇਸ ਧਰਤੀ ‘ਤੇ ਵੱਸਣ ਵਾਲੇ ਲੋਕਾਂ ‘ਚ ਇਹ ਚੇਤਨਾ ਪੈਦਾ ਕਰਨ ਦੀ ਲੋੜ ਹੈ ਕਿ ਸਾਂਝੇ ਰੂਪ ‘ਚ ਧਰਤੀ ਦੇ ਤਪ ਰਹੇ ਪਿੰਡੇ ਨੂੰ ਠਾਹਰਣ ਲਈ ਤੇ ਇਸ ਦੀ ਕੁੱਖ ਨੂੰ ਹਰਿਆ ਭਰਿਆ ਕਰਨ ਹੋਰ ਯਤਨਾਂ ਕੀਤੇ ਜਾਣ।
ਗੰਦਲਾ ਵਾਤਾਵਰਣ ਸਮੁੱਚੀ ਦੁਨੀਆਂ ਲਈ ਇਕ ਗੰਭੀਰ ਸਮੱਸਿਆ ਬਣਿਆ ਹੋਇਆ ਹੈ। ਹਵਾ ‘ਚ ਇੰਨੀਆਂ ਜ਼ਹਿਰੀਲੀਆਂ ਗੈਸਾਂ ਛੱਡੀਆਂ ਜਾ ਰਹੀਆਂ ਹਨ ਜਿਸ ਕਾਰਨ ਓਜੋਨ ਪਰਤ ‘ਚ ਛੇਕ ਹੁੰਦੇ ਜਾ ਰਹੇ ਹਨ ਜਿਸ ਨਾਲ ਧਰਤੀ ਦੀ ਤਪਸ਼ ਵਧਦੀ ਜਾ ਹਰੀ ਹੈ। ਧਰਤੀ ਦੀ ਤਪਸ਼ ਵੱਧਣ ਕਾਰਨ ਗਲੇਸ਼ੀਅਰ ਪਿਘਲ ਰਹੇ ਹਨ ਤੇ ਪਾਣੀ ਦੇ ਕੁਦਰਤੀ ਸੋਮੇ ਸੁੱਕਦੇ ਜਾ ਰਹੇ ਹਨ। ਸਮੁੰਦਰ ਦੇ ਸੱਤਰ ‘ਚ ਵੀ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਇਸ ਵਰਤਾਰੇ ਕਾਰਨ ਧਰਤੀ ਦੇ ਵਾਤਾਵਰਣ ਦਾ ਸਾਰਾ ਸਂਤੁਲਨ ਵਿਗੜ ਗਿਆ ਹੈ। ਗੰਧਲਾ ਵਾਤਾਵਰਣ ਅਨੇਕਾਂ ਪ੍ਰਕਾਰ ਦੀਆਂ ਲਾ-ਇਲਾਜ ਬੀਮਾਰੀਆਂ ਨੂੰ ਜਨਮ ਦੇ ਰਿਹਾ ਹੈ। ਇਸ ਤੋਂ ਇਕੱਲਾ ਮਨੁੱਖ ਹੀ ਨਹੀਂ ਸਗੋਂ ਧਰਤੀ ‘ਤੇ ਰਹਿਣ ਵਾਲੇ ਸਾਰੇ ਜੀਵ-ਜੰਤੂ ਤੇ ਬਨਸਪਤੀ ਵੀ ਪ੍ਰਭਾਵਿਤ ਹੋ ਰਹੀ ਹੈ। ਧਰਤੀ ਦੀ ਤਪਸ਼ ਵੱਧਣ ਕਾਰਨ ਕਈ ਪ੍ਰਕਾਰ ਦੇ ਜੀਵ ਜੰਤੂ ਦੀਆ ਪ੍ਰਜਾਤੀਆਂ ਤਾਂ ਸਦਾ ਲਈ ਖ਼ਤਮ ਹੋ ਚੁੱਕੀਆਂ ਹਨ। ਮਨੁੱਖ ਦੀ ਉਮਰ ਦਰ ‘ਤੇ ਵੀ ਇਸਦਾ ਅਸਰ ਪੈ ਰਿਹਾ ਹੈ। ਇਹ ਵਰਤਾਰਾ ਮਨੁੱਖੀ ਜੀਵਨ ਲਈ ਖਤਰੇ ਦੀ ਘੰਟੀ ਹੈ। ਵਾਤਾਵਰਣ ਕਿਸੇ ਵੀ ਮੁਲਕ ਦਾ ਗੰਧਲਾ ਹੋਵੇ ਉਸ ਨਾਲ ਇਕੱਲਾ ਉਹੀ ਮੁਲਕ ਪ੍ਰਭਾਵਿਤ ਨਹੀਂ ਸਗੋਂ ਇਸ ਨਾਲ ਗੁਆਂਢੀ ਤੇ ਹੋਰ ਮੁਲਕ ਵੀ ਪ੍ਰਭਾਵਿਤ ਹੁੰਦੇ ਹਨ ਕਿਉਂਕਿ ਹਵਾ ਲਈ ਸਰਹੱਦਾਂ ਕੋਈ ਮਾਇਅਨੇ ਨਹੀਂ ਰੱਖਦੀਆਂ। ਭਾਰਤ ਪਹਿਲੇ ਉਨ੍ਹਾਂ 10 ਦੇਸ਼ਾਂ ‘ਚ ਸਾਮਲ ਹੈ ਜਿਨਾਂ ਦੇਸ਼ਾਂ ਦਾ ਵਾਤਾਵਰਣ ਬਹੁਤ ਜਿਆਦਾ ਗੰਧਲਾ ਹੋ ਚੁੱਕਾ ਹੈ।
ਪੀਣ ਵਾਲਾ ਪਾਣੀ ਦੇਖਣ ਨੂੰ ਕਿੰਨਾ ਵੀ ਸਾਫ਼ ਕਿਉਂ ਨਾ ਲਗਦਾ ਹੋਵੇ ਪਰ ਜੇਕਰ ਇਸ ਸਾਫ਼ ਦਿਸਦੇ ਪਾਣੀ ਦੇ ਵੀ ਟੈਸਟ ਕੀਤੇ ਜਾਣ ਤਾਂ ਰਿਪੋਟਰ ਲੂ ਕੰਡੇ ਖੜੇ ਕਰਨ ਵਾਲੀ ਹੀ ਆਵੇਗੀ। ਧਰਤੀ ਹੇਠਲੇ ਪਾਣੀ ਵਿੱਚ ਵਧਦੇ ਪ੍ਰਦੂਸ਼ਣ ਕਾਰਨ ਇਹ ਇੰਨੇ ਦੂਸ਼ਿਤ ਹੋ ਚੁੱਕੇ ਹਨ ਕਿ ਇਹ ਹੁਣ ਪੀਣਯੋਗ ਰਹੇ ਹੀ ਨਹੀਂ। ਇਹੋ ਹਾਲ ਅਸੀਂ ਧਰਤੀ ਦਾ ਕੀਤਾ ਹੈ ਕਿ ਵੱਧ ਪੈਦਾਵਾਰ ਲੈਣ ਦੇ ਲਾਲਚ ਵੱਸ ਬੇਹਿਸਾਬੀਆਂ ਕੀਟਨਾਸ਼ਕ ਦਵਾਈਆਂ ਅਤੇ ਬੇਹਿਸਾਬੀਆਂ ਰਸਾਇਣਿਕ ਖਾਦਾਂ ਪਾ ਕੇ ਅਸੀਂ ਧਰਤੀ ਦੀ ਕੁੱਖ ਨੂੰ ਜ਼ਹਿਰੀਲਾ ਬਣਾ ਦਿੱਤਾ ਹੈ। ਹੁਣ ਸਬਜੀਆਂ, ਫਲਾਂ ਫਸਲਾ ਤੇ ਦੁੱਧ ਰਾਹੀਂ ਇਹ ਕੀਟਨਾਸ਼ਕ ਦਵਾਈਆਂ ਮਨੁੱਖ ਅੰਦਰ ਪ੍ਰਵੇਸ ਕਰ ਗਈਆ ਹਨ। ਇਸ ਦੇ ਭਿਆਨਕ ਨਤੀਜੇ ਕੈਂਸਰ, ਗੁਰਦਿਆਂ ਦਾ ਫੇਲ ਹੋਣਾ, ਅੰਤੜੀਆਂ ਦੇ ਰੋਗ ਆਦਿ ‘ਚ ਨਿਕਲੇ ਰਹੇ ਹਨ। ਮਨੁੱਖੀ ਲਾਲਚ ਮਨੁੱਖ ਨੂੰ ਕਿਧਰੇ ਲੈ ਕੇ ਜਾ ਰਿਹਾ ਹੈ। ਵਾਤਾਵਰਣ ਨੂੰ ਸਾਫ਼-ਸੁੱਥਰਾ ਰੱਖਣ ਦਾ ਸੰਕਲਪ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਦਿੱਤਾ ਗਿਆ ਹੈ ਉਹ ਸ਼ਾਇਦ ਹੀ ਕਿਸੇ ਵੀ ਹੋਰ ਧਾਰਮਿਕ ਗ੍ਰੰਥ ‘ਚ ਹੋਵੇ।
ਪਵਨ ਗੁਰੂ ਪਾਣੀ ਪਿਤਾ ਮਾਤਾ ਧਰੁਤ ਮੁਹਤ॥
