Tuesday, November 17, 2009

ਦਰਸ਼ਨ ਸਿੰਘ ਕਨੇਡੀਅਨ: ਕਨੇਡਾ ਵਿੱਚ ਦਸ ਵਰ੍ਹੇ

ਸਾਧੂ ਬਿਨਿੰਗ ਤੇ ਸੁਖਵੰਤ ਹੁੰਦਲ




(ਦਰਸ਼ਨ ਸਿੰਘ ਕਨੇਡੀਅਨ ਬਾਰੇ ਇਹ ਲੇਖ ਕਨੇਡਾ ਦੇ ਪੰਜਾਬੀ ਭਾਈਚਾਰੇ ਦੇ ਇਤਿਹਾਸ ਦੀ ਮਹੱਤਵਪੂਰਨ ਕੜੀ ਹੈ। ਇਸ ਵਿੱਚ ਉਸ ਵਲੋਂ ਪਾਏ ਯੋਗਦਾਨ ਦੇ ਉਹ ਪਹਿਲੂ ਸਾਹਮਣੇ ਲਿਆਂਦੇ ਗਏ ਹਨ ਜੋ ਏਥੋਂ ਦੇ ਇਤਿਹਾਸ ਵਿੱਚ ਉਸ ਦਾ ਅਹਿਮ ਸਥਾਨ ਬਣਾਉਂਦੇ ਹਨ।



ਦਰਸ਼ਨ ਸਿੰਘ ਆਖਰੀ ਵਾਰ 1985 ਵਿੱਚ ਕਨੇਡਾ ਆਏ ਸਨ। ਉਸ ਸਮੇਂ ਡਾਕਟਰ ਹਰੀ ਸ਼ਰਮਾ, ਸਾਧੂ ਬਿਨਿੰਗ, ਸੁਖਵੰਤ ਹੁੰਦਲ ਤੇ ਮੱਖਣ ਟੁੱਟ ਨੇ ਉਨ੍ਹਾਂ ਨਾਲ 18 ਘੰਟੇ ਦੀ ਗੱਲਬਾਤ ਟੇਪ ਕੀਤੀ ਸੀ। ਇਸ ਲੇਖ ਵਿਚਲੀ ਬਹੁਤੀ ਜਾਣਕਾਰੀ ਉਸ ਮੁਲਾਕਾਤ ਉੱਤੇ ਆਧਾਰਤ ਹੈ। ਇਸ ਤੋਂ ਬਿਨਾਂ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿੱਚ ਸਾਂਭੀਆਂ ਪੁਰਾਣੀਆਂ ਅਖਬਾਰਾਂ ਅਤੇ ਤਸਵੀਰਾਂ ਤੋਂ ਕਾਫੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੋਈ ਹੈ। ਇੰਟਰਨੈਸ਼ਨਲ ਵੁੱਡਵਰਕਰਜ਼ ਆਫ ਅਮਰੀਕਾ (ਆਈ ਡਬਲਯੂ ਏ) ਦੇ ਪੇਪਰਾਂ ਅਤੇ ਫਾਈਲਾਂ ਵਿੱਚੋਂ ਵੀ ਕਾਫੀ ਸਹਾਇਤਾ ਮਿਲ਼ੀ। ਇਨ੍ਹਾਂ ਸੋਮਿਆਂ ਤੋਂ ਮਿਲ਼ੀ ਜਾਣਕਾਰੀ ਵਿੱਚ ਅਤੇ ਉਨ੍ਹਾਂ ਉੱਤੇ ਆਧਾਰਤ ਇਸ ਲੇਖ ਵਿੱਚ ਕਾਫੀ ਕੁਝ ਇਹੋ ਜਿਹਾ ਹੈ ਜਿਹੜਾ ਪਹਿਲਾਂ ਪੰਜਾਬੀ ਵਿੱਚ ਉਪਲੱਬਧ ਨਹੀਂ ਸੀ।



ਪਰ ਜਿਹੜੀ ਗੱਲ ਇਸ ਲਿਖਤ ਨੂੰ ਸੱਭ ਤੋਂ ਵੱਧ ਅਹਿਮੀਅਤ ਦਿੰਦੀ ਹੈ ਉਹ ਹੈ ਇਸ ਲੇਖ ਵਾਸਤੇ ਕੀਤੀ ਦਰਸ਼ਨ ਸਿੰਘ ਦੇ ਕੁਝ ਉਨ੍ਹਾਂ ਸਾਥੀਆਂ ਨਾਲ ਗੱਲਬਾਤ ਜੋ ਉਸਦੇ ਨਾਲ ਕੰਮ ਕਰਦੇ ਰਹੇ ਹਨ ਅਤੇ ਜਿਨ੍ਹਾਂ ਦੇ ਮਨਾਂ ਵਿੱਚ ਉਸ ਵਾਸਤੇ ਅਥਾਹ ਸਤਿਕਾਰ ਤੇ ਮੋਹ ਹੈ। ਇਨ੍ਹਾਂ ਵਿੱਚੋਂ ਵਿਸ਼ੇਸ਼ ਹਨ: ਮੌਰਿਸ ਰੱਸ਼, ਏਮੀਲ ਬਿਓਰਨਸਨ, ਮੋਨਾ ਮੋਰਗਨ, ਕਰੇਗ ਪਰਿਚਟ, ਕੁਲਦੀਪ ਬੈਂਸ, ਹੈਰੀ ਰੈਂਕਿਨ ਤੇ ਰੋਆਇ ਮਾਹ। ਆਈ ਡਬਲਯੂ ਏ ਦੇ ਮੌਜੂਦਾ ਸਮੇਂ ਦੇ ਕਾਰਕੁਨਾਂ ਵਲੋਂ, ਖਾਸ ਕਰ ਕਲੇਅ ਪੈਰੀ ਵਲੋਂ ਵੀ ਦਰਸ਼ਨ ਸਿੰਘ ਦੇ ਜੀਵਨ ਨਾਲ ਸਬੰਧਤ ਕਾਫੀ ਜਾਣਕਾਰੀ ਪ੍ਰਾਪਤ ਹੋਈ।



ਇਹ ਲੇਖ ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ ਵਲੋਂ ਸੰਨ 200 ਵਿੱਚ ਲਿਖੀ ਕਿਤਾਬ "ਸੰਘਰਸ਼ ਦੇ ਸੌ ਵਰ੍ਹੇ: ਕਨੇਡਾ ਵਿੱਚ ਪੰਜਾਬੀ ਪ੍ਰਗਤੀਸ਼ੀਲ ਲਹਿਰ" ਦੇ ਹਿੱਸੇ ਵੱਜੋਂ ਲਿਖਿਆ ਗਿਆ ਹੈ। ਇਸ ਵਿੱਚ ਪੇਸ਼ ਜਾਣਕਾਰੀ ਦਰਸ਼ਨ ਸਿੰਘ ਦੇ ਕਨੇਡਾ ਵਿੱਚ ਹੁੰਦਿਆਂ ਪਾਏ ਯੋਗਦਾਨ ਦੀ ਪੂਰੀ ਤਸਵੀਰ ਪੇਸ਼ ਨਹੀਂ ਕਰਦੀ। ਕਨੇਡਾ ਵਿੱਚ ਉਸਦੇ ਦਸ ਵਰ੍ਹੇ ਦਾ ਜੀਵਨ ਆਪਣੇ ਆਪ ਵਿੱਚ ਵੱਖਰੀ ਕਿਤਾਬ ਦੀ ਮੰਗ ਕਰਦਾ ਹੈ।)



ਕਨੇਡਾ ਦੀ ਪੰਜਾਬੀ/ਭਾਰਤੀ ਕਮਿਊਨਿਟੀ ਵਿੱਚ 1920 ਤੋਂ 1940 ਵਿਚਕਾਰ ਵੱਡੀ ਪੱਧਰ ਦੀਆਂ ਅਜਿਹੀਆਂ ਸਰਗਰਮੀਆਂ ਨਹੀਂ ਹੋਈਆਂ ਜਿਨ੍ਹਾਂ ਨੇ ਕਮਿਊਨਿਟੀ ਉੱਪਰ ਕੋਈ ਸਦੀਵੀ ਛਾਪ ਛੱਡੀ ਹੋਵੇ। ਇਸਦਾ ਇੱਕ ਕਾਰਨ ਪੱਛਮੀ ਮੁਲਕਾਂ, ਤੇ ਖਾਸ ਕਰ ਉੱਤਰੀ ਅਮਰੀਕਾ ਵਿੱਚ 1929 ਵਿੱਚ ਪਿਆ ਵਿਸ਼ਾਲ ਆਰਥਿਕ ਮੰਦਵਾੜਾ (ਡਿਪਰੈਸ਼ਨ) ਵੀ ਸੀ। ਚੌਥੇ ਦਹਾਕੇ (1930-1940) ਦੇ ਪਹਿਲੇ ਕੁਝ ਸਾਲਾਂ ਦੌਰਾਨ ਏਥੇ ਨੌਕਰੀਆਂ ਦੀ ਅਣਹੋਂਦ ਕਾਰਨ ਕਾਫੀ ਪੰਜਾਬੀ ਵਾਪਸ ਦੇਸ਼ ਚਲੇ ਗਏ ਸਨ।


ਪਰ 1940ਵਿਆਂ ਦੌਰਾਨ ਦਰਸ਼ਨ ਸਿੰਘ ਕਨੇਡੀਅਨ ਨੇ ਬੀ ਸੀ ਦੀ ਮਜ਼ਦਰੂ ਲਹਿਰ ਅਤੇ ਕਮਿਊਨਿਸਟ ਲਹਿਰ ਵਿੱਚ ਬਹੁਤ ਹੀ ਨਿੱਗਰ ਅਤੇ ਪ੍ਰਭਾਵਸ਼ਾਲੀ ਕੰਮ ਕੀਤਾ। ਉਸਦੇ ਕੰਮ ਦਾ ਕਨੇਡਾ ਦੀ ਖੱਬੀ ਧਿਰ ਦੀਆਂ ਸਰਗਰਮੀਆਂ ਅਤੇ ਪੰਜਾਬੀ ਕਮਿਊਨਿਟੀ ਦੀਆਂ ਸਮੁੱਚੀਆਂ ਸਰਗਰਮੀਆਂ ਵਿੱਚ ਇੱਕ ਅਹਿਮ ਥਾਂ ਬਣਦਾ ਹੈ। ਉਸਦੇ ਕੰਮ ਨੇ ਇੱਕ ਪਾਸੇ ਏਥੇ ਵਸਦੇ ਪੰਜਾਬੀਆਂ ਦੇ ਜੀਵਨ ਦੀਆਂ ਹਾਲਤਾਂ ਨੂੰ ਸੁਧਾਰਨ ਲਈ ਯੋਗਦਾਨ ਪਾਇਆ ਦੂਜੇ ਪਾਸੇ ਕਨੇਡਾ ਦੇ ਲੋਕਾਂ, ਖਾਸ ਕਰਕੇ ਅਗਾਂਹਵਧੂ ਲੋਕਾਂ, ਨਾਲ ਸਾਂਝ ਪੈਦਾ ਕਰਨ ਵਿੱਚ ਮਹੱਤਵਪੂਰਨ ਰੋਲ ਅਦਾ ਕੀਤਾ। ਇਸ ਸਾਂਝ ਕਾਰਨ ਪੰਜਾਬੀਆਂ ਨੂੰ ਇਸ ਮੁਲਕ ਦੀ ਮਜ਼ਦੂਰ ਲਹਿਰ ਵਿੱਚ ਇੱਕ ਵਿਸ਼ੇਸ਼ ਸਤਿਕਾਰ ਅਤੇ ਮਾਣ ਮਿਲਿਆ ਅਤੇ ਏਥੇ ਵਧਣ ਫੁੱਲਣ ਵਿੱਚ ਹਮਾਇਤ ਹਾਸਲ ਹੋਈ। ਇਸ ਲੇਖ ਵਿੱਚ ਅਸੀਂ ਦਰਸ਼ਨ ਸਿੰਘ ਕਨੇਡੀਅਨ ਦੇ ਇਸ ਕੰਮ ਨੂੰ ਰੀਕਾਰਡ ਕਰਨ ਦੀ ਕੋਸ਼ਸ਼ ਕਰਾਂਗੇ। ਅਜਿਹਾ ਕਰਨ ਲਈ ਅਸੀਂ ਕਨੇਡਾ ਵਿੱਚ ਉਸਦੀ ਰਿਹਾਇਸ਼ ਦੇ ਦਸ ਵਰ੍ਹਿਆਂ, 1937 ਤੋਂ 1947 ਤੱਕ, ਦੇ ਵੱਖ ਵੱਖ ਪੜਾਵਾਂ ਉੱਤੇ ਕੀਤੇ ਕੰਮਾਂ ਦਾ ਜ਼ਿਕਰ ਕਰਾਂਗੇ।



ਕਨੇਡਾ ਵਿੱਚ ਆਮਦ ਦੇ ਪਹਿਲੇ ਵਰ੍ਹੇ



ਦਰਸ਼ਨ ਸਿੰਘ 1937 ਵਿੱਚ ਕਨੇਡਾ ਆਇਆ। ਉਸ ਵੇਲੇ ਉਸਦੀ ਉਮਰ 19 ਵਰ੍ਹਿਆਂ ਦੀ ਸੀ। ਭਾਵੇਂ ਉਹ ਇੱਕ ਵਿਦਿਆਰਥੀ ਦੇ ਤੌਰ 'ਤੇ ਕਨੇਡਾ ਆਇਆ ਪਰ ਉਸਦੇ ਏਧਰ ਨੂੰ ਆਉਣ ਦੇ ਕਾਰਨ ਆਮ ਪੰਜਾਬੀਆਂ ਵਾਲੇ ਹੀ ਸਨ। ਉਸਦੇ ਆਪਣੇ ਕਹਿਣ ਮੁਤਾਬਕ:



"ਮੇਰੇ ਇੱਥੇ ਆਉਣ ਦੇ ਕਾਰਨ ਆਮ ਪੰਜਾਬੀਆਂ ਤੋਂ ਕੋਈ ਵੱਖਰੇ ਨਹੀਂ ਸਨ। ਘਰ ਵਿੱਚ ਭੁੱਖ ਬਹੁਤ ਸੀ। ਕਿਸੇ ਪਾਸੇ ਨੂੰ ਨਿਕਲਣਾ ਹੀ ਸੀ। ਮੇਰਾ ਬਾਪ ਬਹੁਤ ਗਰੀਬ ਕਿਸਾਨ ਸੀ। ਕੁੱਲ ਮਿਲਾ ਕੇ ਚਾਰ ਕੁ ਏਕੜ ਜ਼ਮੀਨ ਸੀ ਸਾਡੀ ਪਿੰਡ ਲੰਗੇਰੀ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਵਿੱਚ। ਉਹ ਵੀ ਪੰਦਰ੍ਹਾਂ ਟੁਕੜਿਆਂ ਵਿੱਚ ਵੰਡੀ ਪਈ ਸੀ।"1



ਉਸ ਵੇਲੇ ਪੰਜਾਬੀਆਂ ਦੀ ਕਨੇਡਾ ਵਿੱਚ ਵਸੋਂ ਏਨੀ ਜ਼ਿਆਦਾ ਨਹੀਂ ਸੀ। ਇਨ੍ਹਾਂ ਵਿੱਚੋਂ ਬਹੁਤੇ ਸਿੱਖ ਭਾਈਚਾਰੇ ਨਾਲ ਸੰਬੰਧ ਰੱਖਦੇ ਸਨ। ਇਹ ਕਨੇਡਾ ਦੇ ਪੱਛਮੀ ਤੱਟ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿ ਕੇ ਲੱਕੜ ਦੀਆਂ ਮਿੱਲਾਂ ਵਿੱਚ ਕੰਮ ਕਰਦੇ ਸਨ। ਦਰਸ਼ਨ ਸਿੰਘ ਵੀ ਪੰਜਾਬ ਦੇ ਪਿੰਡ ਵਿੱਚੋਂ ਅਤੇ ਸਿੱਖ ਪਰਵਾਰ ਵਿੱਚੋਂ ਆਇਆ ਹੋਣ ਕਰਕੇ ਇਨ੍ਹਾਂ ਲੋਕਾਂ ਵਿੱਚ ਘੁਲ ਮਿਲ਼ ਗਿਆ।


ਉਸ ਨੇ ਪਹਿਲਾਂ ਹੋਰ ਪੰਜਾਬੀਆਂ ਵਾਂਗ ਲੱਕੜ ਦੀ ਸਨਅਤ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਇਸ ਨਾਲ ਉਸਨੂੰ ਮਿੱਲਾਂ ਅਤੇ ਲਾਗਿੰਗ ਕੈਂਪਾਂ ਵਿੱਚ ਕੰਮ ਦੀਆਂ ਆਮ ਹਾਲਤਾਂ ਅਤੇ ਖਾਸ ਕਰ ਗੈਰ-ਗੋਰੇ ਲੋਕਾਂ ਨਾਲ ਹੁੰਦੇ ਵਿਤਕਰਿਆਂ ਨੂੰ ਦੇਖਣ ਅਤੇ ਸਮਝਣ ਦਾ ਮੌਕਾ ਮਿਲਿਆ। ਸੱਭ ਤੋਂ ਪਹਿਲਾਂ ਉਸ ਨੂੰ ਵੈਨਕੂਵਰ ਆਈਲੈਂਡ ਉੱਤੇ ਇੱਕ ਪੰਜਾਬੀ ਮਿੱਲ ਮਾਲਕ ਕਪੂਰ ਸਿੰਘ ਦੀ ਮਿੱਲ ਵਿੱਚ ਕੰਮ ਮਿਲਿਆ। ਉਸਦਾ ਚਾਚਾ ਇਸ ਮਿੱਲ ਵਿੱਚ ਕੰਮ ਕਰਦਾ ਸੀ ਜਿਸਦੀ ਸਿਫਾਰਿਸ਼ ਉੱਤੇ ਉਸਨੂੰ ਇਹ ਨੌਕਰੀ ਮਿਲ਼ੀ। ਪਰ ਜਿਸ ਦਿਨ ਉਹ ਕੰਮ ਉੱਤੇ ਲੱਗਾ, ਉਸ ਦਿਨ ਹੀ ਉਸਦੇ ਚਾਚੇ ਨੂੰ ਕੰਮ ਤੋਂ ਹਟਾ ਦਿੱਤਾ ਗਿਆ। ਇਸ ਘਟਨਾ ਦਾ ਬਿਆਨ ਦਰਸ਼ਨ ਸਿੰਘ ਇਨ੍ਹਾਂ ਸ਼ਬਦਾਂ ਵਿੱਚ ਕਰਦਾ ਹੈ:



"ਜਿੱਦਣ ਕਪੂਰ ਸਿੰਘ ਨੇ ਮੈਨੂੰ ਕੰਮ ਉੱਤੇ ਰੱਖਿਆ, ਚਾਚੇ ਨੂੰ ਉਸੇ ਦਿਨ ਮਿੱਲ ਚੋਂ ਛੁੱਟੀ ਕਰ ਦਿੱਤੀ। ਚਾਚਾ ਕਪੂਰ ਸਿੰਘ ਲਈ ਸ਼ਾਇਦ ਪੁਰਾਣਾ ਘੋੜਾ ਹੋ ਚੁੱਕਾ ਸੀ। ਸੱਠ ਸਾਲ ਦਾ ਬਿਰਧ ਸੀ। ਉਹ ਉਹਨੇ ਹਟਾ ਦਿੱਤਾ ਅਤੇ ਉਹਦੀ ਥਾਂ 20 ਸਾਲਾਂ ਦਾ ਨਵਾਂ ਘੋੜਾ ਰੱਖ ਲਿਆ।"2



ਉਸ ਸਮੇਂ ਮਿੱਲਾਂ ਵਿੱਚ ਗੋਰੇ ਕਾਮਿਆਂ ਦੇ ਮੁਕਾਬਲੇ ਗੈਰ-ਗੋਰੇ ਕਾਮਿਆਂ ਨੂੰ ਤਨਖਾਹ ਘੱਟ ਮਿਲਦੀ ਸੀ। ਉਨ੍ਹਾਂ ਨੂੰ ਨੌਕਰੀ ਸੱਭ ਤੋਂ ਮਗਰੋਂ ਦਿੱਤੀ ਜਾਂਦੀ ਅਤੇ ਨੌਕਰੀ ਤੋਂ ਹਟਾਇਆ ਸੱਭ ਤੋਂ ਪਹਿਲਾਂ ਜਾਂਦਾ। ਮਿੱਲਾਂ ਵਿੱਚ ਗੈਰ-ਗੋਰੇ ਲੋਕਾਂ ਨੂੰ ਕੰਮ ਵੀ ਬੇਹੁਨਰੀ ਮਜ਼ਦੂਰੀ (ਅਨਸਕਿਲਡ ਲੇਬਰ) ਵਾਲੇ ਹੀ ਦਿੱਤੇ ਜਾਂਦੇ। ਮਿੱਲ ਵਿੱਚ ਕਿਸੇ ਕਿਸਮ ਦੀ ਮਸ਼ੀਨਰੀ ਚਲਾਉਣ ਦਾ ਕੰਮ ਜਾਂ ਕਿਸੇ ਕਿਸਮ ਦੀ ਜ਼ਿੰਮੇਵਾਰੀ ਵਾਲਾ ਕੰਮ ਗੈਰ-ਗੋਰੇ ਕਾਮਿਆਂ ਨੂੰ ਨਹੀਂ ਸੀ ਦਿੱਤਾ ਜਾਂਦਾ। ਏਥੋਂ ਤੱਕ ਕਿ ਜਿਹੜੀਆਂ ਮਿੱਲਾਂ ਦੇ ਮਾਲਕ ਖੁਦ ਪੰਜਾਬੀ ਸਨ ਉਨ੍ਹਾਂ ਮਿੱਲਾਂ ਵਿੱਚ ਵੀ ਪ੍ਰਬੰਧਕੀ (ਮੈਨੇਜਮੈਂਟ) ਨੌਕਰੀਆਂ ਅਤੇ ਮਸ਼ੀਨਰੀ ਚਲਾਉਣ ਵਾਲੀਆਂ ਵੱਧ ਤਨਖਾਹ ਵਾਲੀਆਂ ਨੌਕਰੀਆਂ ਗੋਰਿਆਂ ਨੂੰ ਹੀ ਦਿੱਤੀਆਂ ਜਾਂਦੀਆਂ ਸਨ।


ਕੁੱਝ ਸਮਾਂ ਮਿੱਲਾਂ ਅਤੇ ਲਾਗਿੰਗ ਕੈਂਪਾਂ ਵਿੱਚ ਕੰਮ ਕਰਨ ਉਪਰੰਤ ਦਰਸ਼ਨ ਸਿੰਘ ਨੇ ਵੈਨਕੂਵਰ ਸਥਿਤ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ (ਯੂ ਬੀ ਸੀ) ਜਾਣਾ ਸ਼ੁਰੂ ਕੀਤਾ। ਏਥੇ ਹੀ ਉਸਦਾ ਸੰਪਰਕ ਅਗਾਂਹਵਧੂ ਸੋਚ ਵਾਲੇ ਵਿਦਿਆਰਥੀਆਂ ਨਾਲ ਹੋਇਆ ਅਤੇ ਉਹ ਯੂਨੀਵਰਸਿਟੀ ਦੀ ਯੰਗ ਕਮਿਊਨਿਸਟ ਲੀਗ (ਵਾਈ ਸੀ ਐਲ) ਦਾ ਮੈਂਬਰ ਬਣ ਗਿਆ। ਦਰਸ਼ਨ ਸਿੰਘ ਦੇ ਨਾਲ ਸਿਆਸੀ ਕੰਮ ਕਰਨ ਵਾਲੇ ਉਸਦੇ ਸਾਥੀ ਅਤੇ ਦੋਸਤ ਏਮਲ ਬਿਓਰਨਸਨ ਦੇ ਦੱਸਣ ਅਨੁਸਾਰ, "ਦਰਸ਼ਨ ਸਿੰਘ ਦਾ ਸੱਭ ਤੋਂ ਪਹਿਲਾਂ ਸੰਪਰਕ ਮੇਰੇ ਭਰਾ ਬਿੱਲ ਬਿਓਰਨਸਨ ਨਾਲ ਹੋਇਆ ਜੋ ਉਸ ਸਮੇਂ ਯੂ ਬੀ ਸੀ ਵਿੱਚ ਵਿਦਿਆਰਥੀ ਸੀ ਅਤੇ ਵਾਈ ਸੀ ਐਲ (ਯੰਗ ਕਮਿਊਨਿਸਟ ਲੀਗ) ਦਾ ਲੀਡਰ ਸੀ।"3 ਇਸ ਸਮੇਂ ਦੌਰਾਨ ਦਰਸ਼ਨ ਸਿੰਘ ਨੇ ਆਪਣੀ ਯੂਨੀਵਰਸਿਟੀ ਦੀ ਪੜ੍ਹਾਈ ਨਾਲੋਂ ਵੀ ਵੱਧ ਸਮਾਂ ਮਾਰਕਸਵਾਦੀ ਸਾਹਿਤ ਪੜ੍ਹਨ ਵਾਲ ਲਾਇਆ। ਉਸ ਦੇ ਆਪਣੇ ਕਹਿਣ ਅਨੁਸਾਰ ਉਹਨੂੰ ਯੂਨੀਵਰਸਿਟੀ ਦੇ ਮਜ਼ਮੂਨਾਂ ਦੀ ਏਨੀ ਸਮਝ ਨਹੀਂ ਸੀ ਪੈਂਦੀ ਪਰ ਸਿਆਸੀ ਸਾਹਿਤ ਅਤੇ ਖਾਸ ਕਰ ਮਾਰਕਸਵਾਦੀ ਸਾਹਿਤ ਪੜ੍ਹਨ ਅਤੇ ਸਮਝਣ ਵਿੱਚ ਉਸਨੂੰ ਕਦੀ ਕੋਈ ਮੁਸ਼ਕਲ ਨਹੀਂ ਸੀ ਪੇਸ਼ ਆਉਂਦੀ।


