Sunday, January 17, 2010

ਵੀਹਵੀਂ ਸਦੀ ਦਾ ਸਭ ਤੋ ਵੱਡਾ ਸ਼ਾਇਰ - ਪਾਬਲੋ ਨਰੁਦਾ

ਚਿੱਲੀ ਦਾ  ਨੋਬਲ ਇਨਾਮ ਯਾਫ਼ਤਾ ਸ਼ਾਇਰ ਆਪਣੇ ਮੁਲਕ ਵਿੱਚ  ਅਨੇਕ  ਹੈਸੀਅਤਾਂ  ਦਾ ਮਾਲਿਕ ਸੀ । ਸ਼ਾਇਰ ਹੋਣ ਦੇ ਇਲਾਵਾ ਇਕ ਸਫ਼ਾਰਤਦਾਰ , ਚਿੱਲੀ ਦੀ  ਕਮਿਊਨਿਸਟ ਪਾਰਟੀ ਦਾ ਚੇਅਰਮੈਨ ਸੀ  ਅਤੇ ੧੯੭੧ ਵਿੱਚ  ਆਪਣੇ ਮੁਲਕ  ਦਾ ਪ੍ਰਧਾਨਗੀ ਲਈ  ਉਮੀਦਵਾਰ ਵੀ ਬਣਿਆ ਸੀ ਪਰ ਬਾਅਦ ਵਿੱਚ ਅਲੈਂਦੇ ਦੀ ਹਮਾਇਤ ਵਿੱਚ ਹਟ ਗਿਆ ਸੀ । ਜਦੋਂ  ੧੯੭੩ ਵਿੱਚ  ਚਿੱਲੀ ਦੀ ਫ਼ੌਜ ਨੇ ਸੀ ਆਈ ਏ ਦੀ ਮਦਦ ਨਾਲ ਆਪਣੇ ਮੁਲਕ ਦੀ ਸਦਰ ਅਲੈਂਦੇ ਦੀ ਚੁਣੀ ਹੋਈ  ਸੋਸ਼ਲਸਟ ਹਕੂਮਤ ਦਾ ਤਖ਼ਤਾ ਉਲਟ ਦਿੱਤਾ  ਅਤੇ  ਅਲੈਂਦੇ ਨੂੰ  ਗੋਲੀ ਮਾਰ ਕੇ ਰਾਤੋ ਰਾਤ ਕਿਸੇ  ਗੁੰਮ ਨਾਮ ਜਗ੍ਹਾ ਮਿੱਟੀ ਵਿੱਚ  ਦੱਬ  ਦਿੱਤਾ ਤਾਂ  ਉਹਨੀਂ ਦਿਨੀਂ ਪਾਬਲੋ ਨਰੂਦਾ ਫ੍ਰਾਂਸ  ਵਿੱਚ  ਆਪਣੇ ਮੁਲਕ ਦਾ ਸਫ਼ੀਰ ਸੀ ਅਤੇ ਕੈਂਸਰ ਦੇ  ਇਲਾਜ ਲਈ ਆਪਣੇ ਮੁਲਕ ਆਇਆ ਹੋਇਆ ਸੀ । ਉਹ  ਸਾਂਤੀਆਗੋ ਦੇ  ਇਕ ਹਸਪਤਾਲ ਵਿੱਚ  ਦਾਖ਼ਲ ਸੀ।ਆਪਣੇ ਦੋਸਤ ਅਲੈਂਦੇ ਦੀ ਮੌਤ ਦੇ  ਬਾਰਾਂ  ਦਿਨ ਬਾਅਦ ਉਹ ਵੀ ਫ਼ੌਤ ਹੋ ਗਿਆ। ਮਰਨ  ਤੋਂ  ਤਿੰਨ  ਦਿਨ ਪਹਿਲਾਂ  ਉਸ ਨੇ ਅਪਣੀਆਂ  ਯਾਦਾਂ  ਮੁਕੰਮਲ ਕੀਤੀਆਂ , ਜਿਸ ਨੂੰ  ਉਸ ਦੀ ਬੀਵੀ ਮਤਲਦਾ ਉਰੂਤਸਕੀ ਛੁਪਾ ਕੇ ਚਿੱਲੀ ਤੋਂ  ਬਾਹਰ ਲਿਆਈ ਸੀ ।



