Sunday, August 7, 2011

ਚਾਚਾ ਬੂਟਾ ਤੇਲੀ - ਗੁਰਬਚਨ ਸਿੰਘ ਜੈਤੋ

ਇਹ ਮੁਸਲਮਾਨਾਂ ਦਾ ਟੱਬਰ ਸਾਡੇ ਘਰ ਤੋਂ ਥੋੜੀ ਦੂਰ ਦੂਜੀ ਗਲੀ 'ਚ ਰਹਿੰਦਾ ਸੀ ਜਿਸ ਨੂੰ ਤੇਲੀਆਂ ਆਲੀ ਗਲੀ ਕਹਿੰਦੇ ਹੁੰਦੇ। ਕਿਉਂਕਿ ਓਥੇ ਬੂਟੇ ਤੇਲੀ ਨੇ ਆਪਣੇ ਘਰ ਕੋਹਲੂ ਲਾਇਆ ਸੀ। ਉਹਦੇ ਘਰ ਦਾ ਬੂਹਾ ਗਲੀ 'ਤੇ ਈ ਖੁੱਲ੍ਹਦਾ ਸੀ। ਅੱਗੇ ਵੱਡਾ ਵਰਾਂਡਾ ਜਿਆ ਸੀ ਜਿਸ ਵਿਚ ਕੋਹਲੂ ਲੱਗਾ ਹੁੰਦਾ ਸੀ। ਜਿਸ ਨੂੰ ਬੂਟੇ ਦਾ ਬਲਦ ਗੇੜਦਾ ਰਹਿੰਦਾ। ਬੂਟਾ ਬਲਦ ਦੀਆਂ ਅੱਖਾਂ 'ਤੇ ਖੋਪੇ ਚੜ੍ਹਾ ਦਿੰਦਾ ਤੇ ਆਉਂਦਾ ਜਾਂਦਾ ਉਹਨੂੰ ਬੁਸ਼ਕਰਦਾ ਰਹਿੰਦਾ ਜਿਹੜੇ ਚੱਕਰ 'ਚ ਬਲਦ ਘੁੰਮਦਾ ਰਹਿੰਦਾ ਓਹੋ ਕੱਚੀ ਥਾਂ ਹੋਣ ਕਰਕੇ ਉਥੇ ਇਕ ਡੂੰਘੀ ਗੋਲ ਦਾਇਰੇ ਵਾਲੀ ਖਾਈ ਬਣ ਗਈ ਸੀ। ਅੰਦਰ ਵੜਦਿਆਂ ਸਾਰ ਸਰ੍ਹੋਂ ਦੇ ਤੇਲ ਦੀ ਬੋਅ ਆਉਂਦੀ। ਸਾਹਮਣੀ ਕੰਧ ਨਾਲ ਇਕ ਮੰਜਾ ਡੱਠਾ ਹੁੰਦਾ ਜਿਸ ਉੱਤੇ ਰਜਾਈਆਂ, ਗਦੈਲੇ ਤੇ ਖੇਸ ਵਗੈਰਾ ਪਏ ਰਹਿੰਦੇ। ਤੇਲ ਦੇ ਹੱਥ ਲੱਗ ਲੱਗ ਕੇ ਉਹ ਮੈਲੇ ਹੋਏ ਰਹਿੰਦੇ।
ਹਾਂ,ਜੇ ਕੁਝ ਸਾਫ ਸੁਥਰਾ ਸੀ ਤਾਂ ਬੂਟੇ ਤੇਲੀ ਦਾ ਦਿਲ ਤੇ ਦਿਮਾਗ। ਉਹ ਅਕਸਰ ਦੂਜੇ ਤੀਜੇ ਦਿਨ ਸਾਡੇ ਘਰ ਮੇਰੇ ਬਾਪੂ ਜੀ ਨਾਲ ਗੱਲਾਂ-ਬਾਤਾਂ ਕਰਨ ਆਇਆ ਰਹਿੰਦਾ ਤੇ ਘੰਟਾ ਦੋ ਘੰਟੇ ਜ਼ਰੂਰ ਬਹਿੰਦਾ। ਅਕਸਰ ਉਹਦੇ ਹੱਥ ਉਰਦੂ ਦੀ ਅਖਬਾਰ ਹੁੰਦੀ। ਉਹ ਅਖਬਾਰ 'ਚੋਂ ਪੜ੍ਹੀਆਂ ਖਬਰਾਂ ਦੀਆਂ ਵੱਡੀ ਜੰਗ ਦੀਆਂ ਤੇ ਕਾਂਗਰਸ ਪਾਰਟੀ ਦੀਆਂ ਗੱਲਾਂ ਕਰਦਾ ਹੁੰਦਾ। ਉਮਰ ਛੋਟੀ ਹੋਣ ਕਰਕੇ ਮੈਨੂੰ ਉਹਦੀਆਂ ਗੱਲਾਂ ਸਮਝ ਨਾ ਆਉਂਦੀਆਂ। ਜਦੋਂ ਹੱਸਦਾ ਤਾਂ ਵੱਡੇ ਮਜ਼ਬੂਤ ਦੰਦ ਦਿਸਦੇ। ਉਹ ਹਮੇਸ਼ਾ ਖੱਦਰ ਦਾ ਲੰਮਾ ਕੁੜਤਾ ਪਾਉਂਦਾ ਤੇ ਤੇੜ ਤਹਿਮਤ ਬੰਨ੍ਹ ਕੇ ਰੱਖਦਾ। ਪੈਰੀ ਉਹਦੇ ਘੋਨੀ ਜੁੱਤੀ ਜਿਹੜੀ ਤੇਲ ਲੱਗਣ ਕਰਕੇ ਤੇ ਫੇਰ ਮਿੱਟੀ ਜੰਮਣ ਕਰਕੇ ਮਿੱਟੀ ਨਾਲ ਲਿਬੜੀ ਰਹਿੰਦੀ। ਸਿਰ 'ਤੇ ਉਹ ਗਾਂਧੀ ਟੋਪੀ ਜ਼ਰੂਰ ਪਾਉਂਦਾ। ਸਾਡੇ ਆਉਣ ਸਾਰ ਉਹ ਮੈਨੂੰ ਖੇਡਦੇ ਨੂੰ ਚੱਕ ਲੈਂਦਾ ਤੇ ਮੇਰੀਆਂ ਗੱਲ੍ਹਾਂ ਨਾਲ ਆਪਣੀ ਦਾੜ੍ਹੀ ਘਸੌਣ ਲੱਗ ਜਾਂਦਾ। ਉਹ ਭਾਵੇਂ ਆਪਣੇ ਵੱਲੋਂ ਮੈਨੂੰ ਪਿਆਰ ਕਰਦਾ ਪਰ ਮੈਨੂੰ ਉਹਦੀ ਦਾੜ੍ਹੀ ਚੁਭਣ ਕਰਕੇ ਉਹਦੀ ਹਰਕਤ ਉੱਕਾ ਈ ਚੰਗੀ ਨਾ ਲਗਦੀ। ਮੈਂ ਬਥੇਰਾ ਭੱਜਣ ਦੀ ਕੋਸ਼ਿਸ਼ ਕਰਦਾ ਪਰ ਉਹ ਮੈਨੂੰ ਫੜ ਈ ਲੈਂਦਾ। ਮੂੰਹ ਨਾਲ ਬਿੱਲੀਆਂ ਜਿਹੀਆਂ ਬੁਲਾਉਣ ਲਗਦਾ ਤੇ ਹੋਰ ਕਈ ਤਰ੍ਹਾਂ ਦੀਆਂ ਅਵਾਜ਼ਾ ਕੱਢ ਕੇ ਮੈਨੂੰ ਹੱਸਾਉਣ ਦੀ ਕੋਸ਼ਿਸ਼ ਕਰਦਾ। ਕਦੇ ਕੁਤ-ਕੁਤਾਰੀਆਂ ਕੱਢਦਾ। ਵਾਹ ਲੱਗਦਿਆਂ ਉਹ ਆਪਣੇ ਵੱਲੋਂ ਬਹੁਤ ਪਿਆਰ ਕਰਦਾ। ਮੈਨੂੰ ਕੋਈ ਕਿੱਸਾ ਕਹਾਣੀ ਸੁਣਾਉਣ ਲੱਗ ਪੈਂਦਾ ਜਾਂ ਮੇਰੇ ਨਾਲ ਨਿਆਣਿਆਂ ਵਾਂਗ ਤੁਤਲਾ ਜਿਆ ਬੋਲ ਕੇ ਗੱਲਾਂ ਕਰਦਾ। ਮੇਰਾ ਖਹਿੜਾ ਨਾਂ ਛੱਡਦਾ। ਤਕਰੀਬਨ ਹਰ ਵਾਰ ਉਹ ਖਾਸੇ ਚਿਰ ਪਿੱਛੋਂ ਮੇਰੇ ਲਈ ਖਾਸ ਲਿਆਂਦੀ ਗੁੜ ਦੀ ਰੋੜੀ ਆਪਣੇ ਖਸੇ 'ਚ ਕੱਢ ਕੇ ਦਿਖਾਉਂਦਾ ਪਰ ਛੇਤੀ ਦਿੰਦਾ ਨਾ। ਮੈਨੂੰ ਉਸ ਗੁੜ ਦੀ ਰੋੜੀ ਦੀ ਉਡੀਕ ਰਹਿੰਦੀ।
ਵੱਡਾ ਹੋਣ ਪਿੱਛੋਂ ਮੈਨੂੰ ਪਤਾ ਲੱਗਾ ਕਿ ਉਹ ਅੰਗਰੇਜ਼ੀ ਰਾਜ ਵੇਲੇ ਸਾਡੇ ਕਸਬੇ ਦੀ ਕਾਂਗਰਸ ਦਾ ਪ੍ਰਧਾਨ ਸੀ ਤੇ ਅੰਗਰੇਜ਼ਾਂ ਦੇ ਸਖਤ ਖਿਲਾਫ ਸੀ। ਉਹ ਮੇਰੇ ਬਾਪੂ ਜੀ ਨਾਲ ਅਕਸਰ ਗਾਂਧੀ, ਨਹਿਰੂ, ਸਰਦਾਰ ਪਟੇਲ ਤੇ ਮੌਲਾਨਾ ਆਜ਼ਾਦ ਬਾਰੇ ਗੱਲਾਂ ਕਰਦਾ। ਮੁਲਕ ਦੀ ਆਜ਼ਾਦੀ ਦੀਆਂ ਗੱਲਾਂ ਉਹ ਸਾਡੇ ਬਾਪੂ ਜੀ ਨਾਲ ਕਰ ਜਾਂਦਾ, ਆਜ਼ਾਦੀ ਮਿਲਣ 'ਤੇ ਉਹ ਬੜਾ ਖੁਸ਼ ਹੋਇਆ ਸੀ ਤੇ ਸਾਡੇ ਸ਼ਹਿਰ ਉਹਨੇ ਇਕ ਭਾਰੀ ਜਲਸਾ ਕਰਵਾ ਕੇ ਤਕਰੀਰਾਂ ਵੀ ਕੀਤੀਆਂ ਸਨ।
ਉਹਨੀਂ ਦਿਨੀਂ ਸਾਡੇ ਘਰ ਉਹਦੀਆਂ ਗੱਲਾਂ ਹੁੰਦੀਆਂ ਤੇ ਉਹ ਤਕਰੀਬਨ ਹਰ ਰੋਜ਼ ਗੇੜਾ ਮਾਰ ਜਾਂਦਾ ਜਦੋਂ ਕਦੇ ਕੋਹਲੂ ਤੇ ਘਾਣੀ ਦਾ ਉਹਨੂੰ ਖਿਆਲ ਆਉਂਦਾ ਤਾਂ ਉੱਠ ਕੇ ਭੱਜ ਤੁਰਦਾ। ਸਾਡੇ ਘਰ ਉਹਨੀਂ ਦਿਨੀਂ ਪੰਜਾਬੀ ਦਾ ਅਖਬਾਰ ਆਉਂਦਾ ਹੁੰਦਾ। ਬੂਟਾ ਤੇਲੀ ਉਰਦੂ ਦੇ ਅਖਬਾਰ ਦੀਆਂ ਅਤੇ ਸਾਡੇ ਬਾਪੂ ਜੀ ਪੰਜਾਬੀ ਦੇ ਅਖਬਾਰ ਦੀਆਂ ਪੜ੍ਹੀਆਂ ਖਬਰਾਂ ਦੀ ਚਰਚਾ ਕਰਦੇ।
ਹੌਲੀ-ਹੌਲੀ ਕੁਝ ਸਮਾਂ ਪਾ ਕੇ ਉਹਨੇ ਮੈਨੂੰ ਓਵੇਂ ਛੇੜਣਾ ਬੰਦ ਕਰ ਦਿੱਤਾ ਜਿਹੜਾਂ ਮੈਨੂੰ ਬੁਰਾ ਲੱਗਦਾ ਹੁੰਦਾ। ਫੇਰ ਜਦੋਂ ਵੀ ਉਹ ਆਉਂਦਾ ਤਾਂ ਮੈਂ ਝੱਟ ਜਾ ਕੇ ਉਹਦੀ ਬੁੱਕਲ ਵਿਚ ਬਹਿ ਜਾਂਦਾ ਤੇ ਆਪਣੀ ' ਗੁੜ ਦੀ ਰੋੜੀ ' ਮੰਗਣ ਲੱਗ ਪੈਂਦਾ। ਉਹ ਫੇਰ ਵੀ ਦੋ ਚਾਰ ਏਧਰ ਓਧਰ ਦੀਆਂ ਗੱਲਾਂ ਕਰਕੇ ਅਤੇ ਮੂੰਹ 'ਚੋਂ ਕੁਝ ਜਾਨਵਰਾਂ ਤੇ ਪੰਛੀਆਂ ਦੀਆਂ ਅਜੀਬ ਜਿਹੀਆਂ ਆਵਾਜ਼ਾਂ ਕੱਢ ਕੇ ਹੀ ਗੁੜ ਦਿੰਦਾ। ਫੇਰ ਮੈਨੂੰ ਪਹਿਲਾਂ ਵਾਲਾ Ḕਮੁਸ਼ਕḔ ਨਹੀਂ ਸੀ ਆਉਂਦਾ। ਸਗੋਂ ਉਹਦੀ ਗੋਦੀ ਵਿਚ ਬੈਠਿਆਂ ਉਹ 'ਮੁਸ਼ਕ' ਚੰਗਾ ਲੱਗਣ ਲੱਗ ਪਿਆ ਸੀ। ਮੈਂ ਹੁਣ ਉਹਨੂੰ ਬੂਟਾ ਚਾਚਾ ਆਖਣ ਲੱਗ ਪਿਆ ਸਾਂ।
ਫੇਰ ਪਾਕਿਸਤਾਨ ਤੇ ਹਿੰਦੁਸਤਾਨ ਦੀਆਂ ਤੇ ਹੱਲੇ ਗੁੱਲਿਆਂ ਦੀਆਂ ਗੱਲਾਂ ਹੋਣ ਲੱਗ ਪਈਆਂ ਸਨ। ਮੈਨੂੰ ਬਹੁਤੀਆਂ ਗੱਲਾਂ ਸਮਝ ਨਾ ਆਉਂਦੀਆਂ ਪਰ ਸਹਿਮ ਜਿਆ ਛਾਇਆ ਰਹਿੰਦਾ। ਪਰ ਕੋਈ ਜਿਵੇਂ ਸਹਿਮਿਆਂ ਸਹਿਮਿਆ ਫਿਰਦਾ ਹੋਵੇ। ਸੁਣਿਆ ਸੀ ਕਿ ਕਈਆਂ ਨੇ ਆਪਣੇ ਘਰੀਂ ਗੰਡਾਸੇ,ਤਲਵਾਰਾਂ,ਦੇਲੇ ਤੇ ਕਈਆਂ ਨੇ ਤਾਂ ਦੇਸੀ ਪਸਤੌਲ ਵੀ ਬਣਵਾ ਲਏ ਸਨ। ਫੇਰ ਕਟਾ-ਵੱਡੀ ਦੀਆਂ ਗੱਲਾਂ ਹੋਣ ਲੱਗ ਪਈਆਂ ਸਨ। ਕਈਆਂ ਦਾ ਵਿਚਾਰ ਸੀ ਕਿ ਨਿਰੀਆਂ ਅਫਵਾਹਾਂ ਹੀ ਹਨ।
ਕਹਿੰਦੇ ਛੋਟੇ ਨਿਆਣਿਆਂ ਨੂੰ ਲੱਤੋਂ ਫੜ ਕੇ ਅਸਮਾਨ ਵੱਲ ਉਛਾਲ ਦਿੰਦੇ ਐ ਤਟ ਥੱਲੇ ਸੇਲਾ ਕਰ ਦਿੰਦੇ ਐ। ਬੱਚੇ ਪਰੋਏ ਜਾਂਦੇ। ਬਸ਼ੀਰੇ ਤੇ ਉਹਦੀ ਭੈਣ ਦਾ ਖਿਆਲ ਆਉਂਦਾ। ਲੂੰ-ਕੰਡੇ ਖੜ੍ਹੇ ਹੋ ਜਾਂਦੇ। ਹੁਣ ਉਹ ਸਾਡੇ ਆਉਣੋ ਹਟ ਗਏ ਸਨ। ਸਭ ਕੁਝ ਸੁਣ ਕੇ ਡਰ ਲੱਗਦਾ। ਪਾਣੀ ਪੀਣ ਨੂੰ ਜੀ ਨਾ ਕਰਦਾ। ਨਾ ਰੋਟੀ ਸੰਘੋਂ ਹੇਠਾਂ ਉਤਰਦੀ। ਸਾਡੇ ਘਰ ਕਿਸੇ ਦੇ ਆਏ- ਗਏ ਤੋਂ ਈ ਇਹੋ ਜਿਹੀਆਂ ਗੱਲਾਂ ਹੁੰਦੀਆਂ।
ਪਤਾ ਲੱਗਾ ਕਿ ਬੂਟੇ ਤੇਲੀ ਨੇ ਆਪਣੀ ਘਰਵਾਲੀ ਤੇ ਦੋਏ ਜਵਾਨ ਧੀਆਂ ਪਾਕਿਸਤਾਨ ਭੇਜ ਦਿੱਤੇ ਸਨ। ਉਸ ਦਿਨ ਉਹ ਸਾਡੇ ਘਰ ਕਈ ਦਿਨਾਂ ਪਿੱਛੋਂ ਆਇਆ ਸੀ। ਬਾਪੂ ਜੀ ਨੇ ਸਲਾਹ ਦਿੱਤੀ ਕਿ ਉਹ ਆਪ ਵੀ ਪਾਕਿਸਤਾਨ ਚਲਿਆ ਜਾਵੇ ਤੇ ਫੇਰ ਟਿਕ-ਟਿਕਾਅ ਹੋਣ ਪਿੱਛੋਂ ਮੁੜ ਆਵੇ। ਪਰ ਬੂਟੇ ਚਾਚੇ ਨੇ ਕਿਹਾ ਸੀ ਕਿ ਉਹ ਤਾਂ ਪੱਕਾ ਕਾਂਗਰਸੀ ਸੀ। ਕਾਂਗਰਸ ਪਾਰਟੀ ਵਿਚ ਹਰ ਧਰਮ ਦੇ ਲੋਕ ਸਨ। ਸਾਰੇ ਸ਼ਹਿਰ ਦੇ ਲੋਕ ਉਹਨੂੰ ਜਾਣਦੇ ਸਨ ਤੇ ਇੱਜਤ ਵੀ ਕਰਦੇ ਸਨ। ਏਥੇ ਉਹਦਾ ਨਾਂ ਸੀ। ਪਾਕਿਸਤਾਨ ਵਿਚ ਉਹਨੂੰ ਸਿਵਾਏ ਕੁਝ ਕੁ ਰਿਸ਼ਤੇਦਾਰਾਂ ਦੇ ਕੋਣ ਜਾਣਦਾ ਸੀ? ਘਰਵਾਲੀ ਤੇ ਬੱਚਿਆਂ ਨੂੰ ਉਹ ਭੇਜਣਾ ਨਹੀਂ ਸੀ ਚਾਹੁੰਦਾ ਪਰ ਕਈ ਸਾਥੀਆਂ ਦੇ ਜ਼ੋਰ ਦੇਣ ਕਰਕੇ ਉਨ੍ਹਾਂ ਨੂੰ ਭੇਜ ਦਿੱਤਾ ਸੀ। "ਵੱਡੇ-ਭਾਈ ਏਸ ਰੌਲੇ-ਗੌਲੇ ਵੇਲੇ ਤੇ ਲੋਕਾਂ ਨੂੰ ਮੇਰੀ ਲੋੜ ਐ। ਮੈਂ ਆਪਣੇ ਸ਼ਹਿਰ ਵਿਚ ਕੋਈ ਉੱਚੀ-ਨੀਵੀਂ ਗੱਲ ਨਹੀਂ ਹੋਣ ਦੇਣੀਂ।" ਬੂਟਾ ਚਾਚਾ ਹਿੱਕ ਥਾਪੜ ਕੇ ਆਖਦਾ।
ਗਰਮੀਆਂ ਦੇ ਦਿਨ ਸਨ ਅਤੇ ਕੁਝ ਕੁ ਕਣੀਆਂ ਪੈ ਕੇ ਹਟੀਆਂ ਸਨ। ਹਵਾ ਬੰਦ ਸੀ। ਆਥਣ ਕੁ ਦਾ ਵੇਲਾ ਸੀ। ਗਲੀ 'ਤੇ ਖੁਲ੍ਹਦੇ ਘਰ ਦੇ ਬੁਹਜ ਨਾਲ ਮੇਰੀ ਮਾਂ ਪੀੜ੍ਹੀ ਡਾਹ ਕੇ ਬੈਠੀ ਸੀ। ਮੈਂ ਉਹਦੀ ਗੋਦੀ ਵਿਚ ਬੈਠਾ ਸਾਂ। ਕਦੇ ਕਦੇ ਮਾੜੀ ਮੋਟੀ ਹਵਾ ਰੁਮਕਦੀ। ਮੇਰੀ ਮਾਂ ਪੱਖੀ ਝੱਲੀ ਜਾ ਰਹੀ ਸੀ। ਗਲੀ ਵਿਚ ਸੁੰਨ-ਸਰਾਂ ਸੀ। ਕੋਈ ਵੀ ਆ ਜਾ ਨਹੀਂ ਸੀ ਰਿਹਾ ਜਿਵੇਂ ਹਰ ਕੋਈ ਆਪਣੇ ਘਰ ਅੰਦਰ ਲੁਕਿਆ ਬੈਠਾ ਹੋਵੇ।
ਏਨੇ ਚਿਰ ਵਿਚ ਤੇਲੀਆਂ ਵਾਲੀ ਗਲੀ ਵੱਲੋਂ ਰੌਲਾ ਪੈਂਦਾ ਸੁਣਿਆ ਸਾਹਮਣੀ ਗਲੀ ਵਿੱਚੋਂ ਬੂਟਾ ਚਾਚਾ ਭੱਜਿਆ ਆ ਰਿਹਾ ਸੀ। ਉਹਦੇ ਪੈਰੀ ਜੁੱਤੀ ਨਹੀਂ ਸੀ। ਗਲੀ ਕੱਚੀ ਹੋਣ ਕਰਕੇ ਮੀਂਹ ਪੈਣ ਪਿੱਛੋਂ ਤਿਲਕਣ ਹੋ ਚੁੱਕੀ ਸੀ। ਲਗਦਾ ਸੀ ਜਿਵੇਂ ਉਹ ਸਾਡੇ ਘਰ ਵੱਲ ਮੋੜ 'ਤੇ ਸੀ ਜਿਥੇ ਦੋ ਗਲੀਆਂ ਮਿਲਦੀਆਂ ਸਨ। ਸਾਹਮਣਿਓਂ ਬੂਟੇ ਚਾਚੇ ਨੇ ਭੱਜ ਕੇ ਮੋੜ ਮੁੜਨਾ ਸੀ ਤੇ ਸਾਡੇ ਘਰ ਆ ਵੜਨਾ ਸੀ। ਮੋੜ 'ਤੇ ਇਕ ਧੋੜੀ ਜਿਹੀ ਸੀ ਜਿਥੇ ਉਹਦਾ ਪੈਰ ਤਿਲਕਿਆ ਤੇ ਉਹ ਸੱਜੇ ਪਾਸੇ ਡਿੱਗ ਪਿਆ। ਉਹਦਾ ਸੱਜਾ ਹੱਥ ਗੰਦੇ ਨਾਲੇ ਵਿਚ ਜਾ ਪਿਆ।
ਪਿੱਛੋਂ ਚਾਰ-ਪੰਜ ਬੰਦੇ ਡਾਂਗਾਂ,ਗੰਡਾਸੇ ਤੇ ਕ੍ਰਿਪਾਨਾਂ ਲਈ ਉਸ 'ਤੇ ਆ ਚੜ੍ਹੇ। ਉੇਨ੍ਹਾਂ ਨੇ ਬੂਟੇ ਚਾਚੇ 'ਤੇ ਭਰਵੇਂ ਵਾਰ ਕਰਨੇ ਸ਼ੁਰੂ ਕਰ ਦਿੱਤੇ। ਮੇਰੀਆਂ ਲੇਰਾਂ ਨਿਕਲ ਗਈਆਂ। ਮੈਂ ਝੱਟ ਆਪਣੀ ਮਾਂ ਨੂੰ ਚਿੰਬੜ ਗਿਆ। ਮਾਂ ਨੇ ਉੱਠ ਕੇ ਬੂਹਾ ਬੰਦ ਕਰ ਲਿਆ।
ਸਭ ਕੁਝ ਮਿੰਟਾਂ-ਸਕਿੰਟਾਂ ਵਿਚ ਹੋ ਗਿਆ ਸੀ। ਰੌਂਦਿਆਂ ਮੇਰਾ ਸਾਹ ਨਹੀਂ ਸੀ ਮੁੜ ਰਿਹਾ। ਉਸ ਰਾਤ ਮੈਨੂੰ ਬੁਖਾਰ ਚੜ੍ਹ ਗਿਆ ਸੀ। ਉਸ ਦਿਨ ਸਾਡੇ ਘਰ ਨਾ ਪੱਕੀ ਨਾ ਕਿਸੇ ਖਾਧੀ।
ਅੱਜ ਵੀ ਉਹ ਮੌੜ ਮੁੜਦਿਆਂ ਜਦੋਂ ਉਸ ਥਾਂ ਕੋਲੋਂ ਲੰਘਦਾ ਹਾਂ ਤਾਂ ਉਹ ਚੰਦਰੇ ਪਲ ਅੰਦਰ ਤਕ ਝੰਜੌੜ ਜਾਂਦੇ ਹਨ। ਸਿਰ ਬੂਟੇ ਚਾਚੇ ਦੀ ਯਾਦ ਵਿਚ ਸਤਿਕਾਰ ਨਾਲ ਝੁਕ ਜਾਂਦਾ ਹੈ

No comments:

Post a Comment