Friday, November 20, 2009

ਆਖਰੀ ਪੁਲਾਂਘ - ਹਰਨਾਮ ਸਿੰਘ ਨਰੂਲਾ

ਹਰਨਾਮ ਸਿੰਘ ਨਰੂਲਾ
ਹਰਨਾਮ ਸਿੰਘ ਨਰੂਲਾ


 



ਪੂਰੇ ਬਾਰਾਂ ਪੈਹਰ ਉਹ ਤਾਪ ਦਾ ਮੱਧਿਆ ਮਧੋਲਿਆ ਮਸਾਂ ਮੰਜੇ ਤੋਂ ਉਠਿਆ, ਕੰਬਦੀਆਂ ਲੱਤਾਂ ਅਤੇ ਥਿੜਕਦੇ ਪੈਰੀਂ ਬੈਠਕ ਤੋਂ ਬਾਹਰ ਆਇਆ ਅਤੇ ਨਸਤਾ ਜਿਹਾ ਬਾਹਰ ਬੂਹੇ ਨਾਲ ਪਏ ਤਖਤ ਪੋਸ਼ ਉਤੇ ਬੈਠ ਗਿਆ।
ਪਿਛਲੀਆਂ ਦੋ ਰਾਤਾਂ ਅਤੇ ਪੂਰਾ ਦਿਨ ਉਹ ਤਾਪ ਵਿਚ ਤਪਦਾ ਰਿਹਾ ਸੀ। ਉਮਰ ਪਖੋਂ ਲੱਧਾ ਸਿੰਘ ਭਾਵੇਂ ਸੱਤਰਵੇਂ ਇੱਕਤਰਵੇਂ ਵਰੇ ਸੀ ਪਰ ਸਰੀਰ ਤੋਂ ਅਰੋਗ। ਅੰਗ ਰੰਗ ਸਭ ਠੀਕ ਸਨ। ਹੱਥ ਲੱਤਾਂ ਕੰਨ ਅੱਖਾਂ ਦੰਦ ਸਭ ਠੀਕ ਸਨ। ਏਨੀ ਉਮਰ ਹੋਣ ਅਤੇ ਉਹਦੇ ਮੂੰਹ ਤੇ ਖਰਵਾਪਣ ਨਹੀਂ ਸੀ ਆਇਆ ਸਗੋਂ ਲਾਲੀ ਦਮਕਦੀ ਸੀ। ਸਿਰ ਅਤੇ ਦਾੜ੍ਹੀ ਦੇ ਵਾਲ ਵੀ ਕਰੜ- ਬਰੜੇ ਯਾਨੀ ਅੱਧੇ ਚਿੱਟੇ ਅੱਧੇ ਕਾਲੇ ਸਨ। ਅਤੇ ਇਹ ਸਭ ਬਚਪਨ ਦੀ ਚੰਗੀ ਸੁਖਾਵੀਂ ਲੰਘੀ ਜਿੰਦਗੀ ਅਤੇ ਨਿੱਗਰ ਖੁਰਾਕ ਸਦਕਾ ਸੀ।
ਪਰ ਹੁਣ ਬੈਂਚ ਉਤੇ ਉਹ ਮਿੱਟੀ ਦੀ ਢੇਰੀ ਹੋਇਆ ਬੈਠਾ ਸੀ। ਕੁੱਝ ਪਲ ਪਹਿਲਾਂ ਵੱਡੇ ਪੁੱਤਰ ਗੁਰਦਿਤ ਦੇ ਆਖੇ ਬੋਲਾਂ ਨੇ ਉਹਦੀ ਆਤਮਾ ਨੂੰ ਧੁਰ ਅੰਦਰ ਤੱਕ ਪੱਛ ਦਿੱਤਾ ਸੀ, ਸਗੋਂ ਲੂਹ ਦਿੱਤਾ ਸੀ। ਗੁਰਦਿਤ ਦੇ ਬੋਲਾਂ ਨੇ ਉਹਦੇ ਕੰਨਾਂ ਵਿਚ ਬੀਂਡੇ ਬੋਲਣ ਲਾ ਦਿੱਤੇ ਸਨ।
ਗੁਰਦਿਤ ਤਾਂ ਟਰੈਕਟਰ ਲੈ ਕੇ ਖੇਤ ਨੂੰ ਚਲਿਆ ਗਿਆ ਸੀ ਪਰ ਉਹਦੇ ਆਖੇ ਬੋਲ ਅਜੇ ਵੀ ਲੱਧਾ ਸਿੰਘ ਦੇ ਕੰਨਾਂ ਦੇ ਪਰਦੇ ਪਾੜ ਰਹੇ ਸਨ। ਉਹ ਸੁੰਨ ਹੋਇਆ ਬੈਠਾ ਸੀ ਜਿਵੇਂ ਕੋਈ ਉਸਨੂੰ ਤੋੜ ਮਰੋੜ ਕੇ ਸੁੱਟ ਗਿਆ ਹੋਵੇ।
ਲੱਧਾ ਸਿੰਘ ਦਾ ਬਚਪਨ ਬੜਾ ਲਾਡਾਂ ਪਿਆਰਾਂ ਵਿਚ ਲੰਘਿਆ ਸੀ। ਦੋ ਵੱਡੀਆਂ ਭੈਣਾਂ ਮੋਹਿੰਦਰੋ ਅਤੇ ਜਗਿੰਦਰੋ ਮਾਤਾ ਭਾਨ ਕੌਨ ਅਤੇ ਪਿਤਾ ਧਰਮ ਸਿੰਘ ਪੰਜ ਜੀਅ ਸਨ। ਪੂਰੇ ਘਰ ਵਿਚ ਮੋਹ ਅਤੇ ਮਮਤਾ ਦਾ ਮਹੌਲ ਸੀ। ਲੱਧਾ ਸਿੰਘ ਅਠਾਰਾਂ ਸਾਲ ਦਾ ਸੀ ਜਦੋਂ ਉਹਦੀਆਂ ਦੋਵੇਂ ਭੈਣਾ ਮਹਿੰਦਰੋ ਤੇ ਜੁਗਿੰਦਰੋ ਦਾ ਵਿਆਹ ਹੋਇਆ। ਦੋਵੇਂ ਇਕੋ ਪਿੰਡ ਇਕੋ ਘਰ ਵਿਆਹੀਆਂ ਸਨ ਅਤੇ ਪ੍ਰਾਹੁਣੇ ਦੋ ਹੀ ਭਰਾ ਸਨ। ਸੱਸ ਸਹੁਰਾ ਤਕੜੇ ਸਨ। ਘਰ ਚੰਗਾ ਸੀ। ਭੌਂਏ ਭਾਡਾਂ ਮੋਕਲਾ ਸੀ। ਚਾਰ ਪੰਜ ਕਾਮੇ ਰੱਖ ਚੰਗੀ ਚਾਰ ਹਲਾਂ ਦੀ ਖੇਤੀ ਕਰਦੇ ਸਨ। ਡੰਗਰ ਵੱਛਾ ਵਾਹਵਾ ਸੀ। ਦੋ ਊਠ, ਦੋ ਘੋੜੀਆਂ, ਪ੍ਰਾਹਣਾਚਾਰੀ ਆਉਣ ਜਾਣ ਨੂੰ।
ਧਰਮ ਸਿੰਂਘ ਨੇ ਧੀਆਂ ਦੇ ਵਿਆਹ ਬੜੀ ਠੁੱਕ ਨਾਲ ਕੀਤੇ। ਲੱਧਾ ਸਿੰਘ ਹੁਰਾਂ ਦੀ ਤੇਰ੍ਹਾ ਘੁਮਾਂ ਨਿਆਈਂ ਦੀ ਜ਼ਮੀਨ ਸੀ ਅਤੇ ਆਪਣਾ ਖੂਹ। ਧਰਮ ਸਿੰਘ ਮਿਹਨਤੀ ਅਤੇ ਸਤਿਕਾਰਿਆ ਕਿਸਾਨ ਸੀ। ਬਲਦਾਂ ਦੀ ਜੋੜੀ ਤਿੰਨ ਚਾਰ ਲਵੇਰੀਆਂ ਮੱਝਾਂ ਇਕ ਕਾਮਾ ਰੱਖ ਉਹ ਚੰਗੀ ਖੇਤੀ ਕਰਦਾ ਸੀ। ਉਦੋਂ ਦੁੱਧ ਵੇਚਣ ਦਾ ਰਿਵਾਜ ਨਹੀਂ ਸੀ। ਲੋਕ ਦੁੱਧ ਅਤੇ ਪੁੱਤ ਦੀ ਸੁੰਹ ਖਾਂਦੇ ਸਨ। ਦੁੱਧ-ਪੁੱਤ ਦੀ ਸੁੰਹ ਹੀ ਸਭ ਤੋਂ ਵੱਡੀ ਸਹੁੰ ਮੰਨੀ ਜਾਂਦੀ ਸੀ। ਘਰ ਵਿਚ ਦੁੱਧ ਘਿਓ ਕਿਸੇ ਚੀਜ਼ ਦੀ ਥੁੜ ਨਹੀਂ ਸੀ। ਦਾਨੀ ਪ੍ਰਧਾਨੀ ਸੁਆਣੀ ਭਾਨ ਕੌਰ ਧੱਕੋ ਧੱਕੀ ਕੁੱਝ ਨਾ ਕੁੱਝ ਬਣਾ ਕੇ ਲੱਧਾ ਸਿੰਘ ਨੂੰ ਖਵਾਂਦੀ ਰਹਿੰਦੀ।
ਧਰਮ ਸਿੰਘ ਧਾਰਾਂ ਕੱਢਣ ਵੇਲੇ ਅੱਧੀ ਮੱਝ ਚੋ ਅੱਧੀ ਲੱਧੇ ਨੂੰ ਚੁੰਘਣ ਲਈ ਛੱਡ ਦਿੰਦਾ। ਲੱਧਾ ਸਿੰਘ ਹੁੰਦੜਹੇਲ ਤੇ ਸੁਨੱਖਾ ਗਭਰੂ ਸੀ। ਮਾਂ ਪਿਉ ਭੈਣਾਂ ਵਿਚ ਬੜਾ ਹਿੱਤ ਸੀ।
ਭੈਣਾ ਦਾ ਸਹੁਰਾ ਪਿੰਡ ਦਸ ਕੋਹ ਦੂਰ ਸੀ। ਅਤੇ ਉਹ ਮਹੀਨਾ ਵੀਹ ਦਿਨੀਂ ਭੈਣਾ ਦੇ ਪਿਆਰ ਵਿਚ ਬੱਧਾ ਭੈਣਾ ਨੂੰ ਮਿਲ ਆਉਂਦਾ ਅਤੇ ਦਸ ਕੋਹ ਪੈਂਡੇ ਨੂੰ ਉਹ ਦਸ ਪੁਲਾਂਘਾਂ ਹੀ ਦੱਸਦਾ।
ਤੀਜੇ ਪਹਿਰ ਪਸ਼ੂਆਂ ਨੂੰ ਪੱਠਾ ਦੱਥਾ ਪਾ ਉਹ ਘਰੋਂ ਤੁਰਦਾ, ਟਿੱਕੀ ਛਿਪਦੀ ਨੂੰ ਭੈਣਾ ਦਾ ਜਾ ਪਿਆਰ ਲੈਂਦਾ। ਰਾਤ ਰਹਿੰਦਾ। ਸਵੇਰੇ ਦੋ ਪਰੌਂਠੇ ਖਾ, ਲੱਸੀ ਪੀ ਤੁਰ ਪੈਂਦਾ। ਤੁਰਨ ਲਗਿਆਂ ਭੈਣਾਂ ਭਣੂਜੇ ਕਹਿੰਦੇ, "ਘੋੜੀ ਲੈ ਜਾ ਆਪੇ ਕੋਈ ਲਾਗੀ ਲੈ ਆਵੇਗਾ।" ਤਾਂ ਲੱਧਾ ਸਿੰਘ ਹੱਸਕੇ ਕਹਿੰਦਾ, "ਭੈਣਾ, ਇਹ ਕਿਹੜਾ ਪੈਂਡਾ ਏ। ਦਸ ਪੁਲਾਘਾਂ। ਤੁਰਿਆ ਤੇ ਪਹੁੰਚਿਆ। ਏਧਰ ਆਉਨਾ ਤਾਂ ਤੁਹਾਡਾ ਪਿਆਰ ਮੈਨੂੰ ਚੁੱਕੀਂ ਲਿਆਉਂਦਾ ਉਧਰ ਜਾਂਨਾਂ ਤਾਂ ਮਾਂ ਪਿਉ ਦਾ ਪਿਆਰ ਮੈਨੂੰ ਖਿੱਚੀਂ ਜਾਂਦੈ।"
ਅਤੇ ਉਹ ਦਸ ਕੋਹ ਪੈਂਡਾ ਮਾਰ ਨਰਮ ਦੁਪਹਿਰ ਪਿੰਡ ਆ ਵੜਦਾ। ਨਾਨਕਿਆਂ ਦੇ ਪਿੰਡ ਦਾ ਚੀਦਾਂ ਕੋਹ ਪੈਂਡਾ ਪੁਲਾਂਘਾ ਹੀ ਗਿਣਦਾ ਅਤੇ ਸਾਲ ਵਿਚ ਦੋ ਤਿੰਨ ਵਾਰ ਮਾਮੇ ਮਾਮੀਆਂ ਅਤੇ ਭੈਣਾਂ ਭਰਾਵਾਂ ਨੂੰ ਵੀ ਮਿਲ ਆਉਂਦਾ।
ਉਹਨੂੰ ਸਾਰੇ ਰਿਸ਼ਤੇਦਾਰ ਚਾਹੁੰਦੇ ਸਨ। ਕਦੀ ਮਹਿੰਦਰੋ ਅਤੇ ਜਗਿੰਦਰੋ ਵੀ ਆਂਉਂਦੀਆਂ ਕਦੀ ਵਾਰੋ ਵਾਰੀ ਕਦੀ ਇਕੱਠੀਆਂ। ਧੀਆਂ ਮਹਿਸੂਸ ਕਰਦੀਆਂ ਸਨ ਕਿ ਮਾਤਾ ਭਾਨ ਕੌਰ ਇਕੱਲੀ ਜਿਹੀ ਪੈ ਗਈ ਏ ਅਤੇ ਸਿਹਤ ਵੀ ਡਿਗੀ ਰਹਿੰਦੀ ਏ। ਘਰ ਦਾ ਕੰਮ ਭਾਵੇ ਮਹਿਰਿਆਂ ਦੀਆਂ ਨੂੰਹਾਂ ਕਰ ਜਾਂਦੀਆਂ ਸਨ ਪਰ ਇਕਾਂਤ ਤਾਂ ਚੁਭਦੀ ਸੀ।
ਉਹਨੂੰ ਦੂਰੋਂ ਪਾਰੋਂ ਪ੍ਰਾਹੁਣਿਆਂ ਦੇ ਮੇਲੀ ਗੇਲੀ ਇਕ ਚੰਗੇ ਖਾਂਦੇ ਪੀਂਦੇ ਪਰਿਵਾਰ ਵਿਚੋਂ ਰਿਸ਼ਤਾ ਲਿਆਂਦਾ। ਵੱਡਾ ਪ੍ਰਾਹੁਣਾ ਵਿਚੋਲਾ ਬਣਿਆ ਅਤੇ ਲੱਧੇ ਦਾ ਮੰਗਣਾ ਹੋ ਗਿਆ। ਉਹਦਾ ਸਹੁਰਾ ਪਿੰਡ ਅੱਠ ਕੋਹ ਦੂਰ ਸੀ। ਵੀਹ ਸਾਲ ਦਾ ਸੀ ਜਦ ਉਹਦਾ ਵਿਆਹ ਹੋਇਆ। ਭੈਣਾ, ਭਣਵਈਆਂ ਮਾਮੇ, ਮਾਮੀਆਂ ਨੇ ਪੂਰੀ ਰੀਝ ਲਾਈ। ਘੋੜੀ ਚੜ੍ਹਿਆ ਤਾਂ ਜਿੱਥੇ ਸਿਰਵਾਰਨੇ ਹੋਏ, ਭੈਣਾ ਨੇ ਵਾਗਾਂ ਗੁੰਦੀਆਂ ਤਾਂ ਉਹਦੇ ਲੰਗੋਟੀਏ ਯਾਰ ਮੁਹੰਮਦ ਵਲੈਤ ਦੀ ਘਰਵਾਲੀ ਸਲੀਮਾਂ ਨੇ ਭਰਜਾਈ ਦਾ ਫਰਜ ਨਿਭਾਹਿਆ, ਉਹਦੀਆਂ ਅੱਖਾਂ ਵਿਚ ਸੁਰਮਾ ਪਾਇਆ।
ਮੁਹੰਮਦ ਵਲੈਤ ਦਾ ਵਿਆਹ ਚਾਰ ਮਹੀਨੇ ਪਹਿਲਾਂ ਹੋਇਆ ਸੀ। ਬੜੀ ਧੂਮ ਧੜਾਕੇ ਨਾਲ ਤਾਂਗਿਆ ਘੋੜਿਆਂ ਤੇ ਬਰਾਤ ਚੜ੍ਹੀ। ਅੱਗੋਂ ਕੁੜਮ ਵੀ ਚੰਗੇ ਕਬੀਲੇ ਵਾਲੇ ਸਨ। ਬਰਾਤ ਦੋ ਰਾਤਾਂ ਅਟਕਾਈ। ਅਜੇ ਹੋਰ ਵੀ ਦੋ ਰਾਤਾਂ ਅਟਕਾਂਦੇ ਜੇ ਧਰਮ ਸਿੰਘ ਹੱਥ ਜੋੜ ਵਿਦਾਈ ਨਾ ਮੰਗਦਾ।
