Thursday, October 7, 2010

ਮਾਮਲਾ ਸਭਿਅਤਾ ਦਾ - ਡਾ. ਜੋਗਿੰਦਰ ਸਿੰਘ ਰਾਹੀ


(ਇਸ ਸੰਗ੍ਰਹਿ ਵਿਚ ਸ਼ਾਮਲ ਲੇਖ ਤੇ ਟਿੱਪਣੀਆਂ ਉਸ ਸਮੇਂ ਦੀ ਉੱਪਜ ਹਨ, ਜਦੋਂ ਮੈਨੂੰ ਚਾਰ ਦਹਾਕੇ ਨਵਾਂ ਜ਼ਮਾਨਾ ਵਿਚ ਗੁਜ਼ਾਰਨ ਪਿਛੋਂ ਦੇਸ ਤੋਂ ਬਾਹਰ ਆਉਣਾ ਪਿਆ। ਜਿਸ ਸਮੇਂ ਮੈਨੂੰ ਪਰਵਾਸ ਅਖਤਿਆਰ ਕਰਨਾ ਪਿਆ ਉਦੋਂ ਸੰਸਾਰ ਦੇ ਹਾਲਾਤ ਉੱਕਾ ਹੀ ਬਦਲ ਚੁੱਕੇ ਸਨ। ਇਸ ਸਮੇਂ ਦੀਆਂ ਘਟਨਾਵਾਂ ਸੋਵੀਅਤ ਯੂਨੀਅਨ ਤੇ ਸੋਸ਼ਲਿਸਟ ਕੈਂਪ ਦੇ ਖ਼ਾਤਮੇ ਨਾਲ਼ ਸਿੱਧੇ ਜਾਂ ਅਸਿੱਧੇ ਤੌਰ 'ਤੇ ਸੰਬੰਧਤ ਆਖੀਆਂ ਜਾ ਸਕਦੀਆਂ ਹਨ। ਅਮਰੀਕਾ ਦੇ ਇੱਕੋ ਇਕ ਮਹਾਂਸ਼ਕਤੀ ਬਣ ਜਾਣ ਦਾ ਆਪਣਾ ਤਰਕ ਸੀ। ਹੁਣ ਜਦੋਂ ਉਸਦੇ ਮੁਕਾਬਲੇ ਦੀ ਕੋਈ ਤਾਕਤ ਨਹੀਂ ਰਹੀ, ਵਿਸ਼ਵ ਗ਼ਲਬੇ ਦੇ ਉਸਦੇ ਸ਼ੁਦਾਅ ਵਿਚ ਵਾਧਾ ਹੋਣਾ ਲਾਜ਼ਮੀ ਸੀ। ਬਦਲੇ ਹੋਏ ਇਸ ਸੰਸਾਰ ਵਿਚ ਵਿਚਾਰਾਂ, ਸੰਕਲਪਾਂ, ਸਮੁਦਾਵਾਂ, ਸੰਸਥਾਵਾਂ, ਇਤਿਹਾਸ ਅਤੇ ਇਥੋਂ ਤੱਕ ਕਿ ਸ਼ਬਦਾਂ ਤੇ ਬੋਲੀ ਵਿਚ ਵੀ ਵਿਆਪਕ ਢੰਗ ਨਾਲ਼ ਤੋੜ ਭੰਨ ਕੀਤੀ ਜਾ ਰਹੀ ਹੈ। ਮੰਤਵ ਨਵ-ਪੂੰਜਵਾਦ ਨੂੰ ਅੰਤਮ ਸੱਚ ਵਜੋਂ ਇਸਦੇ ਹਿਤਾਂ ਨੂੰ ਨਿਆਂ ਦੇ ਅੰਤਮ ਮਾਪ ਦੰਡ ਵਜੋਂ ਤੇ ਇਸ ਦੀਆਂ ਸਰਪ੍ਰਸਤ ਤਾਕਤਾਂ ਨੂੰ ਇਤਿਹਾਸ ਦੀਆਂ ਰਥਵਾਨ ਸ਼ਕਤੀਆਂ ਵਜੋਂ ਸਥਾਪਤ ਕਰਨਾ ਹੈ।
ਭਾਵੇਂ ਵਿਸ਼ਵੀਕਰਣ ਦੇ ਨਾਂਅ ਉਤੇ ਵਿਸ਼ਵ ਗ਼ਲਬੇ ਦੀਆਂ ਕੋਸ਼ਿਸ਼ਾਂ ਵਿਰੁੱਧ ਨਾਰਾਜ਼ਗੀ ਵੀ ਹੈ ਤੇ ਰੋਹ ਵੀ, ਪਰ ਕਿਸੇ ਅਜਿਹੀ ਸੰਗਠਤ ਤੇ ਕੇਂਦਰਤ ਜਨ-ਸ਼ਕਤੀ ਦੀ ਘਾਟ ਨਿਸਚੇ ਹੀ ਮਹਿਸੂਸ ਹੁੰਦੀ ਹੈ, ਜਿਹੜੀ ਇਸ ਨਾਰਾਜ਼ਗੀ ਤੇ ਰੋਹ ਨੂੰ ਆਲਮਗੀਰ ਤਹਿਰੀਕ ਦਾ ਰੂਪ ਤੇ ਸਪਸ਼ਟ ਸੇਧ ਦੇ ਸਕੇ।
ਇਹ ਹਨ ਅੱਜ ਦੇ ਦੌਰ ਦੇ ਕੁੱਝ ਉਭਰਵੇਂ ਪੱਖ। ਇਸ ਕਿਤਾਬ ਵਿਚ ਸ਼ਾਮਲ ਲੇਖ ਤੇ ਟਿੱਪਣੀਆਂ ਇਹਨਾਂ ਪੱਖਾਂ ਨੂੰ ਹੀ ਬਿਆਨ ਕਰਦੀਆਂ ਹਨ। ਦਰਅਸਲ ਵਾਤਾਵਰਣ ਵਿਚ ਆ ਰਹੀਆਂ ਤਬਦੀਲੀਆਂ ਤੋਂ ਲੈ ਕੇ ਦੁਨੀਆ ਦੇ ਕਿਸੇ ਹਿੱਸੇ ਵਿਚ ਵਾਪਰਨ ਵਾਲ਼ੀ ਨਿੱਕੀ ਤੋਂ ਨਿੱਕੀ ਘਟਨਾ ਤੱਕ, ਜੋ ਕੁੱਝ ਵੀ ਸਾਡੇ ਗ੍ਰਹਿ ਵਿਚ ਵਾਪਰ ਰਿਹਾ ਹੈ, ਅੱਜ ਦੇ ਮੁੱਖ ਸਵਾਲਾਂ ਨਾਲ਼ ਜੋੜਕੇ ਹੀ ਸਮਝਿਆ ਜਾ ਸਕਦਾ ਹੈ ਤੇ ਇਹੀ ਇਹਨਾਂ ਲਿਖਤਾਂ ਦਾ ਮੁੱਖ ਮੰਤਵ ਹੈ।
ਜੇ ਇਹ ਲਿਖਤਾਂ ਕਿਤਾਬੀ ਰੂਪ ਵਿਚ ਛਪਕੇ ਸਾਹਮਣੇ ਆਈਆਂ ਹਨ ਤਾਂ ਉਸ ਸੇਧ, ਸਹਿਯੋਗ ਤੇ ਸਹਾਇਤਾ ਦਾ ਸਦਕਾ ਹੈ ਜਿਹੜੀ ਮੈਨੂੰ ਹਰ ਪੜਾਅ ਉਤੇ ਆਪਣੇ ਕੁੱਝ ਮਿਹਰਬਾਨ ਦੋਸਤਾਂ ਤੋਂ ਹਾਸਲ ਰਹੀ। ਇਸ ਸੰਬੰਧ ਵਿਚ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾ. ਹਰੀਸ਼ ਪੁਰੀ ਤੇ ਡਾ. ਜੋਗਿੰਦਰ ਰਾਹੀ ਦਾ ਵਿਸ਼ੇਸ਼ ਤੌਰ 'ਤੇ ਰਿਣੀ ਹਾਂ ਜਿਹਨਾਂ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਸਾਰੀਆਂ ਲਿਖਤਾਂ ਪੜ੍ਹੀਆਂ ਤੇ ਇਹਨਾਂ ਨੂੰ ਤਰਤੀਬ ਦਿੱਤੀ। ਉਹਨਾਂ ਬੋਲੀ, ਸ਼ੈਲੀ ਆਦਿ ਬਾਰੇ ਅਜਿਹੇ ਕੀਮਤੀ ਸੁਝਾਅ ਵੀ ਦਿਤੇ ਜਿਨ੍ਹਾਂ ਦੇ ਸਦਕਾ ਲਿਖਤਾਂ ਵਧੇਰੇ ਪੜ੍ਹਨਯੋਗ ਬਣ ਸਕੀਆਂ। ਡਾ. ਰਾਹੀ ਦਾ ਮੈਂ ਇਸ ਗੱਲੋਂ ਵੀ ਧੰਨਵਾਦੀ ਹਾਂ ਕਿ ਉਹਨਾਂ ਮੁਖਬੰਦ ਦੇ ਰੂਪ ਵਿਚ ਆਪਣੀ ਰਾਏ ਦੇਣ ਦੀ ਖੇਚਲ ਵੀ ਕੀਤੀ।
ਮੈਂ ਆਪਣੇ ਸਹਿਯੋਗੀ ਪਵਨਜੀਤ ਸਿੰਘ ਦਾ ਵੀ ਮਸ਼ਕੂਰ ਹਾਂ ਜਿਸਨੇ ਇਹਨਾਂ ਲਿਖਤਾਂ ਨੂੰ ਕਿਤਾਬ ਦੀ ਸ਼ਕਲ ਦੇਣ ਦੇ ਮੁੱਢਲੇ ਖ਼ਿਆਲ ਤੋਂ ਲੈ ਕੇ ਇਹਨਾਂ ਨੂੰ ਇਕੱਠਾ ਕਰਨ, ਟਾਈਪ ਸੈਟ ਕਰਨ ਤੇ ਡਾ. ਹਰੀਸ਼ ਪੁਰੀ ਤੇ ਡਾ. ਰਾਹੀ ਤੱਕ ਪਹੁੰਚਾਉਣ ਤੱਕ, ਸਾਰੇ ਜ਼ਰੂਰੀ ਕਾਰਜ ਨੇਪਰੇ ਚਾੜ੍ਹੇ। ਜੇ ਪਵਨਜੀਤ ਪਿੱਛਾ ਨਾ ਕਰਦਾ ਤਾਂ ਇਹਨਾਂ ਲਿਖਤਾਂ ਨੇ ਕਿਤਾਬੀ ਸ਼ਕਲ ਵਿਚ ਸਾਹਮਣੇ ਨਹੀਂ ਸੀ ਆਉਣਾ।
ਇਸ ਸਾਰੇ ਕਾਰਜ ਵਿਚ ਜਿਹੜਾ ਹਿੱਸਾ ਅੰਮ੍ਰਿਤ ਜ਼ੀਰਵੀ ਨੇ ਪਾਇਆ, ਉਸਦਾ ਜ਼ਿਕਰ ਵੀ ਜ਼ਰੂਰੀ ਹੈ। ਉਸਨੇ ਆਪਣੀ ਪੜਚੋਲਵੀਂ ਰਾਏ ਤੇ ਕੰਪਿਊਟਰ-ਹੁਨਰ ਦੋਹਾਂ ਨਾਲ਼ ਇਹਨਾਂ ਲਿਖਤਾਂ ਦਾ ਮੂੰਹ-ਮੱਥਾ ਸਵਾਰਨ ਵਿਚ ਮੇਰਾ ਸਾਥ ਦਿੱਤਾ।
- ਸੁਰਜਨ ਜ਼ੀਰਵੀ )


