Tuesday, November 24, 2009

ਪੀ ਸੀ ਜੋਸ਼ੀ ਨੂੰ ਯਾਦ ਕਰਦਿਆਂ - ਇੰਦਰ ਮਲਹੋਤਰਾ

ਭਾਰਤ ਦੇ ਸੱਭ ਤੋਂ ਰਚਣੇਈ ਕਮਿਊਨਿਸਟ ਆਗੂ ਪੂਰਨ ਚੰਦ ਜੋਸ਼ੀ ਦੀ ਜਨਮ ਸ਼ਤਾਬਦੀ ਦੇ ਜਸ਼ਨਾਂ ਦੇ ਸੰਬੰਧ ਵਿਚ 14 ਅਪ੍ਰੈਲ 2006 ਦੇ ਇੰਡੀਅਨ ਐਕਸਪ੍ਰੈਸ ਵਿਚ ਛਪੀਆਂ ਇੰਦਰ ਮਲਹੋਤਰਾ ਦੀਆਂ ਟਿੱਪਣੀਆਂ ਦਾ ਪੰਜਾਬੀ ਰੁਪਾਂਤਰਣ।॥
ਆਜ਼ਾਦੀ ਤੋਂ ਬਾਅਦ ਉਹਦੇ "ਸਾਥੀਆਂ" ਨੇ  ਪੀਸੀ ਜੋਸ਼ੀ ਨੂੰ ਪਾਰਟੀ ਵਿਚੋਂ  ਕੱਢਿਆ ਨਾ ਹੁੰਦਾ ਤਾਂ ਕਿੰਨਾ ਵੱਡਾ ਯੋਗਦਾਨ ਉਹਨੇ ਹਿੰਦੁਸਤਾਨ ਵਿਚ ਕਮਿਊਨਿਸਟ ਲਹਿਰ ਦੇ ਵਿਕਾਸ ਵਿਚ ਪਾਉਣਾ ਸੀ।
ਉਹ  ਨਿਹੱਥਾ ਕਰ ਦਿੱਤਾ ਗਿਆ "ਪੈਗੰਬਰ" ਹੀ ਨਹੀਂ ਸੀ ,ਉਸ ਨੂੰ ਜ਼ਲੀਲ ਕੀਤਾ ਗਿਆ, ਲੰਮੇ ਸਮੇਂ ਲਈ ਗੁੱਠੇ ਲਾ ਦਿੱਤਾ ਗਿਆ, 'ਜਲਾਵਤਨ' ਕਰ ਦਿੱਤਾ ਗਿਆ। ਉਦੋਂ ਤੋਂ ਭਾਰਤੀ ਕਮਿਉਨਿਸਟਾਂ ਨੂੰ ਜਿਹਨਾਂ ਪੀੜ ਮੱਲੇ  ਬਦਰੂਪ  ਹਾਲਾਂ ਵਿਚੀਂ ਲੰਘਣਾ  ਪੈ ਰਿਹਾ ਹੈ ਉਸ ਵਿਚ ਹੈਰਾਨੀ ਵਾਲੀ ਕੋਈ ਗੱਲ ਨਹੀਂ। ਨਤੀਜਾ ਇਹੀ ਨਿਕਲਣਾ ਸੀ।
ਪੀਸੀ ਜੋਸ਼ੀ 1935 ਵਿਚ ਭਾਰਤੀ ਕਮਿਊਨਿਸਟ ਪਾਰਟੀ ਦਾ ਜਨਰਲ ਸਕੱਤਰ ਬਣਿਆ ਸੀ। ਉਦੋਂ ਪਾਰਟੀ ਦੇ ਮੈਂਂਬਰਾਂ ਦੀ ਗਿਣਤੀ ਮਸਾਂ 500 ਸੀ ਤੇ ਸਿਰਫ਼ 6 ਸਾਲ ਬਾਅਦ 