Saturday, June 19, 2010

ਤਿੰਨ ਗ਼ਜ਼ਲਾਂ ---ਬਲਬੀਰ ਆਤਸ਼

1
ਖਿੰਡਰੇ ਪੁੰਡਰੇ ਉੱਜੜੇ ਘਰ 'ਚੋਂ ਕੀ ਉੱਭਰੇਗਾ ਆਖ਼ਰ ਨੂੰ।
ਇਹੋ ਸੋਚ ਹੈ ਖਾਈ ਜਾਂਦੀ ਦਿਲ ਵਿਚ ਬੈਠੇ ਸ਼ਾਇਰ ਨੂੰ।
ਬੀਜ ਗਏ ਹੋ ਚੁੱਪ ਚੁਪੀਤੇ ਸਾਡੇ ਪਿੰਡਿਆਂ 'ਤੇ ਕੰਡਿਆਈ,
ਖ਼ਬਰ ਹੋਈ ਨਾ ਮਾਸ ਨੂੰ  ਸਾਡੇ, ਨਾ ਦਿਲ ਨੂੰ, ਨਾ ਆਂਦਰ ਨੂੰ।
ਆਪਣੀ ਮਿੱਟੀ 'ਚੋਂ ਜੜ੍ਹ  ਉੱਖੜੀ ਜਾਂਦੀ ਹੈ ਕਿਉਂ ਬਿਰਖਾਂ  ਦੀ,
ਕਿਸ ਨੂੰ ਦੇਈਏ ਦੋਸ਼  ਏਸ ਦਾ, ਧਰਤੀ ਨੂੰ ਜਾਂ ਅੰਬਰ ਨੂੰ?
ਤਾਰਾਂ ਦੇ ਵਿਚ ਉਲਝੀ  ਤਿੱਤਲੀ ਤੜਪਾ ਰਹੀ ਹੈ ਫੁੱਲਾਂ ਨੂੰ,
ਬੂਟਾਂ ਥੱਲੇ ਮਿੱਧੇ  ਫੁੱਲ ਹਨ ਘੂਰ ਰਹੇ ਇਕ ਅੰਬਰ ਨੂੰ।
ਬਿਜੜਿਆਂ ਵਤ ਤਿਣਕਾ  ਤਿਣਕਾ ਚੁੱਗ ਕੇ ਘਰ ਤਾਂ ਛੱਤ ਲਈਏ,
ਬਾਲਾਂਗੇ ਪਰ ਇਸ ਵਿਚ  ਕਿੱਥੋਂ ਧੁੱਪ ਦੀ ਗੋਰੀ ਕਾਤਰ ਨੂੰ।
0
2
ਤੇਰੇ ਰੇਤ ਹੋਏ ਦਰਿਆਵਾਂ  ਵਿਚ ਨਾ ਡੁੱਬ ਹੋਏ ਨਾ ਤਰ ਹੋਵੇ।
ਤੇਰੀ ਮਿੱਟੀ ਹੋਈ ਮਤਰੇਈ ਦਾ ਕੀ ਦੋਸ਼ ਕਿਸੇ ਸਿਰ ਧਰ ਹੋਵੇ।
ਹੱਥਾਂ 'ਤੇ ਕੰਡੇ ਉੱਗ ਆਏ ਛਾਂ ਪਿੰਡਿਆਂ ਦੀ ਅੱਗ ਲਾਉਂਦੀ  ਹੈ,
ਹੁਣ ਬੰਦਿਆਂ ਅਤੇ ਦਰਖ਼ਤਾਂ  ਵਿਚ ਕੋਈ ਭੇਤ ਨਾ ਸਾਥੋਂ ਕਰ ਹੋਵੇ।
ਉਸ ਰਿਸ਼ਤੇ ਦਾ ਕੀ ਨਾਂ ਰੱਖੀਏ, ਉਸ ਬਸਤੀ ਨੂੰ ਕੀ ਕਹਿ ਸੱਦੀਏ,
ਜਿੱਥੇ ਰੋਜ਼ ਤਿੜਕਦੇ  ਹਨ ਰਿਸ਼ਤੇ ਤੇ ਨਿੱਤ ਉੱਜੜਦਾ ਘਰ ਹੋਵੇ।
ਕਿਉਂ ਚੀਖ਼ਾਂ ਦੇ ਇਸ ਜੰਗਲ ਵਿਚ ਸਾਰਾ ਕੁਝ ਰਲਗੱਡ ਹੋਇਆ ਹੈ,
ਨਾ ਆਪਣੀ ਚੀਖ਼  ਪਛਾਣ ਹੋਵੇ, ਨਾ ਜੰਗਲ ਦਾ ਭੈਅ ਹਰ ਹੋਵੇ।
ਇਹ ਪੀੜ ਕੇਹੀ ਜੋ ਹੱਥਾਂ 'ਤੇ ਲਿਖ ਹੋਣੀ ਕਿਧਰੇ ਖਿਸਕ ਗਈ,
ਇਸ ਪੀੜ ਦੀ ਹੈ ਤਾਸੀਰ  ਕੇਹੀ, ਨਾ ਮਰ ਹੋਵੇ ਨਾ ਜਰ ਹੋਵੇ।
ਹਰ ਬੂਹੇ ਚਿੱਪਰਾਂ ਲੱਥੀਆਂ ਹਨ ਉੱਕਰੇ ਹਨ ਜ਼ਖ਼ਮ ਹਾਲਾਤਾਂ ਨੇ,
ਜੀਹਦੀ ਸਰਦਲ ਨਹੀਂ ਧੁਆਂਖ ਹੋਈ ਕੋਈ ਇਕ ਤਾਂ ਐਸਾ ਘਰ ਹੋਵੇ।
ਕੀ ਗਾਲ੍ਹ ਦਿਆਂ ਉਨ੍ਹਾਂ  ਪਿੱਪਲਾਂ ਨੂੰ, ਬੋਹੜਾਂ ਨੂੰ, ਬੁੱਢਿਆਂ ਰੁੱਖਾਂ  ਨੂੰ,
ਜਿਨ੍ਹਾਂ  ਕੋਲੋਂ ਮਰਦੀਆਂ ਚਿੜੀਆਂ ਲਈ ਇਕ ਹੌਕਾ ਤੱਕ ਨਾ ਭਰ ਹੋਵੇ।
ਇਨ੍ਹਾਂ  ਆਪ ਬਣਾਈਆਂ  ਛੱਤਾਂ ਦੀ ਹੁਣ ਮਿੱਟੀ ਸਿਰ ਵਿਚ ਕਿਰਦੀ  ਹੈ,
ਨਾ ਭੇਤ ਲੁਕਾਇਆਂ  ਲੁਕ ਹੋਵੇ, ਨਾ ਚੁੱਪ ਕੀਤਿਆਂ ਸਰ ਹੋਵੇ।
0

