Showing posts with label ਅਨੁਵਾਦ انواد. Show all posts
Showing posts with label ਅਨੁਵਾਦ انواد. Show all posts

Tuesday, October 13, 2009

ਚੰਗਾ ਲੇਖਕ ਕਿਵੇਂ ਬਣਿਆ ਜਾਵੇ - ਰਸੂਲ ਹਮਜਾਤੋਵ

ਸਿਰਫ ਪਹਾੜੀ ਉਕਾਬ ਹੀ ਆਪਣੀ ਚਟਾਨ ਤੋਂ ਸਿੱਧਾ ਉਤਾਂਹ ਵੱਲ ਨੂੰ ਛੂਟ ਵੱਟਦਾ ਹੈ। ਉਹ ਠਾਠ ਨਾਲ਼ ਉਡਦਾ, ਹੋਰ ਉਚਾ, ਹੋਰ ਉਚਾ ਹੋਈ ਜਾਂਦਾ ਹੈ। ਆਖਰ ਦਿਸਣੋ ਹਟ ਜਾਂਦਾ ਹੈ।ਕੋਈ ਵੀ ਚੰਗੀ ਕਿਤਾਬ ਇੰਜ ਹੀ ਸ਼ੁਰੂ ਹੋਣੀ ਚਾਹੀਦੀ ਹੈ, ਬਿਨਾਂ ਲੰਮੀਆਂ ਚੌੜੀਆਂ ਭੂਮਿਕਾਵਾਂ ਦੇ। ਕਈ ਵਾਰ ਅਸਾਨੀ ਨਾਲ਼ ਲਿਖੀ ਕਵਿਤਾ ਪੜ੍ਹਨੀ ਮੁਹਾਲ ਹੋ ਜਾਂਦੀ ਹੈ। ਕਈ ਵਾਰ ਬੜੇ ਔਖੇ ਹੋ ਕੇ ਲਿਖੀ ਕਵਿਤਾ ਪੜ੍ਹਨੀ ਸੌਖੀ ਹੁੰਦੀ ਹੈ। ਰੂਪ ਤੇ ਵਸਤੂ, ਕੱਪੜਿਆਂ ਤੇ ਕੱਪੜੇ ਪਾਉਣ ਵਾਲ਼ੇ ਵਾਂਗ ਹੁੰਦਾ ਹੈ। ਜੇ ਆਦਮੀ ਚੰਗਾ, ਚੁਸਤ ਤੇ ਉਚੇ ਆਚਰਣ ਵਾਲਾ਼ ਹੋਵੇ ਤਾਂ ਉਸ ਦੇ ਕੱਪੜੇ ਕਿਉਂ ਨਾ ਉਸ ਦੇ ਗੁਣਾਂ ਨਾਲ਼ ਮੇਲ ਖਾਂਦੇ ਹੋਣ। ਜੇ ਆਦਮੀ ਖ਼ੂਬਸੂਰਤ ਹੋਵੇ ਤਾਂ ਉਸ ਦੇ ਵਿਚਾਰ ਕਿਉਂ ਨਾ ਉਸੇ ਤਰ੍ਹਾਂ ਦੇ ਹੋਣ।

