Sunday, February 6, 2011

'ਧੋਬੀ ਘਾਟ' ਬੁਲੰਦ ਕਲਾ ਦਾ ਉੱਤਮ ਨਮੂਨਾ

ਹਮੇਸ਼ਾ ਦੀ ਤਰ੍ਹਾਂ ਕੁੱਝ ਨਵਾਂ ਲੈ ਕੇ ਆਉਣ ਵਾਲੇ ਆਮੀਰ ਖਾਨ ਇਸ ਵਾਰ ਵੀ ਆਪਣੀ ਪਤਨੀ ਅਤੇ ਨਿਰਦੇਸ਼ਕ ਕਿਰਨ ਰਾਉ  ਦੇ ਨਾਲ ‘ਧੋਬੀ  ਘਾਟ’  ਦੇ ਜਰੀਏ ਕੁੱਝ ਮੌਲਿਕ ਲੈ ਕੇ ਆਏ ਹਨ । ਇਹ ਭੀੜ ਦੇ ਬਿਗੜੇ ਜਾਂ ਅਵਿਕਸਤ ਸੁਹਜ ਸੁਆਦ ਨੂੰ ਮੁਖਾਤਿਬ ਉੱਕਾ ਨਹੀਂ ਸਗੋਂ ਦਰਸ਼ਕਾਂ ਦੇ ਉਸ ਇਲਾਕੇ ਨੂੰ ਸਮਰਪਿਤ ਹੈ ਜਿਸ ਦੀਆਂ ਸੁਹਜ ਰੁਚੀਆਂ ਦਾ ਭਰਪੂਰ ਵਿਕਾਸ ਹੋ ਚੁੱਕਾ ਜਾਂ ਰਿਹਾ ਹੈ ।


ਬਾਲੀਵੁਡ ਸਿਨੇਮਾ ਵਿੱਚ ਜਿੱਥੇ 70  ਵਿਆਂ ਤੋਂ ਨਵੇਂ ਤਜਰਬੇ ਚਲਦੇ ਆ ਰਹੇ ਹਨ ਅਤੇ ਹਕੀਕਤ ਨੂੰ ਉਹਦੀ ਪੂਰਨ ਗਹਿਰਾਈ ਵਿੱਚ ਫੜਨ  ਦਾ ਉਪਰਾਲਾ ਚੱਲਦਾ ਆ ਰਿਹਾ ਹੈ ,  ਉਹ ਉਹ ਹੁਣ ਹੋਰ ਵੀ ਅਰਥ ਭਰਪੂਰ  ਪਸਾਰ ਧਾਰਨ ਕਰ ਗਿਆ ਹੈ । ਜੀਵਨ ਦੀਆਂ ਕਠੋਰ ਹਕੀਕਤਾਂ ਦੇ ਘੁੰਮਣਘੇਰ ਵਿੱਚ ਘਿਰੇ ਕਿਰਦਾਰਾਂ ਦੀ ਆਤਮ ਤਲਾਸ ਦੌਰਾਨ ਬੰਦੇ ਦੇ ਅੰਦਰ ਛੁਪੀ ਸੁੰਦਰਤਾ ਦਾ ਏਨਾ ਪ੍ਰਭਾਵਸ਼ਾਲੀ ਚਿਤਰਣ ਘੱਟ ਹੀ ਫਿਲਮਾਂ ਵਿੱਚ ਦੇਖਣ ਨੂੰ ਮਿਲੇਗਾ।