ਪਾਬਲੋ ਨਰੂਦਾ ਦੀ ਸ਼ਾਇਰੀ ਦੀਆਂ ਅਨਗਿਣਤ ਤੈਹਾਂ ਹਨ ਅਤੇ ਇਹੀ ਉਸ ਉਸ ਦੀ ਸ਼ਾਇਰੀ ਦਾ ਕਮਾਲ ਹੈ । ਉਸ ਦੀਆਂ ਨਜ਼ਮਾਂ   ਵਿੱਚ  ਹਰ ਕਿਸਮ ਕੇ ਜ਼ਾਇਕੇ ਮੌਜੂਦ ਹਨ । ਚਿੱਲੀ ਦਾ ਰੰਗ ਬਿਰੰਗਾ ਆਸਮਾਨ , ਹਰਾ  ਸਮੁੰਦਰ , ਜੰਗਲਾਂ ਅਤੇ ਚਟੀਲੇ  ਮੈਦਾਨਾਂ ਨਾਲ  ਭਰੀ   ਜ਼ਮੀਨ ਅਤੇ  ਇਹਨਾਂ ਦੇ ਬਦਲਦੇ  ਹੋਏ ਰੰਗ ਅਤੇ  ਮੌਸਮ , ਇਨਸਾਨੀ ਦਿਲਾਂ  ਦੀ ਗਰਮੀ ਅਪਣੀ ਮਹਿਬੂਬਾ ਅਤੇ  ਬਾਅਦ ਵਿੱਚ  ਬੀਵੀ ਮਤਲਦਾ ਲਈ  ਬੇ ਪਨਾਹ ਮੁਹੱਬਤ ,ਚਿੱਲੀ ਦੀਆਂ ਤਾਂਬੇ ਦੀਆਂ ਖਾਨਾਂ  ਵਿੱਚ  ਕੰਮ  ਕਰਨੇ ਵਾਲੇ ਮਿਹਨਤਕਸ਼ਾਂ ਦਾ ਗਹਿਰਾ ਦਰਦ, ਖੇਤਾਂ  ਵਿੱਚ  ਪਸੀਨੇ ਨਾਲ  ਭਿੱਜੇ ਅਧ ਨੰਗੇ    ਕਿਸਾਨਾਂ  ਦੀਆਂ  ਮਹਿਰੂਮੀਆਂ ਅਤੇ   ਸਪੇਨ ਵਿੱਚ  ਜਨਰਲ ਫ਼ਰੈਂਕੋ ਦੀ ਫ਼ੌਜ ਦੇ  ਖ਼ਿਲਾਫ਼ ਲੜਨ ਵਾਲੇ ਇੰਟਰ ਨੈਸ਼ਨਲ ਬ੍ਰਿਗੇਡ ਵਿੱਚ  ਸ਼ਾਮਿਲ ਸਿਪਾਹੀ, ਲੇਖਕ , ਸਹਾਫ਼ੀ ਅਤੇ ਕਲਾਕਾਰ   …ਇਹ  ਸਭ ਉਸ ਦੀਆਂ  ਨਜ਼ਮਾ ਦੇ ਵਿਸ਼ੇ ਹਨ । ਉਸ ਦੀ ਸ਼ਾਇਰੀ ਵਿੱਚ  ਜਾਨਵਰ, ਦਰਿੰਦੇ , ਪਰਿੰਦੇ , ਦਰਖ਼ਤ, ਫੁੱਲ ਇਥੋਂ ਤੱਕ  ਕਿ ਸੇਬ , ਪਿਆਜ਼ , ਆਲੂ ਵੀ  ਸਥਾਨਕ  ਲੱਜ਼ਤ ਅਤੇ  ਜਜ਼ਬੇ ਦੀ ਖ਼ਬਰ ਦਿੰਦੇ ਹਨ । ਉਹ ਸਹੀ ਮਾਅਨਿਆਂ  ਵਿੱਚ  ਜ਼ਮੀਨ ਦਾ ਵਫ਼ਾਦਾਰ ਪੁੱਤਰ  ਸੀ। ਉਸ ਨੇ ਬੇ ਹੱਦ ਸਚਾਈ ਅਤੇ  ਈਮਾਨਦਾਰੀ ਨਾਲ ਇਨਸਾਨੀ ਅਤੇ  ਰੂਹਾਨੀ ਕਦਰਾਂ ਕੀਮਤਾਂ ਦੀ ਰਾਖੀ ਕੀਤੀ ਕਿ ਸ਼ਾਇਰ ਅਤੇ ਦਾਨਿਸ਼ਵਰ ਦਾ ਪਹਿਲਾ  ਫ਼ਰਜ਼ ਇਹੀ ਬਣਦਾ ਹੈ ।


ਪਾਬਲੋ ਨਰੂਦਾ ਨੇ ਇੱਕ ਜਗ੍ਹਾ ਸ਼ਾਇਰੀ ਨੂੰ "ਇਨਸਾਨ ਦੇ  ਅੰਦਰ ਦੀ ਗਹਿਰਾਈ ਦਾ ਬੁਲਾਵਾ" ਕਿਹਾ ਹੈ ।ਇਨਸਾਨ ਦੇ  ਅੰਦਰ ਗਹਿਰਾਈ ਆਪਣੇ ਆਪ ਪੈਦਾ ਨਹੀਂ ਹੋ ਜਾਂਦੀ।ਜੀਵਨ ਸੰਘਰਸਾਂ ਦੀਆਂ ਘੋਰ ਕਠਿਨਾਈਆਂ ਅਤੇ ਜੀਵਨ ਮੁਖੀ ਕਦਰਾਂ ਕੀਮਤਾਂ ਨੂੰ ਪ੍ਰਣਾਈ ਹੋਈ ਤਰਜੇ ਜਿੰਦਗੀ ਇਸ ਦੀ ਜਣਨਸ਼ਕਤੀ ਹੁੰਦੀ ਹੈ  ।ਨੇਰੂਦਾ  ਬਾਰੇ ਕਿਹਾ ਜਾਂਦਾ  ਹੈ ਕਿ ਉਸ ਦੀ ਸ਼ਾਇਰੀ ਨੇ ਆਲਮੀ ਸੱਤਾ ਤੇ  ਸ਼ਾਇਰੀ ਨੂੰ  ਮੁਤਾਸਿਰ ਕੀਤਾ  ਹੈ ਅਤੇ ਤੀਸਰੀ ਦੁਨੀਆ ਦੇ ਮੁਲਕਾਂ ਦੇ ਸ਼ਾਇਰਾਂ ਨੇ  ਖ਼ਾਸ ਤੌਰ  ਤੇ ਉਹਦਾ  ਅਸਰ ਕਬੂਲਿਆ ਹੈ।ਉਹ ਆਪ ਖੁਦ ਅਮਰੀਕਾ ਦੇ ਅਜ਼ੀਮ ਸ਼ਾਇਰ ਵਾਲਟ ਵ੍ਹਿਟਮੈਨ ਤੋਂ ਬਹੁਤ ਮੁਤਾਸਿਰ ਸੀ ਅਤੇ ਉਹਦੀ ਤਸਵੀਰ ਹਮੇਸ਼ਾ ਆਪਣੇ ਮੇਜ਼ ਉਤੇ ਰਖਿਆ ਕਰਦਾ ਸੀ।ਇਸੇ ਵਜਹ ਨਾਲ ਇਹਲੋਕਤਾ ਦੀ ਗਾੜ੍ਹੀ ਚਾਸਣੀ ਉਹਦੀ ਸ਼ਾਇਰੀ ਵਿੱਚ ਏਨੀ ਉਘੜਵੀਂ ਮਹਿਸੂਸ ਹੁੰਦੀ ਹੈ।