Thursday, May 10, 2012

ਕਾਮਰੇਡਾਂ ਨੂੰ ਕਮਿਊਨਿਸਟ ਬਣੇ ਰਹਿਣ ਦੀ ਲੋੜ ਨਹੀਂ - ਪ੍ਰੋ. ਭਗਵਾਨ ਜੋਸ਼ (ਜਵਾਹਰ ਲਾਲ ਨਹਿਰੂ ਯੂਨੀਵਰਸਿਟੀ)


'ਰੂਸੀ ਬਲਾਕ ਦਾ ਢੈਅ-ਢੇਰੀ ਹੋਣਾ ਇਤਿਹਾਸਕ ਵਿਸਫੋਟ ਤੋਂ ਘੱਟ ਨਹੀਂ ਸੀ ਮਾਰਕਸਵਾਦ ਦੀ ਚਮਕ-ਦਮਕ ਹੀ ਮੱਧਮ ਨਹੀਂ ਪਈ, ਇਸ ਵਿਸਫੋਟ ਨਾਲ ਕਮਿਊਨਿਸਟ ਪਾਰਟੀਆਂ ਦੇ ਬੇਸਿਕ 'ਢਾਂਚੇ-ਤੰਤਰ' ਉੱਤੇ ਵੀ ਪ੍ਰਸ਼ਨ-ਚਿੰਨ੍ਹ ਲੱਗ ਚੁੱਕਾ ਹੈ ਮੁੱਖ ਮੁੱਦੇ ਤੇ ਸੁਆਲ ਉਹ ਨਹੀਂ ਰਹੇ ਜੋ 'ਰੂਸੀ ਬਲਾਕ ' ਦੇ ਪਸਤ ਹੋਣ ਤੋਂ ਪਹਿਲਾਂ ਹੁੰਦੇ ਸਨ ਅੱਜ ਸਮੁੱਚਾ ਸੰਸਾਰ ਬਦਲ ਗਿਆ ਹੈ ਤੇ ਮਾਨਵਤਾ ਅੱਗੇ ਪੁਰਾਣੀਆਂ ਮੁਸ਼ਕਲਾਂ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਘੁੰਡੀਆਂ ਉੱਠ ਖੜੀਆਂ ਹਨ
  ਭਾਰਤ ਦੇ ਸਬੰਧ ਵਿੱਚ ਮੁੱਖ ਸਵਾਲ ਇਹ ਹੈ :- ਕੀ ਡੈਮੋਕ੍ਰੈਟਿਕ ਸਿਆਸੀ ਪ੍ਰਬੰਧ ਦੇ ਅਧੀਨ ਕਿਸੇ ਅਜਿਹੀ ਪਾਰਟੀ ਦਾ ਭਵਿੱਖ ਉੱਜਲਾ ਹੋ ਸਕਦਾ ਹੈ ਜੋ ਆਪਣੇ ਆਪ ਨੂੰ ਕਮਿਊਨਿਸਟ ਕਹਿੰਦੀ ਹੈ ?
  ਅੱਜ ਭਾਰਤ ਵਿੱਚ ਜੋ ਕਮਿਊਨਿਸਟ ਪਾਰਟੀਆਂ ਬਣੀਆਂ ਹੋਈਆਂ ਹਨ, ਉਹ ਸਭ ਉਸ ਪਾਰਟੀ ਦੀ ਰਹਿੰਦ-ਖੂੰਹਦ ਹਨ ਜਿਸ ਦੀ ੧੯੨੦-੨੫ ਦੌਰਾਨ ਕਲਪਨਾ ਕੀਤੀ ਗਈ ਸੀ ,ਪਰ ਬਣਨੀ ਉਹ ੧੯੨੮ ਤੋਂ ਬਾਅਦ ਹੀ ਸ਼ੁਰੂ ਹੋਈ ਸੀ ਉਸ ਵੇਲੇ ਅਜਿਹੇ ਲੈਨਿਨੀ ਢਾਂਚੇ-ਤੰਤਰ ਵਾਲੀ ਪਾਰਟੀ ਇਸ ਲਈ ਸੰਕਲਪੀ ਗਈ ਸੀ ਕਿਉਂਕਿ ਤੀਜੀ ਕੌਮਾਤਰੀ ਨੂੰ ਇਹ ਯਕੀਨ ਸੀ ਕਿ 'ਸੰਸਾਰ ਇਨਕਲਾਬ' ਬੱਸ ਕੁੱਝ ਹੀ ਸਾਲਾਂ ਦੀ ਦੂਰੀ ਤੇ ਹੈ ਸੰਸਾਰ ਇਨਕਲਾਬ ਤਾਂ ਨਾ ਆਇਆ ਪਰ ਉਸ ਲਈ ਤਿਆਰ ਕੀਤਾ ਜਾਣ ਵਾਲਾ ਪਾਰਟੀ ਦਾ 'ਢਾਂਚਾ-ਤੰਤਰ' ਜਿਉਂ ਦਾ ਤਿਉਂ ਬਣਿਆ ਰਿਹਾ ਤੇ ਵਿਗੜੇ ਹੋਏ ਰੂਪ ਵਿੱਚ ਅੱਜ ਵੀ ਚਲ ਰਿਹਾ ਹੈ
 ਅੱਜ ਜੇਕਰ ਸਮੁੱਚੇ ਸੰਸਾਰ ਵਿਚ ਡੈਮੋਕ੍ਰੈਟਿਕ ਮੁਲਕਾਂ ਦੀ ਸਿਆਸਤ ਨੂੰ ਨੀਝ ਨਾਲ ਤੱਕਿਆ ਜਾਵੇ ਤਾਂ ਪਤਾ ਲੱਗੇਗਾ ਇਸ ਪ੍ਰਬੰਧ ਵਿਚ ਚਾਰ ਤਰ੍ਹਾਂ ਦੀਆਂ ਸਿਆਸੀ ਧਰਾਵਾਂ ਨੂੰ ਉਭਾਰਨ ਦੀ ਸੰਭਾਵਨਾ ਹੁੰਦੀ ਹੈ ਜੋ ਕਿ ਇਕ ਦੂਸਰੀ ਨਾਲ ਅੰਤਰ-ਸੰਬੰਧਿਤ ਹੁੰਦੀਆਂ ਹੋਈਆਂ ਵੀ ਵੱਖਰੋ-ਵੱਖਰਾ ਵਜੂਦ ਰੱਖਦੀਆਂ ਹਨ ਇਨਾਂ ਚਾਰ ਸਿਆਸੀ ਧਾਰਾਵਾਂ ਨੁੰ ਇਸ ਪ੍ਰਕਾਰ ਦਰਸਾਇਆ ਜਾ ਸਕਦਾ ਹੈ
ਅੱਤ ਲੈਫਟ.... ਸੈਂਟਰ ਲੈਫਟ****ਸੈਂਟਰ***ਸੈਂਟਰ ਰਾਈਟ........ਅੱਤ-ਰਾਈਟ
