Friday, March 5, 2010

ਹੁਸੈਨ ਭਾਰਤੀ ਸੀ,ਭਾਰਤੀ ਹੈ ਅਤੇ ਭਾਰਤੀ ਰਹੇਗਾ


ਸਕੈਚ ਦੇ ਉੱਪਰ ਮਖਦੂਮ ਦਾ ਸ਼ੇਅਰ ਉਕਰਿਆ ਹੈ :


ਪਾਨੀ ਮੇਂ ਲਗੀ ਆਗ ਪਰੇਸ਼ਾਨ ਹੈ ਮਛਲੀ
ਕੁਛ ਸ਼ੋਲਾ ਬਦਨ ਉਤਰੇ ਹੈ ਪਾਨੀ ਮੇਂ ਨਹਾਨੇ


ਮਸ਼ਹੂਰ ਚਿੱਤਰਕਾਰ ਮਕਬੂਲ ਫਿਦਾ ਹੁਸੈਨ ਨੂੰ ਕਤਰ ਦੀ ਨਾਗਰਿਕਤਾ ਦਿੱਤੇ ਜਾਣ ਨੇ ਇੱਕ ਵਾਰ ਸੈਕੂਲਰਵਾਦ ਅਤੇ ਕਲਾਕਾਰ ਦੀ ਪ੍ਰਗਟਾਓ ਦੀ ਆਜ਼ਾਦੀ ਦੇ ਸਵਾਲ ਚਰਚਾ ਵਿੱਚ ਲੈ ਆਂਦੇ ਹਨ. ਸੈਕੂਲਰਵਾਦ ਦੀ ਦੁਹਾਈ ਦੇਣ ਵਾਲਾ ਸਾਡਾ ਸਮਾਜ ਅਕਸਰ ਕੱਟੜਤਾਵਾਦੀ ਹੁਲੜਬਾਜ਼ ਫਾਸ਼ੀ ਪ੍ਰਵਿਰਤੀਆਂ ਨੂੰ ਸਹਿਣ ਕਰਨ ਦਾ ਪੈਂਤੜਾ ਲੈ ਕੇ ਵਕਤੀ ਤੌਰ ਤੇ ਆਪਣੀ ਜੁਮੇਵਾਰੀ ਤੋਂ ਟਲ ਜਾਂਦਾ ਹੈ . ਸਰਕਾਰੀ ਤੰਤਰ ਵੀ ਖੱਸੀ ਬਣ ਜਾਂਦਾ ਹੈ . ਜੇਕਰ ਅਜਿਹਾ ਨਾ ਹੁੰਦਾ ਤਾਂ ਹੁਸੈਨ ਨੂੰ ਡੁਬਈ ਜਾਕੇ ਨਾ ਵਸਣਾ ਪੈਂਦਾ . ਮਹਾਰਾਸ਼ਟਰ ਦੇ ਪੰਢਰਪੁਰ ਦੀ ਧਰਤੀ ਤੇ ਉਹਨਾਂ ਪਰਤ ਆਉਣਾ ਸੀ ਜਿੱਥੇ ਉਨ੍ਹਾਂ ਨੇ ਜਨਮ ਲਿਆ ਸੀ . ਲੇਕਿਨ ਮਹਾਰਾਸ਼ਟਰ ਦੀ ਧਰਤੀ ਨੂੰ ਤਾਂ ਅੱਜ ਸਿਵਸੈਨਿਕ ਵਿਚਾਰਧਾਰਾ ਨੇ ਦਹਿਸ਼ਤਜਦਾ ਕੀਤਾ ਹੋਇਆ ਹੈ . ਬਾਕੀ ਥਾਈਂ ਹੁਸੈਨ ਦੇ ਖਿਲਾਫ ਬਜਰੰਗੀਆਂ ਨੇ ਮੋਰਚਾ ਖੋਲਿਆ ਹੋਇਆ ਹੈ . ਜੋ ਆਵਾਜ਼ ਸੈਕੂਲਰ ਸ਼ਕਤੀਆਂ ਨੇ ਇਹਨਾਂ ਸਭਿਆਚਰਕ ਰਾਸ਼ਟਰਵਾਦੀਆਂ ਦੇ ਖਿਲਾਫ਼ ਬੁਲੰਦ ਕਰਨੀ ਸੀ ਉਹਨਾਂ ਨੇ ਨਹੀਂ ਕੀਤੀ. ਸਾਨੂੰ ਇਸ ਗੱਲ ਦਾ ਗੁਮਾਨ ਤਕ ਨਹੀਂ ਕਿ ਇੱਕ ਉਚ ਪਾਏ ਦੇ ਨਿਹਾਇਤ ਸੰਵੇਦਨਸ਼ੀਲ ਕਲਾਕਾਰ ਨੇ ਸਾਡੀ ਮੁਜਰਮਾਨਾ ਚੁੱਪ ਨੂੰ ਕਿੰਨੀ ਗਹਿਰੀ ਪੀੜ ਦੀ ਭਾਸ਼ਾ ਵਿੱਚ ਸੁਣਿਆ ਹੋਵੇਗਾ .


