Wednesday, November 25, 2009

ਜਸਟਿਸ ਲਿਬ੍ਰਾਹਨ ਦਾ ਫੈਸਲਾ



ਵਾਜਪਾਈ ਸਗੋਂ ਵੱਡਾ ਅਪਰਾਧੀ ਹੈ


ਬਲਰਾਮ





ਜਸਟਿਸ ਲਿਬ੍ਰਾਹਨ ਨੇ ਬਾਬਰੀ ਮਸਜਿਦ ਨੂੰ ਤੋੜਣ  ਲਈ ਜਿਮੇਦਾਰ ਵਿਅਕਤੀਆਂ ਦੀ ਫਹਿਰਸਤ  ਵਿੱਚ ਅਟਲ ਬਿਹਾਰੀ ਵਾਜਪਾਈ  ਦਾ ਨਾਮ ਸ਼ਾਮਿਲ ਕਰਕੇ ਇਤਹਾਸ  ਦੀ ਅਟਕੀ ਹੋਈ ਸਾਹ ਨੂੰ ਇੱਕ ਵੱਡੀ ਰਾਹਤ ਪਹੁੰਚਾਈ ਹੈ.ਅਨੇਕਾਂ ਹੀ ਲੋਕਾਂ ਵਾਂਗ ਮੇਰੇ ਮਨ ਵਿੱਚ ਵੀ ਇਹ ਖਦਸਾ ਸੀ ਕੀ ਸੱਜਣ ਠੱਗ ਜਿਹੇ ਭੋਲੇਭਾਲੇ ਚਿਹਰੇ ਵਾਲਾ ਇਹ ਸ਼ਖਸ ਸ਼ਾਇਦ ਇਸ ਵਾਰ ਵੀ  ਸੱਚ ਦੀਆਂ ਅੱਖਾਂ ਵਿੱਚ ਧੂੜ ਝੋਕਣ ਵਿੱਚ ਕਾਮਯਾਬ ਹੋ ਜਾਏਗਾ .ਪਰ ਲਿਬ੍ਰਾਹਨ ਦੇ ਇਸ ਫੈਸਲੇ ਨੇ ਆਪਸੀ ਮੁਹੱਬਤ ਦੀ ਜੋੜਨ ਸ਼ਕਤੀ ਦੇ ਆਧਾਰ ਤੇ ਹਿੰਦ ਦੇ ਜੁੱਗ ਜੁੱਗ ਜਿੰਦਾ ਰਹਿਣ ਦੇ ਚਾਹਵਾਨਾ ਨੂੰ ਨਵੀਨ ਉਮੀਦ ਬਖਸੀ ਹੈ.


ਜਦੋਂ ਮੈਂ ਆਪਣੇ ਲੋਕਾਂ ਬਾਰੇ ਸੋਚਦਾ ਹਾਂ ਤਾਂ ਡਾਹਢਾ ਹੈਰਾਨ ਹੁੰਦਾ ਹਾਂ ਕਿ ਅਸੀਂ ਕੈਸੇ ਲੋਕ ਹਾਂ ਜੋ ਇੱਕ ਖਾਸ ਰੰਗ ਦੀ ਦਹਿਸ਼ਤ ਨੂੰ ਤਾਂ ਨਫਰਤ ਕਰਦੇ ਹਾਂ ਪਰ ਉਸ ਦਹਿਸ਼ਤ ਲਈ ਜਰਖੇਜ਼ ਜਮੀਨ ਤਿਆਰ ਕਰਨ ਵਾਲਿਆਂ ਨੂੰ ਸਤਿਕਾਰ ਤੇ ਸ਼ਾਬਾਸ਼ੀਆਂ ਦੇ ਪਾਤਰ ਬਣਾ ਲੈਂਦੇ ਹਾਂ.ਸੂਬਿਆਂ ਦੇ ਮੁਖ ਮੰਤਰੀ ਹੀ ਨਹੀਂ ਦੇਸ਼ ਦਾ ਪ੍ਰਧਾਨ ਮੰਤਰੀ ਤਕ ਬਨਾਉਣ ਤੱਕ ਦਾ ਜੋਖਮ ਵੀ ਉਠਾ ਲੈਂਦੇ ਹਾਂ.ਮੋਦੀ ਵਾਜਪਾਈ ਤਾਲਮੇਲ ਨੇ ਗੁਜਰਾਤ ਵਿੱਚ ਜੋ ਤਾਂਡਵ ਰਚਿਆ ਸੀ ਉਸ ਤੋਂ ਵੀ ਸਿਖਣ ਤੋਂ ਮੁਨਕਰ ਹੋਣਾ ਲੋਚਦੇ ਹਾਂ.ਮੌਕਾ ਹੈ ਕਿ ਅਸੀਂ ਸਬਕ ਸਿਖੀਏ ਅਤੇ ਇਸ ਦੋਗਲੀ ਚਾਲ ਦਾ ਤਿਆਗ ਕਰੀਏ. ਇਹ ਗੱਲ ਪੱਲੇ ਬੰਨੀਏ ਕਿ ਦੋਗਲੀ ਨੀਤੀ ਜੀਵਨ ਨੂੰ ਕਦੇ ਰਾਸ ਨਹੀਂ ਆਉਂਦੀ ਹੁੰਦੀ.


