Wednesday, April 20, 2011

ਭਾਰਤ ਵਿਚ ਕੁਚਲੀ ਜਾ ਰਹੀ ਹੈ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ



ਮਹਾਤਮਾ ਗਾਂਧੀ ਬਾਰੇ ਕਿਤਾਬ ਦਾ ਸਰਵਰਕ

ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਦਿਖਾ ਦਿੱਤਾ ਹੈ ਕਿ ਹੇਠਲੇ ਦਰਜੇ ਦੀ ਸਿਆਸਤ ਕਰਨ ਦੀ ਉਨ੍ਹਾਂ ਦੀ ਪ੍ਰਵਿਰਤੀ ਪਹਿਲਾਂ ਦੀ ਤਰ੍ਹਾਂ ਹੀ ਆਪਣੇ ਰੰਗ ਵਿਖਾ ਰਹੀ ਹੈ। ਉਸ ਦੀ ਸਰਕਾਰ ਨੇ ਮਹਾਤਮਾ ਗਾਂਧੀ ਦੀ ਨਵੀਂ ਜੀਵਨੀ 'ਗ੍ਰੇਟ ਸੋਲ' 'ਤੇ ਪਾਬੰਦੀ ਲਾ ਦਿੱਤੀ ਹੈ, ਜਿਸ ਦੇ ਲੇਖਕ ਭਾਰਤ ਵਿਚ 'ਨਿਊਯਾਰਕ ਟਾਈਮਜ਼' ਦੇ ਬਿਊਰੋ ਚੀਫ ਤੇ ਸੰਪਾਦਕ ਰਹੇ ਜੋਸਿਫ ਲੇਲੇਵਿਲਡ ਹਨ। ਇਹ ਪਾਬੰਦੀ ਇਸ ਪੁਸਤਕ ਦੀ ਇਕ ਸਮੀਖਿਆ ਦੇ ਆਧਾਰ 'ਤੇ ਗੁਜਰਾਤ ਵਿਧਾਨ ਸਭਾ ਵਿਚ ਸਰਬਸੰਮਤੀ ਨਾਲ ਮਤਾ ਪਾਸ ਕਰਨ ਤੋਂ ਬਾਅਦ ਲਾਈ ਗਈ ਹੈ। ਇਹ ਸਮੀਖਿਆ ਸਾਮਰਾਜੀ ਇਤਿਹਾਸ ਦੇ ਅੰਗਰੇਜ਼ ਪੇਸ਼ਾਵਰ ਅਤੇ ਰਜਵਾੜਾਸ਼ਾਹੀ ਦੇ ਚਾਪਲੂਸ ਐਂਡਰਿਊ ਰੋਬਰਟਸ ਨੇ ਕੀਤੀ ਹੈ ਤੇ ਇਹ ਦੁਨੀਆ ਦੀਆਂ ਸਭ ਤੋਂ ਭੱਦੀਆਂ ਸੱਜੇ ਪੱਖੀ ਅਖ਼ਬਾਰਾਂ 'ਚੋਂ ਇਕ 'ਦ ਵਾਲ ਸਟਰੀਟ ਜਨਰਲ' ਵਿਚ ਛਪੀ ਸੀ।
ਸਮੀਖਿਆ ਵਿਚ ਲੇਲੇਵਿਲਡ ਦੀ ਕਿਤਾਬ ਦੇ ਕੁਝ ਹਿੱਸਿਆਂ ਦੀ ਮਾੜੀ ਨੀਅਤ ਨਾਲ ਇਹ ਦਾਅਵਾ ਕਰਨ ਲਈ ਗ਼ਲਤ ਵਿਆਖਿਆ ਕੀਤੀ ਗਈ ਹੈ ਕਿ ਦੱਖਣੀ ਅਫਰੀਕਾ ਵਿਚ ਇਕ ਜਰਮਨੀ ਮੂਲ ਦੇ ਯਹੂਦੀ ਵਾਸਤੂਕਾਰ ਤੇ ਬਾਡੀ ਬਿਲਡਰ ਹਰਮਾਨ ਕਾਲਿਨਬਾਖ ਨਾਲ ਮਹਾਤਮਾ ਗਾਂਧੀ ਦੇ ਸਮਲਿੰਗੀ ਸਬੰਧ ਸਨ। ਰਾਬਰਟ ਨੇ ਇਹ ਵੀ ਕਿਹਾ ਕਿ ਗਾਂਧੀ ਦੇ ਘਰ ਵਿਚ ਉਨ੍ਹਾਂ ਦੇ ਪਲੰਗ ਦੇ ਸਾਹਮਣੇ ਦੀ ਅੰਗੀਠੀ 'ਤੇ ਰੱਖੀ ਇਕਮਾਤਰ ਫੋਟੋ ਕਾਲਿਨਬਾਖ ਦੀ ਸੀ। ਇਸ ਨੂੰ ਇਕ ਬਰਤਾਨਵੀ ਪ੍ਰਤ੍ਰਿਕਾ 'ਡੇਲੀ ਮੇਲ' ਨੇ ਹੋਰ ਤਰੋੜ-ਮਰੋੜ ਕੇ ਪੇਸ਼ ਕੀਤਾ, ਇਸ ਸਿਰਲੇਖ ਦੇ ਨਾਲ¸'ਗਾਂਧੀ ਨੇ ਆਪਣੇ ਮਰਦ ਪ੍ਰੇਮੀ ਨਾਲ ਰਹਿਣ ਲਈ ਆਪਣੀ ਪਤਨੀ ਨੂੰ ਛੱਡਿਆ ਸੀ : ਨਵੀਂ ਕਿਤਾਬ ਦਾ ਦਾਅਵਾ।' ਜਿਹੜੇ ਲੋਕਾਂ ਨੇ ਇਹ ਕਿਤਾਬ ਪੜ੍ਹੀ ਹੈ, ਉਹ ਕਹਿੰਦੇ ਹਨ ਕਿ ਕਾਲਿਨਬਾਖ ਦਾ ਨਾਂਅ 349 ਸਫ਼ਿਆਂ ਦੀ ਕਿਤਾਬ ਦੇ ਦਸਵੇਂ ਹਿੱਸੇ ਤੋਂ ਵੀ ਘੱਟ ਹਿੱਸੇ 'ਚ ਆਉਂਦਾ ਹੈ। ਕਾਲਿਨਬਾਖ ਦੇ ਨਾਲ ਗਾਂਧੀ ਦੀ ਨੇੜਤਾ ਸੀ ਪਰ ਅਜਿਹਾ ਨਹੀਂ ਲਗਦਾ ਕਿ ਉਨ੍ਹਾਂ ਦੇ ਕਈ ਮਰਦਾਂ ਤੇ ਔਰਤਾਂ ਨਾਲ ਕਾਮੀ ਜਾਂ ਲਿੰਗੀ ਸਬੰਧ ਸਨ। ਗਾਂਧੀ ਦੀ ਯੌਨ ਪ੍ਰਵਿਰਤੀ ਬਾਰੇ ਲਿਖਣ ਵਾਲੇ ਅਤੇ ਕਾਲਿਨਬਾਖ ਨਾਲ ਉਨ੍ਹਾਂ ਦੇ ਹੋਏ ਪੱਤਰ-ਵਿਹਾਰ ਦੀ ਸਮੀਖਿਆ ਕਰਨ ਵਾਲੇ ਨਾਮਵਰ ਮਨੋ-ਵਿਸ਼ਲੇਸ਼ਕ ਸੁਧੀਰ ਕੱਕੜ ਕਹਿੰਦੇ ਹਨ ਕਿ ਉਹ ਨਹੀਂ ਮੰਨਦੇ ਕਿ ਦੋਵਾਂ ਵਿਚਕਾਰ ਕੋਈ ਕਾਮੁਕ ਪ੍ਰੇਮ ਸਬੰਧ ਸੀ।
ਗਾਂਧੀ ਦੀ ਯੌਨ ਪ੍ਰਵਿਰਤੀ ਦਾ ਸਭ ਤੋਂ ਪਹਿਲਾਂ ਵਿਸ਼ਲੇਸ਼ਣ ਕਰਨ ਵਾਲਿਆਂ 'ਚੋਂ ਇਕ ਕੱਕੜ ਨੇ ਗਾਂਧੀ ਦੀ ਯੌਨ ਪ੍ਰਵਿਰਤੀ ਦਾ ਵਿਸ਼ਲੇਸ਼ਣ ਆਪਣੀਆਂ ਪੁਸਤਕਾਂ ‘9ntimate Relations : 5xploring 9ndian Sexuality’ ਤੇ ‘Mira and Mahatma’ ਵਿਚ ਕੀਤਾ ਹੈ। ਉਹ ਕਹਿੰਦੇ ਹਨ ਕਿ ਗਾਂਧੀ ਦੀ ਕਿਸੇ ਵੀ ਲਿਖਤ 'ਚੋਂ ਅਜਿਹਾ ਸਪੱਸ਼ਟ ਨਹੀਂ ਹੁੰਦਾ ਕਿ ਉਨ੍ਹਾਂ ਦੇ ਕਾਲਿਨਬਾਖ ਨਾਲ ਯੌਨ ਸਬੰਧ ਸਨ। ਕੱਕੜ ਦਾ ਕਹਿਣਾ ਹੈ ਕਿ ਗਾਂਧੀ ਜੀ ਅਕਸਰ ਆਪਣੀਆਂ ਚਿੱਠੀਆਂ ਵਿਚ ਜ਼ਬਰਦਸਤ ਪਿਆਰ ਦੀ ਭਾਸ਼ਾ ਵਰਤਦੇ ਸਨ। ਇਨ੍ਹਾਂ ਵਿਚ ਉਹ ਚਿੱਠੀਆਂ ਵੀ ਆਉਂਦੀਆਂ ਹਨ ਜੋ ਉਨ੍ਹਾਂ ਨੇ ਆਪਣੀਆਂ ਮਹਿਲਾ ਸਾਥੀਆਂ ਨੂੰ ਲਿਖੀਆਂ ਸਨ ਪਰ ਇਹ ਸਰੀਰਕ ਸਬੰਧਾਂ ਵੱਲ ਕੋਈ ਸੰਕੇਤ ਨਹੀਂ ਕਰਦੀਆਂ। ਗਾਂਧੀ ਜੀ ਦੀਆਂ ਭਾਵਨਾਵਾਂ ਅਧਿਆਤਮਿਕ ਸਨ, ਨਾ ਕਿ ਯੌਨ ਪ੍ਰਵਿਰਤੀ 'ਤੇ ਆਧਾਰਿਤ ਸਨ।
ਇਸੇ ਤਰ੍ਹਾਂ ਗਾਂਧੀ ਦਾ ਰਾਬਿੰਦਰਨਾਥ ਟੈਗੋਰ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਬਾਨੀ ਸੀ. ਐਫ. ਐਂਡਰਿਊ ਨਾਲ ਵੀ ਗੂੜ੍ਹਾ ਪੱਤਰ-ਵਿਹਾਰ ਹੁੰਦਾ ਸੀ। ਇਸ ਪੱਤਰ ਵਿਹਾਰ ਵਿਚ ਵੀ ਗਾਂਧੀ ਜੀ ਰੁਮਾਂਟਿਕ ਭਾਸ਼ਾ ਵਰਤਦੇ ਸੀ। ਪਰ ਇਸ ਵਿਚੋਂ ਬਿਲਕੁਲ ਵੀ ਅਜਿਹਾ ਕੋਈ ਸੰਕੇਤ ਨਹੀਂ ਮਿਲਦਾ ਕਿ ਗਾਂਧੀ ਜੀ ਦੇ ਉਕਤ ਦੋਵਾਂ ਵਿਅਕਤੀਆਂ ਨਾਲ ਸਮਲਿੰਗੀ ਸਬੰਧ ਸਨ। ਗਾਂਧੀ ਤੇ ਕਾਲਿਨਬਾਖ ਦੋਵੇਂ ਹੀ ਪੱਕੇ ਤੌਰ 'ਤੇ ਬ੍ਰਹਮਚਾਰ ਨੂੰ ਸਮਰਪਿਤ ਸਨ। ਕਾਲਿਨਬਾਖ ਨੇ ਗਾਂਧੀ ਨੂੰ ਮਿਲਣ ਤੋਂ ਬਾਅਦ 1908 ਵਿਚ ਆਪਣੇ ਪਿਤਾ ਨੂੰ ਕਿਹਾ ਸੀ, 'ਮੈਂ ਯੌਨ ਸਬੰਧਾਂ ਵਾਲੀ ਜ਼ਿੰਦਗੀ ਛੱਡ ਦਿੱਤੀ ਹੈ।' ਪਰ ਕਾਲਿਨਬਾਖ ਬ੍ਰਹਮਚਾਰ ਦੇ ਆਪਣੇ ਵਚਨ 'ਤੇ ਕਾਇਮ ਨਾ ਰਹਿ ਸਕੇ ਅਤੇ ਉਨ੍ਹਾਂ ਇਕ ਔਰਤ ਨਾਲ ਯੌਨ ਸਬੰਧ ਬਣਾ ਲਏ। ਰਾਬਰਟ ਦਾ ਇਹ ਦਾਅਵਾ ਵੀ ਸਮਾਨ ਰੂਪ 'ਚ ਗ਼ਲਤ ਹੈ ਕਿ ਗਾਂਧੀ ਨਸਲਵਾਦੀ ਸਨ ਤੇ ਕਾਲੇ ਅਫਰੀਕੀਆਂ ਨਾਲ ਨਫ਼ਰਤ ਕਰਦੇ ਸਨ। ਗਾਂਧੀ ਨੇ ਦੱਖਣੀ ਅਫਰੀਕੀ ਜੁਲੂਆਂ ਨਾਲ ਕੰਮ ਕੀਤਾ ਸੀ ਅਤੇ ਬੋਰ ਜੰਗ ਦੇ ਦੌਰਾਨ ਕਾਲੇ ਲੋਕਾਂ ਦਾ ਸਮਰਥਨ ਕੀਤਾ ਸੀ। ਗਾਂਧੀ 'ਤੇ 'ਨਸਲਵਾਦੀ' ਹੋਣ ਦਾ ਠੱਪਾ ਲਾਉਣ ਪਿੱਛੇ ਸ਼ਾਇਦ ਇਹ ਕਾਰਨ ਹੈ ਕਿ ਰਾਬਰਟ ਚਰਚਿਲ ਦਾ ਘੋਰ ਪ੍ਰਸੰਸਕ ਹੈ ਜੋ 'ਨੰਗੇ ਫਕੀਰ' ਨਾਲ ਘੋਰ ਨਫ਼ਰਤ ਕਰਦਾ ਸੀ ਅਤੇ ਉਨ੍ਹਾਂ ਦੀ ਸਦਾ ਬੁਰਾਈ ਕਰਦਾ ਸੀ।
ਗਾਂਧੀ ਇਕ ਗੰਭੀਰ ਤੇ ਵਿਲੱਖਣ ਤੌਰ 'ਤੇ ਇਕ ਜਟਿਲ ਸ਼ਖ਼ਸੀਅਤ ਸਨ। ਉਨ੍ਹਾਂ ਨੇ ਅਧਿਆਤਮਿਕਤਾ ਅਤੇ ਨਿੱਜੀ ਨੈਤਿਕਤਾ ਨੂੰ ਸਿਆਸਤ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ। ਸਤਿਆਗ੍ਰਹਿ ਦਾ ਸੰਕਲਪ ਇਸ ਦਾ ਜ਼ਾਹਰਾ ਰੂਪ ਸੀ। ਇਕ ਰਾਜਨੀਤਕ ਸੰਦ ਦੇ ਤੌਰ 'ਤੇ ਗਾਂਧੀ ਜੀ ਦੇ ਮਰਨ ਵਰਤਾਂ ਦੀ ਵਿਆਖਿਆ ਇਸੇ ਤੋਂ ਹੋ ਜਾਂਦੀ ਹੈ। ਮਰਨ ਵਰਤਾਂ ਦੇ ਉਦੇਸ਼ਾਂ ਨਾਲ ਕੋਈ ਸਹਿਮਤ ਹੋਵੇ ਜਾਂ ਨਾ ਇਹ ਪੂਰੀ ਤਰ੍ਹਾਂ ਵੱਖਰੀ ਚਰਚਾ ਦਾ ਮੁੱਦਾ ਹੈ।
ਕੇਂਦਰ ਸਰਕਾਰ ਤੇ ਇਸ ਤੋਂ ਵੀ ਵੱਧ ਰਾਜ ਸਰਕਾਰਾਂ ਨੇ ਕਿਤਾਬਾਂ, ਪੇਂਟਿੰਗਾਂ, ਨਾਟਕਾਂ, ਪ੍ਰਦਰਸ਼ਨੀਆਂ, ਫ਼ਿਲਮਾਂ ਅਤੇ ਵਿਅਕਤੀਆਂ 'ਤੇ ਪਾਬੰਦੀ ਲਾਉਣ ਦਾ ਰੁਝਾਨ ਪਾਲ ਲਿਆ ਹੈ। ਸਰਕਾਰ ਨੂੰ ਕਿਸੇ ਕਿਤਾਬ 