Friday, May 27, 2011

‘ਜਪੁ ਜੀ ਸਾਹਿਬ’ ਦਾ ਫਾਰਸੀ ਤਰਜੁਮਾ ‘ਮੁਨਾਜਾਤ-ਏ-ਬਾਮਦਾਦੀ’



‘ ਮੁਨਾਜਾਤ-ਏ-ਬਾਮਦਾਦੀ ’ ਪੰਜਾਬੀ ਸਾਹਿਤ ਦੀ ਚੋਟੀ ਦੀ ਸਰਬਕਾਲੀ ਰਚਨਾ ‘ਜਪੁ ਜੀ ਸਾਹਿਬ’ ਦਾ ਭਾਈ ਲਕਸ਼ਵੀਰ ਸਿੰਘ ‘ਮੁਜ਼ਤਰ’ ਨਾਭਵੀ ਦੁਆਰਾ ਕਵਿਤਾ ਵਿੱਚ ਹੀ ਫਾਰਸੀ ਅਨੁਵਾਦ ਹੈ.ਇਹ ਅਨੁਵਾਦ ੧੯੬੯ ਵਿੱਚ ਫਾਰਸੀ ਵਿੱਚ ਛਪ ਗਿਆ ਸੀ ਅਤੇ ਫਾਰਸੀ ਹਲਕਿਆਂ ਵਿੱਚ ਖਾਸ ਕਰ ਇਰਾਨ ਵਿੱਚ ਖੂਬ ਪੜ੍ਹੀ ਜਾਣ ਵਾਲੀ ਰਚਨਾ ਹੈ. ਫਾਰਸੀ ਸ਼ਬਦ ‘ਮੁਨਾਜਾਤ’ ਦਾ ਅਰਥ ਹੈ ਉਹ ਗੀਤ ਜੋ ਰੂਹਾਨੀ ਸਰੋਕਾਰਾਂ ਨੂੰ ਮੁਖਾਤਿਬ ਹੋਵੇ ਅਤੇ ‘ਬਾਮਦਾਦੀ’ ਸਵੇਰ ਵਕਤ ਦਾ.ਅਸੀਂ ਜਾਣਦੇ ਹਾਂ ਕਿ ਜਿਨ੍ਹਾਂ ਬੁਲੰਦੀਆਂ ਤੇ ਕਵਿਤਾ ਪੰਜਾਬੀ ਅਤੇ ਫਾਰਸੀ ਵਿੱਚ ਪਹੁੰਚੀ ਹੈ ਉਹ ਸ਼ਾਇਦ ਹੋਰ ਕਿਸੇ ਜ਼ਬਾਨ ਵਿੱਚ ਨਹੀਂ ਪਹੁੰਚ ਸਕੀ . ਪੰਜਾਬੀ ਵਿੱਚ ਨਾਨਕ , ਬੁੱਲੇ ਤੇ ਵਾਰਸ ਦੀ ਕੋਈ ਰੀਸ ਨਹੀਂ. ਤੇ ਉਧਰ ਰੂਮੀ ਤੇ ਹਾਫਿਜ਼ ਸ਼ੀਰਾਜੀ ਤੇ ਸਰਮਦ ਦਾ ਕੋਈ ਤੋੜ ਨਹੀਂ. ਹਾਫਿਜ਼ ਨੇ ਗਜ਼ਲ ਨੂੰ ਸੰਪੂਰਨਤਾ ਤੱਕ ਪਹੁੰਚਾ ਦਿੱਤਾ ਜੋ ਕਿਸੇ ਵੀ ਕਲਾਕਾਰ ਲਈ ਸਰਵੋਤਮ ਸੁਹਜ ਆਦਰਸ਼ ਹੁੰਦਾ ਹੈ. ਉਨ੍ਹਾਂ ਨੇ ਆਪਣੀ ਕਲਾ ਘਾਲਣਾ ਦਾ ਐਸਾ ਸਿੱਕਾ ਮਨਵਾਇਆ ਕਿ ਪੱਛਮੀ ਜਗਤ ਦੇ ਧੁਰੰਧਰ ਗੋਇਟੇ ਨੇ ਜਰਮਨ ਵਿੱਚ ਗਜ਼ਲਾਂ ਲਿਖੀਆਂ ਅਤੇ ਬਾਅਦ ਵਿੱਚ ਮਹਾਂ ਕਵੀ ਲੋਰਕਾ ਨੇ ਸਪੇਨੀ ਵਿੱਚ.

