Friday, May 21, 2010

ਵਿਚਾਰੇ (ਡੋਲ ਗਏ ਪੰਜਾਬੀ ਲੇਖਕ )---ਸੰਤੋਖ ਸਿੰਘ ਧੀਰ

ਠੀਕ


ਇਹ ਵਿਚਾਰੇ ਹੀ ਹਨ


ਕਾਬਲੇ ਰਹਿਮ ,ਤਰਸਯੋਗ ,


ਮੁਆਫ ਕਰਨ ਯੋਗੇ


ਝੱਲ ਨਹੀਂ ਸਕੇ ਇਹ


ਤੂਫ਼ਾਨ ਦੀਆਂ ਛੱਲਾਂ


ਹਵਾਵਾਂ ਦੀਆਂ ਸ਼ੂਕਰਾਂ


ਪੈਰਾਂ ਹੇਠ ਚਟਾਨਾਂ ਤਾਂ ਕੀ


ਕੱਚੀ ਮਿੱਟੀ ਵੀ ਨਹੀਂ ਸੀ


ਰੁੜ੍ਹ ਗਏ ਵਿਚਾਰੇ


ਤੂਫ਼ਾਨ ਦੀਆਂ ਛੱਲਾਂ ਵਿੱਚ .




ਨਾ ਨਾਨਕ ਸੀ ਨਾਲ


ਨਾ ਕਬੀਰ


ਨਾ ਲੈਨਿਨ


ਨਾ ਮਾਰਕਸ


ਬੁਲ੍ਹੇ  ਸ਼ਾਹ  ਵੀ ਨਹੀਂ ਸੀ


ਗਰੀਬ ਸਨ ਵਿਚਾਰੇ


ਸੱਖਣੇ ਤੇ ਪੋਲੇ.




ਪੜ੍ਹੇ ਹੋਏ ਬਹੁਤ ਸਨ


ਪਰ ਗੱਡੇ ਹੀ ਲੱਦੇ ਹੋਏ ਸਨ


ਮਾਣ ਹੀ ਮਾਣ ਪਾਇਆ ਸੀ


ਬਨਾਰਸ ਦੇ ਤਪਿਆਂ


ਤੇ ਮੱਕੇ ਦੇ  ਮੌਲਾਣਿਆਂ ਵਾਂਗ


ਅੰਦਰ ਤਾਕਤ ਨਹੀਂ ਸੀ


ਆਪਣੀ ਸੋਚ


ਆਪਣੀ ਸਮਝ


ਰੁੜ੍ਹ ਗਏ ਵਿਚਾਰੇ


ਤੂਫ਼ਾਨ ਦੀਆਂ ਛੱਲਾਂ ਵਿੱਚ .




ਕਾਗਜ਼ ਵਿੱਚ ਵੀ ,ਕੁਝ ਨਾ ਕੁਝ


ਆਪਣਾ ਵਜ਼ਨ ਹੁੰਦਾ ਹੈ


ਕੱਖ-ਕਾਣ ਵੀ,ਕੁਝ ਨਾ ਕੁਝ


ਆਪਣੇ ਪੈਰ ਅੜਾਉਂਦੇ ਹਨ


ਤੂਫ਼ਾਨ ਵੀ ਇਹ ਵੱਡਾ ਨਹੀਂ


ਐਵੇਂ ਤੂਫ਼ਾਨੜੀ ਜਿਹੀ ਹੀ ਸੀ


ਪਰ ਇਹ ਵਿਚਾਰੇ


ਸੱਖਣੇ ਤੇ ਪੋਲੇ ,




ਠੀਕ,


ਇਹ ਵਿਚਾਰੇ ਹੀ ਹਨ


ਕਾਬਲੇ ਰਹਿਮ ਤਰਸਯੋਗ


ਮੁਆਫ ਕਰਨ ਯੋਗੇ


ਝੱਲ ਨਹੀਂ ਸਕੇ ਇਹ


ਤੂਫ਼ਾਨ ਦੀਆਂ ਛੱਲਾਂ


ਹਵਾਵਾਂ ਦੀਆਂ ਸ਼ੂਕਰਾਂ.



1 comment: