Friday, September 25, 2009

ਕਾਮਰੇਡ ਵਧਾਵਾ ਰਾਮ

ਕਾਮਰੇਡ ਵਧਾਵਾ ਰਾਮ ਨੇ ੧੯੮੯ ਵਿਚ ਪੰਜਾਬ ਵਿਚ ਯੂ ਸੀ ਪੀ ਆਈ ਦੀ ਨੀਂਹ ਰੱਖੀ ਸੀ ਅਤੇ ਬੁਢਾਪੇ ਦੀ ਭਾਰੀ ਕਮਜੋਰੀ ਦੇ ਬਾਵਜੂਦ ਵੱਡਾ ਜੋਖਮ ਲੈ ਕੇ ਕਾਮਰੇਡ ਮੋਹਿਤ ਸੇਨ ,ਰਮੇਸ਼ ਸਿਨ੍ਹਾ ,ਸੁਖਿੰਦਰ ਧਾਲੀਵਾਲ ਅਤੇ ਹੋਰ ਅਨੇਕ ਸਾਥੀਆਂ ਨਾਲ ਮਿਲ ਕੇ ਇੱਕ ਨਵੀਂ ਪਾਰਟੀ ਬਣਾਉਣ ਲਈ ਤਮਿਲਨਾਡੂ ਨੂੰ ਤੁਰ ਪਏ ਜਿੱਥੇ ਸੇਲਮ ਵਿਚ ਕਾਨਫਰੰਸ ਰੱਖੀ ਗਈ ਸੀ (ਮਈ ੧੯੮੯)  । ਜਿਆਦਾ ਥਕਾਵਟ ਕਾਰਨ ਦਿਲ ਦੇ ਦੌਰੇ ਨਾਲ ਉਥੇ ਕਾਨਫਰੰਸ ਦੇ ਆਖਰੀ ਦਿਨ ਉਹਨਾ ਦੀ ਮੌਤ ਹੋ ਗਈ ਸੀ ਅਤੇ ਸੇਲਮ ਵਿਚ ਹੀ ਉਹਨਾ ਦਾ ਅੰਤਿਮ ਸਸਕਾਰ ਕਰ ਦਿਤਾ ਗਿਆ ਸੀ।ਅੱਜ ਵੀਹ ਸਾਲ ਬਾਅਦ ਉਹਨਾਂ ਦੀ ਸਮਝ ਦੀ ਤਾਰੀਫ਼ ਕਰਨੀ ਬਣਦੀ ਹੈ ਜਦੋਂ ਸੀ ਪੀ ਆਈ ਅਤੇ ਸੀ ਪੀ ਐਮ ਦੋਵੇਂ ਬੁਰੀ ਤਰ੍ਹਾਂ ਨਾਕਾਮ ਹੋ ਕੇ ਖਤਮ ਹੋਣ ਦੀ ਕਗਾਰ ਤੇ ਨਜਰ ਆ ਰਹੀਆਂ ਹਨ ।ਮਰਦੇ ਦਮ ਤੱਕ ਹਾਰ ਨਾ ਮੰਨਣ ਦੀ ਉਹਨਾਂ ਦੀ ਸਿਫਤ ਅੱਜ ਦੀ ਪੁੰਗਰਦੀ ਜਵਾਨੀ ਲਈ ਅਰਥਮਈ ਮਿਸਾਲ ਹੈ ਜਿਸ ਨੂੰ ਉਹਨਾਂ ਨੇ ਜੀਵਨ ਭਰ ਖੰਡੇ ਦੀ ਧਾਰ ਤੇ ਚਲਕੇ ਲਿਖਿਆ ਹੈ। ----