ਇਹ ਹੈ ਬਾਰਬੀ ਸੰਸਾਰ ਨਾਮੀ ਇਹ ਗੱਦ-ਪੁਸਤਕ ਪੰਜਾਬੀ ਵਾਰਤਕ ਇਤਿਹਾਸ ਵਿੱਚ ਆਪਣੀ ਕਿਸਮ ਦੀ ਪਹਿਲੀ ਪੁਸਤਕ ਹੈ। ਆਧੁਨਿਕ ਪੰਜਾਬੀ ਗੱਦ ਦੀ ਸਥਿਤੀ ਪਿਛਲੇ ਕਈ ਵਰ੍ਹਿਆਂ ਤੋਂ ਖੜੋਤ ਦੀ ਅਵਸਥਾ ਵਿੱਚ ਰਹੀ ਹੈ। ਕਈ ਪਾਠਕ ਜਾਂ ਵਿੱਦਵਾਨ ਸਾਹਿਤਾਲੋਚਨਾ ਦੇ ਪ੍ਰਵਰਗ  ਵਿੱਚ ਆਉਂਦੀ ਵਾਰਤਕ ਦੇ ਹਵਾਲੇ ਨਾਲ ਸ਼ਾਇਦ ਇਸ ਖ਼ਿਆਲ ਨਾਲ ਮੁਤਫ਼ਿਕ ਹੋਣ ਵਿਚ ਔਖ ਮਹਿਸੂਸ ਕਰਨ। ਪਰ ਸਾਹਿਤਕਾਰ ਗੱਦ ਤੇ ਆਲੋਚਨਾਤਮਕ ਗੱਦ ਦੋ ਵੱਖਰੀਆਂ ਵਿਧਾਵਾਂ ਹਨ। ਇਨ੍ਹਾਂ ਨੂੰ ਇੱਕ ਕੋਟੀ ਵਿੱਚ ਰੱਖਣਾ ਤਰਕ-ਸੰਗਤ ਨਹੀਂ ਹੋਵੇਗਾ। ਸਾਹਿਤਕ ਗੱਦ ਦੀ ਸ਼੍ਰੇਣੀ ਵਿੱਚ ਇਨ੍ਹਾਂ ਵਰ੍ਹਿਆਂ ਵਿੱਚ ਜੇ ਕੁਝ ਜ਼ਿਕਰ ਕਰਨ ਯੋਗ ਨਾਵਾਂ ਦੇ ਹਵਾਲੇ ਦੇਣੇ ਹੋਣ ਤਾਂ ਉਹ ਸਿਰਫ਼ ਬਲਰਾਜ ਸਾਹਨੀ ਜਾਂ ਹਰਿਭਜਨ ਸਿੰਘ ਦੇ ਹਨ। ਇਨ੍ਹਾਂ ਵਿੱਚ ਗੁਰਬਚਨ ਦੀ ਤੇਜ਼-ਤਰਕ ਵਾਰਤਕ ਨੂੰ ਵੀ ਸ਼ਾਮਿਲ ਕੀਤਾ ਜਾ ਸਕਦਾ ਹੈ। ਪਰ ਜਿੱਥੇ ਬਲਰਾਜ ਸਾਹਨੀ ਦੀ ਵਾਰਤਕ ਗੌਲੀ ਗਈ ਹੈ, ਹਰਿਭਜਨ ਸਿੰਘ ਵਾਰਤਕ ਆਪਣੀ ਸੁਹਜਾਤਮਕਤਾ ਦੇ ਬਾਵਜੂਦ ਜਿਵੇਂ ਗੌਲੀ ਜਾ ਸਕਦੀ ਸੀ, ਤਿਵੇਂ ਗੌਲੀ ਨਹੀਂ ਗਈ। ਗੁਰਬਚਨ ਦੀ ਤੇਜ਼-ਤਰਾਰੀ ਨੇ ਉਸਨੂੰ ਵਿਵਾਦ-ਪੂਰਣ ਜ਼ਿਆਦਾ ਬਣਾਇਆ ਹੈ ਤੇ ਸੰਵਾਦ-ਪੂਰਣ ਘੱਟ। ਉਸਦੀ ਵਾਰਤਕ ਵਿੱਚ ਵਿਵਿਧਤਾ ਹੈ, ਜਿਵੇਂ ਸਾਹਿਤ ਦੇ ਸਿਕੰਦਰ, ਕਿਸ ਕਿਸ ਤਰ੍ਹਾਂ ਦੇ ਸਿਕੰਦਰ, ਏਨ੍ਹਾਂ ਮੁੰਡਿਆਂ ਜਲਦੀ ਮਰ ਜਾਣਾ ਅਤੇ ਪ੍ਰਸੰਗ ਦਰ ਪ੍ਰਸੰਗ ਆਦਿ ਪੁਸਤਕਾਂ ਵਿੱਚ। ਪਰ ਉਸਦੀ ਤੇਜ਼-ਤਰਾਰੀ ਦਾ ਬੱਦਲ ਗੜਗੜਾਉਂਦਾ ਰਿਹਾ ਤੇ ਵਿਵਿਧਤਾ ਬਸ ਕਿਣ-ਮਿਣ ਤੱਕ ਮਹਿਦੂਦ ਰਹੀ। ਏਨ੍ਹਾਂ ਮੁੰਡਿਆਂ ਜਲਦੀ ਮਰ ਜਾਣਾ ਦੇ ਪ੍ਰਸੰਗਾਂ ਨੂੰ ਪ੍ਰੇਮ ਪ੍ਰਕਾਸ਼ ਨੇ ਨਵੀਂ ਕਿਸਮ ਦੀ ਗਲਪ ਕਿਹਾ ਹੈ, ਪਰ ਕਿਸੇ ਨੇ ਬਤੌਰ ਵਿਧਾ ਦੇ ਇਸ ਅਨੁਭਵ ਨੂੰ ਪਰਿਭਾਸ਼ਿਤ ਨਹੀਂ ਕੀਤਾ। ਜਿਵੇਂ 'ਲੰਮੀ ਕਹਾਣੀ' ਦਾ ਜ਼ਿਕਰ ਤਾਂ ਬਹੁਤ ਹੋਇਆ ਹੈ, ਪਰ ਇਸਦੀ ਪਰਿਭਾਸ਼ਾ ਅੱਜ ਤੱਕ ਨਦਾਰਦ ਹੈ। ਹਰਿਭਜਨ ਸਿੰਘ ਦੀ ਚੋਲਾ ਟਾਕੀਆਂ ਵਾਲਾ ਵੀ ਕੁਝ ਇੰਜ ਹੀ ਬੇਪਛਾਣ ਰਹਿ ਗਈ, ਜਿਵੇਂ ਕਈ ਲੋਕਾਂ ਨੂੰ ਪਤਾ ਨਹੀਂ ਕਿ ਨਾਵਲਕਾਰ ਗੁਰਦਿਆਲ ਸਿੰਘ ਵਧੀਆ ਕਹਾਣੀਆਂ ਵੀ ਲਿਖਦਾ ਹੈ ਤੇ ਉਸਨੇ ਸ੍ਰੈ-ਜੀਵਨੀ ਵੀ ਲਿਖੀ ਹੈ।
ਮੇਰੇ ਕਹਿਣ ਦਾ ਭਾਵ ਇਹ ਹੈ ਕਿ ਜਿਨ੍ਹਾਂ ਵਾਰਤਕਕਾਰਾਂ ਦਾ ਉੱਪਰ ਅਸਾਂ ਜ਼ਿਕਰ ਕੀਤਾ ਹੈ, ਉਨ੍ਹਾਂ ਤੋਂ ਬਾਅਦ ਪੰਜਾਬੀ ਵਾਰਤਕ ਦਾ ਮੈਦਾਨ ਰੱਕੜ ਪਿਆ ਦਿਸਦਾ ਹੈ ਜਾਂ ਅਨਾੜੀਆਂ ਦੀ ਖੇਡ ਲਈ ਖ਼ਾਲੀ ਪਈ ਭੋਇੰ।
ਬੜੀ ਮੁੱਦਤ ਤੋਂ ਬਾਅਦ ਹੁਣ ਫੇਰ ਇਕ ਗੱਦ-ਪੁਸਤਕ ਹੋਂਦ ਵਿੱਚ ਆਈ ਹੈ ਜੋ ਵਰ੍ਹਿਆਂ ਦੇ ਜਮੂਦ ਨੂੰ ਤੋੜਦੀ ਦਿਸਦੀ ਹੈ ਅਤੇ ਪੰਜਾਬੀ ਗੱਦ ਦੇ ਇਤਿਹਾਸ ਵਿੱਚ ਐਸਾ ਵਰਕਾ ਫਰੋਲਦੀ ਹੈ ਜਿਸ ਨਾਲ ਸਾਡੇ ਵਿਸ਼ਵੀਕਰਣ ਦੇ ਮੁਦੱਈ ਆਲੋਚਕਾਂ ਦੀਆਂ ਜੜ੍ਹਾਂ ਹਿਲ ਸਕਦੀਆਂ ਹਨ। ਸਾਧਾਰਣ ਪੰਜਾਬੀ ਪਾਠਕ ਦੇ ਮਨ ਉੱਤੇ ਇਹ ਪੁਸਤਕ ਜੋ ਪ੍ਰਭਾਵ ਛੱਡੇਗੀ, ਉਸ ਬਾਰੇ ਮੈਨੂੰ ਕੋਈ ਸੰਦੇਹ ਨਹੀਂ। ਪਰ ਵਿਸ਼ਵੀਕਰਣ ਦੇ ਪਿਛਲੱਗ ਉੱਤਰ-ਆਧੁਨਿਕਤਵਾਦੀ ਆਲੋਚਕਾਂ ਨੂੰ ਜੋ ਪਰੇਸ਼ਾਨੀ ਹੋਵੇਗੀ, ਉਸ ਬਾਰੇ ਮੈਨੂੰ ਅਨੁਮਾਨ ਤਾਂ ਹੈ, ਪਰ ਮੈਂ ਭਵਿੱਖਬਾਣੀ ਨਹੀਂ ਕਰਾਂਗਾ। ਸਮਾਂ ਖੁਦ ਦੱਸੇਗਾ, ਇਸ ਨਿਸ਼ਚਿਤ ਬਦਹਾਲੀ ਦੀ ਕਥਾ। ਮੈਂ ਇਸਨੂੰ ਪੜ੍ਹਨ-ਲਿਖਣ ਵਾਲਿਆਂ ਦੀ ਕਲਪਨਾ ਉੱਤੇ ਛੱਡ ਦੇਣਾ ਬਿਹਤਰ ਸਮਝਦਾ ਹਾਂ।
ਸੁਰਜਨ ਜ਼ੀਰਵੀ ਦੀ ਇਸ ਪੁਸਤਕ ਦਾ ਨਾਂ, ਇਹ ਹੈ ਬਾਬਰੀ ਸੰਸਾਰ ਧਰਿਆ ਗਿਆ ਹੈ। ਇਹ ਨਾਮ ਖ਼ੁਦ ਜ਼ੀਰਵੀ ਨੇ ਨਹੀਂ ਧਰਿਆ। ਇਹ ਰਾਜਨੀਤੀ-ਸ਼ਾਸਤਰ ਦੇ ਵਿੱਦਵਾਨ ਪ੍ਰੋਫ਼ੈਸਰ ਹਰੀਸ਼ਪੁਰੀ ਤੇ ਖ਼ੁਦ ਮੇਰੀ ਸੰਮਤੀ ਨਾਲ ਧਰਿਆ ਗਿਆ ਹੈ, ਭਾਵੇਂ ਇਹ ਹੈ ਬਾਰਬੀ ਸੰਸਾਰ ਇਸ ਗੱਦ-ਪੁਸਤਕ ਦਾ ਪਹਿਲਾ ਲੇਖ ਨਹੀਂ ਹੈ। ਕੁੱਲ ਲੇਖ ਇੱਕੀ ਹਨ, ਜਿੰਨ੍ਹਾਂ ਦੇ ਆਪਣੇ ਆਪਣੇ ਨਾਮ ਤੇ ਥੀਮ ਹਨ।
ਇਹ ਹੈ ਬਾਰਬੀ ਸੰਸਾਰ ਇੱਕ ਗ਼ੈਰ-ਰਵਾਇਤੀ ਲੇਖ ਹੈ ਤੇ ਇਸ ਪਹਿਲੂ ਤੋਂ ਪੁਸਤਕ ਦੇ ਬਾਕੀ ਲੇਖਾਂ ਦੇ ਅਰਥ-ਸੰਸਾਰ ਨਾਲ ਸੰਬੰਧ ਦੀ ਦ੍ਰਿਸ਼ਟੀ ਤੋਂ ਰਹਸਮਈ ਵੀ। ਪਰ ਰਹਸ ਸਿਰਫ਼ ਏਨਾ ਹੀ ਹੈ ਕਿ ਪੁਸਤਕ ਦੇ ਤਕਰੀਬਨ ਤਮਾਮ ਲੇਖਾਂ ਦਾ ਬੀਜਾਰਥ ਇਸ ਲੇਖ ਵਿੱਚ ਮੌਜੂਦ ਤੇ ਸੁਲੱਭ ਹੈ।
'ਬਾਰਬੀ ਡਾਲ' ਆਮ ਲੋਕਾਂ ਲਈ ਅਜਨਬੀ ਜਿਹਾ ਨਾਮ ਹੈ। ਬਹੁਤਿਆਂ ਨੂੰ ਪਤਾ ਨਹੀਂ ਹੋਵੇਗਾ ਕਿ ਇਹ ਆਖ਼ਰ ਕੀ ਵਸਤੂ ਹੈ ਜਾਂ ਕਿਸੇ ਸ਼ੈ ਦਾ ਨਾਮ ਹੈ? ਬੇਮਾਅਨੀ ਵਿਸਥਾਰ ਤੋਂ ਡਰਦਿਆਂ ਮੈਂ ਕਿਸੇ ਦੇਰੀ ਦੇ ਦੱਸ ਦੇਣਾ ਚਾਹੁੰਦੀ ਹਾਂ ਕਿ ਇਹ ਕਥਿਤ ਗਲੋਬਲਾਈਜੇਸ਼ਨ ਦਾ ਇੱਕ ਬਹੁਤ ਵੱਡਾ ਤੇ ਭਿਅੰਕਰ ਫ਼ਰਾਡ ਹੈ। ਇਹ ਪੱਛਮ ਦੇ ਅਤਿ ਵਿਕਸਿਤ ਦੇਸ਼ਾਂ, ਜਿਨ੍ਹਾਂ ਵਿੱਚ ਅਮਰੀਕਾ ਪ੍ਰਮੁੱਖ ਹੈ, ਦੇ ਕਾਰਪੋਰਟ ਜਗਤ ਦੇ ਹੱਡ-ਤੋੜਵੇਂ ਸ਼ਿਕੰਜੇ ਦਾ ਇੱਕ ਖ਼ਾਸ ਪੇਟੰਟ ਹੈ। ਤਸ਼ਰੀਹਨ ਗੱਲ ਕਰਨੀ ਹੋਵੇ ਤਾਂ ਇਹ ਨਵਬਸਤੀਵਾਦ ਦੇ ਚੱਕਰਵਿਹੂ ਦਾ ਹਿੱਸਾ ਹੈ। ਗਲੋਬਲਾਈਜੇਸ਼ਨ ਦੇ ਭਰਮ ਵਿੱਚ ਗ੍ਰਸੇ ਪੰਜਾਬੀ ਦੇ ਪੱਛਮੀਵਾਦੀ ਉੱਤਰ-ਆਧੁਨਿਕਤਾਵਾਦੀਆਂ ਨੇ ਇਸਨੂੰ ਉੱਤਰ-ਬਸਤੀਵਾਦ ਦਾ ਨਾਮ ਦੇ ਲਿਆ ਹੈ। ਇੰਜ ਕਰਦੇ ਹੋਏ ਇਹ ਇਉਂ ਵਿਚਰਦੇ ਹਨ, ਜਿਵੇਂ ਕਿਸੇ ਮੁਤਬੱਰਕ ਸ਼ਕਤੀ ਨੂੰ ਪ੍ਰਨਾਮ ਕਰ ਰਹੇ ਹੋਣ।
