Saturday, June 5, 2010

ਵਾਤਾਵਰਨ ਦਿਵਸ ਤੇ -ਸੰਤ ਬਲਬੀਰ ਸਿੰਘ ਸੀਚੇਵਾਲ

(ਭਗਤ ਪੂਰਨ ਸਿੰਘ ਪਿੰਗਲਵਾੜਾ ਤੋਂ ਬਾਅਦ ਸੰਤ ਬਲਬੀਰ ਸਿੰਘ ਸੀਚੇਵਾਲ ਐਸੀ ਹਸਤੀ ਹਨ ਜਿਹਨਾਂ ਨੇ ਨਹਾਇਤ ਸਾਦਗੀ ਨਾਲ ਸਾਧੂ ਪਰੰਪਰਾਵਾਂ ਨੂੰ ਅਪਣਾਉਂਦੇ ਹੋਏ ਧਰਤੀ ਬਚਾਉਣ ਦਾ ਬੀੜਾ ਚੁੱਕਿਆ ਹੈ.ਉਹਨਾਂ ਦੇ ਸੰਪਰਕ ਵਿੱਚ ਆਉਣ ਵਾਲਾ ਹਰੇਕ ਵਿਅਕਤੀ ਇੱਕ ਨਵੀਂ ਆਸ ਨਾਲ  ਜਗਮਗਾਉਣ ਲਗਦਾ ਹੈ .ਅਸੀਂ ਪੂਰੀ ਆਸ ਕਰ ਸਕਦੇ ਹਾਂ ਕਿ ਉਹਨਾਂ ਦੀ ਅਗਵਾਈ ਵਿੱਚ ਪੰਜਾਬ ਦੀ ਧਰਤੀ ਤੇ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਸਮਰਥ ਲਹਿਰ ਉਸਰੇਗੀ.-ਸੰਪਾਦਕ)




ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਧਰਤੀ ਹੁਣ ਇੱਕ ਛੋਟਾ ਜਿਹਾ ਪਿੰਡ ਲੱਗਣ ਲੱਗ ਪਈ ਹੈ। ਪਿੰਡ ‘ਚ ਜਦੋਂ ਵੀ ਕੋਈ ਚੰਗੀ ਜਾਂ ਮਾੜੀ ਘਟਨਾ ਵਾਪਰਦੀ ਹੈ ਤਾਂ ਉਸ ਨਾਲ ਸਾਰੇ ਪਿੰਡ ਵਾਸੀ ਪ੍ਰਭਾਵਿਤ ਹੁੰਦੇ ਹਨ। ਵਾਤਾਵਰਣ ‘ਚ ਆਏ ਵਿਗਾੜ ਕਾਰਨ ਵੱਧੀ ਤਪਸ਼ ਨੇ ਧਰਤੀ ਵਰਗੇ ਪਿੰਡ ਦਾ ਪਿੰਡਾਂ ਲੂਹ ਸੁੱਟਿਆ ਹੈ। ਪਿਛਲੇ ਸਾਲ ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ ‘ਚ ਧਾਰਮਿਕ ਆਗੂਆਂ ਦੇ ਸ਼ਿਖਰ ਸੰਮੇਲਨ ‘ਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਸੀ। ਇਸ ਸੰਮੇਲਨ ਵਿਚ ਵੀ ਧਰਤੀ ਦੀ ਵੱਧ ਰਹੀ ਤਪਸ਼ ਬਾਰੇ ਡੂੰਘੀ ਵਿਚਾਰ-ਚਰਚਾ ਹੋਈ ਸੀ। ਇਸ ਸੰਮੇਲਨ ਦੇ ਸਮਾਨ ਅੰਤਰ ਵੱਖ-ਵੱਖ ਦੇਸ਼ਾਂ ਦੇ ਮੁੱਖੀਆਂ ਦੇ ਸ਼ਿਖਰ ਸੰਮੇਲਨ ਭਾਵੇ ਉਦੋਂ ਕਿਸੇ ਨਤੀਜੇ ‘ਤੇ ਨਹੀਂ ਸੀ ਪਹੁੰਚਿਆਂ ਸਕਿਆ। ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਦੇਸ਼ਾਂ ਦੇ ਮੁੱਖੀਆਂ ਦੀ ਕੋਈ ਸੰਧੀ ਨਹੀਂ ਹੁੰਦੀ ਤਾਂ ਕਿ ਧਰਤੀ ਦੇ ਵੱਸਣ ਵਾਲੇ ਲੋਕਾਂ ਨੂੰ ਵਿਗੜ ਰਹੇ ਵਾਤਾਵਰਣ ‘ਚ ਮਰਨ ਲਈ ਛੱਡ ਦਿੱਤਾ ਜਾਣੇ? ਦੇਸ਼ਾਂ ਦੇ ਮੁੱਖੀਆਂ ਦੀਆਂ ਤਾਂ ਰਾਜਨੀਤਿਕ ਮਜ਼ਬੂਰੀਆਂ ਹੋ ਸਕਦੀਆਂ ਹਨ ਪਰ ਇਸ ਧਰਤੀ ‘ਤੇ ਵੱਸਣ ਵਾਲੇ ਲੋਕਾਂ ‘ਚ ਇਹ ਚੇਤਨਾ ਪੈਦਾ ਕਰਨ ਦੀ ਲੋੜ ਹੈ ਕਿ ਸਾਂਝੇ ਰੂਪ ‘ਚ ਧਰਤੀ ਦੇ ਤਪ ਰਹੇ ਪਿੰਡੇ ਨੂੰ ਠਾਹਰਣ ਲਈ ਤੇ ਇਸ ਦੀ ਕੁੱਖ ਨੂੰ ਹਰਿਆ ਭਰਿਆ ਕਰਨ ਹੋਰ ਯਤਨਾਂ ਕੀਤੇ ਜਾਣ।
ਗੰਦਲਾ ਵਾਤਾਵਰਣ ਸਮੁੱਚੀ ਦੁਨੀਆਂ ਲਈ ਇਕ ਗੰਭੀਰ ਸਮੱਸਿਆ ਬਣਿਆ ਹੋਇਆ ਹੈ। ਹਵਾ ‘ਚ ਇੰਨੀਆਂ ਜ਼ਹਿਰੀਲੀਆਂ ਗੈਸਾਂ ਛੱਡੀਆਂ ਜਾ ਰਹੀਆਂ ਹਨ ਜਿਸ ਕਾਰਨ ਓਜੋਨ ਪਰਤ ‘ਚ ਛੇਕ ਹੁੰਦੇ ਜਾ ਰਹੇ ਹਨ ਜਿਸ ਨਾਲ ਧਰਤੀ ਦੀ ਤਪਸ਼ ਵਧਦੀ ਜਾ ਹਰੀ ਹੈ। ਧਰਤੀ ਦੀ ਤਪਸ਼ ਵੱਧਣ ਕਾਰਨ ਗਲੇਸ਼ੀਅਰ ਪਿਘਲ ਰਹੇ ਹਨ ਤੇ ਪਾਣੀ ਦੇ ਕੁਦਰਤੀ ਸੋਮੇ ਸੁੱਕਦੇ ਜਾ ਰਹੇ ਹਨ। ਸਮੁੰਦਰ ਦੇ ਸੱਤਰ ‘ਚ ਵੀ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਇਸ ਵਰਤਾਰੇ ਕਾਰਨ ਧਰਤੀ ਦੇ ਵਾਤਾਵਰਣ ਦਾ ਸਾਰਾ ਸਂਤੁਲਨ ਵਿਗੜ ਗਿਆ ਹੈ। ਗੰਧਲਾ ਵਾਤਾਵਰਣ ਅਨੇਕਾਂ ਪ੍ਰਕਾਰ ਦੀਆਂ ਲਾ-ਇਲਾਜ ਬੀਮਾਰੀਆਂ ਨੂੰ ਜਨਮ ਦੇ ਰਿਹਾ ਹੈ। ਇਸ ਤੋਂ ਇਕੱਲਾ ਮਨੁੱਖ ਹੀ ਨਹੀਂ ਸਗੋਂ ਧਰਤੀ ‘ਤੇ ਰਹਿਣ ਵਾਲੇ ਸਾਰੇ ਜੀਵ-ਜੰਤੂ ਤੇ ਬਨਸਪਤੀ ਵੀ ਪ੍ਰਭਾਵਿਤ ਹੋ ਰਹੀ ਹੈ। ਧਰਤੀ ਦੀ ਤਪਸ਼ ਵੱਧਣ ਕਾਰਨ ਕਈ ਪ੍ਰਕਾਰ ਦੇ ਜੀਵ ਜੰਤੂ ਦੀਆ ਪ੍ਰਜਾਤੀਆਂ ਤਾਂ ਸਦਾ ਲਈ ਖ਼ਤਮ ਹੋ ਚੁੱਕੀਆਂ ਹਨ। ਮਨੁੱਖ ਦੀ ਉਮਰ ਦਰ ‘ਤੇ ਵੀ ਇਸਦਾ ਅਸਰ ਪੈ ਰਿਹਾ ਹੈ। ਇਹ ਵਰਤਾਰਾ ਮਨੁੱਖੀ ਜੀਵਨ ਲਈ ਖਤਰੇ ਦੀ ਘੰਟੀ ਹੈ। ਵਾਤਾਵਰਣ ਕਿਸੇ ਵੀ ਮੁਲਕ ਦਾ ਗੰਧਲਾ ਹੋਵੇ ਉਸ ਨਾਲ ਇਕੱਲਾ ਉਹੀ ਮੁਲਕ ਪ੍ਰਭਾਵਿਤ ਨਹੀਂ ਸਗੋਂ ਇਸ ਨਾਲ ਗੁਆਂਢੀ ਤੇ ਹੋਰ ਮੁਲਕ ਵੀ ਪ੍ਰਭਾਵਿਤ ਹੁੰਦੇ ਹਨ ਕਿਉਂਕਿ ਹਵਾ ਲਈ ਸਰਹੱਦਾਂ ਕੋਈ ਮਾਇਅਨੇ ਨਹੀਂ ਰੱਖਦੀਆਂ। ਭਾਰਤ ਪਹਿਲੇ ਉਨ੍ਹਾਂ 10 ਦੇਸ਼ਾਂ ‘ਚ ਸਾਮਲ ਹੈ ਜਿਨਾਂ ਦੇਸ਼ਾਂ ਦਾ ਵਾਤਾਵਰਣ ਬਹੁਤ ਜਿਆਦਾ ਗੰਧਲਾ ਹੋ ਚੁੱਕਾ ਹੈ।
ਪੀਣ ਵਾਲਾ ਪਾਣੀ ਦੇਖਣ ਨੂੰ ਕਿੰਨਾ ਵੀ ਸਾਫ਼ ਕਿਉਂ ਨਾ ਲਗਦਾ ਹੋਵੇ ਪਰ ਜੇਕਰ ਇਸ ਸਾਫ਼ ਦਿਸਦੇ ਪਾਣੀ ਦੇ ਵੀ ਟੈਸਟ ਕੀਤੇ ਜਾਣ ਤਾਂ ਰਿਪੋਟਰ ਲੂ ਕੰਡੇ ਖੜੇ ਕਰਨ ਵਾਲੀ ਹੀ ਆਵੇਗੀ। ਧਰਤੀ ਹੇਠਲੇ ਪਾਣੀ ਵਿੱਚ ਵਧਦੇ ਪ੍ਰਦੂਸ਼ਣ ਕਾਰਨ ਇਹ ਇੰਨੇ ਦੂਸ਼ਿਤ ਹੋ ਚੁੱਕੇ ਹਨ ਕਿ ਇਹ ਹੁਣ ਪੀਣਯੋਗ ਰਹੇ ਹੀ ਨਹੀਂ। ਇਹੋ ਹਾਲ ਅਸੀਂ ਧਰਤੀ ਦਾ ਕੀਤਾ ਹੈ ਕਿ ਵੱਧ ਪੈਦਾਵਾਰ ਲੈਣ ਦੇ ਲਾਲਚ ਵੱਸ ਬੇਹਿਸਾਬੀਆਂ ਕੀਟਨਾਸ਼ਕ ਦਵਾਈਆਂ ਅਤੇ ਬੇਹਿਸਾਬੀਆਂ ਰਸਾਇਣਿਕ ਖਾਦਾਂ ਪਾ ਕੇ ਅਸੀਂ ਧਰਤੀ ਦੀ ਕੁੱਖ ਨੂੰ ਜ਼ਹਿਰੀਲਾ ਬਣਾ ਦਿੱਤਾ ਹੈ। ਹੁਣ ਸਬਜੀਆਂ, ਫਲਾਂ ਫਸਲਾ ਤੇ ਦੁੱਧ ਰਾਹੀਂ ਇਹ ਕੀਟਨਾਸ਼ਕ ਦਵਾਈਆਂ ਮਨੁੱਖ ਅੰਦਰ ਪ੍ਰਵੇਸ ਕਰ ਗਈਆ ਹਨ। ਇਸ ਦੇ ਭਿਆਨਕ ਨਤੀਜੇ ਕੈਂਸਰ, ਗੁਰਦਿਆਂ ਦਾ ਫੇਲ ਹੋਣਾ, ਅੰਤੜੀਆਂ ਦੇ ਰੋਗ ਆਦਿ ‘ਚ ਨਿਕਲੇ ਰਹੇ ਹਨ। ਮਨੁੱਖੀ ਲਾਲਚ ਮਨੁੱਖ ਨੂੰ ਕਿਧਰੇ ਲੈ ਕੇ ਜਾ ਰਿਹਾ ਹੈ। ਵਾਤਾਵਰਣ ਨੂੰ ਸਾਫ਼-ਸੁੱਥਰਾ ਰੱਖਣ ਦਾ ਸੰਕਲਪ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਦਿੱਤਾ ਗਿਆ ਹੈ ਉਹ ਸ਼ਾਇਦ ਹੀ ਕਿਸੇ ਵੀ ਹੋਰ ਧਾਰਮਿਕ ਗ੍ਰੰਥ ‘ਚ ਹੋਵੇ।
ਪਵਨ ਗੁਰੂ ਪਾਣੀ ਪਿਤਾ ਮਾਤਾ ਧਰੁਤ ਮੁਹਤ॥
ਗੁਰਬਾਣੀ ਦੀ ਇਸ ਮਹਾਨ ਪੰਕਤੀ ਸਮੁੱਚੀ ਦੁਨੀਆਂ ਦੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਬਹੁਤ ਹੀ ਅਹਿਮ ਸਥਾਨ ਰੱਖਦੀ ਹੈ। ਜੇਕਰ ਇਸ ਦੇ ਆਸ਼ੇ ਅਨੁਸਾਰ ਇਸ ‘ਤੇ ਅਮਲ ਕੀਤਾ ਜਾਵੇ ਭਾਵ ਕਿ ਜੋ ਪਵਨ ਹੈ ( ਹਵਾ ਹੈ ) ਉਹ ਸਾਡੇ ਗੁਰੂ ਦੇ ਸਮਾਨ ਹੈ ਕਿਉਂਕਿ ਭਾਰਤੀ ਸਮਾਜ ਵਿੱਚ ਗੁਰੂ ਦਾ ਦਰਜਾ ਸਭ ਤੋਂ ਉੱਚਾ ਮੰਨਿਆ ਜਾਂਦਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਹਵਾ ਨੂੰ ਕਦੇ ਗੁਰੂ ਦਾ ਦਰਜਾ ਦਿੱਤਾ ਹੈ? ਕਿ ਜਦੋਂ ਫੈਕਟਰੀਆਂ ‘ਚ ਨਿਕਲਦਾ ਧੂੰਆਂ ਆਸਮਾਨ ਵੱਲ ਛੱਡਦੇ ਹਾਂ ਤੇ ਕਿਸੇ ਨੂੰ ਵੀ ਇਸ ਦਾ ਖਿਆਲ ਨਹੀਂ ਆਉਂਦਾ ਕਿ ਸਾਡੇ ਗੁਰੂ ਦਾ ( ਪਵਨ ਦਾ ) ਅਪਮਾਨ ਹੋ ਰਿਹਾ ਹੈ। ਕਿ ਜਦੋਂ ਅਸੀਂ ਆਪਣੇ ਖੇਤਾਂ ‘ਚ ਝੋਨੇ ਦੀ ਪਰਾਲੀ ਜਾਂ ਕਣਕ ਦੇ ਨਾੜ ਨੂੰ ਅੱਗ ਲਗਾ ਕੇ ਧੂੰਆਂ ਹੀ ਧੂੰਆਂ ਕਰੀ ਜਾ ਰਹੇ ਉਦੋਂ ਸਾਨੂੰ ਇਹ ਗੁਰਬਾਣੀ ਦੀ ਪੰਗਤੀ ਯਾਦ ਕਿਉਂ ਨਹੀਂ ਆਉਂਦੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਪਵਨ ਨੂੰ ਗੁਰੂ ਦਾ ਦਰਜਾ ਦਿੱਤਾ ਹੋਇਆ ਹੈ ਤੇ ਅਸੀਂ ਉਸ ‘ਗੁਰੂ’ ਨੂੰ ਜ਼ਹਿਰਾਂ ਨਾਲ ਭਰ ਰਹੇ ਹਾਂ। ਇਹ ਤਾਂ ਇਸ ਪਵਿੱਤਰ ਪੰਕਤੀ ਦੇ ਇਕੋ ਹੀ ਸ਼ਬਦ ਦਾ ਅਸੀਂ ਲਗਾਤਾਰ ਅਪਮਾਨ ਕਰਦੇ ਆ ਰਹੇ ਹਾਂ। ਇਸੇ ਪੰਕਤੀ ਦੇ ਦੂਜੇ ਸ਼ਬਦ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ ਕਿਉਕਿ ਪਾਣੀ ‘ਚੋਂ ਮਨੁੱਖ ਦੀ ਉਤਪਤੀ ਹੋਈ। ਕਹਿੰਦੇ ਨੇ ਇਸ ਧਰਤੀ ਤੇ ਜਦੋਂ ਪਹਿਲੀ ਵਾਰ ਜਿੰਦਗੀ ਧੜਕੀ ਤਾਂ ਉਸ ਦਾ ਜਨਮ ਵੀ ਪਾਣੀ ਵਿੱਚ ਹੀ ਹੋਇਆ ਦੱਸਿਆ ਜਾਂਦਾ ਹੈ। ਪਾਣੀ ਜੀਵਨ ਦਾ ਮੂਲ ਆਧਾਰ ਹੈ। ਇਸ ਤੋਂ ਬਿਨਾ ਜੀਆ ਨਹੀਂ ਜਾ ਸਕਦਾ ਤਦ ਹੀ ਗੁਰੂਬਾਣੀ ‘ਚ ਆਉਦਾ ਹੈ;
ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਇ॥
ਪਾਣੀ ਨੂੰ ਜਿਸ ਬੇਰਹਿਮੀ ਨਾਲ ਅਸੀਂ ਪ੍ਰਦੁਸ਼ਿਤ ਕੀਤਾ ਹੈ ਤੇ ਕਰੀ ਜਾ ਰਹੇ ਹਾਂ ਇਸ ਦੀ ਉਦਾਹਰਨ ਹੋਰ ਕਿਧਰੇ ਨਹੀਂ ਮਿਲਦੀ। ਦੇਸ਼ ਦੇ ਲਗਭਗ 90 ਫੀਸਦੀ ਪਾਣੀ ਦੇ ਸਾਰੇ ਕੁਦਰਤੀ ਸੋਮੇ ਅਸੀਂ ਗੰਦੇ ਕਰ ਚੁੱਕੇ ਹਾਂ। ਇੰਨਾ ਪਾਣੀ ਦੇ ਕੁਦਰਤੀ ਸੋਮਿਆਂ ‘ਚ ਸ਼ਹਿਰਾਂ, ਪਿੰਡਾਂ, ਹਸਪਤਾਲਾਂ, ਫੈਕਟਰੀਆਂ ਆਦਿ ਦਾ ਸਾਰਾ ਗੰਦ ਸਿੱਧੇ ਅਤੇ ਅਸਿੱਧੇ ਰੂਪ ‘ਚ ਪਾ ਕਿ ਇਨਾਂ ਨੂੰ ਪੁਲੀਤ ਕਰਕੇ ਰੱਖ ਦਿੱਤਾ ਹੈ। ਸਭ ਤੋਂ ਵੱਧ ਦੁੱਖ ਦੀ ਗੱਲ ਇਹ ਵੀ ਹੈ ਕਿ ਜਿਸ ਪਵਿੱਤਰ ਕਾਲੀ ਵੇਂਈ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ਼ਨਾਨ ਕਰਕੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮੁਹਤ ਦਾ ਸਲੋਕ ਉਚਾਰਿਆ ਸੀ ਉਸਨੂੰ ਵੀ ਅਸੀਂ ਪੁਲੀਤ ਕਰਨ ‘ਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ।
ਬਾਣੀ ਦਾ ਪਾਣੀ ਨਾਲ ਹਮੇਸ਼ਾ ਡੂੰਘਾ ਰਿਸ਼ਤਾ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਪਾਣੀ ਬਾਰੇ ਅਨੇਕਾਂ ਪੰਕਤਿਆਂ ‘ਚ ਜਿਕਰ ਆਉਂਦਾ ਹੈ। ਬਹੁਤ ਸਾਰੇ ਧਾਰਮਿਕ ਅਸਥਾਨ ਵੇਈਂਆਂ, ਦਰਿਆਵਾਂ ਤੇ ਨਦੀਆਂ ਕੰਢਿਆਂ ਤੇ ਬਣੇ ਹੋਏ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ‘ਚ ਬਹੁਤ ਸਾਰਿਆਂ ਅਜਿਹੀਆਂ ਘਟਨਾਵਾਂ ਦਾ ਜਿਕਰ ਆਉਂਦਾ ਹੈ ਜਿਸ ਦਾ ਸਿੱਧਾ ਸੰਬੰਧ ਪਾਣੀ ਨਾਲ ਹੈ। ਗੁਰਦੁਆਰਾ ਪੰਜਾ ਸਾਹਿਬ (ਪਾਕਿਸਤਾਨ ‘ਚ), ਗੁਰਦੁਆਰਾ ਨਾਨਕ ਝੀਰਾ ( ਕਰਨਾਟਕਾ ‘ਚ) ਅਤੇ ਗੁਰਦੁਆਰਾ ਮਨੀਕਰਣ ਸਾਹਿਬ (ਹਿਮਾਚਲ ਪ੍ਰਦੇਸ਼ ‘ਚ) ਇਹ ਅਜਿਹੇ ਧਾਰਮਿਕ ਅਸਥਾਨ ਹਨ ਜਿਨਾਂ ਨਾਲ ਪਾਣੀ ਬਾਰੇ ਇਤਿਹਾਸ ਜੁੜਿਆ ਹੋਇਆ ਹੈ। ਦੁਨੀਆਂ ‘ਚ ਪਾਣੀ ‘ਤੇ ਸਭ ਦਾ ਅਧਿਕਾਰ ਹੈ ਦੀ ਪਹਿਲੀ ਆਵਾਜ਼ ਉਠਾਉਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਹੀ ਸਨ ਤਾਂ ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ।
ਪੰਜਾਬ ਦੇ ਸਤਲੁਜ ਦਰਿਆ ਤੇ ਬਿਆਸ ਵਿੱਚ ਵੀ ਗੰਦੇ ਪਾਣੀ ਪੈ ਰਹੇ ਹਨ। ਸਭ ਤੋਂ ਮਾੜਾ ਹਾਲ ਸਤਲੁਜ ਦਰਿਆ ਦਾ ਹੈ, ਜਿਸ ਵਿੱਚ ਲੁਧਿਆਣਾ ਸ਼ਹਿਰ ਦਾ ਬੁੱਢਾ ਨਾਲਾ, ਫਗਵਾੜਾ ਤੇ ਜਲੰਧਰ ਸ਼ਹਿਰ ਦਾ ਅਤੇ ਫੈਕਟਰੀਆਂ ਦਾ ਗੰਦਾ ਤੇ ਜ਼ਹਿਰੀਲਾ ਪਾਣੀ ਚਿੱਟੀ ਵੇਈਂ ਰਾਹੀ ਸਤਲੁਜ ਦਰਿਆ ਵਿੱਚ ਪੈ ਰਿਹਾ ਹੈ। ਜਿਹੜਾ ਅੱਗੇ ਜਾ ਕੇ ਹਰੀਕੇ ਹੈਡ ਤੋਂ ਹੁੰਦਾ ਹੋਇਆ ਨਹਿਰਾਂ ਰਾਹੀਂ ਮਾਲਵੇ ਤੇ ਰਾਜਸਥਾਨ ਨੂੰ ਜਾਂਦਾ ਹੈ। ਅਪ੍ਰੈਲ 2009 ‘ਚ ਆਯੋਜਿਤ ਕੀਤੇ ਗਏ ਚੇਤਨਾ ਮਾਰਚ ‘ਚ ਇਹ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਇਨਾਂ ਇਲਾਕਿਆਂ ‘ਚ ਲੋਕ ਗੰਧਲਾ ਪਾਣੀ ਬਿਨਾਂ ਟਰੀਟ ਕੀਤਿਆਂ ਪੀਣ ਲਈ ਮਜ਼ਬੂਰ ਹਨ। ਇਸੇ ਕਾਰਨ ਬੀਕਾਨੇਰ ਦੇ ਕੈਂਸਰ ਹਸਪਤਾਲ ਵਿਚ ਹਰ ਸਾਲ 6 ਹਜਾਰ ਮਰੀਜ ਦਾਖਲ ਹੁੰਦੇ ਹਨ ਜਿਨਾਂ ਵਿਚੋ ਚੌਥਾ ਹਿੱਸਾ ਮਰੀਜ਼ ਪੰਜਾਬ ਦੇ ਹੁੰਦੇ ਹਨ। ਇਹ ਬੜੇ ਦੁੱਖ ਦੀ ਗੱਲ ਹੈ ਕਿ ਮਾਲਵੇ ਦੇ ਲੋਕ ਇਹੋ ਗੰਦਾ ਪਾਣੀ ਹੀ ਗੁਰੂ ਦੇ ਲੰਗਰਾਂ ਵਾਸਤੇ ਵਰਤਣ ਲਈ ਮਜ਼ਬੂਰ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹਵਾ, ਪਾਣੀ ਅਤੇ ਧਰਤੀ ਦਾ ਸਤਿਕਾਰ ਕਰਨ ਲਈ ਬੜੀ ਸ਼ਿੱਦਤ ਨਾਲ ਕਿਹਾ ਗਿਆ ਹੈ।