ਯੂਨੀਵਰਸਿਟੀ ਵਿੱਚ ਜਿੱਥੇ ਉਸਦਾ ਸੰਪਰਕ ਅਗਾਂਹਵਧੂ ਲੋਕਾਂ ਨਾਲ ਲਗਾਤਾਰ ਵੱਧ ਰਿਹਾ ਸੀ ਉਥੇ ਉਹ ਆਪਣੇ ਭਾਈਚਾਰੇ ਦੀਆਂ ਸਰਗਰਮੀਆਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦਾ। ਵੈਨਕੂਵਰ ਦੇ ਸੈਕਿੰਡ ਐਵਨਿਊ ਵਾਲੇ ਇਤਿਹਾਸਕ ਗੁਰਦਵਾਰੇ ਵਿੱਚ ਉਹ ਅਕਸਰ ਭਾਰਤ ਦੀ ਅਜ਼ਾਦੀ ਨਾਲ ਸਬੰਧਤ ਮਸਲਿਆਂ ਉੱਪਰ ਬੋਲਦਾ। ਆਪਣੇ ਲੋਕਾਂ ਵਿੱਚ ਉਹ ਕਾਫੀ ਹਰਮਨ ਪਿਆਰਾ ਹੋ ਰਿਹਾ ਸੀ। ਸਿੱਟੇ ਵਜੋਂ ਉਹ ਸਰਕਾਰ ਦੀਆਂ ਨਜ਼ਰਾਂ ਵਿੱਚ ਰੜਕਣ ਲੱਗਾ ਅਤੇ ਇਮੀਗਰੇਸ਼ਨ ਵਾਲਿਆਂ ਉਸ ਵਿਰੁੱਧ ਜਾਣਕਾਰੀ ਇਕੱਤਰ ਕਰਨੀ ਸ਼ੁਰੂ ਕਰ ਦਿੱਤੀ। ਇਮੀਗਰੇਸ਼ਨ ਵਾਲਿਆਂ ਉਸਨੂੰ ਪੜ੍ਹਾਈ ਵਾਸਤੇ ਚਾਹੀਦੇ ਪੈਸਿਆਂ ਲਈ ਕੰਮ ਕਰਨ ਦੀ ਇਜਾਜ਼ਤ ਨਾ ਦਿੱਤੀ। ਉਸਨੇ ਵੈਨਕੂਵਰ ਆਈਲੈਂਡ ਉੱਤੇ ਜਾ ਕੇ ਚੋਰੀਂ ਕੰਮ ਕਰਨ ਦੀ ਕੋਸ਼ਸ਼ ਕੀਤੀ ਪਰ ਮਿੱਲਾਂ ਵਾਲਿਆਂ ਕੋਲ ਵੀ ਉਸ ਬਾਰੇ ਜਾਣਕਾਰੀ ਪਹੁੰਚ ਚੁੱਕੀ ਸੀ ਅਤੇ ਉਸਨੂੰ ਕੰਮ ਨਾ ਮਿਲਿਆ। ਉਹ ਮੁੜ ਫੇਰ ਯੂਨੀਵਰਸਿਟੀ ਵਾਪਸ ਜਾਣ ਲੱਗ ਪਿਆ। ਪਰ ਕੋਲ ਪੈਸੇ ਨਹੀਂ ਸਨ ਸੋ ਇਸ ਕਰਕੇ ਪੜ੍ਹਾਈ ਜ਼ਾਰੀ ਰੱਖਣੀ ਸੰਭਵ ਨਹੀਂ ਸੀ।


ਕੁਝ ਦੋਸਤਾਂ ਦੀ ਸਲਾਹ ਨਾਲ ਦਰਸ਼ਨ ਅਤੇ ਇੱਕ ਹੋਰ ਦੋਸਤ ਬੀ ਸੀ ਛੱਡ ਕੇ ਨਾਲ ਦੇ ਸੂਬੇ ਅਲਬਰਟਾ ਵਿੱਚ ਕੰਮ ਦੀ ਭਾਲ ਕਰਨ ਚਲੇ ਗਏ। ਉਸ ਦੋਸਤ ਦਾ ਨਾਂਅ ਸੋਹਣ ਸਿੰਘ ਸੀ ਪਰ ਕੰਮ ਕਰਨ ਦੀ ਇਜਾਜ਼ਤ ਨਾ ਹੋਣ ਕਾਰਨ ਉਸਨੇ ਆਪਣਾ ਨਾਂਅ ਲਾਭ ਸਿੰਘ ਰੱਖ ਲਿਆ ਅਤੇ ਦਰਸ਼ਨ ਸਿੰਘ ਨੇ ਆਪਣਾ ਨਾਂਅ ਰਾਮ ਚੰਦਰ ਰੱਖਿਆ। ਉਹ ਐਡਮੰਟਨ ਦੇ ਉੱਤਰ ਵੱਲ ਕੋਈ ਤਿੰਨ ਸੌ ਮੀਲ ਤੋਂ ਵੀ ਵੱਧ ਫਾਸਲੇ ਉੱਤੇ ਵਿਨਫੀਲਡ ਨਾਂਅ ਦੇ ਸ਼ਹਿਰ ਤੋਂ ਚਾਲੀ ਪੰਜਾਹ ਮੀਲ ਬਾਹਰ ਜੰਗਲ ਵਿੱਚ ਬਣੀ ਹੋਈ ਮੈਕਡੂਗਲ ਨਾਂਅ ਦੀ ਮਿੱਲ ਵਿੱਚ ਕੰਮ ਕਰਨ ਲੱਗ ਪਏ। ਉੱਥੇ ਪਹਿਲਾਂ ਇੱਕ ਹੋਰ ਪੰਜਾਬੀ ਵੀ ਕੰਮ ਕਰਦਾ ਸੀ ਜਿਸ ਦਾ ਨਾਂਅ ਹਜ਼ਾਰਾ ਸਿੰਘ ਗਰਚਾ ਸੀ। ਉਹ 1926 ਦਾ ਕਨੇਡਾ ਆਇਆ ਹੋਇਆ ਸੀ ਅਤੇ ਉਸਨੇ ਏਥੋਂ ਐਮ ਐਸ ਸੀ ਕੀਤੀ ਹੋਈ ਸੀ ਪਰ ਨਸਲੀ ਵਿਤਕਰੇ ਕਾਰਨ ਉਸ ਨੂੰ ਕੋਈ ਨੌਕਰੀ ਨਹੀਂ ਸੀ ਮਿਲੀ। ਜਿੱਥੇ ਉਹ ਰਹਿ ਰਹੇ ਸਨ ਉੱਥੇ ਬਰਫ ਬਹੁਤ ਪੈਂਦੀ ਸੀ ਅਤੇ ਕੰਮ ਦੀਆਂ ਹਾਲਤਾਂ ਬਹੁਤ ਔਖੀਆਂ ਸਨ। ਦਰਸ਼ਨ ਸਿੰਘ ਨੇ, ਜੋ ਆਪਣੇ ਦੂਜੇ ਦੋ ਭਾਰਤੀ ਸਾਥੀਆਂ ਨਾਲ ਗਰੀਨ ਚੇਨ ਉੱਪਰ ਰਾਤ ਦੀ ਸ਼ਿਫਟ ਵਿੱਚ ਕੰਮ ਕਰਦਾ ਸੀ, ਉਸ ਥਾਂ ਦਾ ਚੇਤਾ ਕਰਦਿਆ ਕਿਹਾ, "ਬਾਕੀ ਥਾਹਾਂ ਦੇ ਟਾਕਰੇ ਉੱਤੇ ਉਸ ਥਾਂ ਨੂੰ ਸੱਚਮੁੱਚ ਹੀ ਕਨੇਡਾ ਦਾ ਨਰਕ ਕਿਹਾ ਜਾ ਸਕਦਾ ਹੈ।"4


ਇਸ ਤੋਂ ਬਾਅਦ ਉਸ ਨੇ ਬੀ ਸੀ ਦੇ ਉੱਤਰੀ ਇਲਾਕੇ ਦੀਆਂ ਕੁਝ ਹੋਰ ਮਿੱਲਾਂ ਵਿੱਚ ਕੰਮ ਕੀਤਾ। ਇਸ ਸਮੇਂ ਦੌਰਾਨ ਜਦੋਂ ਪਰਿੰਸ ਜਾਰਜ ਨੇੜੇ ਬਿੰਡ ਨਾਂਅ ਦੇ ਛੋਟੇ ਜਿਹੇ ਟਾਊਨ ਵਿੱਚ ਕੰਮ ਕਰ ਰਿਹਾ ਸੀ ਤਾਂ ਉਸਨੂੰ ਪਤਾ ਲੱਗਾ ਕਿ ਵੈਨਕੂਵਰ ਵਿੱਚ ਭਾਰਤੀ ਕਮਿਊਨਿਟੀ ਦੇ ਕੁੱਝ ਆਗੂਆਂ ਨੇ ਗੈਰ-ਕਾਨੂੰਨੀ ਭਾਰਤੀਆਂ ਵਿੱਚੋਂ ਕੁੱਝ ਇੱਕ ਦੇ ਕੇਸਾਂ ਵਾਸਤੇ ਡਾਕਟਰ ਪਾਂਡੀਆ ਨਾਂਅ ਦੇ ਭਾਰਤੀ ਪਿਛੋਕੜ ਦੇ ਵਕੀਲ ਨੂੰ ਕੇਸ ਦੀ ਪੈਰਵਾਈ ਕਰਨ ਵਾਸਤੇ ਅੱਗੇ ਕੀਤਾ ਹੈ। ਬੇਸ਼ੱਕ ਉਸ ਸਮੇਂ ਬੀ ਸੀ ਵਿੱਚ ਪੰਜਾਬੀਆਂ ਦੀ ਗਿਣਤੀ ਕਾਫੀ ਥੋੜ੍ਹੀ ਸੀ ਪਰ ਉਸ ਵਿੱਚੋਂ ਵੀ ਤਕਰੀਬਨ ਤਿੰਨ ਸੌ ਤੋਂ ਉੱਪਰ ਪੰਜਾਬੀ ਗੈਰ-ਕਾਨੂੰਨੀ ਰਹਿ ਰਹੇ ਸਨ। ਡਾਕਟਰ ਪਾਂਡੀਏ ਦੀਆਂ ਸਰਗਰਮੀਆਂ ਬਾਰੇ ਪਤਾ ਲੱਗਣ ਉੱਤੇ ਦਰਸ਼ਨ ਸਿੰਘ ਅਤੇ ਕੁਝ ਹੋਰ ਬੰਦੇ ਵੈਨਕੂਵਰ ਆ ਗਏ। ਵੈਨਕੂਵਰ ਆ ਕੇ ਉਨ੍ਹਾਂ ਨੇ ਆਪਣੇ ਵਰਗੇ ਹੋਰ ਗੈਰ-ਕਾਨੂੰਨੀ ਭਾਰਤੀਆਂ ਨਾਲ ਸੰਪਰਕ ਕੀਤਾ। ਫਿਰ ਇੱਕ ਕਮੇਟੀ ਬਣਾਈ ਗਈ ਜਿਸਦੇ ਜ਼ਿੰਮੇ ਇਸ ਕੇਸ ਵਾਸਤੇ ਪੈਸ ਇਕੱਠੇ ਕਰਨ ਦਾ ਕੰਮ ਲੱਗਾ। ਦਰਸ਼ਨ ਸਿੰਘ ਅਨੁਸਾਰ, "ਅਸੀਂ ਵੈਨਕੂਵਰ ਆਈਲੈਂਡ ਵਿੱਚ ਘੁੰਮ ਕੇ ਚਾਰ ਸੌ ਡਾਲਰ ਇਕੱਠਾ ਕਰਕੇ ਡਾਕਟਰ ਪਾਂਡੀਏ ਨੂੰ ਦਿੱਤਾ।"5 ਗੈਰ-ਕਾਨੂੰਨੀ ਭਾਰਤੀਆਂ ਦੇ ਕੇਸਾਂ ਨੂੰ ਕਮਿਊਨਿਟੀ ਵਲੋਂ ਇਕੱਠੇ ਹੋ ਕੇ ਲੜਨ ਨਾਲ 1939 ਵਿੱਚ ਭਾਰਤੀਆਂ ਦੀ ਇਮੀਗਰੇਸ਼ਨ ਦੇ ਕੇਸ ਵਿੱਚ ਜਿੱਤ ਹੋਈ ਅਤੇ ਤਿੰਨ ਸੌ ਤੋਂ ਵੱਧ ਪੰਜਾਬੀ ਇੱਥੇ ਕਾਨੂੰਨੀ ਤੌਰ ਉੱਤੇ ਰਹਿਣ ਯੋਗ ਹੋ ਗਏ।



ਜ਼ਬਰੀ ਫੌਜੀ ਭਰਤੀ ਲਈ ਚਿੱਠੀ



ਦਰਸ਼ਨ ਸਿੰਘ ਦਾ ਇਮੀਗਰੇਸ਼ਨ ਦਾ ਮਸਲਾ ਹੱਲ ਹੋਣ ਬਾਅਦ ਉਹ ਕਪੂਰ ਸਿੰਘ ਦੀ ਮਿੱਲ ਵਿੱਚ ਕੰਮ ਕਰਨ ਲੱਗ ਪਿਆ। ਪਰ ਇਸ ਸਮੇਂ ਦੂਜੀ ਸੰਸਾਰ ਜੰਗ ਛਿੜ ਚੁੱਕੀ ਹੋਣ ਕਰਕੇ ਪੰਜਾਬੀ ਕਮਿਊਨਿਟੀ ਲਈ ਅਤੇ ਦਰਸ਼ਨ ਸਿੰਘ ਦੇ ਜੀਵਨ ਦੀ ਇੱਕ ਹੋਰ ਅਹਿਮ ਘਟਨਾ ਘਟੀ। ਉਸ ਨੂੰ ਕਮਿਊਨਿਟੀ ਵਿੱਚੋਂ ਸੱਭ ਤੋਂ ਪਹਿਲਾਂ ਫੌਜ ਦੀ ਜ਼ਬਰੀ ਭਰਤੀ (ਕਨਸਕਰਿਪਸ਼ਨ) ਵਾਸਤੇ ਚਿੱਠੀ ਆ ਗਈ। ਫੇਰ ਇੱਕ ਹੋਰ ਗਰੀਬੂ ਨਾਂਅ ਦੇ ਪੰਜਾਬੀ ਨੌਜਵਾਨ ਨੂੰ ਵੀ ਭਰਤੀ ਦੀ ਚਿੱਠੀ ਮਿਲੀ। ਕਮਿਊਨਿਟੀ ਵਿੱਚ ਇਸ ਬਾਰੇ ਕਾਫੀ ਭਖਵਾਂ ਵਿਵਾਦ ਛਿੜ ਪਿਆ। ਕਨੇਡਾ ਵਿਚਲੇ ਭਾਰਤੀਆਂ ਦਾ ਕਹਿਣਾ ਸੀ ਕਿ ਜੇ ਸਾਨੂੰ ਇਹ ਇਸ ਮੁਲਕ ਵਿੱਚ ਪੂਰੇ ਹੱਕ ਨਹੀਂ ਦੇਣੇ ਚਾਹੁੰਦੇ ਤਾਂ ਸਾਡੇ ਕੋਲੋਂ ਲੜਨ ਦੀ ਕਿਸ ਤਰ੍ਹਾਂ ਆਸ ਰੱਖ ਸਕਦੇ ਹਨ। ਯਾਦ ਰਹੇ ਕਿ ਉਸ ਵਕਤ ਭਾਰਤੀਆਂ ਨੂੰ ਏਥੇ ਵੋਟ ਪਾਉਣ ਦਾ ਹੱਕ ਹਾਸਲ ਨਹੀਂ ਸੀ ਅਤੇ ਜਿਸ ਦੇ ਫਲਸਰੂਪ ਬਾਕੀ ਸ਼ਹਿਰੀਆਂ ਵਾਲੇ ਹੱਕ ਵੀ ਪ੍ਰਾਪਤ ਨਹੀਂ ਸਨ। ਵੈਨਕੂਵਰ ਦੀ ਭਾਰਤੀ ਕਮਿਊਨਿਟੀ ਨੇ ਇਸ ਸੰਬੰਧੀ ਗੁਰਦਵਾਰੇ ਵਿੱਚ ਮਤਾ ਪਾਸ ਕੀਤਾ ਕਿ ਜੇ ਸਾਨੂੰ ਫੌਜ ਵਿੱਚ ਲੈ ਕੇ ਜਾਣਾ ਹੈ ਤਾਂ ਸਾਨੂੰ ਬਰਾਬਰ ਦੇ ਹੱਕ ਦੇਵੋ।


ਪਰ ਦਰਸ਼ਨ ਸਿੰਘ ਵਾਸਤੇ ਉਸ ਸਮੇਂ ਫੌਰੀ ਮਸਲਾ ਇਹ ਸੀ ਕਿ ਭਰਤੀ ਹੋਇਆ ਜਾਵੇ ਜਾਂ ਫੇਰ ਫਰਾਰ ਹੋ ਕੇ ਭਗੌੜਿਆਂ ਵਾਲੀ ਲੁਕਣ ਛਿਪਣ ਵਾਲੀ ਜ਼ਿੰਦਗੀ ਬਿਤਾਈ ਜਾਵੇ। ਉਸਦੇ ਕਹਿਣ ਮੁਤਾਬਕ ਉਸ ਨੇ ਕਾਫੀ ਲੋਕਾਂ ਨਾਲ ਇਸ ਸੰਬੰਧੀ ਸਲਾਹ ਮਸ਼ਵਰਾ ਕੀਤਾ ਅਤੇ ਅਖੀਰ ਭਰਤੀ ਹੋਣ ਦਾ ਫੈਸਲਾ ਕਰ ਲਿਆ। ਉਸਦੇ ਨਾਲ ਕੰਮ ਕਰਨ ਵਾਲੇ ਉਸਦੇ ਦੋਸਤ ਕੁਲਦੀਪ ਬੈਂਸ ਦੇ ਦੱਸਣ ਅਨੁਸਾਰ: "ਮੈਂ ਦਰਸ਼ਨ ਨੂੰ ਕਿਹਾ, ਇਹ ਆਰਮੀ ਟਰੇਨਿੰਗ ਵਿੱਚੋਂ ਤੇ ਕੀ ਖੱਟ ਲਵੇਂਗਾ? ਤਾਂ ਉਸਦਾ ਜਵਾਬ ਸੀ, "ਕੀ ਪਤਾ ਜੀਵਨ 'ਚ ਕਦੋਂ ਆਰਮੀ ਟਰੇਨਿੰੰਗ ਕੰਮ ਆ ਜਾਵੇ।" ਦਰਸ਼ਨ ਸਮਝਦਾ ਸੀ ਕਿ ਫੌਜੀ ਸਿਖਲਾਈ ਉਸਦੇ ਆਪਣੇ ਇਨਕਲਾਬ ਦੇ ਕੰਮ ਵਿੱਚ ਵੀ ਸਹਾਈ ਹੋਵੇਗੀ।"6 ਇਸ ਤੋਂ ਇਹ ਗੱਲ ਕਾਫੀ ਸਾਫ ਹੋ ਜਾਂਦੀ ਹੈ ਕਿ ਛੋਟੀ ਉਮਰ ਵਿੱਚ ਹੀ ਦਰਸ਼ਨ ਸਿੰਘ ਕਨੇਡੀਅਨ ਨੇ ਆਪਣੇ ਆਪ ਨੂੰ ਸਮਾਜਿਕ ਤਬਦੀਲੀ ਵਾਸਤੇ ਲੋੜੀਂਦੇ ਇਨਕਲਾਬ ਲਈ ਤਿਆਰ ਕਰ ਲਿਆ ਸੀ।


ਫੌਜੀ ਸਿਖਲਾਈ ਬੀ ਸੀ ਦੇ ਸ਼ਹਿਰ ਵਰਨਨ ਵਿੱਚ ਦਿੱਤੀ ਜਾਣੀ ਸੀ। ਦਰਸ਼ਨ ਸਿੰਘ ਉੱਥੇ ਚਾਰ ਮਹੀਨੇ ਰਿਹਾ। ਗੋਰਿਆਂ ਵਿੱਚ ਸਿਖਲਾਈ ਲੈਣ ਵਾਲਾ ਉਹ ਇਕੱਲਾ ਹੀ ਭਾਰਤੀ ਸੀ। ਆਪਣੇ ਫੌਜੀ ਸਿਖਲਾਈ ਦੇ ਦਿਨਾਂ ਨੂੰ ਦਰਸ਼ਨ ਸਿੰਘ ਇਸ ਤਰ੍ਹਾਂ ਯਾਦ ਕਰਦਾ ਹੈ:



"ਮੈਂ ਕੱਲਾ ਹੀ ਹਿੰਦੁਸਤਾਨੀ ਸੀ ਬਾਕੀ ਸਾਰੇ ਗੋਰੇ ਸਨ। ਉੱਥੇ ਤਾਂ ਫੇਰ ਜਿਦਾਂ ਹੁੰਦਾ ਹੀ ਹੈ। ਬਿਗਲ ਵੱਜਦੇ ਸੀ। ਉੱਠ ਕੇ ਮੇਹ ਧੋਣਾ ਅਤੇ ਭੱਜ ਪੈਣਾ। ਇੱਧਰ ਪ੍ਰੇਡ, ਉੱਧਰ ਪ੍ਰੇਡ, ਕਦੀ ਪੇਟ ਦੇ ਬੱਲ ਚਲੋ, ਗੋਡਿਆਂ ਭਾਰ ਚੱਲੋ, ਬੰਦੂਕ ਚਲਾਉਣੀ ਸਿੱਖੋ।… ਗੋਰਿਆਂ ਦੀਆਂ ਸਾਰੀਆਂ ਗਾਲ੍ਹਾਂ ਮੈਂ ਉਦੋਂ ਹੀ ਸਿੱਖੀਆਂ। ਤੜਕੇ ਸਾਰਜੰਟ ਨੇ ਆ ਕੇ ਦਬਕਾ ਮਾਰਨਾ - ਹੇ ਯੂ ਬਾਸਟਰਡਜ਼, ਸਨ ਆਫ ਬਿਚਜ਼ਸ, ਸਟਿਲ ਲਾਇੰਗ ਦੇਅਰ, ਗੈੱਟ ਆਪ ਯੂ…" 7



ਭਾਰਤ ਵਾਪਸ ਜਾਣ ਦੀ ਕੋਸ਼ਿਸ਼



ਫੌਜੀ ਸਿਖਲਾਈ ਚਾਰ ਮਹੀਨੇ ਦੀ ਸੀ ਅਤੇ ਪੱਕੀ ਨੌਕਰੀ ਵਾਸਤੇ ਚਿੱਠੀ ਬਾਅਦ ਵਿੱਚ ਆਉਣੀ ਸੀ। ਦਰਸ਼ਨ ਸਿੰਘ ਮੁੜ ਆ ਕੇ ਮਿੱਲ ਵਿੱਚ ਕੰਮ ਕਰਨ ਲੱਗ ਪਿਆ। ਉਸ ਵਾਸਤੇ ਇਹ ਸਮਾਂ ਕਾਫੀ ਉਲਝਨ ਵਾਲਾ ਸੀ। ਇਸ ਗੱਲ ਨੂੰ ਤਾਂ ਸਾਰੇ ਭਾਰਤੀ ਸਮਝਦੇ ਸਨ ਕਿ ਇਹ ਲੜਾਈ ਗੋਰਿਆਂ ਦੀ ਸੀ। ਦਰਸ਼ਨ ਸਿੰਘ ਨੂੰ ਇਸ ਗੱਲ ਦੀ ਵੀ ਸੋਝੀ ਆ ਚੁੱਕੀ ਸੀ ਕਿ ਸਾਮਰਾਜਵਾਦ ਕੀ ਹੁੰਦਾ ਹੈ ਅਤੇ ਗੁਲਾਮੀ ਕੀ ਹੁੰਦੀ ਹੈ। ਉਸ ਵਿੱਚ ਦੇਸ਼ ਭਗਤੀ ਦਾ ਜਜ਼ਬਾ ਵੀ ਪੂਰੀ ਤਰ੍ਹਾਂ ਜਾਗ ਚੁੱਕਿਆ ਸੀ ਅਤੇ ਉਹ ਸਮਝਦਾ ਸੀ ਕਿ ਅਸਲ ਕੰਮ ਤਾਂ ਗੋਰਿਆਂ ਨੂੰ ਹਿੰਦੁਸਤਾਨ ਵਿੱਚੋਂ ਬਾਹਰ ਕੱਢਣ ਦਾ ਹੈ। ਉਸ ਵਕਤ ਉਸ ਨੇ ਫੈਸਲਾ ਕਰ ਲਿਆ ਕਿ ਗੋਰਿਆਂ ਦੀ ਫੌਜ ਵਿੱਚ ਮਰਨ ਨਾਲੋਂ ਕਿਉਂ ਨਾ ਆਪਣੇ ਦੇਸ਼ ਵਾਪਸ ਜਾ ਕੇ ਅਜ਼ਾਦੀ ਦੀ ਲੜਾਈ ਵਿੱਚ ਹਿੱਸਾ ਲਿਆ ਜਾਵੇ। ਇਸ ਇਰਾਦੇ ਨਾਲ ਉਹ ਜੂਨ 1940 ਵਿੱਚ ਭਾਰਤ ਨੂੰ ਜਾਣ ਲਈ ਜਹਾਜ਼ ਚੜ੍ਹ ਗਿਆ। ਰਾਹ ਵਿੱਚ ਜਦੋਂ ਉਸਦਾ ਜਹਾਜ਼ ਟੋਕੀਓ, ਜਾਪਾਨ ਠਹਿਰਿਆ ਤਾਂ ਉੱਥੇ ਉਹ ਕੁਝ ਦਿਨ ਇੱਕ ਅਭੀ ਚੰਦਾਨੀ ਨਾਂਅ ਦੇ ਸਿੰਧੀ ਭਾਰਤੀ ਕੋਲ ਰਿਹਾ। ਉੱਥੋਂ ਉਹਨੂੰ ਪਤਾ ਲੱਗਾ ਕਿ ਕੁਝ ਸਿੰਧੀ ਅਤੇ ਪੰਜਾਬੀ ਲੋਕ ਜਿਹੜੇ ਕੁਝ ਦੇਰ ਪਹਿਲਾਂ ਭਾਰਤ ਵੱਲ ਗਏ ਸਨ ਉਨ੍ਹਾਂ ਨੂੰ ਗੋਰਿਆਂ ਨੇ ਹਾਂਗਕਾਂਗ ਵਿੱਚ ਫੜ ਲਿਆ ਸੀ ਅਤੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ। ਇਸ ਗੱਲ ਦੇ ਪਤਾ ਲੱਗਣ ਉੱਤੇ ਦਰਸ਼ਨ ਸਿੰਘ ਟੋਕੀਓ ਤੋਂ ਹੀ ਮੁੜ ਕੇ ਕਨੇਡਾ ਆ ਗਿਆ।


ਵਾਪਸ ਆ ਕੇ ਉਸ ਨੇ ਵੈਨਕੂਵਰ ਦੇ ਆਸ ਪਾਸ ਕੰਮ ਭਾਲਣ ਦੀ ਕੋਸ਼ਸ਼ ਕੀਤੀ ਪਰ ਕੋਈ ਕੰਮ ਨਾ ਮਿਲਿਆ। ਫੇਰ ਉਹਨੂੰ ਵਿਕਟੋਰੀਆ ਵਿੱਚ ਸਿਲਕਰਕ ਲੰਬਰ ਕੰਪਨੀ, ਜਿਸ ਦਾ ਮਾਲਕ ਇੱਕ ਪੰਜਾਬੀ ਸੀ, ਵਿੱਚ ਕੰਮ ਮਿਲ਼ ਗਿਆ। ਅਗਲੇ ਪੰਜ ਛੇ ਸਾਲ ਉਸ ਨੇ ਇਸ ਮਿੱਲ ਵਿੱਚ ਹੀ ਕੰਮ ਕੀਤਾ। ਆਪਣੇ ਇਸ ਕੰਮ ਦੌਰਾਨ ਦਰਸ਼ਨ ਸਿੰਘ ਨੂੰ ਕਨੇਡਾ ਦੀ ਲੱਕੜ ਦੀ ਸਨਅਤ ਵਿੱਚ ਕੰਮ ਕਰਦੇ ਮਜ਼ਦੂਰਾਂ ਦੇ ਕੰਮ ਦੀਆਂ ਹਾਲਤਾਂ, ਕੰਮਾਂ ਉੱਪਰ ਗੈਰ-ਗੋਰੇ ਲੋਕਾਂ ਨਾਲ ਹੁੰਦੇ ਵਿਤਕਰੇ ਨੂੰ ਜਾਣਨ ਦਾ ਮੌਕਾ ਮਿਲਿਆ।