'ਬਾਰਬੀ ਡਾਲ' ਕੋਈ ਅਜਿਹੀ ਮੁਤਬੱਰਕ ਤਾਕਤ ਨਹੀਂ। ਇਹ ਸਿਰਫ਼ ਕਿਸ਼ੋਰ ਅਵਸਥਾ ਦੀ ਦਹਿਲੀਜ਼ ਉੱਤੇ ਖਲੋਤੀਆਂ ਬਾਲੜੀਆਂ ਦਾ ਖਿਡੌਣਾ ਹੈ, ਪਲਾਸਿਟਕ ਦੀ ਤੇ ਸਿੰਥੈਟਿਕ ਵਾਲਾਂ ਵਾਲੀ ਗੁੱਡੀ ਦੇ ਰੂਪ ਵਿੱਚ। ਇਸਦੇ ਬਣਾਉਣ ਦੀ ਕੀਮਤ ਚੰਦ ਅਮਰੀਕੀ ਸੈਂਟਾਂ ਤੋਂ ਵੱਧ ਨਹੀਂ। ਪਰ ਇਹ ਵਿਕਦੀ ਸੈਂਕੜੇ ਡਾਲਰਾਂ ਦੇ ਭਾਅ ਹੈ ਤੇ ਇਸਨੂੰ ਬਣਾਉਣ ਵਾਲੀ ਕੰਪਨੀ ਨੇ ਇਸਦੀ ਅੰਤਰ-ਰਾਸ਼ਟਰੀ ਵਿਕਰੀ ਤੋਂ ਅਰਬਾਂ ਡਾਲਰ ਕਮਾਏ ਹਨ। ਇਸਦਾ ਪ੍ਰਸਿੱਧ ਰੰਗ ਹਲਕਾ ਗੁਲਾਬੀ ਹੈ, ਭਾਵੇਂ ਕਾਲੀ ਨਸਲ ਦੀਆਂ ਬਾਲੜੀਆਂ ਨੂੰ ਮੋਹਿਤ ਕਰਨ ਲਈ ਇਸਦੇ ਕਾਲੇ ਰੰਗ ਵੀ ਮੰਡੀ ਵਿੱਚ ਪਧਾਰ ਚੁਕੇ ਹਨ। ਇਸਦਾ ਚਿਹਰਾ-ਮੁਹਰਾ ਬਾਲੜੀਆਂ ਵਾਲਾ ਹੈ, ਪਰ ਅੰਗ ਜਵਾਨ ਕੁੜੀਆਂ ਵਾਲੇ ਹਨ। ਇਸਦੇ ਬਿਸਤਰ ਤੇ ਸ਼ਿੰਗਾਦਾਨ ਦੀ ਸ਼ਾਨੋਸ਼ੌਕਤ ਵਿੱਚ ਜਿਨ੍ਹਾਂ ਨੂੰ ਸਜਾਇਆ ਜਾਂਦਾ ਹੈ ਸ਼ਾਹੀ ਠਾਠ-ਬਾਠ ਵਾਲੀ ਟੇਪਿਸਟਰੀ, ਸਿਰਹਾਣਿਆਂ, ਚੱਦਰਾਂ ਤੇ ਹੋਰ ਸਾਜ਼ੋ-ਸਾਮਾਨ ਦੀ ਰੇਸ਼ਮੀ ਛੋਹ ਤੇ ਚਮਕ-ਦਮਕ ਨਾਲ। ਇਸਦੇ ਲਿਬਾਸ ਦੀ ਭਾਅ ਵੀ ਕੁਝ ਐਸੀ ਹੀ ਹੁੰਦੀ ਹੈ: ਸਫ਼ੈਦ, ਗੁਲਾਬੀ ਜਾਂ ਇਨ੍ਹਾਂ ਨਾਲ ਮਿਲਦੇ-ਜੁਲਦੇ ਰੰਗਾਂ ਵਿੱਚ। ਸਕਰਟ ਪਤਲੀਆਂ ਲੱਤਾਂ ਦੇ ਆਲੇ-ਦੁਆਲੇ ਫੈਲਰਵੀਂ ਹੁੰਦੀ ਹੈ, ਪੂਰੀ ਸਜਾਵਟ ਸਹਿਤ। ਬਾਲੜੀਆਂ ਇਸਦੇ ਨਵੇਂ ਰੂਪਾਂ ਉੱਤੇ ਅਲਫ਼-ਲੈਲਾ ਦੀਆਂ ਕਹਾਣੀਆਂ ਵਾਂਗ ਫ਼ਰੇਫ਼ਤਾ ਹੁੰਦੀਆਂ ਹਨ।
ਗ਼ਰੀਬ ਤਬਕੇ ਦੀਆਂ ਬਾਲੜੀਆਂ ਨੂੰ ਇਸ ਬਾਰੇ ਬਹੁਤਾ ਕੁਝ ਪਤਾ ਨਹੀਂ। ਪਰ ਜੇ ਉਹ ਉਸਨੂੰ ਕਿਧਰੇ ਵੇਖ ਲੈਣ ਤਾਂ ਹਸਰਤ ਭਰੀਆਂ ਨਿਗਾਹਾਂ ਨਾਲ ਇਸਨੂੰ ਇੰਜ ਨਿਹਾਰਦੀਆਂ ਹਨ ਜਿਵੇਂ ਦਿਨਾਂ ਤੋਂ ਭੁੱਖੀਆਂ ਰੋਟੀ ਦੀ ਤਲਾਸ਼ ਵਿੱਚ ਹੋਣ। ਮੱਧ-ਸ਼੍ਰੇਣੀ ਤੇ ਉਪਰਲੀਆਂ ਜਮਾਤਾਂ ਦੀਆਂ ਬਾਲੜੀਆਂ ਦੀ ਤਾਂ ਆਪਣੇ ਮਾਂ-ਬਾਪ ਤੋਂ ਮੰਗ ਹੀ ਬਤੌਰ ਤੁਹਫ਼ੇ ਦੇ ਬਾਰਬੀ ਡਾਲ ਦੀ ਰਹਿੰਦੀ ਹੈ। ਮਾਂ-ਬਾਪ ਨੂੰ ਜੇਬ ਕਸਵੀਂ ਹੋਣ ਦੇ ਬਾਵਜੂਦ ਇਹ ਮੰਗਾਂ ਪੂਰੀਆਂ ਕਰਨੀਆਂ ਹੀ ਪੈਂਦੀਆਂ ਹਨ। ਉਨ੍ਹਾਂ ਨੂੰ ਬਾਰਬੀ ਡਾਲ ਦੀ ਕਸ਼ਿਸ਼ ਪਿੱਛੇ ਕੰਮ ਕਰਦੀਆਂ ਤਾਕਤਾਂ ਜਾਂ ਪ੍ਰਵਿਰਤੀਆਂ ਦਾ ਨਾਂ ਪਤਾ ਹੁੰਦਾ ਹੈ ਤੇ ਨਾ ਹੀ ਛੇਤੀ ਕੀਤੇ ਚਲਦਾ ਹੈ ਕਿਉਂਕਿ ਮਾਮਲਾ ਗੁੰਝਲਦਾਰ ਹੈ।
ਬਾਰਬੀ ਡਾਲ ਅੱਜ ਤੋਂ ਤਕਰੀਬਨ ਪੰਜਾਹ ਵਰ੍ਹੇ ਪਹਿਲਾਂ ਜੰਮੀ, ਯਾਨੀ ਹੋਂਦ ਵਿੱਚ ਆਈ। ਸਮੇਂ ਦੇ ਇਸ ਲੰਮੇ ਅੰਤਰਾਲ ਦੇ ਬਾਵਜੂਦ ਉਹ ਅੱਜ ਤੱਕ ਬੁੱਢੀ ਨਹੀਂ ਹੋਈ। ਉਹ ਜਵਾਨ ਜੰਮੀ ਤੇ ਅਜੇ ਵੀ ਜਵਾਨ ਹੈ, ਬਾਲੜੀਆਂ ਵਾਲੇ ਨਕਸ਼ਾਂ ਤੇ ਰੰਗ-ਰੂਪ ਦੇ ਬਾਵਜੂਦ, ਉਹ ਹਮੇਸ਼ਾਂ ਕਿਸ਼ੋਰ-ਅਵਸਥਾ ਦੀ ਦਹਿਲੀਜ਼ ਉੱਤੇ ਖਲੋਤੀ ਨਵੇਂ ਨਵੇਂ ਪਹਿਰਾਵੇ ਤੇ ਐਸ਼ਵਰਜ ਮਾਣਦੀ ਚਲੀ ਆ ਰਹੀ ਹੈ। ਹੁਣ ਜਦੋਂ ਬਾਲੜੀਆਂ ਵਿੱਚ ਨਾਰੀ-ਚੇਤਨਾ ਵਧਣ ਲੱਗੀ ਤਾਂ ਬਾਰਬੀ ਡਾਲ ਦਾ ਇੱਕ ਨਵਾਂ ਮਾਡਲ ਮੰਡੀ ਵਿੱਚ ਪੇਲ ਦਿਤਾ ਗਿਆ ਜਿਸ ਵਿੱਚ ਉਹ ਹੈ ਪਹਿਲਾਂ ਵਰਗੀ ਹੀ ਕਿਸ਼ੋਰ, ਪਰ ਗਰਭਵਤੀ ਹੈ। ਉਸ ਵਿੱਚ ਲੱਗਾ ਇੱਕ ਬਟਨ ਦਬਾਉ, ਬੱਚਾ ਪੇਟ ਵਿੱਚੋਂ ਬਾਹਰ ਆ ਜਾਏਗਾ। ਪਿਆਰਾ ਜਿਹਾ ਬੱਚਾ ਜਿਸਨੂੰ ਬਾਲੜੀਆਂ ਨਵਜਾਤ ਬੱਚੇ ਵਾਂਗ ਚੁੰਮਦੀਆਂ-ਚਟਦੀਆਂ ਹਨ। ਇਹ ਕਿਸ ਕਿਸਮ ਦੀ ਪ੍ਰਵਿਰਤੀ ਨੂੰ ਗਰਮਾਉਣ ਦੀ ਕੋਸ਼ਿਸ਼ ਹੈ, ਪਾਠਕ ਖ਼ੁਦ ਅਨੁਮਾਨ ਲਾ ਸਕਦੇ ਹਨ। ਦੱਸਣ ਦੀ ਲੋੜ ਨਹੀਂ। ਇਹ ਕਿਸੇ ਤਾਲੀਮ ਦੀ ਜੁਗਤ ਨਹੀਂ, ਜਿਸਮ ਦੇ ਅੱਧ-ਸੁੱਤੇ ਆਵੇਗਾਂ ਨੂੰ ਜਗਾਉਣ ਦੀ ਚਤੁਰਤਾ ਹੈ। ਪਿੱਛੇ ਜਹੇ ਬਾਰਬੀ ਡਾਲ ਦਾ ਪੰਜਾਹਵਾਂ ਜਨਮ-ਦਿਨ ਮਨਾਇਆ ਗਿਆ, ਬੜੀ ਧੂਮ-ਧਾਮ ਤੇ ਉਚੇਚੇ ਮਾਡਲਾਂ ਨਾਲ। ਪਰ ਪੰਜਾਹ ਵਰ੍ਹਿਆਂ ਦੀ ਹੋ ਜਾਣ ਦੇ ਬਾਵਜੂਦ ਡਾਲ ਡਾਲ ਹੀ ਰਹੀ, ਨਿਰੰਤਰ ਕਿਸ਼ੋਰ। ਨਿਰਮਾਤਾ ਬੁੱਧੂ ਥੋੜ੍ਹੇ ਸਨ ਜੋ ਚਤੁਰਾਈ ਛੱਡ ਦੇਂਦੇ? ਆਖ਼ਰ ਅਰਬਾਂ ਡਾਲਰਾਂ ਦਾ ਮਾਮਲਾ ਸੀ।
ਮਾਂ-ਬਾਪ ਨੂੰ ਇਸ ਚਤੁਰਾਈ ਦੀ ਭਿਣਕ ਨਹੀਂ ਪੈਂਦੀ, ਭਾਵੇਂ ਉਹ ਖ਼ੁਦ ਆਪਣੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਇਸ ਅਹਿਸਾਸ ਵਿਚੋਂ ਗੁਜ਼ਰ ਚੁਕੇ ਹੁੰਦੇ ਹਨ। ਨਤੀਜਾਤਨ, ਜਦੋਂ ਉਹ ਅੱਗੋਂ ਆਪਣੇ ਬੱਚਿਆਂ ਦੀਆਂ ਖਾਹਸ਼ਾਂ ਨਾਲ ਸਨਮੁਖ ਹੁੰਦੇ ਹਨ, ਤਾਂ ਅਚੇਤ ਹੀ ਬਿਨਾਂ ਕਿਸੇ ਹਿਚਕਚਾਹਟ ਦੇ ਬੱਚਿਆਂ ਦੀਆਂ ਖ਼ਾਹਸ਼ਾਂ ਦੀ ਪੂਰਤੀ ਨੂੰ ਆਪਣੇ ਅਤੀਤ ਦੀਆਂ ਹਸਰਤਾਂ ਦੀ ਪੂਰਤੀ ਦਾ ਜ਼ਰੀਆਂ ਬਣਾ ਲੈਂਦੇ ਹਨ। ਇਹ ਸਭ ਕੁਝ ਅਚੇਤ ਹੀ ਵਾਪਰਦਾ ਰਹਿੰਦਾ ਹੈ। ਇਸ 'ਅਚੇਤ' ਨੇ ਖ਼ੂਬਸੂਰਤੀ ਦੇ ਪ੍ਰਤਿਮਾਨ ਬਦਲ ਦਿੱਤੇ ਹਨ। ਕਿਸੇ ਸਮੇਂ ਖ਼ੂਬਸੂਰਤੀ ਭਰਵੇਂ ਸਰੀਰ ਨਾਲ ਜੋੜੀ ਜਾਂਦੀ ਸੀ। ਬਾਰਬੀ ਡਾਲ ਨੇ ਪਤਲੇ ਪਤੰਗ ਸਰੀਰਾਂ ਤੇ ਘੱਟ ਖਾਣ ਨੂੰ ਸ਼ਹਿ ਦਿੱਤੀ ਜੋ ਪੇਟ ਦੀਆਂ ਤੇ ਕਈ ਹੋਰ ਬੀਮਾਰੀਆਂ ਦਾ ਕਾਰਣ ਬਣੀ ਜਿਨ੍ਹਾਂ ਨੂੰ ਚਕਿਤਸਕ ਬਿਹਤਰ ਜਾਣਦੇ ਹਨ। ਜਿਸਮ ਦੀ ਬਨਾਵਟ ਵਿੱਚ ਕਾਗਜ਼ੀ ਸਭਿਆਚਾਰ ਦਾ ਜਾਨੂੰਨ ਛਾ ਗਿਆ।