ਉਂਜ ਤੇ ਇਹ  ਗੱਲ ਜੱਗ ਜਾਹਰ ਹੈ ਕੀ ਵਾਜਪਾਈ ਹੁਰਾਂ ਨੇ ਹਮੇਸ਼ਾ ਹੀ ਭਾਜਪਾ ਦੇ ਕੋਝੇ ਮਨਸੂਬਿਆਂ ਨੂੰ ਲਾਗੂ ਕਰਨ ਲਈ ਨਕਾਬ ਦਾ ਕੰਮ ਕੀਤਾ ਹੈ,ਪਰਦਾਪੋਸ਼ੀ ਦੀ ਜੀ ਤੋੜ ਕੋਸ਼ਿਸ਼ ਕੀਤੀ ਹੈ ਪਰ ਜੋ ਲੋਕ ਅਤੀਤ ਵਿਚ  ਵਾਜਪਾਈ ਬਾਰੇ ਜਾਣੇ  ਅਣਜਾਣੇ ਸਵਾਰਥਾਂ ਕਰਕੇ ਭੁਲੇਖੇ ਦਾ ਸ਼ਿਕਾਰ ਬਣਦੇ ਰਹੇ ਹਨ ਇਹ ਮੌਕਾ ਉਹਨਾਂ ਲਈ  ਆਤਮ ਮੁਲੰਕਣ ਕਰਨ  ਦਾ ਮੌਕਾ ਹੈ.ਤੇਰਾਂ ਦਿਨ ਦੀ ਆਪਣੀ ਪਹਿਲੀ ਸਰਕਾਰ ਵੇਲੇ ਅਸਤੀਫੇ ਤੋਂ ਪਹਿਲਾਂ ਮਿ. ਵਾਜਪਾਈ ਦੀ ਤਕਰੀਰ ;ਅਯੁਧਿਆ ਦੇ ਸਵਾਮੀ ਰਾਮਚੰਦਰ ਦੇ ਸੰਸਕਾਰ ਮੌਕੇ ਬਾਬਰੀ ਮਸਜਿਦ ਵਾਲੀ ਥਾਂ ਉੱਤੇ ਹੀ ਅਖੌਤੀ ਰਾਮ ਮੰਦਰ ਉਸਾਰਨ ਦਾ ਉਹਦਾ- ਉਹ ਵੀ ਮੁਲਕ ਦਾ ਪ੍ਰਧਾਨ ਮੰਤਰੀ ਹੁੰਦੇ ਹੋਏ-ਵਾਹਦਾ; ਕੋਈ ਛਿਪੇ ਹੋਏ ਤਥ ਨਹੀਂ .ਬਾਬਰੀ ਮਸਜਿਦ ਤੋੜਨ ਦੇ ਮਨਹੂਸ ਦਿਨ ਤੋਂ ਇੱਕ ਦਿਨ ਪਹਿਲਾਂ ਪੰਜ ਦਸੰਬਰ ੧੯੯੨ ਵਾਲੇ ਦਿਨ ਯੋਜਨਾਬਧ ਤਰੀਕੇ ਨਾਲ ਅਯੁਧਿਆ ਵਿੱਚ ਇਕਠੇ ਹੋਏ ਕਾਰਸੇਵਕਾਂ ਸਾਹਮਣੇ ਵਾਜਪਾਈ ਦੀ ਭੜਕਾਊ ਅੰਦਾਜ਼ ਵਾਲੀ ਤਕਰੀਰ ਸੁਣ ਕੇ (ਜੋ ਨੈੱਟ ਤੇ ਮਿਲਦੀ ਹੈ )ਉੱਕਾ ਸਾਫ ਹੋ ਜਾਂਦਾ ਹੈ ਕਿ ਫਿਰਕੂ ਨਫਰਤ ਦੇ ਭਾਂਬੜ ਬਾਲਣ ਵਿੱਚ ਇਸ ਭੋਲੇ ਚਿਹਰੇ ਹੇਠ ਛੁਪੇ ਸ਼ਖਸ਼ ਦੀ ਅਸਲ ਪ੍ਰਕਿਰਤੀ ਖਲਨਾਇਕੀ ਦੀਆਂ ਸਰਬਉਚ ਚੋਟੀਆਂ ਤੇ ਵਿਚਰਦੀ ਹੈ.ਉਸ ਵਕਤ ਜਦੋਂ ਫਿਜ਼ਾ ਵਿੱਚ 'ਇੱਕ ਧੱਕਾ ਔਰ ਦੋ' ਵਰਗੇ ਰਾਸਟਰ ਵਿਰੋਧੀ ਨਾਹਰੇ ਗੂੰਜ ਰਹੇ ਸਨ ,ਬਾਬਰ ਦੀਆਂ ਸੰਤਾਨਾ ਨੂੰ ਪਾਕਿਸਤਾਨ ਭੇਜਣ ਦੇ ਫਰਮਾਨ ਜਾਰੀ ਹੋ ਰਹੇ ਸਨ ਉਸ ਸਮੇਂ ਵਾਜਪਾਈ ਸਾਹਿਬ ਆਪਣੀ ਭਾਸ਼ਣੀ ਪ੍ਰਤਿਭਾ ਦੀ ਭਰਪੂਰ ਵਰਤੋਂ ਕਰਦਿਆਂ ਸੁਪ੍ਰੀਮ ਕੋਰਟ ਦੇ ਹੁਕਮਾਂ ਦੀ ਖਿੱਲੀ ਉਡਾਉਂਦੇ ਅਤੇ ਕਾਰਸੇਵਕਾਂ ਦੇ ਮਨਾਂ ਵਿੱਚ ਭੜਕਾਈ ਅਗਨੀ ਵਿੱਚ ਬੁਕਾਂ ਭਰ ਭਰ ਆਹੂਤੀਆਂ ਦਿੰਦੇ ਨਜ਼ਰ ਆਉਂਦੇ ਹਨ.