   ਇਨਾਂ ਚਾਰਾਂ ਵਿੱਚੋਂ ਦੋ ਸਿਆਸੀ ਧਾਰਾਵਾਂ , ਅੱਤ-ਲੈਫਟ ਵਿੰਗ ਤੇ ਅੱਤ-ਰਾਈਟ ਵਿੰਗ ਦਾ ਕੰਮ ਕੇਵਲ ਦੂਸਰੀਆਂ ਦੋ ਸਿਆਸੀ ਧਾਰਾਵਾਂ ਨੂੰ ਪ੍ਰਭਾਵਿਤ ਕਰਨਾ ਹੀ ਹੁੰਦਾ ਹੈ ਡੈਮੋਕ੍ਰੇਟਿਕ ਪ੍ਰਬੰਧ ਅਧੀਨ ਇਹਨਾਂ ਦੋਵੇਂ ਅੱਤ-ਧਾਰਾਵਾਂ ਦਾ ਕੇਂਦਰ ਨਾਲ ਲਿੰਕ ਕੇਵਲ ਸੈਂਟਰ-ਲੈਫਟ ਜਾਂ ਸੈਂਟਰ ਰਾਈਟ ਸਿਆਸਤ ਤੇ ਵਿਚਾਰ ਧਾਰਾਵਾਂ ਰਾਹੀਂ ਹੀ  ਜੁੜਦਾ ਹੈ ਇਹ ਦੋਵੇਂ ਅੱਤ-ਧਾਰਾਵਾਂ ਕਦੀ ਵੀ ਆਪਣੇ ਆਪ ਵਿੱਚ ਬਹੁ-ਮਤ ਹਾਸਿਲ ਨਹੀਂ ਕਰ ਸਕਦੀਆਂ ਡੈਮੋਕ੍ਰੈਟਿਕ ਤੰਤਰ ਵਿਚ ਇਹ ਸਾਰੀਆਂ ਧਾਰਾਵਾਂ ਕੇਂਦਰ ਨਾਲ ਜੁੜੀਆਂ ਹੁੰਦੀਆਂ ਹਨ ਇਹ ਕੇਂਦਰ ਹੀ ਸਮੁੱਚੀ ਕੌਮੀ ਸਿਆਸਤ ਦੀ ਮੁੱਖ ਧਾਰਾ ਹੁੰਦਾ ਹੈ ਤੇ ਇਧਰ ਉਧਰ ਸ਼ਿਫਟ ਹੁੰਦਾ ਰਹਿੰਦਾ ਹੈ ਕੌਮ ਦੀ ਬਹੁ-ਸੰਮਤੀ ਦੀ ਚੇਤਨਤਾ ਵੀ ਇਸ ਦੇ ਆਲੇ-ਦੁਆਲੇ ਘੁੰਮਦੀ ਰਹਿੰਦੀ ਹੈ ਇਸ ਕੇਂਦਰ ਨਾਲ ਜੁੜੀਆਂ ਦੋ ਧਾਰਾਵਾਂ , ਸੈਂਟਰ-ਲੈਫਟ ਤੇ ਸੈਂਟਰ-ਰਾਈਟ ਹੀ ਕੌਮੀ ਚੋਣਾਂ ਵਿਚ ਬਹੁ-ਮਤ ਹਾਸਿਲ ਕਰਨ ਦੀ ਸੰਭਾਵਨਾ ਰੱਖਦੀਆਂ ਹਨਇਹਨਾਂ ਦੋਵੇਂ ਧਾਰਾਵਾਂ ਵਿੱਚੋਂ ਕੇਵਲ ਇਕ ਹੀ ਜਾਂ ਤਾਂ ਆਪਣੇ ਆਪ ਦੇ ਬਲ-ਬੁੱਤੇ ਉਪਰ ਜਾਂ ਜੋੜ ਤੋੜ ਕਰ ਕੇ ਸਰਕਾਰ ਬਨਾਉਣ ਤੇ ਚਲਾਉਣ ਦੀ ਯੋਗ ਹੋ ਸਕਦੀ ਹੈ
    ਅਜਿਹੇ ਡੈਮੋਕ੍ਰੈਟਿਕ ਪ੍ਰਬੰਧ ਅਧੀਨ ਕਮਿਊਨਿਸਟ ਪਾਰਟੀ ਜਾਂ ਪਾਰਟੀਆਂ ਕਦੀ ਵੀ ਬਹੁ-ਮਤ ਹਾਸਿਲ ਨਹੀਂ ਕਰ ਸਕਦੀਆਂ , ਉਹ ਕੇਵਲ ਮੁੱਦਿਆਂ ਦਾ ਪਰਚਾਰ ਕਰਦੀਆਂ ਰਹਿ ਸਕਦੀਆਂ ਹਨ ਉਹ ਸੋਚਦੀਆਂ ਹਨ ਕਿ ਅਸੀਂ ਲੋਕਾਂ ਦੀਆਂ ਸਮੱਸਿਆਵਾਂ ਦੀ ਆਵਾਜ਼ ਹਾਂ , ਪਰ ਲੋਕ ਵੋਟ ਉਹਨਾਂ ਨੂੰ ਨਹੀਂ , ਵਧੇਰੇ ਕਰ ਕੇ ਸੈਂਟਰ-ਲੈਫਟ ਜਾਂ ਸੈਂਟਰ-ਰਾਈਟ ਪਾਰਟੀ ਨੂੰ ਦਿੰਦੇ ਹਨ ਇਵੇਂ ਇਹ ਪਾਰਟੀਆਂ ਲੋਕਾਂ ਦੀਆਂ ਸੱਮਸਿਆਵਾਂ ਦੀਆਂ ਢੰਢੋਰਚੀ ਬਣ ਕੇ ਰਹਿ ਜਾਂਦੀਆਂ ਹਨ ਪਰ ਲੋਕਾਂ ਦੇ ਵਿਸ਼ਵਾਸ਼ ਦਾ ਪਾਤਰ ਨਹੀਂ ਬਣ ਸਕਦੀਆਂ ਪੀ. ਸੀ. ਜੋਸ਼ੀ ਆਖਦਾ ਹੁੰਦਾ ਸੀ : ਮਜ਼ਦੂਰ ਆਪਣੀਆਂ ਤਨਖਾਹਾਂ ਅਤੇ ਹੋਰ ਸੁਵਿਧਾਵਾਂ ਦਾ ਹੱਲ ਕਮਿਊਨਿਸਟ ਲੀਡਰਸ਼ਿਪ ਰਾਹੀਂ ਢੂੰਡਦੇ ਹਨ , ਪਰ ਵੋਟ ਵਧੇਰੇ ਕਰ ਕੇ ਕਾਂਗਰਸ ਨੂੰ ਪਾਉਂਦੇ ਹਨ
     ਸੁਆਲ ਪੈਦਾ ਹੁੰਦਾ ਹੈ , ਜੇ ਕਰ ਸਾਰੇ ਸਨਅਤੀ ਮਜ਼ਦੂਰ ਵੀ ਕਮਿਊਨਿਸਟਾਂ ਨੂੰ ਵੋਟ ਪਾ ਦੇਣ ਤਾਂ ਵੀ ਇਸ ਪ੍ਰਬੰਧ ਹੇਠ ਜਿੱਤ ਕਮਿਊਨਿਸਟ ਪਾਰਟੀ ਦੀ ਨਹੀਂ ਹੋ ਸਕਦੀ ਉਹ ਕੌਮ ਦੀ ਬਹੁ-ਸੰਮਤੀ ਦੀ ਪਾਰਟੀ /ਪਾਰਟੀਆਂ ਨਹੀਂ ਬਣ ਸਕਦੀਆਂ ਉਹ ਕੇਵਲ ਸੈਂਟਰ-ਲੈਫਟ ਜਾਂ ਸੈਂਟਰ-ਰਾਈਟ ਉੱਪਰ ਪ੍ਰਭਾਵ ਹੀ ਪਾ ਸਕਦੀਆਂ ਹਨ ਕਈ ਇਤਿਹਾਸਕ ਮੋੜ ਐਸੇ ਹੋ ਸਕਦੇ ਹਨ ਜਿੱਥੇ ਉਹਨਾਂ ਦੇ ਪ੍ਰਭਾਵ ਦੀ ਸਮਰਥਾ ਕਾਫੀ ਹੋ ਸਕਦੀ ਹੈ , ਜਿਵੇਂ ਕਿ ਮਨਮੋਹਨ ਸਿੰਘ ਦੀ ਪਿਛਲੀ ਸਰਕਾਰ ਕਾਇਮ ਰਹਿਣ ਲਈ ਲਗਪਗ ਕਮਿਊਨਿਸਟ ਪਾਰਟੀ ( ਮਾਰਕਸਵਾਦੀ ) ਉੱਪਰ ਨਿਰਭਰ ਸੀ ਅਜਿਹੇ ਪ੍ਰਭਾਵ ਦੀ ਇਹ ਸਿਖਰਲੀ ਸੀਮਾ ਹੁੰਦੀ ਹੈ
