Wednesday, January 5, 2011

ਮੈਂ ਨਾਸਤਿਕ ਕਿਉਂ ਹਾਂ: ਜਾਣ ਪਛਾਣ - ਪ੍ਰੋ. ਬਿਪਨ ਚੰਦਰ

ਭਗਤ ਸਿੰਘ ਹਿੰਦੁਸਤਾਨ ਦੇ ਮਹਾਨਤਮ ਸੁਤੰਤਰਤਾ- ਸੰਗਰਾਮੀਆਂ ਤੇ ਇਨਕਲਾਬੀ ਸਮਾਜਵਾਦੀਆਂ ਵਿਚੋਂ ਹੋਣ ਦੇ ਨਾਲ-ਨਾਲ ਹਿੰਦੁਸਤਾਨ ਦੇ ਮੁੱਢਲੇ ਮਾਰਕਸਵਾਦੀ ਚਿੰਤਕਾਂ ਤੇ ਸਿਧਾਂਤਕਾਰਾਂ ਵਿਚੋਂ ਵੀ ਸੀ।
ਬਿਪਨ ਚੰਦਰ
ਮੰਦੇ ਭਾਗੀਂ  ਭਗਤ ਸਿੰਘ ਦਾ ਮਾਰਕਸਵਾਦੀ ਚਿੰਤਕ ਤੇ ਸਿਧਾਂਤਕਾਰ ਹੋਣ ਵਾਲਾ ਪੱਖ ਬਹੁਤ ਘੱਟ ਜਾਣਿਆਂ ਜਾਂਦਾ ਹੈ ਅਤੇ ਇਹਦਾ ਨਤੀਜਾ ਇਹ ਨਿਕਲਿਆ ਕਿ ਹਰ ਭਾਂਤ ਦੇ ਪ੍ਰਤਿਗਾਮੀ, ਪੁਰਾਤਨਪੰਥੀ ਤੇ ਫਿਰਕਾਪ੍ਰਸਤ ਭਗਤ ਸਿੰਘ ਤੇ ਚੰਦਰ ਸ਼ੇਖਰ ਆਜ਼ਾਦ ਵਰਗੇ ਸਾਥੀਆਂ ਦੇ ਨਾਵਾਂ ਤੇ ਉਨ੍ਹਾਂ ਦੀ ਸ਼ੁਹਰਤ ਨੂੰ ਬੇਈਮਾਨੀ ਤੇ ਗ਼ਲਤ ਤਰੀਕੇ ਨਾਲ ਆਪਣੀ ਸਿਆਸਤ ਤੇ ਵਿਚਾਰਧਾਰਾਵਾਂ ਵਾਸਤੇ ਵਰਤਣ ਦੀ ਕੋਸ਼ਿਸ਼ ਕਰਦੇ ਰਹੇ ਹਨ।
ਭਗਤ ਸਿੰਘ 23 ਵਰ੍ਹਿਆਂ ਦੀ ਨਿੱਕੀ ਉਮਰ ਵਿਚ ਹੀ ਸ਼ਹੀਦ ਹੋ ਗਿਆ। ਉਹਦੀ ਸਿਆਸੀ ਵਿਚਾਰਧਾਰਾ ਤੇ ਅਮਲ ਦਾ ਵਿਕਾਸ ਬਹੁਤ ਛੋਟੀ ਉਮਰ ਵਿਚ ਸ਼ੁਰੂ ਹੋ ਗਿਆ ਸੀ, ਜਦ ਉਹਨੇ ਗਾਂਧੀਵਾਦੀ ਰਾਸ਼ਟਰਵਾਦ ਤੋਂ ਇਨਕਲਾਬੀ ਦਹਿਸ਼ਤਵਾਦ ਵਲ ਤਿੱਖਾ ਮੋੜ ਕਟਿਆ। 1927-28 ਵਿਚ ਹੀ ਉਹਦਾ ਰੁਖ ਇਨਕਲਾਬੀ ਦਹਸ਼ਤਵਾਦ ਤੋਂ ਮਾਰਕਸਵਾਦ ਵਲ ਵਲ ਹੋਣਾ ਸ਼ੁਰੂ ਹੋ ਗਿਆ ਸੀ। 1925 ਤੋਂ 1928 ਤਕ ਦੇ ਤਿੰਨ ਵਰ੍ਹਿਆਂ ਦੇ ਅਰਸੇ ਵਿਚ ਹੀ ਭਗਤ ਸਿੰਘ ਨੇ ਬੇਸ਼ੁਮਾਰ ਕਿਤਾਬਾਂ ਪੜ੍ਹੀਆਂ, ਜਿੰਨਾਂ ਵਿਚੋਂ ਬਹੁਤੀਆਂ ਕਿਤਾਬਾਂ ਰੂਸੀ ਇਨਕਲਾਬ ਤੇ ਸੋਵੀਅਤ ਯੂਨੀਅਨ ਬਾਰੇ ਸਨ। ਓਦੋਂ ਇਹੋ ਜਿਹੀਆਂ ਕਿਤਾਬਾਂ ਹਾਸਲ ਕਰ ਲੈਣਾ ਹੀ ਬੜਾ ਜੋਖੋਂ ਵਾਲਾ ਤੇ ਇਨਕਲਾਬੀ ਕੰਮ ਹੁੰਦਾ ਸੀ। ਤੀਜੇ ਦਹਾਕੇ ਵਿਚ ਇਨਕਲਾਬੀ ਲਹਿਰਾਂ, ਅਰਾਜਕਤਵਾਦ ਅਤੇ ਮਾਰਕਸਵਾਦ ਬਾਰੇ ਹਿੰਦੁਸਤਾਨ ਵਿਚ ਸਭ ਤੋਂ ਵਧ ਪੜ੍ਹਿਆ-ਗੁੜ੍ਹਿਆ ਭਗਤ ਸਿੰਘ ਹੀ ਸੀ। ਉਹਨੇ ਆਪਣੇ ਮੁਕੱਦਮੇ ਦੌਰਾਨ ਲਾਹੌਰ ਹਾਈ ਕੋਰਟ ਵਿਚ ਬਿਆਨ ਦਿਤਾ ਸੀ ਕਿ "ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ ਉਤੇ ਤਿੱਖੀ ਹੁੰਦੀ ਹੈ।" 1928 ਦੇ ਅੰਤ ਵਿਚ ਹੀ ਭਗਤ ਸਿੰਘ ਤੇ ਉਹਦੇ ਸਾਥੀਆਂ ਨੇ ਸਮਾਜਵਾਦ ਨੂੰ ਆਪਣਾ ਅੰਤਮ ਨਿਸ਼ਾਨਾ ਮਿਥ ਲਿਆ ਸੀ ਅਤੇ ਉਨ੍ਹਾਂ ਨੇ ਆਪਣੀ ਜੱਥੇਬੰਦੀ ਹਿੰਦੁਸਤਾਨ ਰੀਪਬਲਿਕਨ ਆਰਮੀ (ਜਾਂ ਐਸੋਸੀਏਸ਼ਨ) ਦਾ ਨਾਂ ਬਦਲ ਕੇ ਹਿੰਦੁਸਤਾਨ ਸੋਸ਼ਲਿਸਟ ਰੀਪਬਲਿਕ ਆਰਮੀ ਧਰ ਦਿਤਾ ਸੀ।
ਇਸ ਤੋਂ ਮਗਰੋਂ ਜੂਨ 1929 ਵਿਚ ਹੋ ਜਾਣ ਵਾਲੀ ਆਪਣੀ ਗ੍ਰਿਫਤਾਰੀ ਤਕ ਤੇ ਗ੍ਰਿਫਤਾਰੀ ਤੋਂ ਮਗਰੋਂ ਆਪਣੀ ਸ਼ਹਾਦਤ ਤਕ ਭਗਤ ਸਿੰਘ ਨੇ ਮਾਰਕਸਵਾਦ ਨੂੰ ਗ੍ਰਹਿਣ ਕਰਨ ਤੇ ਇਸ ਉਤੇ ਮੁਹਾਰਤ ਹਾਸਲ ਕਰਨ ਦਾ ਅਮਲ ਲਗਾਤਾਰ ਜਾਰੀ ਰਖਿਆ। ਇਸ ਅਮਲ ਦੌਰਾਨ ਉਹਨੇ ਕੌਮੀ ਲਹਿਰ, ਸਮਕਾਲੀ ਸੰਸਾਰ-ਵਿਆਪੀ ਇਨਕਲਾਬੀ ਅਮਲ ਦੀ ਖ਼ਸਲਤ, ਅਰਾਜਕਤਵਾਦ, ਸਮਾਜਵਾਦ, ਹਿੰਸਾ ਤੇ ਅਹਿੰਸਾ, ਇਨਕਲਾਬੀ ਦਹਿਸ਼ਤਵਾਦ, ਧਰਮ, ਫ਼ਿਰਕਾ ਪ੍ਰਸਤੀ, ਬਜ਼ੁਰਗ ਇਨਕਲਾਬੀਆਂ ਤੇ ਆਪਣੇ ਸਮਕਾਲੀ ਰਾਸ਼ਟਰਵਾਦੀਆਂ, ਆਦਿ ਬਾਰੇ ਸਮਕਾਲੀ ਵਿਚਾਰਾਂ ਸਮੇਤ ਆਪਣੇ ਵਿਚਾਰਾਂ ਨੂੰ ਆਲੋਚਨਾਤਮਕ ਦ੍ਰਿਸ਼ਟੀ ਨਾਲ ਦੇਖਿਆ, ਜੋਖਿਆ ਤੇ ਪਰਖਿਆ।
ਸਾਡੇ ਲੋਕਾਂ ਨਾਲ ਬਹੁਤ ਵੱਡੇ ਦੁਖਾਂਤ ਵਾਪਰੇ ਹਨ। ਸਾਡੇ ਨਾਲ ਸਭ ਤੋਂ ਵੱਡਾ ਦੁਖਾਂਤ ਇਹ ਵਾਪਰਿਆ ਕਿ ਬਸਤੀਵਾਦੀ ਹਾਕਮਾਂ ਨੇ ਸਾਡੇ ਇਸ ਅੱਲੋਕਾਰੇ ਬੁਧ ਵਾਲੇ ਦਿਮਾਗ਼ ਨੂੰ ਛੋਟੀ ਉਮਰ ਵਿਚ ਹੀ ਸੋਚਣੋਂ ਬੰਦ ਕਰ ਦਿਤਾ।
ਇਸ ਛੋਟੇ ਜਿਹੇ ਪੈਂਫ਼ਲਟ ਵਿਚ ਭਗਤ ਸਿੰਘ ਦੇ ਮੁਕਾਬਲਤਨ ਘੱਟ ਜਾਣੇ-ਜਾਂਦੇ ਦੋ ਲੇਖ ਦਿੱਤੇ ਗਏ ਹਨ, ਜੋ ਭਗਤ ਸਿੰਘ ਨੇ ਮੌਤ ਦੀ ਉਡੀਕ ਕਰਦਿਆਂ 1930-31 ਵਿਚ ਲਿਖੇ। ਉਹਦੇ ਹੋਰ ਖ਼ਤਾਂ, ਬਿਆਨਾਂ ਤੇ ਲੇਖਾਂ ਵਾਂਙ ਇਨ੍ਹਾਂ ਲੇਖਾਂ ਵਿਚ ਵੀ ਭਗਤ ਸਿੰਘ ਦਾ ਬਿੰਬ ਐਸੇ ਇਨਕਲਾਬੀ ਵਜੋਂ ਉਭਰਦਾ ਹੈ, ਜੋ ਮਾਰਕਸਵਾਦ ਨਾਲ ਪੂਰੀ ਤਰ੍ਹਾਂ ਪ੍ਰਤਿਬੱਧ ਹੈ ਅਤੇ ਜੋ ਮਾਰਕਸਵਾਦ ਨੂੰ ਇਸ ਦੀ ਵਿਧੀ ਦੀਆਂ ਸਾਰੀਆਂ ਪੇਚੀਦਗੀਆਂ ਸਮੇਤ ਲਾਗੂ ਕਰ ਸਕਣ ਦੇ ਸਮੱਰਥ ਹੈ। 

1
ਪਹਿਲੇ ਲੇਖ ਵਿਚ ਭਗਤ ਸਿੰਘ ਧਰਮ ਤੇ ਨਾਸਤਕਤਾ ਦੇ ਸਵਾਲਾਂ ਬਾਰੇ ਵਿਚਾਰ ਕਰਦੇ ਹੈ। ਉਹ ਦੱਸਦਾ ਹੈ ਕਿ ਨਾਸਤਕਤਾ ਦੇ ਰਾਹ ਉਤੇ ਕਿਵੇਂ ਪਿਆ। ਉਹਦਾ ਧਰਮ ਦਾ ਪਹਿਲਾਂ ਪ੍ਰਭਾਵ ਪਹਿਲਾਂ ਬਚਪਨ ਵਿਚ ਤੇ ਫੇਰ ਮੁੱਢਲੇ ਦਹਸ਼ਤਪਸੰਦਾਂ ਵਿਚੋਂ ਸ਼ਚੀਂਦ੍ਰ੍ਰ੍ਰ੍ਰ ਨਾਥ ਸਾਨਿਆਲ (ਜਿਹਦੀ ਕਿਤਾਬ "ਬੰਦੀ ਜੀਵਨ" ਤੀਜੇ ਦਹਾਕੇ ਵਿਚ ਸਭਨਾਂ ਇਨਕਲਾਬੀਆਂ ਲਈ ਨਿਤਨੇਮ ਹੁੰਦੀ ਸੀ। ) ਸਦਕਾ ਪਿਆ ਸੀ। ਮੁੱਢਲੇ ਇਨਕਲਾਬੀ ਆਤਮਕ ਤਾਕਤ ਹਾਸਲ ਕਰਨ ਲਈ ਧਰਮ ਤੇ ਰਹੱਸਵਾਦ ਉਤੇ ਟੇਕ ਰਖਦੇ ਹੁੰਦੇ ਸਨ। ਇਹ ਰੂਹਾਨੀ ਤਾਕਤ ਹੀ ਉਨ੍ਹਾਂ ਦੀਆਂ ਇੰਤਹਾਈ ਹੌਂਸਲੇ ਵਾਲੀਆਂ ਸਰਗਰਮੀਆਂ ਵਿਚ ਪ੍ਰਗਟ ਹੁੰਦੀ ਸੀ। ਇਸ ਲੇਖ ਵਿਚ ਤੇ ਦੂਜੇ ਲੇਖ ਵਿਚ ਵੀ ਮੁੱਢਲੇ ਇਨਕਲਾਬੀਆਂ ਦੀ ਪਹੁੰਚ ਤੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਤਾਈਂ ਭਗਤ ਸਿੰਘ ਦੀ ਸਮਝ ਪੂਰੀ ਤਰ੍ਹਾਂ ਉਜਾਗਰ ਹੁੰਦੀ ਹੈ। ਭਗਤ ਸਿੰਘ ਇਨ੍ਹਾਂ ਲੇਖਾਂ ਵਿਚ ਉਨ੍ਹਾਂ ਇਨਕਲਾਬੀਆਂ ਦੀ ਧਾਰਮਿਕਤਾ ਦਾ ਮੂਲ ਲਭ ਕੇ ਦੱਸਦਾ ਹੈ। ਉਹ ਦੱਸਦਾ ਹੈ ਕਿ ਕਿਉਂਕਿ ਆਪਣੀ ਸਿਆਸੀ ਸਰਗਰਮੀ ਦੀ ਉਨ੍ਹਾਂ ਕੋਲ ਵਿਗਿਆਨਕ ਸਮਝ ਨਹੀਂ ਸੀ, ਨਿੱਜੀ ਲੋਭ ਵਿਰੁਧ ਲੜਨ, ਹੌਸਲਾ-ਪਸਤੀ ਤੋਂ ਛੁਟਕਾਰਾ ਪਾਉਣ ਲਈ ਆਪਣੇ ਦੁਨਿਆਵੀ ਐਸ਼ੋ-ਅਰਾਮ ਆਪਣੇ ਪਰਿਵਾਰ ਤੇ ਆਪਣੀ ਜਾਨ ਤਕ ਨੂੰ ਕੁਰਬਾਨ ਕਰਨ ਲਈ ਉਨ੍ਹਾਂ ਨੂੰ ਅਤਰਕਸ਼ੀਲ ਧਾਰਮਕ ਵਿਸ਼ਵਾਸਾਂ ਤੇ ਰਹੱਸਵਾਦ ਦੀ ਜ਼ਰੂਰਤ ਪੈਂਦੀ ਸੀ। ਜਦ ਕੋਈ ਬੰਦਾ ਆਪਣੀ ਮੌਤ ਸਹੇੜਨ ਤੇ ਹਰ ਤਰ੍ਹਾਂ ਦੀਆਂ ਕੁਰਬਾਨੀਆਂ ਕਰਨ ਲਈ ਤੁਲਿਆ ਹੋਇਆ ਹੋਵੇ, ਤਾਂ ਉਹਨੂੰ ਬਹੁਤ ਜ਼ਿਆਦਾ ਪ੍ਰੇਰਨਾ ਦੀ ਲੋੜ ਹੋਇਆ ਕਰਦੀ ਹੈ। ਮੁੱਢਲੇ ਇਨਕਲਾਬੀ ਦਹਸ਼ਤਪਸੰਦਾਂ ਦੀ ਇਹ ਲੋੜ ਰਹੱਸਵਾਦ ਤੇ ਧਰਮ ਪੂਰੀ ਕਰਦਾ ਸੀ। * (ਰਾਸ਼ਟਰਵਾਦੀ ਪ੍ਰੇਰਣਾ ਦੇ ਸਰੋਤ ਵਜੋਂ ਧਰਮ ਅਤੇ ਫ਼ਿਰਕਾਪ੍ਰਸਤੀ ਵਿਚ ਫ਼ਰਕ ਵਾਲੇ ਇਕ ਹੋਰ ਅਹਿਮ ਪਹਿਲੂ ਨੂੰ ਸਮਝਣ ਲਈ ਇਨ੍ਹਾਂ ਲੇਖਾਂ ਤੋਂ ਮਦਦ ਮਿਲਦੀ ਹੈ। ਭਾਵੇਂ ਇਨ੍ਹਾਂ ਲੇਖਾਂ ਵਿਚ ਭਗਤ ਸਿੰਘ ਨੇ ਇਸ ਪਹਿਲੂ ਬਾਰੇ ਸਿੱਧੀ ਵਿਚਾਰ-ਚਰਚਾ ਨਹੀਂ ਕੀਤੀ। ਮੁੱਢਲੇ ਇਨਕਲਾਬੀਆਂ ਦੀ ਪ੍ਰੇਰਣਾ ਤੇ ਵਿਚਾਰਧਾਰਾ ਸੋਮਾ ਧਰਮ ਤੇ ਰਹੱਸਵਾਦ ਸੀ, ਪਰ ਉਹ ਫ਼ਿਰਕਾ-ਪ੍ਰਸਤ ਨਹੀਂ ਸਨ। ਉਨ੍ਹਾਂ ਵਾਸਤੇ ਧਰਮ ਉਨ੍ਹਾਂ ਦੀ ਸਿਆਸਤ ਦਾ ਆਧਾਰ ਨਹੀਂ ਸੀ, ਸਗੋਂ ਅੰਦਰੂਨੀ ਤਾਕਤ ਦਾ ਸੋਮਾ ਸੀ। ਇਸੇ ਸਦਕਾ ਉਹ ਹਿੰਦੁਸਤਾਨੀ ਲੋਕਾਂ ਨੂੰ ਇਕ ਦੂਜੇ ਨਾਲ ਲੜਾਉਣ ਵਾਲੇ ਫ਼ਿਰਕਾ-ਪ੍ਰਸਤ ਸਿਆਸਤਦਾਨਾਂ ਦੀ ਥਾਂ ਸਭਨਾਂ ਹਿੰਦੁਸਤਾਨੀ ਲੋਕਾਂ ਦੀ ਕੌਮੀ ਮੁਕਤੀ ਦੇ ਯੋਧੇ ਬਣੇ। ਧਰਮ ਤੇ ਰਹੱਸਵਾਦ ਤੋਂ ਪ੍ਰੇਰਣਾ ਲੈਣ ਵਾਲੇ ਇਹ ਇਨਕਲਾਬੀ ਤਾਂ ਸਾਮਰਾਜਵਾਦ ਵਿਰੁਧ ਜੱਦੋਜਹਿਦ ਕਰਦੇ ਰਹੇ, ਪਰ ਹੋਰ ਫ਼ਿਰਕਾਪ੍ਰਸਤ ਦਿਲੋਂ ਅਕਸਰ ਸਾਮਰਾਜਵਾਦ-ਪੱਖੀ ਹੁੰਦੇ ਸਨ। ਉਹ ਇਕਮੁੱਠ ਹਿੰਦੁਸਤਾਨੀ ਲੋਕਾਂ ਵਿਚ ਵੰਡੀਆਂ ਪਾ ਕੇ ਤੇ ਆਪਣੀ ਸਿਆਸਤ ਸਾਮਰਾਜਵਾਦ ਵਿਰੁਧ ਸੇਧਣ ਦੀ ਥਾਂ ਦੂਜੇ ਹਮਵਤਨਾਂ ਵਿਰੁਧ ਸੇਧ ਕੇ ਸਾਮਰਾਜਵਾਦ ਦੀ ਸੇਵਾ ਕਰਦੇ ਰਹੇ) *ਪਰ ਮਗਰੋਂ ਜਿਨ੍ਹਾਂ ਨੇ ਆਪਣੀ ਸਰਗਰਮੀ ਦੇ ਖਾਸੇ ਨੂੰ ਜਾਣ ਲਿਆ ਸੀ, ਜਿਨ੍ਹਾਂ ਦੀ ਸੋਚ ਇਨਕਲਾਬੀ ਵਿਚਾਰਧਾਰਾ ਤੱਕ ਅਪੜ ਗਈ ਸੀ, ਜੋ ਫਹੁੜੀਆਂ ਤੋਂ ਬਿਨਾਂ ਲੁੱਟਖਸੁੱਟ ਵਿਰੁਧ ਜੱਦੋਜਿਹਦ ਕਰਨਾ ਜਾਣ ਗਏ ਸਨ, ਜੋ 'ਅਨੰਤ' ਮੁਕਤੀ ਦੀ ਆਸ ਲਾਏ ਬਗੈਰ ਨਿਡਰ ਹੋ ਕੇ ਪੂਰੀ ਦ੍ਰਿੜ੍ਹਤਾ ਨਾਲ ਫ਼ਾਂਸੀ ਦੇ ਤਖ਼ਤਿਆਂ ਉਤੇ ਚੜ੍ਹਦੇ ਸਨ, ਜੋ ਲੁੱਟੇ-ਪੁੱਟੇ ਲੋਕਾਂ ਦੀ ਮੁਕਤੀ ਤੇ ਸੁਤੰਤਰਤਾ ਲਈ ਘੋਲ ਕਰਦੇ ਰਹੇ, (ਕਿਉਂ ਜੁ ਉਨ੍ਹਾਂ ਲਈ ਹੋਰ ਕੋਈ ਚਾਰਾ ਹੀ ਨਹੀਂ ਸੀ" ) ਉਨ੍ਹਾਂ ਲਈ ਧਰਮ ਜਾਂ ਰਹੱਸਵਾਦ ਦੀ ਕੋਈ ਲੋੜ ਰਹੀ ਹੀ ਨਹੀਂ ਸੀ।