ਨਵੀਨਤਾ ਦਾ ਜਨੂੰਨ ਵੀ ਵ੍ਹਿਟਮੈਨ ਨਾਲੋਂ ਘੱਟ ਬਿਲਕੁਲ ਨਹੀਂ।ਅੱਜ ਦੇ ਜਮਾਨੇ ਦੇ ਦੁਨਿਆ ਭਰ ਵਿੱਚ ਮਸ਼ਹੂਰ ਨਾਵਲਕਾਰ ਮਾਰਕੁਏਜ਼ ਗਾਰਸੀਆ ਨੇ ਠੀਕ ਹੀ ਕਿਹਾ ਹੈ ਕਿ ਪਾਬਲੋ ਨਰੂਦਾ ਵੀਹਵੀਂ ਸਦੀ ਦਾ ਦੁਨੀਆਂ ਦਾ ਸਭ ਤੋਂ ਵੱਡਾ ਸ਼ਾਇਰਹੈ ।ਕੀ ਪਾਰਖੂ ਉਸ ਨੂੰ ਕਵਿਤਾ ਦਾ ਪਾਬਲੋ ਪਿਕਾਸੋ ਵੀ ਕਹਿੰਦੇ ਹਨ।ਕੈਨਵਸ ਦੀ ਵਿਸਾਲਤਾ ਪਖੋਂ ਨਰੂਦਾ ਪਿਕਾਸੋ ਨਾਲ ਬਰ ਮੇਚਦਾ ਹੈ।


ਹਿੰਦੋਸਤਾਨ  ਨਾਲ  ਨੇਰੂਦਾ ਦਾ ਰਾਬਤਾ ਇਕ ਇਨਕਲਾਬੀ ਸ਼ਾਇਰ ਦੀ ਹੈਸੀਅਤ ਨਾਲ  ੧੯੨੯ ਈ. ਵਿੱਚ  ਹੋ ਚੁੱਕਾ ਸੀ ਜਦੋਂ ਉਹ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੀ ਕਾਨਫ਼ਰੰਸ ਵਿੱਚ  ਸ਼ਿਰਕਤ ਕਰਨ ਲਈ ਚਿੱਲੀ ਤੋਂ ਕਲਕੱਤੇ ਆਇਆ ਸੀ ।ਐਪਰ  ਉਸ ਦਾ ਭਰਪੂਰ ਤਾਆਰੁਫ਼ ਉਸ ਵਕਤ ਹੋਇਆ ਜਦੋਂ ਉਹ ੧੯੫੦ ਈ. ਵਿੱਚ  ਦੁਬਾਰਾ ਹਿੰਦੁਸਤਾਨ ਆਇਆ।ਉਰਦੂ, ਹਿੰਦੀ ਅਤੇ ਬੰਗਲਾ ਦੇਸ਼ੀ ਸਾਹਿਤਕ ਹਲਕਿਆਂ ਨੇ   ਉਸ ਦਾ ਭਰਪੂਰ ਸੁਆਗਤ ਕੀਤਾ ਅਤੇ ਦੇਸ਼ੀ ਜਬਾਨਾਂ ਵਿੱਚ  ਉਸ ਦੀਆਂ  ਨਜ਼ਮਾ ਦੇ  ਤਰਜਮੇ ਹੋਏ  ।ਉਰਦੂ,ਹਿੰਦੀ ਅਤੇ  ਬੰਗਲਾ ਵਿੱਚ  ਕਈ ਸ਼ਾਇਰਾਂ  ਨੇ ਨਰੂਦਾ  ਦਾ ਅਸਰ ਕਬੂਲਿਆ ਹੈ।ਉਰਦੂ ਵਿੱਚ  ਫ਼ੈਜ਼ ਅਹਿਮਦ ਫ਼ੈਜ਼ ਅਤੇ  ਅਲੀ ਸਰਦਾਰ ਜਾਫ਼ਰੀ ਦੀ ਸ਼ਾਇਰੀ ਵਿੱਚ ਇਹ ਅਸਰ ਦੇਖੇ ਜਾ ਸਕਦੇ ਹਨ ।