Wednesday, January 6, 2010

ਨਿੱਕਾ-ਨਿੱਕਾ ਗੀਤ ਬਣੇ--ਸਾਧੂ ਸਿੰਘ

ਨਿੱਕਾ-ਨਿੱਕਾ ਗੀਤ ਬਣੇ
ਸਾਧੂ ਸਿੰਘ
ਮਹੀਨਾ ਤਾਂ ਸਾਉਣ ਦਾ ਸੀ, ਪਰ ਵਰਸ਼ਾ ਰਾਣੀ ਰੁੱਸੀ ਹੋਈ ਸੀ। ਹਾੜ ਵਿਚ ਕੁਝ ਛਰਾਟੇ ਪੈ ਗਏ ਸਨ, ਪਰ ਸਾਉਣ ਦਾ ਇਹ ਰਾਂਗਲਾ ਮਹੀਨਾ ਸੁੱਕਾ ਹੀ ਚੱਲ ਰਿਹਾ ਸੀ। ਉਂਜ ਤੱਤੀ ਲੋਅ ਨਹੀਂ ਸੀ ਵਗ ਰਹੀ ਤੇ ਰੁੱਖ਼ਾਂ ਛਾਂਵੇਂ ਬਹਿਣਾ ਚੰਗਾ ਲੱਗਦਾ ਸੀ। ਮੈਂ ਲਾਅਨ ਵਿਚਲੇ ਸੁਖਚੈਨ ਦੇ ਰੁੱਖ਼ ਥੱਲੇ ਮੰਜੇ ਉਤੇ ਅੱਧਲੇਟਿਆ ਹੋਇਆ ਸੀ। ਬੁਲਬੁਲ ਬੋਲ ਰਹੀ ਸੀ, ਸਾਡੇ ਨਾਲ ਵਾਲੇ ਖਾਲੀ ਪਲਾਟ ਵਿਚ। ਖਾਲੀ ਪਲਾਟ ਜਿਸ ਵਿਚ ਜੰਗਲ ਉਗ ਆਇਆ ਹੋਇਆ ਸੀ। ਸਰੀਂਹ, ਟਾਹਲੀਆਂ, ਧਰੇਕਾਂ ਅਤੇ ਬੇਰੀਆਂ ਦਾ ਜੰਗਲ। ਹਾੜ੍ਹ ਦੇ ਛਰ੍ਹਾਟਿਆਂ ਨਾਲ ਹਰਿਆ-ਭਰਿਆ, ਮਹਿਕ ਰਿਹਾ ਜੰਗਲ। ਬੁਲਬੁਲ ਜਿਵੇਂ ਖੁਸ਼ੀ ਵਿਚ ਗਾ ਰਹੀ ਸੀ। ḔḔਪੱਲੇ ਰਿਜਕ ਨਾ ਬੰਨ੍ਹਦੇ, ਪੰਛੀ ਤੇ ਦਰਵੇਸ਼'' ਉਸਨੂੰ ਕਿਹੜੀ ਰਿਜਕ ਇਕੱਠਾ ਕਰਨ ਦੀ ਚਿੰਤਾ ਸੀ। ਉਸਦੇ ਕਿਹੜੇ ਸ਼ੇਅਰ ਡੁੱਬ ਰਹੇ ਸਨ। ਸਾਰਾ ਜੰਗਲ ਜੋ ਖਾਲੀ ਪਲਾਟ ਵਿਚ ਉਗ ਆਇਆ ਸੀ, ਇਹ ਉਸਦਾ ਹੀ ਸ਼ੇਅਰ ਸੀ। ਤੇ ਬੁਲਬੁਲ ਗਾ ਰਹੀ ਸੀ।
ਕਿਉਂ ਨਾ ਕੋਈ ਗੀਤ ਲਿਖਿਆ ਜਾਏ ਇਸ ਮਾਹੌਲ 'ਤੇ। ਕੋਈ ਨਿੱਕਾ ਜੇਹਾ ਗੀਤ। ਮੈਂ ਗੀਤ ਦਾ ਮੁੱਖੜਾ ਬਣਾਇਆ, ḔḔਬੋਲ ਬੁਲਬੁਲੇ ਬੋਲ, ਸੋਨੇ ਵਿਚ ਤੇਰੇ ਚੁੰਜ ਮੜ੍ਹਾਵਾਂ, ਭਰਾਂ ਫੁੱਲਾਂ ਸੰਗ ਝੋਲ।''
ਅੱਗੋਂ ਪਹਿਲਾਂ ਅੰਤਰਾ ਕੀ ਬਣਾਇਆ ਜਾਏ? ਆਪਣੀਆਂ ਸ਼ੁਭ ਇੱਛਾਵਾਂ ਮੈਂ ਨਿੱਕੀ ਜੇਹੀ ਬੁਲਬੁਲ ਦੇ ਮੂੰਹ ਵਿਚ ਪਾਉਣ ਲੱਗਾ। ਮਹੀਨਾ ਸਾਉਣ ਦਾ ਚੱਲ ਰਿਹਾ ਸੀ। ਅੱਧਾ ਲੰਘ ਵੀ ਗਿਆ ਸੀ। ਪਰ ਫੁਵਾਰਾਂ ਨਹੀਂ ਸਨ ਪਈਆਂ। ਧਰਤੀ ਸੁੱਕੀ ਸੀ। ਕਿਸਾਨ ਮੀਂਹ ਮੰਗ ਰਹੇ ਸਨ। ਮੀਂਹ ਦੇ ਵਾਸਤੇ ਲੰਗਰ ਲੱਗ ਰਹੇ ਸਨ। ਜੱਗ ਕੀਤੇ ਜਾ ਰਹੇ ਸਨ ਤੇ ਅਰਦਾਸਾਂ ਹੋ ਰਹੀਆਂ ਸਨ। ਮੈਂ ਗੀਤ ਦਾ ਪਹਿਲਾ ਅੰਤਰਾ ਘੜਿਆ, ḔḔਬੋਲ ਕਿ ਘੁੰਮ ਘੁੰਮ ਬਰਖਾ ਆਏ, ਸੁੱਕੀ ਧਰਤ ਹਰੀ ਹੋ ਜਾਏ। ਖੇਤਾਂ ਦੇ ਵਿਚ ਫ਼ਸਲਾਂ ਚਹਿਕਣ, ਜਾਵੇ ਵਣ, ਤ੍ਰਿਣ ਮੌਲ। ਬੋਲ ਬੁਲਬੁਲੇ ਬੋਲ।''
ਫਿਰ ਚਾਹ ਪੀਣ ਦੀ ਆਵਾਜ਼ ਵੱਜਣ ਨਾਲ ਮੈਂ ਲਾਅਨ ਵਿਚੋਂ ਉਠ ਕੇ ਅੰਦਰ ਚਲੇ ਗਿਆ। ਗੀਤ ਏਥੇ ਹੀ ਠੱਪਿਆ ਪਿਆ ਰਿਹਾ। ਕਾਫ਼ੀ ਦਿਨ ਗੁਜ਼ਰ ਗਏ। ਇਕ ਦਿਨ ਨੋਟ ਬੁੱਕ ਫਰੋਲਦਿਆਂ ਇਹ ਗੀਤ ਮੈਨੂੰ ਨਜ਼ਰੀਂ ਪਿਆ। ਲਾਅਨ ਵਿਚ ਜਾ ਕੇ ਮੈਂ ਇਹਨੂੰ ਅੱਗੇ ਲਿਖਣ ਲੱਗਾ। ਇਹਨੀਂ ਦਿਨੀਂ ਜਪਾਨ ਦੇ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਵਿਖੇ ਐਟਮ ਅਤੇ ਹਾਈਡਰੋਜਨ ਬੰਬਾਂ ਦੇ ਵਿਰੋਧ ਵਿਚ ਇਕ ਆਲਮੀ ਅਮਨ ਕਾਨਫਰੰਸ ਹੋ ਕੇ ਹਟੀ ਸੀ ਅਤੇ ਸੰਸਾਰ ਅਮਨ ਦੀ ਚਰਚਾ ਸਾਰੇ ਆਲਮ ਵਿਚ ਹੋ ਰਹੀ ਸੀ। ਮੈਂ ਬੁਲਬੁਲ ਦੇ ਗੀਤ ਦਾ ਅਗਲਾ ਅੰਤਰਾ ਲਿਖਿਆ : ḔḔਗਾ ਗੀਤ ਕੋਈ ਸੁੱਖਾਂ ਲੱਧਾ, ਦੇਵੇ ਜੋ ਅਮਨਾਂ ਦਾ ਸੱਦਾ। ਜੰਗਾਂ ਦੀ ਦਹਿਸ਼ਤ ਦਾ ਜੱਗ ਤੋਂ ਹੋਏ ਬਿਸਤਰਾ ਗੋਲ।'' ਅਗਲਾ ਅੰਤਰਾ ਵੀ ਇਸੇ ਪ੍ਰਸੰਗ ਵਿਚ ਹੀ ਬਣਿਆ। ਫਿਰ ਇਸ ਤੋਂ ਅਗਲਾ ਅੰਤਰਾ ਮੈਂ ਇਸ ਭਾਵਨਾ ਅਧੀਨ ਲਿਖਿਆ ਕਿ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਲੋਕਾਂ ਨੂੰ ਆਪਸ ਵਿਚ ਮਿਲਣ ਗਿਲਣ, ਆਉਣ ਜਾਣ ਦੀ ਖੁੱਲ੍ਹੀ ਜਾਂ ਕਹਿ ਲਓ ਕਿ ਸੌਖੀ ਸਹੂਲਤ ਹੋਣੀ ਚਾਹੀਦੀ ਹੈ। ਸਰਹੱਦਾਂ ਜੇ ਮਿੱਟ ਨਹੀਂ ਸਕਦੀਆਂ ਤਾਂ ਨਰਮ ਤਾਂ ਕੀਤੀਆਂ ਹੀ ਜਾ ਸਕਦੀਆਂ ਹਨ, ਯੂਰਪੀ ਯੂਨੀਅਨ ਦੇ ਦੇਸ਼ਾਂ ਵਾਂਗ। ਆਖਰੀ ਅੰਤਰੇ ਵਿਚ ਮੈਂ ਸਭਨਾਂ ਦੇਸ਼ ਵਾਸੀਆਂ ਲਈ ਰੋਜ਼ੀ, ਰੋਟੀ ਅਤੇ ਬਰਾਬਰਤਾ ਦੀ ਕਾਮਨਾ ਕੀਤੀ।
ਇਸ ਤਰ੍ਹਾਂ ਨਿੱਕਾ ਨਿੱਕਾ ਬਣਦਾ ਇਹ ਗੀਤ ਪੂਰਾ ਹੋ ਗਿਆ। ਗੁਲਜ਼ਾਰ ਦੀ ਫ਼ਿਲਮ Ḕਮਾਚਿਸ' ਦਾ ਗੀਤ Ḕਚੱਪਾ ਚੱਪਾ ਚਰਖਾ ਚੱਲੇ' ਸੁਣ ਕੇ ਮੈਂ ਇਸ ਫ਼ੀਚਰ ਦਾ ਨਾਂ ਰੱਖਿਆ ḔḔਨਿੱਕਾ ਨਿੱਕਾ ਗੀਤ ਬਣੇ'' ਜਿਵੇਂ ਕਿ ਨਿੱਕਾ ਨਿੱਕਾ ਕਰਕੇ ਇਹ ਬਣਿਆ ਸੀ। ਹੁਣ ਮੇਰਾ ਜੀ ਕਰਦੈ ਕਿ ਮੈਂ ਗੁਲਜ਼ਾਰ ਸਾਹਿਬ ਦੇ ਇਸ ਗੀਤ ਦੀ ਤਰਜ਼ ਉਤੇ ਇਕ ਗੀਤ ਲਿਖਾਂ:
ਨਿੱਕਾ ਨਿੱਕਾ ਗੀਤ ਬਣੇ
ਨਿੱਕਾ ਨਿੱਕਾ ਗੀਤ ਬਣੇ।
ਕਿੱਕਰਾਂ ਦੇ ਵਿਚੋਂ ਚੰਨ ਦੀ
ਨਿੰਮੀ ਨਿੰਮੀ ਰੋਸ਼ਨੀ ਛਣੇ।
ਮੇਰੇ ਅਗਲੇ ਗੀਤ ਦਾ ਇਹ ਮੁੱਖੜਾ ਹੈ। ਜੇ ਪਾਠਕਾਂ ਵਿਚੋਂ ਕਿਸੇ ਨੂੰ ਅੱਗੋਂ ਇਸਦਾ ਕੋਈ ਚੰਗਾ ਜੇਹਾ ਅੰਤਰਾ ਫੁਰੇ ਤਾਂ ਮੈਨੂੰ ਭੇਜ ਦੇਣਾ। ਸਾਂਝਾ ਗੀਤ ਹੋ ਜਾਏਗਾ। ਸਾਂਝਾਂ ਵਧਣਗੀਆਂ, ਸਾਂਝੀਵਾਲਤਾ ਵਧੇਗੀ। ਇਸ ਸਮੇਂ ਤਾਂ ਬੁਲਬੁਲ ਕਿਧਰੇ ਨਿੱਘੇ ਇਲਾਕਿਆਂ ਵੱਲ ਚਲੀ ਹੋਈ ਹੈ। ਅਗਲੀਆਂ ਗਰਮੀਆਂ 'ਚ ਉਹ ਫਿਰ ਆਏਗੀ, ਫਿਰ ਗਾਏਗੀ।
ਗੀਤ
ਬੋਲ ਬੁਲਬੁਲੇ ਬੋਲ
ਸੋਨੇ ਵਿਚ ਤੇਰੀ ਚੁੰਜ ਮੜ੍ਹਾਵਾਂ
ਭਰਾਂ ਫੁੱਲਾਂ ਸੰਗ ਝੋਲ
ਬੋਲ ਬੁਲਬੁਲੇ ਬੋਲ।