ਕਮਿਊਨਿਸਟ ਪਾਰਟੀ ਅਤੇ ਟਰੇਡ ਯੂਨੀਅਨ ਵਿੱਚ ਕੰਮ



ਜਿਵੇਂ ਪਹਿਲਾਂ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਯੂ ਬੀ ਸੀ ਵਿੱਚ ਆਪਣੀ ਪੜ੍ਹਾਈ ਦੌਰਾਨ ਦਰਸ਼ਨ ਸਿੰਘ ਯੰਗ ਕਮਿਊਨਿਸਟ ਲੀਗ ਨਾਲ ਸਬੰਧਤ ਦੂਜੇ ਵਿਦਿਆਰਥੀਆਂ ਦੇ ਸੰਪਰਕ ਵਿੱਚ ਆਇਆ। ਕਨੇਡਾ ਵਿੱਚ ਆਪਣੀ ਰਿਹਾਇਸ਼ ਦੇ ਸਾਰੇ ਸਮੇਂ ਦੌਰਾਨ ਉਹ ਕਮਿਊਨਿਸਟ ਪਾਰਟੀ ਨਾਲ ਜੁੜਿਆ ਰਿਹਾ। ਉਸ ਵਲੋਂ ਮੈਂਬਰ ਬਣਨ ਪਿੱਛੇ ਇੱਕ ਕਾਰਨ ਇਹ ਵੀ ਸੀ ਕਿ ਉਸ ਸਮੇਂ ਕਮਿਊਨਿਸਟ ਪਾਰਟੀ ਕਨੇਡਾ ਵਿੱਚ ਭਾਰਤੀ ਲੋਕਾਂ ਦੇ ਹੱਕਾਂ ਦਾ ਡੱਟ ਕੇ ਸਮਰਥਨ ਕਰਦੀ ਸੀ। ਆਪਣੀ ਸੂਝ ਅਤੇ ਪ੍ਰਤਿਬੱਧਤਾ ਨਾਲ ਜਲਦੀ ਹੀ ਉਸ ਨੇ ਪਾਰਟੀ ਵਿੱਚ ਇੱਕ ਮਹੱਤਵਪੂਰਨ ਥਾਂ ਬਣਾ ਲਈ। ਪਾਰਟੀ ਵਲੋਂ ਦਰਸ਼ਨ ਸਿੰਘ ਨੇ ਕਨੇਡਾ ਭਰ ਵਿੱਚ ਲੈਕਚਰ ਟੂਰ ਕੀਤੇ। ਇਨ੍ਹਾਂ ਲੈਕਚਰਾਂ ਵਿੱਚ ਜਿੱਥੇ ਉਹ ਪਾਰਟੀ ਦੇ ਏਜੰਡੇ ਬਾਰੇ ਗੱਲ ਬਾਤ ਕਰਦਾ ਉੱਥੇ ਨਾਲ ਨਾਲ ਉਹ ਕਨੇਡੀਅਨ ਮਜ਼ਦੂਰਾਂ ਵਿੱਚ ਦੂਜੀਆਂ ਕਮਿਊਨਿਟੀਆਂ ਦੇ ਮਜ਼ਦੂਰਾਂ ਪ੍ਰਤੀ ਪਏ ਭੁਲੇਖਿਆਂ ਨੂੰ ਦੂਰ ਕਰਦਾ। ਪਾਰਟੀ ਵਿੱਚ ਆਪਣੇ ਲਈ ਮਹੱਤਵਪੂਰਨ ਥਾਂ ਬਣਾਉਣ ਵਿੱਚ ਕਾਮਯਾਬ ਹੋਣ ਦਾ ਰਾਜ ਇਹ ਸੀ ਕਿ ਦਰਸ਼ਨ ਸਿੰਘ ਇੱਕ ਬਹੁਤ ਵਧੀਆ ਬੁਲਾਰਾ ਸੀ ਅਤੇ ਉਸਦੇ ਖਿਆਲਾਂ ਵਿੱਚ ਸਪੱਸ਼ਟਤਾ ਸੀ। ਸਾਰੀ ਉਮਰ ਟਰੇਡ ਯੂਨੀਅਨ ਵਿੱਚ ਸਰਗਰਮ ਰਹਿਣ ਵਾਲੇ ਅਤੇ ਦਰਸ਼ਨ ਸਿੰਘ ਨਾਲ ਮਿਲ਼ ਕੇ ਕਮਿਊਨਿਸਟ ਪਾਰਟੀ ਵਿੱਚ ਕੰਮ ਕਰਨ ਵਾਲੇ ਕਰੇਗ ਪਰਿਚਟ ਦਾ ਕਹਿਣਾ ਹੈ:



"ਦਰਸ਼ਨ ਸਿੰਘ ਨੇ ਪਾਰਟੀ ਵਿੱਚ ਅਤੇ ਯੂਨੀਅਨ ਵਿੱਚ ਬਹੁਤ ਅਹਿਮ ਰੋਲ ਨਿਭਾਇਆ। ਇਸ ਦਾ ਮੁੱਖ ਕਾਰਨ ਇਹ ਸੀ ਕਿ ਉਹ ਇੱਕ ਬਹੁਤ ਵਧੀਆ ਬੁਲਾਰਾ ਸੀ। ਅੰਗਰੇਜ਼ੀ ਜ਼ਬਾਨ ਵਿੱਚ ਉਸਨੂੰ ਕਮਾਲ ਦੀ ਮੁਹਾਰਤ ਹਾਸਲ ਸੀ। ਯੂਨੀਵਰਸਿਟੀ ਪੜ੍ਹਿਆ ਹੋਣ ਕਰਕੇ ਉਹ ਆਪਣੀਆਂ ਲਿਖਤਾਂ ਵਿੱਚ ਬੜਾ ਸਪਾਸ਼ਟ ਹੁੰਦਾ ਸੀ ਅਤੇ ਹਮੇਸ਼ਾਂ ਆਪਣੀ ਗੱਲ ਕਹਿਣ ਵਿੱਚ ਕਾਮਯਾਬ ਹੁੰਦਾ ਸੀ।"8



ਉਸ ਵੇਲੇ ਭਾਰਤੀ ਕਮਿਊਨਿਟੀ ਵਿੱਚੋਂ ਦਰਸ਼ਨ ਸਿੰਘ ਦੇ ਨਾਲ ਕੁਲਦੀਪ ਸਿੰਘ ਬੈਂਸ ਅਤੇ ਰਤਨ ਸਿੰਘ ਵੀ ਪਾਰਟੀ ਦੇ ਮੈਂਬਰ ਸਨ। ਦਰਸ਼ਨ ਸਿੰਘ ਅਨੁਸਾਰ ਕਮਿਊਨਿਟੀ ਵਿੱਚ ਖੱਬੀ ਸਿਆਸਤ ਦਾ ਏਨਾ ਜ਼ਿਆਦਾ ਅਸਰ ਨਹੀਂ ਸੀ ਅਤੇ ਭਾਰਤ ਵਿਚਲੀ ਸਿਆਸਤ ਦੇ ਅਸਰ ਥੱਲੇ ਲੋਕ ਵੰਡੇ ਹੋਏ ਸਨ। ਪਰ ਕਮਿਊਨਿਟੀ ਨੂੰ ਦਰਪੇਸ਼ ਬਹੁਤ ਸਾਰੇ ਮਸਲਿਆਂ ਜਿਵੇਂ ਕਿ ਨਸਲੀ ਵਿਤਕਰਾ, ਬਰਾਬਰ ਦੇ ਹੱਕ, ਭਾਰਤ ਦੀ ਅਜ਼ਾਦੀ ਲਈ ਹਮਦਰਦੀ, ਮਜ਼ਦੂਰ ਵਰਗ ਦੀ ਲੁੱਟ ਖਸੁੱਟ ਅਤੇ ਘੱਟ ਗਿਣਤੀ ਮਜ਼ਦੂਰਾਂ ਦੀ ਵਿਸ਼ੇਸ਼ ਲੁੱਟ, ਆਦਿ ਮਸਲਿਆਂ ਉੱਪਰ ਖੱਬੇ-ਪੱਖੀ ਲੋਕਾਂ ਦਾ ਸਟੈਂਡ ਬੜਾ ਸਪੱਸ਼ਟ ਸੀ। ਦਰਸ਼ਨ ਸਿੰਘ ਅਤੇ ਉਸਦੇ ਸਾਥੀਆਂ ਵਲੋਂ ਮਿੱਲਾਂ ਵਿੱਚ ਯੂਨੀਅਨ ਜਥੇਬੰਦ ਕਰਨ ਦੇ ਅਮਲ ਰਾਹੀਂ ਹੌਲੀ ਹੌਲੀ ਖੱਬੇ ਪੱਖੀ ਸਿਆਸਤ ਦੇ ਵਿਚਾਰ ਕਮਿਊਨਿਟੀ ਦੇ ਲੋਕਾਂ ਤੱਕ ਪਹੁੰਚਣ ਲੱਗੇ ਅਤੇ ਲੋਕਾਂ ਦੇ ਰਵੱਈਏ ਵਿੱਚ ਕੁਝ ਕੁਝ ਤਬਦੀਲੀ ਆਉਣ ਲੱਗੀ।


ਇਸ ਹੀ ਸਮੇਂ ਦੌਰਾਨ (1940 ਵਿੱਚ) ਲੱਕੜ ਦੀ ਸਨਅਤ ਵਿੱਚ ਕੰਮ ਦੀਆਂ ਹਾਲਤਾਂ ਅਤੇ ਤਨਖਾਹਾਂ ਦੀ ਦਸ਼ਾ ਸੁਧਾਰਨ ਵਾਸਤੇ ਮਜ਼ਦੂਰਾਂ ਵਿੱਚ ਹੌਲੀ ਹੌਲੀ ਜਾਗਰਤੀ ਆਉਣੀ ਸ਼ੁਰੂ ਹੋ ਗਈ। ਵੈਨਕੂਵਰ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਇੰਟਰਨੈਸ਼ਨਲ ਵੁੱਡਵਰਕਰਜ਼ ਆਫ ਅਮਰੀਕਾ (ਆਈ ਡਬਲਯੂ ਏ) ਲੱਕੜ ਦੀਆਂ ਮਿੱਲਾਂ ਵਿੱਚ ਜਥੇਬੰਦ ਹੋਣੀ ਸ਼ੁਰੂ ਹੋ ਗਈ। ਪਰ ਅਜੇ ਇਹ ਵੈਨਕੂਵਰ ਆਈਲੈਂਡ ਉੱਪਰ ਆਪਣੇ ਪੈਰ ਟਿਕਾਉਣ ਵਿੱਚ ਕਾਮਯਾਬ ਨਹੀਂ ਸੀ ਹੋਈ। ਆਈ ਡਬਲਯੂ ਏ ਅਮਰੀਕਾ ਵਿੱਚ ਜੰਮੀ ਪਲੀ ਯੂਨੀਅਨ ਸੀ। ਇਹ ਉਸ ਵੇਲੇ ਅਮਰੀਕਾ ਦੇ ਕਮਿਊਨਿਸਟਾਂ ਵਲੋਂ ਜਥੇਬੰਦ ਕੀਤੀ ਗਈ ਸੀ ਅਤੇ ਇਸਦੀ ਉੱਪਰਲੀ ਲੀਡਰਸ਼ਾਪ ਵਿੱਚ ਕਮਿਊਨਿਸਟ ਹੀ ਭਾਰੂ ਸਨ। ਕਨੇਡਾ ਵਿੱਚ ਵੀ ਇਸ ਨੂੰ ਸਥਾਪਤ ਕਰਨ ਵਾਲੇ ਲੋਕ ਕਮਿਊਨਿਸਟ ਪਾਰਟੀ ਦੇ ਹੀ ਕਾਮੇ ਸਨ। ਉਸ ਵੇਲੇ ਦੀਆਂ ਦੂਜੀਆਂ ਯੂਨੀਅਨਾਂ ਜਿਵੇਂ ਖਾਣਾਂ, ਮੈਟਲ ਵਰਕਜ਼, ਅਤੇ ਸ਼ਿੱਪ ਯਾਰਡ, ਲਾਂਗਸ਼ੋਅਰਮੈਨ, ਵਿੱਚ ਵੀ ਕਮਿਊਨਿਸਟਾਂ ਦਾ ਬਹੁਤ ਪ੍ਰਭਾਵ ਸੀ। ਉਸ ਵੇਲੇ ਦੇ ਮਸ਼ਹੂਰ ਕਮਿਊਨਿਸਟ ਲੀਡਰ ਨਾਈਜਲ ਮੋਰਗਨ ਅਤੇ ਹੈਰਲਡ ਪਰਿਚਟ ਬੀ ਸੀ ਵਿੱਚ ਆਈ ਡਬਲਯੂ ਏ ਨੂੰ ਸਥਾਪਤ ਕਰਨ ਵਾਸਤੇ ਕੰਮ ਕਰ ਰਹੇ ਸਨ।


ਦਰਸ਼ਨ ਸਿੰਘ ਪਾਰਟੀ ਦਾ ਮੈਂਬਰ ਹੋਣ ਕਰਕੇ ਪਾਰਟੀ ਦੀਆਂ ਸਰਗਰਮੀਆਂ ਵਿੱਚ ਪੂਰਾ ਹਿੱਸਾ ਲੈਂਦਾ ਸੀ ਅਤੇ ਉਸਦਾ ਅਕਸਰ ਵਿਕਟੋਰੀਆ ਤੋਂ ਵੈਨਕੂਵਰ ਆਉਣਾ ਜਾਣਾ ਰਹਿੰਦਾ ਸੀ। ਅਜਿਹੇ ਹੀ ਇੱਕ ਮੌਕੇ ਜਦੋਂ ਉਹ ਪਾਰਟੀ ਦੇ ਕਿਸੇ ਕੰਮ ਵੈਨਕੂਵਰ ਆਇਆ ਹੋਇਆ ਸੀ ਅਤੇ ਪੈਂਡਰ ਸਟਰੀਟ ਦੇ ਇੱਕ ਸਸਤੇ ਜਿਹੇ ਹੋਟਲ ਵਿੱਚ ਠਹਿਰਿਆ ਹੋਇਆ ਸੀ ਤਾਂ ਪਾਰਟੀ ਦੇ ਲੀਡਰ ਨਾਈਜਲ ਮੋਰਗਨ ਨੇ ਉਸ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਨਾਈਜਲ ਮੋਰਗਨ ਨੇ ਦਰਸ਼ਨ ਸਿੰਘ ਨੂੰ ਦੱਸਿਆ ਕਿ ਪਾਰਟੀ ਵਲੋਂ ਲੱਕੜ ਦੀ ਸਨਅਤ ਦੇ ਮਜ਼ਦੂਰਾਂ ਨੂੰ ਆਈ ਡਬਲਯੂ ਏ ਵਿੱਚ ਜਥੇਬੰਦ ਕਰਨ ਦੀ ਕੋਸ਼ਸ਼ ਇੱਕ ਮੁਹਿੰਮ ਦੇ ਤੌਰ ਉੱਤੇ ਚਲਾਈ ਜਾ ਰਹੀ ਹੈ। ਉਸਨੇ ਕਿਹਾ ਕਿ ਇਸ ਕੰਮ ਵਿੱਚ ਇੱਕ ਵਿਸ਼ੇਸ਼ ਮੁਸ਼ਕਲ ਉਨ੍ਹਾਂ ਨੂੰ ਇਹ ਆ ਰਹੀ ਹੈ ਕਿ ਉਹ ਜਪਾਨੀ, ਚੀਨੇ ਅਤੇ ਭਾਰਤੀ ਮਜ਼ਦੂਰਾਂ ਤੱਕ ਨਹੀਂ ਪਹੁੰਚ ਪਾ ਰਹੇ। ਉਹਨੇ ਕਿਹਾ ਕਿ ਜੇ ਅਸੀਂ ਗੋਰਿਆਂ ਨੂੰ ਜਥੇਬੰਦ ਕਰ ਵੀ ਲਈਏ ਤਾਂ ਵੀ ਗੱਲ ਅੱਧ ਵਿਚਾਲੇ ਹੀ ਰਹਿ ਜਾਂਦੀ ਹੈ। ਇਸ ਕਰਕੇ ਉਨ੍ਹਾਂ ਨੂੰ ਦਰਸ਼ਨ ਸਿੰਘ ਦੀ ਮਦਦ ਦੀ ਖਾਸ ਤੌਰ ਉੱਤੇ ਜ਼ਰੂਰਤ ਸੀ। ਇਸ ਤਰ੍ਹਾਂ ਆਈ ਡਬਲਿਊ ਏ ਦੇ ਲੀਡਰ ਨਾਈਜਲ ਮੌਰਗਨ ਨੇ ਦਰਸ਼ਨ ਸਿੰਘ ਨੂੰ ਯੂਨੀਅਨ ਵਿੱਚ ਕੰਮ ਕਰਨ ਦਾ ਸੱਦਾ ਦਿੱਤਾ। ਉਸ ਨੇ ਇਹ ਸੱਦਾ ਸਵੀਕਾਰ ਕਰਕੇ ਕਨੇਡਾ ਦੀ ਟਰੇਡ ਯੂਨੀਅਨ ਲਹਿਰ ਵਿੱਚ ਆਪਣੀ ਸਰਗਰਮੀ ਦੀ ਸ਼ੁਰੂਆਤ ਕੀਤੀ। ਅਗਲੇ ਜਿੰਨੇ ਵਰ੍ਹੇ ਉਹ ਕਨੇਡਾ ਵਿੱਚ ਰਿਹਾ ਸਰਗਰਮੀ ਨਾਲ ਪਾਰਟੀ ਦੇ ਕੰਮਾਂ ਦੇ ਨਾਲ ਨਾਲ ਯੂਨੀਅਨ ਦਾ ਇੱਕ ਸਰਗਰਮ ਜਥੇਬੰਦਕ ਰਿਹਾ।



ਯੂਨੀਅਨ ਜਥੇਬੰਦੀ ਦਾ ਕੰਮ



ਦਰਸ਼ਨ ਸਿੰਘ ਨੇ 1941 ਵਿੱਚ ਭਾਰਤੀਆਂ ਵਿੱਚ ਯੂਨੀਅਨ ਜਥੇਬੰਦ ਕਰਨ ਦਾ ਕੰਮ ਸ਼ੁਰੂ ਕੀਤਾ। ਉਸ ਸਮੇਂ ਭਾਰਤੀ ਲੋਕਾਂ ਵਿੱਚ ਯੂਨੀਅਨ ਦਾ ਬਹੁਤਾ ਪ੍ਰਭਾਵ ਨਹੀਂ ਸੀ। ਇਸਦੇ ਕਈ ਕਾਰਨ ਸਨ। ਭਾਰਤੀ ਮਜ਼ਦੂਰ ਪਿਛਲੀਆਂ ਰਿਸ਼ਤੇਦਾਰੀਆਂ ਅਤੇ ਇਲਾਕੇਬਾਜ਼ੀਆਂ ਕਰਕੇ ਬਹੁਤ ਵਾਰੀ ਮਿੱਲ ਮਾਲਕਾਂ ਨਾਲ ਨੇੜਤਾ ਰੱਖਦੇ ਸਨ। ਬਹੁਤੇ ਭਾਰਤੀ ਮਜ਼ਦੂਰ ਪਿੰਡਾਂ ਵਿੱਚੋਂ ਜਾਂ ਕੁਝ ਦੇਰ ਫੌਜ ਵਿੱਚ ਨੌਕਰੀ ਕਰ ਕੇ ਆਏ ਸਨ ਉਨ੍ਹਾਂ ਵਾਸਤੇ ਯੂਨੀਅਨ ਦਾ ਵਿਚਾਰ ਇੱਕ ਨਵੀਂ ਗੱਲ ਸੀ। ਦੂਜਾ ਜੋ ਕੁਝ ਉਨ੍ਹਾਂ ਨੇ ਯੂਨੀਅਨ ਸੰਬੰਧੀ ਇੱਧਰ ਸੁਣ ਰੱਖਿਆ ਸੀ ਉਹਦੇ ਨਾਲ ਉਨ੍ਹਾਂ ਦੇ ਮਨਾਂ ਅੰਦਰ ਯੂਨੀਅਨ ਸੰਬੰਧੀ ਅਨੇਕਾਂ ਕਿਸਮਾਂ ਦੇ ਡਰ ਵੱਸ ਗਏ ਸਨ। ਉੱਤਰੀ ਅਮਰੀਕਾ ਦੇ ਬਾਕੀ ਹਿੱਸਿਆਂ ਵਾਂਗ ਬੀ ਸੀ ਵਿੱਚ ਵੀ ਇਸ ਸਦੀ ਦੇ ਪਹਿਲੇ ਦਹਾਕਿਆਂ ਦੌਰਾਨ ਸਨਅਤ ਦੇ ਵੱਖਰੇ ਵੱਖਰੇ ਖਿੱਤਿਆਂ ਵਿੱਚ ਮਜ਼ਦੂਰਾਂ ਨੂੰ ਜਥੇਬੰਦ ਕਰਨ ਵਾਲਿਆਂ ਉੱਪਰ ਬੜਾ ਤਸ਼ੱਦਦ ਹੁੰਦਾ ਰਿਹਾ ਸੀ। ਮਿੱਲ ਮਾਲਕਾਂ ਦੇ ਗੁੰਡਿਆਂ ਵਲੋਂ ਜਾਂ ਪੁਲੀਸ ਵਲੋਂ ਮਜ਼ਦੂਰਾਂ ਨੂੰ ਜਥੇਬੰਦ ਕਰਨ ਵਾਲਿਆਂ ਨੂੰ ਧਮਕੀਆਂ ਦੇਣੀਆਂ ਉਨ੍ਹਾਂ ਦੀ ਮਾਰ ਕੁਟਾਈ ਕਰ ਦੇਣੀ ਆਮ ਗੱਲ ਸੀ। ਮਾਲਕਾਂ ਅਤੇ ਪੁਲੀਸ ਵਲੋਂ ਮਿਲ਼ ਕੇ ਯੂਨੀਅਨ ਦੇ ਬੰਦਿਆਂ ਨੂੰ ਝੂਠੇ ਕੇਸਾਂ ਵਿੱਚ ਫਸਾ ਦੇਣਾ ਅਤੇ ਸਜਾਵਾਂ ਕਰਵਾ ਦੇਣੀਆਂ। ਅਤੇ ਜ਼ਿਆਦਾ ਅਸਰ ਰਸੂਖ ਵਾਲੇ ਯੂਨੀਅਨ ਆਰਗੇਨਾਈਜ਼ਰਾਂ ਦੀ ਹੱਤਿਆ ਕਰਨ ਤੱਕ ਘਟਨਾਵਾਂ ਹੋ ਜਾਂਦੀਆਂ ਸਨ। ਯੂਨੀਅਨ ਦੇ ਇਸ ਕਿਸਮ ਦੇ ਤਜਰਬੇ ਦੀਆਂ ਕਹਾਣੀਆਂ ਭਾਰਤੀ ਮਜ਼ਦੂਰਾਂ ਨੇ ਵੀ ਸੁਣੀਆਂ ਹੋਈਆਂ ਸਨ ਅਤੇ ਉਨ੍ਹਾਂ ਦੇ ਮਨਾਂ ਅੰਦਰ ਕਈ ਕਿਸਮ ਦੇ ਡਰ ਅਤੇ ਵਹਿਮ ਵੜੇ ਹੋਏ ਸਨ। ਪਰ ਦਰਸ਼ਨ ਦੇ ਦੱਸਣ ਅਨੁਸਾਰ ਦੂਜੀ ਵੱਡੀ ਲੜਾਈ ਦੌਰਾਨ ਅਤੇ ਇਸ ਤੋਂ ਬਾਅਦ ਹਾਲਾਤ ਏਨੇ ਮਾੜੇ ਨਹੀਂ ਸਨ। ਇਸ ਦਾ ਇੱਕ ਵੱਡਾ ਕਾਰਨ ਇਹ ਸੀ ਕਿ ਉਸ ਵੇਲੇ ਮਜ਼ਦੂਰਾਂ ਦੀ ਕਾਫੀ ਘਾਟ ਸੀ। ਪਰ ਫਿਰ ਵੀ ਭਾਰਤੀ ਲੋਕਾਂ ਵਿੱਚ ਯੂਨੀਅਨ ਜਥੇਬੰਦ ਕਰਨ ਲਈ ਜ਼ਰੂਰੀ ਸੀ ਕਿ ਲੋਕਾਂ ਦੇ ਮਨਾਂ ਵਿੱਚੋਂ ਇਸ ਤਰ੍ਹਾਂ ਦੇ ਵਿਚਾਰਾਂ ਅਤੇ ਸੰਸਿਆਂ ਨੂੰ ਕੱਢਿਆ ਜਾਵੇ। ਇਨ੍ਹਾਂ ਵਿਚਾਰਾਂ ਨੂੰ ਦੂਰ ਕਰਨ ਲਈ ਉਸ ਨੇ ਭਾਰਤੀ ਲੋਕਾਂ ਨੂੰ ਯੂਨੀਅਨ ਦੇ ਫਾਇਦਿਆਂ ਅਤੇ ਕੰਮਾਂ ਉੱਤੇ ਗੈਰ-ਗੋਰੇ ਲੋਕਾਂ ਨਾਲ ਹੁੰਦੇ ਵਿਤਕਰਿਆਂ ਬਾਰੇ ਜਾਣੂ ਕਰਾਉਣਾ ਸ਼ੁਰੂ ਕੀਤਾ।


ਉਸ ਨੇ ਪਹਿਲਾਂ ਵੈਨਕੂਵਰ ਆਈਲੈਂਡ ਦੀਆਂ ਮਿੱਲਾਂ ਵਿੱਚ, ਜਿੱਥੇ ਹਿੰਦੁਸਤਾਨੀ ਲੋਕ ਜ਼ਿਆਦਾ ਗਿਣਤੀ ਵਿੱਚ ਕੰਮ ਕਰਦੇ ਸਨ, ਜਾ ਕੇ ਜਥੇਬੰਦੀ ਦਾ ਕੰਮ ਸ਼ੁਰੂ ਕੀਤਾ। ਸੱਭ ਤੋਂ ਪਹਿਲਾਂ ਉਸ ਨੇ ਮੇਓ ਦੀ ਮਿੱਲ ਵਿੱਚ ਮਜ਼ਦੂਰਾਂ ਨਾਲ ਤਾਲ ਮੇਲ ਕੀਤਾ। ਇਸ ਮਿੱਲ ਵਿੱਚ ਉਸ ਵੇਲੇ ਢਾਈ ਕੁ ਸੌ ਬੰਦਾ ਕੰਮ ਕਰਦਾ ਸੀ। ਉਸ ਵਿੱਚ ਚਾਲੀ ਪੰਜਾਹ ਗੋਰੇ ਸਨ ਜੋ ਸਕਿੱਲਡ ਕੰਮਾਂ ਉੱਪਰ ਸਨ ਜਿਵੇਂ ਆਰੇ ਚਲਾਉਣ ਆਦਿ ਦੇ ਕੰਮ ਅਤੇ ਬਾਕੀ ਫੱਟੇ ਖਿੱਚਣ ਵਰਗੇ ਕੰਮਾਂ ਉੱਪਰ ਚੀਨੇ ਅਤੇ ਭਾਰਤੀ ਕਾਮੇ ਸਨ। ਸ਼ੁਰੂ ਸ਼ੁਰੂ ਵਿੱਚ ਦਰਸ਼ਨ ਸਿਰਫ ਜਾਣੇ ਪਹਿਚਾਣੇ ਅਗਾਂਹਵਧੂ ਸੋਚ ਰੱਖਣ ਵਾਲੇ ਬੰਦਿਆਂ ਨਾਲ ਹੀ ਗੱਲ ਬਾਤ ਕਰਦਾ। ਹੌਲੀ ਹੌਲੀ 1942-43 ਵਿੱਚ ਜਾ ਕੇ ਕੁਝ ਖੁੱਲ੍ਹੀਆਂ ਮੀਟਿੰਗਾਂ ਵਗੈਰਾ ਕਰਨ ਤੱਕ ਗੱਲ ਪਹੁੰਚੀ।


ਮਜ਼ਦੂਰਾਂ ਨਾਲ ਯੂਨੀਅਨ ਬਾਰੇ ਗੱਲਬਾਤ ਕਰਨੀ ਮੁਸ਼ਕਲ ਸੀ। ਵੱਡੀ ਮੁਸ਼ਕਲ ਸੀ ਕਿ ਇਹ ਗੱਲਬਾਤ ਕਿੱਥੇ ਕੀਤੀ ਜਾਵੇ। ਮਜ਼ਦੂਰ ਬੰਕ ਹਾਊਸਾਂ ਵਿੱਚ ਰਹਿੰਦੇ ਸਨ ਜਿਹੜੇ ਅਕਸਰ ਮਿੱਲ ਦੇ ਨਜ਼ਦੀਕ ਹੀ ਮਿੱਲ ਮਾਲਕ ਦੀ ਪ੍ਰਾਪਰਟੀ ਵਿੱਚ ਹੁੰਦੇ ਸਨ। ਉੱਥੇ ਗੱਲਬਾਤ ਕਰਨੀ ਸੰਭਵ ਨਹੀਂ ਸੀ ਹੁੰਦੀ। ਕਮਿਊਨਿਟੀ ਦੀ ਮਿਲਣ ਵਾਲੀ ਥਾਂ ਗੁਰਦਵਾਰੇ ਹੀ ਸਨ ਅਤੇ ਉਹ ਥਾਂ ਯੂਨੀਅਨ ਦੇ ਕੰਮਾਂ ਵਾਸਤੇ ਨਹੀਂ ਸੀ ਵਰਤੀ ਜਾ ਸਕਦੀ ਕਿਉਂਕਿ ਗੁਰਦਵਾਰਿਆਂ ਵਿੱਚ ਮਿੱਲ ਮਾਲਕਾਂ ਦਾ ਜ਼ਿਆਦਾ ਅਸਰ ਰਸੂਖ ਹੁੰਦਾ ਸੀ। ਸੋ ਯੂਨੀਅਨ ਦੀ ਗੱਲਬਾਤ ਮਜ਼ਦੂਰਾਂ ਨਾਲ ਲੁਕ ਛਿਪ ਕੇ ਕਰਨੀ ਪੈਂਦੀ ਸੀ। ਪਰ ਜਿਵੇਂ ਜਿਵੇਂ ਮਜ਼ਦੁਰਾਂ ਵਿੱਚ ਦਰਸ਼ਨ ਦੇ ਕੰਮ ਦਾ ਅਸਰ ਵਧਿਆ ਉਹ ਕਾਫੀ ਵੱਡੀ ਪੱਧਰ ਉੱਤੇ ਖੁੱਲ੍ਹੀਆਂ ਮੀਟਿੰਗਾਂ ਕਰਨ ਵਿੱਚ ਵੀ ਕਾਮਯਾਬ ਹੋਣ ਲੱਗਾ।




ਸੰਨ 1945 ਵਿੱਚ ਵਾਪਰੀ ਇੱਕ ਘਟਨਾ ਇਸ ਸਥਿਤੀ ਨੂੰ ਦਰਸਾਉਣ ਵਿੱਚ ਸਹਾਈ ਹੋ ਸਕਦੀ ਹੈ। ਦਰਸ਼ਨ ਸਿੰਘ ਵਲੋਂ ਯੂਬੋ ਦੇ ਮਜ਼ਦੂਰਾਂ ਨਾਲ ਉਨ੍ਹਾਂ ਦੇ ਬੰਕ ਹਾਊਸ ਵਿੱਚ ਇੱਕ ਮੀਟਿੰਗ ਕੀਤੀ ਜਾ ਰਹੀ ਸੀ। ਉੱਪਰੋਂ ਮਿੱਲ ਦਾ ਸੁਪਰਡੈਂਟ ਆ ਗਿਆ। ਉਸ ਨੇ ਮੀਟਿੰਗ ਉੱਤੇ ਕਿੰਤੂ ਕੀਤਾ ਅਤੇ ਦਰਸ਼ਨ ਨੂੰ ਉੱਥੋਂ ਆਪਣੀ ਕਾਰ ਵਿੱਚ ਬਿਠਾ ਕੇ ਕੁਝ ਦੂਰ ਆਪਣੇ ਦਫਤਰ ਵਿੱਚ ਲੈ ਗਿਆ। ਉਹ ਦਰਸ਼ਨ ਨੂੰ ਉੱਥੋਂ ਚਲੇ ਜਾਣ ਨੂੰ ਕਹਿ ਰਿਹਾ ਸੀ। ਜਦੋਂ ਦਰਸ਼ਨ ਅਤੇ ਸੁਪਰਡੈਂਟ ਬਹਿਸ ਕਰਦੇ ਦਫਤਰ ਵਿੱਚੋਂ ਬਾਹਰ ਨਿਕਲੇ ਤਾਂ ਦੇਖਿਆ ਕਿ ਦਫਤਰ ਦੇ ਬਾਹਰ ਸੱਠ ਸੱਤਰ ਮਜ਼ਦੂਰ ਵਰਦੇ ਮੀਂਹ ਵਿੱਚ ਖੜ੍ਹੇ ਸਨ। ਮਜ਼ਦੂਰਾਂ ਨੇ ਇੱਕ ਆਵਾਜ਼ ਵਿੱਚ ਸੁਪਰਡੈਂਟ ਨੂੰ ਕਿਹਾ ਕਿ ਜੇ ਦਰਸ਼ਨ ਏਥੋਂ ਜਾਵੇਗਾ ਤਾਂ ਅਸੀਂ ਵੀ ਉਹਦੇ ਨਾਲ ਹੀ ਚਲੇ ਜਾਵਾਂਗੇ। ਇਹ ਸੁਣ ਕੇ ਸੁਪਰਡੈਂਟ ਘਬਰਾ ਗਿਆ ਕਿਉਂਕਿ ਜੇ ਏਨੇ ਸਾਰੇ ਕਾਮੇ ਇਕੋ ਸਮੇਂ ਚਲੇ ਜਾਣ ਤਾਂ ਦੂਜੇ ਦਿਨ ਮਿੱਲ ਚੱਲਣੀ ਸੰਭਵ ਨਹੀਂ ਸੀ। ਸੁਪਰਡੈਂਟ ਨੇ ਦਰਸ਼ਨ ਸਿੰਘ ਨੂੰ ਦੋਬਾਰਾ ਕਾਰ ਵਿੱਚ ਬੈਠਾ ਕੇ ਬੰਕ ਹਾਊਸ ਵਿੱਚ ਛੱਡ ਦਿੱਤਾ। ਭਾਰਤੀ ਮਜ਼ਦੂਰਾਂ ਦੇ ਦਿਲਾਂ ਵਿੱਚ ਇਸ ਗੱਲ ਦਾ ਬਹੁਤ ਵਧੀਆ ਅਸਰ ਪਿਆ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਨੇ ਕੋਈ ਮਹੱਤਵਪੂਰਨ ਜਿੱਤ ਜਿੱਤੀ ਹੈ। ਇਸ ਘਟਨਾ ਬਾਰੇ ਆਲੇ ਦੁਆਲੇ ਦੀਆਂ ਮਿੱਲਾਂ ਵਿੱਚ ਵੀ ਗੱਲ ਫੈਲ ਗਈ। ਹਰ ਪਾਸੇ ਭਾਰਤੀ ਮਜ਼ਦੂਰਾਂ ਨੇ ਇੱਕ ਵੱਖਰੀ ਕਿਸਮ ਦਾ ਆਤਮ ਵਿਸ਼ਵਾਸ ਮਹਿਸੂਸ ਕੀਤਾ।9


ਦਰਸ਼ਨ ਸਿੰਘ ਦਾ ਆਈ ਡਬਲਯੂ ਏ ਵਿੱਚ ਕੰਮ ਸਿਰਫ ਪੰਜਾਬੀ ਮਜ਼ਦੂਰਾਂ ਨੂੰ ਜਥੇਬੰਦ ਕਰਨ ਤੱਕ ਹੀ ਸੀਮਤ ਨਹੀਂ ਸੀ। ਜਿਵੇਂ ਪਹਿਲਾਂ ਕਿਹਾ ਗਿਆ ਹੈ ਕਿ ਉਹ ਪੰਜਾਬੀ ਵਿੱਚ ਹੀ ਨਹੀਂ ਅੰਗਰੇਜ਼ੀ ਵਿੱਚ ਵੀ ਬਹੁਤ ਵਧੀਆ ਬੁਲਾਰਾ ਸੀ। ਉਹ ਵਿਕਟੋਰੀਆ ਲੋਕਲ ਦਾ ਰੀਕਾਰਡਿੰਗ ਸਕੱਤਰ ਸੀ ਅਤੇ ਡਿਸਟਰਿਕਟ ਕਾਊਂਸਲ ਦਾ ਟਰੱਸਟੀ। ਉਸ ਨੇ ਬੀ ਸੀ ਦੀ ਲੱਕੜ ਦੀ ਸਨਅਤ ਵਿੱਚ ਕੰਮ ਕਰਨ ਵਾਲੇ ਸਾਰੇ ਮਜ਼ਦੂਰਾਂ ਨੂੰ ਆਪਣੀ ਸਿਆਸੀ ਸੂਝ ਅਤੇ ਸਪੱਸ਼ਟ ਵਿਚਾਰਾਂ ਨਾਲ ਪ੍ਰਭਾਵਤ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਵਿਚਲੇ ਰੰਗਾਂ, ਨਸਲਾਂ ਦੇ ਪਏ ਫਰਕਾਂ ਨੂੰ ਮਿਟਾ ਕੇ ਸਾਂਝੇ ਨਿਸ਼ਾਨੇ ਲਈ ਇੱਕ ਲੜੀ ਵਿੱਚ ਜਥੇਬੰਦ ਹੋਣ ਲਈ ਪ੍ਰੇਰਿਆ। ਕਰੇਗ ਪਰਿਚਟ ਅਨੁਸਾਰ "ਆਈ ਡਬਲਯੂ ਨੇ ਖੱਬੀ ਸਿਆਸਤ ਤੋਂ ਮਿਲੀ ਸੂਝ ਵਰਤ ਕੇ ਮਾਲਕਾਂ ਦੀਆਂ ਉਨ੍ਹਾਂ ਚਾਲਾਂ ਨੂੰ ਪਿਛਾੜਿਆ ਜਿਨ੍ਹਾਂ ਨਾਲ ਉਹ ਕਾਮਿਆਂ ਨੂੰ ਆਪਸ ਵਿੱਚ ਪਾੜ ਕੇ ਰੱਖਦੇ ਸਨ। ਅਤੇ ਇਸ ਕੰਮ ਵਿੱਚ ਵਿਸ਼ੇਸ਼ ਤੌਰ ਉੱਤੇ ਹਿੱਸਾ ਪਾਉਣ ਵਾਲੇ ਸਨ ਦਰਸ਼ਨ ਸਿੰਘ।"10


ਬੀ ਸੀ ਦੀ ਆਈ ਡਬਲਯੂ ਦੇ ਇਤਿਹਾਸ ਵਿੱਚ 1946 ਵਿੱਚ ਹੋਈ ਹੜਤਾਲ ਨੂੰ ਫੈਸਲਾਕੁੰਨ ਹੜਤਾਲ ਮੰਨਿਆ ਜਾਂਦਾ ਹੈ। ਇਹ ਹੜਤਾਲ 15 ਮਈ, 1946 ਨੂੰ ਸ਼ੁਰੂ ਹੋਈ ਅਤੇ ਸੈਂਤੀ ਦਿਨਾਂ ਮਗਰੋਂ ਲੱਕੜ ਦੀ ਸਨਅਤ ਦੇ ਕਾਮਿਆਂ ਦੀ ਵੱਡੀ ਜਿੱਤ ਨਾਲ ਖਤਮ ਹੋਈ। ਅੱਠ ਘੰਟੇ ਦੇ ਦਿਨ ਦਾ ਹੱਕ, ਤਨਖਾਹ 'ਚ ਵਾਧਾ, ਨਸਲ ਆਧਾਰਤ ਨਾਬਰਾਬਰਤਾ ਦਾ ਖਾਤਮਾ ਅਤੇ ਹੋਰ ਅਨੇਕਾਂ ਮਹੱਤਵਪੂਰਨ ਜਿੱਤਾਂ ਇਸ ਹੜਤਾਲ ਨਾਲ ਪ੍ਰਾਪਤ ਹੋਈਆਂ। ਇਸ ਹੜਤਾਲ ਨਾਲ ਬੀ ਸੀ ਵਿੱਚ ਆਈ ਡਬਲਯੂ ਏ ਆਪਣੇ ਪੱਕੇ ਪੈਰਾਂ ਉੱਤੇ ਹੋ ਗਈ। ਇਸ ਹੜਤਾਲ ਤੱਕ ਯੂਨੀਅਨ ਨੂੰ ਤਿਆਰ ਕਰਨ ਵਿੱਚ ਦਰਸ਼ਨ ਸਿੰਘ ਨੇ ਯੂਨੀਅਨ ਦੇ ਮੋਢੀ ਲੀਡਰਾਂ ਜਿਵੇਂ ਨਾਈਜਲ ਮੋਰਗਨ, ਹੈਰਲਡ ਪਰਿਚਟ ਅਤੇ ਅਰਨੀ ਡਾਲਸਕੌਗ ਆਦਿ ਨਾਲ ਮਿਲ਼ ਕੇ ਮਹੱਤਵਪੂਰਨ ਰੋਲ ਅਦਾ ਕੀਤਾ। ਹੜਤਾਲ ਖਤਮ ਹੋਣ ਉੱਤੇ ਯੂਨੀਅਨ ਵਲੋਂ ਨਿਊਵੈਸਟ ਵਿੱਚ ਇੱਕ ਵੱਡੀ ਮੀਟਿੰਗ ਕੀਤੀ ਗਈ। ਉਸ ਮੀਟਿੰਗ ਵਿੱਚ ਚਾਰ ਹਜ਼ਾਰ ਯੂਨੀਅਨ ਦਾ ਮੈਂਬਰ ਸ਼ਾਮਲ ਸੀ। ਦਰਸ਼ਨ ਸਿੰਘ ਉਸ ਮੀਟਿੰਗ ਦੇ ਬੁਲਾਰਿਆਂ ਵਿੱਚੋਂ ਇੱਕ ਮੁੱਖ ਬੁਲਾਰਾ ਸੀ। ਉਸ ਨੇ ਹੜਤਾਲ ਦੌਰਾਨ ਜਿੱਤੀਆਂ ਮਹੱਤਵਪੂਰਨ ਜਿੱਤਾਂ ਸੰਬੰਧੀ ਰਿਪੋਰਟ ਪੇਸ਼ ਕੀਤੀ।


ਏਸੇ ਸਾਲ (1946) ਦੇ ਸ਼ੁਰੂ ਵਿੱਚ ਕਨੇਡੀਅਨ ਲੇਬਰ ਕਾਊਂਸਲ (ਸੀ ਐਲ ਸੀ) ਦਾ ਅਜਲਾਸ ਟਰਾਂਟੋ ਵਿੱਚ ਹੋਇਆ। ਦਰਸ਼ਨ ਸਿੰਘ ਨੇ ਉਸ ਵਿੱਚ ਬੀ ਸੀ ਦੇ ਇੱਕ ਡੈਲੀਗੇਟ ਦੇ ਤੌਰ ਉੱਤੇ ਸ਼ਮੂਲੀਅਤ ਕੀਤੀ। ਕਨਵੈਨਸ਼ਨ ਵਿੱਚ ਉਸ ਨੇ ਕਨੇਡਾ ਭਰ ਵਿੱਚ ਟਰੇਡ ਯੂਨੀਅਨ ਦੀ ਏਕਤਾ ਬਾਰੇ ਇੱਕ ਮਤਾ ਪੇਸ਼ ਕੀਤਾ ਜੋ ਉਸ ਵੇਲੇ ਆਪਣੇ ਆਪ ਵਿੱਚ ਇੱਕ ਅਹਿਮ ਮਤਾ ਸੀ। ਦਰਸ਼ਨ ਸਿੰਘ ਵਲੋਂ ਪੇਸ਼ ਕੀਤੇ ਮਤੇ ਦੀ ਸਾਡੇ ਵਾਸਤੇ ਇੱਕ ਵੱਖਰੀ ਕਿਸਮ ਦੀ ਮਹੱਤਤਾ ਹੈ। ਇਹ ਤੱਥ ਸਾਨੂੰ ਇਸ ਗੱਲ ਦਾ ਅਹਿਸਾਸ ਕਰਾਉਂਦਾ ਹੈ ਕਿ ਦਰਸ਼ਨ ਸਿੰਘ ਨੇ ਮਜ਼ਦੂਰ ਲਹਿਰ ਵਿੱਚ ਆਪਣਾ ਯੋਗਦਾਨ ਸਿਰਫ ਬੀ ਸੀ ਪੱਧਰ ਉੱਤੇ ਹੀ ਨਹੀਂ ਸਗੋਂ ਕਨੇਡਾ ਦੀ ਪੱਧਰ ਉੱਤੇ ਵੀ ਪਾਇਆ।


ਇਸੇ ਤਰ੍ਹਾਂ ਹੀ ਸਾਲ 1946 ਵਿੱਚ ਦਰਸ਼ਨ ਬੀ ਸੀ ਦੇ ਨਾਲ ਲੱਗਦੇ ਸੂਬੇ ਅਲਬਰਟਾ ਵਿੱਚ ਆਈ ਡਬਲਿਉ ਏ ਦਾ ਪ੍ਰਚਾਰ ਕਰਨ ਗਿਆ। ਇਸ ਦੌਰੇ ਤੋਂ ਵਾਪਸ ਆ ਕੇ ਦਰਸ਼ਨ ਸਿੰਘ ਨੇ ਯੂਨੀਅਨ ਦੀ ਅਖਬਾਰ ਵਿੱਚ ਆਪਣੇ ਵਿਚਾਰ ਲਿਖੇ। ਉਸਦੇ ਇਹ ਵਿਚਾਰ 4 ਨਵੰਬਰ 1946 ਦੇ ਬੀ ਸੀ ਲੰਬਰ ਵਰਕਰ ਵਿੱਚਲੇ ਉਸਦੇ ਲੇਖ, ਅਲਬਰਟਾ ਵਰਕਰਜ਼ ਵੈਲਕਮ ਆਈ ਡਬਲਯੂ ਏ ਵਿੱਚ ਛਪੇ।11 ਦਰਸ਼ਨ ਸਿੰਘ ਉਸ ਵੇਲੇ ਆਈ ਡਬਲਯੂ ਏ ਦਾ ਇੰਟਰਨੈਸ਼ਨਲ ਟਰੱਸਟੀ ਸੀ। ਇਸ ਲੇਖ ਵਿੱਚ ਦਰਸ਼ਨ ਨੇ ਅਲਬਰਟਾ ਦੀ ਲੱਕੜ ਦੀ ਸਨਅਤ ਵਿੱਚ ਕੰਮ ਕਰਨ ਵਾਲੇ ਕਾਮਿਆਂ ਦੀ ਕੰਮ ਦੀਆਂ ਹਾਲਤਾਂ, ਘੱਟ ਤਨਖਾਹਾਂ ਅਤੇ ਕਾਮਿਆਂ ਦੇ ਰਹਿਣ ਵਾਲੇ ਕੈਂਪਾਂ ਵਿੱਚ ਮਾੜੀਆਂ ਹਾਲਤਾਂ ਦਾ ਜ਼ਿਕਰ ਕੀਤਾ ਹੈ। ਇਸਦੇ ਨਾਲ ਹੀ ਉਸਨੇ ਆਸ ਬਝਾਈ ਹੈ ਕਿ ਆਈ ਡਬਲਿਊ ਏ ਛੇਤੀਂ ਇਨ੍ਹਾਂ ਕਾਮਿਆਂ ਨੂੰ ਜਥੇਬੰਦ ਕਰਨ ਵਿੱਚ ਕਾਮਯਾਬ ਹੋ ਜਾਵੇਗੀ। ਉਹ ਲਿਖਦਾ ਹੈ, "ਇਹ ਸਿਰਫ ਥੋੜੇ ਸਮੇਂ ਦੀ ਹੀ ਗੱਲ ਹੈ ਕਿ ਅਲਬਰਟਾ ਦੇ ਹਜ਼ਾਰਾਂ ਕਾਮੇ ਆਈ ਡਬਲਿਊ ਏ ਵਿੱਚ ਸ਼ਾਮਲ ਹੋ ਜਾਣਗੇ ਅਤੇ (ਆਪਣੇ ਲਈ) ਚੰਗੀਆਂ ਤਨਖਾਹਾਂ, ਕੰਮ ਦੇ ਘੱਟ ਘੰਟੇ, ਕੰਮ ਕਰਨ ਅਤੇ ਰਹਿਣ ਦੀਆਂ ਚੰਗੀਆਂ ਹਾਲਤਾਂ ਅਤੇ ਨੌਕਰੀ ਦੀ ਸੁਰੱਖਿਆ ਜਿੱਤਣ ਵਿੱਚ ਕਾਮਯਾਬ ਹੋ ਜਾਣਗੇ।"12


ਇਸ ਲੇਖ ਦੇ ਸ਼ੁਰੂ ਵਿੱਚ ਅਖਬਾਰ ਦੇ ਐਡੀਟਰ ਤੇ ਮਸ਼ਹੂਰ ਕਮਿਊਨਿਸਟ ਲੀਡਰ ਨਾਈਜਲ ਮੋਰਗਨ ਨੇ ਦਰਸ਼ਨ ਸਿੰਘ ਬਾਰੇ ਇੱਕ ਛੋਟਾ ਜਿਹਾ ਸੰਪਾਦਕੀ ਨੋਟ ਲਿਖਿਆ ਹੈ। ਇਹ ਨੋਟ ਅਲਬਰਟਾ ਵਿੱਚ ਆਈ ਡਬਲਿਊ ਏ ਲਈ ਦਰਸ਼ਨ ਦੇ ਕੰਮ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਾ ਹੈ। ਇਸ ਨੋਟ ਵਿੱਚ ਉਸ ਨੇ ਲਿਖਿਆ ਹੈ: "ਬਰੱਦਰ ਦਰਸ਼ਨ ਸਿੰਘ ਹੁਣੇ ਜਿਹੇ ਪੂਰਬੀ ਸੂਬੇ ਅਲਬਰਟਾ ਦੇ ਟੂਰ ਤੋਂ ਵਾਪਸ ਆਇਆ ਹੈ ਜਿੱਥੇ ਉਹ ਅਲਬਰਟਾ ਦੇ ਲੱਕੜ ਦੀ ਸਨਅਤ ਦੇ ਕਾਮਿਆਂ ਅਤੇ ਆਈ ਡਬਲਯੂ ਏ ਵਿੱਚ ਏਕਤਾ ਕਾਇਮ ਕਰਨ ਵਾਸਤੇ ਪ੍ਰਭਾਵਸ਼ਾਲੀ ਕੰਮ ਕਰਦਾ ਰਿਹਾ ਹੈ।"13




ਲੱਕੜ ਦੀ ਸਨਅਤ ਵਿੱਚ ਕੰਮ ਕਰ ਰਹੇ ਸਮੁੱਚੇ ਮਜ਼ਦੂਰਾਂ ਤੱਕ ਪਹੁੰਚ ਕਰ ਸਕਣ ਦੀ ਯੋਗਤਾ ਕਾਰਣ ਦਰਸ਼ਨ ਸਿੰਘ ਨੇ ਆਈ ਡਬਲਿਊ ਏ ਵਿੱਚ ਇੱਕ ਮਹੱਤਵਪੂਰਨ ਥਾਂ ਬਣਾ ਲਈ ਸੀ। ਉਸਦੇ ਨਾਲ ਕੰਮ ਕਰਨ ਵਾਲੇ ਸਾਥੀਆਂ ਦੇ ਬਿਆਨ ਇਸ ਗੱਲ ਦੀ ਗਵਾਹੀ ਭਰਦੇ ਹਨ। ਉਦਾਹਰਨ ਲਈ, ਚੀਨੀ ਕਮਿਊਨਿਟੀ ਵਿੱਚੋਂ ਆਈ ਡਬਲਿਊ ਨਾਲ ਉਸ ਸਮੇਂ ਯੂਨੀਅਨ ਆਰਗੇਨਾਈਜਰ ਦਾ ਕੰਮ ਕਰ ਚੁੱਕੇ ਮਿਸਟਰ ਰੁਆਏ ਮਾਹ ਨੇ ਕਿਹਾ ਕਿ ਉਹਦੇ ਮੁਕਾਬਲੇ ਉੱਤੇ ਦਰਸ਼ਨ ਸਿੰਘ ਦਾ ਰੋਲ ਬਹੁਤ ਜ਼ਿਆਦਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ "ਮੈਂ ਤਾਂ ਸਿਰਫ ਇੱਕ ਆਰਗੇਨਾਈਜ਼ਰ ਹੀ ਸਾਂ ਪਰ ਦਰਸ਼ਨ ਸਿੰਘ ਕਈ ਵਰ੍ਹੇ ਡਿਸਟਰਕਿਟ ਕਾਊਂਸਲ ਦਾ ਟਰੱਸਟੀ ਰਿਹਾ ਸੀ ਅਤੇ ਉੱਪਰਲੀ ਲੀਡਰਸ਼ਾਪ ਦਾ ਹਿੱਸਾ ਸੀ।"14 ਏਸੇ ਤਰ੍ਹਾਂ ਮੋਨਾ ਮੋਰਗਨ ਅਤੇ ਏਮੀਲ ਬਿਓਰਨਸਨ ਦਾ ਕਹਿਣਾ ਹੈ ਕਿ ਦਰਸ਼ਨ ਸਿੰਘ ਨੇ ਆਪਣੀ ਸਿਆਸੀ ਚੇਤਨਾ ਨਾਲ ਏਥੋਂ ਦੀ ਮਜ਼ਦੂਰ ਲਹਿਰ ਵਿੱਚ ਜ਼ਿਕਰਯੋਗ ਯੋਗਦਾਨ ਪਾਇਆ ਹੈ। ਆਈ ਡਬਲਿਊ ਏ ਦੇ ਮੌਜੂਦਾ ਰੀਜਨਲ ਡਾਇਰੈਕਟਰ ਮਿਸਟਰ ਕਲੇਅ ਪੈਰੀ ਦਾ ਕਹਿਣਾ ਹੈ ਕਿ "ਦਰਸ਼ਨ ਸਿੰਘ ਮੇਰੀ ਯੂਨੀਅਨ ਦਾ ਸ਼ਿੰਗਾਰ ਸੀ, ਉਹ ਮਨੁੱਖਤਾ ਦਾ ਸ਼ਿੰਗਾਰ ਸੀ।"15 ਦਰਸ਼ਨ ਸਿੰਘ ਦੇ ਸਾਥੀਆਂ ਵਲੋਂ ਮਿਲੀ ਇਸ ਜਾਣਕਾਰੀ ਦੀ ਪੁਸ਼ਟੀ ਕਰਦੀਆਂ ਹਨ ਅਨੇਕਾਂ ਉਹ ਗਰੁੱਪ ਤਸਵੀਰਾਂ ਜੋ ਸਮੇਂ ਸਮੇਂ ਦੀ ਬੀ ਸੀ ਲੰਬਰ ਵਰਕਰ ਵਿੱਚ ਛਪਦੀਆਂ ਰਹੀਆਂ ਹਨ। ਉਦਾਹਰਨ ਵਜੋਂ ਇੱਕ ਤਸਵੀਰ ਜੋ ਮਾਰਚ 8, 1943 ਦੇ ਲੰਬਰ ਵਰਕਰ ਦੇ ਮੁੱਖ ਸਫੇ ਉੱਤੇ ਛਪੀ ਹੈ, ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਇਸ ਤਸਵੀਰ ਵਿੱਚ ਬੀ ਸੀ ਦੀ ਪੱਧਰ ਦੇ ਆਈ ਡਬਲਯੂ ਏ ਦੇ 3 ਮਾਰਚ, 1943 ਨੂੰ ਚੁਣੇ ਗਏ ਦਸ ਔਹਦੇਦਾਰ ਬੈਠੇ ਹਨ ਜਿਨ੍ਹਾਂ ਵਿੱਚ ਹੋਰਨਾਂ ਦੇ ਨਾਲ ਸ਼ਾਮਲ ਹਨ ਹੈਰਲਡ ਪਰਿਚਟ, ਅਰਨੀ ਡਾਲਸਕੌਗ, ਹਿਆਲਮਰ ਬਰਗਰਨ, ਨਾਈਜਲ ਮੋਰਗਨ ਅਤੇ ਦਰਸ਼ਨ ਸਿੰਘ ਸੰਘਾ (ਕਨੇਡੀਅਨ)। ਤਸਵੀਰਾਂ ਦੇ ਨਾਲ ਨਾਲ ਉਸਦੇ ਵੱਡਮੁੱਲੇ ਯੋਗਦਾਨ ਦੇ ਸਬੂਤ ਵਜੋਂ ਉਹ ਲੇਖ ਦੇਖੇ ਜਾ ਸਕਦੇ ਹਨ ਜੋ ਕਮਿਊਨਿਸਟ ਪਾਰਟੀ ਦੇ ਅਖਬਾਰ ਪੈਸਿਫਿਕ ਟ੍ਰਿਬਿਊਨ ਅਤੇ ਬੀ ਸੀ ਲੰਬਰ ਵਰਕਰ ਵਿੱਚ ਸਮੇਂ ਸਮੇਂ ਛਪਦੇ ਰਹੇ। ਇਨ੍ਹਾਂ ਲੇਖਾਂ ਵਿੱਚ ਉਸ ਨੇ ਮਜ਼ਦੂਰ ਲਹਿਰ ਦੇ ਮਸਲਿਆਂ ਦੇ ਨਾਲ ਨਾਲ ਅੰਤਰਰਾਸ਼ਟਰੀ ਸਮੱਸਿਆਵਾਂ ਉੱਪਰ ਅਤੇ ਭਾਰਤ ਦੀ ਅਜ਼ਾਦੀ ਉੱਪਰ ਵਿਚਾਰ ਪੇਸ਼ ਕੀਤੇ।



ਭਾਰਤ ਦੀ ਅਜ਼ਾਦੀ ਬਾਰੇ ਬੋਲਣਾ



ਕਨੇਡਾ ਦੀ ਕਮਿਊਨਿਸਟ ਪਾਰਟੀ ਅਤੇ ਮਜ਼ਦੂਰ ਲਹਿਰ ਵਿੱਚ ਆਪਣੇ ਕੰਮ ਦੌਰਾਨ ਦਰਸ਼ਨ ਸਿੰਘ ਨੇ ਕਨੇਡਾ ਦੇ ਮਜ਼ਦੂਰਾਂ ਅਤੇ ਅਗਾਂਹਵਧੂ ਲੋਕਾਂ ਨੂੰ ਭਾਰਤ ਦੀ ਅਜ਼ਾਦੀ ਦੇ ਘੋਲ਼ ਬਾਰੇ ਜਾਣੂ ਕਰਵਾ ਕੇ ਉਨ੍ਹਾਂ ਵਿੱਚ ਭਾਰਤ ਦੀ ਅਜ਼ਾਦੀ ਲਈ ਚੇਤਨਾ ਲਿਆਉਣ ਦਾ ਕੰਮ ਵੀ ਕੀਤਾ। ਉਦਾਹਰਨ ਲਈ, ਸੰਨ 1942 ਵਿੱਚ ਟਰਾਂਟੋ ਵਿਖੇ ਹੋਈ ਕਮਿਊਨਿਸਟ ਪਾਰਟੀ ਦੀ ਕਨਵੈਨਸ਼ਨ ਵਿੱਚ ਕਨੇਡਾ ਭਰ ਵਿੱਚੋਂ 400 ਤੋਂ ਉੱਪਰ ਡੈਲੀਗੇਟ ਆਏ ਹੋਏ ਸਨ। ਦਰਸ਼ਨ ਸਿੰਘ ਨੇ ਭਾਰਤ ਦੀ ਅਜ਼ਾਦੀ ਦੇ ਹੱਕ ਵਿੱਚ ਮਤਾ ਰੱਖਿਆ ਜਿਸਨੂੰ ਸਮੁੱਚੀ ਕਨਵੈਨਸ਼ਨ ਨੇ ਬਹੁਤ ਹੀ ਉਤਸ਼ਾਹ ਨਾਲ ਖੜ੍ਹੇ ਹੋ ਕੇ ਪ੍ਰਵਾਨਗੀ ਦਿੱਤੀ। ਇਸੇ ਤਰ੍ਹਾਂ ਵੈਨਕੂਵਰ ਵਿੱਚ ਨਵੰਬਰ 1944 ਵਿੱਚ ਹੋਈ ਆਈ ਡਬਲਯੂ ਏ ਦੀ ਅੱਠਵੀਂ ਇੰਟਰਨੈਸ਼ਨਲ ਕਨਵੈਨਸ਼ਨ ਵਿੱਚ ਉਸਨੇ ਭਾਰਤ ਦੀ ਅਜ਼ਾਦੀ ਦੇ ਹੱਕ ਵਿੱਚ ਅਜਿਹਾ ਹੀ ਇੱਕ ਹੋਰ ਮਤਾ ਰੱਖਿਆ ਜੋ ਸਰਬਸਮਤੀ ਨਾਲ ਪਾਸ ਕੀਤਾ ਗਿਆ। ਇਸ ਮਤੇ ਬਾਰੇ ਬੀ ਸੀ ਲੰਬਰ ਵਰਕਰ ਦੇ ਨਵੰਬਰ 6, 1944 ਦੇ ਅੰਕ ਵਿੱਚ ਮੁੱਖ ਪੰਨੇ ਉੱਤੇ ਦਰਸ਼ਨ ਸਿੰਘ ਦੀ ਤਸਵੀਰ ਸਮੇਤ ਖਬਰ ਛਪੀ ਜਿਸਦਾ ਸਿਰਲੇਖ ਸੀ: "ਦਰਸ਼ਨ ਸਿੰਘ ਸੁਪੋਰਟ ਯੂਨਿਟੀ"। ਇਸ ਮਤੇ ਉੱਤੇ ਬੋਲਦਿਆਂ ਦਰਸ਼ਨ ਸਿੰਘ ਨੇ ਕਿਹਾ: "ਭਾਰਤ ਨੂੰ ਅਜ਼ਾਦੀ ਮਿਲਣ ਤੋਂ ਬਿਨਾਂ ਕਿਸੇ ਕਿਸਮ ਦੀ ਸ਼ਾਂਤੀ ਸੰਭਵ ਨਹੀਂ। ਫਾਸ਼ਿਜ਼ਮ ਅਤੇ ਸਾਮਰਾਜਵਾਦ ਦੋ ਜੁੜਵੇਂ ਭਰਾ ਹਨ ਜਿਨ੍ਹਾਂ ਨੂੰ ਨਿਖੇੜਿਆ ਨਹੀਂ ਜਾ ਸਕਦਾ। … ਅਸੀਂ ਸਾਮਰਾਜਵਾਦ ਨੂੰ ਸੁਰੱਖਿਅਤ ਕਰਨ ਵਾਸਤੇ ਨਹੀਂ ਲੜ ਰਹੇ ਭਾਵੇਂ ਇਹ ਸਾਮਰਾਜਵਾਦ ਡੱਚ, ਫਰਾਂਸੀਸੀ, ਅਮਰੀਕਨ, ਬਰਤਾਨੀਆ ਜਾਂ ਕਿਸੇ ਵੀ ਹੋਰ ਦਾ ਹੋਵੇ।"16



ਵੋਟ ਦੇ ਹੱਕ ਲਈ ਸੰਘਰਸ਼ ਵਿੱਚ ਯੋਗਦਾਨ



ਜਦੋਂ ਪਹਿਲੇ ਪੰਜਾਬੀਆਂ ਨੇ ਕਨੇਡਾ ਦੇ ਸੂਬੇ ਬੀ ਸੀ ਵਿੱਚ ਰਹਿਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਕੋਲ ਵੋਟ ਦਾ ਹੱਕ ਸੀ ਜੋ 1907 ਵਿੱਚ ਖੋਹ ਲਿਆ ਗਿਆ। ਆਪਣੀ ਹਿੰਮਤ ਨਾਲ ਅਤੇ ਬਿਨਾਂ ਕਿਸੇ ਬਾਹਰਲੀ ਇਮਦਾਦ ਦੇ, ਕਨੇਡਾ ਵਿੱਚ ਵਸਦੇ ਪੰਜਾਬੀ ਲਗਾਤਾਰ ਇਸ ਹੱਕ ਖਾਤਰ ਜੱਦੋ-ਜਹਿਦ ਕਰਦੇ ਰਹੇ। ਕਨੇਡਾ ਵਿੱਚ ਆਪਣੀ ਰਿਹਾਇਸ਼ ਦੌਰਾਨ ਦਰਸ਼ਨ ਸਿੰਘ ਕਨੇਡੀਅਨ ਨੇ ਇਸ ਜੱਦੋ-ਜਹਿਦ ਵਿੱਚ ਭਾਰਤੀ ਕਮਿਊਨਿਟੀ ਦੇ ਦੂਸਰੇ ਲੋਕਾਂ/ਲੀਡਰਾਂ ਦੇ ਨਾਲ ਨਾਲ ਇੱਕ ਮਹੱਤਵਪੂਰਨ ਯੋਗਦਾਨ ਪਾਇਆ। ਉਹ ਭਾਰਤੀ ਕਮਿਊਨਿਟੀ ਵਲੋਂ ਵੋਟ ਦੇ ਹੱਕ ਲਈ ਬੀ ਸੀ ਦੀ ਸਰਕਾਰ ਨੂੰ ਮਿਲਣ ਵਾਲੇ ਬਹੁਤੇ ਡੈਲੀਗੇਸ਼ਨਾਂ ਦਾ ਮੈਂਬਰ ਰਿਹਾ। ਵੋਟ ਦੇ ਹੱਕ ਲਈ ਉਸਦਾ ਵੱਡਾ ਯੋਗਦਾਨ ਬੀ ਸੀ ਦੀ ਮਜ਼ਦੂਰ ਲਹਿਰ, ਖੱਬੀ ਲਹਿਰ ਅਤੇ ਹੋਰ ਅਗਾਂਹਵਧੂ ਜਥੇਬੰਦੀਆਂ ਵਲੋਂ ਭਾਰਤੀ ਲੋਕਾਂ ਦੇ ਇਸ ਸੰਘਰਸ਼ ਲਈ ਹਮਾਇਤ ਹਾਸਲ ਕਰਨਾ ਸੀ। ਇਹ ਇੱਕ ਕਾਰਨ ਸੀ ਕਿ ਦਰਸ਼ਨ ਸਿੰਘ ਕਨੇਡੀਅਨ ਦੀ ਕਨੇਡਾ ਵਿੱਚ ਰਿਹਾਇਸ਼ ਦੌਰਾਨ ਵੋਟ ਦੇ ਹੱਕ ਦੀ ਜੱਦੋ-ਜਹਿਦ (1942-1947) ਆਪਣੇ ਸਿਖਰ ਉੱਤੇ ਸੀ। ਸਾਡਾ ਇਹ ਵਿਚਾਰ ਪੇਸ਼ ਕਰਨ ਤੋਂ ਇਹ ਭਾਵ ਨਹੀਂ ਕਿ ਇਸ ਮਸਲੇ ਸੰਬੰਧੀ ਕਮਿਊਨਿਟੀ ਦੇ ਦੂਜੇ ਲੋਕਾਂ ਅਤੇ ਜਥੇਬੰਦੀਆਂ ਵਲੋਂ ਕੀਤੀਆਂ ਕੋਸ਼ਿਸ਼ਾਂ ਦਾ ਇਸ ਵਿੱਚ ਕੋਈ ਹੱਥ ਨਹੀਂ ਸੀ। ਖਾਲਸਾ ਦੀਵਾਨ ਸੁਸਾਇਟੀ ਦੇ ਸਕੱਤਰ ਨਗਿੰਦਰ ਸਿੰਘ ਗਿੱਲ ਨੇ ਵੀ ਬਾਹਰਲੀ ਕਮਿਊਨਿਟੀ ਨਾਲ ਇੱਕ ਨਵੀਂ ਪੱਧਰ ਉੱਤੇ ਤਾਲਮੇਲ ਪੈਦਾ ਕਰਨ ਵਿੱਚ ਵੱਡਾ ਹਿੱਸਾ ਪਾਇਆ। ਨਾਲ ਹੀ ਡਾਕਟਰ ਪਾਂਡੀਆ ਜੋ ਇਸ ਜੱਦੋ-ਜਹਿਦ ਵਿੱਚ ਭਾਰਤੀ ਕਮਿਊਨਿਟੀ ਲਈ ਕੰਮ ਕਰ ਰਿਹਾ ਸੀ ਨੇ ਵੀ ਵੱਡਾ ਯੋਗਦਾਨ ਪਾਇਆ। ਪਰ ਜਿਸ ਕਦਰ ਜਥੇਬੰਦ ਮਜ਼ਦੂਰ ਅਤੇ ਸਿਆਸੀ ਹਲਕਿਆਂ ਵਿੱਚ ਅਤੇ ਆਮ ਲੋਕ ਰਾਏ ਨੂੰ ਪ੍ਰਭਾਵਤ ਕਰਨ ਵਿੱਚ ਦਰਸ਼ਨ ਸਿੰਘ ਨੇ ਰੋਲ ਨਿਭਾਇਆ ਉਹ ਆਪਣੇ ਆਪ ਵਿੱਚ ਵੱਖਰੀ ਮਿਸਾਲ ਸੀ।


ਇਸ ਸਮੇਂ ਦੌਰਾਨ ਭਾਰਤੀ ਕਮਿਊਨਿਟੀ ਵਲੋਂ ਵੋਟ ਦੇ ਹੱਕ ਲਈ ਕੀਤੇ ਜਾ ਰਹੇ ਸੰਘਰਸ਼ ਵਿੱਚ ਪਹਿਲਾਂ ਨਾਲੋਂ ਇੱਕ ਅੰਤਰ ਸੀ। ਇਸ ਵੇਲੇ ਬੀ ਸੀ ਦੀ ਜਥੇਬੰਦ ਮਜ਼ਦੂਰ ਜਮਾਤ ਭਾਰਤੀ ਲੋਕਾਂ ਦੇ ਹੱਕ ਵਿੱਚ ਪੂਰੀ ਮਜ਼ਬੂਤੀ ਨਾਲ ਖੜ੍ਹੀ ਸੀ। ਇਥੇ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਇੱਕ ਸਮਾਂ ਸੀ ਜਦੋਂ ਕਨੇਡਾ ਦੇ ਮਜ਼ਦੂਰ ਹੀ ਭਾਰਤੀ ਮਜ਼ਦੂਰਾਂ ਦੇ ਕਨੇਡਾ ਵਿੱਚ ਦਾਖਲੇ ਦੇ ਵਿਰੋਧ ਵਿੱਚ ਸਨ ਜਿਵੇਂ ਕਿ ਕਾਮਾਗਾਟਾ ਮਾਰੂ ਦੀ ਘਟਨਾ ਤੋਂ ਸਾਫ ਹੈ। ਪਰ ਹੁਣ ਸਥਿਤੀ ਬਦਲ ਗਈ ਸੀ। ਹੁਣ ਮਜ਼ਦੂਰ ਯੂਨੀਅਨਾਂ, ਸੋਸ਼ਲਿਸਟ ਜਥੇਬੰਦੀਆਂ, ਸੀ ਸੀ ਐਫ ਪਾਰਟੀ, ਲੇਬਰ ਪ੍ਰਾਗਰੈਸਿਵ ਪਾਰਟੀ, ਚਰਚ, ਟੀਚਰਾਂ ਦੀਆਂ ਜਥੇਬੰਦੀਆਂ ਆਦਿ ਭਾਰਤੀਆਂ ਦੇ ਨਾਲ ਖੜੀਆਂ ਸਨ।17 ਉਦਾਹਰਨ ਵਜੋਂ ਭਾਰਤੀ ਕਮਿਊਨਿਟੀ ਦਾ ਇੱਕ ਡੈਲੀਗੇਸ਼ਨ 2 ਮਾਰਚ 1943 ਨੂੰ ਬੀ ਸੀ ਦੇ ਪ੍ਰੀਮੀਅਰ ਜਾਹਨ ਹਾਰਟ ਨੂੰ ਮਿਲਿਆ। ਇਸ ਡੈਲੀਗੇਸ਼ਨ ਵਿੱਚ ਆਈ ਡਬਲਯੂ ਏ ਦਾ ਪ੍ਰੈਜ਼ੀਡੈਂਟ ਹੈਰਲਡ ਪਰਿਚਟ ਵੀ ਸ਼ਾਮਲ ਸੀ। ਏਡੇ ਵੱਡੇ ਲੀਡਰ ਦਾ ਡੈਲੀਗੇਟ ਵਿੱਚ ਸ਼ਾਮਲ ਹੋਣਾ ਆਪਣੇ ਆਪ ਵਿੱਚ ਲੋਕਾਂ ਦਾ ਧਿਆਨ ਖਿੱਚਣ ਵਾਲੀ ਘਟਨਾ ਸੀ ਜਿਸ ਨਾਲ ਭਾਰਤੀ ਲੋਕਾਂ ਦੇ ਘੋਲ਼ ਨੂੰ ਮਜ਼ਬੂਤੀ ਮਿਲੀ।


ਵੋਟ ਦੇ ਹੱਕ ਦੇ ਘੋਲ਼ ਦੌਰਾਨ 9 ਮਾਰਚ 1944 ਨੂੰ ਉਸ ਵੇਲੇ ਦੀ ਬੀ ਸੀ ਦੀ ਲਿਬਰਲ ਸਰਕਾਰ ਦੇ ਲੇਬਰ ਮਨਿਸਟਰ ਮਿਸਟਰ ਜਾਰਜ ਪੀਅਰਸਨ ਨੇ ਬੀ ਸੀ ਦੀ ਅਸੰਬਲੀ ਵਿੱਚ ਭਾਰਤੀਆਂ ਦੇ ਖਿਲਾਫ ਇੱਕ ਨਫਰਤ ਭਰਿਆ ਬਿਆਨ ਦਿੱਤਾ। ਜਿਸ ਨਾਲ ਸਮੁੱਚੀ ਕਮਿਊਨਿਟੀ ਵਿੱਚ ਗੁੱਸਾ ਭੜਕ ਉੱਠਿਆ। ਭਾਰਤੀ ਕਮਿਊਨਿਟੀ ਵਲੋਂ ਇਸ ਵਿਰੁੱਧ ਰੋਸ ਪ੍ਰਗਟ ਕਰਨ ਲਈ 14 ਮਾਰਚ ਨੂੰ ਇੱਕ ਡੈਲੀਗੇਸ਼ਨ ਲੇਬਰ ਮਨਿਸਟਰ ਪੀਅਰਸਨ ਨੂੰ ਮਿਲਿਆ। ਇਸ ਡੈਲੀਗੇਸ਼ਨ ਵਿੱਚ ਕਮਿਊਨਿਟੀ ਦੇ ਦੂਜੇ ਆਗੂਆਂ ਨਗਿੰਦਰ ਸਿੰਘ ਗਿੱਲ, ਜੈਰੀ ਸਿੰਘ ਹੁੰਦਲ ਅਤੇ ਮਹਿੰਦਰ ਸਿੰਘ ਦੇ ਨਾਲ ਦਰਸ਼ਨ ਸਿੰਘ ਵੀ ਸ਼ਾਮਲ ਸੀ। 18


ਲੇਬਰ ਮਨਿਸਟਰ ਦੇ ਨਸਲੀ ਬਿਆਨ ਵਿਰੁੱਧ ਬਾਹਰਲੀ ਵੱਡੀ ਕਮਿਊਨਿਟੀ ਵਿੱਚ ਗੱਲ ਲੈ ਕੇ ਜਾਣ ਲਈ ਦਰਸ਼ਨ ਸਿੰਘ ਦੀਆਂ ਕੋਸ਼ਿਸ਼ਾਂ ਨਾਲ ਆਈ ਡਬਲਯੂ ਏ ਵਲੋਂ ਇੱਕ ਮੁਜ਼ਾਹਰਾ ਜਥੇਬੰਦ ਕੀਤਾ ਗਿਆ। ਮਾਰਚ 15, 1944 ਨੂੰ ਆਈ ਡਬਲਯੂ ਏ ਦੇ ਇੱਕ ਐਗਜ਼ੈਕਿਟਿਵ ਸੈਸ਼ਨ ਵਿੱਚ ਯੂਨੀਅਨ ਦੇ ਪ੍ਰਧਾਨ ਹੈਰਲਡ ਪਰਿਚਟ ਵਲੋਂ ਲੇਬਰ ਮਨਿਸਟਰ ਦੇ ਭਾਰਤੀਆਂ ਵਿਰੁੱਧ ਦਿੱਤੇ ਗਏ ਬਿਆਨ ਦੀ ਨਿਖੇਧੀ ਕੀਤੀ।19


ਏਸੇ ਤਰ੍ਹਾਂ ਅਪਰੈਲ 1945 ਵਿੱਚ ਜਦੋਂ ਬੀ ਸੀ ਦੇ ਅਟਾਰਨੀ ਜਨਰਲ ਆਰ ਐਲ ਮੇਟਲੈਂਡ ਨੇ ਵੋਟ ਦੇ ਹੱਕ ਵਿਰੁੱਧ ਇੱਕ ਬਿਆਨ ਦਿੱਤਾ ਤਾਂ ਦਰਸ਼ਨ ਸਿੰਘ ਨੇ ਵਿਕਟੋਰੀਆ ਡੇਲੀ ਟਾਇਮਜ਼ ਵਿੱਚ ਇੱਕ ਖੱਤ ਲਿਖ ਕੇ ਇਸ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਲਿਖਿਆ:



ਮਿਸਟਰ ਮੇਟਲੈਂਡ ਦਾਅਵਾ ਕਰਦਾ ਹੈ ਕਿ ਈਸਟ ਇੰਡੀਅਨਾਂ ਨੂੰ ਵੋਟ ਦਾ ਹੱਕ ਦੇਣਾ ਸਮੁੰਦਰੋਂ ਪਾਰ ਗਏ ਨੌਜਵਾਨ ਮਨਜ਼ੂਰ ਨਹੀਂ ਕਰਨਗੇ। ਉਹ ਨੌਜਵਾਨ ਯੂਰਪ ਦੇ ਲੋਕਾਂ ਨੂੰ ਉਹੀ ਅਜ਼ਾਦੀ ਪ੍ਰਦਾਨ ਕਰਨ ਲਈ ਆਪਣੀਆਂ ਜਾਨਾਂ ਵਾਰ ਰਹੇ ਹਨ ਜਿਹੜੀ ਅਜ਼ਾਦੀ ਈਸਟ ਇੰਡੀਅਨ ਏਥੇ ਮੰਗਦੇ ਹਨ। ਦਾਨ ਵਾਂਗ ਹੀ, ਅਜ਼ਾਦੀ ਵੀ ਘਰੋਂ ਸ਼ੁਰੂ ਹੁੰਦੀ ਹੈ। ਉਨ੍ਹਾਂ ਲੋਕਾਂ, ਜੋ ਕਾਮਨਵੈਲਥ ਦਾ ਹਿੱਸਾ ਹਨ, ਨੂੰ ਲੋਕਤੰਤਰ ਦੇ ਅਧਿਕਾਰ ਦੇਣ ਨਾਲ ਕਨੇਡੀਅਨ ਲੋਕਤੰਤਰ ਘਟੇਗਾ ਨਹੀਂ ਸਗੋਂ ਵਧੇਗਾ ਹੀ।20



ਕਨੇਡਾ ਦੇ ਭਾਰਤੀਆਂ ਵਲੋਂ ਵੋਟ ਦੇ ਹੱਕ ਲਈ ਚਲਦੇ ਸੰਘਰਸ਼ ਦਾ ਜਿੱਤ ਭਰਿਆ ਅੰਤ 2 ਅਪ੍ਰੈਲ 1947 ਨੂੰ ਹੋਇਆ। ਬੀ ਸੀ ਦੀ ਸਰਕਾਰ ਨੇ ਕਨੇਡਾ ਵਿੱਚ ਰਹਿ ਰਹੇ ਭਾਰਤੀਆਂ, ਚੀਨਿਆਂ ਅਤੇ ਜਾਪਾਨੀਆਂ ਨੂੰ ਵੋਟ ਦਾ ਹੱਕ ਦੇਣ ਦਾ ਕਾਨੂੰਨ ਪਾਸ ਕਰ ਦਿੱਤਾ। ਕਨੇਡਾ ਦੇ ਭਾਰਤੀਆਂ ਦੀ ਇਸ ਜਿੱਤ ਦਾ ਸਿਹਰਾ ਦੂਜੇ ਭਾਰਤੀ ਲੋਕਾਂ ਅਤੇ ਨੇਤਾਵਾਂ ਦੇ ਨਾਲ ਨਾਲ ਦਰਸ਼ਨ ਸਿੰਘ ਕਨੇਡੀਅਨ ਵਲੋਂ ਕਨੇਡਾ ਦੀ ਮਜ਼ਦੂਰ ਲਹਿਰ ਅਤੇ ਅਗਾਂਹਵਧੂ ਸਿਆਸਤ ਵਿੱਚ ਕੀਤੇ ਕੰਮ ਉੱਪਰ ਵੀ ਬੱਝਦਾ ਹੈ।