ਲੇਕਿਨ ਕਾਰਪੋਰੇਟ ਜਗਤ ਦੀਆਂ ਨੀਤੀਆਂ ਵਿੱਚ ਇਹ ਸਭ ਕੁਝ ਅਚੇਤ ਨਹੀਂ ਵਾਪਰਿਆ। ਕਾਰਪੋਰੇਟ ਜਗਤ ਤੋਂ ਸਾਡਾ ਭਾਵ ਉਨ੍ਹਾਂ ਤਾਕਤਾਂ ਤੋਂ ਹੈ ਜਿਨ੍ਹਾਂ ਦੇ ਹੱਥ ਵਿੱਚ ਕਿਸੇ ਵੀ ਸਮਾਜ, ਖ਼ਿੱਤੇ ਜਾਂ ਦੁਨੀਆਂ ਦੀ ਤਾਕਤ, ਸਰਮਾਏ ਔਰ ਸਿਆਸਤ ਦੀ ਤਾਕਤ ਵਿੱਚ ਹੁੰਦੀ ਹੈ। ਇਹ ਹੈ ਬਾਰਬੀ ਸੰਸਾਰ ਨਾਮੀ ਇਸ ਪੁਸਤਕ ਵਿਚ ਬਾਰਬੀ ਸਿਰਫ਼ ਬਾਲੜੀਆਂ ਦਾ ਖਿਡੌਣਾ ਨਹੀਂ ਹੈ। ਇਹ ਇਕ ਰੂਪਕ ਹੈ। ਰੂਪਕ ਦੀ ਪੱਧਰ ਉੱਤੇ 'ਬਾਰਬੀ' ਦੇ ਨਾਲ 'ਸੰਸਾਰ' ਦਾ ਵਾਕੰਸ਼ ਜੁੜਿਆ ਹੋਇਆ ਹੈ। ਇਹ ਵਾਕੰਸ਼ ਸਾਰੀ ਪੁਸਤਕ ਵਿੱਚ ਡੂੰਘੇ ਤੇ ਇਤਿਹਾਸਕ ਅਰਥ ਜੋੜ ਦੇਂਦਾ ਹੈ। ਇਹ ਸਿਰਫ਼ ਪਹਿਲੇ ਲੇਖ ਦੇ ਆਧਾਰ ਉੱਤੇ ਸਹੂਲਤ ਵਜੋਂ ਸਾਰੀ ਪੁਸਤਕ ਦਾ ਨਾਮ ਧਰ ਦੇਣ ਵਾਲੀ ਗੱਲ ਨਹੀਂ। ਮਸਲਾ ਸਹੂਲਤ ਦਾ ਨਹੀਂ, ਗੱਲ ਦੀ ਜੜ੍ਹ ਤੱਕ ਪੁੱਜਣ ਦਾ ਹੈ।
ਆਧੁਨਿਕ ਪੰਜਾਬੀ ਵਾਰਤਕ ਦੇ ਸਮੁੱਚੇ ਇਤਿਹਾਸ ਵਿੱਚ ਬੜੇ ਵੱਡੇ ਗੱਦਕਾਰ ਬਹੁਤ ਸੁੰਦਰ ਤੇ ਬਾਮਾਅਨੀ ਲੇਖ ਲਿਖ ਚੁਕੇ ਹਨ। ਪਰ ਮੇਰੀ ਨਜ਼ਰ ਵਿਚ ਸੁਰਜਨ ਜ਼ੀਰਵੀ ਦੀ ਇਹ ਗੱਦ-ਪੁਸਤਕ ਪਹਿਲੀ ਪੁਸਤਕ ਹੈ, ਜਿਸਦਾ ਕੋਈ ਕੇਂਦਰ-ਬਿੰਦੂ ਹੈ। ਇਸਤੋਂ ਪਹਿਲਾਂ ਦੀ ਬਹੁਤੀ ਆਧੁਨਿਕ ਪੰਜਾਬੀ ਵਾਰਤਕ ਵੱਖ ਵੱਖ ਮਜ਼ਮੂਨਾਂ ਵਾਲੇ ਲੇਖਾਂ ਦੇ ਸੰਗ੍ਰਹਿ ਰਹੀ ਹੈ। ਆਧੁਨਿਕ ਵਰਤਕ ਦਾ ਕਿਰਦਾਰ ਬਹੁਤੀਆਂ ਹਾਲਤਾਂ ਵਿੱਚ ਸੂਚਨਾ ਦੇਣ ਵਾਲਾ ਰਿਹਾ ਹੈ ਤੇ ਜੀਵਨ-ਜਾਚ ਦੇ ਇਖ਼ਲਾਕੀ ਤੇ ਸੁਹਜ-ਸ਼ਾਸਤ੍ਰੀ ਸੂਤਰ ਦੇਣ ਵਾਲਾ। ਜ਼ੀਰਵੀ ਦੀ ਇਹ ਪੁਸਤਕ ਵੀ ਕਈ ਪਾਠਕਾਂ ਨੂੰ ਸੂਚਨਾ-ਗਿਆਨ ਵੱਲ ਰੁਚਿਤ ਪ੍ਰਤੀਤੀ ਹੋ ਸਕਦੀ ਹੈ, ਪਰ ਚਾਲੀ ਸਾਲ ਦੇ ਸਾਹਿਤਾਲੋਚਨਾ ਦੇ ਤਜਰਬੇ ਦੇ ਆਧਾਰ ਉੱਤੇ ਮੈਂ ਇਹ ਗੱਲ ਯਕੀਨ ਨਾਲ ਕਹਿ ਸਕਦਾ ਹਾਂ ਕਿ ਇਸ ਗੱਦ-ਪੁਸਤਕ ਵਰਗੀ ਕੋਈ ਪੁਸਤਕ ਪਹਿਲਾਂ ਸਾਡੇ ਆਧੁਨਿਕ ਸਾਹਿਤ ਵਿੱਚ ਪੈਦਾ ਨਹੀਂ ਹੋਈ।
ਸੁਰਜਨ ਜ਼ੀਰਵੀ ਇਸ ਵੇਲੇ ਕੈਨੇਡਾ ਦਾ ਸ਼ਹਿਰੀ ਹੈ। ਪਰ ਲੰਮਾ ਅਰਸਾ ਉਹ ਨਵਾਂ ਜ਼ਮਾਨਾ ਦਾ ਸੰਪਾਦਕ ਰਿਹਾ ਹੈ। ਮੈਨੂੰ ਪਤਾ ਨਹੀਂ ਉਸਦੀ ਇਸ ਵੇਲੇ ਕਿੰਨੀ ਉਮਰ ਹੈ। ਨਾ ਹੀ ਮੈਂ ਇਹ ਜਾਣਨਾ ਜ਼ਰੂਰੀ ਸਮਝਦਾ ਹਾਂ। ਮੇਰੀ ਦਿਲਚਸਪੀ ਸਿਰਫ਼ ਇਸ ਗੱਲ ਵਿੱਚ ਹੈ ਕਿ ਉਹ ਜੋ ਵੀ ਲਿਖ ਰਿਹਾ ਹੈ। ਉਹ ਸਿਰਫ਼ ਜਜ਼ਬਾਤੀਅਤ ਦਾ ਵੇਗ ਨਹੀਂ। ਉਸ ਵਿੱਚ ਸੰਵੇਦਨਾ ਹੈ ਜੋ ਡੂੰਘੀ ਵਿਦਵਾਤ ਤੇ ਲੰਮੇ ਤਜਰਬੇ ਵਿੱਚੋਂ ਉਪਜਦੀ ਹੈ। ਇਹ ਸਿਰਫ਼ ਔਬਜ਼ਰਵੇਸ਼ਨ ਤੱਕ ਮਹਿਦੂਦ ਨਹੀਂ, ਬਲਕਿ ਚਿੰਤਨ ਦੀ ਪੈਦਾਵਾਰ ਹੈ। ਉਹ ਜੋ ਵੀ ਗੱਲ ਕਰਦਾ ਹੈ ਕਿਸੇ ਧੱਕੜ ਦਅਵੇਦਾਰੀ ਨਾਲ ਨਹੀਂ ਕਰਦਾ, ਠਰੰ੍ਹਮੇ ਨਾਲ ਕਰਦਾ ਹੈ। ਮਸਲਾ ਕਿੰਨਾ ਵੀ ਵਿਵਾਦਪੂਰਣ ਕਿਉਂ ਨਾ ਹੋਵੇ, ਤੁਹਾਡੇ ਸ੍ਰੈਮਾਨ ਨੂੰ ਖ਼ਰਾਸ਼ ਨਹੀਂ ਪੁੱਜਣ ਦੇਂਦਾ। ਉਸਦਾ ਅੰਦਾਜ਼ ਬੰਦੇ ਦੀ ਮਾਨਵਤਾ ਬਾਰੇ ਨਿਰੰਤਰ ਸਚੇਤ ਰਹਿੰਦਾ ਹੈ। ਇਸ ਰੂਪ ਵਿੱਚ ਪੂਰਨ ਸਿੰਘ ਤੇ ਬਲਰਾਜ ਸਾਹਨੀ ਵਾਂਗ ਆਪਣੀ ਹੀ ਮੁਦ੍ਰਾ ਵਿੱਚ ਸਤੰਬ ਵਾਂਗ ਖੜ੍ਹਾ ਹੈ।
ਭਾਰਤੀ ਭਾਈਚਾਰਾ ਕਿਨ੍ਹਾਂ ਸਮਾਜਕ ਗੁੰਝਲਾਂ ਵਿੱਚ ਫਸਿਆ ਹੋਇਆ ਹੈ, ਵਿਰਲੇ ਗੱਦਕਾਰ ਹਨ ਜਿਨ੍ਹਾਂ ਨੂੰ ਇਸ ਮਸਲੇ ਦਾ ਖ਼ਿਆਲ ਆਇਆ ਹੋਵੇ। ਪਰ ਸੁਰਜਨ ਜ਼ੀਰਵੀ ਨੂੰ ਅਵੱਸ਼ ਆਇਆ ਹੈ। ਇਹ ਗੁਣ ਤਿੰਨ ਲੇਖਾਂ ਵਿਚ ਖ਼ਾਸ ਕਰਕੇ ਤੇ ਕੁਝ ਹੋਰ ਲੇਖਾਂ ਵਿੱਚ ਅਸ਼ੰਕ ਰੂਪ ਵਿੱਚ ਬਹੁਤ ਨੁਮਾਂਇਆਂ ਹੈ, ਜਿਵੇਂ "ਐ ਵਤਨ ਤੁਝੇ ਅਬ ਕੇ ਸਲਾਮਤ ਦੇਖੂੰ" , "ਪ੍ਰਦੇਸਨਾਮਾ ਬਾਰੇ" , ਤੇ ਜਾਤੀ ਪ੍ਰਥਾ ਵਿਰੁੱਧ ਲੜਾਈ ਆਦਿ ਵਿੱਚ। ਐ ਵਤਨ ਤੁਝੇ ਅਬ ਕੇ ਸਲਾਮਤ ਦੇਖੂੰ ਲੇਖ ਉਸਨੇ ਉਸ ਮਾਨਸਿਕ ਅਵਸਥਾ ਵਿੱਚ ਲਿਖਿਆ ਜਦੋਂ ਉਸਨੇ ਕੈਨੇਡਾ ਦੀ ਸ਼ਹਿਰੀਅਤ ਦੀ ਸਹੁੰ ਚੁੱਕੀ। ਉਸ ਸਮੇਂ ਉਸਦੇ ਧੁਰ ਅੰਦਰਲੇ ਵਿੱਚ ਆਪਣੀ ਮਾਤ-ਭੂਮੀ ਬਾਰੇ ਸ਼ੁੱਭ-ਇੱਛਾਵਾਂ ਦੀਆਂ ਜੋ ਤਰੰਗਾਂ ਉਪਜੀਆਂ, ਉਨ੍ਹਾਂ ਤੋਂ ਪਤਾ ਚਲਦਾ ਹੈ ਕਿ ਮਾਤ-ਭੂਮੀ ਦਾ ਸੰਸਕਾਰ ਕਿਸ ਕਿਸਮ ਦੀ ਸੰਵੇਦਨਾਂ ਹੈ ਤੇ ਇਹ ਸੰਵੇਦਨਾ ਕਿਵੇਂ ਬੰਦੇ ਨੂੰ ਮਾਤ-ਭੂਮੀ ਦੀਆਂ ਅਹੁਰਾਂ ਬਾਰੇ ਅੰਦਰੋਂ-ਬਾਹਰੋਂ ਹਿਲਾ ਕੇ ਰੱਖ ਦੇਂਦੀ ਹੈ।