ਵਿਔਲੀ ਬਲਵੰਤ ਕੌਰ ਕੀ ਆਈ ਉਸ ਰੁੱਖੇ ਹੋ ਗਏ ਵਿਹੜੇ ਨੂੰ ਰੌਣਕਾਂ ਨਾਲ ਭਰ ਦਿੱਤਾ। ਬਲਵੰਤ ਕੌਰ ਬੜੀ ਸਾਊ ਸੁਭਾ ਅਤੇ ਘਰ ਦੇ ਕੰਮ ਵਿਚ ਨਿਪੁੰਨ ਮੁਟਿਆਰ ਸੀ। ਉਹ ਭਾਨ ਕੌਰ ਨੂੰ ਮਾਤਾ ਅਤੇ ਧਰਮ ਸਿੰਘ ਨੂੰ ਪਿਤਾ ਅਤੇ ਧਰਮ ਸਿੰਘ ਨੂੰ ਪਿਤਾ ਹੀ ਸਮਝਦੀ। ਵਾਹ ਲਗਦੇ ਉਹ ਭਾਨ ਕੌਰ ਨੂੰ ਮੰਜੇ ਤੋਂ ਪੈਰ ਨਾ ਲਾਹੁਦ ਦੇਂਦੀ।
ਸਾਊ ਸੁਭਾ ਲੱਧਾ ਸਿੰਘ ਨੇ ਧਰਮ ਸਿੰਘ ਦਾ ਪੂਰਾ ਖੇਤੀ ਦਾ ਭਾਰ ਆਪਣੇ ਸਿਰ ਚੁੱਕ ਲਿਆ ਸੀ। ਲੱਧਾ ਸਿੰਘ ਅਤੇ ਬਲਵੰਤ ਕੌਰ ਦੀ ਚੁੰਗੀ ਮਿਲਵੀਂ ਅਤੇ ਫੱਬਵੀੰ ਜੋੜੀ ਸੀ।
ਬਲਵੰਤ ਕੌਰ ਦੇ ਪਹਿਲਾਂ ਬੱਚਾ ਹੋਣ ਵਾਲਾ ਸੀ ਜਦ ਬਲਵੰਤ ਕੌਰ ਦੀ ਮਾਂ, ਵੱਡਾ ਭਰਾ ਤੇ ਭਰਜਾਈ ਤਾਂਗਾ ਲੈ ਕੇ ਆਏ। ਉਹ ਬਲਵੰਤ ਕੌਰ ਨੂੰ ਲੈਣ ਆਏ ਸਨ ਤਾਂ ਕਿ ਉਹ ਪਹਿਲੇ ਬੱਚੇ ਨੂੰ ਪੇਕੇ ਘਰ ਜਨਮ ਦੇਵੇ। ਉਹ ਦੋ ਰਾਤਾਂ ਰਹੇ ਤਾਂ ਬਲਵੰਤ ਕੌਰ ਨੂੰ ਲੈ ਗਏ।
ਮਹਿੰਦਰੋ ਮਾਂ ਨਾਲ ਹੱਥ ਵਟਾਉਣ ਇੱਕ ਦਿਨ ਪਹਿਲਾਂ ਹੀ ਆ ਗਈ ਸੀ ਕਿਉਂਕਿ ਉਹਦੀ ਨੂੰਹ ਬਲਵੰਤ ਕੌਰ ਨੇ ਭਾਨ ਕੌਰ ਅਸਲੋਂ ਸੁਖਿਆਰੀ ਕਰ ਦਿੱਤੀ ਸੀ। ਪੋਹ ਮਹੀਨੇ ਦੀ ਠਰੀ ਸ਼ਾਮ ਲੱਧਾ ਸਿੰਘ ਦੇ ਸਹੁਰੇ ਪਿੰਡ ਦਾ ਲਾਗੀ ਆਇਆ। ਉਸ ਆ ਕੇ ਭਾਨ ਕੌਰ ਨੂੰ ਮੁਬਾਰਕਾਂ (ਵਧਾਈ) ਦਿੱਤੀਆਂ: "ਮਾਤਾ ਜੀ, ਧੀ ਰਾਣੀ ਠ੍ਰੀਕ ਏ।। ਮੁਬਾਰਕਾਂ! ਪੋਤਾ ਆਇਆ ਜੇ।"
ਭਾਨ ਕੌਰ ਨੇ ਲਾਗੀ ਦਾ ਮੂੰਹ ਘਿਉ ਸ਼ੱਕਰ ਨਾਲ ਭਰ ਦਿੱਤਾ। ਸਾਰੇ ਘਰ ਵਿੱਚ ਅਤੇ ਆਂਢ-ਗਵਾਂਢ ਵਿਚ ਖੁਸ਼ੀਆਂ ਭਰ ਗਈਆਂ। ਸਾਰੇ ਪਿੰਡ ਨੇ ਖੁਸ਼ੀਆਂ ਮਨਾਈਆਂ ਅਤੇ ਮੁਬਾਰਕਾਂ ਦਿੱਤੀਆਂ। ਧਰਮ ਸਿੰਘ ਨੇ ਚਾਂਦੀ ਦੇ ਰੁਪਈਆਂ ਦਾ ਰੁੱਗ ਭਰ ਲਾਗੀ ਦੀ ਝੋਲੀ ਦਿੱਤੀ। ਮਹਿੰਦਰੋ ਮੱਝ ਦੇ ਦੁੱਧ ਵਿਚ ਸੇਵੀਆਂ ਉਬਾਲ ਲਿਆਈ।
ਲੱਧਾ ਸਿੰਘ ਦਾ ਕੱਦ ਜਿਵੇਂ ਗਿੱਠ ਉੱਚਾ ਹੋ ਗਿਆ। ਉਹਦੇ ਤੋਂ ਖੁਸ਼ੀ ਸਮੇਟੀ ਨਹੀਂ ਜਾ ਰਹੀ ਸੀ। ਉਹਨੂੰ ਖਿੱਚ ਹੋਈ ਪੁੱਤਰ ਦਾ ਮੂੰਹ ਵੇਖਣ ਦੀ। ਉਹ ਰੋਟੀ ਖਾ ਸਹੁਰੇ ਜਾਣ ਲਈ ਤਿਆਰ ਹੋ ਗਿਆ।
ਮਾਂ ਨੇ ਕਿਹਾ, "ਪੁੱਤਰ, ਪੋਹ ਦੀ ਸੁੰਨ ਚਾੜ੍ਹਦੀ ਰਾਤ ਏ। ਕੱਲ੍ਹ ਕੁਲ ਨੂੰ ਚਲਾਂਗੇ। ਅਸੀਂ ਵੀ ਜਾਣਾ ਏ। ਕੋਈ ਗਹਿਣਾ ਨੂੰਹ ਲਈ, ਕਪੜੇ ਸਾਰੇ ਜੀਆਂ ਦੇ ਤੇ ਪੰਜੀਰੀ ਲੈ ਕੇ ਚਲਾਂਗੇ।"
ਪਰ ਲੱਧੇ ਦਾ ਕਹਿਣਾ ਸੀ, "ਮਾਂ, ਆਹ ਅੱਠ ਪੁਲਾਘਾਂ ਪੈਂਡਾ ਏ। ਮੈਂ ਹੁਣੇ ਗਿਆ। ਮੈਂ ਸਵੇਰੇ ਆ ਜਵਾਂਗਾ। ਫਿਰ ਤੁਸੀਂ ਸਾਰੇ ਚਲੇ ਜਾਇਓ। ਮੈਂ ਪਿੱਛੋਂ ਘਰ ਬਾਹਰ ਸਾਂਭਾਗਾ। ਤੁਸੀਂ ਫਿਰ ਭਾਵੇਂ ਦੋ ਚਾਰ ਦਿਨ ਲਾ ਆਇਓ।"
ਲੱਧਾ ਸਿੰਘ ਹਰ ਪੈਂਡਾ ਚਾਹੇ ਆਪਣੇ ਸਹੁਰਿਆਂ ਦਾ ਅੱਠ ਕੋਹ ਭਾਵੇਂ ਭੈਣਾ ਦੇ ਪਿੰਡ ਦਾ ਦਸ ਕੋਹ ਅਤੇ ਭਾਵੇਂ ਨਾਨਕਿਆਂ ਦੇ ਪਿੰਡ ਦਾ ਚੌਦਾਂ ਕੋਹ ਪੈਦਲ ਹੀ ਜਾਂਦਾ ਸੀ ਅਤੇ ਉਹ ਕੋਹਾਂ ਨੂੰ ਪੁਲਾਂਘਾ ਹੀ ਸਮਝਦਾ ਸੀ। ਪਰ ਜੇ ਮਾਤਾ ਭਾਨ ਕੌਰ ਧਰਮ ਸਿੰਘ ਜਾਂ ਘਰਵਾਲੀ ਬਲਵੰਤ ਕੌਰ ਨੇ ਕਿਸੇ ਰਿਸ਼ਤੇਦਾਰੀ ਵਿਚ ਜਾਣਾ ਹੁੰਦਾ ਤਾਂ ਉਹ ਮਹੁੰਮਦ ਵਲੈਤ ਹੋਰਾਂ ਦੀ ਘੌੜੀ ਲੈ ਆਉਂਦਾ।
ਮਹੁੰਮਦ ਵਲੈਤ ਉਹਦਾ ਲੰਗੋਟੀਆ ਯਾਰ ਸੀ ਅਤੇ ਚੌਧਰੀ ਮਹੁੰਮਦ ਹੁਸੈਨ ਦਾ ਪੁੱਤਰ ਸੀ। ਚੌਧਰੀ ਮਹੁੰਮਦ ਹੁਸੈਨ ਲੱਧੇ ਅਤੇ ਵਲੈਤ ਨੂੰ ਇੱਕੋ ਜਿਹਾ ਸਮਝਦਾ ਸੀ ਅਤੇ ਕਦੀ ਵੀ ਜਵਾਬ ਨਹੀਂ ਸੀ ਦਿੰਦਾ। ਪਰ ਫਿਰ ਵੀ ਕੋਸੇ ਦੁੱਧ ਦਾ ਛੰਨਾ ਪੀ ਪੰਜ ਸੇਰ ਘਿਉ ਦਾ ਕੁੱਜਾ ਚੁੱਕ ਲੱਧਾ ਸਿੰਘ ਪੁੱਤਰ ਦੇ ਮੋਹ ਵਿਚ ਸਹੁਰੇ ਪਿੰਡ ਨੂੰ ਤੁਰ ਪਿਆ। ਠੰਡੀ ਕੱਕਰਾਲੀ ਹਨੇਰੀ ਪੋਹ ਦੀ ਸ਼ੂਕਦੀ ਹੱਡ ਭੰਨਵੀਂ ਹਵਾ ਅਤੇ ਕੱਕਰ ਮਿੱਧਦਾ ਉਸ ਅੱਧੀ ਰਾਤ ਤੋਂ ਪਹਿਲਾਂ ਅੱਠ ਕੋਹ ਪੈਂਡਾ ਮਾਰ ਸਹੁਰੇ ਘਰ ਜਾ ਬੂਹਾ ਖੜਕਾਇਆ ਅਤੇ ਪੁੱਤਰ ਦਾ ਮੂੰਹ ਜਾ ਚੁੰਮਿਆ।
ਸੱਸ ਸਹੁਰੇ ਨੇ ਹੈਰਾਨੀ ਭਰੀ ਖੁਸ਼ੀ ਨਾਲ ਪਿਆਰ ਦਿੱਤਾ। ਬਲਵੰਤ ਕੌਰ ਨੇ ਵਧਾਈ ਦਿੰਦਿਆਂ ਲੈਂਦਿਆਂ ਕਿਹਾ, "ਗੁਰਾਂ ਨੇ ਪੁੱਤਰ ਦਿੱਤਾ ਏ।"
ਲੱਧੇ ਨੇ ਖੁਸ਼ੀ ਨਾਲ ਕਿਹਾ, "ਬਲਵੰਤ ਕੌਰ, ਜੇ ਗੁਰਾਂ ਨੇ ਪੁੱਤਰ ਦਿੱਤਾ ਏ ਤਾਂ ਇਹਦਾ ਨਾ ਵੀ ਫਿਰ ਗੁਰਦਿੱਤ ਸਿੰਘ ਰੱਖ ਦਈਏ।"
ਫਿਰ ਅਗਲੇ ਦਿਨ ਲੱਧਾ ਸਿੰਘ ਪਿੰਡ ਆਇਆ ਅਤੇ ਪੂਰੇ ਪਿੰਡ ਵਿਚ ਘਰ ਘਰ ਪਤਾਸੇ ਵੰਡੇ। ਫਿਰ ਗੁਰਦਿੱਤ ਦੀ ਦੂਜੀ ਲੋਹੜੀ ਤੋਂ ਪਿੱਛੋਂ ਬਲਵੰਤ ਕੌਰ ਨੇ ਹਰਦਿੱਤ ਨੂੰ ਜਨਮ ਦੇ ਕੇ ਲੱਧਾ ਸਿੰਘ ਨੂੰ ਦੋ ਪੁੱਤਰ ਦਾ ਪਿਉ ਬਣਾ ਦਿਤਾ।
ਪਰ ਮਾਤਾ ਭਾਨ ਕੌਰ ਦੂਜੇ ਪੋਤਰੇ ਦੀ ਲੋਹੜੀ ਨਾ ਵੇਖ ਸਕੀ। ਐਵੇਂ ਦੋ ਕੁ ਦਿਨ ਢਿੱਲੀ ਮੱਠੀ ਹੋਈ ਅਤੇ ਭਰਿਆ ਪਰਿਵਾਰ ਛੱਡ ਪਰਲੋਕ ਸੁਧਾਰ ਗਈ। ਬਲਵੰਤ ਕੌਰ ਅਤੇ ਲੱਧਾ ਸਿੰਘ ਚੋਖਾ ਦੁੱਖ ਮੰਨਿਆ। ਪਰ ਸਤਾਹਰੇ ਪਿਛੋਂ ਧਰਮ ਸਿੰਘ ਢਿੱਲਾ ਹੋ ਗਿਆ। ਅਫਸੋਸ ਕਰਨ ਆਏ ਲੋਕਾਂ ਵੱਲੋਂ ਭਾਂਤ ਭਾਂਤ ਦੀਆਂ ਅਫਸੋਸੀਆਂ ਗੱਲਾਂ ਨੇ ਉਹਦਾ ਹੌਂਸਲਾ ਹੀ ਤੋੜ ਦਿੱਤਾ। ਨੂੰਹ, ਪੁੱਤਰ ਧੀਆਂ, ਜਵਾਈਆਂ ਨੇ ਅਣਥੱਕ ਕੋਸ਼ਿਸ਼ ਕੀਤੀ ਪਰ ਧਰਮ ਸਿੰਘ ਘਰ ਦਾ ਪੂਰਾ ਬੋਝ ਲੱਧਾ ਸਿੰਘ ਤੇ ਛੱਡ ਸਾਥ ਛੱਡ ਗਿਆ।
ਲੱਧਾ ਸਿੰਘ ਬਚਪਨ ਤੋਂ ਹੀ ਕੰਮ ਦਾ ਲਾਗੂ ਅਤੇ ਸਿਰੜੀ ਮਿਹਨਤੀ ਸੀ। ਉਹਨੇ ਕੁੱਝ ਦਿਨਾਂ ਦਾ ਖਚਕਿਆ ਕੰਮ ਸੰਭਾਲਿਆ ਅਤੇ ਬਲਵੰਤ ਕੌਰ ਦੇ ਢੁੱਕਵੇਂ ਸਾਥ ਨਾਲ ਗੱਡੀ ਨੂੰ ਫਿਰ ਲੀਹ ਤੇ ਲੈ ਆਂਦਾ। ਕਠਿਨ ਮਿਹਨਤ ਨਾਲ ਗੱਡੀ ਅਜੇ ਲੀਹ ਤੇ ਆਈ ਹੀ ਸੀ ਕਿ ਦੇਸ਼ ਦੀ ਵੰਡ ਹੋ ਗਈ। ਚਾਰ-ਚੁਫੇਰੇ ਅੱਗ ਦੇ ਭਾਂਬੜ ਮੱਚ ਉਠੇ। ਕੱਟ, ਵੱਢ, ਲੁੱਟ ਖੋਹ ਸ਼ੁਰੂ ਹੋਈ। ਚਾਰ-ਚੁਫੇਰੇ ਮੌਤ ਨੰਗੀ ਹੋ ਨੱਚੀ। ਘਰ ਬਾਹਰ ਛੁੱਟ ਗਏ। ਤਬਾਹ ਹਾਲ ਲੋਕ ਕੈਪਾਂ ਵਿਚ ਕਾਫਲਿਆਂ ਵਿੱਚ ਭੁੱਖੇ-ਪਿਆਸੇ ਰੁਲਣ ਲੱਗੇ। ਕੌਣ ਬੱਚਿਆ? ਕੌਣ ਮਰਿਆ? ਕਿਧਰ ਗਿਆ? ਕਿਵੇਂ ਗਿਆ? ਕਿਸੇ ਨੂੰ ਕਿਸੇ ਦੀ ਕੋਈ ਸੁਧ-ਸਾਰ ਕੋਈ ਥੋਹ ਪਤਾ ਨਹੀਂ।