ਕਾਮਰੇਡ ਵਧਾਵਾ ਰਾਮ ਪੱਛਮੀ ਪੰਜਾਬ ਦੇ ਉਘੇ ਕਿਸਾਨ ਲੀਡਰ ਸਨ ।ਪੱਛਮੀ ਪੰਜਾਬ ਦੇ ਜਿਲਿਆਂ ਵਿਚ ਕਿਸਾਨ ਸਭਾ ਵਲੋਂ ਬਾਬਾ ਜਵਾਲਾ ਸਿੰਘ ਦੀ ਅਗਵਾਈ ਵਿਚ ਲੜੇ ਕਿਸਾਨ ਸੰਘਰਸ ਸਮੇ ਉਹ ਉਭਰ ਕੇ ਸਾਹਮਣੇ ਆਏ ਤੇ ਪਟਵਾਰ ਛੱਡ ਕੇ ਸਘੰਰਸ ਵਿਚ ਕੁਦ ਪਏ।ਵੰਡ ੳਪਰੰਤ ਉਧਰਲੇ ਕਿਸਾਨ ਮੁਜਾਰੇ ਜਿਲਾ ਫਿਰੋਜਪੁਰ ਅਤੇ ਫਾਜਲਿਕਾ ਇਲਾਕੇ ਵਿਚ ਆ ਆਬਾਦ ਹੋਏ।ਕਾਮਰੇਡ ਵਧਾਵਾ ਰਾਮ ਉਨ੍ਹਾਂ ਦੇ ਸਿਰਕੱਢ ਆਗੂ ਸਨ।ਲਾਲ ਕਮਿਊਨਿਸਟ ਪਾਰਟੀ ਬਣਨ ਸਮੇ ਉਹ ਇਸ ਦੇ ਆਗੂਆ ਵਿਚੋਂ ਸਨ।ਜਦੋਂ ਹੋਰਨਾ ਲੀਡਰਾ ਦੇ ਵਰੰਟ ਨਿਕਲੇ ਉਹ ਗ੍ਰਿਫਤਾਰ ਕਰਕੇ ਲੁਧਿਆਣਾ ਜੇਲ ਭੇਜ ਦਿਤੇ। ੳਥੇ ਪਹਿਲਾ ਹੀ ਕਈ ਕਮਿਊਨਿਸਟ ਤੇ ਲਾਲ ਕਮਿਊਨਿਸਟ ਨਜਰਬੰਦ ਸਨ।ਉਸ ਸਮੇ ਸਮੁਚੀ ਕਮਿਊਨਿਸਟ ਲਹਿਰ ਖੱਬੇ ਪੱਖ ਵਲ ਉਲਾਰ ਸੀ।ਕਮਿਊਨਿਸਟ ਲੀਡਰਾਂ ਨੂੰ ਗਲਤ ਫਹਿਮੀ ਸੀ ਕਿ ਇਨਕਲਾਬ ਕਿਤੇ ਨੇੜੇ ਹੀ ਹੈ।ਉਸ ਨੂੰ ਧੂਹ ਕੇ ਲਿਆਉਣ ਦੀ ਲੋੜ ਹੈ।ਇਸ ਲਈ ਜੇਲ੍ਹਾਂ ਵਿਚ ਰਹਿਣ ਦੇ ਕੋਈ ਅਰਥ ਨਹੀ। ਇਸ ਲਈ ਜੇਲ੍ਹ ਤੋੜ ਕੇ ਬਾਹਰ ਨਿਕਲਣ ਦਾ ਮਤਾ ਪਕਾ ਲਿਆ।ਸੋਚ ਵਿਚਾਰ ਪਿਛੋ ਇਹ ਫੈਸਲਾ ਹੋਇਆ ਕਿ ਜਿਨਾ ਸਾਥੀਆਂ ਦੇ ਨਾ ਕੋਈ ਜਮੀਨ ਜਾਇਦਾਦ ਨਹੀ ਉਹ ਜੇਲ ਤੋੜ ਕੇ ਬਾਹਰ ਚਲੇ ਜਾਣ। ਅਜਿਹੇ ਤਿੰਨ ਸਾਥੀ ਕਾਮਰੇਡ ਗੁਰਚਰਨ ਸਿੰਘ ਰੰਧਾਵਾ,ਕਾਮਰੇਡ ਵਧਾਵਾ ਰਾਮ,ਕਾਮਰੇਡ ਰਾਜਿੰਦਰ ਸਿੰਘ ਸਰੀਂਹ ਸਨ। ਇਨ੍ਹਾਂ ਨੇ ਭਜਣ ਦਾ ਫੈਸਲਾ ਕਰ ਲਿਆ।