Thursday, January 20, 2011

ਬਾਰਬੀ ਡੌਲ ਦੀ ਕਹਾਣੀ---ਹਰਜਿੰਦਰ ਦੁਸਾਂਝ

ਇੱਕਵੀਂ ਸਦੀ ਦਾ ਪਹਿਲਾ ਦਹਾਕਾ ਖੱਟੀਆਂ-ਮਿੱਠੀਆਂ ਯਾਦਾਂ, ਸੰਦਲੀ ਤੇ ਭੂਰੀਆਂ ਪੈੜਾਂ ਛੱਡ ਕੇ ਤੁਰਦਾ ਬਣਿਆ। ਇਸ ਦਹਾਕੇ ਦੇ ਨੌਵੇਂ ਸਾਲ ਦੇ ਅੱਖਾਂ ਮੀਟਣ ਪਿਛੋਂ ਭਾਵੇਂ ਸੀਤ ਲਹਿਰ ਵੀ ਨਿੱਘ 'ਚ ਵੱਟਣ ਲੱਗ ਪਈ ਹੈ ਪਰ ਪਿਘਲ ਗਏ ਸਾਲ ਦਾ ਅਜੇ ਲੇਖਾ-ਜੋਖਾ ਹੋ ਰਿਹਾ ਹੈ। ਬੀਤੇ ਸਾਲ ਦੇ ਦੂਜੇ ਮਹੀਨੇ ਦੁਨੀਆਂ ਦੀਆਂ ਦੋ ਮਹਾਨ ਸ਼ਖਸੀਅਤਾਂ ਦੀ ਦੋ ਸੌ ਸਾਲਾ ਜਨਮ ਸ਼ਤਾਬਦੀ ਲੰਘ ਕੇ ਗਈ ਹੈ। ਇਹ ਦੋਵੇਂ ਸ਼ਖਸੀਅਤਾਂ-ਇਬਰਾਹੀਮ ਲਿੰਕਨ ਤੇ ਚਾਰਲਸ ਡਾਰਵਿਨ, ਕਿਸੇ ਜਾਣ-ਪਛਾਣ ਦੀਆਂ ਮੁਥਾਜ ਨਹੀਂ। ਦੋਵਾਂ ਦੇ ਕੀਤੇ ਕੰਮਾਂ ਨੇ ਦੁਨੀਆਂ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ, ਇਹ ਵੀ ਸ਼ਾਇਦ ਦੱਸਣ ਦੀ ਲੋੜ ਨਹੀਂ। ਅਤੀਤ ਦੀ ਬੁੱਕਲ 'ਚ ਜਾ ਛੁਪਿਆ ਸਾਲ ਚਕਾਚੌਂਧ ਰੌਸ਼ਨੀਆਂ 'ਚ ਅਗਾਜ਼ ਹੋਇਆ ਸੀ ਤਾਂ ਡਾਰਵਿਨ ਅਤੇ ਲਿੰਕਨ ਦੇ ਦੋ ਸੌ ਸਾਲਾ ਜਨਮ ਦਿਨ ਮਨਾਉਣ ਦੀਆਂ ਗੱਲਾਂ ਵੀ ਬੜੀਆਂ ਚਕਾਚੌਂਧ ਵਾਲੀਆਂ ਸਨ। ਇਥੋਂ ਤੱਕ ਕਿ ਰਾਸ਼ਟਰਪਤੀ ਬਰਾਕ ਓਬਾਮਾ ਨੇ ਪੂਰਾ ਸਾਲ ਪੂਰੇ ਦੇਸ਼ 'ਚ ਦੋਵਾਂ ਦੀਆਂ ਜਨਮ ਸ਼ਤਾਬਦੀਆਂ ਮਨਾਉਣ ਦਾ ਐਲਾਨ ਕੀਤਾ ਸੀ ਪਰ ਇਨ੍ਹਾਂ ਦੋਵਾਂ ਦੀਆਂ ਜਨਮ ਸ਼ਤਾਬਦੀਆਂ ਤੋਂ ਅਗਲੇ ਮਹੀਨੇ ਇਕ ਕਾਲਪਨਿਕ ਪਲਾਸਟਿਕ ਦੀ ਗੁੱਡੀ ਬਾਰਬੀ ਦਾ ਪੰਜਾਹਵਾਂ ਜਨਮ ਦਿਨ ਆ ਗਿਆ। ਲਿੰਕਨ ਅਤੇ ਡਾਰਵਿਨ ਦੇ ਦੋ ਸੌ ਸਾਲਾ ਜਨਮ ਦਿਨ ਦੇ ਉਲੀਕੇ ਪ੍ਰੋਗਰਾਮ ਬਾਰਬੀ ਦੇ ਪੰਜਾਹਵੇਂ ਸਾਲ ਦੇ ਜਸ਼ਨਾਂ ਦੇ ਰੌਲੇ ਵਿਚ ਹੀ ਰੁੱਲ ਗਏ। ਉਕਤ ਮਹਾਨ ਦਾਰਸ਼ਨਿਕਾਂ ਦੇ ਜਨਮ ਦਿਹਾੜੇ ਮਹਿਜ ਇੱਕ ਸਰਕਾਰੀ ਸਮਾਗਮ ਬਣ ਕੇ ਹੀ ਰਹਿ ਗਏ।
ਕਈ ਵਰ੍ਹੇ ਪਹਿਲਾਂ ਪੰਜਾਬੀ ਪੱਤਰਕਾਰੀ ਦੇ ਗੁਰੂ ਸੁਰਜਨ ਜ਼ੀਰਵੀ ਹੁਰਾਂ ਨੇ ਪੰਜਾਬੀ ਵਾਰਤਕ ਦੀ ਝੋਲੀ, ''ਇਹ ਹੈ ਬਾਰਬੀ ਸੰਸਾਰ'' ਨਾਂ ਦੀ ਕਿਤਾਬ ਪਾਈ ਸੀ। ਜ਼ੀਰਵੀ ਦੀ ਉਕਤ ਕਿਤਾਬ ਵੀ ਡਾਰਵਿਨ ਤੇ ਲਿੰਕਨ ਦੇ ਜਨਮ ਦਿਨਾਂ ਵਾਂਗ ਕੁਝ ਸੰਜ਼ੀਦਾ ਤੇ ਸੋਚਵਾਨ ਸੱਜਣਾਂ ਦੇ ਦਾਇਰੇ ਵਿਚ ਹੀ ਸਿਮਟ ਕੇ ਰਹਿ ਗਈ। ਜਦੋਂ ਜ਼ੀਰਵੀ ਹੁਰਾਂ ਨੇ ਬਾਰਬੀ ਅਤੇ ਅਮਰੀਕੀ ਸਮਾਜ ਬਾਰੇ ਕਿਤਾਬ ਲਿਖੀ ਸੀ ਤਾਂ ਬਹੁਤ ਘੱਟ ਲੋਕਾਂ ਨੇ ਸੋਚਿਆ ਹੋਵੇਗਾ ਕਿ ਇਕ ਕਾਲਪਨਿਕ ਗੁੱਡੀ ਨੇ ਕਿੱਥੋਂ ਤਕ ਅਮਰੀਕੀ ਸਮਾਜ ਦੀ ਸੋਚ ਖੁੰਢੀ ਕੀਤੀ ਹੋਈ ਹੈ ਪਰ ਕਈ ਸਾਲ ਪਹਿਲਾਂ ਜ਼ੀਰਵੀ ਨੇ ਜਿਸ ਤਰ੍ਹਾਂ ਇਸ ਨੂੰ ਦੇਖਿਆ-ਪਾਖਿਆ ਤੇ ਸਮਝਿਆ ਸੀ, ਬਿਮਾਰੀ ਉਸ ਤੋਂ ਵੀ ਕਿਤੇ ਗੁੰਝਲਦਾਰ ਤੇ ਗੰਭੀਰ ਹੈ। ਪੂਰਾ ਦੇਸ਼ ਆਰਥਿਕ ਮੰਦਵਾੜੇ 'ਚੋਂ ਗੁਜ਼ਰ ਰਿਹਾ ਸੀ/ਹੈ, ਲੋਕਾਂ ਦੇ ਘਰ ਖੁੱਸ ਰਹੇ ਹਨ, ਇਸਦੇ ਬਾਵਜੂਦ ਹਰ ਤਬਕੇ ਦੇ ਲੋਕਾਂ ਦਾ ਵੱਡਾ ਹਿੱਸਾ ਬਾਰਬੀ ਦੇ ਮਾਡਲ ਤੇ ਉਸ ਨਾਲ ਜੁੜਿਆ ਹੋਰ ਸਾਮਾਨ ਖਰੀਦ ਰਿਹਾ ਸੀ, ਇੱਥੋਂ ਤਕ ਕਿ ਬਹੁਤ ਸਾਰੇ ਲੋਕ ਘਰ ਦਾ ਸਾਮਾਨ ਵੇਚ ਕੇ ਅਤੇ ਆਪਣੇ ਬੱਚਿਆਂ ਦਾ ਗਲਾ ਘੁੱਟ ਕੇ ਰਬੜ ਦੀ ਗੁੱਡੀ ਪਿਛੇ ਦੌੜੇ ਫਿਰਦੇ ਹਨ। ਇਸਨੂੰ ਪਾਗਲਪਨ ਹੀ ਕਿਹਾ ਜਾ ਸਕਦਾ ਹੈ। ਹੈਰਾਨੀ ਦੀ ਗੱਲ ਹੈ ਕਿ ਆਪਣੇ ਆਪ ਨੂੰ ਬੜੇ ਅਗਾਂਹਵਧੂ ਸਮਝਦੇ ਕਈ ਪੰਜਾਬੀ ਟੱਬਰ ਵੀ ਬਾਰਬੀ ਦੇ ਰੋਗ ਤੋਂ ਪੀੜਤ ਹਨ।


ਲਿੰਕਨ ਅਤੇ ਡਾਰਵਿਨ ਦੀਆਂ ਸ਼ਖਸੀਅਤਾਂ ਦੇ ਵਿਕਾਸ ਪਿਛੇ ਬੜੀ ਸਾਧਨਾ ਤੇ ਘਾਲਣਾ ਹੋਵੇਗੀ ਪਰ ਬਨਾਵਟੀ ਗੁੱਡੀ ਬਾਰਬੀ ਦੀ ਪੈਦਾਇਸ਼ ਪਿਛੇ ਵੀ ਦਿਲਚਸਪ ਕਹਾਣੀ ਹੈ। ਪਿਛਲੀ ਸਦੀ ਦੇ ਪੰਜਵੇਂ ਦਹਾਕੇ ਦੇ ਅੱਧ 'ਚ ਅਮਰੀਕਾ ਦੇ ਇਕ ਵਪਾਰੀ ਰੂਥ ਹੈਂਡਲਰ ਦੇ ਘਰ ਇਕ ਧੀ ਨੇ ਜਨਮ ਲਿਆ ਜਿਸ ਦਾ ਨਾਂ ਰੱਖਿਆ ਗਿਆ 'ਬਾਰਬਰਾ' ਤੇ ਪਿਆਰ ਦਾ ਨਾਂ 'ਬਾਰਬੀ'। ਜਦੋਂ ਅਸਲੀ ਬਾਰਬੀ ਗੁੱਡੀਆਂ-ਪਟੋਲਿਆਂ ਨਾਲ ਖੇਡਣ ਦੀ ਉਮਰ ਦੀ ਹੋਈ ਤਾਂ ਮਾਂ ਨੇ ਬਾਜ਼ਾਰ 'ਚੋਂ ਗੁੱਡੀਆਂ ਪਟੋਲੇ ਲਿਆਉਣੇ ਸ਼ੁਰੂ ਕੀਤੇ। ਇਕ ਦੁਪਹਿਰ ਰੂਥ ਦਫਤਰੋਂ ਘਰ ਖਾਣਾ ਖਾਣ ਆਇਆ ਤਾਂ ਨੰਨੀ ਮੁੰਨੀ ਬਾਰਬਰਾ ਇਕ ਗੁੱਡੀ ਨਾਲ ਖੇਡ ਰਹੀ ਸੀ, ਇਹ ਕਿਸੇ ਵਿਦੇਸ਼ੀ ਕੰਪਨੀ ਨੇ ਬਣਾਈ ਸੀ ਤੇ ਦੇਖਣ-ਪਾਖਣ ਨੂੰ ਬੜੀ ਭੱਦੀ ਲੱਗ ਰਹੀ ਸੀ। ਵਪਾਰੀ ਦਿਮਾਗ ਰੂਥ ਨੂੰ ਫੁਰਨਾ ਫੁਰਿਆ ਕਿ ਕਿਉਂ ਨਾ ਮੰਡੀ 'ਚ ਇਕ ਅਮਰੀਕਾ ਦੀ ਬਣੀ ਤੇਜ਼-ਤਰਾਰ ਗੁੱਡੀ ਛੱਡੀ ਜਾਵੇ।