ਪਰ ਲੱਧਾ ਸਿੰਘ ਦੇ ਪਿੰਡ ਦੇ ਚੱਠੇ ਚੌਧਰੀ ਬਹੁਤ ਹੀ ਚੰਗੇ ਰਹੇ। ਉਹਨਾਂ ਸਾਰੇ ਹਿੰਦੂ-ਸਿੱਖਾਂ ਨੂੰ ਇਕੱਠੇ ਕਰ ਬੜੀ ਜ਼ੁਮਾਂਦਾਰੀ ਨਾਲ ਕੈਪਾਂ ਤੱਕ ਪਹੁੰਚਾਇਆ।
ਲੱਧਾ ਸਿੰਘ ਕੋਲ ਚੰਗੀ ਜੋੜੀ ਬਲਦਾਂ ਦੀ ਸੀ ਪਰ ਗੱਡਾ ਨਹੀਂ ਸੀ। ਪਰ ਚੌਧਰੀ ਮਹੁੰਮਦ ਹੁਸੈਨ ਨੇ ਆਪਣਾ ਗੱਡਾ ਦਿੱਤਾ। ਜੋ ਮਾੜਾ ਮੋਟਾ ਸਮਾਨ ਲੱਦਿਆਂ ਗਿਆ ਲੱਧਾ ਸਿੰਘ ਨੇ ਲੱਦਿਆਂ। ਮੱਝਾਂ ਉਸ ਵਲੈਤ ਹੁਸੈਨ, ਹੋਰਾਂ ਨੂੰ ਸੰਭਾਲੀਆਂ ਜਿਹਨਾਂ ਭਿੱਜੀਆਂ ਅੱਖਾਂ ਨਾਲ ਕਿਹਾ, "ਇਹ ਬਚਦਾ ਸਮਾਨ ਇਹ ਮੱਝਾਂ ਤੁਹਾਡੀ ਇਮਾਨਤ ਏ ਅਤੇ ਕੋਈ ਵੀ ਮੁਸਲਮਾਨ ਜੋ ਈਮਾਨ ਵਿੱਚ ਪੱਕਾ ਏ ਇਮਾਨਤ ਵਿੱਚ ਖਿਆਨਤ ਨਹੀਂ ਕਰਦਾ। ਠੰਡ ਠਿਰਕ ਹੋਈ ਤੇ ਲੈ ਜਾਇਉ। ਜੇ ਮੁੜ ਕੇ ਆ ਗਏ ਤਾਂ ਆਪਦਾ ਸਭ ਕੁੱਝ ਸਾਂਭ ਲਿਉ।"
ਲੱਧਾ ਸਿੰਘ ਕੈਂਪ ਵਿਚ ਆ ਗਿਆ। ਕੈਂਪ ਵਿਚ ਉਹ ਜਿੰਨਾ ਚਿਰ ਰਿਹਾ ਵਲੈਤ ਉਹਨੂੰ ਦੁੱਧ, ਘਿਉ, ਗੁੜ ਅਤੇ ਹੋਰ ਸਮਗਰੀ ਪਹੁੰਚਾਉਂਦਾ ਰਿਹਾ। ਕੈਂਪ ਵਿਚ ਹੀ ਉਸ ਨੂੰ ਪਤਾ ਲੱਗਾ ਕਿ ਉਹਦੇ ਨਾਨਕੇ ਭੈਣਾ ਅਤੇ ਸਹੁਰਾ ਪਰਿਵਾਰ ਬਚ ਕੇ ਭਾਰਤ ਚਲੇ ਗਏ ਸਨ। ਕੁੱਝ ਚਿਰ ਕੈਂਪ ਵਿਚ ਰਹਿ ਕੇ ਉਹ ਵੀ ਬਲਦ ਗੱਡਾ ਹੱਕੀਂ ਸਰਹੱਦ ਪਾਰ ਕਰ ਭਾਰਤ ਵਿੱਚ ਆ ਗਿਆ ਅਤੇ ਮਾਲਵੇ ਦੇ ਇੱਕ ਪਿੰਡ ਵਿਚ ਆ ਪਨਾਹ ਲਈ। ਉਥੇ ਚੰਗੀ ਪਰ ਕੁੱਝ ਤੋੜਨ ਵਾਲੀ ਜ਼ਮੀਨ ਦਾ ਇੱਕ ਚੰਗਾ ਟੋਟਾ ਸੀ। ਇਕ ਖੂਹ ਸੀ। ਕੁੱਝ ਨਹਿਰ ਦਾ ਪਾਣੀ ਲਗਦਾ ਸੀ। ਉਸ ਮੁੜ ਵਸੇਬਾ ਦਫਤਰ ਦੇ ਕਈ ਚੱਕਰ ਮਾਰੇ ਅਤੇ ਜਮੀਨ ਅਲਾਟ ਕਰਾ ਲਈ। ਇੱਥੇ ਮੁੜ ਵਸੇਬਾ ਦਫਤਰ ਤੋਂ ਹੀ ਉਹਨੂੰ ਭੈਣਾ, ਮਾਮਿਆਂ ਅਤੇ ਸਹੁਰਿਆਂ ਦਾ ਪਤਾ ਮਿਲ ਗਿਆ। ਸਭ ਦਾ ਪਤਾ ਮਿਲਣ ਤੇ ਉਸ ਸਭ ਨੂੰ ਮਿਲ-ਮਿਲਾ ਆਇਆ ਸੀ। ਅਤੇ ਸਾਰੇ ਆ ਕੇ ਮਿਲਣ ਵੀ ਲੱਗ ਪਏ ਸਨ।
ਉਸ ਨੂੰ ਘੱਟ ਕੀਮਤ ਤੇ ਤੀਹ-ਬੱਤੀ ਘੁਮਾਂ ਜਮੀਨ ਅਲਾਟ ਹੋ ਗਈ ਸੀ। ਜਮੀਨ ਕੁੱਝ ਤੋੜਨ ਸੰਵਾਰਨ ਵਾਲੀ ਸੀ। ਪਰ ਉਹ ਹੱਡ-ਭੰਨ, ਮਿਹਨਤ ਕਰ ਰਹੀ, ਕੁਹਾੜੀ ਅਤੇ ਹੱਲ ਦੀ ਮਦਦ ਨਾਲ ਅਤੇ ਆਪਣੇ ਅਸਰ ਰਸੂਖ ਨਾਲ ਸਾਰੀ ਰੱਕੜ ਪੱਟ ਜਮੀਨ ਸੰਵਾਰ ਲਈ, ਵਾਹੀ ਯੋਗ ਕਰ ਲਈ।
ਇਧਰ ਆ ਕੇ ਬਲਵੰਤ ਕੌਰ ਨੇ ਦੋ ਪੁੱਤਰਾਂ ਨੂੰ ਜਨਮ ਦਿੱਤਾ। ਗੁਰਦਿੱਤ ਅਤੇ ਹਰਦਿੱਤ ਖੇਤੀ ਵਿਚ ਉਹਦਾ ਹੱਥ ਵਟਾਣ ਲੱਗ ਪਏ ਸਨ।
ਬਲਵੰਤ ਕੌਰ ਪੰਜਵੇਂ ਬੱਚੇ ਨੂੰ ਜਨਮ ਦੇਣ ਵਾਲੀ ਸੀ ਜਦੋਂ ਉਹਨੂੰ ਲੱਧਾ ਸਿੰਘ ਨੇ ਕਿਹਾ, "ਬਲਵੰਤ ਕੌਰੇ, ਮੈਨੂੰ ਇਕ ਪੁੱਤਰ ਹੋਰ ਚਾਹੀਦਾ ਏ। ਮੈਂ ਪੰਜਾਂ ਪੁੱਤਰਾਂ ਦਾ ਪਿਉ ਕਹਾਉਣਾ ਚਾਹੁੰਦਾ ਹਾਂ।"
ਬਲਵੰਤ ਕੌਰ ਦਾ ਕਹਿਣਾ ਸੀ, "ਨਹੀਂ, ਚਾਰ ਭਰਾਵਾਂ ਦੀ ਇੱਕ ਭੈਣ ਵੀ ਹੋਣੀ ਚਾਹੀਦੀ ਏ।"
ਲੱਧਾ ਸਿੰਘ ਦਾ ਵਿਚਾਰ ਸੀ: "ਬਲੀ ਪਾਂਡਵ ਵੀ ਤਾਂ ਪੰਜ ਭਰਾ ਸਨ।"
ਬਲਵੰਤ ਦੀ ਸੋਚ ਸੀ: "ਧੀਆਂ ਨਾਲ ਧਿਰ ਬਣਦੀ ਏ।"
ਪਰ ਬਲਵੰਤ ਕੌਰ ਨੇ ਇਕ ਚੀਨੀ ਦੀ ਗੁੱਡੀ, ਇੱਕ ਚੰਬੇ ਦੀ ਕਲੀ ਵਰਗੀ ਬੱਚੀ ਨੂੰ ਜਨਮ ਦਿੱਤਾ ਤਾਂ ਲੱਧਾਂ ਸਿੰਘ ਦੇ ਮੱਥੇ ਉੱਤੇ ਤਿਉੜੀਆਂ ਪਈਆਂ ਅਤੇ ਉਹ ਕਈ ਦਿਨ ਘੁੱਟਿਆ ਵੱਟਿਆ ਰਿਹਾ।
ਭਾਵੇਂ ਵੱਡੇ ਮੁੰਡੇ ਖੇਤੀ ਵਿਚ ਚੰਗੇ ਖੁੰਭ ਗਏ ਸਨ। ਪਰ ਦੋ ਸੀਰੀ ਨਾਲ ਰੱਖ ਲੱਧਾ ਸਿੰਘ ਦੀ ਹਾਲਤ ਪੈਰੋਂ ਪੈਰ ਸੁਧਰਦੀ ਗਈ। ਅਤੇ ਉਸ ਪੂਰੀ ਮਿਹਨਤ ਨਾਲ ਘਰ ਬਾਹਰ ਹਵੇਲੀ ਸਭ ਸੰਵਾਰ ਲਈ ਸੀ। ਅਤੇ ਉਹ ਪੂਰੇ ਇਲਾਕੇ ਵਿਚ ਸਤਕਾਰਿਆ ਕਿਸਾਨ ਸੀ।
ਗੁਰਦਿੱਤ ਅਤੇ ਹਰਦਿੱਤ ਹੁਣ ਜਵਾਨ ਸਨ। ਅਤੇ ਮਾਮਿਆਂ ਦੀ ਮਦਦ ਨਾਲ ਦੋਨਾਂ ਭਰਾਵਾਂ ਨੂੰ ਇੱਕ ਘਰੋਂ ਦੋ ਸਕੀਆਂ ਭੈਣਾ ਦੇ ਰਿਸ਼ਤੇ ਹੋ ਗਏ।
ਲੱਧਾ ਸਿੰਘ ਦੇ ਮਾਮੇ ਕਰਨਾਲ ਨੇੜੇ ਪੱਕੀ ਅਲਾਟ ਤੇ ਸਨ ਅਤੇ ਸੋਹਰੇ ਕੁਰਕਸ਼ੇਤਰ ਨੇੜੇ ਅਤੇ ਭੈਣਾਂ ਕੈਥਲ ਨੇੜੇ ਸਨ। ਪਰ ਮੋਹ-ਮੁਹੱਬਤ ਮੇਲ-ਗੇਲ ਨਾਲ ਸਾਰੇ ਪਰਿਵਾਰ ਜੁੜੇ ਹੋਏ ਸਨ। ਤੇ ਦੋਹਾਂ ਪੁੱਤਰਾਂ ਨੂੰ ਉਸ ਬੜੀ ਠੁੱਕ ਅਤੇ ਸ਼ਾਨ ਨਾਲ ਵਿਆਹ ਲਿਆਂਦਾ ਸੀ। ਅਤੇ ਉਹਨੂੰ ਕੋਈ ਔਕੜ ਨਹੀਂ ਆਈ ਕਿਉਂਕਿ ਉਸ ਅਣਥਕ ਮਿਹਨਤ ਨਾਲ ਸਭ ਕੁੱਝ ਸੋਹਣਾ ਬਣਾ ਲਿਆ ਸੀ। ਸੋਹਣਾ ਘਰ, ਚੰਗੀ ਡੰਗਰਾਂ ਵਾਲੀ ਹਵੇਲੀ ਵਿੱਚ ਪੱਕੀਆਂ ਖੁਰਲੀਆਂ ਬੈਠਕਾਂ। ਹਰ ਪੱਖੋਂ ਉਹ ਪੱਕੇ ਪੈਰੀਂ ਹੋ ਗਿਆ ਸੀ। ਅਤੇ ਪਿੰਡ ਵਿੱਚ ਆਢ- ਗੁਆਂਢ ਉਹਦੀ ਚੰਗੀ ਇੱਜ਼ਤ ਸੀ।
ਭਾਵੇਂ ਗੁਰਦਿੱਤ ਦਾ ਵਿਆਹ ਇਕੱਠਾ ਨਹੀਂ ਇਕ ਸਾਲ ਦੇ ਫਰਕ ਨਾਲ ਹੋਇਆ ਸੀ ਪਰ ਦੋਵੇਂ ਭੈਣਾ ਦੇ ਘਰ ਦੇ ਮੇਚ ਹੀ ਆਈਆਂ। ਦੋਵੇਂ ਬਲਵੰਤ ਕੌਰ ਦੀ ਪੂਰੀ ਇਜ਼ਤ ਕਰਦੀਆਂ।
ਨਿੱਕੇ ਅਜੇ ਪੜ੍ਹਦੇ ਸਨ। ਕੋਈ ਨੌਵੀਂ, ਕੋਈ ਅੱਠਵੀਂ ਕੋਈ ਸੱਤਵੀਂ। ਫਿਰ ਦਸ-ਦਸ ਜਮਾਤਾਂ ਪਾਸ ਕਰ ਨਿੱਕੇ ਦੋ ਸੁਰਿੰਦਰ ਅਤੇ ਗੁਰਤੇਜ ਵੀ ਗੁਰੁਦਿੱਤ ਹੋਰਾਂ ਨਾਲ ਖੇਤੀ ਦੇ ਕੰਮ ਵਿੱਚ ਜੁੱਟ ਗਏ।
ਕੰਮ ਦੇ ਸਾਰੇ ਹੀ ਸੁਲਗ ਸਨ। ਬੱਸ ਕੁੜੀ ਹੀ ਪੜ੍ਹਦੀ ਸੀ ਜਿਹਦਾ ਨਾਂ ਵੀ ਰੁਪਿੰਦਰ ਕੌਰ। ਪਰ ਘਰ ਵਿੱਚ ਸਭ ਉਹਨੂੰ ਰੂਪੀ ਹੀ ਕਹਿ ਕੇ ਬੁਲਾਂਦੇ ਸਨ।
ਸੁਰਿੰਦਰ ਅਤੇ ਗੁਰਤੇਜ ਨੂੰ ਵੀ ਨੇੜੇ ਦੇ ਹੀ ਇਕ ਪਿੰਡੋਂ ਰਿਸ਼ਤੇ ਹੋ ਗਏ-ਅੱਡੋ-ਅੱਡ ਦੋ ਘਰਾਂ ਵਿਚੋਂ। ਫਿਰ ਉਹਨਾਂ ਦੇ ਵੀ ਇਕ ਸਾਲ ਦੇ ਫ਼ਰਕ ਨਾਲ ਬੜੀ ਸਜਧਜ ਅਤੇ ਠੁਕ ਨਾਲ ਵਿਆਹ ਹੋ ਗਏ ਸਨ।
ਬਲਵੰਤ ਕੌਰ ਨੇ ਚਾਰੇ ਪੁੱਤਰ ਵਿਆਹ ਲਏ ਸਨ। ਉਹਨੂੰ ਹੁਣ ਫਿਕਰ ਸੀ ਰੂਪੀ ਦਾ। ਰੁਪਿੰਦਰ ਨੇ ਦਸਵੀਂ ਕਰ ਜੇæ ਬੀæ ਟੀæ ਕਰ ਲਈ ਸੀ ਅਤੇ ਉਹਨੂੰ ਨੇੜੇ ਹੀ ਹਾਈ ਸਕੂਲ ਵਿੱਚ ਨੌਕਰੀ ਵੀ ਮਿਲ ਗਈ ਸੀ। ਬਲਵੰਤ ਕੌਰ ਚਾਹੁੰਦੀ ਸੀ ਕਿਤੇ ਕੋਈ ਯੋਗ ਵਰ ਮਿਲੇ ਤਾਂ ਰੂਪੀ ਦੇ ਹੱਥ ਪੀਲੇ ਕਰ ਮੈਂ ਸੁਰਖਰੂ ਹੋਵਾਂ ਕਿਉਂਕਿ ਘਰ ਦੇ ਅੰਦਰ ਕੋਈ ਕੁੜੱਤਣ ਅੰਦਰ ਹੀ ਅੰਦਰ ਫੈਲ ਰਹੀ ਸੀ। ਪਤਾ ਨਹੀਂ ਇਹ ਸੁਲਘਦੀ ਚੰਗਿਆੜੀ ਕਦੋਂ ਮਘ ਪਵੇ। ਪਰ ਇਸ ਕੁੜੱਤਣ ਨੂੰ ਬਲਵੰਤ ਕੌਰ ਵਰਗੀ ਸੁਲਝੀ ਤਰੀਮਤ ਹੀ ਮਹਿਸੂਸ ਕਰ ਸਕਦੀ ਸੀ ਅਤੇ ਮਹਿਸੂਸ ਕਰ ਵੀ ਰਹੀ ਸੀ। ਲੱਧਾ ਸਿੰਘ ਇਸ ਤੋਂ ਬੇਖਬਰ ਸੀ ਕਿਉਂਕਿ ਉਹ ਖੇਤ ਬੰਨੇ ਜਾਂ ਡੰਗਰਾਂ ਵਾਲੀ ਹਵੇਲੀ ਹੀ ਰਹਿੰਦਾ ਸੀ ਅਤੇ ਕਦੇ ਹੀ ਘਰ ਆਉਂਦਾ ਸੀ। ਬਲਵੰਤ ਕੌਰ ਵੀ ਉਹਨੂੰ ਨਹੀਂ ਸੀ ਦੱਸ ਰਹੀ। ਉਹ ਨਹੀਂ ਸੀ ਚਾਹੁੰਦੀ ਕਿ ਉਹਨੂੰ ਹਵਾ ਲੱਗੇ ਅਤੇ ਸੁਲਘਦੀ ਚੰਗਿਆੜੀ ਭਾਂਬੜ ਦਾ ਰੂਪ ਧਾਰ ਲਵੇ।
ਬਲਵੰਤ ਕੌਰ ਨੇ ਇਕ ਦੋ ਵਾਰੀ ਲੱਧਾ ਸਿੰਘ ਨੂੰ ਕਿਹਾ ਵੀ ਕਿਤੇ ਕੋਈ ਯੋਗ ਵਰ ਲੱਭੋ। ਪਰ ਲੱਧਾ ਸਿੰਘ ਅੱਗੋਂ ਕਹਿ ਦਿੰਦਾ ਜੋ ਕਿਸਮਤ ਵਿਚ ਹੋਇਆ ਆਪੇ ਮਿਲ ਜਾਏਗਾ।
ਅਤੇ ਫਿਰ ਰੂਪੀ ਵਾਲਾ ਮਸਲਾ ਤਾਂ ਆਪੇ ਹੀ ਹੱਲ ਹੋ ਗਿਆ। ਜਿਸ ਸਕੂਲ ਵਿਚ ਰੁਪਿੰਦਰ ਟੀਚਰ ਸੀ ਉੱਥੇ ਹੀ ਇਕ ਟੀਚਰ ਸੀ ਪ੍ਰੀਤਮ ਸਿੰਘ-ਬੜਾ ਬਣਦਾ ਫੱਬਦਾ ਚੰਗੇ ਖਾਂਦੇ ਪੀਂਦੇ ਘਰ ਦਾ ਸਾਊਂ ਤੇ ਸੁਨੱਖਾ। ਸਕੂਲ ਦੀ ਹੈਂਡ ਟੀਚਰ ਨੂੰ ਇਹ ਜੋੜੀ ਚੰਗੀ ਲੱਗੀ ਤੇ ਉਸ ਵਿਚੋਲਣ ਬਣ ਕੇ ਦੋਹਾਂ ਘਰਾਂ ਦੇ ਸਿਰ ਜੋੜ ਦਿੱਤੇ। ਅਤੇ ਝੱਟ ਮੰਗਣੀ ਤੇ ਪਟ ਵਿਆਹ ਹੋ ਗਿਆ।
ਰੁਪਿੰਦਰ ਦਾ ਸੁਹਰਾ ਘਰ ਚੰਗਾ ਸੀ। ਅਤੇ ਬਲਵੰਤ ਕੌਰ ਖੁਸ਼ ਸੀ। ਇਹ ਬੋਝ ਲਾਹ ਕੇ ਸੁਰਖਰੂ ਹੋ ਗਈ ਸੀ। ਟੱਬਰ ਹੁਣ ਪੋਤੇ-ਪੋਤੀਆਂ ਤੱਕ ਫੈਲ ਗਿਆ ਸੀ। ਪਰਿਵਾਰ ਭਾਵੇਂ ਵੱਧ ਗਿਆ ਸੀ ਪਰ ਬਲਵੰਤ ਕੌਰ ਤੇ ਲੱਧਾ ਸਿੰਘ ਦੋਹਾਂ ਜੀਆਂ ਨੂੰ ਰੂਪੀ ਦੀ ਘਾਟ ਬਹੁਤ ਖਟਕਦੀ ਸੀ। ਧੀ ਰੂਪੀ ਹੀ ਸੀ ਜਿਹੜੀ ਮਾਂ ਤੇ ਪਿਉ ਦਾ ਉਚੇਚਾ ਧਿਆਨ ਰੱਖਦੀ ਸੀ। ਕੱਪੜਾ ਮੈਲਾ ਕਿਉਂ ਏ? ਪਾਣੀ ਗਰਮ ਕਿਉਂ ਨਹੀਂ ਮਿਲਿਆ? ਰੋਟੀ, ਚਾਹ, ਦੁੱਧ ਹਰ ਚੀਜ਼ ਸਮੇਂ ਸਿਰ ਸਗੋਂ ਪਹਿਲਾਂ ਮਿਲਦੀ। ਰੂਪੀ ਦੇ ਹੁੰਦਿਆਂ ਉਹਨਾਂ ਨੂੰ ਕੋਈ ਚੀਜ਼ ਆਵਾਜ਼ ਮਾਰ ਕੇ ਨਹੀਂ ਸੀ ਲੈਣੀ ਪੈਂਦੀ। ਰੁਪਿੰਦਰ ਦਾ ਮੱਤ ਸੀ ਵੱਡਿਆਂ ਨੂੰ ਆਦਰ ਅਤੇ ਛੋਟਿਆਂ ਨੂੰ ਪਿਆਰ। ਕਦੇ ਦੋਵੇਂ ਜੀ ਇਕੱਠੇ ਬਹਿੰਦੇ ਤਾਂ ਉਹ ਰੂਪੀ ਦੀਆਂ ਹੀ ਗੱਲਾਂ ਕਰੀ ਜਾਂਦੇ। ਧੀ ਦੀ ਕੁੱਖ ਹਰੀ ਹੋਈ ਤਾਂ ਉਹ ਤਾਂਗਾ ਲੈ ਕੇ ਦੋਹਤਾ ਵੇਖਣ ਗਏ।
ਫਿਰ ਕੁਝ ਦਿਨਾਂ ਪਿੱਛੋਂ ਬਲਵੰਤ ਕੌਰ ਭਰਿਆ ਮੇਲਾ ਛੱਡ ਗਈ। ਔਰਤ ਮਾਂ! ਜਗਤ ਜਨਨੀ ਮਾਂ! ਜਿੰਨੀ ਹਿੰਮਤੀ ਸਖਤ ਜਾਨ ਦੁੱਖ ਪੀੜਾਂ ਦਰਦ ਸਹਿਣ ਦਾ ਬਲ ਇਹਨੂੰ ਕੁਦਰਤ ਨੇ ਬਖਸ਼ਿਆ ਏ ਉਨੀ ਹੀ ਕੋਮਲਤਾ ਰਹਿਮ ਦਿਲ ਸਗੋਂ ਕਿਤੇ ਵੱਧ ਕੋਮਲ ਸੋਹਲ ਚਿੱਤ। ਪਰ ਬਲਵੰਤ ਕੌਰ ਨੂੰ ਘਰ ਵਿਚ ਪੈ ਰਹੇ ਕਲੇਸ਼ ਨੇ ਮਾਰ ਮੁਕਾਇਆ।
ਬਲਵੰਤ ਕੌਰ ਦੀ ਮੌਤ ਪਿੱਛੋਂ ਲੱਧਾ ਸਿੰਘ ਸੁੰਨਾ ਇਕੱਲਾ ਜਿਹਾ ਪੈ ਗਿਆ ਅਤੇ ਖੇਤ ਜਾਂ ਹਵੇਲੀ ਜੋਗਾ ਹੀ ਰਹਿ ਗਿਆ। ਉਸ ਕੜੀ ਮਿਹਨਤ ਕਰ ਕੇ ਬੱਤੀ ਤੋਂ ਬਤਾਲੀ ਘੁਮਾਂ ਜਮੀਨ ਕਰ ਲਈ ਸੀ, ਦੋ ਬੋਰ ਕਰਾਕੇ ਮੋਟਰਾਂ ਲਵਾ ਲਈਆਂ ਸਨ। ਪਰ ਖੇਤ ਵਿਚ ਜਾਂ ਕੰਮ ਵਿਚ ਉਹਦੀ ਰਾਏ ਤੇ ਪੁੱਤਰ ਘੱਟ ਹੀ ਧਿਆਨ ਦਿੰਦੇ ਸਨ। ਖੇਤੀ ਹੁਣ ਟਰੈਕਟਰ ਦੀ ਵਾਹ ਥੱਲੇ ਸੀ। ਲੱਧਾ ਸਿੰਘ ਹੁਣ ਖੇਤ ਬੰਨੇ ਗੇੜਾ ਮਾਰਦਾ ਅਤੇ ਮੋਟਰ ਤੇ ਨਹਾ ਕੇ ਬੈਠਕ ਵਿਚ ਆ ਜਾਂਦਾ।
ਲੈਣ-ਦੇਣ ਪੁੱਤਰਾਂ ਨੇ ਹੱਥ ਕਰ ਲਿਆ ਸੀ ਜਾਂ ਉਸ ਨੂੰ ਆਪ ਛੱਡ ਦਿੱਤਾ ਸੀ। ਰੋਟੀ, ਚਾਹ, ਦੁੱਧ ਉਹਨੂੰ ਹਵੇਲੀ ਵਿਚ ਹੀ ਮਿਲ ਜਾਂਦੀ ਸੀ। ਪਰ ਕੁਝ ਦਿਨਾਂ ਤੋਂ ਵੇਲਾ-ਕਵੇਲਾ ਹੋਣ ਲਗ ਪਿਆ ਸੀ।
ਇਕ ਦਿਨ ਬੈਠਕ ਵਿਚ ਮੰਜੇ ਉੱਤੇ ਲੰਮਾ ਪਿਆ ਸੀ ਕਿ ਬਾਹਰ ਹਵੇਲੀ ਵਿਚ ਉਹਨੂੰ ਚਾਰੇ ਪੁੱਤਰਾਂ ਦੀ ਆਵਾਜ਼ ਆਈ। ਉਹ ਮੰਜੇ ਤੋਂ Aੁਠ ਕੇ ਬਾਹਰ ਆਇਆ। ਉਸ ਵੇਖਿਆ ਕਿ ਚਾਰੇ ਪੁੱਤਰ ਰੱਸੀ ਲੈ ਕੇ ਹਵੇਲੀ ਦੇ ਵਿਹੜੇ ਦੀ ਲੰਬਾਈ ਚੌੜਾਈ ਮਿਣ ਰਹੇ ਸਨ। ਉਹ ਤਖਤਪੋਸ਼ ਤੇ ਬੈਠ ਗਿਆ ਅਤੇ ਹੈਰਾਨ ਜਿਹੇ ਹਰਦਿੱਤ ਨੂੰ ਆਪਣੇ ਕੋਲ ਸੱਦਿਆ।
ਹਰਦਿੱਤ ਅਤੇ ਗੁਰਤੇਜ ਉਹਦੇ ਕੋਲ ਆਏ ਤਾਂ ਉਸ ਪੁੱਛਿਆ, "ਪੁੱਤਰ ਇਹ ਮਿਣਤੀ ਗਿਣਤੀ ਦੀ ਕੀ ਲੋੜ ਪੈ ਗਈ।"
ਤਾਂ ਹਰਦਿੱਤ ਨੇ ਕਿਹਾ, "ਇਕੱਠਿਆਂ ਕੱਟਦੀ ਨਹੀਂ ਅਸਾਂ ਕੰਮ ਅੱਡੋ-ਅੱਡ ਕਰ ਲਿਆ ਏ।"
ਗੱਲ ਸੁਣ ਕੇ ਲੱਧਾ ਸਿੰਘ ਨੂੰ ਧੱਕਾ ਜਿਹਾ ਲੱਗਾ। ਉਸ ਸੰਭਲਦੇ ਨੇ ਕਿਹਾ, "ਪੁੱਤਰੋ, ਸੋਚ ਲਵੋ! ਏਕੇ ਦਾ ਹਮਦਇਤੀ ਰੱਬ ਹੁੰਦਾ ਏ, ਏਕੇ ਵਿਚ ਸੋ ਬਰਕਤਾਂ ਨੇ, ਮੁੱਠੀ ਬੰਦ ਵਿਚ ਤਾਕਤ ਹੁੰਦੀ ਏ, 'ਕੱਲੀ-'ਕੱਲੀ ਉਂਗਲੀ ਟੁੱਟ ਜਾਂਦੀ ਏ।"
ਪਰ ਹਰਦਿੱਤ ਨੇ ਕਿਹਾ, "ਬਾਪੂ, ਅਸਾਂ ਜੋ ਕਰਨਾ ਸੀ ਕਰ ਲਿਆ ਏ। ਤੂੰ ਹੁਣ ਵਿਚ ਲੱਤ ਨਾ ਅੜਾ।"
ਹਰਦਿੱਤ ਦੇ ਮੂੰਹੋਂ ਨਿਕਲੇ ਬੋਲ ਉਹਨੂੰ ਇੰਝ ਲੱਗੇ ਜਿਵੇਂ ਉਹ ਘਰ ਦਾ ਮਾਲਕ ਨਹੀਂ ਸਗੋਂ ਓਪਰਾ ਹੋਵੇ। ਉਹਨੂੰ ਇੰਝ ਲੱਗਾ ਜਿਵੇਂ ਪੁੱਤਰਾਂ ਨੇ Aੇਹਨੂੰ ਮੱਖਣ 'ਚੋਂ ਵਾਲ ਵਾਗੂੰ ਕੱਢ ਦਿੱਤਾ ਹੋਵੇ।
ਹਰਦਿੱਤ ਨੇ ਫਿਰ ਕਿਹਾ, "ਘਰ ਬਾਹਰ ਡੰਗਰ ਵੱਛਾ ਟਰੈਕਟਰ ਟਰਾਲੀ ਅਸਾਂ ਸਭ ਵੰਡ ਲਏ ਨੇ। ਬੱਸ ਆਹ ਹਵੇਲੀ ਹੀ ਰਹਿੰਦੀ ਏ। ਇਹ ਵੰਡ ਕੇ ਨਾ ਹੈ ਹੈ ਨਾ ਖੈ ਖੈ। ਕੰਮ ਆਪੋ ਆਪਣਾ।"
ਲੱਧਾ ਸਿੰਘ ਚਕਰਾ ਗਿਆ ਸੀ। ਪਰ ਉਸ ਫਿਰ ਵੀ ਪੁੱਛਿਆ, "ਕਿਵੇਂ-ਕਿਵੇਂ ਵੰਡ ਕੀਤੀ ਜੇ?"
ਹਰਦਿੱਤ ਹੀ ਬੋਲਿਆ, "ਮੈਂ ਤੇ ਗੁਰਦਿੱਤ ਇਕੱਠੇ, ਅਤੇ ਨਿੱਕੇ ਦੋਵੇਂ ਇਕੱਠੇ।" ਕਿਉਂਕਿ ਗੁਰਦਿੱਤ ਤੇ ਹਰਦਿੱਤ ਦੋਵੇਂ ਇਕੋ ਘਰ ਵਿਆਹੇ ਹੋਏ ਸਨ। ਤੇ ਘਰ ਵਾਲੀਆਂ ਸਕੀਆਂ ਭੈਣਾਂ ਸਨ ਅਤੇ ਛੋਟੇ ਦੋਵੇਂ ਇੱਕ ਪਿੰਡ ਵਿਆਹੇ ਹੋਏ ਸਨ ਅਤੇ ਘਰ ਵਾਲੀਆਂ ਦੋਵੇਂ ਸਹੇਲੀਆਂ ਸਨ।
ਲੱਧਾ ਸਿੰਘ ਨੇ ਪੁੱਤਰਾਂ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ; ਪਰ ਉਹ ਤਾਂ ਘਰੋਂ ਸਂਭ ਕੁਝ ਵੰਡ ਕੇ ਹਵੇਲੀ ਵੰਡਣ ਆਏ ਸਨ। ਉਸ ਧੀਰਜ ਅਤੇ ਠਰੰਮੇ ਨਾਲ ਕਿਹਾ "ਪੁੱਤਰੋਂ, ਤੁਹਾਡੇ ਸਹੁਰੇ ਸਾਲੇ ਆਉਣਗੇ, ਆਪੋ ਆਪਣੀਆਂ ਧੀਆਂ ਭੈਣਾਂ ਕੋਲ ਰਹਿਣਗੇ, ਪਰ ਤੁਹਾਡੇ ਸਾਂਝੇ ਪ੍ਰਹੁਣੇ ਮਾਮੇ, ਮਾਮੀਆਂ, ਭੈਣ, ਭਣੂਜੇ ਕੀਹਦੇ ਘਰ ਜਾਣਗੇ?"
ਹਰਦਿੱਤ ਨੇ ਕਿਹਾ, "ਬਾਪੂ, ਇਹ ਸਿਰਦਰਦੀ ਸਾਡੀ ਏ, ਤੇਰੀ ਨਹੀਂ। ਵਾਰੋ-ਵਾਰੀ ਉਧਰੋ-ਉਧਰੀ ਰਹਿਣਗੇ ਜਾਂ ਫਿਰ ਜਿਧਰ ਦਿਲ ਮੰਨੇਗਾ ਰਹਿ ਲੈਣਗੇ।"
ਲੱਧਾ ਸਿੰਘ ਨੂੰ ਆਪਣਾ ਖਿਆਲ ਆਇਆ ਅਤੇ ਪੁੱਛਿਆ, "ਮੈਨੂੰ ਕਿਧਰ ਧੱਕਿਆ ਜੇ?"
