
(ਅਨੁਵਾਦ -ਪ੍ਰਸਿਧ ਪੰਜਾਬੀ ਚਿੰਤਕ ਸੁਰਜਨ ਜੀਰਵੀ )
ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਵਿਚ ਮਹਾਤਮਾ ਗਾਂਧੀ ਬੰਗਾਲ ਵਿਚ ਸਨ ਤਾਂ ਉਹਨਾਂ ਨੇ ਬੰਗਾਲੀ ਲਿਪੀ ਸਿੱਖਣ ਦਾ ਫ਼ੈਸਲਾ ਕੀਤਾ ਸੀ। ਇਥੇ ਇਹ ਜ਼ਿਕਰ ਕਰਨਾ ਮੁਨਾਸਿਬ ਹੀ ਹੋਵੇਗਾ ਕਿ ਗੁਜਰਾਤ ਦੇ ਜੰਮਪਲ ਹੁੰਦਿਆਂ ਹੋਇਆਂ ਵੀ ਮਹਾਤਮਾ ਗਾਂਧੀ ਨੇ ਨਾ ਸਿਰਫ਼ ਹਿੰਦੀ ਤੇ ਉਰਦੂ ਸਗੋਂ ਤਾਮਿਲ, ਤੇਲਗੂ ਮਲਿਆਲਮ ਤੇ ਬੰਗਾਲੀ ਵੀ ਪੜ੍ਹਨੀ ਤੇ ਲਿਖਣੀ ਸਿੱਖੀ। ਇਹ ਐਵੇਂ ਉਸਦਾ ਲੱਲ੍ਹ ਨਹੀਂ ਸੀ ਸਗੋਂ ਉਸਦੀ ਸੋਚ ਤੇ ਸਰਗਰਮੀ ਦਾ ਇਕ ਅਹਿਮ ਪੱਖ ਸੀ, ਜਿਸਦਾ ਹੋਰ ਵੇਰਵਾ ਅੱਗੋਂ ਆਏਗਾ। ਉਸ ਸਮੇਂ ਇਕ ਬੰਗਾਲੀ ਨੇ ਉਹਨਾਂ ਤੋਂ ਹੋਰਨਾਂ ਬੰਗਾਲੀਆਂ ਦੇ ਨਾਂਅ ਕਿਸੇ ਸੁਨੇਹੇ ਦੀ ਮੰਗ ਕੀਤੀ ਸੀ।
ਉਸ ਦਿਨ ਗਾਂਧੀ ਜੀ ਨੇ ਮੋਨ ਵਰਤ ਰੱਖਿਆ ਹੋਇਆ ਸੀ ਜਿਹੜਾ ਉਹ ਸਵੈ-ਕਾਬੂ ਦੇ ਅਭਿਆਸ ਵਜੋਂ ਹਫ਼ਤੇ ਦੇ ਹਫ਼ਤੇ ਇਕ ਦਿਨ ਲਈ ਰੱਖਦੇ ਸਨ। ਉਹਨਾਂ ਆਪਣਾ ਸੁਨੇਹਾ ਨਵੀਂ ਸਿੱਖੀ ਲਿਪੀ ਵਿਚ ਲਿਖਿਆ ਸੀ। ਸਨੇਹਾ ਸੀ, “ਜੀਵਾਨੀ ਅਮਾਰ ਬਾਨੀ।” ਮੇਰਾ ਜੀਵਨ ਹੀ ਮੇਰਾ ਸੁਨੇਹਾ ਹੈ।
ਇਹ ਸੁਨੇਹਾ ਮਹਾਤਮਾ ਗਾਂਧੀ ਦਾ ਜੀਵਨ ਭਰ ਦਾ ਸੱਚ ਸੀ। ਉਹਨਾਂ ਦੀ ਮੌਤ ਤੋਂ ਪਿਛੋਂ ਵੀ ਇਹ ਓਨਾ ਹੀ ਸੱਚ ਹੈ। ਉਸ ਦੀ ਜ਼ਿੰਦਗੀ ਹੀ ਉਸ ਦੀ ਅਮਰ ਕਹਾਣੀ ਹੈ। ਇਸ ਵਿਚ ਕੋਈ ਪਾਸਕੂ ਨਹੀਂ, ਨਾ ਘੱਟ, ਨਾ ਹੀ ਵੱਧ। ਉਸ ਦੀ ਜ਼ਿੰਦਗੀ ਤੇ ਉਸਦੇ ਕੰਮ ਅਜਿਹੇ ਹਨ ਕਿ ਉਹਨਾਂ ਦਾ ਨਾਂਅ ਹਮੇਸ਼ਾ ਮਹਾਨ ਹਸਤੀ ਵਜੋਂ ਅਤੇ ਇਤਹਾਸ ਦੇ ਸਿਰਜਕ ਵਜੋਂ ਕਾਇਮ ਰਹੇਗਾ। ਉਸ ਦੀਆਂ ਪ੍ਰਾਪਤੀਆਂ ਐਨੀਆਂ ਠੋਸ ਹਨ ਕਿ ਉਹ ਆਪ ਹੀ ਆਪਣੀ ਪਰਿਭਾਸ਼ਾ ਹਨ। ਟੈਗੋਰ ਨੇ ਨਹਿਰੂ ਦੀ ਸਵੈ-ਜੀਵਨੀ ਪੜ੍ਹਕੇ ਉਸਨੂੰ ਪ੍ਰਣਾਮ ਕੀਤਾ ਸੀ- ਓਨਾ ਕਿਤਾਬ ਲਈ ਨਹੀਂ ਜਿੰਨਾ ਇਕ ਅਜਿਹੇ ਵਿਅਕਤੀ ਦੀ ਝਲਕ ਦਿਖਾਉਣ ਲਈ “ਜਿਹੜਾ ਆਪਣੇ ਹੀ ਕਾਰਨਾਮਿਆਂ ਨਾਲੋਂ ਵੱਧ ਮਹਾਨ ਅਤੇ ਆਪਣੇ ਚੁਗਿਰਦੇ ਨਾਲੋਂ ਵੱਧ ਸੱਚਾ ਹੈ।” ਗਾਂਧੀ ਜੀ ਬਾਰੇ ਸ਼ਇਦ ਅਜਿਹਾ ਨਹੀਂ ਕੀਤਾ ਜਾ ਸਕਦਾ। ਉਹ ਆਪਣੇ ਕਾਰਨਾਮਿਆਂ ਦਾ ਸਰੂਪ ਆਪ ਹੀ ਸਨ ਅਤੇ ਆਪਣੇ ਚੁਗਿਰਦੇ ਨੂੰ, ਉਸਦੀਆਂ ਸਾਰੀਆਂ ਵਿਰੋਧਤਾਈਆਂ ਸਮੇਤ, ਆਪ ਹੀ ਸਾਖਿਆਤ ਕਰਦੇ ਸਨ।
ਮਹਾਤਮਾ ਗਾਂਧੀ ਆਪਣੀਆਂ ਸੀਮਾਵਾਂ ਤੋਂ ਸੁਚੇਤ ਸੀ। ਉਹ ਇਕਸਾਰ ਹੋਣ ਵਿਚ ਯਕੀਨ ਨਹੀਂ ਸੀ ਰੱਖਦਾ, ਜਿਸ ਤੋਂ ਬਿਨਾ ਕੋਈ ਸਿਧਾਂਤ ਜਾਂ ਕਿਸੇ ਦ੍ਰਿਸ਼ਟੀਕੋਨ ਬਾਰੇ ਕੋਈ ਗੁੰਦਵਾਂ ਬਿਆਨ ਸੰਭਵ ਨਹੀਂ ਹੋ ਸਕਦਾ। ਵਾਸਤਵ ਵਿਚ ਉਹ ਖਿਆਲਾਂ ਦੀ ਇਕਸਾਰਤਾ ਨੂੰ ਛੋਟੇ ਦਿਮਾਗ਼ਾਂ ਦੀ ਸ਼ਰਾਰਤੀ ਕਾਢ ਜਾਂ ਛਲੇਡਾ ਸਮਝਦਾ ਸੀ। ਉਸਦੇ ਖਿਆਲਾਂ ਦੀ ਅਸੰਗਤੀ ਦੀਆਂ ਕਈ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਮੈਂ ਇਸਦੀਆਂ ਦੋ ਮਿਸਾਲਾਂ ਦਿਆਂਗਾ, ਇਕ ਸ਼ਖ਼ਸੀ ਪਧਰ ਉੱਤੇ ਅਤੇ ਇਕ ਗੈਰ-ਸ਼ਖ਼ਸੀ ਪੱਧਰ ਉੱਤੇ।
ਜਿਹੜਾ ਪਰਚਾ ‘ਹਿੰਦ ਸਵਰਾਜ’ ਉਹ ਪਿਛਲੀ ਸਦੀ ਦੇ ਸ਼ੁਰੂ ਵਿਚ ਪ੍ਰਕਾਸ਼ਤ ਕਰਦੇ ਸਨ ਅਤੇ ਜਿਸ ਬਾਰੇ ਉਸਦਾ ਕਹਿਣਾ ਸੀ ਕਿ ਇਹ ਉਸਦੇ ਫਲਸਫੇ ਦੀ ਪ੍ਰਮਾਣੀਕ ਪ੍ਰਤੀਨਿਧਤਾ ਕਰਦਾ ਹੈ, ਉਸ ਵਿਚ ਉਸਨੇ ਅਧੁਨਿਕ ਸਭਿਅਤਾ ਨੂੰ ਤਿੱਖੀ ਤਰ੍ਹਾਂ ਨਿੰਦਿਆ ਸੀ। ਉਸਨੇ ਵਿਸ਼ੇਸ਼ ਤੌਰ ‘ਤੇ ਕਿਹਾ ਸੀ ਕਿ ਰੇਲਵੇ ਸਿਸਟਮ ਤੇ ਹਸਪਤਾਲਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਪਰ ਸਾਡੇ ਵਿਸ਼ਾਲ ਦੇਸ਼ ਨੂੰ ਇਸ ਸਿਰੇ ਤੋਂ ਉਸ ਸਿਰੇ ਤੱਕ ਆਉਣ ਜਾਣ ਲਈ ਜਿੰਨੇ ਅਸਰਦਾਰ ਢੰਗ ਨਾਲ ਤੇ ਜਿੰਨੀ ਜ਼ਿਆਦਾ ਵਰਤੋਂ ਰੇਲਾਂ ਦੀ ਉਸਨੇ ਆਪਣੇ ਜੀਵਨ ਵਿਚ ਕੀਤੀ, ਓਨੀ ਸ਼ਾਇਦ ਹੀ ਹੋਰ ਕਿਸੇ ਨੇ ਕੀਤੀ ਹੋਵੇ। 1930ਵਿਆਂ ਵਿਚ ਜਦੋਂ ਉਸਦੀ ਭਤੀਜੀ ਅਪੈਂਡਿਸਾਈਟਸ ਦਾ ਸ਼ਿਕਾਰ ਹੋਈ ਤੇ ਉਸਨੇ ਆਪਣੇ ਮਨ ਵਿਚ ਕੰਘੀ ਮਾਰਨ ਪਿਛੋਂ ਨਾ ਕੇਵਲ ਆਪਣੀ ਭਤੀਜੀ ਦੇ ਸਰਜੀਕਲ ਓਪਰੇਸ਼ਨ ਬਾਰੇ ਸਹਿਮਤੀ ਪਰਗਟ ਕੀਤੀ ਸਗੋਂ ਓਪਰੇਸ਼ਨ ਹੁੰਦਾ ਵੀ ਦੇਖਿਆ। ਉਸਨੇ ਪ੍ਰਣ ਲਿਆ ਸੀ ਕਿ ਉਹ ਦੁੱਧ ਨਹੀਂ ਪੀਏਗਾ ਕਿਉਂਕਿ ਦੁੱਧ ਉਸਦੀ ਕਾਮੁਕ ਵਾਸ਼ਨਾ ਨੂੰ ਭੜਕਾਉਂਦਾ ਹੈ। ਪਰ ਜਦੋਂ ਡਾਕਟਰਾਂ ਨੇ ਕਿਹਾ ਕਿ ਉਸਨੂੰ ਦੁੱਧ ਪੀਣਾ ਹੀ ਪੈਣਾ ਹੈ ਤਾਂ ਉਸਨੇ ਇਸ ਦੁਬਿਧਾ ਦਾ ਹੱਲ ਬੱਕਰੀ ਦਾ ਦੁੱਧ ਪੀਣ ਵਿਚ ਲੱਭਾ।
ਉਸਨੂੰ ਬਦੀ ਦਾ ਟਾਕਰਾ ਕਰਨ ਵਾਲੇ ਅਹਿੰਸਾ ਦੇ ਅਵਤਾਰ ਵਜੋਂ ਜਾਣਿਆ ਜਾਣ ਲੱਗਾ ਸੀ। ਜਦੋਂ 1939 ਵਿਚ ਦੂਸਰੀ ਸੰਸਾਰ ਜੰਗ ਦੇ ਛਿੜਨ ਵੇਲੇ ਇੰਡੀਅਨ ਨੈਸ਼ਨਲ ਕਾਂਗਰਸ ਨੇ ਰੱਖਿਆ ਕਾਰਜਾਂ ਵਿਚ ਮਿਲਵਰਤਣ ਦੇਣ ਦੀ ਪੇਸ਼ਕਸ਼ ਕੀਤੀ ਬਸ਼ਰਤਿ ਕਿ ਬਰਤਾਨਵੀ ਹਾਕਮ ਕੌਮੀ ਅੰਤਰਿਮ ਸਰਕਾਰ ਦੀ ਸਥਾਪਨਾ ਪਰਵਾਰਨ ਕਰ ਲੈਣ ਤਾਂ ਗਾਂਧੀ ਜੀ ਨੇ ਜ਼ਿਦ ਕੀਤੀ ਸੀ ਕਿ ਕਿਉਂਕਿ ਇਹ ਪੇਸ਼ਕਸ਼ ਉਹਨਾਂ ਦੇ ਅਹਿੰਸਾ ਦੇ ਅਕੀਦੇ ਦੀ ਉਲੰਘਣਾ ਕਰਦੀ ਹੈ ਇਸ ਲਈ ਇਸ ਵਿਰੁੱਧ ਉਹਨਾਂ ਦਾ ਰੋਸ ਦਰਜ ਕਰ ਲਿਆ ਜਾਏ। ਪਰ ਨਾਲ ਹੀ ਉਹਨਾਂ ਇਹ ਵੀ ਆਖ ਦਿੱਤਾ ਸੀ ਕਿ ਕਾਂਗਰਸ ਜੋ ਮੁਨਾਸਬ ਸਮਝਦੀ ਹੈ, ਉਹੀ ਕਰੇ ਕਿਉਂਕਿ ਉਹਨਾਂ ਦੀ ਰਾਏ ਕੋਈ ਅਰਥ ਨਹੀਂ ਰੱਖਦੀ ਕਿਉਂਕਿ ਉਹ ਕਾਂਗਰਸ ਦੇ ਸਾਧਾਰਨ ਮੈਂਬਰ ਹੀ ਨਹੀਂ। ਇਸਦੇ ਬਾਵਜੂਦ ਕੇਵਲ ਤਿੰਨ ਸਾਲ ਪਿਛੋਂ ਜਿਸ “ਹਿੰਦੁਸਤਾਨ ਛਡੋ” ਲਹਿਰ ਦੀ ਅਗਵਾਈ ਕਰ ਰਹੇ ਸਨ, ਉਸਦੇ ਪ੍ਰੋਗਰਾਮ ਦੀ ਪਹਿਲੀ ਮੱਦ ਇਹ ਸੀ ਕਿ ਪ੍ਰਾਪਤ ਕੀਤੀ ਜਾਣ ਵਾਲੀ ਕੌਮੀ ਸਰਕਾਰ ਜਾਪਾਨੀਆਂ ਦੇ ਖਿਲਾਫ਼ ਲੜੇਗੀ, ਜੇ ਜਾਪਾਨੀ ਫੌਜਾਂ ਨੇ ਇਤਹਾਦੀ ਫੌਜਾਂ ਦਾ ਪਿੱਛਾ ਕਰਦਿਆਂ ਹਿੰਦ ਉੱਤੇ ਹਮਲਾ ਕੀਤਾ। ਅਤੇ ਜਦੋਂ ਆਜ਼ਾਦੀ ਹਾਸਲ ਹੋ ਗਈ ਤਾਂ 1947 ਦੇ ਅਖੀਰ ਵਿਚ ਕਸ਼ਮੀਰ ਵਿਚ ਪਾਕਿਸਤਾਨੀ ਹਮਲਾਵਰਾਂ ਨੂੰ ਪਛਾੜਨ ਲਈ ਹਿੰਦੁਸਤਾਨੀ ਸੈਨਾ ਉੱਥੇ ਭੇਜਣੀ ਪਈ ਤਾਂ ਹਿੰਦ ਸਰਕਾਰ ਨੇ ਮਹਾਤਮਾ ਗਾਂਧੀ ਦੀ ਅਸ਼ੀਰਵਾਦ ਮੰਗੀ ਤੇ ਪ੍ਰਾਪਤ ਕੀਤੀ।
ਹੁਣ ਜਦੋਂ ਅਸੀਂ ਅਹਿੰਸਾ ਦੀ ਗੱਲ ਕਰ ਰਹੇ ਹਾਂ ਅਤੇ ਜਦੋਂ ਅਹਿੰਸਾ ਰਾਹੀਂ ਬਰਤਾਨਵੀ ਸਾਮਰਾਜ ਦੀ ਸ਼ਿਕਸਤ ਹਿੰਦ ਨੂੰ ਅਤੇ ਸੰਸਾਰ ਨੂੰ ਮਹਾਤਮਾ ਗਾਂਧੀ ਦਾ ਸੱਭ ਤੋਂ ਮਹਾਨ ਤੁਹਫ਼ਾ ਗਿਣੀ ਜਾਂਦੀ ਹੈ, ਤਾਂ ਲਗਦੇ ਹੱਥ ਇਸ ਮਾਮਲੇ ਦੀ ਪੁਣਛਾਣ ਵੀ ਕਰ ਲਈ ਜਾਣੀ ਚਾਹੀਦੀ ਹੈ। ਗਾਂਧੀ ਜੀ ਬੜੇ ਮਹਾਨ ਆਗੂ ਤੇ ਆਰਗੇਨਾਏਜ਼ਰ ਸਨ ਜਿਨਾਂ ਨੂੰ ਸਾਡੇ ਲੋਕਾਂ ਦੇ ਸਤੁੰਤਰਤਾ ਸੰਗ੍ਰਾਮ ਨੇ ਪੈਦਾ ਕੀਤਾ। ਅਤੇ ਜਿਸ ਮੰਜ਼ਿਲ ਉੱਤੇ ਅਸੀਂ ਪਹੁੰਚੇ ਹਾਂ ਉਸਨੇ ਮਹਾਤਮਾ ਗਾਂਧੀ ਨੂੰ ਇਸ ਗੱਲ ਦਾ ਅਧਿਕਾਰੀ ਬਣਾ ਦਿਤਾ ਹੈ ਕਿ ਉਹਨਾਂ ਨੂੰ ਸਮੁੱਚੀ ਮਨੁੱਖਤਾ ਦੇ ਇਤਹਾਸ ਵਿਚ ਸਦੀਵੀ ਥਾਂ ਪ੍ਰਾਪਤ ਹੋਵੇ। ਪਰ ਇਥੇ ਮੈਂ ਇਹ ਸਨਿਮਰ ਬੇਨਤੀ ਕਰਨਾ ਚਹਾਂਗਾ ਕਿ ਅਸੀਂ ਜੋ ਕੁਝ ਵੀ ਹੁਣ ਹਾਂ ਉਸਦਾ ਕਾਰਨ ਅਹਿੰਸਾ ਬਾਰੇ ਉਹਨਾਂ ਦਾ ਅਕੀਦਾ ਨਹੀਂ ਸੀ।
ਉਹ ਹਮੇਸ਼ਾ ਇਸ ਗੱਲ ਉੱਤੇ ਜ਼ੋਰ ਦਿੰਦੇ ਰਹੇ ਕਿ ਅਦਮ-ਤਸ਼ੱਦਦ ਜਾਂ ਅਹਿੰਸਾ ਉਹਨਾਂ ਲਈ ਨਿਸ਼ਚੇ ਦਾ ਦਰਜਾ ਰਖਦੀ ਹੈ। ਸੱਚ, ਜਿਸਨੂੰ ਉਹ ਪਰਮਾਤਮਾ ਸਮਝਦੇ ਸਨ, ਕੇਵਲ ਪਿਆਰ ਰਾਹੀਂ ਹੀ ਪਾਇਆ ਜਾ ਸਕਦਾ ਹੈ ਤੇ ਇਸਦਾ ਮਾਰਗ ਵੀ ਅਹਿੰਸਾ ਹੀ ਹੈ। ਉਹ ਪਰਮਾਤਮਾ ਨੂੰ ਸਤਚਿਤਨੰਦ ਕਹਿੰਦੇ ਸਨ, ਅਤੇ ਸਮਝਦੇ ਸਨ ਕਿ ਪਿਆਰ ਅਹਿੰਸਾ ਤੋਂ ਬਿਨਾ ਸੰਭਵ ਹੀ ਨਹੀਂ। ਉਹ ਹਮੇਸ਼ਾ ਆਖਦੇ ਸਨ ਕਿ ਸੱਚ ਹੀ ਪਰਮਾਤਮਾ ਹੈ। 1931 ਦੇ ਅਖਰਿਲੇ ਦਿਨੀਂ ਉਹਨਾਂ ‘ਯੰਗ ਇੰਡੀਆ’, ਜਿਸਦਾ ਸੰਪਾਦਨ ਉਹ ਪਿਛਲੇ ਦੋ ਦਹਾਕਿਆਂ ਤੋਂ ਕਰਦੇ ਆ ਰਹੇ ਸਨ, ਵਿਚ ਲਿਖਿਆ ਸੀ, “ਪਹਿਲਾਂ ਮੈਂ ਇਸ ਸਿੱਟੇ ਤੇ ਪੁੱਜਾ ਸਾਂ ਕਿ ਪਰਮਾਤਮਾ ਸੱਚ ਹੈ। ਪਰ ਦੋ ਸਾਲ ਹੋਏ, ਮੈਂ ਇਕ ਕਦਮ ਹੋਰ ਅੱਗੇ ਵਧਿਆ ਤੇ ਕਿਹਾ ਕਿ ਸੱਚ ਹੀ ਪਰਮਾਤਮਾ ਹੈ। ਤੁਸੀਂ ਇਹਨਾਂ ਦੋਹਾਂ ਕਥਨਾਂ ਵਿਚਲੇ ਬੜੇ ਸੂਖਮ ਜਿਹੇ ਫ਼ਰਕ ਨੂੰ ਦੇਖ ਰਹੇ ਹੋਵੇਗਾ।” ਪੰਜ ਕੁ ਸਾਲ ਪਿਛੋਂ ਆਪਣੇ ਪਰਚੇ ‘ਹਰੀਜਨ’ ਵਿਚ, ਜਿਸਦਾ ਸੰਪਾਦਨ ਉਹ ਆਪਣੇ ਜੀਵਨ ਦੇ ਅੰਤ ਤੱਕ ਕਰਦੇ ਰਹੇ, ਉਹਨਾਂ ਲਿਖਿਆ ਸੀ, “ਮੇਰੇ ਕੋਲ ਸੰਸਾਰ ਨੂੰ ਸਿੱਖਿਆ ਦੇਣ ਲਈ ਕੋਈ ਨਵੀਂ ਗੱਲ ਨਹੀਂ। ਸੱਚ ਤੇ ਅਹਿੰਸਾ ਓਨੇ ਹੀ ਪੁਰਾਣੇ ਹਨ ਜਿਨੇ ਪਰਬਤ, ਮੈਂ ਸਿਰਫ਼ ਐਨਾ ਹੀ ਕੀਤਾ ਹੈ ਕਿ ਜਿੰਨੀ ਵਿਸ਼ਾਲ ਪੱਧਰ ਉੱਤੇ ਹੋ ਸਕੇ ਇਸਦਾ ਤਰਜਬਾ ਕਰ ਸਕਾਂ ਅਤੇ ਸੱਚ ਦੀ ਜੁਸਤਜੂ ਕਰਦਿਆਂ ਹੀ ਮੈਨੂੰ ਅਹਿੰਸਾ ਦੀ ਪ੍ਰਾਪਤੀ ਹੋਈ।” ਛੇ ਸਾਲ ਬਾਅਦ ਇਕ ਵਾਰ ਫੇਰ ਆਪਣੇ ਉਸੇ ਹੀ ਪਰਚੇ ਵਿਚ ਉਹਨਾਂ ਲਿਖਿਆ, “ਮੈਂ ਇਸ ਵਿਸ਼ਵਾਸ ਉੱਤੇ ਕਾਇਮ ਹਾਂ ਕਿ ਮੈਂ ਕਾਂਗਰਸ ਸਾਹਮਣੇ ਅਹਿੰਸਾ ਨੂੰ ਮਸਲਿਹਤ ਜਾਂ ਲੋੜ-ਅਨੁਕੂਲ ਨੀਤੀ ਵਜੋਂ ਪੇਸ਼ ਕਰ ਸਕਿਆ। ਜੇ ਮੈਂ ਇਸਨੂੰ ਸਿਆਸਤ ਵਿਚ ਦਾਖਲ ਕਰਨਾ ਸੀ ਤਾਂ ਇਸ ਤੋਂ ਇਲਾਵਾ ਮੈਂ ਹੋਰ ਕੁਝ ਕਰ ਹੀ ਨਹੀਂ ਸਾਂ ਸਕਦਾ।” ਉਹਨਾਂ ਇਹ ਵੀ ਲਿਖਿਆ ਸੀ, “ਜਿਥੋਂ ਤੱਕ ਦਲੀਲ ਦੁੜਾਈ ਜਾ ਸਕਦੀ, ਹਿੰਦ ਨੂੰ ਹਥਿਆਰਬੰਦ ਬਗ਼ਾਵਤ ਰਾਹੀਂ ਪੀਹੜੀਆਂ ਤੱਕ ਆਜ਼ਾਦ ਨਹੀਂ ਸੀ ਕਰਾਇਆ ਜਾ ਸਕਦਾ। ਤਸ਼ੱਦਦ ਉੱਤੇ ਆਧਾਰਤ ਰਾਜ ਤੋਂ ਹਿੰਦ ਛੇਤੀ ਹੀ ਅੱਕ ਸਕਦਾ ਹੈ। ਮੇਰੇ ਲਈ ਮੈਦਾਨੀ ਖੇਤਰਾਂ ਦਾ ਇਹੀ ਸੁਨੇਹਾ ਹੈ, ਮੈਦਾਨੀ ਖੇਤਰਾਂ ਦੇ ਲੋਕ ਨਹੀਂ ਜਾਣਦੇ ਕਿ ਸੰਗਠਤ ਹਥਿਆਰਬੰਦ ਲੜਾਈ ਕਿਵੇਂ ਲੜਨ। ਪਰ ਉਹਨਾਂ ਲਈ ਆਜ਼ਾਦ ਹੋਣਾ ਵੀ ਜ਼ਰੂਰੀ ਹੈ ਕਿਉਂਕਿ ਉਹ ਆਜ਼ਾਦੀ ਚਾਹੁੰਦੇ ਹਨ। ਉਹਨਾਂ ਸਮਝ ਲਿਆ ਹੈ ਕਿ ਹਿੰਸਾ ਰਾਹੀਂ ਹਾਸਲ ਕੀਤੀ ਤਾਕਤ ਉਹਨਾਂ ਲਈ ਵਧੇਰੇ ਦਮਨ ਦਾ ਕਾਰਨ ਬਣੇਗੀ। ਇੰਝ ਕਹਿ ਲਵੋ ਕਿ ਇਹੀ ਸੀ ਦਲੀਲ ਜਿਸਨੇ ਅਹਿੰਸਾ ਨੂੰ ਧਰਮ ਵਜੋਂ ਨਹੀਂ ਸਗੋਂ ਨੀਤੀ ਵਜੋਂ ਜਨਮ ਦਿੱਤਾ।”
ਇਸ ਤਰ੍ਹਾਂ ਅਹਿੰਸਾ ਮਹਾਤਮਾ ਗਾਂਧੀ ਲਈ ਦੋ ਪੱਧਰਾਂ ਉੱਤੇ ਕੰਮ ਕਰਦੀ ਸੀ- ਉਹਨਾਂ ਦੇ ਆਪਣੇ ਕਈ ਨਿੱਜੀ ਅਕੀਦੇ ਵਜੋਂ ਅਤੇ ਜਨਤਕ ਰਾਜਨੀਤਕ ਸੰਘਰਸ਼ ਵਿਚ ਨੀਤੀ ਜਾਂ ਸਮੇਂ ਅਨੁਕੂਲ ਦਾਅਪੇਚ ਵਜੋਂ। ਪਰ ਜਿਥੋਂ ਤੱਕ ਅਹਿੰਸਾ ਦੇ ਅਕੀਦੇ ਦਾ ਹਿੱਸਾ ਹੋਣ ਦਾ ਸੰਬੰਧ ਹੈ, ਇਹ ਉਸਦੀਆਂ ਆਪਣੀਆਂ ਨਿੱਜੀ ਧਾਰਨਾਵਾਂ ਦਾ ਹਿੱਸਾ ਸੀ। ਮਹਾਤਮਾ ਗਾਂਧੀ ਇਸ ਗੱਲ ਉੱਤੇ ਵੀ ਬਜ਼ਿੱਦ ਸਨ ਕਿ ਜਨਤਕ ਲਾਮਬੰਦੀ ਲਈ ਕਿਸੇ ਵੀ ਹੋਰ ਆਦਰਸ਼ ਜਾਂ ਢੰਗ ਦੇ ਮੁਕਾਬਲੇ ਉੱਤੇ ਅਹਿੰਸਾ ਹੀ ਇੱਕੋ ਇਕ ਤੇ ਸੰਪੂਰਨ ਬਦਲ ਹੋ ਸਕਦਾ ਹੈ ਭਾਵੇਂ ਮੁਕਾਬਲੇ ਦੇ ਹੋਰ ਆਦਰਸ਼ ਜਾਂ ਢੰਗ ਵੀ ਸਨ ਕਮਿਊਨਿਸਟਾਂ ਜਾਂ ਹੋਰ ਕੌਮੀ ਇਬਕਲਾਬੀਆਂ ਵੱਲੋਂ ਜਾਂ ਅਨਾਰਕਿਸਟਾਂ ਵੱਲੋਂ, ਜਿਹਨਾਂ ਨੂੰ ਬਰਤਾਨਵੀ ਸਾਮਰਾਜੀ ਗ਼ਲਤ ਤੌਰ ‘ਤੇ ਦਹਿਸ਼ਤਗਰਦ ਆਖਦੇ ਸਨ, ਦਾ ਨਾਅਰਾ ਸਨ।
ਇਹ ਗੱਲ ਬਹੁਤੀ ਨਹੀਂ ਜਾਣੀ ਜਾਂਦੀ ਕਿ 1924 ਵਿਚ ਬੈਲਗਾਮ ਵਿਚ ਜਦੋਂ ਉਹ, ਸ਼ਾਇਦ ਇੱਕੋ ਇਕ ਵਾਰ, ਕਾਂਗਰਸ ਦੇ ਪ੍ਰਧਾਨ ਚੁਣੇ ਗਏ ਸਨ, ਇਕ ਡੈਲੀਗੇਟ ਨੇ ਲੈਨਿਨ ਦੇ ਦਿਹਾਂਤ ਉੱਤੇ ਸੋਗ ਦਾ ਮਤਾ ਪਾਸ ਕਰਨ ਦਾ ਸੁਝਾਅ ਦਿੱਤਾ ਸੀ ਤਾਂ ਮਹਾਤਮਾ ਗਾਂਧੀ ਨੇ ਇਸ ਮਤੇ ਦੀ ਪਰਵਨਗੀ ਇਸ ਆਧਾਰ ਉੱਤੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਕਿ ਲੈਨਿਨ ਤਸ਼ੱਦਦ ਦੇ ਹਾਮੀ ਸਨ! ਇੰਝ ਹੀ ਇਸ ਗੱਲ ਦੇ ਵੀ ਚੋਖੇ ਸਬੂਤ ਮੌਜੂਦ ਹਨ 1931 ਵਿਚ ਸ਼ਹਿਰੀ ਨਾਫਰਮਾਨੀ ਤਹਿਰੀਕ ਦੇ ਪਹਿਲੇ ਗੇੜ ਦੇ ਅੰਤ ਉੱਤੇ ਜਦੋਂ ਉਹ ਬਰਤਾਨਵੀ ਵਾਇਸਰਾਏ ਲਾਰਡ ਇਰਵਿਨ ਨਾਲ ਸਮਝੌਤੇ ਦੀਆਂ ਸ਼ਰਤਾਂ ਲਈ ਗੱਲਬਾਤ ਕਰ ਰਹੇ ਸਨ ਤਾਂ ਉਹਨਾਂ ਭਗਤ ਸਿੰਘ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਦੀ ਮਨਸੂਖੀ ਤੇ ਉਸਦੀ ਰਿਹਾਈ ਲਈ ਨਿਸਚਿਤ ਤੌਰ ਜ਼ੋਰ ਨਹੀਂ ਸੀ ਦਿੱਤਾ। ਗੱਲਬਾਤ ਖਤਮ ਹੋਣ ਤੋਂ ਛੇਤੀ ਹੀ ਪਿਛੋਂ ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ ਫਾਂਸੀ ਦਿੱਤਾ ਗਿਆ ਸੀ। ਇਸ ਪਰਸੰਗ ਵਿਚ ਗੱਲ ਕਰਦਿਆਂ ਭਗਤ ਸਿੰਘ ਨੂੰ ਵਿਅਕਤਗਿਤ ਦਹਿਸ਼ਤਗਰਦ ਕਰਾਰ ਦੇਣਾ ਦਰੁਸਤ ਨਹੀਂ। ਭਗਤ ਸਿੰਘ ਸਮਝਦਾ ਸੀ ਕਿ ਜਿਹੜੀ ਜਨਤਕ ਲਹਿਰ ਨੇ ਅੱਗੋਂ ਹਥਿਆਰਬੰਦ ਸੰਘਰਸ਼ ਦਾ ਰੂਪ ਧਾਰਨ ਕਰਨਾ ਹੈ, ਉਸਨੂੰ ਹਲੂਣਾ ਦੇਣ ਤੇ ਵਧਾਉਣ ਲਈ ਨਿੱਡਰ ਨੌਜਵਾਨਾਂ ਵੱਲੋਂ ਹਥਿਆਰਬੰਦ ਐਕਸ਼ਨ ਜ਼ਰੂਰੀ ਹੈ। ਉਹ ਨਾਸਤਕ, ਮਾਰਕਸਵਾਦੀ ਤੇ ਸੋਵੀਅਤ ਯੂਨੀਅਨ ਤੇ ਲੈਨਿਨ ਦਾ ਬਹੁਤ ਵੱਡਾ ਪਰਸੰਸਕ ਸੀ। ਫਾਂਸੀ ਵੱਲ ਲਿਜਾਏ ਜਾਣ ਤੋਂ ਕੁਝ ਹੀ ਮਿੰਟ ਪਹਿਲਾਂ ਤੱਕ ਉਹ ਲੈਨਿਨ ਦੀਆਂ ਲਿਖਤਾਂ ਪੜ੍ਹ ਰਿਹਾ ਸੀ। ਇਹ ਗੱਲ ਵੀ ਮਹੱਤਵ ਤੋਂ ਖਾਲੀ ਨਹੀਂ ਸੀ ਕਿ ਜਿਹੜੀ ਜਥੇਬੰਦੀ ਉਸਨੇ ਉਸਾਰੀ ਸੀ ਉਸਦਾ ਨਾਂਅ ਉਸਨੇ ਹਿੰਦੁਸਤਾਨ ਸੋਸ਼ਲਿਸਟ ਰੀਪਬਲਿਕਨ ਆਰਮੀ ਰੱਖਿਆ ਸੀ। ਉਹ ਸੈਕੂਲਰਿਜ਼ਮ ਤੇ ਹਿੰਦੂ-ਮੁਸਲਮ ਏਕਤਾ ਦਾ ਦ੍ਰਿੜ ਸਮਰਥਕ ਸੀ। ਉਸਦੀ ਦੇਸ਼ਭਗਤੀ ਦਾ ਕੋਈ ਮੁਕਾਬਲਾ ਨਹੀਂ। ਅਜਿਹੀ ਕਿਆਸਅਰਾਈ ਨਿਰਾਰਥਕ ਨਹੀਂ ਕਿ ਜੇ ਉਸਨੂੰ ਜਿਉਣ ਦਿੱਤਾ ਜਾਂਦਾ ਤਾਂ ਕੀ ਉਹ ਸਾਮਰਾਜ ਦੁਸ਼ਮਨ ਲਾਮਬੰਦੀ ਦੇ ਮੋਢੀ ਤੇ ਜਨਤਕ ਆਗੂ ਵਜੋਂ ਗਾਂਧੀ ਜੀ ਦਾ ਬਦਲ ਬਣ ਸਕਦਾ ਸੀ। ਜਦੋਂ ਭਗਤ ਸਿੰਘ ਦਾ ਚੇਤਾ ਆਉਂਦਾ ਹੈ ਤਾਂ ਬਹੁਤ ਸਾਰੇ ਪੱਖਾਂ ਤੋਂ ਸ਼ੇ ਗਵੇਰਾ ਦਾ ਨਾਂਅ ਦਿਮਾਗ਼ ਵਿਚ ਉੱਭਰਦਾ ਹੈ।
ਮਹਾਤਮਾ ਗਾਂਧੀ ਅਦਮ ਤਸ਼ੱਦਦ ਦੇ ਆਪਣੇ ਸਿਧਾਂਤ ਤੇ ਨੀਤੀ ਨੂੰ ਨਿਸਚੇ ਹੀ ਬਾਲਸ਼ਵਿਕਵਾਦ ਦਾ ਬਦਲ ਸਮਝਦੇ ਸਨ, ਖਾਸ ਤੌਰ ‘ਤੇ ਇਹ ਦੇਖਦਿਆਂ ਹੋਇਆਂ ਕਿ ਪੰਡਤ ਨਹਿਰੂ ਬਾਲਸ਼ਵਿਕ ਵਿਚਾਰਾਂ ਵੱਲ ਆਪਣੇ ਸਪੱਸ਼ਟ ਝੁਕਾ ਦਾ ਇਜ਼ਹਾਰ ਕਰ ਰਹੇ ਸਨ। ਅਸੀਂ ਦੇਖਦੇ ਹਾਂ ਕਿ 1928 ਦੇ ਅੰਤ ਤੱਕ ਉਹ ਲਿਖ ਰਹੇ ਸਨ “ਮੈਂ ਇਹ ਇਅਤਰਾਫ ਕਰਦਾ ਹਾਂ ਕਿ ਮੈਂ ਅਜੇ ਤੱਕ ਬਾਲਸ਼ਵਿਕਵਾਦ ਦੇ ਅਰਥ ਨਹੀਂ ਸਮਝ ਸਕਿਆ। ਮੈਂ ਸਿਰਫ਼ ਐਨਾ ਜਾਣ ਸਕਿਆ ਹਾਂ ਕਿ ਇਹ ਨਿੱਜੀ ਜਾਇਦਾਦ ਦੀ ਸੰਸਥਾ ਨੂੰ ਖਤਮ ਕਰਨਾ ਚਾਹੁੰਦਾ ਹੈ। ਇਹ ਆਰਥਕ ਖੇਤਰ ਵਿਚ ਕੇਵਲ ਗ਼ੈਰ-ਮਲਕੀਅਤ ਦੇ ਨੈਤਕ ਆਦਰਸ਼ ਨੂੰ ਅਮਲ ਵਿਚ ਲਿਆਉਣ ਦੇ ਤੁਲ ਹੈ ਅਤੇ ਜੇ ਲੋਕ ਇਸ ਆਦਰਸ਼ ਨੂੰ ਆਪਣੀ ਮਰਜ਼ੀ ਨਾਲ ਆਪਣਾ ਲੈਣ ਜਾਂ ਉਹਨਾਂ ਨੂੰ ਪਰੁਅਮਨ ਢੰਗਾਂ ਨਾਲ ਇਸਨੂੰ ਅਪਨਾਉਣ ਲਈ ਮਨਾਇਆ ਜਾ ਸਕੇ ਤਾਂ ਇਸ ਨਾਲੋਂ ਚੰਗੀ ਹੋਰ ਗੱਲ ਨਹੀਂ ਹੋਵੇਗੀ। ਪਰ ਜਿੰਨਾ ਕੁ ਬਾਲਸ਼ਵਿਜ਼ਮ ਬਾਰੇ ਮੈਂ ਜਾਣਦਾ ਹਾਂ, ਇਹ ਨਿੱਜੀ ਮਾਲਕੀ ਨੂੰ ਜ਼ਬਤ ਕਰਨ ਤੇ ਇਸ ਉੱਤੇ ਸਾਂਝੀ ਸਰਕਾਰੀ ਮਾਲਕੀ ਕਾਇਮ ਕਰਨ ਲਈ ਨਾ ਕੇਵਲ ਤਾਕਤ ਦੀ ਵਰਤੋਂ ਨੂੰ ਵਰਜਿਤ ਨਹੀਂ ਕਰਦਾ ਸਗੋਂ ਇਸਦੀ ਖੁੱਲ੍ਹੀ ਵਰਤੋਂ ਦੀ ਆਗਿਆ ਦਿੰਦਾ ਹੈ। ਜੇ ਇਹ ਹਕੀਕਤ ਹੈ ਤਾਂ ਮੈਨੂੰ ਇਹ ਕਹਿਣ ਵਿਚ ਕੋਈ ਹਿਚਕਚਾਹਟ ਨਹੀਂ ਕਿ ਆਪਣੇ ਮੌਜੂਦ ਰੂਪ ਵਿਚ ਬਾਲਸ਼ਵਿਕ ਹਕੂਮਤ ਬਹੁਤਾ ਚਿਰ ਕਇਮ ਨਹੀਂ ਰਹਿ ਸਕਦੀ। ਕਿਉਂਕਿ ਮੇਰਾ ਇਹ ਦ੍ਰਿੜ ਵਿਸ਼ਵਾਸ਼ ਹੈ ਹਿੰਸਾ ਦੀ ਨੀਂਹ ਉੱਤੇ ਕੋਈ ਦੇਰਪਾ ਉਸਾਰੀ ਨਹੀਂ ਹੋ ਸਕਦੀ। ਪਰ ਇਹ ਗੱਲ ਠੀਕ ਸਾਬਤ ਹੁੰਦੀ ਹੈ ਜਾਂ ਨਹੀਂ, ਇਸ ਹਕੀਕਤ ਤੋਂ ਉੱਕਾ ਹੀ ਇਨਕਾਰ ਨਹੀਂ ਹੋ ਸਕਦਾ ਕਿ ਅਣਗਿਣਤ ਮਰਦ ਔਰਤਾਂ ਨੇ ਬਾਲਸ਼ਵਿਕ ਆਦਰਸ਼ ਲਈ ਆਪਣਾ ਸੱਭ ਕੁਝ ਨਿਸ਼ਾਵਰ ਕਰ ਦਿੱਤਾ ਤੇ ਉਹਨਾਂ ਦੀਆਂ ਪਵਿੱਤਰ ਕੁਰਬਾਨੀਆਂ ਨੇ ਇਸ ਆਦਰਸ਼ ਨੂੰ ਸਿੰਝਿਆ। ਇਹ ਆਦਰਸ਼, ਜਿਸ ਨੂੰ ਲੈਨਿਨ ਜਿਹੀਆਂ ਆਦੁੱਤੀ ਆਤਮਾਵਾਂ ਦੇ ਆਪਣੇ ਬਲੀਦਾਨ ਨਾਲ ਪਾਵਨ ਰੂਪ ਦਿੱਤਾ, ਬਿਰਥਾ ਨਹੀਂ ਜਾ ਸਕਦਾ: ਅਜਿਹੀਆਂ ਆਤਮਾਵਾਂ ਦੇ ਤਿਆਗ ਦਾ ਉੱਚਾ ਸੁੱਚਾ ਪਰਮਾਣ ਸਦਾ ਲਈ ਤੇ ਦਿਨੋ ਦਿਨ ਵਧੇਰੇ ਤਾਬਾਨੀ ਨਾਲ ਜਗਾਮਗਾਉਂਦਾ ਰਹੇਗਾ ਤੇ ਜਿਉਂ ਜਿਉਂ ਸਮਾਂ ਬੀਤੇਗਾ, ਇਹਨਾਂ ਕੁਰਬਾਨੀਆਂ ਦੇ ਸਦਕਾ ਇਹ ਆਦਰਸ਼ ਹੋਰ ਨਿਰਮਲ ਹੁੰਦਾ ਜਾਏਗਾ।”
ਕੁਝ ਸਾਲਾਂ ਬਾਅਦ ਕਮਿਊਨਿਜ਼ਮ ਦਾ ਬਦਲ ਵਧੇਰੇ ਕੱਟੜਤਾ ਨਾਲ ਪੇਸ਼ ਕਰਨ ਦੇ ਸਵਾਲ ਉੱਤੇ ਉਹਨਾਂ ਦਾ ਲਹਿਜਾ ਕਿਤੇ ਵੱਧ ਕਠੋਰ ਸੀ। ਇਸਦਾ ਕਾਰਨ ਓਨਾ ਹਿੰਦ ਕਮਿਊਨਿਸਟ ਪਾਰਟੀ ਦੇ ਅਸਰ ਵਿਚ ਹੋ ਰਿਹਾ ਵਾਧਾ ਨਹੀਂ ਸੀ ਜਿੰਨਾ ਇਹ ਸੀ ਕਿ ਪੰਡਤ ਨਹਿਰੂ ਦੇ ਦ੍ਰਿਸ਼ਟੀਕੋਨ ਦਾ ਮਾਰਕਸਵਾਦ ਵੱਲ ਝੁਕਾਅ ਵਧੇਰੇ ਪ੍ਰਤੱਖ ਹੋ ਗਿਆ ਸੀ। ਮਹਾਤਮਾ ਗਾਂਧੀ ਨੇ ਲਿਖਿਆ ਸੀ “ਸ਼੍ਰੇਣੀ-ਯੁੱਧ ਹਿੰਦ ਦੇ ਮੂਲ ਸੁਭਾਅ ਦੇ ਉੱਲਟ ਹੈ। ਆਪਣੇ ਸੁਭਾਅ ਦੇ ਪੱਖੋਂ ਹਿੰਦ ਕਮਿਊਨਿਜ਼ਮ ਨੂੰ ਅਜਿਹੇ ਢੰਗ ਨਾਲ ਵਿਕਸਤ ਕਰ ਸਕਦਾ ਹੈ ਜਿਹੜਾ ਬਰਾਬਰ ਦੇ ਨਿਆਂ ਨਾਲ ਸਾਰਿਆਂ ਦੇ ਬੁਨਿਆਦੀ ਹੱਕਾਂ ਉੱਤੇ ਆਧਾਰਤ ਹੋਵੇ। ਮੇਰੇ ਸੁਪਨਿਆਂ ਦਾ ਹਿੰਦੁਸਤਾਨ ਰਾਜਿਆਂ ਤੇ ਰੰਕਾਂ ਲਈ ਇੱਕੋ ਜਿਹੇ ਅਧਿਕਾਰ ਯਕੀਨੀ ਬਣਾਉਂਦਾ ਹੈ। ਪੰਡਤ ਜਵਾਹਰ ਲਾਲ ਨਹਿਰੂ ਨਿਰਸੰਦੇਹ ਸੰਪਤੀ ਦੇ ਕੌਮੀਕਰਣ ਦੀ ਗੱਲ ਕਰਦਾ ਹੈ ਪਰ ਤੁਹਾਨੂੰ ਇਸ ਤੋਂ ਡਰਨ ਦੀ ਲੋੜ ਨਹੀਂ। ਜੇ ਕੌਮ ਸੰਪਤੀ ਦੀ ਮਾਲਕ ਹੋ ਸਕਦੀ ਹੈ ਤਾਂ ਇਸਨੂੰ ਵਿਅਕਤੀਆਂ ਦੀ ਸਪੁਰਦਗੀ ਵਿਚ ਦੇ ਕੇ ਹੀ ਹੋ ਸਕਦਾ ਹੈ। ਕੀ ਅਸੀਂ ਨਹੀਂ ਜਾਣਦੇ ਕਿ ਅਸੀਂ ਨਿਵੇਕਲੀ ਪੂਰਬੀ ਰਵਾਇਤ ਰੱਖਦੇ ਹਾਂ? ਕੀ ਅਸੀਂ ਸਰਮਾਏ ਤੇ ਮਿਹਨਤ ਦੇ ਸਵਾਲ ਦਾ ਹੱਲ ਆਪ ਲੱਭਣ ਦੀ ਯੋਗਤਾ ਨਹੀਂ ਰੱਖਦੇ? ਵਰਣਆਸ਼ਰਮ ਦਾ ਪ੍ਰਬੰਧ ਉੱਚੇ ਤੇ ਨੀਵੇਂ ਵਿਚਕਾਰ ਅਤੇ ਇਸਦੇ ਨਾਲ ਨਾਲ ਸਰਮਾਏ ਤੇ ਮਿਹਨਤ ਵਿਚਕਾਰ ਮਤਭੇਦਾਂ ਨੂੰ ਇਕਸਾਰ ਕਰਨ ਦਾ ਵਸੀਲਾ ਨਹੀਂ ਤਾਂ ਹੋਰ ਕੀ ਹੈ?
ਇਥੋਂ ਤੱਕ ਕਿ 1944 ਦੇ ਨੇੜੇ ਤੇੜੇ ਮਾਰਕਸ ਦੀ ਲਿਖਤ ਦਾਸ ਕੈਪੀਟਲ (ਸਰਮਾਇਆ) ਪੜ੍ਹਦਿਆਂ ਉਹਨਾਂ ਸੀ.ਪੀ.ਆਈ ਦੇ ਉਸ ਵੇਲੇ ਦੇ ਜੈਨਰਲ ਸਕੱਤਰ ਪੀ.ਸੀ.ਜੋਸ਼ੀ ਨੂੰ ਲਿਖੇ ਇਕ ਪੱਤਰ ਵਿਚ ਪੁੱਛਿਆ ਸੀ ਕਿ ਕੀ ਕਮਿਊਨਿਸਟ ਪਾਰਟੀ ਆਪਣੇ ਮੈਂਬਰਾਂ ਨੂੰ ਗਊ ਦਾ ਮਾਸ ਖਾਣ ਲਈ ਮਜਬੂਰ ਕਰਦੀ ਹੈ, ਕੀ ਹਿੰਸਾ ਪ੍ਰਤੀ ਨਿਸ਼ਠਾ ਦੀ ਸਹੁੰ ਚੁਕਾਉਂਦੀ ਹੈ, ਮਾਸਕੋ ਤੋਂ ਰਕਮਾਂ ਹਾਸਲ ਕਰਦੀ ਹੈ, ਅਤੇ ਕੀ ਵਿਆਹ ਦੇ ਉੱਲਟ ਇਸਤਰੀਆਂ ਦੀ ਸਮੂਹਕ ਵਰਤੋਂ ਵਿਚ ਯਕੀਨ ਰਖਦੀ ਹੈ?