ਇਹ ਲੇਖ ਲਿਖਣ ਵੇਲੇ ਭਗਤ ਸਿੰਘ ਫ਼ਾਂਸੀ ਦੇ ਤਖਤੇ ਦੀ ਉਡੀਕ ਵਿਚ ਸੀ। ਉਹਨੂੰ ਇਹ ਪਤਾ ਸੀ ਕਿ ਇਹੋ ਜਿਹੇ ਵੇਲੇ ਰੱਬ ਨੂੰ ਮੁੜ ਧਿਆ ਲੈਣਾ ਬੜਾ ਸੌਖਾ ਰਾਹ ਹੁੰਦਾ ਹੈ: "ਰੱਬ ਵਿਚ ਬੰਦੇ ਨੂੰ ਬਹੁਤ ਹੌਸਲਾ ਤੇ ਤਾਕਤ ਮਿਲਦੀ ਹੈ।" ਦੂਜੇ ਪਾਸੇ, ਆਪਣੀ ਅੰਦਰਲੀ ਤਾਕਤ ਦੇ ਸਹਾਰੇ ਰਹਿਣਾ ਕੋਈ ਸੌਖੀ ਗੱਲ ਨਹੀਂ ਹੁੰਦੀ। ਉਹਨੇ ਲਿਖਿਆ ਵੀ ਸੀ: "ਝੱਖੜਾਂ-ਝਾਂਜਿਆਂ ਦੌਰਾਨ ਆਪਣੇ ਪੈਰਾਂ ਉਤੇ ਖੜੇ ਰਹਿਣਾ ਕੋਈ ਬੱਚਿਆਂ ਦੀ ਖੇਡ ਨਹੀਂ ਹੁੰਦੀ।" ਉਹਨੂੰ ਇਹ ਵੀ ਪਤਾ ਸੀ ਕਿ ਸਾਬਤ ਕਦਮ ਰਹਿਣ ਲਈ ਬੇਅੰਤ ਅਖ਼ਲਾਕੀ ਤਾਕਤ ਦੀ ਲੋੜ ਪੈਂਦੀ ਹੈ ਅਤੇ ਇਹ ਕਿ (ਉਹਦੇ) ਸਮਕਾਲੀ ਇਨਕਲਾਬੀ ਆਪਣੀ ਹੀ ਭਾਂਤ ਦੇ ਅਖ਼ਲਾਕੀ ਮਾਰਗ ਉਤੇ ਚਲ ਰਹੇ ਸਨ। ਇਹ ਮਾਰਗ "ਮਨੁੱਖਤਾ ਦੀ ਸੇਵਾ ਤੇ ਅਖ਼ਲਾਕੀ ਮਾਰਗ ਦੀ ਮੁਕਤੀ" ਵਾਸਤੇ ਆਪਣੇ ਆਪ ਨੂੰ ਅਰਪਣ ਦਾ ਮਾਰਗ ਸੀ। "ਦਮਨਕਾਰੀਆਂ, ਲੋਟੂਆਂ ਅਤੇ ਜਾਬਰਾਂ ਨੂੰ ਵੰਗਾਰਨ" ਦੀ ਹਿੰਮਤ ਕਰ ਸਕਣ ਵਾਲੇ ਔਰਤਾਂ ਤੇ ਮਰਦ ਇਸ ਅਨੋਖੇ ਮਾਰਗ ਉੱਤੇ ਚੱਲੇ। ਇਹ ਔਰਤਾਂ-ਮਰਦ "ਮਾਨਸਿਕ ਖੜੋਤ" ਨੂੰ ਤੋੜਣ ਲਈ ਆਪਣੇ ਤੌਰ ਉਤੇ ਸੋਚਣ ਉਤੇ ਜ਼ੋਰ ਦਿੰਦੇ ਸਨ। ਭਗਤ ਸਿੰਘ ਨੇ ਵੀ ਕਿਹਾ ਸੀ: "ਆਲੋਚਨਾ ਤੇ ਸੁਤੰਤਰ ਸੋਚਣੀ ਇਨਕਲਾਬੀ ਦੇ ਦੋ ਲਾਜ਼ਮੀ ਗੁਣ ਹੁੰਦੇ ਹਨ।"
ਭਗਤ ਸਿੰਘ ਕਹਿੰਦਾ ਹੈ ਕਿ ਤਰਕਸ਼ੀਲ ਵਿਅਕਤੀ ਦੀ ਜ਼ਿੰਦਗੀ ਜੀਉਣਾ ਸੌਖਾ ਕੰਮ ਨਹੀਂ ਹੈ। ਕਿਸੇ ਅੰਨ੍ਹੇ ਵਿਸ਼ਵਾਸ ਵਿਚ ਹੌਸਲਾ ਜਾਂ ਰਾਹਤ ਲਭ ਲੈਣੀ ਸੌਖੀ ਗੱਲ ਹੁੰਦੀ ਹੈ, ਪਰ ਇਹ ਸਾਡਾ ਫ਼ਰਜ਼ ਹੈ ਕਿ ਅਸੀਂ ਤਰਕਸ਼ੀਲ ਜੀਵਨ ਜੀਉਣ ਦੀ ਲਗਾਤਾਰ ਕੋਸ਼ਿਸ਼ ਕਰਦੇ ਰਹੀਏ। ਅਤੇ ਇਸੇ ਕਰਕੇ ਭਗਤ ਸਿੰਘ ਲੇਖ ਦੇ ਅੰਤ ਵਿਚ ਜ਼ੋਰ ਦੇ ਕੇ ਕਹਿੰਦਾ ਹੈ ਕਿ ਆਪਣੇ-ਆਪ ਨੂੰ ਏਲਾਨੀਆ ਨਾਸਤਕ ਤੇ ਯਥਾਰਥਵਾਦੀ (ਪਦਾਰਥਵਾਦੀ) ਆਖ ਕੇ ਉਹ "ਅੰਤ ਤੱਕ, ਇਥੋਂ ਤਕ ਫ਼ਾਂਸੀ ਦੇ ਤਖਤੇ ਉਤੇ ਵੀ ਮਨੁੱਖ ਵਾਂਙ ਸਿਰ ਤਾਣ ਕੇ ਖੜ੍ਹੇ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ।"
2
ਭਗਤ ਸਿੰਘ ਜਿਸ ਢੰਗ ਨਾਲ ਧਰਮ ਦੇ ਰੋਲ ਤੇ ਇਹਦੇ ਬੁਨਿਆਦੀ ਕਾਰਣ ਦਾ ਵਿਸ਼ਲੇਸ਼ਣ ਕਰਦਾ ਹੈ; ਉਹਦੇ ਤੋਂ ਸਾਨੂੰ ਉਹਦੀ ਜ਼ੋਰਦਾਰ ਸਮਝ, ਉਹਦੀ ਇਨਕਲਾਬੀ ਪ੍ਰਤੀਬੱਧਤਾ ਅਤੇ ਇਤਿਹਾਸਕ, ਪਦਾਰਥਵਾਦੀ ਤੇ ਵਿਗਿਆਨਕ ਤਰੀਕੇ ਨਾਲ ਸਮਝ ਦੀ ਯੋਗਤਾ ਦਾ ਪਤਾ ਚਲਦਾ ਹੈ।
ਭਗਤ ਸਿੰਘ ਦੱਸਦਾ ਹੈ ਕਿ ਹੁਕਮਰਾਨ ਤੇ ਲੁੱਟਖਸੁੱਟ ਕਰਨ ਵਾਲੀਆਂ ਜਮਾਤਾਂ ਲੋਕਾਂ ਨੂੰ ਧੋਖਾ ਦੇਣ ਲਈ, ਆਪਣੀ ਜਮਾਤੀ ਤਾਕਤ ਤੇ ਆਪਣੇ ਜਮਾਤੀ ਵਿਸ਼ੇਸ਼ ਅਧਿਕਾਰਾਂ ਨੂੰ ਪ੍ਰਮਾਣਿਤ ਕਰਨ, ਅਤੇ ਲੋਕਾਂ ਨੂੰ ਸਮਾਜਕ ਰੂਪ ਵਿਚ ਚੁੱਪ ਰਖਣ ਲਈ ਧਰਮ ਨੂੰ ਵਰਤਦੀਆਂ ਹਨ; ਭਾਵੇਂ ਇਹ ਅਸਲ ਜ਼ਿੰਦਗੀ ਵਿਚ ਇਹ ਮਕਸਦ ਵੀ ਪੂਰਾ ਕਰਦਾ ਹੈ, ਇੰਜ ਧਰਮ ਇਨ੍ਹਾਂ ਜਮਾਤਾਂ ਦੇ ਹੱਥ ਵਿਚ ਸੰਦ ਬਣ ਜਾਂਦਾ ਹੈ। ਆਦਿ-ਮਨੁੱਖ ਆਪਣੇ ਪ੍ਰਕ੍ਰਿਤਕ ਆਲੇ ਦੁਆਲੇ ਨੂੰ ਪੂਰੀ ਤਰ੍ਹਾਂ ਸਮਝਣ ਦੇ ਅਸਮਰਥ ਸੀ, ਉਹ ਆਪਣੀ ਸਮਾਜੀ ਸਰਗਰਮੀ ਤੇ ਆਪਣੇ ਸਮਾਜੀ ਢਾਂਚੇ ਨੂੰ ਨਹੀਂ ਸਮਝ ਸਕਦਾ ਸੀ ਅਤੇ ਆਪਣੀ ਜ਼ਿੰਦਗੀ ਨੂੰ ਕੰਟਰੋਲ ਕਰਨ ਤੇ ਇਹਦੀਆਂ ਸੀਮਾਵਾਂ ਨੂੰ ਪਾਰ ਕਰਨ ਦੇ ਅਸਮਰੱਥ ਸੀ। ਇਨ੍ਹਾਂ ਸਾਰੀਆਂ ਗੱਲਾਂ ਦਾ ਸਿੱਟਾ ਧਰਮ ਦੇ ਰੂਪ ਵਿਚ ਨਿਕਲਿਆ। ਇਸ ਸੂਰਤ ਵਿਚ ਰੱਬ ਕਾਰਆਮਦ ਮਿੱਥ ਬਣ ਜਾਂਦਾ ਹੈ। ਆਦਿਕਾਲੀਨ ਯੁੱਗ ਵਿਚ "ਇਹ ਮਿੱਥ ਸਮਾਜ ਲਈ ਲਾਹੇਵੰਦ ਸੀ।"
ਇਸ ਤੋਂ ਬਿਨਾਂ "ਆਫ਼ਤ ਵਿਚ ਫਸੇ ਮਨੁੱਖ ਲਈ ਰੱਬ ਦਾ ਵਿਚਾਰ ਮਦਦਗਾਰ ਹੁੰਦਾ ਹੈ।" ਰੱਬ ਦੀ ਕਾਲਪਨਿਕ ਹੋਂਦ ਬਣਾ ਲਈ ਗਈ, ਤਾਂ ਕਿ ਇਮਤਿਹਾਨੀ ਹਾਲਾਤ ਦਾ ਦ੍ਰਿੜ੍ਹਤਾ ਨਾਲ ਸਾਹਮਣਾ ਕਰਨ ਲਈ ਮਨੁੱਖ ਨੂੰ ਹੌਸਲਾ ਮਿਲੇ, ਤਾਕਿ ਸਾਰੇ ਖ਼ਤਰਿਆਂ ਦਾ ਜਵਾਂਮਰਦੀ ਨਾਲ ਮੁਕਾਬਲਾ ਕਰ ਸਕੇ ਅਤੇ ਖੁਸ਼ਹਾਲੀ ਤੇ ਅਮੀਰੀ ਦੀ ਹਾਲਤ ਵਿਚ ਆਪਣੀਆਂ ਇੱਛਾਵਾਂ ਨੂੰ ਕਾਬੂ ਕਰ ਸਕੇ। "(ਰੱਬ ਦਾ) ਅਕੀਦਾ ਮੁਸ਼ਕਲਾਂ ਨੂੰ ਸੌਖਿਆਂ ਬਣਾ ਦਿੰਦਾ ਹੈ, ਇਥੋਂ ਤੱਕ ਕਿ ਮੁਸ਼ਕਲਾਂ ਨੂੰ ਖ਼ੁਸ਼ਗਵਾਰ ਵੀ ਬਣਾ ਦਿੰਦਾ ਹੈ। ਰੱਬ ਦੇ ਵਿਸ਼ਵਾਸ ਨਾਲ ਮਨੁੱਖ ਨੂੰ ਜੋਰਦਾਰ ਹੌਸਲਾ ਤੇ ਮਦਦ ਮਿਲਦੀ ਹੈ।" ਇੰਜ ਆਫ਼ਾਤਾਂ ਮਾਰੇ, ਲਾਚਾਰ ਬੰਦਿਆਂ ਵਾਸਤੇ ਰੱਬ "ਪਿਤਾ, ਮਾਤਾ ਭੈਣ ਤੇ ਭਰਾ, ਦੋਸਤ ਤੇ ਮਦਦਗਾਰ" ਦਾ ਕੰਮ ਦਿੰਦਾ ਹੈ। * (ਨੌਜਵਾਨ ਭਗਤ ਸਿੰਘ ਦੇ ਵਿਚਾਰ ਨੌਜਵਾਨ ਮਾਰਕਸ ਨਾਲ ਕਿੰਨੇ ਰਲਦੇ ਹਨ। ਮਾਰਕਸ ਨੇ 1844 ਵਿਚ ਲਿਖਿਆ ਸੀ: "ਧਰਮ ਉਸ ਦੁਨੀਆਂ ਦਾ ਆਮ ਸਿਧਾਂਤ ਹੈ, ਇਹ ਇਹਦਾ ਅਤੀ-ਵਿਆਪਕ ਸਾਰੰਸ਼ ਹੈ, ਪ੍ਰਚਲਿਤ ਰੂਪ ਵਿਚ ਇਹਦਾ ਤਰਕ ਹੈ, ਇਹ ਇਹਦੀ ਅਧਿਆਤਮਕ ਪ੍ਰਵਾਨਗੀ ਹੈ, ਇਹਦੀ ਉਮੰਗ ਹੈ, ਇਹਦਾ ਅਖ਼ਲਾਕੀ ਸਮਰਥਨ ਹੈ, ਇਹਦਾ ਰਹੱਸਾਤਮਕ ਪੂਰਕ ਹੈ, ਦਿਲਜੋਈ ਤੇ ਸਮਰਥਨ ਦਾ ਸਰਵਿਆਪਕ ਸੋਮਾ ਹੈ।… ਧਾਰਮਕ ਸੰਕਟ ਇਕੋ ਵੇਲੇ ਅਸਲ ਸੰਕਟ ਦਾ ਇਜ਼ਹਾਰ ਅਤੇ ਅਸਲ ਸੰਕਟ ਵਿਰੁਧ ਰੋਸ ਵੀ ਹੁੰਦਾ ਹੈ। ਧਰਮ ਦਲਿਤ ਪਰਾਣੀ ਦਾ ਹਉਕਾ ਹੈ, ਬੇਦਿਲ ਦੁਨੀਆਂ ਦਾ ਦਿਲ ਹੈ, ਜਿਵੇਂ ਕਿ ਇਹ ਬੇਜਾਨ ਹਾਲਾਤ ਦੀ ਜਾਨ ਵੀ ਹੁੰਦਾ ਹੈ। ਇਹ ਲੋਕਾਂ ਦੀ ਅਫ਼ੀਮ ਹੈ। ਧਰਮ ਲੋਕਾਂ ਦੀ ਖ਼ੁਸ਼ੀ ਦਾ ਭੁਲਾਵਾ ਹੈ, ਇਸ ਨੂੰ ਖ਼ਤਮ ਕਰਨ ਦਾ ਮਤਲਬ ਲੋਕਾਂ ਦੀ ਅਸਲ ਖ਼ੁਸ਼ੀ ਦੀ ਮੰਗ ਹੈ।" ਸੰਗ੍ਰਹਿਤ ਲਿਖਤਾਂ (ਅੰਗਰੇਜ਼ੀ ਵਿਚ) ਜਿਲਦ 111 1975, ਸਫ਼ੇ 175-76। ਭਾਵੇਂ ਭਗਤ ਸਿੰਘ ਮਾਰਕਸ ਦਾ ਇਹ ਪੈਰਾ ਪੜ੍ਹ ਨਹੀਂ ਸਕਿਆ ਸੀ, ਤਾਂ ਵੀ ਉਹਨੇ ਮਾਰਕਸ ਦੇ "ਧਰਮ ਲੋਕਾਂ ਦੀ ਅਫ਼ੀਮ" ਵਾਲੇ ਕਥਨ ਨੂੰ ਹੋਰਨਾਂ ਵਿਅਕਤੀਆਂ ਨਾਲੋਂ ਬਿਹਤਰ ਸਮਝਿਆ ਸੀ।)