ਗੱਲ 1955 ਦੀ ਹੈ, ਜਦੋਂ ਰੂਥ ਕਿਸੇ ਕੰਮ ਜਰਮਨੀ ਗਿਆ ਉੱਥੇ ਉਸ ਨੇ ਬਾਜ਼ਾਰ 'ਚ ਲਿੱਲੀ ਨਾਂ ਦੀ ਖਿਡੌਣਾ ਗੁੱਡੀ ਦੇਖੀ। ਉਸਨੇ ਦੋ ਖਰੀਦ ਲਈਆਂ ਇਕ ਆਪਣੀ ਧੀ ਲਈ ਤੇ ਦੂਜੀ ਆਪਣੀ ਵਪਾਰਕ ਸੂਝ ਲਈ। ਉਸ ਨੇ ਇਕ ਗੁੱਡੀ ਆਪਣੇ ਵਪਾਰਕ ਸਾਥੀ ਰੇਅਨ ਜੈਕ ਨੂੰ ਦਿੱਤੀ। ਉਦੋਂ ਰੂਥ 'ਮੈਟਲ ਇੰਕ' ਨਾਂ ਦੀ ਕੰਪਨੀ ਚਲਾ ਰਿਹਾ ਸੀ ਤੇ ਜੈਕ ਇਥੇ ਹੀ ਕੰਮ ਕਰਦਾ ਸੀ। ਜੈਕ ਨੇ ਉਕਤ ਲਿੱਲੀ ਦਾ ਨਮੂਨਾ ਦੇਖ ਕੇ ਗੁੱਡੀ ਦਾ ਇੱਕ ਅਜਿਹਾ ਮਾਡਲ ਤਿਆਰ ਕੀਤਾ ਜਿਹੜਾ ਬੱਚਿਆਂ ਤੋਂ ਬਿਨਾ ਵੱਡਿਆਂ ਨੂੰ ਵੀ ਖਿੱਚ ਪਾਉਂਦਾ ਹੋਵੇ। ਇਸ ਤਰ੍ਹਾਂ ਜੈਕ ਵਲੋਂ ਤਿਆਰ ਕੀਤੇ ਡਿਜ਼ਾਈਨ ਉਤੇ ਮੈਟਲ ਇੰਕ ਕੰਪਨੀ ਨੇ 1959 ਦੌਰਾਨ ਬਾਰਬੀ ਨੂੰ ਪਲਾਸਟਿਕ ਦੇ ਸਾਂਚਿਆਂ 'ਚ ਢਾਲਿਆ ਤੇ ਏਸੇ ਸਾਲ ਜਨਵਰੀ ਦੇ ਨੌਵੇਂ ਦਿਨ ਇਸ ਨੂੰ ਅਮਰੀਕਾ ਦੇ ਖਿਡੌਣਿਆਂ ਦੇ ਕੌਮਾਂਤਰੀ ਮੇਲੇ 'ਚ ਪੇਸ਼ ਕੀਤਾ। ਇਸਨੂੰ ਰੂਥ ਨੇ ਆਪਣੀ ਅਸਲੀ ਧੀ ਬਾਰਬਰਾ ਦੇ ਨਾਂ ਉਤੇ ਬਾਰਬੀ ਦਾ ਨਾਂ ਦਿੱਤਾ।
ਜ਼ੈਬਰੇ ਦੀਆਂ ਧਾਰੀਆਂ ਵਰਗੇ ਸਵਿਮਿੰਗ ਸੂਟ 'ਚ ਇਕ ਮਾਸੂਮ ਚਿਹਰੇ ਵਾਲੀ ਅੱਲ੍ਹੜ ਉਮਰ ਦੀ ਦਿਸਦੀ ਖਿਡੌਣਾ ਗੁੱਡੀ ਦੇ ਅੰਗਾਂ ਨੂੰ ਇਸ ਤਰ੍ਹਾਂ ਉਭਾਰ ਕੇ ਪੇਸ਼ ਕੀਤਾ ਗਿਆ ਕਿ ਇਹ ਖਿਡੌਣੇ ਨਾਲੋਂ ਵਧ ਇਕ ਕਾਮ ਉਕਸਾਊ ਗੁੱਡੀ ਲਗਦੀ ਸੀ। ਇਸ ਤਰ੍ਹਾਂ ਰੂਥ ਨੇ ਬੱਚਿਆਂ ਦੀ ਗੁੱਡੀ ਦੇ ਨਾਂ ਉੱਤੇ ਇਕ ਤੀਰ ਨਾਲ ਕਈ ਸ਼ਿਕਾਰ ਫੁੰਡ ਲਏ। ਲਿੱਲੀ ਨੂੰ ਦੇਖ ਕੇ ਬਣਾਈ ਬਾਰਬੀ ਲਈ ਵਿਹੜਾ ਉਦੋਂ ਹੋਰ ਮੋਕਲਾ ਹੋ ਗਿਆ ਜਦੋਂ ਸਾਲ ਕੁ ਬਾਅਦ ਲਿੱਲੀ ਦੀ ਕੰਪਨੀ ਨੇ ਉਤਪਾਦਨ ਬੰਦ ਕਰ ਦਿੱਤਾ।
