Friday, March 11, 2011

ਅੱਜ ਪੰਜਾਬੀ ਯੂਨੀਵਰਸਿਟੀ ਕੈਂਪਸ ਦੇ ਖਾਸ ਕਰ ਪੰਜਾਬੀ ਵਿਭਾਗ ਦੇ ਵਿਦੀਆਰਥੀਆਂ ਨੇ ਉੱਦਮ ਕਰਕੇ ਕਿਤਾਬਾਂ ਦੀ ਨੁਮਾਇਸ਼ ਅਤੇ ਦਸਤਾਵੇਜੀ ਫਿਲਮਾਂ ਦਿਖਾਉਣ ਦਾ ਪ੍ਰਬੰਧ ਕੀਤਾ ਸੀ. ਕਿਤਾਬਾਂ ਦੀ ਬਹੁਤ ਵਧੀਆ ਵਿੱਕਰੀ ਹੋ ਰਹੀ ਸੀ. ਗਹਿਮਾ ਗਹਿਮੀ ਸੀ. ਮੇਲੇ ਵਰਗਾ ਮਾਹੌਲ ਬਣਿਆ ਹੋਇਆ ਸੀ. ਮੈਂ ਸੱਤਦੀਪ ਨੂੰ ਨਾਲ ਲੈ ਗਿਆ ਸੀ. ਉਰਦੂ ਤੇ ਇਸਲਾਮ ਨਾਲ ਜੁੜੇ ਸਟਾਲ ਉਹਨੂੰ ਖਾਸ ਕਰ ਖਿਚ ਪਾ ਰਹੇ ਸਨ.

ਚੇਤਨਾ ਪ੍ਰਕਾਸ਼ਨ ਦੇ ਸਟਾਲ ਤੇ ਝਾਤ ਗਈ ਹੀ ਸੀ ਕਿ 'ਮਾਤਲੋਕ' ਤੇ ਨਿਗਾਹ ਟਿੱਕ ਗਈ . ਇੱਕ ਦਮ ਬਲਰਾਮ ਦਾ ਖਿਆਲ ਆਇਆ. ਬੜੇ ਸਾਲ ਪਹਿਲਾਂ ਉਹਨੇ ਇਹ ਨਾਟਕ ਕਿਸਾਨਾਂ ਦੀਆਂ ਖੁਦਕਸ਼ੀਆਂ ਬਾਰੇ ਲਿਖਿਆ ਸੀ.ਪਰ ਇਹ ਬਲਰਾਮ ਦਾ ਨਾਟਕ ਨਹੀਂ ਹੋ ਸਕਦਾ. ਉਸ ਕੋਲ ਪੈਸਿਆਂ ਖੁਣੋਂ ਅਣਛਪੇ ਖਰੜਿਆਂ ਦੀ ਭੀੜ ਹੋਈ ਸੀ. ਵਾਚਣ ਤੇ ਪਤਾ ਲੱਗਿਆ ਕਿ ਬਲਰਾਮ ਨਹੀਂ ਜਸਵਿੰਦਰ ਦਾ ਨਵਾਂ ਨਾਵਲ ਹੈ. ਅੱਜ ਹੀ ਪਹਿਲੀ ਵਾਰ ਡਿਸਪਲੇ ਹੋਇਆ ਹੈ.

ਮੈਂ ਆਮ ਤੌਰ ਤੇ ਜਸਵਿੰਦਰ ਦੀਆਂ ਲਿਖਤਾਂ ਪੜ੍ਹਨ ਤੋਂ ਗੁਰੇਜ਼ ਕਰਦਾ ਹਾਂ. ਵਜਾਹ ਸ਼ਾਇਦ ਇਹ ਹੈ ਕਿ ਉਹ ਕਹਾਣੀ ਦੇ ਕਹਾਣੀਤਵ ਨੂੰ ਜਲਾਬਿਰਤਾਂਤ ਕਰ ਦਿੰਦਾ ਹੈ. ਫਿਰ ਵੀ ਪਤਾ ਨਹੀਂ ਬਲਰਾਮ ਨਾਲ ਜੁੜਨ ਕਰਕੇ ਮੇਰੇ ਅੰਦਰ ਫੌਰਨ ਤੌਰ ਤੇ ਇਹ ਨਾਵਲ ਪੜ੍ਹਨ ਦੀ ਤਮੰਨਾ ਪੈਦਾ ਹੋ ਜ ਗਈ ਤੇ ਜਸਵਿੰਦਰ ਨਾਲ ਜੁੜੀਆਂ ਕੁਝ ਪੁਰਾਣੀਆਂ ਯਾਦਾਂ ਉਭਰ ਆਈਆਂ. ਯੂਨਿਵਰਸਿਟੀ ਵਿੱਚ ਪਹਿਲੀ ਰਾਤ ਮੈਂ ਜਸਵਿੰਦਰ ਦੇ ਕਮਰੇ ਵਿੱਚ ਕੱਟੀ ਸੀ . ਨਹੀਂ ਇਹ ਗਲਤ ਜੁਦ ਗਿਆ ਹੈ. ਜਸਵਿੰਦਰ ਨਹੀਂ ਜਸਵਿੰਦਰ ਦਾ ਇੱਕ ਜਮਾਤੀ ਸੀ ਤਰਲੋਚਨ.