ਗੁਰਬਾਣੀ ਦੀ ਇਸ ਮਹਾਨ ਪੰਕਤੀ ਸਮੁੱਚੀ ਦੁਨੀਆਂ ਦੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਬਹੁਤ ਹੀ ਅਹਿਮ ਸਥਾਨ ਰੱਖਦੀ ਹੈ। ਜੇਕਰ ਇਸ ਦੇ ਆਸ਼ੇ ਅਨੁਸਾਰ ਇਸ ‘ਤੇ ਅਮਲ ਕੀਤਾ ਜਾਵੇ ਭਾਵ ਕਿ ਜੋ ਪਵਨ ਹੈ ( ਹਵਾ ਹੈ ) ਉਹ ਸਾਡੇ ਗੁਰੂ ਦੇ ਸਮਾਨ ਹੈ ਕਿਉਂਕਿ ਭਾਰਤੀ ਸਮਾਜ ਵਿੱਚ ਗੁਰੂ ਦਾ ਦਰਜਾ ਸਭ ਤੋਂ ਉੱਚਾ ਮੰਨਿਆ ਜਾਂਦਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਹਵਾ ਨੂੰ ਕਦੇ ਗੁਰੂ ਦਾ ਦਰਜਾ ਦਿੱਤਾ ਹੈ? ਕਿ ਜਦੋਂ ਫੈਕਟਰੀਆਂ ‘ਚ ਨਿਕਲਦਾ ਧੂੰਆਂ ਆਸਮਾਨ ਵੱਲ ਛੱਡਦੇ ਹਾਂ ਤੇ ਕਿਸੇ ਨੂੰ ਵੀ ਇਸ ਦਾ ਖਿਆਲ ਨਹੀਂ ਆਉਂਦਾ ਕਿ ਸਾਡੇ ਗੁਰੂ ਦਾ ( ਪਵਨ ਦਾ ) ਅਪਮਾਨ ਹੋ ਰਿਹਾ ਹੈ। ਕਿ ਜਦੋਂ ਅਸੀਂ ਆਪਣੇ ਖੇਤਾਂ ‘ਚ ਝੋਨੇ ਦੀ ਪਰਾਲੀ ਜਾਂ ਕਣਕ ਦੇ ਨਾੜ ਨੂੰ ਅੱਗ ਲਗਾ ਕੇ ਧੂੰਆਂ ਹੀ ਧੂੰਆਂ ਕਰੀ ਜਾ ਰਹੇ ਉਦੋਂ ਸਾਨੂੰ ਇਹ ਗੁਰਬਾਣੀ ਦੀ ਪੰਗਤੀ ਯਾਦ ਕਿਉਂ ਨਹੀਂ ਆਉਂਦੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਪਵਨ ਨੂੰ ਗੁਰੂ ਦਾ ਦਰਜਾ ਦਿੱਤਾ ਹੋਇਆ ਹੈ ਤੇ ਅਸੀਂ ਉਸ ‘ਗੁਰੂ’ ਨੂੰ ਜ਼ਹਿਰਾਂ ਨਾਲ ਭਰ ਰਹੇ ਹਾਂ। ਇਹ ਤਾਂ ਇਸ ਪਵਿੱਤਰ ਪੰਕਤੀ ਦੇ ਇਕੋ ਹੀ ਸ਼ਬਦ ਦਾ ਅਸੀਂ ਲਗਾਤਾਰ ਅਪਮਾਨ ਕਰਦੇ ਆ ਰਹੇ ਹਾਂ। ਇਸੇ ਪੰਕਤੀ ਦੇ ਦੂਜੇ ਸ਼ਬਦ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ ਕਿਉਕਿ ਪਾਣੀ ‘ਚੋਂ ਮਨੁੱਖ ਦੀ ਉਤਪਤੀ ਹੋਈ। ਕਹਿੰਦੇ ਨੇ ਇਸ ਧਰਤੀ ਤੇ ਜਦੋਂ ਪਹਿਲੀ ਵਾਰ ਜਿੰਦਗੀ ਧੜਕੀ ਤਾਂ ਉਸ ਦਾ ਜਨਮ ਵੀ ਪਾਣੀ ਵਿੱਚ ਹੀ ਹੋਇਆ ਦੱਸਿਆ ਜਾਂਦਾ ਹੈ। ਪਾਣੀ ਜੀਵਨ ਦਾ ਮੂਲ ਆਧਾਰ ਹੈ। ਇਸ ਤੋਂ ਬਿਨਾ ਜੀਆ ਨਹੀਂ ਜਾ ਸਕਦਾ ਤਦ ਹੀ ਗੁਰੂਬਾਣੀ ‘ਚ ਆਉਦਾ ਹੈ;
ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਇ॥
ਪਾਣੀ ਨੂੰ ਜਿਸ ਬੇਰਹਿਮੀ ਨਾਲ ਅਸੀਂ ਪ੍ਰਦੁਸ਼ਿਤ ਕੀਤਾ ਹੈ ਤੇ ਕਰੀ ਜਾ ਰਹੇ ਹਾਂ ਇਸ ਦੀ ਉਦਾਹਰਨ ਹੋਰ ਕਿਧਰੇ ਨਹੀਂ ਮਿਲਦੀ। ਦੇਸ਼ ਦੇ ਲਗਭਗ 90 ਫੀਸਦੀ ਪਾਣੀ ਦੇ ਸਾਰੇ ਕੁਦਰਤੀ ਸੋਮੇ ਅਸੀਂ ਗੰਦੇ ਕਰ ਚੁੱਕੇ ਹਾਂ। ਇੰਨਾ ਪਾਣੀ ਦੇ ਕੁਦਰਤੀ ਸੋਮਿਆਂ ‘ਚ ਸ਼ਹਿਰਾਂ, ਪਿੰਡਾਂ, ਹਸਪਤਾਲਾਂ, ਫੈਕਟਰੀਆਂ ਆਦਿ ਦਾ ਸਾਰਾ ਗੰਦ ਸਿੱਧੇ ਅਤੇ ਅਸਿੱਧੇ ਰੂਪ ‘ਚ ਪਾ ਕਿ ਇਨਾਂ ਨੂੰ ਪੁਲੀਤ ਕਰਕੇ ਰੱਖ ਦਿੱਤਾ ਹੈ। ਸਭ ਤੋਂ ਵੱਧ ਦੁੱਖ ਦੀ ਗੱਲ ਇਹ ਵੀ ਹੈ ਕਿ ਜਿਸ ਪਵਿੱਤਰ ਕਾਲੀ ਵੇਂਈ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ਼ਨਾਨ ਕਰਕੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮੁਹਤ ਦਾ ਸਲੋਕ ਉਚਾਰਿਆ ਸੀ ਉਸਨੂੰ ਵੀ ਅਸੀਂ ਪੁਲੀਤ ਕਰਨ ‘ਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ।
ਬਾਣੀ ਦਾ ਪਾਣੀ ਨਾਲ ਹਮੇਸ਼ਾ ਡੂੰਘਾ ਰਿਸ਼ਤਾ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਪਾਣੀ ਬਾਰੇ ਅਨੇਕਾਂ ਪੰਕਤਿਆਂ ‘ਚ ਜਿਕਰ ਆਉਂਦਾ ਹੈ। ਬਹੁਤ ਸਾਰੇ ਧਾਰਮਿਕ ਅਸਥਾਨ ਵੇਈਂਆਂ, ਦਰਿਆਵਾਂ ਤੇ ਨਦੀਆਂ ਕੰਢਿਆਂ ਤੇ ਬਣੇ ਹੋਏ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ‘ਚ ਬਹੁਤ ਸਾਰਿਆਂ ਅਜਿਹੀਆਂ ਘਟਨਾਵਾਂ ਦਾ ਜਿਕਰ ਆਉਂਦਾ ਹੈ ਜਿਸ ਦਾ ਸਿੱਧਾ ਸੰਬੰਧ ਪਾਣੀ ਨਾਲ ਹੈ। ਗੁਰਦੁਆਰਾ ਪੰਜਾ ਸਾਹਿਬ (ਪਾਕਿਸਤਾਨ ‘ਚ), ਗੁਰਦੁਆਰਾ ਨਾਨਕ ਝੀਰਾ ( ਕਰਨਾਟਕਾ ‘ਚ) ਅਤੇ ਗੁਰਦੁਆਰਾ ਮਨੀਕਰਣ ਸਾਹਿਬ (ਹਿਮਾਚਲ ਪ੍ਰਦੇਸ਼ ‘ਚ) ਇਹ ਅਜਿਹੇ ਧਾਰਮਿਕ ਅਸਥਾਨ ਹਨ ਜਿਨਾਂ ਨਾਲ ਪਾਣੀ ਬਾਰੇ ਇਤਿਹਾਸ ਜੁੜਿਆ ਹੋਇਆ ਹੈ। ਦੁਨੀਆਂ ‘ਚ ਪਾਣੀ ‘ਤੇ ਸਭ ਦਾ ਅਧਿਕਾਰ ਹੈ ਦੀ ਪਹਿਲੀ ਆਵਾਜ਼ ਉਠਾਉਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਹੀ ਸਨ ਤਾਂ ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ।
ਪੰਜਾਬ ਦੇ ਸਤਲੁਜ ਦਰਿਆ ਤੇ ਬਿਆਸ ਵਿੱਚ ਵੀ ਗੰਦੇ ਪਾਣੀ ਪੈ ਰਹੇ ਹਨ। ਸਭ ਤੋਂ ਮਾੜਾ ਹਾਲ ਸਤਲੁਜ ਦਰਿਆ ਦਾ ਹੈ, ਜਿਸ ਵਿੱਚ ਲੁਧਿਆਣਾ ਸ਼ਹਿਰ ਦਾ ਬੁੱਢਾ ਨਾਲਾ, ਫਗਵਾੜਾ ਤੇ ਜਲੰਧਰ ਸ਼ਹਿਰ ਦਾ ਅਤੇ ਫੈਕਟਰੀਆਂ ਦਾ ਗੰਦਾ ਤੇ ਜ਼ਹਿਰੀਲਾ ਪਾਣੀ ਚਿੱਟੀ ਵੇਈਂ ਰਾਹੀ ਸਤਲੁਜ ਦਰਿਆ ਵਿੱਚ ਪੈ ਰਿਹਾ ਹੈ। ਜਿਹੜਾ ਅੱਗੇ ਜਾ ਕੇ ਹਰੀਕੇ ਹੈਡ ਤੋਂ ਹੁੰਦਾ ਹੋਇਆ ਨਹਿਰਾਂ ਰਾਹੀਂ ਮਾਲਵੇ ਤੇ ਰਾਜਸਥਾਨ ਨੂੰ ਜਾਂਦਾ ਹੈ। ਅਪ੍ਰੈਲ 2009 ‘ਚ ਆਯੋਜਿਤ ਕੀਤੇ ਗਏ ਚੇਤਨਾ ਮਾਰਚ ‘ਚ ਇਹ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਇਨਾਂ ਇਲਾਕਿਆਂ ‘ਚ ਲੋਕ ਗੰਧਲਾ ਪਾਣੀ ਬਿਨਾਂ ਟਰੀਟ ਕੀਤਿਆਂ ਪੀਣ ਲਈ ਮਜ਼ਬੂਰ ਹਨ। ਇਸੇ ਕਾਰਨ ਬੀਕਾਨੇਰ ਦੇ ਕੈਂਸਰ ਹਸਪਤਾਲ ਵਿਚ ਹਰ ਸਾਲ 6 ਹਜਾਰ ਮਰੀਜ ਦਾਖਲ ਹੁੰਦੇ ਹਨ ਜਿਨਾਂ ਵਿਚੋ ਚੌਥਾ ਹਿੱਸਾ ਮਰੀਜ਼ ਪੰਜਾਬ ਦੇ ਹੁੰਦੇ ਹਨ। ਇਹ ਬੜੇ ਦੁੱਖ ਦੀ ਗੱਲ ਹੈ ਕਿ ਮਾਲਵੇ ਦੇ ਲੋਕ ਇਹੋ ਗੰਦਾ ਪਾਣੀ ਹੀ ਗੁਰੂ ਦੇ ਲੰਗਰਾਂ ਵਾਸਤੇ ਵਰਤਣ ਲਈ ਮਜ਼ਬੂਰ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹਵਾ, ਪਾਣੀ ਅਤੇ ਧਰਤੀ ਦਾ ਸਤਿਕਾਰ ਕਰਨ ਲਈ ਬੜੀ ਸ਼ਿੱਦਤ ਨਾਲ ਕਿਹਾ ਗਿਆ ਹੈ।
ਗੰਦੇ ਪਾਣੀਆਂ ਨੂੰ ਟਰੀਟ ਕਰਕੇ ਖੇਤੀ ਨੂੰ ਲਗਾਉਣ ਦਾ ਪਹਿਲਾ ਤਜ਼ਰਬਾ ਅਸੀਂ ਪਿੰਡ ਸੀਚੇਵਾਲ ਤੋਂ ਕੀਤਾ ਜਿਹੜਾ ਸੌ ਫੀਸਦੀ ਕਾਮਯਾਬ ਰਿਹਾ। ਇਸ ਤਜ਼ਰਬੇ ਨਾਲ ਇਹ ਗੱਲ ਸਾਬਤ ਹੋ ਗਈ ਕਿ ਗੰਦੇ ਪਾਣੀਆਂ ਨੂੰ ਸੋਧ ਕੇ ਖੇਤੀ ਲਈ ਵਰਤਣ ਨਾਲ ਜਿਥੇ ਸਾਡਾ ਹੇਠਲਾ ਪਾਣੀ ਵੀ ਬੱਚਦਾ ਹੈ ਉਥੇ ਬਿਜਲੀ ਤੇ ਖਾਦ ਦੀ ਬੱਚਤ ਵੀ ਹੁੰਦੀ ਹੈ। ਇਹੋ ਮਾਡਲ ਅਸੀਂ ਸੁਲਤਾਨਪੁਰ ਲੋਧੀ, ਕਪੂਰਥਲਾ ਸ਼ਹਿਰ ਅਤੇ ਦਸੂਹਾ ਕਸਬੇ ‘ਚ ਕਰਕੇ ਦੇਖਿਆ ਜੋ ਕਿ ਕਾਮਯਾਬ ਰਿਹਾ। ਇਸ ਮਾਡਲ ਨੂੰ ਪੂਰੇ ਪੰਜਾਬ ‘ਚ ਲਾਗੂ ਕਰਕੇ ਧਰਤੀ ਹੇਠਲਾ ਬਹੁਤ ਸਾਰਾ ਪਾਣੀ ਬਚਾਇਆ ਜਾ ਸਕਦਾ ਹੈ ਇਸ ਨਾਲ ਪਾਣੀ ਦਾ ਪੱਧਰ ਵੀ ਉੱਚਾ ਹੋ ਸਕਦਾ ਹੈ। ਬਰਸਾਤਾਂ ਦੇ ਪਾਣੀ ਨੂੰ ਸੰਭਾਲਣ ਲਈ ਵੀ ਪੂਰੇ ਇੰਤਜਾਮਹੋਣੇ ਚਾਹੀਦੇ ਹਨ। ਪੰਜਾਬ ਵਿੱਚਲੀਆਂ ਡਰੇਨਾਂ ‘ਚ ਆਰਜੀ ਬੰਨ ਬਣਾ ਕੇ ਇਹਨਾਂ ਨੂੰ ਪਾਣੀਆਂ ਸੰਭਾਲਿਆਂ ਜਾ ਸਕਦਾ ਹੈ। ਜਨਮ ਦਿਨ ਤੇ ਹੋਰ ਖੁਸ਼ੀ ਦੇ ਮੌਕਿਆਂ ਅਤੇ ਅਪਣੇ ਵੱਡੇ-ਵੱਡੇਰੇ ਦੀਆਂ ਯਾਦ ਵਿੱਚ ਵੱਧ ਤੋਂ ਵੱਧ ਦਰੱਖਤ ਲਗਾਉਣਦੀ ਲੋੜ ਹੈ। ਵਿਸ਼ਵ ਪੱਧਰ ‘ਤੇ ਮਨਾਏ ਜਾਣ ਵਾਲੇ ਵਾਤਾਵਰਣ ਵਰਗੇ ਦਿਵਸ਼ ਤਦ ਹੀ ਸਾਰਥਕ ਹੋਣਗੇ ਜੇਕਰ ਅਸੀਂ ਵਾਤਾਵਰਣ ਨੂੰ ਸਾਫ ਰੱਖਣ ਦੀ ਮੁਹਿੰਮ ਪਿੰਡਾਂ ਚੋਂ ਸ਼ੁਰੂ ਕਰੀਏ।