ਪੀ.ਸੀ.ਜੋਸ਼ੀ ਇਸ ਪੱਤਰ ਤੋਂ ਐਨੇ ਨਾਰਾਜ਼ ਹੋਏ ਸਨ ਕਿ ਉਹਨਾਂ ਉੱਤਰ ਵਿਚ ਲਿਖਿਆ ਸੀ ਕਿ ਜੇ ਮੇਰਾ ਆਪਣਾ ਪਿਤਾ ਮੈਨੂੰ ਅਜਿਹੀ ਚਿੱਠੀ ਲਿਖਦਾ ਤਾਂ ਮੈਂ ਕਦੇ ਵੀ ਉਸਦੇ ਮੱਥੇ ਨਹੀਂ ਸੀ ਲੱਗਣਾ। ਪਰ ਕਿਉਂਕਿ ਤੁਸੀਂ ਕੌਮ ਦੇ ਪਿਤਾ ਹੋ ਇਸ ਲਈ ਮੈਂ ਤੁਹਾਡੇ ਪੱਤਰ ਦਾ ਉੱਤਰ ਦੇ ਰਿਹਾ ਹਾਂ।
ਸ਼ਾਇਦ ਇਤਹਾਸਕ ਤੌਰ ‘ਤੇ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਗਾਂਧੀ ਜੀ ਨੂੰ “ਕੌਮ ਦਾ ਪਿਤਾ” ਜਾਂ “ਰਾਸ਼ਟਰ ਪਿਤਾ” ਹੋਣ ਦਾ ਖਿਤਾਬ ਪਹਿਲੀ ਵਾਰ ਇਸੇ ਚਿੱਠੀ ਪੱਤਰ ਵਿਚ ਪਰਦਾਨ ਹੋਇਆ ਸੀ।
ਜਿਥੋਂ ਤੱਕ ਇਸ ਸਵਾਲ ਦਾ ਸੰਬੰਧ ਹੈ ਕਿ ਮਹਾਤਮਾ ਗਾਂਧੀ ਨੇ ਬਲਸ਼ਵਿਕਵਾਦ ਦਾ ਜਿਹੜਾ ਬਦਲ ਸਾਹਮਣੇ ਲਿਆਂਦਾ, ਉਸਨੇ ਕਿੰਨਾ ਕੁ ਜ਼ੋਰ ਫੜਿਆ, ਇਸ ਬਾਰੇ ਐਨੀ ਕੁ ਗੱਲ ਸੌਖਿਆਂ ਹੀ ਆਖੀ ਜਾ ਸਕਦੀ ਹੈ ਇਸਨੇ ਕਿ ਵਧੇਰੇ ਤੇਜ਼ ਖਿਆਲ ਸ਼ਕਤੀ ਤੇ ਪ੍ਰੋਗਰਾਮ ਨੂੰ ਉਭਰਨ ਨਾ ਦਿੱਤਾ, ਭਾਵੇਂ ਇਸ ਵਿਚ ਹਿੰਦ ਦੇ ਕਮਿਊਨਿਸਟਾਂ ਦੀ ਆਪਣੀ ਸੌੜੀ ਤੇ ਸੰਕੀਰਨ ਸੋਚ ਦਾ ਵੀ ਦਖਲ ਸੀ। ਪਰ ਦੇਖਿਆ ਜਾਏ ਤਾਂ ਗਾਂਧੀ ਜੀ ਵਲੋਂ ਪੇਸ਼ ਕੀਤਾ ਗਿਆ ਬਦਲ ਵੀ ਆਪਣੇ ਤੌਰ ‘ਤੇ ਵਿਗਸ ਨਾ ਸਕਿਆ। ਜੋ ਸੁਤੰਤਰਤਾ ਸੰਗਰਾਮ ਦੇ ਦੌਰਾਨ ਇਸਦਾ ਪ੍ਰਭਾਵ ਸੀਮਤ ਹੀ ਸੀ ਤਾਂ ਉਸਤੋਂ ਪਿੱਛੋਂ ਤਾਂ ਇਸਦੀ ਪੁੱਛ ਹੋਰ ਵੀ ਘਟ ਗਈ। ਅਹਿੰਸਾ ਦੇ ਅਕੀਦੇ ਨੂੰ ਕੇਵਲ ਗਿਣਤੀ ਦੇ ਪੈਰੋਕਾਰ ਹੀ ਮਿਲ ਸਕੇ। ਮਹਾਤਮਾ ਗਾਂਧੀ ਦੇ ਸ਼ੋਸ਼ਣ-ਰਹਿਤ ਸੁਪਨੇ ਦਾ ਵੀ ਇਹੀ ਹਸ਼ਰ ਹੋਇਆ। ਵਾਰਧਾ ਦੇ ਨੇੜੇ ਸੇਵਾਗਰਾਮ, ਜਿਥੇ ਮਹਾਤਮਾ ਗਾਂਧੀ ਇਹ ਦਹਾਕੇ ਤੋਂ ਵੱਧ ਸਮਾਂ ਰਹੇ, ਦੇ ਕੁਝ ਹੀ ਮੀਲ ਦੇ ਘੇਰੇ ਤੋਂ ਬਾਹਰ ਜੋ ਕੁਝ ਦੇਖਣ ਤੇ ਅਨੁਭਵ ਕਰਨ ਨੂੰ ਮਿਲਦਾ ਸੀ ਉਸ ਵਿਚ ਬਾਕੀ ਹਿੰਦੁਸਤਾਨ ਨਾਲੋਂ ਕੋਈ ਵੱਖਰੀ ਗੱਲ ਨਹੀਂ ਸੀ। ਉਹਨਾਂ ਦੇ ਅਕੀਦੇ ਕਿਸੇ ਵੀ ਕਿਸਮ ਦੀ ਜ਼ਿਕਰਯੋਗ ਪਦਾਰਥਕ ਤੇ ਅਧਿਆਤਮਕ ਤਬਦੀਲੀ ਨਹੀਂ ਆਈ ਹਾਲਾਂਕਿ ਇਸ ਮਾਮਲੇ ਵੱਲ ਉਹ ਆਪਣਾ ਪੂਰਾ ਨਿੱਜੀ ਧਿਆਨ ਦਿੰਦੇ ਸਨ। ਕਈ ਵਾਰ ਤਾਂ ਇਸ ਮਾਮਲੇ ਵਿਚ ਖੁੱਭੇ ਹੋਣ ਕਾਰਨ ਉਹ ਕਾਂਗਰਸ ਦੇ ਟੀਸੀ ਦੇ ਆਗੂਆਂ ਨਾਲ ਫੌਰੀ ਕੌਮੀ ਮਾਮਲਿਆਂ ਉੱਤੇ ਸੋਚ ਵਿਚਾਰ ਵਿਚ ਵੀ ਸ਼ਾਮਲ ਨਹੀਂ ਸਨ ਹੁੰਦੇ।
ਜਿਥੋਂ ਤੱਕ ਧਨ-ਸੰਪਤੀ ਵਾਲਿਆਂ ਨੂੰ ਇਸ ਗੱਲ ਲਈ ਰਾਜ਼ੀ ਕਰਨ ਦਾ ਮਾਮਲਾ ਸੀ ਕਿ ਉਹ ਮਾਲਕ ਬਣੇ ਰਹਿਣ ਦੀ ਥਾਂ ਟਰਸਟੀ ਜਾਂ ਨਿਗਰਾਨ ਬਣ ਜਾਣ ਤੇ ਆਪਣਾ ਧਿਆਨ ਸੱਭ ਤੋਂ ਪਹਿਲਾਂ ਆਪਣੇ ਮੁਲਾਜ਼ਮਾਂ ਤੇ ਮੁਜ਼ਾਰਿਆਂ ਦੀਆਂ ਸਮੱਸਿਆਵਾਂ ਵੱਲ ਦੇਣ, ਇਸ ਬਾਰੇ ਕੁਝ ਨਾ ਹੀ ਕਿਹਾ ਜਾਏ ਤਾਂ ਬਿਹਤਰ ਹੈ। ਜੀ।ਡੀ। ਬਿਰਲਾ ਹਮੇਸ਼ਾ ਉਹਨਾਂ ਦੇ ਪਰਛਾਵੇਂ ਵਿਚ ਹੀ ਰਹਿੰਦਾ ਸੀ ਤੇ ਇਸੇ ਸਿਰਲੇਖ ਨਾਲ ਉਸਨੇ ਇਕ ਕਿਤਾਬ ਵੀ ਲਿਖੀ। ਪਰ ਕੀ ਉਸਨੇ ਟਰਸਟੀਸ਼ਿਪ ਦੇ ਸੰਕਲਪ ਨੂੰ ਕਬੂਲ ਕੀਤਾ? ਅੰਬਾ ਲਾਲ ਸਾਰਾਭਾਈ ਨੇ ਆਪਣੀ ਬੇਟੀ ਮ੍ਰਿਦੂਲਾ ਨੂੰ ਤਾਂ ਗਾਂਧੀ ਜੀ ਦੀ ਸੇਵਾ ਲਈ ਅਰਪਣ ਕਰ ਦਿੱਤਾ ਪਰ ਆਪਣੀਆਂ ਕੱਪੜਾ ਮਿਲਾਂ ਨੂੰ ਜਿਉਂ ਦਾ ਤਿਉਂ ਕਾਇਮ ਰੱਖਿਆ।
ਬਹੁਤੇ ਜਾਗੀਰਦਾਰਾਂ ਨੂੰ ਉਹਨਾਂ ਦੀਆਂ ਬਹੁਤ ਜਬਰਦਸਤ ਜ਼ਮੀਨੀ ਮਾਲਕੀਆਂ ਤੋਂ ਅੰਸ਼ਕ ਤੌਰ ‘ਤੇ ਵਾਂਝੇ ਤਾਂ ਕੀਤਾ ਗਿਆ ਪਰ ਹਿਰਦੇ ਪਰੀਵਰਤਨ ਰਾਹੀਂ ਨਹੀਂ ਜਿਵੇਂ ਗਾਂਧੀ ਜੀ ਕਹਿੰਦੇ ਸਨ, ਸਗੋਂ ਆਜ਼ਾਦੀ ਤੋਂ ਪਿੱਛੋਂ ਪਾਸ ਕੀਤੇ ਕਾਨੂੰਨਾਂ ਦੀ ਸ਼ਕਲ ਵਿਚ ਰਾਜਸ਼ਕਤੀ ਰਾਹੀਂ, ਜਿਸ ਦੀ ਵਰਤੋਂ ਨੂੰ ਮਹਾਤਮਾ ਗਾਧੀ ਬਾਲਸ਼ਵਿਕਵਾਦ ਦੇ ਖਿਲਾਫ਼ ਮੁੱਖ ਦਲੀਲ ਵਜੋਂ ਵਰਤਦੇ ਸਨ।
ਇਸ ਤੋਂ ਵੱਧ ਦੁਰਦਸ਼ਾ ਸਨਅਤੀਕਰਣ ਨੂੰ ਰੋਕਣ ਦੇ ਉਹਨਾਂ ਦੇ ਅਸੂਲ ਦੀ ਹੋਈ। ਇਹ ਉਹਨਾਂ ਦੀ ਤਹਿਰੀਕ ਹੀ ਸੀ ਜਿਸਨੇ ਉਹਨਾਂ ਦੇ ਜਿਉਂਦੇ ਜੀਅ ਹਿੰਦੁਸਤਾਨੀ ਸੱਨਅਤਾਂ ਦੀ ਉੱਨਤੀ ਲਈ ਮਾਹੌਲ ਪੈਦਾ ਕਰ ਦਿੱਤਾ ਸੀ ਅਤੇ ਜਿਸਨੇ ਹਿੰਦ ਨੂੰ ਸੰਸਾਰ ਭਰ ਵਿਚ ਸਨਅਤੀ ਤੌਰ ‘ਤੇ ਸੱਭ ਤੋਂ ਉੱਨਤ ਨੌ-ਆਬਾਦੀ ਬਣਾ ਦਿੱਤਾ ਸੀ।
ਭਾਵੇਂ 1934 ਵਿਚ ਉਹਨਾਂ ਨੇ ਛੂਤਛਾਤ ਵਿਰੁੱਧ ਵਰਤ ਵੀ ਰੱਖਿਆ, ਅਛੂਤਾਂ ਲਈ ਹਰੀ ਦਾ ਬੇਟਾ ਵਿਸ਼ੇਸ਼ਣ ਦੀ ਵਰਤੋਂ ਵੀ ਕੀਤੀ, ਉਹਨਾਂ ਲਈ ਮੰਦਰਾਂ ਵਿਚ ਦਾਖ਼ਲੇ ਤੇ ਵਿਧਾਨ ਸਭਾਵਾਂ ਵਿਚ ਉਹਨਾਂ ਲਈ ਸੀਟਾਂ ਦੀ ਰੀਜ਼ਰਵੇਸ਼ਨ ਦੀ ਵਿਵਸਥਾ ਵੀ ਕਰਵਾਈ ਪਰ ਛੂਤ ਛਾਤ ਫੇਰ ਵੀ ਖ਼ਤਮ ਨਾ ਹੋਈ। (ਇਸ ਨੂੰ ਵੀ ਮਹਾਤਮਾ ਗਾਂਧੀ ਦਾ ਬਹੁਤ ਵੱਡਾ ਸਵੈ-ਵਿਰੋਧ ਕਿਹਾ ਜਾ ਸਕਦਾ ਹੈ ਕਿ ਜਿਥੇ ਉਹ ਗਿਣਤੀ ਦੇ ਸਿਰਕੱਢ ਕੌਮੀ ਆਗੂਆਂ ਵਿਚੋਂ ਸਨ ਜਿਹਨਾਂ ਦਲਿਤਾਂ ਲਈ ਆਹ ਦਾ ਨਾਅਰਾ ਮਾਰਿਆ, ਉੱਥੇ ਉਹਨਾਂ ਵਰਣ-ਆਸ਼ਰਮ ਨੂੰ “ਊਚ ਨੀਚ ਅਤੇ ਸਰਮਾਏ ਤੇ ਮਿਹਨਤ ਵਿਚਾਲੇ ਵਿਰੋਧਾਂ ਨੂੰ ਇਕਸੁਰ ਕਰਨ ਦਾ ਨਿਵੇਕਲਾ ਹਿੰਦੁਸਤਾਨੀ ਢੰਗ” ਦੱਸ ਕੇ ਇਸਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਵੀ ਹਾਲਾਂਕਿ ਇਹ ਵਰਣ ਆਸ਼ਰਮ ਹੀ ਦਲਿਤਾਂ ਨਾਲ ਸਦੀਆਂ ਤੋਂ ਤੁਰੇ ਆ ਰਹੇ ਅਣਮਨੁੱਖੀ ਵਿਹਾਰ ਤੇ ਵਿਤਕਰੇ ਦੀ ਜੜ੍ਹ ਹੈ। ਵਰਣ ਵੰਡ ਸਮਾਜ ਦੀਆਂ ਸਾਧਾਰਨ ਆਰਥਕ ਸਰਗਰਮੀਆਂ ਵਿਚੋਂ ਸੁਭਾਵਕ ਤੌਰ ‘ਤੇ ਪੈਦਾ ਹੋਣ ਵਾਲੀ ਵਕਤੀ ਕੰਮ ਵੰਡ ਨਹੀਂ ਸਗੋਂ ਧਰਮ ਦੇ ਨਾਂਅ ਉੱਤੇ ਸਮਾਜ ਉੱਪਰ ਮੜ੍ਹੀ ਗਈ ਅਜਿਹੀ ਆਪਹੁਦਰੀ ਵੰਡ ਹੈ ਜਿਸਨੂੰ “ਜਨਮ ਵੰਡ” ਕਹਿਣਾ ਵਧੇਰੇ ਠੀਕ ਹੋਵੇਗਾ।-ਸੰਪਾਦਕ)
ਖੁਸ਼ਕਿਸਮਤੀ ਨਾਲ ਇਸਤਰੀਆਂ ਤੇ ਬ੍ਰਹਮਚਾਰੀਆ ਬਾਰੇ ਉਹਨਾਂ ਦੇ ਵਿਚਾਰਾਂ ਨੂੰ ਕਿਸੇ ਪਾਸਿਉਂ ਹੁੰਗਾਰਾ ਹੀ ਨਹੀਂ ਮਿਲਿਆ। ਇਸਤਰੀਆਂ ਨੂੰ ਉਹ ਪਾਪ ਦਾ ਪੁੰਜ ਸਮਝਦੇ ਸਨ ਅਤੇ ਉਹਨਾਂ ਦਾ ਵਿਚਾਰ ਸੀ ਕਿ ਸਰੀਰਕ ਤੇ ਦਿਮਾਗ਼ੀ ਸਿਹਤ ਨੂੰ ਕਾਇਮ ਰੱਖਣ ਲਈ ਵੀਰਜ ਨੂੰ ਸੰਭਾਲ ਕੇ ਰੱਖਣਾ ਜ਼ਰੂਰੀ ਹੈ।
ਆਪਣੇ ਬਦਲ ਨੂੰ ਕਬੂਲ ਕਰਵਾ ਸਕਣ ਵਿਚ ਆਪਣੀ ਅਸਫ਼ਲਤਾ ਦੇ ਸਿੱਟੇ ਵਜੋਂ ਉਹ ਅਜਿਹੇ ਫ਼ੈਸਲੇ ਉੱਤੇ ਪਹੁੰਚੇ ਜਿਸ ਦੇ ਕਾਰਨ ਕੱਟੜ ਕਿਸਮ ਦੇ ਗਾਂਧੀਵਾਦੀ ਚੋਖਾ ਪਰੇਸ਼ਾਨ ਹੀ ਨਹੀਂ ਸਗੋਂ ਲੋਹੇ ਲਾਖੇ ਵੀ ਹੋਏ।
- ਨਹਿਰੂ -
ਜਦੋਂ ਮਹਾਤਮਾ ਗਾਂਧੀ ਤੋਂ ਪੁੱਛਿਆ ਗਿਆ ਕਿ ਉਹਨਾਂ ਦੇ ਜਾਨਸ਼ੀਨ ਕੌਣ ਹੋਣਗੇ ਤਾਂ ਇਹ ਆਸ ਕੀਤੀ ਜਾਂਦੀ ਸੀ ਕਿ ਉਹ ਕਠੋਰ ਪੁਰਾਤਨਵਾਦੀ ਸਰਦਾਰ ਵੱਲਭ ਭਾਈ ਪਟੇਲ ਜਾਂ ਚਤੁਰ-ਪੁਰਾਤਨਵਾਦੀ ਚੱਕਰਵਰਤੀ ਰਾਜਗੁਪਾਲ ਆਚਾਰੀਆ ਦਾ ਨਾਂਅ ਲੈਣਗੇ। ਪਰ ਮਹਾਤਮਾ ਗਾਂਧੀ ਨੇ ਇਹਨਾਂ ਦੋਹਾਂ ਵਿਚੋਂ ਕਿਸੇ ਨੂੰ ਨਹੀਂ ਚੁਣਿਆ ਅਤੇ ਗੁਣਾ ਪੰਡਤ ਜਵਾਹਰ ਲਾਲ ਨਹਿਰੂ ਉੱਤੇ ਪਾਇਆ, ਜਿਨਾਂ ਦੇ ਖੱਬੇ ਪੱਖੀ ਸੋਸ਼ਲਿਸਟ ਤੇ ਇਥੋਂ ਤੱਕ ਕਿ ਮਾਰਕਸਿਸਟ ਵਿਚਾਰ ਉਦੋਂ ਚੋਖੇ ਦ੍ਰਿਸ਼ਟੀਮਾਨ ਸਨ। ਮਹਾਤਮਾ ਗਾਂਧੀ ਦਾ ਕਹਿਣਾ ਸੀ ਕਿ ਇਹ ਠੀਕ ਹੈ ਕਿ ਸਾਡੇ ਦੋਹਾਂ ਵਿਚਾਲੇ ਮੱਤਭੇਦ ਤਾਂ ਹਨ ਪਰ ਜਵਾਹਰ ਲਾਲ ਨਹਿਰੂ ਬੇਦਾਗ਼ ਸ਼ਖਸੀਅਤ ਦੇ ਮਾਲਕ ਹਨ, ਜ਼ਾਬਤੇ ਦਾ ਪਾਲਣ ਕਰਨ ਵਾਲੇ ਹਨ ਤੇ ਮੇਰੇ ਤੁਰ ਜਾਣ ਤੋਂ ਬਾਅਦ ਮੇਰੀ ਤਰਜਮਾਨੀ ਕਰਨਗੇ।
ਇਹ ਸੱਚ ਹੈ ਕਿ ਆਜ਼ਾਦ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਜਵਾਹਰ ਲਾਲ ਨਹਿਰੂ ਨੇ ਉਹਨਾਂ ਖੇਤਰਾਂ ਨੂੰ ਬਹੁਤ ਮਾਯੂਸ ਕੀਤਾ ਜਿਨ੍ਹਾਂ ਨੂੰ ਭੁਲੇਖਾ ਸੀ ਕਿ ਉਹ ਅਜਿਹੇ ਆਰਥਕ-ਸਮਾਜੀ ਪਰੀਵਰਤਨ ਲਿਆਉਣਗੇ ਜਿਨ੍ਹਾਂ ਦੇ ਕਾਰਨ ਹਿੰਦ ਸਿੱਧਾ ਅਜਿਹੇ ਸੋਸ਼ਲਿਜ਼ਮ ਵੱਲ ਅੱਗੇ ਵਧਦਾ ਜਾਏਗਾ ਜਿਹੜਾ ਉਤਪਾਦਨ ਦੇ ਮੁੱਖ ਸਾਧਨਾਂ ਦੀ ਨਿੱਜੀ ਮਾਲਕੀ ਦੇ ਖਾਤਮੇ ਉੱਤੇ ਆਧਾਰਤ ਹੋਵੇਗਾ ਜਿਸ ਬਾਰੇ ਖੁਦ ਪੰਡਤ ਨਹਿਰੂ 1927-37 ਦੇ ਦਹਾਕੇ ਵਿਚ ਐਨੇ ਜ਼ੋਰਦਾਰ ਢੰਗ ਨਾਲ ਲਿਖਦੇ ਰਹੇ ਸਨ।
ਜਵਾਹਰ ਲਾਲ ਨਹਿਰੂ ਦੇ ਆਸਾਂ ਉੱਤੇ ਪੂਰੇ ਨਾ ਉਤਰ ਸਕਣ ਦੇ ਮਾਮਲੇ ਨੂੰ ਖੱਬੇ ਪੱਖ ਨੇ ਆਪਣੀ ਨੁਕਤਾਚੀਨੀ ਦਾ ਉਚੇਚਾ ਨਿਸ਼ਾਨਾ ਬਣਾਇਆ ਤੇ ਮਹਾਤਮਾ ਗਾਂਧੀ ਤੇ ਉਸਦੇ ਇਸ ਚੇਲੇ ਲਈ ਦੰਭੀ ਹੋਣ ਜਿਹੇ ਘਿਰਣਾਜਨਕ ਲਫ਼ਜ਼ਾਂ ਦੀ ਵਰਤੋਂ ਵੀ ਕੀਤੀ। ਪਰ ਜੇ ਘੱਟੋ ਘੱਟ ਵੀ ਕਿਹਾ ਜਾਏ ਤਾਂ ਇਹ ਨੁਕਤਾਚੀਨੀ ਇੱਕਪਾਸੜ ਸੀ। ਗਾਂਧੀ ਜੀ ਵਲੋਂ ਨਹਿਰੂ ਦੀ ਚੋਣ ਉਹਨਾਂ ਵਲੋਂ ਆਪਣੀਆਂ ਅਜਿਹੀਆਂ ਕਦਰਾਂ ਦੀ ਪੁਸ਼ਟੀ ਹੀ ਸੀ, ਜਿਨ੍ਹਾਂ ਦਾ ਜ਼ਿਕਰ ਇਸ ਲੇਖ ਦੇ ਦੂਸਰੇ ਭਾਗ ਵਿਚ ਕੀਤਾ ਜਾਏਗਾ। ਇਹ ਇਸ ਗੱਲ ਦਾ ਵੀ ਇਕਬਾਲ ਸੀ ਕਿ ਆਜ਼ਾਦੀ ਤੋਂ ਬਾਅਦ ਪੁਰਾਤਨਤਾ ਨੂੰ ਅਧੁਨਿਕਤਾ ਲਈ ਰਾਹ ਛੱਡਣਾ ਹੀ ਪਏਗਾ। ਇਹ ਕੇਵਲ ਨਹਿਰੂ ਹੋ ਸਕਦਾ ਸੀ ਜਿਹੜਾ ਉਸ ਗਤੀਸ਼ੀਲ ਸੰਤੁਲਨ ਲਈ ਅਗਵਾਈ ਪਰਦਾਨ ਕਰ ਸਕਦਾ ਸੀ ਅਤੇ ਉਸਨੇ ਕੀਤੀ ਵੀ, ਜਿਸਨੂੰ ਮਹਾਤਮਾ ਗਾਂਧੀ ਸੁਤੰਤਰਤਾ ਸੰਗਰਾਮ ਸਮੇਂ ਰੂਪਮਾਨ ਕਰਦੇ ਸਨ।
ਪਰ ਅਹਿੰਸਾ ਦਾ ਨੀਤੀ ਦੇ ਰੂਪ ਵਿਚ ਕੀ ਬਣਿਆ? ਆਮ ਹੜਤਾਲਾਂ, ਜਨਤਕ ਲਾਮਬੰਦੀ ਲਈ ਕਿਸਾਨ ਬਗ਼ਾਵਤਾਂ ਤੇ ਹਥਿਆਰਬੰਦ ਸੰਘਰਸ਼ ਦੇ ਰੂਪ ਵਿਚ ਖੱਬੇ ਪੱਖ ਵਲੋਂ ਪਰਚਾਰੀ ਜਾਂਦੀ ਰਵਾਇਤੀ ਪਹੁੰਚ ਦੇ ਬਦਲ ਵਜੋਂ ਵਰਤਾਂ, ਸਤਿਆਗ੍ਰਹਿ ਤੇ ਹੜਤਾਲਾਂ ਦੇ ਢੰਗਾਂ ਦਾ ਕੀ ਬਣਿਆ? ਕੀ ਇਹ ਢੰਗ ਇਸ ਸ਼ਕਲ ਵਿਚ ਸਫ਼ਲ ਨਹੀਂ ਆਖੇ ਜਾ ਸਕਦੇ ਕਿ ਹਿੰਦ ਨੇ ਇਸੇ ਰਾਹ ਉੱਤੇ ਚਲਦਿਆਂ ਆਜ਼ਾਦੀ ਹਾਸਲ ਕੀਤੀ ਅਤੇ ਚੀਨੀ ਇਨਕਲਾਬ ਦੇ ਰਾਹ ਦੇ ਟਾਕਰੇ ਵਿਚ ਹਿੰਦੁਸਤਾਨੀਆਂ ਨੇ ਆਪਣੇ ਤਰੀਕੇ ਨਾਲ ਬਰਤਾਨਵੀ ਰਾਜ ਦਾ ਅੰਤ ਕਰ ਦਿੱਤਾ?
ਇਹ ਗੱਲ ਪੂਰੀ ਤਰ੍ਹਾਂ ਠੀਕ ਨਹੀਂ; ਜਨਤਕ ਲਾਮਬੰਦੀ ਦਾ ਖੱਬੇਪਖੀ ਕੱਟੜਪੰਥੀ ਤੇ ਰਵਾਇਤੀ ਰਾਹ ਸਫ਼ਲ ਨਾ ਰਿਹਾ, ਇਸ ਲਈ ਨਹੀਂ ਕਿ ਇਸ ਦੇ ਮੁਕਾਬਲੇ ਉੱਤੇ ਗਾਂਧੀਵਾਦ ਦਾ ਬਦਲਵਾਂ ਰਾਹ ਮੌਜੂਦ ਸੀ, ਸਗੋਂ ਕੇਵਲ ਇਸ ਲਈ ਕਿ ਖੱਬੇ ਪੱਖੀ ਰਾਹ ਕੱਟੜਪੰਥੀ ਤੇ ਰਵਾਇਤੀ ਸੀ। ਜੇ ਵੇਖਿਆ ਜਾਏ ਤਾਂ ਮਾਓ ਨਾ ਕੱਟੜਪੰਥੀ ਸੀ ਤੇ ਨਾ ਹੀ ਰਵਾਇਤੀ। ਇਸੇ ਲਈ ਉਹ ਚੀਨ ਵਿਚ ਸਫ਼ਲ ਰਿਹਾ ਭਾਵੇਂ ਉਸਦਾ ਰਾਹ ਹਿੰਦ ਲਈ ਢੁੱਕਵਾਂ ਨਹੀਂ ਸੀ, ਆਜ਼ਾਦੀ ਤੋਂ ਪਹਿਲਾਂ ਵੀ ਨਹੀਂ ਤੇ ਆਜ਼ਾਦੀ ਤੋਂ ਪਿੱਛੋਂ ਤਾਂ ਉੱਕਾ ਹੀ ਨਹੀਂ। ਗਾਂਧੀਵਾਦੀ ਰਾਹ ਵੀ ਪੂਰੀ ਤਰ੍ਹਾਂ ਸਫ਼ਲ ਨਾ ਰਿਹਾ ਭਾਵੇਂ ਇਸ ਨੇ ਸਾਮਰਾਜ ਵਿਰੋਧੀ ਜਨਤਕ ਲਾਮਬੰਦੀ ਵਿਚ ਸੌਖਿਆਂ ਹੀ ਮੁੱਖ ਭੂਮਿਕਾ ਨਿਭਾਈ।
ਇਹ ਯਾਦ ਰੱਖਣਾ ਚਾਹੀਦਾ ਹੈ ਕਿ ਆਜ਼ਾਦੀ ਲਈ ਹਿੰਦੁਸਤਾਨੀ ਸੰਘਰਸ਼ ਬਹੁ-ਧਾਰਾ ਸੰਘਰਸ਼ ਸੀ ਅਤੇ ਇਹ ਉਸਤੋਂ ਬਹੁਤ ਦੇਰ ਪਹਿਲਾਂ ਸ਼ੁਰੂ ਹੋ ਚੁੱਕਾ ਸੀ ਜਦੋਂ ਗਾਂਧੀ ਜੀ ਇਸਦੇ ਸਿਰਮੌਰ ਆਗੂ ਬਣੇ। 18ਵੀਂ ਸਦੀ ਦੇ ਅਖੀਰ ਤੇ 19ਵੀਂ ਸਦੀ ਦੇ ਸ਼ੁਰੂ ਦੀਆਂ ਕਿਸਾਨ ਬਗ਼ਾਵਤਾਂ ਆਪਣੇ ਆਪ ਮੁਹਾਰੇ ਖਾਸੇ ਦੇ ਪੱਖੋਂ ਸਾਮਰਾਜ-ਵਿਰੋਧੀ ਅੰਸ਼ ਰੱਖਦੀਆਂ ਸਨ। 1857 ਦੇ ਗ਼ਦਰ ਨੂੰ ਇਸਦੇ ਸ਼ੁਰੂ ਵਿਚ ਵੀ ਮਾਰਕਸ ਤੇ ਏਂਗਲਜ਼ ਨੇ ਆਜ਼ਾਦੀ ਦੀ ਪਹਿਲੀ ਜੰਗ ਕਰਾਰ ਦਿੱਤਾ ਸੀ। 1857 ਤੋਂ ਪਹਿਲਾਂ ਤੇ ਪਿੱਛੋਂ ਦੀਆਂ ਸਮਾਜ ਸੁਧਾਰ ਲਹਿਰਾਂ ਨੇ, ਅਪਣੀਆਂ ਅੱਤ ਸੌੜੀਆਂ ਸੀਮਾਵਾਂ ਤੇ ਡੂੰਘੇ ਭਰਮਾਂ ਦੇ ਬਾਵਜੂਦ ਹਿੰਦ ਨੂੰ ਅਜਿਹਾ ਰੂਪ ਦੇਣ ਦੀ ਪ੍ਰਕਿਰਿਆ ਵਿਚ ਯੋਗਦਾਨ ਪਾਇਆ, ਜਿਸਦਾ ਪਰਚਾਰ ਸਮਾਜੀ ਖੇਤਰ ਵਿਚ ਗਾਂਧੀ ਜੀ ਨੇ ਐਨਾ ਲੰਮਾ ਸਮਾਂ ਬੀਤ ਜਾਣ ਪਿੱਛੋਂ ਕੀਤਾ। ਆਰੰਭਕ ਕੌਮੀ ਇਨਕਲਾਬੀ ਲਹਿਰ ਨੇ ਹਿੰਦੂ ਪੁਨਰ-ਸੁਰਜੀਤੀ ਦੀ ਆਪਣੀ ਰੰਗਤ ਦੇ ਬਾਵਜੂਦ, ਕੌਮੀ ਸੋਚ ਉੱਤੇ ਬਹੁਤ ਵੱਡਾ ਅਸਰ ਪਾਇਆ ਸੀ। ਮਿਸਾਲ ਲਈ ਚਾਪੇਕਰ ਭਰਾ, ਜਿਨਾਂ ਪੰਜਾਂ ਦੇ ਪੰਜਾਂ ਨੂੰ ਬਰਤਾਨਵੀ ਬਸਤੀਵਾਦੀ ਸਰਕਾਰ ਨੇ ਸਰਕਾਰੀ ਅਧਿਕਾਰੀਆਂ ਨੂੰ ਕਤਲ ਕਰਨ ਦੀ ਕੋਸ਼ਿਸ਼ ਦੇ ਦੋਸ਼ ਵਿਚ ਫਾਂਸੀ ਤੇ ਲਟਕਾ ਦਿੱਤਾ ਸੀ, ਆਪਣੇ ਕਾਰਨਾਮਿਆਂ ਦੇ ਕਾਰਨ ਲੋਕ ਕਥਾਵਾਂ ਦੇ ਨਾਇਕ ਬਣ ਗਏ ਸਨ।
ਤਿਲਕ ਦੀ ਅਹਿਮ ਭੂਮਿਕਾ ਨਾਲ 1905-8 ਦੀ ਸਵਦੇਸੀ ਲਹਿਰ ਵਿਚ ਜਿੰਨੇ ਵੱਡੇ ਪੈਮਾਨੇ ਉੱਤੇ ਸ਼ਹਿਰੀ ਜਨਤਾ ਨੇ ਹਿੱਸਾ ਲਿਆ, ਜਿਸ ਤਰ੍ਹਾਂ ਇਹ ਦੇਸ ਵਿਆਪੀ ਲਹਿਰ ਬਣੀ, ਸੰਘਰਸ਼ ਦੇ ਜਿਹੜੇ ਢੰਗ ਇਸਨੇ ਅਪਣਾਏ ਤੇ ਜਿਹੜਾ ਸਭਿਆਚਾਰਕ ਉਭਾਰ ਇਸਨੇ ਪੈਦਾ ਕੀਤਾ, ਜਿਸਦੀ ਗੂੰਜ ਟੈਗੋਰ ਦੇ ਉਸੇ ਵੇਲੇ ਦੇ ਗੀਤਾਂ ਵਿਚ ਖਾਸ ਤੌਰ ‘ਤੇ ਮਿਲਦੀ ਹੈ, ਇਹਨਾਂ ਸਾਰੇ ਪੱਖਾਂ ਤੋਂ ਇਸ ਲਹਿਰ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਜੇ ਲੈਨਿਨ ਨੇ ਸਵਿਟਜਰਲੈਂਡ ਵਿਚ ਕਿਹਾ ਸੀ ਤਾਂ ਐਵੇਂ ਨਹੀਂ ਸੀ ਕਿਹਾ ਕਿ ਤਿਲਕ ਦੇ ਖਿਲਾਫ਼ ਬਰਤਾਨਵੀ ਹਾਕਮਾਂ ਵਲੋਂ ਸੁਣਾਈ ਗਈ ਸਜ਼ਾ ਦੇ ਖਿਲਾਫ਼ ਬੰਬਈ ਦੇ ਮਜ਼ਦੂਰਾਂ ਦੀ 1908 ਦੀ ਹੜਤਾਲ ਬਰਤਾਨਵੀ ਰਾਜ ਦੇ ਖਾਤਮੇ ਦੀ ਘੰਟੀ ਹੈ।
1919 ਦੇ ਨੇੜੇ ਤੇੜੇ ਸੁਤੰਤਰਤਾ ਸੰਘਰਸ਼ ਦੇ ਨਵੇਂ ਦੌਰ ਦੇ ਆਰੰਭ ਦੇ ਸਮੇਂ, ਜਦੋਂ ਗਾਂਧੀ ਜੀ ਇਸਦੇ ਸਰਕਰਦਾ ਆਗੂ ਵਜੋਂ ਸਾਹਮਣੇ ਆਏ, ਇਸ ਵਿਚ ਗੈਰ-ਗਾਂਧੀਵਾਦੀ ਤੇ ਗਾਂਧੀ-ਵਿਰੋਧੀ ਰੁਝਾਣ ਦੋਹਵੇਂ ਪਹਿਲਾਂ ਤੋਂ ਹੀ ਮੌਜੂਦ ਸਨ। 1920 ਤੋਂ ਲੈ ਕੇ ਸੁਤੰਤਰਤਾ ਸੰਘਰਸ਼ ਵਿਚ ਕਮਿਊਨਿਸਟਾਂ ਦਾ ਅਸਰ ਰਸੂਖ ਉਹਨਾਂ ਦੀ ਗਿਣਤੀ ਨਾਲੋਂ ਕਿਤੇ ਵੱਧ ਸੀ। ਵਾਸਤਵ ਵਿਚ ਇਹ ਯਾਦ ਕਰਾਉਣਾ ਯੋਗ ਹੀ ਹੋਵੇਗਾ ਕਿ ਜਿਹੜੀ ਹਿੰਦ ਕਮਿਊਨਿਸਟ ਪਾਰਟੀ ਅਜੇ ਸਥਾਪਤ ਹੋਣੀ ਸੀ, ਉਸਦੇ ਨਾਂਅ ਉੱਤੇ ਜਾਰੀ ਹੋਏ ਮੈਨੀਫੋਸਟੋ ਦੇ ਆਧਾਰ ਉੱਤੇ ਹੀ ਮੌਲਾਨਾ ਹਸਰਤ ਮੋਹਾਨੀ ਨੇ ਕਾਂਗਰਸ ਦੇ 1921 ਦੇ ਅਹਿਮਦਾਬਾਦ ਅਜਲਾਸ ਵਿਚ ਇਹ ਮਤਾ ਪੇਸ਼ ਕੀਤਾ ਸੀ ਕਿ “ਪੂਰਨ ਆਜ਼ਾਦੀ” ਸਾਡੀ ਕੌਮੀ ਲਹਿਰ ਦਾ ਨਿਸ਼ਾਨਾ ਹੋਣੀ ਚਾਹੀਦੀ ਹੈ, ਅਤੇ ਇਹ ਮਹਾਤਮਾ ਗਾਂਧੀ ਸਨ ਜਿਨ੍ਹਾਂ ਦੀ ਜ਼ੋਰਦਾਰ ਵਿਰੋਧਤਾ ਦੇ ਕਾਰਨ ਇਹ ਮਤਾ ਰੱਦ ਗਿਆ ਸੀ।
ਇਥੋਂ ਤੱਕ ਕਿ ਜਦੋਂ ਕਾਂਗਰਸ ਦੇ ਮਦਰਾਸ ਅਜਲਾਸ ਵਿਚ ਇਹੀ ਮਤਾ ਜਵਾਹਰ ਲਾਲ ਨਹਿਰੂ, ਸੁਭਾਸ਼ ਚੰਦਰ ਬੌਸ ਅਤੇ ਕਮਉਨਿਸਟਾਂ ਦੇ ਮਿਲਵੇਂ ਯਤਨਾਂ ਦੇ ਸਿੱਟੇ ਵਜੋਂ ਪਾਸ ਹੋ ਗਿਆ ਸੀ ਤਾਂ ਮਹਾਤਮਾ ਗਾਂਧੀ ਨੇ ਇਸ ਉੱਤੇ ਅਮਲ ਇਕ ਸਾਲ ਲਈ ਮੁਲਤਵੀ ਕਰਾ ਲਿਆ ਸੀ। ਸੁਤੰਤਰਤਾ ਸੰਗਰਸ਼ ਵਿਚ ਕਮਿਉਨਿਸਟਾਂ ਦਾ ਹਿੱਸਾ ਇਸ ਲੇਖ ਦਾ ਵਿਸਾ ਨਹੀਂ, ਪਰ ਇਹਨਾਂ ਦੇ ਬਹੁਪੱਖੀ ਯੋਗਦਾਨ ਦਾ ਜ਼ਿਕਰ ਜ਼ਰੂਰੀ ਹੈ। ਅਤੇ ਇਹ ਯੋਗਦਾਨ ਸੀ ਜਨਤਕ ਸ਼੍ਰੇਣੀ ਜਥੇਬੰਦੀਆਂ, ਖਾਸ ਤੌਰ ‘ਤੇ ਹਕੀਕੀ ਟਰੇਡ ਯੂਨੀਅਨਾਂ, ਸੋਸ਼ਲਿਜ਼ਮ ਦੇ ਆਦਰਸ਼ਾਂ ਤੇ ਪ੍ਰੋਗਰਾਮ ਦਾ ਪਰਚਾਰ; ਆਜ਼ਾਦੀ ਦੇ ਹਿੱਸੇ ਵਜੋਂ ਤਿੱਖੇ ਸਮਾਜੀ-ਆਰਥਕ ਪ੍ਰੋਗਰਾਮ, ਤਿੱਖੇ ਭੂਮੀ ਸੁਧਾਰ ਤੇ ਬੁਨਿਆਦੀ ਸਨੱਅਤਾਂ ਦਾ ਕੌਮੀਕਰਣ ਅਤੇ ਪੇਂਡੂ ਖੇਤਰਾਂ ਵਿਚ ਜਨਤਕ ਹਥਿਆਰਬੰਦ ਲੜਾਈ।
ਕਮਿਉਨਿਸਟਾਂ ਤੋਂ ਇਲਾਵਾ, ਜਿਹੜੇ 1939-45 ਦੇ ਸਾਲਾਂ ਨੂੰ ਛੱਡਕੇ ਬਾਕੀ ਬਹੁਤਾ ਸਮਾਂ ਗਾਂਧੀ ਵਿਰੋਧੀ ਹੀ ਰਹੇ, ਕੁਝ ਹੋਰ ਸ਼ਖ਼ਸੀਅਤਾਂ ਵੀ ਸਨ ਜੋ ਕਾਂਗਰਸ ਦੇ ਅੰਦਰ ਸੋਸ਼ਲਿਸਟ ਰੁਝਾਣ ਦੇ ਧੁਰੇ ਦਾ ਦਰਜਾ ਰੱਖਦੀਆਂ ਸਨ। ਉਹਨਾਂ ਵਿਚ ਸ਼ਾਮਲ ਸਨ ਜਵਾਹਰ ਲਾਲ ਨਹਿਰੂ, ਜੈ ਪ੍ਰਕਾਸ਼ ਨਰਾਇਣ ਤੇ ਅਚਾਰੀਆ ਨਰਿੰਦਰ ਦੇਵ। ਨਹਿਰੂ ਖਾਸ ਤੌਰ ‘ਤੇ ਇਸ ਪੱਖੋਂ ਬਹੁਤ ਜਬਰਦਸਤ ਹੱਦ ਤੱਕ ਤੇ ਬੜੇ ਵਰਨਣਯੋਗ ਢੰਗ ਨਾਲ ਸਫ਼ਲ ਰਹੇ ਕਿ ਉਹਨਾਂ ਨੇ ਲੱਖਾਂ ਦੇਸ਼ਭਗਤ ਨੌਜਵਾਨਾਂ ਦੀ ਵਿਸ਼ਾਲ ਗਿਣਤੀ ਦੇ ਵਿਚਾਰਾਂ ਵਿਚ ਤਿੱਖੀ ਤਬਦੀਲੀ ਲਿਆਂਦੀ ਤੇ ਉਹਨਾਂ ਨੂੰ ਗ਼ੈਰ-ਗਾਂਧੀਵਾਦੀ ਲੀਹਾਂ ਉੱਤੇ ਤੋਰਿਆ। ਇਸ ਖੇਤਰ ਵਿਚ ਇਸਤੋਂ ਅਗਲਾ ਨਾਂਅ ਹੈ ਇੰਡੀਅਨ ਨੈਸ਼ਨਲ ਆਰਮੀ ਦੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਿਹੜੇ ਕਦੇ ਵੀ ਮਹਾਤਮਾ ਗਾਂਧੀ ਦੇ ਪੈਰੋਕਾਰ ਨਾ ਬਣ ਸਕੇ। ਸਰਦਾਰ ਭਗਤ ਸਿੰਘ, ਜਿਹੜੇ ਕੌਮੀ ਇਨਕਲਾਬੀ ਰੁਝਾਣ ਦੇ ਬਿਹਤਰੀਨ ਪ੍ਰਤਿਨਿਧੀ ਸਨ, ਵੱਲੋਂ ਇਸ ਸੰਬੰਧ ਵਿਚ ਪਾਏ ਗਏ ਹਿੱਸੇ ਦਾ ਪਹਿਲਾਂ ਹੀ ਜ਼ਿਕਰ ਹੋ ਚੁੱਕਾ ਹੈ। ਉਹਨਾਂ ਦੇ ਬਰਾਬਰ ਦੀ ਥਾਂ ਹਾਸਿਲ ਹੈ ਸੂਰੀਯ ਸੇਨ ਤੇ ਉਹਨਾਂ ਦੇ ਸਾਥੀਆਂ ਨੂੰ ਜਿਹਨਾਂ ਨੇ 1930 ਵਿਚ ਚਿਟਾਗਾਂਗ ਅਸਲ੍ਹਾਖ਼ਾਨੇ ਉੱਤੇ ਹਮਲੇ ਦਾ ਦਲੇਰਾਨਾ ਕਾਰਨਾਮਾ ਕਰ ਦਿਖਾਇਆ ਸੀ ਤੇ ਜਿਹੜੇ ਨਾ ਸਿਰਫ਼ ਹਿੰਦੁਸਤਾਨ ਵਿਚ ਵੀ ਸਗੋਂ ਬੰਗਲਾ ਦੇਸ ਵਿਚ ਲੋਕ ਨਾਇਕਾਂ ਵਜੋਂ ਯਾਦ ਕੀਤੇ ਜਾਂਦੇ ਹਨ।
ਵਿਚਾਰਾਂ ਤੇ ਐਕਸ਼ਨਾਂ ਦੇ ਇਹਨਾਂ ਧਾਰਿਆਂ ਨੂੰ ਲੇਖੇ ਵਿਚ ਲਿਆਂਦੇ ਬਿਨਾ ਆਜ਼ਾਦੀ ਲਈ ਹਿੰਦ ਦਾ ਸੰਘਰਸ਼ ਨਾ ਸੋਚਿਆ ਤੇ ਨਾ ਹੀ ਬਿਆਨ ਕੀਤਾ ਜਾ ਸਕਦਾ ਹੈ ਭਾਵੇਂ ਹੱਕ ਦੀ ਗੱਲ ਇਹੀ ਹੈ ਕਿ ਇਹਨਾਂ ਧਾਰਾਵਾਂ ਵਿਚ ਗਾਂਧੀ ਜੀ ਦੀ ਅਗਵਾਈ ਹੇਠਲੀ ਲਹਿਰ ਨੂੰ ਪ੍ਰਮੁੱਖ ਥਾਂ ਹਾਸਲ ਸੀ।
ਇਸ ਪ੍ਰਮੁੱਖਤਾ ਨੂੰ ਪਰਵਾਨ ਕਰਦਿਆਂ ਹੋਇਆਂ ਵੀ ਉਹਨਾਂ ਜ਼ਬਰਦਸਤ ਅਸਫ਼ਲਤਾਵਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਜਿਹਨਾਂ ਦਾ ਸ਼ਿਕਾਰ ਅਹਿੰਸਾ ਨੂੰ ਨੀਤੀ ਵਜੋਂ ਹੋਣਾ ਪਿਆ। ਹਿੰਦੂ ਮੁਸਲਮ ਪਾੜੇ ਕਾਰਨ ਲੱਖਾਂ ਲੋਕਾਂ ਦੇ ਹੋਏ ਕਤਲ ਤੇ ਹਿੰਦ ਦੀ ਵੰਡ ਅਤੇ ਇਸਦੇ ਸਿੱਟੇ ਵਜੋਂ ਹੋਇਆ ਬੇਪਨਾਹ ਖ਼ੂਨ ਖਰਾਬਾ ਮਹਾਤਮਾ ਗਾਂਧੀ ਦੀਆਂ ਇਹਨਾਂ ਆਸਾਂ ਦੀ ਕਤਈ ਸ਼ਿਕਸਤ ਸੀ ਕਿ ਬਰਤਾਨੀਆ ਤੋਂ ਹਕੂਮਤ ਅਨੁਸ਼ਾਸਤ ਅਤੇ ਮੁਕਾਬਲਤਨ ਪੁਰਅਮਨ ਢੰਗ ਨਾਲ ਹਾਸਿਲ ਕਰ ਲਈ ਜਾਏਗੀ। ਉਹਨਾਂ ਇਸ ਗੱਲ ਨੂੰ ਪਰਵਾਨ ਕਰਨ ਦੀ ਈਮਾਨਦਾਰੀ ਵੀ ਦਿਖਾਈ ਜਦੋਂ ਆਲ ਇੰਡੀਆ ਰੇਡੀਓ ਨੇ ਉਹਨਾਂ ਤੋਂ ਰਾਸ਼ਟਰ ਪਿਤਾ ਵਜੋਂ ਆਜ਼ਾਦੀ ਦਿਵਸ ਬਾਰੇ ਕੋਈ ਸਨੇਹਾ ਦੇਣ ਲਈ ਕਿਹਾ ਤਾਂ ਉਹਨਾਂ ਇਹ ਆਖਦਿਆਂ ਨਾਂਹ ਕਰ ਦਿੱਤੀ, “ਅੰਦਰ ਪੂਰੀ ਤਰ੍ਹਾਂ ਹਨੇਰਾ ਪਸਰਿਆ ਹੋਇਆ ਹੈ ਅਤੇ ਜੋ ਕੁਝ ਹੋ ਰਿਹਾ ਹੈ ਜੇ ਉਹ ਮੰਦਾ ਹੈ ਤਾਂ ਇਸਨੂੰ ਮੰਦਾ ਹੀ ਰਹਿਣ ਦਿਓ।”
ਪ੍ਰੋ. ਨਿਰਮਲ ਕੁਮਾਰ ਬੋਸ, ਜਿਹੜੇ ਗਾਂਧੀ ਜੀ ਦੇ ਦਾਨਸ਼ਵਰ ਪੈਰੋਕਾਰ ਅਤੇ ਸਿਰਕੱਢ ਭਾਰਤੀ ਮਾਨਵ-ਵਿਗਿਆਨੀ ਸਨ, ਨੇ ਉਸ ਵੇਲੇ ਦੇ ਦੁਖਦਾਈ ਵਾਕਿਆਤ ਦਾ ਅੱਖੀਂ ਡਿੱਠਾ ਹਾਲ ਕਲਮਬੰਦ ਕੀਤਾ, ਜਦੋਂ ਉਹ 1947 ਵਿਚ ਕਲਕੱਤੇ ਵਿਚ ਗਾਂਧੀ ਜੀ ਦੇ ਨਾਲ ਸਨ। ਫਿਰਕੂ ਫਸਾਦਾਂ ਦੀ ਹਨੇਰੀ ਝੁੱਲ ਰਹੀ ਸੀ। ਇਕ ਸ਼ਾਮ ਦੀ ਗੱਲ ਹੈ, ਹਿੰਦੂ ਨੌਜਵਾਨਾਂ ਦਾ ਇਕ ਜਥਾ ਮਹਾਤਮਾ ਦੇ ਨਿਵਾਸ ਦੇ ਬਾਹਰ ਆਇਆ ਤੇ ਕਹਿਣ ਲੱਗਾ ਕਿ ਉਹ ਗਾਂਧੀ ਜੀ ਦੀ ਆਸ਼ੀਰਵਾਦ ਚਾਹੁੰਦੇ ਹਨ। ਉਹਨਾਂ ਕੋਲ ਬੰਦੂਕਾਂ ਵੀ ਸਨ ਤੇ ਬੰਬ ਵੀ। ਉਹਨਾਂ ਦੱਸਿਆ ਕਿ ਉਹ ਇਹਨਾਂ ਹਥਿਆਰਾਂ ਨਾਲ ਮੁਸਲਮਾਨਾਂ ਦੀ ਰਾਖੀ ਕਰਨਗੇ। ਉਹਨਾਂ ਗਾਂਧੀ ਜੀ ਨੂੰ ਮਿਲੇ ਬਿਨਾ ਹਿੱਲਣ ਤੋਂ ਨਾਂਹ ਕਰ ਦਿੱਤੀ। ਨਾਅਰਿਆਂ ਦਾ ਸ਼ੋਰ ਸੁਣਕੇ ਗਾਂਧੀ ਜੀ ਬਾਹਰ ਆਏ, ਉਹਨਾਂ ਦੀ ਗੱਲ ਸੁਣੀ ਤੇ ਇਹ ਆਖਕੇ ਉਹਨਾਂ ਨੂੰ ਅਸ਼ੀਰਵਾਦ ਦਿੱਤੀ, “ਜਿਥੇ ਮੈਂ ਅਸਫ਼ਲ ਰਿਹਾ ਹਾਂ, ਤੁਸੀਂ ਆਪਣੇ ਜਤਨ ਕਰ ਦੇਖੋ।”
ਪਿਆਰੇ ਲਾਲ ਤੇ ਮਾਈਕਲ ਬ੍ਰੈਸ਼ਰ ਨੇ ਵੀ ਲਿਖਿਆ ਹੈ ਕਿ ਜਦੋਂ ਬਰਤਾਨਵੀ ਪ੍ਰਤਿਨਿਧਾਂ ਤੇ ਕਾਂਗਰਸੀ ਆਗੂਆਂ ਵਿਚਾਲੇ ਗੱਲਬਾਤ ਚਲ ਰਹੀ ਸੀ ਅਤੇ ਇਹ ਸਪਸ਼ਟ ਹੋ ਗਿਆ ਸੀ ਕਿ ਹਿੰਦੁਸਤਾਨ ਦੀ ਵੰਡ ਹੋਣ ਵਾਲੀ ਹੈ, ਗਾਂਧੀ ਜੀ ਨੇ ਸੁਝਾਅ ਦਿੱਤਾ ਸੀ ਕਿ ਇਸ ਵਾਰ 1942 ਦੀ “ਹਿੰਦੁਸਤਾਨ ਛੱਡੋ” ਲਹਿਰ ਨਾਲੋਂ ਵੀ ਵਿਸ਼ਾਲ ਪੱਧਰ ਦਾ ਲੋਕ ਸੰਘਰਸ਼ ਛੇੜਿਆ ਜਾਏ। ਪਰ ਉਹਨਾਂ ਦੇ ਸਾਰੇ ਹੀ ਲੈਫਟੀਨੈਂਟਾਂ-ਨਹਿਰੂ, ਪਟੇਲ, ਕਿਰਪਲਾਨੀ, ਰਾਜਿੰਦਰ ਪ੍ਰਸਾਦ-ਨੇ ਇਸ ਸੁਝਾਅ ਨੂੰ ਪਰਵਾਨ ਕਰਨ ਤੋਂ ਨਾਂਹ ਕਰ ਦਿੱਤੀ ਤੇ ਕਿਹਾ ਸੀ ਕਿ “ਜੇਲ੍ਹਾਂ ਭਰਨ ਦੇ ਦਿਨ ਹੁਣ ਬੀਤ ਚੁੱਕੇ ਹਨ।” ਪਰ ਜਦੋਂ 1946 ਵਿਚ ਰਾਇਲ ਇੰਡੀਅਨ ਨੇਵੀ ਵਿਚ ਬਗ਼ਾਵਤ ਹੋਈ ਅਤੇ ਇਸਦੀ ਹਮਾਇਤ ਵਿਚ ਬੰਬਈ ਦੇ ਮਜ਼ਦੂਰਾਂ ਨੇ ਅਨਿਸ਼ਚਿਤ ਹੜਤਾਲ ਕੀਤੀ ਅਤੇ ਇਸ ਤਰ੍ਹਾਂ ਹਿੰਦੂ-ਮੁਸਲਮ ਏਕਤਾ ਸੰਘਰਸ਼ ਦੀ ਅਗਨ ਕੁਠਾਲੀ ਵਿਚੋਂ ਮਜ਼ਬੂਤ ਹੋ ਕੇ ਨਿਕਲੀ ਤਾਂ ਮਹਾਤਮਾ ਗਾਂਧੀ ਨੇ ਇਸਨੂੰ “ਲਾਲ ਤਬਾਹੀ” ਦੱਸਿਆ ਅਤੇ ਇਸ “ਮੋਰਚਾਬੰਦੀ ਦੀ ਏਕਤਾ” ਦੀ ਨਿੰਦਾ ਕੀਤੀ ਤੇ ਅਤੇ ਕਿਹਾ ਕਿ ਜੇ ਹਿੰਦ ਦੀ ਆਜ਼ਾਦੀ ਦਾ ਇਹੀ ਰਾਹ ਹੈ ਤਾਂ ਮੈਨੂੰ 125 ਸਾਲ ਤੱਕ ਜਿਉਣ ਦੀ ਕੋਈ ਇੱਛਾ ਨਹੀਂ।
ਪਰ ਉਹ ਆਪਣੇ ਵੱਲੋਂ ਹਾਲਾਤ ਦਾ ਕੋਈ ਬਦਲ ਪੇਸ਼ ਨਾ ਕਰ ਸਕੇ। ਉਹਨਾਂ ਨੂੰ ਆਪ ਅੱਗੇ ਆ ਕੇ ਕਾਂਗਰਸੀ ਸਫਾਂ ਨੂੰ ਇਸ ਗੱਲ ਲਈ ਪ੍ਰੇਰਨਾ ਪਿਆ ਕਿ ਉਹ ਉਸ ਨਿਪਟਾਰੇ ਨੂੰ ਪਰਵਾਨ ਕਰ ਲੈਣ ਜਿਸਨੂੰ ਇਤਹਾਸ ਵਿਚ ‘ਸੱਤਾ ਦੀ ਤਬਦੀਲੀ’ ਜਾਂ ‘ਮਾਉਂਟਬੈਟਨ ਪਲੈਨ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਜਿਤਨੀ ਤੇਜ਼ੀ ਨਾਲ ਕਾਂਗਰਸ ਦਾ ਪਤਨ ਹੋਇਆ, ਉਸਨੇ ਉਹਨਾਂ ਨੂੰ ਐਨਾ ਮਾਯੂਸ ਕੀਤਾ ਕਿ ਉਹਨਾਂ ਕਾਂਗਰਸ ਨੂੰ ਭੰਗ ਕਰਨ ਅਤੇ ਉਸਦੀ ਥਾਂ ਲੋਕ ਸੇਵਕ ਸੰਘ ਕਾਇਮ ਕਰਨ ਦਾ ਸੱਦਾ ਦਿੱਤਾ। ਅੰਤ ਵਿਚ ਉਹਨਾਂ ਨੂੰ ਨਥੂ ਰਾਮ ਗਾਡਸੇ ਨੇ ਗੋਲੀ ਮਾਰਕੇ ਕਤਲ ਕਰ ਦਿੱਤਾ, ਉਹਨਾਂ ਦਾ ਕਾਤਲ ਆਪਣੇ ਆਪ ਨੂੰ ਗਾਂਧੀ ਜੀ ਨਾਲੋਂ ਵਧੇਰੇ ਬਿਹਤਰ ਹਿੰਦੂ ਸਮਝਦਾ ਸੀ। ਪਰ ਜਦੋਂ ਉਹਨਾਂ ਦਾ ਦਿਹਾਂਤ ਹੋਇਆ ਤਾਂ ਲੱਖਾਂ ਕਰੋੜਾਂ ਲੋਕਾਂ ਨੇ ਜਿਸ ਢੰਗ ਨਾਲ ਸੋਗ ਮਾਨਇਆ ਉਸਨੂੰ ਇਸ ਦੇਸ ਨੇ ਇਸਤੋਂ ਪਹਿਲਾਂ ਨਾ ਕਦੇ ਦੇਖਿਆ ਸੀ ਤੇ ਨਾ ਹੁਣ ਤੱਕ ਦੇਖਿਆ ਹੈ। ਉਹਨਾਂ ਦੀ ਸ਼ਿਕਰਤ ਦੇ ਸਮੇਂ ਉਹਨਾਂ ਨੂੰ ਐਨੀ ਵਿਆਪਕ ਸ਼ਰਧਾਜਲੀਂ ਕਿਉਂ?
ਲੋਕਾਂ ਵਲੋਂ ਗਾਂਧੀ ਜੀ ਨੂੰ ਇਸ ਲਾਮਿਸਾਲ ਸ਼ਰਧਾਂਜਲੀ ਦਾ ਕਾਰਨ ਗਾਂਧੀਵਾਦ ਦਾ ਅਮਿੱਟ ਵਿਰਸਾ ਹੈ। ਅਤੇ ਇਹ ਵਿਰਸਾ ਅੱਜ ਵੀ ਓਨਾ ਹੀ ਪਰਸੰਗਕ ਹੈ।
ਮਹਾਤਮਾ ਗਾਂਧੀ ਨੇ 1937 ਦੇ ਪਹਿਲੇ ਅੱਧ ਵਿਚ ਆਪ ਵੀ ਹਰੀਜਨ ਵਿਚ ਲਿਖਿਆ ਸੀ, “ਮੇਰੀਆਂ ਲਿਖਤਾਂ ਦਾ ਮੇਰੀ ਦੇਹ ਦੇ ਨਾਲ ਹੀ ਸੰਸਕਾਰ ਕਰ ਦਿੱਤਾ ਜਾਏ। ਜੋ ਕੁਝ ਮੈਂ ਲਿਖਿਆ ਜਾ ਕਿਹਾ, ਉਹ ਨਹੀਂ ਸਗੋਂ ਜੋ ਕੁਝ ਮੈਂ ਕੀਤਾ, ਉਹੀ ਕਾਇਮ ਰਹੇਗਾ। ਇਸ ਤੋਂ ਕੁਝ ਸਮਾਂ ਪਹਿਲਾਂ ਉਹਨਾਂ ਦੇ ਦਿਲੋਂ ਨਿਕਲੀ ਆਵਾਜ਼ ਇਹ ਸੀ, “ਮੈਂ ਤਾਂ ਕਸ਼ਮਕਸ਼ ਵਿਚੋਂ ਲੰਘ ਰਹੀ ਇਕ ਨਿਮਾਣੀ ਜਿਹੀ ਰੂਹ ਹਾਂ ਜਿਹੜੀ ਪੂਰੀ ਤਰ੍ਹਾਂ ਨੇਕ ਹੋਣਾ ਤਾਂਘਦੀ ਹੈ।”
ਜਿਸ ਗੱਲ ਨੇ ਉਹਨਾਂ ਨੂੰ ਮਹਾਨ ਬਣਾਇਆ, ਉਹ ਸੀ ਉਹਨਾਂ ਦਾ ਹਿੰਦ ਲਈ ਅਤੇ ਇਸਦੇ ਗਰੀਬਾਂ ਲਈ ਪਿਆਰ, ਜਿਹੜੇ ਜ਼ਿਆਦਾਤਰ ਪਿੰਡਾਂ ਵਿਚ ਵਸਦੇ ਸਨ। ਇਕ ਸਾਲ ਪਹਿਲਾਂ, ਜਿਸ ਤਰ੍ਹਾਂ ਉਹਨਾਂ ਹਰੀਜਨ ਵਿਚ ਲਿਖਿਆ ਸੀ, “ਮੇਰਾ ਧਰਮ ਪਰਮਾਤਮਾ ਦੀ ਤੇ ਇਸ ਤਰ੍ਹਾਂ ਗਰੀਬਾਂ ਦੀ ਸੇਵਾ ਕਰਨਾ ਹੈ। ਮੈਂ ਕੇਵਲ ਸਮੁੱਚੀ ਲੋਕਾਈ ਦਾ ਹਿੱਸਾ ਹੀ ਹਾਂ। ਮੈਂ ਪਰਮਾਤਮਾ ਨੂੰ ਮਨੁੱਖਤਾ ਨਾਲੋਂ ਵੱਖਰਾ ਕਰਕੇ ਨਹੀਂ ਪਾ ਸਕਦਾ। ਮੇਰੇ ਦੇਸ਼ਵਾਸੀ ਹੀ ਮੇਰੇ ਨੇੜਲੇ ਗਵਾਂਢੀ ਹਨ ਅਤੇ ਉਹ ਐਨੇ ਬੇਬੱਸ, ਐਨੇ ਸਾਧਨਹੀਣ, ਐਨੇ ਸਿਥਲ ਹੋ ਗਏ ਹਨ ਕਿ ਮੈਨੂੰ ਆਪਣਾ ਸਾਰਾ ਧਿਆਨ ਉਹਨਾਂ ਦੀ ਸੇਵਾ ਵੱਲ ਦੇਣਾ ਪੈਣਾ ਹੈ।
ਇਹ ਅਧੁਨਿਕ ਹਿੰਦੁਸਤਾਨ ਦੀ ਇਕ ਹੋਰ ਮਹਾਨ ਆਤਮਾ ਸੀ, ਜਿਹੜੀ ਗਾਂਧੀ ਜੀ ਨਾਲ ਮੱਤਭੇਦ ਵੀ ਰੱਖਦੀ ਸੀ ਅਤੇ ਉਹਨਾਂ ਨੂੰ ਸਮਝਦੀ ਵੀ ਸੀ। ਇਹ ਆਤਮਾ ਸੀ ਰਾਬਿੰਦਰਨਾਥ ਟੈਗੋਰ ਜਿਸਦਾ ਲੋਕਾਂ ਦੇ ਦਿਲਾਂ ਉੱਤੇ ਓਨਾ ਹੀ ਰਾਜ ਸੀ ਜਿਨਾ ਮਹਾਤਮਾ ਗਾਂਧੀ ਦਾ। ਉਹਨਾਂ ਆਪਣੀਆਂ ਲਿਖਤਾਂ ਵਿਚ ਗਾਂਧੀਵਾਦੀ ਲਹਿਰ ਦੀ ਬੌਧਿਕਤਾ-ਵਿਰੋਧੀ ਤੇ ਤੰਗਨਜ਼ਰ ਸੋਚ ਦੀ ਤੇ ਇਥੋਂ ਤੱਕ ਕਿ ਖੁਦ ਗਾਂਧੀ ਜੀ ਦੀ ਤਿੱਖੀ ਨੁਕਤਾਚੀਨੀ ਕੀਤੀ ਸੀ ਅਤੇ ਜਦੋਂ ਮਹਾਤਮਾ ਗਾਂਧੀ ਨੇ 1934 ਵਿਚ ਬਿਹਾਰ ਦੇ ਭਿਆਨਕ ਭੁਚਾਲ ਨੂੰ ਈਸ਼ਵਰੀ ਕਰੋਪੀ ਆਖਿਆ ਸੀ ਤਾਂ ਟੈਗੋਰ ਨੇ ਇਸ ਉੱਤੇ ਸਖ਼ਤ ਰੋਹ ਦਾ ਪ੍ਰਗਟਾਵਾ ਕੀਤਾ ਸੀ। 1921 ਵਿਚ ‘ਮਾਡਰਨ ਇੰਡੀਆ’ ਵਿਚ ਲਿਖਦਿਆਂ ਉਹਨਾਂ ਚਰਖਾ ਕੱਤਣ ਰਾਹੀਂ ਆਜ਼ਾਦੀ ਹਾਸਲ ਕਰਨ ਦੇ ਗਾਂਧੀ ਜੀ ਦੇ ਸੱਦੇ ਦੀ ਨੁਕਤਾਚੀਨੀ ਕੀਤੀ ਸੀ ਪਰ ਨਾਲ ਹੀ ਲਿਖਿਆ ਸੀ ਕਿ ਗਾਂਧੀ ਜੀ ਉਹੀ ਕੁਝ ਹਨ ਜੋ ਕੁਝ ਉਹ ਹੋ ਸਕਦੇ ਹਨ। ਉਹਨਾਂ ਲਿਖਿਆ ਸੀ, “ਮਾਇਆ ਅਨ੍ਹੇਰੇ ਦਾ ਦੂਸਰਾ ਨਾਂਅ ਹੀ ਤਾਂ ਹੈ। ਕੋਈ ਘੋੜਾ, ਭਾਵੇਂ ਉਹ ਕਿੰਨਾ ਵੀ ਤੇਜ਼ ਰਫ਼ਤਾਰ ਕਿਉਂ ਨਾ ਹੋਵੇ, ਸਾਨੂੰ ਇਸ ਅਨ੍ਹੇਰੇ ਤੋਂ ਪਾਰ ਨਹਂੀਂ ਲਿਜਾ ਸਕਦਾ ਅਤੇ ਕਿੰਨੀ ਵੀ ਮਾਤਰਾ ਵਿਚ ਪਾਣੀ ਇਸ ਅਨ੍ਹੇਰੇ ਨੂੰ ਧੋ ਨਹੀਂ ਸਕਦਾ। ਸੱਚ ਇਕ ਚਿਰਾਗ਼ ਵਾਂਗ ਹੈ। ਜਦੋਂ ਇਹ ਜਗ ਉੱਠਦਾ ਹੈ ਤਾਂ ਅਨ੍ਹੇਰਾ ਆਪਣੇ ਆਪ ਦੂਰ ਹੋ ਜਾਂਦਾ ਹੈ। ਜੇ ਅਸੀਂ ਆਪਣੇ ਦੇਸ ਦੇ ਰੂਪ ਵਿਚ ਸੱਚ ਨੂੰ ਆਪਣੇ ਅੰਦਰ ਵਸਾ ਲਈਏ ਤਾਂ ਸਾਡੀ ਬਾਹਰਲੀ ਮਾਇਆ ਆਪਣੇ ਆਪ ਅਲੋਪ ਹੋ ਜਾਏਗੀ। ਅਸੀਂ ਸਾਰੇ ਹੀ ਤਾਂ ਹਾਂ ਜਿਸਨੂੰ ਅਸੀਂ ਆਪਣਾ ਦੇਸ ਕਹਿੰਦੇ ਹਾਂ। ਲੋੜ ਕੇਵਲ ਇਸ ਵਿਸ਼ਵਾਸ ਨੂੰ ਦੁਹਰਾਉਣ ਦੀ ਹੈ ਕਿ ਅਸਾਂ ਆਪਣੇ ਦੇਸ ਨੂੰ ਸਾਕਾਰ ਬਣਾਉਣਾ ਹੈ। ਇਸ ਉਦੇਸ਼ ਦੀ ਪ੍ਰਾਪਤੀ ਲਈ ਸਾਡੇ ਵਿਚੋਂ ਹਰ ਇਕ ਨੂੰ ਹਿੰਮਤ ਕਰਨੀ ਪੈਣੀ ਹੈ। ਹਰ ਇਕ ਵਾਸਤਵਿਕ ਦਾ ਸੱਚਾ ਦੇਸ਼ ਉਹੀ ਹੈ ਜਿਸਨੂੰ ਉਸਨੇ ਆਪਣੀਆਂ ਸ਼ਕਤੀਆਂ ਨੂੰ ਆਪਣੇ ਅੰਦਰੋਂ ਜਗਾ ਕੇ ਸਿਰਜਿਆ ਹੋਵੇ: ਸਿਰਜਣਾ ਦਾ ਕਾਰਜ ਆਪਣੇ ਆਪ ਵਿਚ ਸੱਚ ਨੂੰ ਸਾਕਾਰ ਕਰਨ ਵਾਂਗ ਹੁੰਦਾ ਹੈ…
“ਮਹਾਤਮਾ ਗਾਂਧੀ ਆਏ ਤੇ ਲੱਖਾਂ ਵਿਰਵੇ ਲੋਕਾਂ ਦੀ ਕੁਟੀਆ ਅੱਗੇ ਜਾ ਖੜ੍ਹੇ ਹੋਏ। ਉਹਨਾਂ ਦਾ ਪਹਿਰਾਵਾ ਵਿਰਵੇ ਲੋਕਾਂ ਜਿਹਾ ਹੈ ਤੇ ਉਹ ਉਹਨਾਂ ਦੀ ਬੋਲੀ ਹੀ ਬੋਲਦੇ ਹਨ। ਅੰਤ ਨੂੰ ਅਸੀਂ ਸੱਚ ਨੂੰ ਸਾਕਾਰ ਦੇਖ ਰਹੇ ਹਾਂ। ਇਹ ਕਿਸੇ ਕਿਤਾਬ ਵਿਚੋਂ ਪੇਸ਼ ਕੀਤੇ ਹਵਾਲੇ ਵਾਂਗ ਨਹੀਂ। ਉਸਨੂੰ ਦਿੱਤਾ ਗਿਆ ਮਹਾਤਮਾ ਦਾ ਨਾਂਅ ਉਸਦਾ ਅਸਲ ਨਾਂਅ ਹੈ। ਹੋਰ ਕੌਣ ਹੈ ਜਿਸਨੇ ਐਨੇ ਮਰਦ ਔਰਤਾਂ ਨੂੰ ਆਪਣਾ ਹੀ ਲਹੂ ਤੇ ਮਾਸ ਸਮਝਿਆ ਹੋਵੇ? ਸੱਚ ਦੀ ਛੋਹ ਨਾਲ ਆਤਮਾ ਦੀਆਂ ਦੱਬੀਆਂ ਹੋਈਆਂ ਸ਼ਕਤੀਆਂ ਜਾਗ ਉੱਠੀਆਂ ਹਨ। ਜਿਵੇਂ ਹੀ ਸੱਚੇ ਪਿਆਰ ਨਾਲ ਉਸਨੇ ਹਿੰਦ ਦੇ ਦਵਾਰ ਉੱਤੇ ਹੋਕਾ ਦਿੱਤਾ, ਇਹ ਦਵਾਰ ਆਪਣੇ ਆਪ ਖੁੱਲ੍ਹ ਗਿਆ, ਸਾਰੀਆਂ ਹਿਚਕਚਾਹਟਾਂ ਤੇ ਸਾਰੀਆਂ ਰੋਕਾਂ ਦੂਰ ਹੋ ਗਈਆਂ। ਸੱਚ ਨੇ ਸੱਚ ਜਗਾ ਦਿੱਤਾ… ਜਿਹੜੀ ਗੱਲ ਸਭ ਤੋਂ ਵੱਧ ਮਹੱਤਵਪੂਰਨ ਹੈ ਉਹ ਇਹ ਹੈ ਕਿ ਮਹਾਤਮਾ ਦੇ ਸਰਵਉੱਚ ਪਿਆਰ ਨੇ ਦੇਸ ਦੇ ਪਿਆਰ ਨੂੰ ਆਪਣੇ ਅੰਦਰ ਵਸਾ ਲਿਆ ਹੈ। ਇਸ ਸਾਰੇ ਕੁਝ ਦੇ ਕਾਰਨ ਜੋ ਕੁਝ ਹੋਇਆ ਹੈ ਉਹ ਆਜ਼ਾਦੀ ਦੇ ਜਨਮ ਤੋਂ ਘੱਟ ਨਹੀਂ ਅਤੇ ਇਹ ਆਪਣੇ ਆਪ ਵਿਚ ਦੇਸ਼ ਦੀ ਪ੍ਰਾਪਤੀ ਹੈ।”
“ਮਹਾਤਮਾ ਨੇ ਆਪਣੇ ਪਿਆਰ ਨਾਲ ਹਿੰਦ ਦਾ ਦਿਲ ਜਿੱਤ ਲਿਆ ਹੈ; ਇਸ ਦੇ ਲਈ ਅਸੀਂ ਉਸਦੀ ਸਰਦਾਰੀ ਪਰਵਾਨ ਕਰ ਚੁੱਕੇ ਹਾਂ। ਉਸਨੇ ਸਾਨੂੰ ਸੱਚ ਦੀ ਸ਼ਕਤੀ ਪ੍ਰਤੱਖ ਕਰਕੇ ਦਿਖਾ ਦਿੱਤੀ ਹੈ; ਇਸਦੇ ਲਈ ਅਸੀਂ ਉਸ ਨੂੰ ਆਪਣਾ ਲੱਖ ਲੱਖ ਸ਼ੁਕਰਾਨਾ ਪੇਸ਼ ਕਰਦੇ ਹਾਂ । ਅਸਾਂ ਸੱਚ ਦਾ ਜ਼ਿਕਰ ਕਿਤਾਬਾਂ ਵਿਚ ਪੜ੍ਹਿਆ ਸੀ। ਪਰ ਸਾਡੇ ਲਈ ਇਹ ਯਾਦਗਾਰੀ ਚਿੰਨ੍ਹ ਬਣ ਗਿਆ ਹੈ ਕਿ ਅਸੀਂ ਇਸਨੂੰ ਆਪਣੇ ਰੂ-ਬ-ਰੂ ਦੇਖ ਰਹੇ ਹਾਂ। ਤਿਲਕ ਸਮੇਤ ਬਹੁਤ ਸਾਰੇ ਆਗੂਆਂ ਨੇ ਇਸਦੇ ਕਿਸੇ ਇਸ ਜਾਂ ਉਸ ਪੱਖ ਦੀ ਝਲਕ ਹੀ ਦੇਖੀ ਸੀ। ਹੋਰਨਾਂ ਨੇ ਜਿਸ ਗੱਲ ਵੱਲ ਧਿਆਨ ਦੁਆਇਆ ਉਹ ਇਹ ਸੀ ਕਿ ਸਾਮਰਾਜਸ਼ਾਹੀ ਦੇ ਖਿਲਾਫ਼ ਤੇ ਸ਼ੋਸਲਿਜ਼ਮ ਲਈ ਸੰਘਰਸ਼ ਵਾਸਤੇ ਸੰਸਾਰ ਵਿਆਪੀ ਪ੍ਰਕਿਰਿਆ ਦੀਆਂ ਮੁਆਫ਼ਕ ਹਾਲਤਾਂ ਜ਼ਰੂਰੀ ਹਨ ਪਰ ਉਹਨਾਂ ਦਾ ਜ਼ੋਰ ਵਧੇਰੇ ਕਰਕੇ ਮੁਆਫ਼ਕ ਹਾਲਤਾਂ ਉੱਤੇ ਹੁੰਦਾ ਸੀ। ਕੁਝ ਹੋਰਨਾਂ ਨੇ ਸਮਾਜੀ ਵੰਡੀਆਂ ਉੱਤੇ ਉਚੇਚਾ ਜ਼ੋਰ ਦਿੱਤਾ। ਜਿਸਦੇ ਪਰਮਾਣ ਦਾ ਆਧਾਰ ਉਹ ਅਜਿਹੇ ਦੇਸ਼ਾਂ ਦੇ ਤਜਰਬਿਆਂ ਨੂੰ ਬਣਾਉਂਦੇ ਸਨ ਜਿਥੇ ਸ਼੍ਰੇਣੀ ਵੰਡ ਪੱਕ ਚੁੱਕੀ ਸੀ ਅਤੇ ਭਾਰੂ ਹਕੀਕਤ ਬਣ ਚੁੱਕੀ ਸੀ।
ਜੇ ਹਿੰਦ ਨੇ ਆਪਣੇ ਆਪ ਨੂੰ ਪਹਿਚਾਨਣਾ ਸੀ ਅਤੇ ਕਾਯਾਕਲਪ ਰਾਹੀਂ ਆਪਣੇ ਆਪ ਨੂੰ ਸਾਕਾਰ ਕਰਨਾ ਸੀ ਤਾਂ ਇਸਦੇ ਲਈ ਹਿੰਦ ਦਾ ਗਿਆਨ ਪਹਿਲੀ ਸ਼ਰਤ ਸੀ। ਹਿੰਦ ਦੀ ਮਹਾਨ ਸੱਭਿਆਤਮਕ ਹੋਂਦ ਸੱਜਰੀ ਕਾਯਾਕਲਪ ਦੀ ਉਡੀਕ ਵਿਚ ਸੀ। ਠੀਕ ਇਹਨਾਂ ਅਰਥਾਂ ਵਿਚ ਹੀ ਗਾਂਧੀ ਜੀ ਨੇ ਸਮੇਂ ਨੂੰ ਪਛਾਣਿਆਂ, ਇਸਦਾ ਨਿਰੂਪਣ ਕੀਤਾ ਤੇ ਇਸਨੂੰ ਜਗਾਇਆ। ਇਹ ਕੇਵਲ ਕੌਮਪ੍ਰਸਤੀ ਨਹੀਂ ਸੀ ਸਗੋਂ ਇਸਤੋਂ ਕੁਝ ਵਧੇਰੇ ਸੀ ਤੇ ਇਸਨੂੰ ਆਪਣਾ ਆਪ ਹੋਣ ਲਈ ਅਪਣੇ ਤੋਂ ਕੁਝ ਵੱਧ ਹੋਣਾ ਜ਼ਰੂਰੀ ਸੀ। ਪਹਿਲੇ ਪੱਖ ਨੂੰ ਗਾਂਧੀ ਜੀ ਨੇ ਬੁਝਾ ਲਿਆ ਸੀ ਪਰ ਦੂਸਰਾ ਪੱਖ ਉਹਨਾਂ ਦੀ ਗ੍ਰਿਫਤ ਵਿਚ ਨਾ ਆ ਸਕਿਆ।
ਇਸ ਮਾਮਲੇ ਵਿਚ ਕੇਵਲ ਦੋ ਹੀ ਸ਼ਖ਼ਸੀਅਤਾਂ ਹਨ ਜਿਨ੍ਹਾਂ ਨਾਲ ਉਹਨਾਂ ਦੀ ਤੁਲਨਾ ਹੋ ਸਕਦੀ ਹੈ। ਇਕ ਮਾਓ ਜੇ ਤੁੰਗ ਤੇ ਦੂਸਰੇ ਹੋ ਚੀ ਮਿੰਨ੍ਹ। ਪਹਿਲੀ ਸ਼ਖ਼ਸੀਅਤ ਅਖੀਰ ਵਿਚ ਥਿੜਕ ਗਈ ਭਾਵੇਂ ਗਾਂਧੀ ਜੀ ਨਾਲੋਂ ਵੱਖਰੇ ਢੰਗ ਨਾਲ ਦੂਸਰੀ ਸ਼ਖ਼ਸੀਅਤ ਅਖੀਰ ਤੋਂ ਹੋਰ ਅੱਗੇ ਤੱਕ ਜਾ ਸਕੀ ਭਾਵੇਂ ਉਸਦੀ ਸਰਗਰਮੀ ਗਾਂਧੀ ਅਤੇ ਮਾਓ ਨਾਲੋਂ ਗੁਣਾਤਾਮਕ ਤੌਰ ‘ਤੇ ਛੋਟੇ ਪਨ੍ਹੇ ਦੀ ਸੀ। ਮਰਹੂਮ ਕੇ। ਦਮੋਦਰਨ ਨੇ 1963 ਵਿਚ ਹੋਨਈ ਵਿਚ ਹੋ ਚੀ ਮਿੰਨ੍ਹ ਨਾਲ ਗੱਲਬਾਤ ਰਿਕਾਰਡ ਕੀਤੀ ਸੀ। ਉਹਨਾਂ ਵੀਅਤਨਾਮੀ ਆਗੂ ਨੂੰ ਪੁੱਛਿਆ ਸੀ ਕਿ ਕੀ ਕਾਰਨ ਹੈ ਕਿ ਹਿੰਦੁਸਤਾਨ ਦੇ ਕਮਿਉਨਿਸਟ ਵੀਅਤਨਾਮੀ ਕਮਿਉਨਿਸਟਾਂ ਦੇ ਮੁਕਾਬਲੇ ਉੱਤੇ ਬਹੁਤ ਹੀ ਊਣੇ ਨਤੀਜੇ ਪੈਦਾ ਕਰ ਸਕੇ। ਹੋ ਚੀ ਮਿੰਨ੍ਹ ਦਾ ਉੱਤਰ ਸੀ ਕਿ ਹਿੰਦੁਸਤਾਨ ਵਿਚ ਕਮਿਉਨਿਸਟਾਂ ਨੂੰ ਗਾਂਧੀ ਜੀ ਦਾ ਮੁਕਾਬਲਾ ਕਰਨਾ ਪਿਆ ਜਦਕਿ ਵੀਅਤਨਾਮ ਵਿਚ ਉਹ ਆਪ ਗਾਂਧੀ ਸੀ। ਇਸਤੋਂ ਪਹਿਲਾਂ ਹੋ ਚੀ ਮਿੰਨ੍ਹ ਨੇ ਆਪਣੇ ਆਪ ਨੂੰ ਗਾਂਧੀ ਜੀ ਦਾ ਪੈਰੋਕਾਰ ਦੱਸਿਆ ਸੀ। ਪ੍ਰਤੱਖ ਤੌਰ ‘ਤੇ ਅਹਿੰਸਾਵਾਦ ਪੱਖੋ ਨਹੀਂ -ਪਰ ਹਕੀਕਤ ਨੂੰ ਉਸਦੇ ਸਮੁੱਚੇ ਰੂਪ ਵਿਚ ਸਮਝਣ ਦੇ ਪੱਖੋਂ ਨਿਸਚੇ ਹੀ।
ਇਹ ਕਹਿਣਾ ਕਿੰਨਾ ਸਰਲ ਜਾਪਦਾ ਹੈ ਕਿ ਹਿੰਦੁਸਤਾਨ ਪੂਰਾ ਹੀ ਤਾਂ ਹੈ। ਪਰ ਅਜਿਹੀਆਂ ਸੱਚਾਈਆਂ ਦੀ ਸਰਲਤਾ ਇਕ ਅਜਿਹੀ ਚੀਜ਼ ਹੈ ਜਿਸਦੀ ਹਾਥ ਮਹਾਨ ਆਤਮਾਵਾਂ ਹੀ ਪਾ ਸਕਦੀਆਂ ਹਨ ਅਤੇ ਇਸ ਤੋਂ ਲੱਖਾਂ ਕਰੋੜਾਂ ਲੋਕਾਂ ਨੂੰ ਸੁਚੇਤ ਕਰ ਸਕਦੀਆਂ ਹਨ। ਆਜ਼ਾਦੀ ਤੋਂ ਬਾਅਦ ਦੇ ਦਹਾਕਿਆਂ ਵਿਚ ਹਿੰਦ ਵਿਚ ਬਹੁਤ ਕੁਝ ਬਦਲ ਚੁੱਕਾ ਹੈ। ਪੂੰਜੀਵਾਦੀ ਸ਼੍ਰੇਣੀ ਦੇ ਵਿਕਸਤ ਹੋਣ ਨਾਲ ਸ਼੍ਰੇਣੀ ਵਖਰੇਵੇਂ ਵਧੇਰੇ ਸਪਸ਼ਟ ਹੋ ਗਏ ਹਨ ਤੇ ਵਧੇਰੇ ਨਿਖਰਵੇਂ ਰੂਪ ਵਿਚ ਸਾਹਮਣੇ ਆ ਗਏ ਹਨ। ਸਮਾਜੀ ਸਵਾਲ ਦਿਨੋ ਦਿਨ ਵਧੇਰੇ ਉਭਰ ਕੇ ਅੱਗੇ ਆ ਰਹੇ ਹਨ। ਹਿੰਦ ਅਜੇ ਤੱਕ ਪੂਰੇ ਦਾ ਪੂਰਾ ਹੈ, ਭਾਵੇਂ ਇਸਦੀ ਪੂਰਨਤਾ ਲਈ ਖ਼ਤਰਾ ਵੱਧ ਰਿਹਾ ਹੈ।
ਪਰ ਇਹ ਕੇਵਲ ਗਾਂਧੀ ਜੀ ਦੀ ਦੂਰਦਰਸ਼ਤਾ ਦੀ ਸਮੱਗਰਤਾ ਨਹੀਂ ਸੀ ਤੇ ਨਾ ਹੀ ਅਜਿਹੀਆਂ ਪ੍ਰਸਥਿਤੀਆਂ ਦੀ ਸਮੱਗਰਤਾ ਸੀ ਜਿਹਨਾਂ ਨੂੰ ਉਹਨਾਂ ਤਹਿਰੀਕ ਦਾ ਰੂਪ ਦਿੱਤਾ। ਉਹਨਾਂ ਦੀ ਦੂਰਦਰਸ਼ਤਾ ਇਸ ਗੱਲ ਵਿਚ ਵੀ ਨਹੀਂ ਸੀ ਕਿ ਉਹਨਾਂ ਹਿੰਦ ਦੀ ਕੰਗਾਲੀ ਨੂੰ ਸਮਝਿਆ। ਉਹਨਾਂ ਦੀ ਦੂਰਦਰਸ਼ਤਾ ਇਸ ਗੱਲ ਵਿਚ ਸੀ ਕਿ ਉਹਨਾਂ ਹਿੰਦ ਦੇ ਗਰੀਬ ਲੋਕਾਂ ਦੀ ਸ਼ਕਤੀ ਨੂੰ ਪਛਾਣਿਆਂ। ਉਹਨਾਂ ਇਸ ਗੱਲ ਨੂੰ ਸਮਝਿਆ ਕਿ ਇਹ ਇਹੀ ਲੋਕ ਹਨ ਜਿਨ੍ਹਾਂ ਤੱਕ ਪਹੁੰਚ ਕਰਨੀ ਅਤੇ ਜਿਨ੍ਹਾਂ ਨੂੰ ਜਾਗਰਤ ਕਰਨਾ ਤੇ ਜਿਥੋਂ ਤੱਕ ਸੰਭਵ ਹੋ ਸਕੇ ਸੱਚਮੁਚ ਜਨਤਕ ਪੱਧਰ ਅਤੇ ਕੁੱਲ ਹਿੰਦ ਪੈਮਾਨੇ ਉੱਤੇ ਅਜਿਹੇ ਐਕਸ਼ਨ ਵਿਚ ਸ਼ਾਮਲ ਕਰਨਾ ਜ਼ਰੂਰੀ ਹੈ, ਜਿਸ ਵਿਚ ਸ਼ਕਤੀਸਾਲੀ ਲਹਿਰ ਬਨਣ ਦੀ ਸੰਭਾਵਨਾ ਹੋਵੇ।
ਪਰ ਜਿਸ ਢੰਗ ਨਾਲ ਗਾਂਧੀ ਜੀ ਆਪਣੀ ਕਾਰਜਨੀਤੀ ਨੂੰ ਅਮਲ ਵਿਚ ਲਿਆਉਣਾ ਚਾਹੁੰਦੇ ਸਨ, ਉਸ ਕਾਰਨ ਉਹਨਾਂ ਦਾ ਟੈਗੋਰ ਨਾਲ ਟਕਰਾਅ ਪੈਦਾ ਹੋਇਆ। ਦੋ ਮਹਾਨ ਆਤਮਾਵਾਂ ਵਿਚਾਲੇ ਮੱਤਭੇਦਾਂ ਦੀ ਇਹ ਅੱਤ ਦਿਲਚਸਪੀ ਮਿਸਾਲ ਸੀ। ਟੈਗੋਰ ਦੇ ਜਿਸ ਲੇਖ ਦਾ ਹਵਾਲਾ ਉੱਤੇ ਦਿੱਤਾ ਗਿਆ ਹੈ, ਉਸੇ ਵਿਚ ਉਹਨਾਂ ਗਾਂਧੀਵਾਦੀ ਲਹਿਰ ਦੀ ਤੰਗਨਜ਼ਰੀ ਦੀ ਤੇ ਉਸਦੇ ਆਪਮੁਹਾਰੇਪਨ ਤੋਂ ਵਿਰਵੇ ਹੋਣ ਦੀ ਸ਼ਕਾਇਤ ਕੀਤੀ ਸੀ; ਉਹਨਾਂ ਪਾਰਦਰਸ਼ਤਾ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਲਿਖਿਆ ਸੀ, “ਮੇਰਾ ਇਕ ਪਲ ਲਈ ਵੀ ਇਹ ਮਤਲਬ ਨਹੀਂ ਕਿ ਜਿਹੜਾ ਕਾਰਜ ਅਸਾਂ ਸ਼ੁਰੂ ਕਰ ਰੱਖਿਆ ਹੈ, ਉਸਨੂੰ ਅਸੀਂ ਘਟਾ ਕੇ ਦੇਖੀਏ। ਜਦੋਂ ਸਵੇਰਸਾਰ ਕਿਸੇ ਪੰਛੀ ਦੀ ਜਾਗ ਖੁੱਲ੍ਹਦੀ ਹੈ, ਉਸਦੀ ਜਾਗ ਇਕਦਮ ਦਾਣੇ-ਦੁਣਕੇ ਦੀ ਭਾਲ ਦਾ ਰੂਪ ਧਾਰਨ ਨਹੀਂ ਕਰਦੀ। ਉਸਦੇ ਪੰਖ ਆਪਮੁਹਾਰੇ ਆਕਾਸ਼ ਦੇ ਸੱਦੇ ਦਾ ਹੁੰਗਾਰਾ ਭਰਦੇ ਹਨ ਤੇ ਨਵਾਂ ਚਾਨਣ ਪਸਰਨ ਦੀ ਖੁਸ਼ੀ ਵਿਚ ਉਸਦੇ ਕੰਠ ਵਿਚੋਂ ਗੀਤ ਫੁੱਟ ਪੈਂਦੇ ਹਨ। ਵਿਸ਼ਵ ਮਨੁੱਖਤਾ ਨੇ ਸਾਨੂੰ ਵੀ ਆਪਣਾ ਸੱਦਾ ਦੇ ਭੇਜਿਆ ਹੈ। ਸਾਡੇ ਮਨ ਨੂੰ ਵੀ ਇਸ ਸੱਦੇ ਦਾ ਹੁੰਗਾਰਾ ਆਪਣੀ ਬੋਲੀ ਵਿਚ ਭਰਨਾ ਚਾਹੀਦਾ ਹੈ।
ਇਸਦੇ ਉੱਤਰ ਵਿਚ ਮਹਾਤਮਾ ਨੇ ਕਵੀ ਨੂੰ, ਜਿਸਨੂੰ ਉਹ ਦੇਸ ਦਾ ਮਹਾਨ ਰੱਖਿਅਕ ਆਖਦੇ ਸਨ, ਉੱਤਰ ਦਿੰਦਿਆਂ ਲਿਖਿਆ ਸੀ, “ਆਪਣੀ ਕਾਵਿਕ ਅੰਤਰ-ਪਰੇਰਨਾ ਦੇ ਅਨੁਸਾਰ ਆਉਣ ਵਾਲੇ ਕੱਲ੍ਹ ਲਈ ਜਿਉਂਦਾ ਹੈ ਤੇ ਸਾਥੋਂ ਵੀ ਇਹੀ ਆਸ ਰੱਖਦਾ ਹੈ। ਉਹ ਸਾਡੀ ਪਰਸੰਸਾ ਭਰੀ ਨਜ਼ਰ ਲਈ ਪਹੁਫਟਾਲੇ ਦੀ ਦਿਲਕਸ਼ ਤਸਵੀਰ ਪੇਸ਼ ਕਰਦਾ ਹੈ ਜਦੋਂ ਪੰਛੀ ਆਕਾਸ਼ ਵਿਚ ਉਡਾਰੀਆਂ ਲਾਉਂਦੇ ਹਨ ਤੇ ਉਸਤਤੀ ਦੇ ਗੀਤ ਗਾਉਂਦੇ ਹਨ। ਇਹਨਾਂ ਪੰਛੀਆਂ ਨੇ ਦਿਨ ਭਰ ਚੋਗਾ ਚੁਗ ਲਿਆ ਹੁੰਦਾ ਹੈ ਅਤੇ ਰਾਤ ਭਰ ਦੇ ਆਰਾਮ ਪਿੱਛੋਂ ਨਵੇਂ ਲਹੂ ਤੇ ਥਕੇਵਾਂ-ਲੱਥੇ ਪਰਾਂ ਨਾਲ ਉਹ ਆਕਾਸ਼ ਵਿਚ ਉਡਾਰੀਆਂ ਭਰ ਸਕਦੇ ਹਨ। ਪਰ ਮੈਨੂੰ ਅਜਿਹੇ ਪੰਛੀਆ ਨੂੰ ਦੇਖਣ ਦਾ ਦੁੱਖ ਸਹਿਣਾ ਪੈਂਦਾ ਹੈ ਜਿਹੜੇ ਜਾਗਦੇ ਹਨ ਤਾਂ ਉਹਨਾਂ ਵਿਚ ਪਰ ਫੜਫਾਉਣਾ ਜੋਗੀ ਹਿੰਮਤ ਵੀ ਨਹੀਂ ਹੁੰਦੀ। ਹਿੰਦੁਸਤਾਨੀ ਆਕਾਸ਼ ਹੇਠ ਮਨੁੱਖੀ ਪੰਛੀ ਜਦੋਂ ਜਾਗਦੇ ਹਨ ਤਾਂ ਆਰਾਮ ਕਰਨ ਦਾ ਭਰਮ ਪਾਲਣ ਨਾਲੋਂ ਵੀ ਵੱਧ ਥੱਕੇ ਹੁੰਦੇ ਹਨ। ਕਰੋੜਾਂ ਲੋਕਾਂ ਲਈ ਜਾਂ ਤਾਂ ਸਦੀਵੀ ਜਗਰਾਤਾ ਹੈ ਜਾਂ ਸਦੀਵੀ ਘੂਕੀ ਦੀ ਹਾਲਤ ਹੈ। ਇਹ ਨਾਕਾਬਲੇ ਬਿਆਨ ਸਥਿਤੀ ਹੈ ਜਿਸਦਾ ਅਹਿਸਾਸ ਇਹਦੇ ਤਜਰਬੇ ਰਾਹੀਂ ਹੀ ਹੋ ਸਕਦਾ ਹੈ। ਮੈਂ ਦੇਖਿਆ ਹੈ ਕਿ ਦੁੱਖ ਭੋਗ ਰਹੇ ਲੋਕਾਂ ਨੂੰ ਕਬੀਰ ਦੇ ਗੀਤਾਂ ਨਾਲ ਦਿਲਾਸਾ ਦੇਣਾ ਕਿੰਨਾ ਅਸੰਭਵ ਹੈ। ਕਰੋੜਾਂ ਭੁੱਖੇ ਲੋਕ ਇੱਕੋ ਕਵਿਤਾ ਦੀ ਮੰਗ ਕਰਦੇ ਹਨ ਤੇ ਉਹ ਹੈ ਸਰੀਰ ਵਿਚ ਜਾਨ ਪੈਦਾ ਕਰਨ ਜੋਗਾ ਅੰਨ। ਇਹ ਉਹਨਾਂ ਨੂੰ ਦਿੱਤਾ ਨਹੀਂ ਜਾ ਸਕਦਾ। ਇਹ ਉਹ ਕਮਾ ਕੇ ਹੀ ਖਾ ਸਕਦੇ ਹਨ ਅਤੇ ਇਹ ਉਹ ਆਪਣੇ ਲਹੂ-ਮੁੜ੍ਹਕੇ ਨਾਲ ਹੀ ਕਮਾ ਸਕਦੇ ਹਨ।”
ਪੰਜ ਸਾਲ ਤੇ ਕੁਝ ਮਹੀਨੇ ਪਿੱਛੋਂ ਉਹਨਾਂ ‘ਯੰਗ ਇੰਡੀਆ’ ਵਿਚ ਉਹਨਾਂ ਲਿਖਿਆ ਸੀ, “ਹਨੂਮਾਨ ਨੇ ਆਪਣਾ ਸੀਨਾ ਚੀਰਕੇ ਦਿਖਾਇਆ ਸੀ ਕਿ ਉਸਦੇ ਹਿਰਦੇ ਵਿਚ ਸਿਵਾਏ ਰਾਮ ਨਾਮ ਦੇ ਹੋਰ ਕੁਝ ਵੀ ਨਹੀਂ। ਪਰ ਮੇਰੇ ਵਿਚ ਆਪਣਾ ਸੀਨਾ ਚੀਰਕੇ ਦਿਖਾਉਣ ਦੀ ਉਹ ਸ਼ਕਤੀ ਨਹੀਂ ਹੈ। ਜਿਹੜੀ ਹਨੂਮਾਨ ਵਿਚ ਸੀ। ਪਰ ਮੈਂ ਤੁਹਾਨੂੰ ਯਕੀਨ ਦੁਆ ਸਕਦਾ ਹਾਂ ਕਿ ਜੇ ਤੁਹਾਡੇ ਵਿਚੋਂ ਕੋਈ ਮੇਰਾ ਸੀਨਾ ਚੀਰਨ ਦੀ ਰੁਚੀ ਰੱਖਦਾ ਹੋਵੇ ਤਾਂ ਤੁਸੀਂ ਮੇਰੇ ਸੀਨੇ ਵਿਚ ਵੀ ਉਸੇ ਰਾਮ ਦਾ ਪਿਆਰ ਹੀ ਦੇਖੋਗੇ ਜਿਸਨੂੰ ਮੈਂ ਹਿੰਦ ਦੇ ਕਰੋੜਾਂ ਫ਼ਾਕਾਕਸ਼ ਲੋਕਾਂ ਦੇ ਚਿਹਰੇ ਵਿੱਚੋਂ ਦੇਖਦਾ ਹਾਂ”। ਗਾਂਧੀ ਜੀ ਨੇ ‘ਦਰਿਦਰ ਨਰਾਇਣ’ ਦਾ ਨਵਾਂ ਕਥਨ ਵੀ ਘੜਿਆ ਸੀ-ਦਰਿਦਰ ਨਰਾਇਣ ਦਾ ਅਰਥ ਗਰੀਬਾਂ ਦਾ ਦੇਵਤਾ ਨਹੀਂ ਸਗੋਂ ਗਰੀਬਾਂ ਤੋਂ ਹੈ ਜੋ ਆਪ ਦੇਵਤਾ ਹਨ। ਉਹਨਾਂ ਦੀ ਪੂਜਾ ਅਜਿਹੀ ਸੇਵਾ ਰਾਹੀਂ ਕਰਨੀ ਲੋੜੀਂਦੀ ਹੈ ਜਿਹੜੀ ਉਹਨਾਂ ਨੂੰ ਕੰਮ ਕਰਨ ਤੇ ਸੰਘਰਸ਼ ਕਰਨ ਤੇ ਇਸ ਤਰ੍ਹਾਂ ਗਰੀਬੀ ਤੋਂ ਛੁਟਕਾਰਾ ਹਾਸਲ ਕਰਨ ਵਿਚ ਸਹਾਈ ਹੋ ਸਕੇ।”
ਉਹਨਾਂ ਗਰੀਬਾਂ ਨੂੰ ਉੱਥੇ ਲੱਭਿਆ ਜਿਥੇ ਉਹ ਵਸਦੇ ਸਨ-ਅਰਥਾਤ ਪਿੰਡਾਂ ਵਿਚ। ਮਾਰਚ, 1922 ਵਿਚ ਅਦਾਲਤ ਵਿਚ ਦਿੱਤੇ ਆਪਣੇ ਧੜੱਲੇ ਭਰੇ ਬਿਆਨ ਵਿਚ ਉਹਨਾਂ ਕਿਹਾ ਸੀ: “ਸ਼ਹਿਰਾਂ ਵਿਚ ਵੱਸਣ ਵਾਲਿਆਂ ਨੂੰ ਇਸ ਗੱਲ ਦਾ ਘੱਟ ਹੀ ਇਲਮ ਹੈ ਕਿ ਹਿੰਦ ਤੇ ਅੱਧ ਭੁੱਖੇ ਲੋਕ ਕਿਸ ਤਰ੍ਹਾਂ ਬੇਬਸੀ ਦੀਆਂ ਨਿਵਾਣਾਂ ਵਿਚ ਲਹਿੰਦੇ ਜਾ ਰਹੇ ਹਨ। ਸ਼ਹਿਰਾਂ ਵਿਚ ਵਸਣੇ ਵਾਲੇ ਲੋਕਾਂ ਨੂੰ ਇਸ ਗੱਲ ਦਾ ਵੀ ਅਹਿਸਾਸ ਨਹੀਂ ਕਿ ਜਿਹੜੀ ਘਟੀਆ ਜਿਹੀ ਆਰਾਮਦੇਹ ਜ਼ਿੰਦਗੀ ਉਹ ਜਿਉਂ ਰਹੇ ਹਨ, ਉਹ ਉਸ ਕੰਮ ਦੀ ਦਲਾਲੀ ਤੋਂ ਵੱਧ ਕੁਝ ਨਹੀਂ ਜਿਹੜਾ ਉਹ ਬਦੇਸ਼ੀ ਲੋਟੂਆਂ ਲਈ ਕਰ ਰਹੇ ਹਨ। ਉਹ ਨਹੀਂ ਜਾਣਦੇ ਕਿ ਜਿਨ੍ਹਾਂ ਮੁਨਾਫ਼ਿਆਂ ਤੇ ਜਿਸ ਦਲਾਲੀ ਦੇ ਆਸਰੇ ਉਹ ਜਿਉਂ ਰਹੇ ਹਨ, ਉਹ ਲੋਕਾਂ ਦਾ ਖ਼ੂਨ ਚੂਸਕੇ ਹਾਸਲ ਕੀਤੀ ਜਾ ਰਹੀ ਹੈ। ਉਹਨਾਂ ਨੂੰ ਨਹੀਂ ਪਤਾ ਕਿ ਕਾਨੂੰਨ ਦੇ ਨਾਂਅ ਉੱਤੇ ਜਿਹੜੀ ਸਰਕਾਰ ਬਰਤਾਨਵੀ ਹਿੰਦ ਵਿਚ ਕਾਇਮ ਹੈ ਉਹ ਲੋਕਾਂ ਦੀ ਇਸੇ ਲੁੱਟ ਖਸੁੱਟ ਨੂੰ ਕਾਇਮ ਰੱਖਣ ਲਈ ਚਲਾਈ ਜਾ ਰਹੀ ਹੈ। ਕੋਈ ਲਫ਼ਜ਼ੀ ਹੇਰਾਫੇਰੀ, ਅੰਕੜਿਆਂ ਦੀ ਕੋਈ ਚਤੁਰਾਈ ਪਿੰਡਾਂ ਵਿਚ ਉਹਨਾਂ ਪਿੰਜਰਾਂ ਨੂੰ ਧਿਆਨ ਤੋਂ ਪਰ੍ਹਾਂ ਨਹੀਂ ਲਿਜਾ ਸਕਦੀ, ਜਿਹੜੇ ਤਾਹਨੂੰ ਸਾਖਿਆਤ ਦੇਖਣ ਨੂੰ ਮਿਲਦੇ ਹਨ। ਮੈਨੂੰ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਇੰਗਲੈਂਡ ਵਿਚ ਅਤੇ ਹਿੰਦ ਦੇ ਸ਼ਹਿਰਾਂ ਵਿਚ ਵੱਸਣ ਵਾਲੇ ਲੋਕਾਂ, ਦੋਹਾਂ ਨੂੰ ਮਨੁੱਖਤਾ ਦੇ ਖਿਲਾਫ਼ ਉਸ ਭਿਆਨਕ ਜੁਰਮ ਲਈ ਪਰਮਾਤਮਾ ਅੱਗੇ ਜਵਾਬਦੇਹ ਹੋਣਾ ਪਏਗਾ, ਜਿਸਦੀ ਮਿਸਾਲ ਹਿੰਦ ਵਿਚ ਹੋਰ ਕੋਈ ਨਹੀਂ ਮਿਲਦੀ।”
ਨਿਸਚੇ ਹੀ ਇਹ ਗਾਂਧੀ ਜੀ ਦਾ ਉਸ ਦਰਦਮੰਦੀ ਦਾ ਪਤਾ ਦਿੰਦੀ ਸੀ ਜਿਹੜੀ ਉਹ ਵਿਰਵੇ ਲੋਕਾਂ ਤੇ ਗਰੀਬਾਂ ਲਈ ਮਹਿਸੂਸ ਕਰਦੇ ਸਨ। ਪਰ ਇਹ ਗੱਲ ਦਰਦਮੰਦੀ ਤੋਂ ਇਲਾਵਾ ਕੁਝ ਹੋਰ ਨੂੰ ਵੀ ਦਰਸਾਉਂਦੀ ਸੀ। ਇਹ ਸਾਡੇ ਦੇਸ਼ ਦੇ ਸਮਾਜੀ ਦ੍ਰਿਸ਼ ਦੀ ਹਕੀਕਤ ਦੀ ਪਛਾਣ ਕਰ ਲੈਣ ਦਾ ਪਤਾ ਦਿੰਦੀ ਹੈ ਜਿਸਦਾ ਅੱਤ ਭਾਰੂ ਪੱਖ ਸੀ ਪੇਂਡੂ ਦੁਰਦਸ਼ਾ। ਪਰ ਇਸਦੇ ਸਮਾਜੀ ਪੱਖ ਵਿਚ ਜਾਣ ਤੋਂ ਪਹਿਲਾਂ ਉਹਨਾਂ ਦੀ ਦਰਦਮੰਦੀ ਬਾਰੇ ਕੁਝ ਲਫ਼ਜ਼ ਕਹਿਣੇ ਜ਼ਰੂਰੀ ਹਨ। ਇਹ ਠੀਕ ਨਹੀਂ ਹੋਵੇਗਾ ਕਿ ਇਸ ਉੱਤੇ ਟਕੋਰ ਕੀਤੀ ਜਾਏ। ਨਾ ਹੀ ਇਸ ਦ੍ਰਿਸ਼ ਦਾ ਨਿਰੋਲ ਵਿਗਿਆਨਕ ਵਿਸ਼ਲੇਸ਼ਨ ਇਸਦੀ ਥਾਂ ਲੈ ਸਕਦਾ ਹੈ। ਇਸ ਨੂੰ ਖੈਰਾਤ ਜਾਂ ਪਰਉਪਕਾਰ ਨਾਲ ਤੁਲਨਾ ਦੇਣੀ ਵੀ ਠੀਕ ਨਹੀਂ। ਇਹ ਅਜਿਹੀ ਮੌਜੂਦਾ ਰਿਵਾਜੀ ਬਹਿਸ ਨਾਲੋਂ ਵੀ ਉੱਕਾ ਹੀ ਵੱਖਰੀ ਹੈ ਕਿ ਕੰਗਾਲੀ ਦੀ ਰੇਖਾ ਕੀ ਹੈ ਅਤੇ ਕਿੰਨੇ ਲੋਕ ਉਸ ਤੋਂ ਹੇਠਾਂ ਜਾਂ ਉੱਤੇ ਰਹਿੰਦੇ ਹਨ। ਸਭ ਤੋਂ ਵੱਡੀ ਗੱਲ ਨੈਤਕਿਤਾ ਦੀ ਹੈ, ਨਿਆਂ ਤੇ ਬਰਾਬਰੀ ਲਈ ਜਜ਼ਬੇ ਦੀ ਹੈ, ਜਿਸ ਤੋਂ ਬਿਨਾ ਹਿੰਦ ਵਿਚ ਸਾਡੇ ਲੋਕਾਂ ਵਾਸਤੇ ਜ਼ਿੰਦਗੀ ਲਈ ਜਾਂ ਵਧੇਰੇ ਮਨੁੱਖੀ ਹਾਲਤਾਂ ਲਈ ਕੋਈ ਕਦਰਯੋਗ ਸੰਘਰਸ਼ ਨਹੀਂ ਹੋ ਸਕਦਾ, ਸ਼ੋਸ਼ਲਿਜ਼ਮ ਲਈ ਸੰਘਰਸ਼ ਦੀ ਤਾਂ ਗੱਲ ਹੀ ਛੱਡੋ।
ਮਾਰਕਸ ਨੇ ਆਪ ਵੀ ਲਿਖਿਆ ਸੀ ਕਿ ਜੋ ਕੁਝ ਮੈਂ ਕੀਤਾ, ਉਸਦਾ ਬਦਲ ਸਿਰਫ਼ ਇਹੀ ਸੀ ਮੈਂ ਪਸ਼ੂਆਂ ਜਿਹੇ ਵਿਹਾਰ ਤੋਂ ਕੰਮ ਲੈਂਦਾ ਅਤੇ ਮਨੁੱਖਤਾ ਵੱਲ ਪਿੱਠ ਕਰ ਲੈਂਦਾ।
ਲੈਨਿਨ ਨੇ ਨਾ ਸਿਰਫ਼ ਇਨਕਲਾਬੀ ਵਲਵਲੇ ਅਤੇ ਵਿਗਿਆਨਕ ਸਮਝ ਨੂੰ ਇੱਕਮਿਕ ਕਰਨ ਦੀ ਗੱਲ ਕੀਤੀ ਸੀ ਸਗੋਂ ਮਜ਼ਦੂਰ ਸ਼੍ਰੇਣੀ ਦੇ ਆਵੱਸ਼ਕ ਇਤਹਾਸਕ ਰੋਲ ਵਿਚ ਉਹਨਾਂ ਦਾ ਵਿਸ਼ਵਾਸ ਐਨਾ ਜ਼ੋਰਦਾਰ ਸੀ ਇਸ ਨੇ ਸਮੁੱਚੀ ਮਜ਼ਦੂਰ ਸ਼੍ਰੇਣੀ ਨੂੰ ਆਪਣੇ ਵੇਗ ਵਿਚ ਸਮੋ ਲਿਆ ਸੀ। ਮਾਓ ਜ਼ੇ ਤੁੰਗ ਦੇ ਪ੍ਰਮਾਣੀਕ ਪੱਖ ਦਾ ਵੀ ਇਹ ਹਿੱਸਾ ਸੀ ਕਿ ਉਹਨਾਂ ਆਪਣੇ ਅੰਦਰ ਗਰੀਬਾਂ ਲਈ ਡੂੰਘਾ ਜਜ਼ਬਾ ਪੈਦਾ ਕਰਨ ਉੱਤੇ ਜ਼ੋਰ ਦਿੱਤਾ। ਪ੍ਰਮਾਣੀਕ ਮਾਓਵਾਦ ਦੇ ਬਿਹਤਰਹੀਨ ਵਿਆਖਿਆਕਾਰ ਲਿਊਸ਼ਾਓਕੀ ਨੇ ਵੀ ਕਮਿਊਨਿਸਟ ਪਾਰਟੀ ਦੀ ਆਵੱਸ਼ਕ ਜਨਤਕ ਸੇਧ ਉੱਤੇ ਜ਼ੋਰ ਦਿੰਦਿਆਂ ਲਿਖਿਆ ਸੀ ਜਨਤਾ ਨਾਲ ਪਿਆਰ ਇਸਦਾ ਪਹਿਲਾ ਲਾਜ਼ਮੀ ਅੰਸ਼ ਹੈ।
ਇਹ ਮੰਨਣਾ ਹੀ ਪੈਂਦਾ ਹੈ ਕਿ ਲੋਕਾਂ ਲਈ ਪਿਆਰ ਤੇ ਗਰੀਬਾਂ ਲਈ ਦਰਦਮੰਦੀ ਨੂੰ ਕੁਝ ਇਨਕਲਾਬੀ ਹਲਕਿਆਂ ਵਿਚ ਇਹਨੀਂ ਦਿਨੀਂ ਘਿਰਣਾ ਜਿਹੀ ਨਾਲ ਦੇਖਿਆ ਜਾਂਦਾ ਹੈ ਜਾਂ ਫਿਰ ਇਸਨੂੰ ਉਪਭਵਾਕਤਾ ਆਖਕੇ ਇਸਦਾ ਮਖੌਲ ਉਡਾਇਆ ਜਾਂਦਾ ਹੈ। ਪਰ ਲੋਕਾਂ ਦੇ ਦੁੱਖਾਂ ਪ੍ਰਤੀ ਇਹ ਕਾਰੋਬਾਰੀ ਜਿਹੀ ਪਹੁੰਚ ਹੀ ਦੱਸਦੀ ਹੈ ਕਿ ਜਿਹੜੇ ਹਲਕੇ ਅਜਿਹੀ ਪਹੁੰਚ ਤੋਂ ਕੰਮ ਲੈਂਦੇ ਹਨ ਉਹ ਲੋਕਾਂ ਤੋਂ ਕਿਉਂ ਦੂਰ ਹੋ ਜਾਂਦੇ ਹਨ ਤੇ ਕਿਉਂ ਉਹ ਜਨਤਕ ਹੁੰਗਾਰਾ ਹਾਸਲ ਕਰਨ ਵਿਚ ਸਫ਼ਲ ਨਹੀਂ ਹੁੰਦੇ। ਜਿਹੜੇ ਵਿਅਕਤੀ ਹਿੰਦ ਵਿਚ ਜਨਤਕ ਕਾਰਜ ਵਿਚ ਸ਼ਾਮਲ ਹਨ ਉਹਨਾਂ ਸਾਰਿਆਂ ਲਈ ਸ਼ਾਇਦ ਆਪਣੇ ਆਪ ਨੂੰ ਗਾਂਧੀ ਜੀ ਵਾਂਗ ਲੋਕਾਂ ਨਾਲ ਤਨੋਂ ਮਨੋਂ ਇੱਕਮਿਕ ਕਰ ਸਕਣਾ ਨਾ ਜ਼ਰੂਰੀ ਹੈ ਤੇ ਨਾ ਹੀ ਸੰਭਵ ਪਰ ਗਾਂਧੀ ਜੀ ਵਰਗੀ ਪੂਰਨ ਅਭੇਦਤਾ ਜ਼ਰੂਰੀ ਹੈ।
ਇਸ ਨੈਤਿਕ ਰਾਜਨੀਤਕ ਨੁਕਤੇ ਨੂੰ ਲਾਂਭੇ ਛੱਡਦਿਆਂ ਪੇਂਡੂ ਨਿਰਧਨਤਾ ਦੇ ਇਸ ਵਰਤਾਰੇ ਨੂੰ ਸਮਝਣਾ ਇਕ ਹੋਰ ਅਹਿਮ ਕਾਰਜ ਹੈ। ਹਿੰਦ ਦੇ ਬਹੁਤ ਸਾਰੇ ਪੇਂਡੂ ਖੇਤਰਾਂ ਵਿਚ ਕੰਗਾਲੀ ਦੇ ਪਸਰਨ ਦੇ ਨਾਲ ਨਾਲ ਚੱਲ ਰਿਹਾ ਨਿਰਧਨਤਾ ਦਾ ਇਹ ਚੱਕਰ ਪਰਲੋਤਾਰੀਕਰਣ ਦੀ ਜਾਂ ਇੰਝ ਕਹਿ ਲਵੋ ਕਿ ਮਜ਼ਦੂਰ ਸ਼੍ਰੇਣੀ ਨੂੰ ਹੋਂਦ ਵਿਚ ਆਉਣ ਦੀ ਗਤੀ ਨਾਲੋਂ ਕਿਤੇ ਵੱਧ ਤੇਜ਼ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਹ ਚੱਕਰ ਕਸਬਿਆਂ ਤੇ ਮਹਾਨਗਰਾਂ ਨੂੰ ਹੈਰਾਨਕੁਨ ਹੱਦ ਤੱਕ ਆਪਣੀ ਲਪੇਟ ਵਿਚ ਲੈ ਰਿਹਾ ਹੈ। ਇਸ ਵਰਤਾਰੇ ਨੂੰ ਲੁੰਪਨੀਕਰਣ ਦੇ ਖਾਨੇ ਵਿਚ ਲਿਖ ਛੱਡਣਾ ਵੀ ਗ਼ਲਤ ਹੋਵੇਗਾ। ਇਹ ਪੇਂਡੂ-ਸ਼ਹਿਰੀ ਕੰਗਾਲੀ ਦੀ ਨਿਰੰਤਰ ਪ੍ਰਕ੍ਰਿਆ ਹੈ। ਸਾਰੇ ਹੀ ਗਰੀਬ ਲੁੰਪਨ, ਉਜੱਡ ਤੇ ਸੋਚਹੀਣ ਪ੍ਰੋਲੇਤਾਰੀਆ ਨਹੀਂ ਆਖੇ ਜਾ ਸਕਦੇ ਕਈ ਪੱਖਾਂ ਤੋਂ ਇਸ ਤੱਥ ਦਾ ਅੱਤ ਕਰੁਣਾਮਈ ਪ੍ਰਗਟਾਵਾ ਬਾਲ-ਮਜ਼ਦੂਰੀ ਵਿਚ ਹੋ ਰਿਹਾ ਵਾਧਾ ਹੈ। ਅਣਸੰਗਠਤ ਗਰੀਬ ਭਾਵੇਂ ਉਹ ਪਿੰਡਾਂ ਵਿਚ ਵਸਦੇ ਹਨ ਜਾਂ ਸ਼ਹਿਰਾਂ ਵਿਚ, ਉਹਨਾਂ ਹਲਕਿਆਂ ਲਈ ਕਿਤੇ ਵੱਧ ਧਿਆਨ ਦਾ ਕੇਂਦਰ ਹੋਣੇ ਚਾਹੀਦੇ ਹਨ, ਜਿਹੜੇ ਸਾਡੇ ਦੇਸ ਦੀ ਸੋਸ਼ਲਿਸਟ ਕਾਯਾਪਲਟ ਲਈ ਕੰਮ ਕਰ ਰਹੇ ਹਨ।
