Friday, October 9, 2009

ਹਰਨਾਮ ਸਿੰਘ ਨਰੂਲਾ - ਫਰਮਾਇਸ਼

ਹੁਕਮ ਹੋਇਆ ਏ, ਗੀਤ ਸੁਣਾਵਾਂ
ਹੁਕਮ ਤੁਹਾਡਾ ਸਿਰਮੱਥੇ ਤੇ
ਕਿਹੜਾ ਕਿਧਰੋਂ ਲੈਣ ਹੈ ਜਾਣਾ ?
ਅੱਗੇ ਪਿਛੇ ਹਰਫ ਜੋੜ ਕੇ
ਜੀਭ ਹਿਲਾ ਕੇ ਲੱਚਕ ਬਣਾ ਕੇ
ਬੱਸ ਮੈਂ ਗੀਤ ਸੁਣਾ ਹੀ ਦੇਣੈ

ਮੇਰੇ ਲਈ ਹੈ ਗੱਲ ਮਮੂਲੀ
ਪਰ ਇਹ ਗੀਤ ਹੈ ਬੜਾ ਅਨੋਖਾ
ਤੁਸਾਂ ਕਦੇ ਨਹੀਂ ਸੁਣਿਆਂ ਹੋਣਾ
ਗੀਤ ਹੈ ਮੇਰਾ ਆਜ਼ਾਦੀ ਦਾ

ਆਜ਼ਾਦੀ ਜੋ ਮਸਾਂ ਲਿਆਂਦੀ
ਕੱਟ ਮੁਸ਼ਕਲਾਂ ਜੇਲ੍ਹਾਂ ਅੰਦਰ
ਕਾਲੇ ਪਾਣੀ ਜੇਲ੍ਹੀਂ ਸੜਕੇ
ਗੋਲੀ ਤੋਪ ਦੇ ਅੱਗੇ ਖੜਕੇ
ਫਾਂਸੀ ਦੇ ਤੱਖਤੇ ਤੇ ਚੜਕੇ
ਮਸਾਂ ਲਿਆਂਦੀ ਯਾਰ ਆਜ਼ਾਦੀ

ਲਓ ਫਿਰ ਰੌਲਾ ਬੰਦ ਕਰ ਦਿਉ
ਵਾਜ ਰੋਕ ਲਓ ਸਾਹ ਨਾ ਕੱਢੋ
ਮੱਤ ਮਗਰੋਂ ਕੋਈ ਦਏ ਉਲਾਂਭਾ
ਸੁਣ ਨਹੀਂ ਸਕਿਆ ਸਮਝ ਨਹੀਂ ਆਇਆ
ਮੈਂ ਨਹੀਂ ਦੂਜੀ ਵਾਰ ਸੁਨਾਣਾ
ਨਾਲੇ ਗੌਣਾ ਏ ਹੌਲੀ ਹੌਲੀ
ਨੀਵੀਂ ਵਾਜੇ ਨੀਵੀਂ ਸੁਰ ਵਿੱਚ
ਮਤ ਕਿਧਰੇ ਹਾਕਮ ਦੇ ਕੰਨੀ
ਗੀਤ ਮੇਰੇ ਦੀ ਵਾਜ ਪਹੁੰਚ ਜਾਏ

ਉਂਝ ਤਾਂ ਮੈਂ ਹਾਕਮ ਦੇ ਕੋਲੋਂ
ਵੇਲੇ ਦੀ ਸਰਕਾਰ ਦੇ ਕੋਲੋਂ
ਡਰਦਾ ਨਹੀਂ ਹਾਂ

ਬੇਸ਼ਕ ਹਾਕਮ ਬੇਰਹਿਮ ਹੈ
ਸੱਚ ਦਾ ਖੂਨ ਕਰਾ ਦਿੰਦਾ ਏ
ਹੱਕ ਮੰਗਦੇ ਮਜ਼ਦੂਰਾਂ ਉੱਤੇ
ਲਾਠੀ ਗੈਸ ਚਲਾ ਦਿੰਦਾ ਏ
ਨਿਹੱਥੇ ਕਿਸਾਨਾਂ ਉੱਤੇ
ਗੋਲੀ ਵੀ ਚਲਵਾ ਦਿੰਦਾ ਏ
ਬੇਮੁਹਾਰੀ ਪੁਲਿਸ ਏਸਦੀ
ਹਿਟਲਰ ਕੋਲੋਂ ਘੱਟ ਨਹੀਂ ਜੇ
ਅੰਨ੍ਹਾ ਜਬਰ ਆਵਾਮਾਂ ਉੱਤੇ
ਰੋਜ ਏਸ ਦੀ ਆਦਤ ਬਣ ਗਈ
ਬੇਅਥਾਹ ਹੈ ਠਗੀ ਚੋਰੀ
ਜੋਰਾਂ ਤੇ ਹੈ ਰਿਸ਼ਵਤ ਖੋਰੀ
ਅਫਸਰ ਸਭ ਕੰਮ ਚੋਰ ਬਣੇ ਨੇ
ਕੰਮ ਕਰਨ ਨੂੰ ਮੇਹਣਾ ਸਮਝਣ
ਕੰਮ ਕਹੋ ਤਾਂ ਵੱਢਣ ਪੈਂਦੇ
ਕਹਿੰਦੇ ਏਥੇ ਆ ਜਾਂਦੇ ਨੇ ਬੂਥੇ ਚੁੱਕੀਂ
ਮਾਮੇ ਦਾ ਘਰ ਸਮਝ ਰੱਖਿਐ
ਆ ਜਾਂਦੇ ਨੇ ਖਾਲੀ ਹੱਥੀ ਖਾਲੀ ਖੀਸੇ
ਖਾਲੀ ਹੱਥ ਮੁੰਹ ਨੂੰ ਨਹੀਂ ਜਾਂਦਾ

