Wednesday, September 1, 2010

ਖੂਨ ਦੀ ਖਿਚ ਦੀ ਪੁਕਾਰ -ਸ਼ੀਬਾ ਚੀਮਾ

ਅੱਜ ਮੈਨੂੰ ਕਈ ਸਾਲਾਂ ਮਗਰੋਂ ਮੇਰੇ ਆਪਣੇ ਖ਼ੂਨ ਵਾਜ ਮਾਰੀ ਏ .ਅੱਜ ਮੇਰੀ ਤਾਇਆ ਜੀ ਹਰਕੀਰਤ ਸਿੰਘ ਜੀ ਜੋ ਅਮਰੀਕਾ ਕੈਲੀਫ਼ੋਰਨੀਆ ਰਹਿੰਦੇ ਨੇ ਉਨ੍ਹਾਂ ਨਾਲ਼ ਟੈਲੀਫ਼ੋਨ ਤੇ ਗੱਲ ਹੋਈ .ਮੇਰੀ ਖ਼ੁਸ਼ੀ ਦੀ ਕੋਈ ਹੱਦ ਨਹੀਂ ਸੀ .ਮੇਰੇ ਪੈਰ ਜ਼ਮੀਨ ਤੇ ਨਹੀਂ ਸਨ ਲੱਗ ਰਹੇ. ਮੈਂ ਚਾਈਂ ਚਾਈਂ ਸਾਰੇ ਘਰ ਵਾਲਿਆਂ ਨੂੰ ਦੱਸਿਆ ਕਿ ਅੱਜ ਮੈਨੂੰ ਤਾਇਆ ਜੀ ਦਾ ਫ਼ੋਨ ਆਇਆ ਏ. ਖ਼ੁਸ਼ੀ ਦੇ ਮਾਰੇ ਮੇਰੀ ਮਾਂ ਦੇ ਅੱਥਰੂ ਨਿਕਲ ਆਏ .ਮੇਰਾ ਇਹ ਹਾਲ ਸੀ ਕਿ ਮੇਰੇ ਸਰੀਰ ਦੇ ਸਾਰੇ ਲੂੰ ਖੜੇ ਹੋ ਗਏ ਤੇ ਆਪਣੀ ਇਹ ਹਾਲਤ ਦੱਸਣ ਲਈ ਮੇਰੇ ਕੋਲ਼ ਲਫ਼ਜ਼ ਅੱਖਰ ਨਹੀਂ ਸਨ. ਮੇਰੇ ਦਿਲ ਚੋਂ ਮੁੜ ਮੁੜ ਕੇ ਇਕ ਈ ਦੁਆ ਨਿਕਲਦੀ ਸੀ ਕਿ ਸਭ ਦੇ ਵਿਛੜੇ ਮਿਲ ਜਾਣ. ਮੈਂ ਇਹ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰੀ ਆਵਾਜ਼ ਤੇ ਕੋਈ ਮੈਨੂੰ ਪੁੱਛੇਗਾ ਤੇ ਮੇਰੇ ਲਿਖੇ ਲਫ਼ਜ਼ਾਂ ਵਿਚ ਏਨੀ ਤਾਕਤ ਹੋਵੇਗੀ ਕਿ ਇਹ ਮੈਨੂੰ ਮੁੱਦਤਾਂ ਦੇ ਵਿਛੜੇ ਸੱਜਣ ਮਿਲਾ ਦੇਣਗੇ. ਮੇਰੇ ਪੜ੍ਹਨ ਵਾਲੇ ਹੈਰਾਨ ਹੋਣਗੇ ਕਿ ਇਹ ਕਿਹੜਾ  ਖ਼ਾਸ ਫ਼ੋਨ ਸੀ ਜਿਹਦੇ ਨਾਲ਼ ਮੈਨੂੰ ਏਨੀ ਖ਼ੁਸ਼ੀ ਹੋਈ ਕਿ ਮੈਂ ਦੱਸ ਨਹੀਂ ਸਕਦੀ।ਅਸਲ ਵਿਚ ਇਹਦੇ ਪਿੱਛੇ ਇਕ ਪੂਰੀ ਕਹਾਣੀ ਏ । ਤਾਇਆ ਜੀ ਹਰਕੀਰਤ  ਸਿੰਘ ਮੇਰੇ ਪਿਓ ਦੇ ਸਕੇ ਮਾਮੇ ਦੇ ਪੁੱਤਰ ਨੇਂ । ਵੰਡ ਨਾਲ਼ ਸਾਡਾ ਖ਼ਾਨਦਾਨ ਵੀ ਵੰਡਿਆ ਗਿਆ. ਅਸੀਂ ਮੁਸਲਮਾਨ ਹੋਣ ਪਾਰੋਂ ਪਾਕਿਸਤਾਨ ਰਹਿ ਗਏ ਤੇ ਮੇਰੇ ਅੱਬਾ ਜੀ ਦੇ ਬਾਕੀ ਰਿਸ਼ਤੇਦਾਰ ਜੋ ਸਿੱਖ  ਸਨ ਉਨ੍ਹਾਂ ਨੂੰ ਉਜੜ ਪੁੱਜੜ ਕੇ ਹਿੰਦੁਸਤਾਨ ਜਾਣਾ ਪਿਆ . ਇਨ੍ਹਾਂ ਵਿਚ ਹਰਕੀਰਤ ਸਿੰਘ ਦੇ ਪਿਤਾ ਜੀ ਤੇ ਮੇਰੇ ਅੱਬਾ ਜੀ ਦੇ ਸਕੇ ਮਾਮਾ ਜੀ ਵੀ ਸਨ ।


ਮੇਰੀ ਤਾਇਆ ਜੀ ਨਾਲ਼ ਏਸ ਗੱਲਬਾਤ ਹੋਣ ਦਾ ਸਫ਼ਰ ਬਹੁਤ ਲੰਮਾ ਏ । ਇਹਦੇ ਵਿਚ ਮੇਰੇ ਆਪਣੇ ਲਿਖੇ ਲਫ਼ਜ਼ਾਂ ਤੋਂ ਵੱਖ ਇੰਟਰਨੈੱਟ, ਸਾਂਝਾ ਪੰਜਾਬ , ਅਜੀਤ ਵੀਕਲੀ ਅਮਰੀਕਾ, ਗੁਲਸ਼ਨ ਦਿਆਲ ਤੇ ਹਰਿੰਦਰ ਅਟਵਾਲ ਦਾ ਬਹੁਤ ਹਿੱਸਾ ਏ । ਹੋਇਆ ਇੰਜ ਜੇ ਇੰਟਰਨੈੱਟ ਰਾਹੀਂ ਮੇਰਾ ਸਾਂਝਾ ਪੰਜਾਬ ਨਾਲ਼ ਮੇਲ਼ ਹੋਇਆ. ਮੈਂ ਸਾਂਝਾ ਪੰਜਾਬ ਵਿਚ ਲੋਕਾਂ ਦੀਆਂ ਲਿਖਤਾਂ ਪੜ੍ਹੀਆਂ ਤੇ ਮੇਰਾ ਦਿਲ ਵੀ ਕੀਤਾ ਕਿ ਮੈਂ ਸਾਂਝਾ ਪੰਜਾਬ ਵਿਚ ਕੁਝ ਲਿਖਾਂ . ਮੈਂ ਇਕ ਲੇਖ ਲਿਖਿਆ ਜੋ ਮੇਰੀ ਮਾਂ ਬੋਲੀ ਪੰਜਾਬੀ ਬਾਰੇ ਸੀ .ਇਹ ਲੇਖ ਸਾਂਝਾ ਪੰਜਾਬ ਵਿਚ ਛਪ ਗਿਆ ਤੇ ਲੋਕਾਂ ਬਹੁਤ ਪਸੰਦ ਕੀਤਾ ਏਸ ਮਗਰੋਂ ਮੇਰਾ ਇਹ ਲੇਖ ਅਜੀਤ ਵੀਕਲੀ ਵਿਚ ਵੀ ਛਪ ਗਿਆ ਤੇ ਅਜੀਤ ਵੀਕਲੀ ਦੇ ਪੜ੍ਹਨ ਵਾਲਿਆਂ ਵੀ ਇਹਨੂੰ ਬਹੁਤ ਪਸੰਦ ਕੀਤਾ । ਮਾਂ ਬੋਲੀ ਨਾਲ਼ ਪਿਆਰ ਤੇ ਮੇਰੇ ਪੜ੍ਹਨ ਵਾਲਿਆਂ ਦੇ ਨਿੱਘੇ ਪਿਆਰ ਰਾਹੀਂ ਮੈਨੂੰ ਬਹੁਤ ਹਿੰਮਤ ਮਿਲੀ ਤੇ ਮੈਂ ਇਕ ਹੋਰ ਲੇਖ '' ਬੂਹੇ ਕਦੇ ਤੇ ਖੁੱਲਣਗੇ '' ਲਿਖਿਆ.ਏਸ ਵਿਚ ਮੈਂ ਮਜ਼ਹਬ ਦੀ ਬੁਨਿਆਦ ਉੱਤੇ ਵੰਡੇ ਆਪਣੇ ਖ਼ਾਨਦਾਨ ਦੀ ਗੱਲ ਕੀਤੀ. ਏਸ ਲੇਖ ਵਿਚ ਮੈਂ ਆਪਣੇ ਹਿੰਦੁਸਤਾਨ ਰਹਿੰਦੇ ਰਿਸ਼ਤੇਦਾਰਾਂ ਦੇ ਨਾਲ ਨਾਲ ਤਾਇਆ ਜੀ ਹਰਕੀਰਤ ਸਿੰਘ ਦਾ ਵੀ ਜ਼ਿਕਰ ਕੀਤਾ ਪਈ ਉਹ ਅਮਰੀਕਾ ਰਹਿੰਦੇ ਨੇਂ ਤੇ ਮੇਰਾ ਉਨ੍ਹਾਂ ਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਪਰ ਮੈਨੂੰ ਉਨ੍ਹਾਂ ਦੇ ਅਤੇ ਪੱਤੇ ਦਾ ਇਲਮ ਨਹੀਂ ਏ .ਮੇਰਾ ਇਹ ਲੇਖ ਇੰਟਰਨੈੱਟ ਤੇ ਸਾਂਝਾ ਪੰਜਾਬ ਵਿਚ ਛਪਣ ਮਗਰੋਂ ਅਜੀਤ ਵੀਕਲੀ ਵਿਚ ਵੀ ਛਪ ਗਿਆ । ਅਜੀਤ ਵੀਕਲੀ ਦੇ ਅਮਰੀਕਾ ਦੇ ਐਡੀਸ਼ਨਾ ਵਿਚੋਂ ਇਕ ਐਡੀਸ਼ਨ ਕੈਲੀਫ਼ੋਰਨਿਆ  ਤੋਂ ਵੀ ਛਪਦਾ ਏ. ਏਸ ਐਡੀਸ਼ਨ ਵਿਚ ਮੇਰਾ ਇਹ ਲੇਖ ਮੇਰੀ ਇੰਟਰਨੈੱਟ ਦੀ ਦੋਸਤ ਤੇ ਸਾਂਝਾ ਪੰਜਾਬ ਬਰਾਦਰੀ ਦੀ ਪੱਕੀ ਮੈਂਬਰ ਤੇ ਲਿਖਾਰੀ ਗੁਲਸ਼ਨ ਦਿਆਲ ਨੇ ਵੀ ਪੜ੍ਹਿਆ. ਉਹਨੂੰ ਮੇਰਾ ਇਹ ਲੇਖ ਬਹੁਤ ਚੰਗਾ ਲੱਗਾ ਤੇ ਉਹਨੇ ਆਪਣਿਆਂ  ਦੋਸਤਾਂ ਨੂੰ ਇਹ ਲੇਖ ਪੜ੍ਹਨ ਲਈ ਕਿਹਾ. ਉਹਦੀਆਂ ਦੋਸਤਾਂ ਵਿਚੋਂ ਉਹਦੀ ਇਕ ਬਹੁਤ ਪੱਕੀ ਸਹੇਲੀ ਹਰਿੰਦਰ ਅਟਵਾਲ ਵੀ ਏ ਜੋ ਲਾਸ ਐਂਜਲਸ ਰਹਿੰਦੀ ਏ .ਜਦੋਂ ਹਰਿੰਦਰ ਅਟਵਾਲ ਮੇਰੇ ਲੇਖ ਵਿਚ ਤਾਇਆ ਜੀ ਹਰਕੀਰਤ ਸਿੰਘ ਦਾ ਜ਼ਿਕਰ ਪੜ੍ਹਿਆ ਤੇ ਉਹਦੇ ਕੰਨ  ਖੜੇ ਹੋਏ. ਉਹ ਤਾਇਆ ਜੀ ਹਰਕੀਰਤ ਸਿੰਘ ਨੂੰ ਜਾਣਦੀ ਸੀ। ਅਸਲ ਵਿਚ ਹਰਿੰਦਰ ਅਟਵਾਲ ਜੀ ਮੇਰੇ ਤਾਇਆ ਜੀ ਦੀ ਧੀ ਤੇ ਮੇਰੀ ਕਜ਼ਨ ਦੀ ਮਾਸੀ ਸੱਸ ਏ.ਹਰਿੰਦਰ ਇਹ ਗੱਲ ਗੁਲਸ਼ਨ ਦਿਆਲ ਨਾਲ਼ ਕੀਤੀ ਤੇ ਗੁਲਸ਼ਨ ਮੈਨੂੰ ਦੱਸਿਆ ਇਹ ਸੁਣ ਕੇ ਤੇ ਖ਼ੁਸ਼ੀ ਨਾਲ਼ ਮੇਰਾ ਬੁਰਾ ਹਾਲ ਹੋ ਗਿਆ ਤੇ ਸਾਰੀ ਰਾਤ ਨੀਂਦ ਨਾ ਆਈ. ਹੁਣ ਮੇਰਾ ਹਰਿੰਦਰ ਦੀ ਦੋਸਤ ਬਣਨ ਨੂੰ ਦਿਲ ਕੀਤਾ ਤੇ ਮੇਰੀ ਇਹ ਖ਼ਵਾਹਿਸ਼ ਛੇਤੀ ਈ ਪੂਰੀ ਹੋ ਗਈ ਤੇ ਗੁਲਸ਼ਨ ਦਿਆਲ ਰਾਹੀਂ ਮੇਰੀ ਹਰਿੰਦਰ ਨਾਲ਼ ਪੱਕੀ ਦੋਸਤੀ ਹੋ ਗਈ. ਹੁਣ ਮੇਰਾ ਛੇਤੀ ਤੋਂ ਛੇਤੀ ਤਾਇਆ ਜੀ ਨਾਲ਼ ਗੱਲ ਕਰਨ ਨੂੰ ਦਿਲ ਕਰਦਾ ਸੀ. ਮੈਂ ਹਰਿੰਦਰ ਨੂੰ ਆਪਣਾ ਟੈਲੀਫ਼ੋਨ ਨੰਬਰ ਦਿੱਤਾ ਤੇ ਬੇਨਤੀ ਕੀਤੀ ਕਿ ਉਹ ਮੇਰਾ ਨੰਬਰ ਛੇਤੀ ਤੋਂ ਛੇਤੀ ਤਾਇਆ ਜੀ ਨੂੰ ਪਹੁੰਚਾ ਦੇਣ. ਹਰਿੰਦਰ ਏਸ ਗੱਲ ਦਾ ਮੇਰੇ ਨਾਲ਼ ਵਾਅਦਾ ਕੀਤਾ ਫੇਰ ਹਰਿੰਦਰ ਨਾ ਸਿਰਫ਼ ਉਨ੍ਹਾਂ ਨੂੰ ਮੇਰਾ ਨੰਬਰ ਦਿੱਤਾ ਸਗੋਂ ਨਾਲ਼ ਅਜੀਤ ਦੇ ਉਹ ਸਾਰੇ ਅਖ਼ਬਾਰ ਜਿੰਨਾਂ ਵਿਚ ਮੇਰੇ ਲੇਖ ਛਪੇ ਸਨ ਲੱਭ ਕੇ ਉਨ੍ਹਾਂ ਨੂੰ ਪਹੁੰਚਾ ਦਿੱਤੇ। ਜਦ ਮੈਂ ਹਰਿੰਦਰ ਨੂੰ ਫ਼ੋਨ ਨੰਬਰ ਦਿੱਤਾ ਤੇ ਏਸ ਮਗਰੋਂ ਮੇਰੇ ਦੋ ਹਫ਼ਤੇ ਬੜੇ ਔਖੇ ਤੇ ਡਾਢੇ ਇੰਤਜ਼ਾਰ ਵਿਚ ਲੰਘੇ । ਫਿਰ ਉਹ ਦਿਨ ਵੀ ਆ ਗਿਆ । ਇਕ ਦਿਨ ਟੈਲੀਫ਼ੋਨ ਦੀ ਘੰਟੀ ਵੱਜੀ ਤੇ ਮੈਂ ਬੜੇ ਧੁੜਕੂ ਨਾਲ਼ ਫ਼ੋਨ ਚੁੱਕਿਆ ਤੇ ਅੱਗੋਂ ਤਾਇਆ ਜੀ ਦੀ ਆਵਾਜ਼ ਸੀ : ''ਸ਼ੀਬਾ ਪੁੱਤਰ ਕੀ ਹਾਲ ਏ '' ਖ਼ੁਸ਼ੀ ਨਾਲ਼ ਮੇਰੇ ਕੋਲੋਂ ਗੱਲ ਵੀ ਨਹੀਂ ਸੀ ਹੋ ਰਹੀ। ਫੇਰ ਅਸੀਂ ਇਕ ਦੂਜੇ ਦਾ ਹਾਲ ਚਾਲ ਪੁੱਛਿਆ ਕਈ ਗੱਲਾਂ ਐਸੀਆਂ ਸਨ ਜਿਹੜੀਆਂ ਮੈਂ ਕਿਸੇ ਹੋਰ ਨਾਲ਼ ਨਹੀਂ ਸੀ ਕਰ ਸਕਦੀ ਮੈਂ ਉਨ੍ਹਾਂ ਨਾਲ਼ ਕੀਤੀਆਂ ਤੇ ਮੇਰੇ ਦਿਲ ਨੂੰ ਬਹੁਤ ਸਕੂਨ ਮਿਲਿਆ. ਤਾਇਆ ਜੀ ਮੇਰੀਆਂ ਲਿਖਤਾਂ ਦੀ ਬਹੁਤ ਤਾਰੀਫ਼ ਕੀਤੀ ਤੇ ਮੇਰਾ ਹੌਸਲਾ ਵਧਾਇਆ ਤੇ ਮੈਨੂੰ ਕਿਹਾ : '' ਪੁੱਤਰ ਤੂੰ  ਲਿਖਣਾ ਜਾਰੀ ਰੱਖਣਾ ਏ '' ਮੈਂ ਉਨ੍ਹਾਂ ਦੀ ਗੱਲ ਸੁਣ ਕੇ ਕਿਹਾ : '' ਤਾਇਆ ਜੀ ਮੈਂ ਲਿਖਣਾ ਕਿਵੇਂ ਛੱਡ ਸਕਦੀ ਆਂ ਇਸੇ ਲਿਖਾਈ ਤੇ ਮੈਨੂੰ ਤੁਹਾਡੇ ਨਾਲ਼ ਮਿਲਾਇਆ ਏ'' ਫਿਰ ਮੈਂ ਉਨ੍ਹਾਂ ਦੇ ਬੱਚਿਆਂ ਦੇ ਬਾਰੇ ਪੁੱਛਿਆ ਤੇ ਕਈ ਹੋਰ ਗੱਲਾਂ ਵੀ ਕੀਤੀਆਂ।


.ਤਾਇਆ ਜੀ ਪਹਿਲੇ ਹਿੰਦੁਸਤਾਨ ਰਹਿੰਦੇ ਸਨ ਫਿਰ ਉਹ ਬਹੁਤ ਵਰ੍ਹੇ ਪਹਿਲਾਂ ਅਮਰੀਕਾ ਜਾ ਕੇ ਵੱਸ ਗਏ । ਜਦੋਂ ਮੇਰੇ ਦਾਦਾ ਜੀ ਜੀਂਦੇ ਸਨ ਤੇ ਤਾਇਆ ਜੀ ਇਕ ਦੋ ਵਾਰ ਸਾਡੇ ਘਰ ਆਏ ਤੇ ਸਭ ਨੂੰ ਚਾਮਲ ਚੜ੍ਹ ਗਏ ਘਰ ਵਿਚ ਹਰ ਵੇਲੇ ਇੰਝ ਲਗਦਾ ਹੀ ਜਿਵੇਂ ਮੇਲਾ ਲੱਗਾ ਹੋਵੇ । ਮੈਨੂੰ ਯਾਦ ਏ ਪਈ ਜਦੋਂ ਤਾਇਆ ਜੀ ਦੇ ਵਾਪਸ ਜਾਣ ਦਾ ਵੇਲ਼ਾ ਆਉਂਦਾ ਸੀ ਤੇ ਮੇਰੇ ਦਾਦਾ ਜੀ ਉਨ੍ਹਾਂ ਨੂੰ ਅੱਥਰੂਆਂ ਨਾਲ਼ ਵਿਦਾ ਕਰਦੇ ਸਨ । ਇਹੋ ਜਿਹੇ ਸਾਡੇ ਕਈ ਹੋਰ ਵੀ ਰਿਸ਼ਤੇਦਾਰ ਸਨ ਜਿਨ੍ਹਾਂ ਬਾਰੇ ਅਸੀਂ ਸਿਰਫ਼ ਸੁਣਿਆ ਹੋਇਆ ਸੀ ਪਰ ਦੇਖ ਨਹੀਂ ਸਕੇ। ਮੇਰੇ ਦਾਦਾ ਦਾਦੀ ਨੂੰ ਉਹ ਸਾਰੇ ਲੋਗ ਬਹੁਤ ਯਾਦ ਆਂਦੇ ਸਨ ਪਰ ਉਨ੍ਹਾਂ ਨੂੰ ਮਿਲ ਨਹੀਂ ਸਨ ਸਕਦੇ । ਜਦੋਂ ਕੋਈ ਸਾਡਾ ਸਿੱਖ  ਰਿਸ਼ਤੇਦਾਰ ਹਿੰਦੁਸਤਾਨ ਤੋਂ ਮਿਲਣ ਲਈ ਸਾਡੇ ਘਰ ਆਉਂਦਾ ਸੀ ਤੇ ਫਿਰ ਉਹ ਸਾਡੇ ਘਰੋਂ ਇੰਜ ਵਾਪਸ ਜਾਂਦਾ ਸੀ ਜਿਵੇਂ ਪ੍ਰਦੇਸ ਜਾ ਰਿਹਾ ਹੋਵੇ ਤੇ ਸਾਡੇ ਦਿਲ ਤੇ ਜੋ ਗੁਜ਼ਰਦੀ ਸੀ ਇਹਨੂੰ ਲਫ਼ਜ਼ਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ. ਇੰਝ ਲਗਦਾ ਸੀ ਕਿ ਜਿਵੇਂ ਕਿਸੇ ਨੇ ਜਿਸਮ ਚੋਂ ਸਾਰਾ ਖ਼ੂਨ ਕੱਢ ਲਿਆ ਹੋਵੇ । ਮੈਂ ਉਨ੍ਹਾਂ ਨੂੰ ਪਰਦੇਸੀ ਵੀ ਨਹੀਂ ਕਹਿ ਸਕਦੀ ਕਿ ਇਹ ਉਨ੍ਹਾਂ ਦਾ ਆਪਣਾ ਪੰਜਾਬ ਸੀ ਤੇ ਉਹ ਪੰਜਾਬ ਦੀ ਵੰਡ ਵੇਲੇ ਇਥੋਂ ਜਾਣ ਤੇ ਮਜਬੂਰ ਹੋ ਗਏ ਸਨ । ਪਰ ਜਾਣ ਵਾਲਿਆਂ ਨੇ ਤੇ ਵਾਪਸ ਆਪਣੇ ਕਬੀਲੇ ਵਿਚ ਜਾਣਾ ਈ ਹੁੰਦਾ ਏ ਤੇ ਸਾਡੇ ਇਹ ਰਿਸ਼ਤੇਦਾਰ ਜਦੋਂ ਵਾਪਸ ਜਾਂਦੇ ਸਨ ਤੇ ਅਸੀਂ ਫਿਰ ਮਿਲਣ ਦੀ ਆਸ ਨਾਲ਼ ਉਨ੍ਹਾਂ ਨੂੰ ਵਿਦਾ ਕਰਦੇ ਸਾਂ ਜਦੋਂ ਮੇਰੇ ਬਾਪੂ ਜ਼ਿੰਦਾ ਸਨ ਤੇ ਆਪਣੇ ਇਨ੍ਹਾਂ ਸਿੱਖ  ਰਿਸ਼ਤੇਦਾਰਾਂ ਦੀ ਯਾਦ ਵਿਚ ਠੰਢੇ ਸਾਹ ਭਰਦੇ ਨਾਲੇ ਅੱਥਰੂ ਵਹਾਂਦੇ ਸਨ । ਫਿਰ ਮੇਰੇ ਅੱਬਾ ਜੀ ਨੂੰ ਕੈਂਸਰ ਹੋ ਗਿਆ ਤੇ ਉਨ੍ਹਾਂ ਦੀ ਹਾਲਤ ਦਿਨਾਂ ਵਿਚ ਚੋਖੀ ਵਿਗੜ ਗਈ ਮੈਨੂੰ ਅੱਜ ਵੀ ਯਾਦ ਏ ਪਈ ਜਦੋਂ ਅੱਬਾ ਜੀ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਤੇ ਉਨ੍ਹਾਂ ਨੂੰ ਆਪਣੇ ਵੀਰ ਬਹੁਤ ਯਾਦ ਆਏ ਮੈਨੂੰ ਅੱਜ ਵੀ ਉਨ੍ਹਾਂ ਦੇ ਲਫ਼ਜ਼ ਯਾਦ ਨੇ  : '' ਮੇਰਾ ਦਿਲ ਕਰਦਾ ਏ ਮੈਂ ਹਰਕੀਰਤ  ਦੇ ਕੋਲ਼ ਚਲਾ ਜਾਵਾਂ ਓਥੇ ਮੇਰਾ ਇਲਾਜ ਵੀ ਸਹੀ ਹੋ ਜਾਵੇਗਾ ਨਾਲ਼ ਉਹਨੂੰ ਮਿਲ ਵੀ ਲਵਾਂਗਾ'' ਮੇਰੇ ਅੱਬਾ ਜੀ ਆਪਣੀ ਇਹ ਖ਼ਵਾਹਿਸ਼ ਆਪਣੇ ਨਾਲ਼ ਈ ਲੈ ਕੇ ਤੁਰ ਗਏ । ਮੈਂ ਹੁਣ ਸੋਚਦੀ ਹਾਂ ਪਈ ਇਨਸਾਨ ਭਾਂਵੇਂ ਕਿੱਥੇ ਵੀ ਰਹਿੰਦਾ ਹੋਵੇ ਔਖੇ ਵੇਲੇ ਆਪਣੇ ਈ ਯਾਦ ਆਉਂਦੇ ਨੇ ।