ਗਾਂਧੀ ਜੀ ਦੀ ਦੇਣ ਦੇ ਇਕ ਹੋਰ ਪੱਖ ਨੂੰ ਅਜਿਹੇ ਬਹੁਤ ਸਾਰੇ ਲੋਕਾਂ ਵਲੋਂ ਵੀ ਵਿਵਾਦਪੂਰਣ ਗਿਣਿਆ ਜਾਏਗਾ ਜਿਹੜੇ ਉਂਝ ਉਹਨਾਂ ਦੇ ਪਰਸੰਸਕ ਤੇ ਪੁਜਾਰੀ ਹਨ। ਇਸਦਾ ਸੰਬੰਧ ਸੈਕੂਲਰਿਜ਼ਮ ਜਾਂ ਧਰਮ ਨਿਰਪੱਖਤਾ ਨਾਲ ਹੈ। ਗਾਂਧੀ ਜੀ ਅਕਸਰ ਆਪਣੇ ਆਪ ਨੂੰ ਨਾ ਸਿਰਫ਼ ਹਿੰਦੂ ਸਗੋਂ ਸਨਾਤਨੀ ਧਰਮੀ ਹਿੰਦੂ ਆਖਦੇ ਸਨ। ਉਹ ਵਰਣ-ਆਸ਼ਰਮ-ਧਰਮ ਨੂੰ ਇਸਦੇ ਪੁਰਾਤਨ ਰੂਪ ਵਿਚ ਜਾਇਜ਼ ਠਹਿਰਾਉਂਦੇ ਸਨ। ਉਹ ਆਪਣੇ ਆਪ ਨੂੰ ਭਗਵਤ ਗੀਤਾ ਦਾ ਪੁਜਾਰੀ ਵੀ ਦਸਦੇ ਸਨ। ਉਹ ਕਹਿੰਦੇ ਸਨ ਕਿ ਉਹਨਾਂ ਦਾ ਆਦਰਸ਼ ਰਾਮ ਰਾਜ ਹੈ। ਪ੍ਰਾਰਥਨਾ ਮੀਟਿੰਗਾਂ, ਜਿਨ੍ਹਾਂ ਨੂੰ ਉਹ ਆਪਣੀ ਐਜੀਟੇਸ਼ਨ ਲਈ ਮੁੱਖ ਸਾਧਨ ਵਜੋਂ ਵਰਤਦੇ ਸਨ ਇਹਨਾਂ ਮੀਟਿੰਗਾਂ ਵਿਚ ਭਜਨ ਗਾਏ ਜਾਂਦੇ ਸਨ ਭਾਵੇਂ ਇਸਦੇ ਨਾਲ ਨਾਲ ਕੁਰਾਨ ਸਰੀਫ਼ ਦੀਆਂ ਆਇਤਾਂ ਤੇ ਈਸਾਈ ਸ਼ਬਦ ਵੀ ਪੜ੍ਹੇ ਜਾਂਦੇ ਸਨ। ਇਸ ਬਾਰੇ ਕਿਹਾ ਜਾਂਦਾ ਹੈ ਕਿ ਗਾਂਧੀ ਜੀ ਦੇ ਇਸ ਵਤੀਰੇ ਨੇ ਮੁਸਲਿਮ ਭਾਵਨਾਵਾਂ ਨੂੰ ਠੇਸ ਪਹੁੰਚਾਈ, ਉਹਨਾਂ ਨੂੰ ਕਾਂਗਰਸ ਨਾਲੋਂ ਦੂਰ ਕਰ ਦਿੱਤਾ ਅਤੇ ਹਿੰਦੂ ਪੁਨਰ-ਉਥਾਨ ਨੂੰ ਉਤਸ਼ਾਹਿਤ ਕੀਤਾ। ਇਹ ਵੀ ਕਿਹਾ ਜਾਂਦਾ ਹੈ ਕਿ ਸੈਕੂਲਰਿਜ਼ਮ ਦਾ ਅਰਥ ਸਾਰੇ ਧਰਮਾਂ ਨਾਲ ਇਕੋ ਜਿਹਾ ਸਲੂਕ ਨਹੀਂ ਸਗੋਂ ਧਰਮ ਨੂੰ ਪਬਲਿਕ ਖੇਤਰ ਵਿਚੋਂ ਬਾਹਰ ਰੱਖਣ ਤੇ ਇਸਨੂੰ ਨਿੱਜੀ ਵਿਸ਼ਵਾਸ ਤੱਕ ਸੀਮਤ ਕਰਨ ਨਾਲ ਹੈ।
ਮਹਾਤਮਾ ਗਾਂਧੀ ਦੀ ਅਜਿਹੀ ਨਕਤਚੀਨੀ ਉਸ ਇਤਹਾਸਕ ਸਮੇਂ ਤੇ ਸਥਿਤੀ ਦਾ ਸਹੀ ਮੁਲਅੰਕਣ ਨਹੀਂ, ਜਿਸ ਵਿਚ ਉਹ ਜੀਵੇ ਤੇ ਉਹਨਾਂ ਕੰਮ ਕੀਤਾ। ਵਾਸਤਵ ਵਿਚ ਅਜਿਹੀ ਨੁਕਤਾਚੀਨੀ ਹਿੰਦੁਸਤਾਨ ਦੇ ਸਮੇਂ ਤੇ ਸਥਿਤੀ ਨੂੰ ਵੀ ਠੀਕ ਅਰਥਾਂ ਵਿਚ ਨਾ ਪੜ੍ਹਨ ਦੇ ਬਰਾਬਰ ਹੈ। ਜੇ ਹਿੰਦੁਸਤਾਨ ਧਾਰਮਿਕ ਰਾਜ ਨਹੀਂ ਬਣਿਆ ਅਤੇ ਜੇ ਇਸਦੇ ਲੋਕ ਡੂੰਘੀਆਂ ਧਾਰਮਕ ਭਾਵਨਾਵਾਂ ਦੇ ਤੇ ਧਰਮਾਂ ਦੀ ਅਨੇਕਤਾ ਦੇ ਬਾਵਜੂਦ ਸੈਕੂਲਰ ਹੀ ਹਨ ਤਾਂ ਇਹ ਸੱਭ ਤੋਂ ਵੱਧ ਗਾਂਧੀ ਜੀ ਦੀ ਸਿਆਣੀ, ਸਹਿਨਸ਼ੀਲ ਤੇ ਦ੍ਰਿੜ ਅਗਵਾਈ ਦਾ ਹੀ ਸਦਕਾ ਸੀ। ਨਹਿਰੂ, ਭਗਤ ਸਿੰਘ ਕਮਿਊਨਿਸਟਾਂ ਤੇ ਹੋਰਨਾਂ ਨੇ ਵੀ ਹਿੰਦੂਸਤਾਨ ਨੂੰ ਸੈਕੂਲਰ ਬਨਾਉਣ ਵਿਚ ਹਿੱਸਾ ਪਾਇਆ। ਪਰ ਇਸਦਾ ਮੁੱਖ ਸਿਹਰਾ ਗਾਂਧੀ ਜੀ ਨੂੰ ਹੀ ਜਾਂਦਾ ਹੈ।
ਇਹ ਗਾਂਧੀ ਜੀ ਸਨ ਜਿਨ੍ਹਾਂ ਕਿਸੇ ਵੀ ਹੋਰ ਨਾਲੋਂ ਵੱਧ ਹਿੰਦੂ ਸੋਚ ਨੂੰ ਸੈਕੂਲਰ ਬਨਾਉਣ ਵਿਚ ਹਿੱਸਾ ਪਾਇਆ, ਹਿੰਦੂਆਂ ਦੀ ਵਿਸ਼ਾਲ ਬਹੁਗਿਣਤੀ ਨੂੰ ਸਾਰੇ ਹੀ ਧਰਮਾਂ ਨਾਲ ਇਕੋ ਜਿਹਾ ਸਲੂਕ ਕਰਨ ਦੀ ਸਿੱਖਿਆ ਤੇ ਪ੍ਰੇਰਨਾ ਦਿੱਤੀ। ਇਹ ਉਹਨਾਂ ਦੀ ਦੇਣ ਹੀ ਸੀ ਕਿ ਨਾਸਤਿਕਤਾ ਨੂੰ ਵੀ ਹਿੰਦੂ ਸਮੂਹ ਦਾ ਹਿੱਸਾ ਸਮਝਿਆ ਜਾਣ ਲੱਗਾ। ਉਹਨਾਂ ਦਾ ਧਰਮ ਇਕ ਅਜਿਹਾ ਧਰਮ ਸੀ ਜਿਸਨੂੰ ਨਾ ਚਰਚ ਦੀ ਲੋੜ ਸੀ ਤੇ ਨਾ ਹੀ ਰਾਜ ਦੀ। ਇਹ ਇਕ ਅਜਿਹੀ ਪ੍ਰਾਪਤੀ ਸੀ ਜਿਸਦੀ ਮਿਸਾਲ ਇਤਹਾਸ ਵਿਚ ਹੋਰ ਕੋਈ ਨਹੀਂ ਮਿਲਦੀ। ਇਹ ਪ੍ਰਾਪਤੀ ਸੀ ਧਾਰਮਕ ਪ੍ਰਵਿਰਤੀਆਂ ਨੂੰ ਠੇਸ ਪਹੁੰਚਾਏ ਬਿਨਾ ਸੈਕੂਲਰ ਸ਼ਕਤੀਆਂ ਨੂੰ ਅੱਗੇ ਲਿਆਉਣ ਵਿਚ ਸਫ਼ਲਤਾ ਹਾਸਲ ਕਰਨ ਦੀ, ਭਾਵੇਂ ਇਹ ਪ੍ਰਾਪਤੀ ਵਿਗਿਆਨਕ ਸੋਚ ਨੂੰ ਜਨਤਕ ਪੱਧਰ ਉੱਤੇ ਭਾਰਤੀ ਸੁਭਾਅ ਦਾ ਹਿੱਸਾ ਬਨਾਉਣ ਤੱਕ ਨਾ ਪਹੁੰਚ ਸਕੀ। ਇਸਦਾ ਇਕ ਅਹਿਮ ਕਾਰਨ ਇਹ ਸੀ ਕਿ ਸ਼ੋਸ਼ਲਿਸਟ ਇਨਕਲਾਬ ਲਈ ਕੰਮ ਕਰ ਰਹੀਆਂ ਸ਼ਕਤੀਆਂ ਇਸ ਦੇਸ਼ ਵਿਚ ਬਹੁਤੀ ਪ੍ਰਗਤੀ ਨਾ ਕਰ ਸਕੀਆਂ।
ਹਿੰਦੂ ਫਿਰਕਾਪ੍ਰਸਤੀ ਨੂੰ ਉਹਨਾਂ ਵਿਚੋਂ ਆਪਣਾ ਅਸਲ ਦੁਸ਼ਮਣ ਦਿਸਿਆ, ਇਸੇ ਲਈ ਉਹਨਾਂ ਨੇ ਮਹਾਤਮਾ ਨੂੰ ਗੋਲੀ ਮਾਰਕੇ ਕਤਲ ਕਰ ਦਿੱਤਾ। ਮੁਸਲਮ ਫਿਰਕਾਪ੍ਰਸਤੀ ਜਿਨ੍ਹਾਂ ਕਾਰਨਾਂ ਕਰਕੇ ਵਧੀ ਤੇ ਪਸਰੀ ਜਨਤਕ ਐਜੀਟੇਸ਼ਨ ਤੇ ਪ੍ਰਾਪੇਗੰਡੇ ਬਾਰੇ ਮਹਾਤਮਾ ਗਾਂਧੀ ਦੇ ਦ੍ਰਿਸ਼ਟੀਕੋਨ ਤੇ ਮੁਹਾਵਰੇ ਨਾਲ ਕੋਈ ਸੰਬੰਧ ਨਹੀਂ। ਸੱਚਮੁਚ ਧਾਰਮਕ ਮੁਸਲਮ ਆਗੂ, ਭਾਵੇਂ ਉਹ ਮੌਲਾਨਾ ਆਜ਼ਾਦ ਸਨ ਜਾਂ ਦਿਓਬੰਦ ਮਦਰਸੇ ਦੇ ਖਾਨ ਅਬਦੁਲ ਗ਼ੁਖ਼ਾਰ ਖਾਨ, ਗਾਂਧੀ ਜੀ ਤੇ ਉਹਨਾਂ ਦੀ ਲਹਿਰ ਦੇ ਨੇੜੇ ਸਨ। ਮੁਹੰਮਦ ਅਲੀ ਜਿਨਾਹ, ਜਿਹੜੇ ਸਿਗਰਟ ਅਤੇ ਸ਼ਰਾਬ ਪੀਂਦੇ ਸਨ, ਜਿਨ੍ਹਾਂ ਕੁਰਾਨ ਸ਼ਰੀਫ ਕਦੇ ਨਹੀਂ ਸੀ ਪੜ੍ਹਿਆ ਤੇ ਨਮਾਜ਼ ਵੀ ਕਦੇ ਘੱਟ ਹੀ ਪੜ੍ਹੀ ਸੀ ਤੇ ਜਿਹੜੇ ਪਾਰਸੀ ਸੁਆਣੀ ਨਾਲ ਵਿਆਹ ਹੋਏ ਸਨ, ਖਾੜਕੂ ਮੁਸਲਮ ਫਿਰਕਾ ਪ੍ਰਸਤੀ ਦੇ ਆਗੂ ਜਾ ਬਣੇ ਅਤੇ ਆਗੂ ਵੀ ਉਹ ਆਪਣੇ ਉਤਲੇ ਖਾਸਿਆਂ ਦੇ ਬਾਵਜੂਦ ਨਹੀਂ ਸਗੋਂ ਇਹਨਾਂ ਖਾਸਿਆਂ ਕਰਕੇ ਬਣੇ। ਗਾਂਧੀ ਜੀ ਦੇ ਦੋਸਤਾਂ ਤੇ ਹਮਦਰਦਾਂ ਵਿਚ ਨਾ ਸਿਰਫ਼ ਕੱਟੜ ਇਸਲਾਮੀ ਆਗੂ ਵੀ ਸ਼ਾਮਲ ਸਨ ਸਗੋਂ ਅਜਿਹੇ ਆਗੂ ਵੀ ਸ਼ਾਮਲ ਸਨ ਜਿਨ੍ਹਾਂ ਦੀ ਸੋਚ ਬੜੀ ਪ੍ਰਗਤੀਸ਼ੀਲ ਸੀ ਤੇ ਜਿਨ੍ਹਾਂ ਨੂੰ ਇਸਲਾਮੀ ਮੁਸਲਮ ਆਗੂ ਵੀ ਨਹੀਂ ਕਿਹਾ ਜਾ ਸਕਦਾ। ਮੁਹੰਮਦ ਅਲੀ ਜਿਨਾਹ ਦੇ ਆਪਣੇ ਆਪ ਨੂੰ ਪਾਕਿਸਤਾਨੀ ਨਾਅਰੇ ਨਾਲ ਨੱਥੀ ਕਰ ਲੈਣ ਪਿੱਛੋਂ ਜੇ ਅਜਿਹੇ ਮੁਸਲਮ ਆਗੂਆਂ ਦਾ ਮੁਸਲਮ ਵਸੋਂ ਵਿਚ ਜਨਤਕ ਪ੍ਰਭਾਵ ਨਾ ਰਿਹਾ। ਇਸ ਦੇ ਕਾਰਨ ਕੋਈ ਹੋਰ ਸਨ।
ਅਜੋਕੇ ਹਿੰਦੁਸਤਾਨ ਵਿਚ ਜੇ ਫਿਰਕੂ ਹਾਲਤ ਵਿਗੜੀ ਹੈ ਤਾਂ ਉਹ ਪਾਕਿਸਤਾਨ ਦੇ ਬਨਣ ਨਾਲ ਵਿਗੜੀ ਹੈ ਭਾਵੇਂ ਹਿੰਦੂ ਫਿਰਕੂਪ੍ਰਸਤੀ ਵਧੇਰੇ ਖ਼ਤਰਨਾਕ ਫਿਰਕਾਪ੍ਰਸਤੀ ਹੈ ਪਰ ਮੁਸਲਮ ਫਿਰਕਾਪ੍ਰਸਤੀ ਵੀ ਕਦੇ ਨਿਸਕਿਰਿਆ ਨਹੀਂ ਰਹੀ। ਸਗੋਂ ਇੰਝ ਕਹਿਣਾ ਚਾਹੀਦਾ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਹੋਰ ਵੀ ਜ਼ਹਿਰਲੀ ਹੋ ਗਈ ਹੈ। ਫਿਰਕਾਪ੍ਰਸਤੀ ਦਾ ਇਹ ਵਿਗੜਿਆ ਰੂਪ ਸਾਡੇ ਦੇਸ਼ ਵਿਚ ਅੱਗੇਵਧੂ ਤੇ ਸੋਸ਼ਲਿਸਟ ਮੁੱਖੀ ਲਹਿਰਾਂ ਨੂੰ ਦਰਪੇਸ਼ ਸੱਭ ਤੇ ਖ਼ਤਰਨਾਕ ਸਮੱਸਿਆਵਾਂ ਵਿਚੋਂ ਇਕ ਹੈ। ਇਸ ਵਿਰੁੱਧ ਰਾਜਨੀਤਕ ਤੇ ਜਥੇਬੰਦਕ ਲੜਾਈ ਲੜਨ ਤੋਂ ਇਲਾਵਾ ਇਸ ਨਾਲ ਵਿਚਾਰਧਾਰਕ ਤੌਰ ‘ਤੇ ਨਿਪਟਣ ਲਈ ਵੱਖ ਵੱਖ ਪੱਧਰਾਂ ਉੱਤੇ ਉਪਰਾਲੇ ਕਰਨੇ ਪੈਣਗੇ। ਬੁਨਿਆਦੀ ਸੋਸ਼ਲਿਸਟ ਵਿਚਾਰਧਾਰਾ ਦਾ ਪਰਚਾਰ, ਵਿਗਿਆਨਕ ਰਵੱਈਏ ਦਾ ਪਾਸਾਰ ਤੇ ਧਾਰਮਕ ਸਹਿਨਸ਼ੀਲਤਾ ਦੀ ਪਾਣ-ਇਹ ਤਿੰਨੇ ਗੱਲਾਂ ਨਾਲੋਂ ਨਾਲ ਕਰਨੀਆਂ ਪੈਣਗੀਆਂ। ਇਸ ਖੇਤਰ, ਵਿਚ ਗਾਂਧੀ ਜੀ ਦੇ ਢੰਗਾਂ ਤੇ ਵਿਰਸੇ ਦੀ ਜ਼ਬਰਦਸਤ ਅਹਿਮੀਅਤ ਹੈ।
ਇਸ ਪਰਸੰਗ ਵਿਚ ਇਹ ਜ਼ਿਕਰ ਵੀ ਉਚਿੱਤ ਹੀ ਹੋਵੇਗਾ ਕਿ ਕੇਵਲ ਅਜਿਹੇ ਚਾਰ ਵਿਅਕਤੀ ਹੀ ਹੋਏ ਹਨ ਜਿਨ੍ਹਾਂ ਗਾਂਧੀ ਜੀ ਨੂੰ ਸੱਚਮੁਚ ਸਮਝਿਆ। ਪਹਿਲਾ ਵਿਅਕਤੀ ਸੀ। ਬਿਰਲਾ ਜਿਸਨੇ ਸਾਲਾਂਬੱਧੀ ਗਾਂਧੀ ਜੀ ਦੇ ਪਰਛਾਵੇਂ ਵਿਚ ਰਹਿਕੇ ਅਸਲ ਅਰਥਾਂ ਵਿਚ ਉਸਦਾ ਪੂਰਾ ਲਾਭ ਉਠਾਇਆ। ਦੂਜਾ ਵਿਅਕਤੀ ਸੀ ਨੱਥੂ ਰਾਮ ਗਾਡਸੇ ਜਿਸਨੂੰ ਮਹਿਸੂਸ ਹੋਇਆ ਕਿ ਖਾੜਕੂ ਹਿੰਦੂ ਫਿਰਕਾਪ੍ਰਸਤੀ ਦੇ ਫੈਲਣ ਲਈ ਗਾਂਧੀ ਜੀ ਨੂੰ ਰਾਹ ਵਿਚੋਂ ਹਟਾਉਣਾ ਜ਼ਰੂਰੀ ਹੈ। ਤੀਜਾ ਵਿਅਕਤੀ ਸੀ ਜਵਾਹਰ ਲਾਲ ਨਹਿਰੂ ਜੋ ਜਾਣਦਾ ਸੀ ਕਿ ਮਹਾਤਮਾ ਗਾਂਧੀ ਦੀ ਲੀਡਰਸ਼ਿਪ ਤੋਂ ਬਿਨਾ ਇਕ ਆਧੁਨਿਕ ਤੇ ਆਜ਼ਾਦ ਹਿੰਦੁਸਤਾਨ ਦੇ ਉੱਭਰ ਕੇ ਅੱਗੇ ਆਉਣ ਦੀ ਕੋਈ ਸੰਭਾਵਨਾ ਨਹੀਂ, ਤੇ ਚੌਥਾ ਵਿਅਕਤੀ ਸੀ ਲੈਨਿਨ ਜਿਸਨੇ 1920 ਵਿਚ ਕਮਿਊਨਿਸਟ ਇੰਟਰਨੈਸ਼ਨਲ ਦੀ ਦੂਸਰੀ ਕਾਂਗਰਸ ਸਮੇਂ ਐੱਮ।ਐੱਨ।ਰਾਏ ਦੀ ਤੰਗਨਜ਼ਰੀ ਦਾ ਵਿਰੋਧ ਕੀਤਾ ਤੇ ਕਮਿਉਨਿਸਟਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀ ਆਜ਼ਾਦ ਹਸਤੀ ਤੇ ਤਾਕਤ ਨੂੰ ਪੂਰੀ ਤਰ੍ਹਾਂ ਕਾਇਮ ਰੱਖਦਿਆਂ ਤੇ ਮਜ਼ਬੂਤ ਕਰਦਿਆਂ ਗਾਂਧੀ ਦੀ ਅਗਵਾਈ ਹੇਠਲੀ ਲਹਿਰ ਨਾਲ ਮੁਤਹਿੱਦ ਹੋਣਾ।
ਗਾਂਧੀ ਜੀ ਦੀ ਜ਼ਿੰਦਗੀ ਤੇ ਕੰਮ ਦਾ ਅੰਤਲਾ ਉਸਾਰੂ ਤੇ ਪਰਸੰਗਕ ਪੱਖ ਉਹ ਰਣਨੀਤੀ ਹੈ ਜਿਹੜੀ ਉਹਨਾਂ ਸਾਮਰਾਜ ਵਿਰੋਧੀ ਸੰਘਰਸ਼ ਲਈ ਤੇ ਬਰਤਾਨਵੀ ਬਸਤੀਵਾਦੀ ਰਾਜ ਨੂੰ ਉਲਟਾਉਣ ਲਈ ਵਿਕਸਤ ਕੀਤੀ। ਇਸ ਤੱਥ ਨੂੰ ਬਹੁਤ ਉਛਾਲਿਆ ਜਾਂਦਾ ਹੈ ਕਿ ਉਹ ਲਹਿਰ ਨੂੰ ਬੜੇ ਨਾਜ਼ਕ ਪਲਾਂ ਉੱਤੇ ਵਾਪਸ ਲੈ ਲੈਂਦੇ ਰਹੇ। ਇਸਦਾ ਮਤਲਬ ਇਹ ਲਿਆ ਜਾਂਦਾ ਹੈ ਕਿ ਉਹਨਾਂ ਲੋਕਾਂ ਦੇ ਆਪ ਮੁਹਾਰੇ ਇਨਕਲਾਬੀ ਉਭਾਰ ਨੂੰ ਠੱਲ ਪਾ ਦਿੱਤੀ, ਜਦ ਕਿ ਇਸ ਉਭਾਰ ਨੇ ਉਸਦੀ “ਸੋਧਵਾਦੀ ਅਗਵਾਈ” ਨੂੰ ਤੇ ਉਸ ਵੱਲੋਂ ਸ਼ੁਰੂ ਕੀਤੇ ਗਏ “ਸ਼ਾਂਤੀਵਾਦੀ ਇਨਕਲਾਬ” ਨੂੰ ਪਿੱਛੇ ਛੱਡ ਜਾਣਾ ਸੀ। “ਸ਼ਾਂਤੀਵਾਦੀ ਇਨਕਲਾਬ” ਦੇ ਪੱਦ ਦੀ ਵਰਤੋਂ ਗ੍ਰਾਮਚੀ ਦੇ ਹਵਾਲੇ ਨਾਲ ਕੀਤੀ ਜਾ ਰਹੀ ਹੈ। ਗ੍ਰਾਮਚੀ ਨੇ ਗਾਂਧੀ ਜੀ ਦੇ ਸੰਬੰਧ ਵਿਚ ਇਸ ਪਦਾਵਲੀ ਦਾ ਜ਼ਿਕਰ ਆਪਣੀ ਲਿਖਤ “ਬੰਦੀਖ਼ਾਨੇ ਦੀਆਂ ਨੋਟਬੁਕਸ, ਵਿਚ ਦੋ ਵਾਰ ਕੀਤਾ ਸੀ।
‘ਤੇਜ਼ ਖਿਆਲ’ ਨੁਕਤਾਚੀਨ ਇਸ ਗੱਲ ਨੂੰ ਕਦੇ ਵੀ ਸੰਤੋਖਜਨਕ ਢੰਗ ਨਾਲ ਬਿਆਨ ਨਹੀਂ ਕਰ ਸਕੇ ਕਿ ਆਖਰ ਕੀ ਕਾਰਨ ਸੀ ਕਿ ਲੋਕ ਸੰਘਰਸ਼ ਨੂੰ ਉਭਾਰ ਵਿਚ ਆਉਣ ਲਈ ਗਾਂਧੀ ਜੀ ਦੀ ਅਗਵਾਈ ਦੀ ਉਡੀਕ ਰਹੀ ਅਤੇ ਕਿਉਂ ਅਜਿਹਾ ਹੋਇਆ ਕਿ ਸਿਵਾਏ 1945-46 ਦੇ ਸੰਖੇਪ ਜਿਹੇ ਵਕਫ਼ੇ ਦੇ ਅਜਿਹਾ ਕੋਈ ਸਮਾਂ ਨਹੀਂ ਸੀ ਜਦੋਂ ਗਾਂਧੀ ਨੇ ਇਸ ਸੰਘਰਸ਼ ਨੂੰ ਵਾਪਸ ਲੈਣ ਦਾ ਆਦੇਸ਼ ਦਿੱਤਾ ਹੋਵੇ ਪਰ ਇਹ ਫੇਰ ਵੀ ਜਾਰੀ ਰਿਹਾ ਹੋਵੇ। ਕੀ ਕਾਰਨ ਹੈ ਕਿ ਗਾਂਧੀ ਦੀ ਦੀ ਕਥਿੱਤ ‘ਗ਼ਦਰੀ’ ਉਹਨਾਂ ਦੇ ਜਨਤਕ ਪ੍ਰਭਾਵ ਨੂੰ ਘਟਾਉਣ ਦਾ ਕਾਰਨ ਨਾ ਬਣੀ। ਇਹ ਕਿਵੇਂ ਹੋਇਆ ਕਿ ਵਧੇਰੇ ਇਨਕਲਾਬੀ ਅੰਸ਼ ਤਿੰਨ ਦਹਾਕਿਆਂ ਦੇ ਲੰਮੇ ਸਮੇਂ ਵਿਚ ਉਹਨਾਂ ਵਿਰੁੱਧ ਬੇਪਰਤੀਤੀ ਪੈਦਾ ਨਾ ਕਰ ਸਕੇ ਤੇ ਸੰਘਰਸ਼ ਦੀ ਅਗਵਾਈ ਆਪਣੇ ਹੱਥਾਂ ਵਿਚ ਨਾ ਲੈ ਸਕੇ। 20ਵੀਂ ਸਦੀ ਵਿਚ ਤਿੰਨ ਦਹਾਕਿਆਂ ਦੇ ਸਮੇਂ ਨੂੰ ਐਨੀ ਛੋਟੀ ਇਤਹਾਸਕ ਅਵਧੀ ਵੀ ਨਹੀਂ ਆਖਿਆ ਜਾ ਸਕਦਾ।
ਗਾਂਧੀ ਜੀ ਦੀ ਰਣਨੀਤੀ ਨੂੰ ਸਮਝਣ ਵਿਚ ਜਿਹੜੀ ਗੱਲ ਹੋਰ ਵੀ ਸਹਾਈ ਹੋ ਸਕਦੀ ਹੈ ਉਹ ਹੈ ਗ੍ਰਾਮਚੀ ਦਾ ਵਿਸਤਰਤ ਵਿਸ਼ਲੇਸ਼ਨ ਜਿਹੜਾ ਉਹਨਾਂ ਆਪਣੀ ਪੁਸਤਕ “ਪ੍ਰਿਜ਼ਨ ਨੋਟਬਕਸ” ਵਿਚ ਕੀਤਾ; “ਇਸ ਤਰ੍ਹਾਂ ਅੰਗਰੇਜ਼ਾਂ ਦੇ ਖਿਲਾਫ਼ ਸੰਘਰਸ਼ ਲੜਾਈ ਦੇ ਤਿੰਨ ਰੂਪਾਂ ਵਿਚ ਸਾਹਮਣੇ ਆਇਆ। ਇਹ ਸੀ: ਗਤੀਵਿਧੀ ਦੀ ਲੜਾਈ, ਪੈਂਤੜੇ ਦੀ ਲੜਾਈ, ਤੇ ਜ਼ਮੀਨਦੋਜ਼ ਲੜਾਈ। ਗਾਂਧੀ ਜੀ ਦਾ ਸ਼ਾਂਤੀਵਾਦੀ ਸਤਿਆਗ੍ਰਹਿ ਪੈਂਤੜੇ ਦੀ ਲੜਾਈ ਸੀ। ਇਹ ਲੜਾਈ ਕਦੇ ਗਤੀਵਿਧੀ ਦੀ ਲੜਾਈ ਬਣ ਜਾਂਦੀ ਸੀ ਅਤੇ ਕਦੇ ਜ਼ਮੀਨਦੋਜ਼ ਲੜਾਈ। ਬਾਈਕਾਟ ਪੈਂਤੜੇ ਦੀ ਲੜਾਈ ਆਖੀ ਜਾ ਸਕਦੀ ਹੈ ਜਦਕਿ ਕਈ ਪੜਾਵਾਂ ਉੱਤੇ ਹੜਤਾਲਾਂ ਗਤੀਵਿਧੀ ਦੀ ਲੜਾਈ ਬਣ ਜਾਂਦੀਆਂ ਹਨ ਅਤੇ ਹਥਿਆਰ ਤੇ ਲੜਾਕੇ ਦਸਤਿਆਂ ਦੀ ਖੁਫ਼ੀਆ ਤਿਆਰੀ ਜ਼ਮੀਨਦੋਜ਼ ਸੰਗਰਾਮ ਨਾਲ ਸੰਬੰਧ ਰੱਖਦੀ ਹੈ। ਛਾਪਾਮਾਰ ਦਾਅਪੇਚ ਵੀ ਜ਼ਮੀਨਦੋਜ਼ ਸੰਗਰਾਮ ਦਾ ਹੀ ਹਿੱਸਾ ਹਨ।”
ਗਾਂਧੀ ਜੀ ਦੇ ਖੱਬੇਪੱਖੀ ਤੇ ਮਾਰਕਸਵਾਦੀ ਆਲੋਚਕ ਬਹੁਤੀ ਵਾਰ ਇਹੀ ਗੱਲ ਦੁਹਰਾਉਂਦੇ ਹਨ ਕਿ ਉਹਨਾਂ ਜਨਤਕ ਲਹਿਰ ਨੂੰ ਖਾਸ ਹੱਦਾਂ ਤੋਂ ਅੱਗੇ ਨਾ ਜਾਣ ਦਿੱਤਾ। ਇਹ ਗੱਲ ਠੀਕ ਹੈ। ਇਸਤੋਂ ਇਲਾਵਾ ਜਨਤਾ ਪ੍ਰਤੀ ਗਾਂਧੀ ਜੀ ਦੀ ਪਹੁੰਚ ਦਾ ਇਕ ਹੋਰ ਜੁੜਵਾਂ ਪੱਖ ਵੀ ਸੀ। ਅਤੇ ਜਿਸ ਤਰ੍ਹਾਂ ਉਹਨਾਂ ਆਪ ਹੀ ਇਸਨੂੰ ਬੜੇ ਕਰੁਣਾਮਈ ਤੇ ਕਾਵਿਕ ਅੰਦਾਜ਼ ਨਾਲ ਬਿਆਨ ਕੀਤਾ -ਉਹਨਾਂ ਦਾ ਇਹ ਜੁੜਵਾਂ ਪੱਖ ਸੀ ਕਿ ਉਹ ਹਰ ਅੱਖ ਦਾ ਹਰ ਹੰਝੂ ਪੂੰਝਣ ਦੀ ਆਕਾਂਖਿਆ ਰੱਖਦੇ ਸਨ। ਇਸ ਸਿੱਕੇ ਦਾ ਦੂਸਰਾ ਪਾਸਾ ਇਹ ਸੀ ਹੰਝੂ ਪੂੰਝਣ ਦਾ ਕੰਮ ਉਹ ਆਪਣੇ ਤੱਕ ਸੀਮਤ ਰੱਖਣਾ ਚਾਹੁੰਦੇ ਸਨ। ਉਹਨਾਂ ਹਮੇਸ਼ਾ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਕਾਂਗਰਸ, ਜਿਸਦੀ ਅਗਵਾਈ ਉਹ ਆਪ ਕਰਦੇ ਸਨ, ਨੂੰ ਕਰੋੜਾਂ ਬੇਜ਼ੁਬਾਨ ਲੋਕਾਂ ਦੀ ਜ਼ੁਬਾਨ ਬਨਣਾ ਚਾਹੀਦਾ ਹੈ -ਇਹ ਨਹੀਂ ਕਿ ਕਰੋੜਾਂ ਬੇਜ਼ੁਬਾਨ ਲੋਕਾਂ ਨੂੰ ਆਪਣੀ ਬੇਬਸੀ ਛੱਡਕੇ ਆਪਣੀ ਆਵਾਜ਼ ਆਪ ਉਠਾਉਣੀ ਚਾਹੀਦੀ ਹੈ।
ਨਿਰਸੰਦੇਹ, ਸੱਭ ਕੁਝ ਕਹਿਣ ਤੇ ਕਰਨ ਤੋਂ ਬਾਅਦ ਵੀ ਗਾਂਧੀ ਜੀ ਬਾਰੇ ਇਹ ਵਰਨਣਯੋਗ ਤੱਥ ਕਾਇਮ ਰਹਿੰਦਾ ਹੈ ਕਿ ਸਾਡੀ ਲੰਮੀ ਤੇ ਸ਼ਾਨਦਾਰ ਤਾਰੀਖ ਵਿਚ ਜਨਤਾ ਨੂੰ ਜਗਾਉਣ ਵਾਲਾ ਜੇ ਕੋਈ ਸਭ ਤੇ ਮਹਾਨ ਆਗੂ ਹੋਇਆ, ਉਹ ਮਹਾਤਮਾ ਗਾਂਧੀ ਹੀ ਸੀ ਤੇ ਰਹੇਗਾ। ਗਾਂਧੀ ਜੀ ਤੋਂ ਇਲਾਵਾ ਹੋਰ ਕਿਸੇ ਆਗੂ ਦੇ ਸੱਦੇ ਉਤੇ ਲੱਖਾਂ ਕਰੋੜਾਂ ਹਿੰਦੁਸਤਾਨੀ ਕਿਸੇ ਨਾ ਕਿਸੇ ਰੂਪ ਵਿਚ ਜਨਤਕ ਲਹਿਰ ਵਿਚ ਸ਼ਾਮਲ ਨਹੀਂ ਸਨ ਹੋਏ । ਸੱਚਮੁਚ ਅਧੁਨਿਕ, ਤੇਜ਼ ਖਿਆਲ ਤੇ ਇਨਕਲਾਬੀ ਲਹਿਰ ਉਦੋਂ ਹੋਂਦ ਵਿਚ ਆਈ ਜਦੋਂ ਉਹਨਾਂ ਦੀ ਪਹਿਲੀ ਸ਼ਕਤੀਸ਼ਾਲੀ ਪਰੇਰਨਾ ਨੇ ਲੱਖਾਂ ਕਰੋੜਾਂ ਲੋਕਾਂ ਨੂੰ ਹਲੂਣਾ ਦਿੱਤਾ, ਇਹ ਠੀਕ ਹੈ ਕਿ ਇਹ ਲਹਿਰਾਂ ਐਕਸ਼ਨ ਦਾ ਉਹੋ ਜਿਹਾ ਕੌਮ-ਵਿਆਪੀ ਰੂਪ ਧਾਰਨ ਨਾ ਕਰ ਸਕੀਆਂ, ਜਿਹੜਾ ਹੋਣਾ ਚਾਹੀਦਾ ਸੀ। ਇਥੋਂ ਤੱਕ ਕਿ ਆਪਮੁਹਾਰੇ ਜਨਤਕ ਉਭਾਰ ਨੇ ਵੀ ਵਰਨਣਯੋਗ ਵਿਸ਼ਾਲਤਾ ਕੇਵਲ 1945-46 ਵਿਚ ਹੀ ਅਖਤਿਆਰ ਕੀਤੀ, ਇਸਤੋਂ ਪਹਿਲਾਂ ਅਜਿਹਾ ਉਭਾਰ ਘੱਟ ਹੀ ਦੇਖਣ ਵਿਚ ਆਇਆ। ਜਿਥੋਂ ਤੱਕ ਮਹਾਤਮਾ ਗਾਂਧੀ ਦੀਆਂ ਅਸਫ਼ਲਤਾਵਾਂ ਦਾ ਸੰਬੰਧ ਹੈ, ਉਹਨਾਂ ਇਹਨਾਂ ਦਾ ਇਕਬਾਲ ਕੀਤਾ। ਪਰ ਖੱਬੇ ਪੱਖ ਤੇ ਉਸਦੀਆਂ ਊਣਤਾਈਆਂ ਬਾਰੇ ਕੀ ਕਿਹਾ ਜਾਏ? ਇਸ ਵਿਚ ਕੋਈ ਸ਼ੱਕ ਨਹੀਂ ਕਿ ਪਹਿਲੀ ਸੰਸਾਰ ਜੰਗ ਤੋਂ ਬਾਅਦ ਦੇ ਦੋ ਹੰਗਾਮਾਖੇਜ਼ ਦਹਾਕਿਆਂ ਦੇ ਦੌਰਾਨ ਤੇ ਇਸ ਪਿਛੋਂ 1947-49 ਦੇ ਸਾਲਾਂ ਤੱਕ ਸਾਰੇ ਏਸ਼ੀਆ ਵਿਚ ਮਹਾਤਮਾ ਗਾਂਧੀ ਦੇ ਬਰਾਬਰ ਦਾ ਕੋਈ ਹੋਰ ਆਗੂ ਸਰਵਉੱਚ ਆਗੂ ਹੋਇਆ ਤਾਂ ਉਹ ਮਾਓ ਜ਼ੇ ਤੁੰਗ ਹੀ ਸੀ।
ਜੇ ਮਹਾਤਮਾ ਗਾਂਧੀ ਸਰਵਉੱਚ ਆਗੂ ਬਣੇ ਅਤੇ ਉਹਨਾਂ ਆਪਣੀ ਇਸ ਸਰਵਉੱਚਤਾ ਨੂੰ ਕਾਇਮ ਰੱਖਿਆ ਤਾਂ ਇਸ ਵਿਚ ਵੱਡਾ ਹੱਥ ਉਹਨਾਂ ਦੀ ਆਪਣੀ ਅਣਥੱਕ ਮਿਹਨਤ ਦਾ ਸੀ। ਜਿਸ ਤਰ੍ਹਾਂ ਵਿਲੀਅਮ ਬਲੇਕ ਨੇ ਬਹੁਤ ਚਿਰ ਪਹਿਲਾਂ ਲਿਖਿਆ ਸੀ- ਊਰਜਾ ਸਦੀਵੀ ਖੁਸ਼ੀ ਹੈ। ਪਰ ਇਹ ਨਿਰੀ ਉਹਨਾਂ ਦੇ ਸਖਸ਼ੀ ਕਮਾਲ ਜਾਂ ਕ੍ਰਿਸ਼ਮੇ ਦਾ ਸਿੱਟਾ ਨਹੀਂ ਸੀ। ਉਂਝ ਵੀ ਕ੍ਰਿਸ਼ਮਾ ਆਪਣੇ ਆਪ ਵਿਚ ਕੋਈ ਬਹੁਤਾ ਅਰਥ ਨਹੀਂ ਰੱਖਦਾ। ਜੇ ਉਹਨਾਂ ਨੂੰ ਸਰਵਉੱਚਤਾ ਦਾ ਲਾਸਾਨੀ ਅਸਥਾਨ ਹਾਸਲ ਹੋਇਆ ਇਸ ਵਿਚ ਤਿੰਨ ਗੱਲਾਂ ਦਾ ਸੁਮੇਲ ਸ਼ਾਮਲ ਸੀ। ਉਹਨਾਂ ਬਰਤਾਨਵੀ ਬਸਤੀਵਾਦੀ ਪ੍ਰਬੰਧ ਦੇ ਮੁਕਾਬਲੇ ਉੱਤੇ ਅਜਿਹਾ ਮੁਕੰਮਲ ਬਦਲ ਪੇਸ਼ ਕੀਤਾ ਜਿਸਨੂੰ ਲੋਕ ਸਮਝ ਸਕਦੇ ਸਨ ਤੇ ਚਾਹੁੰਦੇ ਸਨ। ਉਹਨਾਂ ਇਕ ਅਜਿਹੀ ਜਥੇਬੰਦੀ -ਇੰਡੀਅਨ ਨੈਸ਼ਨਲ ਕਾਂਗਰਸ- ਉਸਾਰੀ ਜਿਸਦੇ ਅੰਦਰ ਲੋੜਾਂ ਦਾ ਅਨੁਸ਼ਾਸ਼ਨ ਵੀ ਸੀ ਪਰ ਜਿਹੜੀ ਨਾਲੋ ਨਾਲ ਜਨਤਕ ਲਹਿਰ ਵੀ ਬਣੀ ਰਹੀ। ਜਿਸ ਇਕ ਹੋਰ ਗੱਲ ਵਿਚ ਉਹ ਸਫ਼ਲ ਰਹੇ ਉਹ ਇਹ ਸੀ ਕਿ ਉਹਨਾਂ ਨਿਰੰਤਰ ਉੱਭਰ ਰਹੀਆਂ ਲਹਿਰਾਂ ਤੇ “ਸ਼ਾਂਤੀ ਵੇਲੇ” ਦੀਆਂ ਸਰਗਰਮੀਆਂ ਦੇ ਸੁਮੇਲ ਰਾਹੀਂ ਲੋਕਾਂ ਨਾਲ ਨਾਤਾ ਕਾਇਮ ਰੱਖਿਆ “ਸ਼ਾਂਤੀ ਵੇਲੇ” ਦੀਆਂ ਸਰਗਰਮੀਆਂ, ਜਿਨ੍ਹਾਂ ਨੂੰ ਉਹ ਉਸਾਰੂ ਸਰਗਰਮੀਆਂ ਕਹਿੰਦੇ ਸਨ, ਵਿਚ ਚਰਖਾ ਤੇ ਖਾਦੀ, ਸਵੈ-ਸਾਵੀਦਤ ਤੇ ਸਹਿਕਾਰਤਾ ਰਾਹੀਂ ਪਿੰਡਾਂ ਦੀ ਉੱਨਤੀ ਦੇ ਕੰਮ ਸ਼ਾਮਲ ਸਨ। ਪਰ ਇਹ ਕੰਮ ਨਿਰੇ ਉਤਪਾਦਨ ਖੇਤਰ ਤੱਕ ਹੀ ਸੀਮਤ ਨਹੀਂ ਸਨ ਸਗੋਂ ਸਿਹਤ ਸਫ਼ਾਈ, ਪੀਣ ਵਾਲੇ ਪਾਣੀ ਤੇ ਸਮਾਜੀ ਸੁਧਾਰਾਂ ਨਾਲ ਵੀ ਸੰਬੰਧ ਰੱਖਦੇ ਸਨ। ਇਹ ਲਗਾਤਾਰ ਸਰਗਰਮੀ ਕਾਂਗਰਸ ਨੂੰ ਨਾ ਕੇਵਲ ਕੰਮ ਲਾਈ ਰੱਖਦੀ ਸੀ ਤੇ ਲੋਕਾਂ ਦੇ ਨੇੜੇ ਹੋਣ ਵਿਚ ਮੱਦਦ ਕਰਦੀ ਸੀ ਸਗੋਂ ਅੰਗਰੇਜ਼ ਰਾਜ, ਖੱਬੇਪੱਖ ਅਤੇ ਜਦੋਜਹਿਦ ਕਈ ਨਿਰੋਲ ਕਾਨੂੰਨੀ ਢੰਗਾਂ ਤੋਂ ਵਰਤੋਂ ਕਰਨ ਦੇ ਹਾਮੀਆਂ ਦੇ ਮੁਕਾਬਲੇ ਉੱਤੇ ਇਕ ਠੋਸ ਬਦਲ ਵੀ ਪੇਸ਼ ਕਰਦੀ ਸੀ, ਇਸਦੀ ਮੱਦਦ ਨਾਲ ਅਜਿਹੇ ਅਣਗਿਣਤ ਕਾਰਕੁਨ ਵੀ ਪੈਦਾ ਹੋ ਰਹੇ ਸਨ, ਜਿਹੜੇ ਆਮ ਲੋਕਾਂ ਦਾ ਹੀ ਹਿੱਸਾ ਸਨ ਅਤੇ ਜਿਨ੍ਹਾਂ ਨੂੰ ਪਤਾ ਸੀ ਕਿ ਜਨਤਾ ਨੂੰ ਜਥੇਬੰਦ ਕਿਵੇਂ ਕਰਨਾ ਹੈ।
ਅੰਤ ਵਿਚ ਉਹਨਾਂ ਸਾਂਝੇ ਮੁਹਾਜ਼ ਦਾ ਵਿਚਾਰ ਵੀ ਸਾਹਮਣੇ ਲਿਆਂਦਾ। ਉਹ ਸਰਮਾਏਦਾਰਾਂ, ਜਾਗੀਰਦਾਰਾਂ ਤੇ ਇਥੋਂ ਤੱਕ ਕਿ ਰਜਵਾੜਿਆਂ ਨੂੰ ਵੀ ਅਜਿਹੇ ਮੁਹਾਜ਼ ਤੋਂ ਬਾਹਰ ਨਹੀਂ ਸਨ ਰੱਖਦੇ। ਉਹ ਰਾਜਿਆਂ ਦੇ ਖਾਤਮੇ ਦਾ ਵੀ ਵਿਰੋਧ ਕਰਦੇ ਸਨ। ਉਹਨਾਂ ਦੀ ਦਲੀਲ ਸੀ ਕਿ ਵਿਸ਼ਾਲ ਤੋਂ ਵਿਸ਼ਾਲ ਸਾਮਰਾਜ ਵਿਰੋਧੀ ਸੰਘਰਸ਼ ਲਈ ਇਹ ਜ਼ਰੂਰੀ ਹੈ। ਤਾਂ ਵੀ ਅਜਿਹੇ ਮੁਹਾਜ਼ ਦੀ ਸਥਾਪਨਾ ਸਮੇਂ ਇਸ ਗੱਲ ਨੂੰ ਵੀ ਧਿਆਨ ਵਿਚ ਰੱਖਿਆ ਗਿਆ ਕਿ ਮਿਹਤਕਸ਼ ਲੋਕਾਂ ਅਤੇ ਆਮ ਗਰੀਬਾਂ ਲਈ ਅਜਿਹੇ ਪ੍ਰੋਗਰਾਮ ਤੇ ਉਦੇਸ਼ ਵੀ ਉਲੀਕੇ ਜਾਣ ਜਿਹੜੇ ਇਹਨਾਂ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਨਾਉਣ ਅਤੇ ਤੇ ਇਹਨਾਂ ਨੂੰ ਤੁਰੰਤ ਰਾਹਤ ਵੀ ਪਹੁੰਚਾਉਣ। ਮਹਾਤਮਾ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਨੇ ਆਮ ਲੋਕਾਂ ਦੇ ਸੰਬੰਧ ਵਿਚ ਇਹੀ ਰਣਨੀਤੀ ਅਪਣਾਈ ਭਾਵੇਂ ਇਹ ਸਰਮਾਏਦਾਰ ਸ਼੍ਰੇਣੀ ਸੀ ਜਿਸਨੂੰ ਉਹਨਾਂ ਦੀ ਅਗਵਾਈ ਹੇਠਲੀ ਕਾਂਗਰਸ ਹੱਥੋਂ ਨਾ ਸਿਰਫ਼ ਬਹੁਤ ਜ਼ਿਆਦਾ ਲਾਭ ਹੋਇਆ ਸਗੋਂ ਰਾਜਸੀ ਸੱਤਾ ਵਿਚ ਵੀ ਇਸਦੀ ਭਾਈਵਾਲੀ ਪੈ ਗਈ। ਤਾਂ ਵੀ ਇਹ ਕਹਿਣਾ ਦਰੁਸਤ ਨਹੀਂ ਹੋਵੇਗਾ ਕਿ ਸਾਰਾ ਲਾਭ ਸਰਮਾਏਦਾਰ ਸ਼੍ਰੇਣੀ ਨੂੰ ਹੀ ਪਹੁੰਚਾ। ਆਮ ਲੋਕਾਂ ਤੇ ਸਮੁੱਚੇ ਰੂਪ ਵਿਚ ਪੂਰੀ ਕੌਮ ਨੂੰ ਵੀ ਪ੍ਰਾਪਤੀ ਹੋਈ। ਇਹ ਪ੍ਰਾਪਤੀ ਕਿਸੇ ਹੱਦ ਤੱਕ ਪਦਾਰਥਕ ਅਰਥ ਵੀ ਰੱਖਦੀ ਸੀ ਪਰ ਇਸਨੇ ਵਧੇਰੇ ਕਰਕੇ ਚੇਤਨਾ, ਗੌਰਵ ਤੇ ਕੌਮੀ ਸਵੈ-ਆਦਰ ਪਰਦਾਨ ਕੀਤਾ।
ਮਹਾਤਮਾ ਗਾਂਧੀ ਲਈ ਆਪਣੇ ਲੀਡਰਸ਼ਿਪ ਲਈ ਕਿਸੇ ਕਿਸਮ ਦਾ ਚੈਲਿੰਜ ਗਵਾਰਾ ਨਹੀਂ ਸੀ, ਜਿਥੋਂ ਤੱਕ ਕਮਿਉਨਿਸਟਾਂ ਦਾ ਸੰਬੰਧ ਹੈ, ਉਹਨਾਂ ਵੱਲੋਂ ਤਾਂ ਉੱਕਾ ਹੀ ਨਹੀਂ। ਪਰ ਇਸਦੇ ਨਾਲ ਨਾਲ ਉਹ ਕਮਿਉਨਿਸਟਾਂ ਦੀ ਮਿਲਵਰਤਣ ਵੀ ਚਾਹੁੰਦੇ ਸਨ। ਇਹ ਗੱਲ ਵੀ ਲਿਖਤ ਵਿਚ ਆ ਚੁੱਕੀ ਹੈ ਕਿ ਜਦੋਂ 1929 ਵਿਚ ਅੰਗਰੇਜ਼ ਹਾਕਮਾਂ ਨੇ ਕਮਿਉਨਿਸਟ ਆਗੂਆਂ ਨੂੰ ਮੇਰਠ ਵਿਚ ਜੇਲ੍ਹਬੰਦ ਕਰ ਦਿੱਤਾ ਸੀ ਤਾਂ ਮਹਾਤਮਾ ਗਾਂਧੀ ਉਹਨਾਂ ਨੂੰ ਜੇਲ੍ਹ ਵਿਚ ਮਿਲਣ ਗਏ ਸਨ। ਉੱਥੇ ਉਹਨਾਂ ਕਿਹਾ ਕਿ ਮੈਂ ਤੁਹਾਡਾ ਸਹਿਯੋਗ ਚਾਹੁੰਦਾ ਹਾਂ ਤੇ ਉਸਦੀ ਕਦਰ ਕਰਦਾ ਹਾਂ। ਐੱਸ਼ਏ ਡਾਂਗੇ ਨੇ ਉਹਨਾਂ ਤੋਂ ਪੁੱਛਿਆ ਸੀ ਕਿ ਜੇ ਜਨਤਕ ਸੰਘਰਸ਼ ਦੇ ਦੌਰਾਨ ਹਿੰਸਾ ਦੀ ਕੋਈ ਇੱਕਾ ਦੁੱਕਾ ਘਟਨਾ ਵਾਪਰ ਜਾਂਦੀ ਹੈ ਤਾਂ ਤੁਸੀਂ ਸੰਘਰਸ਼ ਨੂੰ ਹੀ ਵਾਪਸ ਤਾਂ ਨਹੀਂ ਲੈ ਲਓਗੇ, ਉਂਝ ਹੀ ਜਿਵੇਂ 1922 ਵਿਚ ਚੌਰਾਚੌਰੀ ਸਮੇਂ ਤੁਸਾਂ ਕੀਤਾ ਸੀ ਜਦੋਂ ਭੜਕੀ ਹੋਈ ਭੀੜ ਨੇ ਕੁਝ ਪੁਲਸ ਦੇ ਬੰਦੇ ਜਿਉਂਦੇ ਸਾੜ ਦਿੱਤੇ ਸਨ? ਉਹਨਾਂ ਉਤਰ ਦਿੱਤਾ ਸੀ ਕਿ ਅਜਿਹਾ ਨਹੀਂ ਹੋਵੇਗਾ।
ਕਮਿਉਨਿਸਟ ਆਗੂਆਂ ਵਿਰੁੱਧ ਮੁਕੱਦਮੇ ਦੀ ਪੈਰਵਾਈ ਕਰਨ ਵਾਲਿਆਂ ਵਿਚ ਸਰਕਦਾ ਕਾਂਗਰਸੀ ਆਗੂ ਵੀ ਸ਼ਾਮਲ ਸਨ, ਜਿਨ੍ਹਾਂ ਵਿਚੋਂ ਮੋਤੀ ਲਾਲ ਨਹਿਰੂ ਤੇ ਜਵਾਹਰ ਲਾਲ ਨਹਿਰੂ ਦੇ ਨਾਂਅ ਜ਼ਿਕਰਯੋਗ ਹਨ।ਨਿਰਸੰਦੇਹ ਅੱਜ ਦਾ ਆਜ਼ਾਦ ਹਿੰਦੁਸਤਾਨ ਬਸਤੀਵਾਦੀ ਹਿੰਦੁਸਤਾਨ ਨਾਲੋਂ ਬਹੁਤ ਬਦਲ ਚੁੱਕਾ ਹੈ। ਹਿੰਦੁਸਤਾਨ ਵਿਚ ਕੌਮੀ ਜਮਹੂਰੀ ਇਨਕਲਾਬ ਨੂੰ ਨੇਪਰੇ ਚਾਹੜਨ ਦਾ ਸੰਘਰਸ਼ ਆਜ਼ਾਦੀ ਦੇ ਸੰਘਰਸ਼ ਨਾਲੋਂ ਸਿਫ਼ਤੀ ਤੌਰ ‘ਤੇ ਵਾਪਰੀ ਪੱਧਰ ਉੱਤੇ ਚੱਲ ਰਿਹਾ ਹੈ। ਇਸਦੇ ਲਈ ਵੱਖਰੀ ਸ਼੍ਰੇਣੀ-ਮਜ਼ਦੂਰ ਜਮਾਤ- ਦੀ ਸਰਦਾਰੀ ਦੀ ਲੋੜ ਹੈ ਅਤੇ ਵੱਖ ਵੱਖ ਸ਼੍ਰੇਣੀਆਂ ਦੀ ਕੁਲੀਜ਼ਨ ਦਾ ਸ਼੍ਰੇਣੀ ਸੱਤਾ ਉੱਤੇ ਕਬਜ਼ਾ ਹੀ ਵਰਤਮਾਨ ਚੌਧਰ ਤੇ ਸੱਤਾ ਦਾ ਭੋਗ ਪਾ ਸਕਦਾ ਹੈ। ਇਸਦੇ ਲਈ ਜਿਸ ਪੱਧਰ ਦੀ ਜਨਤਕ ਚੇਤਨਾ ਤੇ ਸ਼ਮੂਲੀਅਤ ਦੀ ਲੋੜ ਹੈ ਉਹ ਵੀ ਵੱਖਰੀ ਕਿਸਮ ਦੀ ਹੋਵੇਗੀ। ਇਹਨਾਂ ਫਰਕਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਨਾ ਹੀ ਗਾਂਧੀਵਾਦ ਦੀ ਇਕਟੱਕ ਨੁਕਤਾਚੀਨੀ ਕੀਤੇ ਅਤੇ ਉਸਦਾ ਪ੍ਰਭਾਵ ਘਟਾਏ ਬਿਨਾ ਕੌਮੀ ਜਮਹੂਰੀ ਇਨਕਲਾਬ ਵੱਲ ਅੱ ਗੇ ਵਧਿਆ ਜਾ ਸਕਦਾ ਹੈ। ਪਰ ਫੇਰ ਵੀ ਗਾਂਧੀਵਾਦ ਦਾ ਨਿਰੋਲ ਨਿਖੇਧ ਵੀ ਨਹੀਂ ਹੋ ਸਕਦਾ।
ਸਾਧੂ ਬਿਨਿੰਗ ਤੇ ਸੁਖਵੰਤ ਹੁੰਦਲ

(ਦਰਸ਼ਨ ਸਿੰਘ ਕਨੇਡੀਅਨ ਬਾਰੇ ਇਹ ਲੇਖ ਕਨੇਡਾ ਦੇ ਪੰਜਾਬੀ ਭਾਈਚਾਰੇ ਦੇ ਇਤਿਹਾਸ ਦੀ ਮਹੱਤਵਪੂਰਨ ਕੜੀ ਹੈ। ਇਸ ਵਿੱਚ ਉਸ ਵਲੋਂ ਪਾਏ ਯੋਗਦਾਨ ਦੇ ਉਹ ਪਹਿਲੂ ਸਾਹਮਣੇ ਲਿਆਂਦੇ ਗਏ ਹਨ ਜੋ ਏਥੋਂ ਦੇ ਇਤਿਹਾਸ ਵਿੱਚ ਉਸ ਦਾ ਅਹਿਮ ਸਥਾਨ ਬਣਾਉਂਦੇ ਹਨ।
ਦਰਸ਼ਨ ਸਿੰਘ ਆਖਰੀ ਵਾਰ 1985 ਵਿੱਚ ਕਨੇਡਾ ਆਏ ਸਨ। ਉਸ ਸਮੇਂ ਡਾਕਟਰ ਹਰੀ ਸ਼ਰਮਾ, ਸਾਧੂ ਬਿਨਿੰਗ, ਸੁਖਵੰਤ ਹੁੰਦਲ ਤੇ ਮੱਖਣ ਟੁੱਟ ਨੇ ਉਨ੍ਹਾਂ ਨਾਲ 18 ਘੰਟੇ ਦੀ ਗੱਲਬਾਤ ਟੇਪ ਕੀਤੀ ਸੀ। ਇਸ ਲੇਖ ਵਿਚਲੀ ਬਹੁਤੀ ਜਾਣਕਾਰੀ ਉਸ ਮੁਲਾਕਾਤ ਉੱਤੇ ਆਧਾਰਤ ਹੈ। ਇਸ ਤੋਂ ਬਿਨਾਂ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿੱਚ ਸਾਂਭੀਆਂ ਪੁਰਾਣੀਆਂ ਅਖਬਾਰਾਂ ਅਤੇ ਤਸਵੀਰਾਂ ਤੋਂ ਕਾਫੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੋਈ ਹੈ। ਇੰਟਰਨੈਸ਼ਨਲ ਵੁੱਡਵਰਕਰਜ਼ ਆਫ ਅਮਰੀਕਾ (ਆਈ ਡਬਲਯੂ ਏ) ਦੇ ਪੇਪਰਾਂ ਅਤੇ ਫਾਈਲਾਂ ਵਿੱਚੋਂ ਵੀ ਕਾਫੀ ਸਹਾਇਤਾ ਮਿਲ਼ੀ। ਇਨ੍ਹਾਂ ਸੋਮਿਆਂ ਤੋਂ ਮਿਲ਼ੀ ਜਾਣਕਾਰੀ ਵਿੱਚ ਅਤੇ ਉਨ੍ਹਾਂ ਉੱਤੇ ਆਧਾਰਤ ਇਸ ਲੇਖ ਵਿੱਚ ਕਾਫੀ ਕੁਝ ਇਹੋ ਜਿਹਾ ਹੈ ਜਿਹੜਾ ਪਹਿਲਾਂ ਪੰਜਾਬੀ ਵਿੱਚ ਉਪਲੱਬਧ ਨਹੀਂ ਸੀ।
ਪਰ ਜਿਹੜੀ ਗੱਲ ਇਸ ਲਿਖਤ ਨੂੰ ਸੱਭ ਤੋਂ ਵੱਧ ਅਹਿਮੀਅਤ ਦਿੰਦੀ ਹੈ ਉਹ ਹੈ ਇਸ ਲੇਖ ਵਾਸਤੇ ਕੀਤੀ ਦਰਸ਼ਨ ਸਿੰਘ ਦੇ ਕੁਝ ਉਨ੍ਹਾਂ ਸਾਥੀਆਂ ਨਾਲ ਗੱਲਬਾਤ ਜੋ ਉਸਦੇ ਨਾਲ ਕੰਮ ਕਰਦੇ ਰਹੇ ਹਨ ਅਤੇ ਜਿਨ੍ਹਾਂ ਦੇ ਮਨਾਂ ਵਿੱਚ ਉਸ ਵਾਸਤੇ ਅਥਾਹ ਸਤਿਕਾਰ ਤੇ ਮੋਹ ਹੈ। ਇਨ੍ਹਾਂ ਵਿੱਚੋਂ ਵਿਸ਼ੇਸ਼ ਹਨ: ਮੌਰਿਸ ਰੱਸ਼, ਏਮੀਲ ਬਿਓਰਨਸਨ, ਮੋਨਾ ਮੋਰਗਨ, ਕਰੇਗ ਪਰਿਚਟ, ਕੁਲਦੀਪ ਬੈਂਸ, ਹੈਰੀ ਰੈਂਕਿਨ ਤੇ ਰੋਆਇ ਮਾਹ। ਆਈ ਡਬਲਯੂ ਏ ਦੇ ਮੌਜੂਦਾ ਸਮੇਂ ਦੇ ਕਾਰਕੁਨਾਂ ਵਲੋਂ, ਖਾਸ ਕਰ ਕਲੇਅ ਪੈਰੀ ਵਲੋਂ ਵੀ ਦਰਸ਼ਨ ਸਿੰਘ ਦੇ ਜੀਵਨ ਨਾਲ ਸਬੰਧਤ ਕਾਫੀ ਜਾਣਕਾਰੀ ਪ੍ਰਾਪਤ ਹੋਈ।
ਇਹ ਲੇਖ ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ ਵਲੋਂ ਸੰਨ 200 ਵਿੱਚ ਲਿਖੀ ਕਿਤਾਬ "ਸੰਘਰਸ਼ ਦੇ ਸੌ ਵਰ੍ਹੇ: ਕਨੇਡਾ ਵਿੱਚ ਪੰਜਾਬੀ ਪ੍ਰਗਤੀਸ਼ੀਲ ਲਹਿਰ" ਦੇ ਹਿੱਸੇ ਵੱਜੋਂ ਲਿਖਿਆ ਗਿਆ ਹੈ। ਇਸ ਵਿੱਚ ਪੇਸ਼ ਜਾਣਕਾਰੀ ਦਰਸ਼ਨ ਸਿੰਘ ਦੇ ਕਨੇਡਾ ਵਿੱਚ ਹੁੰਦਿਆਂ ਪਾਏ ਯੋਗਦਾਨ ਦੀ ਪੂਰੀ ਤਸਵੀਰ ਪੇਸ਼ ਨਹੀਂ ਕਰਦੀ। ਕਨੇਡਾ ਵਿੱਚ ਉਸਦੇ ਦਸ ਵਰ੍ਹੇ ਦਾ ਜੀਵਨ ਆਪਣੇ ਆਪ ਵਿੱਚ ਵੱਖਰੀ ਕਿਤਾਬ ਦੀ ਮੰਗ ਕਰਦਾ ਹੈ।)
ਕਨੇਡਾ ਦੀ ਪੰਜਾਬੀ/ਭਾਰਤੀ ਕਮਿਊਨਿਟੀ ਵਿੱਚ 1920 ਤੋਂ 1940 ਵਿਚਕਾਰ ਵੱਡੀ ਪੱਧਰ ਦੀਆਂ ਅਜਿਹੀਆਂ ਸਰਗਰਮੀਆਂ ਨਹੀਂ ਹੋਈਆਂ ਜਿਨ੍ਹਾਂ ਨੇ ਕਮਿਊਨਿਟੀ ਉੱਪਰ ਕੋਈ ਸਦੀਵੀ ਛਾਪ ਛੱਡੀ ਹੋਵੇ। ਇਸਦਾ ਇੱਕ ਕਾਰਨ ਪੱਛਮੀ ਮੁਲਕਾਂ, ਤੇ ਖਾਸ ਕਰ ਉੱਤਰੀ ਅਮਰੀਕਾ ਵਿੱਚ 1929 ਵਿੱਚ ਪਿਆ ਵਿਸ਼ਾਲ ਆਰਥਿਕ ਮੰਦਵਾੜਾ (ਡਿਪਰੈਸ਼ਨ) ਵੀ ਸੀ। ਚੌਥੇ ਦਹਾਕੇ (1930-1940) ਦੇ ਪਹਿਲੇ ਕੁਝ ਸਾਲਾਂ ਦੌਰਾਨ ਏਥੇ ਨੌਕਰੀਆਂ ਦੀ ਅਣਹੋਂਦ ਕਾਰਨ ਕਾਫੀ ਪੰਜਾਬੀ ਵਾਪਸ ਦੇਸ਼ ਚਲੇ ਗਏ ਸਨ।
ਪਰ 1940ਵਿਆਂ ਦੌਰਾਨ ਦਰਸ਼ਨ ਸਿੰਘ ਕਨੇਡੀਅਨ ਨੇ ਬੀ ਸੀ ਦੀ ਮਜ਼ਦਰੂ ਲਹਿਰ ਅਤੇ ਕਮਿਊਨਿਸਟ ਲਹਿਰ ਵਿੱਚ ਬਹੁਤ ਹੀ ਨਿੱਗਰ ਅਤੇ ਪ੍ਰਭਾਵਸ਼ਾਲੀ ਕੰਮ ਕੀਤਾ। ਉਸਦੇ ਕੰਮ ਦਾ ਕਨੇਡਾ ਦੀ ਖੱਬੀ ਧਿਰ ਦੀਆਂ ਸਰਗਰਮੀਆਂ ਅਤੇ ਪੰਜਾਬੀ ਕਮਿਊਨਿਟੀ ਦੀਆਂ ਸਮੁੱਚੀਆਂ ਸਰਗਰਮੀਆਂ ਵਿੱਚ ਇੱਕ ਅਹਿਮ ਥਾਂ ਬਣਦਾ ਹੈ। ਉਸਦੇ ਕੰਮ ਨੇ ਇੱਕ ਪਾਸੇ ਏਥੇ ਵਸਦੇ ਪੰਜਾਬੀਆਂ ਦੇ ਜੀਵਨ ਦੀਆਂ ਹਾਲਤਾਂ ਨੂੰ ਸੁਧਾਰਨ ਲਈ ਯੋਗਦਾਨ ਪਾਇਆ ਦੂਜੇ ਪਾਸੇ ਕਨੇਡਾ ਦੇ ਲੋਕਾਂ, ਖਾਸ ਕਰਕੇ ਅਗਾਂਹਵਧੂ ਲੋਕਾਂ, ਨਾਲ ਸਾਂਝ ਪੈਦਾ ਕਰਨ ਵਿੱਚ ਮਹੱਤਵਪੂਰਨ ਰੋਲ ਅਦਾ ਕੀਤਾ। ਇਸ ਸਾਂਝ ਕਾਰਨ ਪੰਜਾਬੀਆਂ ਨੂੰ ਇਸ ਮੁਲਕ ਦੀ ਮਜ਼ਦੂਰ ਲਹਿਰ ਵਿੱਚ ਇੱਕ ਵਿਸ਼ੇਸ਼ ਸਤਿਕਾਰ ਅਤੇ ਮਾਣ ਮਿਲਿਆ ਅਤੇ ਏਥੇ ਵਧਣ ਫੁੱਲਣ ਵਿੱਚ ਹਮਾਇਤ ਹਾਸਲ ਹੋਈ। ਇਸ ਲੇਖ ਵਿੱਚ ਅਸੀਂ ਦਰਸ਼ਨ ਸਿੰਘ ਕਨੇਡੀਅਨ ਦੇ ਇਸ ਕੰਮ ਨੂੰ ਰੀਕਾਰਡ ਕਰਨ ਦੀ ਕੋਸ਼ਸ਼ ਕਰਾਂਗੇ। ਅਜਿਹਾ ਕਰਨ ਲਈ ਅਸੀਂ ਕਨੇਡਾ ਵਿੱਚ ਉਸਦੀ ਰਿਹਾਇਸ਼ ਦੇ ਦਸ ਵਰ੍ਹਿਆਂ, 1937 ਤੋਂ 1947 ਤੱਕ, ਦੇ ਵੱਖ ਵੱਖ ਪੜਾਵਾਂ ਉੱਤੇ ਕੀਤੇ ਕੰਮਾਂ ਦਾ ਜ਼ਿਕਰ ਕਰਾਂਗੇ।
ਕਨੇਡਾ ਵਿੱਚ ਆਮਦ ਦੇ ਪਹਿਲੇ ਵਰ੍ਹੇ
ਦਰਸ਼ਨ ਸਿੰਘ 1937 ਵਿੱਚ ਕਨੇਡਾ ਆਇਆ। ਉਸ ਵੇਲੇ ਉਸਦੀ ਉਮਰ 19 ਵਰ੍ਹਿਆਂ ਦੀ ਸੀ। ਭਾਵੇਂ ਉਹ ਇੱਕ ਵਿਦਿਆਰਥੀ ਦੇ ਤੌਰ 'ਤੇ ਕਨੇਡਾ ਆਇਆ ਪਰ ਉਸਦੇ ਏਧਰ ਨੂੰ ਆਉਣ ਦੇ ਕਾਰਨ ਆਮ ਪੰਜਾਬੀਆਂ ਵਾਲੇ ਹੀ ਸਨ। ਉਸਦੇ ਆਪਣੇ ਕਹਿਣ ਮੁਤਾਬਕ:
"ਮੇਰੇ ਇੱਥੇ ਆਉਣ ਦੇ ਕਾਰਨ ਆਮ ਪੰਜਾਬੀਆਂ ਤੋਂ ਕੋਈ ਵੱਖਰੇ ਨਹੀਂ ਸਨ। ਘਰ ਵਿੱਚ ਭੁੱਖ ਬਹੁਤ ਸੀ। ਕਿਸੇ ਪਾਸੇ ਨੂੰ ਨਿਕਲਣਾ ਹੀ ਸੀ। ਮੇਰਾ ਬਾਪ ਬਹੁਤ ਗਰੀਬ ਕਿਸਾਨ ਸੀ। ਕੁੱਲ ਮਿਲਾ ਕੇ ਚਾਰ ਕੁ ਏਕੜ ਜ਼ਮੀਨ ਸੀ ਸਾਡੀ ਪਿੰਡ ਲੰਗੇਰੀ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਵਿੱਚ। ਉਹ ਵੀ ਪੰਦਰ੍ਹਾਂ ਟੁਕੜਿਆਂ ਵਿੱਚ ਵੰਡੀ ਪਈ ਸੀ।"1
ਉਸ ਵੇਲੇ ਪੰਜਾਬੀਆਂ ਦੀ ਕਨੇਡਾ ਵਿੱਚ ਵਸੋਂ ਏਨੀ ਜ਼ਿਆਦਾ ਨਹੀਂ ਸੀ। ਇਨ੍ਹਾਂ ਵਿੱਚੋਂ ਬਹੁਤੇ ਸਿੱਖ ਭਾਈਚਾਰੇ ਨਾਲ ਸੰਬੰਧ ਰੱਖਦੇ ਸਨ। ਇਹ ਕਨੇਡਾ ਦੇ ਪੱਛਮੀ ਤੱਟ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿ ਕੇ ਲੱਕੜ ਦੀਆਂ ਮਿੱਲਾਂ ਵਿੱਚ ਕੰਮ ਕਰਦੇ ਸਨ। ਦਰਸ਼ਨ ਸਿੰਘ ਵੀ ਪੰਜਾਬ ਦੇ ਪਿੰਡ ਵਿੱਚੋਂ ਅਤੇ ਸਿੱਖ ਪਰਵਾਰ ਵਿੱਚੋਂ ਆਇਆ ਹੋਣ ਕਰਕੇ ਇਨ੍ਹਾਂ ਲੋਕਾਂ ਵਿੱਚ ਘੁਲ ਮਿਲ਼ ਗਿਆ।
ਉਸ ਨੇ ਪਹਿਲਾਂ ਹੋਰ ਪੰਜਾਬੀਆਂ ਵਾਂਗ ਲੱਕੜ ਦੀ ਸਨਅਤ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਇਸ ਨਾਲ ਉਸਨੂੰ ਮਿੱਲਾਂ ਅਤੇ ਲਾਗਿੰਗ ਕੈਂਪਾਂ ਵਿੱਚ ਕੰਮ ਦੀਆਂ ਆਮ ਹਾਲਤਾਂ ਅਤੇ ਖਾਸ ਕਰ ਗੈਰ-ਗੋਰੇ ਲੋਕਾਂ ਨਾਲ ਹੁੰਦੇ ਵਿਤਕਰਿਆਂ ਨੂੰ ਦੇਖਣ ਅਤੇ ਸਮਝਣ ਦਾ ਮੌਕਾ ਮਿਲਿਆ। ਸੱਭ ਤੋਂ ਪਹਿਲਾਂ ਉਸ ਨੂੰ ਵੈਨਕੂਵਰ ਆਈਲੈਂਡ ਉੱਤੇ ਇੱਕ ਪੰਜਾਬੀ ਮਿੱਲ ਮਾਲਕ ਕਪੂਰ ਸਿੰਘ ਦੀ ਮਿੱਲ ਵਿੱਚ ਕੰਮ ਮਿਲਿਆ। ਉਸਦਾ ਚਾਚਾ ਇਸ ਮਿੱਲ ਵਿੱਚ ਕੰਮ ਕਰਦਾ ਸੀ ਜਿਸਦੀ ਸਿਫਾਰਿਸ਼ ਉੱਤੇ ਉਸਨੂੰ ਇਹ ਨੌਕਰੀ ਮਿਲ਼ੀ। ਪਰ ਜਿਸ ਦਿਨ ਉਹ ਕੰਮ ਉੱਤੇ ਲੱਗਾ, ਉਸ ਦਿਨ ਹੀ ਉਸਦੇ ਚਾਚੇ ਨੂੰ ਕੰਮ ਤੋਂ ਹਟਾ ਦਿੱਤਾ ਗਿਆ। ਇਸ ਘਟਨਾ ਦਾ ਬਿਆਨ ਦਰਸ਼ਨ ਸਿੰਘ ਇਨ੍ਹਾਂ ਸ਼ਬਦਾਂ ਵਿੱਚ ਕਰਦਾ ਹੈ:
"ਜਿੱਦਣ ਕਪੂਰ ਸਿੰਘ ਨੇ ਮੈਨੂੰ ਕੰਮ ਉੱਤੇ ਰੱਖਿਆ, ਚਾਚੇ ਨੂੰ ਉਸੇ ਦਿਨ ਮਿੱਲ ਚੋਂ ਛੁੱਟੀ ਕਰ ਦਿੱਤੀ। ਚਾਚਾ ਕਪੂਰ ਸਿੰਘ ਲਈ ਸ਼ਾਇਦ ਪੁਰਾਣਾ ਘੋੜਾ ਹੋ ਚੁੱਕਾ ਸੀ। ਸੱਠ ਸਾਲ ਦਾ ਬਿਰਧ ਸੀ। ਉਹ ਉਹਨੇ ਹਟਾ ਦਿੱਤਾ ਅਤੇ ਉਹਦੀ ਥਾਂ 20 ਸਾਲਾਂ ਦਾ ਨਵਾਂ ਘੋੜਾ ਰੱਖ ਲਿਆ।"2
ਉਸ ਸਮੇਂ ਮਿੱਲਾਂ ਵਿੱਚ ਗੋਰੇ ਕਾਮਿਆਂ ਦੇ ਮੁਕਾਬਲੇ ਗੈਰ-ਗੋਰੇ ਕਾਮਿਆਂ ਨੂੰ ਤਨਖਾਹ ਘੱਟ ਮਿਲਦੀ ਸੀ। ਉਨ੍ਹਾਂ ਨੂੰ ਨੌਕਰੀ ਸੱਭ ਤੋਂ ਮਗਰੋਂ ਦਿੱਤੀ ਜਾਂਦੀ ਅਤੇ ਨੌਕਰੀ ਤੋਂ ਹਟਾਇਆ ਸੱਭ ਤੋਂ ਪਹਿਲਾਂ ਜਾਂਦਾ। ਮਿੱਲਾਂ ਵਿੱਚ ਗੈਰ-ਗੋਰੇ ਲੋਕਾਂ ਨੂੰ ਕੰਮ ਵੀ ਬੇਹੁਨਰੀ ਮਜ਼ਦੂਰੀ (ਅਨਸਕਿਲਡ ਲੇਬਰ) ਵਾਲੇ ਹੀ ਦਿੱਤੇ ਜਾਂਦੇ। ਮਿੱਲ ਵਿੱਚ ਕਿਸੇ ਕਿਸਮ ਦੀ ਮਸ਼ੀਨਰੀ ਚਲਾਉਣ ਦਾ ਕੰਮ ਜਾਂ ਕਿਸੇ ਕਿਸਮ ਦੀ ਜ਼ਿੰਮੇਵਾਰੀ ਵਾਲਾ ਕੰਮ ਗੈਰ-ਗੋਰੇ ਕਾਮਿਆਂ ਨੂੰ ਨਹੀਂ ਸੀ ਦਿੱਤਾ ਜਾਂਦਾ। ਏਥੋਂ ਤੱਕ ਕਿ ਜਿਹੜੀਆਂ ਮਿੱਲਾਂ ਦੇ ਮਾਲਕ ਖੁਦ ਪੰਜਾਬੀ ਸਨ ਉਨ੍ਹਾਂ ਮਿੱਲਾਂ ਵਿੱਚ ਵੀ ਪ੍ਰਬੰਧਕੀ (ਮੈਨੇਜਮੈਂਟ) ਨੌਕਰੀਆਂ ਅਤੇ ਮਸ਼ੀਨਰੀ ਚਲਾਉਣ ਵਾਲੀਆਂ ਵੱਧ ਤਨਖਾਹ ਵਾਲੀਆਂ ਨੌਕਰੀਆਂ ਗੋਰਿਆਂ ਨੂੰ ਹੀ ਦਿੱਤੀਆਂ ਜਾਂਦੀਆਂ ਸਨ।
ਕੁੱਝ ਸਮਾਂ ਮਿੱਲਾਂ ਅਤੇ ਲਾਗਿੰਗ ਕੈਂਪਾਂ ਵਿੱਚ ਕੰਮ ਕਰਨ ਉਪਰੰਤ ਦਰਸ਼ਨ ਸਿੰਘ ਨੇ ਵੈਨਕੂਵਰ ਸਥਿਤ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ (ਯੂ ਬੀ ਸੀ) ਜਾਣਾ ਸ਼ੁਰੂ ਕੀਤਾ। ਏਥੇ ਹੀ ਉਸਦਾ ਸੰਪਰਕ ਅਗਾਂਹਵਧੂ ਸੋਚ ਵਾਲੇ ਵਿਦਿਆਰਥੀਆਂ ਨਾਲ ਹੋਇਆ ਅਤੇ ਉਹ ਯੂਨੀਵਰਸਿਟੀ ਦੀ ਯੰਗ ਕਮਿਊਨਿਸਟ ਲੀਗ (ਵਾਈ ਸੀ ਐਲ) ਦਾ ਮੈਂਬਰ ਬਣ ਗਿਆ। ਦਰਸ਼ਨ ਸਿੰਘ ਦੇ ਨਾਲ ਸਿਆਸੀ ਕੰਮ ਕਰਨ ਵਾਲੇ ਉਸਦੇ ਸਾਥੀ ਅਤੇ ਦੋਸਤ ਏਮਲ ਬਿਓਰਨਸਨ ਦੇ ਦੱਸਣ ਅਨੁਸਾਰ, "ਦਰਸ਼ਨ ਸਿੰਘ ਦਾ ਸੱਭ ਤੋਂ ਪਹਿਲਾਂ ਸੰਪਰਕ ਮੇਰੇ ਭਰਾ ਬਿੱਲ ਬਿਓਰਨਸਨ ਨਾਲ ਹੋਇਆ ਜੋ ਉਸ ਸਮੇਂ ਯੂ ਬੀ ਸੀ ਵਿੱਚ ਵਿਦਿਆਰਥੀ ਸੀ ਅਤੇ ਵਾਈ ਸੀ ਐਲ (ਯੰਗ ਕਮਿਊਨਿਸਟ ਲੀਗ) ਦਾ ਲੀਡਰ ਸੀ।"3 ਇਸ ਸਮੇਂ ਦੌਰਾਨ ਦਰਸ਼ਨ ਸਿੰਘ ਨੇ ਆਪਣੀ ਯੂਨੀਵਰਸਿਟੀ ਦੀ ਪੜ੍ਹਾਈ ਨਾਲੋਂ ਵੀ ਵੱਧ ਸਮਾਂ ਮਾਰਕਸਵਾਦੀ ਸਾਹਿਤ ਪੜ੍ਹਨ ਵਾਲ ਲਾਇਆ। ਉਸ ਦੇ ਆਪਣੇ ਕਹਿਣ ਅਨੁਸਾਰ ਉਹਨੂੰ ਯੂਨੀਵਰਸਿਟੀ ਦੇ ਮਜ਼ਮੂਨਾਂ ਦੀ ਏਨੀ ਸਮਝ ਨਹੀਂ ਸੀ ਪੈਂਦੀ ਪਰ ਸਿਆਸੀ ਸਾਹਿਤ ਅਤੇ ਖਾਸ ਕਰ ਮਾਰਕਸਵਾਦੀ ਸਾਹਿਤ ਪੜ੍ਹਨ ਅਤੇ ਸਮਝਣ ਵਿੱਚ ਉਸਨੂੰ ਕਦੀ ਕੋਈ ਮੁਸ਼ਕਲ ਨਹੀਂ ਸੀ ਪੇਸ਼ ਆਉਂਦੀ।
ਯੂਨੀਵਰਸਿਟੀ ਵਿੱਚ ਜਿੱਥੇ ਉਸਦਾ ਸੰਪਰਕ ਅਗਾਂਹਵਧੂ ਲੋਕਾਂ ਨਾਲ ਲਗਾਤਾਰ ਵੱਧ ਰਿਹਾ ਸੀ ਉਥੇ ਉਹ ਆਪਣੇ ਭਾਈਚਾਰੇ ਦੀਆਂ ਸਰਗਰਮੀਆਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦਾ। ਵੈਨਕੂਵਰ ਦੇ ਸੈਕਿੰਡ ਐਵਨਿਊ ਵਾਲੇ ਇਤਿਹਾਸਕ ਗੁਰਦਵਾਰੇ ਵਿੱਚ ਉਹ ਅਕਸਰ ਭਾਰਤ ਦੀ ਅਜ਼ਾਦੀ ਨਾਲ ਸਬੰਧਤ ਮਸਲਿਆਂ ਉੱਪਰ ਬੋਲਦਾ। ਆਪਣੇ ਲੋਕਾਂ ਵਿੱਚ ਉਹ ਕਾਫੀ ਹਰਮਨ ਪਿਆਰਾ ਹੋ ਰਿਹਾ ਸੀ। ਸਿੱਟੇ ਵਜੋਂ ਉਹ ਸਰਕਾਰ ਦੀਆਂ ਨਜ਼ਰਾਂ ਵਿੱਚ ਰੜਕਣ ਲੱਗਾ ਅਤੇ ਇਮੀਗਰੇਸ਼ਨ ਵਾਲਿਆਂ ਉਸ ਵਿਰੁੱਧ ਜਾਣਕਾਰੀ ਇਕੱਤਰ ਕਰਨੀ ਸ਼ੁਰੂ ਕਰ ਦਿੱਤੀ। ਇਮੀਗਰੇਸ਼ਨ ਵਾਲਿਆਂ ਉਸਨੂੰ ਪੜ੍ਹਾਈ ਵਾਸਤੇ ਚਾਹੀਦੇ ਪੈਸਿਆਂ ਲਈ ਕੰਮ ਕਰਨ ਦੀ ਇਜਾਜ਼ਤ ਨਾ ਦਿੱਤੀ। ਉਸਨੇ ਵੈਨਕੂਵਰ ਆਈਲੈਂਡ ਉੱਤੇ ਜਾ ਕੇ ਚੋਰੀਂ ਕੰਮ ਕਰਨ ਦੀ ਕੋਸ਼ਸ਼ ਕੀਤੀ ਪਰ ਮਿੱਲਾਂ ਵਾਲਿਆਂ ਕੋਲ ਵੀ ਉਸ ਬਾਰੇ ਜਾਣਕਾਰੀ ਪਹੁੰਚ ਚੁੱਕੀ ਸੀ ਅਤੇ ਉਸਨੂੰ ਕੰਮ ਨਾ ਮਿਲਿਆ। ਉਹ ਮੁੜ ਫੇਰ ਯੂਨੀਵਰਸਿਟੀ ਵਾਪਸ ਜਾਣ ਲੱਗ ਪਿਆ। ਪਰ ਕੋਲ ਪੈਸੇ ਨਹੀਂ ਸਨ ਸੋ ਇਸ ਕਰਕੇ ਪੜ੍ਹਾਈ ਜ਼ਾਰੀ ਰੱਖਣੀ ਸੰਭਵ ਨਹੀਂ ਸੀ।
ਕੁਝ ਦੋਸਤਾਂ ਦੀ ਸਲਾਹ ਨਾਲ ਦਰਸ਼ਨ ਅਤੇ ਇੱਕ ਹੋਰ ਦੋਸਤ ਬੀ ਸੀ ਛੱਡ ਕੇ ਨਾਲ ਦੇ ਸੂਬੇ ਅਲਬਰਟਾ ਵਿੱਚ ਕੰਮ ਦੀ ਭਾਲ ਕਰਨ ਚਲੇ ਗਏ। ਉਸ ਦੋਸਤ ਦਾ ਨਾਂਅ ਸੋਹਣ ਸਿੰਘ ਸੀ ਪਰ ਕੰਮ ਕਰਨ ਦੀ ਇਜਾਜ਼ਤ ਨਾ ਹੋਣ ਕਾਰਨ ਉਸਨੇ ਆਪਣਾ ਨਾਂਅ ਲਾਭ ਸਿੰਘ ਰੱਖ ਲਿਆ ਅਤੇ ਦਰਸ਼ਨ ਸਿੰਘ ਨੇ ਆਪਣਾ ਨਾਂਅ ਰਾਮ ਚੰਦਰ ਰੱਖਿਆ। ਉਹ ਐਡਮੰਟਨ ਦੇ ਉੱਤਰ ਵੱਲ ਕੋਈ ਤਿੰਨ ਸੌ ਮੀਲ ਤੋਂ ਵੀ ਵੱਧ ਫਾਸਲੇ ਉੱਤੇ ਵਿਨਫੀਲਡ ਨਾਂਅ ਦੇ ਸ਼ਹਿਰ ਤੋਂ ਚਾਲੀ ਪੰਜਾਹ ਮੀਲ ਬਾਹਰ ਜੰਗਲ ਵਿੱਚ ਬਣੀ ਹੋਈ ਮੈਕਡੂਗਲ ਨਾਂਅ ਦੀ ਮਿੱਲ ਵਿੱਚ ਕੰਮ ਕਰਨ ਲੱਗ ਪਏ। ਉੱਥੇ ਪਹਿਲਾਂ ਇੱਕ ਹੋਰ ਪੰਜਾਬੀ ਵੀ ਕੰਮ ਕਰਦਾ ਸੀ ਜਿਸ ਦਾ ਨਾਂਅ ਹਜ਼ਾਰਾ ਸਿੰਘ ਗਰਚਾ ਸੀ। ਉਹ 1926 ਦਾ ਕਨੇਡਾ ਆਇਆ ਹੋਇਆ ਸੀ ਅਤੇ ਉਸਨੇ ਏਥੋਂ ਐਮ ਐਸ ਸੀ ਕੀਤੀ ਹੋਈ ਸੀ ਪਰ ਨਸਲੀ ਵਿਤਕਰੇ ਕਾਰਨ ਉਸ ਨੂੰ ਕੋਈ ਨੌਕਰੀ ਨਹੀਂ ਸੀ ਮਿਲੀ। ਜਿੱਥੇ ਉਹ ਰਹਿ ਰਹੇ ਸਨ ਉੱਥੇ ਬਰਫ ਬਹੁਤ ਪੈਂਦੀ ਸੀ ਅਤੇ ਕੰਮ ਦੀਆਂ ਹਾਲਤਾਂ ਬਹੁਤ ਔਖੀਆਂ ਸਨ। ਦਰਸ਼ਨ ਸਿੰਘ ਨੇ, ਜੋ ਆਪਣੇ ਦੂਜੇ ਦੋ ਭਾਰਤੀ ਸਾਥੀਆਂ ਨਾਲ ਗਰੀਨ ਚੇਨ ਉੱਪਰ ਰਾਤ ਦੀ ਸ਼ਿਫਟ ਵਿੱਚ ਕੰਮ ਕਰਦਾ ਸੀ, ਉਸ ਥਾਂ ਦਾ ਚੇਤਾ ਕਰਦਿਆ ਕਿਹਾ, "ਬਾਕੀ ਥਾਹਾਂ ਦੇ ਟਾਕਰੇ ਉੱਤੇ ਉਸ ਥਾਂ ਨੂੰ ਸੱਚਮੁੱਚ ਹੀ ਕਨੇਡਾ ਦਾ ਨਰਕ ਕਿਹਾ ਜਾ ਸਕਦਾ ਹੈ।"4
ਇਸ ਤੋਂ ਬਾਅਦ ਉਸ ਨੇ ਬੀ ਸੀ ਦੇ ਉੱਤਰੀ ਇਲਾਕੇ ਦੀਆਂ ਕੁਝ ਹੋਰ ਮਿੱਲਾਂ ਵਿੱਚ ਕੰਮ ਕੀਤਾ। ਇਸ ਸਮੇਂ ਦੌਰਾਨ ਜਦੋਂ ਪਰਿੰਸ ਜਾਰਜ ਨੇੜੇ ਬਿੰਡ ਨਾਂਅ ਦੇ ਛੋਟੇ ਜਿਹੇ ਟਾਊਨ ਵਿੱਚ ਕੰਮ ਕਰ ਰਿਹਾ ਸੀ ਤਾਂ ਉਸਨੂੰ ਪਤਾ ਲੱਗਾ ਕਿ ਵੈਨਕੂਵਰ ਵਿੱਚ ਭਾਰਤੀ ਕਮਿਊਨਿਟੀ ਦੇ ਕੁੱਝ ਆਗੂਆਂ ਨੇ ਗੈਰ-ਕਾਨੂੰਨੀ ਭਾਰਤੀਆਂ ਵਿੱਚੋਂ ਕੁੱਝ ਇੱਕ ਦੇ ਕੇਸਾਂ ਵਾਸਤੇ ਡਾਕਟਰ ਪਾਂਡੀਆ ਨਾਂਅ ਦੇ ਭਾਰਤੀ ਪਿਛੋਕੜ ਦੇ ਵਕੀਲ ਨੂੰ ਕੇਸ ਦੀ ਪੈਰਵਾਈ ਕਰਨ ਵਾਸਤੇ ਅੱਗੇ ਕੀਤਾ ਹੈ। ਬੇਸ਼ੱਕ ਉਸ ਸਮੇਂ ਬੀ ਸੀ ਵਿੱਚ ਪੰਜਾਬੀਆਂ ਦੀ ਗਿਣਤੀ ਕਾਫੀ ਥੋੜ੍ਹੀ ਸੀ ਪਰ ਉਸ ਵਿੱਚੋਂ ਵੀ ਤਕਰੀਬਨ ਤਿੰਨ ਸੌ ਤੋਂ ਉੱਪਰ ਪੰਜਾਬੀ ਗੈਰ-ਕਾਨੂੰਨੀ ਰਹਿ ਰਹੇ ਸਨ। ਡਾਕਟਰ ਪਾਂਡੀਏ ਦੀਆਂ ਸਰਗਰਮੀਆਂ ਬਾਰੇ ਪਤਾ ਲੱਗਣ ਉੱਤੇ ਦਰਸ਼ਨ ਸਿੰਘ ਅਤੇ ਕੁਝ ਹੋਰ ਬੰਦੇ ਵੈਨਕੂਵਰ ਆ ਗਏ। ਵੈਨਕੂਵਰ ਆ ਕੇ ਉਨ੍ਹਾਂ ਨੇ ਆਪਣੇ ਵਰਗੇ ਹੋਰ ਗੈਰ-ਕਾਨੂੰਨੀ ਭਾਰਤੀਆਂ ਨਾਲ ਸੰਪਰਕ ਕੀਤਾ। ਫਿਰ ਇੱਕ ਕਮੇਟੀ ਬਣਾਈ ਗਈ ਜਿਸਦੇ ਜ਼ਿੰਮੇ ਇਸ ਕੇਸ ਵਾਸਤੇ ਪੈਸ ਇਕੱਠੇ ਕਰਨ ਦਾ ਕੰਮ ਲੱਗਾ। ਦਰਸ਼ਨ ਸਿੰਘ ਅਨੁਸਾਰ, "ਅਸੀਂ ਵੈਨਕੂਵਰ ਆਈਲੈਂਡ ਵਿੱਚ ਘੁੰਮ ਕੇ ਚਾਰ ਸੌ ਡਾਲਰ ਇਕੱਠਾ ਕਰਕੇ ਡਾਕਟਰ ਪਾਂਡੀਏ ਨੂੰ ਦਿੱਤਾ।"5 ਗੈਰ-ਕਾਨੂੰਨੀ ਭਾਰਤੀਆਂ ਦੇ ਕੇਸਾਂ ਨੂੰ ਕਮਿਊਨਿਟੀ ਵਲੋਂ ਇਕੱਠੇ ਹੋ ਕੇ ਲੜਨ ਨਾਲ 1939 ਵਿੱਚ ਭਾਰਤੀਆਂ ਦੀ ਇਮੀਗਰੇਸ਼ਨ ਦੇ ਕੇਸ ਵਿੱਚ ਜਿੱਤ ਹੋਈ ਅਤੇ ਤਿੰਨ ਸੌ ਤੋਂ ਵੱਧ ਪੰਜਾਬੀ ਇੱਥੇ ਕਾਨੂੰਨੀ ਤੌਰ ਉੱਤੇ ਰਹਿਣ ਯੋਗ ਹੋ ਗਏ।
ਜ਼ਬਰੀ ਫੌਜੀ ਭਰਤੀ ਲਈ ਚਿੱਠੀ
ਦਰਸ਼ਨ ਸਿੰਘ ਦਾ ਇਮੀਗਰੇਸ਼ਨ ਦਾ ਮਸਲਾ ਹੱਲ ਹੋਣ ਬਾਅਦ ਉਹ ਕਪੂਰ ਸਿੰਘ ਦੀ ਮਿੱਲ ਵਿੱਚ ਕੰਮ ਕਰਨ ਲੱਗ ਪਿਆ। ਪਰ ਇਸ ਸਮੇਂ ਦੂਜੀ ਸੰਸਾਰ ਜੰਗ ਛਿੜ ਚੁੱਕੀ ਹੋਣ ਕਰਕੇ ਪੰਜਾਬੀ ਕਮਿਊਨਿਟੀ ਲਈ ਅਤੇ ਦਰਸ਼ਨ ਸਿੰਘ ਦੇ ਜੀਵਨ ਦੀ ਇੱਕ ਹੋਰ ਅਹਿਮ ਘਟਨਾ ਘਟੀ। ਉਸ ਨੂੰ ਕਮਿਊਨਿਟੀ ਵਿੱਚੋਂ ਸੱਭ ਤੋਂ ਪਹਿਲਾਂ ਫੌਜ ਦੀ ਜ਼ਬਰੀ ਭਰਤੀ (ਕਨਸਕਰਿਪਸ਼ਨ) ਵਾਸਤੇ ਚਿੱਠੀ ਆ ਗਈ। ਫੇਰ ਇੱਕ ਹੋਰ ਗਰੀਬੂ ਨਾਂਅ ਦੇ ਪੰਜਾਬੀ ਨੌਜਵਾਨ ਨੂੰ ਵੀ ਭਰਤੀ ਦੀ ਚਿੱਠੀ ਮਿਲੀ। ਕਮਿਊਨਿਟੀ ਵਿੱਚ ਇਸ ਬਾਰੇ ਕਾਫੀ ਭਖਵਾਂ ਵਿਵਾਦ ਛਿੜ ਪਿਆ। ਕਨੇਡਾ ਵਿਚਲੇ ਭਾਰਤੀਆਂ ਦਾ ਕਹਿਣਾ ਸੀ ਕਿ ਜੇ ਸਾਨੂੰ ਇਹ ਇਸ ਮੁਲਕ ਵਿੱਚ ਪੂਰੇ ਹੱਕ ਨਹੀਂ ਦੇਣੇ ਚਾਹੁੰਦੇ ਤਾਂ ਸਾਡੇ ਕੋਲੋਂ ਲੜਨ ਦੀ ਕਿਸ ਤਰ੍ਹਾਂ ਆਸ ਰੱਖ ਸਕਦੇ ਹਨ। ਯਾਦ ਰਹੇ ਕਿ ਉਸ ਵਕਤ ਭਾਰਤੀਆਂ ਨੂੰ ਏਥੇ ਵੋਟ ਪਾਉਣ ਦਾ ਹੱਕ ਹਾਸਲ ਨਹੀਂ ਸੀ ਅਤੇ ਜਿਸ ਦੇ ਫਲਸਰੂਪ ਬਾਕੀ ਸ਼ਹਿਰੀਆਂ ਵਾਲੇ ਹੱਕ ਵੀ ਪ੍ਰਾਪਤ ਨਹੀਂ ਸਨ। ਵੈਨਕੂਵਰ ਦੀ ਭਾਰਤੀ ਕਮਿਊਨਿਟੀ ਨੇ ਇਸ ਸੰਬੰਧੀ ਗੁਰਦਵਾਰੇ ਵਿੱਚ ਮਤਾ ਪਾਸ ਕੀਤਾ ਕਿ ਜੇ ਸਾਨੂੰ ਫੌਜ ਵਿੱਚ ਲੈ ਕੇ ਜਾਣਾ ਹੈ ਤਾਂ ਸਾਨੂੰ ਬਰਾਬਰ ਦੇ ਹੱਕ ਦੇਵੋ।
ਪਰ ਦਰਸ਼ਨ ਸਿੰਘ ਵਾਸਤੇ ਉਸ ਸਮੇਂ ਫੌਰੀ ਮਸਲਾ ਇਹ ਸੀ ਕਿ ਭਰਤੀ ਹੋਇਆ ਜਾਵੇ ਜਾਂ ਫੇਰ ਫਰਾਰ ਹੋ ਕੇ ਭਗੌੜਿਆਂ ਵਾਲੀ ਲੁਕਣ ਛਿਪਣ ਵਾਲੀ ਜ਼ਿੰਦਗੀ ਬਿਤਾਈ ਜਾਵੇ। ਉਸਦੇ ਕਹਿਣ ਮੁਤਾਬਕ ਉਸ ਨੇ ਕਾਫੀ ਲੋਕਾਂ ਨਾਲ ਇਸ ਸੰਬੰਧੀ ਸਲਾਹ ਮਸ਼ਵਰਾ ਕੀਤਾ ਅਤੇ ਅਖੀਰ ਭਰਤੀ ਹੋਣ ਦਾ ਫੈਸਲਾ ਕਰ ਲਿਆ। ਉਸਦੇ ਨਾਲ ਕੰਮ ਕਰਨ ਵਾਲੇ ਉਸਦੇ ਦੋਸਤ ਕੁਲਦੀਪ ਬੈਂਸ ਦੇ ਦੱਸਣ ਅਨੁਸਾਰ: "ਮੈਂ ਦਰਸ਼ਨ ਨੂੰ ਕਿਹਾ, ਇਹ ਆਰਮੀ ਟਰੇਨਿੰਗ ਵਿੱਚੋਂ ਤੇ ਕੀ ਖੱਟ ਲਵੇਂਗਾ? ਤਾਂ ਉਸਦਾ ਜਵਾਬ ਸੀ, "ਕੀ ਪਤਾ ਜੀਵਨ 'ਚ ਕਦੋਂ ਆਰਮੀ ਟਰੇਨਿੰੰਗ ਕੰਮ ਆ ਜਾਵੇ।" ਦਰਸ਼ਨ ਸਮਝਦਾ ਸੀ ਕਿ ਫੌਜੀ ਸਿਖਲਾਈ ਉਸਦੇ ਆਪਣੇ ਇਨਕਲਾਬ ਦੇ ਕੰਮ ਵਿੱਚ ਵੀ ਸਹਾਈ ਹੋਵੇਗੀ।"6 ਇਸ ਤੋਂ ਇਹ ਗੱਲ ਕਾਫੀ ਸਾਫ ਹੋ ਜਾਂਦੀ ਹੈ ਕਿ ਛੋਟੀ ਉਮਰ ਵਿੱਚ ਹੀ ਦਰਸ਼ਨ ਸਿੰਘ ਕਨੇਡੀਅਨ ਨੇ ਆਪਣੇ ਆਪ ਨੂੰ ਸਮਾਜਿਕ ਤਬਦੀਲੀ ਵਾਸਤੇ ਲੋੜੀਂਦੇ ਇਨਕਲਾਬ ਲਈ ਤਿਆਰ ਕਰ ਲਿਆ ਸੀ।
ਫੌਜੀ ਸਿਖਲਾਈ ਬੀ ਸੀ ਦੇ ਸ਼ਹਿਰ ਵਰਨਨ ਵਿੱਚ ਦਿੱਤੀ ਜਾਣੀ ਸੀ। ਦਰਸ਼ਨ ਸਿੰਘ ਉੱਥੇ ਚਾਰ ਮਹੀਨੇ ਰਿਹਾ। ਗੋਰਿਆਂ ਵਿੱਚ ਸਿਖਲਾਈ ਲੈਣ ਵਾਲਾ ਉਹ ਇਕੱਲਾ ਹੀ ਭਾਰਤੀ ਸੀ। ਆਪਣੇ ਫੌਜੀ ਸਿਖਲਾਈ ਦੇ ਦਿਨਾਂ ਨੂੰ ਦਰਸ਼ਨ ਸਿੰਘ ਇਸ ਤਰ੍ਹਾਂ ਯਾਦ ਕਰਦਾ ਹੈ:
"ਮੈਂ ਕੱਲਾ ਹੀ ਹਿੰਦੁਸਤਾਨੀ ਸੀ ਬਾਕੀ ਸਾਰੇ ਗੋਰੇ ਸਨ। ਉੱਥੇ ਤਾਂ ਫੇਰ ਜਿਦਾਂ ਹੁੰਦਾ ਹੀ ਹੈ। ਬਿਗਲ ਵੱਜਦੇ ਸੀ। ਉੱਠ ਕੇ ਮੇਹ ਧੋਣਾ ਅਤੇ ਭੱਜ ਪੈਣਾ। ਇੱਧਰ ਪ੍ਰੇਡ, ਉੱਧਰ ਪ੍ਰੇਡ, ਕਦੀ ਪੇਟ ਦੇ ਬੱਲ ਚਲੋ, ਗੋਡਿਆਂ ਭਾਰ ਚੱਲੋ, ਬੰਦੂਕ ਚਲਾਉਣੀ ਸਿੱਖੋ।… ਗੋਰਿਆਂ ਦੀਆਂ ਸਾਰੀਆਂ ਗਾਲ੍ਹਾਂ ਮੈਂ ਉਦੋਂ ਹੀ ਸਿੱਖੀਆਂ। ਤੜਕੇ ਸਾਰਜੰਟ ਨੇ ਆ ਕੇ ਦਬਕਾ ਮਾਰਨਾ - ਹੇ ਯੂ ਬਾਸਟਰਡਜ਼, ਸਨ ਆਫ ਬਿਚਜ਼ਸ, ਸਟਿਲ ਲਾਇੰਗ ਦੇਅਰ, ਗੈੱਟ ਆਪ ਯੂ…" 7
ਭਾਰਤ ਵਾਪਸ ਜਾਣ ਦੀ ਕੋਸ਼ਿਸ਼
ਫੌਜੀ ਸਿਖਲਾਈ ਚਾਰ ਮਹੀਨੇ ਦੀ ਸੀ ਅਤੇ ਪੱਕੀ ਨੌਕਰੀ ਵਾਸਤੇ ਚਿੱਠੀ ਬਾਅਦ ਵਿੱਚ ਆਉਣੀ ਸੀ। ਦਰਸ਼ਨ ਸਿੰਘ ਮੁੜ ਆ ਕੇ ਮਿੱਲ ਵਿੱਚ ਕੰਮ ਕਰਨ ਲੱਗ ਪਿਆ। ਉਸ ਵਾਸਤੇ ਇਹ ਸਮਾਂ ਕਾਫੀ ਉਲਝਨ ਵਾਲਾ ਸੀ। ਇਸ ਗੱਲ ਨੂੰ ਤਾਂ ਸਾਰੇ ਭਾਰਤੀ ਸਮਝਦੇ ਸਨ ਕਿ ਇਹ ਲੜਾਈ ਗੋਰਿਆਂ ਦੀ ਸੀ। ਦਰਸ਼ਨ ਸਿੰਘ ਨੂੰ ਇਸ ਗੱਲ ਦੀ ਵੀ ਸੋਝੀ ਆ ਚੁੱਕੀ ਸੀ ਕਿ ਸਾਮਰਾਜਵਾਦ ਕੀ ਹੁੰਦਾ ਹੈ ਅਤੇ ਗੁਲਾਮੀ ਕੀ ਹੁੰਦੀ ਹੈ। ਉਸ ਵਿੱਚ ਦੇਸ਼ ਭਗਤੀ ਦਾ ਜਜ਼ਬਾ ਵੀ ਪੂਰੀ ਤਰ੍ਹਾਂ ਜਾਗ ਚੁੱਕਿਆ ਸੀ ਅਤੇ ਉਹ ਸਮਝਦਾ ਸੀ ਕਿ ਅਸਲ ਕੰਮ ਤਾਂ ਗੋਰਿਆਂ ਨੂੰ ਹਿੰਦੁਸਤਾਨ ਵਿੱਚੋਂ ਬਾਹਰ ਕੱਢਣ ਦਾ ਹੈ। ਉਸ ਵਕਤ ਉਸ ਨੇ ਫੈਸਲਾ ਕਰ ਲਿਆ ਕਿ ਗੋਰਿਆਂ ਦੀ ਫੌਜ ਵਿੱਚ ਮਰਨ ਨਾਲੋਂ ਕਿਉਂ ਨਾ ਆਪਣੇ ਦੇਸ਼ ਵਾਪਸ ਜਾ ਕੇ ਅਜ਼ਾਦੀ ਦੀ ਲੜਾਈ ਵਿੱਚ ਹਿੱਸਾ ਲਿਆ ਜਾਵੇ। ਇਸ ਇਰਾਦੇ ਨਾਲ ਉਹ ਜੂਨ 1940 ਵਿੱਚ ਭਾਰਤ ਨੂੰ ਜਾਣ ਲਈ ਜਹਾਜ਼ ਚੜ੍ਹ ਗਿਆ। ਰਾਹ ਵਿੱਚ ਜਦੋਂ ਉਸਦਾ ਜਹਾਜ਼ ਟੋਕੀਓ, ਜਾਪਾਨ ਠਹਿਰਿਆ ਤਾਂ ਉੱਥੇ ਉਹ ਕੁਝ ਦਿਨ ਇੱਕ ਅਭੀ ਚੰਦਾਨੀ ਨਾਂਅ ਦੇ ਸਿੰਧੀ ਭਾਰਤੀ ਕੋਲ ਰਿਹਾ। ਉੱਥੋਂ ਉਹਨੂੰ ਪਤਾ ਲੱਗਾ ਕਿ ਕੁਝ ਸਿੰਧੀ ਅਤੇ ਪੰਜਾਬੀ ਲੋਕ ਜਿਹੜੇ ਕੁਝ ਦੇਰ ਪਹਿਲਾਂ ਭਾਰਤ ਵੱਲ ਗਏ ਸਨ ਉਨ੍ਹਾਂ ਨੂੰ ਗੋਰਿਆਂ ਨੇ ਹਾਂਗਕਾਂਗ ਵਿੱਚ ਫੜ ਲਿਆ ਸੀ ਅਤੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ। ਇਸ ਗੱਲ ਦੇ ਪਤਾ ਲੱਗਣ ਉੱਤੇ ਦਰਸ਼ਨ ਸਿੰਘ ਟੋਕੀਓ ਤੋਂ ਹੀ ਮੁੜ ਕੇ ਕਨੇਡਾ ਆ ਗਿਆ।
ਵਾਪਸ ਆ ਕੇ ਉਸ ਨੇ ਵੈਨਕੂਵਰ ਦੇ ਆਸ ਪਾਸ ਕੰਮ ਭਾਲਣ ਦੀ ਕੋਸ਼ਸ਼ ਕੀਤੀ ਪਰ ਕੋਈ ਕੰਮ ਨਾ ਮਿਲਿਆ। ਫੇਰ ਉਹਨੂੰ ਵਿਕਟੋਰੀਆ ਵਿੱਚ ਸਿਲਕਰਕ ਲੰਬਰ ਕੰਪਨੀ, ਜਿਸ ਦਾ ਮਾਲਕ ਇੱਕ ਪੰਜਾਬੀ ਸੀ, ਵਿੱਚ ਕੰਮ ਮਿਲ਼ ਗਿਆ। ਅਗਲੇ ਪੰਜ ਛੇ ਸਾਲ ਉਸ ਨੇ ਇਸ ਮਿੱਲ ਵਿੱਚ ਹੀ ਕੰਮ ਕੀਤਾ। ਆਪਣੇ ਇਸ ਕੰਮ ਦੌਰਾਨ ਦਰਸ਼ਨ ਸਿੰਘ ਨੂੰ ਕਨੇਡਾ ਦੀ ਲੱਕੜ ਦੀ ਸਨਅਤ ਵਿੱਚ ਕੰਮ ਕਰਦੇ ਮਜ਼ਦੂਰਾਂ ਦੇ ਕੰਮ ਦੀਆਂ ਹਾਲਤਾਂ, ਕੰਮਾਂ ਉੱਪਰ ਗੈਰ-ਗੋਰੇ ਲੋਕਾਂ ਨਾਲ ਹੁੰਦੇ ਵਿਤਕਰੇ ਨੂੰ ਜਾਣਨ ਦਾ ਮੌਕਾ ਮਿਲਿਆ।
ਕਮਿਊਨਿਸਟ ਪਾਰਟੀ ਅਤੇ ਟਰੇਡ ਯੂਨੀਅਨ ਵਿੱਚ ਕੰਮ
ਜਿਵੇਂ ਪਹਿਲਾਂ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਯੂ ਬੀ ਸੀ ਵਿੱਚ ਆਪਣੀ ਪੜ੍ਹਾਈ ਦੌਰਾਨ ਦਰਸ਼ਨ ਸਿੰਘ ਯੰਗ ਕਮਿਊਨਿਸਟ ਲੀਗ ਨਾਲ ਸਬੰਧਤ ਦੂਜੇ ਵਿਦਿਆਰਥੀਆਂ ਦੇ ਸੰਪਰਕ ਵਿੱਚ ਆਇਆ। ਕਨੇਡਾ ਵਿੱਚ ਆਪਣੀ ਰਿਹਾਇਸ਼ ਦੇ ਸਾਰੇ ਸਮੇਂ ਦੌਰਾਨ ਉਹ ਕਮਿਊਨਿਸਟ ਪਾਰਟੀ ਨਾਲ ਜੁੜਿਆ ਰਿਹਾ। ਉਸ ਵਲੋਂ ਮੈਂਬਰ ਬਣਨ ਪਿੱਛੇ ਇੱਕ ਕਾਰਨ ਇਹ ਵੀ ਸੀ ਕਿ ਉਸ ਸਮੇਂ ਕਮਿਊਨਿਸਟ ਪਾਰਟੀ ਕਨੇਡਾ ਵਿੱਚ ਭਾਰਤੀ ਲੋਕਾਂ ਦੇ ਹੱਕਾਂ ਦਾ ਡੱਟ ਕੇ ਸਮਰਥਨ ਕਰਦੀ ਸੀ। ਆਪਣੀ ਸੂਝ ਅਤੇ ਪ੍ਰਤਿਬੱਧਤਾ ਨਾਲ ਜਲਦੀ ਹੀ ਉਸ ਨੇ ਪਾਰਟੀ ਵਿੱਚ ਇੱਕ ਮਹੱਤਵਪੂਰਨ ਥਾਂ ਬਣਾ ਲਈ। ਪਾਰਟੀ ਵਲੋਂ ਦਰਸ਼ਨ ਸਿੰਘ ਨੇ ਕਨੇਡਾ ਭਰ ਵਿੱਚ ਲੈਕਚਰ ਟੂਰ ਕੀਤੇ। ਇਨ੍ਹਾਂ ਲੈਕਚਰਾਂ ਵਿੱਚ ਜਿੱਥੇ ਉਹ ਪਾਰਟੀ ਦੇ ਏਜੰਡੇ ਬਾਰੇ ਗੱਲ ਬਾਤ ਕਰਦਾ ਉੱਥੇ ਨਾਲ ਨਾਲ ਉਹ ਕਨੇਡੀਅਨ ਮਜ਼ਦੂਰਾਂ ਵਿੱਚ ਦੂਜੀਆਂ ਕਮਿਊਨਿਟੀਆਂ ਦੇ ਮਜ਼ਦੂਰਾਂ ਪ੍ਰਤੀ ਪਏ ਭੁਲੇਖਿਆਂ ਨੂੰ ਦੂਰ ਕਰਦਾ। ਪਾਰਟੀ ਵਿੱਚ ਆਪਣੇ ਲਈ ਮਹੱਤਵਪੂਰਨ ਥਾਂ ਬਣਾਉਣ ਵਿੱਚ ਕਾਮਯਾਬ ਹੋਣ ਦਾ ਰਾਜ ਇਹ ਸੀ ਕਿ ਦਰਸ਼ਨ ਸਿੰਘ ਇੱਕ ਬਹੁਤ ਵਧੀਆ ਬੁਲਾਰਾ ਸੀ ਅਤੇ ਉਸਦੇ ਖਿਆਲਾਂ ਵਿੱਚ ਸਪੱਸ਼ਟਤਾ ਸੀ। ਸਾਰੀ ਉਮਰ ਟਰੇਡ ਯੂਨੀਅਨ ਵਿੱਚ ਸਰਗਰਮ ਰਹਿਣ ਵਾਲੇ ਅਤੇ ਦਰਸ਼ਨ ਸਿੰਘ ਨਾਲ ਮਿਲ਼ ਕੇ ਕਮਿਊਨਿਸਟ ਪਾਰਟੀ ਵਿੱਚ ਕੰਮ ਕਰਨ ਵਾਲੇ ਕਰੇਗ ਪਰਿਚਟ ਦਾ ਕਹਿਣਾ ਹੈ:
"ਦਰਸ਼ਨ ਸਿੰਘ ਨੇ ਪਾਰਟੀ ਵਿੱਚ ਅਤੇ ਯੂਨੀਅਨ ਵਿੱਚ ਬਹੁਤ ਅਹਿਮ ਰੋਲ ਨਿਭਾਇਆ। ਇਸ ਦਾ ਮੁੱਖ ਕਾਰਨ ਇਹ ਸੀ ਕਿ ਉਹ ਇੱਕ ਬਹੁਤ ਵਧੀਆ ਬੁਲਾਰਾ ਸੀ। ਅੰਗਰੇਜ਼ੀ ਜ਼ਬਾਨ ਵਿੱਚ ਉਸਨੂੰ ਕਮਾਲ ਦੀ ਮੁਹਾਰਤ ਹਾਸਲ ਸੀ। ਯੂਨੀਵਰਸਿਟੀ ਪੜ੍ਹਿਆ ਹੋਣ ਕਰਕੇ ਉਹ ਆਪਣੀਆਂ ਲਿਖਤਾਂ ਵਿੱਚ ਬੜਾ ਸਪਾਸ਼ਟ ਹੁੰਦਾ ਸੀ ਅਤੇ ਹਮੇਸ਼ਾਂ ਆਪਣੀ ਗੱਲ ਕਹਿਣ ਵਿੱਚ ਕਾਮਯਾਬ ਹੁੰਦਾ ਸੀ।"8
ਉਸ ਵੇਲੇ ਭਾਰਤੀ ਕਮਿਊਨਿਟੀ ਵਿੱਚੋਂ ਦਰਸ਼ਨ ਸਿੰਘ ਦੇ ਨਾਲ ਕੁਲਦੀਪ ਸਿੰਘ ਬੈਂਸ ਅਤੇ ਰਤਨ ਸਿੰਘ ਵੀ ਪਾਰਟੀ ਦੇ ਮੈਂਬਰ ਸਨ। ਦਰਸ਼ਨ ਸਿੰਘ ਅਨੁਸਾਰ ਕਮਿਊਨਿਟੀ ਵਿੱਚ ਖੱਬੀ ਸਿਆਸਤ ਦਾ ਏਨਾ ਜ਼ਿਆਦਾ ਅਸਰ ਨਹੀਂ ਸੀ ਅਤੇ ਭਾਰਤ ਵਿਚਲੀ ਸਿਆਸਤ ਦੇ ਅਸਰ ਥੱਲੇ ਲੋਕ ਵੰਡੇ ਹੋਏ ਸਨ। ਪਰ ਕਮਿਊਨਿਟੀ ਨੂੰ ਦਰਪੇਸ਼ ਬਹੁਤ ਸਾਰੇ ਮਸਲਿਆਂ ਜਿਵੇਂ ਕਿ ਨਸਲੀ ਵਿਤਕਰਾ, ਬਰਾਬਰ ਦੇ ਹੱਕ, ਭਾਰਤ ਦੀ ਅਜ਼ਾਦੀ ਲਈ ਹਮਦਰਦੀ, ਮਜ਼ਦੂਰ ਵਰਗ ਦੀ ਲੁੱਟ ਖਸੁੱਟ ਅਤੇ ਘੱਟ ਗਿਣਤੀ ਮਜ਼ਦੂਰਾਂ ਦੀ ਵਿਸ਼ੇਸ਼ ਲੁੱਟ, ਆਦਿ ਮਸਲਿਆਂ ਉੱਪਰ ਖੱਬੇ-ਪੱਖੀ ਲੋਕਾਂ ਦਾ ਸਟੈਂਡ ਬੜਾ ਸਪੱਸ਼ਟ ਸੀ। ਦਰਸ਼ਨ ਸਿੰਘ ਅਤੇ ਉਸਦੇ ਸਾਥੀਆਂ ਵਲੋਂ ਮਿੱਲਾਂ ਵਿੱਚ ਯੂਨੀਅਨ ਜਥੇਬੰਦ ਕਰਨ ਦੇ ਅਮਲ ਰਾਹੀਂ ਹੌਲੀ ਹੌਲੀ ਖੱਬੇ ਪੱਖੀ ਸਿਆਸਤ ਦੇ ਵਿਚਾਰ ਕਮਿਊਨਿਟੀ ਦੇ ਲੋਕਾਂ ਤੱਕ ਪਹੁੰਚਣ ਲੱਗੇ ਅਤੇ ਲੋਕਾਂ ਦੇ ਰਵੱਈਏ ਵਿੱਚ ਕੁਝ ਕੁਝ ਤਬਦੀਲੀ ਆਉਣ ਲੱਗੀ।
