Sunday, May 16, 2010

ਅਮਰਜੀਤ ਗਰੇਵਾਲ ਦੀ ‘ਸੱਚ ਦੀ ਸਿਆਸਤ’ ’ਤੇ ਵਿਚਾਰ ਗੋਸ਼ਟੀ

ਪਿਛਲੇ ਦਿਨੀਂ ਕੋਟਕਪੂਰਾ ਵਿਖੇ ਹਿੰਦੁਸਤਾਨ ਦੀ  ਸਭਿਆਚਾਰਕ ਵਿਸ਼ੇਸ਼ਤਾ ਆਵਾਜ਼ਾਂ ਦੀ ਅਨੇਕਤਾ ਤੇ ਅਧਾਰਿਤ ਏਕਤਾ ਦੀ ਅਹਿਮੀਅਤ ਦੇ ਥੀਮ ਤੇ ਉਚਪਾਏ ਦੀ ਵਿਚਾਰ ਚਰਚਾ ਹੋਈ.ਇਸ ਵਿਸ਼ੇ ਤੇ ਦੋ ਕੁ ਸਾਲ ਪਹਿਲਾਂ ਵੀ ਵਿਚਾਰ ਮੰਚ ਕੋਟਕਪੂਰਾ ਨੇ ਇੱਕ ਗੋਸ਼ਟੀ ਕਰਵਾਈ ਸੀ.ਦਰਅਸਲ  ਇੱਥੇ ਅਜਿਹੀਆਂ ਗੋਸ਼ਟੀਆਂ ਦੀ ਇੱਕ ਪਰੰਪਰਾ ਹੈ ਜਿਸ ਦਾ ਕਰਨ ਹੈ ਨਿਰੰਤਰ ਸਟਡੀ ਸਰਕਲਾਂ ਵਿੱਚ ਪ੍ਰਵਾਨ ਚੜ੍ਹੇ ਇੱਕ ਅੱਛੇ ਖਾਸੇ ਬੌਧਿਕ ਮੰਡਲ ਦੀ ਹੋਂਦ. ਇਸ ਮੰਡਲ ਦੇ ਕੁਝ ਉਘੇ ਰੁਕਣ ਹੇਠ ਤਸਵੀਰ ਵਿੱਚ ਨਜਰ ਆ ਰਹੇ ਹਨ.ਤੇ ਨਾਲ ਹੀ ਹੇਠਾਂ ਪੰਜਾਬੀ ਟ੍ਰਿਬਿਊਨ ਵਿੱਚ ਛਪੀ ਰਿਪੋਰਟ .