ਫਿਲਮ ਧੋਬੀ  ਘਾਟ ਦੀ ਕਹਾਣੀ ਪੰਜ ਕਿਰਦਾਰਾਂ  ਦੇ ਇਰਦਗਿਰਦ ਘੁੰਮਦੀ ਨਜ਼ਰ  ਆਉਂਦੀ ਹੈ । ਪੰਜਾਂ ਦੀ ਜਿੰਦਗੀ ਇੱਕ - ਦੂਜੇ ਤੋਂ ਵੱਖ ਹੈ ਲੇਕਿਨ ਇਨ੍ਹਾਂ ਸਾਰੇ ਕਿਰਦਾਰਾਂ  ਦੇ ਵਿੱਚ ਇੱਕ ਅਜਿਹਾ ਰਿਸ਼ਤਾ ਬਣਦਾ ਹੈ ਜੋ ਇਨ੍ਹਾਂ ਨੂੰ ਇੱਕ ਲੜੀ ਵਿੱਚ ਪਿਰੋ ਦਿੰਦਾ ਹੈ । ਇੱਕ ਬਹੁਤ ਹੀ ਜਟਿਲ ਪਲੇਨ ਤੇ ਦਰਸ਼ਕ ਉਨ੍ਹਾਂ ਸਭਨਾਂ ਵਿੱਚ ਮੌਜੂਦ ਅੱਛਾਈ ਨਾਲ ਇੱਕਮਿਕਤਾ ਦਾ ਅਹਿਸਾਸ ਹੰਢਾਉਂਦੇ ਹਨ ।


ਯਾਸਮੀਨ  ( ਕੀਰਤੀ ਮਲਹੋਤਰਾ  )  ਯੂਪੀ ਦੀ ਰਹਿਣ ਵਾਲੀ ਹੈ ਅਤੇ ਵਿਆਹ  ਦੇ ਬਾਅਦ ਆਪਣੇ ਪਤੀ  ਦੇ ਨਾਲ ਆਕੇ ਮੁੰਬਈ ਵਿੱਚ ਵਸ ਜਾਂਦੀ ਹੈ ।  ਉਥੇ ਹੀ ਅਰੁਣ  ( ਆਮਿਰ ਖਾਨ  )  ਇੱਕ ਪੇਂਟਰ ਹੈ ,  ਜੋ ਆਪਣੀ  ਕਲਪਨਾ ਦੇ ਫਿਲਟਰ ਰਾਹੀਂ  ਬਾਹਰੀ ਦੁਨੀਆਂ ਨੂੰ ਆਪਣੇ ਕੈਨਵਾਸ ਤੇ ਉਤਾਰਨ ਲਈ  ਯਤਨਸ਼ੀਲ ਹੈ।


ਮੁੰਬਈ ਵਰਗੀ ਭੀੜਭਾੜ ਵਾਲੀ ਜਗ੍ਹਾ ਵਿੱਚ ਉਸਨੂੰ ਇਕੱਲੇ ਰਹਿਣਾ ਬਹੁਤ ਪਸੰਦ ਹੈ ।  ਉਹ ਸਮੇਂ – ਸਮੇਂ ਆਪਣਾ ਆਸ਼ਿਆਨਾ ਬਦਲਦਾ ਰਹਿੰਦਾ ਹੈ ।


ਸਾਈ  ( ਮੋਨਿਕਾ ਡੋਗਰਾ )  ਬੈਂਕ ਇੰਡਸਟਰੀ ਨਾਲ ਤਾੱਲੁਕ ਰੱਖਦੀ ਹੈ ।  ਫੋਟੋਗਰਾਫੀ ਸਾਈ ਦਾ ਸ਼ੌਕ ਹੀ ਨਹੀਂ ਸਗੋਂ ਜਨੂੰਨ ਹੈ ।


ਉਥੇ ਹੀ ਫਿਲਮ ਦਾ ਚੌਥਾ ਅਤੇ ਅਹਿਮ ਕਿਰਦਾਰ ਮੁੰਨਾ ਧੋਬੀ   ( ਪ੍ਰਤੀਕ ਬੱਬਰ )  ,  ਜੋ ਆਪਣੇ ਚਾਚੇ ਦੇ ਨਾਲ ਬਿਹਾਰ ਵਿੱਚ ਅੱਠ ਸਾਲ ਦੀ ਉਮਰ ਤੋਂ ਰਹਿ ਰਿਹਾ ਹੈ ।  ਮੁੰਨਾ ਦਾ ਸੁਫ਼ਨਾ ਫਿਲਮ ਐਕਟਰ ਸਲਮਾਨ ਖਾਨ  ਦੀ ਤਰ੍ਹਾਂ ਬਾਡੀ ਬਣਾਕੇ ਇੱਕ ਪ੍ਰਸਿੱਧ ਐਕਟਰ ਬਨਣ ਦਾ ਹੈ ।


ਪੰਜਵਾਂ ਤੇ ਸਭ ਤੋਂ ਅਹਿਮ ਪਾਤਰ ਹੈ ਉਸ ਔਰਤ ਦਾ ਜੋ ਅਰੁਣ ਦੇ ਗੁਆਂਢ ਰਹਿੰਦੀ ਹੈ ਤੇ ਕੁਝ ਨਹੀਂ ਬੋਲਦੀ ਬੱਸ ਦੇਖਦੀ ਰਹਿੰਦੀ ਹੈ ।ਜੀਵਨ ਦੀ ਕਹਾਣੀ ਦੇ ਰਹੱਸਮਈ ਹਿੱਸੇ ਦਾ ਅਹਿਸਾਸ ਕਰਾਉਣ ਵਿੱਚ ਇਸ ਕਿਰਦਾਰ ਦੀ ਬਖੂਬੀ ਵਰਤੋਂ ਕੀਤੀ ਗਈ ਹੈ ।


ਇਸ ਪੰਜਾਂ ਨੂੰ ਹਾਲਾਤ ਕੁੱਝ ਇਸ ਤਰ੍ਹਾਂ ਮਿਲਾਂਦੇ ਹਨ ਕਿ ਉਨ੍ਹਾਂ ਵਿੱਚ ਇੱਕ ਮਜਬੂਤ ਰਿਸ਼ਤਾ ਬਣ ਜਾਂਦਾ ਹੈ ।


ਸਾਈ ਦੀ ਅਰੁਣ ਨਾਲ ਮੁਲਾਕਾਤ ਇੱਕ ਪੇਟਿੰਗ ਨੁਮਾਇਸ਼  ਦੇ ਦੌਰਾਨ ਹੁੰਦੀ ਹੈ ।  ਜਿਸਦੇ ਬਾਅਦ ਦੋਨਾਂ ਇੱਕ ਰਾਤ ਇਕੱਠੇ ਗੁਜ਼ਾਰਦੇ ਹਨ । ਲੇਕਿਨ ਜਿਵੇਂ ਹੀ ਸਵੇਰ ਹੁੰਦੀ ਹੈ ਅਰੁਣ ਸਾਈ ਨਾਲ ਫਿਰ ਕਦੇ ਨਾ ਮਿਲਣ ਦਾ ਬਚਨ ਕਰਕੇ ਚਲਾ ਜਾਂਦਾ ਹੈ ।


ਮੁੰਨਾ ਜੋ ਸਾਈ ਦਾ ਧੋਬੀ  ਹੈ ਅਤੇ ਹਰ ਰੋਜ ਉਸਦੇ ਘਰ ਕੱਪੜੇ ਦੇਣ ਆਉਂਦਾ ਹੈ । ਉਸ ਨੂੰ ਪਤਾ ਚੱਲਦਾ ਹੈ ਕਿ ਸਾਈ ਫੋਟੋਗਰਾਫੀ ਦਾ ਕੰਮ ਕਰਦੀ ਹੈ ।  ਉਹ ਸਾਈ ਨੂੰ ਆਪਣਾ ਪੋਰਟਫੋਲੀਉ  ਬਣਾਉਣ ਲਈ ਕਹਿੰਦਾ ਹੈ ।


ਸਾਈ ਉਸਦੀ ਗੱਲ ਮੰਨ  ਜਾਂਦੀ ਹੈ ਅਤੇ ਮੁੰਨਾ ਦਾ ਪੋਰਟਫੋਲੀਉ ਬਣਾਉਂਦੀ ਹੈ ।  ਸਾਈ ਧੋਬੀ  ਘਾਟ ਵਿੱਚ ਜਾਕੇ ਵੀ ਉਸਦੀ ਫੋਟੋਗਰਾਫੀ ਕਰਦੀ ਹੈ ।


ਮੁੰਨਾ ਦਿਲ ਹੀ ਦਿਲ ਵਿੱਚ ਸਾਈ ਨੂੰ ਪਿਆਰ ਕਰਨ ਲੱਗਦਾ ਹੈ ਅਤੇ ਉਸਦੇ ਲਈ ਕੁੱਝ ਵੀ ਕਰਨ ਨੂੰ ਤਿਆਰ ਰਹਿੰਦਾ ਹੈ ਲੇਕਿਨ ਸਾਈ ਉਸਨੂੰ ਸਿਰਫ ਆਪਣਾ ਇੱਕ ਅੱਛਾ ਦੋਸਤ ਮੰਨਦੀ ਹੈ ।