ਮੇਰੇ ਪਿੰਡ ਵਿੱਚ ਜਦੋਂ ੧੯੭੫ ਵਿੱਚ ਸਰਬ ਭਾਰਤ ਨੌਜਵਾਨ ਸਭਾ ਬਣਾਉਣ  ਲਈ  ਜਸਵਿੰਦਰ ਮੇਰੇ ਨਾਲ ਗਿਆ ਸੀ. ਉਦੋਂ   ਇਹ ਬੜਾ ਪਿਆਰਾ ਜਿਹਾ ਸਾਹਿਤਕ  ਕਮਿਊਨਿਸਟ ਸੀ ਤੇ ਡਾ. ਰਵੀ ਦਾ ਮਨਪਸੰਦ ਵਿਦਿਆਰਥੀ ਸੀ. ਅਸੀਂ ਜਰਗ ਤੋਂ ਸਾਈਕਲ ਲੈ ਕੇ ਜੰਡਾਲੀ ਨੂੰ ਗਏ ਸੀ. ਜਸਵਿੰਦਰ ਦੀ ਜ਼ਿੰਦਗੀ ਨੂੰ  ਮਾਨਣ ਦੀ ਠਾਠਾਂ ਮਾਰਦੀ ਤੜਪ ਬੋਲੀਆਂ ਦੇ ਰੂਪ ਵਿੱਚ ਨਿਕਲ  ਰਹੀ ਸੀ ਤੇ ਜਸਵਿੰਦਰ ਗਾ ਰਿਹਾ ਸੀ ਉਨ੍ਹਾਂ ਦਿਨਾਂ ਦੀ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਟੂਰਾਂ ਸਮੇਂ  ਦੀ ਪਹਿਲੀ ਤੇ ਸਭ ਤੋਂ ਵਧ ਦੁਹਰਾਈ ਜਾਣ ਵਾਲੀ ਬੋਲੀ ,"ਲਿਆ ਮੈਂ ਤੇਰੇ ਕੇਸ ਬੰਨ ਦਿਆਂ , ਮੇਰੇ ਨਿੱਤ ਦਿਆ ਸਰਾਬੀ ਯਾਰਾ.'

ਜਸਵਿੰਦਰ ਨੂੰ ਮਿਲਣ ਨੂੰ ਜੀ ਕਰ ਆਇਆ .ਨੁਮਾਇਸ਼ ਵਾਲੀ ਜਗਾਹ ਦੇ ਨਾਲ ਹੀ ਪੰਜਾਬੀ ਵਿਭਾਗ ਹੈ . ਤੇ ਉਹ ਆਪਣੇ ਕਮਰੇ  ਵਿੱਚ ਹੀ ਮਿਲ ਗਿਆ. ਮੈਂ ਨਾਵਲ ਦੀਆਂ ਮੁਬਾਰਕਾਂ ਦਿੱਤੀਆਂ ਤੇ ਮੰਗ ਕੀਤੀ ਮੈਨੂੰ ਇੱਕ ਕਾਪੀ ਭੇਟ ਕੀਤੀ ਜਾਵੇ. ਪਰ ਉਸ ਕੋਲ ਕੋਈ ਕਾਪੀ ਨਹੀਂ ਸੀ. ਤੇ ਅਸੀਂ ਵਾਪਸ ਜਾ ਕੇ ਸਟਾਲ ਤੋਂ ਇੱਕ ਕਾਪੀ ਖਰੀਦ  ਲਈ .ਭਾਵੇ  ਪੈਸੇ ਖਰਚਣੇ ਬੜੇ ਚੁਭ ਰਹੇ ਸੀ ਤੇ ਉਹ ਵੀ ਜਸਵਿੰਦਰ ਦੀ ਕਿਤਾਬ ਤੇ  ਪਰ ਜਦੋਂ ਸਟਾਲ ਦੇ ਇੱਕ ਖੂੰਜੇ ਤੋਂ ਨਿਕਲਣ ਲੱਗੇ ਤਾਂ ਕਿਸਾਨ ਆਗੂ ਕਾ.ਜਗਮੋਹਨ ਦੇ ਲੜਕੇ ਨੇ ਆਪਣੇ ਨਿੱਕੇ ਜਿਹੇ ਸਟਾਲ ਤੇ ਰੋਕ ਲਿਆ ਤੇ ਮੈਂ ਬਿਨਾ ਕਿਸੇ ਕਮਿਸਨ ਦੀ ਮੰਗ ਕੀਤੇ ਉਨ੍ਹਾਂ ਕੋਲੋਂ ਸਤਨਾਮ ਦੀ ਬਹੁਤ ਚਰਚਿਤ  ਕਿਤਾਬ ' ਜੰਗਲਨਾਮਾ' ਖਰੀਦ ਲਈ .