ਅਸੀਂ ਫਾਰਸੀ ਬੋਲੀ ਵਾਲੇ ਦੇਸ਼ਾਂ( ਤਾਜਕਿਸਤਾਨ ,ਅਫਗਾਨਿਸਤਾਨ ਅਤੇ ਇਰਾਨ) ਨਾਲ ਹਿੰਦੁਸਤਾਨ ਦੇ ਖਾਸਕਰ ਪੰਜਾਬ ਦੇ ਗਹਿਰੇ ਸਭਿਆਚਾਰਕ ਸੰਬੰਧਾਂ ਬਾਰੇ ਵੀ ਜਾਣਦੇ ਹਾਂ. ਸਾਡੀ ਪੰਜਾਬੀ ਕਵਿਤਾ ਕਿਵੇਂ ਕਚਘਰੜ ਪੜਾਵਾਂ ਵਿੱਚ ਭਟਕੇ ਬਗੈਰ ਪ੍ਰਮਾਣਿਕਤਾ ਹਾਸਲ ਕਰ ਸਕੀ ਇਸ ਬੁਝਾਰਤ ਨੂੰ ਸਮਝਣ ਲਈ ਫਾਰਸੀ ਸ਼ਾਇਰੀ ਦੀ ਅਮੀਰ ਵਿਰਾਸਤ ਨਾਲ ਇਹਦੇ ਰਿਸ਼ਤੇ ਤੋਂ ਕੁਝ ਅਤਾ ਪਤਾ ਮਿਲ ਸਕਦਾ ਹੈ. ਇਹ ਸਭਿਆਚਾਰਕ ਮਿੱਸ ਹੀ ਹੈ ਜਿਥੇ ਮਨੁਖੀ ਸ਼ਖਸੀਅਤ ਦੇ ਨਿਖਾਰ ਲਈ ਨਵੇਂ ਨਵੇਂ ਅਤੇ ਸਦਾ ਵਧੇਰੇ ਕਾਰਗਰ ਰੂਹਾਨੀ ਔਜਾਰ ਰੂਪ ਧਾਰਦੇ ਰਹਿੰਦੇ ਹਨ.

ਪੰਜਾਬੀ ਸਭਿਆਚਾਰ ਦੀ ਇਸ ਅਮੁੱਲੀ ਰਚਨਾ ਨਾਲ ਅਸੀਂ ਬਚਪਨ ਤੋਂ ਹੀ ਜੁੜ ਜਾਂਦੇ ਰਹੇ ਹਾਂ. ਸਿਆਲ ਦੀ ਰੁਤੇ ਤੜਕੇ ਤੜਕੇ ਠੰਡੇ ਪਾਣੀ ਨਾਲ ਇਸਨਾਨ ਕਰਦਿਆਂ ਮੇਰੀ ਦਾਦੀ ਦਾ ਉੱਚੀ ਆਵਾਜ਼ ਵਿੱਚ ਪਾਠ ਕੁਦਰਤੀ ਹੀ ਯਾਦਾਂ ਦੇ ਅਭੁੱਲ ਖਾਨੇ ਵਿੱਚ ਟਿਕ ਗਿਆ ਸੀ.  ਫਿਰ ਉਚੇਰੀਆਂ ਜਮਾਤਾਂ ਵਿੱਚ ਪਹੁੰਚਣ ਤੇ ਪੰਜਾਬੀ ਸਾਹਿਤ ਦੇ ਹਿੱਸੇ ਵਜੋਂ ਸਾਹਿਤਕ  ਅਧਿਐਨ ਵਜੋਂ ਇਸ ਕੀਮਤੀ ਲਿਖਤ ਨਾਲ ਵਾਹ ਪਿਆ.

ਇਹਦੀ ਅਹਿਮੀਅਤ ਦੇ ਨਵੇਂ ਨਵੇਂ ਪਹਿਲੂ ਸਾਹਮਣੇ ਆਉਂਦੇ ਗਏ. ਕਦੇ ਵੱਖ ਵੱਖ ਟੀਕੇ ਪੜ੍ਹਨਾ ਅਤੇ  ਕਦੇ ਵੱਖ ਵੱਖ ਅੰਗ੍ਰੇਜ਼ੀ ਅਨੁਵਾਦ.

