Wednesday, January 5, 2011

ਬਿਨਾਇਕ ਵਿਰੁੱਧ ਫ਼ੈਸਲਾ ਨਿਆਂਪਾਲਿਕਾ ਦਾ ਮਜ਼ਾਕ-ਪ੍ਰਫੁੱਲ ਬਿਦਵਈ


ਜੇਕਰ ਐਡੀਸ਼ਨਲ ਸੈਸ਼ਨ ਜੱਜ ਬੀ. ਪੀ. ਵਰਮਾ ਭਾਰਤੀ ਨਿਆਂਪਾਲਿਕਾ ਨੂੰ ਦੁਨੀਆ ਸਾਹਮਣੇ ਮਜ਼ਾਕ ਦਾ ਵਿਸ਼ਾ ਬਣਾਉਣਾ ਚਾਹੁੰਦੇ ਸਨ ਤਾਂ ਉਹ ਅਜਿਹਾ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਨਾਮਵਰ ਸਿਹਤ ਤੇ ਸ਼ਹਿਰੀ ਆਜ਼ਾਦੀਆਂ ਲਈ ਜੂਝਣ ਵਾਲੇ ਕਾਰਕੁੰਨ ਡਾ: ਬਿਨਾਇਕ ਸੇਨ ਨੂੰ ਸਜ਼ਾ ਦਿੱਤੇ ਬਗੈਰ ਨਹੀਂ ਕਰ ਸਨ ਸਕਦੇ ਤੇ ਉਹ ਵੀ ਇਕ ਸ਼ੱਕੀ ਨਜ਼ਰਬੰਦ ਮਾਓਵਾਦੀ ਦੁਆਰਾ ਲਿਖੀਆਂ ਚਿੱਠੀਆਂ ਦੂਸਰਿਆਂ ਤੱਕ ਪਹੁੰਚਾਉਣ ਦੇ ਘਸੇ-ਪਿਟੇ ਦੋਸ਼ਾਂ ਦੇ ਆਧਾਰ 'ਤੇ। ਦੋਸ਼ ਤਰਕਸੰਗਤ ਢੰਗ ਨਾਲ ਸ਼ੱਕ ਤੋਂ ਪਰ੍ਹੇ ਜਾ ਕੇ ਸਿੱਧ ਨਹੀਂ ਸੀ ਹੋਇਆ।
ਇਹ ਮੁਕੱਦਮਾ ਉਨ੍ਹਾਂ ਅੰਨ੍ਹੀਆਂ ਅਦਾਲਤਾਂ ਦੇ ਮਾਡਲ ਨਾਲ ਬਿਲਕੁਲ ਮੇਲ ਖਾਂਦਾ ਹੈ ਜਿਸ ਵਿਚ ਪਹਿਲਾਂ ਤੋਂ ਤੈਅ ਫ਼ੈਸਲਿਆਂ ਲਈ ਕਥਿਤ ਦੋਸ਼ੀ ਦੁਆਰਾ ਪੇਸ਼ ਤੱਥਾਂ ਅਤੇ ਤਰਕਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਠੋਸ ਸਬੂਤਾਂ ਦੀ ਥਾਂ 'ਤੇ ਸ਼ੰਕਿਆਂ, ਅੰਦਾਜ਼ਿਆਂ ਅਤੇ ਕਿਆਸ-ਅਰਾਈਆਂ ਦਾ ਸਹਾਰਾ ਲਿਆ ਜਾਂਦਾ ਹੈ। ਇਸ ਫ਼ੈਸਲੇ ਦੀ ਨਿੰਦਾ ਦੁਨੀਆ ਭਰ ਦੇ ਇਮਾਨਦਾਰ ਲੋਕਾਂ ਨੇ ਕੀਤੀ ਹੈ ਕਿਉਂਕਿ ਡਾ: ਸੇਨ ਖ਼ੁਦ ਜ਼ਮੀਰ ਅਤੇ ਲੋਕ ਹਿੰਮਤ ਦੀ ਬੁਲੰਦ ਆਵਾਜ਼ ਹਨ।
ਡਾ: ਸੇਨ ਦਾ ਮੁਕੱਦਮਾ ਨਿਆਂ ਨਾਲ ਘਿਣਾਉਣਾ ਮਜ਼ਾਕ ਹੈ। ਇਸ ਤਹਿਤ ਪੁਲਿਸ ਨੇ ਝੂਠੀ ਤੇ ਨਿਰਾਧਾਰ ਕਹਾਣੀ ਘੜੀ ਸੀ ਅਤੇ ਜੱਜ ਨੇ ਇਸ ਨੂੰ ਮੰਨ ਲਿਆ। ਡਾ: ਸੇਨ, ਕਾਰੋਬਾਰੀ ਪਿਉਸ਼ ਗੁਹਾ ਅਤੇ ਕਥਿਤ ਅੱਤਵਾਦੀ ਸਿਆਸਤਦਾਨ ਨਾਰਾਇਣ ਸਾਨਿਆਲ ਦੇ ਖਿਲਾਫ਼ ਪੂਰਾ ਮਾਮਲਾ ਭਾਰਤੀ ਦੰਡਾਵਲੀ ਦੀ ਧਾਰਾ 124 (ਏ) (ਜਿਸ ਨੂੰ ਧਾਰਾ 120 ਬੀ ਦੇ ਨਾਲ ਪੜ੍ਹਿਆ ਜਾਂਦਾ ਹੈ) ਅਤੇ ਛੱਤੀਸਗੜ੍ਹ ਵਿਸ਼ੇਸ਼ ਸੁਰੱਖਿਆ ਕਾਨੂੰਨ 2005 ਅਤੇ ਗ਼ੈਰ-ਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ ਤਹਿਤ ਦਰਜ ਕੀਤਾ ਗਿਆ ਸੀ। 124 (ਏ) ਅਤੇ 120 (ਬੀ) ਦਾ ਸਬੰਧ ਦੇਸ਼ ਧ੍ਰੋਹ ਅਤੇ ਦੇਸ਼ ਧ੍ਰੋਹ ਦੀ ਸਾਜ਼ਿਸ਼ ਨਾਲ ਹੈ। ਬਾਕੀ ਉਕਤ ਦੋ ਕਾਨੂੰਨ ਗ਼ੈਰ-ਕਾਨੂੰਨੀ ਜਾਂ ਅੱਤਵਾਦੀ ਜਥੇਬੰਦੀਆਂ ਦੇ ਮੈਂਬਰਾਂ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਸਜ਼ਾ ਦੇਣ ਦੀ ਵਿਵਸਥਾ ਕਰਦੇ ਹਨ।
ਅਦਾਲਤ ਦਾ ਰੋਲ
ਦੋਸ਼ੀਆਂ ਦਾ ਦੋਸ਼ ਸਾਬਤ ਕਰਨ ਲਈ ਜੱਜ ਵਰਮਾ ਨੂੰ ਸ਼ੱਕ ਤੋਂ ਪਰ੍ਹੇ ਜਾ ਕੇ ਇਹ ਸਾਬਤ ਕਰਨ ਦੀ ਲੋੜ ਸੀ ਕਿ ਉਹ ਪ੍ਰਤੱਖ ਰੂਪ 'ਚ ਦੇਸ਼ ਧ੍ਰੋਹ ਦੀਆਂ ਸਰਗਰਮੀਆਂ 'ਚ ਸ਼ਾਮਿਲ ਸਨ ਅਤੇ ਇਨ੍ਹਾਂ ਸਰਗਰਮੀਆਂ ਨੂੰ ਭੜਕਾਉਣ ਦੀ ਸਾਜ਼ਿਸ਼ ਘੜ ਰਹੇ ਸਨ। ਉਹ ਅਜਿਹਾ ਨਹੀਂ ਕਰ ਸਕੇ ਅਤੇ ਇਸ ਦੀ ਬਜਾਏ ਉਨ੍ਹਾਂ ਨੇ ਅਜਿਹੇ ਕਮਜ਼ੋਰ ਸੰਕੇਤਾਂ ਦਾ ਸਹਾਰਾ ਲਿਆ ਜਿਨ੍ਹਾਂ ਵਿਚ ਚਾਲਾਂ ਝਲਕਦੀਆਂ ਹਨ। ਸਰਕਾਰੀ ਪੱਖ ਦੀਆਂ 97 ਗਵਾਹੀਆਂ ਵਿਚੋਂ ਸਿਰਫ਼ ਇਕ ਗਵਾਹੀ ਗ਼ੈਰ-ਭਰੋਸੇਯੋਗ ਤੇ ਵਿਰੋਧੀ ਕਰਾਰ ਦਿੱਤੀ ਗਈ। ਪੂਰਾ ਮਾਮਲਾ ਇਕ ਕੱਪੜੇ ਵੇਚਣ ਵਾਲੇ ਵਿਅਕਤੀ ਅਨਿਲ ਕੁਮਾਰ ਸਿੰਘ ਦੀ ਗਵਾਹੀ 'ਤੇ ਆਧਾਰਿਤ ਹੈ ਜਿਸ ਨੇ ਇਹ ਦਾਅਵਾ ਕੀਤਾ ਸੀ ਕਿ ਉਸ ਨੇ ਗੁਹਾ ਤੋਂ ਉਨ੍ਹਾਂ ਤਿੰਨਾਂ ਚਿੱਠੀਆਂ ਨੂੰ ਪੁਲਿਸ ਵੱਲੋਂ ਬਰਾਮਦ ਕਰਦਿਆਂ ਦੇਖਿਆ ਸੀ ਜਿਸ ਨੂੰ ਸਾਨਿਆਲ ਨੇ ਲਿਖਿਆ ਸੀ। ਉਸ ਨੇ ਪੁਲਿਸ ਤੇ ਗੁਹਾ ਦੀ ਉਸ ਗੱਲਬਾਤ ਨੂੰ ਸੁਣਨ ਦਾ ਵੀ ਦਾਅਵਾ ਕੀਤਾ ਸੀ ਜੋ ਉਨ੍ਹਾਂ ਦੇ ਵਿਚਕਾਰ ਉਦੋਂ ਹੋਈ ਸੀ ਜਦੋਂ ਗੁਹਾ ਪੁਲਿਸ ਹਿਰਾਸਤ ਵਿਚ ਸੀ। ਅਨਿਲ ਦੇ ਅਨੁਸਾਰ ਇਸ ਵਿਚ ਗੁਹਾ ਨੇ ਕਿਹਾ ਸੀ ਕਿ ਡਾ: ਸੇਨ ਨੇ ਉਸ ਨੂੰ ਮਾਓਵਾਦੀ ਆਗੂਆਂ ਲਈ ਚਿੱਠੀਆਂ ਦਿੱਤੀਆਂ ਸਨ। ਪੁਲਿਸ ਹਿਰਾਸਤ ਵਿਚ ਦਿੱਤੇ ਗਏ ਬਿਆਨ ਨੂੰ ਸਬੂਤ ਵਜੋਂ ਸਵੀਕਾਰ ਨਹੀਂ ਕੀਤਾ ਜਾ ਸਕਦਾ। ਗੁਹਾ ਦੀ ਕਥਿਤ ਗ੍ਰਿਫ਼ਤਾਰੀ ਦੇ ਸਮੇਂ ਅਨਿਲ ਕੁਮਾਰ ਸਿੰਘ ਪੁਲਿਸ ਦੇ ਨਾਲ ਨਹੀਂ ਸੀ। ਰਾਹ ਤੋਂ ਗੁਜ਼ਰਨ ਵਾਲੇ ਵਿਅਕਤੀ ਨੂੰ ਇਹ ਨਹੀਂ ਪਤਾ ਲੱਗ ਸਕਦਾ ਕਿ ਪੁਲਿਸ ਨੇ ਗੁਹਾ 'ਤੇ ਕੁਝ ਚੀਜ਼ਾਂ ਨੂੰ ਮੜ੍ਹਿਆ ਹੈ। ਪੁਲਿਸ ਇਹ ਮੰਨਦੀ ਹੈ ਕਿ ਬਰਾਮਦਗੀ ਸਬੰਧੀ ਦਸਤਾਵੇਜ਼ ਗੁਹਾ ਨੂੰ ਥਾਣੇ ਲਿਜਾਣ ਤੋਂ ਬਾਅਦ ਬਣਾਇਆ ਗਿਆ ਸੀ।
ਜੱਜ ਨੇ ਅਨਿਲ ਕੁਮਾਰ ਸਿੰਘ ਦੀਆਂ ਸੁਣੀਆਂ-ਸੁਣਾਈਆਂ ਗੱਲਾਂ 'ਤੇ ਗ਼ਲਤ ਯਕੀਨ ਕਰ ਲਿਆ ਅਤੇ ਸਾਨਿਆਲ ਨਾਲ ਡਾ: ਸੇਨ ਦੀਆਂ 33 ਮੀਟਿੰਗਾਂ ਨੂੰ ਵੱਡਾ ਬਣਾ ਦਿੱਤਾ ਜੋ 18 ਮਹੀਨਿਆਂ ਦੌਰਾਨ ਉਸ ਨੇ ਇਕ ਡਾਕਟਰ ਤੇ ਪੀਪਲਜ਼ ਯੂਨੀਅਨ ਆਫ਼ ਸਿਵਲ ਲਿਬਰਟੀਜ਼ ਦੇ ਅਹੁਦੇਦਾਰ ਦੀ ਹੈਸੀਅਤ ਨਾਲ ਕੀਤੀਆਂ ਸਨ। ਕਈ ਜੇਲ੍ਹ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਮੁਲਾਕਾਤਾਂ ਸਖ਼ਤੀ ਨਾਲ ਜੇਲਰ ਦੀ ਦੇਖ-ਰੇਖ ਵਿਚ ਉਸ ਦੇ ਕਮਰੇ ਵਿਚ ਹੋਈਆਂ ਸਨ, ਇਸ ਲਈ ਕਿਸੇ ਤਰ੍ਹਾਂ ਦੀ ਚਿੱਠੀ ਦਾ ਲੈਣ-ਦੇਣ ਸੰਭਵ ਨਹੀਂ ਸੀ।
ਲੈਣ-ਦੇਣ ਸੰਭਵ ਨਹੀਂ
ਇਹ ਲੇਖਕ ਵਿਸ਼ਵਾਸ ਨਾਲ ਕਹਿ ਸਕਦਾ ਹੈ ਕਿ ਜੇਲਰ ਦੇ ਕਮਰੇ ਵਿਚ ਇਸ ਤਰ੍ਹਾਂ ਦਾ ਲੈਣ-ਦੇਣ ਸੰਭਵ ਨਹੀਂ ਹੋ ਸਕਦਾ। ਡਾ: ਸੇਨ ਦੀ ਪਤਨੀ ਅਤੇ ਮੈਂ ਸਰਕਾਰੀ ਪ੍ਰਵਾਨਗੀ ਨਾਲ ਸਤੰਬਰ 2007 ਵਿਚ ਰਾਏਪੁਰ ਜੇਲ੍ਹ ਦਾ ਦੌਰਾ ਕੀਤਾ ਸੀ। ਜੇਲ੍ਹ ਸੁਪਰਡੈਂਟ ਅਤੇ ਘੱਟ ਤੋਂ ਘੱਟ ਇਕ ਸਿਪਾਹੀ ਨੇ ਸਾਡੀ ਗੱਲਬਾਤ ਤੇ ਸਰਗਰਮੀਆਂ 'ਤੇ ਨਜ਼ਰ ਰੱਖੀ ਹੋਈ ਸੀ। ਡਾ: ਸੇਨ ਲਈ ਆਉਣ ਵਾਲੇ ਹਰ ਮੈਗਜ਼ੀਨ/ਅਖ਼ਬਾਰ ਨੂੰ ਚੰਗੀ ਤਰ੍ਹਾਂ ਵਾਚਿਆ ਜਾਂਦਾ ਸੀ। ਇਸ ਲਈ ਲੁਕ-ਛਿਪ ਕੇ ਕੀਤੇ ਲੈਣ-ਦੇਣ ਦੀ ਕਹਾਣੀ ਦਾ ਕੋਈ ਆਧਾਰ ਨਹੀਂ ਹੈ।
ਜੱਜ ਵਰਮਾ ਨੇ ਇਸ ਤੱਥ ਨੂੰ ਅਣਡਿੱਠ ਕਰ ਦਿੱਤਾ ਕਿ ਆਪਣੇ ਲੇਖਾਂ ਤੇ ਭਾਸ਼ਣਾਂ ਵਿਚ ਡਾ: ਸੇਨ ਨੇ ਹਰ ਤਰ੍ਹਾਂ ਦੀ ਹਿੰਸਾ ਦਾ ਵਿਰੋਧ ਕੀਤਾ ਹੈ ਅਤੇ ਉਸ 'ਤੇ ਕਦੇ ਵੀ ਹਿੰਸਕ ਕਾਰਵਾਈ ਦਾ ਦੋਸ਼ ਨਹੀਂ ਲੱਗਾ। ਇਸ ਤੋਂ ਵੀ ਬੁਰੀ ਗੱਲ ਇਹ ਹੈ ਕਿ ਜੱਜ ਨੇ 7 ਮਈ, 2007 ਨੂੰ ਗੁਹਾ ਦੀ ਗ੍ਰਿਫ਼ਤਾਰੀ ਸਬੰਧੀ ਪੁਲਿਸ ਦੋ ਪਰਸਪਰ ਵਿਰੋਧੀ ਬਿਆਨਾਂ ਨੂੰ ਸਵੀਕਾਰ ਕੀਤਾ। 2009 ਵਿਚ ਪੁਲਿਸ ਨੇ ਸਰਬਉੱਚ ਅਦਾਲਤ ਸਾਹਮਣੇ ਸਹੁੰ ਖਾਧੀ ਕਿ ਉਨ੍ਹਾਂ ਨੇ ਗੁਹਾ ਨੂੰ ਮਹਿੰਦਰਾ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਹੈ। ਪਰ ਉਨ੍ਹਾਂ ਨੇ ਸੈਸ਼ਨ ਕੋਰਟ ਨੂੰ ਕਿਹਾ ਕਿ ਗੁਹਾ ਨੂੰ ਸਟੇਸ਼ਨ ਰੋਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਸ ਗ਼ਲਤੀ ਨੂੰ ਟਾਈਪਿੰਗ ਦੀ ਗ਼ਲਤੀ ਕਹਿ ਦਿੱਤਾ ਗਿਆ। ਜੱਜ ਨੇ ਇਸ ਨੂੰ ਇਵੇਂ ਹੀ ਮੰਨ ਲਿਆ ਅਤੇ ਇਸ ਨੂੰ ਗ਼ਲਤ ਸਾਬਤ ਕਰਨ ਦੀ ਜ਼ਿੰਮੇਵਾਰੀ ਗੁਹਾ 'ਤੇ ਪਾ ਦਿੱਤੀ। ਕਾਨੂੰਨੀ ਤੌਰ 'ਤੇ ਇਸ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਤਰਕ ਸੰਗਤ ਗੱਲ ਇਹ ਹੈ ਕਿ ਸੰਬੰਧਿਤ ਪੁਲਿਸ ਵਾਲੇ 'ਤੇ ਸਰਬਉੱਚ ਅਦਾਲਤ ਵਿਚ ਝੂਠਾ ਐਫੀਡੇਵਿਟ ਦੇਣ ਅਤੇ ਧੋਖਾਧੜੀ ਕਰਨ ਲਈ ਕੇਸ ਚਲਾਇਆ ਜਾਣਾ ਚਾਹੀਦਾ ਸੀ। ਗੁਹਾ ਅਨੁਸਾਰ ਉਸ ਨੂੰ ਇਕ ਮਈ ਨੂੰ ਮਹਿੰਦਰਾ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਛੇ ਦਿਨਾਂ ਤੱਕ ਅੱਖਾਂ 'ਤੇ ਪੱਟੀ ਬੰਨ੍ਹ ਕੇ ਗ਼ੈਰ-ਕਾਨੂੰਨੀ ਹਿਰਾਸਤ ਵਿਚ ਰੱਖਿਆ ਗਿਆ ਅਤੇ ਮੈਜਿਸਟ੍ਰੇਟ ਸਾਹਮਣੇ 7 ਮਈ ਨੂੰ ਪੇਸ਼ ਕੀਤਾ ਗਿਆ। ਜੱਜ ਨੇ ਗੁਹਾ ਦੇ ਬਿਆਨ ਨੂੰ ਅਣਡਿੱਠ ਕਰ ਦਿੱਤਾ। ਜੇ ਗੁਹਾ ਦੇ ਸਬੂਤਾਂ ਨੂੰ ਸਵੀਕਾਰ ਕਰ ਲਿਆ ਜਾਂਦਾ ਤਾਂ ਸਾਰਾ ਕੇਸ ਢਹਿ ਜਾਂਦਾ। ਸਾਨਿਆਲ ਦੇ ਮਾਓਵਾਦੀ ਨੇਤਾ ਹੋਣ ਦਾ ਪ੍ਰਮਾਣ ਵੀ ਦੂਸਰੇ ਰਾਜਾਂ ਵਿਚ ਚੱਲ ਰਹੇ ਮੁਕੱਦਮਿਆਂ 'ਤੇ ਆਧਾਰਿਤ ਹੈ ਜਿਨ੍ਹਾਂ ਵਿਚ ਉਸ ਨੂੰ ਅਜੇ ਤੱਕ ਦੋਸ਼ੀ ਨਹੀਂ ਐਲਾਨਿਆ ਗਿਆ।
ਦਿਖਾਵਾ
ਸਰਕਾਰੀ ਵਕੀਲ ਦੇ ਤਰਕ ਨਾਲ ਹੀ ਇਹ ਪੁਸ਼ਟੀ ਹੋ ਜਾਂਦੀ ਹੈ ਕਿ ਮੁਕੱਦਮਾ ਇਕ ਦਿਖਾਵਾ ਸੀ। ਉਸ ਨੇ ਆਪਣੀ ਗੱਲ ਮਾਰਕਸ ਦੀ ਪੁਸਤਕ ਕੈਪੀਟਲ ਦੀ ਉਦਾਹਰਨ ਨਾਲ ਸ਼ੁਰੂ ਕੀਤੀ ਜੋ ਇਸ ਮਾਮਲੇ ਵਿਚ ਅਸੰਗਤ ਹੈ। ਉਸ ਨੇ ਆਪਣੀ ਦਲੀਲ ਇਸ ਮਾਅਰਕੇ ਦੀ ਗੱਲ ਨਾਲ ਖ਼ਤਮ ਕੀਤੀ ਕਿ ਇਕ ਈ ਮੇਲ ਆਈ. ਐਸ. ਆਈ. ਦੇ ਫਰਨਾਂਡਿਜ਼ ਨੂੰ ਮੁਖ਼ਾਤਿਬ ਸੀ। ਉਸ ਨੇ ਜੇਤੂ ਮੁਦਰਾ ਵਿਚ ਐਲਾਨ ਕੀਤਾ ਕਿ ਅਸੀਂ ਨਹੀਂ ਜਾਣਦੇ ਕਿ ਇਹ ਫਰਨਾਂਡਿਜ਼ ਕੌਣ ਹੈ ਪਰ ਅਸੀਂ ਇਹ ਜਾਣਦੇ ਹਾਂ ਕਿ ਆਈ. ਐਸ. ਆਈ. ਪਾਕਿਸਤਾਨ ਦੀ ਖੁਫ਼ੀਆ ਏਜੰਸੀ ਹੈ। ਇਸ ਵਿਚ ਕੋਈ ਸ਼ੱਕ ਨਹੀਂ।
ਬਗਾਵਤ ਵਿਰੋਧੀ ਕਾਨੂੰਨ
ਬਗਾਵਤ ਦੇ ਮਾਮਲਿਆਂ ਨੂੰ ਬੇਪਰਵਾਹੀ ਨਾਲ ਨਿਪਟਾਉਣ ਦੇ ਵਿਰੁੱਧ ਕਾਨੂੰਨੀ ਨਿਆਂਇਕ ਆਧਾਰ ਨੂੰ ਸਰਬਉੱਚ ਅਦਾਲਤ ਨੇ 1962 ਵਿਚ ਕੇਦਾਰਨਾਥ ਸਿੰਘ ਕੇਸ ਵਿਚ ਸਥਾਪਿਤ ਕੀਤਾ ਸੀ। ਰਾਜ ਵਿਰੁੱਧ ਅਸੰਤੁਸ਼ਟਤਾ ਫੈਲਾਉਣ ਜਾਂ ਬਗਾਵਤ ਕਰਨ ਸਬੰਧੀ ਕਾਨੂੰਨਾਂ ਦੀ ਵਿਆਖਿਆ ਮਤਭੇਦ ਦਾ ਮੂੰਹ ਬੰਦ ਕਰਨ ਦੇ ਉਪਾਵਾਂ ਦੇ ਰੂਪ ਵਿਚ ਨਹੀਂ ਕੀਤੀ ਜਾਣੀ ਚਾਹੀਦੀ। ਕਾਰਨ ਇਹ ਹੈ ਕਿ ਭਾਰਤੀ ਦੰਡ ਪ੍ਰਣਾਲੀ ਵਿਚ ਇਸ ਤਰ੍ਹਾਂ ਦੇ ਕਾਨੂੰਨਾਂ ਨੂੰ ਬਸਤੀਵਾਦ ਰਾਜ ਦੁਆਰਾ ਸੁਤੰਤਰਤਾ ਸੰਘਰਸ਼ ਦੇ ਵਿਰੁੱਧ ਇਸਤੇਮਾਲ ਕਰਨ ਲਈ ਸ਼ਾਮਿਲ ਕੀਤਾ ਗਿਆ ਸੀ ਕਿਉਂਕਿ ਇਹ ਕਿਸੇ ਵੀ ਤਰ੍ਹਾਂ ਸੰਵਿਧਾਨ ਦੁਆਰਾ ਸੁਨਿਸਚਿਤ ਸੁਤੰਤਰਤਾ ਦੇ ਮੌਲਿਕ ਅਧਿਕਾਰਾਂ ਨਾਲ ਮੇਲ ਨਹੀਂ ਖਾਂਦੇ। ਬਗਾਵਤ ਵਿਚ ਹਿੰਸਾ ਲਈ ਸਿੱਧੀ ਭੜਕਾਹਟ ਪੈਦਾ ਕਰਨ ਜਾਂ ਅਜਿਹੇ ਕੰਮਾਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ ਜਿਨ੍ਹਾਂ ਨਾਲ ਗੰਭੀਰ ਸਰਵਜਨਕ ਅਵਿਵਸਥਾ ਫੈਲ ਸਕਦੀ ਹੋਵੇ। ਇਹ ਅਮਲੀ ਤੌਰ 'ਤੇ ਇਸ ਕੇਸ ਵਿਚ ਲਾਗੂ ਨਹੀਂ ਹੁੰਦਾ। 1995 ਵਿਚ ਸਰਬਉੱਚ ਅਦਾਲਤ ਦੁਆਰਾ ਪੰਜਾਬ ਦੇ ਦੋ ਸਰਕਾਰੀ ਅਧਿਕਾਰੀਆਂ ਦੀ ਸਜ਼ਾ ਨੂੰ ਰੱਦ ਕਰ ਦਿੱਤਾ ਗਿਆ ਸੀ ਜਿਨ੍ਹਾਂ ਨੇ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਖਾਲਿਸਤਾਨ ਸਮਰਥਕ ਨਾਅਰੇ ਲਗਾਏ ਸਨ। ਹੇਠਲੀ ਅਦਾਲਤ ਨੇ ਉਨ੍ਹਾਂ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਸੀ। ਪਰ ਸਰਬਉੱਚ ਅਦਾਲਤ ਨੇ ਇਸ ਨੂੰ ਵੀ ਉਲਟਾ ਦਿੱਤਾ ਅਤੇ ਉਸ ਦਾਅਵੇ ਨੂੰ ਅਸਵੀਕਾਰ ਕਰ ਦਿੱਤਾ ਕਿ ਉਨ੍ਹਾਂ ਦੀ ਕਾਰਵਾਈ ਭਾਰਤ ਦੀ ਏਕਤਾ ਤੇ ਅਖੰਡਤਾ ਲਈ ਹਾਨੀਕਾਰਕ ਹੋ ਸਕਦੀ ਹੈ।
ਡਾ: ਸੇਨ ਦੀ ਸਜ਼ਾ ਨਿਆਂ 'ਚ ਭਾਰੀ ਗਿਰਾਵਟ ਅਤੇ ਨਿਆਂਇਕ ਭਿਅੰਕਰਤਾ ਹੈ ਜੋ ਬਨਾਨਾ ਰਿਪਬਲਿਕ (ਕਠਪੁਤਲੀ ਹਕੂਮਤਾਂ) ਦੀਆਂ ਕੰਗਾਰੂ ਅਦਾਲਤਾਂ (ਜਿਥੇ ਫ਼ੈਸਲਾ ਪਹਿਲਾਂ ਹੀ ਤੈਅ ਹੁੰਦਾ ਹੈ) 'ਚ ਹੀ ਸੰਭਵ ਹੈ। ਬਦਕਿਸਮਤੀ ਨਾਲ ਭਾਰਤ ਦੀ ਨਿਆਂ ਵਿਵਸਥਾ ਨੂੰ ਲੰਮੇ ਸਮੇਂ ਤੱਕ ਸ਼ਰਮਸਾਰ ਕਰਦੇ ਰਹਿਣ ਲਈ ਜੱਜ ਵਰਮਾ ਨੇ ਭਾਰਤ ਨੂੰ ਉਨ੍ਹਾਂ ਹਾਲਤਾਂ ਵਿਚ ਹੀ ਡੇਗ ਦਿੱਤਾ ਹੈ।
ਮਾਓਵਾਦ ਵਿਰੋਧੀ ਸਰਕਾਰੀ ਰਣਨੀਤੀ ਉਨ੍ਹਾਂ ਉਪਾਵਾਂ ਦਾ ਇਸਤੇਮਾਲ ਕਰਦੀ ਹੈ ਜੋ ਪੂਰੀ ਤਰ੍ਹਾਂ ਨਾਲ ਅਸੰਵਿਧਾਨਕ, ਗ਼ੈਰ-ਕਾਨੂੰਨੀ, ਗ਼ੈਰ-ਮਨੁੱਖੀ ਅਤੇ ਨਿੰਦਣਯੋਗ ਹਨ। ਅਜਿਹਾ ਲਗਦਾ ਹੈ ਕਿ ਇਹ ਰਣਨੀਤੀ ਜਾਣਬੁੱਝ ਕੇ ਆਦਿਵਾਸੀ ਪੱਟੀ ਵਿਚ ਅਸੰਤੋਸ਼ ਫੈਲਾਉਣ ਲਈ ਬਣਾਈ ਗਈ ਹੈ, ਜੋ ਪਹਿਲਾਂ ਹੀ ਸਮਾਜਿਕ ਅਨਿਆਂ, ਯੁੱਗਾਂ ਤੋਂ ਚਲੇ ਆ ਰਹੇ ਕੁਪੋਸ਼ਣ ਅਤੇ ਰਾਜਸੀ ਜਬਰ ਨਾਲ ਪੀੜਤ ਹਨ, ਇਸ ਦਾ ਉਦੇਸ਼ ਮਾਓਵਾਦੀਆਂ ਦੀ ਮਦਦ ਕਰਨਾ ਹੀ ਹੈ।