ਕੋਟਕਪੂਰਾ ਵਿਖੇ ਵਿਚਾਰ ਗੋਸ਼ਟੀ ਵਿੱਚ ਸ਼ਾਮਲ ਲੇਖਕ ਤੇ ਪਾਠਕ

‘ਇਤਿਹਾਸ ਸਾਡੇ ਕੋਲ ਬਿਰਤਾਂਤ ਦੇ ਰੂਪ ਵਿੱਚ ਆਉਂਦਾ ਹੈ। ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਇਤਿਹਾਸ ਦਾ ਪੁਨਰ ਸਿਰਜਣ ਨਹੀਂ ਹੋ ਸਕਦਾ ਤਾਂ ਅਸੀਂ ਸਥਾਪਤੀ ਵੱਲੋਂ ਪੇਸ਼ ਇਤਹਾਸ ਨੂੰ ਹੀ ਪੂਰਨ ਸੱਚ ਮੰਨਣ ਦੇ ਭੁਲੇਖੇ ਦਾ ਸ਼ਿਕਾਰ ਹੋ ਜਾਂਦੇ ਹਾਂ।’ ਇਹ ਗੱਲ ਪੰਜਾਬੀ ਦੇ ਚਿੰਤਕ ਅਮਰਜੀਤ ਗਰੇਵਾਲ ਨੇ ਕੋਟਕਪੂਰਾ ਵਿਖੇ ਕਰਵਾਈ ਵਿਚਾਰ ਗੋਸ਼ਟੀ ਦੌਰਾਨ ਕਹੀ। ਅਮਰਜੀਤ ਗਰੇਵਾਲ ਦੀ ਬਹੁ-ਚਰਚਿਤ ਪੁਸਤਕ ‘ਸੱਚ ਦੀ ਸਿਆਸਤ’ ਉੱਤੇ ਕਰਵਾਈ ਇਸ ਵਿਚਾਰ ਗੋਸ਼ਟੀ ਦੀ ਵਿਸ਼ੇਸ਼ ਗੱਲ ਇਹ ਸੀ ਕਿ ਵੱਖ-ਵੱਖ ਸ਼ਹਿਰਾਂ ਤੋਂ ਇਸ ਵਿੱਚ ਸ਼ਾਮਲ ਸਾਰੇ ਵਿਦਵਾਨ ਪਾਠਕਾਂ ਨੇ ਇਸ ਪੁਸਤਕ ਦਾ ਪੂਰਾ ਅਧਿਐਨ ਕੀਤਾ ਹੋਇਆ ਸੀ ਅਤੇ ਉਹ ਆਪਣੀਆਂ ਧਾਰਨਾਵਾਂ ਪ੍ਰਤੀ ਸੰਵਾਦ ਰਚਾਉਣ ਲਈ ਇਕੱਠੇ ਹੋਏ ਸਨ। ਇਸ ਗੋਸ਼ਟੀ ਵਿੱਚ ਡਾ. ਰਵਿੰਦਰ ਸੰਧੂ ਬਠਿੰਡਾ, ਕਹਾਣੀਕਾਰ ਜਸਪਾਲ ਮਾਨਖੇੜਾ, ਜੋਰਾ ਸਿੰਘ ਸੰਧੂ, ਕੁਲਵੰਤ ਗਿੱਲ, ਮੇਘ ਰਾਜ ਸ਼ਰਮਾ ਸ਼ਾਮਲ ਸਨ।
ਗੋਸ਼ਟੀ ਦੇ ਮੇਜ਼ਬਾਨ ਰਾਜਪਾਲ ਸਿੰਘ ਨੇ ਇਸ ਵਿਚਾਰ-ਚਰਚਾ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਸ ਪੁਸਤਕ ਵਿੱਚ ਪੇਸ਼ ਬਹੁਤ ਸਾਰੀਆਂ ਧਾਰਨਾਵਾਂ ਨੇ ਪਾਠਕਾਂ ਦੇ ਮਨਾਂ ਵਿੱਚ ਅਨੇਕਾਂ ਸਵਾਲ ਪੈਦਾ ਕੀਤੇ ਹਨ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਅਸੀਂ ਇਤਿਹਾਸ ਦੀ ਖੋਜ ਕਰਨ ਦੀ ਗੱਲ ਕਰਦੇ ਹਾਂ ਜਦ ਕਿ ਅਮਰਜੀਤ ਗਰੇਵਾਲ ਇਤਿਹਾਸ ਨੂੰ ਵਰਤਮਾਨ ਦੀਆਂ ਲੋੜਾਂ ਅਨੁਸਾਰ ‘ਕੰਨਸਟਰਕਟ’ ਕਰਨ (ਉਸਾਰਨ) ਦੀ ਗੱਲ ਕਰਦਾ ਹੈ। ਪ੍ਰੋ. ਲੋਕ ਨਾਥ (ਮੁਕਤਸਰ) ਨੇ ਕਿਹਾ ਕਿ ਪੁਸਤਕ ਵਿੱਚ ਗਰੇਵਾਲ ਦੀਆਂ ਦਲੀਲਾਂ ਚਾਹੇ ਜ਼ੋਰਦਾਰ ਹਨ ਪਰ ਇਤਿਹਾਸਕ ਸਚਾਈਆਂ ਦੀ ਮਹੱਤਤਾ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਪ੍ਰਿੰਸੀਪਲ ਪ੍ਰਦੀਪ ਕੌੜਾ (ਬਠਿੰਡਾ) ਨੇ ਅਮਰਜੀਤ ਗਰੇਵਾਲ ਵੱਲੋਂ ਇਤਿਹਾਸ ਨੂੰ ਸਮਝਣ ਲਈ ਨਵਾਂ ਚਿੰਤਨ ਪੇਸ਼ ਕਰਨ ਦੀ ਪ੍ਰਸੰਸਾ ਕਰਦਿਆਂ ਆਪਣੇ ਬਹੁਤ ਸਾਰੇ ਸ਼ੰਕੇ ਨਵਿਰਤ ਕੀਤੇ।