ਪਰ ਮੈਂ ਵੀ ਕੀ ਲੈਣੈ ਲੋਕੋ
ਐਵੇਂ ਉਲਟੇ ਵਹਿਣ ਪੈ ਗਿਆ
ਜੋ ਕਰਨਗੇ ਸੋ ਭਰਨਗੇ
ਮੈਂ ਕੋਈ ਠੇਕੇਦਾਰ ਤੇ ਨਹੀਂ ਹਾਂ
ਮੈਂ ਤਾਂ ਗੀਤ ਸੁਨਾਣੈ ਆਪਣਾ
ਗੀਤ ਹੈ ਮੇਰਾ ਆਜ਼ਾਦੀ ਦਾ

ਏਹਦੇ ਵਿੱਚ ਨਹੀਂ ਗੱਲ ਟੈਕਸ ਦੀ
ਟੈਕਸ ਦਾ ਮੈਂ ਜਿਕਰ ਨਹੀਂ ਕਰਨਾਂ
ਬੇਸ਼ੱਕ ਟੈਕਸ ਲੋਕਾਂ ਉੱਤੇ
ਟੁਟੱਣ ਵਾਂਗ ਪਹਾੜ ਹਿਮਾਲਾ
ਵਿਆਹ ਤੋਂ ਛੁਟ ਜਣੇਪੇ ਉੱਤੇ
ਛੜੇ ਛਟੀਂਕ ਰੰਡੇਪੇ ਉੱਤੇ
ਤੁਰਨ ਫਿਰਨ ਤੇ ਆਣ ਜਾਣ ਤੇ
ਕੋਠਾ ਛੱਪਰ ਪਾਣ ਤੇ ਟੈਕਸ
ਮੇਲੇ ਮੰਦਰ ਜਾਣ ਤੇ ਟੈਕਸ
ਸਿਨਮੇ ਦੇ ਵਿੱਚ ਇਕ ਦੋ ਘੜੀਆਂ
ਬੈਹ ਕੇ ਦਿਲ ਪ੍ਰਚਾਣ ਤੇ ਟੈਕਸ
ਨਰਮਾਂ ਮਿਰਚ ਕਮਾਦ ਕਪਾਹਾਂ
ਚੀਜ ਖਰੀਦੋ ਭਾਵੇਂ ਵੇਚੋ
ਜਿਧਰ ਕਿਧਰ ਏਧਰ ਉਧਰ
ਪੁਰਬ ਪੱਛਮ ਉਤਰ ਦੱਖਣ
ਟੈਕਸ ਦੀ ਭਰਮਾਰ ਹੈ ਲੋਕੋ
ਪਰ ਮੈਂ ਇਸਦਾ ਜ਼ਿਕਰ ਨਹੀਂ ਕਰਨਾ