ਪਰ ਭਗਤ ਸਿੰਘ ਕਹਿੰਦਾ ਹੈ ਕਿ ਜਦ ਵਿਗਿਆਨ ਤਰੱਕੀ ਕਰ ਗਿਆ ਹੈ ਅਤੇ ਮਜ਼ਲੂਮ ਆਪਣੀ ਨਜਾਤ ਵਾਸਤੇ ਜੱਦੋਜਹਿਦ ਸ਼ੁਰੂ ਕਰਦੇ ਹਨ, ਜਦ "ਮਨੁੱਖ ਆਪਣੇ ਪੈਰੀਂ ਹੋਣ ਅਤੇ ਯਥਾਰਥਵਾਦੀ ਹੋਣ ਦੀ ਕੋਸ਼ਿਸ਼ ਕਰਦਾ ਹੈ (ਭਗਤ ਸਿੰਘ ਨੇ ਯਥਾਰਥਵਾਦੀ ਸ਼ਬਦ ਤਰਕਵਾਦੀ ਜਾਂ ਪਦਾਰਥਵਾਦੀ ਜਾਂ ਸ਼ਬਦਾਂ ਦੀ ਥਾਂ ਵਰਤਿਆ ਹੈ), ਤਾਂ ਰੱਬ ਦੀ ਲੋੜ ਖ਼ਤਮ ਹੋ ਜਾਂਦੀ ਹੈ ਅਤੇ ਇਸ ਬਣਾਉਟੀ ਫਹੁੜੀ ਅਤੇ ਇਸ ਖ਼ਿਆਲੀ ਮੁਕਤੀਦਾਤੇ ਦੀ ਲੋੜ ਨਹੀਂ ਰਹਿੰਦੀ। ਆਪਣੀ ਨਜਾਤ ਵਾਸਤੇ ਜੱਦੋਜਹਿਦ ਵਿਚ "ਧਰਮ ਦੇ ਤੰਗ ਨਜ਼ਰ ਸੰਕਲਪ" ਵਿਰੁਧ ਅਤੇ ਰੱਬ ਦੇ ਅਕੀਦੇ ਵਿਰੁਧ ਲੜਨਾ ਜ਼ਰੂਰੀ ਹੋ ਜਾਂਦਾ ਹੈ। ਭਗਤ ਸਿੰਘ ਕਹਿੰਦਾ ਹੈ ਕਿ "ਜਿਹੜਾ ਵੀ ਬੰਦਾ ਪ੍ਰਗਤੀ ਦਾ ਹਮਾਇਤੀ ਹੈ, ਤਾਂ ਉਹਨੂੰ ਪੁਰਾਣੇ ਅਕੀਦੇ ਦੀ ਹਰ ਗੱਲ ਦੀ ਆਲੋਚਨਾ ਕਰਨੀ ਬਣਦੀ ਹੈ ਅਤੇ ਪੁਰਾਣੇ ਅਕੀਦੇ ਨੂੰ ਨਾ ਮੰਨਣਾ ਤੇ ਇਹਨੂੰ ਚੈਲੰਜ ਕਰਨਾ ਜ਼ਰੂਰੀ ਹੋ ਜਾਂਦਾ ਹੈ। ਉਹਦੇ ਲਈ ਜ਼ਰੂਰੀ ਹੈ ਕਿ ਉਹ ਪ੍ਰਚਲਿਤ ਵਿਸ਼ਵਾਸ ਦੀ ਇਕ-ਇਕ ਗੱਲ ਨੂੰ ਦਲੀਲ ਉਤੇ ਪਰਖੇ..... ਜਿਹੜਾ ਵੀ ਬੰਦਾ ਯਥਾਰਥਵਾਦੀ ਹੋਣ ਦਾ ਦਾਅਵਾ ਕਰਦਾ ਹੈ, ਉਹਨੂੰ ਸਾਰੇ ਦੇ ਸਾਰੇ ਪੁਰਾਤਨ ਵਿਸ਼ਵਾਸ ਨੂੰ ਚੈਲੰਜ ਕਰਨਾ ਪਏਗਾ..... ਉਹਦਾ ਪਹਿਲਾ ਕੰਮ ਇਹ ਹੈ ਕਿ ਪੁਰਾਣੇ ਵਿਸ਼ਵਾਸ ਨੂੰ ਤਹਿਸ-ਨਹਿਸ ਕਰਕੇ ਨਵੇਂ ਦਰਸ਼ਨ (ਫ਼ਲਸਫ਼ੇ) ਦੀ ਉਸਾਰੀ ਲਈ ਜ਼ਮੀਨ ਤਿਆਰ ਕਰੇ।"
3
ਹੋਰ ਕਈ ਨੁਕਤਿਆਂ ਬਾਰੇ ਵਿਚਾਰ-ਚਰਚਾ ਵਿਚ ਭਗਤ ਸਿੰਘ ਦੀ ਆਪਣੇ ਪੂਰਵਜਾਂ ਤਾਈਂ ਹਮਦਰਦੀ ਪਰ ਆਲੋਚਨਾਤਮਕ ਸਮਝ, ਦਾਰਸ਼ਨਿਕ ਤੇ ਰਾਜਨੀਤਕ ਪਹੁੰਚ-ਵਿਧੀਆਂ ਅਤੇ ਵਿਚਾਰਾਂ ਨੂੰ ਇਤਿਹਾਸਕ ਪ੍ਰਸੰਗ ਰੱਖ ਕੇ ਦੇਖਣ ਦੀ ਉਹਦੀ ਯੋਗਤਾ, ਅਤੇ ਉਹਦੀ ਬੁਨਿਆਦੀ ਮਾਰਕਸਵਾਦੀ ਤਰਕਸ਼ਲੀਤਾ ਸਪਸ਼ਟ ਰੂਪ ਵਿਚ ਉਜਾਗਰ ਹੁੰਦੀ ਹੈ।
ਦੂਸਰਾ ਲੇਖ ਭਗਤ ਸਿੰਘ ਨੇ 1915 ਵਿਚ ਉਮਰ ਕੈਦ ਦੀ ਸਜ਼ਾ ਪਾਉਣ ਵਾਲੇ ਬਜ਼ੁਰਗ ਇਨਕਲਾਬੀ ਲਾਲਾ ਰਾਮ ਦਾਸ ਦੇ ਕਾਵਿ ਸੰਗ੍ਰਹਿ ਡਰੀਮ-ਲੈਂਡ (ਸੁਪਨਦੇਸ਼) ਦੀ ਭੂਮਿਕਾ ਵਜੋਂ ਲਿਖਿਆ ਸੀ। ਭਗਤ ਸਿੰਘ ਇਸ ਲੇਖ ਵਿਚ ਅਸਿੱਧੇ ਰੂਪ ਵਿਚ ਦਸਦਾ ਹੈ ਕਿ ਵਿਦੇਸ਼ੀ ਗ਼ੁਲਾਮੀ ਨੂੰ ਹਟਾਉਣ ਦੇ ਇਕੋ ਇਕ ਮਕਸਦ ਉਤੇ ਆਧਾਰਤ ਮੁੱਢਲਾ "ਖ਼ਾਲਸ "ਰਾਸ਼ਟਰਵਾਦ ਕਿਵੇਂ ਉਸ ਰਾਸ਼ਟਰਵਾਦ ਵਿਚ ਬਦਲਿਆ, ਜੋ ਮੌਜੂਦਾ ਸਮਾਜਕ ਪ੍ਰਬੰਧ ਨੂੰ ਮੁੱਢੋਂ-ਸੁਢੋਂ ਮੁੜ-ਉਸਾਰਨ ਲਈ ਵਚਨਬੱਧ ਵੀ ਸੀ। ਰਾਜਨੀਤਕ-ਦਾਰਸ਼ਨਿਕ ਟਿਪਣੀਕਾਰ ਵਾਲੀ ਸ਼ੈਲੀ ਵਰਤਣ ਦੀ ਥਾਂ ਭਗਤ ਸਿੰਘ ਇਸ ਲੇਖ ਵਿਚ ਸ਼ਾਇਰਾਨਾ ਅੰਦਾਜ਼ ਵਿਚ ਬਜ਼ੁਰਗ ਇਨਕਲਾਬੀਆਂ ਨਾਲ ਆਪਣੀ ਪੁਸ਼ਤ ਦੀ ਲੜੀ ਜੋੜਦਾ ਹੈ, ਜਿਨ੍ਹਾਂ ਤੋਂ ਇਨ੍ਹਾਂ ਨੇ ਆਪਣੇ ਲੋਕਾਂ ਨੂੰ ਪਿਆਰ ਤੇ ਕੁਰਬਾਨੀ ਦਾ ਜਜ਼ਬਾ ਵਰੋਸਾਇਆ ਸੀ। ਇਸ ਤੋਂ ਮਗਰੋਂ ਭਗਤ ਸਿੰਘ ਮੁੱਢਲੇ ਰਾਸ਼ਟਰਵਾਦੀਆਂ ਨਾਲ ਆਪਣੇ ਦਾਰਸ਼ਨਿਕ, ਰਾਜਨੀਤਕ ਤੇ ਵਿਚਾਰਧਾਰਕ ਮੱਤਭੇਦ ਬਿਆਨ ਕਰਦੇ ਹੈ।