ਚੰਗੀ ਵਾਰਤਕ ਵਿੱਚ ਬਤੌਰ ਵਿਧਾ ਦੇ ਦੋ ਗੁਣ ਤਾਂ ਹੋਣੇ ਬਣਦੇ ਹੀ ਹਨ, ਇਕ-ਸੂਚਨਾ-ਗਿਆਨ ਦਾ ਤੇ ਦੂਜਾ ਸੰਵਦਨਸ਼ੀਲਤਾ ਦਾ। ਪਰ ਇੱਕ ਹੋਰ ਗੁਣ ਵੀ ਹੈ ਜੋ ਮਹੱਤਵਪੂਰਣ ਹੈ, ਪਰ ਘੱਟ ਮਿਲਦਾ ਹੈ। ਉਹ ਗੁਣ ਹੈ ਤਨਜ਼ ਦਾ ਜਿਸਦੇ ਮਾਅਨੀ ਵਿਡੰਬਨਾ ਦੇ ਵੀ ਹਨ ਤੇ ਵਿਅੰਗ ਦੇ ਵੀ! ਵਿਡੰਬਨਾ ਵਿੱਚ ਦੁਹਰੀ ਦ੍ਰਿਸ਼ਟੀ  ਹੁੰਦੀ ਹੈ, ਜਿਸ ਰਾਹੀਂ ਇਕ ਪਾਸੇ ਕਿਰਦਾਰਾਂ, ਵਰਤਾਰਿਆਂ ਤੇ ਸੰਸਥਾਵਾਂ ਦੀ ਦਿੱਖ  ਨੂੰ ਖੋਲ੍ਹਿਆ ਜਾਂਦਾ ਹੈ ਤੇ ਦੂਜੇ ਪਸੇ ਉਨ੍ਹਾਂ ਦੀ ਆਮ ਨਾ ਦਿਸਣ ਵਾਲੀ ਹਕੀਕਤ ਨੂੰ। ਹਕੀਕਤ ਦਾ ਬੋਧ ਲੇਖਕ ਦੀ ਸ਼ੈਲੀ ਦੇ ਕਟਾਖਸ਼ ਵਿਚ ਪਿਆ ਹੁੰਦਾ ਹੈ। ਇਹ ਗੁਣ ਜ਼ੀਰਵੀ ਦੀ ਸ਼ੈਲੀ ਵਿੱਚ ਬਹੁਤ ਤਿੱਖਾ ਹੈ। "ਬਾਰਬੀ ਹੈ ਬਾਰਬੀ ਸੰਸਾਰ" ਲੇਖ ਵਿਚ ਜਦੋਂ ਉਹ ਡੈਨਮਾਰਕ ਦੇ ਪਾਪ ਗਰੁੱਪ 'ਐਕੁਆ' ਦੇ ਇਕ ਗੀਤ ਵਿੱਚੋਂ ਬਾਰਬੀ ਪਿੱਛੇ ਕੰਮ ਕਰਦੀ ਕਾਰਪੋਰੇਟ ਮਾਨਸਿਕਤਾ ਦੀ ਝਲਕ ਵਿਖਾਉਂਦਾ ਹੈ ਤਾਂ ਉਸਦੀ ਤਨਜ਼ ਦੀ ਕਾਟ ਸੋਚਣ ਲਈ ਮਜਬੂਰ ਕਰ ਦੇਂਦੀ ਹੈ:
'ਭਾਵੇਂ ਮੇਰੀਆਂ ਜ਼ੁਲਫਾਂ ਵਾਹੋ,
ਜਿੱਥੇ ਚਾਹੋ ਕੱਪੜੇ ਲਾਹੋ,
ਬੇਸ਼ਕ ਮੈਨੂੰ ਛੇੜੋ ਛੂਹੋ,
ਚੁਕੋ, ਰੱਖੋਂ ਭਾਵੇਂ ਧੂਹੋ,
ਮੇਰੇ ਰੰਗ ਨੇ ਕਈ ਹਜ਼ਾਰ,
ਮੈਂ ਹਾਂ ਬਾਰਬੀ ਸੰਸਾਰ।'
ਜ਼ੀਰਵੀ ਦੀ ਤਨਜ਼ ਉਸਨੂੰ ਬਲਰਾਜ ਸਾਹਨੀ ਵਰਗੇ ਸੰਵੇਦਨਸ਼ੀਲ ਵਾਰਤਕਕਰਾ ਤੋਂ ਬਾਅਦ ਸਾਡਾ ਅਗਲਾ ਵਿਸ਼ੇਸ਼ ਵਾਰਤਕਕਾਰ ਬਣਾਉਂਦੀ ਹੈ। ਉਸਦੀ ਅਖ਼ਬਾਰ-ਨਵੀਸੀ ਵਿਚ ਗੁਣ ਨਹੀਂ ਸੀ। ਉਥੇ ਇਸਦੀ ਖ਼ਾਸ ਗੁੰਜਾਇਸ਼ ਵੀ ਨਹੀਂ ਹੁੰਦੀ। ਪਰ ਇਸ ਪੁਸਤਕ ਦੀ ਗੱਦ ਵਿੱਚ ਇਹ ਗੁਣ ਬਹੁਤ ਉਭਰਵਾਂ ਹੈ, ਜਿਵੇਂ "ਪਿਕਾਸੋ ਤੋਂ ਪਰਦਾ", "ਬੁਸ਼ ਦੇ ਪਾਵੇ ਨਾਲ ਬੱਝੀ ਦੁਨੀਆਂ ਦੀ ਹੋਣੀ" ਤੇ "ਆਸਕਰ ਅਵਾਰਡ" ਆਦਿ ਲੇਖਾਂ ਵਿਚ ਇਸਦੀ ਤੀਖਣਤਾ ਇੰਜ ਹੈ ਜਿਵੇਂ ਉਹ ਕਿਸੇ ਨਵੀਂ 'ਮਹਾਂਭਾਰਤ' ਵਿੱਚ ਜੂਝ ਰਿਹਾ ਹੋਵੇ, ਅਰਜਨ ਵਾਂਗ।
ਤਨਜ਼ ਤਾਂ ਗੁਰਬਚਨ ਦੀ ਵਾਰਤਕ ਵਿੱਚ ਵੀ ਮਿਲ ਜਾਵੇਗੀ। ਪਰ ਸੂਚਨਾ-ਗਿਆਨ ਤੇ ਸੰਵੇਦਨਸ਼ੀਲਤਾ ਵਿਚ ਉਸਦੀ ਵਾਰਤਕ ਕੁਝ ਢਿੱਲੀ ਹੈ। ਤਿੰਨਾਂ ਦੇ ਸੰਗਮ ਦਾ ਪ੍ਰਮਾਣ ਜ਼ੀਰਵੀ ਦੀ ਵਾਰਤਕ ਵਿੱਚ ਹੀ ਮਿਲਦਾ ਹੈ। ਗੁਰਬਚਨ ਦੀ ਤਨਜ਼ ਦੇ ਨਮੂਨੇ ਉਸ ਦੀਆਂ ਗੱਦ-ਪੁਸਤਕਾਂ ਸਿਹਤ ਦੇ ਸਿਕੰਦਰ ਤੇ ਕਿਸ ਕਿਸ ਤਰ੍ਹਾਂ ਦੇ ਸਿਕੰਦਰ ਵਿੱਚ ਮਿਲ ਜਾਣਗੇ। ਉਹ ਐਸੇ ਸਿਕੰਦਰਾਂ ਦਾ ਜ਼ਿਕਰ ਵੀ ਕਰਦਾ ਹੈ ਜੋ ਇਤਿਹਾਸ ਵਿੱਚ ਚੰਗੇਜ਼ ਖ਼ਾਂ ਜਾਂ ਈਦੀ ਆਮੀਨ ਅਨੁਰੂਪਾਂ ਵਿੱਚ ਮਿਲ ਜਾਣਗੇ ਤੇ ਦੂਜੇ ਪਾਸੇ ਐਸੇ ਸਿਕੰਦਰਾਂ ਦਾ ਵੀ ਜੋ ਮਹਾਨ ਵਿਅਕਤੀਆਂ ਦੀ ਕੋਟੀ ਵਿੱਚ ਰੱਖੇ ਜਾ ਸਕਦੇ ਹਨ। ਸੇਖੋਂ ਤੇ ਵਿਰਕ ਵਰਗੀਆਂ ਸ਼ਖ਼ਸੀਅਤਾ ਉਸ ਲਈ ਅਜਿਹੇ ਸਿਕੰਦਰ ਹਨ। ਪਰ ਗੁਰਬਚਨ ਦੇ ਸਿਕੰਦਰਾਂ ਦੇ ਤਨਜ਼ੀਆ ਚਿਤਰ ਕੁਝ ਨਿਜੀ ਰੜਕ ਵਾਲੇ ਹਨ। ਜ਼ੀਰਵੀ ਦੀ ਤਨਜ਼ ਉੱਦਾਤ ਆਲੋਚਨਾ ਵੱਲ ਰੁਚਿਤ ਹੈ। ਇਸ ਵਿੱਚ ਉਹ ਅੱਜ ਦੀ ਦੁਨੀਆ ਦੇ ਕਾਰਪੋਰੇਟ ਜਗਤ ਦੇ ਚੰਗੇਜ਼ੀ ਸਿਕੰਦਰਾਂ ਤੇ ਉਨ੍ਹਾਂ ਦੀ ਵਿਸ਼ਵ-ਦ੍ਰਿਸ਼ਟੀ ਦੇ ਕੂਟ-ਪਸਾਰ ਦੇ ਬਖ਼ੀਏ ਉਧੇੜਦਾ ਹੈ। ਪਰ ਐਸਾ ਕਰਦਾ ਹੋਇਆ ਉਹ ਕਦੇ ਸੂਚਨਾ-ਗਿਆਨ ਤੇ ਸੰਵੇਦਨਸ਼ੀਲਤਾ ਦਾ ਦਾਮਨ ਨਹੀਂ ਛੱਡਦਾ।
ਆਪਣੀ ਤਨਜ਼ ਵਿੱਚ ਉਹ ਅਕਸਰ ਇਕ ਮਾਰਕਸਵਾਦੀ ਦੇ ਰੂਪ ਵਿੱਚ ਨਜ਼ਰ ਆਏਗਾ। ਪਰ ਇਸ ਤਨਜ਼ ਦੀ ਪੁਸ਼ਟੀ ਵਿੱਚ ਉਹ ਕਮਿਊਨਿਸਟ ਰਾਜਨੀਤੀ-ਵੇਤਾਵਾਂ ਜਾਂ ਵਿਚਾਰਵਾਨਾਂ ਦੇ ਖ਼ਿਆਲਾਂ ਨੂੰ ਨਹੀਂ ਵਰਤਦਾ। ਆਪਣੀਆਂ ਧਾਰਣਾਵਾਂ ਦੀ ਪੁਸ਼ਟੀ ਜਾਂ ਵਿਆਖਿਆ ਲਈ ਉਹ ਅਕਸਰ ਦੁਨੀਆ ਦੇ ਉਦਾਰਭਾਵੀ ਵਿੱਦਵਾਨਾਂ ਜਾਂ ਅਖ਼ਬਾਰ-ਨਵੀਸਾ ਜਾਂ ਚਿੰਤਕਾਂ ਦੀਆਂ ਅੰਤਰ-ਦ੍ਰਿਸ਼ਟੀਆਂ ਨੂੰ ਵਰਤਦਾ ਹੈ। ਇਹ ਗੱਲ ਉਸਦੀ ਨਜ਼ਰ ਨੂੰ ਤਅਸੁਬ ਦੀ ਪਕੜ ਵਿੱਚ ਨਹੀਂ ਆਉਣ ਦੇਂਦੀ।
ਹਾਂ, ਇਕ ਗੱਲ ਜ਼ਰੂਰ ਰੜਕਦੀ ਹੈ ਕਿ ਅੱਜ ਦੁਨੀਆ ਜੇ ਕਾਰਪੋਰੇਟ ਜਗਤ ਦੀ ਅਸਰਾਲ ਦੇ ਸ਼ਿਕੰਜੇ ਵਿੱਚ ਜਕੜੀ ਹੋਈ ਚੁਰਮੁਚਾ ਰਹੀ ਹੈ ਤਾਂ ਉਹ ਕਿਹੜੇ ਅੰਤਰ-ਵਿਰੋਧ ਹਨ ਜਿਨ੍ਹਾਂ ਨੇ ਸਮਾਜਵਾਦੀ ਤਾਕਤਾਂ ਨੂੰ ਤ੍ਰੇੜ ਦਿਤਾ ਹੈ। ਦੁਨੀਆ ਦੋ-ਧੁਰੀ ਸੰਤੁਲਨ ਨੂੰ ਖੋਹ ਬੈਠੀ ਹੈ ਤੇ ਇਕ-ਧੁਰੀ ਤਾਕਤ ਦੇ ਰਹਿਮ ਦਾ ਸ਼ਿਕਾਰ ਬਣਕੇ ਰਹਿ ਗਈ ਹੈ ਅਤੇ ਜੇ ਕਿਸੇ ਪਹਿਚਾਣ ਦੀ ਤਲਾਸ਼ ਵਿੱਚ ਕੋਸ਼ਾਂ ਹੈ ਤੇ ਉਹ ਭਾਂਤ-ਭਾਂਤ ਦੀ ਐਥਨਿਕਤਾ ਦੀ ਪਹਿਚਾਣ ਤੋਂ ਅੱਗੇ ਨਹੀਂ ਵਧ ਪਾਉਂਦੀ। ਜ਼ੀਰਵੀ ਨੇ ਮਦਰ ਟੈਰੀਸਾ ਦੇ ਮਿਸ਼ਨ ਤੇ ਜੀਵਨ-ਦ੍ਰਿਸ਼ਟੀ ਦੀ ਵਿਰਾਸਤ ਤੇ ਨਿਰਧਨਤਾ ਦੇ ਮੋਹ ਨੂੰ ਵੀ ਕਾਰਪੋਰੇਟ ਜਗਤ ਦੀਆਂ ਨੀਤੀਆਂ ਦੇ ਛੜਯੰਤਰ ਦਾ ਹਿੱਸਾ ਦਰਸਾਇਆ ਹੈ। ਸੋਚਣ ਵਾਲਾ ਮਸਲਾ ਇਹ ਹੈ ਕਿ ਮਦਰ ਟੈਰੀਸਾ ਦਾ ਮੋਹ ਸਿਰਫ਼ ਉਸਦੇ ਮਿਸ਼ਨ ਦੀ ਕਾਢ ਨਹੀਂ, ਇਹ ਤਾਂ ਸਾਡੀ ਆਪਣੀ ਸਦੀਆਂ ਪੁਰਾਣੀ ਰੂਹਾਨੀਅਤ ਦੀ ਪਰੰਪਰਾ ਦਾ ਅੰਗ ਵੀ ਹੈ, ਜੋ ਸਬਰ-ਸੰਤੋਖ ਨੂੰ ਵਡਿਆਉਂਦੀ ਹੋਈ ਧਨੀ ਰਾਮ ਚਾਤ੍ਰਿਕ ਨੂੰ ਇਹ ਕਹਿਣ ਉੱਤੇ ਮਜਬੂਰ ਕਰ ਦੇਂਦੀ ਹੈ: 'ਵਾਹ ਗ਼ਰੀਬੀ ਨਿਆਰੇ ਤੇਰੇ, ਵਸਦੇ ਰਹਿਣ ਚੁਬਾਰੇ ਤੇਰੇ।' ਇਹ ਮਾਣਸ-ਵਿਗਿਆਨ ਦਾ ਮਸਲਾ ਹੈ। ਕਾਰਪੋਰੇਟ ਜਗਤ ਇਸਨੂੰ ਕਿਵੇਂ ਗਹਿਰਾ ਰਿਹਾ ਹੈ, ਇਸ਼ ਬਾਰੇ ਜ਼ਰਾ ਡੂੰਘੇਰੇ ਚਿੰਤਨ ਦੀ ਲੋੜ ਹੈ।