ਰੇਜ਼ਾ ਰੇਜ਼ਾ ਹੋ ਗਈ  ਪੱਤੀ ਗ਼ੁਲਾਬ ਦੀ।
ਉੱਡਦੀ ਹੈ ਮਿੱਟੀ  ਦੂਰ ਤੱਕ ਖ਼ਾਨਾ ਖ਼ਰਾਬ ਦੀ।
ਕਿਸ 'ਤੇ ਗਿਲਾ ਕਰਾਂ  ਮੈਂ ਕਿਸ 'ਤੇ ਉਜਰ ਕਰਾਂ
ਹਰਫ਼ਾਂ ਦੇ ਹੱਥੋਂ ਹੋ ਰਹੀ ਦੁਰਮਤ ਕਿਤਾਬ ਦੀ।
ਲੱਕੜ ਹੈ ਚਿੱਟੇ ਮਹਿਲ ਦੀ ਸਰਦਲ ਦੇ ਨਾਲ ਦੀ,
ਕੱਟੀ ਹੈ ਜਿਸ 'ਤੇ  ਰੱਖ ਕੇ ਗਰਦਨ ਉਕਾਬ ਦੀ।
ਭੁੱਲਿਆ ਸਲੀਕਾ ਸ਼ਹਿਰ ਨੂੰ ਪੀਵਣ ਪਿਆਣ ਦਾ,
ਤੋੜੀ ਪਈ ਹੈ ਚੌਂਕ ਵਿਚ ਬੋਤਲ ਸ਼ਰਾਬ ਦੀ।
ਬਲਦੇ ਸਿਵੇ ਦੇ ਬੁਝਣ ਤੱਕ ਸੂਰਜ ਦੇ ਚੜ੍ਹਨ ਤੱਕ
ਛੇੜਾਂਗਾ ਮੈਂ ਹੀ ਦੇਖਣਾ  ਸਰਗਮ ਰਬਾਬ ਦੀ।

No comments:

Post a Comment