ਬੋਲ ਕਿ ਘੁੰਮ ਘੁੰਮ ਬਰਖਾ ਆਏ
ਸੁੱਕੀ ਧਰਤ ਹਰੀ ਹੋ ਜਾਏ
ਖੇਤਾਂ ਦੇ ਵਿਚ ਫ਼ਸਲਾਂ ਮਹਿਕਣ
ਜਾਵੇ ਵਣ ਤ੍ਰਿਣ ਮੌਲ।

ਛੋਹ ਗੀਤ ਕੋਈ ਸੁੱਖਾਂ ਲੱਧਾ
ਦੇਵੇ ਜੋ ਅਮਨਾਂ ਦਾ ਸੱਦਾ
ਜੰਗਾਂ ਦੀ ਦਹਿਸ਼ਤ ਦਾ ਜੱਗ ਤੋਂ
ਹੋਏ ਬਿਸਤਰਾ ਗੋਲ।

ਹੀਰੋਸ਼ੀਮਾ, ਨਾਗਾਸਾਕੀ
ਵਰਗੀ ਕਿਧਰੇ ਬਣੇ ਨਾ ਝਾਕੀ
ਕਿਸੇ ਭੈਣ ਤੋਂ ਵੀਰ ਨਾ ਖੁੱਸੇ
ਜਾਣ ਨਾ ਮਾਵਾਂ ਡੋਲ।

ਮਿਟ ਜਾਵਣ ਹੱਦਾਂ ਸਰਹੱਦਾਂ
ਧਰਮਾਂ ਤੇ ਜਾਤਾਂ ਦੀਆਂ ਮੱਦਾਂ
ਜੈ ਮਾਨਵ ਜੈ ਮਾਨਵ ਵਾਲੇ
ਗੂੰਜਣ ਸ਼ਬਦ ਅਮੋਲ।

ਗੀਤ ਜੋ ਹੋਏ ਚੋਟੀ ਵਾਲਾ
ਸਭ ਲਈ ਰੋਜ਼ੀ ਰੋਟੀ ਵਾਲਾ
ਗੀਤ ਜੋ ਹੋਏ ਚਾਲੀ ਸੇਰਾ
ਤੁੱਲ ਜਾਏ ਪੂਰੇ ਤੋਲ।

ਬੋਲ ਬੁਲਬੁਲੇ ਬੋਲ।

No comments:

Post a Comment