Monday, June 28, 2010

ਭੋਲਿਆ ਤੂੰ ਜੱਗ ਦਾ ਅੰਨਦਾਤਾ -ਫੈਜ਼

ਫੈਜ਼ ਕਹਿੰਦਾ ਹੁੰਦਾ ਸੀ ਕਿ ਉਹ ਖਰੀ ਲੋਕਰਾਜੀ ਕਵਿਤਾ ਸਿਰਫ ਪੰਜਾਬੀ ਵਿੱਚ ਲਿਖ ਸਕਦਾ ਹੈ .ਪੇਸ਼ ਹੈ  ਕਿਸਾਨ ਨੂੰ ਆਪਣੀ ਗੂੜ੍ਹੀ ਨੀਂਦ ਤੋਂ ਜਾਗਣ ਦਾ ਸੱਦਾ ਦਿੰਦੀ ਫੈਜ਼ ਦੀ ਪੰਜਾਬੀ ਕਵਿਤਾ :


ਉੱਠ ਉਤਾਂਹ ਨੂੰ ਜੱਟਾ


ਮਰਦਾ ਕਿਉਂ ਜਾਏਂ


ਭੋਲਿਆ! ਤੂੰ ਜੱਗ ਦਾ ਅੰਨਦਾਤਾ


ਤੇਰੀ ਬੰਦੀ ਧਰਤੀ ਮਾਤਾ


ਤੂੰ ਜੱਗ ਦਾ ਪਾਲਣਹਾਰ


ਤੇ ਮਰਦਾ ਕਿਉਂ ਜਾਏਂ


ਉੱਠ ਉਤਾਂਹ ਨੂੰ ਜੱਟਾ


ਮਰਦਾ ਕਿਉਂ ਜਾਏਂ


ਜਰਨਲ ਕਰਨਲ ਸੂਬੇਦਾਰ


ਡਿਪਟੀ ਡੀ ਸੀ ਠਾਣੇਦਾਰ


ਸਾਰੇ ਤੇਰਾ ਦਿੱਤਾ ਖਾਵਣ


ਤੂੰ ਜੇ ਨਾ ਬੀਜੇਂ


ਤੂੰ ਜੇ ਨਾ ਗਾਹੇਂ


ਭੁੱਖੇ ਭਾਣੇ ਸਭ ਮਰ ਜਾਵਣ


ਐਹ ਚਾਕਰ ਤੂੰ ਸਰਕਾਰ


ਤੇ ਮਰਦਾ ਕਿਉਂ ਜਾਏਂ


ਉੱਠ ਉਤਾਂਹ ਨੂੰ ਜੱਟਾ


ਮਰਦਾ ਕਿਉਂ ਜਾਏਂ


ਵਿੱਚ ਕਚਹਿਰੀ ਚੌਂਕੀ ਥਾਣੇ


ਕੀ ਅਨਭੋਲ ਤੇ ਕੀ ਸਿਆਣੇ


ਕੀ ਅਸਰਾਫ਼ ਤੇ ਕੀ ਨਿਮਾਣੇ


ਸਾਰੇ ਖੱਜਲ ਖੁਆਰ


ਤੇ ਮਰਦਾ ਕਿਉਂ ਜਾਏਂ


ਉੱਠ ਉਤਾਂਹ ਨੂੰ ਜੱਟਾ


ਮਰਦਾ ਕਿਉਂ ਜਾਏਂ


ਏਕਾ ਕਰ ਲਓ ਹੋ ਜੋ 'ਕੱਠੇ


ਭੁੱਲ ਜਾਓ ਰੰਘੜ ਚੀਮੇ ਚੱਠੇ


ਸੱਭੇ ਦਾ ਇੱਕ ਪਰਵਾਰ


ਤੇ ਮਰਦਾ ਕਿਉਂ ਜਾਏਂ


ਉੱਠ ਉਤਾਂਹ ਨੂੰ ਜੱਟਾ


ਮਰਦਾ ਕਿਉਂ ਜਾਏਂ


ਜੇ ਚੜ੍ਹ ਆਵਣ ਫੌਜਾਂ ਵਾਲੇ


ਤੂੰ ਵੀ ਛਵੀਆਂ ਲੰਬ ਕਰਾ  ਲੇ


ਤੇਰਾ ਹੱਕ ਤੇਰੀ ਤਲਵਾਰ


ਤੇ ਮਰਦਾ ਕਿਉਂ ਜਾਏਂ


ਉੱਠ ਉਤਾਂਹ ਨੂੰ ਜੱਟਾ


ਮਰਦਾ ਕਿਉਂ ਜਾਏਂ



No comments:

Post a Comment