ਚੋਰ ਬਲੈਕੀ ਲੋਕਾਂ ਵਲੋਂ
ਲੁੱਟ ਦਾ ਗਰਮ ਬਜਾਰ ਹੈ ਲੋਕੋ
ਅਫਸਰਸ਼ਾਹੀ ਰਿਸ਼ਵਤ ਸਿਰ ਤੇ
ਕਰਦੀ ਮੌਜ ਬਹਾਰ ਏ ਲੋਕੋ
ਚੋਰ ਤੇ ਕੁੱਤੀ ਦਾ ਸਮਝੋਤਾ
ਮੇਹਨਤਕਸ਼ ਲਾਚਾਰ ਹੈ ਲੋਕੋ
ਮਾਰ ਛੜੱਪੇ ਵਧੀ ਮਹਿੰਗਾਈ
ਮੱਚੀ ਹਾਹਾਕਾਰ ਏ ਲੋਕੋ
ਕਿਰਤੀ ਕਾਮੇ ਭੁੱਖੇ ਨੰਗੇ
ਵੇਹਲੜ ਮੋਜ ਬਹਾਰ ਏ ਲੋਕੋ
ਬੇਰੁਜ਼ਗਾਰੀ ਭੁਖਮਰੀ ਦਾ
ਕਾਮਾ ਅੱਜ ਸ਼ਿਕਾਰ ਏ ਲੋਕੋ
ਮਾਰ ਘੁਰਾੜੇ ਅੱਖਾਂ ਮੀਟੀ
ਸੁੱਤੀ ਪਈ ਸਰਕਾਰ ਏ ਲੋਕੋ
ਭੁੱਖ ਦਾ ਭੂਤ ਚੁਫੇਰੇ ਨੱਚੇ
ਸਾਰਾ ਦੇਸ਼ ਬਿਮਾਰ ਏ ਲੋਕੋ
ਪਰ ਮੈਂ ਵੀ ਕੀ ਲੈਣੈ ਲੋਕੋ
ਤੁਸੀਂ ਚੁਣੀ ਸਰਕਾਰ ਏ ਲੋਕੋ
ਲੋਕ ਸਿਆਣੇ ਸਮਝ ਲੈਣਗੇ
ਮੈਨੂੰ ਕੀ ਦਰਕਾਰ ਏ ਲੋਕੋ
ਮੈਂ ਤਾਂ ਗੀਤ ਸੁਨਾਣੈ ਆਪਣਾ
ਗੀਤ ਹੈ ਮੇਰਾ ਆਜ਼ਾਦੀ ਦਾ

ਲਓ ਲੋਕੋ ਹੁਣ ਕੰਨ ਲਗਾ ਲਓ
ਹੁਣ ਮੈਂ ਗੀਤ ਸੁਨਾਣ ਲਗਾ ਜੇ
ਹੌਲੀ ਸੁਰ ਵਿੱਚ ਮੈਂ ਗਾਵਾਂਗਾ
ਨੀਵੀਂ ਵਾਜੇ
ਮੱਤ ਕਿਧਰੇ ਹਾਕਮ ਦੇ ਕੰਨੀ
ਗੀਤ ਮੇਰੇ ਦੀ ਵਾਜ ਪਹੰਚ ਜਾਏ
ਬੇਸ਼ੱਕ ਮੈਂ ਸਰਕਾਰ ਦੇ ਕੋਲੋਂ
ਡਰਦਾ ਨਹੀਂ ਹਾਂ

ਪਰ ਕੋਈ ਸਰਕਾਰੀ ਬੰਦਾ
ਹਾਕਮ ਨੂੰ ਉਕਸਾ ਨਾ ਦੇਵੇ
ਔਹ ਵੇਖੋ ਹੱਥ ਵਿੱਚ ਕਲਮ ਫੜ ਕੇ
ਕਿਦਾਂ ਲਿੱਖ ਰਿਹਾ ਹੈ
ਵਾਰਿਸ ਸ਼ਾਹ ਜਿਉਂ ਕਹਿੰਦੈ ਕੋਰੀ
ਲੋਕੋ ਆਦਤ ਜਾ ਨਹੀਂ ਸਕਦੀ
ਕੱਟ ਦਿਓ ਚਾਹੇ ਪੋਰੀ ਪੋਰੀ

ਔਹ ਜੋ ਕੋਈ ਸਰਕਾਰੀ ਬੰਦਾ
ਹਾਕਮ ਨੂੰ ਉਕਸਾ ਨਾ ਦੇਵੇ
ਆਦਤ ਮੂਜ਼ਬ ਹਾਕਮ ਕਿਧਰੇ
ਗੀਤ ਤੇ ਟੈਕਸ ਲਾ ਨਾ ਦੇਵੇ
ਕਿਉਂਕਿ ਉਹਦੀ ਆਦਤ ਜੁ ਹੈ
ਚੀਜ਼-ਚੀਜ਼ ਤੇ ਟੈਕਸ ਲਾਉਣਾ

ਫੇਰ ਕਿਤੇ ਜੇ ਮੌਕਾ ਮਿਲਿਆ
ਤੁਹਾਡੀ ਖਾਹਿਸ਼ ਪੂਰ ਦਿਆਂਗਾ
ਆਜ਼ਾਦੀ ਦਾ ਗੀਤ ਸੁਣਾਕੇ
ਅੱਜ ਤਾਂ ਮੈਨੂੰ ਮੁਆਫ ਕਰ ਦਿਉ
ਅੱਜ ਤਾਂ ਮੈਨੂੰ ਮੁਆਫ ਕਰ ਦਿਉ

No comments:

Post a Comment