"ਰਾਈਜ਼ ਆਫ ਨਿਊ ਏਸ਼ੀਆ" ਨਾਂਅ ਦੀ ਕਿਤਾਬ ਲਿਖਣਾ



ਸਾਡੇ ਖਿਆਲ ਵਿੱਚ ਦਰਸ਼ਨ ਸਿੰਘ ਵਲੋਂ ਕਨੇਡਾ ਦੀ ਮਜ਼ਦੂਰ ਲਹਿਰ ਅਤੇ ਅਗਾਂਹਵਧੂ ਸਿਆਸਤ ਵਿੱਚ ਨਿੱਗਰ ਯੋਗਦਾਨ ਪਾ ਸਕਣ ਅਤੇ ਇਸ ਲਹਿਰ ਅਤੇ ਸਿਆਸਤ ਵਿੱਚ ਮਾਣਯੋਗ ਥਾਂ ਬਣਾ ਸਕਣ ਪਿੱਛੇ ਜਿੱਥੇ ਉਸਦੀ ਸੁਹਿਰਦਤਾ ਅਤੇ ਪ੍ਰਤੀਬੱਧਤਾ ਦਾ ਹੱਥ ਸੀ, ਉਸਦੇ ਨਾਲ ਨਾਲ ਉਸ ਵਲੋਂ ਆਪਣੇ ਆਲੇ ਦੁਆਲੇ ਨੂੰ ਚੰਗੀ ਤਰ੍ਹਾਂ ਸਮਝਣ ਲਈ ਪੜ੍ਹਨ ਵੱਲ ਰੁਚਿਤ ਹੋਣਾ ਵੀ ਸੀ। ਕਨੇਡਾ ਵਿੱਚ ਆਪਣੀ ਰਿਹਾਇਸ਼ ਦੌਰਾਨ ਜਦੋਂ ਉਹ ਪੂਰੀ ਸਰਗਰਮੀ ਨਾਲ ਪਾਰਟੀ ਦਾ ਅਤੇ ਯੂਨੀਅਨ ਦਾ ਕੰਮ ਕਰ ਰਿਹਾ ਸੀ, ਉਹ ਹਮੇਸ਼ਾਂ ਪੜ੍ਹਦਾ ਰਹਿੰਦਾ। ਅੰਤਰਰਾਸ਼ਟਰੀ ਸਮੱਸਿਆਵਾਂ ਬਾਰੇ ਉਸਦੀ ਵਿਸ਼ੇਸ਼ ਦਿਲਚਸਪੀ ਹੁੰਦੀ। ਇਸੇ ਦਿਲਚਸਪੀ ਦਾ ਨਤੀਜਾ ਸੀ ਕਿ ਉਸ ਨੇ ਸਮੇਂ ਸਮੇਂ ਭਾਰਤ ਬਾਰੇ ਹੀ ਨਹੀਂ ਦੁਨੀਆਂ ਦੇ ਹੋਰ ਮੁਲਕਾਂ ਬਾਰੇ ਜਾਣਕਾਰੀ ਭਰਪੂਰ ਲੇਖ ਲਿਖੇ। ਅਤੇ 1943 ਵਿੱਚ ਉਸਨੇ "ਰਾਈਜ਼ ਆਫ ਨਿਊ ਏਸ਼ੀਆ" ਨਾਂਅ ਦੀ ਕਿਤਾਬ ਲਿਖੀ। 21 ਪਰ ਬਦਕਿਸਮਤੀ ਨਾਲ ਇਹ ਕਿਤਾਬ ਦਰਸ਼ਨ ਸਿੰਘ ਦੇ ਭਾਰਤ ਵਾਪਸ ਚਲੇ ਜਾਣ ਬਾਅਦ 1948 ਵਿੱਚ ਜਾ ਕੇ ਪ੍ਰਕਾਸ਼ਤ ਹੋਈ ਅਤੇ ਏਮਲ ਬਿਓਰਨਸਨ ਦੇ ਦੱਸਣ ਮੁਤਾਬਕ ਦਰਸ਼ਨ ਨੇ ਖੁਦ ਇਸਨੂੰ ਕਈ ਦਹਾਕਿਆਂ ਬਾਅਦ ਪਹਿਲੀ ਵਾਰੀ 1960ਵਿਆਂ ਵਿੱਚ ਆਪਣੀ ਕਨੇਡਾ ਦੀ ਇੱਕ ਫੇਰੀ ਦੌਰਾਨ ਦੇਖਿਆ। ਇਸ ਕਿਤਾਬ ਵਿੱਚ ਦਰਸ਼ਨ ਸਿੰਘ ਨੇ ਭਾਰਤ, ਚੀਨ, ਜਾਪਾਨ ਉੱਪਰ ਲਿਖੇ ਅਨੇਕਾਂ ਲੇਖਾਂ ਦੇ ਨਾਲ ਨਾਲ ਕੋਰੀਆ, ਫਿਲੀਪਨ, ਇੰਡੋ-ਚਾਈਨਾ, ਇੰਡੋਨੇਸ਼ੀਆ, ਇਰਾਨ ਅਤੇ ਤੁਰਕੀ ਆਦਿ ਬਾਰੇ ਵੀ ਲੇਖ ਸ਼ਾਮਲ ਕੀਤੇ। ਦਰਸ਼ਨ ਸਿੰਘ ਦੀ ਮਨੁੱਖਵਾਦੀ ਸੋਚ ਅਤੇ ਸੂਝ ਦਾ ਝਲਕਾਰਾ ਇਸ ਗੱਲ ਤੋਂ ਵੀ ਪੈਂਦਾ ਹੈ ਕਿ ਉਸ ਨੇ ਆਪਣੀ ਕਿਤਾਬ ਦੋ ਉਨ੍ਹਾਂ ਸ਼ਖਸੀਅਤਾਂ ਨੂੰ ਸਮਰਪੱਤ ਕੀਤੀ ਜਿਨ੍ਹਾਂ ਨੇ ਲੋਕਾਂ ਦੀ ਭਲਾਈ ਖਾਤਰ ਆਪਣਾ ਜੀਵਨ ਨਿਸ਼ਾਵਰ ਕੀਤਾ। ਇਹ ਸ਼ਖਸੀਅਤਾਂ ਸਨ ਕਨੇਡਾ ਦੇ ਡਾਕਟਰ ਨੌਰਮਨ ਬਥਿਊਨ ਅਤੇ ਭਾਰਤੀ ਡਾਕਟਰ ਦਵਾਰਕਾਨਾਥ ਕੋਟਨਿਸ ਜਿਨ੍ਹਾਂ ਨੇ ਚੀਨ ਦੇ ਲੋਕਾਂ ਦੇ ਸੰਘਰਸ਼ ਵਿੱਚ ਆਪਣੇ ਜੀਵਨ ਦੀ ਅਹੁੱਤੀ ਦੇ ਕੇ ਆਪਣਾ ਯੋਗਦਾਨ ਪਾਇਆ ਸੀ।



ਮਜ਼ਦੂਰ ਲਹਿਰ ਦੇ ਇਤਿਹਾਸਕਾਰਾਂ ਵਲੋਂ ਦਰਸ਼ਨ ਨੂੰ ਨਜ਼ਰ-ਅੰਦਾਜ਼ ਕਰਨਾ



ਉਪਰਲੀ ਗੱਲਬਾਤ ਤੋਂ ਸਪਸ਼ਟ ਹੈ ਕਿ ਦਰਸ਼ਨ ਸਿੰਘ ਕਨੇਡੀਅਨ ਨੇ 1940ਵਿਆਂ ਦੌਰਾਨ ਕਨੇਡਾ ਦੀ ਭਾਰਤੀ ਕਮਿਊਨਿਟੀ, ਕਨੇਡਾ ਦੀ ਮਜ਼ਦੂਰ ਲਹਿਰ ਅਤੇ ਖਾਸ ਕਰਕੇ ਆਈ ਡਬਲਿਊ ਏ ਨੂੰ ਜਥੇਬੰਦ ਕਰਨ ਵਿੱਚ ਅਤੇ ਕਨੇਡਾ ਦੀ ਅਗਾਂਹਵਧੂ ਸਿਆਸਤ ਵਿੱਚ ਮਹੱਤਵਪੂਰਨ ਰੋਲ ਅਦਾ ਕੀਤਾ। ਪਰ ਇਹ ਗੱਲ ਉਦਾਸ ਅਤੇ ਹੈਰਾਨ ਕਰਨ ਵਾਲੀ ਹੈ ਕਿ ਬੀ ਸੀ ਦੀ ਮਜ਼ਦੂਰ ਜਮਾਤ ਬਾਰੇ ਲਿਖਿਆ ਗਿਆ ਇਤਿਹਾਸ ਦਰਸ਼ਨ ਸਿੰਘ ਦੇ ਪਾਏ ਯੋਗਦਾਨ ਬਾਰੇ ਕਾਫੀ ਹੱਦ ਤੱਕ ਚੁੱਪ ਹੈ। ਉਦਾਹਰਨ ਵਜੋਂ ਆਈ ਡਬਲਯੂ ਏ ਸੰਬੰਧੀ ਸਾਈਮਨ ਫਰੇਜ਼ਰ ਯੂਨੀਵਰਸਿਟੀ ਵਿੱਚ 1989 ਵਿੱਚ ਸਟੀਫਨ ਗਰੇਅ ਵਲੋਂ ਲਿਖੇ ਗਏ ਇੱਕ ਥੀਸਸ ਨੂੰ ਦੇਖ ਸਕਦੇ ਹਾਂ ਜਿਸ ਵਿੱਚ ਦਰਸ਼ਨ ਸਿੰਘ ਦਾ ਨਾਂਅ ਤੱਕ ਨਹੀਂ ਲਿਆ ਗਿਆ। ਇਹ ਥੀਸਸ ਸਾਢੇ ਪੰਜ ਸੌ ਸਫੇ ਦਾ ਹੈ। ਏਸੇ ਤਰ੍ਹਾਂ ਅਸੀਂ ਕੁਝ ਇੱਕ ਹੋਰ ਦਸਤਾਵੇਜ਼ ਦੇਖੇ ਅਤੇ ਉਨ੍ਹਾਂ ਵਿੱਚ ਵੀ ਦਰਸ਼ਨ ਸਿੰਘ ਦੇ ਯੋਗਦਾਨ ਨੂੰ ਅੱਖੋਂ ਉਹਲੇ ਕੀਤਾ ਗਿਆ ਹੈ। ਐਲ ਪਾਰਕਿਨ ਦੇ "ਲੇਬਰ ਐਂਡ ਟਿੰਬਰ" ਨਾਂਅ ਦੇ ਇਤਿਹਾਸਕ ਦਸਤਾਵੇਜ਼ ਵਿੱਚ ਵੀ ਜੋ 1946-47 ਵਿੱਚ ਲਿਖਿਆ ਗਿਆ ਸੀ ਅਤੇ ਬੀ ਸੀ ਲੰਬਰ ਵਰਕਰ ਵਿੱਚ ਲੜੀ ਵਾਰ ਛਪਿਆ, ਵਿੱਚ ਵੀ ਦਰਸ਼ਨ ਸਿੰਘ ਦੇ ਕਿਸੇ ਯੋਗਦਾਨ ਦਾ ਜ਼ਿਕਰ ਨਹੀਂ ਆਇਆ।22


ਇਹ ਗੱਲ ਹੈਰਾਨੀ ਵਾਲੀ ਇਸ ਕਰਕੇ ਹੈ ਕਿ ਇਹੋ ਜਿਹੇ ਅਨੇਕਾਂ ਸਬੂਤ ਅਤੇ ਸੰਕੇਤ ਹਨ ਜਿਹੜੇ ਇਹ ਸਿੱਧ ਕਰਦੇ ਹਨ ਕਿ ਦਰਸ਼ਨ ਸਿੰਘ ਦਾ ਯੋਗਦਾਨ ਵੱਡੀ ਪੱਧਰ ਉੱਤੇ ਸੀ ਅਤੇ ਸੀ ਵੀ ਦੋਵਾਂ ਜਥੇਬੰਦੀਆਂ ਵਿੱਚ ਜਾਣੀ ਕਿ ਕਮਿਊਨਿਸਟ ਪਾਰਟੀ ਅਤੇ ਆਈ ਡਬਲਯੂ ਏ ਵਿੱਚ। ਕਿਉਂਕਿ ਉਸ ਸਮੇਂ ਆਈ ਡਬਲਯੂ ਏ ਦੇ ਸਾਰੇ ਆਗੂ ਕਮਿਊਨਿਸਟ ਸਨ ਅਤੇ ਉਨ੍ਹਾਂ ਦੀਆਂ ਸਰਗਰਮੀਆਂ ਵਿੱਚ ਕਿਸੇ ਕਿਸਮ ਦਾ ਫਰਕ ਦੇਖ ਸਕਣਾ ਸੰਭਵ ਨਹੀਂ ਜਾਪਦਾ। ਦਰਸ਼ਨ ਸਿੰਘ ਦੇ ਦੋਸਤ ਅਤੇ ਵੈਨਕੂਵਰ ਦੇ ਮਸ਼ਹੂਰ ਵਕੀਲ ਹੈਰੀ ਰੈਂਕਿਨ ਅਨੁਸਾਰ "ਦਰਸ਼ਨ ਸਿੰਘ ਖੱਬੀ ਸਿਆਸਤ ਵਿੱਚ ਸਰਗਰਮ ਸੀ ਪਰ ਉਸਦੀ ਸਰਗਰਮੀ ਦਾ ਕੇਂਦਰ ਟਰੇਡ ਯੂਨੀਅਨ ਮੂਵਮੈਂਟ ਸੀ ਸੋ ਇਹ ਫੈਸਲਾ ਕਰਨਾ ਮੁਸ਼ਕਲ ਹੈ ਕਿ ਦਰਸ਼ਨ ਸਿੰਘ ਦਾ ਯੋਗਦਾਨ ਕਿਹੜੀ ਸੰਸਥਾ ਵਿੱਚ ਵੱਧ ਸੀ।"23



ਵਾਪਸ ਭਾਰਤ ਜਾਣ ਦਾ ਫੈਸਲਾ



ਇਹ ਸ਼ਾਇਦ ਦਰਸ਼ਨ ਸਿੰਘ ਦੀ ਸ਼ਖਸੀਅਤ ਦਾ ਹਿੱਸਾ ਸੀ ਜਾਂ ਉਸਦੇ ਮਨ ਵਿਚਲੇ ਮਨੁੱਖੀ ਦਰਦ ਨਾਲ ਭਰੇ ਹਿਰਦੇ ਦੀ ਵੇਦਨਾ ਕਿ ਉਹ ਕਨੇਡਾ ਵਿੱਚ ਆਪਣੇ ਕੰਮਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਾ ਹੋ ਸਕਿਆ। ਉਹਨੂੰ ਆਪਣੇ ਦੇਸ਼ ਦੇ ਕ੍ਰੋੜਾਂ ਲੋਕਾਂ ਦੀਆਂ ਸਮੱਸਿਆਵਾਂ ਨੇ ਕਨੇਡਾ ਵਿੱਚ ਟਿਕ ਕੇ ਰਹਿਣ ਨਾ ਦਿੱਤਾ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜੇ ਉਹ ਚਾਹੁੰਦਾ ਤਾਂ ਉਸ ਵੇਲੇ ਏਥੇ ਰਹਿ ਕੇ ਉਹ ਇੱਕ ਵਧੀਆ ਜੀਵਨ ਜੀ ਸਕਦਾ ਸੀ। ਦਰਸ਼ਨ ਸਿੰਘ ਦੇ ਕਨੇਡੀਅਨ ਦੋਸਤਾਂ ਏਮਲ ਬਿਓਰਨਸਨ, ਹੈਰੀ ਰੈਂਕਿਨ, ਮੋਨਾ ਮੋਰਗਨ ਅਤੇ ਕਰੇਗ ਪਰਿਚਟ ਨੇ ਇਹ ਗੱਲ ਉਸਦੇ ਸੰਬੰਧ ਵਿੱਚ ਵਿਸ਼ੇਸ਼ ਤੌਰ ਉੱਤੇ ਕਹੀ ਹੈ ਕਿ ਦਰਸ਼ਨ ਦਾ ਉਸ ਵੇਲੇ ਕਨੇਡਾ ਛੱਡ ਕੇ ਜਾਣਾ ਆਪਣੇ ਆਪ ਵਿੱਚ ਇੱਕ ਵੱਡੀ ਕੁਰਬਾਨੀ ਸੀ। ਇਹ ਸੰਭਵ ਹੈ ਕਿ ਦਰਸ਼ਨ ਸਿੰਘ ਖੁਦ ਆਪਣੇ ਜਾਣ ਨੂੰ ਏਡੀ ਵੱਡੀ ਕੁਰਬਾਨੀ ਨਾ ਖਿਆਲਦਾ ਹੋਵੇ ਕਿਉਂਕਿ ਉਸ ਅੱਗੇ ਸੈਂਕੜੇ ਉਨ੍ਹਾਂ ਸੂਰਬੀਰਾਂ ਦੀਆਂ ਉਦਾਹਰਨਾਂ ਸਨ ਜਿਹੜੇ ਗਦਰ ਦੀ ਲਹਿਰ ਦੌਰਾਨ ਹਿੰਦੁਸਤਾਨ ਨੂੰ ਅਜ਼ਾਦ ਕਰਾਉਣ ਦੇ ਇਰਾਦੇ ਨਾਲ ਕਨੇਡਾ ਅਮਰੀਕਾ ਵਿੱਚ ਇੱਕ ਉਜਲੇ ਭਵਿੱਖ ਨੂੰ ਅਲਵਦਾ ਕਹਿ ਗਏ ਸਨ। ਸੋ ਦਰਸ਼ਨ ਸਿੰਘ ਨੇ ਵੀ ਏਥੋਂ ਦੀ ਸੁਖਾਲੀ ਜ਼ਿੰਦਗੀ ਦੇ ਉਲਟ ਭਾਰਤ ਨੂੰ ਮੁੜ ਜਾਣ ਨੂੰ ਤਰਜੀਹ ਦਿੱਤੀ ਅਤੇ ਗਦਰ ਲਹਿਰ ਦੇ ਲੋਕਾਂ ਵਲੋਂ ਪਾਈ ਪਿਰਤ ਨੂੰ ਅੱਗੇ ਤੋਰਿਆ। ਦੇਸ਼ ਜਾ ਕੇ ਉਹ ਹਰ ਕਿਸਮ ਦੀਆਂ ਮੁਸੀਬਤਾਂ ਵਿੱਚ ਰਹਿ ਕੇ ਲੋਕਾਂ ਲਈ ਲੜਦਾ ਰਿਹਾ ਜਿਸ ਬਾਰੇ ਕਾਫੀ ਕੁਝ ਲਿਖਿਆ ਮਿਲਦਾ ਹੈ।


ਸਾਡੇ ਵਾਸਤੇ ਦੇਖਣ ਵਾਲੀ ਗੱਲ ਇਹ ਹੈ ਕਿ ਉਸਦੇ ਕਨੇਡਾ ਛੱਡ ਕੇ ਭਾਰਤ ਨੂੰ ਵਾਪਸ ਜਾਣ ਵਰਗੇ ਵੱਡੇ ਫੈਸਲੇ ਪਿੱਛੇ ਕਿਸ ਕਿਸਮ ਦੀ ਸੋਚ ਕੰਮ ਕਰਦੀ ਸੀ? ਕੀ ਇਹ ਫੈਸਲਾ ਇੱਕ ਭਾਰਤੀ ਵਲੋਂ ਜਜ਼ਬਾਤੀ ਕਿਸਮ ਦਾ ਫੈਸਲਾ ਸੀ ਜਾਂ ਇਸ ਪਿੱਛੇ ਕੰਮ ਕਰਦੀ ਕੋਈ ਵੱਡੀ ਸੋਚ ਅਤੇ ਤਰਕ ਸੀ। ਇਸ ਗੱਲ ਦਾ ਸਪੱਸ਼ਟ ਜਵਾਬ ਸਾਨੂੰ ਦਰਸ਼ਨ ਸਿੰਘ ਵਲੋਂ ਲਿਖੀ ਉਸ ਚਿੱਠੀ ਤੋਂ ਮਿਲ਼ ਜਾਂਦਾ ਹੈ ਜੋ ਉਸ ਨੇ 1947 ਵਿੱਚ ਕਨੇਡਾ ਤੋਂ ਭਾਰਤ ਰਵਾਨਾ ਹੋਣ ਲੱਗਿਆਂ ਯੂਨੀਅਨ ਵਿੱਚ ਆਪਣੀ ਟਰੱਸਟੀ ਦੀ ਪੁਜ਼ੀਸ਼ਨ ਤੋਂ ਅਸਤੀਫੇ ਵਜੋਂ ਲਿਖੀ। ਇਸ ਚਿੱਠੀ ਵਿੱਚੋਂ ਕੁਝ ਹਿੱਸਾ ਬੀ ਸੀ ਲੰਬਰ ਵਰਕਰ ਦੇ ਦਸੰਬਰ 15, 1947 ਦੇ ਅੰਕ ਵਿੱਚ ਛਾਪਿਆ ਗਿਆ। ਇਸ ਵਿੱਚ ਦਰਸ਼ਨ ਸਿੰਘ ਨੇ ਕਨੇਡੀਅਨ ਮਜ਼ਦੂਰ ਲਹਿਰ ਨਾਲ ਕੀਤੇ ਆਪਣੇ ਕੰਮ ਦੀ ਗੱਲ ਕੀਤੀ ਅਤੇ ਮਜ਼ਦੂਰ ਲਹਿਰ ਦੇ ਆਪਣੇ ਸਾਥੀ ਕਾਮਿਆਂ ਦਾ ਧੰਨਵਾਦ ਕੀਤਾ। ਉਸ ਨੇ ਕਿਹਾ: "ਮੈਨੂੰ ਜਾਣ ਲੱਗਿਆਂ ਕੁਝ ਹੱਦ ਤੱਕ ਇੱਕ ਸੰਤੁਸ਼ਟੀ ਦਾ ਅਹਿਸਾਸ ਹੋ ਰਿਹਾ ਹੈ ਪਰ ਨਾਲ ਹੀ ਕਨੇਡਾ ਛੱਡਣ ਦਾ ਇੱਕ ਡੂੰਘਾ ਪਛਤਾਵਾ ਵੀ ਹੈ। ਮੇਰੇ ਪਛਤਾਵੇ ਦਾ ਕਾਰਨ ਕਨੇਡੀਅਨ ਮਜ਼ਦੂਰ ਲਹਿਰ ਦੇ ਵੱਡਮੁੱਲੇ ਦੋਸਤਾਂ ਅਤੇ ਸਾਥੀਆਂ ਤੋਂ ਵਿਛੋੜਾ ਅਤੇ ਵਿਦਾਇਗੀ ਹੈ। ਪਰ ਇੱਕ ਤਸੱਲੀ ਵਾਲੀ ਗੱਲ ਇਹ ਹੈ ਕਿ ਮੈਂ ਭਾਰਤ ਜਾ ਕੇ ਸਰਗਰਮੀ ਨਾਲ ਟਰੇਡ ਯੂਨੀਅਨ ਵਿੱਚ ਕੰਮ ਕਰਨ ਦਾ ਇਰਾਦਾ ਰੱਖਦਾ ਹਾਂ ਅਤੇ ਮੈਨੂੰ ਹਮੇਸ਼ਾਂ ਇਸ ਗੱਲ ਦਾ ਅਹਿਸਾਸ ਰਹੇਗਾ ਕਿ ਅਸੀਂ ਇੱਕ ਸਾਂਝੇ ਨਿਸ਼ਾਨੇ - ਮਜ਼ਦੂਰ ਜਮਾਤ ਦੀ ਅਜ਼ਾਦੀ - ਲਈ ਕੰਮ ਕਰ ਰਹੇ ਹਾਂ।"



(ਬੀ ਸੀ ਲੰਬਰ ਵਰਕਰ ਵਿੱਚ ਛਪੇ ਦਰਸ਼ਨ ਸਿੰਘ ਦੇ ਇਸ ਖੱਤ ਨੂੰ ਅਨੁਵਾਦ ਕਰਕੇ ਅਸੀਂ ਇਸ ਲੇਖ ਦੇ ਅਖੀਰ ਵਿੱਚ ਦੇ ਰਹੇ ਹਾਂ ਤਾਂ ਕਿ ਪਾਠਕ ਦਰਸ਼ਨ ਸਿੰਘ ਦੀ ਸੋਚ ਤੋਂ ਪੂਰੀ ਤਰ੍ਹਾਂ ਜਾਣੂ ਹੋ ਸਕਣ।)



ਸਾਰ


ਜਿੱਥੇ ਇਹ ਗੱਲ ਸਾਡੇ ਸਾਰਿਆਂ ਵਾਸਤੇ ਮਾਣ ਵਾਲੀ ਹੈ ਕਿ ਦਰਸ਼ਨ ਸਿੰਘ ਨੇ ਭਾਰਤ ਵਿੱਚ ਜਾ ਕੇ ਭਾਰਤ ਦੇ ਲੋਕਾਂ ਦੇ ਜੀਵਨ ਨੂੰ ਸੁਧਾਰਨ ਅਤੇ ਸਿਹਤਮੰਦ ਸੋਚ ਨੂੰ ਲੋਕਾਂ ਵਿੱਚ ਜ਼ਿੰਦਾ ਰੱਖਣ ਅਤੇ ਵਧਾਉਣ ਲਈ ਆਪਣਾ ਜੀਵਨ ਅਰਪਨ ਕੀਤਾ ਉੱਥੇ ਕਨੇਡੀਅਨ ਭਾਰਤੀਆਂ ਦੇ ਨਜ਼ਰੀਏ ਤੋਂ ਇਹ ਘਾਟੇ ਵਾਲੀ ਗੱਲ ਵੀ ਜਾਪਦੀ ਹੈ। ਜੇ ਉਹ ਏਥੇ ਰਹਿੰਦਾ ਤਾਂ ਸੰਭਵ ਹੈ ਕਿ ਉਹ ਆਪਣੀ ਸੂਝ ਅਤੇ ਹਿੰਮਤ ਨਾਲ ਸਾਡੇ ਭਾਈਚਾਰੇ ਦੀ ਰੂਪ ਰੇਖਾ ਨੂੰ ਨਿਖਾਰਨ ਵਿੱਚ ਆਪਣਾ ਹੋਰ ਵੀ ਯੋਗਦਾਨ ਪਾਉਂਦਾ ਅਤੇ ਸਾਡੀਆਂ ਅਗਲੀਆਂ ਪੀੜ੍ਹੀਆਂ ਉਹਦੇ ਜੀਵਨ ਅਤੇ ਕੰਮਾਂ ਤੋਂ ਸਿੱਧੇ ਤੌਰ ਉੱਤੇ ਪ੍ਰਭਾਵਤ ਹੁੰਦੀਆਂ। ਪਰ ਸਾਡੇ ਲਈ ਇਹ ਗੱਲ ਵੀ ਕੋਈ ਘੱਟ ਮਹੱਤਤਾ ਵਾਲੀ ਨਹੀਂ ਹੈ ਕਿ ਆਪਣੇ ਕਨੇਡਾ ਵਿਚਲੇ ਦਸ ਸਾਲ ਦੇ ਸਮੇਂ ਵਿੱਚ ਹੀ ਉਸਨੇ ਸਾਡੇ ਵਾਸਤੇ ਅਜਿਹੀ ਮਿਸਾਲ ਕਾਇਮ ਕੀਤੀ ਹੈ ਕਿ ਜਿਸ ਤੋਂ ਬਹੁਤ ਕੁਝ ਸਿੱਖਿਆ ਅਤੇ ਸੇਧ ਲਈ ਜਾ ਸਕਦੀ ਹੈ।