ਸ੍ਰੋਤ :-ਰੋਜਾਨਾ ਅਜੀਤ

ਮੈਂ ਨਾਸਤਿਕ ਕਿਉਂ ਹਾਂ: ਜਾਣ ਪਛਾਣ - ਪ੍ਰੋ. ਬਿਪਨ ਚੰਦਰ

ਭਗਤ ਸਿੰਘ ਹਿੰਦੁਸਤਾਨ ਦੇ ਮਹਾਨਤਮ ਸੁਤੰਤਰਤਾ- ਸੰਗਰਾਮੀਆਂ ਤੇ ਇਨਕਲਾਬੀ ਸਮਾਜਵਾਦੀਆਂ ਵਿਚੋਂ ਹੋਣ ਦੇ ਨਾਲ-ਨਾਲ ਹਿੰਦੁਸਤਾਨ ਦੇ ਮੁੱਢਲੇ ਮਾਰਕਸਵਾਦੀ ਚਿੰਤਕਾਂ ਤੇ ਸਿਧਾਂਤਕਾਰਾਂ ਵਿਚੋਂ ਵੀ ਸੀ।
ਬਿਪਨ ਚੰਦਰ
ਮੰਦੇ ਭਾਗੀਂ  ਭਗਤ ਸਿੰਘ ਦਾ ਮਾਰਕਸਵਾਦੀ ਚਿੰਤਕ ਤੇ ਸਿਧਾਂਤਕਾਰ ਹੋਣ ਵਾਲਾ ਪੱਖ ਬਹੁਤ ਘੱਟ ਜਾਣਿਆਂ ਜਾਂਦਾ ਹੈ ਅਤੇ ਇਹਦਾ ਨਤੀਜਾ ਇਹ ਨਿਕਲਿਆ ਕਿ ਹਰ ਭਾਂਤ ਦੇ ਪ੍ਰਤਿਗਾਮੀ, ਪੁਰਾਤਨਪੰਥੀ ਤੇ ਫਿਰਕਾਪ੍ਰਸਤ ਭਗਤ ਸਿੰਘ ਤੇ ਚੰਦਰ ਸ਼ੇਖਰ ਆਜ਼ਾਦ ਵਰਗੇ ਸਾਥੀਆਂ ਦੇ ਨਾਵਾਂ ਤੇ ਉਨ੍ਹਾਂ ਦੀ ਸ਼ੁਹਰਤ ਨੂੰ ਬੇਈਮਾਨੀ ਤੇ ਗ਼ਲਤ ਤਰੀਕੇ ਨਾਲ ਆਪਣੀ ਸਿਆਸਤ ਤੇ ਵਿਚਾਰਧਾਰਾਵਾਂ ਵਾਸਤੇ ਵਰਤਣ ਦੀ ਕੋਸ਼ਿਸ਼ ਕਰਦੇ ਰਹੇ ਹਨ।
ਭਗਤ ਸਿੰਘ 23 ਵਰ੍ਹਿਆਂ ਦੀ ਨਿੱਕੀ ਉਮਰ ਵਿਚ ਹੀ ਸ਼ਹੀਦ ਹੋ ਗਿਆ। ਉਹਦੀ ਸਿਆਸੀ ਵਿਚਾਰਧਾਰਾ ਤੇ ਅਮਲ ਦਾ ਵਿਕਾਸ ਬਹੁਤ ਛੋਟੀ ਉਮਰ ਵਿਚ ਸ਼ੁਰੂ ਹੋ ਗਿਆ ਸੀ, ਜਦ ਉਹਨੇ ਗਾਂਧੀਵਾਦੀ ਰਾਸ਼ਟਰਵਾਦ ਤੋਂ ਇਨਕਲਾਬੀ ਦਹਿਸ਼ਤਵਾਦ ਵਲ ਤਿੱਖਾ ਮੋੜ ਕਟਿਆ। 1927-28 ਵਿਚ ਹੀ ਉਹਦਾ ਰੁਖ ਇਨਕਲਾਬੀ ਦਹਸ਼ਤਵਾਦ ਤੋਂ ਮਾਰਕਸਵਾਦ ਵਲ ਵਲ ਹੋਣਾ ਸ਼ੁਰੂ ਹੋ ਗਿਆ ਸੀ। 1925 ਤੋਂ 1928 ਤਕ ਦੇ ਤਿੰਨ ਵਰ੍ਹਿਆਂ ਦੇ ਅਰਸੇ ਵਿਚ ਹੀ ਭਗਤ ਸਿੰਘ ਨੇ ਬੇਸ਼ੁਮਾਰ ਕਿਤਾਬਾਂ ਪੜ੍ਹੀਆਂ, ਜਿੰਨਾਂ ਵਿਚੋਂ ਬਹੁਤੀਆਂ ਕਿਤਾਬਾਂ ਰੂਸੀ ਇਨਕਲਾਬ ਤੇ ਸੋਵੀਅਤ ਯੂਨੀਅਨ ਬਾਰੇ ਸਨ। ਓਦੋਂ ਇਹੋ ਜਿਹੀਆਂ ਕਿਤਾਬਾਂ ਹਾਸਲ ਕਰ ਲੈਣਾ ਹੀ ਬੜਾ ਜੋਖੋਂ ਵਾਲਾ ਤੇ ਇਨਕਲਾਬੀ ਕੰਮ ਹੁੰਦਾ ਸੀ। ਤੀਜੇ ਦਹਾਕੇ ਵਿਚ ਇਨਕਲਾਬੀ ਲਹਿਰਾਂ, ਅਰਾਜਕਤਵਾਦ ਅਤੇ ਮਾਰਕਸਵਾਦ ਬਾਰੇ ਹਿੰਦੁਸਤਾਨ ਵਿਚ ਸਭ ਤੋਂ ਵਧ ਪੜ੍ਹਿਆ-ਗੁੜ੍ਹਿਆ ਭਗਤ ਸਿੰਘ ਹੀ ਸੀ। ਉਹਨੇ ਆਪਣੇ ਮੁਕੱਦਮੇ ਦੌਰਾਨ ਲਾਹੌਰ ਹਾਈ ਕੋਰਟ ਵਿਚ ਬਿਆਨ ਦਿਤਾ ਸੀ ਕਿ "ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ ਉਤੇ ਤਿੱਖੀ ਹੁੰਦੀ ਹੈ।" 1928 ਦੇ ਅੰਤ ਵਿਚ ਹੀ ਭਗਤ ਸਿੰਘ ਤੇ ਉਹਦੇ ਸਾਥੀਆਂ ਨੇ ਸਮਾਜਵਾਦ ਨੂੰ ਆਪਣਾ ਅੰਤਮ ਨਿਸ਼ਾਨਾ ਮਿਥ ਲਿਆ ਸੀ ਅਤੇ ਉਨ੍ਹਾਂ ਨੇ ਆਪਣੀ ਜੱਥੇਬੰਦੀ ਹਿੰਦੁਸਤਾਨ ਰੀਪਬਲਿਕਨ ਆਰਮੀ (ਜਾਂ ਐਸੋਸੀਏਸ਼ਨ) ਦਾ ਨਾਂ ਬਦਲ ਕੇ ਹਿੰਦੁਸਤਾਨ ਸੋਸ਼ਲਿਸਟ ਰੀਪਬਲਿਕ ਆਰਮੀ ਧਰ ਦਿਤਾ ਸੀ।
ਇਸ ਤੋਂ ਮਗਰੋਂ ਜੂਨ 1929 ਵਿਚ ਹੋ ਜਾਣ ਵਾਲੀ ਆਪਣੀ ਗ੍ਰਿਫਤਾਰੀ ਤਕ ਤੇ ਗ੍ਰਿਫਤਾਰੀ ਤੋਂ ਮਗਰੋਂ ਆਪਣੀ ਸ਼ਹਾਦਤ ਤਕ ਭਗਤ ਸਿੰਘ ਨੇ ਮਾਰਕਸਵਾਦ ਨੂੰ ਗ੍ਰਹਿਣ ਕਰਨ ਤੇ ਇਸ ਉਤੇ ਮੁਹਾਰਤ ਹਾਸਲ ਕਰਨ ਦਾ ਅਮਲ ਲਗਾਤਾਰ ਜਾਰੀ ਰਖਿਆ। ਇਸ ਅਮਲ ਦੌਰਾਨ ਉਹਨੇ ਕੌਮੀ ਲਹਿਰ, ਸਮਕਾਲੀ ਸੰਸਾਰ-ਵਿਆਪੀ ਇਨਕਲਾਬੀ ਅਮਲ ਦੀ ਖ਼ਸਲਤ, ਅਰਾਜਕਤਵਾਦ, ਸਮਾਜਵਾਦ, ਹਿੰਸਾ ਤੇ ਅਹਿੰਸਾ, ਇਨਕਲਾਬੀ ਦਹਿਸ਼ਤਵਾਦ, ਧਰਮ, ਫ਼ਿਰਕਾ ਪ੍ਰਸਤੀ, ਬਜ਼ੁਰਗ ਇਨਕਲਾਬੀਆਂ ਤੇ ਆਪਣੇ ਸਮਕਾਲੀ ਰਾਸ਼ਟਰਵਾਦੀਆਂ, ਆਦਿ ਬਾਰੇ ਸਮਕਾਲੀ ਵਿਚਾਰਾਂ ਸਮੇਤ ਆਪਣੇ ਵਿਚਾਰਾਂ ਨੂੰ ਆਲੋਚਨਾਤਮਕ ਦ੍ਰਿਸ਼ਟੀ ਨਾਲ ਦੇਖਿਆ, ਜੋਖਿਆ ਤੇ ਪਰਖਿਆ।
ਸਾਡੇ ਲੋਕਾਂ ਨਾਲ ਬਹੁਤ ਵੱਡੇ ਦੁਖਾਂਤ ਵਾਪਰੇ ਹਨ। ਸਾਡੇ ਨਾਲ ਸਭ ਤੋਂ ਵੱਡਾ ਦੁਖਾਂਤ ਇਹ ਵਾਪਰਿਆ ਕਿ ਬਸਤੀਵਾਦੀ ਹਾਕਮਾਂ ਨੇ ਸਾਡੇ ਇਸ ਅੱਲੋਕਾਰੇ ਬੁਧ ਵਾਲੇ ਦਿਮਾਗ਼ ਨੂੰ ਛੋਟੀ ਉਮਰ ਵਿਚ ਹੀ ਸੋਚਣੋਂ ਬੰਦ ਕਰ ਦਿਤਾ।
ਇਸ ਛੋਟੇ ਜਿਹੇ ਪੈਂਫ਼ਲਟ ਵਿਚ ਭਗਤ ਸਿੰਘ ਦੇ ਮੁਕਾਬਲਤਨ ਘੱਟ ਜਾਣੇ-ਜਾਂਦੇ ਦੋ ਲੇਖ ਦਿੱਤੇ ਗਏ ਹਨ, ਜੋ ਭਗਤ ਸਿੰਘ ਨੇ ਮੌਤ ਦੀ ਉਡੀਕ ਕਰਦਿਆਂ 1930-31 ਵਿਚ ਲਿਖੇ। ਉਹਦੇ ਹੋਰ ਖ਼ਤਾਂ, ਬਿਆਨਾਂ ਤੇ ਲੇਖਾਂ ਵਾਂਙ ਇਨ੍ਹਾਂ ਲੇਖਾਂ ਵਿਚ ਵੀ ਭਗਤ ਸਿੰਘ ਦਾ ਬਿੰਬ ਐਸੇ ਇਨਕਲਾਬੀ ਵਜੋਂ ਉਭਰਦਾ ਹੈ, ਜੋ ਮਾਰਕਸਵਾਦ ਨਾਲ ਪੂਰੀ ਤਰ੍ਹਾਂ ਪ੍ਰਤਿਬੱਧ ਹੈ ਅਤੇ ਜੋ ਮਾਰਕਸਵਾਦ ਨੂੰ ਇਸ ਦੀ ਵਿਧੀ ਦੀਆਂ ਸਾਰੀਆਂ ਪੇਚੀਦਗੀਆਂ ਸਮੇਤ ਲਾਗੂ ਕਰ ਸਕਣ ਦੇ ਸਮੱਰਥ ਹੈ। 