ਪੀਪਲਜ਼ ਫ਼ੋਰਮ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਨੇ ਕਿਹਾ ਕਿ ਪੁਸਤਕ ਵਿੱਚ ਬਰੂਨੋ ਦੀ ਸ਼ਹੀਦੀ ਨੂੰ ਛੋਟਾ ਕਰਕੇ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਸਥਾਨਕ ਘਟਨਾਵਾਂ ਤੇ ਕੁਰਬਾਨੀਆਂ ਨੂੰ ਅਕਸਰ ਭਾਵੁਕ ਪੱਧਰ ਤੱਕ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ ਜਦੋਂ ਕਿ ਇਨ੍ਹਾਂ ਨੂੰ ਵਿਸ਼ਵ ਇਤਿਹਾਸ ਦੇ ਪ੍ਰਸੰਗ ਵਿੱਚ ਵਾਜਬ ਸਥਾਨ ਦੇਣ ਦੀ ਲੋੜ ਹੈ। ਪਵਨ ਗੁਲਾਟੀ ਨੇ ਪੁਸਤਕ ਦੇ ਰੂਪਕ ਪੱਖ ਬਾਰੇ ਗੱਲ ਕਰਦਿਆਂ ਕਿਹਾ ਕਿ ਗਰੇਵਾਲ ਨੇ ਇੱਕ ਗੰਭੀਰ ਵਿਸ਼ੇ ’ਤੇ ਬੜੀ ਦਿਲਚਸਪ ਅਤੇ ਵਿਚਾਰ ਉਤੇਜਿਕ ਪੁਸਤਕ ਦਿੱਤੀ ਹੈ। ਇਸ ਵਿੱਚ ਇੱਕ ਪਾਸੇ ਤਾਂ ਪੰਜਾਬ ਦੇ ਪ੍ਰਮੁੱਖ ਚਿੰਤਕਾਂ ਨੂੰ ਵਿਚਾਰ-ਚਰਚਾ ਕਰਦੇ ਦਿਖਾਇਆ ਗਿਆ ਹੈ, ਦੂਸਰੇ ਪਾਸੇ ਚਿੰਤਨ ਤੇ ਬੌਧਿਕ ਯਾਤਰਾ ਨੂੰ ਇੱਕ ਸੈਲਾਨੀ ਯਾਤਰਾ ਨਾਲ ਜੋੜ ਕੇ ਦਿਲਚਸਪ ਰੂਪ ਦਿੱਤਾ ਗਿਆ ਹੈ।
ਯੂਨਾਈਟਿਡ ਕਮਿਊਨਿਸਟ ਪਾਰਟੀ ਆਫ਼ ਇੰਡੀਆ ਦੇ ਚੇਅਰਮੈਨ ਕਾਮਰੇਡ ਸੁਖਿੰਦਰ ਧਾਲੀਵਾਲ ਨੇ ਇਸ ਵਿਚਾਰ ਗੋਸ਼ਟੀ ਨੂੰ ਬਹੁਤ ਸਾਰਥਿਕ ਦੱਸਦਿਆਂ ਕਿਹਾ ਕਿ ਧਰਮ ਦੀ ਲੋਕ ਮਨਾਂ ’ਤੇ ਡੂੰਘੀ ਪਕੜ ਹੈ, ਇਸ ਲਈ ਧਰਮ ਨੂੰ ਪਾਸੇ ਛੱਡ ਕੇ ਕੋਈ ਵੀ ਲਹਿਰ ਸਫਲ ਨਹੀਂ ਹੋ ਸਕਦੀ। ਅਮਰਜੀਤ ਗਰੇਵਾਲ ਨੇ ਲਗਾਤਾਰ ਵਿਚਾਰ ਗੋਸ਼ਟੀ ਵਿੱਚ ਹਿੱਸਾ ਲੈਂਦਿਆਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪੰਜਾਬੀ ਚਿੰਤਨ ਪਰੰਪਰਾ ਨੂੰ ਇਤਿਹਾਸ ਪ੍ਰਤੀ ਸੋਚ ਨੂੰ ਪੁਨਰ ਸੁਰਜੀਤ ਕਰਨ ਦੀ ਲੋੜ ਹੈ। ਤਕਰੀਬਨ ਚਾਰ ਘੰਟੇ ਚੱਲੀ ਇਸ ਵਿਚਾਰ ਗੋਸ਼ਟੀ ਵਿੱਚ ਇਹ ਗੱਲ ਉਭਰਕੇ ਸਾਹਮਣੇ ਆਈ ਕਿ ਇਸ ਵਿਚਾਰ-ਚਰਚਾ ਨੂੰ ਪੰਜਾਬੀ ਬੌਧਿਕ ਹਲਕਿਆਂ ਵਿੱਚ ਹੋਰ ਅੱਗੇ ਤੋਰਨ ਦੀ ਲੋੜ ਹੈ।

No comments:

Post a Comment