ਇਨਾ ਨੇ ਇਸ ਕੰਮ ਲਈ ਆਪਣੀ ਕੋਠੜੀ ਵਿਚੋ ਸੁਰੰਗ ਪੁੱਟਣ ਦਾ ਫੈਸਲਾ ਕੀਤਾ। ਇਸ ਕੰਮ ਲਈ ਔਜਾਰ ਪ੍ਰਾਪਤ ਕਰਨ ਲਈ ਉਨਾ ਨੇ ਭਲਵਾਨੀ ਕਰਨ ਦਾ ਢੌਗ ਰਚਿਆ ਅਤੇ ਅਖਾੜਾ ਪੁਟਣ ਲਈ ਰੰਬੇ ਤੇ ਖੁਰਪੀਆਂ ਇਕਠੇ ਕਰ ਲਏ।ਦਿਖਾਵੇ ਲਈ ਕੋਠੜੀ ਦੇ ਬਾਹਰ ਅਖਾੜਾ ਪੁੱਟ ਲਿਆ।ਇਹ ਸਾਥੀ ਦਿਨ ਸਮੇ ਸੌਦੇ ਸਨ ਤੇ ਰਾਤ ਸਮੇ ਜਾਗਦੇ।ਪਹਿਰੇਦਰਾਂ ਤੋ ਬਚਣ ਲਈ ਦੋ ਜਣੇ ਸੀਖਾਂ ਮੁਹਰੇ ਖੜਦੇ ਤੇ ਇਕ ਸੁਰੰਗ ਵਿਚ ਵੜ ਕੇ ਸੁਰੰਗ ਪੁਟਦਾ।ਪਹਿਰੇਦਰਾਂ ਦੇ ਜਾਣ ਉਪਰੰਤ ਸੁਰੰਗ ਵਿਚੋ ਕੱਢੀ ਮਿੱਟੀ ਸੀਖਾਂ ਰਾਹੀਂ ਅਖਾੜੇ ਵਿਚ ਸੁਟ ਦਿੰਦੇ ।ਇਕ ਤਪਾਈ ਉਪਰ ਕਪੜਾ ਰੱਖ ਕੇ ਉਤੋਂ ਮਿੱਟੀ ਜਮਾ ਕੇ ਕੰਮ ਖਤਮ ਕਰ ਦਿੰਦੇ ।ਇਹ ਕੰਮ ਕਈ ਦਿਨ ਚਲਦਾ ਰਿਹਾ ਤੇ ਅਖੀਰ ਤਿੰਨ ਜਣੇ ਇਸ ਸੁਰੰਗ ਰਾਹੀ ਜੇਲ਼ ਤੋ ਬਾਹਰ ਚਲੇ ਗਏ।ਇਨਾ ਸਾਥੀਆਂ ਦਾ ਬਾਹਰਲੇ ਸਾਥੀਆ ਨਾਲ ਪੂਰਾ ਤਾਲਮੇਲ ਸੀ।ਸਾਥੀ ਰੰਧਾਵਾ ਤੇ ਸਾਥੀ ਸਰੀਂਹ ਦੁਆਬੇ ਦੇ ਰਹਿਣ ਵਾਲੇ ਸਨ।ਇਸ ਲਈ ਫੈਸਲਾ ਹੋਇਆ ਕਿ ਇਹ ਸਾਥੀ ਦੁਆਬੇ ਦੀ ਥਾਂ ਮਾਲਵੇ ਵਲ ਭੱਜਣ ਤੇ ਕਾਮਰੇਡ ਵਧਾਵਾ ਰਾਮ ਵੀ ਉਹਨਾ ਨਾਲ ਜਾਵੇ।ਬਾਹਰਲੇ ਸਾਥੀਆਂ ਨੇ ਇਨਾ ਸਾਥੀਆਂ ਦੇ ਜੇਲ੍ਹ ਵਿਚੋ ਨਿਕਲਣ ਸਾਰ ਚੁੱਕ ਕੇ ਲਿਜਾਣ ਦਾ ਪ੍ਰਬੰਧ ਕੀਤਾ ਸੀ ਇਕ ਕਾਰ ਲਿਜਾਣ ਲਈ ਤੇ ਕੁਛ ਹਥਿਆਰਬੰਦ ਸਾਥੀ ਉਸ ਨਾਲ ਲਾਏ ਗਏ ਸਨ,ਪ੍ਰੰਤੂ ਭੱਜ ਨਠ ਕਾਰਣ ਦੋਹਾਂ ਦਾ ਆਪਸੀ ਮੇਲ ਨਾ ਹੋ ਸਕਿਆ।ਇਹ ਤਿੰਨੇ ਸਾਥੀ ਉਸ ਸਮੇ ਨੌਜਵਾਨ ਸਨ ਤੇ ਸਰੀਰ ਪੱਖੋਂ ਤਕੜੇ ਸਨ, ਪੈਦਲ ਹੀ ਮਾਲਵੇ ਵੱਲ ਭੱਜ ਤੁਰੇ ,ਦਿਨ ਚੜਨ ਤੋ ਪਹਿਲਾਂ ਜਗਰਾਵੀਂ ਪੁਜ ਗਏ।ੳਥੇ ਇਕ ਮਾਸਟਰ ਦੇ ਘਰ ਜਿਹੜਾ ਸੀ.ਪੀ .ਆਈ ਦਾ ਹਮਦਰਦ ਸੀ ਪਨਾਹ ਲੈ ਲਈ ਤੇ ਹੁਲੀਏ ਚੇਂਜ ਕੀਤੇ।ਉਸ ਸਵੇਰ ਦੇ ਅਖਬਾਰਾਂ ਵਿਚ ਇਹ ਗੱਲ ਆ ਗਈ ਤੇ ਬੱਚੇ ਬੱਚੇ ਦੀ ਮੂੰਹ ਤੇ ਜੇਲ੍ਹ ਤੋੜਣ ਦੀ ਗੱਲ ਸੀ॥ਪਾਰਟੀ ਸਾਥੀ ਤੇ ਹਮਦਰਦ ਪੂਰੇ ਉਤਸ਼ਾਹ ਤੇ ਜੋਸ਼ ਵਿਚ ਸਨ।ਰੰਧਾਵਾ ਜੀ ਦੱਸਿਆ ਕਰਦੇ ਸਨ ਕਿ ਉਸ ਘਰ ਦੀ ਬੀਬੀ ਨੇ ਉਨਾ ਦੀ ਬਹੁਤ ਉਤਸ਼ਾਹ ਨਾਲ ਸੇਵਾ ਕੀਤੀ। ਇਥੋ ਤੁਰ ਕਿ ੳਹ ਪਿੰਡ ਬੁੱਟਰ ਪੁਜ ਗਏ।ਇਥੇ ਕਾਮਰੇਡ ਰਾਜਿੰਦਰ ਸਿੰਘ ਸਰੀਂਹ ਦੇ ਨਾਨਕੇ ਸਨ ,ਇਥੇ ਇਨਾ ਦਾ ਮਾਮਾ ਜਾਂ ਮਾਮੇ ਦਾ ਪੁਤ ਲੱਠ ਮਾਰ ਤੇ ਪੁਲਿਸ ਨਾਲ ਤਾਲਮੇਲ ਰੱਖਣ ਵਾਲਾ ਸੀ।ਉਹ ਕਹਿਣ ਲੱਗਾ ਕੋਈ ਗਲ ਨੀ ਮੁੰਡਿਆਂ ਨੇ ਗਲਤੀ ਕਰ ਲਈ ਸਵੇਰੇ ਉਨਾ ਨੂੰ ਥਾਣੇ ਛੱਡ ਆਵਾਂਗੇ । ਇਹ ਸੁਣ ਕਿ ਸਾਥੀ ਘਬਰਾ ਗਏ ।ਰੋਟੀ ਖਾਣ ਉਪ੍ਰੰਤ ਉਹ ਤਰੁੰਤ ਤੁਰ ਪਏ ਤੇ ਪਿੰਡ ਬਿਲਾਸਪੁਰ ਪੁਹੰਚ ਗਏ,ਜਿਹੜਾ ਉਸ ਸਮੇ ਕਮਿਊਨਿਸਟ ਲਹਿਰ ਦਾ ਗੜ੍ਹ ਸੀ।