1
ਪਹਿਲੇ ਲੇਖ ਵਿਚ ਭਗਤ ਸਿੰਘ ਧਰਮ ਤੇ ਨਾਸਤਕਤਾ ਦੇ ਸਵਾਲਾਂ ਬਾਰੇ ਵਿਚਾਰ ਕਰਦੇ ਹੈ। ਉਹ ਦੱਸਦਾ ਹੈ ਕਿ ਨਾਸਤਕਤਾ ਦੇ ਰਾਹ ਉਤੇ ਕਿਵੇਂ ਪਿਆ। ਉਹਦਾ ਧਰਮ ਦਾ ਪਹਿਲਾਂ ਪ੍ਰਭਾਵ ਪਹਿਲਾਂ ਬਚਪਨ ਵਿਚ ਤੇ ਫੇਰ ਮੁੱਢਲੇ ਦਹਸ਼ਤਪਸੰਦਾਂ ਵਿਚੋਂ ਸ਼ਚੀਂਦ੍ਰ੍ਰ੍ਰ੍ਰ ਨਾਥ ਸਾਨਿਆਲ (ਜਿਹਦੀ ਕਿਤਾਬ "ਬੰਦੀ ਜੀਵਨ" ਤੀਜੇ ਦਹਾਕੇ ਵਿਚ ਸਭਨਾਂ ਇਨਕਲਾਬੀਆਂ ਲਈ ਨਿਤਨੇਮ ਹੁੰਦੀ ਸੀ। ) ਸਦਕਾ ਪਿਆ ਸੀ। ਮੁੱਢਲੇ ਇਨਕਲਾਬੀ ਆਤਮਕ ਤਾਕਤ ਹਾਸਲ ਕਰਨ ਲਈ ਧਰਮ ਤੇ ਰਹੱਸਵਾਦ ਉਤੇ ਟੇਕ ਰਖਦੇ ਹੁੰਦੇ ਸਨ। ਇਹ ਰੂਹਾਨੀ ਤਾਕਤ ਹੀ ਉਨ੍ਹਾਂ ਦੀਆਂ ਇੰਤਹਾਈ ਹੌਂਸਲੇ ਵਾਲੀਆਂ ਸਰਗਰਮੀਆਂ ਵਿਚ ਪ੍ਰਗਟ ਹੁੰਦੀ ਸੀ। ਇਸ ਲੇਖ ਵਿਚ ਤੇ ਦੂਜੇ ਲੇਖ ਵਿਚ ਵੀ ਮੁੱਢਲੇ ਇਨਕਲਾਬੀਆਂ ਦੀ ਪਹੁੰਚ ਤੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਤਾਈਂ ਭਗਤ ਸਿੰਘ ਦੀ ਸਮਝ ਪੂਰੀ ਤਰ੍ਹਾਂ ਉਜਾਗਰ ਹੁੰਦੀ ਹੈ। ਭਗਤ ਸਿੰਘ ਇਨ੍ਹਾਂ ਲੇਖਾਂ ਵਿਚ ਉਨ੍ਹਾਂ ਇਨਕਲਾਬੀਆਂ ਦੀ ਧਾਰਮਿਕਤਾ ਦਾ ਮੂਲ ਲਭ ਕੇ ਦੱਸਦਾ ਹੈ। ਉਹ ਦੱਸਦਾ ਹੈ ਕਿ ਕਿਉਂਕਿ ਆਪਣੀ ਸਿਆਸੀ ਸਰਗਰਮੀ ਦੀ ਉਨ੍ਹਾਂ ਕੋਲ ਵਿਗਿਆਨਕ ਸਮਝ ਨਹੀਂ ਸੀ, ਨਿੱਜੀ ਲੋਭ ਵਿਰੁਧ ਲੜਨ, ਹੌਸਲਾ-ਪਸਤੀ ਤੋਂ ਛੁਟਕਾਰਾ ਪਾਉਣ ਲਈ ਆਪਣੇ ਦੁਨਿਆਵੀ ਐਸ਼ੋ-ਅਰਾਮ ਆਪਣੇ ਪਰਿਵਾਰ ਤੇ ਆਪਣੀ ਜਾਨ ਤਕ ਨੂੰ ਕੁਰਬਾਨ ਕਰਨ ਲਈ ਉਨ੍ਹਾਂ ਨੂੰ ਅਤਰਕਸ਼ੀਲ ਧਾਰਮਕ ਵਿਸ਼ਵਾਸਾਂ ਤੇ ਰਹੱਸਵਾਦ ਦੀ ਜ਼ਰੂਰਤ ਪੈਂਦੀ ਸੀ। ਜਦ ਕੋਈ ਬੰਦਾ ਆਪਣੀ ਮੌਤ ਸਹੇੜਨ ਤੇ ਹਰ ਤਰ੍ਹਾਂ ਦੀਆਂ ਕੁਰਬਾਨੀਆਂ ਕਰਨ ਲਈ ਤੁਲਿਆ ਹੋਇਆ ਹੋਵੇ, ਤਾਂ ਉਹਨੂੰ ਬਹੁਤ ਜ਼ਿਆਦਾ ਪ੍ਰੇਰਨਾ ਦੀ ਲੋੜ ਹੋਇਆ ਕਰਦੀ ਹੈ। ਮੁੱਢਲੇ ਇਨਕਲਾਬੀ ਦਹਸ਼ਤਪਸੰਦਾਂ ਦੀ ਇਹ ਲੋੜ ਰਹੱਸਵਾਦ ਤੇ ਧਰਮ ਪੂਰੀ ਕਰਦਾ ਸੀ। * (ਰਾਸ਼ਟਰਵਾਦੀ ਪ੍ਰੇਰਣਾ ਦੇ ਸਰੋਤ ਵਜੋਂ ਧਰਮ ਅਤੇ ਫ਼ਿਰਕਾਪ੍ਰਸਤੀ ਵਿਚ ਫ਼ਰਕ ਵਾਲੇ ਇਕ ਹੋਰ ਅਹਿਮ ਪਹਿਲੂ ਨੂੰ ਸਮਝਣ ਲਈ ਇਨ੍ਹਾਂ ਲੇਖਾਂ ਤੋਂ ਮਦਦ ਮਿਲਦੀ ਹੈ। ਭਾਵੇਂ ਇਨ੍ਹਾਂ ਲੇਖਾਂ ਵਿਚ ਭਗਤ ਸਿੰਘ ਨੇ ਇਸ ਪਹਿਲੂ ਬਾਰੇ ਸਿੱਧੀ ਵਿਚਾਰ-ਚਰਚਾ ਨਹੀਂ ਕੀਤੀ। ਮੁੱਢਲੇ ਇਨਕਲਾਬੀਆਂ ਦੀ ਪ੍ਰੇਰਣਾ ਤੇ ਵਿਚਾਰਧਾਰਾ ਸੋਮਾ ਧਰਮ ਤੇ ਰਹੱਸਵਾਦ ਸੀ, ਪਰ ਉਹ ਫ਼ਿਰਕਾ-ਪ੍ਰਸਤ ਨਹੀਂ ਸਨ। ਉਨ੍ਹਾਂ ਵਾਸਤੇ ਧਰਮ ਉਨ੍ਹਾਂ ਦੀ ਸਿਆਸਤ ਦਾ ਆਧਾਰ ਨਹੀਂ ਸੀ, ਸਗੋਂ ਅੰਦਰੂਨੀ ਤਾਕਤ ਦਾ ਸੋਮਾ ਸੀ। ਇਸੇ ਸਦਕਾ ਉਹ ਹਿੰਦੁਸਤਾਨੀ ਲੋਕਾਂ ਨੂੰ ਇਕ ਦੂਜੇ ਨਾਲ ਲੜਾਉਣ ਵਾਲੇ ਫ਼ਿਰਕਾ-ਪ੍ਰਸਤ ਸਿਆਸਤਦਾਨਾਂ ਦੀ ਥਾਂ ਸਭਨਾਂ ਹਿੰਦੁਸਤਾਨੀ ਲੋਕਾਂ ਦੀ ਕੌਮੀ ਮੁਕਤੀ ਦੇ ਯੋਧੇ ਬਣੇ। ਧਰਮ ਤੇ ਰਹੱਸਵਾਦ ਤੋਂ ਪ੍ਰੇਰਣਾ ਲੈਣ ਵਾਲੇ ਇਹ ਇਨਕਲਾਬੀ ਤਾਂ ਸਾਮਰਾਜਵਾਦ ਵਿਰੁਧ ਜੱਦੋਜਹਿਦ ਕਰਦੇ ਰਹੇ, ਪਰ ਹੋਰ ਫ਼ਿਰਕਾਪ੍ਰਸਤ ਦਿਲੋਂ ਅਕਸਰ ਸਾਮਰਾਜਵਾਦ-ਪੱਖੀ ਹੁੰਦੇ ਸਨ। ਉਹ ਇਕਮੁੱਠ ਹਿੰਦੁਸਤਾਨੀ ਲੋਕਾਂ ਵਿਚ ਵੰਡੀਆਂ ਪਾ ਕੇ ਤੇ ਆਪਣੀ ਸਿਆਸਤ ਸਾਮਰਾਜਵਾਦ ਵਿਰੁਧ ਸੇਧਣ ਦੀ ਥਾਂ ਦੂਜੇ ਹਮਵਤਨਾਂ ਵਿਰੁਧ ਸੇਧ ਕੇ ਸਾਮਰਾਜਵਾਦ ਦੀ ਸੇਵਾ ਕਰਦੇ ਰਹੇ) *ਪਰ ਮਗਰੋਂ ਜਿਨ੍ਹਾਂ ਨੇ ਆਪਣੀ ਸਰਗਰਮੀ ਦੇ ਖਾਸੇ ਨੂੰ ਜਾਣ ਲਿਆ ਸੀ, ਜਿਨ੍ਹਾਂ ਦੀ ਸੋਚ ਇਨਕਲਾਬੀ ਵਿਚਾਰਧਾਰਾ ਤੱਕ ਅਪੜ ਗਈ ਸੀ, ਜੋ ਫਹੁੜੀਆਂ ਤੋਂ ਬਿਨਾਂ ਲੁੱਟਖਸੁੱਟ ਵਿਰੁਧ ਜੱਦੋਜਿਹਦ ਕਰਨਾ ਜਾਣ ਗਏ ਸਨ, ਜੋ 'ਅਨੰਤ' ਮੁਕਤੀ ਦੀ ਆਸ ਲਾਏ ਬਗੈਰ ਨਿਡਰ ਹੋ ਕੇ ਪੂਰੀ ਦ੍ਰਿੜ੍ਹਤਾ ਨਾਲ ਫ਼ਾਂਸੀ ਦੇ ਤਖ਼ਤਿਆਂ ਉਤੇ ਚੜ੍ਹਦੇ ਸਨ, ਜੋ ਲੁੱਟੇ-ਪੁੱਟੇ ਲੋਕਾਂ ਦੀ ਮੁਕਤੀ ਤੇ ਸੁਤੰਤਰਤਾ ਲਈ ਘੋਲ ਕਰਦੇ ਰਹੇ, (ਕਿਉਂ ਜੁ ਉਨ੍ਹਾਂ ਲਈ ਹੋਰ ਕੋਈ ਚਾਰਾ ਹੀ ਨਹੀਂ ਸੀ" ) ਉਨ੍ਹਾਂ ਲਈ ਧਰਮ ਜਾਂ ਰਹੱਸਵਾਦ ਦੀ ਕੋਈ ਲੋੜ ਰਹੀ ਹੀ ਨਹੀਂ ਸੀ।
ਇਹ ਲੇਖ ਲਿਖਣ ਵੇਲੇ ਭਗਤ ਸਿੰਘ ਫ਼ਾਂਸੀ ਦੇ ਤਖਤੇ ਦੀ ਉਡੀਕ ਵਿਚ ਸੀ। ਉਹਨੂੰ ਇਹ ਪਤਾ ਸੀ ਕਿ ਇਹੋ ਜਿਹੇ ਵੇਲੇ ਰੱਬ ਨੂੰ ਮੁੜ ਧਿਆ ਲੈਣਾ ਬੜਾ ਸੌਖਾ ਰਾਹ ਹੁੰਦਾ ਹੈ: "ਰੱਬ ਵਿਚ ਬੰਦੇ ਨੂੰ ਬਹੁਤ ਹੌਸਲਾ ਤੇ ਤਾਕਤ ਮਿਲਦੀ ਹੈ।" ਦੂਜੇ ਪਾਸੇ, ਆਪਣੀ ਅੰਦਰਲੀ ਤਾਕਤ ਦੇ ਸਹਾਰੇ ਰਹਿਣਾ ਕੋਈ ਸੌਖੀ ਗੱਲ ਨਹੀਂ ਹੁੰਦੀ। ਉਹਨੇ ਲਿਖਿਆ ਵੀ ਸੀ: "ਝੱਖੜਾਂ-ਝਾਂਜਿਆਂ ਦੌਰਾਨ ਆਪਣੇ ਪੈਰਾਂ ਉਤੇ ਖੜੇ ਰਹਿਣਾ ਕੋਈ ਬੱਚਿਆਂ ਦੀ ਖੇਡ ਨਹੀਂ ਹੁੰਦੀ।" ਉਹਨੂੰ ਇਹ ਵੀ ਪਤਾ ਸੀ ਕਿ ਸਾਬਤ ਕਦਮ ਰਹਿਣ ਲਈ ਬੇਅੰਤ ਅਖ਼ਲਾਕੀ ਤਾਕਤ ਦੀ ਲੋੜ ਪੈਂਦੀ ਹੈ ਅਤੇ ਇਹ ਕਿ (ਉਹਦੇ) ਸਮਕਾਲੀ ਇਨਕਲਾਬੀ ਆਪਣੀ ਹੀ ਭਾਂਤ ਦੇ ਅਖ਼ਲਾਕੀ ਮਾਰਗ ਉਤੇ ਚਲ ਰਹੇ ਸਨ। ਇਹ ਮਾਰਗ "ਮਨੁੱਖਤਾ ਦੀ ਸੇਵਾ ਤੇ ਅਖ਼ਲਾਕੀ ਮਾਰਗ ਦੀ ਮੁਕਤੀ" ਵਾਸਤੇ ਆਪਣੇ ਆਪ ਨੂੰ ਅਰਪਣ ਦਾ ਮਾਰਗ ਸੀ। "ਦਮਨਕਾਰੀਆਂ, ਲੋਟੂਆਂ ਅਤੇ ਜਾਬਰਾਂ ਨੂੰ ਵੰਗਾਰਨ" ਦੀ ਹਿੰਮਤ ਕਰ ਸਕਣ ਵਾਲੇ ਔਰਤਾਂ ਤੇ ਮਰਦ ਇਸ ਅਨੋਖੇ ਮਾਰਗ ਉੱਤੇ ਚੱਲੇ। ਇਹ ਔਰਤਾਂ-ਮਰਦ "ਮਾਨਸਿਕ ਖੜੋਤ" ਨੂੰ ਤੋੜਣ ਲਈ ਆਪਣੇ ਤੌਰ ਉਤੇ ਸੋਚਣ ਉਤੇ ਜ਼ੋਰ ਦਿੰਦੇ ਸਨ। ਭਗਤ ਸਿੰਘ ਨੇ ਵੀ ਕਿਹਾ ਸੀ: "ਆਲੋਚਨਾ ਤੇ ਸੁਤੰਤਰ ਸੋਚਣੀ ਇਨਕਲਾਬੀ ਦੇ ਦੋ ਲਾਜ਼ਮੀ ਗੁਣ ਹੁੰਦੇ ਹਨ।"
ਭਗਤ ਸਿੰਘ ਕਹਿੰਦਾ ਹੈ ਕਿ ਤਰਕਸ਼ੀਲ ਵਿਅਕਤੀ ਦੀ ਜ਼ਿੰਦਗੀ ਜੀਉਣਾ ਸੌਖਾ ਕੰਮ ਨਹੀਂ ਹੈ। ਕਿਸੇ ਅੰਨ੍ਹੇ ਵਿਸ਼ਵਾਸ ਵਿਚ ਹੌਸਲਾ ਜਾਂ ਰਾਹਤ ਲਭ ਲੈਣੀ ਸੌਖੀ ਗੱਲ ਹੁੰਦੀ ਹੈ, ਪਰ ਇਹ ਸਾਡਾ ਫ਼ਰਜ਼ ਹੈ ਕਿ ਅਸੀਂ ਤਰਕਸ਼ੀਲ ਜੀਵਨ ਜੀਉਣ ਦੀ ਲਗਾਤਾਰ ਕੋਸ਼ਿਸ਼ ਕਰਦੇ ਰਹੀਏ। ਅਤੇ ਇਸੇ ਕਰਕੇ ਭਗਤ ਸਿੰਘ ਲੇਖ ਦੇ ਅੰਤ ਵਿਚ ਜ਼ੋਰ ਦੇ ਕੇ ਕਹਿੰਦਾ ਹੈ ਕਿ ਆਪਣੇ-ਆਪ ਨੂੰ ਏਲਾਨੀਆ ਨਾਸਤਕ ਤੇ ਯਥਾਰਥਵਾਦੀ (ਪਦਾਰਥਵਾਦੀ) ਆਖ ਕੇ ਉਹ "ਅੰਤ ਤੱਕ, ਇਥੋਂ ਤਕ ਫ਼ਾਂਸੀ ਦੇ ਤਖਤੇ ਉਤੇ ਵੀ ਮਨੁੱਖ ਵਾਂਙ ਸਿਰ ਤਾਣ ਕੇ ਖੜ੍ਹੇ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ।"
