Thursday, October 7, 2010

ਆਲੋਚਕ-ਖਲੀਲ ਜਿਬਰਾਨ


ਸਮੁੰਦਰ ਵੱਲ ਸਫ਼ਰ ਉੱਤੇ ਜਾ ਰਿਹਾ ਘੋੜਸਵਾਰ ਇਕ ਰਾਤ ਸੜਕ ਦੇ ਕਿਨਾਰੇ ਇੱਕ ਸਰਾਂ ਵਿੱਚ ਪੁੱਜਾ, ਉਹਨੇ ਦਰਵਾਜ਼ੇ ਕੋਲ ਇੱਕ ਦਰੱਖ਼ਤ ਨਾਲ ਘੋੜੇ ਨੂੰ ਬੰਨ੍ਹਿਆ ਅਤੇ ਸਰਾਂ ਵਿੱਚ ਪ੍ਰਵੇਸ਼ ਕਰ ਗਿਆ ।


ਅੱਧੀ ਰਾਤ ਨੂੰ ਜਦੋਂ ਸਾਰੇ ਸੌਂ ਰਹੇ ਸਨ ਤਾਂ ਇੱਕ ਚੋਰ ਆਇਆ ਅਤੇ ਮੁਸਾਫਰ ਦਾ ਘੋੜਾ ਚੋਰੀ ਕਰ ਕੇ ਲੈ ਗਿਆ ।


ਸਵੇਰੇ ਉੱਠਣ ਉੱਤੇ ਯਾਤਰੀ ਨੂੰ ਆਪਣੇ ਘੋੜੇ ਦੇ ਚੋਰੀ ਹੋ ਜਾਣ ਦਾ ਪਤਾ ਲੱਗਾ। ਉਹ ਬਹੁਤ ਦੁਖੀ ਹੋਇਆ ਅਤੇ ਉਸ ਆਦਮੀ ਨੂੰ ਮਨ ਹੀ ਮਨ ਬੁਰਾ-ਭਲਾ ਕਹਿਣ ਲੱਗਾ, ਜਿਸ ਦੇ ਮਨ ਵਿੱਚ ਘੋੜੇ ਨੂੰ ਚੋਰੀ ਕਰਨ ਦਾ ਖਿਆਲ ਆਇਆ । ਸਰਾਂ ਵਿੱਚ ਉਸ ਨਾਲ ਠਹਿਰੇ ਦੂਜੇ ਆਦਮੀ ਵੀ ਉੱਥੇ ਇਕੱਠੇ ਹੋ ਗਏ ਤੇ ਗੱਲਾਂ ਕਰਨ ਲੱਗੇ।

ਪਹਿਲੇ ਆਦਮੀ ਨੇ ਕਿਹਾ, ‘ਘੋੜੇ ਨੂੰ ਅਸਤਬਲ ਦੇ ਬਾਹਰ ਬੰਨ੍ਹਣਾ ਕਿੰਨੀ ਵੱਡੀ ਮੂਰਖਤਾ ਹੈ।’

ਦੂਜਾ ਆਦਮੀ ਬੋਲਿਆ, ‘ਹੱਦ ਹੈ, ਘੋੜੇ ਦੇ ਅਗਲੇ ਪੈਰਾਂ ਨੂੰ ਬੰਨ੍ਹਿਆ ਜਾ ਸਕਦਾ ਸੀ।’

ਤੀਜੇ ਨੇ ਕਿਹਾ, ‘ਘੋੜੇ ਉੱਪਰ ਏਨੇ ਲੰਮੇ ਸਫਰ ‘ਤੇ ਨਿਕਲਣਾ ਹੀ ਨਾ-ਸਮਝੀ ਹੈ। ਚੌਥਾ ਬੋਲਿਆ, ‘ਕਮਜ਼ੋਰ ਤੇ ਆਲਸੀ ਲੋਕ ਹੀ ਸਵਾਰੀ ਲਈ ਘੋੜਾ ਰੱਖਦੇ ਹਨ।

ਮੁਸਾਫਰ ਨੂੰ ਬੜੀ ਹੈਰਾਨੀ ਹੋਈ, ਪ੍ਰੰਤੂ ਉਹ ਆਪਣੇ ਆਪ ਉੱਤੇ ਕਾਬੂ ਨਾ ਰੱਖ ਸਕਿਆ ਤੇ ਬੋਲਿਆ, ਭਰਾਵੋ! ਕਿਉਂਕਿ ਮੇਰਾ ਘੋੜਾ ਚੋਰੀ ਹੋ ਗਿਆ ਹੈ, ਇਸ ਲਈ ਤੁਸੀਂ ਸਾਰੇ ਮੇਰੀਆਂ ਗਲਤੀਆਂ ਤੇ ਕਮੀਆਂ ਦੱਸਣ ਲਈ ਉਤਾਵਲੇ ਹੋ। ਹੈਰਾਨੀ ਹੈ, ਘੋੜਾ ਚੁਰਾਉਣ ਵਾਲੇ ਆਦਮੀ ਦੇ ਗੈਰ-ਕਾਨੂੰਨੀ ਕੰਮ ਬਾਰੇ ਤੁਹਾਡੇ ਲੋਕਾਂ ਦੇ ਮੂੰਹੋਂ ਇਕ ਸ਼ਬਦ ਵੀ ਨਹੀਂ ਨਿਕਲਿਆ।’

ਸ੍ਰੋਤ:- ਮੇਰਾ ਆਗਾਜ਼

No comments:

Post a Comment