[caption id="attachment_1506" align="alignright" width="307" caption="ਜਪੁ ਜੀ ਸਾਹਿਬ"][/caption]

ਪੰਜਾਬ ਯੂਨੀਵਰਸਿਟੀ ਦੇ ਇੱਕ ਨਿਮਾਣੇ ਜਿਹੇ ਪੇਂਡੂ ਕਾਲਜ ਸਿਧਸਰ ਵਿੱਚ ਮੈਂ ਪੜ੍ਹਦਾ ਸੀ . ਬੀ ਏ ਵਿੱਚ ਮੈਂ ਆਪਣੀ ਰੁਚੀ ਅਨੁਸਾਰ ਪੰਜਾਬੀ ਇਲੈਕਟਿਵ ਨੂੰ ਵਿਸ਼ੇ ਵਜੋਂ ਚੁਣਿਆ. ਜਦੋ ਬੀ ਏ ਫਾਈਨਲ ਦਾ ਇਮਤਿਹਾਨ ਹੋਇਆ ਤਾਂ ਪੰਜਾਬੀ ਦੇ ਪੇਪਰ ਦੇ ਪੰਜਾਂ ਵਿੱਚੋਂ ਇੱਕ ਸਵਾਲ ਸੀ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦੀ ਸਾਹਿਤਕ ਅਹਿਮੀਅਤ ਦੱਸੋ. ਮੈਂ ਇਹ ਸਵਾਲ ਬਹੁਤ ਇਕਾਗਰ ਹੋ ਕੇ ਲਿਖਿਆ. ਨਤੀਜਾ ਇਹ ਕਿ ਮੈਂ ਪੰਜਾਬੀ ਵਿੱਚੋਂ ੧੯੭੫ ਵਿੱਚ ਯੂਨੀਵਰਸਿਟੀ ਵਿੱਚੋਂ ਪਹਿਲੇ ਨੰਬਰ ਤੇ ਰਿਹਾ.

ਫਿਰ ਪੰਜਾਬੀ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਐਮ ਏ ਆਨਰਜ ਕਰਨ ਲਗ ਪਿਆ ਤੇ ਇੱਕ ਸਾਲ ਬਾਅਦ ਵਿੱਚੇ ਛੱਡ ਕੇ ਚਲਾ ਗਿਆ. ਮੁੜ ਕੇ ੧੯੮੧ ਵਿੱਚ ਫਿਰ ਦੁਬਾਰਾ ਦਾਖਲਾ ਲੈ ਲਿਆ ਤੇ ੧੯੮੩ ਵਿੱਚ ਮੈਂ ਯੂਨੀਵਰਸਿਟੀ ਦਾ ਪੰਜਾਬੀ ਐਮ ਏ ਆਨਰਜ ਵਿੱਚੋਂ ਪਹਿਲੇ ਸਥਾਨ ਤੇ ਰਿਹਾ ਸੀ. ਯਾਨੀ ਸੂਫੀ ਤੇ ਗੁਰਮਤਿ ਸਾਹਿਤ ਨਾਲ ਮੇਰਾ ਸੰਬੰਧ ਵਾਰ ਵਾਰ ਜੁੜਦਾ ਗਿਆ. ਦਾਰਸ਼ਨਿਕ ਸਵਾਲਾਂ ਵਿੱਚ ਰੁਚੀ ਕਾਰਨ ਸਾਰੀ ਉਮਰ ਰੂਹਾਨੀ ਪੰਜਾਬੀ ਸਾਹਿਤ ਨਾਲ ਮੈਂ ਦਿਲੋਂ ਜੁੜਿਆ ਹਾਂ.

ਦੋ ਕੁ ਸਾਲ ਪਹਿਲਾਂ ਦੀ ਗੱਲ ਹੈ ਕਿ ਮੈਨੂੰ ਆਪਣੀ ਚਿਰਾਂ ਪੁਰਾਣੀ ਤਮੰਨਾ ਪੂਰੀ ਕਰਨ ਦਾ ਰਾਹ ਮਿਲ ਗਿਆ. ਤਮੰਨਾ ਸੀ ਫਾਰਸੀ ਸਿਖਣ ਦੀ ਜੋ ਗਾਲਿਬ ਤੇ ਫੈਜ਼ ਪੜ੍ਹਦਿਆਂ ਹੋਰ ਤਕੜੀ ਹੋ ਗਈ ਸੀ. ਇੰਟ੍ਰਨੈਟ ਤੇ ਮੈਨੂੰ ਫਾਰਸੀ ਸਿਖਣ ਲਈ ਸਬਕ ਲਭ ਗਏ ਤੇ ਮੈਂ ਸਾਲ ਕੁ ਬਾਅਦ ਹੀ ਇਸ ਕਾਬਲ ਹੋ ਗਿਆ ਕਿ ਰੂਮੀ ਤੇ ਹਾਫਿਜ਼ ਦੀ ਸ਼ਾਇਰੀ ਦਾ ਜ਼ਾਇਕਾ ਉਨ੍ਹਾਂ ਦੀ ਮੂਲ ਜ਼ਬਾਨ ਵਿੱਚ ਵੀ ਥੋੜਾ ਬਹੁਤ ਚੱਖ ਸਕਾਂ. ਉਰਦੂ ਪਹਿਲੋਂ ਹੀ ਸਿਖਿਆ ਹੋਣ ਕਰਕੇ ਲਿੱਪੀ ਦਾ ਝੰਜਟ ਨਹੀਂ ਸੀ.