2
ਭਗਤ ਸਿੰਘ ਜਿਸ ਢੰਗ ਨਾਲ ਧਰਮ ਦੇ ਰੋਲ ਤੇ ਇਹਦੇ ਬੁਨਿਆਦੀ ਕਾਰਣ ਦਾ ਵਿਸ਼ਲੇਸ਼ਣ ਕਰਦਾ ਹੈ; ਉਹਦੇ ਤੋਂ ਸਾਨੂੰ ਉਹਦੀ ਜ਼ੋਰਦਾਰ ਸਮਝ, ਉਹਦੀ ਇਨਕਲਾਬੀ ਪ੍ਰਤੀਬੱਧਤਾ ਅਤੇ ਇਤਿਹਾਸਕ, ਪਦਾਰਥਵਾਦੀ ਤੇ ਵਿਗਿਆਨਕ ਤਰੀਕੇ ਨਾਲ ਸਮਝ ਦੀ ਯੋਗਤਾ ਦਾ ਪਤਾ ਚਲਦਾ ਹੈ।
ਭਗਤ ਸਿੰਘ ਦੱਸਦਾ ਹੈ ਕਿ ਹੁਕਮਰਾਨ ਤੇ ਲੁੱਟਖਸੁੱਟ ਕਰਨ ਵਾਲੀਆਂ ਜਮਾਤਾਂ ਲੋਕਾਂ ਨੂੰ ਧੋਖਾ ਦੇਣ ਲਈ, ਆਪਣੀ ਜਮਾਤੀ ਤਾਕਤ ਤੇ ਆਪਣੇ ਜਮਾਤੀ ਵਿਸ਼ੇਸ਼ ਅਧਿਕਾਰਾਂ ਨੂੰ ਪ੍ਰਮਾਣਿਤ ਕਰਨ, ਅਤੇ ਲੋਕਾਂ ਨੂੰ ਸਮਾਜਕ ਰੂਪ ਵਿਚ ਚੁੱਪ ਰਖਣ ਲਈ ਧਰਮ ਨੂੰ ਵਰਤਦੀਆਂ ਹਨ; ਭਾਵੇਂ ਇਹ ਅਸਲ ਜ਼ਿੰਦਗੀ ਵਿਚ ਇਹ ਮਕਸਦ ਵੀ ਪੂਰਾ ਕਰਦਾ ਹੈ, ਇੰਜ ਧਰਮ ਇਨ੍ਹਾਂ ਜਮਾਤਾਂ ਦੇ ਹੱਥ ਵਿਚ ਸੰਦ ਬਣ ਜਾਂਦਾ ਹੈ। ਆਦਿ-ਮਨੁੱਖ ਆਪਣੇ ਪ੍ਰਕ੍ਰਿਤਕ ਆਲੇ ਦੁਆਲੇ ਨੂੰ ਪੂਰੀ ਤਰ੍ਹਾਂ ਸਮਝਣ ਦੇ ਅਸਮਰਥ ਸੀ, ਉਹ ਆਪਣੀ ਸਮਾਜੀ ਸਰਗਰਮੀ ਤੇ ਆਪਣੇ ਸਮਾਜੀ ਢਾਂਚੇ ਨੂੰ ਨਹੀਂ ਸਮਝ ਸਕਦਾ ਸੀ ਅਤੇ ਆਪਣੀ ਜ਼ਿੰਦਗੀ ਨੂੰ ਕੰਟਰੋਲ ਕਰਨ ਤੇ ਇਹਦੀਆਂ ਸੀਮਾਵਾਂ ਨੂੰ ਪਾਰ ਕਰਨ ਦੇ ਅਸਮਰੱਥ ਸੀ। ਇਨ੍ਹਾਂ ਸਾਰੀਆਂ ਗੱਲਾਂ ਦਾ ਸਿੱਟਾ ਧਰਮ ਦੇ ਰੂਪ ਵਿਚ ਨਿਕਲਿਆ। ਇਸ ਸੂਰਤ ਵਿਚ ਰੱਬ ਕਾਰਆਮਦ ਮਿੱਥ ਬਣ ਜਾਂਦਾ ਹੈ। ਆਦਿਕਾਲੀਨ ਯੁੱਗ ਵਿਚ "ਇਹ ਮਿੱਥ ਸਮਾਜ ਲਈ ਲਾਹੇਵੰਦ ਸੀ।"
ਇਸ ਤੋਂ ਬਿਨਾਂ "ਆਫ਼ਤ ਵਿਚ ਫਸੇ ਮਨੁੱਖ ਲਈ ਰੱਬ ਦਾ ਵਿਚਾਰ ਮਦਦਗਾਰ ਹੁੰਦਾ ਹੈ।" ਰੱਬ ਦੀ ਕਾਲਪਨਿਕ ਹੋਂਦ ਬਣਾ ਲਈ ਗਈ, ਤਾਂ ਕਿ ਇਮਤਿਹਾਨੀ ਹਾਲਾਤ ਦਾ ਦ੍ਰਿੜ੍ਹਤਾ ਨਾਲ ਸਾਹਮਣਾ ਕਰਨ ਲਈ ਮਨੁੱਖ ਨੂੰ ਹੌਸਲਾ ਮਿਲੇ, ਤਾਕਿ ਸਾਰੇ ਖ਼ਤਰਿਆਂ ਦਾ ਜਵਾਂਮਰਦੀ ਨਾਲ ਮੁਕਾਬਲਾ ਕਰ ਸਕੇ ਅਤੇ ਖੁਸ਼ਹਾਲੀ ਤੇ ਅਮੀਰੀ ਦੀ ਹਾਲਤ ਵਿਚ ਆਪਣੀਆਂ ਇੱਛਾਵਾਂ ਨੂੰ ਕਾਬੂ ਕਰ ਸਕੇ। "(ਰੱਬ ਦਾ) ਅਕੀਦਾ ਮੁਸ਼ਕਲਾਂ ਨੂੰ ਸੌਖਿਆਂ ਬਣਾ ਦਿੰਦਾ ਹੈ, ਇਥੋਂ ਤੱਕ ਕਿ ਮੁਸ਼ਕਲਾਂ ਨੂੰ ਖ਼ੁਸ਼ਗਵਾਰ ਵੀ ਬਣਾ ਦਿੰਦਾ ਹੈ। ਰੱਬ ਦੇ ਵਿਸ਼ਵਾਸ ਨਾਲ ਮਨੁੱਖ ਨੂੰ ਜੋਰਦਾਰ ਹੌਸਲਾ ਤੇ ਮਦਦ ਮਿਲਦੀ ਹੈ।" ਇੰਜ ਆਫ਼ਾਤਾਂ ਮਾਰੇ, ਲਾਚਾਰ ਬੰਦਿਆਂ ਵਾਸਤੇ ਰੱਬ "ਪਿਤਾ, ਮਾਤਾ ਭੈਣ ਤੇ ਭਰਾ, ਦੋਸਤ ਤੇ ਮਦਦਗਾਰ" ਦਾ ਕੰਮ ਦਿੰਦਾ ਹੈ। * (ਨੌਜਵਾਨ ਭਗਤ ਸਿੰਘ ਦੇ ਵਿਚਾਰ ਨੌਜਵਾਨ ਮਾਰਕਸ ਨਾਲ ਕਿੰਨੇ ਰਲਦੇ ਹਨ। ਮਾਰਕਸ ਨੇ 1844 ਵਿਚ ਲਿਖਿਆ ਸੀ: "ਧਰਮ ਉਸ ਦੁਨੀਆਂ ਦਾ ਆਮ ਸਿਧਾਂਤ ਹੈ, ਇਹ ਇਹਦਾ ਅਤੀ-ਵਿਆਪਕ ਸਾਰੰਸ਼ ਹੈ, ਪ੍ਰਚਲਿਤ ਰੂਪ ਵਿਚ ਇਹਦਾ ਤਰਕ ਹੈ, ਇਹ ਇਹਦੀ ਅਧਿਆਤਮਕ ਪ੍ਰਵਾਨਗੀ ਹੈ, ਇਹਦੀ ਉਮੰਗ ਹੈ, ਇਹਦਾ ਅਖ਼ਲਾਕੀ ਸਮਰਥਨ ਹੈ, ਇਹਦਾ ਰਹੱਸਾਤਮਕ ਪੂਰਕ ਹੈ, ਦਿਲਜੋਈ ਤੇ ਸਮਰਥਨ ਦਾ ਸਰਵਿਆਪਕ ਸੋਮਾ ਹੈ।… ਧਾਰਮਕ ਸੰਕਟ ਇਕੋ ਵੇਲੇ ਅਸਲ ਸੰਕਟ ਦਾ ਇਜ਼ਹਾਰ ਅਤੇ ਅਸਲ ਸੰਕਟ ਵਿਰੁਧ ਰੋਸ ਵੀ ਹੁੰਦਾ ਹੈ। ਧਰਮ ਦਲਿਤ ਪਰਾਣੀ ਦਾ ਹਉਕਾ ਹੈ, ਬੇਦਿਲ ਦੁਨੀਆਂ ਦਾ ਦਿਲ ਹੈ, ਜਿਵੇਂ ਕਿ ਇਹ ਬੇਜਾਨ ਹਾਲਾਤ ਦੀ ਜਾਨ ਵੀ ਹੁੰਦਾ ਹੈ। ਇਹ ਲੋਕਾਂ ਦੀ ਅਫ਼ੀਮ ਹੈ। ਧਰਮ ਲੋਕਾਂ ਦੀ ਖ਼ੁਸ਼ੀ ਦਾ ਭੁਲਾਵਾ ਹੈ, ਇਸ ਨੂੰ ਖ਼ਤਮ ਕਰਨ ਦਾ ਮਤਲਬ ਲੋਕਾਂ ਦੀ ਅਸਲ ਖ਼ੁਸ਼ੀ ਦੀ ਮੰਗ ਹੈ।" ਸੰਗ੍ਰਹਿਤ ਲਿਖਤਾਂ (ਅੰਗਰੇਜ਼ੀ ਵਿਚ) ਜਿਲਦ 111 1975, ਸਫ਼ੇ 175-76। ਭਾਵੇਂ ਭਗਤ ਸਿੰਘ ਮਾਰਕਸ ਦਾ ਇਹ ਪੈਰਾ ਪੜ੍ਹ ਨਹੀਂ ਸਕਿਆ ਸੀ, ਤਾਂ ਵੀ ਉਹਨੇ ਮਾਰਕਸ ਦੇ "ਧਰਮ ਲੋਕਾਂ ਦੀ ਅਫ਼ੀਮ" ਵਾਲੇ ਕਥਨ ਨੂੰ ਹੋਰਨਾਂ ਵਿਅਕਤੀਆਂ ਨਾਲੋਂ ਬਿਹਤਰ ਸਮਝਿਆ ਸੀ।)
ਪਰ ਭਗਤ ਸਿੰਘ ਕਹਿੰਦਾ ਹੈ ਕਿ ਜਦ ਵਿਗਿਆਨ ਤਰੱਕੀ ਕਰ ਗਿਆ ਹੈ ਅਤੇ ਮਜ਼ਲੂਮ ਆਪਣੀ ਨਜਾਤ ਵਾਸਤੇ ਜੱਦੋਜਹਿਦ ਸ਼ੁਰੂ ਕਰਦੇ ਹਨ, ਜਦ "ਮਨੁੱਖ ਆਪਣੇ ਪੈਰੀਂ ਹੋਣ ਅਤੇ ਯਥਾਰਥਵਾਦੀ ਹੋਣ ਦੀ ਕੋਸ਼ਿਸ਼ ਕਰਦਾ ਹੈ (ਭਗਤ ਸਿੰਘ ਨੇ ਯਥਾਰਥਵਾਦੀ ਸ਼ਬਦ ਤਰਕਵਾਦੀ ਜਾਂ ਪਦਾਰਥਵਾਦੀ ਜਾਂ ਸ਼ਬਦਾਂ ਦੀ ਥਾਂ ਵਰਤਿਆ ਹੈ), ਤਾਂ ਰੱਬ ਦੀ ਲੋੜ ਖ਼ਤਮ ਹੋ ਜਾਂਦੀ ਹੈ ਅਤੇ ਇਸ ਬਣਾਉਟੀ ਫਹੁੜੀ ਅਤੇ ਇਸ ਖ਼ਿਆਲੀ ਮੁਕਤੀਦਾਤੇ ਦੀ ਲੋੜ ਨਹੀਂ ਰਹਿੰਦੀ। ਆਪਣੀ ਨਜਾਤ ਵਾਸਤੇ ਜੱਦੋਜਹਿਦ ਵਿਚ "ਧਰਮ ਦੇ ਤੰਗ ਨਜ਼ਰ ਸੰਕਲਪ" ਵਿਰੁਧ ਅਤੇ ਰੱਬ ਦੇ ਅਕੀਦੇ ਵਿਰੁਧ ਲੜਨਾ ਜ਼ਰੂਰੀ ਹੋ ਜਾਂਦਾ ਹੈ। ਭਗਤ ਸਿੰਘ ਕਹਿੰਦਾ ਹੈ ਕਿ "ਜਿਹੜਾ ਵੀ ਬੰਦਾ ਪ੍ਰਗਤੀ ਦਾ ਹਮਾਇਤੀ ਹੈ, ਤਾਂ ਉਹਨੂੰ ਪੁਰਾਣੇ ਅਕੀਦੇ ਦੀ ਹਰ ਗੱਲ ਦੀ ਆਲੋਚਨਾ ਕਰਨੀ ਬਣਦੀ ਹੈ ਅਤੇ ਪੁਰਾਣੇ ਅਕੀਦੇ ਨੂੰ ਨਾ ਮੰਨਣਾ ਤੇ ਇਹਨੂੰ ਚੈਲੰਜ ਕਰਨਾ ਜ਼ਰੂਰੀ ਹੋ ਜਾਂਦਾ ਹੈ। ਉਹਦੇ ਲਈ ਜ਼ਰੂਰੀ ਹੈ ਕਿ ਉਹ ਪ੍ਰਚਲਿਤ ਵਿਸ਼ਵਾਸ ਦੀ ਇਕ-ਇਕ ਗੱਲ ਨੂੰ ਦਲੀਲ ਉਤੇ ਪਰਖੇ..... ਜਿਹੜਾ ਵੀ ਬੰਦਾ ਯਥਾਰਥਵਾਦੀ ਹੋਣ ਦਾ ਦਾਅਵਾ ਕਰਦਾ ਹੈ, ਉਹਨੂੰ ਸਾਰੇ ਦੇ ਸਾਰੇ ਪੁਰਾਤਨ ਵਿਸ਼ਵਾਸ ਨੂੰ ਚੈਲੰਜ ਕਰਨਾ ਪਏਗਾ..... ਉਹਦਾ ਪਹਿਲਾ ਕੰਮ ਇਹ ਹੈ ਕਿ ਪੁਰਾਣੇ ਵਿਸ਼ਵਾਸ ਨੂੰ ਤਹਿਸ-ਨਹਿਸ ਕਰਕੇ ਨਵੇਂ ਦਰਸ਼ਨ (ਫ਼ਲਸਫ਼ੇ) ਦੀ ਉਸਾਰੀ ਲਈ ਜ਼ਮੀਨ ਤਿਆਰ ਕਰੇ।"
3
ਹੋਰ ਕਈ ਨੁਕਤਿਆਂ ਬਾਰੇ ਵਿਚਾਰ-ਚਰਚਾ ਵਿਚ ਭਗਤ ਸਿੰਘ ਦੀ ਆਪਣੇ ਪੂਰਵਜਾਂ ਤਾਈਂ ਹਮਦਰਦੀ ਪਰ ਆਲੋਚਨਾਤਮਕ ਸਮਝ, ਦਾਰਸ਼ਨਿਕ ਤੇ ਰਾਜਨੀਤਕ ਪਹੁੰਚ-ਵਿਧੀਆਂ ਅਤੇ ਵਿਚਾਰਾਂ ਨੂੰ ਇਤਿਹਾਸਕ ਪ੍ਰਸੰਗ ਰੱਖ ਕੇ ਦੇਖਣ ਦੀ ਉਹਦੀ ਯੋਗਤਾ, ਅਤੇ ਉਹਦੀ ਬੁਨਿਆਦੀ ਮਾਰਕਸਵਾਦੀ ਤਰਕਸ਼ਲੀਤਾ ਸਪਸ਼ਟ ਰੂਪ ਵਿਚ ਉਜਾਗਰ ਹੁੰਦੀ ਹੈ।