ਕਹਾਣੀ ਦਾ ਇੱਕ ਹੋਰ ਅਹਿਮ ਅਤੇ ਰਹੱਸਮਈ ਕਿਰਦਾਰ ਹੈ ਯਾਸਮੀਨ ਜੋ ਅਪਾਰਟਮੇਂਟ ਵਿੱਚ ਰਹਿਣ ਆਏ ਅਰੁਣ ਦੀ ਜਿੰਦਗੀ ਨੂੰ ਪੂਰੀ ਤਰ੍ਹਾਂ ਨਾਲ ਹਿਲਾ ਕੇ ਰੱਖ ਦਿੰਦੀ ਹੈ । ਇੱਥੇ ਅਰੁਣ ਨੂੰ ਕੁੱਝ ਅਜਿਹੇ ਰਹਸਾਂ ਦਾ ਪਤਾ ਚੱਲਦਾ ਹੈ ਜੋ ਉਸਦੇ ਦਿਲ ਨੂੰ ਗਹਿਰਾਈ ਨਾਲ ਛੂ ਲੈਂਦੇ ਹਨ ਅਤੇ ਉਸਦੇ ਆਪਣੇ ਕਿਰਦਾਰ ਦੀਆਂ ਗਹਿਰਾਈਆਂ ਨੂੰ ਦਰਸ਼ਕਾਂ ਅੱਗੇ ਇਸ ਤਰੀਕੇ ਖੋਲ੍ਹ ਦਿੰਦੇ ਹਨ ਕਿ ਉਹ ਰੂਹਾਨੀ ਬੁਲੰਦੀਆਂ ਵੱਲ ਗਤੀਸ਼ੀਲ ਹੋ ਤੁਰਦੇ ਹਨ।


ਪੰਜਵੇਂ ਕਿਰਦਾਰ ਨਾਲ ਵੀ ਵਾਰੀ ਵਾਰੀ ਬਾਕੀ ਕਿਰਦਾਰਾਂ ਦਾ ਟਾਕਰਾ ਹੁੰਦਾ ਹੈ ਅਤੇ ਉਹ ਉਸ ਦੇ ਪਥਰਾ ਗਏ ਵਜੂਦ ਦੇ ਪ੍ਰਭਾਵ ਨੂੰ ਅਤਿ ਸੰਵੇਦਨਸ਼ੀਲਤਾ ਨਾਲ ਕਬੂਲਦੇ ਨਜ਼ਰ ਆਉਂਦੇ ਹਨ ।



ਕਿਰਨ ਦੀ ਫਿਲਮ ‘ਧੋਬੀ  ਘਾਟ’ ਵਿੱਚ ਪਹਿਲੀ ਵਾਰ ਅਭਿਨੇ ਕਰ ਰਹੀ ਮੋਨਿਕਾ ਡੋਗਰਾ ਅਤੇ ਕੀਰਤੀ ਮਲਹੋਤਰਾ  ਨੇ ਆਪਣੇ ਆਪਣੇ ਕਿਰਦਾਰ ਨੂੰ ਜੀਵੰਤ ਕਰ ਦਿੱਤਾ ਹੈ ਅਤੇ ਅਭਿਨੇ ਦੀ ਤਾਜਗੀ ਨੂੰ ਫਿਲਮ ਨਿਰਮਾਣ ਲਈ ਇੱਕ ਅਹਿਮ ਕਾਰਕ ਵਜੋਂ ਉਭਾਰ ਦਿੱਤਾ ਹੈ।