ਹਰਦਿੱਤ ਹੀ ਜਵਾਬ ਦੇ ਰਿਹਾ ਸੀ। ਉਸ ਕਿਹਾ, "ਬਾਪੂ, ਅਸਾਂ ਵੀਹ-ਵੀਹ ਘਮਾਂ ਜਮੀਨ ਵੰਡੀ ਏ, ਦੋ ਟਰਕ, ਦੋ ਘੁਮਾਂ ਤੇਰੇ ਲਈ ਛੱਡੀ ਏ, ਜਿਹਨੂੰ ਤੂੰ ਦੇਵੇਗਾ ਉਹ ਹੀ ਖਰਚ ਪੱਤੇ, ਰੋਟੀ ਕੱਪੜੇ ਦਾ ਪ੍ਰਬੰਧ ਕਰੇਗਾ।"
ਲੱਧਾ ਸਿੰਘ ਦਾ ਸਾਹ ਸੂਤਿਆ ਗਿਆ। ਪੂਰੇ ਘਰ ਜਮੀਨ ਦਾ ਮਾਲਕ ਹਵੇਲੀ ਦਾ ਮਾਲਕ ਅਤੇ ਉਹਦੇ ਵੇਂਹਦਿਆਂ ਵੇਂਹਦਿਆਂ ਪੁੱਤਰਾਂ ਮਿਣਤੀ-ਗਿਣਤੀ ਕਰ ਹਵੇਲੀ ਵੰਡ ਗੁਣੇ ਪਾ ਇਕ-ਇਕ ਪਾਸਾ ਮੱਲ ਕੇ ਸਾਂਭਿਆ। ਅੰਤ ਦੋ ਦਿਨਾਂ ਵਿਚ ਸਿਰ-ਸਿਰ ਉੱਚੀ ਕੰਧ ਕੱਢੀ। ਉਹਦੀ ਰੀਝਾਂ ਨਾਲ ਬਣਾਈ ਡਿਉੜੀ ਦੀ ਪੱਕੀ ਡਾਟ ਤੋੜ ਦੋ ਵਿਹੜੇ ਬਣਾ ਦੋ ਗੇਟ ਲਾ ਲਏ।
ਪਹਿਲਾ ਟਰੈਕਟਰ ਹਰਦਿੱਤ ਹੋਰਾਂ ਨੇ ਰੱਖ ਲਿਆ ਅਤੇ ਛੋਟਿਆਂ ਨੇ ਨਕਦ ਪੈਸੇ ਤਾਰ ਕੇ ਨਵਾਂ ਟਰੈਕਟਰ ਲੈ ਲਿਆ। ਪੈਸੇ ਅਮਾਦੇ ਸਨ, ਕਿਉਂਕਿ ਮਿਹਨਤੀ ਅਤੇ ਕਿਰਸੀ ਕਿਸਾਨ ਲੱਧਾ ਸਿੰਘ ਨੇ ਚਾਰੇ ਪੁੱਤਰਾਂ ਦੇ ਨਾਂ ਬੈਂਕ ਖਾਤੇ ਖੁਲਾਏ ਹੋਏ ਸਨ ਅਤੇ ਫਿਰ ਹਰ ਫਸਲ ਹਰ ਛਮਾਹੀ ਉਹਨਾਂ ਨੂੰ ਵਧਾਂਦਾ ਰਿਹਾ ਸੀ। ਘਰ ਵਿੱਚ ਇਹ ਕਲੇਸ਼ ਟੁੱਟਣ ਦਾ ਕਾਰਨ ਸੀ। ਅੱਡੋ-ਅੱਡ ਆਏ ਦਾਜ ਤੋਂ ਜੋ ਬਦਲਵੇਂ ਰੀਤਾਂ-ਵਿਆਜਾਂ ਨਾਲ ਆਇਆ ਤੇ ਘਰ ਨੂੰ ਪਾੜ ਗਿਆ।
ਗੁਰਦਿੱਤ ਦਾ ਵਿਆਹ ਹੋਇਆ ਤਾਂ ਦਾਜ ਵਿਚ ਸੂਤੀ ਪਲੰਘ ਪੀੜ੍ਹਾ, ਚਰਖਾ, ਮਧਾਣੀ, ਲੱਕੜ ਦਾ ਸ਼ੀਸ਼ਾ ਲੱਗੀ ਪੇਟੀ ਪਟਾਰੀ, ਦੋ ਮੱਝਾਂ ਅਤੇ ਜੋ ਪ੍ਰਚਲਤ ਸੀ। ਅਤੇ ਫਿਰ ਸਾਲ ਪਿੱਛੋਂ ਹਰਦਿੱਤ ਦੇ ਵਿਆਹ ਤੇ ਉਸੇ ਹੀ ਘਰੋਂ ਦੋ ਮੱਝਾਂ, ਅਨਵਾਰੀ ਪਲੰਘ, ਲੱਕੜ ਦੀ ਪੇਟੀ ਦੀ ਥਾਂ ਲੋਹੇ ਦੀ ਪੇਟੀ, ਪੱਖਿਆਂ ਦੀ ਥਾਂ ਬਿਜਲੀ ਦਾ ਪੱਖਾ, ਬਿਜਲੀ ਨਾਲ ਚੱਲਣ ਵਾਲੀ ਮਧਾਣੀ, ਕੁਰਸੀਆਂ, ਟੇਬਲ, ਬਿਸਤਰਿਆਂ ਦੀ ਥਾਂ ਕੰਬਲ ਅਤੇ ਸੁਰਿੰਦਰ ਦੇ ਵਿਆਹ ਤੇ ਹੋਰ ਬਦਲਾ ਆਇਆ। ਰੇਡਿਓ, ਗੋਦਰਿਜ ਦੀ ਪੇਟੀ, ਅਲਮਾਰੀ ਪ੍ਰੈਸ, ਬੈੱਡ, ਸੈੱਟ ਬਦਲਵੇਂ ਜਮਾਨੇ ਮੁਤਾਬਕ, ਕਪੜਾ ਲੱਤਾ ਫੁਲਕਾਰੀ ਦੀ ਥਾਂ ਜਾਰਜਟ ਦੇ ਤਿੱਲੇ ਮੜ੍ਹੇ ਕੱਪੜੇ। ਫਿਰ ਸਾਲ ਪਿੱਛੋਂ ਚੌਥੇ ਦੇ ਦਾਜ ਵਿਚ ਟੀæ ਵੀæ, ਫਰਿਜ਼, ਸਕੂਟਰ, ਕਾਊਚ, ਗਦੈਲੇ ਅਤੇ ਬਿਜਲੀ ਦਾ ਹੋਰ ਸਮਾਨ। ਫਿਰ ਨਵੇਂ ਨੇ ਪੁਰਾਣੇ ਦਾ ਮੂੰਹ ਚਿੜਾਇਆ। ਚਰਖੇ ਦੀ ਘੂਕਰ ਦਾ ਰੇਡਿਓ, ਟੀæ ਵੀæ ਦੀਆਂ ਧੁਨਾਂ ਨੇ ਸੰਘ ਗੁੱਟਿਆ। ਸੋਫੇ ਸੈਟਾਂ ਨੇ ਪਲੰਘ ਪੀੜ੍ਹੇ ਦੀ ਹੇਠੀ ਕੀਤੀ। ਕਾਂਸੀ, ਤਾਂਬੇ ਅਤੇ ਪਿੱਤਲ ਪਤੀਲਿਆਂ ਨੂੰ ਚੀਨੀ ਦੀਆਂ ਪਲੇਟਾਂ ਅਤੇ ਸਟੀਲ ਦੇ ਭਾਂਡਿਆਂ ਨੇ ਭੰਡਿਆ। ਕੁੱਕਰ ਨੇ ਸੀਟੀ ਮਾਰ ਸਗਲੇ ਨੂੰ ਸ਼ਰਮਾਇਆ।
ਉਹ ਚੰਗਿਆੜੀ ਜਿਹਨੂੰ ਬਲਵੰਤ ਕੌਰ ਦੱਬੀ ਆਉਂਦੀ ਸੀ ਉਹਦੀ ਮੌਤ ਤੋੰ ਮਗਰੋਂ ਪੂਰੀ ਤਰਾਂ ਭਾਂਬੜ ਬਣ ਮੱਚ ਪਈ। ਅਤੇ ਨਿੱਕਿਆ ਨੇ ਲੱਧਾ ਸਿੰਘ ਦੇ ਰੀਝਾਂ ਨਾਲ ਬਣਾਏ ਘਰ ਦੀ ਪਿਛਲੀ ਕੰਧ ਤੋੜੀ ਤੇ ਬੂਹਾ ਛਿਪਦੇ ਵੱਲ ਗਲੀ ਵਿੱਚ ਕੱਢ ਲਿਆ। ਘਰ ਦੇ ਚੜ੍ਹਦੇ-ਛਿਪਦੇ ਦੋਹੀਂ ਪਾਸੀਂ ਗਲੀਆਂ ਸਨ।
ਫਿਰ ਇਕ ਦਿਨ ਹਰਦਿੱਤ ਰੋਟੀ ਲੈ ਕੇ ਆਇਆ ਤੇ ਲੱਧਾ ਸਿੰਘ ਨੂੰ  ਕਿਹਾ, "ਬਾਪੂ, ਅਸਾਂ ਫੈਸਲਾ ਕੀਤਾ ਏ ਕੀ ਤੇਰੇ ਲਈ ਛੱਡੇ ਦੋਵੇਂ ਕਿੱਲੇ ਇਕ-ਇਕ ਵਾਹ ਲਈਏ ਅਤੇ ਤੂੰ ਰੋਟੀ ਚਾਹ ਇਕ ਦਿਨ ਸਾਡੇ ਅਤੇ ਇਕ ਦਿਨ ਛੋਟਿਆਂ ਵਲੋਂ ਖਾਂ ਆਇਆ ਕਰੀਂ-ਵਾਰੋ ਵਾਰੀ। ਬਾਕੀ ਕੱਪੜਾ ਲੱਤਾ, ਜੁੱਤੀ ਜੋੜਾ ਆਈ ਫਸਲ ਤੋਂ ਰਲ ਕੇ ਬਣਾ ਦਿਆਂ ਕਰਾਂਗੇ।"
ਲੱਧਾ ਸਿੰਘ ਹਰਦਿੱਤ ਦੀ ਗੱਲ ਸੁਣ ਕੇ ਸੁੰਨ ਜਿਹਾ ਹੋ ਗਿਆ। ਹੂੰ ਨਾ ਹਾਂ, ਕੁੱਝ ਬੋਲ ਨਾ ਸਕਿਆ।
ਰੋਟੀ ਰੱਖ ਹਰਦਿੱਤ ਜਾਂਦਾ ਜਾਂਦਾ ਆਖ ਗਿਆ ਸੀ, "ਬਾਪੂ ਕੱਲ੍ਹ ਨਿੱਕਿਆਂ ਦੀ ਵਾਰੀ ਏ। ਦੋ ਟਾਈਮ ਉਧਰੋਂ ਖਾ ਆਈ ਤੇ ਅਗਲੇ ਦਿਨ ਸਾਡੇ ਵੱਲੋਂ।"
ਪਰ ਲੱਧਾ ਸਿੰਘ ਹਰਦਿੱਤ ਦੀ ਲਿਆਂਦੀ ਰੋਟੀ ਖਾ ਨਾ ਸਕਿਆ ਅਤੇ ਸਾਰੀ ਰਾਤ ਸੋਚੀਂ ਪਿਆ ਪਾਸੇ ਭੰਨਦਾ ਰਿਹਾ। ਕੀ ਮੈਂ ਸਭ ਕੁੱਝ ਬਣਾ ਕੇ ਇਕ ਕੁੱਤੇ ਤੋਂ ਵੀ ਬੁਰਾ ਹਾਂ-ਕਦੀ ਉਸ ਬੂਹੇ ਕਦੀ ਉਸ ਬੂਹੇ। ਉਸ ਹੌਕਾ ਭਰਿਆ। ਚੰਗਾ ਹੀ ਹੋਇਆ ਬਲਵੰਤ ਕੌਰ ਤੂੰ ਆਹ ਦਿਨ ਵੇਖਣ ਤੋਂ ਬਚ ਗਈ।
ਦੂਜੇ ਦਿਨ ਉਹ ਮਨ ਨੂੰ ਮਾਰ ਕੇ ਛੋਟਿਆਂ ਦੇ ਨਵੇਂ ਕੱਢੇ ਬੂਹੇ ਦੀ ਦੇਹਲੀ ਲੰਘਿਆ। ਰੀਝੀਂ ਉਸਾਰੇ ਘਰ ਵਿਚ ਹੋਈਆ ਮੋਰੀਆਂ ਵੇਖ ਫਿੱਸ ਪਿਆ। ਉਹਦਾ ਅੰਦਰ ਟੁੱਟ ਗਿਆ। ਸ਼ਾਮੀ ਫਿਰ ਜਾ ਕੇ ਰੋਟੀ ਖਾ ਆਇਆ। ਇਸ ਤਰ੍ਹਾਂ ਉਹ ਹਰ ਰੋਜ਼ ਇਕ ਦਿਨ ਉਧਰੋਂ ਇਕ ਦਿਨ ਦੂਜੇ ਘਰੋਂ ਖਾ ਆਉਂਦਾ ਰਿਹਾ ਪਰ ਉਹਦਾ ਚਾਹ, ਦੁੱਧ ਦਾ ਕੋਈ ਟਾਈਮ ਨਾ ਬਣ ਸਕਿਆ। ਅਤੇ ਉਹ ਚਾਹ, ਦੁੱਧ ਨੂੰ ਤਰਸ ਗਿਆ।
ਖਿਆਲ ਆਇਆ ਰਿਸ਼ਤੇਦਾਰ ਬੁਲਾਵਾਂ ਮੁੰਡਿਆਂ ਦੇ ਸਹੁਰੇ, ਮਾਮੇ, ਭੈਣ, ਭਣਵੱਈਏ, ਭੂਆ, ਫੁੱਫੜ ਅਤੇ ਗੱਲ ਕਰਾਂ। ਪਰ ਫਿਰ ਸੋਚਿਆ ਮਨਾ ਝੱਗਾ ਚੁੱਕਿਆਂ ਆਪਣਾ ਹੀ ਢਿੱਡ ਨੰਗਾ ਹੋਣਾ ਏ। ਜੇ ਕੋਈ ਮੁੰਡਾ ਕੋਈ ਨੂੰਹ ਉੱਚੀ ਸੁਰ ਵਿਚ ਬੋਲ ਗਿਆ ਤਾਂ ਕੀ ਰਵੇਗੀ ਮੇਰੀ ਅਤੇ ਮੇਰੇ ਪਤਵੰਤੇ ਰਿਸ਼ਤੇਦਾਰਾਂ ਦੀ। ਇਹ ਖਿਆਲ ਉਸ ਪਰ੍ਹਾਂ ਧੱਕ ਦਿੱਤਾ।
ਫਿਰ ਇਕ ਦਿਨ ਉਹ ਛੋਟਿਆ ਵੱਲ ਸ਼ਾਮ ਦੀ ਰੋਟੀ ਖਾਣ ਗਿਆ। ਟੀ. ਵੀ. ਉੱਤੇ ਕੋਈ ਫਿਲਮ ਚੱਲ ਰਹੀ ਸੀ ਅਤੇ ਘਰ ਦੇ ਜੀਅ ਅੰਦਰ ਬੈਠੇ ਸਨ। ਉਸ ਖੰਗੂਰਾ ਮਾਰਿਆ ਅਤੇ ਵਿਹੜੇ ਵਿਚ ਪਈ ਮੰਜੀ ਤੇ ਬੈਠਣ ਹੀ ਲੱਗਾ ਸੀ ਕਿ ਅੰਦਰੋੰ ਨੂੰਹ ਨਿਕਲੀ ਤੇ ਵਿਹੜੇ ਵਿਚ ਆਈ ਤੇ ਕਿਹਾ, "ਓ ਹੋ ਬਾਪੂ ਜੀ, ਅਸੀਂ ਤੇ ਖਾ ਪਕਾ ਬੈਠੇ ਹਾਂ। ਫਿਲਮ ਆਉਣੀ ਸੀ। ਤੁਹਾਡੀ ਰੋਟੀ ਤਾਂ ਅਸੀਂ ਭੁਲ ਹੀ ਗਏ। ਤੁਸੀਂ ਅੱਜ ਉਧਰ ਵੱਡਿਆਂ ਦੇ ਜਾ ਕੇ ਖਾ ਲਵੋ। ਫਿਰ ਅਸੀਂ ਦੋ ਰਾਤਾਂ ਇਕੱਠੀਆਂ ਖਵਾ ਦਿਆਂਗੇ।" ਏਨਾ ਆਖਕੇ ਉਹ ਅੰਦਰ ਚਲੀ ਗਈ।
ਪਰ ਲੱਧਾ ਸਿੰਘ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਆਪਣੇ ਆਪ ਨੂੰ ਮੰਦ ਭਾਗੇ ਮੰਗਤੇ ਤੋਂ ਵੀ ਹੀਣਾ ਸਮਝਿਆ। ਮਸਾਂ ਫੁੱਲੀਆਂ ਲੱਤਾਂ ਧਰੂੰਦਾ ਦੇਹਲੀ ਟਪ ਗਲੀ ਵਿਚ ਆਇਆ। ਹੀਣਤਾ ਹੇਠੀ ਦੇ ਮਾਰੇ ਨੇ ਸੋਚਿਆ ਜੇ ਵੱਡਿਆਂ ਵੀ ਕੋਈ ਬਹਾਨਾ ਮਾਰ ਲਿਆ ਤਾਂ ਫਿਰ ਕੀ ਬਣੇਗਾ ਮੇਰਾ। ਉਹਨੂੰ ਇੰਝ ਮਹਿਸੂਸ ਹੋਇਆ ਜਿਵੇਂ ਕਿਸੇ ਗੱਲ੍ਹ ਤੇ ਤਮਾਚਾ ਮਾਰਿਆ ਹੋਵੇ। ਉਹ ਟੁੱਟਾ ਜਿਹਾ ਭਰੀਆਂ ਅੱਖਾਂ ਭਰੇ ਮਨ ਹਵੇਲੀ ਵੱਲ ਮੁੜ ਪਿਆ। ਆ ਕੇ ਬੈਠਕ ਵਿਚ ਮੰਜੇ ਤੇ ਲੇਟ ਗਿਆ। ਉਹਦੀਆਂ ਅੱਖਾਂ ਚੋ ਪਈਆਂ ਸਨ।
ਉਸ ਮਨ ਬਣਾਇਆ ਸਵੇਰੇ ਹਰਦਿੱਤ ਨੂੰ ਕਹਾਂਗਾ ਮੈਥੋਂ ਕੁੱਤੇ ਭਕਾਈ ਨਹੀਂ ਹੁੰਦੀ। ਮੈਨੂੰ ਸੁੱਕਾ ਰਾਸ਼ਨ ਦੇ ਦਿਓ ਇਕ ਤਵਾ ਪਰਾਤ। ਮੈਂ ਦੋ ਇੱਟਾਂ ਜੋੜ ਚੁੱਲਾ ਬਣਾ ਆਪੇ ਦੋ ਗੁੱਲੀਆਂ ਰਾੜ੍ਹ ਲਿਆ ਕਰਾਂਗਾ। ਹੀਣਤ ਹੇਠੀ ਨਾਲ ਭੁੱਖ ਤਾਂ ਮਰ ਹੀ ਗਈ ਸੀ ਫਿਰ ਵੀ ਉਸ ਪਾਵੇ ਨੇੜੇ ਪਈ ਗੁੜ ਵਾਲੀ ਪੀਪੀ ਵਿਚੋਂ ਗੁੜ ਦੀ ਡਲੀ ਕੱਢੀ ਅਤੇ ਪਾਣੀ ਦਾ ਗਲਾਸ ਭਰ ਘੁੱਟਾ-ਬਾਟੀ ਖਾ ਗਿਆ। ਰੋਟੀ ਪਿੱਛੋਂ ਗੁੜ ਦੀ ਡਲੀ ਖਾਣ ਦੀ ਉਹਦੀ ਮੁੱਢ ਤੋਂ ਆਦਤ ਸੀ ਅਤੇ ਗੁੜ ਦੀ ਪੀਪੀ ਪਾਵੇ ਕੋਲ ਰੱਖਦਾ ਸੀ।
ਅੱਧੀ ਰਾਤੀਂ ਉਹਨੂੰ ਤਾਪ ਨੇ ਆ ਦੱਬਿਆ। ਅਤੇ ਫਿਰ ਸਾਰਾ ਦਿਨ ਅਤੇ ਅਗਲੀ ਰਾਤ ਉਹ ਤਾਪ ਵਿੱਚ ਤਪਦਾ ਰਿਹਾ। ਬੱਸ ਸੁਕਦੇ ਸੰਘ ਅਤੇ ਸੁੱਕਦੇ ਬੁੱਲ੍ਹਾਂ ਨੂੰ ਤਰ ਕਰਨ ਲਈ ਉਹ ਬੂਂੰਦ-ਬੂੰਦ ਪਾਣੀ ਦਾ ਘੁੱਟ ਭਰਦਾ ਰਿਹਾ ਅਤੇ ਹੋਂਠ ਗਿਲੇ ਕਰਦਾ ਰਿਹਾ। ਪੇਟ ਵਿਚ ਵੱਟ ਪਿਆ ਤਾਂ ਉਹ ਇਕ ਵਾਰ ਡਿਗਦਾ ਢਹਿੰਦਾ ਗਰਕੀ ਤੱਕ ਗਿਆ। ਗਰਕੀ ਜਿਹੜੀ ਆਪ ਉਸ ਹਵੇਲੀ ਦੇ ਖੂੰਜੇ ਵਿਚ ਬਣਵਾਈ ਸੀ। ਪਰ ਪੇਟ ਤਾਂ ਖਾਲੀ ਸੀ। ਉਹ ਤਾਂ ਭੁੱਖ ਦੀ ਹੀ ਢਿੱਡ ਪੀੜ ਸੀ। ਉਹ ਹੱਥ ਧੋ ਮੰਜੇ ਉੱਤੇ ਆ ਪਿਆ। ਅਗਲੀ ਸਵੇਰ ਤਾਪ ਨੂੰ ਕੁੱਝ ਤਰਸ ਆਇਆ। ਤਾਪ ਕੁੱਝ ਢਿੱਲਾ ਹੋਇਆ। ਇਸ ਪੂਰੇ ਸਮੇਂ ਵਿਚ ਕਿਸੇ ਸਮੇਂ ਵਿਚ ਕਿਸੇ ਵੀ ਉਹਦੀ ਸੁੱਧ-ਸਾਰ ਨਾ ਲਈ। ਸਵੇਰ ਵੇਲੇ ਉਹ ਮੰਜੇ ਤੋਂ ਉਠਿਆ ਅਤੇ ਬਾਹਰ ਪਏ ਤਖਤ-ਪੋਸ਼ ਤੇ ਬੈਠ ਗਿਆ। ਉਹਦਾ ਸਿਰ ਚਕਰਾ ਰਿਹਾ ਸੀ। ਵੱਡਾ ਪੁੱਤਰ ਗੁਰਦਿੱਤ ਵਿਹੜੇ ਵਿਚ ਆਇਆ। ਉਹ ਟਰੈਕਟਰ ਸਟਾਰਟ ਕਰਨ ਲੱਗਾ ਕਿ ਲੱਧਾ ਸਿੰਘ ਨੇ ਉਹਨੂੰ ਇਸ਼ਾਰੇ ਨਾਲ ਕੋਲ ਬੁਲਾਇਆ। ਜਦੋਂ ਉਹ ਨੇੜੇ ਆਇਆ ਤਾਂ ਲੱਧਾ ਸਿੰਘ ਨੇ ਕਿਹਾ, "ਪੁੱਤਰ, ਮੈਨੂੰ ਕੱਲ੍ਹ ਦਾ ਬੁਖਾਰ ਏ।"
ਗੁਰਦਿੱਤ ਨੇ ਫਿਰ ਕਿਹਾ, "ਬਾਪੂ, ਤੂੰ ਕਿਹੜਾ ਕਿਸੇ ਨੂੰ ਦੱਸਿਆ ਏ?"
ਲੱਧਾ ਸਿੰਘ ਨੇ ਫਿਰ ਕਿਹਾ, "ਪੁੱਤਰ, ਮੈਨੂੰ ਅੱਡੇ ਤੋਂ ਦਵਾਈ ਦਵਾ ਲਿਆਓ?"
ਤਾਂ ਗੁਰਦਿੱਤ ਨੇ ਬੜੀ ਰੁੱਖੀ ਸੁਰ ਵਿਚ ਕਿਹਾ, "ਬਾਪੂ, ਤੂੰ ਤਾਂ ਵਿਆਹ ਵਿਚ ਬੀ ਦਾ ਲੇਖਾ ਪਾ ਬੈਠਾ ਏਂ। ਸਿਰ ਖੁਰਕਣ ਦੀ ਵਿਹਲ ਨਹੀਂ, ਬਿਜਾਈ ਦਾ ਟਾਈਮ ਏ; ਟਰੈਕਟਰ ਵਿਹਲਾ ਨਹੀਂ। ਤੂੰ ਇੰਝ ਕਰ ਮੈਨੁੰ ਕਾਹਲੀ ਏ, ਨਿੱਕਿਆਂ ਨੂੰ ਆਖ ਸਕੂਟਰ ਤੇ ਲੈ ਜਾਣਗੇ।"
ਲੱਧਾ ਸਿੰਘ ਚੁੱਪ ਉਹਦੇ ਮੂੰਹ ਵੱਲ ਵੇਂਹਦਾ ਰਿਹਾ। ਉਹ ਸੋਚ ਰਿਹਾ ਸੀ ਇਹ ਉਹ ਹੀ ਮੂੰਹ ਏ ਜਿਹਨੂੰ ਵੇਖਣ ਜਿਹਨੂੰ ਚੁੰਮਣ ਲਈ ਮੈਂ ਕੱਕਰ ਮਾਰੀ ਠਰੀ ਹਨੇਰੀ ਰਾਤ ਅੱਠ ਕੋਹ ਪੈਂਡਾ ਅੱਠ ਪਲਾਂਘਾ ਕਰ ਜਾ ਚੁੰਮਿਆ ਸੀ।
ਗੁਰਦਿੱਤ ਟਰੈਕਟਰ ਵੱਲ ਮੁੜਿਆ ਤਾਂ ਉਸ ਫਿਰ ਕਿਹਾ, "ਪੁੱਤਰ, ਦਵਾਈ ਲਈ ਪੈਸੇ?"
ਗੁਰਦਿੱਤ ਨੇ ਪਿੱਠ ਭਵਾਂਦਿਆ ਕਿਹਾ, "ਬਾਪੂ, ਤੈਨੂੰ ਜਿਹੜਾ ਲੈ ਕੇ ਜਾਵੇਗਾ ਆਪੇ ਪੈਸੇ ਵੀ ਦੇਵੇਗਾ। ਨਹੀਂ ਡਾਕਟਰ ਕੋਲ ਲਿਖਾ ਆਵੀਂ। ਆਪੇ ਦੇ ਲਾਂਗੇ।" ਅਤੇ ਉਹ ਟਰੈਕਟਰ ਚਲਾ ਗੇਟੋਂ ਬਾਹਰ ਨਿਕਲ ਖੇਤਾਂ ਨੂੰ ਤੁਰ ਗਿਆ।
ਬੜਾ ਚਿਰ ਉਹਦੇ ਕੰਨ ਵਿਚ ਗੁਰਦਿੱਤ ਦੇ ਕਹੇ ਰੁੱਖੇ ਫਿੱਕੇ ਬੋਲ ਗੂੰਜਦੇ ਰਹੇ।
ਫਿਰ ਉਸ ਮਨ ਬਣਾਇਆ ਅੱਡਾ ਕਿਹੜਾ ਦੂਰ ਏ। ਤੁਰਦਾ ਹਾਂ। ਆਪੇ ਰੱਬ ਕੋਈ ਸਬੱਬ ਬਣਾਵੇਗਾ। ਉਹ ਤਖ਼ਤ ਪੋਸ਼ ਤੋਂ ਉੱਠਿਆ, ਜੁੱਤੀ ਪਾ ਮੋਢੇ ਪਰਨਾਂ ਰੱਖ, ਗੇਟੋਂ ਬਹਾਰ ਆ ਅੱਡੇ ਵਾਲੀ ਸੜਕ ਹੋ ਤੁਰਿਆ। ਕੁੱਝ ਕਦਮ ਤੁਰ ਕੇ ਉਸ ਆਪਣੇ ਮੈਲੇ-ਕੇਚੈਲੇ ਕੱਪੜੇ ਵੱਲ ਵੇਖਿਆ। ਉਹ ਤਾਂ ਸਦਾ ਸੁਥਰੇ ਕੱਪੜੀਂ ਰਿਹਾ ਸੀ। ਹੁਣ ਵੀ ਨਹਾਉਣ ਲੱਗਿਆਂ ਇਕ ਅੱਧਾ ਕੱਪੜਾ-ਕਦੀ ਕੁਰਤਾ ਕਦੀ ਚਾਦਰਾ, ਕਦੀ ਪੱਗ ਪਰਨਾ ਧੋ ਲੈਂਦਾ ਸੀ। ਪਰ ਫਿਰ ਪਿਛਲੇ ਦੋ ਤਿੰਨ ਦਿਨਾਂ ਤੋਂ ਤਾਂ ਉਹ ਤਾਪ ਕਰ ਕੇ ਨਾਹਤਾ ਤੱਕ ਨਹੀਂ ਸੀ। ਜੇਬ ਵੀ ਖਾਲੀ ਸੀ। ਕਦੀ ਉਹਦੀਆਂ ਜੇਬਾਂ ਨੋਟਾਂ ਨਾਲ ਭਰੀਆਂ ਰਹਿੰਦੀਆਂ ਸਨ।
ਆਂਢ-ਗੁਆਂਢ ਅਤੇ ਅੱਡੇ ਫੱਡੇ ਉਹ ਸਤਕਾਰਿਆ ਬੰਦਾ ਸੀ ਅਤੇ ਲੋਕ ਉਹਦੇ ਤੋਂ ਪੈਸੇ ਫੜ ਕੇ ਬੁੱਤਾ ਸਾਰਦੇ ਸਨ। ਉਹਨੂੰ ਆਪਣੇ ਆਪ ਤੋਂ ਘਿਰਨਾ ਹੋਈ। ਉਸ ਆਪਣੇ ਹੱਥਾਂ, ਉਂਗਲੀਆਂ ਵਲ ਨਿਗਾਹ ਮਾਰੀ। ਖਾਲੀ! ਕਦੀ ਇਹਨਾਂ ਹੱਥਾਂ ਤੇ ਚਾਰ ਸੋਨੇ ਦੇ ਕੜੇ, ਉਂਗਲਾਂ ਤੇ ਚਾਰ ਤੋਲੇ ਸੋਨੇ ਦੀਆਂ ਛਾਪਾਂ ਜਿਹੜੀਆਂ ਉਹਨੂੰ ਕੁੜਮਾਂ ਨੇ ਪਾਈਆਂ ਸਨ। ਪਰ ਉਹ ਤਾਂ ਉਸ ਨੇ ਬਲਵੰਤ ਕੌਰ ਦੀ ਮੌਤ ਵਾਲੇ ਦਿਨ ਲਾਹ ਕਟ ਵੱਡੀ ਨੂੰਹ ਨੂੰ ਫੜਾ ਦਿੱਤੀਆਂ ਸਨ।
ਸੋਚਿਆਂ 'ਕੀ ਮੈਂ ਇੰਨਾਂ ਹੀ ਗੁਜਰਿਆਂ ਹਾਂ ਕਿ ਦਵਾਈ ਦੇ ਪੈਸੇ ਲਿਖਾ ਕੇ ਆਵਾਂ? ਉਸ ਆਪਣੀ ਹੱਡ ਭੰਨ ਮਿਹਨਤ ਸਦਕਾ ਨਾ ਤਾਂ ਕਦੀ ਉਧਾਰ ਖਾਧਾ ਸੀ ਨਾ ਉਧਾਰ ਚੁਕਿਆ ਸੀ।
ਅੱਡਾ ਦੋ ਮੀਲ ਦੂਰ ਸੀ। ਅਚੇਤ ਹੀ ਬਿਨਾ ਸੋਚੇ ਬੇਇਰਾਦਾ ਤੁਰਿਆ ਜਾ ਰਿਹਾ ਸੀ ਅਤੇ ਉਹਦੇ ਨਾਲ ਤੁਰ ਰਹੇ ਸਨ: ਦੁੱਖ ਹੀ ਦੁੱਖ, ਪੀੜਾਂ ਹੀ ਪੀੜਾਂ। ਘਰ ਪਰਿਵਾਰ ਦੇ ਖਿਲਰ ਜਾਣ ਦਾ ਦੁੱਖ; ਹੱਥੋਂ ਸਭ ਕੁੱਝ ਤਿਲਕ ਜਾਣ ਦਾ ਦੁੱਖ; ਬਲਵੰਤ ਕੌਰ ਦੇ ਸਾਥ ਛੱਡ ਜਾਣ ਦੀ ਪੀੜ; ਘਰ ਵਿਚ ਪਈ ਹੀਣਤ ਹੇਠੀ ਦੀ ਪੀੜ; ਹਰਦਿੱਤ ਦੇ ਰੁੱਖੇ ਬੋਲ ਅਤੇ ਗੁਰਦਿੱਤ ਵੱਲੋਂ ਕੀਤੇ ਵਿਹਾਰ ਦੀ ਪੀੜ। ਅਤੇ ਉਹ ਇਹਨਾਂ ਪੀੜਾਂ ਦੇ ਭਾਰ ਹੇਠਾਂ ਡੱਕੋ-ਡੋਲੇ ਖਾਂਦਾ ਤੁਰਿਆ ਜਾ ਰਿਹਾ ਸੀ।
ਸਹੁਰੇ ਪਿੰਡ ਦਾ ਅੱਠ ਕੋਹ ਅੱਠ ਪੁਲਾਂਘਾ, ਭੈਣਾਂ ਦੇ ਸੁਹਰੇ ਪਿੰਡ ਦਾ ਦਸ ਕੋਹ ਪੈਂਡਾ ਦਸ ਪੁਲਾਘਾ, ਨਾਨਕੇ ਪਿੰਡ ਦਾ ਚੌਦਾਂ ਕੋਹ ਪੈਂਡਾ ਚੌਦਾਂ ਪੁਲਾਂਘਾਂ ਕਰਨ ਵਾਲੇ ਲੱਧਾ ਸਿੰਘ ਨੂੰ ਧੀ ਦੇ ਪਿੰਡ ਦਾ ਛੇ ਮੀਲ ਛੱਬੀ ਕੋਹ ਲੱਗ ਰਿਹਾ ਸੀ। ਉਸ ਪੂਰੇ ਪੰਧ ਛੱਬੀ ਵਾਰ ਦਮ ਮਾਰਿਆ ਸੀ ਅਤੇ ਛੱਤੀ ਵਾਰ ਪਾਣੀ ਦੀ ਚੂਲੀ ਭਰ ਸੰਘ ਗਿੱਲਾ ਕੀਤਾ-ਕਦੀ ਕਿਸੇ ਚਲਦੀ ਖਲੋਤੀ ਖਾਲ ਵਿਚੋਂ, ਕਿਸੇ ਬੋਰ ਤੋਂ, ਕਿਸੇ ਛਪੜੀ ਵਿਚੋਂ। ਸਵੇਰ ਦਾ ਤੁਰਿਆ ਲੱਧਾ ਸਿੰਘ ਨਹਿਰ ਦੇ ਪੁਲ ਤੇ ਤਰਾਂਦੇ ਜਹੇ ਦਿਨ ਪਹੁੰਚਿਆ। ਬੱਸ ਸੂਰਜ ਸਲੰਘ ਭਰ ਉੱਚਾ ਸੀ ਜਦ ਪਿੰਡ ਤੋਂ ਅੱਧਾ ਮੀਲ ਪਿਛਾਂਹ ਨਹਿਰ ਦੇ ਪੁਲ ਤੇ ਪਹੁੰਚਾ। ਉਹ ਥੱਕ ਕੇ ਚੂਰ ਹੋ ਗਿਆ ਸੀ। ਉਹ ਪੁਲ ਦੀ ਮੁੰਡੇਰ ਨਾਲ ਢੋਹ ਲਾ ਕੇ ਬੈਠ ਗਿਆ; ਤਪਦਿਆਂ ਪੈਰਾਂ ਦੀਆਂ ਤਲੀਆਂ ਤੋਂ ਜੁੱਤੀ ਖਿੱਚ ਕੇ ਲਾਹੀ; ਲੱਤਾਂ ਨਿੱਸਲ ਕੀਤੀਆਂ।
ਪੁਲ ਹੇਠਾਂ ਝਲਾਰ ਦਾ ਪਾਣੀ ਕਰੋਧ ਭਰਿਆ ਗੜਕ-ਗੜਕ ਕੇ ਡਿੱਗ ਰਿਹਾ ਸੀ ਅਤੇ ਪੁਲ ਤੇ ਬੈਠ ਥੱਕਾ-ਟੁੱਟਾ ਪਾਂਧੀ ਲੱਧਾ ਸਿੰਘ ਸੋਚਾਂ ਵਿਚ ਗਰਕ ਸੀ। ਮੈਂ ਕਿਉਂ ਅਤੇ ਕਾਹਦੇ ਲਈ ਧੀ ਦੇ ਪਿੰਡ ਆਇਆ ਹਾਂ। ਤਿੰਨ ਮੈਲੇ-ਕੁਚੈਲੇ ਕੱਪੜੇ, ਖਾਲੀ ਜੇਬ, ਖਾਲੀ ਹੱਥੀਂ।
ਉਹ ਪਹਿਲਾਂ ਵੀ ਧੀ ਰੂਪੀ ਦੇ ਪਿੰਡ ਆਇਆ ਸੀ ਜਦੋਂ ਉਹਦੀ ਧੀ ਰੂਪੀ ਨੇ ਪੁੱਤਰ ਨੂੰ ਜਨਮ ਦਿੱਤਾ ਸੀ। ਉਹ ਬੜੀ ਟੌਅਰ ਨਾਲ ਤਾਂਗੇ ਤੇ ਆਇਆ ਸੀ ਸਮਾਨ ਦਾ ਤਾਂਗਾ ਭਰ ਕੇ। ਕੱਪੜੇ, ਘਿਉ, ਪੰਜੀਰੀ, ਫਲ (ਫਰੂਟ), ਮਠਿਆਈ, ਸਾਰੇ ਪਰਿਵਾਰ ਲਈ ਕੋਈ ਨਾ ਕੋਈ ਗਹਿਣਾ ਲਿਆਏ ਸਨ।
ਉਦੋਂ ਬਲਵੰਤ ਕੌਰ, ਹਰਦਿੱਤ ਤੇ ਉਹਦੀ ਘਰਵਾਲੀ, ਗੁਰਦਿੱਤ ਦੇ ਦੋਵੇਂ ਬੱਚੇ ਯਾਨੀ ਪੋਤਾ ਪੋਤੀ ਵੀ ਉਹਦੇ ਨਾਲ ਸਨ। ਸਵੇਰੇ ਕੁੜਮ ਅਤਰ ਸਿੰਘ ਸਾਬਣ, ਤੇਲ, ਤੋਲੀਆ ਚੁਕੀਂ ਉਸ ਦੇ ਕੋਲ ਆਇਆ ਤੇ ਕਿਹਾ, "ਚਲੋ ਮੋਟਰ ਚੱਲ ਰਹੀ ਏ। ਬੰਬੀ ਤੇ ਇਸ਼ਨਾਨ ਕਰ ਆਈਏ।" ਅਤੇ ਉਹ ਰੂਪੀ ਦੇ ਸਹੁਰੇ ਆਪਣੇ ਕੁੜਮ ਅਤਰ ਸਿੰਘ ਨਾਲ ਉਹਨਾਂ ਦੇ ਖੇਤਾਂ ਵਿਚ ਗਿਆ।
ਅਤੇ ਜਦ ਉਹ ਮੋਟਰ ਤੇ ਨਾਹ ਕੇ ਮੁੜੇ ਤਾਂ ਕੁੜਮ ਅਤਰ ਸਿੰਘ ਨੇ ਦੱਸਿਆ, "ਸਰਦਾਰ ਜੀ, "ਲੋਕ ਕਹਿੰਦੇ ਨੇ, ਸਵਰਗ ਅੱਗੇ ਏ। ਕਿਸ ਵੇਖਿਆ ਏ ਅੱਗਾ? ਏਥੇ ਹੀ ਨਰਕ ਸਵਰਗ ਏ। ਚੰਗੀ ਸਾਊ ਸੁਲੱਗ ਔਲਾਦ ਹੋਵੇ, ਆਗਿਆਕਾਰੀ ਨੂੰਹਾਂ ਹੋਣ, ਚੰਗੇ ਰਿਸ਼ਤੇਦਾਰ ਹੋਣ, ਇੱਥੇ ਹੀ ਸਵਰਗ ਏ। ਅਤੇ ਮੈਂ ਤਾਂ ਸਰਦਾਰ ਜੀ, ਸਵਰਗ ਭੋਗ ਰਿਹਾ ਹਾਂ। ਮੇਰੇ ਤਿੰਨੇ ਪੁੱਤਰ ਨੂੰਹਾਂ ਇਕ-ਦੂਜੇ ਦੇ ਸਾਹੀਂ ਜਿਉਂਦੇ ਹਨ।"
ਅਤਰ ਸਿੰਘ ਨੇ Aੁਹਨੂੰ ਦੱਸਿਆ ਸੀ, "ਇਕ ਵਾਰ ਮੈਨੂੰ ਖਿਆਲ ਆਇਆ, ਤਿੰਨਾ ਪੁੱਤਰਾਂ ਦੀਆਂ ਅੱਡੋ-ਅੱਡ ਕੋਠੀਆਂ ਪਾ ਦਿਆਂ। ਕੱਲ ਨੂੰ ਅੱਡੋ-ਅੱਡ ਹੋਣਗੇ ਤਾਂ ਸੌਖਾ ਰਹੇਗਾ। ਮੈਂ ਘਰ ਸਾਰੇ ਪਰਿਵਾਰ ਨੂੰ ਬਿਠਾ ਕੇ ਆਪਣੀ ਰਾਏ ਦਿੱਤੀ। ਫਿਰ ਕੀ ਦਾਰਾ ਪਰਿਵਾਰ, ਤਿੰਨੇ ਮੁੰਡੇ ਤਿੰਨੇ ਨੂੰਹਾਂ ਤੁਹਾਡੀ ਕੁੜਮਣੀ ਵੀ ਸਭ ਮੇਰੇ ਨਾਲ ਗੁੱਸੇ। ਉਹਨਾਂ ਦਾ ਕਹਿਣਾ ਸੀ ਅਸੀਂ ਤਾਂ ਇਕੱਠੇ ਹਾਂ ਅਤੇ ਇਕੱਠੇ ਰਹਿਣਾ ਏ। ਮੈਨੂੰ ਹੀ ਪਤਾ ਏ ਮੈਂ ਕਿਵੇਂ ਸਭ ਨੂੰ ਨੂੰ ਮਨਾਇਆ। ਮੈਂ ਤਾਂ ਸੁਭਾਵਕ ਗੱਲ ਕੀਤੀ ਸੀ।"
ਅਤਰ ਸਿੰਘ ਦੇ ਬੋਲ ਲੱਧਾ ਸਿੰਘ ਨੂੰ ਯਾਦ ਸਨ ਉਹ ਸੋਚ ਰਿਹਾ ਸੀ: ਮੈਂ ਤਾਂ ਅੱਜ ਸੱਚ ਹੀ ਨਰਕ ਵਿੱਚ ਪੈ ਗਿਆ ਹਾਂ। ਮੈਂ ਕਿਉਂ ਆਇਆ ਹਾਂ ਧੀ ਦੇ ਸਵਰਗ ਵਿੱਚ? ਕੀ ਦੱਸਾਗਾਂ? ਉਹ ਕੀ ਸੋਚਣਗੇ? ਹੀਣ ਭਾਵਨਾ ਜਾਗੀ। ਇਸ ਹੇਠੀ ਹੱਤਕ ਨਾਲੋਂ ਤਾਂ ਮਰ ਜਾਣਾ ਠੀਕ ਏ। ਅੱਜ ਨਹੀਂ ਤਾਂ ਕੱਲ੍ਹ, ਤਾਂ ਹੋਰ ਚਾਰ ਛੇ ਦਿਨਾਂ ਨੂੰ। ਫਿਰ ਅੱਜ ਹੀ ਕਿਉਂ ਨਹੀਂ? ਹੁਣੇ ਈ ਕਿਉਂ ਨਹੀਂ?
