Friday, September 25, 2009

ਮਾਂ - ਸ਼ਮੀਲ

ਮਾਂ

ਬੀਬੀ ਮੈਨੂੰ ਅਕਾਸ਼ ਚੋਂ ਦੇਖਦੀ ਹੈ
ਮੈਨੂੰ ਥਿੜ੍ਹਕਣ ਤੋਂ ਬਚਾਈ ਰੱਖਦੀ ਹੈ

ਮੈਂ ਡੋਲ ਜਾਂਦਾ ਕਦੇ
ਜੀਵਨ ਦੀਆਂ ਬੇਯਕੀਨੀਆਂ ਤੋਂ
ਮਨ ਦੇ ਵੇਗਾਂ ਤੋਂ
ਜੀਅ ਕਰਦਾ ਹੈ ਗਰਕ ਜਾਵਾਂ
ਗਰਕਣ ਲੱਗਦਾਂ
ਤਾਂ ਉਹ ਮੈਨੂੰ ਰੋਕ ਲੈਂਦੀ ਹੈ
ਉਹ ਮੈਨੂੰ ਦੇਖਦੀ ਰਹਿੰਦੀ ਹੈ

ਜਿਊਂਦੀ ਸੀ ਤਾਂ ਚੋਰੀ ਕਰ ਸਕਦਾ ਸਾਂ
ਮਰਕੇ ਤਾਂ ਉਹ ਦੇਖ ਸਕਦੀ ਹੈ
ਅਕਾਸ਼ ਤੋਂ
ਹੁਣ ਮੈਂ ਉਸ ਤੋਂ ਚੋਰੀ ਨਹੀਂ ਕਰ ਸਕਦਾ
ਹਮੇਸ਼ਾ ਦੇਖਦੀ ਰਹਿੰਦੀ ਹੈ

ਦੇਖਦੇ ਤਾਂ ਦੇਵਤੇ ਵੀ ਹਨ
ਰੱਬ ਵੀ
ਪਰ ਉਨ੍ਹਾਂ ਨੂੰ ਮੈਂ ਪਛਾਣਦਾ ਨਹੀਂ
ਉਨ੍ਹਾਂ ਤੋਂ ਮੈਂ ਸੰਗਦਾ ਨਹੀਂ
ਅਸਮਾਨ ਵਿੱਚ
ਮੈਂ ਇਕੱਲੀ ਬੀਬੀ ਨੂੰ ਹੀ ਜਾਣਦਾਂ

ਪੂਰਾ ਅਸਮਾਨ ਮਾਵਾਂ ਨਾਲ ਭਰਿਆ ਹੈ
ਮਾਂ
ਮਾਂ ਦੀ ਮਾਂ
ਫੇਰ ਉਸ ਦੀ ਮਾਂ
ਅਨੰਤ ਤੱਕ ਮਾਵਾਂ ਹੀ ਮਾਵਾਂ ਹਨ
ਬੱਚਿਆਂ ਨੂੰ ਦੇਖ ਰਹੀਆਂ ਹਨ

ਪੁੱਤਰ ਗੁਨਾਹ ਕਰਦੇ ਹਨ
ਤਾਂ ਤੜਫਦੀਆਂ ਹਨ
ਦੁਖੀ ਹੁੰਦੀਆਂ ਹਨ
ਪੂਰਾ ਅਸਮਾਨ ਤੜਫਦਾ ਹੈ
ਅਨੰਤ ਤੱਕ

ਪੁੱਤਰ ਦੁਖੀ ਹੁੰਦੇ ਹਨ
ਤਾਂ ਦੁਖੀ ਹੁੰਦੀਆਂ ਹਨ
ਪੂਰਾ ਅਸਮਾਨ ਦੁਖ ਨਾਲ ਭਰ ਜਾਂਦਾ ਹੈ

ਦੁਖ ਉਹ ਸਾਰੇ ਨਾਲ ਲੈ ਗਈਆਂ
ਸਬਰ ਵਿੱਚ ਬੰਨ੍ਹ ਕੇ
ਤੰਗੀਆਂ ਦੇ
ਪਿਓਆਂ ਦੇ
ਘਰਾਂ ਦੇ
ਬੱਚਿਆਂ ਦੇ

ਪਿੱਛੇ ਅਰਦਾਸਾਂ ਛੱਡ ਗਈਆਂ
ਸੁਖਾਂ ਬਹੁਤ ਸਾਰੀਆਂ
ਜੋਤ ਵਾਲੇ ਆਲੇ
ਪਾਠ ਦੀਆਂ ਧੁਨਾਂ
ਧੂਫ, ਜੋ ਹਵਾ ਵਿੱਚ ਘੁਲ ਗਈ

ਮਾਵਾਂ ਵੀ ਅਜੀਬ ਦੇਵੀਆਂ ਨੇ
ਮੈਂ ਹੁਣ ਕੋਈ
ਹੇਰਾਫੇਰੀ ਨਹੀਂ ਕਰ ਸਕਦਾ
ਆਪਣੇ ਆਪ ਨਾਲ ਵੀ ਨਹੀਂ
ਸਭ ਦੇਖਦੀਆਂ ਹਨ

ਮੁੜ ਆਉਂਦਾ ਗੁਨਾਹਾਂ ਤੋਂ
ਗਲਤੀਆਂ ਠੀਕ ਕਰਦਾਂ
ਡਿਗਣ ਤੋਂ ਬਚਾਕੇ ਰੱਖਦਾਂ ਖੁਦ ਨੂੰ
ਬੀਬੀ ਮੈਨੂੰ ਦੇਖੀ ਜਾ ਰਹੀ ਹੈ
ਅਕਾਸ਼ ਤੋਂ
ਉਹ ਮੈਨੂੰ ਬਚਾਈ ਰੱਖਦੀ ਹੈ

No comments:

Post a Comment