ਦੂਸਰਾ ਲੇਖ ਭਗਤ ਸਿੰਘ ਨੇ 1915 ਵਿਚ ਉਮਰ ਕੈਦ ਦੀ ਸਜ਼ਾ ਪਾਉਣ ਵਾਲੇ ਬਜ਼ੁਰਗ ਇਨਕਲਾਬੀ ਲਾਲਾ ਰਾਮ ਦਾਸ ਦੇ ਕਾਵਿ ਸੰਗ੍ਰਹਿ ਡਰੀਮ-ਲੈਂਡ (ਸੁਪਨਦੇਸ਼) ਦੀ ਭੂਮਿਕਾ ਵਜੋਂ ਲਿਖਿਆ ਸੀ। ਭਗਤ ਸਿੰਘ ਇਸ ਲੇਖ ਵਿਚ ਅਸਿੱਧੇ ਰੂਪ ਵਿਚ ਦਸਦਾ ਹੈ ਕਿ ਵਿਦੇਸ਼ੀ ਗ਼ੁਲਾਮੀ ਨੂੰ ਹਟਾਉਣ ਦੇ ਇਕੋ ਇਕ ਮਕਸਦ ਉਤੇ ਆਧਾਰਤ ਮੁੱਢਲਾ "ਖ਼ਾਲਸ "ਰਾਸ਼ਟਰਵਾਦ ਕਿਵੇਂ ਉਸ ਰਾਸ਼ਟਰਵਾਦ ਵਿਚ ਬਦਲਿਆ, ਜੋ ਮੌਜੂਦਾ ਸਮਾਜਕ ਪ੍ਰਬੰਧ ਨੂੰ ਮੁੱਢੋਂ-ਸੁਢੋਂ ਮੁੜ-ਉਸਾਰਨ ਲਈ ਵਚਨਬੱਧ ਵੀ ਸੀ। ਰਾਜਨੀਤਕ-ਦਾਰਸ਼ਨਿਕ ਟਿਪਣੀਕਾਰ ਵਾਲੀ ਸ਼ੈਲੀ ਵਰਤਣ ਦੀ ਥਾਂ ਭਗਤ ਸਿੰਘ ਇਸ ਲੇਖ ਵਿਚ ਸ਼ਾਇਰਾਨਾ ਅੰਦਾਜ਼ ਵਿਚ ਬਜ਼ੁਰਗ ਇਨਕਲਾਬੀਆਂ ਨਾਲ ਆਪਣੀ ਪੁਸ਼ਤ ਦੀ ਲੜੀ ਜੋੜਦਾ ਹੈ, ਜਿਨ੍ਹਾਂ ਤੋਂ ਇਨ੍ਹਾਂ ਨੇ ਆਪਣੇ ਲੋਕਾਂ ਨੂੰ ਪਿਆਰ ਤੇ ਕੁਰਬਾਨੀ ਦਾ ਜਜ਼ਬਾ ਵਰੋਸਾਇਆ ਸੀ। ਇਸ ਤੋਂ ਮਗਰੋਂ ਭਗਤ ਸਿੰਘ ਮੁੱਢਲੇ ਰਾਸ਼ਟਰਵਾਦੀਆਂ ਨਾਲ ਆਪਣੇ ਦਾਰਸ਼ਨਿਕ, ਰਾਜਨੀਤਕ ਤੇ ਵਿਚਾਰਧਾਰਕ ਮੱਤਭੇਦ ਬਿਆਨ ਕਰਦੇ ਹੈ।
ਇਸ ਲੇਖ ਦੇ ਸ਼ੁਰੂ ਵਿਚ ਹੀ (ਇਹ ਨੁਕਤਾ ਮੈਂ ਪਹਿਲੇ ਹਿੱਸੇ ਵਿਚ ਹੀ ਵਿਚਾਰ ਚੁੱਕਾ ਹਾਂ) ਭਗਤ ਸਿੰਘ ਮੁੱਢਲੇ ਰਾਸ਼ਟਰਵਾਦੀਆਂ ਦੀ ਪਰੇਰਣਾ ਵਾਸਤੇ ਰਹੱਸਵਾਦ ਤੇ ਧਾਰਮਕਤਾ ਉਤੇ ਟੇਕ ਅਤੇ ਪਦਾਰਥਵਾਦ, ਤਰਕ ਤੇ ਵਿਗਿਆਨ ਤਾਈਂ ਆਪਣੀ ਪ੍ਰਤੀਬੱਧਤਾ ਵਿਚਕਾਰ ਫ਼ਰਕ ਬਾਰੇ ਚਾਨਣਾ ਪਾਉਂਦਾ ਹੈ।
ਉਹ ਹਿੰਸਾ ਤੇ ਅਹਿੰਸਾ ਦੇ ਸਮਕਾਲੀ ਤੇ ਪੇਚੀਦਾ ਮਸ੍ਹਲੇ ਬਾਰੇ ਵੀ ਚਰਚਾ ਕਰਦਾ ਹੈ। ਮਸਲ੍ਹੇ ਦੀ ਜੜ੍ਹ ਨੂੰ ਫੜਦਿਆਂ ਉਹ ਦੱਸਦਾ ਹੈ ਕਿ ਇਨਕਲਾਬੀ ਕਿਵੇਂ ਉਹ ਸਮਾਜਕ ਪ੍ਰਬੰਧ ਉਸਾਰਨਾ ਚਾਹੁੰਦੇ ਹਨ, ਜਿਸ ਪ੍ਰਬੰਧ ਵਿਚ ਹਿੰਸਾ ਆਪਣੇ ਸਭਨਾਂ ਰੂਪਾਂ ਵਿਚ ਖ਼ਤਮ ਕਰ ਦਿੱਤੀ ਜਾਏਗੀ। ਜਿਸ ਵਿਚ ਦਲੀਲ ਤੇ ਨਿਆਂ ਲਈ ਥਾਂ ਹੋਵੇਗੀ ਅਤੇ ਸਾਰੇ ਮਸਲ੍ਹੇ ਦਲੀਲ ਤੇ ਸਮਝ ਨਾਲ ਨਜਿੱਠੇ ਜਾਣਗੇ। ਪਰ ਸਾਮਰਾਜਵਾਦੀ, ਪੂੰਜੀਵਾਦੀ ਤੇ ਹੋਰ ਲੋਟੂ ਇੰਜ ਹੋਣ ਨਹੀਂ ਦੇਣਗੇ। ਉਹ ਤਾਂ ਸਗੋਂ ਲੋਕਾਂ ਨੂੰ ਸਮਝਾ ਕੇ ਤੇ ਪੁਰਅਮਨ ਤਰੀਕਿਆਂ ਨਾਲ ਸਮਾਜਵਾਦ ਕਾਇਮ ਕਰਨ ਦੀ ਕੋਸ਼ਿਸ਼ ਨੂੰ ਬੇਰਹਿਮੀ ਨਾਲ ਦਬਾਉਣਗੇ। ਇਸ ਕਰਕੇ, ਇਨਕਲਾਬੀਆਂ ਨੂੰ "ਆਪਣੇ ਪ੍ਰੋਗਰਾਮ ਦੀ ਲਾਜ਼ਮੀ ਮੱਦ ਵਜੋਂ" ਹਿੰਸਾ ਅਪਣਾਉਣੀ ਹੀ ਪਏਗੀ। ਭਗਤ ਸਿੰਘ ਹਿੰਸਾ ਦੇ ਸਵਾਲ ਨੂੰ ਬੜੇ ਚੰਗੇ ਤਰੀਕੇ ਨਾਲ ਇੰਜ ਮੁਕਾਉਂਦਾ ਹੈ ਕਿ ਇਨਕਲਾਬੀਆਂ ਨੂੰ ਹਿੰਸਾਤਮਕ ਤਰੀਕੇ ਇਸ ਲਈ ਅਪਣਾਉਣੇ ਪੈਣਗੇ ਕਿ "ਇਨ੍ਹਾਂ ਬਗ਼ੈਰ ਰਿਹਾ ਨਹੀਂ ਜਾ ਸਕਦਾ।" ਸਮਾਜਵਾਦੀ ਤਾਕਤ ਕਾਇਮ ਹੋਣ ਮਗਰੋਂ, ਸਮਾਜ ਦੇ ਵਿਕਾਸ ਵਾਸਤੇ ਤਾਲੀਮ ਤੇ ਪ੍ਰੇਰਣਾ ਦੇ ਢੰਗ ਅਪਣਾਏ ਜਾਣਗੇ; ਤਾਕਤ ਦੀ ਵਰਤੋਂ ਸਿਰਫ਼ ਰੁਕਾਵਟਾਂ ਨੂੰ ਹਟਾਉਣ ਲਈ ਹੀ ਵਰਤੀ ਜਾਵੇਗੀ।
ਭਗਤ ਸਿੰਘ ਨੇ ਨਾਸਤਕਤਾ ਬਾਰੇ ਲੇਖ ਵਿਚ ਵੀ ਇਸ ਮਸਲੇ ਨੂੰ ਇਸੇ ਤਰ੍ਹਾਂ ਹੀ ਵਿਚਾਰਿਆ ਹੈ। ਇਨਕਲਾਬੀਆਂ ਦੀ ਨਵੀਂ ਪੁਸ਼ਤ ਨੇ ਆਪਣੇ ਪਹਿਲਕੇ ਇਨਕਲਾਬੀਆਂ ਦੇ ਇਸ ਰੁਮਾਂਸ ਨੂੰ ਤੱਜ ਦਿੱਤਾ ਕਿ (ਸਮਾਜੀ ਤਬਦੀਲੀ ਲਈ) ਸਿਰਫ਼ ਹਿੰਸਕ ਤਰੀਕੇ ਹੀ ਵਰਤੇ ਜਾਣਗੇ। ਭਗਤ ਸਿੰਘ ਦੀ ਪੁਸ਼ਤ ਦਾ ਇਹ ਵਿਸ਼ਵਾਸ ਸੀ ਕਿ "ਤਾਕਤ ਦੀ ਵਰਤੋਂ ਉਦੋਂ ਜਾਇਜ਼ ਹੈ, ਜਦੋਂ ਇਹਦੀ ਬਹੁਤ ਸਖ਼ਤ ਲੋੜ ਹੋਵੇ" , ਨੀਤੀ ਵਜੋਂ ਅਹਿੰਸਾ ਸਾਰੀਆਂ ਜਨਤਕ ਲਹਿਰਾਂ ਲਈ ਅਟੁੱਟ ਹੈ।" ਸੋ ਇਨਕਲਾਬੀ ਹਿੰਸਾ ਨੂੰ ਕੋਈ ਵਡਿਆਈ ਨਹੀਂ ਸਮਝਦੇ; ਇਨਕਲਾਬ ਹਿੰਸਾ ਦੇ ਸਿਧਾਂਤ ਉਤੇ ਅਧਾਰਾਤ ਨਹੀਂ ਹੈ। ਪਰ ਨਾਲ ਹੀ ਹੁਕਮਰਾਨ ਜਮਾਤਾਂ ਉਨ੍ਹਾਂ ਨੂੰ ਮਜਬੂਰ ਕਰਦੀਆਂ ਹਨ, ਤਾਂ ਉਹ ਮੌਜੂਦਾ ਸਮਾਜਕ ਢਾਂਚੇ ਨੂੰ ਉਲਟਾਉਣ ਵਾਸਤੇ ਹਿੰਸਾ ਨੂੰ "ਬਹੁਤ ਸਖ਼ਤ ਲੋੜ" ਵਜੋਂ ਅਪਣਾਉਂਦੇ ਹਨ।
4
ਇਸ ਦੇ ਨਾਲ ਹੀ ਭਗਤ ਸਿੰਘ ਮੁੱਢਲੀ ਇਨਕਲਾਬੀ ਵਿਚਾਰਧਾਰਾ ਦੇ ਯੂਟੋਪੀਆਈ ਕਿਰਦਾਰ ਬਾਰੇ, ਯੂਟੋਪੀਆਈ ਵਿਚਾਰ ਰਖਣ ਵਾਲੀਆਂ ਸਮਾਜੀ ਲਹਿਰਾਂ ਤੇ ਸਮਾਜਕ ਵਿਕਾਸ ਦੇ ਖ਼ਾਸ ਪੜਾਵਾਂ ਵਿਚ ਜੋ ਸਕਾਰਤਾਮਕ ਇਤਿਹਾਸਕ ਰੋਲ ਅਦਾ ਕਰਦੇ ਹਨ-ਉਹਦੇ ਬਾਰੇ ਵਿਚਾਰ ਕਰਦਾ ਹੈ। ਉਹ ਦੱਸਦਾ ਹੈ ਕਿ ਜਦ ਇਨਕਲਾਬੀ ਲਹਿਰ "ਵਿਗਿਆਨ ਮਾਰਕਸੀ ਸਮਾਜਵਾਦ" ਦੇ ਆਧਾਰ ਉਤੇ ਵਿਗਿਆਨਕ ਦ੍ਰਿਸ਼ਟੀਕੋਣ ਤੇ ਦਰਸ਼ਨ (ਫ਼ਲਸਫ਼ਾ) ਅਪਣਾਉਣਾ ਸ਼ੁਰੂ ਕਰ ਦਿੰਦੀ ਹੈ, ਤਾਂ ਯੂਟੋਪੀਆਂ ਦਾ ਪਤਨ ਲਾਜ਼ਮੀ ਹੋ ਜਾਂਦਾ ਹੈ।
ਭਗਤ ਸਿੰਘ ਯੂਟੋਪੀਆਈ ਵਿਚਾਰਧਾਰਾ ਦੇ ਇਕ ਪਹਿਲੂ ਬਾਰੇ ਵੇਰਵੇ ਨਾਲ ਵਿਚਾਰ ਕਰਦਾ ਹੈ ਕਿ ਮਾਨਸਕ ਤੇ ਸਰੀਰਕ ਕਿਰਤ ਨੂੰ ਕਿਵੇਂ ਮੇਲਿਆ ਜਾਏ? ਉਹ ਇਹ ਮੰਨਦਾ ਹੈ ਕਿ ਸਮਾਜਵਾਦੀ ਸਮਾਜ ਉਸਾਰਨ ਲਈ ਮਾਨਸਕ ਤੇ ਸਰੀਰਕ ਕਿਰਤ ਵਿਚਲਾ ਪਾੜਾ ਖ਼ਤਮ ਕਰਨਾ ਬੁਨਿਆਦੀ ਕੰਮ ਹੈ। ਪਰ ਇਹ ਪਾੜਾ ਉਸ ਮਸ਼ੀਨੀ ਤੇ ਯੂਟੋਪੀਆਈ ਤਰੀਕੇ ਨਾਲ ਖ਼ਤਮ ਨਹੀਂ ਕੀਤਾ ਜਾ ਸਕਦਾ, ਜਿਵੇਂ ਕਿ ਰਾਮ ਸਰਨ ਦਾਸ ਹੁਰੀਂ ਸਲਾਹ ਦਿੰਦੇ ਹਨ ਕਿ ਮਾਨਸਕ ਕਿਰਤ ਕਰਨ ਵਾਲੇ ਸਾਰੇ ਜਣੇ ਦਿਹਾੜੀ ਵਿਚ ਚਾਰ ਘੰਟੇ ਜਿਸਮਾਨੀ ਕਿਰਤ ਕਰਨ। ਜਿਸਮਾਨੀ ਤੇ ਮਾਨਸਕ ਕਿਰਤ ਦਾ ਖ਼ਾਸਾ ਇਕੋ ਜਿਹਾ ਨਹੀਂ ਹੁੰਦਾ। ਇਨ੍ਹਾਂ ਦੋਹਵਾਂ ਕਿਰਤਾਂ ਵਿਚ ਜੋ ਨਾ ਬਰਾਬਰੀ ਹੈ, ਉਸੇ ਵਿਚ ਸਾਰੇ ਮਸਲ੍ਹੇ ਦੀ ਜੜ੍ਹ ਹੈ। ਇਸ ਸਵਾਲ ਦਾ ਜਵਾਬ ਇਹ ਹੈ ਕਿ ਜਿਸਮਾਨੀ ਤੇ ਮਾਨਸਿਕ ਕਿਰਤਾਂ ਨੂੰ ਇਕੋ ਜਿੰਨਾ ਉਪਜਾਊ ਸਮਝਣਾ ਚਾਹੀਦਾ ਹੈ ਅਤੇ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਹੈ ਕਿ ਮਾਨਸਕ ਮਿਹਨਤ ਕਰਨ ਵਾਲੇ ਜਿਸਮਾਨੀ ਮਿਹਨਤ ਕਰਨ ਵਾਲਿਆਂ ਨਾਲੋਂ ਚੰਗੇ ਹੁੰਦੇ ਹਨ।
5
ਆਖ਼ਰੀ ਗੱਲ ਇਹ ਹੈ ਕਿ ਭਗਤ ਸਿੰਘ ਮਾਰਕਸ, ਏਂਗਲਜ਼ ਤੇ ਲੈਨਿਨ ਦੀ ਬਿਹਤਰੀਨ ਪਰੰਪਰਾ ਦਾ ਆਲੋਚਨਾਤਮਕ ਇਨਕਲਾਬੀ ਦਾਨਸ਼ਮੰਦ ਸੀ। ਉਹ ਨੌਜਵਾਨਾਂ ਨੂੰ ਡਰੀਮਲੈਂਡ ਪੜ੍ਹਨ ਦੀ ਸਿਫ਼ਾਰਸ਼ ਕਰਦਿਆਂ ਤਾੜਨਾ ਵੀ ਕਰਦਾ ਹੈ: "ਇਹਨੂੰ ਅੱਖਾਂ ਬੰਦ ਕਰਕੇ ਨਾ ਪੜ੍ਹੋ, ਅਤੇ ਇਹ ਸਮਝ ਲਈਓ ਕਿ ਇਸ ਵਿਚ ਜੋ ਲਿਖਿਆ ਹੈ, ਉਹ ਸਹੀ ਹੈ। ਇਹਨੂੰ ਪੜ੍ਹੋ, ਇਹਦੀ ਆਲੋਚਨਾ ਕਰੋ, ਇਹਦੇ ਬਾਰੇ ਸੋਚੋ ਅਤੇ ਇਹਦੀ ਮਦਦ ਨਾਲ ਆਪਣੇ ਵਿਚਾਰ ਬਣਾਉਣ ਦੀ ਕੋਸ਼ਿਸ਼ ਕਰੋ।"