ਲੇਕਨ ਇਸ ਮਸਲੇ ਬਾਰੇ ਚਿੰਤਨ ਹਾਲ ਦੀ ਘੜੀ ਮੁਲਤਵੀ ਕੀਤਾ ਜਾ ਸਕਦਾ ਹੈ। ਅਜੇ ਇਹ ਹੈ ਬਾਰਬੀ ਸੰਸਾਰ ਦੇ ਕੁਝ ਜ਼ਰੂਰੀ ਪਹਿਲੂ ਵਾਚਣੇ ਰਹਿੰਦੇ ਹਨ। ਇਸ ਪੁਸਤਕ ਦੇ ਬਹੁਤੇ ਲੇਖ ਬੁਸ਼-ਪ੍ਰਸ਼ਾਸਨ ਦੀਆਂ ਸਾਜਸ਼ਾਂ ਬਾਰੇ ਵਿਸ਼ੇਸ਼ ਕਰਕੇ ਅਮਰੀਕਾ ਦੀਆਂ ਇਤਿਹਾਸਕ ਅਕਾਂਖਿਆਵਾਂ ਦੇ ਕਪਟ ਨਾਲ ਆਮ ਕਰਕੇ ਸੰਬੰਧਿਤ ਹਨ। ਇਸ ਗੱਲ ਦਾ ਵਧੇਰੇ ਵਿਸਥਾਰਪੂਰਵਕ ਦ੍ਰਿਸ਼ "ਬੁਸ਼ ਦੇ ਪਾਵੇ ਨਾਲ ਬੱਝੀ ਦੁਨੀਆ ਦੀ ਹੋਣੀ" ਅਤੇ ਮਹਾਂਸ਼ਕਤੀ ਦੀ ਮਹਾਂ-ਉਲਾਰ ਮਾਨਸਿਕਤਾ ਨਾਮੀ ਲੇਖਾਂ ਵਿੱਚ ਮਿਲ ਜਾਵੇਗਾ। ਇਸ ਕੋਟੀ ਦੇ ਲੇਖਾਂ ਵਿੱਚ ਅਮਰੀਕਾ ਦੀਆਂ ਨੀਤੀਆਂ ਦੇ ਫ਼ਲਸਤੀਨ, ਅਫ਼ਗ਼ਾਨਿਸਤਾਨ, ਈਰਾਨ ਅਤੇ ਯੋਗੋਸਲਾਵੀਆ ਆਦਿ ਦੇਸ਼ਾਂ ਬਾਰੇ ਨੀਤੀ ਦੇ ਦੋਗਲੇਪਨ ਦੇ ਚਿਤ੍ਰਣ ਵਿਚ ਮਿਲਦਾ ਹੈ।
ਜ਼ੀਰਵੀ ਇਸ ਦੁਖਾਂਤ ਦਾ ਚ੍ਰਿਤਣ ਅਖ਼ਬਾਰ-ਨਵੀਸੀ ਤੋਂ ਉਪਰ ਉਠਕੇ ਇਕ ਨਵੇਕਲੀ ਭਾਂਤ ਦੀ ਮਾਨਵੀ ਚਿੰਤਾ ਨਾਲ ਕਰਦਾ ਹੈ। ਬਲਕਿ ਇਸਤੋਂ ਵੀ ਅੱਗੇ ਗਹਿਰਾਈ ਵਿੱਚ ਜਾਂਦਾ ਹੋਇਆ ਹੋਰ ਭਾਵੀ ਖ਼ਤਰਿਆਂ ਵੱਲ ਵੀ ਧਿਆਨ ਖਿਚਦਾ ਹੈ ਤੇ ਦਸਦਾ ਹੈ ਕਿ ਦੁਨੀਆਂ ਦੀ ਇੱਕੋ-ਇੱਕ ਵੱਡੀ ਤਾਕਤ ਦੀ ਅਗਲੀ ਨਜ਼ਰ ਲਿਬੀਆ, ਸੀਰੀਆ, ਈਰਾਨ, ਇੰਡਨੇਸ਼ੀਆ ਅਤੇ ਚੀਨ ਤੋਂ ਇਲਾਵਾ ਰੂਸ ਆਦਿ ਉੱਤੇ ਹੈ। ਮਲਟੀਨੈਸ਼ਨਲ ਕੰਪਨੀਆਂ ਦੇ ਆਲ-ਜੰਜਾਲ ਰਾਹੀਂ ਭਾਰਤ ਉੱਤੇ ਵੀ। ਇੱਥੋਂ ਤਕ ਕਿ ਕੈਨੇਡਾ ਵਰਗੇ ਗੁਆਂਢੀ ਅਤੇ ਦੋਸਤ ਮੁਲਕ ਨੂੰ ਵੀ ਇਸ ਖ਼ਤਰੇ ਤੋਂ ਮਹਿਫ਼ੂਜ ਨਹੀਂ ਰੱਖਿਆ ਜਾ ਰਿਹਾ। ਜੇ ਇਹ ਗੱਲ ਅਜੇ ਤੱਕ ਬਹੁਤ ਅੱਗੇ ਨਹੀਂ ਵਧੀ ਤਾਂ ਇਹ ਕੇਨੈਡਾ ਦੇ ਆਮ ਲੋਕਾਂ ਦੀ ਸਚੇਤਨਤਾ ਅਤੇ ਸਾਵਧਾਨੀ ਕਰਕੇ ਨਹੀਂ ਵਧੀ, ਵਰਨਾ ਕੈਨੇਡਾ ਦਾ ਕਾਰਪੋਰੇਟ ਯਾਨੀ ਸਰਮਾਏਦਾਰੀ ਜਗਤ ਤਾਂ ਅਮਰੀਕਾ ਵਿੱਚ ਵਿਲੀਨ ਹੋਣ ਲਈ ਤਿਆਰ ਬੈਠਾ ਹੈ। ਉਸਦੀ ਇਸ ਚੇਸ਼ਟਾ ਵਿੱਚ ਅੜਿੱਕਾ ਸਿਰਫ਼ ਕੈਨੇਡਾ ਦੇ ਜਨਸਮੂਹ ਦੀ ਮਾਨਵੀ ਸੰਵੇਦਨਾ ਤੇ ਦ੍ਰਿੜ੍ਹਤਾ ਹੈ। ਇਸਦਾ ਵੇਰਵਾ "ਸੰਕਟ ਦੇ ਵਧਦੇ ਪਰਛਾਵੇਂ" , "ਇਹ ਸ਼ਰਾਰਤ ਭਰੀ ਬਹਿਸ" ਅਤੇ "ਅਣਚਾਹੀ ਬਹਿਸ, ਅਣਉਚਿਤ ਮਾਡਲ" ਆਦਿ ਲੇਖਾਂ ਵਿੱਚ ਮਿਲ ਜਾਵੇਗਾ।
ਦੁਨੀਆਂ ਵਿੱਚ ਅੱਜ ਦਹਿਸ਼ਤਗਰਦੀ ਦੇ ਖਿਲਾਫ਼ ਜੰਗ ਦਾ ਬੜਾ ਵੱਡਾ ਰੌਲਾ ਹੈ, ਜਿਸ ਵਿੱਚ ਅਮਰੀਕਾ ਮੋਹਰੀ ਬਣਿਆ ਬੈਠਾ ਹੈ, ਪਰ ਦੋਗਲੀ ਨੀਤੀ ਨਾਲ। ਈਰਾਕ ਉੱਤੇ ਬੇਜਾ ਹਮਲਾ, ਉਹ ਵੀ ਸੰਯੁਕਤ ਰਾਸ਼ਟਰ ਦੇ ਇਕਮਤ ਵਿਰੋਧ ਦੇ ਬਾਵਜੂਦ, ਇਹ ਦੋਗਲੇਪਨ ਦੀ ਭਿੰਅਕਰ ਮਿਸਾਲ ਹੈ। ਦਹਿਸ਼ਤਗਰਦੀ ਦੇ ਖ਼ਿਲਾਫ਼ ਜੰਗ ਦੇ ਇਸ ਸੋਮੇ ਦਾ ਕੇਵਲ, ਮਕਸਦ ਮੱਧ-ਏਸ਼ੀਆ ਤੱਕ ਦੇ ਤੇਲ ਤੇ ਖਣਜ ਪਦਾਰਥਾਂ ਦੇ ਸੋਮਿਆਂ ਦਾ ਵਹਿਣ ਪੱਛਮ ਵੱਲ ਮੋੜਨਾ ਹੈ। ਇਸ ਲੁੱਟ ਦੇ ਠੇਕੇ ਜਿਵੇਂ ਅਮਰੀਕਾ ਦੇ ਰਾਸ਼ਟਰਪਤੀ, ਉਪ ਰਾਸ਼ਟਰਪਤੀ ਤੇ ਹੋਰ ਸੰਬੰਧਿਤ ਕਾਰਪੋਰੇਟ ਜਗਤ ਨੇ ਆਪਸ ਵਿੱਚ ਵੰਡੇ ਹਨ ਤੇ ਹੋਰ ਦੇਸ਼ਾਂ ਨੂੰ ਇਨ੍ਹਾਂ ਠੇਕਿਆਂ ਤੋਂ ਵਿਵਰਜਿਤ ਰੱਖਿਆ ਹੈ, ਉਹ ਖੁੱਲ੍ਹੀ ਕਿਤਾਬ ਹੈ। ਜ਼ੀਰਵੀ ਇਕ ਤੋਂ ਜ਼ਿਆਦਾ ਲੇਖਾਂ ਵਿੱਚ ਇਸ ਛੜਯੰਤਰ ਨੂੰ ਬੇਨਿਕਾਬ ਕਰਦਾ ਹੈ ਤੇ ਕਥਿਤ ਗਲੋਬਾਈਜ਼ੇਸ਼ਨ ਦੀ ਸਿਆਸਤ ਦੇ ਸੂਤਰਧਾਰਾਂ ਨੂੰ ਸੰਬੋਧਿਤ ਹੁੰਦਾ ਹੈ। ਬੁਸ਼ ਦੀ ਸਥਿਤੀ ਇਹ ਹੈ ਕਿ ਜੋ ਬੁਸ਼ ਦੀਆਂ ਨੀਤੀਆਂ ਨਾਲ ਸਹਿਮਤ ਨਹੀਂ, ਉਹ ਸਭਿਅਤਾ ਤੇ ਲੋਕ-ਤੰਤ੍ਰ ਦਾ ਦੁਸ਼ਮਣ ਹੈ ਤੇ ਦੁਸ਼ਮਨ ਨੂੰ ਤਬਾਹ ਕਰਨਾ ਉਸਦਾ 'ਇਨਸਾਨੀ' ਫਰਜ਼ ਹੈ। ਇਹ ਵਾਈਟ ਮੈਨਜ਼ ਬਰਡਨ' ਦੀ ਪੁਰਾਣੀ ਫ਼ਿਲਾਸਫ਼ੀ ਦਾ ਦੂਜਾ ਕਾਲਾ ਰੂਪ ਹੈ। ਇਸ ਇਨਸਾਨੀ ਫ਼ਰਜ ਦੀ ਅਦਾਇਗੀ ਲਈ ਅਮਰੀਕਾ ਜੋ ਵੀ ਕਿਸੇ ਦੇਸ਼ ਵਿੱਚ ਕਰਨਾ ਚਾਹੇ, ਸੋ ਉਸ ਲਈ ਸਭਿਅਤਾ ਦੇ ਫ਼ਰਜ਼ ਨੂੰ ਨਿਭਾਉਣ ਦੀ ਜ਼ਿਮੇਦਾਰੀ ਹੋਵੇਗੀ। ਇਹ ਹੈ ਅਮਰੀਕਾ ਦੀ ਗਲੋਬਲਾਈਜੇਸ਼ਨ।
ਪੰਜਾਬੀ ਵਿਚ ਇਹ ਗੱਦ-ਪੁਸਤਕ ਸ਼ਾਇਦ ਪਹਿਲੀ ਰਚਨਾ ਹੈ ਜੋ ਦੁਨੀਆਂ ਦੇ ਬਹੁਤ ਮਸਲਿਆਂ ਅਤੇ ਚਿੰਤਾਵਾਂ ਨੂੰ ਆਪਣੀ ਪਕੜ ਵਿੱਚ ਲੈਂਦੀ ਹੈ। ਇਹ ਗੁਣ ਸਾਡੀ ਗੱਦ ਅਤੇ ਵਿਦਵਤਾ ਵਿਚ ਵਿਰਲਾ ਹੈ ਅਤੇ ਸਾਡੇ ਅਜਾਰੇਦਾਰੀ ਆਲੋਚਕਾਂ ਦੌ ਜਕੜ ਨੂੰ ਤੋੜਦਾ ਹੈ। ਜਗਿਆਸੂ ਬਿਰਤੀ ਵਾਲੀ ਨਵੀਂ ਪੌਦ ਲਈ ਇਹ ਪੁਸਤਕ ਸੋਚ ਅਤੇ ਸਮਝ ਦੇ ਨਵੇਂ ਦੁਆਰ ਖੋਲ੍ਹਦੀ ਹੈ ਤੇ ਉਨ੍ਹਾਂ ਨੂੰ ਅਣਜਾਤੀਆਂ ਵੰਗਾਰਾਂ ਦੇ ਸਨਮੁਖ ਖੜਾ ਕਰਦੀ ਹੈ। ਇਹ ਨਿਰਾਸ਼ਾ ਵਿੱਚ ਆਸ਼ਾ ਦੀ ਲੋੜ ਹੈ। ਇਸਨੂੰ ਜੀ- ਆਇਆ ਕਹਿਣਾ ਸਾਡੀ ਇਤਿਹਾਸਕ ਜ਼ਿੰਮੇਵਾਰੀ ਹੈ।
ਇਤਿਹਾਸਕ ਹੀ ਨਹੀਂ, ਸਾਹਿਤਕ ਵੀ। ਬਲਕਿ ਸਾਹਿਤ-ਇਤਿਹਾਸਕ।
ਜ਼ੀਰਵੀ ਨੂੰ ਲੋਕ ਅਖ਼ਬਾਰ ਨਵੀਸ ਵਜੋਂ ਜਾਣਦੇ ਹਨ। ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਉਹ ਡੂੰਘੀ ਸਾਹਿਤ-ਚੇਤਨਾ ਵਾਲਾ ਸ਼ਖ਼ਸ ਵੀ ਹੈ। ਉਸਨੇ ਰਸਮੀ ਤੌਰ ਉੱਤੇ ਸਾਹਿਤਾਲੋਚਨਾ ਵਿਚ ਕੋਈ ਉਚੇਚਾ ਕਦਮ ਨਹੀਂ ਧਰਿਆ। ਪਰ ਦੋ ਗੱਲਾਂ ਪਰਦੇਸ ਨਾਮਾ ਬਾਰੇ ਲੇਖ ਵਿੱਚ ਉਸਨੇ ਪਰਵਾਸੀ ਸਾਹਿਤ-ਚੇਤਨਾ ਬਾਰੇ ਨਿਹਾਇਤ ਹੀ ਧੀਮੀ ਸੁਰ ਵਿੱਚ ਜੋ ਟਿੱਪਣੀਆਂ ਕੀਤੀਆਂ ਹਨ, ਉਸ ਵਰਗੀ ਕੋਈ ਚੀਜ਼ ਪੰਜਾਬੀ ਆਲੋਚਨਾ ਵਿੱਚ ਮੇਰੀ ਨਜ਼ਰ ਵਿਚੋਂ ਨਹੀਂ ਗੁਜ਼ਰੀ। ਮੈਂ ਅਿਜਹੀਆਂ ਗੱਲਾਂ ਕਰਨੀਆਂ ਚਾਹੁੰਦਾ ਰਿਹਾ ਹਾਂ, ਪਰ ਪਰਦੇਸ ਵਾਲਿਆਂ ਦੀ ਨਾਰਾਜ਼ਾਗੀ ਤੋਂ ਡਰਦਾ ਹੋਇਆ ਕਦੇ ਹਿੰਮਤ ਨਹੀਂ ਜੁਟਾ ਸਕਿਆ। ਜ਼ੀਰਵੀ ਨੇ ਹਿੰਮਤ ਜੁਟਾਈ ਹੈ, ਇਸ ਲਈ ਨਹੀਂ ਕਿ ਉਹ ਖੁਦ ਪਰਦੇਸੀ ਹੈ, ਬਲਕਿ ਇਸ ਲਈ ਕਿ ਉਹ ਸ਼ੁਰੂ ਤੋਂ ਹੀ ਨਿਡਰ ਹੈ। ਉਸਦੀ ਪਹਿਲੀ ਵਫ਼ਾਦਾਰੀ 'ਅਸ਼ਰਫ਼ੁਲ ਮਖ਼ਲੂਕਾਤ' ਹੋਣ ਦੇ ਨਾਤੇ ਕੁਦਰਤ ਵੱਲੋਂ ਮਿਲੀ ਸਭ ਤੋਂ ਵੱਡੀ ਦਾਤ ਆਪਣੀ ਸਮਝ ਪ੍ਰਤੀ ਹੈ, ਕਿਸੇ ਹੋਰ ਤਾਕਤ ਪ੍ਰਤੀ ਨਹੀਂ।
ਜ਼ੀਰਵੀ ਨੂੰ ਪਤਾ ਨਹੀਂ ਯਾਦ ਹੈ ਜਾਂ ਨਹੀਂ, ਪਰ ਮੈਨੂੰ ਸਪੱਸ਼ਟ ਯਾਦ ਹੈ। ਪੰਜਾਹਵਰਿਆਂ ਦੇ ਸ਼ੁਰੂ ਵਿੱਚ ਜਦੋਂ ਮੋਹਨ ਸਿੰਘ ਮਾਈ ਹੀਰਾ ਗੇਟ, ਜਲੰਧਰ ਦੇ ਲਾਗੇ-ਚਾਗੇ ਵਿੱਚ ਰਹਿੰਦਾ ਸੀ ਤਾਂ ਉਸਦੇ ਘਰ ਹਰ ਹਫ਼ਤੇ ਜਾਂ ਹਰ ਪੰਧਰਵੇਂ ਨੂੰ ਸਾਹਿਤਕਾਰਾਂ ਦੀਆਂ ਨਿਰੋਲ ਸਾਹਿਤਕ ਮਹਿਫ਼ਲਾਂ ਲਗਦੀਆਂ ਹਨ, ਪਟਿਆਲੇ ਦੇ ਲਾਲੀ ਬਾਦਸ਼ਾਹ ਦੀਆਂ ਰਾਤ-ਭਰ ਲਗਦੀਆਂ ਸਾਹਿਤਕ ਮਹਿਫ਼ਲਾਂ ਵਾਂਗ। ਮੋਹਨ ਸਿੰਘ ਦੀਆਂ ਮਹਿਫ਼ਲਾਂ ਸਮੇਂ ਮੈਂ ਜਵਾਨ ਸਾਂ, ਉਸ ਸਮੇਂ ਦੀ ਰਵਾਇਤ ਮੁਤਾਬਕ ਕਵਿਤਾ ਲਿਖਦਾ ਸਾਂ। ਕੁਝ ਕਵਿਤਾਵਾਂ ਮੈਂ ਉਨ੍ਹਾਂ ਮਹਿਫ਼ਲਾਂ ਵਿੱਚ ਪੜੀ੍ਹਆਂ ਵੀ। ਜ਼ੀਰਵੀ ਇਨ੍ਹਾਂ ਮਹਿਫ਼ਲਾਂ ਵਿੱਚ ਆਮ ਕਰਕੇ ਮੁੱਖ ਆਲੋਚਕ ਹੁੰਦਾ ਸੀ ਤੇ ਮੋਹਨ ਸਿੰਘ ਆਲੋਚਕ ਹੋਣ ਤੋੰ ਇਲਾਵਾ ਮਹਿਮਾਨ-ਨਿਵਾਜ਼ ਵੀ। ਜ਼ੀਰਵੀ ਨੇ ਮੇਰੀਆਂ ਕਵਿਤਾਵਾਂ ਬਾਰੇ ਜੋ ਕੁਝ ਵੀ ਕਿਹਾ, ਉਸ ਵਿੱਚ ਕੁਝ ਵੀ ਮੇਰਾ ਦਿਲ ਢਾਉਣ ਵਾਲਾ ਨਹੀਂ ਸੀ। ਫਿਰ ਵੀ ਮੈਨੂੰ ਪਤਾ ਚਲ ਗਿਆ ਕਿ ਕਵਿਤਾ ਉਸ ਸਮੇਂ ਮੇਰੀ ਉਮਰ ਦੀ ਜਜ਼ਬਾਤੀਅਤ ਸੀ। ਇਹ ਮੇਰੀ ਸੰਵੇਦਨਾ ਨਹੀਂ ਸੀ, ਠੀਕ ਹੀ ਉਸ ਤਰ੍ਹਾਂ ਜਿਵੇਂ ਉਸਨੇ ਦੋ ਗੱਲਾਂ ਪਰਦੇਸ ਨਾਮਾ ਬਾਰੇ ਵਾਲੇ ਲੇਖ ਵਿੱਚ ਧੀਰ ਉਰਫ਼ ਪੰਜਾਬੀ ਪਰਵਾਸੀ ਲੇਖਕਾਂ ਨੂੰ ਹੁਣ ਸਮਝਾਉਣੀਆਂ ਚਾਹੀਆਂ ਹਨ। ਮੈਨੂੰ ਤਾਂ ਉਸ ਸਮੇਂ ਛੋਟੀ ਉਮਰ ਵਿੱਚ ਹੀ ਉਸਦੀ ਗੱਲ ਸਮਝ ਪੈ ਗਈ। ਹੁਣ ਕਿਸੇ ਨੂੰ ਪੈਂਦੀ ਹੈ ਜਾਂ ਨਹੀਂ, ਇਹ ਵੇਖਣ ਤੇ ਸਮਝਣ ਵਾਲਾ ਮਸਲਾ ਹੈ। ਮੋਹਨ ਸਿੰਘ ਦੀਆਂ ਸਾਹਿਤਕ ਮਹਿਫ਼ਲਾਂ ਦੇ ਯੁਗ ਤੇ ਅੱਜ ਦੀਆਂ ਸਾਹਿਤਕ ਮਹਿਫ਼ਲਾਂ ਦੇ ਪ੍ਰਸਾਰਵਾਦੀ ਯੁੱਗ ਦੀਆਂ ਅਕਾਂਖਿਆਵਾਂ ਤੇ ਉਨ੍ਹਾਂ ਦੀਆਂ ਮਹਿਫ਼ਲਾਂ ਵਿਚ ਬੜਾ ਫ਼ਰਕ ਹੈ। ਪਰ ਜ਼ੀਰਵੀ ਦੀ ਸਾਹਿਤ-ਸੰਵੇਦਨਾ ਉਲਟ-ਪੁਲਟ ਨਹੀਂ ਹੋਈ। ਮੈਨੂੰ ਤਾਂ ਉਸਦੀ ਖ਼ਾਮੋਸ਼ ਸਲਾਹ ਛੋਟੀ ਉਮਰ ਦੇ ਬਾਵਜੂਦ ਛੇਤੀ ਹੀ ਸਮਝ ਆ ਗਈ ਸੀ। ਹੁਣ ਤਾਂ ਮਸਲਾ ਹੈ ਪ੍ਰੌਢ ਪਰਵਾਸੀ ਲੇਖਕ ਉਸਦੇ ਸੁਝਾਅ ਕਿਵੇਂ ਪਕੜਦੇ ਹਨ। ਅੱਲਾ ਖ਼ੈਰ ਕਰੇ! ਸਿਰਜਨਾ ਵਿੱਚ ਜ਼ੀਰਵੀ ਕਿਸੇ ਨੂੰ ਬਹੁਤੀਆਂ ਸਲਾਹਾਂ ਨਹੀਂ ਦੇਂਦਾ। ਉਸਦੀ ਬਾਤ ਫੜਨ ਵਾਲੇ ਫੜ ਲੈਂਦੇ ਹਨ, ਜਿਨ੍ਹਾਂ ਨਹੀਂ ਫੜਨੀ ਉਹ ਆਪਣੀ ਬੇਢੰਗੀ ਚਾਲ ਚਲਦੇ ਰਹਿੰਦੇ ਹਨ। ਜ਼ੀਰਵੀ ਉਨ੍ਹਾਂ ਨੂੰ ਲੋੜੋਂ ਵਧੀਕ ਸੰਬੋਧਿਤ ਨਹੀਂ ਹੁੰਦਾ। ਬਸ ਆਪਣੇ ਅੰਦਾਜ਼ ਵਿਚ ਬੰਦੇ ਦੇ ਬੰਦਾ ਤੇ ਰਚਨਾਕਾਰ ਹੋਣ ਲਈ ਇਤਿਹਾਸ ਨੂੰ ਸਮਝਣ ਦੀ ਅਹਮੀਅਤ ਦਰਸਾਉਂਦਾ ਰਹਿੰਦਾ ਹੈ। ਇਹੀ ਉਸਦਾ ਧਰਮ ਹੈ ਤੇ ਇਹੀ ਉਸਦਾ ਲਖਸ਼। ਲੋਕ ਉਸਨੂੰ ਕਮਿਊਨਿਸਟ ਮੰਨਦੇ ਹਨ, ਪਰ ਮੇਰੀ ਨਜ਼ਰ ਵਿੱਚ ਉਹ ਧਾਰਮਿਕ ਹੈ। ਸਾਰੇ ਕਮਿਊਨਿਸਟ ਧਾਰਮਿਕ ਨਹੀਂ ਹੁੰਦੇ। ਕਾਸ਼ ਉਹ ਹੁੰਦੇ। ਜ਼ੀਰਵੀ ਧਾਰਮਿਕ ਹੋਣ ਕਰਕੇ ਨਵੇਕਲੀ ਸਾਹਿਤ-ਸੰਵਦੇਨਾ ਵਾਲਾ ਸ਼ਖ਼ਸ ਹੈ।
