Friday, April 16, 2010

ਬੀਰ ਦਾ ਅਸਤੀਫਾ ਅਤੇ ਪੰਜਾਬ ਦੀ ਬਾਦਲ ਹਕੂਮਤ ਦਾ ਹੀਜ ਪਿਆਜ


ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਇੱਕ ਆਈ ਏ ਐੱਸ   ਅਫਸਰ ਜਸਬੀਰ ਸਿੰਘ ਬੀਰ ਜੋ ਇਸ ਸਮੇਂ ਜਨਰਲ ਐਡਮਿਸਟਰੇਸ਼ਨ ਦੇ ਸਕੱਤਰ ਲੱਗੇ ਹੋਏ ਹਨ ਨੇ ਮੰਗਲਵਾਰ (੧੩.੦੪ .੨੦੧੦) ਨੂੰ ਮੁੱਖ ਸਕੱਤਰ ਨੂੰ ਇੱਕ ਪੱਤਰ ਭੇਜਿਆ ਹੈ ।


ਪੱਤਰ ਵਿੱਚ ਬੀਰ ਨੇ ਸਪੱਸ਼ਟ ਸ਼ਬਦਾਂ ਵਿੱਚ ਇਹ ਨਹੀਂ ਲਿਖਿਆ ਕਿ ਉਹ ਕਿਸ ਘਟਨਾ ਤੋਂ ਏਨੇ ਦੁਖੀ ਹਨ ਕਿ ਸਮੇਂ ਤੋਂ ਪਹਿਲਾਂ ਸੇਵਾ ਮੁਕਤੀ ਵਰਗਾ ਕਦਮ ਉਠਾ ਰਹੇ ਹਨ ਪਰ ਜਾਣਕਾਰਾਂ ਦਾ ਮੰਨਣਾ ਹੈ ਕਿ ਉਹ ਗੈਰ ਕਾਨੂੰਨੀ ਤੌਰ ਤੇ ਚਲਣ ਵਾਲੀਆਂ ਏ ਸੀ ਬਸਾਂ ਨਾਲ ਜੁੜੇ ਮਾਫੀਆ ਦੀ ਭੇਂਟ ਚੜ੍ਹ ਗਏ ਹਨ । ਕਾਬਿਲੇ ਗੌਰ ਹੈ ਕਿ ਮੋਹਾਲੀ ਦੇ 3 ਬੀ ਇੱਕ ਵਿੱਚ ਖੜੀਆਂ ਹੋਣ ਵਾਲੀਆਂ ਬੱਸਾਂ ਨੂੰ ਹਟਾਣ ਲਈ ਉਨ੍ਹਾਂ ਨੇ ਪਟਿਆਲਾ ਮੰਡਲ ਦੇ ਕਮਿਸਨਰ ਵਜੋਂ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੇ ਅਜਿਹਾ ਕਰਨ ਤੇ ਸਿਰਫ ਦੋ ਘੰਟਿਆਂ ਵਿੱਚ ਉਨ੍ਹਾਂ ਦਾ ਤਬਾਦਲਾ ਜਨਰਲ ਐਡਮਿਸਟਰੇਸ਼ਨ ਵਿਭਾਗ ਵਿੱਚ ਕਰ ਦਿੱਤਾ ਗਿਆ ।


ਬੀਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਧਿਆਨ ਵਿੱਚ ਵੀ ਇਹ ਗੱਲ ਲਿਆਏ ਲੇਕਿਨ ਇੱਥੇ ਵੀ ਉਨ੍ਹਾਂ ਨੂੰ ਮਾਯੂਸ ਹੋਣਾ ਪਿਆ । ਬੀਰ ਨੇ ਆਪਣੇ ਇਸਤੀਫੇ ਵਿੱਚ ਸਾਫ਼ ਲਿਖਿਆ ਹੈ , ‘ਮੇਰੀ ਸਰਵਿਸ ਦੇ ਅੰਤਮ ਪੜਾਅ ਤੇ ਮੌਜੂਦਾ ਸਰਕਾਰ ਦੇ ਸ਼ਾਸਨ ਦੇ ਦੌਰਾਨ ਕੋਈ ਅਜਿਹੀ ਘੜੀ ਵੀ ਆਵੇਗੀ ਕਿ ਮੈਂ ਇੰਨਾ ਮਜਬੂਰ ਅਤੇ ਲਾਚਾਰ ਹੋ ਜਾਵਾਂਗਾ ਕਿ ਮੈਨੂੰ ਸਰਕਾਰੀ ਨੌਕਰੀ ਨੂੰ ਹੀ ਅਲਵਿਦਾ ਕਹਿਣਾ ਪਵੇਗਾ । ਇਹ ਮੈਨੂੰ ਚਿਤ ਚੇਤਾ ਵੀ ਨਹੀਂ ਸੀ । ਦੋ ਤਿੰਨ ਮਹੀਨੇ ਤੋਂ ਮੇਰੀ ਮਾਨਸਿਕ ਦਸ਼ਾ ਦੇ ਕਾਰਨਾ ਤੋਂ ਮੁੱਖਮੰਤਰੀ ਵਾਕਫ਼ ਹਨ । ਮੈਨੂੰ ਉਮੀਦ ਸੀ ਕਿ ਉਨ੍ਹਾਂ ਵਲੋਂ ਕੋਈ ਪਹਲਕਦਮੀ ਹੋਵੇਗੀ ਜਿਸ ਨਾਲ ਮੇਰਾ ਮਾਨਸਿਕ ਤਨਾਉ ਘਟੇਗਾ , ਲੇਕਿਨ ਕੁੱਝ ਨਹੀਂ ਹੋਇਆ । ਮੇਰੇ ਵਿੱਚ ਇੰਨੀ ਹਿੰਮਤ ਅਤੇ ਤਾਕਤ ਨਹੀਂ ਰਹੀ ਕਿ ਹੋਰ ਮਾਨਸਿਕ ਪੀਡ਼ਾ ਸਹਿ ਸਕੂੰ ਇਸ ਕਾਰਨ ਮੈਂ ਆਪਣੀ ਸੇਵਾ ਤੋਂ ਮੁਕਤ ਹੋਣ ਲਈ ਪ੍ਰੀਮੇਚਯੋਰ ਰਿਟਾਇਰਮੇਂਟ ਲੈ ਰਿਹਾ ਹਾਂ ਜਿਸਦੇ ਲਈ ਤਿੰਨ ਮਹੀਨੇ ਦਾ ਨੋਟਿਸ ਦੇ ਰਿਹਾ ਹਾਂ ।'