ਸ੍ਰੋਤ  :- nisot.com

Sunday, December 26, 2010

ਸੱਚ ਨੂੰ ਉਮਰਕੈਦ-ਰਾਮਚੰਦਰ ਗੁਹਾ

ਤੀਹ ਸਾਲ ਪੁਰਾਣੇ ਆਪਣੇ ਉਸ ਕੀਤੇ ਉੱਤੇ ਮੈਨੂੰ ਅੱਜ ਵੀ ਦੁੱਖ ਹੁੰਦਾ ਹੈ , ਜਦੋਂ ਮੈਂ ਇੱਕ ਮਹਾਨ ਵਿਅਕਤੀ ਨੂੰ ਨੀਂਦ ਤੋਂ ਜਗਾ ਦਿੱਤਾ ਸੀ । ਮੈਂ ਨਵੀਂ ਦਿੱਲੀ ਵਿੱਚ ਇੱਕ ਕਾਨਫਰੰਸ ਵਿੱਚ ਵਲੰਟੀਅਰ ਦੇ ਰੂਪ ਵਿੱਚ ਮੌਜੂਦ ਸੀ । ਸਾਨੂੰ ਵਿਦਿਆਰਥੀਆਂ ਨੂੰ ਕਿਹਾ ਗਿਆ ਕਿ ਅਸੀਂ ਧਨਬਾਦ ਦੇ ਸੰਸਦ ਏ ਕੇ ਰਾਏ ਨੂੰ ਸੱਦ ਕੇ ਲਿਆਈਏ , ਜੋ ਉਸ ਵਕਤ ਵਿੱਠਲਭਾਈ ਪਟੇਲ ਹਾਉਸ ਸਥਿਤ ਆਪਣੇ ਕੁਆਟਰ ਵਿੱਚ ਸਨ । ਖਨਨ ਉਦਯੋਗ ਧਨਬਾਦ ਦੀ ਮਾਲੀ ਹਾਲਤ ਦੀ ਬੁਨਿਆਦ ਹੈ ਅਤੇ ਇਸ ਸ਼ਹਿਰ ਤੋਂ ਰਾਏ ਨਿਰਦਲੀ ਪ੍ਰਤਿਆਸ਼ੀ ਦੇ ਰੂਪ ਵਿੱਚ ਚੋਣ ਜਿੱਤੇ ਸਨ । ਉਨ੍ਹਾਂ ਦੇ ਚੋਣ ਪਰਚਾਰ ਲਈ ਖੁਦ ਆਪ ਖਨਨ ਮਜ਼ਦੂਰਾਂ ਦੁਆਰਾ ਰਾਸ਼ੀ ਜੁਟਾਈ ਗਈ ਸੀ । ਆਪਣੀ ਈਮਾਨਦਾਰੀ ਲਈ ਪਹਿਚਾਣੇ ਜਾਣ ਵਾਲੇ ਮਜ਼ਦੂਰ ਨੇਤਾ ਰਾਏ ਨੇ ਦਿੱਲੀ ਦੇ ਲੁਟਿਅੰਸ ਦੇ ਕਿਸੇ ਬੰਗਲੇ ਜਾਂ ਸਾਉਥ ਏਵੇਨਿਊ ਦੇ ਸ਼ਾਨਦਾਰ ਫਲੈਟ ਵਿੱਚ ਰਹਿਣ ਦੇ ਸਥਾਨ ਉੱਤੇ ਪਾਰਲੀਮੇਂਟ ਸਟਰੀਟ ਤੇ ਸਥਿਤ ਇਸ ਭਵਨ ਦੇ ਇੱਕ ਕਮਰੇ ਵਿੱਚ ਬਸੇਰਾ ਬਣਾਉਣਾ ਉਚਿਤ ਸਮਝਿਆ ਸੀ । ਅਸੀਂ ਰਿਸੇਪਸ਼ਨ ਉੱਤੇ ਮਿਸਟਰ ਰਾਏ ਦੇ ਕਮਰੇ ਦਾ ਨੰਬਰ ਪੁੱਛਿਆ , ਲਿਫਟ ਰਾਹੀਂ ਉੱਪਰ ਪੁੱਜੇ ਅਤੇ ਉਨ੍ਹਾਂ ਦੇ ਦਰਵਾਜੇ ਉੱਤੇ ਦਸਤਕ ਦਿੱਤੀ । ਕਿਸੇ ਨੇ ਜਵਾਬ ਨਹੀਂ ਦਿੱਤਾ । ਅਸੀਂ ਫਿਰ ਦਰਵਾਜਾ ਠਕਠਕਾਇਆ । ਅਸੀਂ ਉੱਥੋਂ ਪਰਤ ਆਉਣਾ ਸੀ ਅਤੇ ਆਯੋਜਕਾਂ ਨੂੰ ਕਹਿ ਦੇਣਾ ਸੀ ਕਿ ਸੰਸਦ ਸੱਜਣ ਵਿਅਕਤੀ ਕਮਰੇ ਵਿੱਚ ਨਹੀਂ ਹਨ । ਲੇਕਿਨ ਅਸੀਂ ਨੌਜਵਾਨ ਸਾਂ ਅਤੇ ਆਪਣੇ ਉਤਸ਼ਾਹ ਦੀ ਨੁਮਾਇਸ਼ ਕਰਨਾ ਚਾਹੁੰਦੇ ਸਾਂ । ਅਸੀਂ ਲਗਾਤਾਰ ਦਰਵਾਜਾ ਠਕਠਕਾਉਂਦੇ ਰਹੇ । ਅਖੀਰ ਦਰਵਾਜਾ ਖੁੱਲ੍ਹਿਆ । ਸਾਡੇ ਸਾਹਮਣੇ ਖਾਦੀ ਦਾ ਕੁੜਤਾ - ਪਜਾਮਾ ਪਹਿਨੇ ਇੱਕ ਵਿਅਕਤੀ ਖੜੇ ਸਨ ਅਤੇ ਉਹ ਆਪਣੀ ਅੱਖਾਂ ਮਲ ਰਹੇ ਸਨ । ਉਨ੍ਹਾਂ ਨੇ ਵੱਡੀ ਸ਼ਾਲੀਨਤਾ ਨਾਲ ਸਾਡੀਆਂ ਗੱਲਾਂ ਸੁਣੀਆਂ ਅਤੇ ਫਿਰ ਸਾਨੂੰ ਦੱਸਿਆ ਕਿ ਉਨ੍ਹਾਂ ਦੇ ਸੰਸਦ ਮਿੱਤਰ ਅਤੇ ਮੇਜਬਾਨ ਰਾਏ ਹੁਣੇ - ਹੁਣੇ ਕਿਤੇ ਬਾਹਰ ਗਏ ਹਨ । ਜਿਨ੍ਹਾਂ ਨੂੰ ਅਸੀਂ ਨੀਂਦ ਜਗਾ ਦਿੱਤਾ ਸੀ , ਉਹ ਸ਼ੰਕਰ ਗੁਹਾ ਨਯੋਗੀ ਸਨ ਅਤੇ ਸ਼ਾਇਦ ਇੱਕ ਲੰਮੀ ਟ੍ਰੇਨ ਯਾਤਰਾ ਦੇ ਬਾਅਦ ਆਰਾਮ ਕਰ ਰਹੇ ਸਨ । ਗੁਹਾ ਨਯੋਗੀ ਮੂਲ ਪਖੋਂ ਬੰਗਾਲ ਦੇ ਸਨ । ਬਾਅਦ ਵਿੱਚ ਉਹ ਭਿਲਾਈ ਚਲੇ ਆਏ ਅਤੇ ਅਸੰਗਠਿਤ ਮਜ਼ਦੂਰਾਂ ਦੇ ਨਾਲ ਕੰਮ ਕਰਨ ਲੱਗੇ । ਸ਼ੋਸ਼ਣ ਤੋਂ ਪੀੜਤ ਮਜ਼ਦੂਰ ਗੁਹਾ ਨਯੋਗੀ ਦੀ ਅਗਵਾਈ ਵਿੱਚ ਇੱਕਜੁਟ ਹੋਏ ਅਤੇ ਬਿਹਤਰ ਤਨਖਾਹ ਦੀ ਮੰਗ ਕਰਨ ਲੱਗੇ । ਗੁਹਾ ਨਯੋਗੀ ਦੀਆਂ ਚਿੰਤਾਵਾਂ ਦਾ ਦਾਇਰਾ ਕੇਵਲ ਆਰਥਕ ਮਾਮਲਿਆਂ ਤੱਕ ਹੀ ਸੀਮਿਤ ਨਹੀਂ ਸੀ । ਉਨ੍ਹਾਂ ਨੇ ਮਜ਼ਦੂਰਾਂ ਲਈ ਹਸਪਤਾਲ ਅਤੇ ਉਨ੍ਹਾਂ ਦੇ ਬੱਚਿਆਂ ਲਈ ਸਕੂਲ ਖੁਲਵਾਏ । ਮਜ਼ਦੂਰਾਂ ਦੀਆਂ ਪਤਨੀਆਂ ਦੀ ਸਹਾਇਤਾ ਨਾਲ ਨਸ਼ਾ ਵਿਰੋਧੀ ਅਭਿਆਨ ਚਲਾਇਆ । ਗੁਹਾ ਨਯੋਗੀ ਦੀ ਗਰਿਮਾ ਅਤੇ ਉਨ੍ਹਾਂ ਦੀ ਪ੍ਰਤਿਬਧਤਾ ਦੇ ਚਲਦੇ ਮਧਵਰਗ ਦੇ ਕਈ ਪੇਸ਼ੇਵਰ ਉਨ੍ਹਾਂ ਨੂੰ ਜੁੜੇ । ਇਨ੍ਹਾਂ ਵਿੱਚੋਂ ਇੱਕ ਸਨ ਵਿਨਾਇਕ ਸੇਨ । ਵਿਨਾਇਕ ਸੇਨ ਨੇ ਵੈੱਲੋਰ ਯੂਨੀਵਰਸਿਟੀ ਦੇ ਈਸਾਈ ਮੈਡੀਕਲ ਕਾਲਜ ਤੋਂ ਗੋਲਡ ਮੈਡਲ ਪ੍ਰਾਪਤ ਕੀਤਾ ਸੀ । 80 ਦੇ ਦਸ਼ਕ ਦੇ ਅਰੰਭ ਵਿੱਚ ਉਹ ਛੱਤੀਸਗੜ ਚਲੇ ਆਏ ਸਨ । ਉਹ ਉਦੋਂ ਤੋਂ ਛੱਤੀਸਗੜ ਵਿੱਚ ਹਨ ਅਤੇ ਉਨ੍ਹਾਂ ਨੇ ਹਰ ਪਿਠਭੂਮੀ ਦੇ ਮਰੀਜਾਂ ਦੀ ਦੇਖਭਾਲ ਕੀਤੀ ਹੈ । ਵਿਨਾਇਕ ਸੇਨ ਨੇ ਆਪਣੇ ਆਦਰਸ਼ ਗੁਹਾ ਨਯੋਗੀ ਦੀ ਹੀ ਤਰ੍ਹਾਂ ਹੋਰ ਖੇਤਰਾਂ ਵਿੱਚ ਵੀ ਕੰਮ ਕੀਤਾ । ਉਹ ਆਦਿਵਾਸੀਆਂ ਦੇ ਸਾਮਾਜਕ ਅਧਿਕਾਰਾਂ ਦੇ ਪ੍ਰਤੀ ਸੁਚੇਤ ਹੋਏ ,ਜੋ ਬੇਰੋਜਗਾਰੀ ਦੀ ਸਮੱਸਿਆ ਨਾਲ ਜੂਝ ਰਹੇ ਸਨ ਅਤੇ ਜਿਨ੍ਹਾਂ ਦੇ ਬੱਚੇ ਮੁਢਲੀ ਸਿੱਖਿਆ ਤੱਕ ਤੋਂ ਮਹਿਰੂਮ ਸਨ । ਸਾਲ 1991 ਵਿੱਚ ਸ਼ੰਕਰ ਗੁਹਾ ਨਯੋਗੀ ਦੀ ਹੱਤਿਆ ਕਰ ਦਿੱਤੀ ਗਈ । ਹੁਣ ਲੱਗਭੱਗ ਵੀਹ ਸਾਲਾਂ ਬਾਅਦ ਉਨ੍ਹਾਂ ਦੇ ਮਿੱਤਰ ਅਤੇ ਸਾਥੀ ਡਾ ਵਿਨਾਇਕ ਸੇਨ ਨੂੰ ਉਮਰ ਕੈਦ ਦਾ ਇਨਾਮ ਦਿੱਤਾ ਗਿਆ ਹੈ । ਡਾ ਸੇਨ ਨੇ ਆਪਣੇ ਜੀਵਨ ਵਿੱਚ ਕਦੇ ਇੱਕ ਗੋਲੀ ਵੀ ਨਹੀਂ ਦਾਗੀ ਹੈ । ਉਨ੍ਹਾਂ ਨੂੰ ਤਾਂ ਸ਼ਾਇਦ ਇਹ ਵੀ ਪਤਾ ਨਹੀਂ ਹੋਵੇਗਾ ਕਿ ਬੰਦੂਕ ਨੂੰ ਥਾਮਾ ਕਿਵੇਂ ਜਾਂਦਾ ਹੈ । ਉਨ੍ਹਾਂ ਨੇ ਮਾਓਵਾਦੀਆਂ ਦੀ ਹਿੰਸਾ ਦੀ ਸਪੱਸ਼ਟ ਨਿਖੇਧੀ ਕੀਤੀ ਹੈ । ਉਨ੍ਹਾਂ ਨੇ ਹਥਿਆਰਬੰਦ ਕ੍ਰਾਂਤੀਕਾਰੀਆਂ ਦੀਆਂ ਗਤੀਵਿਧੀਆਂ ਨੂੰ ‘ਅਮਾਨਵੀ ਅਤੇ ਅਸਥਾਈ ਨਿਦਾਨ’ ਵੀ ਦੱਸਿਆ ਸੀ । ਛੱਤੀਸਗੜ ਸਰਕਾਰ ਦੀ ਨਜ਼ਰ ਵਿੱਚ ਡਾ ਵਿਨਾਇਕ ਸੇਨ ਦਾ ਕਸੂਰ ਇਹ ਹੈ ਕਿ ਉਨ੍ਹਾਂ ਨੇ ਮਾਓਵਾਦੀ ਵਿਦਰੋਹੀਆਂ ਨੂੰ ਨਿਅੰਤਰਿਤ ਕਰਨ ਲਈ ਅਖਤਿਆਰ ਕੀਤੇ ਜਾਣ ਵਾਲੇ ਭ੍ਰਿਸ਼ਟ ਅਤੇ ਕਰੂਰ ਤਰੀਕਿਆਂ ਉੱਤੇ ਸਵਾਲ ਉਠਾਉਣ ਦਾ ਸਾਹਸ ਕੀਤਾ ਸੀ । ਸਾਲ 2005 ਵਿੱਚ ਛੱਤੀਸਗੜ ਸਰਕਾਰ ਦੁਆਰਾ ਬਣਾਈ ਕੀਤੀ ਗਈ ਸਤਰਕਤਾ ਫੌਜ ਨੇ ਦੰਤੇਵਾੜਾ , ਬੀਜਾਪੁਰ ਅਤੇ ਬਸਤਰ ਜਿਲਿਆਂ ਵਿੱਚ ਸਖਤ ਰੁਖ਼ ਅਖਤਿਆਰ ਕੀਤਾ ਸੀ । ਨਕਸਲਵਾਦ ਨੂੰ ਮੁਕਾਉਣ ਦੇ ਨਾਮ ਉੱਤੇ ਫੌਜ ਨੇ ਘਰਾਂ ਅਤੇ ਕੁੱਝ ਮੌਕਿਆਂ ਉੱਤੇ ਤਾਂ ਪੂਰੇ ਪਿੰਡ ਫੂਕ ਦਿੱਤੇ ਸੀ । ਉਨ੍ਹਾਂ ਨੇ ਆਦਿਵਾਸੀ ਔਰਤਾਂ ਦੇ ਨਾਲ ਦੁਰ ਵਿਵਹਾਰ ਕੀਤਾ ਅਤੇ ਪੁਰਸ਼ਾਂ ਨੂੰ ਚਲਾਕੀ ਦਿੱਤੀ । ਨਤੀਜਾ ਇਹ ਰਿਹਾ ਕਿ ਹਜਾਰਾਂ ਆਦਿਵਾਸੀਆਂ ਨੂੰ ਆਪਣਾ ਘਰਬਾਰ ਛੱਡਕੇ ਜਾਣਾ ਪਿਆ , ਜਿਨ੍ਹਾਂ ਦਾ ਮਾਓਵਾਦੀਆਂ ਤੋਂ ਕੋਈ ਤਾੱਲੁਕ ਨਹੀਂ ਸੀ । ਡਾ ਵਿਨਾਇਕ ਸੇਨ ਪਹਿਲੇ ਅਜਿਹੇ ਵਿਅਕਤੀ ਸਨ , ਜਿਨ੍ਹਾਂ ਨੇ ਸਤਰਕਤਾ ਫੌਜ ਦੀਆਂ ਜਿਆਦਤੀਆਂ ਦੇ ਬਾਰੇ ਵਿੱਚ ਜਾਣੂ ਕਰਾਇਆ ਸੀ । ਡਾ ਸੇਨ ਦੁਆਰਾ ਲਗਾਏ ਗਏ ਇਲਜ਼ਾਮ ਗਲਤ ਨਹੀਂ ਸਨ , ਕਿਉਂਕਿ ਮੈਂ ਆਪ ਕੁੱਝ ਪਤਵੰਤੇ ਸੱਜਣਾਂ ( ਜਿਨ੍ਹਾਂ ਵਿੱਚ ਬੀਜੀ ਵਰਗੀਸ , ਹਰਿਵੰਸ਼ ਵਰਗੇ ਸਨਮਾਨਯੋਗ ਸੰਪਾਦਕ ਅਤੇ ਇੰਫੋਸਿਸ ਇਨਾਮ ਜੇਤੂ ਨੰਦਿਨੀ ਸੁੰਦਰ ਵੀ ਸ਼ਾਮਿਲ ਹਨ ) ਦੇ ਨਾਲ ਉਸ ਖੇਤਰ ਦਾ ਦੌਰਾ ਕੀਤਾ ਸੀ ਅਤੇ ਸਰਕਾਰ ਦੇ ਗੁਨਾਹਾਂ ਨੂੰ ਦਰਜ ਕੀਤਾ ਸੀ । ਡਾ ਸੇਨ ਨੂੰ ਇੱਕ ਅਜਿਹੇ ਤੰਤਰ ਦੁਆਰਾ ਦੋਸ਼ੀ ਠਹਿਰਾਇਆ ਗਿਆ ਹੈ , ਜਿਸਨੂੰ ਬੁਧੀ ਭਰਮ ਦੇ ਸ਼ਿਕਾਰ ਰਾਜਨੇਤਾਵਾਂ ਦੁਆਰਾ ਕੁਝ ਲਾਲਚੀ ਪੁਲਿਸ ਅਫਸਰਾਂ ਦੀ ਮਦਦ ਨਾਲ ਸੰਚਾਲਿਤ ਕੀਤਾ ਜਾਂਦਾ ਹੈ । ਨਿਸ਼ਚਿਤ ਹੀ ਡਾ ਵਿਨਾਇਕ ਸੇਨ ਨੂੰ ਸੁਣਾਈ ਗਈ ਸਜ਼ਾ ਨੂੰ ਉੱਚਤਰ ਅਦਾਲਤਾਂ ਵਿੱਚ ਚੁਣੋਤੀ ਦਿੱਤੀ ਜਾਵੇਗੀ ਅਤੇ ਅਜਿਹਾ ਹੋਣਾ ਵੀ ਚਾਹੀਦਾ ਹੈ । ਡਾ ਸੇਨ ਦੀ ਬਹਾਦੁਰ ਪਤਨੀ ਨੇ ਕਿਹਾ ਹੈ ਕਿ ‘ਇੱਕ ਤਰਫ ਜਿੱਥੇ ਗੈਂਗਸਟਰ ਅਤੇ ਘਪਲੇਬਾਜ ਆਜ਼ਾਦ ਘੁੰਮ ਰਹੇ ਹੋਣ , ਉੱਥੇ ਇੱਕ ਅਜਿਹੇ ਵਿਅਕਤੀ ਨੂੰ ਜਿਸਨੇ ਦੇਸ਼ ਦੇ ਗਰੀਬਾਂ ਦੀ ਤੀਹ ਸਾਲ ਤੱਕ ਸੇਵਾ ਕੀਤੀ ਹੈ, ਦੇਸ਼ਧਰੋਹੀ ਠਹਿਰਾਇਆ ਜਾਣਾ ਇੱਕ ਸ਼ਰਮਨਾਕ ਸਥਿਤੀ ਹੈ । ’ ਮੈਨੂੰ ਲੱਗਦਾ ਹੈ ਸਾਰੇ ਪ੍ਰਬੁੱਧ ਭਾਰਤੀ ਉਨ੍ਹਾਂ ਦੇ ਇਸ ਮਤ ਨਾਲ ਸਹਿਮਤ ਹੋਣਗੇ । ਲੇਖਕ ਪ੍ਰਸਿਧ ਇਤਿਹਾਸਕਾਰ ਹਨ ।

Sunday, December 19, 2010

ਸਟੈੱਪੀ ਦੇ ਮੈਦਾਨਾਂ ਵਿੱਚ (ਕਹਾਣੀ)-ਗੋਰਕੀ

ਅਸੀਂ ਪੀਰੇਕੋਪ ਨੂੰ  ਤਬੀਅਤ ਦੇ ਇੰਤਹਾਈ ਚਿੜਚਿੜੇਪਣ ਅਤੇ ਬਦਤਰੀਨ ਸੂਰਤ-ਏ-ਹਾਲ ਦੇ ਤਹਿਤ ਯਾਨੀ ਜੰਗਲ਼ੀ ਬਘਿਆੜਾਂ ਦੀ ਤਰ੍ਹਾਂ ਭੁੱਖੇ ਅਤੇ ਤਮਾਮ ਦੁਨੀਆ ਨਾਲ ਨਰਾਜ ਹਾਲ ਵਿੱਚ  ਖ਼ੈਰ ਬਾਦ ਕਿਹਾ ਸੀ ਪੂਰੇ ਬਾਰਾਂ  ਘੰਟੇ ਅਸੀਂ ਇਸ ਕੋਸ਼ਿਸ਼ ਵਿੱਚ  ਸਰਫ਼ ਕਰ ਦਿੱਤੇ ਸਨ  ਕਿ ਕਿਸੇ  ਨਾ ਕਿਸੇ  ਤਰ੍ਹਾਂ…. ਜ਼ਾਇਜ਼ ਯਾ ਨਾਜ਼ਾਇਜ਼ ਤਰੀਕੇ, ਚੋਰੀ ਦੇ ਜ਼ਰੀਏ ਯਾ ਖ਼ੁਦ ਕਮਾ ਕੇ ਪੇਟ ਪੂਜਾ ਦਾ ਸਾਮਾਨ ਕਰੀਏ, ਮਗਰ ਜਦੋਂ ਸਾਨੂੰ  ਇਸ ਗੱਲ ਦਾ ਪੂਰਾ ਯਕੀਨ ਹੋ ਗਿਆ ਕਿ ਅਸੀਂ ਆਪਣੇ ਮਕਸਦ ਵਿੱਚ  ਕਿਸੇ  ਤਰ੍ਹਾਂ ਕਾਮਯਾਬ ਨਹੀਂ ਹੋ ਸਕਦੇ, ਤਾਂ ਅਸੀਂ ਅੱਗੇ ਵਧਣ ਦਾ ਕਸ਼ਟ  ਕੀਤਾ…. ਕਿਧਰ?…. ਬੱਸ ਜ਼ਰਾ ਹੋਰ  ਅੱਗੇ , ਹੋਰ ਅੱਗੇ !


ਇਹ ਫ਼ੈਸਲਾ ਇਤਫ਼ਾਕ ਰਾਏ ਨਾਲ  ਮਨਜ਼ੂਰ ਹੋ ਗਿਆ। ਅਜੇ ਅਸੀਂ ਜ਼ਿੰਦਗੀ ਦੀ ਇਸ ਸ਼ਾਹਰਾਹ ਤੇ ਜਿਸ ਤੇ ਅਸੀਂ ਇਕ ਮੁਦਤ ਤੋਂ ਚੱਲੇ  ਹੋਏ  ਸੀ ਸਫ਼ਰ ਕਰਨ ਨੂੰ  ਤਿਆਰ ਸੀ। ਇਸ ਦਾ ਫ਼ੈਸਲਾ ਬਿਲਕੁਲ ਖ਼ਾਮੋਸ਼ੀ ਵਿੱਚ  ਹੋਇਆ।ਅਗਰ ਇਸ ਫ਼ੈਸਲੇ ਨੂੰ  ਕੋਈ ਚੀਜ਼ ਉਘਾੜ ਕੇ ਜ਼ਾਹਰ ਕਰਨ ਵਾਲੀ ਸੀ ਤਾਂ ਸਾਡੀਆਂ ਭੁੱਖੀਆਂ ਅੱਖਾਂ ਦੇ ਕੋਇਆਂ ਦੀ ਵਧ ਰਹੀ ਕਲੱਤਣ ਦੀ  ਚਮਕ ਸੀ।


ਸਾਡੀ ਜਮਾਤ ਤਿੰਨ ਜਣਿਆਂ  ਤੇ ਆਧਾਰਿਤ ਸੀ ਜਿਨ੍ਹਾਂ  ਦੀ ਜਾਣ ਪਛਾਣ  ਨੂੰ  ਅਜੇ ਬਹੁਤ ਮੁਦਤ ਨਹੀਂ  ਗੁਜ਼ਰੀ ਸੀ। ਸਾਡੀ ਵਾਕਫੀਅਤ ਦਰਿਆ ਦਨੀਪਰ ਦੇ ਕਿਨਾਰੇ ਖ਼ਰਸੋਨ ਦੇ ਇਕ ਵੋਦਕਾ ਦੇ ਠੇਕੇ ਦੇ ਅਹਾਤੇ ਵਿੱਚ  ਹੋਈ ਸੀ।


ਸਾਡੇ ਵਿੱਚੋਂ ਇਕ ਰੇਲਵੇ ਪੁਲਸ ਵਿੱਚ  ਸਿਪਾਹੀ ਰਿਹਾ ਸੀ ਅਤੇ ਉਸ ਦੇ ਬਾਦ ਵੀਸ਼ਲਾ ਦੀ ਇੱਕ ਰੇਲ ਪਟੜੀ  ਤੇ ਪਲੇਟਾਂ ਲਾਉਣ ਵਾਲੇ ਇਕ ਮਜ਼ਦੂਰ ਦੀ ਹੈਸੀਅਤ ਨਾਲ ਕੰਮ ਕਰਦਾ ਰਿਹਾ ਸੀ। ਇਹ ਸ਼ਖ਼ਸ ਬਹੁਤ ਤਕੜਾ ਅਤੇ  ਹੱਟਾ ਕੱਟਾ  ਸੀ ਅਤੇ ਬਾਲ ਸੁਰਖ਼ ਸਨ ਤੇ ਠੰਡੀਆਂ ਝੱਖ ਅੱਖਾਂ … ਜਰਮਨ ਜ਼ਬਾਨ ਬੋਲ ਸਕਦਾ ਸੀ ਅਤੇ ਕੈਦ ਖ਼ਾਨੇ ਦੀ ਅੰਦਰੂਨੀ ਜ਼ਿੰਦਗੀ ਬਾਰੇ ਬਹੁਤ ਅੱਛੀ ਤਰ੍ਹਾਂ ਵਾਕਫ਼ ਸੀ।