ਉਸਦੀ ਸਾਹਿਤ-ਸੰਵੇਦਨਾ ਅਨੇਕ ਮੁੱਦਿਆਂ ਨੂੰ ਛੁੰਹਦੀ ਹੋਈ ਵੀ ਆਪਣੇ ਕੇਂਦਰੀ ਮੁੱਦੇ ਇਤਿਹਾਸ ਵਿੱਚੋਂ ਉਪਜੀਆਂ ਮਾਨਵੀਂ ਚਿੰਤਾਵਾਂ ਨੂੰ ਨਹੀਂ ਤਿਆਗਦੀ। ਉਹ ਸਿਰਜਨਾ ਦੇ ਮਸਲੇ ਵਿਚ ਮੰਡੀ-ਫ਼ੈਟਿਸ਼ਿਜ਼ਮ ਦੀ ਵੇਸਵਾਚਾਰੀ ਅਧੀਨ ਇਕ ਗਲੀ ਵਿਚੋਂ ਨਿਕਲ ਕੇ ਬਿਨਾਂ ਕਿਸੇ ਜ਼ਮੀਰ ਦੇ ਦੂਜੀ ਗਲੀ ਵਿੱਚ ਵੜ ਜਾਣ ਤੇ ਉਸਦਾ ਢਾਡੀ ਬਣ ਜਾਣ ਵਾਲਾ ਵਿਅਕਤਿਤ੍ਵ ਨਹੀਂ ਹੈ। ਗਿਆਨ ਦਾ ਮਸਲਾ ਉਸ ਲਈ ਸਿਰਫ਼ ਆਪਣੇ ਆਪ ਨੂੰ ਦਿਖਾਉਣ ਦਾ ਮਸਲਾ ਨਹੀਂ ਹੈ। ਇਹ ਰੌਸ਼ਨ-ਦਿਮਾਗ਼ੀ ਦੀ ਸਾਂਝ ਦਾ ਮਸਲਾ ਹੈ ਜਿਸਨੂੰ ਉਹ ਬਖ਼ੂਬੀ ਨਿਭਾਉਂਦਾ ਹੈ। ਇਸ ਸੰਬੰਧ ਵਿੱਚ ਉਸਦਾ ਹਥਿਆਰ ਤੱਥ ਹਨ। ਉਸਦੀ ਜੀਵਨ-ਫ਼ਿਲਾਸਫ਼ੀ ਤੱਥਾਂ ਦੇ ਸਹਾਰੇ ਖੜੀ ਹੈ, ਸਿਵਾਇ 'ਫ਼ਕੀਰੀ' ਦੀ ਫ਼ਿਲਾਸਫ਼ੀ ਦੇ ਤੱਥ ਦੀ ਨਾਵਾਕਫ਼ੀ ਦੇ। ਉਹ ਖ਼ੁਦ 'ਫ਼ਕੀਰ' ਹੈ। ਪਰ ਉਸਨੂੰ ਆਪਣੀ 'ਫ਼ਕੀਰੀ' ਦਾ ਆਪ ਪਤਾ ਨਹੀਂ। ਇਹੀ ਤਾਂ ਵਿਰੋਧਭਾਸ ਹੈ ਬੰਦੇ ਦਾ ਬੰਦਾ ਹੋਣ ਦੀ ਹੋਂਦ ਦਾ।
ਸਾਡੀ ਹੁਣ ਤੱਕ ਦੀ ਬਹੁਤੀ ਪੰਜਾਬੀ ਵਾਰਤਕ ਤੱਥਾਂ ਤੋਂ ਬੇਨਿਆਜ਼ ਰਹੀ ਹੈ। ਸਿਰਫ਼ ਜਜ਼ਬਾਤ ਜਾਂ ਜਜ਼ਬਾਤ ਤੋਂ ਖ਼ਾਲੀ ਤੱਥਾਂ ਦੇ ਸਹਾਰੇ ਚਲਦੀ ਰਹੀ ਹੈ। ਜ਼ੀਰਵੀ ਦੀ ਇਹ ਗੱਦ-ਪੁਸਤਕ ਤੱਥਾਂ ਅਤੇ ਜਜ਼ਬਾਤ ਦੇ ਸਮਿਲਨ ਦਾ ਜ਼ਰੀਆ ਬਣੀ ਹੈ। ਇਸ ਲਈ ਮੈਂ ਉਸਦੀ ਗੱਦ ਨੂੰ ਪੰਜਾਬੀ ਵਾਰਤਕ ਦੇ ਇਤਿਹਾਸ ਵਿੱਚ ਵਿਸ਼ੇਸ਼ ਘਟਨਾ ਸਮਝਦਾ ਹਾਂ। ਇਹ ਪੰਜਾਬੀ ਵਾਰਤਕ ਨੂੰ ਪੰਜਾਬ ਦੇ ਘੇਰੇ ਤੋਂ ਬਾਹਰ ਦੁਨੀਆਂ ਦੇ ਘੇਰੇ ਵਿਚ ਲੈ ਜਾਂਦੀ ਹੈ। ਜਿਹੜੀ ਗੱਲ ਪੰਜਾਬੀ ਦੇ ਵਿੱਦਵਾਨਾਂ ਨੂੰ ਹੁਣ ਤਕ ਸਮਝ ਨਹੀਂ ਆਈ, ਉਹ ਗੱਲ ਇਹ ਪੁਸਤਕ ਪੜ੍ਹਕੇ ਸਮਝ ਆ ਜਾਣੀ ਚਾਹੀਦੀ ਹੈ। ਅਸੀਂ ਪਿੱਛੇ ਅਮਰੀਕਾ ਦੀ ਵਿਸਤਾਰਵਾਦੀ ਨੀਤੀ ਬਾਰੇ ਚਰਚਾ ਕਰ ਚੁਕੇ ਹਾਂ। ਇਹ ਵੀ ਦਸ ਚੁਕੇ ਹਾਂ ਕਿ ਅਮਰੀਕਾ ਸੰਯੁਕਤ ਰਾਸ਼ਟਰ ਨੂੰ ਟਿੱਚ ਜਾਣਦਾ ਹੈ ਅਤੇ ਇਹ ਵੀ ਐਲਾਨ ਕਰ ਚੁੱਕਾ ਹੈ ਕਿ ਛੋਟੇ ਵੱਡੇ ਮੁਲਕਾਂ ਵਿੱਚ ਫ਼ਰਕ ਹੁੰਦਾ ਹੈ। ਛੋਟੇ ਮੁਲਕਾਂ ਦੀ ਰਾਏ ਨੂੰ ਉਹ ਤਰਜੀਹ ਨਹੀਂ ਦਿੱਤੀ ਜਾ ਸਕਦੀ ਜੋ ਅਮਰੀਕਾ ਵਰਗੇ ਵੱਡੇ ਮੁਲਕ ਨੂੰ ਦਿੱਤੀ ਜਾਣੀ ਬਣਦੀ ਹੈ। ਵਰਲਡ ਬੈਂਕ ਉਸਦੀ ਮੁੱਠੀ ਵਿੱਚ ਹੈ। ਇਹ ਗੱਲ ਧਿਆਨ ਵਿੱਚ ਲਿਆਂਉਂਦਾ ਹੋਇਆ ਜ਼ੀਰਵੀ ਅਦੁਤੀ ਦਿਸਦਾ ਹੈ।
ਰਹਿ ਗਈ ਗੱਲ ਅਰਬ ਦੇਸ਼ਾ ਦੀ, ਜਿਨਂ੍ਹਾਂ ਵਿੱਚ ਅਮਰੀਕਾ ਦੋਗਲੀ ਨੀਤੀ ਵਰਤ ਰਿਹਾ ਹੈ। ਇਕ ਪਾਸੇ ਉਹ ਇਸਲਾਮੀ ਦਹਿਸ਼ਤਗਰਦੀ ਦਾ ਵਿਰੋਧ ਕਰ ਰਿਹਾ ਹੈ ਜੋ ਦਹਿਸ਼ਤਗਰਦੀ ਕਿ ਇਸਲਾਮੀ ਕੱਟੜਪੰਥੀਆਂ ਦੇ ਜਹਾਦ ਦੇ ਸੰਸਕਾਰ ਵਿੱਚੋਂ ਉਪਜਦੀ ਹੈ, ਭਾਵੇਂ ਉਹ ਅਮਰੀਕਾ ਦੀ ਧੱਕੜਸ਼ਾਹੀ ਦੀ ਪ੍ਰਤਿਕ੍ਰਿਆ ਵੀ ਹੈ। ਪਰ ਦੂਜੇ ਪਾਸੇ ਅਮਰੀਕਾ ਉਨ੍ਹਾਂ ਦੇ ਦਹਿਸ਼ਤਗਰਦ ਦਸਤਿਆਂ ਨੂੰ ਹੋਰ ਦੇਸ਼ਾਂ ਵਿੱਚ ਸਿਰਦਰਦੀ ਖੜ੍ਹੀ ਕਰਨ ਲਈ ਵਰਤ ਰਿਹਾ ਹੈ ਅਤੇ ਕਿਸੇ ਹੱਦ ਤਕ ਇਨ੍ਹਾਂ ਦਾ ਜਨਮਦਾਤਾ ਵੀ ਹੈ, ਜਿਵੇਂ ਚੇਚਨੀਆ, ਯੋਗੋਸਲਾਵੀਆ ਤੇ ਕਸ਼ਮੀਰ ਆਦਿ ਵਿਚ। ਚੀਨ ਬਾਰੇ ਉਹ ਚੁੱਪ ਹੈ ਹਾਲਾਂਕਿ ਉੱਥੇ ਵੀ ਕਿਸ ਕਿਸਮ ਦਾ ਮਸਲਾ ਹੈ। ਚੀਨ ਤੋਂ ਅਜੇ ਉਹ ਡਰਦਾ ਹੈ, ਪਰ ਅੰਦਰੋਂ-ਅੰਦਰ ਉਸ ਵਿਰੁੱਧ ਸਰਗਰਮ ਹੈ। ਉਸਦੀ ਸਿਕੰਦਰ ਜਾਂ ਚੰਗੇਜ਼ ਖਾਂ ਬਣਨ ਦੀ ਤਮੰਨਾ ਪੂਰੀ ਤਰ੍ਹਾਂ ਮੱਛਰੀ ਹੋਈ ਹੈ, ਭਾਵੇਂ ਮਖੌਟਾ ਬਦਲ ਗਿਆ ਹੈ। ਉਹ ਦੁਨੀਆ ਦੀ ਵਾਹਦ ਤਾਕਤ ਬਣ ਚੁੱਕਾ ਹੈ, ਪਰ ਇਸ ਨੂੰ ਪਰਿਪੱਕ ਕਰਨ ਲਈ ਤਿਲਮਿਲਾ ਰਿਹਾ ਹੈ।
ਜ਼ੀਰਵੀ ਦੀ ਗੱਦ ਇਸ ਬਾਰੇ ਦੁਨੀਆਂ ਦੀਆਂ ਅੱਖਾਂ ਖੋਲ੍ਹਦੀ ਹੈ। ਅਤੇ ਉਹ ਕਹਿੰਦਾ ਹੈ ਕਿ "ਅਮਰੀਕਾ ਸੱਭਯ ਸਮਾਜ ਲਈ ਮਾਡਲ ਨਹੀਂ" , ਜਿੱਥੇ ਕਿ ਅਮਰੀਕਾ ਆਪਣੇ ਆਪ ਨੂੰ 'ਸੱਭਯ ਸੰਸਾਰ' ਮੰਨਦਾ ਹੈ। ਜ਼ੀਰਵੀ ਦੀ ਵਾਰਤਕ ਗਲੋਬਲਾਈਜੇਸ਼ਨ ਦੇ ਉਸ਼ਟੰਡ ਦਾ ਭਰਮ ਤੋੜਦੀ ਹੈ। ਪੰਜਾਬੀ ਪਾਠਕਾਂ ਅਤੇ ਵਿਦਵਾਨਾਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ, ਜਿਵੇਂ ਪਹਿਲਾਂ ਕਦੇ ਨਹੀਂ ਸਮਝੀ ਗਈ। ਗਲੋਬਲਾਈਜੇਸ਼ਨ ਸਿਰਫ਼ ਇਨਫ਼ਰਮੇਸ਼ਨ ਤਕਨਾਲੋਜੀ ਦੀਆਂ ਕਰਾਮਤਾਂ ਦਾ ਮਸਲਾ ਜਾਂ ਪਰਿਮਾਣ ਨਹੀਂ, ਇਹ ਨਵਬਸਤੀਵਾਦ ਦਾ ਦੂਜਾ ਨਾਮ ਵੀ ਹੈ। ਦੁਖਾਂਤ ਇਹ ਹੈ ਕਿ ਪੈਸਾ ਕਮਾਉਣ ਦੀ ਹੋੜ ਵਿੱਚ ਇਸਦੇ ਪਿੱਠੂ ਵਿੱਦਵਦਨਾਂ ਨੇ ਇਸ ਨੂੰ ਉੱਤਰ ਬਸਤੀਵਾਦ ਕਹਿਣਾ ਸ਼ੁਰੂ ਕਰ ਦਿੱਤਾ ਹੈ ਜਿਨ੍ਹਾਂ ਵਿਚ ਕੁਝ 'ਖੱਬੇ ਪੱਖੀ' ਵਿਦਵਾਨ ਵੀ ਸ਼ਾਮਿਲ ਹਨ। ਉਨ੍ਹਾਂ ਲਈ ਬਸਤੀਵਾਦ ਮਰ ਚੁੱਕਾ ਹੈ, ਜਿਵੇਂ ਅਮਰੀਕਾ ਲਈ। ਆਵਾਜ਼-ਇ-ਖ਼ੁਦਾ, ਆਵਾਜ਼-ਇ-ਖ਼ਲਕ? ਅਮਰੀਕਾ ਅੱਜ ਦਾ ਖ਼ੁਦਾ ਹੈ, ਉਹ ਉਸਦੇ ਮੁਰੀਦ।
ਉਮੀਦ ਹੈ ਪੰਜਾਬੀ ਪਾਠਕਾਂ ਲਈ ਇਹ ਨੀਝ ਮਾਰਗ-ਦਰਸ਼ਨ ਦਾ ਜ਼ਰੀਆ ਬਣੇਗੀ। ਐ ਵਤਨ ਕਾਸ਼ ਤੁਝੇ ਅਬ ਕੇ ਸਲਾਮਤ ਦੇਖੂੰ।


ਸ੍ਰੋਤ:- www.nisot.com

No comments:

Post a Comment