ਉਹ ਉੱਠਿਆ; ਆਸੇ-ਪਾਸੇ ਵੇਖਿਆ; ਘੁਸ-ਮੁਸਾ ਹਨੇਰਾ ਪਸਰ ਰਿਹਾ ਸੀ। ਸੂਰਜ ਦੀ ਟਿੱਕੀ ਅਲੋਪ ਹੋ ਗਈ ਸੀ। ਆਸੇ-ਪਾਸੇ ਕੋਈ ਨਹੀਂ ਸੀ। ਸ਼ਾਂਤ ਇਕਾਂਤ ਸੀ। ਏਦੋਂ ਚੰਗਾ ਵੇਲਾ ਹੋਰ ਕਿਹੜਾ ਮਿਲੇਗਾ।
ਉਸ ਜਿੰਦਗੀ ਦੀ ਅਖੀਰਲੀ ਪੁਲਾਂਘ ਪੁੱਟੀ ਅਤੇ ਪੁਲ ਦੀ ਮੁੰਡੇਰ ਤੇ ਬੈਠ ਗਿਆ। ਹੇਠਾਂ ਝਾਲ ਦਾ ਪਾਣੀ ਸ਼ੂਕ ਰਿਹਾ ਸੀ, ਗੜਕ-ਗੜਕ ਕੇ ਡਿੱਗ ਰਿਹਾ ਸੀ। ਗੜਕਦਾ ਪਾਣੀ ਆਸੇ ਪਾਸੇ ਬਣੀਆਂ ਦੀਵਾਰਾਂ ਨਾਲ ਟੱਕਰਾਂ ਮਾਰ ਗੁੱਸੇ ਵਿੱਚ ਝੱਗ ਛੱਡ ਰਿਹਾ ਸੀ, ਉੱਬਲ ਰਿਹਾ ਸੀ।
ਲੱਧਾ ਸਿੰਘ ਚੰਗਾ ਤਰਾਕ ਸੀ। ਪਿੰਡ ਦੀ ਡੂੰਘੀ ਢਾਬ ਵਿੱਚ ਜਵਾਨੀ ਪਹਿਰੇ ਉਹ ਮੱਝਾਂ ਨਹਾਉਣ ਜਾਂਦਾ ਤਾਂ ਪਹਿਰ ਪਹਿਰ ਪੁੱਠੀਆਂ ਸਿੱਧੀਆਂ ਤਾਰੀਆਂ ਲਾਈ ਜਾਂਦਾ। 'ਛਾਲ ਮਾਰ, ਮਤ ਕਿਤੇ ਇਰਾਦਾ ਬਦਲ ਜਾਏ।' ਉਸ ਦੋਵੇਂ ਪੈਰ ਜੋੜ ਪਰਨੇ ਨਾਲ ਦੋਵੇਂ ਪਿੰਜਣੀਆਂ ਕੱਸ ਕੇ ਬੰਨ ਲਈਆਂ। ਹੇਠਾਂ ਪਾਣੀ ਗੜਕ ਰਿਹਾ ਸੀ ਅਤੇ ਉਤੇ ਪੁਲ ਦੀ ਮੁੰਡੇਰ ਤੇ ਜ਼ਿੰਦਗੀ ਤੋਂ ਹਾਰਿਆ ਥੱਕਿਆ ਟੁੱਟਾ ਪਾਂਧੀ ਲੱਧਾ ਸਿੰਘ ਲੱਤਾਂ ਬੰਨ੍ਹੀ ਬੈਠਾ ਸੀ। ਹੁਣ ਕੋਈ ਪੁਲਾਂਘ ਪੁੱਟਣ ਦੀ ਲੋੜ ਨਹੀਂ ਸੀ। ਬੱਸ 'ਵਾਹਿਗੁਰੂ' , ਆਖ ਅੱਗੇ ਨੂੰ ਉਲਰਨਾ ਹੀ ਸੀ ਅਤੇ ਬੱਸ! ਉਸ ਆਖਰੀ ਭਰਵਾਂ ਸਾਹ ਅੰਦਰ ਨੂੰ ਖਿੱਚਿਆ। ਅਚਾਨਕ ਕਿਸੇ ਲੱਕੜਾਂ ਦੀ ਪੰਡ ਪੁਲ ਦੀ ਮੁੰਡੇਰ ਤੇ ਠੱਕ ਦੇ ਕੇ ਰੱਖੀ।
ਲੱਧਾ ਸਿੰਘ ਦੇ ਚੁਫੇਰੇ ਪਸਰਿਆ ਮੌਤ-ਮਹੂਰ ਟੁੱਟ ਗਿਆ ਅਤੇ ਉਸ ਕੁੱਝ ਦੇਰ ਲਈ ਮਿਥਿਆ ਪ੍ਰੋਗਰਾਮ ਰੋਕ ਲਿਆ- ਉੱਨਾ ਚਿਰ ਜਿੰਨਾ ਚਿਰ ਇਹ ਲੱਕੜਾਂ ਵਾਲਾ ਬੰਦਾ ਤੁਰ ਨਹੀਂ ਜਾਂਦਾ। ਉਹ ਮਿੱਥੇ ਕੰਮ ਨੂੰ ਇਕਾਂਤ ਵਿਚ ਹੀ ਨੇਪਰੇ ਚਾੜ੍ਹਨਾ ਚਾਹੁੰਦਾ ਸੀ। ਉਹ ਬੰਦਾ ਮੁੜਕਾ ਪੂੰਝਦਾ ਲੱਧਾ ਸਿੰਘ ਦੇ ਨੇੜੇ ਆਇਆ। ਲੱਧਾ ਸਿੰਘ ਨੇ ਚਾਦਰਾ ਖਿੱਚ ਪਰਨੇ ਨਾਲ ਬੰਨੀਆਂ ਪਿੰਜਣੀਆਂ ਢੱਕ ਲਈਆਂ।
ਉਸ ਬੰਦੇ ਨੇ ਸਤਿ ਸ੍ਰੀ ਅਕਾਲ ਬੁਲਾਈ ਅਤੇ ਮੁੰਡੇਰ ਤੇ ਲੱਤਾਂ ਲਮਕਾ ਉਹਦੇ ਕੋਲ ਬੈਠ ਗਿਆ ਅਤੇ ਪੁੱਛਿਆ, "ਬਾਪੂ ਜੀ, ਕਿੱਥੇ ਜਾਣਾ ਜੇ?"
ਲੱਧਾ ਸਿੰਘ ਨੂੰ ਉਹਦੇ ਆਉਣ, ਕੋਲ ਬਹਿਣ ਅਤੇ ਫਿਰ ਪੁੱਛਣ ਤੇ ਚੋਖੀ ਕੋਫਤ ਹੋਈ। ਪਰ ਫਿਰ ਵੀ ਉਸ ਕਿਹਾ, "ਪੁੱਤਰ, ਜਿਥੇ ਜਾਣਾ ਸੀ ਪਹੁੰਚ ਗਿਆ ਹਾਂ।"
ਉਸ ਫਿਰ ਕਿਹਾ, "ਪਿੰਡ ਤਾਂ ਅਜੇ ਅੱਧਾ ਮੀਲ ਅੱਗੇ ਏ। ਕੀਹਦੇ ਘਰ ਜਾਣਾ ਜੇ?"
ਲੱਧਾ ਸਿੰਘ ਨੇ ਦਿਲ ਵਿਚ ਸੋਚਿਆ ਇਹਨੂੰ ਕਹਾਂ, ਮੈਂ ਅਗਲੇ ਪਿੰਡ ਜਾਣਾ ਏ। ਫਿਰ ਕਿਤੇ ਇਹ ਭਲਾ ਲੋਕ ਰਾਤ ਕੱਟਣ ਲਈ ਨਾਲ ਚੱਲਣ ਨੂੰ ਨਾ ਕਹਿ ਦੇਵੇ। ਸੱਚ ਹੀ ਦੱਸਾਂ। ਇਹ ਚਲਾ ਜਾਵੇਗਾ ਅਤੇ ਮੈਂ ਮਿੱਥੇ ਕੰਮ ਨੂੰ ਆਖਰੀ ਰੂਪ ਦੇ ਲਵਾਂਗਾ।
ਉਸ ਕਿਹਾ, "ਪੁੱਤਰ, ਮੈਂ ਸਰਦਾਰ ਅਤਰ ਸਿੰਘ ਹੋਰਾਂ ਦੇ ਘਰ ਜਾਣਾ ਏ।"
ਉਸ ਬੰਦੇ ਨੇ ਝੱਟ ਕਿਹਾ, "ਤੁਸੀਂ ਸਰਦਾਰ ਅਤਰ ਸਿੰਘ ਹੋਰਾਂ ਦੇ ਘਰ ਜਾਣਾ ਏ।"
ਉਸ ਬੰਦੇ ਨੇ ਝੱਟ ਕਿਹਾ, ਤੁਸੀਂ ਰੁਪਿੰਦਰ ਧੀ ਦੇ ਪਿਤਾ ਓ?"
ਲੱਧਾ ਸਿੰਘ ਨੇ ਕਿਹਾ, "ਹਾਂ, ਪ੍ਰੀਤਮ ਸਿੰਘ ਮੇਰਾ ਦਾਮਾਦ ਏ।"
ਅਤੇ ਪਤਾ ਨਹੀਂ ਘੁਸ-ਮੁਸੇ ਹਨੇਰੇ ਵਿਚ ਕਿਵੇਂ ਉਹਦੀ ਨਿਗਾਹ ਲੱਧਾ ਸਿੰਘ ਦੀਆਂ ਲੱਤਾਂ ਨੂੰ ਬੰਨ੍ਹੇ ਪਰਨੇ ਤੇ ਪੈ ਗਈ ਅਤੇ ਉਸ ਮੁੰਡੇਰਾ ਤੋਂ ਸਰਕ ਕੇ ਖਲੋਂਦੇ ਨੇ ਪੁੱਛਿਆ, "ਬਾਪੂ ਜੀ ਤੁਸੀਂ ਲੱਤਾਂ ਕਿਉਂ ਬੰਨੀਆਂ ਹੋਈਆਂ ਨੇ?"
ਲੱਧਾ ਸਿੰਘ ਨੇ ਕਿਹਾ, "ਪੁੱਤਰ, ਕਦੀ ਤੁਰਿਆ ਨਹੀਂ ਸੀ। ਤੁਰ ਤੁਰ ਕੇ ਥੱਕ ਗਿਆ ਹਾਂ। ਪਿੰਜਣੀਆਂ ਦੁਖਦੀਆਂ ਨੇ। ਜਰਾ ਅਰਾਮ ਮਿਲੇ ਤਾਂ ਬੰਨੀਆਂ ਨੇ।"
ਉਸ ਫਿਰ ਪੁੱਛਿਆ, "ਤੁਸੀਂ ਪੁਲ ਦੇ ਬਨੇਰੇ ਉੱਤੇ ਕਿਉਂ ਬੈਠੇ ਓ?" ਉਹਨੂੰ ਸ਼ਾਇਦ ਸ਼ੱਕ ਹੋ ਗਿਆ ਸੀ। ਉਸ ਕਲਾਵਾ ਭਰ ਕੇ ਲੱਧਾ ਸਿੰਘ ਨੂੰ ਚੁੱਕਿਆ ਅਤੇ ਹੇਠਾਂ ਪੁਲ ਦੀ ਥੜੀ ਉੱਤੇ ਬਿਠਾ ਲਿਆ ਅਤੇ ਲੱਤਾਂ ਤੇ ਬੰਨੇ ਪਰਨੇ ਦੀਆਂ ਪੀਚੀਆਂ ਗੰਢਾਂ ਖੋਹਲਣ ਲੱਗ ਪਿਆ ਅਤੇ ਨਾਲ-ਨਾਲ ਗੱਲਾਂ ਕਰੀ ਗਿਆ।
"ਬਾਪੂ ਜੀ, ਮੈਂ ਪਿੰਡ ਦਾ ਲਾਗੀ ਆਂ। ਸ੍ਰ: ਅੰਤਰ ਸਿੰਘ ਮੇਰੇ ਤੇ ਬੜੇ ਮਿਹਰਬਾਨ ਨੇ। ਮੈਂ ਤੁਹਾਡੇ ਘਰ ਤਿੰਨ ਵਾਰ ਗਿਆਂ। ਪਹਿਲਾਂ ਧੀ ਰੁਪਿੰਦਰ ਨੂੰ ਪਿਆਰ ਦੇਣ ਵੇਲੇ ਅਤੇ ਫਿਰ ਜਦੋਂ ਧੀ ਰੂਪੀ ਦੀ ਬਰਾਤ ਗਈ ਅਤੇ ਜਦ ਧੀ ਰੁਪਿੰਦਰ ਨੇ ਪੁੱਤਰ ਨੂੰ ਜਨਮ ਦਿੱਤਾ ਤਾਂ ਤੁਹਾਨੂੰ ਵਧਾਈ ਦੇਣ ਮੈਂ ਹੀ ਗਿਆ ਸੀ।"
ਉਸ ਪਰਨਾ ਖੋਲ ਲਿਆ ਸੀ ਤੇ ਲੱਧਾ ਸਿੰਘ ਦੀਆਂ ਲੱਤਾਂ ਘੁੱਟਦਾ ਬੋਲੀ ਜਾ ਰਿਹਾ ਸੀ। "ਤੁਸੀਂ ਬਾਪੂ ਜੀ, ਪੈਦਲ ਕਿਉਂ ਆਏ? ਮਹਾਰਾਜ ਦੀ ਕਿਰਪਾ ਏ ਤੁਹਾਡੇ ਤੇ। ਤੁਹਾਨੂੰ ਸਵਾਰੀਆਂ ਦਾ ਕੀ ਘਾਟਾ ਏ। ਤੁਹਾਨੂੰ ਤਾਂ ਪ੍ਰਮਾਤਮਾ ਨੇ ਰੰਗ ਲਾਏ ਹੋਏ ਨੇ। ਚਾਰ-ਚਾਰ ਪੁੱਤਰ, ਮਹਿਲਾਂ ਵਰਗੇ ਘਰ ਹਵੇਲੀਆਂ, ਜਮੀਨਾਂ ਫਿਰ ਰੁਪਿੰਦਰ ਵਰਗੀ ਸਾਊ ਸੁਘੜ ਧੀ। ਤੁਹਾਨੂੰ ਤਾਂ ਦਾਤੇ ਨੇ ਭਗਵਾਨ ਨੇ ਭਾਗ ਲਾਏ ਹੋਏ ਨੇ।" ਉਹ ਅੱਖਾਂ ਤੋਂ ਚੋ ਪਿਆ ਸੀ ਅਤੇ ਅੱਖਾਂ ਪੂੰਝਦਾ ਬੋਲੀ ਜਾ ਰਿਹਾ ਸੀ। ਲੱਧਾ ਸਿੰਘ ਦੀਆਂ ਅੱਖਾਂ ਵੀ ਛਲਕ ਰਹੀਆਂ ਸਨ।
"ਬਾਪੂ ਜੀ, ਮੇਰੇ ਤਾਂ ਕੋਈ ਔਲਾਦ ਨਾ ਹੋਈ-ਨਾ ਪੁੱਤਰ, ਨਾ ਧੀ। ਘਰਵਾਲੀ ਔਲਾਦ ਨੂੰ ਤਰਸਦੀ ਮਰ ਗਈ ਪਿਛਲੇ ਸਾਲ। ਅਤੇ ਮੈਂ ਇਕੱਲਾ ਰਹਿ ਗਿਆ ਧੱਕੇ ਖਾਣ ਨੂੰ। ਜੇ ਪ੍ਰਮਾਤਮਾ ਨੇ ਸੁੱਖ ਦੇਣਾ ਹੁੰਦਾ ਇੱਕ ਪੁੱਤਰ ਦੀ ਮਿਹਰ ਕਰ ਦਿੰਦਾ, ਕੋਈ ਧੀ ਦੇ ਦਿੰਦਾ।"
ਪਿੰਡ ਵੱਲੋਂ ਇੱਕ ਸਕੂਟਰ ਦੀ ਲਾਈਟ ਹਨੇਰਾ ਚੀਰਦੀ ਆ ਰਹੀ ਸੀ। ਸਕੂਟਰ ਦੀ ਲਾਈਟ ਪੁਲ ਨੂੰ ਟਕਰਾਈ। ਉਸ ਉੱਠਦੇ ਨੇ ਕਿਹਾ, "ਬਾਪੂ ਜੀ, ਮੇਰਾ ਨਾਂ ਕੇਹਰੂ ਏ, ਕੇਹਰੂ ਕਰਮੇ ਦਾ, ਤੁਹਾਡਾ ਲਾਗੀ।" ਪੁਲ ਤੇ ਆਏ ਸਕੂਟਰ ਨੂੰ ਉਸ ਹੱਥ ਦੇ ਕੇ ਰੋਕਿਆ ਤੇ ਕਿਹਾ, "ਪੰਮਾ ਏ?"
ਸਕੂਟਰ ਖੜਾਂਦਿਆਂ ਉਸ ਕਿਹਾ, ਹਾਂ, ਚਾਚਾ।"
ਕੇਹਰੂ ਨੇ ਪੁੱਛਿਆ, "ਖੇਤਾਂ ਨੂੰ ਚੱਲਿਆ ਏ?"
ਪੰਮੇ ਨੇ ਕਿਹਾ, "ਹਾਂ ਚਾਚਾ, ਅੱਜ ਸ਼ਹਿਰ ਗਏ ਸੀ। ਖੇਤ ਵੱਲ ਜਾ ਨਹੀਂ ਹੋਇਆ। ਮੈਂ ਕਿਹਾ, ਗੇੜਾ ਹੀ ਮਾਰ ਆਵਾਂ।"
ਕੇਹਰੂ ਨੇ ਕਿਹਾ, "ਆਹ ਰੁਪਿੰਦਰ ਧੀ ਦੇ ਪਿਤਾ ਨੇ। ਇਹਨਾਂ ਨੂੰ ਘਰ ਤੱਕ ਛੱਡ ਆ।"
ਪੰਮੇ ਨੇ ਸਕੂਟਰ ਪਿੰਡ ਵੱਲ ਮੋੜਿਆ। ਤੇ ਦੋਹਾਂ ਨੇ ਨਾ-ਨਾ ਕਰਦੇ ਲੱਧਾ ਸਿੰਘ ਨੂੰ ਸਕੂਟਰ ਤੇ ਬਿਠਾਇਆ। ਉਸ ਕਿਹਾ, "ਨਹੀਂ ਪੁੱਤਰ, ਤੁਸੀਂ ਜਾਓ। ਮੈਂ ਆਪੇ ਚਲਾ ਜਾਵਾਂਗਾ।"
ਸਾਰੀ ਰਾਤ ਲੱਧਾ ਸਿੰਘ ਤਾਪ ਦੀ ਘੂਕੀ ਅਤੇ ਬੇਸੁਰਤੀ ਵਿੱਚ ਮਰੋੜੇ ਮਾਰਦਾ ਰਿਹਾ, ਦੇਹ ਤੋੜਦਾ ਰਿਹਾ। ਉਹਦੀ ਮੋਹ-ਮੱਤੀ ਧੀ ਰੂਪੀ ਉਹਦੇ ਕੋਲ ਬੈਠੀ ਰਹੀ ਅਤੇ ਪਿਆਰ ਦਰਦ ਭਰੀ ਹਮਦਰਦੀ ਪਿਤਾ ਤੋਂ ਵਾਰਦੀ ਰਹੀ। ਹਮਦਰਦੀ ਜਿਹੜੀ ਕੁਦਰਤ ਨੇ ਸਿਰਫ ਇਸਤਰੀ ਜਾਤੀ ਨੂੰ ਹੀ ਬਖਸ਼ੀ ਏ-ਚਾਹੇ ਧੀ, ਭੈਣ, ਮਾਂ ਜਾਂ ਪਤਨੀ ਕਿਸੇ ਵੀ ਰੂਪ ਵਿਚ ਹੋਵੇ।
ਰੁਪਿੰਦਰ ਦੀਆਂ ਦੋਵੇਂ ਜਠਾਣੀਆਂ ਸੱਸ ਦੀ ਹਦਾਇਤ ਤੇ ਕਦੀ ਅੰਗਰੂ ਦਾ ਪਾਊਡਰ ਕਦੀ ਨਿੰਬੂ ਦਾ ਰਸ ਘੋਲ ਘੋਲ ਲਿਆਂਦੀਆਂ ਰਹੀਆਂ ਅਤੇ ਰੂਪੀ ਚਿਮਚੇ ਪਿਤਾ ਦੇ ਮੂੰਹ ਵਿੱਚ ਪਾਉਂਦੀ ਰਹੀ। ਸਾਰੀ ਰਾਤ ਪੂਰੇ ਪਰਿਵਾਰ ਨੇ ਜਾਗ ਕੇ ਕੱਟੀ। ਸਵੇਰ ਵੇਲੇ ਤਾਪ ਕੁੱਝ ਟੁੱਟਾ ਅਤੇ ਉਹ ਸ਼ਾਂਤ ਹੋ ਕੇ ਸੌਂ ਗਿਆ।
ਚੋਖੇ ਦਿਨ ਚੜ੍ਹੇ ਉਹਦੀ ਅੱਖ ਖੁੱਲੀ। ਸੰਘ ਸੁੱਕਾ ਸੀ। ਟੇਬਲ ਤੇ ਪਏ ਪਾਣੀ ਦੇ ਜੱਗ ਵਿਚ ਪਾਣੀ ਲੈਣ ਲਈ ਉਸ ਗਲਾਸ ਨੂੰ ਹੱਥ ਪਾਇਆ ਤਾਂ ਕੰਬਦੇ ਹੱਥ ਨੇ ਗਲਾਸ ਫਰਸ਼ ਵੱਲ ਰੇੜ੍ਹ ਦਿੱਤਾ। ਖੜਕਾ ਸੁਣ ਕੇ ਰੂਪੀ ਦੀ ਜਠਾਣੀ ਆਈ ਅਤੇ ਗਲਾਸ ਧੋ ਪਾਣੀ ਦਿੱਤਾ ਜਿਹੜਾ ਉਸ ਦੋ ਘੁੱਟ ਸੰਘ ਗਿੱਲਾ ਹੀ ਕਰਨ ਲਈ ਪੀਤਾ। ਦੋ ਸਰਹਾਣਿਆਂ ਦੇ ਢੋਹ ਲਵਾ ਉਸ ਲੱਧਾ ਸਿੰਘ ਨੂੰ ਬਿਠਾਇਆ।
ਉਸ ਮੱਧਮ ਜਿਹੀ ਆਵਾਜ਼ ਵਿਚ ਪੁੱਛਿਆ, "ਧੀਏ, ਹੋਰ ਘਰ ਦੇ ਜੀ?"
ਉਸ ਕਿਹਾ, ਪਿਤਾ ਜੀ, ਆ ਜਾਂਦੇ ਨੇ। ਤੁਸੀਂ ਬੈਠੋ ਮੈਂ ਕੁੱਝ ਖਾਣ ਲਈ ਲਿਆਵਾਂ। ਫਿਰ ਦੱਸਦੀ ਆਂ ਆ ਕੇ।" ਅਤੇ ਉਸ ਰਸੋਈ ਵੱਲ ਗਈ ਤੇ ਕਟੋਰੀ ਵਿਚ ਸਾਬੂਦਾਣੇ ਦੀ ਬਣੀ ਖੀਰ ਲੈ ਕੇ ਆਈ। ਤੇ ਕਿਹਾ, "ਲਓ ਖਾਓ।" ਅਤੇ ਉਸ ਚਮਚ ਲੱਧਾ ਸਿੰਘ ਦੇ ਮੂੰਹ ਵਿਚ ਪਾਂਦਿਆ ਕਿਹਾ, "ਪਿੰਡ ਵਿਚ ਪਿਤਾ ਜੀ, ਕੋਈ ਮੰਦ ਭਾਗੀ ਘਟਨਾ ਵਾਪਰ ਗਈ ਏ। ਸਾਰੇ ਉਧਰ ਗਏ ਸੀ। ਆਉਂਦੇ ਹੀ ਹੋਣੇ ਨੇ।"
ਲੱਧਾਂ ਸਿੰਘ ਨੇ ਖੀਰ ਦਾ ਚਮਚ ਖਾਧਾ ਪੁੱਛਿਆ, "ਪੁੱਤਰ, ਕੀ ਘਟਿਆ ਏ।"
ਤਾਂ ਉਸ ਦੂਜਾ ਚਮਚ ਉਹਦੇ ਮੂੰਹ ਵਿਚ ਪਾਉਂਦਿਆ ਕਿਹਾ, "ਪਿਤਾ ਜੀ, ਪਿੰਡ ਦਾ ਲਾਗੀ ਸੀ ਚਾਚਾ ਕੇਹਰੂ, ਕਰਮੇ ਦਾ ਪੁੱਤਰ ਕੇਹਰੂ।"
ਲੱਧਾ ਸਿੰਘ ਨੇ ਦੂਜਾ ਚਮਚ ਖੀਰ ਉਹਦੇ ਮੂੰਹ ਕੋਲ ਕਰਦਿਆਂ ਕਿਹਾ, "ਨਹਿਰ ਵਿਚ ਡੁੱਬ ਮਰਿਆ ਵਿਚਾਰਾ। ਪੁਲ ਤੇ ਉਹਦੇ ਕੱਪੜੇ, ਜੁੱਤੀ ਤੇ ਲੱਕੜਾਂ ਦੀ ਪੰਡ ਪਈ ਸੀ। ਪੰਮਾ ਸਕੂਟਰ ਤੇ ਖੇਤ ਨੂੰ ਗਿਆ ਤੇ ਆ ਕੇ ਪਿੰਡ ਵਿਚ ਦੱਸਿਆ। ਵਿਚਾਰਾ ਸਾਰੀ ਉਮਰ ਔਲਾਦ ਨੂੰ ਤਰਸਦਾ ਰਿਹਾ। ਪਿਛਲੇ ਸਾਲ ਔਲਾਦ ਨੂੰ ਤਰਸਦੀ ਘਰ ਵਾਲੀ ਮਰ ਗਈ। ਰਾਤੀਂ ਆਪ ਡੁੱਬ ਮਰਿਆ।" ਉਸ ਚੌਥਾ ਚਮਚ ਭਰਦੀ ਨੇ ਕਿਹਾ, "ਸਾਰੀ ਰਾਤ ਪਿੰਡ ਦੇ ਲੋਕ ਨਹਿਰ ਖੰਘਾਲਦੇ ਰਹੇ ਪਰ ਪਹਿਰ ਦੇ ਤੜਕੇ ਉਹਦੀ ਲਾਸ਼ ਮਿਲੀ। ਪਿਤਾ ਜੀ, ਦੋਵੇਂ ਲੱਤਾਂ ਪੈਰਾਂ ਕੋਲੋਂ ਪਰਨੇ ਨਾਲ ਕੱਸ ਕੇ ਬੰਨ੍ਹੀਆਂ ਹੋਈਆਂ ਸਨ।"
ਚੌਥਾ ਚਮਚ ਲੱਧਾ ਸਿੰਘ ਨੇ ਮੂੰਹ ਕੋਲੋਂ ਮੋੜ ਦਿੱਤਾ। ਉਸ ਵੇਖਿਆ ਉਹਦਾ ਪਰਨਾ ਉਹਦੇ ਕੋਲ ਨਹੀਂ ਸੀ। ਉਹਨੂੰ ਧੂੰਦਲੀ ਜਿਹੀ ਰਾਤ ਦੀ ਯਾਦ ਆਈ। ਪਰਨਾ ਤਾਂ ਮੇਰੀਆਂ ਲੱਤਾਂ ਖੋਹਲ ਉਸ ਆਪਣੇ ਮੋਢੇ ਤੇ ਰੱਖ ਲਿਆ ਸੀ।
ਉਹ ਨਿੱਸਲ ਹੋ ਕੇ ਲੇਟ ਗਿਆ ਅਤੇ ਬੇਹਿੱਸ਼ ਥੱਕੇ ਕੰਬਦੇ ਹੱਥਾਂ ਨਾਲ ਛਾਤੀ ਤੋਂ ਖੇਸੀ ਖਿੱਚ ਕੇ ਮੂੰਹ ਢੱਕ ਲਿਆ। ਘਰ ਦੇ ਸਾਰੇ ਜੀ ਅੱਗੇ-ਪਿੱਛੇ ਘਰ ਪਰਤ ਆਏ ਸਨ।
ਅਤਰ ਸਿੰਘ ਨੇ ਪ੍ਰੀਤਮ ਨੂੰ ਕਿਹਾ, "ਬੇਟਾ, ਗੱਡੀ ਕੱਢੋ। ਸਰਦਾਰ ਜੀ ਨੂੰ ਸ਼ਹਿਰੋਂ ਜਾ ਕੇ ਦਵਾਈ ਦਵਾ ਲਿਆਓ।
ਅਤੇ ਪ੍ਰੀਤਮ ਨੇ ਜੀਪ ਕੱਢੀ
ਰੂਪੀ ਨੇ ਜਠਾਣੀ ਨੂੰ ਪੁੱਛਿਆ, "ਭੈਣ ਜੀ, ਪਿਤਾ ਜੀ ਉੱਠੇ ਕਿ ਨਹੀਂ?"
ਜਠਾਣੀ ਨੇ ਦੱਸਿਆ, "ਉੱਠੇ ਸਨ, ਮੈਂ ਸਾਬੂਦਾਣੇ ਦੀ ਖੀਰ ਬਣਾ ਕੇ ਦਿੱਤੀ ਪਰ ਤਿੰਨ ਚਮਚੇ ਖਾ ਕੇ ਫਿਰ ਲੇਟ ਗਏ।"
ਰੂਪੀ ਪਿਤਾ ਦੇ ਮੰਜੇ ਕੋਲ ਗਈ। ਬੜੇ ਹਿਤ ਨਾਲ ਖੇਸੀ ਵਿਚ ਮੂੰਹ ਪਾਇਆ ਅਤੇ ਕਿਹਾ, "ਪਿਤਾ ਜੀ, ਉਠੋਂ ਦਵਾਈ ........।" ਉਹ ਅੱਗੇ ਕੁੱਝ ਨਾ ਬੋਲੀ। ਉਸ ਚੋਖੇ ਚਿਰ ਪਿੱਛੋਂ ਖੇਸੀ ਵਿਚੋਂ ਮੂੰਹ ਬਾਹਰ ਕੱਢਿਆ ਤਾਂ ਉਹਦੀਆਂ ਅੱਖਾਂ ਲਾਲ ਬਿੰਬ ਹੋਈਆਂ ਪਈਆਂ ਸਨ।
ਘਰ-ਪਰਿਵਾਰ ਆਂਢ-ਗੁਆਂਢ ਜਿਨ੍ਹਾਂ ਵੀ ਸੁਣਿਆ ਆਏ। ਸਭ ਦੀਆਂ ਅੱਖਾਂ ਪਰਲ-ਪਰਲ ਚੋ ਰਹੀਆਂ ਸਨ। ਪਰ ਰੁਪਿੰਦਰ ਦੀਆਂ ਅੱਖਾਂ ਵਿਚੋਂ ਤਿੱਪ ਪਾਣੀ ਦੀ ਨਾ ਚੋਈ। ਉਹਦੀਆਂ ਅੱਖਾਂ ਵਿਚ ਖੂਨ ਉਤਰ ਆਇਆ ਸੀ। ਅੱਖਾਂ ਵਿਚੋਂ ਲਹੂ ਦੇਣ ਵਾਲੇ ਚੰਗਿਆੜੇ ਨਿਕਲ ਰਹੇ ਸਨ। '
ਕਰਬ, ਪੀੜ, ਕਰੋਧ ਉਹਦੇ ਚਿਹਰੇ ਤੋਂ ਛਲਕ ਰਿਹਾ ਸੀ। ਉਹ ਬਿਨਾਂ ਪਲਕ ਝਪਕੇ ਇੱਕ ਟਿੱਕ ਦੂਰ ਕਿਤੇ ਝਾਕ ਰਹੀ ਸੀ। ਉਹ ਇੱਕ ਕਠੋਰ ਚੰਡਕਾ ਦਾ ਪਰਚੰਡ ਰੂਪ ਧਾਰੀ ਬੈਠੀ ਸੀ।

1 comment:

  1. ਬਹੁਤ ਚੰਗੀ ਰਚਨਾ !!! ਪੰਜਾਬੀ ਅਮਰ ਰਹੇ

    ReplyDelete