ਪੂਰੀ ਪੜ੍ਹੋ

Wednesday, December 15, 2010

ਸਦਗਤੀ - ਟੈਲੀਫਿਲ‍ਮ / ਹਿੰਦੀ / 45’38’’ ਨਿਰਦੇਸ਼ਨ , ਸੰਗੀਤ , ਸਕਰੀਨਪਲੇ - ਸਤਿਆਜੀਤ ਰੇਅ

ਮਹਾਨ ਕਥਾਕਾਰ ਪ੍ਰੇਮਚੰਦ ਦੀ ਚਰਚਿਤ ਕਹਾਣੀ ‘ਸਦਗਤੀ’ ਦੀਆਂ ਕਈ ਵਿਆਖਿਆਵਾਂ ਕੀਤੀਆਂ ਜਾਂਦੀਆਂ ਰਹੀਆਂ ਹਨ । ਲੇਕਿਨ ਸਤਿਆਜੀਤ ਰੇਅ ਵਰਗੇ ਵਿਲੱਖਣ ਨਿਰਦੇਸ਼ਕ ਦੀ ਨਜ਼ਰ ਤੋਂ ਇਸ ਫਿਲਮ ਨੂੰ ਵੇਖਣਾ ਵੀ ਦਰਸ਼ਕਾਂ ਲਈ ਇੱਕ ਖਾਸ ਅਨੁਭਵ ਅਤੇ ਵਿਚਾਰ ਅਮਲ ਵਿੱਚੋਂ ਗੁਜਰਨ ਦੇ ਸਮਾਨ ਹੈ । ਅੱਜ ਫਿਰ ਤੋਂ ਇਸ ਫਿਲਮ ਨੂੰ ਵੇਖਣਾ ਸਿਰਫ਼ ਅਤੀਤ ਨੂੰ ਵੇਖਣਾ ਨਹੀਂ ਹੈ ਸਗੋਂ ਕਈ ਮਾਅਨਿਆਂ ਵਿੱਚ ਵਰਤਮਾਨ ਨੂੰ ਵੇਖਣਾ ਅਤੇ ਮਿਹਨਤ ਦੇ ਸ਼ੋਸ਼ਣ ਦੇ ਨਮਿਤ ਕਾਇਮ ਸਾਮਾਜਕ – ਧਾਰਮਿਕ ਵਿਵਸਥਾਵਾਂ ਅਤੇ ਆਸਥਾਵਾਂ ਤੋਂ ਪੂਰਨ ਮੁਕਤੀ ਦੀ ਚੇਤਨਾ ਨੂੰ ਵੀ ਮਜਬੂਤ ਬਣਾਉਣਾ ਹੈ । ਦੂਰਦਰਸ਼ਨ ਆਰਕਾਈਵਸ ਦੇ ਖ਼ਜਾਨੇ ਵਿੱਚ ਮੌਜੂਦ ਇਹ ਫਿਲਮ ਪ੍ਰੇਮਚੰਦ ਜਨਮ ਸ਼ਤਾਬਦੀ ਦੇ ਆਸਪਾਸ ਬਣੀ ਸੀ , ਜੋ ਉਨ੍ਹਾਂ ਦਿਨਾਂ ਦੀ ਯਾਦ ਵੀ ਹੈ ਜਦੋਂ ਆਮ ਜਨਤਾ ਦੇ ਯਥਾਰਥ ਅਤੇ ਸਾਹਿਤ ਲਈ ਦੂਰਦਰਸ਼ਨ ਵਿੱਚ ਵਥੇਰੀ ਜਗ੍ਹਾ ਹੁੰਦੀ ਸੀ । ਸ਼ੁਰੂ ਤੋਂ ਅੰਤ ਤੱਕ ਫਿਲਮ ਆਪਣੇ ਦ੍ਰਿਸ਼ , ਆਵਾਜ ਅਤੇ ਕਲਾਕਾਰਾਂ ਦੇ ਅਭਿਨੇ ਦੇ ਜਰਿਏ ਬੇਹੱਦ ਯਥਾਰਥਵਾਦੀ ਪ੍ਰਭਾਵ ਛੱਡਦੀ ਹੈ । ਸ਼ੁਰੂ ਵਿੱਚ ਇੱਕ ਖਪੜੈਲ ਦਿਸਦਾ ਹੈ ਅਤੇ ਮਿੱਟੀ ਦੀਆਂ ਢਹਿੰਦੀਆਂ ਦੀਵਾਰਾਂ ਵਾਲਾ ਇੱਕ ਘਰ , ਜਿੱਥੇ ਇੱਕ ਇਸਤਰੀ(ਸਮਿਤਾ ਪਾਟਿਲ) ਖੜੀ ਹੈ । ਇਹ ਘਰ ਦੁਖੀ ਚਮਾਰ (ਓਮਪੁਰੀ) ਦਾ ਹੈ ਅਤੇ ਉਹ ਇਸਤਰੀ ਉਸਦੀ ਬੀਵੀ ਹੈ । ਉਸ ਘਰ ਵਿੱਚ ਇੱਕ ਪੰਡਤ ਜੀ (ਮੋਹਨ ਅਗਾਸ਼ੇ) ਉਨ੍ਹਾਂ ਦੀ ਧੀ ਦੀ ਕੁੜਮਾਈ ਦਾ ਸਾਇਤ ਵਿਚਾਰਨ ਆਉਣ ਵਾਲੇ ਹਨ , ਇਸ ਕਾਰਨ ਦੁਖੀ ਤੁਰਤ ਬੁਖਾਰ ਤੋਂ ਉੱਠਣ ਦੇ ਬਾਵਜੂਦ ਘਾਹ ਕੱਟਣ ਗਿਆ ਹੈ , ਤਾਂ ਕਿ ਉਨ੍ਹਾਂ ਨੂੰ ਬੁਲਾਣ ਜਾਣ ਵੇਲੇ ਉਨ੍ਹਾਂ ਦੇ ਜਾਨਵਰਾਂ ਲਈ ਘਾਹ ਦੀ ਹੀ ਭੇਂਟ ਲੈ ਜਾਵੇ । ਪੰਡਤ ਜੀ ਨੂੰ ਦਕਸ਼ਿਣਾ ਦੇਣ ਲਈ ਸੇਰ ਭਰ ਆਟਾ , ਅੱਧ ਸੇਰ ਚਾਵਲ , ਪਾ ਭਰ ਦਾਲ , ਅੱਧ ਪਾ ਘੀ , ਲੂਣ - ਹਲਦੀ ਆਦਿਕ ਵੀ ਦੁਕਾਨ ਤੋਂ ਮੰਗਵਾਇਆ ਜਾਂਦਾ ਹੈ । ਪੰਡਤ ਜੀ ਕਿਤੇ ਨਿਕਲ ਨਹੀਂ ਜਾਣ ਇਸ ਚੱਕਰ ਵਿੱਚ ਦੁਖੀ ਬਿਨਾਂ ਕੁਝ ਖਾਧੇ ਉਨ੍ਹਾਂ ਦੇ ਘਰ ਚਲਾ ਜਾਂਦਾ ਹੈ । ਮਗਰ ਪੰਡਤ ਹਾਵਭਾਵ ਦਿਖਾਂਦਾ ਹੈ ਕਿ ਉਹ ਵਿਹਲਾ ਨਹੀਂ ਹੈ । ਦੁਖੀ ਵੱਡੇ ਸਹਿਜ ਅੰਦਾਜ ਵਿੱਚ ਕਹਿੰਦਾ ਹੈ - ਮੈਨੂੰ ਪਤਾ ਹੈ ਕਿ ਤੁਹਾਨੂੰ ਦਮ ਲੈਣ ਦੀ ਫੁਰਸਤ ਨਹੀਂ । ਇਸ ਤਰ੍ਹਾਂ ਦੇ ਵਿਅੰਗ , ਵਿਡੰਬਨਾ ਅਤੇ ਭੇਦਭਾਵ ਦੀਆਂ ਹਲਾਤਾਂ ਨੂੰ ਫ਼ਿਲਮਕਾਰ ਕਈ ਸਥਾਨਾਂ ਵਿੱਚ ਬਹੁਤ ਪ੍ਰਭਾਵਸ਼ਾਲੀ ਤਰੀਕੇ ਨਾਲ ਪੇਸ਼ ਕਰਨ ਵਿੱਚ ਸਫਲ ਹੈ । ਪੰਡਤ ਦੇ ਘਰ ਜਾਂਦੇ ਵਕਤ ਰਸਤੇ ਵਿੱਚ ਜੋ ਰਾਵਣ ਦੀ ਮੂਰਤੀ ਹੈ , ਉੱਥੇ ਵੀ ਕੈਮਰਾ ਠਹਿਰਦਾ ਹੈ ਜਿਵੇਂ ਉਹ ਕੋਈ ਪ੍ਰਤੀਕ ਹੋਵੇ ।ਲੱਗਦਾ ਹੈ ਦਹਿਸਰ ਵਿਵਸਥਾ ਦਾ ਮਹਾਂਬਲੀ ਰਾਖਾ ਬਣਿਆ ਖੜਾ ਹੈ ਤੇ ਪੰਡਿਤ ਉਸਦੀ ਪੂਜਾ ਰਾਹੀਂ ਤਾਕਤ ਹਾਸਲ ਕਰਕੇ ਬੇਸ਼ਰਮੀ ਨਾਲ ਆਪਣੀ ਪਰਜੀਵੀ ਜੀਵਨ ਸ਼ੈਲੀ ਤੇ ਗਰਵ ਕਰਦਾ ਹੈ। ਧੀ ਦੀ ਕੁੜਮਾਈ ਦਾ ਦਿਨ ਤੈਅ ਕਰਵਾਉਣ ਦੀ ਲਾਲਸਾ ਵਿੱਚ ਦੁਖੀਆ ਭੁੱਖੇ ਢਿੱਡ , ਬਿਨਾਂ ਕਿਸੇ ਮਿਹਨਤਾਨੇ ਦੇ ਪੰਡਤ ਦੀ ਵਗਾਰ ਕਰਦਾ ਹੈ । ਪਹਿਲਾਂ ਬਰਾਮਦਾ ਸਾਫ਼ ਕਰਦਾ ਹੈ , ਫਿਰ ਤੂੜੀ ਢੋਂਦਾ ਹੈ ਅਤੇ ਲੱਕੜੀ ਦੇ ਗੰਢਲ ਖੁੰਢ ਦੀਆਂ ਖਲਪਾੜਾਂ ਕਰਨ ਦੀ ਕੋਸ਼ਿਸ਼ ਵਿੱਚ ਮਰ ਜਾਂਦਾ ਹੈ । ਦੁਖੀ ਦਾ ਸਮੁਦਾਏ ਉਸਦੀ ਲਾਸ਼ ਚੁੱਕਣ ਤੋਂ ਇਨਕਾਰ ਕਰ ਦਿੰਦਾ ਹੈ । ਉਨ੍ਹਾਂ ਦੀਆਂ ਲਾਲ ਅੱਖਾਂ ਅਤੇ ਤਣੇ ਹੋਏ ਤੇਵਰ ਦੇ ਕਾਰਨ ਪੰਡਤ ਦੀ ਹਿੰਮਤ ਨਹੀਂ ਹੁੰਦੀ ਕਿ ਉਨ੍ਹਾਂ ਨੂੰ ਫਿਰ ਲਾਸ਼ ਚੁੱਕਣ ਨੂੰ ਕਹੇ । ਆਖ਼ਿਰਕਾਰ ਪੰਡਤ ਨੂੰ ਹੀ ਉਸ ਲਾਸ਼ ਨੂੰ ਉੱਥੋਂ ਘਸੀਟ ਘਸੀਟ ਕੇ ਹਟਾਉਣਾ ਪੈਂਦਾ ਹੈ । ਖੁੰਢ ਦੀਆਂ ਖਲਪਾੜਾਂ ਕਰਨ ਅਤੇ ਲਾਸ਼ ਨੂੰ ਪੰਡਤ ਦੁਆਰਾ ਇੱਕ ਪੈਰ ਵਿੱਚ ਬਿਨਾਂ ਹਥ ਲਾਏ ਇੱਕ ਲੱਕੜ ਦੀ ਖੂੰਡੀ ਨਾਲ ਰੱਸਾ ਪਾ ਕੇ ਘਸੀਟਣ ਦੇ ਦ੍ਰਿਸ਼ਾਂ ਦੀਆਂ ਕਥਾ ਆਲੋਚਕਾਂ ਨੇ ਕਈ ਤਰ੍ਹਾਂ ਦੀਆਂ ਵਿਆਖਿਆਵਾਂ ਕੀਤੀਆਂ ਹਨ , ਮਗਰ ਸਤਿਆਜੀਤ ਰੇਅ ਦਾ ਫ਼ਿਲਮਕਾਰ ਉਥੇ ਹੀ ਨਹੀਂ ਰੁਕਦਾ , ਸਗੋਂ ਉਸ ਦੀ ਨਜ਼ਰ ਉੱਥੇ ਪਰਤਦੀ ਹੈ ਜਿੱਥੇ ਉਹ ਗੰਢਲ ਲੱਕੜੀ ਹੈ ਅਤੇ ਜਿਸ ਵਿੱਚ ਕੁਹਾੜੀ ਫਸੀ ਹੋਈ ਹੈ ਅਤੇ ਲਾਸ਼ ਹਟਾਣ ਦੇ ਬਾਅਦ ਪੰਡਤ ਜਿਸ ਜਗ੍ਹਾ ਨੂੰ ਪਵਿਤਰ ਕਰ ਰਿਹਾ ਹੈ । ਜੇਕਰ ਗੰਢਦਾਰ ਲੱਕੜੀ ਜਾਤੀ - ਵਿਵਸਥਾ ਦਾ ਪ੍ਰਤੀਕ ਹੈ ਤਾਂ ਉਸ ਵਿੱਚ ਫਸੀ ਹੋਈ ਕੁਹਾੜੀ ਵੀ ਇਸਦਾ ਪ੍ਰਤੀਕ ਹੈ ਕਿ ਉਸਨੂੰ ਨਸ਼ਟ ਕਰਣ ਦਾ ਕਾਰਜ ਅਧੂਰਾ ਹੈ ਅਤੇ ਇਹ ਵੀ ਕਿ ਪੰਡਤ ਜੀ ਯਥਾਸਥਿਤੀ ਬਣਾਏ ਰੱਖਣਾ ਚਾਹੁੰਦੇ ਹਨ । ਮਗਰ ਕੀ ਪੰਡਤ ਸਿਰਫ ਇੱਕ ਜਾਤੀ ਹੈ ਜਾਂ ਉਹ ਉਨ੍ਹਾਂ ਸਭ ਦਾ ਪ੍ਰਤੀਕ ਹੈ ਜੋ ਮਿਹਨਤ ਦਾ ਸ਼ੋਸ਼ਣ ਕਰਨ ਲਈ ਸਾਮਾਜਕ ਭੇਦਭਾਵ ਅਤੇ ਅਵਿਗਿਆਨਕ ਆਸਥਾਵਾਂ ਨੂੰ ਬਣਾਏ ਰੱਖਣਾ ਚਾਹੁੰਦੇ ਹਨ, ਫਿਲਮ ਵੇਖਦੇ ਹੋਏ ਦਰਸ਼ਕਾਂ ਦਾ ਇਸ ਸਵਾਲ ਤੋਂ ਸਾਹਮਣਾ ਤਾਂ ਹੋਵੇਗਾ ਹੀ , ਨਾਲ ਹੀ ਦੁਖੀ ਨੂੰ ਕੀਤਾ ਗਿਆ ਇਹ ਸਵਾਲ ਵੀ ਉਨ੍ਹਾਂ ਨੂੰ ਸੋਚਣ ਨੂੰ ਮਜ਼ਬੂਰ ਕਰੇਗਾ ਕਿ ‘ਲੱਕੜੀ ਕੱਟਣਾ ਜਾਣਦੇ ਹੋ ? ’ ਲੱਕੜੀ ਪਾੜਦੇ ਵਕਤ ਇੱਕ ਗੋਂੜ ; ਭਿਆਲਾਲ ਦੁਖੀ ਨੂੰ ਇਹ ਸਵਾਲ ਕਰਦਾ ਹੈ । ਦੁਖੀ ਜਵਾਬ ਦਿੰਦਾ ਹੈ - ਭਾਈ , ਕੱਟਦਾ ਤਾਂ ਹਾਂ ਮੈਂ ਘਾਹ , ਹੁਣ ਇਹ ਲੱਕੜੀ ਕੱਟਣਾ ਮੈਂ ਕੀ ਜਾਨੂੰ । ਗੋਂੜ ਸਿੱਧੇ ਸਵਾਲ ਦਾਗਦਾ ਹੈ - ਤਾਂ ਫਿਰ ਕਿਉਂ ਬੇਕਾਰ ਹੈਰਾਨ ਹੁੰਦੇ ਹੋ ? ਜਦੋਂ ਦੁਖੀ ਕਹਿੰਦਾ ਹੈ ਕਿ ਜੇਕਰ ਉਹ ਭੁੱਖਾ ਨਾ ਹੁੰਦਾ ਤਾਂ ਲੱਕੜੀ ਪਾੜ ਵੀ ਦਿੰਦਾ , ਤੱਦ ਗੋਂੜ ਫਿਰ ਸਵਾਲ ਕਰਦਾ ਹੈ - ਤਾਂ ਕੀ ਉਹ ਤੈਨੂੰ ਖਾਣਾ ਵੀ ਨਹੀਂ ਦੇ ਸਕਦੇ ? ਦੁਖੀ ਕਹਿੰਦਾ ਹੈ - ਖਾਣਾ ਕਿਸ ਮੁੰਹ ਨਾਲ ਮੰਗੂ , ਇਸ ਤੇ ਗੋਂੜ ਝੱਲਾਉਂਦਾ ਹੈ - ਤਾਂ ਚਲਾਓ ਕੁਹਾੜੀ , ਚਲਾਓ ਕੁਹਾੜੀ । ਦਿਲਚਸਪ ਇਹ ਹੈ ਕਿ ਉਸਦੀ ਸ਼ਕਲ ਕਬੀਰ ਨਾਲ ਮਿਲਦੀ - ਜੁਲਦੀ ਹੈ । ਅੰਮ੍ਰਿਤ ਰੇਅ ਅਤੇ ਸਤਿਆਜੀਤ ਰੇਅ ਦੁਆਰਾ ਲਿਖਤੀ ਸੰਵਾਦ ਵੀ ਕਾਫੀ ਅਸਰਦਾਰ ਹੈ । ਨਫ਼ਰਤ ਅਤੇ ਨਫ਼ਰਤ ਦੀ ਗੱਠ ਕਿੰਨੀ ਸਖ਼ਤ ਹੈ ਇਹ ਪੰਡਿਤਾਣੀ ( ਗੀਤਾ ਸਿੱਧਾਰਥ ) ਦੇ ਇਮਲੀ ਦੇ ਜਰੀਏ ਉਭਰਦਾ ਹੈ , ਜਿੱਥੇ ਇਸਤਰੀ ਵਿੱਚ ਪਾਈ ਜਾਣ ਵਾਲੀ ਕਰੁਣਾ ਇੱਕ ਪਲ ਲਈ ਆਉਂਦੀ ਵੀ ਹੈ ਤਾਂ ਜ਼ਿਆਦਾ ਦੇਰ ਤੱਕ ਨਹੀਂ ਠਹਿਰਦੀ । ਘਰ ਵਿੱਚ ਚਾਰ ਰੋਟੀਆਂ ਬਚੀਆਂ ਹੋਈਆਂ ਹਨ , ਪਰ ਉਹ ਇਸ ਦਲੀਲ਼ ਦੇ ਆਧਰ ਉੱਤੇ ਦੁਖੀ ਨੂੰ ਨਹੀਂ ਦਿੱਤੀ ਜਾਂਦੀ ਕਿ ਚਮਾਰ ਜ਼ਿਆਦਾ ਖਾਂਦੇ ਹਨ । ਪੰਡਿਤਾਣੀ ਉੱਤੇ ਹੀ ਧਰਮ - ਕਰਮ ਦੇ ਫਿਕਰ ਦੀ ਜ਼ਿੰਮੇਦਾਰੀ ਹੈ , ਉਹ ਜਿਵੇਂ ਬਰਾਹਮਣਵਾਦ ਜਾਂ ਹਿੰਦੁਤਵ ਦੀ ਰੱਖਿਆ ਲਈ ਸਿਰਜੀ ਗਈ ਹੈ । ਚਮਾਰ , ਧੋਬੀ , ਘਾਸੀ ਵਰਗਿਆਂ ਦਾ ਇਸ ਹਿੰਦੂ ਘਰ ਵਿੱਚ ਮੂੰਹ ਚੁੱਕੇ ਚਲੇ ਆਣਾ ਉਸਨੂੰ ਮਨਜੂਰ ਨਹੀਂ ਹੈ । ਇੱਕ ਦਿਨ ਦੀ ਮਜੂਰੀ ਬੱਚ ਜਾਣ ਦੇ ਬਾਵਜੂਦ ਉਹ ਚਿਲਮ ਲਈ ਅੱਗ ਤੱਕ ਇੰਨੀ ਹਿਕਾਰਤ ਨਾਲ ਦਿੰਦੀ ਹੈ ਕਿ ਦੁਖੀ ਵਰਗਾ ਸਭ ਕੁੱਝ ਸਹਿਣ ਵਾਲਾ ਆਦਮੀ ਵੀ ਅਪਮਾਨਬੋਧ ਅਤੇ ਦੁੱਖ ਨਾਲ ਫੁੱਟ ਪੈਂਦਾ ਹੈ - ਵੱਡੀ ਭੁੱਲ ਹੋਈ ਮੇਰੇ ਤੋਂ ਘਰ ਦੇ ਅੰਦਰ ਚਲਿਆ ਆਇਆ । ਇੰਨੇ ਮੂਰਖ ਨਾ ਹੁੰਦੇ ਤਾਂ ਲੱਤਾਂ – ਜੁੱਤੀਆਂ ਕਿਉਂ ਖਾਂਦੇ ! ਕੌਣ ਕੀ ਹੈ , ਕਿਸਦੀ ਦੁਨੀਆ ਕਿਵੇਂ ਦੀ ਹੈ ਅਤੇ ਕਿੰਨੀਆਂ ਜੁਦਾ - ਜੁਦਾ ਜੀਵਨ ਸਥਿਤੀਆਂ ਹਨ ਇਸਨੂੰ ਕੈਮਰਾ ਚੈਕਸੀ ਨਾਲ ਦਿਖਾਂਦਾ ਹੈ । ਇੱਕ ਹੀ ਵਕਤ ਵਿੱਚ ਦੁਖੀ ਝਾਡੂ ਲਗਾ ਰਿਹਾ ਹੈ , ਉਸਦੀ ਪਤਨੀ ਦਕਸ਼ਿਣਾ ਦੀ ਸਾਮਗਰੀ ਖ਼ਰੀਦ ਰਹੀ ਹੈ ਅਤੇ ਪੰਡਤ ਜਲਪਾਨ ਕਰ ਰਿਹਾ ਹੈ । ਇੱਕ ਤਰਫ ਚਿਲਮ ਦੇ ਧੂਏਂ ਨਾਲ ਢਿੱਡ ਦੀ ਅੱਗ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਹੈ ਤਾਂ ਦੂਜੇ ਪਾਸੇ ਤ੍ਰਿਪਤੀਦਾਇਕ ਭੋਜਨ ਦੇ ਬਾਅਦ ਪਾਨ ਹੈ ਅਤੇ ਨਵਾਰੀ ਪਲੰਘ ਉੱਤੇ ਆਰਾਮ ਹੈ । ਇੱਕ ਤਰਫ ਪੰਡਿਤਾਣੀ ਹੈ ਅਤੇ ਦੂਜੇ ਪਾਸੇ ਦੁਖੀ ਦੀ ਪਤਨੀ । ਪੰਡਿਤਾਣੀ ਦੇ ਕੋਲ ਸੰਵੇਦਨਹੀਨਤਾ ਤੋਂ ਉਪਜੀਆਂ ਦਲੀਲਾਂ ਹਨ ਅਤੇ ਦੁਖੀ ਦੀ ਪਤਨੀ ਦੇ ਕੋਲ ਦਰਸ਼ਕਾਂ ਨੂੰ ਬੇਚੈਨ ਕਰ ਦੇਣ ਵਾਲੇ ਸਵਾਲ । ਦੁਖੀ ਦੀ ਮੌਤ ਉੱਤੇ ਪੰਡਿਤਾਣੀ ਕਹਿੰਦੀ ਹੈ - ਕੁੱਝ ਲੋਕ ਨੀਂਦ ਵਿੱਚ ਨਹੀਂ ਮਰਦੇ ? ਜਦੋਂ ਕਿ ਦੁਖੀ ਦੀ ਪਤਨੀ ਕਹਿੰਦੀ ਹੈ - ‘‘ਮਹਾਰਾਜ , ਤੁਸੀਂ ਉਸ ਤੋਂ ਲੱਕੜੀ ਪੜਵਾਈ , ਕੜੀ ਮਿਹਨਤ ਕਰਵਾਈ , ਜਦੋਂ ਕਿ ਉਹ ਹੁਣੇ - ਹੁਣੇ ਬੁਖਾਰ ਤੋਂ ਉਠਿਆ ਸੀ । ਉਸਦੇ ਢਿੱਡ ਵਿੱਚ ਖਾਣਾ ਨਹੀਂ ਸੀ । ਸਰੀਰ ਵਿੱਚ ਤਾਕ਼ਤ ਨਹੀਂ ਸੀ । ਤੁਹਾਡਾ ਕੀ ਬਿਗਾੜਿਆ ਸੀ ਮਹਾਰਾਜ , ਕੀ ਬਿਗਾੜਿਆ ਸੀ , ਜੋ ਤੁਸੀ ਇੰਨੇ ਨਿਰਦਈ ਹੋ ਗਏ । ’’ ਪੰਡਿਤਾਣੀ ਨੂੰ ਵੀ ਤੱਦ ਲੱਗਦਾ ਹੈ ਕਿ ਕੜੀ ਮਿਹਨਤ ਨਹੀਂ ਕਰਵਾਣੀ ਚਾਹੀਦੀ ਹੈ ਸੀ , ਪਰ ਪੰਡਤ ਇਸ ਅਪਰਾਧਬੋਧ ਨੂੰ ਉਸ ਉੱਤੇ ਹਾਵੀ ਨਹੀਂ ਹੋਣ ਦਿੰਦਾ । ਉਹ ਕਹਿੰਦਾ ਹੈ - ‘ਮਿਹਨਤ ਕੀ ਲੋਕ ਕਰਦੇ ਨਹੀਂ , ਸਭ ਮਰ ਥੋੜ੍ਹੇ ਜਾਂਦੇ ਹਨ ? ’ ਧਿਆਨ ਦੇਣ ਲਾਇਕ ਹੈ ਕਿ ਇਹ ਦਲੀਲ਼ ਉਸਦੀ ਹੈ ਜੋ ਖ਼ੁਦ ਮਿਹਨਤ ਨਹੀਂ ਕਰਦਾ ! ’ ਇਹ ਦਲੀਲ਼ ਦਿੱਤਾ ਜਾ ਸਕਦਾ ਹੈ ਕਿ ਅੱਜ ਓਨਾ ਜਾਤੀਭੇਦ ਨਹੀਂ ਰਿਹਾ , ਅੱਜ ਨੀਵੀਂ ਜਾਤੀ ਦੇ ਲੋਕਾਂ ਦੇ ਘਰਾਂ ਵਿੱਚ ਪਰਵੇਸ਼ ਤੇ ਅਕਸਰ ਨੱਕ ਨਹੀਂ ਚੜਾਇਆ ਜਾਂਦਾ , ਅੱਜ ਓਨਾ ਧਰਮ ਦਾ ਡਰ ਵੀ ਨਹੀਂ ਕਿ ਸਿਰਫ ਕੁੜਮਾਈ ਦਾ ਦਿਨ ਤੈਅ ਕਰਵਾਉਣ ਦੀ ਲਾਲਸਾ ਵਿੱਚ ਖਪਦੇ ਖਪਦੇ ਕੋਈ ਜਾਨ ਦੇ ਦੇਵੇ । ਮਗਰ ਕੀ ਲਾਲਸਾ ਨੂੰ ਵੀ ਇੱਕ ਪ੍ਰਤੀਕ ਦੀ ਤਰ੍ਹਾਂ ਨਹੀਂ ਲਿਆ ਜਾਣਾ ਚਾਹੀਦਾ ਹੈ ? ਕੀ ਅੱਜ ਵੀ ਛੋਟੀਆਂ – ਛੋਟੀਆਂ ਇੱਛਾਵਾਂ ਲਈ ਲੋਕ ਉਨ੍ਹਾਂ ਦੇ ਲਈ ਖਪਦੇ ਹੋਏ ਬੇਵਕਤ ਨਹੀਂ ਮਰ ਰਹੇ ਹਨ ਜੋ ਉਨ੍ਹਾਂ ਨੂੰ ਉਨ੍ਹਾਂ ਦੇ ਮਿਹਨਤ ਦੀ ਉਚਿਤ ਕ਼ੀਮਤ ਨਹੀਂ ਦਿੰਦੇ ਅਤੇ ਜੋ ਆਪਣੇ ਆਪ ਉਨ੍ਹਾਂ ਦੇ ਮਿਹਨਤ ਤੇ ਜੀਵਨ ਦੇ ਤਮਾਮ ਸੁਖ ਭੋਗਦੇ ਹਨ ਅਤੇ ਮਿਹਨਤ ਕਰਨ ਵਾਲਿਆਂ ਦੇ ਮਰਨ ਉੱਤੇ ਇਹੀ ਦਲੀਲ਼ ਦਿੰਦੇ ਹਨ ਕਿ ‘ਮਿਹਨਤ ਕੀ ਲੋਕ ਨਹੀਂ ਕਰਦੇ , ਸਭ ਮਰ ਥੋੜ੍ਹੇ ਜਾਂਦੇ ਹਨ ? ’ ਅਤੇ ਕੀ ਅਜਿਹੇ ਲੋਕਾਂ ਨੇ ਜੋ ਆਪਣੇ ਹਿੱਤ ਦੀ ਆਰਥਕ - ਰਾਜਨੀਤਕ ਸੰਰਚਨਾ ਬਣਾ ਰੱਖੀ ਹੈ ਉਸਦੀ ਬਰਾਹਮਣਵਾਦ ਅਤੇ ਵਰਣ - ਵਿਵਸਥਾ ਨੂੰ ਕਾਇਮ ਰੱਖਣ ਵਿੱਚ ਵੀ ਭੂਮਿਕਾ ਨਹੀਂ ਹੈ ? ‘ਸਦਗਤੀ’ ਇੱਕ ਵਿਚਾਰ ਉਤੇਜਕ ਕਹਾਣੀ ਹੈ , ਇਸ ਉੱਤੇ ਬਣੀ ਫਿਲਮ ਵੀ ਬਹਿਸ ਤਲਬ ਹੈ ।