1941 ਵਿਚ ਉਹਦੀ ਯੋਗ ਅਗਵਾਈ ਸਦਕਾ ਇਹ ਗਿਣਤੀ 5000 ਹੋ ਗਈ ਤੇ ਫਿਰ ਹੋਰ ਛੇ ਸਾਲ ਬਾਅਦ 1947 ਵਿਚ ਜਦੋਂ ਉਹ ਨੂੰ ਜਨਰਲ ਸਕੱਤਰ ਦੇ ਅਹੁਦੇ ਤੋਂ ਹਟਾਇਆ ਗਿਆ ਤੇ ਪਾਰਟੀ ਵਿਚੋਂ ਕੱਢਿਆ ਗਿਆ ਉਦੋਂ ਇਹ ਗਿਣਤੀ 90,000 ਸੀ ਤੇ ਹੋਰ ਵੀ ਅਹਿਮ ਤੱਥ: ਉਹਨਾਂ ਲੋਕਾਂ ਦੀ ਬਹੁਤ ਵੱਡੀ ਗਿਣਤੀ ਸੀ ਜਿਹਨਾਂ ਨੂੰ ਉਹਨੇ ਕਮਿਉਨਿਸਟ ਕਾਜ਼ ਦੇ ਹਮਦਰਦ ਬਣਾ ਲਿਆ ਸੀ।
ਉਹ ਨੇ ਲੇਖ,ਪੈਂਫਲਟ ਅਤੇ ਕਿਤਾਬਚੇ  ਪ੍ਰਕਾਸ਼ਿਤ ਕੀਤੇ ਜਿਹਨਾਂ ਵਿਚੋਂ ਕੁਝ ਅਜਿਹੀ ਬੌਧਿਕ ਅਮੀਰੀ ਨਾਲ ਭਰਪੂਰ ਸਨ ਕਿ ਉਹਨਾਂ ਨੇ ਬੁੱਧੀਜੀਵੀਆਂ ਦੇ ਵੱਡੇ ਹਿੱਸਿਆਂ ਨੂੰ ਧੂਹ ਪਾਈ। ਇਪਟਾ ਅਤੇ ਪ੍ਰਗਤੀਸ਼ੀਲ ਲੇਖਕ ਸਭਾ ਅਤੇ ਪੀਪਲਜ਼ ਪਬਲਿਸ਼ਿੰਗ ਹਾਊਸ ਦੀ ਉਹਨੇ ਨੀਂਹ ਰੱਖੀ ਸੀ ਅਤੇ ਇਹੀ ਅਦਾਰੇ ਪਾਰਟੀ ਦੀ ਸ਼ਕਤੀ ਵਧਾਉਣ ਦੇ ਉਹਦੇ ਸਾਧਨ ਸਨ।
ਦੂਜੀ ਸੰਸਾਰ ਜੰਗ ਦੇ ਦੌਰਾਨ ਸੀਪੀਆਈ ਨੇ ਸ਼ੱਕੀ ਭੂਮਿਕਾ ਨਿਭਾਈ ਸੀ, ਸਾਥੀਆਂ ਨੇ ਬਰਤਾਨਵੀ ਰਾਜ ਨਾਲ ਭਿਆਲੀ ਕੀਤੀ ਅਤੇ ਭਾਰਤ ਛੱਡੋ ਅੰਦੋਲਨ ਦਾ ਸ਼ਰੇਆਮ ਵਿਰੋਧ ਕੀਤਾ ਸੀ। ਹੈਰਾਨੀ ਵਾਲੀ ਗੱਲ ਹੈ ਕਿ ਇਸ ਸੱਭ ਦੇ ਬਾਵਜੂਦ ਜੋਸ਼ੀ ਨੇ ਪਾਰਟੀ ਲਈ ਏਨੀ ਵੱਡੀ ਸਦਭਾਵਨਾ ਦੀ ਲਾਮਬੰਦੀ ਕਰ ਲਈ ਸੀ।
ਪੀ ਸੀ ਜੋਸ਼ੀ ਉੱਪਰ ਕੋਈ ਤੋਹਮਤ ਨਹੀਂ ਲੱਗੀ। ਇਹਦਾ ਇਕ ਕਾਰਨ ਲੋਕਾਂ ਵਿਚ ਵਿਆਪਕ ਅਹਿਸਾਸ  ਸੀ ਕਿ ਨਾਜ਼ੀਆਂ ਅਤੇ ਜਾਪਾਨੀਆਂ ਨੂੰ ਹਰ ਹਾਲ ਹਰਾਉਣਾ ਲੋੜੀਂਦਾ ਸੀ। ਦੂਸਰਾ ਤੇ ਵਧੇਰੇ ਮਹੱਤਵਪੂਰਨ ਕਾਰਨ ਪੀ ਸੀ ਜੋਸ਼ੀ ਦੀ ਬੇਦਾਗ ਦੇਸ਼ਭਗਤੀ ਸੀ ਜਿਸ ਦੇ ਕਾਇਲ ਗਾਂਧੀ ਤੇ ਨਹਿਰੂ ਵੀ ਸਨ। ਇਹ ਜੋਸ਼ੀ ਹੀ ਸੀ ਜਿਸਨੇ ਮਹਾਤਮਾ ਗਾਂਧੀ ਨੂੰ ਪਹਿਲੀ ਵਾਰ ਰਾਸ਼ਟਰ ਪਿਤਾ ਕਹਿ ਕੇ  ਪੁਕਾਰਿਆ ਸੀ।

ਦਰਅਸਲ ਜੋਸ਼ੀ ਦਾ ਸਭ ਤੋਂ ਤਕੜਾ ਨੁਕਤਾ   ਇਹ ਸੀ ਕਿ ਉਹਨੇ ਕਮਿਊਨਿਜਮ ਅਤੇ ਰਾਸ਼ਟਰਵਾਦ ਦੇ ਸੰਯੋਜਨ ਲਈ ਨਿਰੰਤਰ ਯਤਨ ਕੀਤੇ। "ਨਹਿਰੂ ਦਾ ਪੂਰਨ ਸਮਰਥਨ " ਤੇ ਬਾਅਦ ਵਿੱਚ ਸੋਧਿਆ ਰੂਪ "ਨਹਿਰੂ ਦਾ ਆਲੋਚਨਾਤਮਕ ਸਮਰਥਨ " ਉਹਦੀ ਨੀਤੀ ਦਾ ਬੁਨਿਆਦੀ ਤੱਤ ਸੀ। ਤੇ ਇਹੀ ਨੀਤੀ ਉਹਦੇ ਲਈ ਸਜ਼ਾ ਦਾ ਕਾਰਨ ਬਣੀ ਸੀ।
ਜਦੋਂ ਠੰਡੀ ਜੰਗ ਦੀਆਂ ਆਰੰਭਕ ਨਿਸ਼ਾਨੀਆਂ ਪ੍ਰਗਟ ਹੋਣ ਲੱਗ ਪਈਆਂ ਤਾਂ ਇਸ ਗੱਲ ਤੇ ਜ਼ੋਰ ਦੇਣਾ  ਸਟਾਲਿਨ  ਨੂੰ ਬਿਲਕੁਲ ਸੂਤ ਬਹਿੰਦਾ ਸੀ ਕਿ ਹਿੰਦਸਤਾਨ ਦੀ ਆਜ਼ਾਦੀ ਝੂਠੀ ਸੀ, ਕਿ ਨਹਿਰੂ ਸਰਕਾਰ 'ਸਾਮਰਾਜ ਦੀ ਚਾਕਰ' ਸੀ ਅਤੇ ਇਹ ਵੀ ਕਿ ਸੀਪੀਆਈ ਨੂੰ "ਸਾਮਰਾਜਵਾਦੀਆਂ ਅਤੇ ਉਹਨਾਂ ਦੇ ਭਾਰਤੀ ਏਜੰਟਾਂ" ਦੇ ਖਿਲਾਫ਼ ਧਾਵਾ ਬੋਲ ਦੇਣਾ ਚਾਹੀਦਾ ਸੀ। 