ਅੱਜ ਤਾਇਆ ਜੀ ਹਰਕੀਰਤ  ਸਿੰਘ ਨਾਲ਼ ਗੱਲ ਕਰ ਕੇ ਮੈਨੂੰ ਇਸੇ ਤਰਾਂ ਦੀ ਖ਼ੁਸ਼ੀ ਹੋ ਰਹੀ ਏ ਜਿਵੇਂ ਮੈਂ ਆਪਣੇ ਅੱਬਾ ਜੀ ਨਾਲ਼ ਗੱਲ ਕੀਤੀ ਹੋਵੇ ਤੇ ਕਦੇ ਮੈਨੂੰ ਇਹ ਖ਼ੁਸ਼ੀ ਇੰਜ ਲਗਦੀ ਏ ਜਿਵੇਂ ਮੇਰੇ ਅੱਬਾ ਜੀ ਨੂੰ ਆਪਣੇ ਭਰਾਵਾਂ ਨੂੰ ਮਿਲ ਕੇ ਹੁੰਦੀ ਸੀ ਤੇ ਉਨ੍ਹਾਂ ਨੂੰ ਸਕੂਨ ਮਿਲਦਾ ਸੀ .ਤਾਇਆ ਜੀ ਨਾਲ਼ ਗੱਲ ਕਰ ਕੇ ਮੈਨੂੰ ਇੰਜ ਲੱਗਾ ਜਿਵੇਂ ਮੇਰੇ ਅੰਦਰ ਮੇਰੇ ਅੱਬਾ ਜੀ ਦੀ ਰੂਹ ਆ ਗਈ ਹੋਵੇ ਤੇ ਮੇਰੇ ਦਿਲ ਤੇ ਰੂਹ ਨੂੰ ਉਸੇ ਤਰਾਂ ਸਕੂਨ ਮਿਲਿਆ ਜਿਵੇਂ ਉਨ੍ਹਾਂ ਨੂੰ ਮਿਲਦਾ ਸੀ । ਭਾਵੇਂ ਬੰਦੇ ਨੂੰ ਸੌ ਮਜ਼ਹਬਾਂ ਤੇ ਦੇਸਾਂ ਵਿਚ ਵੰਡ ਦਿੱਤਾ ਜਾਵੇ ਪਰ ਖ਼ੂਨ ਖ਼ੂਨ ਈ ਰਹਿੰਦਾ ਏ .ਇਹ ਸੋਚ ਕੇ ਮੇਰੇ ਦਿਲ ਚੋਂ ਆਵਾਜ਼ ਆ ਰਹੀ ਏ ਤੇ ਨਾਲ਼ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਇਹ ਆਵਾਜ਼ ਸਿਰਫ਼ ਮੇਰੇ ਇਕੱਲੇ ਦਿਲ ਚੋਂ ਨਹੀਂ ਨਿਕਲ ਰਹੀ ਸਗੋਂ ਹੋਰ ਵੀ ਬਹੁਤ ਸਾਰੇ ਲੋਕਾਂ ਦੇ ਦਿਲਾਂ ਵਿਚੋਂ ਆ ਰਹੀ ਏ ਕਿ ਜ਼ਮੀਨ ਦੇ ਫ਼ਾਸਲੇ ਦਿਲਾਂ ਵਿਚ ਫ਼ਾਸਲੇ ਨਹੀਂ ਪਾ ਸਕਦੇ । ਖ਼ੂਨ ਦੇ ਮਿਲਾਪ ਦੀ ਏਸ ਕਹਾਣੀ ਵਿਚ ਦੋ ਗੱਲਾਂ ਉੱਘੜ ਕੇ ਸਾਮ੍ਹਣੇ ਆਈਆਂ ਨੇ. ਪਹਿਲੀ ਗੱਲ ਏ ਖ਼ੂਨ ਦੇ ਏਸ ਮਿਲਾਪ ਵਿਚ ਗੁਲਸ਼ਨ ਦਿਆਲ ਤੇ ਹਰਿੰਦਰ ਅਟਵਾਲ ਦਾ ਹਿੱਸਾ । ਏਸ ਗੱਲ ਤੋਂ ਵੱਖ ਕਿ ਮੈਂ ਸਾਰੀ ਜ਼ਿੰਦਗੀ ਉਨ੍ਹਾਂ ਦੀ ਅਹਿਸਾਨਮੰਦ ਰਵਾਂਗੀ ਮੈਂ ਉਨ੍ਹਾਂ ਨੂੰ ਪੰਜਾਬੀਆਂ ਦਾ ਹੀਰੋ ਸਮਝਦੀ ਆਂ। ਅਸੀਂ ਪੰਜਾਬੀ ਵਿਛੋੜਿਆਂ ਦੇ ਮਾਰੇ ਹੋਏ ਆਂ. ਜੋ ਪੰਜਾਬੀ ਵੀ ਦੋ ਵਿਛੜੇ ਪੰਜਾਬੀਆਂ ਨੂੰ ਮਿਲਾਉਂਦਾ ਏ ਉਹ ਹੀਰੋ ਏ . ਨਾਲ਼ ਇਨ੍ਹਾਂ ਤੇ ਕੋਈ ਦੋ ਆਮ ਪੰਜਾਬੀਆਂ ਨੂੰ ਨਹੀਂ ਮਿਲਾਇਆ ਸਗੋਂ ਇਨ੍ਹਾਂ ਤੇ ਵਿਛੜੇ ਖ਼ੂਨ ਦਾ ਮਿਲਾਪ ਕਰਵਾਇਆ ਏ. ਗੁਲਸ਼ਨ ਦਿਆਲ ਤੇ ਹਰਿੰਦਰ ਅਟਵਾਲ ਤਰਾਂ ਜੇ ਹਰ ਪੰਜਾਬੀ ਵਿਛੜੇ ਪੰਜਾਬੀਆਂ ਨੂੰ ਮਿਲਾਉਣ ਲਈ ਥੋੜਾ ਜਿਹਾ ਜਤਨ ਵੀ ਕਰੇ ਤੇ ਪੰਜਾਬੀਆਂ ਵਿਚਕਾਰ ਨਫ਼ਰਤ ਦਾ ਕੋਈ ਵਾਹਗਾ ਬਾਡਰ ਨਹੀਂ ਰਹੇਗਾ। ਦੂਜੀ ਗਲ ਲਫ਼ਜਾਂ  ਦੀ ਸਚਾਈ ਦਾ ਜਾਦੂ ਏ ਮੈਂ ਆਪਣੇ ਲੇਖ ਵਿਚ ਸੱਚੇ ਦਿਲ ਨਾਲ਼ ਆਪਣੇ ਵਿਛੜੇ ਰਿਸ਼ਤੇਦਾਰਾਂ ਤੇ ਪਿਆਰਿਆਂ ਨੂੰ ਮਿਲਣ ਦੀ ਖ਼ਵਾਹਿਸ਼ ਕੀਤੀ ਅਸਲ ਵਿਚ ਇਹ ਖ਼ੂਨ ਦੀ ਖਿੱਚ ਤੇ ਪਿਆਰ ਦੀ ਪੁਕਾਰ ਸੀ । ਪਿਆਰ ਦੀ ਪੁਕਾਰ ਵਿਚ ਇਕ ਤਾਕਤ( ਸ਼ਕਤੀ )ਤੇ ਜਾਦੂ ਹੁੰਦਾ ਏ ਇਹ ਪੁਕਾਰ ਤੇ


ਸੱਤ ਅਸਮਾਨਾਂ ਨੂੰ ਵੀ ਚੀਰ ਕੇ ਲੰਘ ਜਾਂਦੀ ਏ ਵਾਹਗੇ ਬਾਡਰ ਇਹਦੇ ਸਾਮ੍ਹਣੇ ਕੀ ਨੇਂ। ਅਸੀਂ ਪੰਜਾਬੀ ਇਕੋ ਤਾਂ ਖ਼ੂਨ ਆਂ.

1 comment:

  1. ਜੇਲਖਾਨੇ ਤੋਂ ਖ਼ਤ / ਨਾਜਿਮ ਹਿਕਮਤ


    ਮੇਰੀ ਪ੍ਰਿਅਤਮਾ

    ਅਪਣੇ ਆਖਿਰੀ ਖ਼ਤ ਵਿੱਚ
    ਤੂੰ ਲਿਖਿਆ ਸੀ :
    ਦਰਦ ਤੋਂ ਤੁਹਾਡਾ ਸਿਰ ਫੱਟਿਆ ਜਾ ਰਿਹਾ ਹੈ
    ਬਦਹਵਾਸ ਹੈ ਤੁਹਾਡਾ ਹਿਰਦਾ ।
    ਤੂੰ ਲਿਖਿਆ ਸੀ :
    ਮੈਨੂੰ ਜੇਕਰ ਉਹ ਲੋਕ ਫਾਂਸੀ ਦਿੰਦੇ ਨੇ
    ਮੈਨੂੰ ਜੇਕਰ ਖੋਹ ਲੇਂਦੇ ਨੇ
    ਤੂੰ ਤਾਂ ਤੂੰ ਜਿੰਦਾ ਨਹੀਂ ਰਹੇਂਗੀ।
    ਤੂੰ ਜਿੰਦਾ ਰਹੇਂਗੀ ,ਮੇਰੀ ਪ੍ਰਿਅਤਮਾ
    ਮੇਰੀ ਯਾਦ ਵਿਚ
    ਕਾਲੇ ਧੁੰਏ ਦੀ ਤਰ੍ਹਾਂ ਘੁਲ ਜਾਵੇਗੀ ਹਵਾ ਵਿੱਚ ,
    ਤੂੰ ਜਿੰਦਾ ਰਹੇਂਗੀ ਮੇਰੇ ਹਿਰਦਾ ਵਿਚ
    ਲਾਲ ਵਾਲਾਂ ਵਾਲੀਏ ਕੁੜੀਏ ,
    ਵੀਹਵੀਂ ਸ਼ਤਾਬਦੀ ਵਿੱਚ
    ਬਹੁਤ ਜ਼ਿਆਦਾ ਹੋਇਆ ਤਾਂ ਬਸ ਇੱਕ ਸਾਲ ਹੋਰ ਹੈ
    ਇੰਸਾਨਾ ਦੇ ਸੋਗ ਦੀ ਉਮਰ !