ਇਸ ਸਭ ਕੁਝ ਦੇ ਬਾਵਜੂਦ ਛਲੇਡੇ ਵਾਂਗ ਭੇਸ ਵਟਾਉਣ ਵਿੱਚ ਮਾਹਿਰ ਇਹ ਸੱਜਣ ਠੱਗ ਕਿਵੇਂ ਨਾ ਕਿਵੇਂ ਇਨਸਾਫ਼ ਦੀਆਂ ਉਂਗਲਾਂ ਵਿਚੋਂ ਤਿਲਕ ਜਾਂਦਾ ਰਿਹਾ ਹੈ.ਮੈਂ ਅਕਸਰ  ਲੋਕਾਂ ਨੂੰ ਕਹਿੰਦੇ ਸੁਣਿਆ ਹੈ ਕਿ ਵਾਜਪਾਈ  ਬੰਦਾ ਵਧੀਆ ਹੈ ਪਰ ਗਲਤ ਪਾਰਟੀ ਵਿੱਚ ਹੈ.ਉਹਨਾਂ ਵਿਚੋਂ ਬਹੁਤੇ ਕਿਸੇ ਗਰਜ਼ ਦੇਮਾਰੇ ਹਨ ਜਾਂ ਫਿਰ ਪਾਰਖੂ ਦ੍ਰਿਸ਼ਟੀ ਤੋਂ ਹੀ ਕੋਰੇ ਹਨ. ਹਿੰਦ ਕਮਿਉਨਿਸਟ ਪਾਰਟੀ ਦੇ ਆਗੂ ਮਿ. ਏ ਬੀ ਵਰਧਨ ਦੀਆਂ ਵਾਜਪਾਈ ਨੂੰ ਬੇਕਸੂਰ ਠਹਿਰਾਉਣ ਦੀਆਂ ਮੂਰਖਾਨਾ ਹਰਕਤਾਂ ਦਾ ਸ੍ਰੋਤ ਕੀ ਹੈ?ਇਹ ਪਤਾ ਕਰਨਾ ਇਤਹਾਸ ਦੇ ਖੋਜਕਾਰਾਂ ਦਾ ਵਿਸ਼ਾ ਹੈ.

No comments:

Post a Comment