'ਤੇ ਪਾਬੰਦੀ ਲਾਉਣ ਤੇ ਕਿਸੇ ਵਿਅਕਤੀ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰਨ ਤੋਂ ਪਹਿਲਾਂ ਕਿਸੇ ਭਾਈਚਾਰੇ ਜਾਂ ਸਮਾਜ ਦੇ ਕਿਸੇ ਹਿੱਸੇ ਦੇ ਉਸ ਸਬੰਧੀ ਪ੍ਰਤੀਕਰਮ ਨੂੰ ਦੇਖ ਲੈਣਾ ਚਾਹੀਦਾ ਹੈ। ਅਜਿਹੀ ਪਾਬੰਦੀ ਅਸਹਿਣਸ਼ੀਲਤਾ ਵਿਚ ਖਚਿਤ ਹੋਣ ਦੀ ਘਟੀਆ ਕਿਸਮ ਹੈ। ਜਿਵੇਂ ਅਮ੍ਰਿਤਿਆ ਸੇਨ ਨੇ ਇਸ ਬਾਰੇ ਕਿਹਾ ਹੈ, ਇਸ ਕਿਸਮ ਦੀ 'ਸਹਿਣਸ਼ੀਲਤਾ' ਵੱਖ-ਵੱਖ ਅਸਹਿਣਸ਼ੀਲਤਾਵਾਂ ਦੇ ਕੁੱਲ ਜੋੜ ਤੋਂ ਬਿਨਾਂ ਹੋਰ ਕੁਝ ਨਹੀਂ ਹੈ। ਇਹ ਸਾਰੀਆਂ ਅਸਹਿਣਸ਼ੀਲਤਾਵਾਂ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਅਤੇ ਗਰੀਬ ਸਮਾਜ ਤੇ ਲੋਕ ਸੱਭਿਆਚਾਰ ਨੂੰ ਕੰਗਾਲ ਬਣਾਉਂਦੀਆਂ ਹਨ।
ਆਜ਼ਾਦ ਭਾਰਤ ਵਿਚ ਜਿਨ੍ਹਾਂ ਸੈਂਕੜਿਆਂ ਦੀ ਗਿਣਤੀ ਵਿਚ ਕਿਤਾਬਾਂ, ਫ਼ਿਲਮਾਂ ਅਤੇ ਪ੍ਰਦਰਸ਼ਨੀਆਂ 'ਤੇ ਪਾਬੰਦੀ ਲਾਈ ਗਈ ਹੈ, ਉਨ੍ਹਾਂ ਵਿਚ 'ਨਾਈਨ ਆਵਰਸ ਟੂ ਰਾਮਾ' ਤੋਂ ਲੈ ਕੇ ਲੁਇਸ ਮਾਲੇ ਦੀਆਂ ਦਸਤਾਵੇਜ਼ੀ ਫ਼ਿਲਮਾਂ, ਜੇਮਜ਼ ਲੇਨੇ ਦੀ ਸ਼ਿਵਾ ਜੀ 'ਤੇ ਲਿਖੀ ਕਿਤਾਬ ਤੋਂ ਲੈ ਕੇ ਸਾਹਮਤ ਦੀਆਂ ਰਮਾਇਣ ਦੇ ਵੱਖ-ਵੱਖ ਰੂਪਾਂ ਦੀਆਂ ਪ੍ਰਦਰਸ਼ਨੀਆਂ ਅਤੇ ਉਹ ਰਸਾਲੇ ਸ਼ਾਮਿਲ ਹਨ, ਜਿਨ੍ਹਾਂ ਵਿਚ ਅਜਿਹੇ ਨਕਸ਼ੇ ਛਪੇ ਹਨ ਜੋ ਭਾਰਤ ਸਰਕਾਰ ਵੱਲੋਂ ਦੇਸ਼ ਦੀਆਂ ਦਰਸਾਈਆਂ ਸਰਹੱਦਾਂ ਤੋਂ ਵੱਖਰੀਆਂ ਸਰਹੱਦਾਂ ਉਲੀਕਦੇ ਹਨ। ਭਾਰਤ ਦੇ ਸਭ ਤੋਂ ਮਸ਼ਹੂਰ ਚਿੱਤਰਕਾਰ ਐਮ. ਐਫ. ਹੁਸੈਨ ਨੂੰ ਕੱਟੜਪੰਥੀਆਂ ਕਾਰਨ ਵਿਦੇਸ਼ ਵਿਚ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਬੜੌਦਾ ਵਿਚ ਹਿੰਦੂਤਵੀ ਅਨਸਰਾਂ ਨੇ ਚਿੱਤਰਕਲਾਵਾਂ 'ਤੇ ਹਮਲਾ ਇਸ ਯਤਨ ਵਜੋਂ ਕੀਤਾ ਸੀ ਕਿ ਭਾਰਤ ਦਾ ਸਭ ਤੋਂ ਵਧੀਆ ਆਰਟ ਸਕੂਲ ਤਬਾਹ ਹੋ ਜਾਵੇ। ਭਾਰਤੀ ਰਾਜ ਸੱਤਾ ਇਨ੍ਹਾਂ ਕਲਾਕਾਰਾਂ ਤੇ ਉਨ੍ਹਾਂ ਦੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੀ ਰਾਖੀ ਕਰਨ ਵਿਚ ਬੁਰੀ ਤਰ੍ਹਾਂ ਅਸਫਲ ਸਿੱਧ ਹੋਈ ਹੈ।
ਤ੍ਰਾਸਦੀ ਦੀ ਗੱਲ ਇਹ ਹੈ ਕਿ ਮਤਭੇਦਾਂ ਤੇ ਵਿਚਾਰਾਂ ਦੇ ਵਖਰੇਵਿਆਂ ਪ੍ਰਤੀ ਅਸਹਿਣਸ਼ੀਲਤਾ ਉਸ ਦੌਰ ਵਿਚ ਵਧ ਰਹੀ ਹੈ ਜਿਸ ਵਿਚ ਭਾਰਤ ਦਾ ਸੰਸਾਰੀਕਰਨ ਹੋ ਰਿਹਾ ਹੈ ਤੇ ਇਹ ਆਪਣੇ-ਆਪ ਨੂੰ ਨਵੇਂ-ਨਵੇਂ ਸੱਭਿਆਚਾਰਾਂ ਦੇ ਪ੍ਰਭਾਵਾਂ ਦੇ ਹਵਾਲੇ ਕਰ ਰਿਹਾ ਹੈ। ਸਰਕਾਰ ਨੇ ਹਾਲ ਹੀ ਵਿਚ 1950 ਦੇ ਦਹਾਕੇ ਤੋਂ ਚੱਲੇ ਆ ਰਹੇ ਉਨ੍ਹਾਂ ਨਿਯਮਾਂ ਨੂੰ ਵਧੇਰੇ ਸਖ਼ਤ ਬਣਾ ਦਿੱਤਾ ਹੈ, ਜਿਨ੍ਹਾਂ ਅਧੀਨ ਇਹ ਵਿਵਸਥਾ ਹੈ ਕਿ ਕਿਸੇ ਨੂੰ ਕੌਮਾਂਤਰੀ ਸੰਮੇਲਨ ਕੇਂਦਰੀ ਮੰਤਰਾਲੇ ਦੀ ਅਗਾਊਂ ਇਜਾਜ਼ਤ ਤੋਂ ਬਿਨਾਂ ਨਹੀਂ ਕਰਾਉਣਾ ਚਾਹੀਦਾ। ਇਜਾਜ਼ਤ ਮਿਲਣ ਤੋਂ ਬਾਅਦ ਹੀ ਇਸ ਵਿਚ ਹਿੱਸਾ ਲੈਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਵੀਜ਼ਾ ਦਿੱਤਾ ਜਾਵੇਗਾ।