ਬਹੁਤ ਵਾਰੀ ਹੁੰਦਾ ਇਹ ਹੈ ਕਿ ਕੋਈ ਔਰਤ ਦੇਖਣ ਵਿਚ ਬੜੀ ਖ਼ੂਬਸੂਰਤ ਹੁੰਦੀ ਹੈ। ਪਰ ਅਕਲੋਂ ਖਾਲੀ। ਜੇ ਤੀਖਣ-ਬੁੱਧੀ ਵਾਲ਼ੀ ਹੁੰਦੀ ਹੈ ਤਾਂ ਦੇਖਣ ਵਿਚ ਕੁਝ ਨਹੀਂ ਹੁੰਦੀ। ਕਲਾ ਕਿਰਤਾਂ ਨਾਲ ਵੀ ਇਸ ਤਰਾਂ ਵਾਪਰ ਸਕਦਾ ਹੈ । ਪਰ ਕੁਝ ਖੁਸ਼ਕਿਸਮਤ ਔਰਤਾਂ ਵੀ ਹੁੰਦੀਆਂ ਹਨ, ਜਿਨ੍ਹਾਂ ਵਿਚ ਚਮਕ ਦਮਕ ਵੀ ਹੁੰਦੀ ਹੈ, ਸੁੰਦਰਤਾ ਵੀ ਤੇ ਅਕਲ ਵੀ। ਕਲਾ ਕੌਸ਼ਲਤਾ ਵਾਲੇ਼ ਕਵੀਆਂ ਦੀਆਂ ਕਿਰਤਾਂ ਬਾਰੇ ਵੀ ਇਹੀ ਕਿਹਾ ਜਾ ਸਕਦਾ ਹੈ।
ਜਗਤ ਪ੍ਰਸਿੱਧ ਰਾਵਿੰਦਰ ਨਾਥ ਟੈਗੋਰ ਦਾ ਇਕ ਭਰਾ ਸੀ ਜਿਹੜਾ ਆਪ ਵੀ ਲੇਖਕ ਸੀ। ਉਹ ਭਾਰਤੀ ਸਾਹਿਤ ਦੀ ਬੰਗਾਲੀ ਧਾਰਾ ਨਾਲ਼ ਸਬੰਧਤ ਸੀ। ਟੈਗੋਰ ਆਪਣੇ ਆਪ ਵਿਚ ਇਕ ਧਾਰਾ ਸੀ। ਆਪਣੇ ਆਪ ਵਿਚ ਇਕ ਪੂਰਾ ਰੁਝਾਨ ਸੀ। ਇਹ ਸੀ ਫਰਕ ਦੋਹਾਂ ਭਰਾਵਾਂ ਵਿਚ । ਰਾਵਿੰਦਰ ਨਾਥ ਟੈਗੋਰ ਦੀ ਰੂਹ ਵਿਚ ਆਪਣੀ ਤਰ੍ਹਾਂ ਦਾ ਇਕ ਪੰਛੀ ਰਹਿੰਦਾ ਸੀ ਜਿਹੜਾ ਦੂਜਿਆਂ ਨਾਲ਼ ਬਿਲਕੁਲ ਨਹੀਂ ਮਿਲਦਾ ਸੀ। ਉਸ ਤੋਂ ਪਹਿਲਾਂ ਕਦੇ ਇਹੋ ਜਿਹਾ ਪੰਛੀ ਨਹੀਂ ਸੀ ਹੋਇਆ। ਇਸ ਨੂੰ ਕਲਾ ਦੀ ਦੁਨੀਆਂ ਵਿਚ ਭੇਜਿਆ ਸਾਰੇ ਵੇਖ ਸਕਦੇ ਸਨ ਕਿ ਇਹ ਪੰਛੀ ਰਾਵਿੰਦਰ ਨਾਥ ਟੈਗੋਰ ਦਾ ਹੈ। ਜੇ ਕੋਈ ਕਲਾਕਾਰ ਆਪਣਾ ਪੰਛੀ ਛੱਡਦਾ ਹੈ ਤੇ ਉਹ ਜਾ ਕੇ ਬਿਲਕੁਲ ਆਪਣੇ ਵਰਗੇ ਪੰਛੀਆਂ ਵਿਚ ਮਿਲ ਜਾਂਦਾ ਹੈ, ਤਾਂ ਉਹ ਕਲਾਕਾਰ ਨਹੀਂ ਹੈ। ਇਸ ਦਾ ਮਤਲਬ ਉਸਨੇ ਜਿਹੜਾ ਪੰਛੀ ਭੇਜਿਆ ਸੀ, ਉਹ ਉਸਦਾ ਆਪਣਾ ਨਹੀਂ ਸੀ। ਅਸਾਧਾਰਨ ਜਾਂ ਅਦਭੁਤ ਨਹੀਂ, ਸਾਧਾਰਨ ਜਿਹੀ ਚਿੜੀ ਸੀ। ਉਸ ਨੂੰ ਕੋਈ ਚਿੜੀਆਂ ਦੇ ਝੁਰਮਟ 'ਚੋਂ ਨਿਖੇੜ ਨਹੀਂ ਸਕੇਗਾ।