ਇਸ ਹੀ ਸਮੇਂ ਦੌਰਾਨ (1940 ਵਿੱਚ) ਲੱਕੜ ਦੀ ਸਨਅਤ ਵਿੱਚ ਕੰਮ ਦੀਆਂ ਹਾਲਤਾਂ ਅਤੇ ਤਨਖਾਹਾਂ ਦੀ ਦਸ਼ਾ ਸੁਧਾਰਨ ਵਾਸਤੇ ਮਜ਼ਦੂਰਾਂ ਵਿੱਚ ਹੌਲੀ ਹੌਲੀ ਜਾਗਰਤੀ ਆਉਣੀ ਸ਼ੁਰੂ ਹੋ ਗਈ। ਵੈਨਕੂਵਰ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਇੰਟਰਨੈਸ਼ਨਲ ਵੁੱਡਵਰਕਰਜ਼ ਆਫ ਅਮਰੀਕਾ (ਆਈ ਡਬਲਯੂ ਏ) ਲੱਕੜ ਦੀਆਂ ਮਿੱਲਾਂ ਵਿੱਚ ਜਥੇਬੰਦ ਹੋਣੀ ਸ਼ੁਰੂ ਹੋ ਗਈ। ਪਰ ਅਜੇ ਇਹ ਵੈਨਕੂਵਰ ਆਈਲੈਂਡ ਉੱਪਰ ਆਪਣੇ ਪੈਰ ਟਿਕਾਉਣ ਵਿੱਚ ਕਾਮਯਾਬ ਨਹੀਂ ਸੀ ਹੋਈ। ਆਈ ਡਬਲਯੂ ਏ ਅਮਰੀਕਾ ਵਿੱਚ ਜੰਮੀ ਪਲੀ ਯੂਨੀਅਨ ਸੀ। ਇਹ ਉਸ ਵੇਲੇ ਅਮਰੀਕਾ ਦੇ ਕਮਿਊਨਿਸਟਾਂ ਵਲੋਂ ਜਥੇਬੰਦ ਕੀਤੀ ਗਈ ਸੀ ਅਤੇ ਇਸਦੀ ਉੱਪਰਲੀ ਲੀਡਰਸ਼ਾਪ ਵਿੱਚ ਕਮਿਊਨਿਸਟ ਹੀ ਭਾਰੂ ਸਨ। ਕਨੇਡਾ ਵਿੱਚ ਵੀ ਇਸ ਨੂੰ ਸਥਾਪਤ ਕਰਨ ਵਾਲੇ ਲੋਕ ਕਮਿਊਨਿਸਟ ਪਾਰਟੀ ਦੇ ਹੀ ਕਾਮੇ ਸਨ। ਉਸ ਵੇਲੇ ਦੀਆਂ ਦੂਜੀਆਂ ਯੂਨੀਅਨਾਂ ਜਿਵੇਂ ਖਾਣਾਂ, ਮੈਟਲ ਵਰਕਜ਼, ਅਤੇ ਸ਼ਿੱਪ ਯਾਰਡ, ਲਾਂਗਸ਼ੋਅਰਮੈਨ, ਵਿੱਚ ਵੀ ਕਮਿਊਨਿਸਟਾਂ ਦਾ ਬਹੁਤ ਪ੍ਰਭਾਵ ਸੀ। ਉਸ ਵੇਲੇ ਦੇ ਮਸ਼ਹੂਰ ਕਮਿਊਨਿਸਟ ਲੀਡਰ ਨਾਈਜਲ ਮੋਰਗਨ ਅਤੇ ਹੈਰਲਡ ਪਰਿਚਟ ਬੀ ਸੀ ਵਿੱਚ ਆਈ ਡਬਲਯੂ ਏ ਨੂੰ ਸਥਾਪਤ ਕਰਨ ਵਾਸਤੇ ਕੰਮ ਕਰ ਰਹੇ ਸਨ।
ਦਰਸ਼ਨ ਸਿੰਘ ਪਾਰਟੀ ਦਾ ਮੈਂਬਰ ਹੋਣ ਕਰਕੇ ਪਾਰਟੀ ਦੀਆਂ ਸਰਗਰਮੀਆਂ ਵਿੱਚ ਪੂਰਾ ਹਿੱਸਾ ਲੈਂਦਾ ਸੀ ਅਤੇ ਉਸਦਾ ਅਕਸਰ ਵਿਕਟੋਰੀਆ ਤੋਂ ਵੈਨਕੂਵਰ ਆਉਣਾ ਜਾਣਾ ਰਹਿੰਦਾ ਸੀ। ਅਜਿਹੇ ਹੀ ਇੱਕ ਮੌਕੇ ਜਦੋਂ ਉਹ ਪਾਰਟੀ ਦੇ ਕਿਸੇ ਕੰਮ ਵੈਨਕੂਵਰ ਆਇਆ ਹੋਇਆ ਸੀ ਅਤੇ ਪੈਂਡਰ ਸਟਰੀਟ ਦੇ ਇੱਕ ਸਸਤੇ ਜਿਹੇ ਹੋਟਲ ਵਿੱਚ ਠਹਿਰਿਆ ਹੋਇਆ ਸੀ ਤਾਂ ਪਾਰਟੀ ਦੇ ਲੀਡਰ ਨਾਈਜਲ ਮੋਰਗਨ ਨੇ ਉਸ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਨਾਈਜਲ ਮੋਰਗਨ ਨੇ ਦਰਸ਼ਨ ਸਿੰਘ ਨੂੰ ਦੱਸਿਆ ਕਿ ਪਾਰਟੀ ਵਲੋਂ ਲੱਕੜ ਦੀ ਸਨਅਤ ਦੇ ਮਜ਼ਦੂਰਾਂ ਨੂੰ ਆਈ ਡਬਲਯੂ ਏ ਵਿੱਚ ਜਥੇਬੰਦ ਕਰਨ ਦੀ ਕੋਸ਼ਸ਼ ਇੱਕ ਮੁਹਿੰਮ ਦੇ ਤੌਰ ਉੱਤੇ ਚਲਾਈ ਜਾ ਰਹੀ ਹੈ। ਉਸਨੇ ਕਿਹਾ ਕਿ ਇਸ ਕੰਮ ਵਿੱਚ ਇੱਕ ਵਿਸ਼ੇਸ਼ ਮੁਸ਼ਕਲ ਉਨ੍ਹਾਂ ਨੂੰ ਇਹ ਆ ਰਹੀ ਹੈ ਕਿ ਉਹ ਜਪਾਨੀ, ਚੀਨੇ ਅਤੇ ਭਾਰਤੀ ਮਜ਼ਦੂਰਾਂ ਤੱਕ ਨਹੀਂ ਪਹੁੰਚ ਪਾ ਰਹੇ। ਉਹਨੇ ਕਿਹਾ ਕਿ ਜੇ ਅਸੀਂ ਗੋਰਿਆਂ ਨੂੰ ਜਥੇਬੰਦ ਕਰ ਵੀ ਲਈਏ ਤਾਂ ਵੀ ਗੱਲ ਅੱਧ ਵਿਚਾਲੇ ਹੀ ਰਹਿ ਜਾਂਦੀ ਹੈ। ਇਸ ਕਰਕੇ ਉਨ੍ਹਾਂ ਨੂੰ ਦਰਸ਼ਨ ਸਿੰਘ ਦੀ ਮਦਦ ਦੀ ਖਾਸ ਤੌਰ ਉੱਤੇ ਜ਼ਰੂਰਤ ਸੀ। ਇਸ ਤਰ੍ਹਾਂ ਆਈ ਡਬਲਿਊ ਏ ਦੇ ਲੀਡਰ ਨਾਈਜਲ ਮੌਰਗਨ ਨੇ ਦਰਸ਼ਨ ਸਿੰਘ ਨੂੰ ਯੂਨੀਅਨ ਵਿੱਚ ਕੰਮ ਕਰਨ ਦਾ ਸੱਦਾ ਦਿੱਤਾ। ਉਸ ਨੇ ਇਹ ਸੱਦਾ ਸਵੀਕਾਰ ਕਰਕੇ ਕਨੇਡਾ ਦੀ ਟਰੇਡ ਯੂਨੀਅਨ ਲਹਿਰ ਵਿੱਚ ਆਪਣੀ ਸਰਗਰਮੀ ਦੀ ਸ਼ੁਰੂਆਤ ਕੀਤੀ। ਅਗਲੇ ਜਿੰਨੇ ਵਰ੍ਹੇ ਉਹ ਕਨੇਡਾ ਵਿੱਚ ਰਿਹਾ ਸਰਗਰਮੀ ਨਾਲ ਪਾਰਟੀ ਦੇ ਕੰਮਾਂ ਦੇ ਨਾਲ ਨਾਲ ਯੂਨੀਅਨ ਦਾ ਇੱਕ ਸਰਗਰਮ ਜਥੇਬੰਦਕ ਰਿਹਾ।
ਯੂਨੀਅਨ ਜਥੇਬੰਦੀ ਦਾ ਕੰਮ
ਦਰਸ਼ਨ ਸਿੰਘ ਨੇ 1941 ਵਿੱਚ ਭਾਰਤੀਆਂ ਵਿੱਚ ਯੂਨੀਅਨ ਜਥੇਬੰਦ ਕਰਨ ਦਾ ਕੰਮ ਸ਼ੁਰੂ ਕੀਤਾ। ਉਸ ਸਮੇਂ ਭਾਰਤੀ ਲੋਕਾਂ ਵਿੱਚ ਯੂਨੀਅਨ ਦਾ ਬਹੁਤਾ ਪ੍ਰਭਾਵ ਨਹੀਂ ਸੀ। ਇਸਦੇ ਕਈ ਕਾਰਨ ਸਨ। ਭਾਰਤੀ ਮਜ਼ਦੂਰ ਪਿਛਲੀਆਂ ਰਿਸ਼ਤੇਦਾਰੀਆਂ ਅਤੇ ਇਲਾਕੇਬਾਜ਼ੀਆਂ ਕਰਕੇ ਬਹੁਤ ਵਾਰੀ ਮਿੱਲ ਮਾਲਕਾਂ ਨਾਲ ਨੇੜਤਾ ਰੱਖਦੇ ਸਨ। ਬਹੁਤੇ ਭਾਰਤੀ ਮਜ਼ਦੂਰ ਪਿੰਡਾਂ ਵਿੱਚੋਂ ਜਾਂ ਕੁਝ ਦੇਰ ਫੌਜ ਵਿੱਚ ਨੌਕਰੀ ਕਰ ਕੇ ਆਏ ਸਨ ਉਨ੍ਹਾਂ ਵਾਸਤੇ ਯੂਨੀਅਨ ਦਾ ਵਿਚਾਰ ਇੱਕ ਨਵੀਂ ਗੱਲ ਸੀ। ਦੂਜਾ ਜੋ ਕੁਝ ਉਨ੍ਹਾਂ ਨੇ ਯੂਨੀਅਨ ਸੰਬੰਧੀ ਇੱਧਰ ਸੁਣ ਰੱਖਿਆ ਸੀ ਉਹਦੇ ਨਾਲ ਉਨ੍ਹਾਂ ਦੇ ਮਨਾਂ ਅੰਦਰ ਯੂਨੀਅਨ ਸੰਬੰਧੀ ਅਨੇਕਾਂ ਕਿਸਮਾਂ ਦੇ ਡਰ ਵੱਸ ਗਏ ਸਨ। ਉੱਤਰੀ ਅਮਰੀਕਾ ਦੇ ਬਾਕੀ ਹਿੱਸਿਆਂ ਵਾਂਗ ਬੀ ਸੀ ਵਿੱਚ ਵੀ ਇਸ ਸਦੀ ਦੇ ਪਹਿਲੇ ਦਹਾਕਿਆਂ ਦੌਰਾਨ ਸਨਅਤ ਦੇ ਵੱਖਰੇ ਵੱਖਰੇ ਖਿੱਤਿਆਂ ਵਿੱਚ ਮਜ਼ਦੂਰਾਂ ਨੂੰ ਜਥੇਬੰਦ ਕਰਨ ਵਾਲਿਆਂ ਉੱਪਰ ਬੜਾ ਤਸ਼ੱਦਦ ਹੁੰਦਾ ਰਿਹਾ ਸੀ। ਮਿੱਲ ਮਾਲਕਾਂ ਦੇ ਗੁੰਡਿਆਂ ਵਲੋਂ ਜਾਂ ਪੁਲੀਸ ਵਲੋਂ ਮਜ਼ਦੂਰਾਂ ਨੂੰ ਜਥੇਬੰਦ ਕਰਨ ਵਾਲਿਆਂ ਨੂੰ ਧਮਕੀਆਂ ਦੇਣੀਆਂ ਉਨ੍ਹਾਂ ਦੀ ਮਾਰ ਕੁਟਾਈ ਕਰ ਦੇਣੀ ਆਮ ਗੱਲ ਸੀ। ਮਾਲਕਾਂ ਅਤੇ ਪੁਲੀਸ ਵਲੋਂ ਮਿਲ਼ ਕੇ ਯੂਨੀਅਨ ਦੇ ਬੰਦਿਆਂ ਨੂੰ ਝੂਠੇ ਕੇਸਾਂ ਵਿੱਚ ਫਸਾ ਦੇਣਾ ਅਤੇ ਸਜਾਵਾਂ ਕਰਵਾ ਦੇਣੀਆਂ। ਅਤੇ ਜ਼ਿਆਦਾ ਅਸਰ ਰਸੂਖ ਵਾਲੇ ਯੂਨੀਅਨ ਆਰਗੇਨਾਈਜ਼ਰਾਂ ਦੀ ਹੱਤਿਆ ਕਰਨ ਤੱਕ ਘਟਨਾਵਾਂ ਹੋ ਜਾਂਦੀਆਂ ਸਨ। ਯੂਨੀਅਨ ਦੇ ਇਸ ਕਿਸਮ ਦੇ ਤਜਰਬੇ ਦੀਆਂ ਕਹਾਣੀਆਂ ਭਾਰਤੀ ਮਜ਼ਦੂਰਾਂ ਨੇ ਵੀ ਸੁਣੀਆਂ ਹੋਈਆਂ ਸਨ ਅਤੇ ਉਨ੍ਹਾਂ ਦੇ ਮਨਾਂ ਅੰਦਰ ਕਈ ਕਿਸਮ ਦੇ ਡਰ ਅਤੇ ਵਹਿਮ ਵੜੇ ਹੋਏ ਸਨ। ਪਰ ਦਰਸ਼ਨ ਦੇ ਦੱਸਣ ਅਨੁਸਾਰ ਦੂਜੀ ਵੱਡੀ ਲੜਾਈ ਦੌਰਾਨ ਅਤੇ ਇਸ ਤੋਂ ਬਾਅਦ ਹਾਲਾਤ ਏਨੇ ਮਾੜੇ ਨਹੀਂ ਸਨ। ਇਸ ਦਾ ਇੱਕ ਵੱਡਾ ਕਾਰਨ ਇਹ ਸੀ ਕਿ ਉਸ ਵੇਲੇ ਮਜ਼ਦੂਰਾਂ ਦੀ ਕਾਫੀ ਘਾਟ ਸੀ। ਪਰ ਫਿਰ ਵੀ ਭਾਰਤੀ ਲੋਕਾਂ ਵਿੱਚ ਯੂਨੀਅਨ ਜਥੇਬੰਦ ਕਰਨ ਲਈ ਜ਼ਰੂਰੀ ਸੀ ਕਿ ਲੋਕਾਂ ਦੇ ਮਨਾਂ ਵਿੱਚੋਂ ਇਸ ਤਰ੍ਹਾਂ ਦੇ ਵਿਚਾਰਾਂ ਅਤੇ ਸੰਸਿਆਂ ਨੂੰ ਕੱਢਿਆ ਜਾਵੇ। ਇਨ੍ਹਾਂ ਵਿਚਾਰਾਂ ਨੂੰ ਦੂਰ ਕਰਨ ਲਈ ਉਸ ਨੇ ਭਾਰਤੀ ਲੋਕਾਂ ਨੂੰ ਯੂਨੀਅਨ ਦੇ ਫਾਇਦਿਆਂ ਅਤੇ ਕੰਮਾਂ ਉੱਤੇ ਗੈਰ-ਗੋਰੇ ਲੋਕਾਂ ਨਾਲ ਹੁੰਦੇ ਵਿਤਕਰਿਆਂ ਬਾਰੇ ਜਾਣੂ ਕਰਾਉਣਾ ਸ਼ੁਰੂ ਕੀਤਾ।
ਉਸ ਨੇ ਪਹਿਲਾਂ ਵੈਨਕੂਵਰ ਆਈਲੈਂਡ ਦੀਆਂ ਮਿੱਲਾਂ ਵਿੱਚ, ਜਿੱਥੇ ਹਿੰਦੁਸਤਾਨੀ ਲੋਕ ਜ਼ਿਆਦਾ ਗਿਣਤੀ ਵਿੱਚ ਕੰਮ ਕਰਦੇ ਸਨ, ਜਾ ਕੇ ਜਥੇਬੰਦੀ ਦਾ ਕੰਮ ਸ਼ੁਰੂ ਕੀਤਾ। ਸੱਭ ਤੋਂ ਪਹਿਲਾਂ ਉਸ ਨੇ ਮੇਓ ਦੀ ਮਿੱਲ ਵਿੱਚ ਮਜ਼ਦੂਰਾਂ ਨਾਲ ਤਾਲ ਮੇਲ ਕੀਤਾ। ਇਸ ਮਿੱਲ ਵਿੱਚ ਉਸ ਵੇਲੇ ਢਾਈ ਕੁ ਸੌ ਬੰਦਾ ਕੰਮ ਕਰਦਾ ਸੀ। ਉਸ ਵਿੱਚ ਚਾਲੀ ਪੰਜਾਹ ਗੋਰੇ ਸਨ ਜੋ ਸਕਿੱਲਡ ਕੰਮਾਂ ਉੱਪਰ ਸਨ ਜਿਵੇਂ ਆਰੇ ਚਲਾਉਣ ਆਦਿ ਦੇ ਕੰਮ ਅਤੇ ਬਾਕੀ ਫੱਟੇ ਖਿੱਚਣ ਵਰਗੇ ਕੰਮਾਂ ਉੱਪਰ ਚੀਨੇ ਅਤੇ ਭਾਰਤੀ ਕਾਮੇ ਸਨ। ਸ਼ੁਰੂ ਸ਼ੁਰੂ ਵਿੱਚ ਦਰਸ਼ਨ ਸਿਰਫ ਜਾਣੇ ਪਹਿਚਾਣੇ ਅਗਾਂਹਵਧੂ ਸੋਚ ਰੱਖਣ ਵਾਲੇ ਬੰਦਿਆਂ ਨਾਲ ਹੀ ਗੱਲ ਬਾਤ ਕਰਦਾ। ਹੌਲੀ ਹੌਲੀ 1942-43 ਵਿੱਚ ਜਾ ਕੇ ਕੁਝ ਖੁੱਲ੍ਹੀਆਂ ਮੀਟਿੰਗਾਂ ਵਗੈਰਾ ਕਰਨ ਤੱਕ ਗੱਲ ਪਹੁੰਚੀ।
ਮਜ਼ਦੂਰਾਂ ਨਾਲ ਯੂਨੀਅਨ ਬਾਰੇ ਗੱਲਬਾਤ ਕਰਨੀ ਮੁਸ਼ਕਲ ਸੀ। ਵੱਡੀ ਮੁਸ਼ਕਲ ਸੀ ਕਿ ਇਹ ਗੱਲਬਾਤ ਕਿੱਥੇ ਕੀਤੀ ਜਾਵੇ। ਮਜ਼ਦੂਰ ਬੰਕ ਹਾਊਸਾਂ ਵਿੱਚ ਰਹਿੰਦੇ ਸਨ ਜਿਹੜੇ ਅਕਸਰ ਮਿੱਲ ਦੇ ਨਜ਼ਦੀਕ ਹੀ ਮਿੱਲ ਮਾਲਕ ਦੀ ਪ੍ਰਾਪਰਟੀ ਵਿੱਚ ਹੁੰਦੇ ਸਨ। ਉੱਥੇ ਗੱਲਬਾਤ ਕਰਨੀ ਸੰਭਵ ਨਹੀਂ ਸੀ ਹੁੰਦੀ। ਕਮਿਊਨਿਟੀ ਦੀ ਮਿਲਣ ਵਾਲੀ ਥਾਂ ਗੁਰਦਵਾਰੇ ਹੀ ਸਨ ਅਤੇ ਉਹ ਥਾਂ ਯੂਨੀਅਨ ਦੇ ਕੰਮਾਂ ਵਾਸਤੇ ਨਹੀਂ ਸੀ ਵਰਤੀ ਜਾ ਸਕਦੀ ਕਿਉਂਕਿ ਗੁਰਦਵਾਰਿਆਂ ਵਿੱਚ ਮਿੱਲ ਮਾਲਕਾਂ ਦਾ ਜ਼ਿਆਦਾ ਅਸਰ ਰਸੂਖ ਹੁੰਦਾ ਸੀ। ਸੋ ਯੂਨੀਅਨ ਦੀ ਗੱਲਬਾਤ ਮਜ਼ਦੂਰਾਂ ਨਾਲ ਲੁਕ ਛਿਪ ਕੇ ਕਰਨੀ ਪੈਂਦੀ ਸੀ। ਪਰ ਜਿਵੇਂ ਜਿਵੇਂ ਮਜ਼ਦੁਰਾਂ ਵਿੱਚ ਦਰਸ਼ਨ ਦੇ ਕੰਮ ਦਾ ਅਸਰ ਵਧਿਆ ਉਹ ਕਾਫੀ ਵੱਡੀ ਪੱਧਰ ਉੱਤੇ ਖੁੱਲ੍ਹੀਆਂ ਮੀਟਿੰਗਾਂ ਕਰਨ ਵਿੱਚ ਵੀ ਕਾਮਯਾਬ ਹੋਣ ਲੱਗਾ।
ਸੰਨ 1945 ਵਿੱਚ ਵਾਪਰੀ ਇੱਕ ਘਟਨਾ ਇਸ ਸਥਿਤੀ ਨੂੰ ਦਰਸਾਉਣ ਵਿੱਚ ਸਹਾਈ ਹੋ ਸਕਦੀ ਹੈ। ਦਰਸ਼ਨ ਸਿੰਘ ਵਲੋਂ ਯੂਬੋ ਦੇ ਮਜ਼ਦੂਰਾਂ ਨਾਲ ਉਨ੍ਹਾਂ ਦੇ ਬੰਕ ਹਾਊਸ ਵਿੱਚ ਇੱਕ ਮੀਟਿੰਗ ਕੀਤੀ ਜਾ ਰਹੀ ਸੀ। ਉੱਪਰੋਂ ਮਿੱਲ ਦਾ ਸੁਪਰਡੈਂਟ ਆ ਗਿਆ। ਉਸ ਨੇ ਮੀਟਿੰਗ ਉੱਤੇ ਕਿੰਤੂ ਕੀਤਾ ਅਤੇ ਦਰਸ਼ਨ ਨੂੰ ਉੱਥੋਂ ਆਪਣੀ ਕਾਰ ਵਿੱਚ ਬਿਠਾ ਕੇ ਕੁਝ ਦੂਰ ਆਪਣੇ ਦਫਤਰ ਵਿੱਚ ਲੈ ਗਿਆ। ਉਹ ਦਰਸ਼ਨ ਨੂੰ ਉੱਥੋਂ ਚਲੇ ਜਾਣ ਨੂੰ ਕਹਿ ਰਿਹਾ ਸੀ। ਜਦੋਂ ਦਰਸ਼ਨ ਅਤੇ ਸੁਪਰਡੈਂਟ ਬਹਿਸ ਕਰਦੇ ਦਫਤਰ ਵਿੱਚੋਂ ਬਾਹਰ ਨਿਕਲੇ ਤਾਂ ਦੇਖਿਆ ਕਿ ਦਫਤਰ ਦੇ ਬਾਹਰ ਸੱਠ ਸੱਤਰ ਮਜ਼ਦੂਰ ਵਰਦੇ ਮੀਂਹ ਵਿੱਚ ਖੜ੍ਹੇ ਸਨ। ਮਜ਼ਦੂਰਾਂ ਨੇ ਇੱਕ ਆਵਾਜ਼ ਵਿੱਚ ਸੁਪਰਡੈਂਟ ਨੂੰ ਕਿਹਾ ਕਿ ਜੇ ਦਰਸ਼ਨ ਏਥੋਂ ਜਾਵੇਗਾ ਤਾਂ ਅਸੀਂ ਵੀ ਉਹਦੇ ਨਾਲ ਹੀ ਚਲੇ ਜਾਵਾਂਗੇ। ਇਹ ਸੁਣ ਕੇ ਸੁਪਰਡੈਂਟ ਘਬਰਾ ਗਿਆ ਕਿਉਂਕਿ ਜੇ ਏਨੇ ਸਾਰੇ ਕਾਮੇ ਇਕੋ ਸਮੇਂ ਚਲੇ ਜਾਣ ਤਾਂ ਦੂਜੇ ਦਿਨ ਮਿੱਲ ਚੱਲਣੀ ਸੰਭਵ ਨਹੀਂ ਸੀ। ਸੁਪਰਡੈਂਟ ਨੇ ਦਰਸ਼ਨ ਸਿੰਘ ਨੂੰ ਦੋਬਾਰਾ ਕਾਰ ਵਿੱਚ ਬੈਠਾ ਕੇ ਬੰਕ ਹਾਊਸ ਵਿੱਚ ਛੱਡ ਦਿੱਤਾ। ਭਾਰਤੀ ਮਜ਼ਦੂਰਾਂ ਦੇ ਦਿਲਾਂ ਵਿੱਚ ਇਸ ਗੱਲ ਦਾ ਬਹੁਤ ਵਧੀਆ ਅਸਰ ਪਿਆ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਨੇ ਕੋਈ ਮਹੱਤਵਪੂਰਨ ਜਿੱਤ ਜਿੱਤੀ ਹੈ। ਇਸ ਘਟਨਾ ਬਾਰੇ ਆਲੇ ਦੁਆਲੇ ਦੀਆਂ ਮਿੱਲਾਂ ਵਿੱਚ ਵੀ ਗੱਲ ਫੈਲ ਗਈ। ਹਰ ਪਾਸੇ ਭਾਰਤੀ ਮਜ਼ਦੂਰਾਂ ਨੇ ਇੱਕ ਵੱਖਰੀ ਕਿਸਮ ਦਾ ਆਤਮ ਵਿਸ਼ਵਾਸ ਮਹਿਸੂਸ ਕੀਤਾ।9
ਦਰਸ਼ਨ ਸਿੰਘ ਦਾ ਆਈ ਡਬਲਯੂ ਏ ਵਿੱਚ ਕੰਮ ਸਿਰਫ ਪੰਜਾਬੀ ਮਜ਼ਦੂਰਾਂ ਨੂੰ ਜਥੇਬੰਦ ਕਰਨ ਤੱਕ ਹੀ ਸੀਮਤ ਨਹੀਂ ਸੀ। ਜਿਵੇਂ ਪਹਿਲਾਂ ਕਿਹਾ ਗਿਆ ਹੈ ਕਿ ਉਹ ਪੰਜਾਬੀ ਵਿੱਚ ਹੀ ਨਹੀਂ ਅੰਗਰੇਜ਼ੀ ਵਿੱਚ ਵੀ ਬਹੁਤ ਵਧੀਆ ਬੁਲਾਰਾ ਸੀ। ਉਹ ਵਿਕਟੋਰੀਆ ਲੋਕਲ ਦਾ ਰੀਕਾਰਡਿੰਗ ਸਕੱਤਰ ਸੀ ਅਤੇ ਡਿਸਟਰਿਕਟ ਕਾਊਂਸਲ ਦਾ ਟਰੱਸਟੀ। ਉਸ ਨੇ ਬੀ ਸੀ ਦੀ ਲੱਕੜ ਦੀ ਸਨਅਤ ਵਿੱਚ ਕੰਮ ਕਰਨ ਵਾਲੇ ਸਾਰੇ ਮਜ਼ਦੂਰਾਂ ਨੂੰ ਆਪਣੀ ਸਿਆਸੀ ਸੂਝ ਅਤੇ ਸਪੱਸ਼ਟ ਵਿਚਾਰਾਂ ਨਾਲ ਪ੍ਰਭਾਵਤ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਵਿਚਲੇ ਰੰਗਾਂ, ਨਸਲਾਂ ਦੇ ਪਏ ਫਰਕਾਂ ਨੂੰ ਮਿਟਾ ਕੇ ਸਾਂਝੇ ਨਿਸ਼ਾਨੇ ਲਈ ਇੱਕ ਲੜੀ ਵਿੱਚ ਜਥੇਬੰਦ ਹੋਣ ਲਈ ਪ੍ਰੇਰਿਆ। ਕਰੇਗ ਪਰਿਚਟ ਅਨੁਸਾਰ "ਆਈ ਡਬਲਯੂ ਨੇ ਖੱਬੀ ਸਿਆਸਤ ਤੋਂ ਮਿਲੀ ਸੂਝ ਵਰਤ ਕੇ ਮਾਲਕਾਂ ਦੀਆਂ ਉਨ੍ਹਾਂ ਚਾਲਾਂ ਨੂੰ ਪਿਛਾੜਿਆ ਜਿਨ੍ਹਾਂ ਨਾਲ ਉਹ ਕਾਮਿਆਂ ਨੂੰ ਆਪਸ ਵਿੱਚ ਪਾੜ ਕੇ ਰੱਖਦੇ ਸਨ। ਅਤੇ ਇਸ ਕੰਮ ਵਿੱਚ ਵਿਸ਼ੇਸ਼ ਤੌਰ ਉੱਤੇ ਹਿੱਸਾ ਪਾਉਣ ਵਾਲੇ ਸਨ ਦਰਸ਼ਨ ਸਿੰਘ।"10
ਬੀ ਸੀ ਦੀ ਆਈ ਡਬਲਯੂ ਦੇ ਇਤਿਹਾਸ ਵਿੱਚ 1946 ਵਿੱਚ ਹੋਈ ਹੜਤਾਲ ਨੂੰ ਫੈਸਲਾਕੁੰਨ ਹੜਤਾਲ ਮੰਨਿਆ ਜਾਂਦਾ ਹੈ। ਇਹ ਹੜਤਾਲ 15 ਮਈ, 1946 ਨੂੰ ਸ਼ੁਰੂ ਹੋਈ ਅਤੇ ਸੈਂਤੀ ਦਿਨਾਂ ਮਗਰੋਂ ਲੱਕੜ ਦੀ ਸਨਅਤ ਦੇ ਕਾਮਿਆਂ ਦੀ ਵੱਡੀ ਜਿੱਤ ਨਾਲ ਖਤਮ ਹੋਈ। ਅੱਠ ਘੰਟੇ ਦੇ ਦਿਨ ਦਾ ਹੱਕ, ਤਨਖਾਹ 'ਚ ਵਾਧਾ, ਨਸਲ ਆਧਾਰਤ ਨਾਬਰਾਬਰਤਾ ਦਾ ਖਾਤਮਾ ਅਤੇ ਹੋਰ ਅਨੇਕਾਂ ਮਹੱਤਵਪੂਰਨ ਜਿੱਤਾਂ ਇਸ ਹੜਤਾਲ ਨਾਲ ਪ੍ਰਾਪਤ ਹੋਈਆਂ। ਇਸ ਹੜਤਾਲ ਨਾਲ ਬੀ ਸੀ ਵਿੱਚ ਆਈ ਡਬਲਯੂ ਏ ਆਪਣੇ ਪੱਕੇ ਪੈਰਾਂ ਉੱਤੇ ਹੋ ਗਈ। ਇਸ ਹੜਤਾਲ ਤੱਕ ਯੂਨੀਅਨ ਨੂੰ ਤਿਆਰ ਕਰਨ ਵਿੱਚ ਦਰਸ਼ਨ ਸਿੰਘ ਨੇ ਯੂਨੀਅਨ ਦੇ ਮੋਢੀ ਲੀਡਰਾਂ ਜਿਵੇਂ ਨਾਈਜਲ ਮੋਰਗਨ, ਹੈਰਲਡ ਪਰਿਚਟ ਅਤੇ ਅਰਨੀ ਡਾਲਸਕੌਗ ਆਦਿ ਨਾਲ ਮਿਲ਼ ਕੇ ਮਹੱਤਵਪੂਰਨ ਰੋਲ ਅਦਾ ਕੀਤਾ। ਹੜਤਾਲ ਖਤਮ ਹੋਣ ਉੱਤੇ ਯੂਨੀਅਨ ਵਲੋਂ ਨਿਊਵੈਸਟ ਵਿੱਚ ਇੱਕ ਵੱਡੀ ਮੀਟਿੰਗ ਕੀਤੀ ਗਈ। ਉਸ ਮੀਟਿੰਗ ਵਿੱਚ ਚਾਰ ਹਜ਼ਾਰ ਯੂਨੀਅਨ ਦਾ ਮੈਂਬਰ ਸ਼ਾਮਲ ਸੀ। ਦਰਸ਼ਨ ਸਿੰਘ ਉਸ ਮੀਟਿੰਗ ਦੇ ਬੁਲਾਰਿਆਂ ਵਿੱਚੋਂ ਇੱਕ ਮੁੱਖ ਬੁਲਾਰਾ ਸੀ। ਉਸ ਨੇ ਹੜਤਾਲ ਦੌਰਾਨ ਜਿੱਤੀਆਂ ਮਹੱਤਵਪੂਰਨ ਜਿੱਤਾਂ ਸੰਬੰਧੀ ਰਿਪੋਰਟ ਪੇਸ਼ ਕੀਤੀ।
ਏਸੇ ਸਾਲ (1946) ਦੇ ਸ਼ੁਰੂ ਵਿੱਚ ਕਨੇਡੀਅਨ ਲੇਬਰ ਕਾਊਂਸਲ (ਸੀ ਐਲ ਸੀ) ਦਾ ਅਜਲਾਸ ਟਰਾਂਟੋ ਵਿੱਚ ਹੋਇਆ। ਦਰਸ਼ਨ ਸਿੰਘ ਨੇ ਉਸ ਵਿੱਚ ਬੀ ਸੀ ਦੇ ਇੱਕ ਡੈਲੀਗੇਟ ਦੇ ਤੌਰ ਉੱਤੇ ਸ਼ਮੂਲੀਅਤ ਕੀਤੀ। ਕਨਵੈਨਸ਼ਨ ਵਿੱਚ ਉਸ ਨੇ ਕਨੇਡਾ ਭਰ ਵਿੱਚ ਟਰੇਡ ਯੂਨੀਅਨ ਦੀ ਏਕਤਾ ਬਾਰੇ ਇੱਕ ਮਤਾ ਪੇਸ਼ ਕੀਤਾ ਜੋ ਉਸ ਵੇਲੇ ਆਪਣੇ ਆਪ ਵਿੱਚ ਇੱਕ ਅਹਿਮ ਮਤਾ ਸੀ। ਦਰਸ਼ਨ ਸਿੰਘ ਵਲੋਂ ਪੇਸ਼ ਕੀਤੇ ਮਤੇ ਦੀ ਸਾਡੇ ਵਾਸਤੇ ਇੱਕ ਵੱਖਰੀ ਕਿਸਮ ਦੀ ਮਹੱਤਤਾ ਹੈ। ਇਹ ਤੱਥ ਸਾਨੂੰ ਇਸ ਗੱਲ ਦਾ ਅਹਿਸਾਸ ਕਰਾਉਂਦਾ ਹੈ ਕਿ ਦਰਸ਼ਨ ਸਿੰਘ ਨੇ ਮਜ਼ਦੂਰ ਲਹਿਰ ਵਿੱਚ ਆਪਣਾ ਯੋਗਦਾਨ ਸਿਰਫ ਬੀ ਸੀ ਪੱਧਰ ਉੱਤੇ ਹੀ ਨਹੀਂ ਸਗੋਂ ਕਨੇਡਾ ਦੀ ਪੱਧਰ ਉੱਤੇ ਵੀ ਪਾਇਆ।
ਇਸੇ ਤਰ੍ਹਾਂ ਹੀ ਸਾਲ 1946 ਵਿੱਚ ਦਰਸ਼ਨ ਬੀ ਸੀ ਦੇ ਨਾਲ ਲੱਗਦੇ ਸੂਬੇ ਅਲਬਰਟਾ ਵਿੱਚ ਆਈ ਡਬਲਿਉ ਏ ਦਾ ਪ੍ਰਚਾਰ ਕਰਨ ਗਿਆ। ਇਸ ਦੌਰੇ ਤੋਂ ਵਾਪਸ ਆ ਕੇ ਦਰਸ਼ਨ ਸਿੰਘ ਨੇ ਯੂਨੀਅਨ ਦੀ ਅਖਬਾਰ ਵਿੱਚ ਆਪਣੇ ਵਿਚਾਰ ਲਿਖੇ। ਉਸਦੇ ਇਹ ਵਿਚਾਰ 4 ਨਵੰਬਰ 1946 ਦੇ ਬੀ ਸੀ ਲੰਬਰ ਵਰਕਰ ਵਿੱਚਲੇ ਉਸਦੇ ਲੇਖ, ਅਲਬਰਟਾ ਵਰਕਰਜ਼ ਵੈਲਕਮ ਆਈ ਡਬਲਯੂ ਏ ਵਿੱਚ ਛਪੇ।11 ਦਰਸ਼ਨ ਸਿੰਘ ਉਸ ਵੇਲੇ ਆਈ ਡਬਲਯੂ ਏ ਦਾ ਇੰਟਰਨੈਸ਼ਨਲ ਟਰੱਸਟੀ ਸੀ। ਇਸ ਲੇਖ ਵਿੱਚ ਦਰਸ਼ਨ ਨੇ ਅਲਬਰਟਾ ਦੀ ਲੱਕੜ ਦੀ ਸਨਅਤ ਵਿੱਚ ਕੰਮ ਕਰਨ ਵਾਲੇ ਕਾਮਿਆਂ ਦੀ ਕੰਮ ਦੀਆਂ ਹਾਲਤਾਂ, ਘੱਟ ਤਨਖਾਹਾਂ ਅਤੇ ਕਾਮਿਆਂ ਦੇ ਰਹਿਣ ਵਾਲੇ ਕੈਂਪਾਂ ਵਿੱਚ ਮਾੜੀਆਂ ਹਾਲਤਾਂ ਦਾ ਜ਼ਿਕਰ ਕੀਤਾ ਹੈ। ਇਸਦੇ ਨਾਲ ਹੀ ਉਸਨੇ ਆਸ ਬਝਾਈ ਹੈ ਕਿ ਆਈ ਡਬਲਿਊ ਏ ਛੇਤੀਂ ਇਨ੍ਹਾਂ ਕਾਮਿਆਂ ਨੂੰ ਜਥੇਬੰਦ ਕਰਨ ਵਿੱਚ ਕਾਮਯਾਬ ਹੋ ਜਾਵੇਗੀ। ਉਹ ਲਿਖਦਾ ਹੈ, "ਇਹ ਸਿਰਫ ਥੋੜੇ ਸਮੇਂ ਦੀ ਹੀ ਗੱਲ ਹੈ ਕਿ ਅਲਬਰਟਾ ਦੇ ਹਜ਼ਾਰਾਂ ਕਾਮੇ ਆਈ ਡਬਲਿਊ ਏ ਵਿੱਚ ਸ਼ਾਮਲ ਹੋ ਜਾਣਗੇ ਅਤੇ (ਆਪਣੇ ਲਈ) ਚੰਗੀਆਂ ਤਨਖਾਹਾਂ, ਕੰਮ ਦੇ ਘੱਟ ਘੰਟੇ, ਕੰਮ ਕਰਨ ਅਤੇ ਰਹਿਣ ਦੀਆਂ ਚੰਗੀਆਂ ਹਾਲਤਾਂ ਅਤੇ ਨੌਕਰੀ ਦੀ ਸੁਰੱਖਿਆ ਜਿੱਤਣ ਵਿੱਚ ਕਾਮਯਾਬ ਹੋ ਜਾਣਗੇ।"12
ਇਸ ਲੇਖ ਦੇ ਸ਼ੁਰੂ ਵਿੱਚ ਅਖਬਾਰ ਦੇ ਐਡੀਟਰ ਤੇ ਮਸ਼ਹੂਰ ਕਮਿਊਨਿਸਟ ਲੀਡਰ ਨਾਈਜਲ ਮੋਰਗਨ ਨੇ ਦਰਸ਼ਨ ਸਿੰਘ ਬਾਰੇ ਇੱਕ ਛੋਟਾ ਜਿਹਾ ਸੰਪਾਦਕੀ ਨੋਟ ਲਿਖਿਆ ਹੈ। ਇਹ ਨੋਟ ਅਲਬਰਟਾ ਵਿੱਚ ਆਈ ਡਬਲਿਊ ਏ ਲਈ ਦਰਸ਼ਨ ਦੇ ਕੰਮ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਾ ਹੈ। ਇਸ ਨੋਟ ਵਿੱਚ ਉਸ ਨੇ ਲਿਖਿਆ ਹੈ: "ਬਰੱਦਰ ਦਰਸ਼ਨ ਸਿੰਘ ਹੁਣੇ ਜਿਹੇ ਪੂਰਬੀ ਸੂਬੇ ਅਲਬਰਟਾ ਦੇ ਟੂਰ ਤੋਂ ਵਾਪਸ ਆਇਆ ਹੈ ਜਿੱਥੇ ਉਹ ਅਲਬਰਟਾ ਦੇ ਲੱਕੜ ਦੀ ਸਨਅਤ ਦੇ ਕਾਮਿਆਂ ਅਤੇ ਆਈ ਡਬਲਯੂ ਏ ਵਿੱਚ ਏਕਤਾ ਕਾਇਮ ਕਰਨ ਵਾਸਤੇ ਪ੍ਰਭਾਵਸ਼ਾਲੀ ਕੰਮ ਕਰਦਾ ਰਿਹਾ ਹੈ।"13
ਲੱਕੜ ਦੀ ਸਨਅਤ ਵਿੱਚ ਕੰਮ ਕਰ ਰਹੇ ਸਮੁੱਚੇ ਮਜ਼ਦੂਰਾਂ ਤੱਕ ਪਹੁੰਚ ਕਰ ਸਕਣ ਦੀ ਯੋਗਤਾ ਕਾਰਣ ਦਰਸ਼ਨ ਸਿੰਘ ਨੇ ਆਈ ਡਬਲਿਊ ਏ ਵਿੱਚ ਇੱਕ ਮਹੱਤਵਪੂਰਨ ਥਾਂ ਬਣਾ ਲਈ ਸੀ। ਉਸਦੇ ਨਾਲ ਕੰਮ ਕਰਨ ਵਾਲੇ ਸਾਥੀਆਂ ਦੇ ਬਿਆਨ ਇਸ ਗੱਲ ਦੀ ਗਵਾਹੀ ਭਰਦੇ ਹਨ। ਉਦਾਹਰਨ ਲਈ, ਚੀਨੀ ਕਮਿਊਨਿਟੀ ਵਿੱਚੋਂ ਆਈ ਡਬਲਿਊ ਨਾਲ ਉਸ ਸਮੇਂ ਯੂਨੀਅਨ ਆਰਗੇਨਾਈਜਰ ਦਾ ਕੰਮ ਕਰ ਚੁੱਕੇ ਮਿਸਟਰ ਰੁਆਏ ਮਾਹ ਨੇ ਕਿਹਾ ਕਿ ਉਹਦੇ ਮੁਕਾਬਲੇ ਉੱਤੇ ਦਰਸ਼ਨ ਸਿੰਘ ਦਾ ਰੋਲ ਬਹੁਤ ਜ਼ਿਆਦਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ "ਮੈਂ ਤਾਂ ਸਿਰਫ ਇੱਕ ਆਰਗੇਨਾਈਜ਼ਰ ਹੀ ਸਾਂ ਪਰ ਦਰਸ਼ਨ ਸਿੰਘ ਕਈ ਵਰ੍ਹੇ ਡਿਸਟਰਕਿਟ ਕਾਊਂਸਲ ਦਾ ਟਰੱਸਟੀ ਰਿਹਾ ਸੀ ਅਤੇ ਉੱਪਰਲੀ ਲੀਡਰਸ਼ਾਪ ਦਾ ਹਿੱਸਾ ਸੀ।"14 ਏਸੇ ਤਰ੍ਹਾਂ ਮੋਨਾ ਮੋਰਗਨ ਅਤੇ ਏਮੀਲ ਬਿਓਰਨਸਨ ਦਾ ਕਹਿਣਾ ਹੈ ਕਿ ਦਰਸ਼ਨ ਸਿੰਘ ਨੇ ਆਪਣੀ ਸਿਆਸੀ ਚੇਤਨਾ ਨਾਲ ਏਥੋਂ ਦੀ ਮਜ਼ਦੂਰ ਲਹਿਰ ਵਿੱਚ ਜ਼ਿਕਰਯੋਗ ਯੋਗਦਾਨ ਪਾਇਆ ਹੈ। ਆਈ ਡਬਲਿਊ ਏ ਦੇ ਮੌਜੂਦਾ ਰੀਜਨਲ ਡਾਇਰੈਕਟਰ ਮਿਸਟਰ ਕਲੇਅ ਪੈਰੀ ਦਾ ਕਹਿਣਾ ਹੈ ਕਿ "ਦਰਸ਼ਨ ਸਿੰਘ ਮੇਰੀ ਯੂਨੀਅਨ ਦਾ ਸ਼ਿੰਗਾਰ ਸੀ, ਉਹ ਮਨੁੱਖਤਾ ਦਾ ਸ਼ਿੰਗਾਰ ਸੀ।"15 ਦਰਸ਼ਨ ਸਿੰਘ ਦੇ ਸਾਥੀਆਂ ਵਲੋਂ ਮਿਲੀ ਇਸ ਜਾਣਕਾਰੀ ਦੀ ਪੁਸ਼ਟੀ ਕਰਦੀਆਂ ਹਨ ਅਨੇਕਾਂ ਉਹ ਗਰੁੱਪ ਤਸਵੀਰਾਂ ਜੋ ਸਮੇਂ ਸਮੇਂ ਦੀ ਬੀ ਸੀ ਲੰਬਰ ਵਰਕਰ ਵਿੱਚ ਛਪਦੀਆਂ ਰਹੀਆਂ ਹਨ। ਉਦਾਹਰਨ ਵਜੋਂ ਇੱਕ ਤਸਵੀਰ ਜੋ ਮਾਰਚ 8, 1943 ਦੇ ਲੰਬਰ ਵਰਕਰ ਦੇ ਮੁੱਖ ਸਫੇ ਉੱਤੇ ਛਪੀ ਹੈ, ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਇਸ ਤਸਵੀਰ ਵਿੱਚ ਬੀ ਸੀ ਦੀ ਪੱਧਰ ਦੇ ਆਈ ਡਬਲਯੂ ਏ ਦੇ 3 ਮਾਰਚ, 1943 ਨੂੰ ਚੁਣੇ ਗਏ ਦਸ ਔਹਦੇਦਾਰ ਬੈਠੇ ਹਨ ਜਿਨ੍ਹਾਂ ਵਿੱਚ ਹੋਰਨਾਂ ਦੇ ਨਾਲ ਸ਼ਾਮਲ ਹਨ ਹੈਰਲਡ ਪਰਿਚਟ, ਅਰਨੀ ਡਾਲਸਕੌਗ, ਹਿਆਲਮਰ ਬਰਗਰਨ, ਨਾਈਜਲ ਮੋਰਗਨ ਅਤੇ ਦਰਸ਼ਨ ਸਿੰਘ ਸੰਘਾ (ਕਨੇਡੀਅਨ)। ਤਸਵੀਰਾਂ ਦੇ ਨਾਲ ਨਾਲ ਉਸਦੇ ਵੱਡਮੁੱਲੇ ਯੋਗਦਾਨ ਦੇ ਸਬੂਤ ਵਜੋਂ ਉਹ ਲੇਖ ਦੇਖੇ ਜਾ ਸਕਦੇ ਹਨ ਜੋ ਕਮਿਊਨਿਸਟ ਪਾਰਟੀ ਦੇ ਅਖਬਾਰ ਪੈਸਿਫਿਕ ਟ੍ਰਿਬਿਊਨ ਅਤੇ ਬੀ ਸੀ ਲੰਬਰ ਵਰਕਰ ਵਿੱਚ ਸਮੇਂ ਸਮੇਂ ਛਪਦੇ ਰਹੇ। ਇਨ੍ਹਾਂ ਲੇਖਾਂ ਵਿੱਚ ਉਸ ਨੇ ਮਜ਼ਦੂਰ ਲਹਿਰ ਦੇ ਮਸਲਿਆਂ ਦੇ ਨਾਲ ਨਾਲ ਅੰਤਰਰਾਸ਼ਟਰੀ ਸਮੱਸਿਆਵਾਂ ਉੱਪਰ ਅਤੇ ਭਾਰਤ ਦੀ ਅਜ਼ਾਦੀ ਉੱਪਰ ਵਿਚਾਰ ਪੇਸ਼ ਕੀਤੇ।
ਭਾਰਤ ਦੀ ਅਜ਼ਾਦੀ ਬਾਰੇ ਬੋਲਣਾ
ਕਨੇਡਾ ਦੀ ਕਮਿਊਨਿਸਟ ਪਾਰਟੀ ਅਤੇ ਮਜ਼ਦੂਰ ਲਹਿਰ ਵਿੱਚ ਆਪਣੇ ਕੰਮ ਦੌਰਾਨ ਦਰਸ਼ਨ ਸਿੰਘ ਨੇ ਕਨੇਡਾ ਦੇ ਮਜ਼ਦੂਰਾਂ ਅਤੇ ਅਗਾਂਹਵਧੂ ਲੋਕਾਂ ਨੂੰ ਭਾਰਤ ਦੀ ਅਜ਼ਾਦੀ ਦੇ ਘੋਲ਼ ਬਾਰੇ ਜਾਣੂ ਕਰਵਾ ਕੇ ਉਨ੍ਹਾਂ ਵਿੱਚ ਭਾਰਤ ਦੀ ਅਜ਼ਾਦੀ ਲਈ ਚੇਤਨਾ ਲਿਆਉਣ ਦਾ ਕੰਮ ਵੀ ਕੀਤਾ। ਉਦਾਹਰਨ ਲਈ, ਸੰਨ 1942 ਵਿੱਚ ਟਰਾਂਟੋ ਵਿਖੇ ਹੋਈ ਕਮਿਊਨਿਸਟ ਪਾਰਟੀ ਦੀ ਕਨਵੈਨਸ਼ਨ ਵਿੱਚ ਕਨੇਡਾ ਭਰ ਵਿੱਚੋਂ 400 ਤੋਂ ਉੱਪਰ ਡੈਲੀਗੇਟ ਆਏ ਹੋਏ ਸਨ। ਦਰਸ਼ਨ ਸਿੰਘ ਨੇ ਭਾਰਤ ਦੀ ਅਜ਼ਾਦੀ ਦੇ ਹੱਕ ਵਿੱਚ ਮਤਾ ਰੱਖਿਆ ਜਿਸਨੂੰ ਸਮੁੱਚੀ ਕਨਵੈਨਸ਼ਨ ਨੇ ਬਹੁਤ ਹੀ ਉਤਸ਼ਾਹ ਨਾਲ ਖੜ੍ਹੇ ਹੋ ਕੇ ਪ੍ਰਵਾਨਗੀ ਦਿੱਤੀ। ਇਸੇ ਤਰ੍ਹਾਂ ਵੈਨਕੂਵਰ ਵਿੱਚ ਨਵੰਬਰ 1944 ਵਿੱਚ ਹੋਈ ਆਈ ਡਬਲਯੂ ਏ ਦੀ ਅੱਠਵੀਂ ਇੰਟਰਨੈਸ਼ਨਲ ਕਨਵੈਨਸ਼ਨ ਵਿੱਚ ਉਸਨੇ ਭਾਰਤ ਦੀ ਅਜ਼ਾਦੀ ਦੇ ਹੱਕ ਵਿੱਚ ਅਜਿਹਾ ਹੀ ਇੱਕ ਹੋਰ ਮਤਾ ਰੱਖਿਆ ਜੋ ਸਰਬਸਮਤੀ ਨਾਲ ਪਾਸ ਕੀਤਾ ਗਿਆ। ਇਸ ਮਤੇ ਬਾਰੇ ਬੀ ਸੀ ਲੰਬਰ ਵਰਕਰ ਦੇ ਨਵੰਬਰ 6, 1944 ਦੇ ਅੰਕ ਵਿੱਚ ਮੁੱਖ ਪੰਨੇ ਉੱਤੇ ਦਰਸ਼ਨ ਸਿੰਘ ਦੀ ਤਸਵੀਰ ਸਮੇਤ ਖਬਰ ਛਪੀ ਜਿਸਦਾ ਸਿਰਲੇਖ ਸੀ: "ਦਰਸ਼ਨ ਸਿੰਘ ਸੁਪੋਰਟ ਯੂਨਿਟੀ"। ਇਸ ਮਤੇ ਉੱਤੇ ਬੋਲਦਿਆਂ ਦਰਸ਼ਨ ਸਿੰਘ ਨੇ ਕਿਹਾ: "ਭਾਰਤ ਨੂੰ ਅਜ਼ਾਦੀ ਮਿਲਣ ਤੋਂ ਬਿਨਾਂ ਕਿਸੇ ਕਿਸਮ ਦੀ ਸ਼ਾਂਤੀ ਸੰਭਵ ਨਹੀਂ। ਫਾਸ਼ਿਜ਼ਮ ਅਤੇ ਸਾਮਰਾਜਵਾਦ ਦੋ ਜੁੜਵੇਂ ਭਰਾ ਹਨ ਜਿਨ੍ਹਾਂ ਨੂੰ ਨਿਖੇੜਿਆ ਨਹੀਂ ਜਾ ਸਕਦਾ। … ਅਸੀਂ ਸਾਮਰਾਜਵਾਦ ਨੂੰ ਸੁਰੱਖਿਅਤ ਕਰਨ ਵਾਸਤੇ ਨਹੀਂ ਲੜ ਰਹੇ ਭਾਵੇਂ ਇਹ ਸਾਮਰਾਜਵਾਦ ਡੱਚ, ਫਰਾਂਸੀਸੀ, ਅਮਰੀਕਨ, ਬਰਤਾਨੀਆ ਜਾਂ ਕਿਸੇ ਵੀ ਹੋਰ ਦਾ ਹੋਵੇ।"16
ਵੋਟ ਦੇ ਹੱਕ ਲਈ ਸੰਘਰਸ਼ ਵਿੱਚ ਯੋਗਦਾਨ
ਜਦੋਂ ਪਹਿਲੇ ਪੰਜਾਬੀਆਂ ਨੇ ਕਨੇਡਾ ਦੇ ਸੂਬੇ ਬੀ ਸੀ ਵਿੱਚ ਰਹਿਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਕੋਲ ਵੋਟ ਦਾ ਹੱਕ ਸੀ ਜੋ 1907 ਵਿੱਚ ਖੋਹ ਲਿਆ ਗਿਆ। ਆਪਣੀ ਹਿੰਮਤ ਨਾਲ ਅਤੇ ਬਿਨਾਂ ਕਿਸੇ ਬਾਹਰਲੀ ਇਮਦਾਦ ਦੇ, ਕਨੇਡਾ ਵਿੱਚ ਵਸਦੇ ਪੰਜਾਬੀ ਲਗਾਤਾਰ ਇਸ ਹੱਕ ਖਾਤਰ ਜੱਦੋ-ਜਹਿਦ ਕਰਦੇ ਰਹੇ। ਕਨੇਡਾ ਵਿੱਚ ਆਪਣੀ ਰਿਹਾਇਸ਼ ਦੌਰਾਨ ਦਰਸ਼ਨ ਸਿੰਘ ਕਨੇਡੀਅਨ ਨੇ ਇਸ ਜੱਦੋ-ਜਹਿਦ ਵਿੱਚ ਭਾਰਤੀ ਕਮਿਊਨਿਟੀ ਦੇ ਦੂਸਰੇ ਲੋਕਾਂ/ਲੀਡਰਾਂ ਦੇ ਨਾਲ ਨਾਲ ਇੱਕ ਮਹੱਤਵਪੂਰਨ ਯੋਗਦਾਨ ਪਾਇਆ। ਉਹ ਭਾਰਤੀ ਕਮਿਊਨਿਟੀ ਵਲੋਂ ਵੋਟ ਦੇ ਹੱਕ ਲਈ ਬੀ ਸੀ ਦੀ ਸਰਕਾਰ ਨੂੰ ਮਿਲਣ ਵਾਲੇ ਬਹੁਤੇ ਡੈਲੀਗੇਸ਼ਨਾਂ ਦਾ ਮੈਂਬਰ ਰਿਹਾ। ਵੋਟ ਦੇ ਹੱਕ ਲਈ ਉਸਦਾ ਵੱਡਾ ਯੋਗਦਾਨ ਬੀ ਸੀ ਦੀ ਮਜ਼ਦੂਰ ਲਹਿਰ, ਖੱਬੀ ਲਹਿਰ ਅਤੇ ਹੋਰ ਅਗਾਂਹਵਧੂ ਜਥੇਬੰਦੀਆਂ ਵਲੋਂ ਭਾਰਤੀ ਲੋਕਾਂ ਦੇ ਇਸ ਸੰਘਰਸ਼ ਲਈ ਹਮਾਇਤ ਹਾਸਲ ਕਰਨਾ ਸੀ। ਇਹ ਇੱਕ ਕਾਰਨ ਸੀ ਕਿ ਦਰਸ਼ਨ ਸਿੰਘ ਕਨੇਡੀਅਨ ਦੀ ਕਨੇਡਾ ਵਿੱਚ ਰਿਹਾਇਸ਼ ਦੌਰਾਨ ਵੋਟ ਦੇ ਹੱਕ ਦੀ ਜੱਦੋ-ਜਹਿਦ (1942-1947) ਆਪਣੇ ਸਿਖਰ ਉੱਤੇ ਸੀ। ਸਾਡਾ ਇਹ ਵਿਚਾਰ ਪੇਸ਼ ਕਰਨ ਤੋਂ ਇਹ ਭਾਵ ਨਹੀਂ ਕਿ ਇਸ ਮਸਲੇ ਸੰਬੰਧੀ ਕਮਿਊਨਿਟੀ ਦੇ ਦੂਜੇ ਲੋਕਾਂ ਅਤੇ ਜਥੇਬੰਦੀਆਂ ਵਲੋਂ ਕੀਤੀਆਂ ਕੋਸ਼ਿਸ਼ਾਂ ਦਾ ਇਸ ਵਿੱਚ ਕੋਈ ਹੱਥ ਨਹੀਂ ਸੀ। ਖਾਲਸਾ ਦੀਵਾਨ ਸੁਸਾਇਟੀ ਦੇ ਸਕੱਤਰ ਨਗਿੰਦਰ ਸਿੰਘ ਗਿੱਲ ਨੇ ਵੀ ਬਾਹਰਲੀ ਕਮਿਊਨਿਟੀ ਨਾਲ ਇੱਕ ਨਵੀਂ ਪੱਧਰ ਉੱਤੇ ਤਾਲਮੇਲ ਪੈਦਾ ਕਰਨ ਵਿੱਚ ਵੱਡਾ ਹਿੱਸਾ ਪਾਇਆ। ਨਾਲ ਹੀ ਡਾਕਟਰ ਪਾਂਡੀਆ ਜੋ ਇਸ ਜੱਦੋ-ਜਹਿਦ ਵਿੱਚ ਭਾਰਤੀ ਕਮਿਊਨਿਟੀ ਲਈ ਕੰਮ ਕਰ ਰਿਹਾ ਸੀ ਨੇ ਵੀ ਵੱਡਾ ਯੋਗਦਾਨ ਪਾਇਆ। ਪਰ ਜਿਸ ਕਦਰ ਜਥੇਬੰਦ ਮਜ਼ਦੂਰ ਅਤੇ ਸਿਆਸੀ ਹਲਕਿਆਂ ਵਿੱਚ ਅਤੇ ਆਮ ਲੋਕ ਰਾਏ ਨੂੰ ਪ੍ਰਭਾਵਤ ਕਰਨ ਵਿੱਚ ਦਰਸ਼ਨ ਸਿੰਘ ਨੇ ਰੋਲ ਨਿਭਾਇਆ ਉਹ ਆਪਣੇ ਆਪ ਵਿੱਚ ਵੱਖਰੀ ਮਿਸਾਲ ਸੀ।