    ਮੌਤ . . .
    ਰੱਸੀ ਦੀ ਇੱਕ ਨੋਕ ਤੇ
    ਲੰਬਾ ਹੋਕੇ ਝੂਲਦਾ ਰਹੇ ਸਰੀਰ - -
    ਮੈਂ ਅਜਿਹੀ ਮੌਤ ਨਹੀਂ ਚਾਹੁੰਦਾ
    ਲੇਕਿਨ ਮੇਰੀ ਪ੍ਰਿਅਤਮਾ , ਤੂੰ ਦੇਖਣਾ
    ਜੱਲਾਦ ਦੇ ਵਾਲਾਂ ਭਰੇ ਹੱਥ
    ਜੇਕਰ ਕਦੇ ਮੇਰੇ ਗਲੇ ਵਿੱਚ
    ਫਾਂਸੀ ਦਾ ਫੰਦਾ ਪਾਉਣਗੇ
    ਉਹ ਬੇਕਾਰ ਹੀ
    ਲਭਣਗੇ ਨਾਜਿਮ ਦੀ ਨੀਲੀ ਅੱਖਾਂ ਵਿੱਚ
    ਡਰ ।
    ਆਖਿਰੀ ਸਵੇਰੇ ਦੇ ਗੂੜ੍ਹ ਉਜਾਲੇ ਵਿੱਚ
    ਦੇਖੂੰਗਾ ਆਪਣੇ ਸਾਥੀਆਂ ਨੂੰ ,
    ਤੈਨੂੰ ਦੇਖੂੰਗਾ ।
    ਮੇਰੇ ਨਾਲ ਕਬਰ ਵਿੱਚ ਜਾਵੇਗੀ
    ਸਿਰਫ ਮੇਰੇ
    ਇੱਕ ਅਮਰ ਗੀਤ ਦੀ ਵੇਦਨਾ ।
    ਦੁਲਹਨ ਮੇਰੀ
    ਤੂੰ ਮੇਰੀ ਕੋਮਲਪ੍ਰਾਣ ਮਧੁਮੱਖੀ ਹੋ
    ਤੁਹਾਡੀਆਂ ਅੱਖਾਂ ਸ਼ਹਿਦ ਤੋਂ ਵੀ ਮਿੱਠੀਆਂ ਹਨ ,
    ਮੈਂ ਕਿਉਂ ਲਿਖ ਗਿਆ ਤੈਨੂੰ
    ਕਿ ਉਹ ਫਾਂਸੀ ਦੇਣਾ ਚਾਹੁੰਦੇ ਹੈ ਮੈਨੂੰ
    ਕਿਉਂ ਲਿਖ ਗਿਆ !
    ਹੁਣੇ ਤਾਂ ਤਕਰਾਰ ਸ਼ੁਰੂ ਹੋਈ ਹੈ
    ਅਤੇ ਆਦਮੀ ਦਾ ਸਿਰ
    ਟਹਿਣੀ ਤੇ ਖਿੜਨ ਵਾਲਾ ਫੁਲ ਤਾਂ ਨਹੀਂ
    ਕਿ ਜਦ ਚਾਹਿਆ ਅਤੇ ਤੋਡ਼ ਲਿਆ !
    ਹੁਣ ਇਸਨੂੰ ਲੈ ਕੇ ਚਿੰਤਾ ਨਾ ਕਰੋ ਮੇਰੀ ਜਾਨ
    ਇਹ ਸਭ ਤਾਂ ਦੂਰ ਦੀਆਂ ਗੱਲਾਂ ਹਨ
    ਹੱਥ ਵਿੱਚ ਜੇਕਰ ਕੁੱਝ ਪੈਸੇ ਹੋਣ
    ਤਾਂ ਇੱਕ ਗਰਮ ਪਜਾਮਾ ਖ਼ਰੀਦਕੇ ਭਿਜਵਾ ਦੇਣਾ ਮੈਨੂੰ
    ਪੈਰਾਂ ਵਿੱਚ ਗਠਿਏ ਦੀ ਤਕਲੀਫ ਸ਼ੁਰੂ ਹੋ ਗਈ ਹੈ ।
    ਮਤ ਭੁੱਲਣਾ ਕਿ
    ਜਿਸਦਾ ਪਤੀ ਜੇਲ੍ਹ ਵਿੱਚ ਹੋਵੇ
    ਉਸਦੇ ਮਨ ਵਿੱਚ ਹਮੇਸ਼ਾ ਉਤਸ਼ਾਹ
    ਰਹਿਣਾ ਚਾਹੀਦਾ ਹੈ ।

    ReplyDelete