Tuesday, March 23, 2010

ਭਗਤ ਸਿੰਘ ਅਤੇ ਨੌਜਵਾਨ ਭਾਰਤ ਸਭਾ… – ਭਗਵਾਨ ਸਿੰਘ ਜੋਸ਼

1928 ਦਾ ਸਾਲ ਭਾਰਤ ਵਿਚ ਸਾਮਰਾਜ ਦੇ ਵਿਰੁੱਧ ਤਿੱਖੀ ਜਨਤਕ ਜਦੋਂ-ਜਹਿਦ ਦੇ ਉਭਾਰ ਦਾ ਸਾਲ ਸੀ। ਪਹਿਲੇ ਦੋ ਸਾਲਾਂ ਦੇ ਮੁਕਾਬਲੇ ਅਪਰੈਲ 1928 ਵਿਚ ‘ਜਲ੍ਹਿਆਂ ਵਾਲਾ ਬਾਗ਼ ਹਫ਼ਤਾ’ ਵਧੇਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਸੀ। 1919 ਦੀ ਤਿੱਖੀ ਜਦੋ-ਜਹਿਦ ਵਿਚੋਂ ਗੁਜ਼ਰ ਕੇ ਪੰਜਾਬ ਬਾਅਦ ਵਿਚ ਡੂੰਘੀ ਨੀਂਦ ਸੌਂ ਗਿਆ ਜਾਪਦਾ ਸੀ। ਜਦੋਂ 1922 ਦੀ ਨਾ-ਮਿਲਵਰਤੋਂ ਦੀ ਲਹਿਰ ਚਲੀ ਤਾਂ ਉਸੇ ਪੰਜਾਬ ਨੇ, ਜੋ ਸਾਰੇ ਦੇਸ ਵਿਚ ਸਾਮਰਾਜ-ਵਿਰੋਧੀ ਲਹਿਰ ਨੂੰ ਉਭਾਰਨ ਦਾ ਕਾਰਨ ਬਣਿਆ ਸੀ, ਵੱਧ ਚੜ੍ਹ ਕੇ ਖੱਦਰ ਪਾਉਣ ਵਿਚ ਵੀ ਭਾਗ ਨਹੀਂ ਸੀ ਲਿਆ। ਇਸੇ ਮਕਸਦ ਲਈ ਗਾਂਧੀ ਜੀ ਨੇ ਖ਼ਾਸ ਤੌਰ ਉਤੇ ਮੌਲਾਨਾ ਅਬੁਲ ਕਲਾਮ ਆਜ਼ਾਦ ਨੂੰ ਪੰਜਾਬ ਭੇਜਿਆ ਤਾਂ ਕਿ ਘਟੋ ਘੱਟ ਉਹ ਪੰਜਾਬ ਨੂੰ ਖੱਦਰ ਪਾਉਣ ਲਈ ਤਾਂ ਮਨਾ ਲਵੇ। ਲਹਿਰ ਦੇ ਅੰਤ ਉਤੇ ਲਾਲਾ ਲਾਜਪਤ ਰਾਏ ਨੇ ਸਪੱਸ਼ਟ ਮੰਨਿਆ ਕਿ ਲੀਡਰਾਂ ਦੀ ‘ਤਪੱਸਿਆ’ ਵੀ ਪੰਜਾਬੀਆਂ ਨੂੰ ਝੂਣ ਕੇ ਜਗਾ ਨਹੀਂ ਸਕੀ। 1928 ਵਿਚ ਚੜ੍ਹਦੇ ਸਾਲ ਹੀ ਬਹੁਤ ਸਾਰੀਆਂ ਪਬਲਿਕ ਮੀਟਿੰਗਾਂ ਹੋਣ ਲਗੀਆਂ, ਸੁੱਤੀ ਹੋਈ ਜਨਤਾ ਮੁੜ ਉਂਘਲਾ ਕੇ ਉਠਣੀ ਸ਼ੁਰੂ ਹੋਈ। ਪੰਜਾਬ ਦੀ ਸੂਬਾਈ ਸਿਆਸੀ ਕਾਨਫਰੰਸ ਅੰਮ੍ਰਿਤਸਰ ਵਿਖੇ ਜਲ੍ਹਿਆਂ ਵਾਲੇ ਬਾਗ਼ ਵਿਚ 11 ਤੋਂ 13 ਅਪਰੈਲ ਤਕ ਜਵਾਹਰ ਲਾਲ ਨਹਿਰੂ ਦੀ ਪ੍ਰਧਾਨਗੀ ਹੇਠ ਹੋਈ। ਇਸ ਵਾਰ ਕਾਨਫ਼ਰੰਸ ਦੀ ਖ਼ਾਸੀਅਤ ਇਹ ਸੀ ਕਿ ਇਸ ਵਿਚ ਨੌਜਵਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਪਰਾਂਤਕ ਕਾਨਫ਼ਰੰਸ ਨੇ ਆਪਣੇ ਇਕ ਮਤੇ ਵਿਚ ਸਿਫ਼ਾਰਸ਼ ਕੀਤੀ ਕਿ ਜਿਥੇ ਕਾਂਗਰਸ ਨੇ ਆਜ਼ਾਦੀ ਦੀ ਪਰਾਪਤੀ ਲਈ ‘ਸ਼ਾਤਮਈ ਤੇ ਹੱਕੀ ਢੰਗਾਂ’ ਦੇ ਰਾਹ ਦਾ ਐਲਾਨ ਕੀਤਾ ਹੈ, ਉਸ ਦੀ ਥਾਂ ਕਾਂਗਰਸ ਨੂੰ ਚਾਹੀਦਾ ਹੈ ਕਿ ਉਹ ਇਹ ਐਲਾਨ ਕਰੇ ਕਿ ਪੂਰਨ ਆਜ਼ਾਦੀ ਦੀ ਪਰਾਪਤੀ ਲਈ ਉਹ ‘ਹਰ ਰਾਹ ਤੇ ਹਰ ਢੰਗ’ ਅਪਣਾਵੇਗੀ। ਇਸ ਕਾਨਫ਼ਰੰਸ ਦੇ ਮਤਿਆਂ ਦਾ ਜ਼ਿਕਰ ਕਰਦਿਆਂ ਹੋਇਆਂ ਲਾਲਾ ਲਾਜਪਤ ਰਾਏ ਨੇ ਆਪਣੇ ਪਰਚੇ “ਦਾ ਪੀਪਲ” ਦੇ ਇਕ ਐਡੀਟੋਰੀਅਲ ਵਿਚ ਲਿਖਿਆ: “ਦਸੰਬਰ 1927 ਵਿਚ ਮਦਰਾਸ ਵਿਚ ਪੂਰਨ ਆਜ਼ਾਦੀ ਦੇ ਮਤੇ ਦਾ ਪਾਸ ਕੀਤਾ ਜਾਣਾ ਤੇ ਇਸ ਤੋਂ ਕੇਵਲ ਚਾਰ ਮਹੀਨੇ ਬਾਅਦ ਹੀ ਅਪਰੈਲ 1928 ਵਿਚ ਇਕ ਸੂਬਾਈ ਕਾਂਗਰਸ ਕਾਨਫ਼ਰੰਸ (ਪੰਜਾਬ) ਦਾ ਇਸ ਗੱਲ ਉਪਰ ਜ਼ੋਰ ਦੇਣਾ ਕਿ ਆਜ਼ਾਦੀ ਲੈਣ ਦੇ ਲਈ ਵਰਤੇ ਜਾਣ ਵਾਲੇ ਢੰਗਾਂ ਉਪਰ ਲਗੀਆਂ ਸੀਮਾਵਾਂ ਹਟਾਈਆਂ ਜਾਣ, ਆਪਣੇ ਆਪ ਵਿਚ ਮਹੱਤਵਪੂਰਨ ਗੱਲ ਹੈ। ਕਿਉਂਕਿ ਇਹ ਤੱਥ ਇਸ ਗੱਲ ਵਲ ਇਸ਼ਾਰਾ ਕਰਦਾ ਹੈ ਕਿ ‘ਹਵਾ ਦਾ ਰੁਖ’ ਕਿਸ ਪਾਸੇ ਵੱਲ ਜਾਂਦਾ ਹੈ। “ਜਵਾਹਰ ਲਾਲ ਨਹਿਰੂ ਦੇ ਭਾਸ਼ਨ ਦੀ ਖ਼ਾਸੀਅਤ ਦਾ ਜ਼ਿਕਰ ਕਰਦਿਆਂ ਹੋਇਆਾਂ ਉਹਨਾਂ ਕਿਹਾ ਕਿ ਨਹਿਰੂ ਦੇ ਭਾਸ਼ਨ ਵਿਚ ਆਰਥਕ ਪੱਖ ਉਪਰ ਜ਼ੋਰ ਤੇ ਪੁਰਾਣੀ ਪਰੰਪਰਾ ਤੋਂ ਟੁੱਟ ਕੇ ਨਵੀਂ ਪਰੰਪਰਾ ਦੀ ਸ਼ੁਰੂਆਤ ਬਿਲਕੁਲ ਸਪੱਸ਼ਟ ਸੀ।


ਪੂਰਾ ਪੜ੍ਹੋ

No comments:

Post a Comment