ਕਨੇਡਾ ਵਿੱਚ ਬਿਤਾਏ ਆਪਣੇ ਸਮੇਂ ਦੌਰਾਨ ਦਰਸ਼ਨ ਸਿੰਘ ਕਨੇਡੀਅਨ ਵਲੋਂ ਪਾਇਆ ਯੋਗਦਾਨ ਕਈ ਪੱਖਾਂ ਤੋਂ ਅਹਿਮ ਹੈ ਅਤੇ ਧਿਆਨ ਦੀ ਮੰਗ ਕਰਦਾ ਹੈ। ਏਥੇ ਆਉਣ ਤੋਂ ਛੇਤੀ ਬਾਅਦ ਉਸ ਨੇ ਏਥੋਂ ਦੀ ਅਗਾਂਹਵਧੂ ਲਹਿਰ ਨਾਲ ਜੁੜ ਕੇ ਸਮੇਂ ਦੀਆਂ ਸਥਿਤੀਆਂ ਨੂੰ ਸਹੀ ਸੰਦਰਭ ਵਿੱਚ ਸਮਝਿਆ ਅਤੇ ਇਹ ਸਮਝ ਉਸਨੇ ਪੂਰੀ ਪ੍ਰਤਿਬੱਧਤਾ ਨਾਲ ਦੂਜੇ ਭਾਰਤੀਆਂ ਤੱਕ ਪਹੁੰਚਾਈ। ਦੂਜੇ ਸ਼ਬਦਾਂ ਵਿੱਚ ਉਸਨੇ ਏਥੇ ਵਸਦੇ ਭਾਰਤੀਆਂ ਦੀ ਅਤੇ ਖਾਸ ਕਰ ਲੱਕੜੀ ਦੀ ਸਨਅਤ ਵਿੱਚ ਕੰਮ ਕਰਦੇ ਭਾਰਤੀ ਕਾਮਿਆਂ ਦੀ ਬੌਧਿਕ ਪੱਧਰ ਨੂੰ ਉੱਪਰ ਚੁੱਕਿਆ। ਨਤੀਜੇ ਵਜੋਂ ਉਹ ਦੂਜੇ ਕਾਮਿਆਂ ਦੇ ਬਰਾਬਰ ਖੜ੍ਹਨ ਵਿੱਚ ਮਾਣ ਮਹਿਸੂਸ ਕਰਨ ਲੱਗੇ। ਇਸ ਦੇ ਨਾਲ ਹੀ ਉਸ ਨੇ ਕਨੇਡੀਅਨ ਲੋਕਾਂ ਅਤੇ ਕਾਮਿਆਂ ਵਿੱਚ ਭਾਰਤੀਆਂ ਬਾਰੇ ਪਏ ਅਨੇਕਾਂ ਭੁਲੇਖਿਆਂ ਅਤੇ ਗਲਤ ਫਹਿਮੀਆਂ ਨੂੰ ਦੂਰ ਕੀਤਾ। ਇਸ ਨਾਲ ਏਥੋਂ ਦੇ ਆਮ ਲੋਕਾਂ ਵਿੱਚ ਭਾਰਤੀਆਂ ਵਿਰੁੱਧ ਨਫਰਤ ਵਿੱਚ ਗੁਣਾਤਮਕ ਕਮੀ ਆਈ। ਭਾਰਤੀਆਂ ਵਲੋਂ ਵੋਟ ਦੇ ਹੱਕ ਲਈ ਚਲਾਈ ਲੰਮੀ ਜੱਦੋ-ਜਹਿਦ ਨੂੰ ਦੂਜੇ ਲੋਕਾਂ ਵਲੋਂ, ਖਾਸ ਕਰ 1942 ਤੋਂ 47 ਤੱਕ, ਮਿਲੀ ਹਿਮਾਇਤ ਸਿੱਧੇ ਤੌਰ 'ਤੇ ਦਰਸ਼ਨ ਸਿੰਘ ਕਨੇਡੀਅਨ ਵਲੋਂ ਪਾਏ ਯੋਗਦਾਨ ਦਾ ਸਿੱਟਾ ਸੀ। ਕਨੇਡਾ ਵਿਚਲੇ ਭਾਰਤੀਆਂ ਅਤੇ ਦੂਜੇ ਕਨੇਡੀਅਨ ਲੋਕਾਂ ਦਰਮਿਆਨ ਪੁਲ਼ ਬਣ ਕੇ ਦਰਸ਼ਨ ਸਿੰਘ ਨੇ ਦੋਨ੍ਹਾਂ ਭਾਈਚਾਰਿਆਂ ਨੂੰ ਇੱਕ ਦੂਜੇ ਦੇ ਨਜ਼ਦੀਕ ਲਿਆਂਦਾ। ਉਸਦਾ ਇਹ ਯੋਗਦਾਨ ਉਸਨੂੰ ਸਾਰੇ ਕਨੇਡੀਅਨ ਲੋਕਾਂ ਵਾਸਤੇ ਵੀ ਉਨਾਂ ਹੀ ਮਹੱਤਵਪੂਰਨ ਬਣਾ ਦਿੰਦਾ  ਹੈ ਜਿੰਨਾ ਉਹ ਭਾਰਤੀਆਂ ਵਾਸਤੇ ਹੈ। ਉਸ ਵਲੋਂ ਪਾਇਆ ਯੋਗਦਾਨ ਸਹੀ ਸ਼ਬਦਾਂ ਵਿੱਚ ਇੱਕ ਕਨੇਡੀਅਨ ਵਲੋਂ ਪਾਇਆ ਯੋਗਦਾਨ ਸੀ।


ਪੰਜਾਬ ਵਿੱਚ ਖਾਲਿਸਤਾਨੀਆਂ ਵਲੋਂ ਦਰਸ਼ਨ ਸਿੰਘ ਦੇ 25 ਸਤੰਬਰ, 1986 ਵਿੱਚ ਹੋਏ ਕਤਲ ਬਾਅਦ ਉਸਦੇ ਦੋਸਤਾਂ ਅਤੇ ਹਦਮਦਰਦਾਂ ਵਲੋਂ ਉਸ ਨੂੰ ਸ਼ਰਧਾਂਜਲੀ ਭੇਂਟ ਕਰਨ ਵਾਸਤੇ ਅਕਤੂਬਰ 12, 1986 ਨੂੰ ਵੈਨਕੂਵਰ ਦੇ ਆਈ ਡਬਲਯੂ ਏ ਦੇ ਹਾਲ ਵਿੱਚ ਇੱਕ ਵੱਡੀ ਇਕੱਤਰਤਾ ਕੀਤੀ ਗਈ ਸੀ। ਜਿੱਥੇ ਉਹਨੂੰ ਉਹਦੇ ਦੋਸਤਾਂ, ਏਮਲ ਬਿਓਰਨਸਨ, ਮੌਰਿਸ ਰੱਸ਼, ਹੈਰੀ ਰੈਂਕਿੰਨ, ਕਲੇਅ ਪੈਰੀ ਅਤੇ ਹੋਰ ਅਨੇਕਾਂ ਸਾਥੀਆਂ ਵਲੋਂ ਸਨੇਹ ਅਤੇ ਮਾਣਮੱਤੇ ਸ਼ਬਦਾਂ ਵਿੱਚ ਸ਼ਰਧਾਂਜਲੀ ਭੇਂਟ ਕੀਤੀ ਗਈ ਸੀ। ਕਲੇਅ ਪੈਰੀ ਵਲੋਂ ਉਸ ਵੇਲੇ ਕਹੇ ਗਏ ਸ਼ਬਦਾਂ ਵਿਚਲੇ ਸੁਨੇਹੇ ਨੂੰ ਅਸਲੀ ਜਾਮਾ ਪਹਿਨਾਉਣ ਦੀ ਲੋੜ ਹੈ। ਕਲੇਅ ਪੈਰੀ ਨੇ ਕਿਹਾ ਸੀ: "ਦਰਸ਼ਨ ਸਿੰਘ ਨੂੰ ਪੰਜਾਬ ਵਿੱਚ ਕਨੇਡੀਅਨ ਦੇ ਨਾਂਅ ਨਾਲ ਜਾਣਿਆਂ ਜਾਂਦਾ ਸੀ ਅਤੇ ਏਥੇ ਕਨੇਡਾ ਵਿੱਚ ਅਸੀਂ ਉਸਨੂੰ ਇੱਕ ਪੰਜਾਬੀ ਦੇ ਤੌਰ ਉੱਤੇ ਜਾਣਦੇ ਸਾਂ। ਪਰ ਸਾਨੂੰ ਹੁਣ ਜੋ ਵੀ ਕਰਨਾ ਪਵੇ ਕਰਨਾ ਚਾਹੀਦਾ ਹੈ ਅਤੇ ਇਸ ਵੱਖਰੇਵੇਂ ਨੂੰ ਸਦਾ ਵਾਸਤੇ ਖਤਮ ਕਰ ਦੇਣਾ ਚਾਹੀਦਾ ਹੈ ਅਤੇ ਉਸਨੂੰ ਸਦਾ ਸਦਾ ਵਾਸਤੇ ਕਨੇਡੀਅਨ ਕਹਿਣਾ ਚਾਹੀਦਾ ਹੈ। ਉਸਨੇ ਹਮੇਸ਼ਾਂ ਸੰਘਰਸ਼ ਕੀਤਾ ਅਤੇ ਉਹ ਉਸ ਭਾਵਨਾਵਾਂ ਦੀ ਉਦਾਹਰਨ ਸੀ ਜਿਹੜੀ ਅਜਿਹੇ ਵੱਖਰੇਵਿਆਂ ਦੀਆਂ ਸੱਭ ਹੱਦਾਂ ਟੱਪ ਜਾਂਦੀ ਹੈ।"24 ਸ਼ਰਧਾਂਜਲੀ ਦੇ ਇਨ੍ਹਾਂ ਸ਼ਬਦਾਂ ਨੂੰ ਅਸਲੀ ਰੂਪ ਦੇਣ ਲਈ ਜ਼ਰੂਰੀ ਹੈ ਕਿ ਅਸੀਂ ਦਰਸ਼ਨ ਸਿੰਘ ਕਨੇਡੀਅਨ ਦੇ ਕਨੇਡਾ ਵਿਚਲੇ ਕੰਮਾਂ ਨੂੰ ਜਾਣੀਏ, ਉਸਨੂੰ ਕਨੇਡੀਅਨ ਪੰਜਾਬੀ ਕਮਿਊਨਿਟੀ ਅਤੇ ਕਨੇਡਾ ਦੇ ਇਤਿਹਾਸ ਦਾ ਅੰਗ ਬਣਾਉਣ ਲਈ ਯਤਨਸ਼ੀਲ ਹੋਈਏ।



ਦਰਸ਼ਨ ਸਿੰਘ ਆਪਣੇ ਘਰ ਰਵਾਨਾ



ਭਾਰਤੀ ਮਜ਼ਦੂਰ ਨੇਤਾ ਦੀ ਆਈ ਡਬਲਿਊ ਏ ਨੂੰ ਅਲਵਿਦਾ



(ਬੀ ਸੀ ਲੰਬਰ ਵਰਕਰ, ਦਸੰਬਰ 15, 1947)



(ਬੀ ਸੀ ਡਿਸਟਰਿਕਟ ਆਈ ਡਬਲਿਊ ਏ-ਸੀ ਆਈ ਓ, ਦੇ ਟਰੱਸਟੀ ਸ਼੍ਰੀ ਦਰਸ਼ਨ ਸਿੰਘ ਨੇ ਪਿਛਲੇ ਹਫਤੇ ਯੂਨੀਅਨ ਨੂੰ ਆਪਣਾ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਉਸ ਵਲੋਂ ਉਸ ਵੇਲੇ ਦਿੱਤਾ ਗਿਆ ਜਦੋਂ ਉਹ ਕਨੇਡਾ ਵਿੱਚੋਂ ਆਪਣੇ ਜੱਦੀ ਦੇਸ਼ ਭਾਰਤ ਲਈ ਰਵਾਨਾ ਹੋਣ ਲੱਗਾ ਸੀ ਜਿੱਥੇ ਜਾ ਕੇ ਉਹ ਟਰੇਡ ਯੂਨੀਅਨ ਲਹਿਰ ਵਿੱਚ ਆਪਣਾ ਕੰਮ ਜ਼ਾਰੀ ਰੱਖਣ ਦਾ ਇਰਾਦਾ ਰੱਖਦਾ ਹੈ।


ਇਹ ਅਸਤੀਫੇ ਵਾਲਾ ਖੱਤ ਵੀਰ (ਬਰੱਦਰ) ਸਿੰਘ ਨੇ ਆਪਣੇ ਦੇਸ਼ ਨੂੰ ਜਾਣ ਲਈ ਮਾਂਟਰੀਆਲ ਤੋਂ ਸਮੁੰਦਰੀ ਜਹਾਜ਼ ਵਿੱਚ ਚੜ੍ਹਨ ਤੋਂ ਪਹਿਲਾਂ ਲਿਖਿਆ। ਇਸ ਵਿੱਚ ਉਸਨੇ ਆਪਣੇ ਕਨੇਡਾ ਵਿਚਲੇ ਅਨੇਕਾਂ ਦੋਸਤਾਂ ਅਤੇ ਸਹਿਕਾਮਿਆਂ ਦਾ ਸ਼ੁਕਰੀਆਂ ਅਦਾ ਕੀਤਾ ਹੈ ਅਤੇ ਉਨ੍ਹਾਂ ਨੂੰ ਅਲਵਿਦਾ ਕਹੀ ਹੈ। ਉਸਨੇ ਇਹ ਖੱਤ ਡਿਸਟਰਿਕਟ ਸੈਕਰੇਟਰੀ ਬੀ ਜੇ ਮੈਲਜ਼ਨੇੱਸ ਦੇ ਨਾਂਅ ਭੇਜਿਆ ਹੈ ਅਤੇ ਇਸ ਦਾ ਕੁਝ ਹਿੱਸਾ ਇਸ ਤਰ੍ਹਾਂ ਹੈ- ਲੰਬਰ ਵਰਕਰ ਦੇ ਸੰਪਾਦਕ ਨਾਇਜਲ ਮਾਰਗਨ ਵਲੋਂ ਲਿਖਿਆ ਨੋਟ।)



ਮੈਨੂੰ ਜਾਣ ਲੱਗਿਆਂ ਕੁਝ ਹੱਦ ਤੱਕ ਇੱਕ ਸੰਤੁਸ਼ਟੀ ਦਾ ਅਹਿਸਾਸ ਹੋ ਰਿਹਾ ਹੈ ਪਰ ਨਾਲ ਹੀ ਕਨੇਡਾ ਛੱਡਣ ਦਾ ਇੱਕ ਡੂੰਘਾ ਪਛਤਾਵਾ ਵੀ ਹੈ। ਮੇਰੇ ਪਛਤਾਵੇ ਦਾ ਕਾਰਨ ਕਨੇਡੀਅਨ ਮਜ਼ਦੂਰ ਲਹਿਰ ਦੇ ਵੱਡਮੁੱਲੇ ਦੋਸਤਾਂ ਅਤੇ ਸਾਥੀਆਂ ਤੋਂ ਵਿਛੋੜਾ ਅਤੇ ਵਿਦਾਇਗੀ ਹੈ। ਪਰ ਇਸ ਵਿੱਚ ਤਸੱਲੀ ਵਾਲੀ ਗੱਲ ਇਹ ਹੈ ਕਿ ਮੈਂ ਭਾਰਤ ਜਾ ਕੇ ਸਰਗਰਮੀ ਨਾਲ ਟਰੇਡ ਯੂਨੀਅਨ ਵਿੱਚ ਕੰਮ ਕਰਨ ਦਾ ਇਰਾਦਾ ਰੱਖਦਾ ਹਾਂ ਅਤੇ ਮੈਨੂੰ ਹਮੇਸ਼ਾਂ ਇਸ ਗੱਲ ਦਾ ਅਹਿਸਾਸ ਰਹੇਗਾ ਕਿ ਅਸੀਂ ਇੱਕ ਸਾਂਝੇ ਨਿਸ਼ਾਨੇ - ਮਜ਼ਦੂਰ ਜਮਾਤ ਦੀ ਅਜ਼ਾਦੀ - ਲਈ ਕੰਮ ਕਰ ਰਹੇ ਹਾਂ।


ਦਸ ਸਾਲ ਪਹਿਲਾਂ ਮੈਂ ਆਪਣੀ ਜਵਾਨੀ ਦੇ ਸ਼ੁਰੂ ਵਿੱਚ ਕਨੇਡਾ ਆਇਆ ਸਾਂ। ਏਥੇ ਕਨੇਡਾ ਵਿੱਚ ਆ ਕੇ ਮੈਂ ਮਜ਼ਦੂਰ ਲਹਿਰ ਦਾ ਅੰਮ੍ਰਿਤ ਛਕਿਆ ਅਤੇ ਮਜ਼ਦੂਰ ਜਮਾਤ ਦੇ ਘੋਲ਼ਾਂ ਦਾ ਊੜਾ ਐੜਾ ਸਿੱਖਿਆ। ਮਜ਼ਦੂਰ ਲਹਿਰ ਬਾਰੇ ਹੀ ਨਹੀਂ ਜੀਵਨ ਬਾਰੇ ਵੀ ਮੈਂ ਜੋ ਕੁਝ ਸਿੱਖਿਆ ਹੈ ਉਹ ਮੇਰੇ ਅੰਦਰ ਮੇਰੇ ਨਾਲ ਮਿੱਲਾਂ ਅਤੇ ਕੈਂਪਾਂ ਵਿੱਚ ਕੰਮ ਕਰਨ ਵਾਲਿਆਂ ਨੇ ਅਤੇ ਬਾਅਦ ਵਿੱਚ ਇੰਟਰਨੈਸ਼ਨਲ ਵੁੱਡਵਰਕਰਜ਼ ਆਫ ਅਮਰੀਕਾ ਦੇ ਸਾਥੀਆਂ ਨੇ ਕੁੱਟ ਕੁੱਟ ਕੇ ਭਰਿਆ ਹੈ।


ਇਹ ਕਹਿਣਾ ਪੂਰੀ ਤਰ੍ਹਾਂ ਸਹੀ ਹੈ ਕਿ ਤੁਸੀਂ, ਕਨੇਡਾ ਦੇ ਮਜ਼ਦੂਰ ਲੋਕ, ਮੇਰੇ ਅਧਿਆਪਕ ਅਤੇ ਪੱਥ-ਪ੍ਰਦਰਸ਼ਕ ਹੋ। ਕਨੇਡਾ ਨੂੰ ਅਤੇ ਕਨੇਡਾ ਦੇ ਮਹਾਨ ਲੋਕਾਂ ਨੂੰ ਮੈਂ ਤੁਹਾਡੇ ਰਾਹੀਂ ਹੀ ਜਾਣਿਆਂ ਹੈ। ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਿਆਂ ਮੇਰੇ ਲਈ ਸਾਰਿਆਂ ਦੇ ਨਾਂਅ ਲੈ ਸਕਣਾ ਤਾਂ ਮੁਸ਼ਕਲ ਹੋਵੇਗਾ ਪਰ ਫੇਰ ਵੀ ਮੈਂ ਇਸ ਮੌਕੇ ਆਈ ਡਬਲਿਊ ਏ ਦੀਆਂ ਸਾਰੀਆਂ ਲੋਕਲਾਂ ਅਤੇ ਡਿਸਟਰਿਕਟ ਅਧਿਕਾਰੀਆਂ ਦਾ ਧੰਨਵਾਦ ਕਰਨਾ ਚਾਹੁੰਦਾਂ ਕਿ ਤੁਸੀਂ ਹਮੇਸ਼ਾਂ ਕਿੰਨੀ ਖੁਲ੍ਹ-ਦਿਲੀ ਨਾਲ ਸਹਿਜ ਰੂਪ ਮੇਰੇ ਕੰਮਾਂ ਵਿੱਚ ਮੇਰੀ ਮਦਦ ਕੀਤੀ, ਸਹਿਯੋਗ ਦਿੱਤਾ ਅਤੇ ਸੇਧ ਦਿੱਤੀ।


ਜਦੋਂ 1937 ਵਿੱਚ ਮੈਂ ਪਹਿਲੀ ਵਾਰੀ ਬ੍ਰਿਟਿਸ਼ ਕੋਲੰਬੀਆ ਦੇ ਜੰਗਲਾਂ ਵਿੱਚ ਕੰਮ ਕਰਨ ਗਿਆ ਤਾਂ ਉਸ ਵੇਲੇ ਕੰਮ ਦੀਆਂ ਹਾਲਤਾਂ ਗੁਲਾਮੀ ਵਰਗੀਆਂ ਸਨ। ਉਸ ਸਮੇਂ ਘੱਟ ਤੋਂ ਘੱਟ ਤਨਖਾਹ ਦਾ ਕਾਨੂੰਨ ਸੀ 40 ਸੈਂਟ ਪ੍ਰਤੀ ਘੰਟਾ, ਪਰ ਮੈਂ ਦਸ ਘੰਟੇ ਦੀ ਦਿਹਾੜੀ ਅਤੇ ਵੀਹ ਸੈਂਟ ਪ੍ਰਤੀ ਘੰਟਾ ਉੱਤੇ ਕੰਮ ਕਰਦਾ ਰਿਹਾ ਹਾਂ, ਕਿਉਂਕਿ ਇਸਦਾ ਬਦਲ ਸੀ ਬੇਰੁਜ਼ਗਾਰੀ ਅਤੇ ਭੁੱਖਮਰੀ।


ਸਾਡੀ ਜਥੇਬੰਦ ਕਰਨ ਦੀ ਮੁਹਿੰਮ ਬੜੀ ਕਠਨਾਈਆਂ ਭਰੀ ਸੀ ਪਰ ਸਾਂਝੀਆਂ ਕੋਸ਼ਸ਼ਾਂ ਰਾਹੀਂ ਮਜ਼ਦੂਰ ਜੇਤੂ ਹੋਏ ਅਤੇ ਉਨ੍ਹਾਂ ਨੇ ਕਨੇਡਾ ਭਰ ਵਿੱਚੋਂ ਸੱਭ ਤੋਂ ਮਹਾਨ ਅਤੇ ਜੁਝਾਰੂ (ਮਿਲੀਟੈਂਟ) ਜਥੇਬੰਦੀ ਕਾਇਮ ਕੀਤੀ।


ਆਈ ਡਬਲਿਊ ਏ ਦੀ ਸੱਭ ਤੋਂ ਵੱਡੀ ਪ੍ਰਾਪਤੀ, ਸਾਰੇ ਲੱਕੜ-ਕਾਮਿਆਂ (ਵੁੱਡਵਰਕਰਜ਼) ਨੂੰ - ਗੋਰੇ, ਇੰਡੀਅਨ, ਚੀਨੇ, ਜਪਾਨੀ - ਬਿਨਾਂ ਕਿਸੇ ਨਸਲ ਜਾਂ ਰੰਗ ਦੇ ਵਖਰੇਵੇਂ ਦੇ ਸੱਭ ਨੂੰ ਇੱਕ ਲੜੀ ਵਿੱਚ ਜੋੜਨ ਦੀ ਸੀ। ਆਈ ਡਬਲਿਊ ਏ ਦੇ ਦੂਰ ਅੰਦੇਸ਼ੀ ਵਾਲੇ ਅਤੇ ਜੁਝਾਰੂ ਆਗੂਆਂ ਦੀ ਮਿਹਰਬਾਨੀ ਨਾਲ 37,000 ਲੱਕੜ-ਕਾਮੇ ਹੁਣ ਮੁਕਾਬਲਤਨ ਚੰਗੀਆਂ ਤਨਖਾਹਾਂ ਅਤੇ ਕੰਮ ਦੀਆਂ ਹਾਲਤਾਂ ਦਾ ਆਨੰਦ ਮਾਣ ਰਹੇ ਹਨ। ਕਈ ਤਰ੍ਹਾਂ ਨਾਲ, ਘੱਟ ਗਿਣਤੀਆਂ ਦੇ ਲੋਕਾਂ ਨੂੰ, ਜਿਨ੍ਹਾਂ ਨਾਲ ਹਮੇਸ਼ਾਂ ਵਿਤਕਰਾ ਅਤੇ ਵਧੀਕੀਆਂ ਹੁੰਦੀਆਂ ਰਹੀਆਂ ਹਨ, ਕਾਫੀ ਜ਼ਿਆਦਾ ਫਾਇਦਾ ਹੋਇਆ ਹੈ।


ਇਹ ਮਹਾਨ ਏਕਤਾ ਅਤੇ ਯੋਗ ਅਗਵਾਈ, ਜਿਹਨੇ ਬੀ ਸੀ ਦੇ ਲੱਕੜ-ਕਾਮਿਆਂ ਵਾਸਤੇ ਇੰਨੇ ਜ਼ਿਆਦਾ ਹੱਕ ਜਿੱਤੇ ਹਨ, ਹਰ ਹਾਲਤ ਵਿੱਚ ਕਾਇਮ ਰਹਿਣੀ ਚਾਹੀਦੀ ਹੈ ਅਤੇ ਵਧਣੀ ਚਾਹੀਦੀ ਹੈ। ਮਾਲਕ ਦੇ ਏਜੰਟਾਂ ਵਲੋਂ ਅਤੇ ਚਿੜਚਿੜੇ ਸੁਆਰਥੀ ਲੋਕਾਂ ਵਲੋਂ ਅੰਦਰੂਨੀ ਤੌਰ ਉੱਤੇ ਅੜਚਨਾਂ, ਅਤੇ ਮਾਲਕਾਂ ਵਲੋਂ ਅਤੇ ਉਨ੍ਹਾਂ ਦੇ ਕਠਪੁਤਲੇ ਸਿਆਸੀ ਲੋਕਾਂ ਵਲੋਂ ਬਾਹਰੋਂ ਹੋਣ ਵਾਲੇ ਹਮਲੇ ਬੇਸ਼ੱਕ ਜ਼ਾਰੀ ਰਹਿਣਗੇ। ਪਰ ਤੁਸੀਂ, ਆਈ ਡਬਲਿਊ ਏ ਦੇ ਸਾਥੀਓ, ਹਮੇਸ਼ਾਂ ਇੱਕਮੁੱਠ ਰਹਿਣਾ ਅਤੇ ਮਜ਼ਦੂਰ ਜਮਾਤ ਦੇ ਸਾਰੇ ਦੁਸ਼ਮਣਾਂ ਨੂੰ ਹਾਰ ਦੇਣੀ। ਸਿਰਫ ਲਗਾਤਾਰ ਚੌਕਸ ਰਹਿਣ ਨਾਲ ਅਤੇ ਸੰਘਰਸ਼ ਨਾਲ ਹੀ ਆਈ ਡਬਲਿਊ ਏ ਅਤੇ ਮਜ਼ਦੂਰ ਲਹਿਰ ਬਚਾਈ ਅਤੇ ਵਧਾਈ ਜਾ ਸਕਦੀ ਹੈ। ਸਾਡਾ ਇਹ ਹੀ ਨਾਹਰਾ ਹੋਣਾ ਚਾਹੀਦਾ ਹੈ।