ਗੰਦੇ ਪਾਣੀਆਂ ਨੂੰ ਟਰੀਟ ਕਰਕੇ ਖੇਤੀ ਨੂੰ ਲਗਾਉਣ ਦਾ ਪਹਿਲਾ ਤਜ਼ਰਬਾ ਅਸੀਂ ਪਿੰਡ ਸੀਚੇਵਾਲ ਤੋਂ ਕੀਤਾ ਜਿਹੜਾ ਸੌ ਫੀਸਦੀ ਕਾਮਯਾਬ ਰਿਹਾ। ਇਸ ਤਜ਼ਰਬੇ ਨਾਲ ਇਹ ਗੱਲ ਸਾਬਤ ਹੋ ਗਈ ਕਿ ਗੰਦੇ ਪਾਣੀਆਂ ਨੂੰ ਸੋਧ ਕੇ ਖੇਤੀ ਲਈ ਵਰਤਣ ਨਾਲ ਜਿਥੇ ਸਾਡਾ ਹੇਠਲਾ ਪਾਣੀ ਵੀ ਬੱਚਦਾ ਹੈ ਉਥੇ ਬਿਜਲੀ ਤੇ ਖਾਦ ਦੀ ਬੱਚਤ ਵੀ ਹੁੰਦੀ ਹੈ। ਇਹੋ ਮਾਡਲ ਅਸੀਂ ਸੁਲਤਾਨਪੁਰ ਲੋਧੀ, ਕਪੂਰਥਲਾ ਸ਼ਹਿਰ ਅਤੇ ਦਸੂਹਾ ਕਸਬੇ ‘ਚ ਕਰਕੇ ਦੇਖਿਆ ਜੋ ਕਿ ਕਾਮਯਾਬ ਰਿਹਾ। ਇਸ ਮਾਡਲ ਨੂੰ ਪੂਰੇ ਪੰਜਾਬ ‘ਚ ਲਾਗੂ ਕਰਕੇ ਧਰਤੀ ਹੇਠਲਾ ਬਹੁਤ ਸਾਰਾ ਪਾਣੀ ਬਚਾਇਆ ਜਾ ਸਕਦਾ ਹੈ ਇਸ ਨਾਲ ਪਾਣੀ ਦਾ ਪੱਧਰ ਵੀ ਉੱਚਾ ਹੋ ਸਕਦਾ ਹੈ। ਬਰਸਾਤਾਂ ਦੇ ਪਾਣੀ ਨੂੰ ਸੰਭਾਲਣ ਲਈ ਵੀ ਪੂਰੇ ਇੰਤਜਾਮਹੋਣੇ ਚਾਹੀਦੇ ਹਨ। ਪੰਜਾਬ ਵਿੱਚਲੀਆਂ ਡਰੇਨਾਂ ‘ਚ ਆਰਜੀ ਬੰਨ ਬਣਾ ਕੇ ਇਹਨਾਂ ਨੂੰ ਪਾਣੀਆਂ ਸੰਭਾਲਿਆਂ ਜਾ ਸਕਦਾ ਹੈ। ਜਨਮ ਦਿਨ ਤੇ ਹੋਰ ਖੁਸ਼ੀ ਦੇ ਮੌਕਿਆਂ ਅਤੇ ਅਪਣੇ ਵੱਡੇ-ਵੱਡੇਰੇ ਦੀਆਂ ਯਾਦ ਵਿੱਚ ਵੱਧ ਤੋਂ ਵੱਧ ਦਰੱਖਤ ਲਗਾਉਣਦੀ ਲੋੜ ਹੈ। ਵਿਸ਼ਵ ਪੱਧਰ ‘ਤੇ ਮਨਾਏ ਜਾਣ ਵਾਲੇ ਵਾਤਾਵਰਣ ਵਰਗੇ ਦਿਵਸ਼ ਤਦ ਹੀ ਸਾਰਥਕ ਹੋਣਗੇ ਜੇਕਰ ਅਸੀਂ ਵਾਤਾਵਰਣ ਨੂੰ ਸਾਫ ਰੱਖਣ ਦੀ ਮੁਹਿੰਮ ਪਿੰਡਾਂ ਚੋਂ ਸ਼ੁਰੂ ਕਰੀਏ।

No comments:

Post a Comment