1971 'ਚ ਬਾਰਬੀ ਦਾ ਟੀ.ਵੀ. ਉਤੇ ਪ੍ਰਚਾਰ ਸ਼ੁਰੂ ਕੀਤਾ ਗਿਆ ਜਿਸ 'ਚ ਬਾਰਬੀ ਦੇ ਅੰਗਾਂ ਨੂੰ ਬੜਾ ਉਭਾਰ ਕੇ ਕਈ ਪੋਜ਼ਾਂ 'ਚ ਪੇਸ਼ ਕੀਤਾ ਗਿਆ। ਕੈਮਰੇ ਦੇ ਟਰਿੱਕਾਂ ਨਾਲ ਪੇਸ਼ ਕੀਤੀ ਬਾਰਬੀ ਦੀ ਹਰ ਪਾਸੇ ਲਾਲਾ-ਲਾਲਾ ਹੋ ਗਈ। ਹੁਣ ਮੁਟਿਆਰ ਹੋ ਰਹੀ ਹਰ ਕੁੜੀ ਆਪਣੇ ਆਪ ਨੂੰ ਬਾਰਬੀ ਸਮਝਣ ਲੱਗੀ। ਬਾਰਬੀ ਵਰਗੀ ਦਿੱਖ ਬਣਾਉਣ ਦੇ ਚੱਕਰ 'ਚ ਜਵਾਨੀ ਦੀ ਦਹਿਲੀਜ਼ ਟੱਪਦੀਆਂ ਕਈ ਮਾਸੂਮ ਧੀਆਂ ਫਾਕੇ ਕੱਟਦੀਆਂ ਅਤੇ ਭਾਰ ਘਟਾ ਕੇ ਬਾਰਬੀ ਵਰਗੇ ਅੰਗ ਬਣਾਉਣ ਲਈ ਦਵਾਈਆਂ ਖਾਂਦੀਆਂ ਕਈ ਹੋਰ ਰੋਗ ਸਹੇੜ ਬੈਠੀਆਂ ਤੇ ਕਈ ਜਾਨ ਵੀ ਗੁਆ ਬੈਠੀਆਂ। ਪਰ ਬਾਰਬੀ ਦਾ ਨਾਪ ਉਸੇ ਤਰ੍ਹਾਂ ਰਿਹਾ। ਜਦੋਂ ਮਾਲਕਾਂ ਨੂੰ ਲੱਗਿਆ ਕਿ ਗੋਰੀ ਦਿੱਖ ਦੀ ਬਾਰਬੀ ਗੈਰ ਗੋਰੀਆਂ ਨਸਲਾਂ 'ਚ ਪ੍ਰਚਲਿਤ ਨਹੀਂ ਹੋ ਰਹੀ ਤਾਂ ਚੀਨੀ, ਜਪਾਨੀ, ਅਫਰੀਕਨ ਤੇ ਮੈਕਸੀਕਨ ਦਿੱਖ ਨਾਲ ਵੱਖੋ-ਵੱਖਰੇ ਨਾਵਾਂ 'ਚ ਬਾਰਬੀ ਦੀਆਂ ਸਹੇਲੀਆਂ ਬਣਾ ਕੇ ਬਾਰਬੀ ਵਰਗੀਆਂ ਹੋਰ ਗੁੱਡੀਆਂ ਬਾਜ਼ਾਰ 'ਚ ਭੇਜੀਆਂ ਗਈਆਂ। ਫਿਰ ਬਾਰਬੀ ਦਾ ਬੁਆਏ ਫਰੈਂਡ ਕਿਨ ਅਤੇ ਉਸ ਦੇ ਦੋਸਤ ਬਣਾ ਕੇ ਕਈ ਗੁੱਡੇ ਮਾਰਕੀਟ 'ਚ ਉਤਾਰੇ ਗਏ ਤਾਂ ਕਿ ਬਾਰਬੀ ਮੁੰਡਿਆਂ 'ਚ ਵੀ ਪ੍ਰਚਲਿਤ ਹੋ ਜਾਵੇ। ਇਸਦੇ ਬਾਵਜੂਦ ਜਦੋਂ ਬਾਰਬੀ ਦਾ ਜਾਦੂ ਘੱਟਣ ਲੱਗਾ ਤਾਂ ਉਸਨੂੰ ਆਏ ਸਾਲ ਵਡੇਰੀ ਉਮਰ ਦੀ ਬਣਾ ਕੇ ਵੱਖੋ-ਵੱਖਰੇ ਕੰਮਕਾਜਾਂ 'ਚ ਲੱਗੀ ਦਿਖਾਇਆ ਗਿਆ। ਰਾਸ਼ਟਰਪਤੀ, ਡਾਕਟਰ, ਪਾਇਲਟ ਤੇ ਫਾਇਰ ਫਾਈਟਰ ਵਰਗੇ ਸੌ ਤੋਂ ਵਧ ਮਾਡਲਾਂ 'ਚ ਬਾਰਬੀ ਪੇਸ਼ ਹੋ ਚੁੱਕੀ ਹੈ। ਇੱਥੋਂ ਤੱਕ ਕੇ ਕੰਪਨੀ ਨੇ ਬਾਰਬੀ ਦੇ ਕੁੱਤੇ, ਬਿੱਲੇ ਤੇ ਘੋੜਿਆਂ ਦੇ ਨਾਂ 'ਤੇ ਮਾਰਕੀਟ 'ਚ ਖਿਡੌਣੇ ਪੇਸ਼ ਕਰਕੇ ਬੇਹਿਸਾਬ ਕਮਾਈ ਕੀਤੀ। ਮੁਸਲਿਮ ਦੇਸ਼ਾਂ 'ਚ ਆਪਣੀ ਦਿੱਖ ਕਰਕੇ ਬਾਰਬੀ ਆਪਣੇ ਮਾਲਕਾਂ ਨੂੰ ਏਨੀ ਕਮਾਈ ਨਹੀਂ ਕਰਕੇ ਦੇ ਸਕੀ, ਸੋ ਹੁਣ ਉਥੇ ਇਸ ਨੂੰ ਇਸਲਾਮੀ ਸ਼ਰੀਅਤ ਪਹਿਰਾਵੇ 'ਚ ਪੇਸ਼ ਕੀਤਾ ਗਿਆ ਹੈ।


ਪਿਛੇ ਜਿਹੇ ਬਾਜ਼ਾਰੀ ਨਜ਼ਰੀਏ ਨਾਲ ਇਸ ਕਾਲਪਨਿਕ ਬਾਰਬੀ ਦਾ ਉਸਦੇ ਬੁਆਏ ਫਰੈਂਡ ਕਿਨ ਨਾਲੋਂ ਤੋੜ ਵਿਛੋੜਾ ਕਰ ਦਿੱਤਾ ਗਿਆ। ਜੇਕਰ ਕੁਝ ਨਹੀਂ ਕੀਤਾ ਗਿਆ ਤਾਂ ਇਹ ਕਿ ਅਸਲੀ ਬਾਰਬੀ ਜਿਸ ਦੇ ਨਾਂ ਉਤੇ ਇਸ ਦਾ ਨਾਂ ਰੱਖਿਆ ਗਿਆ, ਆਪਣੇ ਨਾਂ ਵਾਲੀ ਪਲਾਸਟਿਕ ਦੀ ਗੁੱਡੀ ਕਰਕੇ ਕਰੋੜਾਂ ਦੀ ਮਾਲਕ ਹੈ, ਦਾ ਨਾ ਤਾਂ ਵਿਆਹ ਕੀਤਾ ਗਿਆ ਤੇ ਨਾ ਹੀ ਬੱਚੇ ਪੈਦਾ ਕੀਤੇ ਗਏ।
ਵੈਸੇ ਪਲਾਸਟਿਕ ਦੀ ਬਾਰਬੀ ਨੂੰ ਇਕ ਜੀਵਤ ਮੁਟਿਆਰ ਵਾਂਗ ਪੇਸ਼ ਕੀਤਾ ਗਿਆ। ਮਾਡਲਿੰਗ ਦੀ ਦੁਨੀਆਂ 'ਚ ਰਬੜ ਦੀ ਇਹ ਮਾਡਲ ਕਈ ਕਹਿੰਦੀਆਂ ਕਹਾਉਂਦੀਆਂ ਮਾਡਲ ਮੁਟਿਆਰਾਂ ਨੂੰ ਕਮਾਈ ਦੇ ਮਾਮਲੇ 'ਚ ਕਿੱਧਰੇ ਪਿੱਛੇ ਛੱਡ ਚੁੱਕੀ ਹੈ। ਮਾਲਕ ਸਮਝਦੇ ਹਨ ਕਿ ਜੇਕਰ ਰਬੜ ਦੀ ਗੁੱਡੀ ਨੂੰ ਵਿਆਹੁਤਾ ਦਿਖਾ ਦਿੱਤਾ ਜਾਵੇ ਤਾਂ ਸੋਨੇ ਦੇ ਅੰਡੇ ਦਿੰਦੀ ਮੁਰਗੀ ਦਾ ਕਿਧਰੇ ਕਤਲ ਨਾ ਹੋ ਜਾਵੇ।