ਮੁੰਨਾ ਧੋਬੀ   ਦੇ ਰੂਪ ਵਿੱਚ ਪ੍ਰਤੀਕ ਬੱਬਰ ਨੇ ਆਪਣੀ ਪ੍ਰਤਿਭਾ ਦੀਆਂ ਵੱਡਿਆਂ ਸੰਭਾਵਨਾਵਾਂ ਦਰਸਾ ਦਿੱਤੀਆਂ  ਹਨ ।  ਆਮੀਰ ਖਾਨ ਸ਼ੁਰੂ  ਤੋਂ ਅੰਤ ਤੱਕ ਇੱਕ ਵੱਖ ਟ੍ਰੈਕ ਉੱਤੇ ਵਿਖਾਈ ਦਿੰਦੇ ਹਨ ।  ਉਸ ਨੇ ਆਪਣੀ ਪਰਪੱਕ ਕਲਾ ਦੇ ਜਰੀਏ ਅਰੁਣ  ਦੇ ਕਿਰਦਾਰ ਨੂੰ ਸੰਗਠਨਕਰਤਾ ਦੀ ਭੂਮਿਕਾ ਪ੍ਰਦਾਨ ਕਰਕੇ  ਫਿਲਮੀ ਬਿਰਤਾਂਤ ਨੂੰ ਉੱਦਾਤਕ ਪਸਾਰ ਦੇ ਦਿੱਤਾ ਹੈ ।


ਇੱਕ ਨਿਰਦੇਸ਼ਕ  ਦੇ ਤੌਰ ਉੱਤੇ ਕਿਰਨ ਨੇ ਆਪਣੀ ਪ੍ਰਤਿਭਾ ਨੂੰ ਵਿਖਾਉਣ ਲਈ ਇੱਕ ਵਿਸ਼ੇ ਦੀ ਨਵੀਨਤਾ ਨੂੰ ਅਤੇ ਮੌਲਿਕਤਾ ਦੀ  ਭਰਪੂਰ ਵਰਤੋਂ ਕੀਤੀ ਹੈ । ਕਲਾ ਦੇ ਵੱਖ ਵੱਖ ਖੇਤਰਾਂ ਨੂੰ ਇੱਕ ਸਜੀਵ ਏਕਤਾ ਵਿੱਚ ਬੰਨ ਦੇਣ ਰਾਹੀਂ ਉਸਨੇ ਆਪਣੀ ਮੁਹਾਰਤ ਦੀ ਧਾਂਕ ਜਮਾ ਦਿੱਤੀ ਹੈ. ਮੁੰਬਈ ਸ਼ਹਿਰ ਦੀ ਤੇਜ ਭੱਜਦੀ ਜਿੰਦਗੀ ਨੂੰ ਕੈਮਰੇ ਵਿੱਚ ਕੈਦ ਕਰਨਾ ਅਤੇ  ਉਸਨੂੰ ਲੋਕਾਂ  ਸਾਹਮਣੇ ਇਸ ਤਰ੍ਹਾਂ ਪੇਸ਼ ਕਰਨਾ ਕਿ  ਦੇਸ਼ ਕਾਲ ਵਿੱਚ ਫੈਲੇ ਸਮੁਚੇ ਜੀਵਨ ਦੀਆਂ ਰੂਹਾਨੀ ਕਣੀਆਂ ਦਾ ਖੱਟਾ ਮਿਠਾ ਅਹਿਸਾਸ ਹੋ ਸਕੇ ਇਹ ਕੋਈ ਛੋਟਾ ਮੋਟਾ ਕੰਮ ਨਹੀਂ ।


ਇਹ ਫਿਲਮ ਕਿਸੇ ਬਿਘਨ ਦੇ ਬਗੈਰ 95 ਮਿੰਟ ਇਕਸਾਰ ਚਲਦੀ ਹੈ । ਅਜਿਹੇ ਗੀਤਾਂ ਤੋਂ ਵੀ ਗੁਰੇਜ਼ ਕੀਤਾ ਜੋ


ਆਮ ਤੌਰ ਤੇ ਕਮਰਸ਼ੀਅਲ ਜਾਵੀਏ ਤੋਂ ਫਿੱਟ ਕਰ ਦਿੱਤੇ ਜਾਂਦੇ ਹਨ । ਇਸ ਵਿੱਚੋਂ ਕਲਾਤਮਿਕ ਪ੍ਰਤਿਬਧਤਾ ਦੇ


ਆਸ ਬੰਨਾਊ ਅਹਿਦ ਦੀ ਝਲਕ ਸਾਫ਼ ਝਲਕਦੀ ਹੈ ।

No comments:

Post a Comment