ਅਮਿੱਟ ਪੈੜਾਂ ਕਰਨ ਵਾਲੇ ਕਾਫਲੇ ਦਾ ਕਵੀ :ਜਗਤਾਰ !
ਸਿਆਲ ਮੁੱਕਿਆ ਨਹੀਂ ਤੇ ਇੱਕ ਇੱਕ ਕਰ ਕੇ ਤੁਰੇ ਜਾ ਰਹੇ ਹਨ ਪੰਜਾਬੀ ਸਾਹਿਤ ਦੇ ਹੀਰੇ.ਵਿਨੋਦ ,ਰਾਹੀ,ਧੀਰ ਤੇ ਅਣਖੀ ਤੇ ਹੁਣ ਜਗਤਾਰ ਹੁਰੀਂ ਚੱਲ ਗਏ. ਪਿਛਲੀ ਲਗਪਗ ਅੱਧੀ ਸਦੀ ਤੋਂ ਸਾਹਿਤ ਸਿਰਜਨਾ ਵਿੱਚ ਧੜੱਲੇ ਨਾਲ ਜੁਟਿਆ ਰਿਹਾ ਇਹ ਸ਼ਾਇਰ ਵੀ ਸਾਹਿਤਕ ਪਿੜ ਵਿੱਚ ਅਮਿੱਟ ਪੈੜਾਂ ਕਰਨ ਵਾਲੇ ਕਾਫਲੇ ਵਿੱਚ ਸ਼ਾਮਲ ਹੈ.ਜਗਤਾਰ ਦੀ ਅਭੁੱਲ ਗਜ਼ਲ ਕਾਲਜਾਂ,ਯੂਨੀਵਰਸਿਟੀਆਂ ਅਤੇ ਸਾਹਿਤਕ ਹਲਕਿਆਂ ਵਿੱਚ ਆਮ ਗੂੰਜਦੀ ਹੁੰਦੀ ਸੀ ਅਤੇ ਭਗਤ ਸਿੰਘ ਦੇ ਫੌਲਾਦੀ ਇਰਾਦਿਆਂ ਦੀ ਹਕੀਕਤ ਪੁੰਗਰਦੀ ਜਵਾਨੀ ਦੇ ਜਜ਼ਬਿਆਂ ਸੰਗ ਸੰਵਾਦ ਰਚਾ ਜਾਂਦੀ ਸੀ :
ਹਰ ਮੋੜ ‘ਤੇ ਸਲੀਬਾਂ, ਹਰ ਪੈਰ ‘ਤੇ ਹਨੇਰਾ।
ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ।
ਪੱਥਰ ‘ਤੇ ਨਕਸ਼ ਹਾਂ ਮੈਂ, ਮਿੱਟੀ ‘ਤੇ ਤਾਂ ਨਹੀਂ ਹਾਂ,
ਜਿੰਨਾ ਕਿਸੇ ਮਿਟਾਇਆ, ਹੁੰਦਾ ਗਿਆ ਡੁੰਘੇਰਾ।
ਕਿੰਨੀ ਕੁ ਦੇਰ ਆਖ਼ਿਰ, ਧਰਤੀ ਹਨੇਰ ਜਰਦੀ,
ਕਿੰਨੀ ਕੁ ਦੇਰ ਰਹਿੰਦਾ,ਖ਼ਾਮੋਸ਼ ਖ਼ੂਨ ਮੇਰਾ।
ਇਤਿਹਾਸ ਦੇ ਸਫ਼ੇ ‘ਤੇ, ਤੇ ਵਕਤ ਦੇ ਪਰਾਂ ‘ਤੇ,
ਉਂਗਲਾਂ ਡੁਬੋ ਕੇ ਲਹੂ ਵਿਚ, ਲਿਖਿਆ ਹੈ ਨਾਮ ਤੇਰਾ।
ਹਰ ਕਾਲ ਕੋਠੜੀ ਵਿਚ, ਤੇਰਾ ਹੈ ਜ਼ਿਕਰ ਏਦਾਂ,
ਗ਼ਾਰਾਂ ‘ਚ ਚਾਂਦਨੀ ਦਾ, ਹੋਵੇ ਜਿਵੇਂ ਬਸੇਰਾ।
ਆ ਆ ਕੇ ਯਾਦ ਤੇਰੀ, ਗ਼ਮਾਂ ਦਾ ਜੰਗਲ ਚੀਰੇ,
ਜੁਗਨੂੰ ਹੈ ਚੀਰ ਜਾਂਦਾ, ਜਿਉਂ ਰਾਤ ਦਾ ਹਨੇਰਾ।
ਪੈਰਾਂ ‘ਚ ਬੇੜੀਆਂ ਨੇ, ਨੱਚਦੇ ਨੇ ਲੋਕ ਫਿਰ ਵੀ,
ਕਿਉਂ ਵੇਖ ਵੇਖ ਉੱਡਦੈ, ਚਿਹਰੇ ਦਾ ਰੰਗ ਤੇਰਾ।
ਮੇਰੇ ਵੀ ਪੈਰ ਚੁੰਮ ਕੇ, ਇਕ ਦਿਨ ਕਹੇਗੀ ਬੇੜੀ,
ਸਦ ਸ਼ੁਕਰ ਹੈ ਕਿ ਆਇਆ, ਮਹਿਬੂਬ ਅੰਤ ਮੇਰਾ।
No comments:
Post a Comment