ਕਈ ਚੰਗੀਆਂ ਕੰਪਨੀਆਂ ਲਈ ਮਾਡਲਿੰਗ ਕਰਦੀਆਂ ਨਾਮੀ ਮਾਡਲਾਂ ਦਾ ਕਹਿਣਾ ਹੈ ਕਿ ਇੱਕ ਰਬੜ ਦੀ ਮਾਡਲ ਕਮਾਈ 'ਚ ਉਨ੍ਹਾਂ ਨੂੰ ਪਿੱਛੇ ਛੱਡ ਗਈ ਹੈ। ਦੂਜੇ ਪਾਸੇ ਅਮਰੀਕਾ ਸਮੇਤ ਕਈ ਦੇਸ਼ਾਂ ਦੀਆਂ ਸਿਹਤ ਸੰਸਥਾਵਾਂ ਤੇ ਡਾਕਟਰ ਵਾਰਵਾਰ ਕਹਿ ਰਹੇ ਹਨ ਕਿ ਇਸ ਧਰਤੀ ਉਤੇ ਬਾਰਬੀ ਦੀ ਦਿੱਖ ਵਰਗੀ ਕੋਈ ਕੁੜੀ ਹੋ ਹੀ ਨਹੀਂ ਸਕਦੀ। ਇਹ ਸੰਭਵ ਹੀ ਨਹੀਂ, ਹਾਂ ਸ਼ਾਇਦ ਕੋਈ ਕੁਦਰਤੀ ਲੱਖਾਂ 'ਚੋਂ ਇੱਕ ਹੋਵੇ। ਉਹ ਮੁਟਿਆਰਾਂ ਨੂੰ ਇਹੋ ਸਲਾਹ ਦੇ ਰਹੇ ਹਨ ਕਿ ਬਾਰਬੀ ਬਣਨ ਦੇ ਚੱਕਰ 'ਚ ਐਵੇਂ ਆਪਣੇ ਸਰੀਰ ਲਈ ਰੋਗ ਨਾ ਸਹੇੜਨ।
ਖੈਰ, ਸਮਝਿਆ ਜਾ ਰਿਹਾ ਸੀ ਕਿ ਹੁਣ ਬਾਰਬੀ ਦਾ ਜਾਦੂ ਮੱਠਾ ਪੈ ਰਿਹਾ ਹੈ ਤਾਂ ਹੀ ਬਾਰਬੀ ਦਾ ਪੰਜਾਹਵਾਂ ਜਨਮ ਦਿਨ ਮਨਾਉਣ ਦਾ ਡਰਾਮਾ ਕੀਤਾ ਗਿਆ ਹੈ। ਇਸ ਡਰਾਮੇ ਨੇ ਖੂਬ ਰਾਸ ਰਚਾਈ। ਜਦੋਂ ਲਿੰਕਨ ਤੇ ਡਾਰਵਿਨ ਦੇ ਦੋ ਸੌ ਸਾਲਾ ਪ੍ਰੋਗਰਾਮ ਸ਼ੁਰੂ ਹੋਏ ਤਾਂ ਅਮਰੀਕਾ ਦੇ ਹਰ ਗਲੀ ਮੁਹੱਲੇ 'ਚ ਬਾਰਬੀ ਦੇ ਜਨਮ ਦਿਹਾੜੇ ਦੀ ਹਨ੍ਹੇਰੀ ਆ ਗਈ ਤੇ ਇਸ ਹਨੇਰੀ ਨੇ ਡਾਰਵਿਨ ਤੇ ਲਿੰਕਨ ਦੇ ਜਨਮ ਦਿਨਾਂ ਦੀਆਂ ਮੋਮਬੱਤੀਆਂ ਗੁੱਲ ਕਰ ਦਿੱਤੀਆਂ। ਇਹ ਸਭ ਕੁਝ ਦੇਖ ਕੇ ਅਮਰੀਕਾ ਦੇ ਕੌਮੀ ਪੱਧਰ ਦੇ ਰੋਜ਼ਾਨਾ ਅਖ਼ਬਾਰ ਯੂ.ਐਸ਼ਏ. ਟੂਡੇ ਨੇ ਇਕ ਲੰਬਾ ਚੌੜਾ ਤੇ ਅਸਰਦਾਰ ਐਡੀਟੋਰੀਅਲ ਲਿਖਿਆ ਪਰ ਸਾਡੇ ਜ਼ੀਰਵੀ ਸਾਹਿਬ ਤਾਂ ਚਿਰੋਕਣਾ ਪਹਿਲਾਂ ਹੀ ਦੱਸ ਚੁੱਕੇ ਸਨ ਕਿ 'ਇਹ ਹੈ ਬਾਰਬੀ ਸੰਸਾਰ'।