ਬੰਦੇ ਦਾ ਆਪਣਾ ਚੁੱਲ੍ਹਾ ਚੌਂਕਾ ਹੋਣਾ ਚਾਹੀਦਾ ਹੈ। ਜਿਥੇ ਉਹ ਅੱਗ ਬਾਲ਼ ਸਕੇ। ਜਿਹੜਾ ਕੋਈ ਐਸੇ ਘੋੜੇ 'ਤੇ ਚੜ੍ਹ ਬੈਠਦਾ ਹੈ, ਜਿਹੜਾ ਉਸਦਾ ਆਪਣਾ ਨਹੀਂ, ਉਹ ਜਲਦੀ ਜਾਂ ਸਮਾਂ ਪਾ ਕੇ ਉਸ ਤੋਂ ਉਤਰ ਜਾਏਗਾ ਜਾਂ ਮਾਲਕ ਨੂੰ ਵਾਪਸ ਕਰ ਦੇਵੇਗਾ। ਦੂਜਿਆਂ ਦੇ ਵਿਚਾਰਾਂ ਉਪਰ ਕਾਠੀ ਨਾ ਪਾਓ, ਆਪਣੇ ਵਿਚਾਰਾਂ ਨੂੰ ਕਾਬੂ ਵਿਚ ਲਿਆਓ।

ਕੁਝ ਲੋਕੀ ਬੋਲਦੇ ਨੇ, ਇਸ ਲਈ ਨਹੀਂ ਕਿ ਉਹਨਾਂ ਦੇ ਦਿਮਾਗਾਂ ਵਿਚ ਵਿਚਾਰਾਂ ਦੀ ਭੀੜ ਉਹਨ'ਾਂ ਨੂੰ ਬੋਲਣ ਲਈ ਮਜਬੂਰ ਕਰਦੀ ਹੈ ਸਗੋਂ ਇਸ ਲਈ ਕਿ ਉਹਨਾਂ ਦੀਆਂ ਜੀਭਾਂ ਨੂੰ ਖੁਜਲੀ ਹੋ ਰਹੀ ਹੁੰਦੀ ਹੈ। ਕੁਝ ਹੋਰ ਨੇ ਜਿਹੜੇ ਕਵਿਤਾ ਲਿਖਦੇ ਨੇ, ਇਸ ਲਈ ਨਹੀਂ ਕਿ ਉਨ੍ਹਾਂ ਦੇ ਦਿਲਾਂ ਵਿਚ ਡੂੰਘੇ ਜਜ਼ਬੇ ਠਾਠਾਂ ਮਾਰ ਰਹੇ ਹੁੰਦੇ ਹਨ, ਸਗੋਂ ਇਸ ਲਈ ਕਿ.......।

ਖੈਰ, ਇਹ ਕਹਿਣਾ ਮੁਸ਼ਕਿਲ ਹੈ ਕਿ ਉਹ ਕਿਉਂ ਅਚਾਨਕ ਕਵਿਤਾ ਲਿਖਣ ਲੱਗ ਪੈਂਦੇ ਹਨ। ਉਨ੍ਹਾਂ ਦੀਆਂ ਤੁਕਾਂ ਸੁੱਕੇ ਅਖਰੋਟਾਂ ਵਾਂਗ ਹੁੰਦੀਆਂ ਹਨ। ਇਹ ਲੋਕ ਆਪਣੇ ਆਸ ਪਾਸ ਨਜ਼ਰ ਮਾਰਨ ਤੋਂ ਪਹਿਲਾਂ ਇਹ ਦੇਖਣਾ ਨਹੀਂ ਚਾਹੁੰਦੇ ਕਿ ਦੁਨੀਆਂ ਵਿਚ ਕੀ ਵਾਪਰ ਰਿਹਾ ਹੈ। ਉਹ ਸੁਣਨਾ ਤੇ ਦੇਖਣਾ ਨਹੀਂ ਚਾਹੁੰਦੇ ਕਿ ਦੁਨੀਆਂ ਕਿਹੜੀਆਂ ਮਿਠੀਆਂ ਆਵਾਜਾਂ, ਗੀਤਾਂ ਤੇ ਧੁਨਾਂ ਨਾਲ਼ ਭਰੀ ਪਈ ਹੈ।