    ਏਦਾਂ ਦੇ ਪ੍ਰਭਾਵਾਂ ਵਿਚ ਐਨਾ ਤੰਤ ਨਹੀਂ ਹੁੰਦਾ ਕਿ ਉਹ ਸਮੁੱਚੀ ਸਿਆਸਤ ਦਾ ਰੁੱਖ ਬਦਲ ਕੇ ਉਸ ਨੂੰ ਵਧੇਰੇ ਲੋਕ-ਮੁੱਖੀ ਬਣਾ ਦੇਵੇ ਇਹ ਕੰਮ ਤਾਂ ਕੇਵਲ ਉਹੀ ਪਾਰਟੀ ਕਰ ਸਕਦੀ ਹੈ ਜੋ ਬਹੁ-ਮਤ ਰਾਹੀਂ ਸਰਕਾਰ ਬਣਾਵੇ ਤੇ ਲੋਕ-ਮੁੱਖੀ ਪ੍ਰੋਗਰਾਮਾਂ ਨੂੰ ਯਕੀਨਨ ਅਮਲ ਵਿਚ ਲਿਆਵੇ
    ਇੰਜ ਡੈਮੋਕ੍ਰੈਟਿਕ ਪ੍ਰਬੰਧ ਹੇਠ ਉਹ ਪਾਰਟੀਆਂ ਜੋ ਸੈਂਟਰ-ਲੈਫਟ ਸਿਆਸਤ ਅਪਣਾ ਕੇ ਬਹੁ-ਸੰਮਤੀ ਹਾਸਿਲ ਕਰਨ ਦੀ ਕਾਬਲੀਅਤ ਰੱਖਦੀਆਂ ਹੋਣ ,ਉਹ ਪਾਰਟੀਆਂ ਕੇਵਲ ਸੋਸ਼ਲ ਡੈਮੋਕ੍ਰੈਟਿਕ ਪਾਰਟੀਆਂ ਹੀ ਹੋ ਸਕਦੀਆਂ ਹਨ ਨਾ ਕਿ ਕਮਿਊਨਿਸਟ ਪਾਰਟੀਆਂ  
ਕਮਿਊਨਿਸਟ ਪਾਰਟੀਆਂ ਤਾਂ ਸਗੋਂ ਅਜਿਹੀ ਸਿਆਸੀ ਪਾਰਟੀ ਦੇ ਉਭਰਨ ਵਿੱਚ ਰੋੜਾ ਹੀ ਅਟਕਾ
 ਸਕਦੀਆਂ ਹਨ ਉਹ ਨਾ ਤਾਂ ਆਪਣੇ ਆਪ ਨੂੰ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਵਿਚ ਬਦਲ ਸਕਦੀਆਂ ਹਨ ਕਿਉਂਕਿ ਉਹਨਾਂ ਦਾ ਬੀਜ ਰੂਪ (DNA) ਲੈਨਿਨੀ ਹੁੰਦਾ ਹੈ ਜਿਸ ਦੀ ਸਪਿਰਟ ਸੋਸ਼ਲ ਡੈਮੋਕਰੇਸੀ ਦੇ ਖਿਲਾਫ ਹੁੰਦੀ ਹੈ , ਤੇ ਨਾ ਹੀ ਉਹ ਕਿਸੇ ਹੋਰ ਲੈਫਟ-ਵਿੰਗ ਡੈਮੋਕ੍ਰੈਟਿਕ ਪਾਰਟੀ ਨੂੰ ਉਭਰਨ ਤੇ ਫੈਲਣ ਲਈ ਰਾਹ ਮੁੱਹਈਆ ਕਰਦਾ ਹੈ ਉਹ ਅਜਿਹੀ ਪਾਰਟੀ ਨੂੰ ਇਨਕਲਾਬ ਵਿਰੋਧੀ ਕਹਿ ਕੇ ਭੰਡਦੀਆਂ ਹਨ