ਬੀਤੇ ਦਿਨੀਂ ਅਮਰੀਕਨ ਯੂਨੀਵਰਸਿਟੀਆਂ ਦੀਆਂ ਫੀਸਾਂ 'ਚ ਲੋਹੜੇ ਦਾ ਵਾਧਾ ਹੋਇਆ। ਹਰ ਯੂਨੀਵਰਸਿਟੀ 'ਚ ਪਾੜ੍ਹੇ ਮੁਜਾਹਰੇ ਕਰ ਰਹੇ ਹਨ। ਕਈ ਯੂਨੀਵਰਸਿਟੀਆਂ 'ਚ ਪੁਲਿਸ ਤੇ ਪਾੜ੍ਹਿਆਂ 'ਚ ਝੜੱਪਾਂ ਵੀ ਹੋਈਆਂ। ਇਸ ਬਾਰੇ ਕਾਂਗਰਸ ਖਾਮੋਸ਼ ਹੈ ਤੇ ਲੋਕ ਸੁੰਨ ਹਨ। ਅਮਰੀਕਨ ਫੌਜ ਦੇ ਸੈਂਕੜੇ ਅਫ਼ਸਰ ਸੇਵਾ ਮੁਕਤ ਹੋ ਕੇ ਆਪਣੇ
ਫੌਜ ਵਿਚਲੇ ਸਾਥੀਆਂ ਦੀ ਮਦਦ ਨਾਲ ਫੌਜ ਦੇ ਸਲਾਹਕਾਰ ਬਣ ਕੇ ਹਜਾਰ-ਹਜਾਰ ਡਾਲਰ ਘੰਟੇ ਦੀ ਤਨਖਾਹ ਲੈ ਰਹੇ ਹਨ। ਕਈ ਸੇਵਾ ਮੁਕਤ ਹੋ ਕੇ ਫੌਜ ਨੂੰ ਸਪਲਾਈ ਕਰਨ ਵਾਲੀਆਂ ਕੰਪਨੀਆਂ 'ਚ ਕੰਮ ਕਰਨ ਲੱਗ ਪਏ। ਤੇ ਜਿਹੜਾ ਪੈਨ ਵਾਲਮਾਰਟ ਸਟੋਰ 50 ਸੈਂਟ ਦਾ ਵੇਚ ਰਿਹਾ ਉਹੀ ਪੈਨ ਉਹ ਪੰਜ ਡਾਲਰ ਦਾ ਸਪਲਾਈ ਕਰ ਰਹੇ ਹਨ। ਜਦੋਂ ਕੁਝ ਅਖ਼ਬਾਰਾਂ ਨੇ ਇਹ ਕਿੱਸੇ ਛਾਪੇ ਤਾਂ ਮਸਲਾ ਹਿੰਦੋਸਤਾਨ ਦੇ ਸਿਆਸਤਦਾਨਾਂ ਵਾਂਗ ਇਨਕੁਆਰੀਆਂ ਤੇ ਕਮਿਸ਼ਨਾਂ ਦੇ ਚੱਕਰ 'ਚ ਪੈ ਗਿਆ। ਮੀਡੀਏ 'ਚ ਆਏ ਉਬਾਲ ਕਰਕੇ ਸਾਧਾਰਣ ਜਨਤਾ ਚਾਰ ਕੁ ਦਿਨ ਗੱਲਾਂ ਕਰਕੇ ਜ਼ਿੰਦਗੀ 'ਚ ਮਸ਼ਹੂਫ ਹੋ ਗਈ ਤੇ ਉਹ ਬਰਫਬਾਰੀ ਤੋਂ ਬਾਅਦ ਨਿਕਲੀ ਧੁੱਪ ਵਾਲੇ ਦਿਨ ਮੱਛੀਆਂ ਫੜਨ, ਨਵੇਂ ਲਿਆਂਦੇ ਕੁੱਤੇ ਵਲੋਂ ਖਾਣਾ ਨਾ ਖਾਣ, ਬਿੱਲੇ ਦੇ ਦੰਦ ਖਰਾਬ ਹੋਣ ਅਤੇ ਮਾਰਕੀਟ 'ਚ
ਆਏ ਬਾਰਬੀ ਦੇ ਨਵੇਂ ਮਾਡਲ ਦੀਆਂ ਗੱਲਾਂ ਕਰਨ ਲੱਗੇ, ਕਿਉਂਕਿ ''ਇਹ ਹੈ ਬਾਰਬੀ ਸੰਸਾਰ।''


ਸ੍ਰੋਤ :- punjabtimesusa.com


*ਫੋਨ:530-301-1753


No comments:

Post a Comment