ਹੁਸੈਨ ਨੇ ਕਤਰ ਦੀ ਨਾਗਰਿਕਤਾ ਮਿਲਣ ਦੇ ਬਾਅਦ ਪਹਿਲੀ ਵਾਰ ਆਪਣੇ ਦਿਲ ਦਾ ਦਰਦ ਪਰਗਟ ਕੀਤਾ ਹੈ.ਹੁਸੈਨ ਨੇ ਇੱਕ ਅਖਬਾਰ ਨੂੰ ਦਿੱਤੀ ਇੰਟਰਵਿਊ ਵਿੱਚ ਖੁੱਲ ਕੇ ਆਪਣੇ ਦਿਲ ਦਾ ਹਾਲ ਸੁਣਾਇਆ . ਹੁਸੈਨ ਨੇ ਕਿਹਾ ,'ਮੈਂ ਤਾਂ ਭਾਰਤ ਨੂੰ ਦਿਲੋ ਜਾਨ ਨਾਲ ਪਿਆਰ ਕਰਦਾ ਹਾਂ ਲੇਕਿਨ ਭਾਰਤ ਨੇ ਹੀ ਮੈਨੂੰ ਦੁਰਕਾਰ ਦਿੱਤਾ'।ਉਨ੍ਹਾਂ ਨੇ ਕਿਹਾ ,'ਭਾਰਤ ਮੇਰੀ ਮਾਤਭੂਮੀ ਹੈ।ਮੈ ਆਪਣੀ ਮਾਤਭੂਮੀ ਨੂੰ ਨਫ਼ਰਤ ਨਹੀਂ ਕਰ ਸਕਦਾ ਲੇਕਿਨ ਭਾਰਤ ਨੇ ਮੈਨੂੰ ਖਾਰਿਜ ਕਰ ਦਿੱਤਾ' .ਅਜਿਹੀ ਸੂਰਤ ਵਿੱਚ ,'ਮੈ ਭਾਰਤ ਵਿੱਚ ਕਿਉਂ ਰਹਾਂ.'


ਹੁਸੈਨ ਭਾਰਤ ਵਿੱਚ ਆਪਣੇ ਨਾਲ ਹੋਈ ਬਦਸਲੂਕੀ ਲਈ ਨੇਤਾਵਾਂ ਨੂੰ ਦੋਸ਼ੀ ਠਹਰਾਉਂਦੇ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਨੇ ਵੀ ਭੈੜੇ ਵਕਤ ਵਿੱਚ ਉਨ੍ਹਾਂ ਦਾ ਸਾਥ ਨਹੀਂ ਦਿੱਤਾ । ਜਦੋਂ ਸੰਘ ਪਰਵਾਰ ਨੇ ਮੇਰੇ ਉੱਤੇ ਹਮਲਾ ਕੀਤਾ ਤਾਂ ਉਸ ਸਮੇਂ ਸਾਰੇ ਚੁੱਪ ਰਹੇ । ਰਾਜਨੀਤਕ ਆਗੂਆਂ , ਕਲਾਕਾਰਾਂ ਜਾਂ ਬੁੱਧੀਜੀਵੀਆਂ ਵਿੱਚੋਂ ਕਿਸੇ ਨੇ ਵੀ ਮੇਰੇ ਪੱਖ ਵਿੱਚ ਅਵਾਜ ਨਹੀਂ ਉਠਾਈ ਲੇਕਿਨ ਮੈਂ ਇਸ ਸੱਚ ਨੂੰ ਜਾਣਦਾ ਹਾਂ ਕਿ ਭਾਰਤ ਦੀ 90 ਫ਼ੀਸਦੀ ਜਨਤਾ ਮੈਨੂੰ ਪਿਆਰ ਕਰਦੀ ਹੈ , ਉਹ ਸਾਰੇ ਮੇਰੇ ਨਾਲ ਹਨ । ਕੁੱਝ ਰਾਜਨੇਤਾਵਾਂ ਸਹਿਤ ਕੇਵਲ 10 ਫ਼ੀਸਦੀ ਲੋਕ ਮੇਰੇ ਖਿਲਾਫ ਹਨ । ਦਰਅਸਲ ਹੁਸੈਨ ਨੂੰ ਕਤਰ ਵੱਲੋਂ ਨਾਗਰਿਕਤਾ ਦੀ ਪੇਸ਼ਕਸ਼ ਹੋਈ ਸੀ ਜਿਨੂੰ ਉਨ੍ਹਾਂ ਨੇ ਪ੍ਰਵਾਨ ਕਰ ਲਿਆ ਅਤੇ ਹੁਣ ਹੁਸੈਨ ਕਤਰ ਦੇ ਨਾਗਰਿਕ ਹਨ । ਹੁਸੈਨ ਦਾ ਮੰਨਣਾ ਹੈ ਕਿ ਭਾਰਤ ਵਿੱਚ ਉਨ੍ਹਾਂ ਨੂੰ ਢੁਕਵੀਂ ਸੁਰੱਖਿਆ ਨਹੀਂ ਦਿੱਤੀ ਗਈ ਜਦੋਂ ਕਿ ਕਤਰ ਵਿੱਚ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਆਜ਼ਾਦੀ ਹੈ । ਸਾਡੇ ਦੇਸ਼ ਵਿੱਚ ਗੰਦੀ ਸਿਆਸਤ ਦੇ ਬਜਰੰਗ ਦਲ ਵਰਗੇ ਮੋਹਰੀ ਸੰਗਠਨ ਖੁਸੀਆਂ ਮਨਾ ਰਹੇ ਹਨ,ਬੇਸ਼ਰਮੀ ਦਾ ਨਿਹਾਇਤ ਗੰਦਾ ਨਮੂਨਾ ਪੇਸ਼ ਕਰ ਰਹੇ ਹਨ. ਬਾਲ ਠਾਕਰੇ ਵਰਗੇ ਕੁਝ ਸਿਆਸਤਦਾਨ ਜੋ ਚਿਰਾਂ ਤੋਂ ਸੈਕੂਲਰ ਭਾਰਤ ਦੀ ਹਸਤੀ ਨੂੰ ਨਕਾਰਨ ਲਈ ਸਰਗਰਮ ਹਨ ਉਹ ਮੰਗ ਕਰ ਰਹੇ ਹਨ ਕਿ ਹੁਸੈਨ ਮਾਫ਼ੀ ਮੰਗੇ. ਲੇਕਿਨ ਹੁਸੈਨ ਨੇ ਆਪਣੀ ਹਾਲੀਆ ਇੰਟਰਵਿਊ ਵਿੱਚ ਗੱਲ ਸਾਫ਼ ਕਰ ਦਿੱਤੀ ਹੈ ਕਿ ਉਹ ਹਾਰ ਮੰਨਣ ਵਾਲੇ ਨਹੀਂ ਹਨ ਪਰ ਹੁਣ ਉਮਰ ਦਾ ਤਕਾਜਾ ਹੈ;ਜੇ ਉਹ ਹੁਣ ਚਾਲੀਆਂ ਦੇ ਹੁੰਦੇ ਤਾਂ ਆਪਣੀ ਪ੍ਰਗਟਾਓ ਦੀ ਆਜ਼ਾਦੀ ਲਈ ਜਰੂਰ ਲੜਦੇ;ਕਿ ਹੁਣ ਪਚਾਨਵੇਂ ਸਾਲ ਦੀ ਉਮਰ ਵਿੱਚ ਉਹ ਆਪਣੇ ਕਰਤਾਰੀ ਪ੍ਰੋਜੇਕਟ ਨੂੰ ਸਿਰੇ ਚਾੜ੍ਹਨ ਨੂੰ ਪਹਿਲ ਦੇਣਾ ਚਾਹੁਣਗੇ; ਇਸੇ ਲਈ ਉਹਨਾਂ ਨੇ ਕਤਰ ਦੀ ਨਾਗਰਿਕਤਾ ਪ੍ਰਵਾਨ ਕੀਤੀ ਹੈ. ਜਿਥੋਂ ਤਕ ਉਹਨਾਂ ਦੇ ਖਿਲਾਫ਼ ਦਰਜ਼ ਹਜਾਰਾਂ ਮਕਦਮਿਆਂ ਦਾ ਸਵਾਲ ਹੈ ਉਹ ਸਭ ਗੰਦੀ ਸਿਆਸਤ ਦੀ ਹੁਲੜਬਾਜੀ ਹੈ; ਕਲਾ ਦੀ ਬੁਨਿਆਦੀ ਤਰਜੇ ਜਿੰਦਗੀ 'ਆਵਾਜ਼ਾਂ ਦੀ ਅਨੇਕਤਾ' ਸੰਬੰਧੀ ਘੋਰ ਅਗਿਆਨਤਾ ਦਾ ਇਜਹਾਰ ਹੈ.ਇਹ ਸਭ ਆਪਣੀ ਅੰਦਰਲੀ ਸਫਾਈ ਤੋਂ ਮੁਨਕਰ ਲੇਕਿਨ ਦੂਜਿਆਂ ਗਲ ਪੈਣ ਲਈ ਤਤਪਰ ਰਹਿਣ ਵਾਲੇ ਲੋਕਾਂ ਦੀ ਖੇਡ ਹੈ.ਇਹਨਾਂ 'ਸਭਿਆਚਾਰਕ ਕੌਮਪ੍ਰਸਤਾਂ' ਦੀ ਹਿੰਦੁਸਤਾਨੀਅਤ ਵਿਰੋਧੀ ਸਿਆਸਤ ਨੂੰ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਲੋਕਾਂ ਨੇ ਬੁਰੀ ਤਰ੍ਹਾਂ ਪਛਾੜ ਦਿੱਤਾ ਸੀ.ਇਹੀ ਕਾਰਨ ਹੈ ਇਸ ਵਾਰ ਇਹ ਓਨਾ ਨਹੀਂ ਚਾਮਲੇ ਜਿਨਾ ਇਹ ਪਿਛਲੇ ਅਰਸੇ ਦੌਰਾਨ ਚਾਮਲਦੇ ਰਹੇ ਹਨ.ਸੈਕੂਲਰ ਤਾਕਤਾਂ ਦੇ ਹੌਸਲੇ ਵੀ ਹੁਣ ਪਹਿਲਾਂ ਨਾਲੋਂ ਬੁਲੰਦ ਨਜਰ ਆਉਂਦੇ ਹਨ. ਲੋਕਾਂ ਦੀ ਸਪਸ਼ਟ ਤਾਂਘ ਦੇ ਅਨੁਸਾਰ ਹੁਣ ਉਹ ਟਾਲਮਟੋਲ ਛੱਡ ਕੇ ਕੌਮ ਵਿਰੋਧੀ ਕਰਵਾਈਆਂ ਨੂੰ ਕਰਾਰੇ ਹੋ ਕੇ ਟਕਰਨ ਦਾ ਮਨ ਬਣਾਉਂਦੀਆਂ ਲਗਦੀਆਂ ਹਨ. ਅੱਜ ਲੋੜ ਸਨਕ ਦੀ ਨਹੀਂ ਸਗੋਂ ਦੇਸ਼ਭਗਤਾਂ ਦੇ ਇੱਕਜੁੱਟ ਹੋਣ ਦੀ ਹੈ;ਹੁਸੈਨ ਦੀ ਕਹਾਣੀ ਤੋਂ ਸਬਕ ਕਢ ਕੇ ਸੈਕੂਲਰ ਇੰਡੀਆ ਨੂੰ ਪੱਕੇ ਪੈਰੀਂ ਕਰਨ ਲਈ ਕੰਮ ਕਰਨ ਦੀ ਹੈ ਤਾਂ ਜੋ ਮੁੜ ਕੋਈ ਹੁਸੈਨ ਨਾ ਹੋਵੇ,ਕਿਸੇ ਭਾਰਤੀ ਨੂੰ ਜਲੀਲ ਕਰਕੇ ਦੇਸ਼ ਤਿਆਗਣ ਲਈ ਮਜਬੂਰ ਨਾ ਹੋਣਾ ਪਏ. ਇੱਕ ਹੋਰ ਗੱਲ ਸਪਸ਼ਟ ਹੋ ਜਾਣੀ ਲੋੜੀਂਦੀ ਹੈ:ਹੁਸੈਨ ਭਾਰਤੀ ਸੀ,ਭਾਰਤੀ ਹੈ ਅਤੇ ਭਾਰਤੀ ਰਹੇਗਾ ਕਿਉਂਕਿ ਭਾਰਤੀਅਤਾ ਉਹਦੀਆਂ ਰਗਾਂ ਵਿੱਚ ਵਸਦੀ ਹੈ.ਕਤਰ ਦੀ ਨਾਗਰਿਕਤਾ ਮਾਤਰ ਭੂਗੋਲਿਕ ਅਡਜਸਟਮੈਂਟ ਹੈ.ਲੇਕਿਨ ਹੁਸੈਨ ਤੇ ਮਾਣ ਕਰਨ ਦਾ ਸਾਡਾ ਹੱਕ ਜਰੂਰ ਮਨਫੀ ਹੋ ਗਿਆ ਹੈ.ਆਓ ਆਪਾਂ ਪਿਆਰ ਜਤਾਈਏ ਅਤੇ ਆਪਣੇ ਇਸ ਹੱਕ ਦੀਪੁਨਰ ਪੂਰਤੀ ਕਰੀਏ.

No comments:

Post a Comment