Friday, December 3, 2010

कवि और सुनहरी मछली का किस्सा


कहते है कि किसी अभागे कवि ने कास्पियन सागर में एक सुनहरी मछली पकड़ ली।

कवि, कवि,मुझे सागर में छोड़ दो, सुनहरी मछली ने मिन्नत की।

तो इसके बदले में तुम मुझे क्या दोगी ?

"तुम्हारे दिल की सभी मुरादें पूरी हो जाएंगी।"

कवि ने खुश होकर सुनहरी मछली को छोड़ दिया। अब कवि की किस्मत का सितारा बुलन्द होने लगा। एक के बाद एक उसके कविता-संग्रह निकलने लगे। शहर में उसका घर बन गया और शहर के बाहर बढ़िया बंगला भी। पदक और श्रम-वीरता के लिए तमगा भी उसकी छाती पर चमकने लगे। कवि ने ख्याति प्राप्त कर ली और सभी की जबान पर उसका नाम सुनाई देने लगा। ऊँचे से ऊँचे ओहदे उसे मिले और सारी दुनिया उसके सामने भुने हुए,प्याज और नींबू से कजेदार बने हुए सीख कबाब के समान थी। हाथ बढ़ाओ,लो और मजे से खाओ।

जब वह अकादमीशियन तथा संसद-सदस्य बन गया था और पुरस्कृत हो चुका था, तो एक दिन उसकी पत्नी ने ऐसे ही कहा-

“आह, इन सब चीजों के साथ-साथ तुमने सुनहरी मछली से कुछ प्रतिभा भी क्यों नहीं मांग ली ?”

- रसूल हमजातोव, मेरा दागिस्तान

ਫਿਰਕਾਪ੍ਰਸਤ ਤਾਕਤਾਂ ਵਿਰੁੱਧ ਰੋਸ ਮੁਜ਼ਾਹਰਾ

 

ਨਾਭਾ, 2 ਦਸੰਬਰ -ਇੰਟਰਨੈਸ਼ਨਲਿਸਟ ਡੈਮੋਕ੍ਰੇਟਿਕ ਪਾਰਟੀ,ਯੂਨਾਈਟਿਡ ਕਮਿਉਨਿਸਟ ਪਾਰਟੀ ਤੇ ਹੋਰ ਸੰਗਠਨਾਂ ਦੇ ਆਗੂਆਂ ਵੱਲੋਂ ਸਾਂਝੇ ਤੌਰ 'ਤੇ 25 ਨਵੰਬਰ ਨੂੰ ਚੰਡੀਗੜ• ਵਿਖੇ ਜੰਮੂ ਕਸ਼ਮੀਰ ਦੀ ਸਮੱਸਿਆ ਵਿਸ਼ੇ 'ਤੇ ਕਰਵਾਏ ਸੈਮੀਨਾਰ ਵਿਚ ਪਹੁੰਚੇ ਹੁਰੀਅਤ ਦੇ ਚੇਅਰਮੈਨ ਮੀਰਵਾਈਜ ਉਮਰ ਫਾਰੂਕ ਤੇ, ਭਾਜਪਾ ਆਰ.ਐਸ.ਐਸ. ਅਤੇ ਵੀ.ਐਚ.ਪੀ. ਦੇ ਕਾਰਕੁੰਨਾਂ ਵੱਲੋਂ ਕੀਤੇ ਗਏ ਕਾਤਲਾਨਾ ਹਮਲੇ ਦੇ ਵਿਰੋਧ ਵਿਚ ਅੱਜ ਰੋਸ ਮੁਜ਼ਾਹਰਾ ਕੀਤਾ ਗਿਆ, ਜੋ ਬੌੜਾਂ ਗੇਟ ਤੋਂ ਸ਼ੁਰੂ ਹੋ ਕੇ ਐਸ.ਡੀ.ਐਮ. ਨਾਭਾ ਦੇ ਦਫ਼ਤਰ ਵਿਖੇ ਸਮਾਪਤ ਹੋਇਆ। ਇਸ ਮੌਕੇ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਧਨੇਠਾ ਨੇ ਕਿਹਾ ਕਿ ਭਾਰਤੀ ਸੰਵਿਧਾਨ ਅਨੁਸਾਰ ਹਰੇਕ ਵਿਅਕਤੀ ਨੂੰ ਆਪਣੇ ਰਾਏ ਰੱਖਣ ਦਾ ਪੂਰਾ ਅਧਿਕਾਰ ਹੈ ਪ੍ਰੰਤੂ ਚੰਡੀਗੜ• ਵਿਖੇ ਹੋਏ ਸੈਮੀਨਾਰ ਵਿਚ ਭਾਜਪਾ ਤੇ ਉਸ ਦੀਆਂ ਸਹਿਯੋਗੀ ਪਾਰਟੀ ਦੇ ਕਾਰਕੁੰਨਾਂ ਵੱਲੋਂ ਹੁਰੀਅਤ ਦੇ ਚੇਅਰਮੈਨ ਤੇ ਕੀਤਾ ਗਿਆ ਕਾਤਲਾਨਾ ਹਮਲਾ ਲੋਕਤੰਤਰ ਦਾ ਘਾਣ ਹੈ। ਉਨ੍ਹਾਂ  ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਅਤੇ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਸ ਦੀ ਸੁਰੱਖਿਆ ਯਕੀਨੀ ਬਣਾਏ। ਸੂਬਾ ਜਨਰਲ ਸਕੱਤਰ ਕਰਨੈਲ ਸਿੰਘ ਜਖੇਪਲ ਨੇ ਭਾਜਪਾ ਤੇ ਉਸ ਦੀ ਭਾਈਵਾਲਾ ਪਾਰਟੀਆਂ ਵੱਲੋਂ ਕੀਤੀ ਕਾਰਵਾਈ ਨੂੰ ਨਿੰਦਣਯੋਗ ਕਰਾਰ ਦਿੰਦਿਆਂ ਕਿਹਾ ਕਿ ਸਮਾਜ ਵਿਚ ਫਿਰਕਪ੍ਰਸਤੀ ਤਾਕਤਾਂ ਸ਼ਾਂਤੀ ਨਾਲ ਗੱਲਬਾਤ ਰਾਹੀਂ ਮਸਲੇ ਦਾ ਹੱਲ ਕੱਢਣ ਵਾਲੀਆਂ ਜਥੇਬੰਦੀਆਂ/ਪਾਰਟੀਆਂ ਨੂੰ ਬਰਦਾਸ਼ਤ ਨਹੀਂ ਕਰ ਰਹੀਆਂ ਸਗੋਂ ਉਹਨਾਂ 'ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਯੂ.ਸੀ.ਪੀ.ਆਈ. ਦੇ ਆਗੂ ਚਰਨ ਗਿੱਲ ਨੇ ਕਿਹਾ ਸੰਘ ਪਰਿਵਾਰ ਦੇਸ਼ ਦੀ ਏਕਤਾ ਲਈ ਸਭ ਤੋਂ ਵੱਡਾ ਖਤਰਾ ਹੈ ਕਿਉਂਕਿ ਇਹ ਜਿਹੜੀਆਂ ਹਿੰਦ ਦੀ ਪਛਾਣ ਇਹਦੀ ਵੰਨ ਸੁਵੰਨਤਾ ਨੂੰ ਖਤਮ ਕਰ ਕੇ ਹਿੰਦੂ ਰਾਸ਼ਟਰ ਬਣਾਉਣ ਲਈ ਨੀਮ ਫੌਜੀ ਸੰਗਠਨਾਂ ਦੇ ਵਰਤੋਂ ਰਾਹੀਂ ਹਿੰਸਕ ਰੂਪ ਧਾਰਨ ਕਰਕੇ ਦਹਿਸਤ ਦਾ ਮਾਹੌਲ ਤਿਆਰ ਕਰਨ ਵਿੱਚ ਲੱਗੇ ਹਨ।ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਖਤਰੇ ਦਾ ਟਕਰਾ ਕਰਨ ਲਈ ਸਿਆਸੀ ਤੇ ਸਮਾਜੀ ਤਾਕਤਾਂ ਦੀ ਵਿਸ਼ਾਲ ਲਾਮਬੰਦੀ ਲੋੜੀਂਦੀ ਹੈ ।

ਇਸ ਮੌਕੇ ਏ.ਆਈ.ਵਾਈ.ਐਫ. ਦੇ ਆਗੂ ਕਸ਼ਮੀਰ ਗਦਾਈਆ, ਪੀ.ਐਸ.ਯੂ. ਦੇ ਜ਼ਿਲਾ ਪ੍ਰਧਾਨ ਬੇਅੰਤ ਸਿੰਘ,  ਆਰ.ਵਾਈ.ਐਫ. ਦੇ ਨਿਰਮਲ ਸਿੰਘ ਨਿੰਮਾ, ਰਣਜੀਤ ਨੋਨਾ ,ਇਕਬਾਲ ਸਿੰਘ ਅਮਰਗੜ੍ਹ ਅਤੇ  ਪੈਪਸੀਕੋ ਵਰਕਰ ਯੂਨੀਅਨ ਦੇ ਕ੍ਰਿਸ਼ਨ ਭੜੋ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਲੋਕਤੰਤਰ ਤਰੀਕੇ ਨਾਲ ਆਪਣੇ ਰਾਏ ਰੱਖਣ ਵਾਲੀਆਂ ਧਿਰਾਂ/ਪਾਰਟੀਆਂ/ਜਥੇਬੰਦੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਇਸ ਮੌਕੇ ਆਈ.ਡੀ.ਪੀ. ਦੇ ਸੂਬਾ ਮੀਤ ਪ੍ਰਧਾਨ ਗੁਰਦਸ਼ਸਨ ਸਿੰਘ ਖੱਟੜਾ, ਕੇਵਲ ਸਿੰਘ ਕੋਟ ਕਲਾਂ, ਜ਼ਿਲਾ  ਮੀਤ ਪ੍ਰਧਾਨ ਗੁਰਮੀਤ ਸਿੰਘ ਥੂਹੀ, ਕ੍ਰਿਸਨ ਸਿੰਘ ਲੁਬਾਣਾ, ਮੇਜਰ ਸਿੰਘ ਥੂਹੀ, ਈਸ਼ਵਰ ਸਿੰਘ ਅਗੇਤੀ, ਅਵਤਾਰ ਸਿੰਘ ਅਤੇ ਹੋਰ ਕਾਰਕੁਨ ਸ਼ਾਮਲ ਸਨ।