ਇਸ ਸਮੇਂ ਦੌਰਾਨ ਭਾਰਤੀ ਕਮਿਊਨਿਟੀ ਵਲੋਂ ਵੋਟ ਦੇ ਹੱਕ ਲਈ ਕੀਤੇ ਜਾ ਰਹੇ ਸੰਘਰਸ਼ ਵਿੱਚ ਪਹਿਲਾਂ ਨਾਲੋਂ ਇੱਕ ਅੰਤਰ ਸੀ। ਇਸ ਵੇਲੇ ਬੀ ਸੀ ਦੀ ਜਥੇਬੰਦ ਮਜ਼ਦੂਰ ਜਮਾਤ ਭਾਰਤੀ ਲੋਕਾਂ ਦੇ ਹੱਕ ਵਿੱਚ ਪੂਰੀ ਮਜ਼ਬੂਤੀ ਨਾਲ ਖੜ੍ਹੀ ਸੀ। ਇਥੇ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਇੱਕ ਸਮਾਂ ਸੀ ਜਦੋਂ ਕਨੇਡਾ ਦੇ ਮਜ਼ਦੂਰ ਹੀ ਭਾਰਤੀ ਮਜ਼ਦੂਰਾਂ ਦੇ ਕਨੇਡਾ ਵਿੱਚ ਦਾਖਲੇ ਦੇ ਵਿਰੋਧ ਵਿੱਚ ਸਨ ਜਿਵੇਂ ਕਿ ਕਾਮਾਗਾਟਾ ਮਾਰੂ ਦੀ ਘਟਨਾ ਤੋਂ ਸਾਫ ਹੈ। ਪਰ ਹੁਣ ਸਥਿਤੀ ਬਦਲ ਗਈ ਸੀ। ਹੁਣ ਮਜ਼ਦੂਰ ਯੂਨੀਅਨਾਂ, ਸੋਸ਼ਲਿਸਟ ਜਥੇਬੰਦੀਆਂ, ਸੀ ਸੀ ਐਫ ਪਾਰਟੀ, ਲੇਬਰ ਪ੍ਰਾਗਰੈਸਿਵ ਪਾਰਟੀ, ਚਰਚ, ਟੀਚਰਾਂ ਦੀਆਂ ਜਥੇਬੰਦੀਆਂ ਆਦਿ ਭਾਰਤੀਆਂ ਦੇ ਨਾਲ ਖੜੀਆਂ ਸਨ।17 ਉਦਾਹਰਨ ਵਜੋਂ ਭਾਰਤੀ ਕਮਿਊਨਿਟੀ ਦਾ ਇੱਕ ਡੈਲੀਗੇਸ਼ਨ 2 ਮਾਰਚ 1943 ਨੂੰ ਬੀ ਸੀ ਦੇ ਪ੍ਰੀਮੀਅਰ ਜਾਹਨ ਹਾਰਟ ਨੂੰ ਮਿਲਿਆ। ਇਸ ਡੈਲੀਗੇਸ਼ਨ ਵਿੱਚ ਆਈ ਡਬਲਯੂ ਏ ਦਾ ਪ੍ਰੈਜ਼ੀਡੈਂਟ ਹੈਰਲਡ ਪਰਿਚਟ ਵੀ ਸ਼ਾਮਲ ਸੀ। ਏਡੇ ਵੱਡੇ ਲੀਡਰ ਦਾ ਡੈਲੀਗੇਟ ਵਿੱਚ ਸ਼ਾਮਲ ਹੋਣਾ ਆਪਣੇ ਆਪ ਵਿੱਚ ਲੋਕਾਂ ਦਾ ਧਿਆਨ ਖਿੱਚਣ ਵਾਲੀ ਘਟਨਾ ਸੀ ਜਿਸ ਨਾਲ ਭਾਰਤੀ ਲੋਕਾਂ ਦੇ ਘੋਲ਼ ਨੂੰ ਮਜ਼ਬੂਤੀ ਮਿਲੀ।
ਵੋਟ ਦੇ ਹੱਕ ਦੇ ਘੋਲ਼ ਦੌਰਾਨ 9 ਮਾਰਚ 1944 ਨੂੰ ਉਸ ਵੇਲੇ ਦੀ ਬੀ ਸੀ ਦੀ ਲਿਬਰਲ ਸਰਕਾਰ ਦੇ ਲੇਬਰ ਮਨਿਸਟਰ ਮਿਸਟਰ ਜਾਰਜ ਪੀਅਰਸਨ ਨੇ ਬੀ ਸੀ ਦੀ ਅਸੰਬਲੀ ਵਿੱਚ ਭਾਰਤੀਆਂ ਦੇ ਖਿਲਾਫ ਇੱਕ ਨਫਰਤ ਭਰਿਆ ਬਿਆਨ ਦਿੱਤਾ। ਜਿਸ ਨਾਲ ਸਮੁੱਚੀ ਕਮਿਊਨਿਟੀ ਵਿੱਚ ਗੁੱਸਾ ਭੜਕ ਉੱਠਿਆ। ਭਾਰਤੀ ਕਮਿਊਨਿਟੀ ਵਲੋਂ ਇਸ ਵਿਰੁੱਧ ਰੋਸ ਪ੍ਰਗਟ ਕਰਨ ਲਈ 14 ਮਾਰਚ ਨੂੰ ਇੱਕ ਡੈਲੀਗੇਸ਼ਨ ਲੇਬਰ ਮਨਿਸਟਰ ਪੀਅਰਸਨ ਨੂੰ ਮਿਲਿਆ। ਇਸ ਡੈਲੀਗੇਸ਼ਨ ਵਿੱਚ ਕਮਿਊਨਿਟੀ ਦੇ ਦੂਜੇ ਆਗੂਆਂ ਨਗਿੰਦਰ ਸਿੰਘ ਗਿੱਲ, ਜੈਰੀ ਸਿੰਘ ਹੁੰਦਲ ਅਤੇ ਮਹਿੰਦਰ ਸਿੰਘ ਦੇ ਨਾਲ ਦਰਸ਼ਨ ਸਿੰਘ ਵੀ ਸ਼ਾਮਲ ਸੀ। 18
ਲੇਬਰ ਮਨਿਸਟਰ ਦੇ ਨਸਲੀ ਬਿਆਨ ਵਿਰੁੱਧ ਬਾਹਰਲੀ ਵੱਡੀ ਕਮਿਊਨਿਟੀ ਵਿੱਚ ਗੱਲ ਲੈ ਕੇ ਜਾਣ ਲਈ ਦਰਸ਼ਨ ਸਿੰਘ ਦੀਆਂ ਕੋਸ਼ਿਸ਼ਾਂ ਨਾਲ ਆਈ ਡਬਲਯੂ ਏ ਵਲੋਂ ਇੱਕ ਮੁਜ਼ਾਹਰਾ ਜਥੇਬੰਦ ਕੀਤਾ ਗਿਆ। ਮਾਰਚ 15, 1944 ਨੂੰ ਆਈ ਡਬਲਯੂ ਏ ਦੇ ਇੱਕ ਐਗਜ਼ੈਕਿਟਿਵ ਸੈਸ਼ਨ ਵਿੱਚ ਯੂਨੀਅਨ ਦੇ ਪ੍ਰਧਾਨ ਹੈਰਲਡ ਪਰਿਚਟ ਵਲੋਂ ਲੇਬਰ ਮਨਿਸਟਰ ਦੇ ਭਾਰਤੀਆਂ ਵਿਰੁੱਧ ਦਿੱਤੇ ਗਏ ਬਿਆਨ ਦੀ ਨਿਖੇਧੀ ਕੀਤੀ।19
ਏਸੇ ਤਰ੍ਹਾਂ ਅਪਰੈਲ 1945 ਵਿੱਚ ਜਦੋਂ ਬੀ ਸੀ ਦੇ ਅਟਾਰਨੀ ਜਨਰਲ ਆਰ ਐਲ ਮੇਟਲੈਂਡ ਨੇ ਵੋਟ ਦੇ ਹੱਕ ਵਿਰੁੱਧ ਇੱਕ ਬਿਆਨ ਦਿੱਤਾ ਤਾਂ ਦਰਸ਼ਨ ਸਿੰਘ ਨੇ ਵਿਕਟੋਰੀਆ ਡੇਲੀ ਟਾਇਮਜ਼ ਵਿੱਚ ਇੱਕ ਖੱਤ ਲਿਖ ਕੇ ਇਸ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਲਿਖਿਆ:
ਮਿਸਟਰ ਮੇਟਲੈਂਡ ਦਾਅਵਾ ਕਰਦਾ ਹੈ ਕਿ ਈਸਟ ਇੰਡੀਅਨਾਂ ਨੂੰ ਵੋਟ ਦਾ ਹੱਕ ਦੇਣਾ ਸਮੁੰਦਰੋਂ ਪਾਰ ਗਏ ਨੌਜਵਾਨ ਮਨਜ਼ੂਰ ਨਹੀਂ ਕਰਨਗੇ। ਉਹ ਨੌਜਵਾਨ ਯੂਰਪ ਦੇ ਲੋਕਾਂ ਨੂੰ ਉਹੀ ਅਜ਼ਾਦੀ ਪ੍ਰਦਾਨ ਕਰਨ ਲਈ ਆਪਣੀਆਂ ਜਾਨਾਂ ਵਾਰ ਰਹੇ ਹਨ ਜਿਹੜੀ ਅਜ਼ਾਦੀ ਈਸਟ ਇੰਡੀਅਨ ਏਥੇ ਮੰਗਦੇ ਹਨ। ਦਾਨ ਵਾਂਗ ਹੀ, ਅਜ਼ਾਦੀ ਵੀ ਘਰੋਂ ਸ਼ੁਰੂ ਹੁੰਦੀ ਹੈ। ਉਨ੍ਹਾਂ ਲੋਕਾਂ, ਜੋ ਕਾਮਨਵੈਲਥ ਦਾ ਹਿੱਸਾ ਹਨ, ਨੂੰ ਲੋਕਤੰਤਰ ਦੇ ਅਧਿਕਾਰ ਦੇਣ ਨਾਲ ਕਨੇਡੀਅਨ ਲੋਕਤੰਤਰ ਘਟੇਗਾ ਨਹੀਂ ਸਗੋਂ ਵਧੇਗਾ ਹੀ।20
ਕਨੇਡਾ ਦੇ ਭਾਰਤੀਆਂ ਵਲੋਂ ਵੋਟ ਦੇ ਹੱਕ ਲਈ ਚਲਦੇ ਸੰਘਰਸ਼ ਦਾ ਜਿੱਤ ਭਰਿਆ ਅੰਤ 2 ਅਪ੍ਰੈਲ 1947 ਨੂੰ ਹੋਇਆ। ਬੀ ਸੀ ਦੀ ਸਰਕਾਰ ਨੇ ਕਨੇਡਾ ਵਿੱਚ ਰਹਿ ਰਹੇ ਭਾਰਤੀਆਂ, ਚੀਨਿਆਂ ਅਤੇ ਜਾਪਾਨੀਆਂ ਨੂੰ ਵੋਟ ਦਾ ਹੱਕ ਦੇਣ ਦਾ ਕਾਨੂੰਨ ਪਾਸ ਕਰ ਦਿੱਤਾ। ਕਨੇਡਾ ਦੇ ਭਾਰਤੀਆਂ ਦੀ ਇਸ ਜਿੱਤ ਦਾ ਸਿਹਰਾ ਦੂਜੇ ਭਾਰਤੀ ਲੋਕਾਂ ਅਤੇ ਨੇਤਾਵਾਂ ਦੇ ਨਾਲ ਨਾਲ ਦਰਸ਼ਨ ਸਿੰਘ ਕਨੇਡੀਅਨ ਵਲੋਂ ਕਨੇਡਾ ਦੀ ਮਜ਼ਦੂਰ ਲਹਿਰ ਅਤੇ ਅਗਾਂਹਵਧੂ ਸਿਆਸਤ ਵਿੱਚ ਕੀਤੇ ਕੰਮ ਉੱਪਰ ਵੀ ਬੱਝਦਾ ਹੈ।
"ਰਾਈਜ਼ ਆਫ ਨਿਊ ਏਸ਼ੀਆ" ਨਾਂਅ ਦੀ ਕਿਤਾਬ ਲਿਖਣਾ
ਸਾਡੇ ਖਿਆਲ ਵਿੱਚ ਦਰਸ਼ਨ ਸਿੰਘ ਵਲੋਂ ਕਨੇਡਾ ਦੀ ਮਜ਼ਦੂਰ ਲਹਿਰ ਅਤੇ ਅਗਾਂਹਵਧੂ ਸਿਆਸਤ ਵਿੱਚ ਨਿੱਗਰ ਯੋਗਦਾਨ ਪਾ ਸਕਣ ਅਤੇ ਇਸ ਲਹਿਰ ਅਤੇ ਸਿਆਸਤ ਵਿੱਚ ਮਾਣਯੋਗ ਥਾਂ ਬਣਾ ਸਕਣ ਪਿੱਛੇ ਜਿੱਥੇ ਉਸਦੀ ਸੁਹਿਰਦਤਾ ਅਤੇ ਪ੍ਰਤੀਬੱਧਤਾ ਦਾ ਹੱਥ ਸੀ, ਉਸਦੇ ਨਾਲ ਨਾਲ ਉਸ ਵਲੋਂ ਆਪਣੇ ਆਲੇ ਦੁਆਲੇ ਨੂੰ ਚੰਗੀ ਤਰ੍ਹਾਂ ਸਮਝਣ ਲਈ ਪੜ੍ਹਨ ਵੱਲ ਰੁਚਿਤ ਹੋਣਾ ਵੀ ਸੀ। ਕਨੇਡਾ ਵਿੱਚ ਆਪਣੀ ਰਿਹਾਇਸ਼ ਦੌਰਾਨ ਜਦੋਂ ਉਹ ਪੂਰੀ ਸਰਗਰਮੀ ਨਾਲ ਪਾਰਟੀ ਦਾ ਅਤੇ ਯੂਨੀਅਨ ਦਾ ਕੰਮ ਕਰ ਰਿਹਾ ਸੀ, ਉਹ ਹਮੇਸ਼ਾਂ ਪੜ੍ਹਦਾ ਰਹਿੰਦਾ। ਅੰਤਰਰਾਸ਼ਟਰੀ ਸਮੱਸਿਆਵਾਂ ਬਾਰੇ ਉਸਦੀ ਵਿਸ਼ੇਸ਼ ਦਿਲਚਸਪੀ ਹੁੰਦੀ। ਇਸੇ ਦਿਲਚਸਪੀ ਦਾ ਨਤੀਜਾ ਸੀ ਕਿ ਉਸ ਨੇ ਸਮੇਂ ਸਮੇਂ ਭਾਰਤ ਬਾਰੇ ਹੀ ਨਹੀਂ ਦੁਨੀਆਂ ਦੇ ਹੋਰ ਮੁਲਕਾਂ ਬਾਰੇ ਜਾਣਕਾਰੀ ਭਰਪੂਰ ਲੇਖ ਲਿਖੇ। ਅਤੇ 1943 ਵਿੱਚ ਉਸਨੇ "ਰਾਈਜ਼ ਆਫ ਨਿਊ ਏਸ਼ੀਆ" ਨਾਂਅ ਦੀ ਕਿਤਾਬ ਲਿਖੀ। 21 ਪਰ ਬਦਕਿਸਮਤੀ ਨਾਲ ਇਹ ਕਿਤਾਬ ਦਰਸ਼ਨ ਸਿੰਘ ਦੇ ਭਾਰਤ ਵਾਪਸ ਚਲੇ ਜਾਣ ਬਾਅਦ 1948 ਵਿੱਚ ਜਾ ਕੇ ਪ੍ਰਕਾਸ਼ਤ ਹੋਈ ਅਤੇ ਏਮਲ ਬਿਓਰਨਸਨ ਦੇ ਦੱਸਣ ਮੁਤਾਬਕ ਦਰਸ਼ਨ ਨੇ ਖੁਦ ਇਸਨੂੰ ਕਈ ਦਹਾਕਿਆਂ ਬਾਅਦ ਪਹਿਲੀ ਵਾਰੀ 1960ਵਿਆਂ ਵਿੱਚ ਆਪਣੀ ਕਨੇਡਾ ਦੀ ਇੱਕ ਫੇਰੀ ਦੌਰਾਨ ਦੇਖਿਆ। ਇਸ ਕਿਤਾਬ ਵਿੱਚ ਦਰਸ਼ਨ ਸਿੰਘ ਨੇ ਭਾਰਤ, ਚੀਨ, ਜਾਪਾਨ ਉੱਪਰ ਲਿਖੇ ਅਨੇਕਾਂ ਲੇਖਾਂ ਦੇ ਨਾਲ ਨਾਲ ਕੋਰੀਆ, ਫਿਲੀਪਨ, ਇੰਡੋ-ਚਾਈਨਾ, ਇੰਡੋਨੇਸ਼ੀਆ, ਇਰਾਨ ਅਤੇ ਤੁਰਕੀ ਆਦਿ ਬਾਰੇ ਵੀ ਲੇਖ ਸ਼ਾਮਲ ਕੀਤੇ। ਦਰਸ਼ਨ ਸਿੰਘ ਦੀ ਮਨੁੱਖਵਾਦੀ ਸੋਚ ਅਤੇ ਸੂਝ ਦਾ ਝਲਕਾਰਾ ਇਸ ਗੱਲ ਤੋਂ ਵੀ ਪੈਂਦਾ ਹੈ ਕਿ ਉਸ ਨੇ ਆਪਣੀ ਕਿਤਾਬ ਦੋ ਉਨ੍ਹਾਂ ਸ਼ਖਸੀਅਤਾਂ ਨੂੰ ਸਮਰਪੱਤ ਕੀਤੀ ਜਿਨ੍ਹਾਂ ਨੇ ਲੋਕਾਂ ਦੀ ਭਲਾਈ ਖਾਤਰ ਆਪਣਾ ਜੀਵਨ ਨਿਸ਼ਾਵਰ ਕੀਤਾ। ਇਹ ਸ਼ਖਸੀਅਤਾਂ ਸਨ ਕਨੇਡਾ ਦੇ ਡਾਕਟਰ ਨੌਰਮਨ ਬਥਿਊਨ ਅਤੇ ਭਾਰਤੀ ਡਾਕਟਰ ਦਵਾਰਕਾਨਾਥ ਕੋਟਨਿਸ ਜਿਨ੍ਹਾਂ ਨੇ ਚੀਨ ਦੇ ਲੋਕਾਂ ਦੇ ਸੰਘਰਸ਼ ਵਿੱਚ ਆਪਣੇ ਜੀਵਨ ਦੀ ਅਹੁੱਤੀ ਦੇ ਕੇ ਆਪਣਾ ਯੋਗਦਾਨ ਪਾਇਆ ਸੀ।
ਮਜ਼ਦੂਰ ਲਹਿਰ ਦੇ ਇਤਿਹਾਸਕਾਰਾਂ ਵਲੋਂ ਦਰਸ਼ਨ ਨੂੰ ਨਜ਼ਰ-ਅੰਦਾਜ਼ ਕਰਨਾ
ਉਪਰਲੀ ਗੱਲਬਾਤ ਤੋਂ ਸਪਸ਼ਟ ਹੈ ਕਿ ਦਰਸ਼ਨ ਸਿੰਘ ਕਨੇਡੀਅਨ ਨੇ 1940ਵਿਆਂ ਦੌਰਾਨ ਕਨੇਡਾ ਦੀ ਭਾਰਤੀ ਕਮਿਊਨਿਟੀ, ਕਨੇਡਾ ਦੀ ਮਜ਼ਦੂਰ ਲਹਿਰ ਅਤੇ ਖਾਸ ਕਰਕੇ ਆਈ ਡਬਲਿਊ ਏ ਨੂੰ ਜਥੇਬੰਦ ਕਰਨ ਵਿੱਚ ਅਤੇ ਕਨੇਡਾ ਦੀ ਅਗਾਂਹਵਧੂ ਸਿਆਸਤ ਵਿੱਚ ਮਹੱਤਵਪੂਰਨ ਰੋਲ ਅਦਾ ਕੀਤਾ। ਪਰ ਇਹ ਗੱਲ ਉਦਾਸ ਅਤੇ ਹੈਰਾਨ ਕਰਨ ਵਾਲੀ ਹੈ ਕਿ ਬੀ ਸੀ ਦੀ ਮਜ਼ਦੂਰ ਜਮਾਤ ਬਾਰੇ ਲਿਖਿਆ ਗਿਆ ਇਤਿਹਾਸ ਦਰਸ਼ਨ ਸਿੰਘ ਦੇ ਪਾਏ ਯੋਗਦਾਨ ਬਾਰੇ ਕਾਫੀ ਹੱਦ ਤੱਕ ਚੁੱਪ ਹੈ। ਉਦਾਹਰਨ ਵਜੋਂ ਆਈ ਡਬਲਯੂ ਏ ਸੰਬੰਧੀ ਸਾਈਮਨ ਫਰੇਜ਼ਰ ਯੂਨੀਵਰਸਿਟੀ ਵਿੱਚ 1989 ਵਿੱਚ ਸਟੀਫਨ ਗਰੇਅ ਵਲੋਂ ਲਿਖੇ ਗਏ ਇੱਕ ਥੀਸਸ ਨੂੰ ਦੇਖ ਸਕਦੇ ਹਾਂ ਜਿਸ ਵਿੱਚ ਦਰਸ਼ਨ ਸਿੰਘ ਦਾ ਨਾਂਅ ਤੱਕ ਨਹੀਂ ਲਿਆ ਗਿਆ। ਇਹ ਥੀਸਸ ਸਾਢੇ ਪੰਜ ਸੌ ਸਫੇ ਦਾ ਹੈ। ਏਸੇ ਤਰ੍ਹਾਂ ਅਸੀਂ ਕੁਝ ਇੱਕ ਹੋਰ ਦਸਤਾਵੇਜ਼ ਦੇਖੇ ਅਤੇ ਉਨ੍ਹਾਂ ਵਿੱਚ ਵੀ ਦਰਸ਼ਨ ਸਿੰਘ ਦੇ ਯੋਗਦਾਨ ਨੂੰ ਅੱਖੋਂ ਉਹਲੇ ਕੀਤਾ ਗਿਆ ਹੈ। ਐਲ ਪਾਰਕਿਨ ਦੇ "ਲੇਬਰ ਐਂਡ ਟਿੰਬਰ" ਨਾਂਅ ਦੇ ਇਤਿਹਾਸਕ ਦਸਤਾਵੇਜ਼ ਵਿੱਚ ਵੀ ਜੋ 1946-47 ਵਿੱਚ ਲਿਖਿਆ ਗਿਆ ਸੀ ਅਤੇ ਬੀ ਸੀ ਲੰਬਰ ਵਰਕਰ ਵਿੱਚ ਲੜੀ ਵਾਰ ਛਪਿਆ, ਵਿੱਚ ਵੀ ਦਰਸ਼ਨ ਸਿੰਘ ਦੇ ਕਿਸੇ ਯੋਗਦਾਨ ਦਾ ਜ਼ਿਕਰ ਨਹੀਂ ਆਇਆ।22
ਇਹ ਗੱਲ ਹੈਰਾਨੀ ਵਾਲੀ ਇਸ ਕਰਕੇ ਹੈ ਕਿ ਇਹੋ ਜਿਹੇ ਅਨੇਕਾਂ ਸਬੂਤ ਅਤੇ ਸੰਕੇਤ ਹਨ ਜਿਹੜੇ ਇਹ ਸਿੱਧ ਕਰਦੇ ਹਨ ਕਿ ਦਰਸ਼ਨ ਸਿੰਘ ਦਾ ਯੋਗਦਾਨ ਵੱਡੀ ਪੱਧਰ ਉੱਤੇ ਸੀ ਅਤੇ ਸੀ ਵੀ ਦੋਵਾਂ ਜਥੇਬੰਦੀਆਂ ਵਿੱਚ ਜਾਣੀ ਕਿ ਕਮਿਊਨਿਸਟ ਪਾਰਟੀ ਅਤੇ ਆਈ ਡਬਲਯੂ ਏ ਵਿੱਚ। ਕਿਉਂਕਿ ਉਸ ਸਮੇਂ ਆਈ ਡਬਲਯੂ ਏ ਦੇ ਸਾਰੇ ਆਗੂ ਕਮਿਊਨਿਸਟ ਸਨ ਅਤੇ ਉਨ੍ਹਾਂ ਦੀਆਂ ਸਰਗਰਮੀਆਂ ਵਿੱਚ ਕਿਸੇ ਕਿਸਮ ਦਾ ਫਰਕ ਦੇਖ ਸਕਣਾ ਸੰਭਵ ਨਹੀਂ ਜਾਪਦਾ। ਦਰਸ਼ਨ ਸਿੰਘ ਦੇ ਦੋਸਤ ਅਤੇ ਵੈਨਕੂਵਰ ਦੇ ਮਸ਼ਹੂਰ ਵਕੀਲ ਹੈਰੀ ਰੈਂਕਿਨ ਅਨੁਸਾਰ "ਦਰਸ਼ਨ ਸਿੰਘ ਖੱਬੀ ਸਿਆਸਤ ਵਿੱਚ ਸਰਗਰਮ ਸੀ ਪਰ ਉਸਦੀ ਸਰਗਰਮੀ ਦਾ ਕੇਂਦਰ ਟਰੇਡ ਯੂਨੀਅਨ ਮੂਵਮੈਂਟ ਸੀ ਸੋ ਇਹ ਫੈਸਲਾ ਕਰਨਾ ਮੁਸ਼ਕਲ ਹੈ ਕਿ ਦਰਸ਼ਨ ਸਿੰਘ ਦਾ ਯੋਗਦਾਨ ਕਿਹੜੀ ਸੰਸਥਾ ਵਿੱਚ ਵੱਧ ਸੀ।"23
ਵਾਪਸ ਭਾਰਤ ਜਾਣ ਦਾ ਫੈਸਲਾ
ਇਹ ਸ਼ਾਇਦ ਦਰਸ਼ਨ ਸਿੰਘ ਦੀ ਸ਼ਖਸੀਅਤ ਦਾ ਹਿੱਸਾ ਸੀ ਜਾਂ ਉਸਦੇ ਮਨ ਵਿਚਲੇ ਮਨੁੱਖੀ ਦਰਦ ਨਾਲ ਭਰੇ ਹਿਰਦੇ ਦੀ ਵੇਦਨਾ ਕਿ ਉਹ ਕਨੇਡਾ ਵਿੱਚ ਆਪਣੇ ਕੰਮਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਾ ਹੋ ਸਕਿਆ। ਉਹਨੂੰ ਆਪਣੇ ਦੇਸ਼ ਦੇ ਕ੍ਰੋੜਾਂ ਲੋਕਾਂ ਦੀਆਂ ਸਮੱਸਿਆਵਾਂ ਨੇ ਕਨੇਡਾ ਵਿੱਚ ਟਿਕ ਕੇ ਰਹਿਣ ਨਾ ਦਿੱਤਾ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜੇ ਉਹ ਚਾਹੁੰਦਾ ਤਾਂ ਉਸ ਵੇਲੇ ਏਥੇ ਰਹਿ ਕੇ ਉਹ ਇੱਕ ਵਧੀਆ ਜੀਵਨ ਜੀ ਸਕਦਾ ਸੀ। ਦਰਸ਼ਨ ਸਿੰਘ ਦੇ ਕਨੇਡੀਅਨ ਦੋਸਤਾਂ ਏਮਲ ਬਿਓਰਨਸਨ, ਹੈਰੀ ਰੈਂਕਿਨ, ਮੋਨਾ ਮੋਰਗਨ ਅਤੇ ਕਰੇਗ ਪਰਿਚਟ ਨੇ ਇਹ ਗੱਲ ਉਸਦੇ ਸੰਬੰਧ ਵਿੱਚ ਵਿਸ਼ੇਸ਼ ਤੌਰ ਉੱਤੇ ਕਹੀ ਹੈ ਕਿ ਦਰਸ਼ਨ ਦਾ ਉਸ ਵੇਲੇ ਕਨੇਡਾ ਛੱਡ ਕੇ ਜਾਣਾ ਆਪਣੇ ਆਪ ਵਿੱਚ ਇੱਕ ਵੱਡੀ ਕੁਰਬਾਨੀ ਸੀ। ਇਹ ਸੰਭਵ ਹੈ ਕਿ ਦਰਸ਼ਨ ਸਿੰਘ ਖੁਦ ਆਪਣੇ ਜਾਣ ਨੂੰ ਏਡੀ ਵੱਡੀ ਕੁਰਬਾਨੀ ਨਾ ਖਿਆਲਦਾ ਹੋਵੇ ਕਿਉਂਕਿ ਉਸ ਅੱਗੇ ਸੈਂਕੜੇ ਉਨ੍ਹਾਂ ਸੂਰਬੀਰਾਂ ਦੀਆਂ ਉਦਾਹਰਨਾਂ ਸਨ ਜਿਹੜੇ ਗਦਰ ਦੀ ਲਹਿਰ ਦੌਰਾਨ ਹਿੰਦੁਸਤਾਨ ਨੂੰ ਅਜ਼ਾਦ ਕਰਾਉਣ ਦੇ ਇਰਾਦੇ ਨਾਲ ਕਨੇਡਾ ਅਮਰੀਕਾ ਵਿੱਚ ਇੱਕ ਉਜਲੇ ਭਵਿੱਖ ਨੂੰ ਅਲਵਦਾ ਕਹਿ ਗਏ ਸਨ। ਸੋ ਦਰਸ਼ਨ ਸਿੰਘ ਨੇ ਵੀ ਏਥੋਂ ਦੀ ਸੁਖਾਲੀ ਜ਼ਿੰਦਗੀ ਦੇ ਉਲਟ ਭਾਰਤ ਨੂੰ ਮੁੜ ਜਾਣ ਨੂੰ ਤਰਜੀਹ ਦਿੱਤੀ ਅਤੇ ਗਦਰ ਲਹਿਰ ਦੇ ਲੋਕਾਂ ਵਲੋਂ ਪਾਈ ਪਿਰਤ ਨੂੰ ਅੱਗੇ ਤੋਰਿਆ। ਦੇਸ਼ ਜਾ ਕੇ ਉਹ ਹਰ ਕਿਸਮ ਦੀਆਂ ਮੁਸੀਬਤਾਂ ਵਿੱਚ ਰਹਿ ਕੇ ਲੋਕਾਂ ਲਈ ਲੜਦਾ ਰਿਹਾ ਜਿਸ ਬਾਰੇ ਕਾਫੀ ਕੁਝ ਲਿਖਿਆ ਮਿਲਦਾ ਹੈ।
ਸਾਡੇ ਵਾਸਤੇ ਦੇਖਣ ਵਾਲੀ ਗੱਲ ਇਹ ਹੈ ਕਿ ਉਸਦੇ ਕਨੇਡਾ ਛੱਡ ਕੇ ਭਾਰਤ ਨੂੰ ਵਾਪਸ ਜਾਣ ਵਰਗੇ ਵੱਡੇ ਫੈਸਲੇ ਪਿੱਛੇ ਕਿਸ ਕਿਸਮ ਦੀ ਸੋਚ ਕੰਮ ਕਰਦੀ ਸੀ? ਕੀ ਇਹ ਫੈਸਲਾ ਇੱਕ ਭਾਰਤੀ ਵਲੋਂ ਜਜ਼ਬਾਤੀ ਕਿਸਮ ਦਾ ਫੈਸਲਾ ਸੀ ਜਾਂ ਇਸ ਪਿੱਛੇ ਕੰਮ ਕਰਦੀ ਕੋਈ ਵੱਡੀ ਸੋਚ ਅਤੇ ਤਰਕ ਸੀ। ਇਸ ਗੱਲ ਦਾ ਸਪੱਸ਼ਟ ਜਵਾਬ ਸਾਨੂੰ ਦਰਸ਼ਨ ਸਿੰਘ ਵਲੋਂ ਲਿਖੀ ਉਸ ਚਿੱਠੀ ਤੋਂ ਮਿਲ਼ ਜਾਂਦਾ ਹੈ ਜੋ ਉਸ ਨੇ 1947 ਵਿੱਚ ਕਨੇਡਾ ਤੋਂ ਭਾਰਤ ਰਵਾਨਾ ਹੋਣ ਲੱਗਿਆਂ ਯੂਨੀਅਨ ਵਿੱਚ ਆਪਣੀ ਟਰੱਸਟੀ ਦੀ ਪੁਜ਼ੀਸ਼ਨ ਤੋਂ ਅਸਤੀਫੇ ਵਜੋਂ ਲਿਖੀ। ਇਸ ਚਿੱਠੀ ਵਿੱਚੋਂ ਕੁਝ ਹਿੱਸਾ ਬੀ ਸੀ ਲੰਬਰ ਵਰਕਰ ਦੇ ਦਸੰਬਰ 15, 1947 ਦੇ ਅੰਕ ਵਿੱਚ ਛਾਪਿਆ ਗਿਆ। ਇਸ ਵਿੱਚ ਦਰਸ਼ਨ ਸਿੰਘ ਨੇ ਕਨੇਡੀਅਨ ਮਜ਼ਦੂਰ ਲਹਿਰ ਨਾਲ ਕੀਤੇ ਆਪਣੇ ਕੰਮ ਦੀ ਗੱਲ ਕੀਤੀ ਅਤੇ ਮਜ਼ਦੂਰ ਲਹਿਰ ਦੇ ਆਪਣੇ ਸਾਥੀ ਕਾਮਿਆਂ ਦਾ ਧੰਨਵਾਦ ਕੀਤਾ। ਉਸ ਨੇ ਕਿਹਾ: "ਮੈਨੂੰ ਜਾਣ ਲੱਗਿਆਂ ਕੁਝ ਹੱਦ ਤੱਕ ਇੱਕ ਸੰਤੁਸ਼ਟੀ ਦਾ ਅਹਿਸਾਸ ਹੋ ਰਿਹਾ ਹੈ ਪਰ ਨਾਲ ਹੀ ਕਨੇਡਾ ਛੱਡਣ ਦਾ ਇੱਕ ਡੂੰਘਾ ਪਛਤਾਵਾ ਵੀ ਹੈ। ਮੇਰੇ ਪਛਤਾਵੇ ਦਾ ਕਾਰਨ ਕਨੇਡੀਅਨ ਮਜ਼ਦੂਰ ਲਹਿਰ ਦੇ ਵੱਡਮੁੱਲੇ ਦੋਸਤਾਂ ਅਤੇ ਸਾਥੀਆਂ ਤੋਂ ਵਿਛੋੜਾ ਅਤੇ ਵਿਦਾਇਗੀ ਹੈ। ਪਰ ਇੱਕ ਤਸੱਲੀ ਵਾਲੀ ਗੱਲ ਇਹ ਹੈ ਕਿ ਮੈਂ ਭਾਰਤ ਜਾ ਕੇ ਸਰਗਰਮੀ ਨਾਲ ਟਰੇਡ ਯੂਨੀਅਨ ਵਿੱਚ ਕੰਮ ਕਰਨ ਦਾ ਇਰਾਦਾ ਰੱਖਦਾ ਹਾਂ ਅਤੇ ਮੈਨੂੰ ਹਮੇਸ਼ਾਂ ਇਸ ਗੱਲ ਦਾ ਅਹਿਸਾਸ ਰਹੇਗਾ ਕਿ ਅਸੀਂ ਇੱਕ ਸਾਂਝੇ ਨਿਸ਼ਾਨੇ - ਮਜ਼ਦੂਰ ਜਮਾਤ ਦੀ ਅਜ਼ਾਦੀ - ਲਈ ਕੰਮ ਕਰ ਰਹੇ ਹਾਂ।"
(ਬੀ ਸੀ ਲੰਬਰ ਵਰਕਰ ਵਿੱਚ ਛਪੇ ਦਰਸ਼ਨ ਸਿੰਘ ਦੇ ਇਸ ਖੱਤ ਨੂੰ ਅਨੁਵਾਦ ਕਰਕੇ ਅਸੀਂ ਇਸ ਲੇਖ ਦੇ ਅਖੀਰ ਵਿੱਚ ਦੇ ਰਹੇ ਹਾਂ ਤਾਂ ਕਿ ਪਾਠਕ ਦਰਸ਼ਨ ਸਿੰਘ ਦੀ ਸੋਚ ਤੋਂ ਪੂਰੀ ਤਰ੍ਹਾਂ ਜਾਣੂ ਹੋ ਸਕਣ।)
ਸਾਰ
ਜਿੱਥੇ ਇਹ ਗੱਲ ਸਾਡੇ ਸਾਰਿਆਂ ਵਾਸਤੇ ਮਾਣ ਵਾਲੀ ਹੈ ਕਿ ਦਰਸ਼ਨ ਸਿੰਘ ਨੇ ਭਾਰਤ ਵਿੱਚ ਜਾ ਕੇ ਭਾਰਤ ਦੇ ਲੋਕਾਂ ਦੇ ਜੀਵਨ ਨੂੰ ਸੁਧਾਰਨ ਅਤੇ ਸਿਹਤਮੰਦ ਸੋਚ ਨੂੰ ਲੋਕਾਂ ਵਿੱਚ ਜ਼ਿੰਦਾ ਰੱਖਣ ਅਤੇ ਵਧਾਉਣ ਲਈ ਆਪਣਾ ਜੀਵਨ ਅਰਪਨ ਕੀਤਾ ਉੱਥੇ ਕਨੇਡੀਅਨ ਭਾਰਤੀਆਂ ਦੇ ਨਜ਼ਰੀਏ ਤੋਂ ਇਹ ਘਾਟੇ ਵਾਲੀ ਗੱਲ ਵੀ ਜਾਪਦੀ ਹੈ। ਜੇ ਉਹ ਏਥੇ ਰਹਿੰਦਾ ਤਾਂ ਸੰਭਵ ਹੈ ਕਿ ਉਹ ਆਪਣੀ ਸੂਝ ਅਤੇ ਹਿੰਮਤ ਨਾਲ ਸਾਡੇ ਭਾਈਚਾਰੇ ਦੀ ਰੂਪ ਰੇਖਾ ਨੂੰ ਨਿਖਾਰਨ ਵਿੱਚ ਆਪਣਾ ਹੋਰ ਵੀ ਯੋਗਦਾਨ ਪਾਉਂਦਾ ਅਤੇ ਸਾਡੀਆਂ ਅਗਲੀਆਂ ਪੀੜ੍ਹੀਆਂ ਉਹਦੇ ਜੀਵਨ ਅਤੇ ਕੰਮਾਂ ਤੋਂ ਸਿੱਧੇ ਤੌਰ ਉੱਤੇ ਪ੍ਰਭਾਵਤ ਹੁੰਦੀਆਂ। ਪਰ ਸਾਡੇ ਲਈ ਇਹ ਗੱਲ ਵੀ ਕੋਈ ਘੱਟ ਮਹੱਤਤਾ ਵਾਲੀ ਨਹੀਂ ਹੈ ਕਿ ਆਪਣੇ ਕਨੇਡਾ ਵਿਚਲੇ ਦਸ ਸਾਲ ਦੇ ਸਮੇਂ ਵਿੱਚ ਹੀ ਉਸਨੇ ਸਾਡੇ ਵਾਸਤੇ ਅਜਿਹੀ ਮਿਸਾਲ ਕਾਇਮ ਕੀਤੀ ਹੈ ਕਿ ਜਿਸ ਤੋਂ ਬਹੁਤ ਕੁਝ ਸਿੱਖਿਆ ਅਤੇ ਸੇਧ ਲਈ ਜਾ ਸਕਦੀ ਹੈ।
ਕਨੇਡਾ ਵਿੱਚ ਬਿਤਾਏ ਆਪਣੇ ਸਮੇਂ ਦੌਰਾਨ ਦਰਸ਼ਨ ਸਿੰਘ ਕਨੇਡੀਅਨ ਵਲੋਂ ਪਾਇਆ ਯੋਗਦਾਨ ਕਈ ਪੱਖਾਂ ਤੋਂ ਅਹਿਮ ਹੈ ਅਤੇ ਧਿਆਨ ਦੀ ਮੰਗ ਕਰਦਾ ਹੈ। ਏਥੇ ਆਉਣ ਤੋਂ ਛੇਤੀ ਬਾਅਦ ਉਸ ਨੇ ਏਥੋਂ ਦੀ ਅਗਾਂਹਵਧੂ ਲਹਿਰ ਨਾਲ ਜੁੜ ਕੇ ਸਮੇਂ ਦੀਆਂ ਸਥਿਤੀਆਂ ਨੂੰ ਸਹੀ ਸੰਦਰਭ ਵਿੱਚ ਸਮਝਿਆ ਅਤੇ ਇਹ ਸਮਝ ਉਸਨੇ ਪੂਰੀ ਪ੍ਰਤਿਬੱਧਤਾ ਨਾਲ ਦੂਜੇ ਭਾਰਤੀਆਂ ਤੱਕ ਪਹੁੰਚਾਈ। ਦੂਜੇ ਸ਼ਬਦਾਂ ਵਿੱਚ ਉਸਨੇ ਏਥੇ ਵਸਦੇ ਭਾਰਤੀਆਂ ਦੀ ਅਤੇ ਖਾਸ ਕਰ ਲੱਕੜੀ ਦੀ ਸਨਅਤ ਵਿੱਚ ਕੰਮ ਕਰਦੇ ਭਾਰਤੀ ਕਾਮਿਆਂ ਦੀ ਬੌਧਿਕ ਪੱਧਰ ਨੂੰ ਉੱਪਰ ਚੁੱਕਿਆ। ਨਤੀਜੇ ਵਜੋਂ ਉਹ ਦੂਜੇ ਕਾਮਿਆਂ ਦੇ ਬਰਾਬਰ ਖੜ੍ਹਨ ਵਿੱਚ ਮਾਣ ਮਹਿਸੂਸ ਕਰਨ ਲੱਗੇ। ਇਸ ਦੇ ਨਾਲ ਹੀ ਉਸ ਨੇ ਕਨੇਡੀਅਨ ਲੋਕਾਂ ਅਤੇ ਕਾਮਿਆਂ ਵਿੱਚ ਭਾਰਤੀਆਂ ਬਾਰੇ ਪਏ ਅਨੇਕਾਂ ਭੁਲੇਖਿਆਂ ਅਤੇ ਗਲਤ ਫਹਿਮੀਆਂ ਨੂੰ ਦੂਰ ਕੀਤਾ। ਇਸ ਨਾਲ ਏਥੋਂ ਦੇ ਆਮ ਲੋਕਾਂ ਵਿੱਚ ਭਾਰਤੀਆਂ ਵਿਰੁੱਧ ਨਫਰਤ ਵਿੱਚ ਗੁਣਾਤਮਕ ਕਮੀ ਆਈ। ਭਾਰਤੀਆਂ ਵਲੋਂ ਵੋਟ ਦੇ ਹੱਕ ਲਈ ਚਲਾਈ ਲੰਮੀ ਜੱਦੋ-ਜਹਿਦ ਨੂੰ ਦੂਜੇ ਲੋਕਾਂ ਵਲੋਂ, ਖਾਸ ਕਰ 1942 ਤੋਂ 47 ਤੱਕ, ਮਿਲੀ ਹਿਮਾਇਤ ਸਿੱਧੇ ਤੌਰ 'ਤੇ ਦਰਸ਼ਨ ਸਿੰਘ ਕਨੇਡੀਅਨ ਵਲੋਂ ਪਾਏ ਯੋਗਦਾਨ ਦਾ ਸਿੱਟਾ ਸੀ। ਕਨੇਡਾ ਵਿਚਲੇ ਭਾਰਤੀਆਂ ਅਤੇ ਦੂਜੇ ਕਨੇਡੀਅਨ ਲੋਕਾਂ ਦਰਮਿਆਨ ਪੁਲ਼ ਬਣ ਕੇ ਦਰਸ਼ਨ ਸਿੰਘ ਨੇ ਦੋਨ੍ਹਾਂ ਭਾਈਚਾਰਿਆਂ ਨੂੰ ਇੱਕ ਦੂਜੇ ਦੇ ਨਜ਼ਦੀਕ ਲਿਆਂਦਾ। ਉਸਦਾ ਇਹ ਯੋਗਦਾਨ ਉਸਨੂੰ ਸਾਰੇ ਕਨੇਡੀਅਨ ਲੋਕਾਂ ਵਾਸਤੇ ਵੀ ਉਨਾਂ ਹੀ ਮਹੱਤਵਪੂਰਨ ਬਣਾ ਦਿੰਦਾ ਹੈ ਜਿੰਨਾ ਉਹ ਭਾਰਤੀਆਂ ਵਾਸਤੇ ਹੈ। ਉਸ ਵਲੋਂ ਪਾਇਆ ਯੋਗਦਾਨ ਸਹੀ ਸ਼ਬਦਾਂ ਵਿੱਚ ਇੱਕ ਕਨੇਡੀਅਨ ਵਲੋਂ ਪਾਇਆ ਯੋਗਦਾਨ ਸੀ।
ਪੰਜਾਬ ਵਿੱਚ ਖਾਲਿਸਤਾਨੀਆਂ ਵਲੋਂ ਦਰਸ਼ਨ ਸਿੰਘ ਦੇ 25 ਸਤੰਬਰ, 1986 ਵਿੱਚ ਹੋਏ ਕਤਲ ਬਾਅਦ ਉਸਦੇ ਦੋਸਤਾਂ ਅਤੇ ਹਦਮਦਰਦਾਂ ਵਲੋਂ ਉਸ ਨੂੰ ਸ਼ਰਧਾਂਜਲੀ ਭੇਂਟ ਕਰਨ ਵਾਸਤੇ ਅਕਤੂਬਰ 12, 1986 ਨੂੰ ਵੈਨਕੂਵਰ ਦੇ ਆਈ ਡਬਲਯੂ ਏ ਦੇ ਹਾਲ ਵਿੱਚ ਇੱਕ ਵੱਡੀ ਇਕੱਤਰਤਾ ਕੀਤੀ ਗਈ ਸੀ। ਜਿੱਥੇ ਉਹਨੂੰ ਉਹਦੇ ਦੋਸਤਾਂ, ਏਮਲ ਬਿਓਰਨਸਨ, ਮੌਰਿਸ ਰੱਸ਼, ਹੈਰੀ ਰੈਂਕਿੰਨ, ਕਲੇਅ ਪੈਰੀ ਅਤੇ ਹੋਰ ਅਨੇਕਾਂ ਸਾਥੀਆਂ ਵਲੋਂ ਸਨੇਹ ਅਤੇ ਮਾਣਮੱਤੇ ਸ਼ਬਦਾਂ ਵਿੱਚ ਸ਼ਰਧਾਂਜਲੀ ਭੇਂਟ ਕੀਤੀ ਗਈ ਸੀ। ਕਲੇਅ ਪੈਰੀ ਵਲੋਂ ਉਸ ਵੇਲੇ ਕਹੇ ਗਏ ਸ਼ਬਦਾਂ ਵਿਚਲੇ ਸੁਨੇਹੇ ਨੂੰ ਅਸਲੀ ਜਾਮਾ ਪਹਿਨਾਉਣ ਦੀ ਲੋੜ ਹੈ। ਕਲੇਅ ਪੈਰੀ ਨੇ ਕਿਹਾ ਸੀ: "ਦਰਸ਼ਨ ਸਿੰਘ ਨੂੰ ਪੰਜਾਬ ਵਿੱਚ ਕਨੇਡੀਅਨ ਦੇ ਨਾਂਅ ਨਾਲ ਜਾਣਿਆਂ ਜਾਂਦਾ ਸੀ ਅਤੇ ਏਥੇ ਕਨੇਡਾ ਵਿੱਚ ਅਸੀਂ ਉਸਨੂੰ ਇੱਕ ਪੰਜਾਬੀ ਦੇ ਤੌਰ ਉੱਤੇ ਜਾਣਦੇ ਸਾਂ। ਪਰ ਸਾਨੂੰ ਹੁਣ ਜੋ ਵੀ ਕਰਨਾ ਪਵੇ ਕਰਨਾ ਚਾਹੀਦਾ ਹੈ ਅਤੇ ਇਸ ਵੱਖਰੇਵੇਂ ਨੂੰ ਸਦਾ ਵਾਸਤੇ ਖਤਮ ਕਰ ਦੇਣਾ ਚਾਹੀਦਾ ਹੈ ਅਤੇ ਉਸਨੂੰ ਸਦਾ ਸਦਾ ਵਾਸਤੇ ਕਨੇਡੀਅਨ ਕਹਿਣਾ ਚਾਹੀਦਾ ਹੈ। ਉਸਨੇ ਹਮੇਸ਼ਾਂ ਸੰਘਰਸ਼ ਕੀਤਾ ਅਤੇ ਉਹ ਉਸ ਭਾਵਨਾਵਾਂ ਦੀ ਉਦਾਹਰਨ ਸੀ ਜਿਹੜੀ ਅਜਿਹੇ ਵੱਖਰੇਵਿਆਂ ਦੀਆਂ ਸੱਭ ਹੱਦਾਂ ਟੱਪ ਜਾਂਦੀ ਹੈ।"24 ਸ਼ਰਧਾਂਜਲੀ ਦੇ ਇਨ੍ਹਾਂ ਸ਼ਬਦਾਂ ਨੂੰ ਅਸਲੀ ਰੂਪ ਦੇਣ ਲਈ ਜ਼ਰੂਰੀ ਹੈ ਕਿ ਅਸੀਂ ਦਰਸ਼ਨ ਸਿੰਘ ਕਨੇਡੀਅਨ ਦੇ ਕਨੇਡਾ ਵਿਚਲੇ ਕੰਮਾਂ ਨੂੰ ਜਾਣੀਏ, ਉਸਨੂੰ ਕਨੇਡੀਅਨ ਪੰਜਾਬੀ ਕਮਿਊਨਿਟੀ ਅਤੇ ਕਨੇਡਾ ਦੇ ਇਤਿਹਾਸ ਦਾ ਅੰਗ ਬਣਾਉਣ ਲਈ ਯਤਨਸ਼ੀਲ ਹੋਈਏ।
ਦਰਸ਼ਨ ਸਿੰਘ ਆਪਣੇ ਘਰ ਰਵਾਨਾ
ਭਾਰਤੀ ਮਜ਼ਦੂਰ ਨੇਤਾ ਦੀ ਆਈ ਡਬਲਿਊ ਏ ਨੂੰ ਅਲਵਿਦਾ
(ਬੀ ਸੀ ਲੰਬਰ ਵਰਕਰ, ਦਸੰਬਰ 15, 1947)
(ਬੀ ਸੀ ਡਿਸਟਰਿਕਟ ਆਈ ਡਬਲਿਊ ਏ-ਸੀ ਆਈ ਓ, ਦੇ ਟਰੱਸਟੀ ਸ਼੍ਰੀ ਦਰਸ਼ਨ ਸਿੰਘ ਨੇ ਪਿਛਲੇ ਹਫਤੇ ਯੂਨੀਅਨ ਨੂੰ ਆਪਣਾ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਉਸ ਵਲੋਂ ਉਸ ਵੇਲੇ ਦਿੱਤਾ ਗਿਆ ਜਦੋਂ ਉਹ ਕਨੇਡਾ ਵਿੱਚੋਂ ਆਪਣੇ ਜੱਦੀ ਦੇਸ਼ ਭਾਰਤ ਲਈ ਰਵਾਨਾ ਹੋਣ ਲੱਗਾ ਸੀ ਜਿੱਥੇ ਜਾ ਕੇ ਉਹ ਟਰੇਡ ਯੂਨੀਅਨ ਲਹਿਰ ਵਿੱਚ ਆਪਣਾ ਕੰਮ ਜ਼ਾਰੀ ਰੱਖਣ ਦਾ ਇਰਾਦਾ ਰੱਖਦਾ ਹੈ।
ਇਹ ਅਸਤੀਫੇ ਵਾਲਾ ਖੱਤ ਵੀਰ (ਬਰੱਦਰ) ਸਿੰਘ ਨੇ ਆਪਣੇ ਦੇਸ਼ ਨੂੰ ਜਾਣ ਲਈ ਮਾਂਟਰੀਆਲ ਤੋਂ ਸਮੁੰਦਰੀ ਜਹਾਜ਼ ਵਿੱਚ ਚੜ੍ਹਨ ਤੋਂ ਪਹਿਲਾਂ ਲਿਖਿਆ। ਇਸ ਵਿੱਚ ਉਸਨੇ ਆਪਣੇ ਕਨੇਡਾ ਵਿਚਲੇ ਅਨੇਕਾਂ ਦੋਸਤਾਂ ਅਤੇ ਸਹਿਕਾਮਿਆਂ ਦਾ ਸ਼ੁਕਰੀਆਂ ਅਦਾ ਕੀਤਾ ਹੈ ਅਤੇ ਉਨ੍ਹਾਂ ਨੂੰ ਅਲਵਿਦਾ ਕਹੀ ਹੈ। ਉਸਨੇ ਇਹ ਖੱਤ ਡਿਸਟਰਿਕਟ ਸੈਕਰੇਟਰੀ ਬੀ ਜੇ ਮੈਲਜ਼ਨੇੱਸ ਦੇ ਨਾਂਅ ਭੇਜਿਆ ਹੈ ਅਤੇ ਇਸ ਦਾ ਕੁਝ ਹਿੱਸਾ ਇਸ ਤਰ੍ਹਾਂ ਹੈ- ਲੰਬਰ ਵਰਕਰ ਦੇ ਸੰਪਾਦਕ ਨਾਇਜਲ ਮਾਰਗਨ ਵਲੋਂ ਲਿਖਿਆ ਨੋਟ।)
ਮੈਨੂੰ ਜਾਣ ਲੱਗਿਆਂ ਕੁਝ ਹੱਦ ਤੱਕ ਇੱਕ ਸੰਤੁਸ਼ਟੀ ਦਾ ਅਹਿਸਾਸ ਹੋ ਰਿਹਾ ਹੈ ਪਰ ਨਾਲ ਹੀ ਕਨੇਡਾ ਛੱਡਣ ਦਾ ਇੱਕ ਡੂੰਘਾ ਪਛਤਾਵਾ ਵੀ ਹੈ। ਮੇਰੇ ਪਛਤਾਵੇ ਦਾ ਕਾਰਨ ਕਨੇਡੀਅਨ ਮਜ਼ਦੂਰ ਲਹਿਰ ਦੇ ਵੱਡਮੁੱਲੇ ਦੋਸਤਾਂ ਅਤੇ ਸਾਥੀਆਂ ਤੋਂ ਵਿਛੋੜਾ ਅਤੇ ਵਿਦਾਇਗੀ ਹੈ। ਪਰ ਇਸ ਵਿੱਚ ਤਸੱਲੀ ਵਾਲੀ ਗੱਲ ਇਹ ਹੈ ਕਿ ਮੈਂ ਭਾਰਤ ਜਾ ਕੇ ਸਰਗਰਮੀ ਨਾਲ ਟਰੇਡ ਯੂਨੀਅਨ ਵਿੱਚ ਕੰਮ ਕਰਨ ਦਾ ਇਰਾਦਾ ਰੱਖਦਾ ਹਾਂ ਅਤੇ ਮੈਨੂੰ ਹਮੇਸ਼ਾਂ ਇਸ ਗੱਲ ਦਾ ਅਹਿਸਾਸ ਰਹੇਗਾ ਕਿ ਅਸੀਂ ਇੱਕ ਸਾਂਝੇ ਨਿਸ਼ਾਨੇ - ਮਜ਼ਦੂਰ ਜਮਾਤ ਦੀ ਅਜ਼ਾਦੀ - ਲਈ ਕੰਮ ਕਰ ਰਹੇ ਹਾਂ।
ਦਸ ਸਾਲ ਪਹਿਲਾਂ ਮੈਂ ਆਪਣੀ ਜਵਾਨੀ ਦੇ ਸ਼ੁਰੂ ਵਿੱਚ ਕਨੇਡਾ ਆਇਆ ਸਾਂ। ਏਥੇ ਕਨੇਡਾ ਵਿੱਚ ਆ ਕੇ ਮੈਂ ਮਜ਼ਦੂਰ ਲਹਿਰ ਦਾ ਅੰਮ੍ਰਿਤ ਛਕਿਆ ਅਤੇ ਮਜ਼ਦੂਰ ਜਮਾਤ ਦੇ ਘੋਲ਼ਾਂ ਦਾ ਊੜਾ ਐੜਾ ਸਿੱਖਿਆ। ਮਜ਼ਦੂਰ ਲਹਿਰ ਬਾਰੇ ਹੀ ਨਹੀਂ ਜੀਵਨ ਬਾਰੇ ਵੀ ਮੈਂ ਜੋ ਕੁਝ ਸਿੱਖਿਆ ਹੈ ਉਹ ਮੇਰੇ ਅੰਦਰ ਮੇਰੇ ਨਾਲ ਮਿੱਲਾਂ ਅਤੇ ਕੈਂਪਾਂ ਵਿੱਚ ਕੰਮ ਕਰਨ ਵਾਲਿਆਂ ਨੇ ਅਤੇ ਬਾਅਦ ਵਿੱਚ ਇੰਟਰਨੈਸ਼ਨਲ ਵੁੱਡਵਰਕਰਜ਼ ਆਫ ਅਮਰੀਕਾ ਦੇ ਸਾਥੀਆਂ ਨੇ ਕੁੱਟ ਕੁੱਟ ਕੇ ਭਰਿਆ ਹੈ।
ਇਹ ਕਹਿਣਾ ਪੂਰੀ ਤਰ੍ਹਾਂ ਸਹੀ ਹੈ ਕਿ ਤੁਸੀਂ, ਕਨੇਡਾ ਦੇ ਮਜ਼ਦੂਰ ਲੋਕ, ਮੇਰੇ ਅਧਿਆਪਕ ਅਤੇ ਪੱਥ-ਪ੍ਰਦਰਸ਼ਕ ਹੋ। ਕਨੇਡਾ ਨੂੰ ਅਤੇ ਕਨੇਡਾ ਦੇ ਮਹਾਨ ਲੋਕਾਂ ਨੂੰ ਮੈਂ ਤੁਹਾਡੇ ਰਾਹੀਂ ਹੀ ਜਾਣਿਆਂ ਹੈ। ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਿਆਂ ਮੇਰੇ ਲਈ ਸਾਰਿਆਂ ਦੇ ਨਾਂਅ ਲੈ ਸਕਣਾ ਤਾਂ ਮੁਸ਼ਕਲ ਹੋਵੇਗਾ ਪਰ ਫੇਰ ਵੀ ਮੈਂ ਇਸ ਮੌਕੇ ਆਈ ਡਬਲਿਊ ਏ ਦੀਆਂ ਸਾਰੀਆਂ ਲੋਕਲਾਂ ਅਤੇ ਡਿਸਟਰਿਕਟ ਅਧਿਕਾਰੀਆਂ ਦਾ ਧੰਨਵਾਦ ਕਰਨਾ ਚਾਹੁੰਦਾਂ ਕਿ ਤੁਸੀਂ ਹਮੇਸ਼ਾਂ ਕਿੰਨੀ ਖੁਲ੍ਹ-ਦਿਲੀ ਨਾਲ ਸਹਿਜ ਰੂਪ ਮੇਰੇ ਕੰਮਾਂ ਵਿੱਚ ਮੇਰੀ ਮਦਦ ਕੀਤੀ, ਸਹਿਯੋਗ ਦਿੱਤਾ ਅਤੇ ਸੇਧ ਦਿੱਤੀ।
ਜਦੋਂ 1937 ਵਿੱਚ ਮੈਂ ਪਹਿਲੀ ਵਾਰੀ ਬ੍ਰਿਟਿਸ਼ ਕੋਲੰਬੀਆ ਦੇ ਜੰਗਲਾਂ ਵਿੱਚ ਕੰਮ ਕਰਨ ਗਿਆ ਤਾਂ ਉਸ ਵੇਲੇ ਕੰਮ ਦੀਆਂ ਹਾਲਤਾਂ ਗੁਲਾਮੀ ਵਰਗੀਆਂ ਸਨ। ਉਸ ਸਮੇਂ ਘੱਟ ਤੋਂ ਘੱਟ ਤਨਖਾਹ ਦਾ ਕਾਨੂੰਨ ਸੀ 40 ਸੈਂਟ ਪ੍ਰਤੀ ਘੰਟਾ, ਪਰ ਮੈਂ ਦਸ ਘੰਟੇ ਦੀ ਦਿਹਾੜੀ ਅਤੇ ਵੀਹ ਸੈਂਟ ਪ੍ਰਤੀ ਘੰਟਾ ਉੱਤੇ ਕੰਮ ਕਰਦਾ ਰਿਹਾ ਹਾਂ, ਕਿਉਂਕਿ ਇਸਦਾ ਬਦਲ ਸੀ ਬੇਰੁਜ਼ਗਾਰੀ ਅਤੇ ਭੁੱਖਮਰੀ।
ਸਾਡੀ ਜਥੇਬੰਦ ਕਰਨ ਦੀ ਮੁਹਿੰਮ ਬੜੀ ਕਠਨਾਈਆਂ ਭਰੀ ਸੀ ਪਰ ਸਾਂਝੀਆਂ ਕੋਸ਼ਸ਼ਾਂ ਰਾਹੀਂ ਮਜ਼ਦੂਰ ਜੇਤੂ ਹੋਏ ਅਤੇ ਉਨ੍ਹਾਂ ਨੇ ਕਨੇਡਾ ਭਰ ਵਿੱਚੋਂ ਸੱਭ ਤੋਂ ਮਹਾਨ ਅਤੇ ਜੁਝਾਰੂ (ਮਿਲੀਟੈਂਟ) ਜਥੇਬੰਦੀ ਕਾਇਮ ਕੀਤੀ।