   ਅੱਜ ਵੀ ਭਾਰਤੀ ਸਿਆਸਤ ਵਿਚ ਕਮਿਊਨਿਸਟ ਪਾਰਟੀਆਂ ਨੇ ਇਹ ਸੈਂਟਰ-ਲੈਫਟ ਸਪੇਸ (centre-left space) ਖਾਲੀ ਛੱਡ ਕੇ ਆਪਣੇ ਆਪ ਹੀ ਕਾਂਗਰਸ ਦੇ ਹਵਾਲੇ ਕੀਤੀ ਹੋਈ ਹੈ ਇਸੇ ਕਾਰਨ ਹੀ ਇੱਕੋ ਇੱਕ ਕਾਂਗਰਸ ਪਾਰਟੀ ਹੈ ਜਿਸ ਦੀ ਸਿਆਸਤ ਇਸ ਖਾਲੀ ਛੱਡੇ ਸੈਂਟਰ-ਲੈਫਟ ਸਪੇਸ ਤੱਕ ਫੈਲੀ ਹੋਈ ਹੈ ਭਾਵੇਂ ਕਾਂਗਰਸ ਇਕ ਕੰਜ਼ਰਵੇਟਿਵ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਹੈ ਪਰ ਇਹ ਆਪਣੇ ਆਪ ਨੂੰ ਭਾਰਤੀ ਲੋਕਾਂ ਤੇ ਜਨਤਾ ਦੇ ਸਾਹਮਣੇ ਲੈਫਟ-ਵਿੰਗ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਦੇ ਤੌਰ 'ਤੇ ਪੇਸ਼ ਕਰਨ ਵਿਚ ਕਾਮਯਾਬ ਰਹਿੰਦੀ ਹੈ ਇਸ ਦੀ ਧੌਂਸ ਕੇਵਲ ਉਸ ਵਕਤ ਚੈਲੰਜ ਹੋਈ ਜਦੋਂ ਅੱਤ ਰਾਈਟ-ਪਾਰਟੀ  ( BJP ) ਨੇ ਆਪਣੀ ਸਪੇਸ ਨੂੰ ਆਰਜ਼ੀ ਤੌਰ ਤੇ ਤਲਾਂਜਲੀ ਦੇ ਕੇ ਸੈਂਟਰ-ਰਾਈਟ ਸਿਆਸਤ ਅਪਣਾਈ ਤੇ ਬਾਕੀ ਪਾਰਟੀਆਂ ਨਾਲ ਜਮ੍ਹਾਂ-ਤੋੜ ਕਰ ਕੇ ਬਹੁ-ਮੱਤ ਪ੍ਰਾਪਤ ਕਰ ਲਿਆ ਪਰ ਭਾਰਤੀ ਜਨਤਾ ਪਾਰਟੀ ਅੱਜ ਇੱਕ ਰਾਈਟ-ਵਿੰਗ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਬਨਣ ਤੋਂ ਅਸਮਰਥ ਹੈ , ਉਸੇ ਤਰਾਂ ਜਿਸ ਤਰਾਂ ਕਮਿਊਨਿਸਟ ਪਾਰਟੀਆਂ ਭਾਰਤੀ ਪੱਧਰ ਦੀ ਰੈਡੀਕਲ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਵਿਚ ਤਬਦੀਲ ਹੋਣ ਦੇ ਸਮਰਥ ਨਹੀਂ ਹਨ ਇਹਨਾਂ ਦੋਨਾਂ ਪਾਰਟੀਆਂ ਦੀ ਅਜਿਹੀ ਅਸਮਰਥਾ ਕਾਰਨ ਕਾਂਗਰਸ ਕੋਲ ਅੱਜ ਇਹ ਦੋਵੇਂ ਤਰ੍ਹਾਂ ਦੀ ਸਪੇਸ ਹੈ : ਸੈਂਟਰ-ਲੈਫਟ ਤੇ ਸੈਂਟਰ-ਰਾਈਟ