ਪਿਛਲੇ ਸਾਲ ਦੀ ਸ਼ੁਰੂਆਤ ਵਿਚ ਸਰਕਾਰ ਨੇ ਪੁਲਾੜ ਆਧਾਰਿਤ ਹਥਿਆਰਾਂ ਅਤੇ ਪ੍ਰਮਾਣੂ ਅਪ੍ਰਸਾਰ 'ਤੇ ਹੋਣ ਵਾਲੇ ਇਕ ਸੰਮੇਲਨ 'ਤੇ ਰੋਕ ਲਾ ਦਿੱਤੀ ਸੀ ਜਿਸ ਨੂੰ ਇਕ ਗ਼ੈਰ-ਸਰਕਾਰੀ ਸੰਸਥਾ ਕਰਾਉਣ ਜਾ ਰਹੀ ਸੀ। ਵੱਖ-ਵੱਖ ਮੰਤਰਾਲਿਆਂ ਵਿਚ 10 ਮਹੀਨਿਆਂ ਤੱਕ ਚੱਕਰ ਲਾਉਣ ਤੋਂ ਬਾਅਦ ਇਸ ਸੰਸਥਾ ਨੂੰ ਇਹ ਜਵਾਬ ਮਿਲਿਆ ਕਿ ਉਹ ਇਹ ਸੰਮੇਲਨ ਨਹੀਂ ਕਰਾ ਸਕਦੀ। ਅਜਿਹੇ ਵਿਚ ਸਰਕਾਰ ਦੀ ਸੰਸਾਰ ਨੂੰ ਪ੍ਰਮਾਣੂ ਹਥਿਆਰਾਂ ਤੋਂ ਮੁਕਤ ਕਰਨ ਦੀ ਵਚਨਬੱਧਤਾ ਦਾ ਕੋਈ ਅਰਥ ਨਹੀਂ ਰਹਿ ਜਾਂਦਾ।
ਪਾਬੰਦੀ ਲਾਉਣ, ਰੋਕਣ, ਸਜ਼ਾ ਦੇਣ ਅਤੇ ਸੈਂਸਰ ਕਰਨ ਦਾ ਸਹਿਜ ਰੁਝਾਨ ਭਾਰਤੀ ਜਮਹੂਰੀਅਤ ਦੀ ਇਕ ਵੱਡੀ ਕਮਜ਼ੋਰੀ ਦਾ ਲਖਾਇਕ ਹੈ। ਆਜ਼ਾਦ ਤੇ ਨਿਰਪੱਖ ਚੋਣਾਂ ਕਰਾਉਣ ਵਿਚ ਇਸ ਦੀ ਕਾਮਯਾਬੀ ਦੇ ਬਾਵਜੂਦ ਭਾਰਤ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ, ਖੁੱਲ੍ਹੀ ਬਹਿਸ ਅਤੇ ਬੌਧਿਕ ਵਿਚਾਰ-ਵਟਾਂਦਰੇ ਨੂੰ ਸੰਸਥਾਗਤ ਰੂਪ 'ਚ ਯਕੀਨੀ ਬਣਾਉਣ 'ਚ ਅਸਫਲ ਰਿਹਾ ਹੈ। ਵੱਡੀ ਸ਼ਕਤੀ ਵਜੋਂ ਉੱਭਰ ਰਹੇ ਭਾਰਤ ਵਿਚ ਵਪਾਰਕ ਲੈਣ-ਦੇਣ ਅਤੇ ਕਾਰਪੋਰੇਟ ਅਦਾਨ ਪ੍ਰਦਾਨ ਦੇ ਘਿਨਾਉਣੇ ਰੂਪ ਹੀ ਤਰੱਕੀ ਕਰ ਰਹੇ ਹਨ। 120 ਕਰੋੜ ਆਬਾਦੀ ਵਾਲੇ ਦੇਸ਼ ਲਈ ਇਹ ਇਕ ਸਮੂਹਿਕ ਸ਼ਰਮ ਦਾ ਵਿਸ਼ਾ ਹੈ ਕਿ ਇਹ ਦੇਸ਼ ਵੱਖਰੇ ਵਿਚਾਰ ਰੱਖਣ ਵਾਲੇ ਲੋਕਾਂ 'ਤੇ ਬੌਧਿਕ ਸ਼ਿਕੰਜਾ ਕੱਸਣ ਅਤੇ ਸਾੜਨ-ਫੂਕਣ ਦੀ ਪ੍ਰਵਿਰਤੀ ਨੂੰ ਛੱਡ ਨਹੀਂ ਰਿਹਾ।


-ਪ੍ਰਫੁੱਲ ਬਿਦਬਈ

ਸ੍ਰੋਤ:-ਅਜੀਤ



No comments:

Post a Comment