1947 ਵਿਚ ਸੀਪੀਆਈ ਦੀ ਕਲਕੱਤਾ ਕਾਂਗਰਸ ਵਿਚ ਸੋਵੀਅਤ ਸਿਧਾਂਤਕਾਰ ਏਏ ਜਦਾਨੋਵ ਨੇ ਉਪਰੋਕਤ ਧਾਰਨਾਵਾਂ ਪੇਸ਼ ਕੀਤੀਆਂ ਸਨ।
ਉਦੋਂ ਸਟਾਲਿਨ ਦੇ ਕਥਨ ਭਾਰਤ ਦੇ ਕਮਿਊਨਿਸਟਾਂ ਲਈ ਅਬਦਲ ਕਾਨੂੰਨ ਵਾਂਗ ਸਨ। ਇਸ ਲਈ ਜੋਸ਼ੀ ਦੀ ਹੋਣੀ ਤਹਿ ਹੋ ਗਈ। ਉਹਨੂੰ ਹਟਣਾ ਹੀ ਪੈਣਾ ਸੀ ਤੇ ਉਹਨੂੰ ਬਹੁਤ ਜ਼ਲੀਲ ਕਰਕੇ ਕਮਿਊਨਿਸਟਾਂ ਵਾਲੀ ਵਿਸ਼ੇਸ਼ ਸ਼ੈਲੀ ਨਾਲ ਕੱਢ ਦਿੱਤਾ ਗਿਆ ਤੇ ਜੀ ਅਧਿਕਾਰੀ, ਮੋਹਨ ਕੁਮਾਰਮੰਗਲਮ, ਐਨ ਕੇ ਕਰਿਸ਼ਨਨ ਅਤੇ ਅਰੁਣ ਘੋਸ਼ ਵਰਗੇ ਉਹਦੇ ਆਪਣੇ ਖਾਸ ਚਹੇਤਿਆਂ ਨੇ ਉਸ ਤੇ ਸੱਭ ਤੋਂ ਵੱਧ ਕਰਾਰੇ ਵਾਰ ਕੀਤੇ।
ਜ਼ੋਸੀ ਚਲਿਆ ਗਿਆ ਤੇ ਉਹਦੀ ਥਾਂ 'ਪਰੋਲਤਾਰੀ ਇਨਕਲਾਬੀ ਲਾਈਨ' ਵਾਲਾ ਬੀਟੀ ਰੰਦੀਵੇ ਆ ਗਿਆ। ਉਹਦੀਆਂ ਬੱਚਗਾਨਾ ਨੀਤੀਆਂ ਨੇ ਬਰਬਾਦੀ ਕਰਨੀ ਹੀ ਸੀ। ਉਹਨੂੰ ਵੀ ਜਨਰਲ ਸਕੱਤਰੀ ਤੋਂ ਹਟਾ ਦਿੱਤਾ ਗਿਆ, ਪਰ ਮੰਡਰਾ ਰਹੀ ਧੁੰਦ ਉਦੋਂ ਤੱਕ ਬਣੀ ਰਹੀ ਜਦੋਂ ਤੱਕ 50 ਵਿਆਂ ਵਿਚ ਅਜੈ ਘੋਸ਼ ਪਾਰਟੀ ਦਾ ਜਨਰਲ ਸਕੱਤਰ ਨਾ ਬਣ ਗਿਆ।