ਆਰਥਿਕ ਮੁਹਾਣ ਉੱਤੇ ਅਸੀਂ ਕਾਫੀ ਮੱਲਾਂ ਮਾਰੀਆਂ ਹਨ ਪਰ ਅਜੇ ਬਹੁਤ ਕੁਝ ਕਰਨ ਵਾਲਾ ਪਿਆ ਹੈ ਅਤੇ ਮੇਰਾ ਇਹ ਪੱਕਾ ਵਿਸ਼ਵਾਸ ਹੈ ਕਿ ਆਈ ਡਬਲਿਊ ਏ ਨੂੰ ਹੋਰ ਸਰਗਰਮੀ ਨਾਲ ਸਿਆਸਤ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਅਸੀਂ ਸਾਫ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਸਾਡੀਆਂ ਆਰਥਿਕ ਪ੍ਰਾਪਤੀਆਂ ਨੂੰ ਬਿੱਲ 39 ਵਰਗੇ ਸਿਆਸੀ ਕਾਨੂੰਨਾਂ ਨਾਲ ਤਬਦੀਲ ਕਰ ਕੇ ਸਾਥੋਂ ਖੋਹਿਆ ਜਾ ਸਕਦਾ ਹੈ। ਇਸ ਮੈਦਾਨ ਵਿੱਚ ਆਈ ਡਬਲਿਊ ਏ ਨੂੰ ਕੰਮ ਕਰਕੇ ਬੀ ਸੀ ਵਿੱਚ ਅਤੇ ਕਨੇਡਾ ਵਿੱਚ ਮਜ਼ਦੂਰਾਂ ਅਤੇ ਕਿਸਾਨਾਂ ਦੇ ਸਾਂਝੇ ਮੋਰਚੇ ਵਾਲੀ ਲੋਕ-ਸਰਕਾਰ ਕਾਇਮ ਕਰਨੀ ਚਾਹੀਦੀ ਹੈ।


ਅੱਜ ਅਮਰੀਕਨ ਸਾਮਰਾਜਵਾਦ ਦੂਜੇ ਲੋਕਾਂ ਦੀਆਂ ਆਜ਼ਾਦੀਆਂ ਉੱਪਰ ਆਪਣੀਆਂ ਚੰਮ ਦੀਆਂ ਚਲਾ ਰਿਹਾ ਹੈ। ਅਮਰੀਕਨ ਸਾਮਰਾਜੀ ਸਾਰੇ ਯੂਰਪ ਨੂੰ ਆਪਣੀ ਜੇਬ ਵਿੱਚ ਪਾਉਣਾ ਚਾਹੁੰਦੇ ਹਨ। ਉਹ ਚੀਨ ਦੇ ਲੋਕਾਂ ਦੇ ਖਿਲਾਫ ਤਾਨਾਸ਼ਾਹ ਚਿਆਂਗ-ਕਾਏ-ਸ਼ੇਕ ਦੀ ਹਮਾਇਤ ਕਰ ਰਹੇ ਹਨ। ਸਾਊਥ ਈਸਟ ਏਸ਼ੀਆ ਵਿੱਚ ਬ੍ਰਿਟਿਨ, ਫਰਾਂਸ ਅਤੇ ਹੌਲੈਂਡ (ਅਮਰੀਕਨ ਮਦਦ ਨਾਲ) ਇੰਡੋਨੇਸ਼ੀਆ, ਵੀਅਤਨਾਮ ਅਤੇ ਇੰਡੋਚਾਈਨਾ ਦੀਆਂ ਰੀਪਬਲਿਕਾਂ ਨੂੰ ਕੁਚਲਣ ਦੀਆਂ ਕੋਸ਼ਸ਼ਾਂ ਕਰ ਰਹੇ ਹਨ।


ਭਾਰਤ ਵਿੱਚ ਜਿੱਥੇ ਸਾਡੇ ਲੋਕਾਂ ਨੇ ਬਰਤਾਨਵੀ ਬਸਤੀਵਾਦੀਆਂ ਕੋਲੋਂ ਵੱਡੀਆਂ ਰਿਆਇਤਾਂ ਜਿੱਤੀਆਂ ਹਨ ਅਤੇ 200 ਸਾਲ ਦੇ ਬਿਗਾਨੇ ਰਾਜ ਬਾਅਦ ਆਪਣੀ ਕੌਮੀ ਸਰਕਾਰ ਪ੍ਰਾਪਤ ਕੀਤੀ ਹੋਈ ਹੈ ਪਰ ਅਜੇ ਵੀ ਬਰਤਾਨੀਆਂ ਵਾਲੇ ਅਸਿੱਧੇ ਤਰੀਕੇ ਨਾਲ ਆਰਥਿਕ ਸਰਦਾਰੀ, ਦੇਸ਼ ਵੰਡ, ਅਤੇ ਰਜਵਾੜਾ ਸ਼ਾਹੀ ਅਤੇ ਵੱਡੇ ਵਪਾਰੀਆਂ ਨਾਲ ਸਾਂਝ ਰੱਖ ਕੇ ਦੇਸ਼ ਉੱਪਰ ਆਪਣਾ ਕਬਜਾ ਕਾਇਮ ਰੱਖਣ ਦੀਆਂ ਕੋਸ਼ਸ਼ਾਂ ਕਰ ਰਹੇ ਹਨ।


ਇਨ੍ਹਾਂ ਸਾਰੇ ਕੇਸਾਂ ਵਿੱਚ ਕਨੇਡੀਅਨ ਸਰਕਾਰ ਸਥਾਨਕ ਲੋਕਾਂ ਦੇ ਅਜ਼ਾਦੀ ਲਈ ਚੱਲ ਰਹੇ ਘੋਲ਼ਾਂ ਵਿਰੁੱਧ ਸਾਮਰਾਜਵਾਦੀਆਂ ਦੀ ਹਮਾਇਤ ਕਰ ਰਹੀ ਹੈ। ਸੰਖੇਪ ਵਿੱਚ, ਉਹੀ ਇਜਾਰੇਦਾਰ ਤਾਕਤਾਂ ਜਿਹੜੀਆਂ ਕਨੇਡੀਅਨ ਲੋਕਾਂ ਦੇ ਰਹਿਣ ਦੇ ਪੱਧਰ ਨੂੰ ਨੀਵਾਂ ਰੱਖਣ ਦੀ ਕੋਸ਼ਸ਼ ਕਰ ਰਹੀਆਂ ਹਨ, ਬਸਤੀਆਂ ਦੇ ਲੋਕਾਂ ਨੂੰ ਗੁਲਾਮ ਬਣਾਈ ਰੱਖਣ ਲਈ ਤਤਪਰ ਹਨ। ਨਤੀਜੇ ਵਜੋਂ, ਕਨੇਡੀਅਨ ਮਜ਼ਦੂਰ ਜਮਾਤ ਦਾ ਅਤੇ ਮੇਰੇ ਦੇਸ਼ ਦੇ ਲੋਕਾਂ ਦਾ ਇਕੋ ਇੱਕ ਸਾਂਝਾ ਦੁਸ਼ਮਣ ਹੈ ਦੁਨੀਆਂ ਦਾ ਸਾਮਰਾਜਵਾਦ। ਜੇ ਸਾਡੇ ਦੋਵਾਂ ਲੋਕਾਂ ਨੇ ਇਸ ਜ਼ਹਿਰੀਲੇ ਦੁਸ਼ਮਣ ਸਾਹਮਣੇ ਆਪਣੀ ਹੋਂਦ ਕਾਇਮ ਰੱਖਣੀ ਹੈ ਤਾਂ ਸਾਨੂੰ ਪੱਕੀ ਸਾਂਝ ਸਥਾਪਤ ਕਰਨੀ ਪਵੇਗੀ। ਸਾਮਰਾਜਵਾਦ ਵਿਰੁੱਧ ਸੰਘਰਸ਼ ਦੀ ਜਿੱਤ ਵਿੱਚ ਇਹ ਏਕਤਾ ਹੀ ਅਸਲੀ ਕੁੰਜੀ ਹੈ।


ਮੈਂ ਤੁਹਾਡੇ ਨਾਲ ਇਸ ਗੱਲ ਦਾ ਵਾਇਦਾ ਕਰਦਾ ਹਾਂ ਕਿ ਭਾਰਤੀ ਟਰੇਡ ਯੂਨੀਅਨ ਦੀ ਲਹਿਰ ਵਿੱਚ ਕੰਮ ਕਰਕੇ ਮੈਂ ਇਨ੍ਹਾਂ ਦੋਨ੍ਹਾਂ ਲੋਕਾਂ ਦਰਮਿਆਨ ਏਕਤਾ ਕਾਇਮ ਕਰਨ ਵਾਸਤੇ ਆਪਣੀ ਵਲੋਂ ਹਰ ਕੋਸ਼ਸ਼ ਕਰਾਂਗਾ। ਅਤੇ ਮੈਨੂੰ ਇਸ ਗੱਲ ਦਾ ਪੂਰਨ ਵਿਸ਼ਵਾਸ ਹੈ ਕਿ ਤੁਸੀਂ, ਕਨੇਡੀਅਨ ਮਜ਼ਦੂਰ ਲਹਿਰ ਦੇ ਸਾਥੀ, ਮੇਰੇ ਲੋਕਾਂ ਦੀ ਅਤੇ ਦੁਨੀਆਂ ਦੇ ਹੋਰ ਲੋਕਾਂ ਦੀ ਬਸਤੀਵਾਦੀਆਂ ਕੋਲੋਂ ਅਜ਼ਾਦੀ ਦੀ ਲੜਾਈ ਦੀ ਮਦਦ ਵਿੱਚ ਜੋ ਵੀ ਕਰ ਸਕੇ ਪੂਰੀ ਕੋਸ਼ਿਸ਼ ਨਾਲ ਕਰੋਗੇ। ਕਨੇਡਾ ਦੇ ਮਜ਼ਦੂਰ ਕਦੇ ਵੀ ਆਪਣੀ ਮੁਕੰਮਲ ਅਜ਼ਾਦੀ ਸਥਾਪਤ ਨਹੀਂ ਕਰ ਸਕਣਗੇ ਜਿੰਨਾ ਚਿਰ ਅੱਧੀ ਦੁਨੀਆਂ ਦੇ ਲੋਕ ਬਸਤੀਆਂ ਵਿੱਚ ਸਿੱਧੇ ਜਾਂ ਅਸਿੱਧੇ ਤੌਰ ਉੱਤੇ ਇਜਾਰੇਦਾਰ ਪੂੰਜੀਵਾਦ ਦੇ ਗੁਲਾਮ ਬਣੇ ਰਹਿਣਗੇ।


ਮੈਂ ਇੱਕ ਵਾਰੀ ਫੇਰ ਆਈ ਡਬਲਿਊ ਏ ਦੀ ਸਮੁੱਚੀ ਮੈਂਬਰਸ਼ਾਪ ਅਤੇ ਆਗੂਆਂ ਦਾ ਨਿੱਘਾ ਧੰਨਵਾਦ ਕਰਨਾ ਚਾਹੁੰਦਾ ਹਾਂ ਅਤੇ ਸੱਭ ਨੂੰ ਸ਼ੁੱਭ ਇਛਾਵਾਂ ਭੇਜਦਾ ਹਾਂ। ਕਿਰਪਾ ਕਰਕੇ ਮੇਰੇ ਇਸ ਖੱਤ ਨੂੰ ਮੇਰਾ ਡਿਸਟਰਿਕਟ ਟਰੱਸਟੀ ਦੇ ਔਹਦੇ, ਜਿਸ ਉੱਪਰ ਮੈਂ ਕਈ ਸਾਲ ਰਿਹਾ ਹਾਂ, ਤੋਂ ਅਸਤੀਫਾ ਸਮਝਣਾ।


ਅੱਗੇ ਆਉਣ ਵਾਲੇ ਸੰਘਰਸ਼ਾਂ ਵਿੱਚ ਤੁਹਾਨੂੰ ਸੱਭ ਸਾਥੀਆਂ ਨੂੰ ਹਰ ਜਿੱਤ ਦੀ ਕਾਮਨਾ ਕਰਦਾ ਹਾਂ। ਅਲਵਿਦਾ ਆਈ ਡਬਲਿਊ ਏ ਅਤੇ ਅਲਵਿਦਾ ਕੈਨੇਡਾ।



ਭਰਾਤਰੀ ਪਿਆਰ ਨਾਲ



ਦਰਸ਼ਨ ਸਿੰਘ



ਹਵਾਲੇ ਅਤੇ ਟਿੱਪਣੀਆਂ



1. ਦਰਸ਼ਨ ਸਿੰਘ ਕਨੇਡੀਅਨ ਇੰਟਰਵਿਊ, ਸਾਧੂ ਬਿਨਿੰਗ, ਡਾਕਟਰ ਹਰੀ ਸ਼ਰਮਾ, ਸੁਖਵੰਤ ਹੁੰਦਲ ਅਤੇ ਮਾਖਣ ਟੁੱਟ, ਮਾਰਚ, 1985, ਵੈਨਕੂਵਰ ਬੀ ਸੀ।



2. ਦਰਸ਼ਨ ਸਿੰਘ ਕਨੇਡੀਅਨ, ਇੰਟਰਵਿਊ।



3. ਏਮਲ ਬਿਓਰਨਸਨ ਇੰਟਰਵਿਊ, ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ, ਅਪਰੈਲ 2, 1997, ਵੈਨਕੂਵਰ।



4. ਦਰਸ਼ਨ ਸਿੰਘ ਕਨੇਡੀਅਨ ਇੰਟਰਵਿਊ।



5. ਦਰਸ਼ਨ ਸਿੰਘ ਕਨੇਡੀਅਨ ਇੰਟਰਵਿਊ।



6. ਕੁਲਦੀਪ ਸਿੰਘ ਬੈਂਸ ਇੰਟਰਵਿਊ, ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ, 30 ਅਕਤੂਬਰ 1984, ਵੈਨਕੂਵਰ।



7. ਦਰਸ਼ਨ ਸਿੰਘ ਕਨੇਡੀਅਨ ਇੰਟਰਵਿਊ।



8. ਕਰੇਗ ਪਰਿਚਟ ਇੰਟਰਵਿਊ, ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ, 8 ਅਗਸਤ 1997, ਵੈਨਕੂਵਰ।



9. ਦਰਸ਼ਨ ਸਿੰਘ ਕਨੇਡੀਅਨ ਇੰਟਰਵਿਊ।



10. ਕਰੇਗ ਪਰਿਚਟ ਇੰਟਰਵਿਊ।



11. ਅਲਬਰਟਾ ਵਰਕਰਜ਼ ਵੈਲਕਮ ਆਈ ਡਬਲਯੂ, ਦਰਸ਼ਨ ਸਿੰਘ ਕਨੇਡੀਅਨ, ਬੀ ਸੀ ਲੰਬਰ ਵਰਕਰਜ਼, 4 ਨਵੰਬਰ, 1946, ਵੈਨਕੂਵਰ।



12. ਉਹੀ।



13. ਉਹੀ।



14. ਮਿਸਟਰ ਰੁਆਏ ਮਾਹ ਨਾਲ ਸਾਧੂ ਬਿਨਿੰੰੰਗ ਦੀ ਅਪਰੈਲ, 1997 ਨੂੰ ਫੋਨ ਉੱਪਰ ਕੀਤੀ ਗੱਲਬਾਤ ਉੱਤੇ ਆਧਾਰਤ, ਵੈਨਕੂਵਰ।



15. ਦਰਸ਼ਨ ਸਿੰਘ ਕਨੇਡੀਅਨ ਸ਼ਰਧਾਂਜਲੀ ਸਮਾਗਮ, 12 ਅਕਤੂਬਰ 1986, ਵੈਨਕੂਵਰ, ਸਮੇਂ ਕਲੇਅ ਪੈਰੀ ਵਲੋਂ ਕੀਤੀ ਸਪੀਚ ਵਿੱਚੋਂ।



16. "ਦਰਸ਼ਨ ਸਿੰਘ ਸੁਪੋਰਟ ਯੂਨਿਟੀ", ਬੀ ਸੀ ਲੰਬਰ ਵਰਕਰਜ਼, 6 ਨਵੰਬਰ, 1944, ਸਫਾ 1.



17. ਦੇਖੋ "ਭਾਰਤੀਆਂ ਨੇ ਕਨੇਡਾ ਵਿੱਚ ਵੋਟ ਦਾ ਹੱਕ ਕਿਸ ਤਰ੍ਹਾਂ ਲਿਆ: ਪੰਜਾਹਵੀਂ ਵਰ੍ਹੇ ਗੰਢ ਸਮੇਂ ਵਿਸ਼ੇਸ਼", ਸੁਖਵੰਤ ਹੁੰਦਲ ਅਤੇ ਸਾਧੂ ਬਿਨਿੰਗ, ਵੈਨਕੂਵਰ ਸੱਥ ਪਬਲੀਕੇਸ਼ਨਜ਼, ਵੈਨਕੂਵਰ, 1997, ਸਫਾ 33-34।



18. ਉਹੀ ਸਫਾ 29.



19. ਉਹੀ ਸਫਾ 48.



20. ਵਿਕਟੋਰੀਆ ਡੇਲੀ ਟਾਈਮਜ਼, ਅਪਰੈਲ 7, 1945, ਸਫਾ 4.



21. ਦਰਸ਼ਨ ਸਿੰਘ ਕਨੇਡੀਅਨ ਵਲੋਂ 1943 ਵਿੱਚ ਲਿਖੀ ਕਿਤਾਬ ਜੋ 1948 ਵਿੱਚ ਪ੍ਰਕਾਸ਼ਿਤ ਹੋਈ: ਦਾ ਰਾਈਜ਼ ਆਫ ਨਿਊ ਏਸ਼ੀਆ, ਪਰੌਗਰੇੱਸ ਪਬਲਿਸ਼ਿੰਗ, ਟਰਾਂਟੋ।



22. ਜਿਵੇਂ ਪਹਿਲਾਂ ਜ਼ਿਕਰ ਕੀਤਾ ਗਿਆ ਹੈ ਕਿ ਇਹ ਲੇਖ ਲਿਖਣ ਲਈ ਅਸੀਂ ਦਰਸ਼ਨ ਸਿੰਘ ਹੋਰਾਂ ਨਾਲ ਕੀਤੀ ਆਪਣੀ ਲੰਬੀ ਇੰਟਰਵਿਊ ਨੂੰ ਕਾਫੀ ਹੱਦ ਤੱਕ ਆਧਾਰ ਬਣਾਇਆ ਹੈ। ਪਰ ਅਸੀਂ ਆਪਣੀ ਵਲੋਂ ਇਸ ਗੱਲ ਦੀ ਵੀ ਪੂਰੀ ਕੋਸ਼ਸ਼ ਕੀਤੀ ਹੈ ਕਿ ਦੂਜੇ ਸੋਮਿਆਂ ਕੋਲੋਂ ਵੀ ਦਰਸ਼ਨ ਸਿੰਘ ਦੇ ਜੀਵਨ ਅਤੇ ਯੋਗਦਾਨ ਬਾਰੇ ਜਾਣਕਾਰੀ ਇਕੱਤਰ ਕਰੀਏ। ਇਸ ਮਕਸਦ ਲਈ ਅਸੀਂ ਆਈ ਡਬਲਯੂ ਏ ਦੇ ਉਸ ਸਮੇਂ ਬਾਰੇ ਲਿਖੇ ਗਏ ਇਤਿਹਾਸਕ ਦਸਤਾਵੇਜਾਂ ਨੂੰ ਦੇਖਿਆ ਹੈ। ਨਾਲ ਹੀ ਅਸੀਂ ਕਾਫੀ ਸਾਰੇ ਉਨ੍ਹਾਂ ਲੋਕਾਂ ਨਾਲ ਗੱਲਬਾਤ ਕੀਤੀ ਹੈ ਜਿਹੜੇ ਦਰਸ਼ਨ ਸਿੰਘ ਨੂੰ ਨਿੱਜੀ ਤੌਰ ਉੱਤੇ ਜਾਣਦੇ ਸਨ ਅਤੇ ਉਹਦੇ ਨਾਲ ਕੰਮ ਕਰਦੇ ਰਹੇ ਸਨ। ਇਨ੍ਹਾਂ ਵਿੱਚ ਸ਼ਾਮਲ ਹਨ: ਮੌਰਿਸ ਰਸ਼ ਜੋ ਬਹੁਤ ਲੰਬਾ ਸਮਾਂ ਕਮਿਊਨਿਸਟ ਪਾਰਟੀ ਦੇ ਔਹਦੇਦਾਰ ਰਹੇ ਅਤੇ ਇਸ ਵੇਲੇ ਵੈਨਕੂਵਰ ਵਿੱਚ ਰਹਿ ਰਹੇ ਹਨ। ਏਮੀਲ ਬਿਓਰਨਸਨ ਜੋ ਯੂਨੀਵਰਸਿਟੀ ਦੇ ਸਮੇਂ ਤੋਂ ਦਰਸ਼ਨ ਸਿੰਘ ਦੇ ਵਾਕਿਫ ਸਨ ਅਤੇ ਉਨ੍ਹਾਂ ਨਾਲ ਯੰਗ ਕਮਿਊਨਿਸਟ ਲੀਗ ਦੇ ਸਮੇਂ ਤੋਂ ਮਿਲ਼ ਕੇ ਸਰਗਰਮੀਆਂ ਕੀਤੀਆਂ ਸਨ। ਮੋਨਾ ਮੋਰਗਨ ਜੋ ਆਈ ਡਬਲਯੂ ਏ ਵਿੱਚ ਇਸਤਰੀਆਂ ਨੂੰ ਜਥੇਬੰਦ ਕਰਨ ਵਿੱਚ ਅਤੇ ਯੂਨੀਅਨ ਦੀ ਅਖਬਾਰ ਲੰਬਰ ਵਰਕਰ ਵਿੱਚ ਲੰਬਾ ਸਮਾਂ ਕੰਮ ਕਰਦੇ ਰਹੇ ਹਨ ਅਤੇ ਉੱਘੇ ਆਗੂ ਨਾਈਜਲ ਮੋਰਗਨ ਦੇ ਜੀਵਨ ਸਾਥੀ ਸਨ। ਹੈਰੀ ਰੈਂਕਿੰਨ ਜਿਨ੍ਹਾਂ ਦੀ ਦਰਸ਼ਨ ਸਿੰਘ ਦੇ ਕਨੇਡਾ ਵਿਚਲੇ ਅਖੀਰਲੇ ਦੋ ਸਾਲਾਂ ਦੌਰਾਨ ਉਸ ਨਾਲ ਕਾਫੀ ਨੇੜਤਾ ਰਹੀ ਸੀ। ਚੀਨੀ ਕਮਿਊਨਿਟੀ ਦੇ ਯੂਨੀਅਨ ਆਰਗੇਨਾਈਜ਼ਰ ਰੁਆਏ ਮਾਹ ਜੋ ਚੀਨੀ ਕਮਿਊਨਿਟੀ ਵਿੱਚ ਕਈ ਦਹਾਕੇ ਅਖਬਾਰ ਚਲਾਉਂਦੇ ਰਹੇ ਹਨ। ਕਰੇਗ ਪਰਿਚਟ, ਜੋ ਹੈਰਲਡ ਪਰਿਚਟ ਦੇ ਸਪੁੱਤਰ ਹਨ ਅਤੇ ਆਪਣੀ ਛੋਟੀ ਉਮਰ ਤੋਂ ਹੀ ਅਗਾਂਹਵਧੂ ਸਰਗਰਮੀਆਂ ਵਿੱਚ ਸ਼ਾਮਲ ਰਹੇ ਹਨ। ਕੁਲਦੀਪ ਸਿੰਘ ਬੈਂਸ ਜੋ ਦਰਸ਼ਨ ਸਿੰਘ ਦੇ ਨਾਲ ਕਮਿਊਨਿਸਟ ਪਾਰਟੀ ਦੇ ਮੈਂਬਰ ਵੀ ਸਨ ਅਤੇ ਯੂਨੀਅਨ ਜਥੇਬੰਦ ਕਰਨ ਵਿੱਚ ਵੀ ਸਰਗਰਮ ਸਨ। ਮਾਰਗਰੇਟ ਐਂਡਰੂਸਿਐਕ ਜੋ ਦਰਸ਼ਨ ਸਿੰਘ ਨੂੰ ਉਸਦੇ ਸਰਗਰਮੀ ਦੇ ਸਮੇਂ ਤੋਂ ਜਾਣਦੇ ਸਨ। ਏਸੇ ਤਰ੍ਹਾਂ ਅਸੀਂ ਆਈ ਡਬਲਯੂ ਦੇ ਮੌਜੂਦਾ ਔਹਦੇਦਾਰ ਕਲੇਅ ਪੈਰੀ ਜਿਸ ਨੇ ਦਰਸ਼ਨ ਸਿੰਘ ਨਾਲ ਦੇਸ਼ ਜਾ ਕੇ ਮੁਲਾਕਾਤਾਂ ਕੀਤੀਆਂ ਹਨ, ਨਾਲ ਵੀ ਦਰਸ਼ਨ ਸਿੰਘ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ। ਇਨ੍ਹਾਂ ਸਾਰਿਆਂ ਨਾਲ ਵਿਚਾਰ ਵਟਾਂਦਰੇ ਬਾਅਦ ਅਸੀਂ ਇਸ ਸਿੱਟੇ ਉੱਤੇ ਪਹੁੰਚੇ ਹਾਂ ਕਿ ਦਰਸ਼ਨ ਸਿੰਘ ਦੇ ਪਾਏ ਯੋਗਦਾਨ ਨੂੰ ਉਸ ਸਮੇਂ ਦਾ ਇਤਿਹਾਸ ਲਿਖਣ ਵਾਲਿਆਂ ਵਲੋਂ ਨਜ਼ਰ ਅੰਦਾਜ਼ ਕੀਤਾ ਗਿਆ ਹੈ।



23. ਹੈਰੀ ਰੈਂਕਿੰਨ ਇੰਟਰਵਿਊ, ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ, ਅਪਰੈਲ 2, 1997, ਵੈਨਕੂਵਰ।



24. ਦਰਸ਼ਨ ਸਿੰਘ ਕਨੇਡੀਅਨ ਸ਼ਰਧਾਂਜਲੀ ਸਮਾਗਮ, 12 ਅਕਤੂਬਰ 1986, ਵੈਨਕੂਵਰ, ਸਮੇਂ ਕਲੇਅ ਪੈਰੀ ਵਲੋਂ ਕੀਤੀ ਸਪੀਚ ਵਿੱਚੋਂ।


ਸੋਰਸ :- watanpunjabi.ca



No comments:

Post a Comment