[caption id="attachment_1507" align="alignleft" width="225" caption="ਭਾਈ ਲਕਸ਼ਵੀਰ ਸਿੰਘ 'ਮੁਜ਼ਤਰ' ਨਾਭਵੀ"][/caption]

ਤੇ ਜਦੋਂ ਮੈਨੂੰ ਇਸੇ ਸਮੇਂ ਦੌਰਾਨ  ਸ੍ਰੀਮਾਨ ਲਕਸ਼ਵੀਰ ਹੁਰਾਂ ਦੇ ਇਸ ਵੱਡੇ ਕਾਰਨਾਮੇ ਦੀ ਖਬਰ ਪ੍ਰੋ. ਬਲਬੀਰ ਬੱਲੀ ਕੋਲੋਂ ਮਿਲੀ ਤਾਂ ਇੱਕ ਅਜੀਬ ਤਰ੍ਹਾਂ ਦੀ ਖੁਤਖੁਤੀ ਦਾ ਅਹਿਸਾਸ ਹੋਇਆ : ਇੱਕ ਵਾਰ ਫਿਰ ਜੀਵਨ ਜਾਚ ਦੀਆਂ ਪਰਖੀਆਂ ਤਰਕੀਬਾਂ ਨਾਲ ਯੁਕਤ ਮਹਾਨ ਰਚਨਾ “ ਜਪੁ ਜੀ ਸਾਹਿਬ ” ਨੂੰ ਸਮਝਣ ਦੇ ਸਰੂਰ ਦੀ ਕਲਪਨਾ ਨਾਲ ਇੱਕ ਚਾਉ ਜਿਹਾ ਚੜ੍ਹ ਗਿਆ.

ਤੇ ਹੁਣ ਮੈਂ ਮੂਲ ਦੇ ਨਵੇਂ ਅਧਿਐਨ ਦੇ ਨਾਲ ਨਾਲ ਫਾਰਸੀ ਤਰਜੁਮੇ ਦਾ ਲੁਤਫ਼ ਵੀ ਲੈ ਰਿਹਾ ਹਾਂ ਤੇ ਮੇਰਾ ਜੀ ਕਰਦਾ ਹੈ ਕਿ ਮੈਂ ਇਹ ਅਨੁਭਵ ਆਪਣੇ ਦੋਸਤਾਂ ਨਾਲ ਸਾਂਝਾ ਕਰਾਂ.

ਪੰਜਾਬੀ ਯੂਨੀਵਰਸਿਟੀ ਵਲੋਂ ਛਾਪੀ ਇਸ ਕਿਤਾਬ ਵਿੱਚ ਭਾਈ ਲਕਸ਼ਵੀਰ ਸਿੰਘ ਬਾਰੇ ਤੇ ਉਨ੍ਹਾਂ ਦੇ ਤਜੁਰਬਿਆਂ ਬਾਰੇ ਜੋ ਜਾਣਕਾਰੀ ਪੰਜਾਬੀ ਵਿਚ ਹਰਪਾਲ ਸਿੰਘ ਪੰਨੂ ਨੇ ਦਿੱਤੀ ਹੈ ਉਹ ਬਹੁਤ ਰੌਚਿਕ ਤੇ ਪ੍ਰੇਰਨਾਦਾਇਕ ਹੈ .

ਫਾਰਸੀ ਨਾ ਜਾਣਨ ਵਾਲਿਆਂ ਲਈ ਵੀ ਇਸ ਕਿਤਾਬ ਵਿੱਚ ਬਹੁਤ ਸਮਗਰੀ ਹੈ.

No comments:

Post a Comment