ਜਸਬੀਰ ਬੀਰ ਨੇ ਆਪਣੇ ਸੇਵਾ ਮੁਕਤੀ ਲਈ ਭੇਜੇ ਪੱਤਰ ਵਿੱਚ ਵਰਤਮਾਨ ਹਕੂਮਤ ਦੇ ਕਿਰਦਾਰ ਨੂੰ ਇਸ ਕਦਰ ਸਾਡੇ ਸਾਹਮਣੇ ਰੱਖਿਆ ਹੈ ਕਿ ਕੋਈ ਵੀ ਹਕੂਮਤ ਦੇ ਹੱਕ ਵਿੱਚ ਇੱਕ ਲਫਜ਼ ਵੀ ਬੋਲ ਸਕਣ ਦੀ ਜੁਰਅਤ ਨਹੀਂ ਕਰ ਸਕਦਾ। ਇਸ ਅਧਿਕਾਰੀ ਦੀ ਇਮਾਨਦਾਰੀ ਦੀ ਤਾਕਤ ਹੈ ਕਿ ਕਿਸੇ ਨੇ ਘਟੀਆ ਇਲਜਾਮ ਤਰਾਸੀ ਨਾਲ ਇਸ ਪੱਤਰ ਵਿੱਚ ਦਰਜ਼ ਟਿੱਪਣੀ ਦੀ ਅਹਿਮੀਅਤ ਨੂੰ ਗੰਦਲਾਉਣ ਦਾ ਯਤਨ ਨਹੀਂ ਕੀਤਾ।ਬੀਰ ਦਾ ਇਹ ਕਦਮ ਉਘੇ ਸਮਾਜ ਸੇਵੀ ਹਰਸ਼ ਮੰਦਰ ਦੀ ਯਾਦ ਦੁਆਉਂਦਾ ਹੈ ਜਿਸ ਨੇ ਗੁਜਰਾਤ ਦੇ ਖੂਨੀ ਕਾਂਡ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਇਮਾਨਦਾਰ ਅਫਸਰਾਂ ਦੀ ਲਾਚਾਰੀ ਨੂੰ ਸਾਹਮਣੇ ਲਿਆਂਦਾ ਸੀ । ਬੀਰ ਦੇ ਖੱਤ ਨੇ ਲੋਕਰਾਜ ਨੂੰ ਮਾਫੀਏ ਵਲੋਂ ਹਥਿਆ ਲੈਣ ਦੀ ਕੋਝੀ ਹਰਕਤ ਨੂੰ ਕਟਿਹਰੇ ਵਿੱਚ ਖੜਾ ਕੀਤਾ ਹੈ । ਇਹ ਘਟਨਾ ਇੱਕ ਆਮ ਖਬਰ ਦੇ ਤੌਰ ਤੇ ਆਈ ਗਈ ਨਹੀਂ ਕੀਤੀ ਜਾਣੀ ਚਾਹੀਦੀ ਸਗੋਂ ਹਕੂਮਤ ਨੂੰ ਮਾਫੀਆ ਮੁਕਤ ਕਰਾਉਣ ਲਈ ਲੋਕਰਾਏ ਲਾਮਬੰਦ ਕਰਨ ਲਈ ਟੂਕ ਦੇ ਤੌਰ ਤੇ ਅਪਨਾਉਣਾ ਚਾਹੀਦਾ ਹੈ ।



No comments:

Post a Comment