੧੯੭੧ ਈ. ਵਿੱਚ  ਪਾਬਲੋ ਨੇਰੂਦਾ ਲਈ  ਨੋਬਲ ਇਨਾਮ ਦਾ  ਐਲਾਨ ਹੋਣ  ਤੱਕ ਉਸ ਦੀ ਜ਼ਿੰਦਗੀ ਵਿੱਚ ੩੮ ਕਾਵ ਸੰਗ੍ਰਹਿ ਛਪ ਕੇ  ਲੱਖਾਂ  ਦੀ ਤਾਦਾਦ ਵਿੱਚ  ਵਿੱਕ  ਚੁੱਕੇ ਸਨ।ਨੇਰੂਦਾ ਦਾ ਸ਼ਾਹਕਾਰ  ਛੇ ਸੌ ਸਫ਼ਿਆਂ ਵਾਲੀ ਇਕ ਐਪਿਕ ਨਜ਼ਮ  ਹੈ।


1973ਈ. ਵਿੱਚ  ਜਦੋਂ  ਚਿੱਲੀ ਵਿੱਚ  ਅਲੈਂਦੇ   ਹਕੂਮਤ ਦਾ ਤਖ਼ਤਾ ਉਲਟਾਇਆ  ਗਿਆ ਅਤੇ ਉਸ ਨੂੰ ਮੌਤ ਦੇ  ਘਾਟ ਉਤਾਰਿਆ ਦਿੱਤਾ ਗਿਆ ਤਾਂ ਇਸ ਤੋਂ ਕੁਝ ਹਫਤੇ ਬਾਹਦ ਹੀ ਪਾਬਲੋ ਨਰੂਦਾ ਵੀ ਚਲੇ  ਗਏ।ਹੋ ਸਕਦਾ ਹੈ ਇਸੇ ਬੁਰਛਾ ਗਰਦੀ ਦਾ ਫ਼ਾਇਦਾ ਉੱਠਾ ਕੇ  ਜ਼ੁਲਮ ਦੇ  ਖ਼ੁਫ਼ੀਆ ਹੱਥ ਨੇ ਪਾਬਲੋ ਨੇਰੂਦਾ ਦਾ ਕੰਮ   ਵੀ ਤਮਾਮ ਕਰ ਦਿੱਤਾ ਹੋਵੇ ।ਉਸ ਦਾ ਘਰ ਅਤੇ ਉਸ ਦੀਆਂ  ਕਿਤਾਬਾਂ  ਅੱਗ ਦੀ ਭੇਟ ਕਰ ਦਿੱਤੀਆਂ ਗਈਆਂ।ਨਵੇਂ ਆਈ ਤਾਨਾਸ਼ਾਹੀ ਨੇ ਚਾਹਿਆ ਕਿ ਇਸ ਮਹਾਂ ਕਵੀ ਦੇ ਮਾਤਮ ਵਿੱਚ ਭੀੜਾਂ ਨਾ ਜੁੜਨ।ਪਰ ਲੋਕਂ ਨੂੰ  ਪੁਲਿਸ ਦੀ ਭਾਰੀ ਤੈਨਾਤੀ ਰੋਕ ਨਾ ਸਕੀ।ਹਜ਼ਾਰਾਂ ਲੋਕਾਂ ਨੇ ਜਨਾਜੇ ਵਿੱਚ ਹਿੱਸਾ ਲਿਆ ਅਤੇ ਪਿਨੋਚੇ ਦੀ ਤਾਨਾਸ਼ਾਹੀ ਦੇ ਖਿਲਾਫ਼ ਰੋਸ ਪ੍ਰਗਟਾਉਣ ਲਈ ਇਸ ਮੌਕੇ ਦੀ ਬਖੂਬੀ ਵਰਤੋਂ ਕੀਤੀ ।

No comments:

Post a Comment