ਇਹ ਪੁੱਛਿਆ ਜਾ ਸਕਦਾ ਹੈ ਕਿ ਆਦਮੀ ਨੂੰ ਅੱਖਾਂ ਕੰਨ ਤੇ ਜ਼ੁਬਾਨ ਕਿਉਂ ਦਿੱਤੀ ਗਈ ਹੈ? ਕਾਰਨ ਜ਼ਰੂਰ ਇਹ ਹੋਏਗਾ ਕਿ ਇਸ ਤੋਂ ਪਹਿਲਾਂ ਕਿ ਜ਼ੁਬਾਨ ਤੋਂ ਨਿਕਲ ਕੇ ਇਕ ਵੀ ਲਫਜ਼ ਦੁਨੀਆਂ ਵਿਚ ਜਾਵੇ, ਦੋ ਅੱਖਾਂ ਨੂੰ ਜ਼ਰੂਰ ਕੁਝ ਦੇਖਣ ਅਤੇ ਦੋ ਕੰਨਾਂ ਨੂੰ ਜ਼ਰੂਰ ਕੁਝ ਸੁਣਨ ਦਾ ਕੰਮ ਕਰਨਾ ਚਾਹੀਦਾ ਹੈ। ਨਿਰੋਲ ਸ਼ਬਦ ਵਰਗੀ ਕੋਈ ਚੀਜ਼ ਨਹੀਂ ਹੁੰਦੀ, ਇਹ ਲਾਹਨਤ, ਵਧਾਈ, ਸੁੰਦਰਤਾ, ਦਰਦ, ਚਿੱਕੜ, ਫੁੱਲ, ਝੂਠ, ਸੱਚ, ਚਾਨਣ, ਹਨ੍ਹੇਰਾ ਭਾਵ ਕੁਝ ਵੀ ਸਕਦਾ ਹੈ।
ਤੁਸੀਂ ਬੇਸ਼ੱਕ ਕਿਸੇ ਦੂਜੀ ਬੋਲੀ ਵਿੱਚ ਲਿਖੋ, ਜੇ ਤੁਸੀਂ ਉਸਨੂੰ ਆਪਣੀ ਮਾਂ ਬੋਲੀ ਨਾਲੋਂ ਜਿ਼ਆਦਾ ਚੰਗੀ ਤਰਾਂ ਜਾਣਦੇ ਹੋ। ਜਾਂ ਫਿਰ ਆਪਣੀ ਮਾਂ ਬੋਲੀ ਵਿਚ ਜੇ ਤੁਸੀਂ ਕੋਈ ਦੂਜੀ ਬੋਲੀ ਠੀਕ ਤਰ੍ਹਾਂ ਨਹੀਂ ਜਾਣਦੇ। ਵਿਸ਼ਾ ਸਮਾਨ ਦੇ ਭਰੇ ਸੰਦੂਕ ਵਾਂਗ ਹੈ। ਸ਼ਬਦ ਇਸ ਸੰਦੂਕ ਦੀ ਕੁੰਜੀ ਹਨ, ਪਰ ਅੰਦਰਲਾ ਸਮਾਨ ਤੁਹਾਡਾ ਆਪਣਾ ਹੋਣਾ ਚਾਹੀਦਾ ਹੈ, ਬੇਗਾਨਾ ਨਹੀਂ। ਕੁਝ ਲੇਖਕ ਇਕ ਵਿਸ਼ੇ ਤੋਂ ਦੂਜੇ ਵਿਸ਼ੇ ਵੱਲ ਭੱਜੇ ਫਿਰਦੇ ਹਨ ਤੇ ਇਕ ਵਿਚ ਵੀ ਸਿਰੇ ਤੱਕ ਨਹੀਂ ਪੁੱਜਦੇ। ਉਹ ਸੰਦੂਕ ਦਾ ਢੱਕਣ ਚੁੱਕ ਲੈਂਦੇ ਹਨ। ਉਪਰਲੀਆਂ ਚੀਜ਼ਾਂ ਡੇਗ ਦਿੰਦੇ ਤੇ ਭੱਜ ਜਾਂਦੇ ਹਨ। ਸੰਦੂਕ ਦੇ ਹਕੀਕੀ ਮਾਲਕ ਨੂੰ ਪਤਾ ਹੋਏਗਾ ਕਿ ਜੇ ਵਿਚਲੀਆਂ ਚੀਜ਼ਾਂ ਨੂੰ ਧਿਆਨ ਨਾਲ਼ ਇਕ ਇਕ ਕਰਕੇ ਬਾਹਰ ਕੱਢਿਆ ਜਾਵੇ ਤਾਂ ਹੇਠਾਂ ਹੀਰਿਆਂ ਦੀ ਭਰੀ ਪਟਾਰੀ ਨਜ਼ਰ ਆਵੇਗੀ। ਜਿਹੜੇ ਲੋਕ ਇਕ ਤੋਂ ਦੂਜੇ ਵਿਸ਼ੇ ਵੱਲ ਭੱਜਦੇ ਹਨ, ਉਹ ਉਸ ਬਦਨਾਮ ਵਿਆਕਤੀ ਵਾਂਗ ਹਨ ਜਿਹੜਾ ਬਹੁਤੇ ਵਿਆਹ ਕਰਵਾਉਣ ਕਰਕੇ ਬਦਨਾਮ ਸੀ। ਉਸ ਨੇ ਅਠਾਈ ਵਿਆਹ ਕਰਵਾਏ ਪ੍ਰੰਤੂ ਅਖੀਰ ਉਸ ਕੋਲ਼ ਇਕ ਵੀ ਤੀਵੀਂ ਨਹੀਂ ਸੀ।
ਵਿਸ਼ੇ ਦੀ ਤੁਲਨਾ ਕਿਸੇ ਇਕੋ ਇਕ ਤੇ ਕਾਨੂੰਨੀ ਪਤਨੀ, ਜਾਂ ਇਕੋ ਇਕ ਮਾਂ ਜਾਂ ਇਕਲੌਤੇ ਬੱਚੇ ਨਾਲ਼ ਨਹੀਂ ਕੀਤੀ ਜਾ ਸਕਦੀ। ਇਹ ਇਸ ਲਈ ਕਿ ਬੰਦੇ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਇਹ ਮੇਰਾ ਵਿਸ਼ਾ ਹੈ, ਹੋਰ ਕੋਈ ਇਸ ਨੂੰ ਛੂਹਣ ਦੀ ਹਿੰਮਤ ਨਹੀਂ ਕਰ ਸਕਦਾ। ਅਜਿਹਾ ਨਹੀਂ ਹੈ। ਇਕ ਵਾਰ ਇਕ ਲੇਖਕ, ਦੂਜੇ ਲੇਖਕ ਨੂੰ ਗਾਲ੍ਹਾਂ ਕੱਢ ਰਿਹਾ ਸੀ ਕਿ ਉਸਨੇ ਉਸ ਦਾ ਵਿਸ਼ਾ ਚੁਰਾ ਲਿਆ ਹੈ। ਇਹ ਲੇਖਕ ਇੰਜ ਲੋਹਾ ਲਾਖਾ ਹੋ ਰਿਹਾ ਸੀ ਜਿਵੇਂ ਕੋਈ ਉਹ ਕੋਈ ਕੁੜੀ ਉਧਾਲ ਕੇ ਲੈ ਗਿਆ ਹੋਵੇ ਜਿਸਨੂੰ ਉਹ ਇਸ਼ਕ ਕਰਦਾ ਹੋਵੇ। ਦੂਜੇ ਲੇਖਕ ਦਾ ਜਵਾਬ ਸੀ ਇਮਾਮ ਉਹ ਬਣ ਸਕਦਾ ਹੈ ਜਿਸ ਦੀ ਤਲਵਾਰ ਵਧੇਰੇ ਤੇਜ਼ ਤੇ ਗਜ਼ਬ ਦੀ ਹੋਵੇ। ਵਹੁਟੀ ਉਸਦੀ ਨਹੀਂ ਹੁੰਦੀ ਜਿਸਨੂੰ ਵਿਚੋਲਾ ਭੇਜਦਾ ਹੈ,ਸਗੋਂ ਉਸਦੀ ਹੁੰਦੀ ਹੈ ਜਿਹੜਾ ਉਸਨੂੰ ਵਿਆਹ ਲੈਂਦਾ ਹੈ। ਸਚਮੁਚ ਇਕੋ ਵਿਸ਼ੇ ਉਤੇ, ਇਕ ਦੂਜੇ ਤੋਂ ਆਜ਼ਾਦ ਕਈ ਲੇਖਕ ਕੰਮ ਕਰ ਸਕਦੇ ਹਨ। ਸਾਹਿਤ ਦੇ ਖੇਤਰ ਵਿਚ ਸਾਂਝੇ ਫਾਰਮ ਨਹੀਂ ਹੋ ਸਕਦੇ। ਹਰ ਲੇਖਕ ਦਾ ਆਪਣਾ ਖੇਤ ਹੁੰਦਾ ਹੈ ਤੇ ਆਪਣਾ ਹੀ ਸਿਆੜ ਭਾਵੇਂ ਉਹ ਕਿੰਨਾ ਵੀ ਤੰਗ ਕਿਉਂ ਨਾ ਹੋਵੇ।


-  ਮੇਰਾ ਦਾਗਿਸਤਾਨ ਵਿਚੋਂ