ਇਸ ਲੇਖ ਦੇ ਸ਼ੁਰੂ ਵਿਚ ਹੀ (ਇਹ ਨੁਕਤਾ ਮੈਂ ਪਹਿਲੇ ਹਿੱਸੇ ਵਿਚ ਹੀ ਵਿਚਾਰ ਚੁੱਕਾ ਹਾਂ) ਭਗਤ ਸਿੰਘ ਮੁੱਢਲੇ ਰਾਸ਼ਟਰਵਾਦੀਆਂ ਦੀ ਪਰੇਰਣਾ ਵਾਸਤੇ ਰਹੱਸਵਾਦ ਤੇ ਧਾਰਮਕਤਾ ਉਤੇ ਟੇਕ ਅਤੇ ਪਦਾਰਥਵਾਦ, ਤਰਕ ਤੇ ਵਿਗਿਆਨ ਤਾਈਂ ਆਪਣੀ ਪ੍ਰਤੀਬੱਧਤਾ ਵਿਚਕਾਰ ਫ਼ਰਕ ਬਾਰੇ ਚਾਨਣਾ ਪਾਉਂਦਾ ਹੈ।
ਉਹ ਹਿੰਸਾ ਤੇ ਅਹਿੰਸਾ ਦੇ ਸਮਕਾਲੀ ਤੇ ਪੇਚੀਦਾ ਮਸ੍ਹਲੇ ਬਾਰੇ ਵੀ ਚਰਚਾ ਕਰਦਾ ਹੈ। ਮਸਲ੍ਹੇ ਦੀ ਜੜ੍ਹ ਨੂੰ ਫੜਦਿਆਂ ਉਹ ਦੱਸਦਾ ਹੈ ਕਿ ਇਨਕਲਾਬੀ ਕਿਵੇਂ ਉਹ ਸਮਾਜਕ ਪ੍ਰਬੰਧ ਉਸਾਰਨਾ ਚਾਹੁੰਦੇ ਹਨ, ਜਿਸ ਪ੍ਰਬੰਧ ਵਿਚ ਹਿੰਸਾ ਆਪਣੇ ਸਭਨਾਂ ਰੂਪਾਂ ਵਿਚ ਖ਼ਤਮ ਕਰ ਦਿੱਤੀ ਜਾਏਗੀ। ਜਿਸ ਵਿਚ ਦਲੀਲ ਤੇ ਨਿਆਂ ਲਈ ਥਾਂ ਹੋਵੇਗੀ ਅਤੇ ਸਾਰੇ ਮਸਲ੍ਹੇ ਦਲੀਲ ਤੇ ਸਮਝ ਨਾਲ ਨਜਿੱਠੇ ਜਾਣਗੇ। ਪਰ ਸਾਮਰਾਜਵਾਦੀ, ਪੂੰਜੀਵਾਦੀ ਤੇ ਹੋਰ ਲੋਟੂ ਇੰਜ ਹੋਣ ਨਹੀਂ ਦੇਣਗੇ। ਉਹ ਤਾਂ ਸਗੋਂ ਲੋਕਾਂ ਨੂੰ ਸਮਝਾ ਕੇ ਤੇ ਪੁਰਅਮਨ ਤਰੀਕਿਆਂ ਨਾਲ ਸਮਾਜਵਾਦ ਕਾਇਮ ਕਰਨ ਦੀ ਕੋਸ਼ਿਸ਼ ਨੂੰ ਬੇਰਹਿਮੀ ਨਾਲ ਦਬਾਉਣਗੇ। ਇਸ ਕਰਕੇ, ਇਨਕਲਾਬੀਆਂ ਨੂੰ "ਆਪਣੇ ਪ੍ਰੋਗਰਾਮ ਦੀ ਲਾਜ਼ਮੀ ਮੱਦ ਵਜੋਂ" ਹਿੰਸਾ ਅਪਣਾਉਣੀ ਹੀ ਪਏਗੀ। ਭਗਤ ਸਿੰਘ ਹਿੰਸਾ ਦੇ ਸਵਾਲ ਨੂੰ ਬੜੇ ਚੰਗੇ ਤਰੀਕੇ ਨਾਲ ਇੰਜ ਮੁਕਾਉਂਦਾ ਹੈ ਕਿ ਇਨਕਲਾਬੀਆਂ ਨੂੰ ਹਿੰਸਾਤਮਕ ਤਰੀਕੇ ਇਸ ਲਈ ਅਪਣਾਉਣੇ ਪੈਣਗੇ ਕਿ "ਇਨ੍ਹਾਂ ਬਗ਼ੈਰ ਰਿਹਾ ਨਹੀਂ ਜਾ ਸਕਦਾ।" ਸਮਾਜਵਾਦੀ ਤਾਕਤ ਕਾਇਮ ਹੋਣ ਮਗਰੋਂ, ਸਮਾਜ ਦੇ ਵਿਕਾਸ ਵਾਸਤੇ ਤਾਲੀਮ ਤੇ ਪ੍ਰੇਰਣਾ ਦੇ ਢੰਗ ਅਪਣਾਏ ਜਾਣਗੇ; ਤਾਕਤ ਦੀ ਵਰਤੋਂ ਸਿਰਫ਼ ਰੁਕਾਵਟਾਂ ਨੂੰ ਹਟਾਉਣ ਲਈ ਹੀ ਵਰਤੀ ਜਾਵੇਗੀ।
ਭਗਤ ਸਿੰਘ ਨੇ ਨਾਸਤਕਤਾ ਬਾਰੇ ਲੇਖ ਵਿਚ ਵੀ ਇਸ ਮਸਲੇ ਨੂੰ ਇਸੇ ਤਰ੍ਹਾਂ ਹੀ ਵਿਚਾਰਿਆ ਹੈ। ਇਨਕਲਾਬੀਆਂ ਦੀ ਨਵੀਂ ਪੁਸ਼ਤ ਨੇ ਆਪਣੇ ਪਹਿਲਕੇ ਇਨਕਲਾਬੀਆਂ ਦੇ ਇਸ ਰੁਮਾਂਸ ਨੂੰ ਤੱਜ ਦਿੱਤਾ ਕਿ (ਸਮਾਜੀ ਤਬਦੀਲੀ ਲਈ) ਸਿਰਫ਼ ਹਿੰਸਕ ਤਰੀਕੇ ਹੀ ਵਰਤੇ ਜਾਣਗੇ। ਭਗਤ ਸਿੰਘ ਦੀ ਪੁਸ਼ਤ ਦਾ ਇਹ ਵਿਸ਼ਵਾਸ ਸੀ ਕਿ "ਤਾਕਤ ਦੀ ਵਰਤੋਂ ਉਦੋਂ ਜਾਇਜ਼ ਹੈ, ਜਦੋਂ ਇਹਦੀ ਬਹੁਤ ਸਖ਼ਤ ਲੋੜ ਹੋਵੇ" , ਨੀਤੀ ਵਜੋਂ ਅਹਿੰਸਾ ਸਾਰੀਆਂ ਜਨਤਕ ਲਹਿਰਾਂ ਲਈ ਅਟੁੱਟ ਹੈ।" ਸੋ ਇਨਕਲਾਬੀ ਹਿੰਸਾ ਨੂੰ ਕੋਈ ਵਡਿਆਈ ਨਹੀਂ ਸਮਝਦੇ; ਇਨਕਲਾਬ ਹਿੰਸਾ ਦੇ ਸਿਧਾਂਤ ਉਤੇ ਅਧਾਰਾਤ ਨਹੀਂ ਹੈ। ਪਰ ਨਾਲ ਹੀ ਹੁਕਮਰਾਨ ਜਮਾਤਾਂ ਉਨ੍ਹਾਂ ਨੂੰ ਮਜਬੂਰ ਕਰਦੀਆਂ ਹਨ, ਤਾਂ ਉਹ ਮੌਜੂਦਾ ਸਮਾਜਕ ਢਾਂਚੇ ਨੂੰ ਉਲਟਾਉਣ ਵਾਸਤੇ ਹਿੰਸਾ ਨੂੰ "ਬਹੁਤ ਸਖ਼ਤ ਲੋੜ" ਵਜੋਂ ਅਪਣਾਉਂਦੇ ਹਨ।
4
ਇਸ ਦੇ ਨਾਲ ਹੀ ਭਗਤ ਸਿੰਘ ਮੁੱਢਲੀ ਇਨਕਲਾਬੀ ਵਿਚਾਰਧਾਰਾ ਦੇ ਯੂਟੋਪੀਆਈ ਕਿਰਦਾਰ ਬਾਰੇ, ਯੂਟੋਪੀਆਈ ਵਿਚਾਰ ਰਖਣ ਵਾਲੀਆਂ ਸਮਾਜੀ ਲਹਿਰਾਂ ਤੇ ਸਮਾਜਕ ਵਿਕਾਸ ਦੇ ਖ਼ਾਸ ਪੜਾਵਾਂ ਵਿਚ ਜੋ ਸਕਾਰਤਾਮਕ ਇਤਿਹਾਸਕ ਰੋਲ ਅਦਾ ਕਰਦੇ ਹਨ-ਉਹਦੇ ਬਾਰੇ ਵਿਚਾਰ ਕਰਦਾ ਹੈ। ਉਹ ਦੱਸਦਾ ਹੈ ਕਿ ਜਦ ਇਨਕਲਾਬੀ ਲਹਿਰ "ਵਿਗਿਆਨ ਮਾਰਕਸੀ ਸਮਾਜਵਾਦ" ਦੇ ਆਧਾਰ ਉਤੇ ਵਿਗਿਆਨਕ ਦ੍ਰਿਸ਼ਟੀਕੋਣ ਤੇ ਦਰਸ਼ਨ (ਫ਼ਲਸਫ਼ਾ) ਅਪਣਾਉਣਾ ਸ਼ੁਰੂ ਕਰ ਦਿੰਦੀ ਹੈ, ਤਾਂ ਯੂਟੋਪੀਆਂ ਦਾ ਪਤਨ ਲਾਜ਼ਮੀ ਹੋ ਜਾਂਦਾ ਹੈ।
ਭਗਤ ਸਿੰਘ ਯੂਟੋਪੀਆਈ ਵਿਚਾਰਧਾਰਾ ਦੇ ਇਕ ਪਹਿਲੂ ਬਾਰੇ ਵੇਰਵੇ ਨਾਲ ਵਿਚਾਰ ਕਰਦਾ ਹੈ ਕਿ ਮਾਨਸਕ ਤੇ ਸਰੀਰਕ ਕਿਰਤ ਨੂੰ ਕਿਵੇਂ ਮੇਲਿਆ ਜਾਏ? ਉਹ ਇਹ ਮੰਨਦਾ ਹੈ ਕਿ ਸਮਾਜਵਾਦੀ ਸਮਾਜ ਉਸਾਰਨ ਲਈ ਮਾਨਸਕ ਤੇ ਸਰੀਰਕ ਕਿਰਤ ਵਿਚਲਾ ਪਾੜਾ ਖ਼ਤਮ ਕਰਨਾ ਬੁਨਿਆਦੀ ਕੰਮ ਹੈ। ਪਰ ਇਹ ਪਾੜਾ ਉਸ ਮਸ਼ੀਨੀ ਤੇ ਯੂਟੋਪੀਆਈ ਤਰੀਕੇ ਨਾਲ ਖ਼ਤਮ ਨਹੀਂ ਕੀਤਾ ਜਾ ਸਕਦਾ, ਜਿਵੇਂ ਕਿ ਰਾਮ ਸਰਨ ਦਾਸ ਹੁਰੀਂ ਸਲਾਹ ਦਿੰਦੇ ਹਨ ਕਿ ਮਾਨਸਕ ਕਿਰਤ ਕਰਨ ਵਾਲੇ ਸਾਰੇ ਜਣੇ ਦਿਹਾੜੀ ਵਿਚ ਚਾਰ ਘੰਟੇ ਜਿਸਮਾਨੀ ਕਿਰਤ ਕਰਨ। ਜਿਸਮਾਨੀ ਤੇ ਮਾਨਸਕ ਕਿਰਤ ਦਾ ਖ਼ਾਸਾ ਇਕੋ ਜਿਹਾ ਨਹੀਂ ਹੁੰਦਾ। ਇਨ੍ਹਾਂ ਦੋਹਵਾਂ ਕਿਰਤਾਂ ਵਿਚ ਜੋ ਨਾ ਬਰਾਬਰੀ ਹੈ, ਉਸੇ ਵਿਚ ਸਾਰੇ ਮਸਲ੍ਹੇ ਦੀ ਜੜ੍ਹ ਹੈ। ਇਸ ਸਵਾਲ ਦਾ ਜਵਾਬ ਇਹ ਹੈ ਕਿ ਜਿਸਮਾਨੀ ਤੇ ਮਾਨਸਿਕ ਕਿਰਤਾਂ ਨੂੰ ਇਕੋ ਜਿੰਨਾ ਉਪਜਾਊ ਸਮਝਣਾ ਚਾਹੀਦਾ ਹੈ ਅਤੇ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਹੈ ਕਿ ਮਾਨਸਕ ਮਿਹਨਤ ਕਰਨ ਵਾਲੇ ਜਿਸਮਾਨੀ ਮਿਹਨਤ ਕਰਨ ਵਾਲਿਆਂ ਨਾਲੋਂ ਚੰਗੇ ਹੁੰਦੇ ਹਨ।
5
ਆਖ਼ਰੀ ਗੱਲ ਇਹ ਹੈ ਕਿ ਭਗਤ ਸਿੰਘ ਮਾਰਕਸ, ਏਂਗਲਜ਼ ਤੇ ਲੈਨਿਨ ਦੀ ਬਿਹਤਰੀਨ ਪਰੰਪਰਾ ਦਾ ਆਲੋਚਨਾਤਮਕ ਇਨਕਲਾਬੀ ਦਾਨਸ਼ਮੰਦ ਸੀ। ਉਹ ਨੌਜਵਾਨਾਂ ਨੂੰ ਡਰੀਮਲੈਂਡ ਪੜ੍ਹਨ ਦੀ ਸਿਫ਼ਾਰਸ਼ ਕਰਦਿਆਂ ਤਾੜਨਾ ਵੀ ਕਰਦਾ ਹੈ: "ਇਹਨੂੰ ਅੱਖਾਂ ਬੰਦ ਕਰਕੇ ਨਾ ਪੜ੍ਹੋ, ਅਤੇ ਇਹ ਸਮਝ ਲਈਓ ਕਿ ਇਸ ਵਿਚ ਜੋ ਲਿਖਿਆ ਹੈ, ਉਹ ਸਹੀ ਹੈ। ਇਹਨੂੰ ਪੜ੍ਹੋ, ਇਹਦੀ ਆਲੋਚਨਾ ਕਰੋ, ਇਹਦੇ ਬਾਰੇ ਸੋਚੋ ਅਤੇ ਇਹਦੀ ਮਦਦ ਨਾਲ ਆਪਣੇ ਵਿਚਾਰ ਬਣਾਉਣ ਦੀ ਕੋਸ਼ਿਸ਼ ਕਰੋ।"


ਸ੍ਰੋਤ  :- nisot.com

No comments:

Post a Comment