ੳਥੇ ਕੁਝ ਸਮਾ ਕਾਮਰੇਡ ਹਰਨਾਮ ਸਿੰਘ ਦੇ ਘਰ ਰਹੇ।ਤੇ ਫਿਰ ਕਾਮਰੇਡ ਤੀਰਥ ਸਿੰਘ ਉਹਨਾ ਨੂੰ ਪੈਂਪਸੂ ਦੇ ਮੁਜਾਰੇ ਪਿੰਡਾਂ ਵਿਚ ਛੱਡ ਆਏ।ਇਥੇ ਕੁਝ ਸਮਾ ਗਜਾਰਨ ਉਪਰੰਤ ਕਾਮਰੇਡ ਵਧਾਵਾ ਰਾਮ ਤੇ ਕਾਮਰੇਡ ਸਰੀਂਹ ਨੂੰ ਹੋਰ ਥਾਂ ਕੰਮ ਲਈ ਭੇਜ ਦਿਤਾ ਗਿਆ। ਪਿੰਡ ਬੱਪੀਆਣਾ ਇਲਾਕਾ ਮਾਨਸਾ ਵਿਚ ਇਕ ਰਾਤ ਕੱਟਣ ਲਈ ਜਾ ਵੜਿਆ,ਗਰਮੀਆ ਦੇ ਮੌਸਮ ਵਿਚ ਸਾਥੀ ਦਾ ਘਰ ਭੀੜਾ ਸੀ ਉਸ ਨੇ ਗੁਪਤ ਕੰਮ ਦੀ ਉਲਘੰਣਾ ਕਰਕੇ ਕਾਮਰੇਡ ਵਧਾਵਾ ਰਾਮ ਨੂੰ ਗਲੀ ਵਿਚ ਪਾ ਦਿਤਾ।ਰਾਤ ਸਮੇ ਅਚਾਨਕ ਪੁਲਿਸ ਕਿਸੇ ਹੋਰ ਕੰਮ ਪਿੰਡ ਵਿਚ ਆਈ,ਪ੍ਰੰਤੂ ਕਾਮਰੇਡ ਨੇ ਸਮਝਿਆ ਉਹਦੇ ਲਈ ਆਈ ਹੈ।ਉਹ ਉਠ ਕਿ ਭੱਜ ਤੁਰਿਆ। ਪੁਲਿਸ ਨੂੰ ਸੱਕ ਪੈ ਗਿਆ।ਉਹਨਾ ੳਹਨੂੰ ਫੜ ਲਿਆ ਤੇ ਉਹਦੀ ਕੁੱਟ-ਮਾਰ ਕੀਤੀ। ਉਹਦੀ ਬੋਲੀ ਸੁਣ ਕਿ ਸ਼ੱਕ ਪੱਕੀ ਹੋ ਗਈ ।ਉਹਨਾ ਨੇ ਉਸ ਨੂੜ ਕਿ ਪਿੰਡ ਦੀ ਧਰਮਸ਼ਾਲਾ ਵਿਚ ਬਿਠਾ ਦਿਤਾ।ਇਥੋ ਕੁਝ ਕਿਲੋਮੀਟਰ ਦੂਰ ਪਿੰਡ ਦਲੇਲ ਸਿੰਘ ਵਾਲਾ ਵਿਖੇ ਪਾਰਟੀ ਦਾ ਪੱਕਾ ਅੱਡਾ ਸੀ ਉਥੇ ਲੀਡਰਸ਼ਿਪ ਦਾ ਕੋਈ ਨਾ ਕੋਈ ਆਗੂ ਤੇ ਵਲੰਟੀਅਰ ਸਾਥੀ ਹਰ ਸਮੇ ਰਹਿੰਦੇ ਸਨ।ਇਹ ਖਬਰ ਉਥੇ ਉਹਨਾ ਨੂੰ ਪਹੁੰਚਾਈ ਗਈ।ਉਸ ਦਿਨ ਕਾਮਰੇਡ ਤੇਜਾ ਸਿੰਘ ਸੁਤੰਤਰ ਉਥੇ ਹਾਜਰ ਸਨ।