ਆਈ ਡਬਲਿਊ ਏ ਦੀ ਸੱਭ ਤੋਂ ਵੱਡੀ ਪ੍ਰਾਪਤੀ, ਸਾਰੇ ਲੱਕੜ-ਕਾਮਿਆਂ (ਵੁੱਡਵਰਕਰਜ਼) ਨੂੰ - ਗੋਰੇ, ਇੰਡੀਅਨ, ਚੀਨੇ, ਜਪਾਨੀ - ਬਿਨਾਂ ਕਿਸੇ ਨਸਲ ਜਾਂ ਰੰਗ ਦੇ ਵਖਰੇਵੇਂ ਦੇ ਸੱਭ ਨੂੰ ਇੱਕ ਲੜੀ ਵਿੱਚ ਜੋੜਨ ਦੀ ਸੀ। ਆਈ ਡਬਲਿਊ ਏ ਦੇ ਦੂਰ ਅੰਦੇਸ਼ੀ ਵਾਲੇ ਅਤੇ ਜੁਝਾਰੂ ਆਗੂਆਂ ਦੀ ਮਿਹਰਬਾਨੀ ਨਾਲ 37,000 ਲੱਕੜ-ਕਾਮੇ ਹੁਣ ਮੁਕਾਬਲਤਨ ਚੰਗੀਆਂ ਤਨਖਾਹਾਂ ਅਤੇ ਕੰਮ ਦੀਆਂ ਹਾਲਤਾਂ ਦਾ ਆਨੰਦ ਮਾਣ ਰਹੇ ਹਨ। ਕਈ ਤਰ੍ਹਾਂ ਨਾਲ, ਘੱਟ ਗਿਣਤੀਆਂ ਦੇ ਲੋਕਾਂ ਨੂੰ, ਜਿਨ੍ਹਾਂ ਨਾਲ ਹਮੇਸ਼ਾਂ ਵਿਤਕਰਾ ਅਤੇ ਵਧੀਕੀਆਂ ਹੁੰਦੀਆਂ ਰਹੀਆਂ ਹਨ, ਕਾਫੀ ਜ਼ਿਆਦਾ ਫਾਇਦਾ ਹੋਇਆ ਹੈ।
ਇਹ ਮਹਾਨ ਏਕਤਾ ਅਤੇ ਯੋਗ ਅਗਵਾਈ, ਜਿਹਨੇ ਬੀ ਸੀ ਦੇ ਲੱਕੜ-ਕਾਮਿਆਂ ਵਾਸਤੇ ਇੰਨੇ ਜ਼ਿਆਦਾ ਹੱਕ ਜਿੱਤੇ ਹਨ, ਹਰ ਹਾਲਤ ਵਿੱਚ ਕਾਇਮ ਰਹਿਣੀ ਚਾਹੀਦੀ ਹੈ ਅਤੇ ਵਧਣੀ ਚਾਹੀਦੀ ਹੈ। ਮਾਲਕ ਦੇ ਏਜੰਟਾਂ ਵਲੋਂ ਅਤੇ ਚਿੜਚਿੜੇ ਸੁਆਰਥੀ ਲੋਕਾਂ ਵਲੋਂ ਅੰਦਰੂਨੀ ਤੌਰ ਉੱਤੇ ਅੜਚਨਾਂ, ਅਤੇ ਮਾਲਕਾਂ ਵਲੋਂ ਅਤੇ ਉਨ੍ਹਾਂ ਦੇ ਕਠਪੁਤਲੇ ਸਿਆਸੀ ਲੋਕਾਂ ਵਲੋਂ ਬਾਹਰੋਂ ਹੋਣ ਵਾਲੇ ਹਮਲੇ ਬੇਸ਼ੱਕ ਜ਼ਾਰੀ ਰਹਿਣਗੇ। ਪਰ ਤੁਸੀਂ, ਆਈ ਡਬਲਿਊ ਏ ਦੇ ਸਾਥੀਓ, ਹਮੇਸ਼ਾਂ ਇੱਕਮੁੱਠ ਰਹਿਣਾ ਅਤੇ ਮਜ਼ਦੂਰ ਜਮਾਤ ਦੇ ਸਾਰੇ ਦੁਸ਼ਮਣਾਂ ਨੂੰ ਹਾਰ ਦੇਣੀ। ਸਿਰਫ ਲਗਾਤਾਰ ਚੌਕਸ ਰਹਿਣ ਨਾਲ ਅਤੇ ਸੰਘਰਸ਼ ਨਾਲ ਹੀ ਆਈ ਡਬਲਿਊ ਏ ਅਤੇ ਮਜ਼ਦੂਰ ਲਹਿਰ ਬਚਾਈ ਅਤੇ ਵਧਾਈ ਜਾ ਸਕਦੀ ਹੈ। ਸਾਡਾ ਇਹ ਹੀ ਨਾਹਰਾ ਹੋਣਾ ਚਾਹੀਦਾ ਹੈ।
ਆਰਥਿਕ ਮੁਹਾਣ ਉੱਤੇ ਅਸੀਂ ਕਾਫੀ ਮੱਲਾਂ ਮਾਰੀਆਂ ਹਨ ਪਰ ਅਜੇ ਬਹੁਤ ਕੁਝ ਕਰਨ ਵਾਲਾ ਪਿਆ ਹੈ ਅਤੇ ਮੇਰਾ ਇਹ ਪੱਕਾ ਵਿਸ਼ਵਾਸ ਹੈ ਕਿ ਆਈ ਡਬਲਿਊ ਏ ਨੂੰ ਹੋਰ ਸਰਗਰਮੀ ਨਾਲ ਸਿਆਸਤ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਅਸੀਂ ਸਾਫ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਸਾਡੀਆਂ ਆਰਥਿਕ ਪ੍ਰਾਪਤੀਆਂ ਨੂੰ ਬਿੱਲ 39 ਵਰਗੇ ਸਿਆਸੀ ਕਾਨੂੰਨਾਂ ਨਾਲ ਤਬਦੀਲ ਕਰ ਕੇ ਸਾਥੋਂ ਖੋਹਿਆ ਜਾ ਸਕਦਾ ਹੈ। ਇਸ ਮੈਦਾਨ ਵਿੱਚ ਆਈ ਡਬਲਿਊ ਏ ਨੂੰ ਕੰਮ ਕਰਕੇ ਬੀ ਸੀ ਵਿੱਚ ਅਤੇ ਕਨੇਡਾ ਵਿੱਚ ਮਜ਼ਦੂਰਾਂ ਅਤੇ ਕਿਸਾਨਾਂ ਦੇ ਸਾਂਝੇ ਮੋਰਚੇ ਵਾਲੀ ਲੋਕ-ਸਰਕਾਰ ਕਾਇਮ ਕਰਨੀ ਚਾਹੀਦੀ ਹੈ।
ਅੱਜ ਅਮਰੀਕਨ ਸਾਮਰਾਜਵਾਦ ਦੂਜੇ ਲੋਕਾਂ ਦੀਆਂ ਆਜ਼ਾਦੀਆਂ ਉੱਪਰ ਆਪਣੀਆਂ ਚੰਮ ਦੀਆਂ ਚਲਾ ਰਿਹਾ ਹੈ। ਅਮਰੀਕਨ ਸਾਮਰਾਜੀ ਸਾਰੇ ਯੂਰਪ ਨੂੰ ਆਪਣੀ ਜੇਬ ਵਿੱਚ ਪਾਉਣਾ ਚਾਹੁੰਦੇ ਹਨ। ਉਹ ਚੀਨ ਦੇ ਲੋਕਾਂ ਦੇ ਖਿਲਾਫ ਤਾਨਾਸ਼ਾਹ ਚਿਆਂਗ-ਕਾਏ-ਸ਼ੇਕ ਦੀ ਹਮਾਇਤ ਕਰ ਰਹੇ ਹਨ। ਸਾਊਥ ਈਸਟ ਏਸ਼ੀਆ ਵਿੱਚ ਬ੍ਰਿਟਿਨ, ਫਰਾਂਸ ਅਤੇ ਹੌਲੈਂਡ (ਅਮਰੀਕਨ ਮਦਦ ਨਾਲ) ਇੰਡੋਨੇਸ਼ੀਆ, ਵੀਅਤਨਾਮ ਅਤੇ ਇੰਡੋਚਾਈਨਾ ਦੀਆਂ ਰੀਪਬਲਿਕਾਂ ਨੂੰ ਕੁਚਲਣ ਦੀਆਂ ਕੋਸ਼ਸ਼ਾਂ ਕਰ ਰਹੇ ਹਨ।
ਭਾਰਤ ਵਿੱਚ ਜਿੱਥੇ ਸਾਡੇ ਲੋਕਾਂ ਨੇ ਬਰਤਾਨਵੀ ਬਸਤੀਵਾਦੀਆਂ ਕੋਲੋਂ ਵੱਡੀਆਂ ਰਿਆਇਤਾਂ ਜਿੱਤੀਆਂ ਹਨ ਅਤੇ 200 ਸਾਲ ਦੇ ਬਿਗਾਨੇ ਰਾਜ ਬਾਅਦ ਆਪਣੀ ਕੌਮੀ ਸਰਕਾਰ ਪ੍ਰਾਪਤ ਕੀਤੀ ਹੋਈ ਹੈ ਪਰ ਅਜੇ ਵੀ ਬਰਤਾਨੀਆਂ ਵਾਲੇ ਅਸਿੱਧੇ ਤਰੀਕੇ ਨਾਲ ਆਰਥਿਕ ਸਰਦਾਰੀ, ਦੇਸ਼ ਵੰਡ, ਅਤੇ ਰਜਵਾੜਾ ਸ਼ਾਹੀ ਅਤੇ ਵੱਡੇ ਵਪਾਰੀਆਂ ਨਾਲ ਸਾਂਝ ਰੱਖ ਕੇ ਦੇਸ਼ ਉੱਪਰ ਆਪਣਾ ਕਬਜਾ ਕਾਇਮ ਰੱਖਣ ਦੀਆਂ ਕੋਸ਼ਸ਼ਾਂ ਕਰ ਰਹੇ ਹਨ।
ਇਨ੍ਹਾਂ ਸਾਰੇ ਕੇਸਾਂ ਵਿੱਚ ਕਨੇਡੀਅਨ ਸਰਕਾਰ ਸਥਾਨਕ ਲੋਕਾਂ ਦੇ ਅਜ਼ਾਦੀ ਲਈ ਚੱਲ ਰਹੇ ਘੋਲ਼ਾਂ ਵਿਰੁੱਧ ਸਾਮਰਾਜਵਾਦੀਆਂ ਦੀ ਹਮਾਇਤ ਕਰ ਰਹੀ ਹੈ। ਸੰਖੇਪ ਵਿੱਚ, ਉਹੀ ਇਜਾਰੇਦਾਰ ਤਾਕਤਾਂ ਜਿਹੜੀਆਂ ਕਨੇਡੀਅਨ ਲੋਕਾਂ ਦੇ ਰਹਿਣ ਦੇ ਪੱਧਰ ਨੂੰ ਨੀਵਾਂ ਰੱਖਣ ਦੀ ਕੋਸ਼ਸ਼ ਕਰ ਰਹੀਆਂ ਹਨ, ਬਸਤੀਆਂ ਦੇ ਲੋਕਾਂ ਨੂੰ ਗੁਲਾਮ ਬਣਾਈ ਰੱਖਣ ਲਈ ਤਤਪਰ ਹਨ। ਨਤੀਜੇ ਵਜੋਂ, ਕਨੇਡੀਅਨ ਮਜ਼ਦੂਰ ਜਮਾਤ ਦਾ ਅਤੇ ਮੇਰੇ ਦੇਸ਼ ਦੇ ਲੋਕਾਂ ਦਾ ਇਕੋ ਇੱਕ ਸਾਂਝਾ ਦੁਸ਼ਮਣ ਹੈ ਦੁਨੀਆਂ ਦਾ ਸਾਮਰਾਜਵਾਦ। ਜੇ ਸਾਡੇ ਦੋਵਾਂ ਲੋਕਾਂ ਨੇ ਇਸ ਜ਼ਹਿਰੀਲੇ ਦੁਸ਼ਮਣ ਸਾਹਮਣੇ ਆਪਣੀ ਹੋਂਦ ਕਾਇਮ ਰੱਖਣੀ ਹੈ ਤਾਂ ਸਾਨੂੰ ਪੱਕੀ ਸਾਂਝ ਸਥਾਪਤ ਕਰਨੀ ਪਵੇਗੀ। ਸਾਮਰਾਜਵਾਦ ਵਿਰੁੱਧ ਸੰਘਰਸ਼ ਦੀ ਜਿੱਤ ਵਿੱਚ ਇਹ ਏਕਤਾ ਹੀ ਅਸਲੀ ਕੁੰਜੀ ਹੈ।
ਮੈਂ ਤੁਹਾਡੇ ਨਾਲ ਇਸ ਗੱਲ ਦਾ ਵਾਇਦਾ ਕਰਦਾ ਹਾਂ ਕਿ ਭਾਰਤੀ ਟਰੇਡ ਯੂਨੀਅਨ ਦੀ ਲਹਿਰ ਵਿੱਚ ਕੰਮ ਕਰਕੇ ਮੈਂ ਇਨ੍ਹਾਂ ਦੋਨ੍ਹਾਂ ਲੋਕਾਂ ਦਰਮਿਆਨ ਏਕਤਾ ਕਾਇਮ ਕਰਨ ਵਾਸਤੇ ਆਪਣੀ ਵਲੋਂ ਹਰ ਕੋਸ਼ਸ਼ ਕਰਾਂਗਾ। ਅਤੇ ਮੈਨੂੰ ਇਸ ਗੱਲ ਦਾ ਪੂਰਨ ਵਿਸ਼ਵਾਸ ਹੈ ਕਿ ਤੁਸੀਂ, ਕਨੇਡੀਅਨ ਮਜ਼ਦੂਰ ਲਹਿਰ ਦੇ ਸਾਥੀ, ਮੇਰੇ ਲੋਕਾਂ ਦੀ ਅਤੇ ਦੁਨੀਆਂ ਦੇ ਹੋਰ ਲੋਕਾਂ ਦੀ ਬਸਤੀਵਾਦੀਆਂ ਕੋਲੋਂ ਅਜ਼ਾਦੀ ਦੀ ਲੜਾਈ ਦੀ ਮਦਦ ਵਿੱਚ ਜੋ ਵੀ ਕਰ ਸਕੇ ਪੂਰੀ ਕੋਸ਼ਿਸ਼ ਨਾਲ ਕਰੋਗੇ। ਕਨੇਡਾ ਦੇ ਮਜ਼ਦੂਰ ਕਦੇ ਵੀ ਆਪਣੀ ਮੁਕੰਮਲ ਅਜ਼ਾਦੀ ਸਥਾਪਤ ਨਹੀਂ ਕਰ ਸਕਣਗੇ ਜਿੰਨਾ ਚਿਰ ਅੱਧੀ ਦੁਨੀਆਂ ਦੇ ਲੋਕ ਬਸਤੀਆਂ ਵਿੱਚ ਸਿੱਧੇ ਜਾਂ ਅਸਿੱਧੇ ਤੌਰ ਉੱਤੇ ਇਜਾਰੇਦਾਰ ਪੂੰਜੀਵਾਦ ਦੇ ਗੁਲਾਮ ਬਣੇ ਰਹਿਣਗੇ।
ਮੈਂ ਇੱਕ ਵਾਰੀ ਫੇਰ ਆਈ ਡਬਲਿਊ ਏ ਦੀ ਸਮੁੱਚੀ ਮੈਂਬਰਸ਼ਾਪ ਅਤੇ ਆਗੂਆਂ ਦਾ ਨਿੱਘਾ ਧੰਨਵਾਦ ਕਰਨਾ ਚਾਹੁੰਦਾ ਹਾਂ ਅਤੇ ਸੱਭ ਨੂੰ ਸ਼ੁੱਭ ਇਛਾਵਾਂ ਭੇਜਦਾ ਹਾਂ। ਕਿਰਪਾ ਕਰਕੇ ਮੇਰੇ ਇਸ ਖੱਤ ਨੂੰ ਮੇਰਾ ਡਿਸਟਰਿਕਟ ਟਰੱਸਟੀ ਦੇ ਔਹਦੇ, ਜਿਸ ਉੱਪਰ ਮੈਂ ਕਈ ਸਾਲ ਰਿਹਾ ਹਾਂ, ਤੋਂ ਅਸਤੀਫਾ ਸਮਝਣਾ।
ਅੱਗੇ ਆਉਣ ਵਾਲੇ ਸੰਘਰਸ਼ਾਂ ਵਿੱਚ ਤੁਹਾਨੂੰ ਸੱਭ ਸਾਥੀਆਂ ਨੂੰ ਹਰ ਜਿੱਤ ਦੀ ਕਾਮਨਾ ਕਰਦਾ ਹਾਂ। ਅਲਵਿਦਾ ਆਈ ਡਬਲਿਊ ਏ ਅਤੇ ਅਲਵਿਦਾ ਕੈਨੇਡਾ।
ਭਰਾਤਰੀ ਪਿਆਰ ਨਾਲ
ਦਰਸ਼ਨ ਸਿੰਘ
ਹਵਾਲੇ ਅਤੇ ਟਿੱਪਣੀਆਂ
1. ਦਰਸ਼ਨ ਸਿੰਘ ਕਨੇਡੀਅਨ ਇੰਟਰਵਿਊ, ਸਾਧੂ ਬਿਨਿੰਗ, ਡਾਕਟਰ ਹਰੀ ਸ਼ਰਮਾ, ਸੁਖਵੰਤ ਹੁੰਦਲ ਅਤੇ ਮਾਖਣ ਟੁੱਟ, ਮਾਰਚ, 1985, ਵੈਨਕੂਵਰ ਬੀ ਸੀ।
2. ਦਰਸ਼ਨ ਸਿੰਘ ਕਨੇਡੀਅਨ, ਇੰਟਰਵਿਊ।
3. ਏਮਲ ਬਿਓਰਨਸਨ ਇੰਟਰਵਿਊ, ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ, ਅਪਰੈਲ 2, 1997, ਵੈਨਕੂਵਰ।
4. ਦਰਸ਼ਨ ਸਿੰਘ ਕਨੇਡੀਅਨ ਇੰਟਰਵਿਊ।
5. ਦਰਸ਼ਨ ਸਿੰਘ ਕਨੇਡੀਅਨ ਇੰਟਰਵਿਊ।
6. ਕੁਲਦੀਪ ਸਿੰਘ ਬੈਂਸ ਇੰਟਰਵਿਊ, ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ, 30 ਅਕਤੂਬਰ 1984, ਵੈਨਕੂਵਰ।
7. ਦਰਸ਼ਨ ਸਿੰਘ ਕਨੇਡੀਅਨ ਇੰਟਰਵਿਊ।
8. ਕਰੇਗ ਪਰਿਚਟ ਇੰਟਰਵਿਊ, ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ, 8 ਅਗਸਤ 1997, ਵੈਨਕੂਵਰ।
9. ਦਰਸ਼ਨ ਸਿੰਘ ਕਨੇਡੀਅਨ ਇੰਟਰਵਿਊ।
10. ਕਰੇਗ ਪਰਿਚਟ ਇੰਟਰਵਿਊ।
11. ਅਲਬਰਟਾ ਵਰਕਰਜ਼ ਵੈਲਕਮ ਆਈ ਡਬਲਯੂ, ਦਰਸ਼ਨ ਸਿੰਘ ਕਨੇਡੀਅਨ, ਬੀ ਸੀ ਲੰਬਰ ਵਰਕਰਜ਼, 4 ਨਵੰਬਰ, 1946, ਵੈਨਕੂਵਰ।
12. ਉਹੀ।
13. ਉਹੀ।
14. ਮਿਸਟਰ ਰੁਆਏ ਮਾਹ ਨਾਲ ਸਾਧੂ ਬਿਨਿੰੰੰਗ ਦੀ ਅਪਰੈਲ, 1997 ਨੂੰ ਫੋਨ ਉੱਪਰ ਕੀਤੀ ਗੱਲਬਾਤ ਉੱਤੇ ਆਧਾਰਤ, ਵੈਨਕੂਵਰ।
15. ਦਰਸ਼ਨ ਸਿੰਘ ਕਨੇਡੀਅਨ ਸ਼ਰਧਾਂਜਲੀ ਸਮਾਗਮ, 12 ਅਕਤੂਬਰ 1986, ਵੈਨਕੂਵਰ, ਸਮੇਂ ਕਲੇਅ ਪੈਰੀ ਵਲੋਂ ਕੀਤੀ ਸਪੀਚ ਵਿੱਚੋਂ।
16. "ਦਰਸ਼ਨ ਸਿੰਘ ਸੁਪੋਰਟ ਯੂਨਿਟੀ", ਬੀ ਸੀ ਲੰਬਰ ਵਰਕਰਜ਼, 6 ਨਵੰਬਰ, 1944, ਸਫਾ 1.
17. ਦੇਖੋ "ਭਾਰਤੀਆਂ ਨੇ ਕਨੇਡਾ ਵਿੱਚ ਵੋਟ ਦਾ ਹੱਕ ਕਿਸ ਤਰ੍ਹਾਂ ਲਿਆ: ਪੰਜਾਹਵੀਂ ਵਰ੍ਹੇ ਗੰਢ ਸਮੇਂ ਵਿਸ਼ੇਸ਼", ਸੁਖਵੰਤ ਹੁੰਦਲ ਅਤੇ ਸਾਧੂ ਬਿਨਿੰਗ, ਵੈਨਕੂਵਰ ਸੱਥ ਪਬਲੀਕੇਸ਼ਨਜ਼, ਵੈਨਕੂਵਰ, 1997, ਸਫਾ 33-34।
18. ਉਹੀ ਸਫਾ 29.
19. ਉਹੀ ਸਫਾ 48.
20. ਵਿਕਟੋਰੀਆ ਡੇਲੀ ਟਾਈਮਜ਼, ਅਪਰੈਲ 7, 1945, ਸਫਾ 4.
21. ਦਰਸ਼ਨ ਸਿੰਘ ਕਨੇਡੀਅਨ ਵਲੋਂ 1943 ਵਿੱਚ ਲਿਖੀ ਕਿਤਾਬ ਜੋ 1948 ਵਿੱਚ ਪ੍ਰਕਾਸ਼ਿਤ ਹੋਈ: ਦਾ ਰਾਈਜ਼ ਆਫ ਨਿਊ ਏਸ਼ੀਆ, ਪਰੌਗਰੇੱਸ ਪਬਲਿਸ਼ਿੰਗ, ਟਰਾਂਟੋ।
22. ਜਿਵੇਂ ਪਹਿਲਾਂ ਜ਼ਿਕਰ ਕੀਤਾ ਗਿਆ ਹੈ ਕਿ ਇਹ ਲੇਖ ਲਿਖਣ ਲਈ ਅਸੀਂ ਦਰਸ਼ਨ ਸਿੰਘ ਹੋਰਾਂ ਨਾਲ ਕੀਤੀ ਆਪਣੀ ਲੰਬੀ ਇੰਟਰਵਿਊ ਨੂੰ ਕਾਫੀ ਹੱਦ ਤੱਕ ਆਧਾਰ ਬਣਾਇਆ ਹੈ। ਪਰ ਅਸੀਂ ਆਪਣੀ ਵਲੋਂ ਇਸ ਗੱਲ ਦੀ ਵੀ ਪੂਰੀ ਕੋਸ਼ਸ਼ ਕੀਤੀ ਹੈ ਕਿ ਦੂਜੇ ਸੋਮਿਆਂ ਕੋਲੋਂ ਵੀ ਦਰਸ਼ਨ ਸਿੰਘ ਦੇ ਜੀਵਨ ਅਤੇ ਯੋਗਦਾਨ ਬਾਰੇ ਜਾਣਕਾਰੀ ਇਕੱਤਰ ਕਰੀਏ। ਇਸ ਮਕਸਦ ਲਈ ਅਸੀਂ ਆਈ ਡਬਲਯੂ ਏ ਦੇ ਉਸ ਸਮੇਂ ਬਾਰੇ ਲਿਖੇ ਗਏ ਇਤਿਹਾਸਕ ਦਸਤਾਵੇਜਾਂ ਨੂੰ ਦੇਖਿਆ ਹੈ। ਨਾਲ ਹੀ ਅਸੀਂ ਕਾਫੀ ਸਾਰੇ ਉਨ੍ਹਾਂ ਲੋਕਾਂ ਨਾਲ ਗੱਲਬਾਤ ਕੀਤੀ ਹੈ ਜਿਹੜੇ ਦਰਸ਼ਨ ਸਿੰਘ ਨੂੰ ਨਿੱਜੀ ਤੌਰ ਉੱਤੇ ਜਾਣਦੇ ਸਨ ਅਤੇ ਉਹਦੇ ਨਾਲ ਕੰਮ ਕਰਦੇ ਰਹੇ ਸਨ। ਇਨ੍ਹਾਂ ਵਿੱਚ ਸ਼ਾਮਲ ਹਨ: ਮੌਰਿਸ ਰਸ਼ ਜੋ ਬਹੁਤ ਲੰਬਾ ਸਮਾਂ ਕਮਿਊਨਿਸਟ ਪਾਰਟੀ ਦੇ ਔਹਦੇਦਾਰ ਰਹੇ ਅਤੇ ਇਸ ਵੇਲੇ ਵੈਨਕੂਵਰ ਵਿੱਚ ਰਹਿ ਰਹੇ ਹਨ। ਏਮੀਲ ਬਿਓਰਨਸਨ ਜੋ ਯੂਨੀਵਰਸਿਟੀ ਦੇ ਸਮੇਂ ਤੋਂ ਦਰਸ਼ਨ ਸਿੰਘ ਦੇ ਵਾਕਿਫ ਸਨ ਅਤੇ ਉਨ੍ਹਾਂ ਨਾਲ ਯੰਗ ਕਮਿਊਨਿਸਟ ਲੀਗ ਦੇ ਸਮੇਂ ਤੋਂ ਮਿਲ਼ ਕੇ ਸਰਗਰਮੀਆਂ ਕੀਤੀਆਂ ਸਨ। ਮੋਨਾ ਮੋਰਗਨ ਜੋ ਆਈ ਡਬਲਯੂ ਏ ਵਿੱਚ ਇਸਤਰੀਆਂ ਨੂੰ ਜਥੇਬੰਦ ਕਰਨ ਵਿੱਚ ਅਤੇ ਯੂਨੀਅਨ ਦੀ ਅਖਬਾਰ ਲੰਬਰ ਵਰਕਰ ਵਿੱਚ ਲੰਬਾ ਸਮਾਂ ਕੰਮ ਕਰਦੇ ਰਹੇ ਹਨ ਅਤੇ ਉੱਘੇ ਆਗੂ ਨਾਈਜਲ ਮੋਰਗਨ ਦੇ ਜੀਵਨ ਸਾਥੀ ਸਨ। ਹੈਰੀ ਰੈਂਕਿੰਨ ਜਿਨ੍ਹਾਂ ਦੀ ਦਰਸ਼ਨ ਸਿੰਘ ਦੇ ਕਨੇਡਾ ਵਿਚਲੇ ਅਖੀਰਲੇ ਦੋ ਸਾਲਾਂ ਦੌਰਾਨ ਉਸ ਨਾਲ ਕਾਫੀ ਨੇੜਤਾ ਰਹੀ ਸੀ। ਚੀਨੀ ਕਮਿਊਨਿਟੀ ਦੇ ਯੂਨੀਅਨ ਆਰਗੇਨਾਈਜ਼ਰ ਰੁਆਏ ਮਾਹ ਜੋ ਚੀਨੀ ਕਮਿਊਨਿਟੀ ਵਿੱਚ ਕਈ ਦਹਾਕੇ ਅਖਬਾਰ ਚਲਾਉਂਦੇ ਰਹੇ ਹਨ। ਕਰੇਗ ਪਰਿਚਟ, ਜੋ ਹੈਰਲਡ ਪਰਿਚਟ ਦੇ ਸਪੁੱਤਰ ਹਨ ਅਤੇ ਆਪਣੀ ਛੋਟੀ ਉਮਰ ਤੋਂ ਹੀ ਅਗਾਂਹਵਧੂ ਸਰਗਰਮੀਆਂ ਵਿੱਚ ਸ਼ਾਮਲ ਰਹੇ ਹਨ। ਕੁਲਦੀਪ ਸਿੰਘ ਬੈਂਸ ਜੋ ਦਰਸ਼ਨ ਸਿੰਘ ਦੇ ਨਾਲ ਕਮਿਊਨਿਸਟ ਪਾਰਟੀ ਦੇ ਮੈਂਬਰ ਵੀ ਸਨ ਅਤੇ ਯੂਨੀਅਨ ਜਥੇਬੰਦ ਕਰਨ ਵਿੱਚ ਵੀ ਸਰਗਰਮ ਸਨ। ਮਾਰਗਰੇਟ ਐਂਡਰੂਸਿਐਕ ਜੋ ਦਰਸ਼ਨ ਸਿੰਘ ਨੂੰ ਉਸਦੇ ਸਰਗਰਮੀ ਦੇ ਸਮੇਂ ਤੋਂ ਜਾਣਦੇ ਸਨ। ਏਸੇ ਤਰ੍ਹਾਂ ਅਸੀਂ ਆਈ ਡਬਲਯੂ ਦੇ ਮੌਜੂਦਾ ਔਹਦੇਦਾਰ ਕਲੇਅ ਪੈਰੀ ਜਿਸ ਨੇ ਦਰਸ਼ਨ ਸਿੰਘ ਨਾਲ ਦੇਸ਼ ਜਾ ਕੇ ਮੁਲਾਕਾਤਾਂ ਕੀਤੀਆਂ ਹਨ, ਨਾਲ ਵੀ ਦਰਸ਼ਨ ਸਿੰਘ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ। ਇਨ੍ਹਾਂ ਸਾਰਿਆਂ ਨਾਲ ਵਿਚਾਰ ਵਟਾਂਦਰੇ ਬਾਅਦ ਅਸੀਂ ਇਸ ਸਿੱਟੇ ਉੱਤੇ ਪਹੁੰਚੇ ਹਾਂ ਕਿ ਦਰਸ਼ਨ ਸਿੰਘ ਦੇ ਪਾਏ ਯੋਗਦਾਨ ਨੂੰ ਉਸ ਸਮੇਂ ਦਾ ਇਤਿਹਾਸ ਲਿਖਣ ਵਾਲਿਆਂ ਵਲੋਂ ਨਜ਼ਰ ਅੰਦਾਜ਼ ਕੀਤਾ ਗਿਆ ਹੈ।
23. ਹੈਰੀ ਰੈਂਕਿੰਨ ਇੰਟਰਵਿਊ, ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ, ਅਪਰੈਲ 2, 1997, ਵੈਨਕੂਵਰ।
24. ਦਰਸ਼ਨ ਸਿੰਘ ਕਨੇਡੀਅਨ ਸ਼ਰਧਾਂਜਲੀ ਸਮਾਗਮ, 12 ਅਕਤੂਬਰ 1986, ਵੈਨਕੂਵਰ, ਸਮੇਂ ਕਲੇਅ ਪੈਰੀ ਵਲੋਂ ਕੀਤੀ ਸਪੀਚ ਵਿੱਚੋਂ।
ਸੋਰਸ :- watanpunjabi.ca

ਨਿਯਾਰਾ ਨੂਰ ਦੀ ਆਵਾਜ਼ ਵਿਚ ਸੁਣੋ
ਮੇਰਾ ਦਰਦ ਹੈ ਨਗਮਾ-ਏ -ਬੇ-ਸਦਾ
ਮੇਰੀ ਜਾਤ ਜ਼ਰ੍ਰਾ-ਏ-ਬੇ-ਨਿਸ਼ਾਨ
ਮੇਰੇ ਦਰਦ ਕੋ ਜੋ ਜ਼ੁਬਾਨ ਮਿਲੇ
ਮੁਝੇ ਆਪਣਾ ਨਾਮ-ਓ-ਨਿਸ਼ਾਨ ਮਿਲੇ
ਮੇਰੀ ਜਾਤ ਕਾ ਜੋ ਨਿਸ਼ਾਨ ਮਿਲੇ
ਮੁਝੇ ਰਾਜ਼-ਏ-ਨਾਜਮ-ਓ-ਜਹਾਂ ਮਿਲੇ
ਜੋ ਮੁਝੇ ਏ ਰਾਜ਼-ਏ-ਨਿਹਾਂ ਮਿਲੇ
ਮੇਰੀ ਖਾਮੋਸ਼ੀ ਕੋ ਬਯਾਂ ਮਿਲੇ
ਮੁਝੇ ਕਾਇਨਾਤ ਕੀ ਸਰਵਰੀ
ਮੁਝੇ ਦੋਲਤ-ਏ-ਦੋ ਜਹਾਂ ਮਿਲੇ

ਸ਼ਮੀਲ ਦੀ ਕਾਵਿ ਪੁਸਤਕ 'ਓ ਮੀਆਂ' ਤੇ ਚਰਚਾ ਦੌਰਾਨ ਨਾਟਕਕਾਰ ਬਲਰਾਮ ਆਪਣੇ ਪ੍ਰਭਾਵ ਸਾਂਝੇ ਕਰ ਰਹੇ ਹਨ ੦ ਖੱਬੇ ਸਵਰਨਜੀਤ ਸਵੀ ਅਤੇ ਸੱਜੇ ਸ਼ਮੀਲ ਤੇ ਪ੍ਰਕਾਸ਼ ਬੈਠੇ ਹਨ ੦
ਕਹਾਣੀ
ਕਿਉਂ ਛੇੜਨੀ ਹੈ ਫੇਰ
ਉਹੀ ਪੁਰਾਣੀ ਕਥਾ
ਇਸ ਦੇ ਸਭ ਮੋੜ
ਸਭ ਸਿਖਰ
ਮੈਂ ਦੇਖ ਚੁੱਕਾ ਹਾਂ
ਵਾਰ ਵਾਰ ਉਹੀ ਦਰਦ
ਉਹੀ ਚੀਸ
ਉਡੀਕ
ਵਿਯੋਗ
ਇਨ੍ਹਾਂ ਸਭ ਮੋੜਾਂ ਤੋਂ
ਹੁਣ ਡਰ ਲਗਦਾ ਹੈ
ਕੁਝ ਹੋਰ ਕਹਿ
ਸਭ ਕਹਾਣੀਆਂ ਦਾ ਇਕ ਹੀ ਵਿਸ਼ਾ ਹੈ
ਜ਼ਿੰਦਗੀ
ਜ਼ਿੰਦਗੀ ਦੀ ਇੱਕੋ ਭਟਕਣ ਹੈ
ਤਲਾਸ਼
ਤਲਾਸ਼ ਦਾ ਇੱਕੋ ਰਾਹ ਹੈ
ਦਰਦ
ਦਰਦ ਦੀ ਇੱਕੋ ਮੰਜ਼ਲ ਹੈ
ਵੈਰਾਗ
ਵੈਰਾਗ ਦਾ ਇੱਕੋ ਅੰਤ ਹੈ
ਰਾਕਟ ਦੀ ਤਰਾਂ ਸੜ ਜਾਣਾ
ਮੇਰੇ ਕੋਲ ਬਥੇਰਾ ਵੈਰਾਗ ਹੈ ਪਹਿਲਾਂ ਹੀ
ਗੁਰੂਤਾ ਦੇ ਘੇਰੇ ਨੂੰ
ਤੋੜਨ ਲਈ
ਉਹੀ ਕਹਾਣੀ ਹੁਣ ਫੇਰ ਨਾ ਛੇੜ
ਸੈਮੁਅਲ ਬੈਕਟ ਦੇ ਨੋਬੇਲ ਇਨਾਮ ਵਿਜੇਤਾ ਨਾਟਕ ਵੇਟਿੰਗ ਫਾਰ ਗੋਦੋ ਵਿੱਚ ਲੱਕੀ ਦੀ ਤਕਰੀਰ ਅਜਿਹੀ ਟੈਕਸਟ ਹੈ ਜਿਸ ਦਾ ਅਨੁਵਾਦ ਉੱਕਾ ਅਸੰਭਵ ਲਗਦਾ ਹੈ ਪਰ ਬਲਰਾਮ ਨੇ ਇਸਦਾ ਪੰਜਾਬੀ ਵਿੱਚ ਲਾਮਿਸਾਲ ਅਨੁਵਾਦ ਕਰ ਵਿਖਾਇਆ ਹੈ੦
ਲੱਕੀ :
ਉਤੋਂ ਡਿੱਗੀ ਹੋਂਦ ਦੇ ਘੋੜ ਸੁਦਾਗਰਾਂ ਬਗਲਿਆਂ ਖੁਰੀਸਾਜਾਂ ਭਗਤਾਂ ਦੀ ਜਨਤਕ ਸੇਵਾ ਦਾ ਪੁੱਤ ਘਰੋਗੀ ਮਾਲ ਪ੍ਰਮਾਤਮਾ ਕੀ ਕੀ ਕੀ ਕੀ ਖੀ ਖੀ ਖੀ ਖੀ ਜਿਵੇਂ ਦਿੱਤਾ ਚਿੱਟ ਦਾੜੀਆ ਖੀ ਖੀ ਕੀ ਕੀ ਅਕਾਲ ਅਮੂਰਤ ਅਲੌਕਿਕ ਸੁੰਨ ਸਮਾਧ ਦੀਆਂ ਨੰਗੀਆਂ ਚੋਟੀਆਂ ਤੇ ਬਰਫੀਲੀ ਇਲਾਹੀ ਬੇਪ੍ਰਵਾਹੀ ਦੀ ਖੁਮਾਰੀ 'ਚ ਚੂਰ ਰੂਹਾਨੀ ਅਲਗ੍ਰਜੀ 'ਚ ਮੌਨ ਮੂਕ ਬੇਲਾਗ ਪਿਆਰ ਦਾ ਸਾਨੂੰ ਅੰਤਾਂ ਦਾ ਸਣੇ ਕੁਝ ਛੋਟਾਂ ਦੇ ਘਾਟਾਂ ਤੰਗੀਆਂ ਤੁਰਸੀਆਂ ਦੇ ਨਦਾਰਦ ਕਾਰਣਾਂ ਕਾਰਨ ਐਪਰ ਕਾਲ ਖੋਲੇਗਾ ਪਾਜ਼ ਰਹੱਸਾਂ ਸ਼ਕਤੀਆਂ ਸਣੇ ਸੜਦੀ ਨੂਰਾਨੀ ਮੋਰਿੰਡਾ ਸੰਗ ਜੋ ਕੁੱਦੇ ਦੁਖਾਂ ਦੀ ਜਿੱਲਣ 'ਚ ਛਾਲਾਂ ਮਾਰਦੇ ਲਾਬੂਆਂ 'ਚ ਜਿਨ੍ਹਾਂ ਦੀਆਂ ਲਪਟਾਂ ਰਹੀਆਂ ਮਨਚਲੀਆਂ ਜੇ ਇੰਝ ਹੀ ਤਾਂ ਕਿਹੜਾ ਕਰੂ ਸ਼ੱਕ ਭੜੂਆ ਲੂਹ ਸੁੱਟਣਗੀਆਂ ਅਸਮਾਨ ਕਹੀਏ ਤਾਂ ਮਹਾਂ ਵਿਸਫੋਟ ਪਰਲੋ ਨਰਕਾਂ ਸੁਰਗਾਂ ਤਾਈਂ ਸਭ ਸਮਾਂ ਹੋਲਾ ਨੀਲਾ ਇੰਨਾ ਨੀਲਾ ਸ਼ਾਂਤ ਥਿਰ ਇੰਨਾ ਸੀਤ ਜੀਹਦੀ ਝੁਣਝੁਣੀ ਭਰੀ ਸੁੰਨ ਤੋਂ ਤਾਂ ਚੰਗਾ ਕਿਹੜਾ ਵੀ ਖੂਹ ਖਾਤਾ ਪਰ ਛੇਤੀ ਨਹੀਂ ਇੰਨੀ ਜੇ ਧਿਆਨ 'ਚ ਰੱਖੀਏ ਇਹਨੂੰ ਵੀ ਵਧ ਸਿੱਟੇ ਵਜੋਂ ਅਮਾਂਮਾਨੂੰ ਦਾਨੂ ਮੀਟਰਾਂ ਦੀ ਜੋਨੀਭਰਸਟੀ ਦੀਆਂ ਅਧਵਾਟੇ ਰਹੀਆਂ ਮਾਣਮੱਤੀਆਂ ਘਾਲਨਾਵਾਂ ਨੂੰ ਤਾਂ ਜੋ ਹੈ ਵਿਚ ਹੋਣਾ ਸੰਭਾਵਿਤ ਹੈ ਹੀ ਵੀ ਦੀ ਜੋਨਭਰਸਟੀ ਦੇ ਟੱਟੂਆਂ ਕੁੰਨਨਾ ਲਈ ਤਾਂ ਸਿੱਧ ਹੋ ਚੁੱਕਾ ਸਾਰੇ ਸ਼ੱਕਾਂ ਤੋਂ ਪਰੇ ਸਾਰੇ ਹੋਰ ਸ਼ੱਕ ਸਿਵਾਏ ਇੱਕ ਦੇ ਜੋ ਨੂੜੀ ਰੱਖਦਾ ਜੰਮਣਪੀੜਾਂ ਨਾਲ ਜੋ ਫਲਸਰੂਪ ਨੇ ਟੱਟੂਆਂ ਕੁੰਨਨਾ ਦੀਆਂ ਅਧੂਰੀਆਂ ਕਾਰਗੁਜਾਰੀਆਂ ਦੇ ਜੋ ਸਿੱਧ ਨੇ ਸਭਨੀ ਥਾਈਂ ਤ੍ਰੈਕਾਲ ਤਾਈਂ ਨਹੀਂ ਪਰ ਇੰਨੀ ਛੇਤੀ ਨਦਾਰਦ ਕਾਰਣਾਂ ਕਾਰਨ ਜੋ ਫਲਸਰੂਪ ਘੋੜ ਸੁਦਾਗਰਾਂ ਬਗਲਿਆਂ ਖੁਰੀਸਾਜਾਂ ਭਗਤਾਂ ਦੀ ਜਨਤਕ ਸੇਵਾ ਦੇ ਸਿੱਧ ਨੇ ਬਿਨਾਂ ਕਿਸੇ ਸ਼ੱਕ ਤੋਂ ਪਦੀੜੀ ਖਾਨਾਂ ਤੇ ਮਰੋੜੀ ਰਾਮਾਂ ਦੀ ਵਿੱਚੇ ਫਸੀ ਬੇੜੀ ਮੰਝਧਾਰ ਦੀਆਂ ਅਧੂਰੀਆਂ ਕਾਰਗੁਜਾਰੀਆਂ ਦੇ ਵਿਚਾਲੇ ਲਟਕਦੇ ਟੱਟੂਆਂ ਕੁੰਨਨਾ ਦੇ ਨਦਾਰਦ ਕਾਰਣਾਂ ਕਾਰਨ ਇਹ ਸਿੱਧ ਹੋ ਚੁੱਕਾ ਜੀਹਤੋਂ ਮੁਨਕਰ ਨੇ ਕਈ ਕਿ ਬੰਦਾ ਸੰਭਾਵਿਤ ਤੇ ਟੱਟੂਆਂ ਕੁੰਨਨਾ ਦਾ ਬੰਦਾ ਜੋ ਹੈ ਭਾਵ ਮੂਲ ਰੂਪ 'ਚ ਬੰਦਾ ਤੇ ਬੰਦੇ ਦਾ ਸਾਰ ਬਾਵਜੂਦ ਢਿਡ ਭਰਨ ਤੇ ਹਗਣ ਕਿਲ੍ਹਣ ਦੀਆਂ ਵਡੀਆਂ ਡੀਘਾਂ ਦੇ ਦਿਖਾਈ ਪੈਂਦਾ ਸਾਰਹੀਣ ਉੱਥੇ ਦਾ ਉੱਥੇ ਨਕਾਰਾ ਪਰਨਾਲਾ ਰੁਕਿਆ ਹਫਦਾ ਹੌਂਕਦਾ ਤੇ ਇੱਕੇ ਸਾਹੇ ਨਾਲੋ ਨਾਲ ਜੋ ਹੋਰ ਵੀ ਨਦਾਰਦ ਕਾਰਣਾਂ ਕਾਰਨ ਬਾਵਜੂਦ ਕਸਰਤੀ ਸਭਿਆਚਾਰ ਕਾਗਜੀ ਖੇਡ ਤਮਾਸਿਆਂ ਅਭਿਆਸਾਂ ਦੀਆਂ ਵਡੀਆਂ ਡੀਘਾਂ ਦੇ ਮਸਲਿਨ ਟੈਨਿਸ ਫੁਟਬਾਲ ਹਾਕੀ ਤਰਾਕੀ ਉਡਾਰੀਆਂ ਤਾਰੀਆਂ ਘੋੜਸਵਾਰੀ ਜਨਾਨਾ ਮਰਦਾਨਾ ਚਿੜੀ ਛੱਕਾ ਗੇਂਦ ਬੱਲਾ ਯੋਗ ਪ੍ਰਾਣਾਯਾਮ ਕਪਾਲ ਕੁੰਜਲ ਨੇਤੀ ਨੇਤੀ ਭਾਂਤ ਦੇ ਚਿੜੀ ਬੱਲੇ ਛੱਕਾ ਫੇਰ ਛੱਕਾ ਛੱਕੇ ਦਾ ਛੱਕਾ ਮਾਰਦੇ ਢਹਿੰਦੇ ਘਸੁੰਨਮੁੱਕੀ ਮੁੱਕੀ ਜੁੱਡੋ ਕਬੱਡੀ ਹਰ ਭਾਂਤ ਦੇ ਖੇਡ ਤਮਾਸੇ ਗਰਮੀ ਸਰਦੀ ਪਤਝੜ ਪਾਲਾ ਹਰ ਭਾਂਤ ਦੀ ਹਾਕੀ ਚਲਾਕੀ ਤੇ ਹਰ ਤਰ੍ਹਾਂ ਦੇ ਟੀਕੇ ਗੋਲੀਆਂ ਸ਼ੀਸ਼ੀਆਂ ਕੈਪਸੂਲਾਂ ਦੋ ਹਰਫੀ ਮੁੱਕਦੀ ਗੱਲ ਮੁੜ ਮੁੜਦਾਂ ਮੈਂ ਇੱਕੋ ਸਾਹੇ ਨਾਲੋ ਨਾਲ ਨਦਾਰਦ ਕਾਰਣਾਂ ਕਾਰਨ ਸੁੰਗੜਦਾ ਬੁਝਦਾ ਬਾਵਜੂਦ ਛੱਕਾ ਮੁੜ ਮੁੜਦਾ ਮੈਂ ਚੌਕੇ ਮਾਰਦਾ ਉਡਾਰੀਆਂ ਲਾਂਦਾ ਤਾਰੀਆਂ ਲਾਨਪਾਨ ਨੌ ਦੋ ਗਿਆਰਾਂ ਛਾਨਣੀ ਵਾਲਾ ਛਿੱਕਾ ਚਿੜੀ ਟੈਨਿਸ ਹਰ ਭਾਂਤ ਦੀ ਗੱਲ ਦੋ ਹਰਫੀ ਨਦਾਰਦ ਕਾਰਣਾਂ ਕਾਰਨ ਫੋਤਕਿਆਂ ਚੋਤਕਿਆਂ ਧਾਰਾਵੀਆਂ ਸੋਨਾਗਾਚੀਆਂ ਨੂੰ ਕਹੀਏ ਤਾਂ ਇੱਕੋ ਸਾਹੇ ਨਾਲੋ ਨਾਲ ਇਦ੍ਦੂੰ ਵੀ ਵਧ ਨਦਾਰਦ ਕਾਰਣਾਂ ਐਪਰ ਕਾਲ ਖੋਲੇਗਾ ਪਾਜ ਸੁੰਗੜਨ ਬੁਝਣ ਨੂੰ ਮੈਂ ਮੁੜ ਮੁੜਦਾਂ ਫੋਤਕਿਆਂ ਚੋਤਕਿਆਂ ਨੂੰ ਦੋ ਹਰਫੀ ਗੱਲ ਸਿਧਾ ਘਾਟਾ ਪ੍ਰਤੀ ਵਿਅਕਤੀ ਫਾਦਰ ਬਰਕਲੇ ਦੀ ਮੌਤ ਤੋਂ ਆਦੀ ਰਿਹਾ ਸੁਰ 'ਚ ਸੁਰ ਇੱਕ ਇੰਚ ਚਾਰ ਔਂਸ ਦਾ ਪ੍ਰਤੀ ਵਿਅਕਤੀ ਅੰਦਾਜਨ ਲਾਗੇ ਸ਼ਾਗੇ ਕਰੀਬ ਕਰੀਬ ਤੋਂ ਐਨ ਲਾਗਲੇ ਦਸ਼ਮਲਵਾਂ ਵਾਲੇ ਸੁਚਾਰੂ ਮੀਟਰ ਘੈਂਟ ਗੋਲ ਮਟੋਲ ਪਿੰਡੇ ਨੰਗਮ ਨੰਗੇ ਪੈਰੀਂ ਜੁਰਾਬਾਂ ਕੋਨੀਮਾਰਾ 'ਚ ਦੋ ਹਰਫੀ ਗੱਲ ਨਦਾਰਦ ਕਾਰਣਾਂ ਕਾਰਨ ਕੁਝ ਵੀ ਨਹੀਂ ਜੋ ਹੈ ਉੱਥੇ ਜੇ ਧਿਆਨ 'ਚ ਰੱਖੀਏ ਜੋ ਵਧੇਰੇ ਹੋਰ ਵਧੇਰੇ ਡੂੰਘੀ ਸਮਾਧ 'ਚ ਹੈ ਹੈ ਰੋਸ਼ਨੀ ਅੰਦਰ ਅੰਦਰ ਦੀ ਰੋਸ਼ਨੀ 'ਚ ਜੋ ਜੜ ਹੋਏ ਮਾਰਗਾਂ 'ਤੇ ਬੁੱਤ ਹੋਏ ਬੰਦਿਆਂ ਛੱਕਿਆਂ ਦੀ ਅਜਾਈਂ ਗਈ ਮੁਸ਼ੱਕਤ ਦੇਖੀਏ ਤਾਂ ਸਪਸ਼ਟ ਉਭਰਦਾ ਜੋ ਹੈ ਹੋਰ ਵਧੇਰੇ ਹੋਰ ਵਧੇਰੇ ਗੰਭੀਰ ਰੋਸ਼ਨੀ 'ਚ ਰੋਸ਼ਨੀ ਰੋਸ਼ਨੀ ਹੈ ਅਜਾਈਂ ਗਈ ਮੁਸ਼ੱਕਤ ਦੀ ਜੜ ਹੋਏ ਮਾਰਗਾਂ ਤੇ ਬੁੱਤ ਹੋਏ ਬੰਦਿਆਂ ਦੀ ਉਹ ਜੋ ਮੈਦਾਨਾਂ 'ਚ ਹੈ ਹੈ ਪਹਾੜਾਂ 'ਚ ਵਿੱਚ ਸਮੁੰਦਰੀਂ ਨਦੀਆਂ 'ਚ ਦੌੜਦੇ ਪਾਣੀ ਸ਼ੂਕਦੀ ਅੱਗ ਹਵਾ ਦੇ ਹੈ ਸਮਾਂ ਤੇ ਫੇਰ ਧਰਤੀ ਨਾਂ ਨੂੰ ਹਵਾ ਤੇ ਫੇਰ ਧਰਤੀ ਛਿਜਦੀ ਅੰਦਰ ਡੂੰਘੀ ਸੀਤ ਘੋਰ ਅੰਧਕਾਰ ਹਵਾ ਤੇ ਧਰਤੀ ਦੀ ਸ਼ਰਨਗਾਹ ਪੱਥਰਾਂ 'ਚ ਪੱਸਰੀ ਡੂੰਘੀ ਸੀਤ ਤ੍ਰਾਹੀ ਤ੍ਰਾਹੀ ਦੇ ਸਾਲ 'ਚ ਉਹਨਾਂ ਦੇ ਸਾਈਂ ਦਾ ਛੇ ਸੌ ਤੇ ਕੁਝ ਵਧ ਉਰਸ ਛੱਕਾ ਹਵਾ ਧਰਤੀ ਸਮੁੰਦਰ ਧਰਤੀ ਪੱਥਰਾਂ ਦੀ ਸ਼ਰਨਗਾਹ ਅੰਤਹੀਣ ਡੂੰਘਾਣਾ 'ਚ ਡੂੰਘੀ ਸੀਤ ਸਮੁੰਦਰਾਂ 'ਤੇ ਥਲਾਂ 'ਤੇ ਹਵਾ 'ਚ ਮੈਂ ਮੁੜ ਮੁੜਦਾਂ ਨਦਾਰਦ ਕਾਰਣਾਂ ਕਾਰਨ ਹੈ ਟੈਨਿਸ ਬਾਵਜੂਦ ਜੋ ਹੈ ਹੈ ਉੱਥੇ ਐਪਰ ਕਾਲ ਖੋਲੇਗਾ ਪਾਜ਼ ਮੈਂ ਮੁੜ ਮੁੜਦਾਂ ਤ੍ਰਾਹੀ ਤ੍ਰਾਹੀ ਹੈ ਦੋ ਹਰਫੀ ਸਾਫ਼ ਸਾਫ਼ ਹੈ ਸ਼ਰਨਗਾਹ ਪੱਥਰਾਂ ਦੀ ਤੇ ਕਿਹੜਾ ਕਰੂ ਸ਼ੱਕ ਭੜੂਆ ਮੈਂ ਮੁੜ ਮੁੜਦਾਂ ਪਰ ਛੇਤੀ ਨਹੀਂ ਏਨੀ ਮੁੜ ਮੁੜਦਾਂ ਮੈਂ ਵੱਲ ਖੋਪੜੀ ਸੁੰਗੜਦੀ ਬੁਝਦੀ ਇੱਕੋ ਸਾਹੇ ਨਾਲੋ ਨਾਲ ਜੋ ਹੋਰ ਹੈ ਨਦਾਰਦ ਕਾਰਣਾਂ ਕਾਰਨ ਬਾਵਜੂਦ ਟੈਨਿਸ ਜਾਰੀ ਹੈ ਦਾੜੀ ਲਾਂਬੂ ਹੰਝੂ ਪੱਥਰ ਇੰਨੇ ਨੀਲੇ ਸ਼ਾਂਤ ਤ੍ਰਾਹੀ ਤ੍ਰਾਹੀ ਹੈ ਹੈ ਖੋਪੜੀ ਖੋਪੜੀ ਖੋਪੜੀ 'ਚ ਕੋਨੀਮਾਰਾ ਵਿੱਚ ਖੋਪੜੀ ਬਾਵਜੂਦ ਟੈਨਿਸ ਦੇ ਅਧੂਰੀਆਂ ਕਾਰਗੁਜਾਰੀਆਂ ਅਧਵਾਟੇ ਛੁੱਟੇ ਛੱਕੇ ਨਕਾਸ਼ ਨੇ ਹਾਲੇ ਵੀ ਸ਼ਰਨਗਾਹ ਪੱਥਰਾਂ ਦੀ ਦੋ ਹਰਫਾਂ 'ਚ ਮੈਂ ਮੁੜਦਾ ਮੁੜ ਤ੍ਰਾਹੀ ਤ੍ਰਾਹੀ ਅਧੂਰਾ ਛੱਕਾ ਅੰਦਰੋਂ ਬਾਹਰੋਂ ਅਧਵਾਟੇ ਵਿਚਾਲੇ ਖੋਪੜੀ ਖੋਪੜੀ 'ਚ ਕੋਨੀਮਾਰਾ ਵਿਚ ਖੋਪੜੀਵਿੱਚ ਬਾਵਜੂਦ ਟੈਨਿਸ ਦੇ ਖੋਪੜੀ ਤ੍ਰਾਹੀ ਤ੍ਰਾਹੀ ਪੱਥਰ ਕੁਨੰਨ ਚੌਕਾ ਛੱਕਾ ਪੱਥਰ ਸੁੰਨ ਸ਼ਾਂਤ ਕੁਨੰਨ ਛੱਕਾ ਅਧੂਰਾ ....ਸਰਾਂ....ਕੁਨੰਨ ....ਛੱਕਾ....ਅਪੂਰਣ(ਅਖੀਰ 'ਚ ਵਿਤੋਂ ਬਾਹਰਾ ਹੋ ਜਾਂਦਾ ਹੈ ੦ )
ਪਿਲਾ ਦੇ ਜਾਮ ਕਿ ਮਖਮੂਰ ਹੋ ਜਾਵਾਂ
ਪਿਲਾ ਦੇ ਜਾਮ ਕਿ ਮਖਮੂਰ ਹੋ ਜਾਵਾਂ
ਮੈਂ ਤਾਂ ਆਸ਼ਕ ਯਾਰ ਦੇ ਮਸਤ ਨੈਣਾਂ
ਮੈਂ ਤਾਂ ਆਸ਼ਕ ਯਾਰ ਦੇ ਮਸਤ ਨੈਣਾਂ
ਪਿਲਾ ਦੇ ਜਾਮ ਕਿ ਮਖਮੂਰ ਹੋ ਜਾਵਾਂ
ਪਿਲਾ ਦੇ ਜਾਮ ਕਿ ਮਖਮੂਰ ਹੋ ਜਾਵਾਂ
ਤੇਰੇ ਨੈਣਾਂ ਸਦਕੇ ਖੁਤਾਂ ਦੇ ਬਾਗ ਰੌਣਕ
ਤੇਰੇ ਚਿਹਰੇ ਸਦਕਾ ਬਾਗੀਂ ਗੁਲਾਬ ਚਮਕੇ
ਫੁਲ ਚਿਹਰੇ ਨੇ ਮਹਿਕਾਈ ਪੱਤੀ ਪੱਤੀ
ਯਾਰ ਮਿਰੇ ਦੇਸ਼ ਤੇਰਾ ਲਾਲਾਜਾਰ
ਪਿਲਾ ਦੇ ਜਾਮ ਕਿ ਮਖਮੂਰ ਹੋ ਜਾਵਾਂ
ਪਿਲਾ ਦੇ ਜਾਮ ਕਿ ਮਖਮੂਰ ਹੋ ਜਾਵਾਂ
ਮੈਂ ਤਾਂ ਆਸ਼ਕ ਯਾਰ ਦੇ ਮਸਤ ਨੈਣਾਂ
ਮੈਂ ਤਾਂ ਆਸ਼ਕ ਯਾਰ ਦੇ ਮਸਤ ਨੈਣਾਂ
ਪਿਲਾ ਦੇ ਪਿਲਾ ਦੇ ਕਿ ਮਖਮੂਰ ਹੋ ਜਾਵਾਂ
ਪਿਲਾ ਦੇ ਜਾਮ ਕਿ ਮੈਂ ਮਖਮੂਰ ਹੋ ਜਾਵਾਂ
ਖਬਰ ਜੇ ਤਿਰੇ ਆਉਣ ਦੀ ਮਿਲੇ ਮੈਨੂੰ
ਤੇਰੇ ਪੈਰੀਂ ਗਲੀ 'ਚ ਫੁਲ ਵਿੱਛਾ ਦਿਆਂ
ਫੁਲ ਵਿੱਛਾ ਦਿਆਂ ਗੁਲਾਬ ਵਿੱਛਾ ਦਿਆਂ
ਕਦਮਾਂ ਦੀ ਖਾਕ 'ਚ ਵਾਰ ਮੈਂ ਆਪਾ ਦਿਆਂ
ਪਿਲਾ ਦੇ ਜਾਮ ਕਿ ਮਖਮੂਰ ਹੋ ਜਾਵਾਂ
ਪਿਲਾ ਦੇ ਜਾਮ ਕਿ ਮਖਮੂਰ ਹੋ ਜਾਵਾਂ
ਮੈਂ ਤਾਂ ਆਸ਼ਕ ਯਾਰ ਦੇ ਮਸਤ ਨੈਣਾਂ
ਮੈਂ ਤਾਂ ਆਸ਼ਕ ਯਾਰ ਦੇ ਮਸਤ ਨੈਣਾਂ
ਪਿਲਾ ਦੇ ਜਾਮ ਕਿ ਮਖਮੂਰ ਹੋ ਜਾਵਾਂ
ਪਿਲਾ ਦੇ ਜਾਮ ਕਿ ਮਖਮੂਰ ਹੋ ਜਾਵਾਂ
ਅਨੁਵਾਦ - ਚਰਨ ਗਿੱਲ