   ਇੰਜ ਕਾਂਗਰਸ ਦੀ ਸਮੁੱਚੀ ਸਿਆਸਤ ,ਪ੍ਰੋਗਰਾਮ ਤੇ ਆਰਥਿਕ ਨੀਤੀਆਂ ਇਹਨਾਂ ਦੋਨਾਂ ਸਪੇਸਾਂ ਦਾ ਮਿਲਗੋਭਾ ਹੋ ਨਿਬੜਦੀਆਂ ਹਨ ਜਦੋਂ ਤੱਕ ਕਮਿਊਨਿਸਟ, ਅੱਤ-ਲੈਫਟ ਤੇ ਬੀ.ਜੇ.ਪੀ.  ਅੱਤ-ਰਾਈਟ ਪੋਜੀਸ਼ਨਾਂ ਤੇ ਕਾਇਮ ਹਨ ,ਉਦੋਂ ਤੱਕ ਭਾਰਤ ਵਿਚ ਕਾਂਗਰਸ ਦਾ ਬੋਲ-ਬਾਲਾ ਬਣਿਆ ਰਹੇਗਾ ਕਾਂਗਰਸ ਆਪਣੇ ਆਪ ਵਿਚ ਐਨੀਂ ਤਕੜੀ ਤਾਕਤ ਨਹੀਂ ਜਿੰਨਾਂ ਇਸ ਨੂੰ ਇਹਨਾਂ ਦੋਵੇਂ ਧਾਰਾਵਾਂ , ਅੱਤ-ਲੈਫਟ ਤੇ ਅੱਤ-ਰਾਈਟ ਨੇ ਬਣਾ ਰੱਖਿਆ ਹੈ ਬਹੁਤੀ ਵੇਰ ਕਿਸੇ ਪਾਰਟੀ ਦੀ ਤਾਕਤ ਉਸ ਦੇ ਆਪਣੇ ਬਲ-ਬੁੱਤੇ ਕਰਕੇ ਨਹੀਂ ਸਗੋਂ ਵਿਰੋਧੀ ਧਿਰਾਂ ਦੀ ਅੰਦਰਲੀ ਕਮਜ਼ੋਰੀ ਅਤੇ ਗਲਤ ਸਿਆਸੀ ਸਮਝ ਉੱਪਰ ਟਿਕੀ ਹੁੰਦੀ ਹੈ
    ਜਦ ਕਮਿਊਨਿਸਟ ਪਾਰਟੀਆਂ ਆਪਣੇ ਪ੍ਰਬੰਧਕੀ ਢਾਂਚੇ-ਤੰਤਰ ਨੂੰ ਤਿਆਗ ਕੇ ਇਕ ਨਵੀਂ ਲਹਿਰ ਤੇ ਪਾਰਟੀ  (The Party of the Broad Left ) ਵਜੋਂ  ਆਪਣੇ ਆਪ ਨੂੰ ਲੋਕਾਂ ਅੱਗੇ ਪੇਸ਼ ਕਰਕੇ ਉਹਨਾਂ ਦਾ ਵਿਸ਼ਵਾਸ ਹਾਸਿਲ ਨਹੀਂ ਕਰਦੀਆਂ , ਓਨੀਂ ਦੇਰ ਤੱਕ ਕਾਂਗਰਸ ਦਾ ਬਦਲ ਲੋਕ ਹੋਰ ਕਿਤੇ ਢੂੰਢਦੇ ਰਹਿਣਗੇ ਪਰ ਕਾਂਗਰਸ ਦੇ ਸਮੁੱਚੇ ਲੋਕ/ਪੱਖੀ ਪ੍ਰੋਗਰਾਮਾਂ ਤੇ ਵਾਹਦਿਆਂ ਨੂੰ ਕੇਵਲ ਇਕ ਰੈਡੀਕਲ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਹੀ ਅਮਲ ਵਿਚ ਲਿਆ ਸਕਦੀ ਹੈ ਜਦ ਤੱਕ ਅਜਿਹੀ ਪਾਰਟੀ ਨਹੀਂ ਉਭਰਦੀ , ਲੋਕਾਂ ਦਾ ਵਿਸ਼ਵਾਸ਼ ਪ੍ਰਾਪਤ ਨਹੀਂ ਕਰਦੀ , ਤਦ ਤੱਕ ਇਹਨਾਂ ਕਾਂਗਰਸੀ ਪ੍ਰੋਗਰਾਮਾਂ ਤੇ ਪਾਲਸੀਆਂ ਦਾ ਅਮਲ ਢਿਲਾ/ਮਿੱਠਾ ਤੇ ਅਗੜ / ਦੁਗੜਾ ਹੀ ਰਹੇਗਾ ਕਮਿਊਨਿਸਟ ਪਾਰਟੀਆਂ ਕਾਂਗਰਸ ਦੀ ਤਿੱਖੀ ਨੁਕਤਾਚੀਨੀ ਤਾਂ ਕਰ ਸਕਦੀਆਂ ਹਨ , ਤੇ ਬਹੁਤ ਵੇਰ ਨੁਕਤਾਚੀਨੀ  ਠੀਕ ਵੀ ਹੁੰਦੀ ਹੈ , ਸਮਝ ਵੀ ਆਉਂਦੀ ਹੈ , ਪਰ ਉਹ ਕਾਂਗਰਸ ਪਾਰਟੀ ਨੂੰ ਬਿਨਾਂ ਰੈਡੀਕਲ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਬਣੇ (The Party of the Broad Left ) ਅਸਲੀਅਤ ਵਿਚ ਕੋਈ ਲੋਕ-ਪੱਖੀ ਠੋਸ ਅਮਲ ਲੋਕਾਂ ਸਾਹਮਣੇ ਨਹੀਂ ਰੱਖ ਸਕਦੀਆਂ
     ਪੰਜਾਬ ਦੀਆਂ ਸੱਮਸਿਆਵਾਂ ਖੇਤੀ ਸਬੰਧੀ ਹਨ ,ਦਲਿਤਾਂ ਅਤੇ ਔਰਤਾਂ ਉਪਰ ਤਸ਼ੱਦਦ ਦੀਆਂ ਹਨ, ਐਜੂਕੇਸ਼ਨ ਤੇ ਵਾਤਾਵਰਣ ਦੇ ਦੂਸ਼ਿਤ ਹੋਣ ਬਾਰੇ ਹਨ ਇਹਨਾਂ ਸਾਰੀਆਂ ਸੱਮਸਿਆਵਾਂ ਦਾ ਸਮਾਜਕ ਹੱਲ ਢੂੰਡਣ ਲਈ ਪੰਜਾਬ ਦੇ ਕਾਮਰੇਡਾਂ ਨੂੰ ਕਮਿਊਨਿਸਟ ਪਾਰਟੀ ਬਨਾਉਣ ਦੀ ਲੋੜ ਨਹੀਂ, ਰੈਡੀਕਲ ਡੈਮੋਕ੍ਰੇਟਿਕ ਲਹਿਰ ਖੜੀ ਕਰਨ ਦੀ ਲੋੜ ਹੈ ਨੌਜਵਾਨਾਂ ਨੂੰ ਸੋਚਵਾਨ ਰੈਡੀਕਲ ਡੈਮੋਕ੍ਰੈਟ ਬਨਾਉਣ ਦੀ ਲੋੜ ਹੈ , ਕਮਿਊਨਿਸਟ ਬਨਾਉਣ ਦੀ ਨਹੀਂ ।  

No comments:

Post a Comment