ਉਹਨਾ ਨੇ ਤੁਰੰਤ ਵਲੰਟੀਅਰਾਂ ਨੂੰ ਇਕਠੇ ਕੀਤਾ,ਆਪ ਉਹਨਾ ਦੀ ਅਗਵਾਈ ਕਰਕੇ ਬੱਪੀਆਣਾ ਵੱਲ ਤੁਰ ਪਏ।ਉਸ ਸਮੇ ਧਰਮਸ਼ਾਲਾ ਦਾ ਆਲਾ ਦੁਆਲਾ ਦੇਖਿਆ ਗਿਆ।ਪੁਲਿਸ ਵਾਲੇ ਜਾਗ ਰਹੇ ਸਨ ਤੇ ਚੌਕਸ ਸਨ।ਹਾਲਤ ਦਾ ਜਾਇਜਾ ਲਿਆ ਉਥੇ ਹਮਲਾ ਕਰਨਾ ਠੀਕ ਨਹੀਂ ਸੀ।ਗੋਲੀ ਚਲਨ ਨਾਲ ਦੋਹਾ ਧਿਰਾ ਦਾ ਨੁਕਸਾਨ ਹੋ ਸਕਦਾ ਸੀ।ਸੰਭਵ ਇਹ ਵੀ ਸੀ ਕਿ ਕੋਈ ਗੋਲੀ ਸਾਥੀ ਵਧਾਵਾ ਰਾਮ ਦੇ ਲੱਗ ਸਕਦੀ ਸੀ।ਗਰਨੇਡ ਆਦਿ ਦੀ ਵਰਤੋ ਨਾਲ ਵੀ ਸਾਥੀ ਦਾ ਨੁਕਸਾਨ ਹੋ ਸਕਦਾ ਸੀ ਇਸ ਲਈ ਹਮਲਾ ਨਾ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਮਜਬੂਰਨ ਕਾਮਰੇਡ ਤੇਜਾ ਸਿੰਘ ਸੁਤੰਤਰ ਤੇ ਵਲੰਟੀਅਰਾ ਨੂੰ ਖਾਲੀ ਹੱਥ ਮੁੜਨਾ ਪਿਆ ਤੇ ਉਹ ਪੁਹ-ਫੁਟਾਲੇ ਨਾਲ ਹੀ ਪਿੰਡ ਪੁੱਜ ਸਕੇ।ਕਾਮਰੇਡ ਵਧਾਵਾ ਰਾਮ ਨੂੰ ਜੇਲ੍ਹ ਤੋੜਨ ਕਾਰਨ ਸਜਾ ਹੋ ਗਈ । 1952 ਦੀਆ ਇਲੈਂਕਸ਼ਨਾ ਵਿਚ ਉਹ ਫਾਜਲਿਕਾ ਹਲਕੇ ਤੋਂ ਅਸੰਬਲੀ ਚੋਣ ਜਿਤ ਕਿ ਅਸੰਬਲੀ ਵਿਚ ਜਾ ਕੇ ਡਟ ਕੇ ਲੋਕਾਂ ਦੇ ਹਿਤਾਂ ਵਿਚ ਸੰਘਰਸ ਕੀਤਾ ।ਅੱਜ ਸਾਥੀ ਵਧਾਵਾ ਰਾਮ ਸਾਡੇ ਵਿਚ ਨਹੀ ,ਪ੍ਰੰਤੂ ਉਹਦੀਆ ਯਾਦਾਂ ਸਾਡੇ ਮਨਾ ਵਿਚ ਕਾਇਮ ਹਨ। ਲੇਖਕ: ਸਰਜੀਤ ਸਿੰਘ ਗਿੱਲ



No comments:

Post a Comment