ਤੇ ਫਿਰ ਜੋਸ਼ੀ ਪਾਰਟੀ ਵਿਚ ਹੀ ਨਹੀਂ ਪਾਰਟੀ ਹੈਡਕੁਆਟਰਜ਼ ਤੇ ਵੀ ਵਾਪਸ ਆ ਗਿਆ। ਪਰ ਬਾਅਦ ਵਿਚ ਉਹਨੇ ਮੰਨਿਆ ਕਿ ਪਾਰਟੀ ਹੈਡਕੁਆਟਰਜ਼ ਤੇ ਵਾਪਸ ਆਉਣਾ ਅਤੇ ਉਹਨਾਂ ਨੀਤੀਆਂ  ਉਤੇ ਸਹੀ ਪਾਉਣਾ, ਜਿਹਨਾਂ ਵਿਚ ਉਹਦਾ ਯਕੀਨ ਨਹੀਂ ਸੀ, ਉਹਦੀ ਜ਼ਿੰਦਗੀ ਦੀ "ਸਭ ਤੋਂ ਵੱਡੀ ਗ਼ਲਤੀ" ਸੀ।
1962 ਵਿਚ ਚੀਨ ਨਾਲ ਜੰਗ ਹੋਈ। ਇਸਦਾ ਚੀਨ-ਰੂਸ ਝਗੜੇ ਨਾਲ ਖਾਸਾ ਤਾਅਲੁਕ ਸੀ। ਉਸ ਸਮੇਂ ਤੱਕ ਕਮਿਊਨਿਸਟ ਪਾਰਟੀ ਵਿਚ ਦੁਫੇੜ ਦੇ ਬੀਜ ਪਾਏ ਜਾ ਚੁਕੇ ਸਨ। ਦੋ ਸਾਲਾਂ ਬਾਅਦ ਉਹ ਪੁੰਗਰ ਪਏ ਤੇ ਸੀਪੀਆਈ ਤੇ ਸੀਪੀਆਈ (ਐਮ) ਦੋ ਪਾਰਟੀਆਂ ਬਣ ਗਈਆਂ। ਸੀਪੀਆਈ ਕਈ ਸਾਲ ਇੰਦਰਾ ਗਾਂਧੀ ਨਾਲ ਮਿਲਵਰਤਦੀ ਰਹੀ, ਪਰ ਆਖਿਰ ਉਹਨੇ ਸੀਪੀਆਈ (ਐਮ) ਦਾ ਜੂਨੀਅਰ ਪਾਰਟਨਰ ਹੋਣਾ ਸਵੀਕਾਰ ਕਰ ਲਿਆ।
ਜੋਸ਼ੀ ਨੂੰ ਪਾਰਟੀ ਵਿਚੋਂ ਕੱਢਣ ਵੇਲੇ ਦੇ ਕੁਝ ਨਾਂਹਪੱਖੀ ਲੱਛਣ ਅੱਜ ਤੱਕ ਕਾਇਮ ਹਨ। ਮਨਮੋਹਨ ਸਿੰਘ ਸਰਕਾਰ ਨੂੰ ਪ੍ਰਕਾਸ ਕਰਾਤ ਜਿਸ ਤਰੀਕੇ ਨਾਲ ਬਾਹਰੋਂ ਸਮਰਥਨ ਦੇ ਰਿਹਾ ਹੈ ਉਸ ਤੋਂ ਇਹ ਗੱਲ ਭਲੀਭਾਂਤ ਨਜ਼ਰ ਆਉਂਦੀ ਹੈ, ਪਰ ਸਿਤਮਜਰੀਫੀ ਦੀ ਹੱਦ ਦੇਖੋ ਸੀਪੀਆਈ ਅਤੇ ਸੀਪੀਐੱਮ ਦੋਹਾਂ ਨੇ ਹੀ ਕਾਂਗਰਸ ਨਾਲ ਇਕ ਤਰ੍ਹਾਂ ਦੀ ਏਕਤਾ ਦੀ ਪੀਸੀ ਜ਼ੋਸੀ ਵਾਲੀ ਲਾਈਨ ਅਖਤਿਆਰ ਕਰ ਲਈ ਹੈ। ਇਸ ਪੱਖੋਂ ਸਾਥੀਆਂ ਨੇ  ਗੇੜਾ ਪੂਰਾ  ਕਰ ਲਿਆ ਹੈ।

No comments:

Post a Comment