ਨਾਲ ਹੀ ਆਰਟਸ ਆਡੋਟੋਰੀਅਮ ਵਿੱਚ ਕੁਝ ਚੋਣਵੀਆਂ ਦਸਤਾਵੇਜੀ ਫਿਲਮਾਂ ਵਿਖਾਉਣ ਦਾ  ਸਮਾਨ ਹੋ ਗਿਆ ਸੀ. ਉਥੇ ਜਤਿੰਦਰ ਮਹੌਰ ਨੇ ਵਿਦਿਆਰਥੀਆਂ ਨਾਲ ਆਪਣੇ ਤਜਰਬੇ ਸਾਂਝੇ ਕਰਨੇ ਸਨ . ਪੰਜਾਬੀ ਫਿਲਮ ‘ਮਿੱਟੀ’ ਦੇ  ਨਿਰਦੇਸ਼ਕ ਜਤਿੰਦਰ  ਨੂੰ ਪਹਿਲੀ ਵਾਰ ਪਬਲਿਕ ਤੌਰ ਆਪਣੀ ਗੱਲ ਕਹਿੰਦੇ ਸੁਣਿਆ. ਉਹਨੇ ਪੰਜਾਬੀ ਸਭਿਆਚਾਰ ਦੇ ਪ੍ਰਸੰਗ ਵਿੱਚ ਕਈ  ਬਹੁਤ ਸੁੰਦਰ ਨੁਕਤੇ ਬਣਾਏ. ਸਿੱਖਣ ਵਾਲੀਆਂ ਗੱਲਾਂ ਕਾਫੀ ਸਨ. ਇੱਕ ਗੱਲ ਉਹਨੇ ਇਹ ਕਹੀ ਕਿ  ਬਹੁਤ ਸਾਰੇ ਲੇਖਕ ,ਖਾਸ ਕਰ ਗੀਤ ਲੇਖਕ ਹਨ ਜੋ ਬੇਖਬਰੀ ਵਿੱਚ (ਇਹ ਹੋਰ ਵੀ ਮਾੜੀ ਗੱਲ ਹੈ) 'ਮੌਤ ਦੇ ਵਪਾਰੀਆਂ ' ਨੂੰ ਜਾਂ ਗੁੰਡਿਆਂ ਨੂੰ ਨਾਇਕ ਬਣਾ ਕੇ ਪੇਸ਼ ਕਰ ਦਿੰਦੇ ਹਨ.ਪਰ ਹੋਰ ਵੀ ਦੁੱਖ ਵਾਲੀ ਗੱਲ ਇਹ ਹੈ ਕਿ ਸੁਣਨ ਵਾਲੇ ਵੀ ਬੇਖਬਰੀ ਵਿੱਚ ਹੀ ਸੁਣਦੇ ਰਹਿੰਦੇ ਹਨ . ਗਾਂਧੀ ਬਾਰੇ ਵੀ ਉਹਨੇ ਇੱਕ ਟਿੱਪਣੀ ਕੀਤੀ ਜੋ ਕਿਸੇ ਤੁਅਸਬ ਤੋਂ ਮੁਕਤ ਸੀ.  ਗਾਂਧੀ ਨੇ ਇੱਕ ਵਾਰ ਸਿਨੇਮਾ ਬਾਰੇ ਕਹਿ ਦਿੱਤਾ ਸੀ ਕਿ ਇਹ ਤਾਂ ਵੇਸ਼ਵਾਗਮਨੀ ਫੈਲਾਉਣ ਦਾ ਸਾਧਨ ਹੈ ; ਕਿ ਇਹ ਗੱਲ ਤਾਂ ਪੱਕੀ ਹੈ ਅਤੇ ‘ਇਹਦਾ ਕੋਈ  ਫਾਇਦਾ ਹੋਵੇਗਾ ’ ਇਹ ਗੱਲ ਅਜੇ ਸਿਧ ਕਰਨੀ ਬਾਕੀ ਹੈ.
ਇਸ ਬਾਰੇ ਖਵਾਜਾ ਅਹਿਮਦ ਅੱਬਾਸ ਨੇ ਗਾਂਧੀ ਜੀ ਨੂੰ ਇੱਕ ਚਿਠੀ ਲਿਖੀ ਸੀ :

‘ਤੁਹਾਡੇ  ਹਾਲ ਦੇ ਦੋ ਬਿਆਨਾਂ ਨੇ ਮੈਂਨੂੰ ਹੈਰਾਨ ਅਤੇ ਦੁਖੀ ਕੀਤਾ ਹੈ ਕਿ ਤੁਸੀਂ  ਸਿਨੇਮਾ ਬਾਰੇ ਤ੍ਰਿਸਕਾਰ ਭਰੇ ਤਰੀਕੇ ਨਾਲ ਗੱਲ ਕੀਤੀ ਹੈ .’ ਅੱਬਾਸ ਅੱਗੇ ਲਿਖਦੇ ਹਨ ,  ‘ ਹਾਲ ਹੀ ਵਿੱਚ ਇੱਕ ਬਿਆਨ ਵਿੱਚ ,  ਤੁਸੀਂ  ਸਿਨੇਮਾ ਨੂੰ ਜੂਏ ,  ਸੱਤੇ ,  ਘੁੜਦੌੜ ਦੀ ਤਰ੍ਹਾਂ ਬੁਰਾਈਆਂ ਦੇ ਵਿੱਚ ਰੱਖਿਆ ਹੈ ,  ਜਿਨ੍ਹਾਂ ਨੂੰ ਤੁਸੀਂ ਜਾਤੀ ਗੁਆਚਣ ਦੇ ਡਰੋਂ ਤਿਆਗ ਦਿੱਤਾ ਹੋਇਆ ਹੈ .

‘ਜੇਕਰ ਇਹ ਬਿਆਨ ਕਿਸੇ ਹੋਰ ਵਿਅਕਤੀ ਤੋਂ ਆਏ ਹੁੰਦੇ ,  ਤਾਂ ਇਨ੍ਹਾਂ ਬਾਰੇ ਚਿੰਤਾ ਕਰਨੀ ਜ਼ਰੂਰੀ ਨਹੀਂ ਸੀ .  ਮੇਰੇ ਪਿਤਾ ਜੀ ਕਦੇ ਫਿਲਮਾਂ ਨਹੀਂ ਵੇਖਦੇ  ਅਤੇ  ਉਨ੍ਹਾਂ ਨੂੰ ਪੱਛਮ  ਤੋਂ ਆਯਾਤ ਕੀਤੀ ਗਈ ਭੈੜ ਸਮਝਦੇ ਸਨ.’

ਅੱਗੇ ਲਿਖਦੇ ਹਨ , ‘ਤੁਹਾਡੇ ਮਾਮਲੇ ਵਿੱਚ ਗੱਲ ਵੱਖਰੀ ਹੈ ਅਤੇ ਤੁਹਾਡੀ ਥੋੜ੍ਹੀ ਜਿਹੀ ਰਾਏ ਵੀ ਲੱਖਾਂ ਲੋਕਾਂ  ਦੇ ਲਈ ਬਹੁਤ ਜਿਆਦਾ ਮਹੱਤਵ ਰੱਖਦੀ ਹੈ .  ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਦੇਸ਼ ਵਿੱਚ ਰੂੜ੍ਹੀਵਾਦੀਆਂ ਦੀ ਇੱਕ ਵੱਡੀ ਗਿਣਤੀ ਤੁਹਾਡਾ  ਬਿਆਨ ਪੜ੍ਹਨ  ਦੇ ਬਾਅਦ ਸਿਨੇਮੇ ਦੇ ਪ੍ਰਤੀ ਆਪਣਾ ਦੁਸ਼ਮਣੀ ਵਾਲਾ ਰਵੱਈਆ ਪੁਸ਼ਟ ਕਰ ਲਵੇਗੀ .’

ਤੇ ਇਹ ਪੱਤਰ ਇੱਕ ਭਾਵਪੂਰਣ ਦਲੀਲ  ਦੇ ਨਾਲ ਖ਼ਤਮ ਹੁੰਦਾ ਹੈ :  ‘ਸਾਨੂੰ ਸਾਡਾ ਇਹ ਛੋਟਾ ਜਿਹਾ ਖਿਡੌਣਾ ਸਿਨੇਮਾ ਦੇ ਦਿਉ  , ਜੋ ਏਨਾ ਬੇਕਾਰ ਨਹੀਂ ਜਿੰਨਾ ਇਹ ਲੱਗ ਰਿਹਾ ਹੈ ,  ਤੁਹਾਡਾ ਥੋੜਾ ਜਿਹਾ ਧਿਆਨ ਅਤੇ ਸਹਿਣਸ਼ੀਲਤਾ ਦੀ ਇੱਕ ਮੁਸਕਾਨ  ਦੇ ਨਾਲ ਅਸ਼ੀਰਵਾਦ .’

No comments:

Post a Comment